ਮਸੀਹ ਦੇ ਵਿਰੋਧੀ ਦੀ ਪੋਲ ਖੋਲ੍ਹੀ ਜਾਂਦੀ ਹੈ
ਜੇ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਇਲਾਕੇ ਵਿਚ ਛੂਤ ਦੀ ਬੀਮਾਰੀ ਤੇਜ਼ੀ ਨਾਲ ਫੈਲ ਰਹੀ ਹੈ, ਤਾਂ ਤੁਸੀਂ ਆਪਣਾ ਬਚਾਅ ਕਰਨ ਲਈ ਕੀ ਕਰੋਗੇ? ਬਿਨਾਂ ਸ਼ੱਕ, ਤੁਸੀਂ ਆਪਣੇ ਸਰੀਰ ਨੂੰ ਮਜ਼ਬੂਤ ਕਰੋਗੇ ਤਾਂਕਿ ਤੁਹਾਡਾ ਸਰੀਰ ਇਸ ਬੀਮਾਰੀ ਨਾਲ ਲੜ ਸਕੇ ਅਤੇ ਤੁਸੀਂ ਇਸ ਬੀਮਾਰੀ ਤੋਂ ਪੀੜਿਤ ਲੋਕਾਂ ਤੋਂ ਵੀ ਦੂਰ ਰਹੋਗੇ। ਛੂਤ ਦੀ ਬੀਮਾਰੀ ਵਾਂਗ ਮਸੀਹ ਦੇ ਵਿਰੋਧੀ ਦੇ ਗ਼ਲਤ ਵਿਚਾਰ ਵੀ ਦੁਨੀਆਂ ਭਰ ਵਿਚ ਫੈਲ ਰਹੇ ਹਨ, ਇਸ ਲਈ ਸਾਨੂੰ ਰੂਹਾਨੀ ਤੌਰ ਤੇ ਆਪਣਾ ਬਚਾਅ ਕਰਨ ਦੀ ਲੋੜ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਮਸੀਹ ਦਾ ਵਿਰੋਧੀ “ਹੁਣ ਭੀ ਸੰਸਾਰ ਵਿੱਚ ਹੈ।” (1 ਯੂਹੰਨਾ 4:3) ਇਸ ਵਿਰੋਧੀ ਦੇ ਵਿਚਾਰਾਂ ਤੋਂ ਬਚਣ ਲਈ ਪਹਿਲਾਂ ਤਾਂ ਸਾਨੂੰ ਉਸ ਦੀ ਪਛਾਣ ਕਰਨ ਦੀ ਲੋੜ ਹੈ ਅਤੇ ਫਿਰ ਉਸ ਤੋਂ ਦੂਰ ਰਹਿਣ ਦੀ ਲੋੜ ਹੈ। ਸਾਡੀ ਮਦਦ ਕਰਨ ਵਾਸਤੇ ਬਾਈਬਲ ਇਸ ਵਿਰੋਧੀ ਦੀ ਪੋਲ ਖੋਲ੍ਹਦੀ ਹੈ।
“ਮਸੀਹ ਦਾ ਵਿਰੋਧੀ” ਕੌਣ ਹੈ? ਇਹ ਵਿਰੋਧੀ ਉਨ੍ਹਾਂ ਸਾਰਿਆਂ ਲੋਕਾਂ ਨੂੰ ਦਰਸਾਉਂਦਾ ਹੈ ਜੋ ਯਿਸੂ ਮਸੀਹ ਦਾ ਵਿਰੋਧ ਕਰਦੇ ਹਨ ਜਾਂ ਖ਼ੁਦ ਮਸੀਹਾ ਜਾਂ ਮਸੀਹੀ ਹੋਣ ਦਾ ਝੂਠਾ ਦਾਅਵਾ ਕਰਦੇ ਹਨ। ਯਿਸੂ ਨੇ ਆਪ ਕਿਹਾ ਸੀ: “ਜੋ ਮੇਰੇ ਨਾਲ ਨਹੀਂ ਸੋ ਮੇਰੇ ਵਿਰੁੱਧ ਹੈ ਅਤੇ ਜੋ ਮੇਰੇ ਸੰਗ ਇਕੱਠਾ ਨਹੀਂ ਕਰਦਾ ਸੋ ਖਿੰਡਾਉਂਦਾ ਹੈ।”—ਲੂਕਾ 11:23.
ਲੇਕਿਨ, ਯੂਹੰਨਾ ਰਸੂਲ ਨੇ ਯਿਸੂ ਦੇ ਮਰਨ ਅਤੇ ਜ਼ਿੰਦਾ ਹੋ ਕੇ ਸਵਰਗ ਜਾਣ ਤੋਂ ਲਗਭਗ 60 ਸਾਲ ਬਾਅਦ ਮਸੀਹ ਦੇ ਵਿਰੋਧੀ ਬਾਰੇ ਲਿਖਿਆ ਸੀ। ਤਾਂ ਫਿਰ ਇਸ ਵਿਰੋਧੀ ਦੀ ਪਛਾਣ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ? ਯਿਸੂ ਦੇ ਚੇਲਿਆਂ ਨਾਲ ਕੀਤੇ ਜਾਂਦੇ ਇਸ ਵਿਰੋਧੀ ਦੇ ਸਲੂਕ ਤੋਂ ਇਸ ਦੀ ਪਛਾਣ ਕੀਤੀ ਜਾ ਸਕਦੀ ਹੈ।—ਮੱਤੀ 25:40, 45.
ਮਸੀਹੀਆਂ ਦਾ ਵਿਰੋਧ
ਯਿਸੂ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਦੁਨੀਆਂ ਦੇ ਲੋਕ ਉਨ੍ਹਾਂ ਨਾਲ ਨਫ਼ਰਤ ਕਰਨਗੇ। ਉਸ ਨੇ ਚੇਲਿਆਂ ਨੂੰ ਕਿਹਾ: “[ਲੋਕ] ਤੁਹਾਨੂੰ ਬਿਪਤਾ ਲਈ ਫੜਵਾ ਦੇਣਗੇ ਅਰ ਤੁਹਾਨੂੰ ਮਾਰ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ। ਅਰ ਬਹੁਤ ਝੂਠੇ ਨਬੀ ਉੱਠਣਗੇ ਅਤੇ ਬਥੇਰਿਆਂ ਨੂੰ ਭੁਲਾਵੇ ਵਿੱਚ ਪਾ ਦੇਣਗੇ।”—ਮੱਤੀ 24:9, 11.
ਯਿਸੂ ਦੇ ਚੇਲੇ ਯਿਸੂ ਦੇ “ਨਾਮ ਦੇ ਕਾਰਨ” ਸਤਾਏ ਜਾਂਦੇ ਹਨ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਉਨ੍ਹਾਂ ਨੂੰ ਸਤਾਉਣ ਵਾਲੇ ਮਸੀਹ ਦੇ ਵਿਰੋਧੀ ਹਨ। ਇਨ੍ਹਾਂ ਵਿਰੋਧੀਆਂ ਵਿਚ “ਝੂਠੇ ਨਬੀ” ਵੀ ਗਿਣੇ ਜਾਂਦੇ ਹਨ ਜੋ ਪਹਿਲਾਂ ਮਸੀਹ ਦੇ ਚੇਲੇ ਹੋਇਆ ਕਰਦੇ ਸਨ। (2 ਯੂਹੰਨਾ 7) ਮਸੀਹ ਦੇ ਇਨ੍ਹਾਂ ‘ਬਾਹਲੇ ਵਿਰੋਧੀਆਂ’ ਬਾਰੇ ਯੂਹੰਨਾ ਨੇ ਕਿਹਾ ਕਿ “ਓਹ ਸਾਡੇ ਵਿੱਚੋਂ ਨਿੱਕਲ ਗਏ ਪਰ ਸਾਡੇ ਨਾਲ ਦੇ ਨਹੀਂ ਸਨ ਕਿਉਂਕਿ ਜੋ ਸਾਡੇ ਨਾਲ ਦੇ ਹੁੰਦੇ ਤਾਂ ਸਾਡੇ ਨਾਲ ਹੀ ਰਹਿੰਦੇ।”—1 ਯੂਹੰਨਾ 2:18, 19.
ਯਿਸੂ ਅਤੇ ਯੂਹੰਨਾ ਦੇ ਸ਼ਬਦਾਂ ਤੋਂ ਜ਼ਾਹਰ ਹੁੰਦਾ ਹੈ ਕਿ ਮਸੀਹ ਦਾ ਵਿਰੋਧੀ ਕਿਸੇ ਇਕ ਵਿਅਕਤੀ ਨੂੰ ਨਹੀਂ, ਸਗੋਂ ਬਹੁਤ ਸਾਰੇ ਲੋਕਾਂ ਨੂੰ ਦਰਸਾਉਂਦਾ ਹੈ ਜੋ ਮਸੀਹ ਦਾ ਵਿਰੋਧ ਕਰਦੇ ਹਨ। ਇਨ੍ਹਾਂ ਵਿਰੋਧੀਆਂ ਦਾ ਮੂਲ ਮਕਸਦ ਕੀ ਹੈ? ਉਹ ਝੂਠੀਆਂ ਧਾਰਮਿਕ ਸਿੱਖਿਆਵਾਂ ਫੈਲਾ ਕੇ ਲੋਕਾਂ ਨੂੰ ਪਰਮੇਸ਼ੁਰ ਤੋਂ ਦੂਰ ਕਰਨਾ ਚਾਹੁੰਦੇ ਹਨ। ਆਓ ਆਪਾਂ ਦੇਖੀਏ ਕਿ ਉਹ ਇਹ ਕਿਸ ਤਰ੍ਹਾਂ ਕਰਦੇ ਹਨ।
ਝੂਠੀਆਂ ਸਿੱਖਿਆਵਾਂ ਦਾ ਫੈਲਾਅ
ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਹੁਮਿਨਾਯੁਸ ਅਤੇ ਫ਼ਿਲੇਤੁਸ ਵਰਗੇ ਬੰਦਿਆਂ ਦੀਆਂ ਝੂਠੀਆਂ ਸਿੱਖਿਆਵਾਂ ਤੋਂ ਬਚ ਕੇ ਰਹਿਣ ਦੀ ਸਲਾਹ ਦਿੱਤੀ ਸੀ। ਪੌਲੁਸ ਨੇ ਕਿਹਾ ਕਿ ਉਨ੍ਹਾਂ ਦੀਆਂ “ਸਿਖਿਆਵਾਂ ਸੜੇ ਹੋਏ ਫੋੜੇ ਵਾਂਗ ਫੈਲ ਦੀਆਂ ਹਨ।” ਇਨ੍ਹਾਂ ਮਨੁੱਖਾਂ ਬਾਰੇ ਪੌਲੁਸ ਨੇ ਅੱਗੇ ਕਿਹਾ ਕਿ ਉਹ ਸੱਚਾਈ ਦੇ ਰਾਹ ਤੋਂ “ਦੂਰ ਜਾ ਚੁਕੇ ਹਨ। ਉਹ ਦਾਵਾ ਕਰਦੇ ਹਨ ਕਿ ਉਹਨਾਂ ਦਾ ਪੁੱਨਰ ਉੱਥਾਨ ਪਹਿਲਾਂ ਹੀ ਹੋ ਚੁਕਾ ਹੈ ਅਤੇ ਉਹ ਕਈ ਹੋਰ ਲੋਕਾਂ ਦੇ ਵਿਸ਼ਵਾਸ ਨੂੰ ਵੀ ਵਿਗਾੜ ਰਹੇ ਹਨ।” (2 ਤਿਮੋਥਿਉਸ 2:16-18, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜ਼ਾਹਰ ਹੈ ਕਿ ਹੁਮਿਨਾਯੁਸ ਅਤੇ ਫ਼ਿਲੇਤੁਸ ਮੰਨਦੇ ਸਨ ਕਿ ਸਿਰਫ਼ ਇੱਕੋ ਤਰ੍ਹਾਂ ਦਾ ਪੁਨਰ-ਉਥਾਨ ਹੈ ਯਾਨੀ ਅਧਿਆਤਮਿਕ ਪੁਨਰ-ਉਥਾਨ ਜੋ ਉਨ੍ਹਾਂ ਦੇ ਭਾਣੇ ਪਹਿਲਾਂ ਹੀ ਹੋ ਚੁੱਕਾ ਸੀ। ਉਹ ਇਹ ਸਿੱਖਿਆ ਫੈਲਾ ਰਹੇ ਸਨ ਕਿ ਮਸੀਹੀ ਰੂਹਾਨੀ ਤੌਰ ਤੇ ਪਹਿਲਾਂ ਹੀ ਜੀ ਉੱਠੇ ਸਨ। ਹਾਂ, ਇਹ ਸੱਚ ਹੈ ਮਸੀਹੀ ਸੱਚਾਈ ਜਾਣਨ ਤੋਂ ਪਹਿਲਾਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਮੁਰਦੇ ਸਨ, ਪਰ ਸੱਚਾਈ ਜਾਣ ਕੇ ਮਾਨੋ ਉਹ ਜ਼ਿੰਦਾ ਹੋ ਚੁੱਕੇ ਸਨ। ਇਹ ਗੱਲ ਤਾਂ ਪੌਲੁਸ ਨੇ ਵੀ ਖ਼ੁਦ ਕਹੀ ਸੀ। (ਅਫ਼ਸੀਆਂ 2:1-5) ਪਰ ਹੁਮਿਨਾਯੁਸ ਅਤੇ ਫ਼ਿਲੇਤੁਸ ਲੋਕਾਂ ਨੂੰ ਇਹ ਸਿਖਾ ਰਹੇ ਸਨ ਕਿ ਭਵਿੱਖ ਵਿਚ ਲੋਕਾਂ ਨੂੰ ਧਰਤੀ ਉੱਤੇ ਨਹੀਂ ਜੀ ਉਠਾਇਆ ਜਾਵੇਗਾ। ਅਸਲ ਵਿਚ ਉਹ ਇਹ ਕਹਿ ਰਹੇ ਸਨ ਕਿ ਯਿਸੂ ਦਾ ਕੀਤਾ ਗਿਆ ਵਾਅਦਾ ਝੂਠਾ ਸੀ ਕਿ ਉਹ ਆਪਣੇ ਰਾਜ ਅਧੀਨ ਮੁਰਦਿਆਂ ਨੂੰ ਜ਼ਿੰਦਾ ਕਰੇਗਾ।—ਯੂਹੰਨਾ 5:28, 29.
ਬਾਅਦ ਵਿਚ ਨੌਸਟਿਕਵਾਦੀ ਵੀ ਹੁਮਿਨਾਯੁਸ ਤੇ ਫ਼ਿਲੇਤੁਸ ਦੀ ਇਹ ਸਿੱਖਿਆ ਫੈਲਾਉਣ ਲੱਗ ਪਏ। ਨੌਸਟਿਕਵਾਦੀਆਂ ਨੇ ਈਸਾਈ ਧਰਮ ਦੀਆਂ ਸਿੱਖਿਆਵਾਂ ਵਿਚ ਯੂਨਾਨੀ ਫ਼ਲਸਫ਼ਾ ਤੇ ਪੂਰਬੀ ਧਰਮਾਂ ਦੀਆਂ ਊਲ-ਜਲੂਲ ਸਿੱਖਿਆਵਾਂ ਮਿਲਾ ਦਿੱਤੀਆਂ। ਮਿਸਾਲ ਲਈ, ਨੌਸਟਿਕਵਾਦੀ ਮੰਨਦੇ ਹਨ ਕਿ ਸਭ ਭੌਤਿਕ ਚੀਜ਼ਾਂ ਬੁਰੀਆਂ ਹੁੰਦੀਆਂ ਹਨ। ਇਸ ਲਈ ਉਹ ਦਾਅਵਾ ਕਰਦੇ ਹਨ ਕਿ ਯਿਸੂ ਮਸੀਹ ਧਰਤੀ ਉੱਤੇ ਮਨੁੱਖ ਬਣ ਕੇ ਨਹੀਂ ਆਇਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਸ ਗੱਲ ਦਾ ਭੁਲੇਖਾ ਲੱਗਾ ਸੀ ਕਿ ਯਿਸੂ ਹੱਡ-ਮਾਸ ਦੇ ਬਣੇ ਸਰੀਰ ਵਿਚ ਆਇਆ ਸੀ। ਜਿਵੇਂ ਅਸੀਂ ਪਹਿਲਾਂ ਦੇਖ ਚੁੱਕੇ ਹਾਂ, ਯੂਹੰਨਾ ਰਸੂਲ ਨੇ ਇਸ ਤਰ੍ਹਾਂ ਦੀਆਂ ਝੂਠੀਆਂ ਗੱਲਾਂ ਫੈਲਾਉਣ ਵਾਲਿਆਂ ਬਾਰੇ ਚੇਤਾਵਨੀ ਦਿੱਤੀ ਸੀ।—1 ਯੂਹੰਨਾ 4:2, 3; 2 ਯੂਹੰਨਾ 7.
ਕਈ ਸਦੀਆਂ ਬਾਅਦ ਇਕ ਹੋਰ ਝੂਠੀ ਸਿੱਖਿਆ ਫੈਲਾਈ ਗਈ ਸੀ। ਇਹ ਸੀ ਤ੍ਰਿਏਕ ਦੀ ਸਿੱਖਿਆ। ਇਸ ਸਿੱਖਿਆ ਵਿਚ ਵਿਸ਼ਵਾਸ ਕਰਨ ਵਾਲੇ ਲੋਕ ਮੰਨਦੇ ਹਨ ਕਿ ਯਿਸੂ ਸਰਬਸ਼ਕਤੀਮਾਨ ਪਰਮੇਸ਼ੁਰ ਵੀ ਹੈ ਅਤੇ ਪਰਮੇਸ਼ੁਰ ਦਾ ਪੁੱਤਰ ਵੀ। ਐਲਵਨ ਲੈਮਸਨ ਨਾਂ ਦੇ ਇਕ ਧਰਮ-ਸ਼ਾਸਤਰੀ ਨੇ ਆਪਣੀ ਕਿਤਾਬ ਵਿਚ ਤ੍ਰਿਏਕ ਦੀ ਸਿੱਖਿਆ ਬਾਰੇ ਕਿਹਾ: “ਇਸ ਸਿੱਖਿਆ ਦੀ ਸ਼ੁਰੂਆਤ ਯਹੂਦੀਆਂ ਅਤੇ ਮਸੀਹੀਆਂ ਦੇ ਧਰਮ-ਸ਼ਾਸਤਰਾਂ ਵਿਚ ਨਹੀਂ ਬਲਕਿ ਗ਼ੈਰ-ਮਸੀਹੀ ਧਰਮਾਂ ਵਿਚ ਹੋਈ ਹੈ। ਪਲੈਟੋ ਦੇ ਫ਼ਲਸਫ਼ੇ ਨੂੰ ਮੰਨਣ ਵਾਲੇ ਪਾਦਰੀਆਂ ਨੇ ਇਹ ਸਿੱਖਿਆ ਫੈਲਾਈ ਸੀ ਅਤੇ ਫਿਰ ਇਸ ਨੂੰ ਈਸਾਈ-ਧਰਮ ਵਿਚ ਮਿਲਾ ਦਿੱਤਾ।” ਇਨ੍ਹਾਂ ਪਾਦਰੀਆਂ ਨੇ ਇੱਦਾਂ ਕਿਉਂ ਕੀਤਾ? ਕਿਉਂਕਿ ਉਹ ਸੱਚਾਈ ਤੋਂ ਭਟਕ ਕੇ ਯੂਨਾਨੀ ਫ਼ਿਲਾਸਫ਼ਰ ਪਲੈਟੋ ਦੀਆਂ ਸਿੱਖਿਆਵਾਂ ਵਿਚ ਰੁਚੀ ਰੱਖਣ ਲੱਗ ਪਏ ਸਨ।
ਤ੍ਰਿਏਕ ਦੀ ਸਿੱਖਿਆ ਫੈਲਾਉਣ ਨਾਲ ਮਸੀਹ ਦੇ ਵਿਰੋਧੀ ਲੋਕਾਂ ਨੂੰ ਪਰਮੇਸ਼ੁਰ ਤੋਂ ਦੂਰ ਕਰਨ ਵਿਚ ਬਹੁਤ ਕਾਮਯਾਬ ਹੋਏ ਹਨ। ਇਸ ਸਿੱਖਿਆ ਕਾਰਨ ਬਹੁਤ ਸਾਰੇ ਲੋਕ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਬਾਰੇ ਸੱਚਾਈ ਨਹੀਂ ਜਾਣਦੇ। (ਯੂਹੰਨਾ 14:28; 15:10; ਕੁਲੁੱਸੀਆਂ 1:15) ਜ਼ਰਾ ਸੋਚੋ, ਲੋਕ “ਪਰਮੇਸ਼ੁਰ ਦੇ ਨੇੜੇ” ਕਿਵੇਂ ਜਾ ਸਕਦੇ ਹਨ ਜਾਂ ਉਸ ਨਾਲ ਰਿਸ਼ਤਾ ਕਿਵੇਂ ਜੋੜ ਸਕਦੇ ਹਨ ਜੇ ਉਹ ਉਸ ਬਾਰੇ ਸੱਚਾਈ ਨਹੀਂ ਜਾਣਦੇ?—ਯਾਕੂਬ 4:8.
ਇਸ ਤੋਂ ਇਲਾਵਾ, ਅਨੇਕ ਬਾਈਬਲ ਅਨੁਵਾਦਕ ਆਪਣੇ ਤਰਜਮਿਆਂ ਵਿੱਚੋਂ ਪਰਮੇਸ਼ੁਰ ਦਾ ਨਾਂ ਯਹੋਵਾਹ ਕੱਢ ਕੇ ਲੋਕਾਂ ਨੂੰ ਹੋਰ ਵੀ ਉਲਝਣ ਵਿਚ ਪਾ ਰਹੇ ਹਨ। ਮੂਲ ਇਬਰਾਨੀ ਸ਼ਾਸਤਰ ਵਿਚ ਇਹ ਨਾਂ 7,000 ਤੋਂ ਜ਼ਿਆਦਾ ਵਾਰ ਪਾਇਆ ਜਾਂਦਾ ਹੈ। ਇਸ ਤਰ੍ਹਾਂ ਪਰਮੇਸ਼ੁਰ ਨੂੰ ਗੁਮਨਾਮ ਕਰ ਕੇ ਇਹ ਅਨੁਵਾਦਕ ਸਾਡੇ ਸਿਰਜਣਹਾਰ ਅਤੇ ਉਸ ਦੇ ਬਚਨ ਦਾ ਬਹੁਤ ਵੱਡਾ ਅਪਮਾਨ ਕਰ ਰਹੇ ਹਨ! (ਪਰਕਾਸ਼ ਦੀ ਪੋਥੀ 22:18, 19) ਇਸ ਦੇ ਨਾਲ-ਨਾਲ, ਬਾਈਬਲ ਵਿੱਚੋਂ ਪਰਮੇਸ਼ੁਰ ਦਾ ਨਾਂ ਕੱਢ ਕੇ ਉਸ ਦੀ ਥਾਂ “ਪ੍ਰਭੂ” ਜਾਂ “ਪਰਮੇਸ਼ੁਰ” ਵਰਗੇ ਖ਼ਿਤਾਬ ਲਿਖ ਕੇ ਇਹ ਅਨੁਵਾਦਕ ਯਿਸੂ ਦੁਆਰਾ ਪਰਮੇਸ਼ੁਰ ਨੂੰ ਕੀਤੀ ਪ੍ਰਾਰਥਨਾ ਵਿਚ ਕਹੇ ਗਏ ਇਨ੍ਹਾਂ ਸ਼ਬਦਾਂ ਦੇ ਖ਼ਿਲਾਫ਼ ਜਾਂਦੇ ਹਨ ਕਿ “ਤੇਰਾ ਨਾਮ ਪਾਕ ਮੰਨਿਆ ਜਾਵੇ।”—ਮੱਤੀ 6:9.
ਮਸੀਹ ਦੇ ਵਿਰੋਧੀ ਪਰਮੇਸ਼ੁਰ ਦੇ ਰਾਜ ਨੂੰ ਰੱਦ ਕਰਦੇ ਹਨ
ਮਸੀਹ ਦੇ ਵਿਰੋਧੀਆਂ ਨੇ ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਪਹਿਲਾਂ ਨਾਲੋਂ ਵੀ ਜ਼ਿਆਦਾ ਅੱਤ ਚੁੱਕੀ ਹੋਈ ਹੈ। (2 ਤਿਮੋਥਿਉਸ 3:1) ਇਹ ਵਿਰੋਧੀ ਬੜੇ ਧੋਖੇਬਾਜ਼ ਹਨ। ਇਨ੍ਹਾਂ ਦਾ ਇਕ ਖ਼ਾਸ ਮਕਸਦ ਇਹ ਹੈ ਕਿ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੇ ਰਾਜੇ ਯਿਸੂ ਮਸੀਹ ਬਾਰੇ ਸੱਚਾਈ ਪਤਾ ਨਾ ਲੱਗੇ। ਲੇਕਿਨ ਇਹ ਸਵਰਗੀ ਰਾਜ ਬਹੁਤ ਜਲਦੀ ਸਾਰੀ ਧਰਤੀ ਉੱਤੇ ਹਕੂਮਤ ਕਰੇਗਾ।—ਦਾਨੀਏਲ 7:13, 14; ਪਰਕਾਸ਼ ਦੀ ਪੋਥੀ 11:15.
ਧਾਰਮਿਕ ਆਗੂ ਇਹ ਸਿਖਾਉਂਦੇ ਹਨ ਕਿ ਪਰਮੇਸ਼ੁਰ ਦਾ ਰਾਜ ਲੋਕਾਂ ਦੇ ਦਿਲਾਂ ਵਿਚ ਹੈ, ਪਰ ਇਹ ਸਿੱਖਿਆ ਬਾਈਬਲ ਤੇ ਆਧਾਰਿਤ ਨਹੀਂ ਹੈ। (ਦਾਨੀਏਲ 2:44) ਹੋਰਨਾਂ ਦਾ ਇਹ ਵਿਚਾਰ ਹੈ ਕਿ ਯਿਸੂ ਮਸੀਹ ਮਨੁੱਖੀ ਸਰਕਾਰਾਂ ਅਤੇ ਸੰਸਥਾਵਾਂ ਰਾਹੀਂ ਕੰਮ ਕਰਦਾ ਹੈ। ਲੇਕਿਨ ਯਿਸੂ ਨੇ ਸਾਫ਼-ਸਾਫ਼ ਕਿਹਾ ਸੀ: ‘ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ।’ (ਯੂਹੰਨਾ 18:36) ਜੀ ਹਾਂ, ਇਸ “ਜਗਤ ਦਾ ਸਰਦਾਰ” ਯਿਸੂ ਨਹੀਂ, ਸਗੋਂ ਸ਼ਤਾਨ ਹੈ। (ਯੂਹੰਨਾ 14:30; 2 ਕੁਰਿੰਥੀਆਂ 4:4) ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਯਿਸੂ ਨੇ ਬਹੁਤ ਜਲਦ ਸਾਰੀਆਂ ਇਨਸਾਨੀ ਸਰਕਾਰਾਂ ਦਾ ਨਾਸ਼ ਕਿਉਂ ਕਰਨਾ ਹੈ। ਇਸ ਤੋਂ ਬਾਅਦ ਯਿਸੂ ਆਪ ਇਸ ਧਰਤੀ ਤੇ ਰਾਜ ਕਰੇਗਾ। (ਜ਼ਬੂਰਾਂ ਦੀ ਪੋਥੀ 2:2, 6-9; ਪਰਕਾਸ਼ ਦੀ ਪੋਥੀ 19:11-21) ਫਿਰ ਲੋਕਾਂ ਦੀ ਇਹ ਦੁਆ ਪੂਰੀ ਹੋਵੇਗੀ ਕਿ ‘ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਮੀਨ ਉੱਤੇ ਪੂਰੀ ਹੋਵੇ।’—ਮੱਤੀ 6:10.
ਧਾਰਮਿਕ ਆਗੂ ਇਸ ਦੁਨੀਆਂ ਦੇ ਰਾਜਨੀਤਿਕ ਸੰਗਠਨਾਂ ਦਾ ਪੱਖ ਪੂਰਦੇ ਹਨ, ਇਸ ਲਈ ਉਨ੍ਹਾਂ ਵਿੱਚੋਂ ਕਈਆਂ ਨੇ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨ ਵਾਲਿਆਂ ਦਾ ਸਖ਼ਤ ਵਿਰੋਧ ਕੀਤਾ ਹੈ। ਬਾਈਬਲ ਵਿਚ ਪਰਕਾਸ਼ ਦੀ ਪੋਥੀ ਵਿਚ ਇਕ ਵੇਸਵਾ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਨੂੰ ‘ਵੱਡੀ ਬਾਬੁਲ’ ਕਿਹਾ ਗਿਆ ਹੈ। ਬਾਈਬਲ ਦੱਸਦੀ ਹੈ ਕਿ ਇਹ ਵੇਸਵਾ “ਸੰਤਾਂ ਦੇ ਲਹੂ ਨਾਲ ਅਤੇ ਯਿਸੂ ਦਿਆਂ ਸ਼ਹੀਦਾਂ ਦੇ ਲਹੂ ਨਾਲ ਮਸਤ ਹੋਈ ਹੋਈ” ਹੈ। (ਪਰਕਾਸ਼ ਦੀ ਪੋਥੀ 17:4-6) ਇਹ ਵੇਸਵਾ ਨਿੱਜੀ ਫ਼ਾਇਦਿਆਂ ਲਈ ਦੁਨੀਆਂ ਦੇ “ਰਾਜਿਆਂ” ਜਾਂ ਰਾਜਨੀਤਿਕ ਸੰਸਥਾਵਾਂ ਨਾਲ ਰੂਹਾਨੀ ਤੌਰ ਤੇ ਹਰਾਮਕਾਰੀ ਕਰਦੀ ਹੈ ਯਾਨੀ ਉਨ੍ਹਾਂ ਨਾਲ ਮਿੱਤਰਤਾ ਕਾਇਮ ਕਰਦੀ ਹੈ। ਪਰ ਇਹ ਵੇਸਵਾ ਹੈ ਕੌਣ? ਇਹ ਉਨ੍ਹਾਂ ਸਭ ਧਰਮਾਂ ਨੂੰ ਦਰਸਾਉਂਦੀ ਹੈ ਜੋ ਰੱਬ ਦੀ ਭਗਤੀ ਕਰਨ ਦਾ ਝੂਠਾ ਦਾਅਵਾ ਕਰਦੇ ਹਨ। ਇਨ੍ਹਾਂ ਧਰਮਾਂ ਵਿਚ ਖ਼ਾਸ ਕਰਕੇ ਮਸੀਹ ਦੇ ਵਿਰੋਧੀ ਸ਼ਾਮਲ ਹਨ।—ਪਰਕਾਸ਼ ਦੀ ਪੋਥੀ 18:2, 3; ਯਾਕੂਬ 4:4.
ਮਸੀਹ ਦੇ ਵਿਰੋਧੀ ਲੋਕਾਂ ਦੇ ਮਨ-ਪਸੰਦ ਦੀਆਂ ਗੱਲਾਂ ਸੁਣਾਉਂਦੇ ਹਨ
ਕਈ ਈਸਾਈਆਂ ਨੇ ਸਿਰਫ਼ ਬਾਈਬਲ ਦੀਆਂ ਸਿੱਖਿਆਵਾਂ ਨੂੰ ਹੀ ਨਹੀਂ ਠੁਕਰਾਇਆ, ਸਗੋਂ ਉਨ੍ਹਾਂ ਨੇ ਪਰਮੇਸ਼ੁਰ ਦੇ ਉੱਚੇ ਨੈਤਿਕ ਮਿਆਰਾਂ ਦੀ ਵੀ ਉਲੰਘਣਾ ਕੀਤੀ ਹੈ। ਉਹ ਬਾਈਬਲ ਦੀ ਸਲਾਹ ਲਾਗੂ ਕਰਨ ਦੀ ਬਜਾਇ ਲੋਕਾਂ ਨੂੰ ਖ਼ੁਸ਼ ਕਰਨਾ ਜ਼ਿਆਦਾ ਪਸੰਦ ਕਰਦੇ ਹਨ। ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਲੋਕਾਂ ਦਾ ਅਜਿਹਾ ਰਵੱਈਆ ਹੋਵੇਗਾ। ਬਾਈਬਲ ਵਿਚ ਲਿਖਿਆ ਸੀ ਕਿ “ਇੱਕ ਸਮਾਂ ਆਵੇਗਾ ਜਦੋਂ ਲੋਕ [ਜੋ ਰੱਬ ਦੀ ਭਗਤੀ ਕਰਨ ਦਾ ਦਾਅਵਾ ਕਰਦੇ ਹਨ] ਸੱਚੇ ਉਪਦੇਸ਼ ਨੂੰ ਨਹੀਂ ਸੁਣਨਗੇ। ਪਰ ਲੋਕਾਂ ਨੂੰ ਬਹੁਤ ਸਾਰੇ ਗੁਰੂ ਮਿਲਣਗੇ ਜੋ ਉਨ੍ਹਾਂ ਨੂੰ ਖੁਸ਼ ਕਰਨਗੇ। ਲੋਕਾਂ ਨੂੰ ਅਜਿਹੇ ਗੁਰੂ ਮਿਲਣਗੇ ਜਿਹੜੇ ਉਹੀ ਗੱਲਾਂ ਆਖਣਗੇ ਜਿਹੜੀਆਂ ਉਹ ਲੋਕ ਸੁਣਨਾ ਚਾਹੁੰਦੇ ਹਨ।” (2 ਤਿਮੋਥਿਉਸ 4:3, ਈਜ਼ੀ ਟੂ ਰੀਡ ਵਰਯਨ) ਬਾਈਬਲ ਵਿਚ ਅਜਿਹੇ ਧੋਖੇਬਾਜ਼ ਲੋਕਾਂ ਬਾਰੇ ਇਹ ਵੀ ਕਿਹਾ ਗਿਆ ਹੈ ਕਿ ਉਹ “ਝੂਠੇ ਰਸੂਲ ਅਤੇ ਛਲ ਵਲ ਕਰਨ ਵਾਲੇ ਹਨ ਜੋ ਆਪਣੇ ਰੂਪ ਨੂੰ ਮਸੀਹ ਦੇ ਰਸੂਲਾਂ ਦੇ ਰੂਪ ਵਿੱਚ ਵਟਾਉਂਦੇ ਹਨ।” ਪਰ “ਉਨ੍ਹਾਂ ਦਾ ਅੰਤ ਉਨ੍ਹਾਂ ਦੀਆਂ ਕਰਨੀਆਂ ਦੇ ਅਨੁਸਾਰ ਹੋਵੇਗਾ।”—2 ਕੁਰਿੰਥੀਆਂ 11:13-15.
ਅਜਿਹੇ ਲੋਕ ਪਰਮੇਸ਼ੁਰ ਦੇ ਮਿਆਰਾਂ ਦੇ ਖ਼ਿਲਾਫ਼ ਚੱਲ ਕੇ “ਲੁੱਚਪੁਣੇ” ਦੇ ਕੰਮ ਕਰਦੇ ਹਨ। (2 ਪਤਰਸ 2:1-3, 12-14) ਅੱਜ ਅਸੀਂ ਦੇਖਦੇ ਹਾਂ ਕਿ ਅਨੇਕ ਧਾਰਮਿਕ ਆਗੂ ਅਤੇ ਉਨ੍ਹਾਂ ਦੇ ਪੈਰੋਕਾਰ ਗ਼ਲਤ ਕੰਮਾਂ ਨੂੰ ਸਹੀ ਕਰਾਰ ਦੇ ਰਹੇ ਹਨ। ਮਿਸਾਲ ਲਈ, ਉਹ ਵਿਆਹ ਤੋਂ ਪਹਿਲਾਂ ਸੈਕਸ ਕਰਨਾ ਜਾਂ ਸਮਲਿੰਗੀ ਸੰਬੰਧ ਰੱਖਣੇ ਠੀਕ ਸਮਝਦੇ ਹਨ। ਪਰ ਤੁਸੀਂ ਜਾਂਚ ਕਰ ਸਕਦੇ ਹੋ ਕਿ ਅਜਿਹੇ ਕੰਮਾਂ ਬਾਰੇ ਬਾਈਬਲ ਇਨ੍ਹਾਂ ਹਵਾਲਿਆਂ ਵਿਚ ਕੀ ਕਹਿੰਦੀ ਹੈ: ਲੇਵੀਆਂ 18:22; ਰੋਮੀਆਂ 1:26, 27; 1 ਕੁਰਿੰਥੀਆਂ 6:9, 10; ਇਬਰਾਨੀਆਂ 13:4 ਅਤੇ ਯਹੂਦਾਹ 7.
ਹਰ ਸੁਣੀ ਗੱਲ ਦੀ ਜਾਂਚ ਕਰੋ
ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ, ਸਾਨੂੰ ਯੂਹੰਨਾ ਰਸੂਲ ਦੀ ਸਲਾਹ ਉੱਤੇ ਚੱਲਦੇ ਹੋਏ ਆਪਣੇ ਧਾਰਮਿਕ ਵਿਸ਼ਵਾਸਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਯੂਹੰਨਾ ਰਸੂਲ ਨੇ ਸਾਨੂੰ ਸਾਵਧਾਨ ਕੀਤਾ ਕਿ ਸਾਨੂੰ ਹਰ ਸੁਣੀ-ਸੁਣਾਈ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਸਗੋਂ ਸਾਨੂੰ ਹਰ ਗੱਲ ਦੀ ਜਾਂਚ ਕਰਨੀ ਚਾਹੀਦੀ ਹੈ ‘ਭਈ ਓਹ ਪਰਮੇਸ਼ੁਰ ਤੋਂ ਹੈ ਕਿ ਨਹੀਂ।’—1 ਯੂਹੰਨਾ 4:1.
ਅਸੀਂ ਪਹਿਲੀ ਸਦੀ ਦੇ ਬਰਿਯਾ ਸ਼ਹਿਰ ਦੇ ਬੁੱਧੀਮਾਨ ਲੋਕਾਂ ਤੋਂ ਬਹੁਤ ਵਧੀਆ ਸਬਕ ਸਿੱਖ ਸਕਦੇ ਹਾਂ। ਇਨ੍ਹਾਂ ਲੋਕਾਂ ਨੇ ਪੌਲੁਸ ਅਤੇ ਸੀਲਾਸ ਦੀਆਂ ਗੱਲਾਂ ਸੁਣ ਕੇ “ਦਿਲ ਦੀ ਵੱਡੀ ਚਾਹ ਨਾਲ ਬਚਨ ਨੂੰ ਮੰਨ ਲਿਆ ਅਤੇ ਰੋਜ ਲਿਖਤਾਂ ਵਿੱਚ ਭਾਲ ਕਰਦੇ ਰਹੇ ਭਈ ਏਹ ਗੱਲਾਂ ਇਸੇ ਤਰਾਂ ਹਨ ਕਿ ਨਹੀਂ।” (ਰਸੂਲਾਂ ਦੇ ਕਰਤੱਬ 17:10, 11) ਜੀ ਹਾਂ, ਭਾਵੇਂ ਇਹ ਲੋਕ ਰਸੂਲਾਂ ਦੀਆਂ ਗੱਲਾਂ ਸੁਣਨ ਲਈ ਤਿਆਰ ਸਨ, ਫਿਰ ਵੀ ਉਨ੍ਹਾਂ ਨੇ ਆਪ ਜਾਂਚ ਕਰ ਕੇ ਦੇਖਿਆ ਕਿ ਇਹ ਗੱਲਾਂ ਵਾਕਈ ਬਾਈਬਲ ਨਾਲ ਮੇਲ ਖਾਂਦੀਆਂ ਸਨ ਕਿ ਨਹੀਂ।
ਸੱਚੇ ਮਸੀਹੀ ਅੱਜ ਵੀ ਲੋਕਾਂ ਦੇ ਬਦਲਦੇ ਵਿਚਾਰਾਂ ਦੁਆਰਾ ਪ੍ਰਭਾਵਿਤ ਨਹੀਂ ਹੁੰਦੇ, ਸਗੋਂ ਉਹ ਬਾਈਬਲ ਦੀ ਸਲਾਹ ਉੱਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਪੌਲੁਸ ਰਸੂਲ ਨੇ ਲਿਖਿਆ: ‘ਮੈਂ ਇਹ ਪ੍ਰਾਰਥਨਾ ਕਰਦਾ ਹਾਂ ਭਈ ਤੁਹਾਡਾ ਪ੍ਰੇਮ ਸਮਝ ਅਤੇ ਸਭ ਪਰਕਾਰ ਦੇ ਬਿਬੇਕ [ਯਾਨੀ ਸਹੀ ਗਿਆਨ] ਨਾਲ ਹੋਰ ਤੋਂ ਹੋਰ ਵਧਦਾ ਚੱਲਿਆ ਜਾਵੇ।’—ਫ਼ਿਲਿੱਪੀਆਂ 1:9.
ਕਿਉਂ ਨਾ ਤੁਸੀਂ ਵੀ ਸਹੀ ਗਿਆਨ ਹਾਸਲ ਕਰ ਕੇ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਬਾਈਬਲ ਸੱਚ-ਮੁੱਚ ਕੀ ਸਿਖਾਉਂਦੀ ਹੈ। ਜੇ ਤੁਸੀਂ ਬਰਿਯਾ ਦੇ ਲੋਕਾਂ ਦੀ ਰੀਸ ਕਰੋਗੇ, ਤਾਂ ਤੁਸੀਂ ਮਸੀਹ ਦੇ ਵਿਰੋਧੀਆਂ ਦੀਆਂ “ਬਣਾਉਟ ਦੀਆਂ ਗੱਲਾਂ” ਤੋਂ ਧੋਖਾ ਨਹੀਂ ਖਾਓਗੇ। (2 ਪਤਰਸ 2:3) ਇਸ ਦੀ ਬਜਾਇ, ਤੁਸੀਂ ਯਿਸੂ ਮਸੀਹ ਅਤੇ ਉਸ ਦੇ ਸੱਚੇ ਚੇਲਿਆਂ ਬਾਰੇ ਸੱਚਾਈ ਜਾਣ ਕੇ ਝੂਠੀਆਂ ਸਿੱਖਿਆਵਾਂ ਤੋਂ ਆਜ਼ਾਦ ਹੋਵੋਗੇ।—ਯੂਹੰਨਾ 8:32, 36.
[ਸਫ਼ਾ 4 ਉੱਤੇ ਡੱਬੀ/ਤਸਵੀਰ]
ਮਸੀਹ ਦੇ ਵਿਰੋਧੀ ਬਾਰੇ ਬਾਈਬਲ ਦੇ ਹਵਾਲੇ
“ਹੇ ਬਾਲਕੋ, ਇਹ ਅੰਤ ਦਾ ਸਮਾ ਹੈ [ਰਸੂਲਾਂ ਦੇ ਦਿਨਾਂ ਦੇ ਅੰਤ ਦਾ ਸਮਾਂ] ਅਤੇ ਜਿਵੇਂ ਤੁਸਾਂ ਸੁਣਿਆ ਭਈ ਮਸੀਹ ਦਾ ਵਿਰੋਧੀ ਆਉਂਦਾ ਹੈ ਸੋ ਹੁਣ ਵੀ ਮਸੀਹ ਦੇ ਵਿਰੋਧੀ ਬਾਹਲੇ ਉੱਠੇ ਹੋਏ ਹਨ।”—1 ਯੂਹੰਨਾ 2:18.
“ਝੂਠਾ ਕੌਣ ਹੈ ਪਰ ਉਹ ਜਿਹੜਾ ਯਿਸੂ ਤੋਂ ਇਨਕਾਰ ਕਰਦਾ ਹੈ ਭਈ ਉਹ ਮਸੀਹ ਨਹੀਂ? ਉਹੋ ਮਸੀਹ ਦਾ ਵਿਰੋਧੀ ਹੈ ਜਿਹੜਾ ਪਿਤਾ ਅਤੇ ਪੁੱਤ੍ਰ ਦਾ ਇਨਕਾਰ ਕਰਦਾ ਹੈ।”—1 ਯੂਹੰਨਾ 2:22.
“ਹਰੇਕ ਆਤਮਾ ਜਿਹੜਾ ਯਿਸੂ ਨੂੰ ਨਹੀਂ ਮੰਨਦਾ ਸੋ ਪਰਮੇਸ਼ੁਰ ਤੋਂ ਨਹੀਂ, ਅਤੇ ਇਹੋ ਮਸੀਹ ਦੇ ਵਿਰੋਧੀ ਦਾ ਉਹ ਆਤਮਾ ਹੈ ਜਿਹੜਾ ਤੁਸਾਂ ਸੁਣਿਆ ਭਈ ਆਉਂਦਾ ਹੈ ਅਤੇ ਉਹ ਹੁਣ ਭੀ ਸੰਸਾਰ ਵਿੱਚ ਹੈ।”—1 ਯੂਹੰਨਾ 4:3.
“ਬਾਹਲੇ ਛਲੀਏ ਸੰਸਾਰ ਵਿੱਚ ਨਿੱਕਲ ਆਏ ਹਨ ਜਿਹੜੇ ਯਿਸੂ ਮਸੀਹ ਦੇ ਦੇਹਧਾਰੀ ਹੋ ਕੇ ਆਉਣ ਨੂੰ ਨਹੀਂ ਮੰਨਦੇ ਹਨ। ਇਹੋ ਛਲੇਡਾ ਅਤੇ ਮਸੀਹ ਦਾ ਵਿਰੋਧੀ ਹੈ।”—2 ਯੂਹੰਨਾ 7.
[ਸਫ਼ਾ 5 ਉੱਤੇ ਡੱਬੀ/ਤਸਵੀਰਾਂ]
ਕਈ ਚਿਹਰਿਆਂ ਵਾਲਾ ਧੋਖੇਬਾਜ਼
“ਮਸੀਹ ਦਾ ਵਿਰੋਧੀ” ਉਨ੍ਹਾਂ ਸਾਰਿਆਂ ਨੂੰ ਦਰਸਾਉਂਦਾ ਹੈ ਜੋ ਯਿਸੂ ਮਸੀਹ ਬਾਰੇ ਬਾਈਬਲ ਵਿਚ ਲਿਖੀਆਂ ਗੱਲਾਂ ਦਾ ਇਨਕਾਰ ਕਰਦੇ ਹਨ, ਉਸ ਦੇ ਰਾਜ ਦਾ ਵਿਰੋਧ ਕਰਦੇ ਹਨ ਅਤੇ ਉਸ ਦੇ ਚੇਲਿਆਂ ਨੂੰ ਸਤਾਉਂਦੇ ਹਨ। ਇਨ੍ਹਾਂ ਵਿਚ ਉਹ ਲੋਕ, ਸੰਸਥਾਵਾਂ ਅਤੇ ਕੌਮਾਂ ਵੀ ਸ਼ਾਮਲ ਹਨ ਜੋ ਮਸੀਹੀ ਹੋਣ ਦਾ ਦਾਅਵਾ ਕਰਦੀਆਂ ਹਨ ਜਾਂ ਧਰਤੀ ਉੱਤੇ ਅਮਨ-ਚੈਨ ਲਿਆਉਣ ਦਾ ਵਾਅਦਾ ਕਰਦੀਆਂ ਹਨ ਜਦ ਕਿ ਇਹ ਕੰਮ ਸਿਰਫ਼ ਯਿਸੂ ਮਸੀਹ ਹੀ ਕਰ ਸਕਦਾ ਹੈ।
[ਤਸਵੀਰ ਦੀ ਕ੍ਰੈਡਿਟ ਲਾਈਨ]
Augustine: ©SuperStock/age fotostock
[ਸਫ਼ਾ 7 ਉੱਤੇ ਤਸਵੀਰ]
ਬਰਿਯਾ ਦੇ ਲੋਕਾਂ ਵਾਂਗ ਸਾਨੂੰ ਰੋਜ਼ ਬਾਈਬਲ ਦੀ ਜਾਂਚ ਕਰਨੀ ਚਾਹੀਦੀ ਹੈ