‘ਪਹਿਲਾ ਪੁੱਨਰ ਉਥਾਨ’ ਜਾਰੀ ਹੈ
“ਜਿਹੜੇ ਮਸੀਹ ਵਿੱਚ ਹੋ ਕੇ ਮੋਏ ਹਨ ਓਹ ਪਹਿਲਾਂ ਜੀ ਉੱਠਣਗੇ।”—1 ਥੱਸਲੁਨੀਕੀਆਂ 4:16.
1, 2. (ੳ) ਮਰੇ ਹੋਇਆਂ ਲਈ ਕੀ ਉਮੀਦ ਹੈ? (ਅ) ਇਹ ਵਿਸ਼ਵਾਸ ਕਰਨ ਦਾ ਕੀ ਆਧਾਰ ਹੈ ਕਿ ਮਰੇ ਹੋਏ ਦੁਬਾਰਾ ਜੀ ਉੱਠਣਗੇ? (ਫੁਟਨੋਟ ਦੇਖੋ।)
“ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ।” ਇਹ ਇਕ ਅਟੱਲ ਸੱਚਾਈ ਹੈ ਜਿਸ ਨੂੰ ਕੋਈ ਨਕਾਰ ਨਹੀਂ ਸਕਦਾ। ਜਦੋਂ ਤੋਂ ਆਦਮ ਨੇ ਪਾਪ ਕੀਤਾ, ਉਦੋਂ ਤੋਂ ਲੈ ਕੇ ਹੁਣ ਤਕ ਸਾਰੇ ਜਾਣਦੇ ਹਨ ਕਿ ਉਹ ਇਕ ਦਿਨ ਮਰਨਗੇ। ਪਰ ਕਈ ਲੋਕਾਂ ਦੇ ਮਨ ਵਿਚ ਸਵਾਲ ਉੱਠਦੇ ਹਨ ਕਿ ‘ਅਗਾਹਾਂ ਕੀ ਹੋਵੇਗਾ? ਮਰ ਕੇ ਸਾਡੀ ਕੀ ਦਸ਼ਾ ਹੋਵੇਗੀ?’ ਇਨ੍ਹਾਂ ਸਵਾਲਾਂ ਦੇ ਜਵਾਬ ਵਿਚ ਬਾਈਬਲ ਕਹਿੰਦੀ ਹੈ: “ਮੋਏ ਕੁਝ ਵੀ ਨਹੀਂ ਜਾਣਦੇ।”—ਉਪਦੇਸ਼ਕ ਦੀ ਪੋਥੀ 9:5.
2 ਤਾਂ ਫਿਰ, ਕੀ ਮਰੇ ਹੋਇਆਂ ਲਈ ਕੋਈ ਉਮੀਦ ਹੈ? ਹਾਂ, ਉਮੀਦ ਹੈ। ਮਨੁੱਖਜਾਤੀ ਲਈ ਪਰਮੇਸ਼ੁਰ ਦੇ ਮਕਸਦ ਦੀ ਪੂਰਤੀ ਲਈ ਜ਼ਰੂਰੀ ਹੈ ਕਿ ਮਰੇ ਹੋਏ ਲੋਕ ਫਿਰ ਤੋਂ ਜੀ ਉਠਾਏ ਜਾਣ। ਮੁੱਢ ਤੋਂ ਹੀ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੇ ਉਸ ਦੇ ਇਸ ਵਾਅਦੇ ਤੇ ਵਿਸ਼ਵਾਸ ਕੀਤਾ ਕਿ ਇਕ ਸੰਤਾਨ ਯਾਨੀ ਮਸੀਹਾ ਆਵੇਗਾ ਜੋ ਸ਼ਤਾਨ ਨੂੰ ਹੀ ਨਹੀਂ, ਸਗੋਂ ਉਸ ਦੁਆਰਾ ਲਿਆਂਦੇ ਸਾਰੇ ਦੁੱਖ-ਦਰਦ ਵੀ ਖ਼ਤਮ ਕਰ ਦੇਵੇਗਾ। (ਉਤਪਤ 3:15) ਪਰ ਉਹ ਇਸ ਵਾਅਦੇ ਦੀ ਪੂਰਤੀ ਦੇਖਣ ਤੋਂ ਬਿਨਾਂ ਮਰ ਗਏ। ਸੋ ਜੇ ਉਨ੍ਹਾਂ ਨੇ ਉਤਪਤ 3:15 ਦੀ ਭਵਿੱਖਬਾਣੀ ਅਤੇ ਯਹੋਵਾਹ ਦੇ ਹੋਰ ਵਾਅਦਿਆਂ ਦੀ ਪੂਰਤੀ ਦੇਖਣੀ ਹੈ, ਤਾਂ ਉਨ੍ਹਾਂ ਨੂੰ ਜੀ ਉਠਾਏ ਜਾਣ ਦੀ ਲੋੜ ਹੈ। (ਇਬਰਾਨੀਆਂ 11:13) ਕੀ ਇਹ ਮੁਮਕਿਨ ਹੈ? ਜੀ ਹਾਂ। ਇਸ ਬਾਰੇ ਪੌਲੁਸ ਰਸੂਲ ਨੇ ਕਿਹਾ ਸੀ ਕਿ “ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।” (ਰਸੂਲਾਂ ਦੇ ਕਰਤੱਬ 24:15) ਇਕ ਵਾਰ ਪੌਲੁਸ ਨੇ ਯੂਤਖੁਸ ਨਾਂ ਦੇ ਇਕ ਨੌਜਵਾਨ ਨੂੰ ਜੀ ਉਠਾਇਆ ਸੀ ਜੋ ਤੀਸਰੀ ਮੰਜ਼ਲ ਤੋਂ ਡਿੱਗ ਕੇ ਮਰ ਗਿਆ ਸੀ। ਬਾਈਬਲ ਵਿਚ ਨੌਂ ਇਨਸਾਨਾਂ ਦੇ ਜੀ ਉੱਠਣ ਬਾਰੇ ਦੱਸਿਆ ਗਿਆ ਹੈ ਅਤੇ ਯੂਤਖੁਸ ਇਨ੍ਹਾਂ ਵਿੱਚੋਂ ਆਖ਼ਰੀ ਸੀ।—ਰਸੂਲਾਂ ਦੇ ਕਰਤੱਬ 20:7-12.a
3. ਯੂਹੰਨਾ 5:28, 29 ਵਿਚ ਕਹੇ ਯਿਸੂ ਦੇ ਸ਼ਬਦਾਂ ਤੋਂ ਤੁਹਾਨੂੰ ਕੀ ਹੌਸਲਾ ਮਿਲਦਾ ਹੈ ਅਤੇ ਕਿਉਂ?
3 ਬਾਈਬਲ ਵਿਚ ਇਨ੍ਹਾਂ ਨੌਂ ਇਨਸਾਨਾਂ ਦੇ ਜੀ ਉੱਠਣ ਬਾਰੇ ਪੜ੍ਹ ਕੇ ਅਸੀਂ ਪੌਲੁਸ ਦੀ ਗੱਲ ਤੇ ਵਿਸ਼ਵਾਸ ਕਰ ਸਕਦੇ ਹਾਂ। ਸਾਡਾ ਭਰੋਸਾ ਪੱਕਾ ਹੁੰਦਾ ਹੈ ਕਿ ਯਿਸੂ ਦੀ ਇਹ ਗੱਲ ਪੂਰੀ ਹੋਵੇਗੀ: ‘ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ ਯਿਸੂ ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।’ (ਯੂਹੰਨਾ 5:28, 29) ਇਨ੍ਹਾਂ ਸ਼ਬਦਾਂ ਤੋਂ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ, ਨਾਲੇ ਉਨ੍ਹਾਂ ਲੱਖਾਂ ਲੋਕਾਂ ਨੂੰ ਵੀ ਜਿਨ੍ਹਾਂ ਨੇ ਆਪਣੇ ਪਿਆਰਿਆਂ ਦੀ ਮੌਤ ਦਾ ਗਮ ਸਹਿਆ ਹੈ!
4, 5. ਬਾਈਬਲ ਵਿਚ ਕਿਨ੍ਹਾਂ-ਕਿਨ੍ਹਾਂ ਦੇ ਜੀ ਉੱਠਣ ਬਾਰੇ ਦੱਸਿਆ ਗਿਆ ਹੈ ਅਤੇ ਇਸ ਲੇਖ ਵਿਚ ਕਿਸ ਪੁਨਰ-ਉਥਾਨ ਬਾਰੇ ਚਰਚਾ ਕੀਤੀ ਜਾਵੇਗੀ?
4 ਜ਼ਿਆਦਾਤਰ ਲੋਕਾਂ ਨੂੰ ਉਦੋਂ ਧਰਤੀ ਉੱਤੇ ਜੀ ਉਠਾਇਆ ਜਾਵੇਗਾ ਜਦੋਂ ਪਰਮੇਸ਼ੁਰ ਦੇ ਰਾਜ ਅਧੀਨ ਸਾਰੀ ਧਰਤੀ ਉੱਤੇ ਸ਼ਾਂਤੀ ਹੋਵੇਗੀ। (ਜ਼ਬੂਰਾਂ ਦੀ ਪੋਥੀ 37:10, 11, 29; ਯਸਾਯਾਹ 11:6-9; 35:5, 6; 65:21-23) ਪਰ ਉਸ ਤੋਂ ਪਹਿਲਾਂ ਹੋਰਨਾਂ ਨੂੰ ਜੀ ਉਠਾਇਆ ਜਾਵੇਗਾ। ਪਹਿਲਾਂ ਤਾਂ ਯਿਸੂ ਮਸੀਹ ਨੂੰ ਜੀ ਉਠਾਏ ਜਾਣ ਦੀ ਲੋੜ ਸੀ ਤਾਂਕਿ ਉਹ ਸਵਰਗ ਵਾਪਸ ਜਾ ਕੇ ਸਾਡੇ ਲਈ ਪਰਮੇਸ਼ੁਰ ਅੱਗੇ ਪੇਸ਼ ਹੋ ਸਕੇ। ਯਿਸੂ 33 ਈ. ਵਿਚ ਮਰਿਆ ਅਤੇ ਜੀ ਉਠਾਇਆ ਗਿਆ ਸੀ।
5 ਫਿਰ “ਪਰਮੇਸ਼ੁਰ ਦੇ ਇਸਰਾਏਲ” ਦੇ ਮਸਹ ਕੀਤੇ ਹੋਏ ਮੈਂਬਰਾਂ ਨੂੰ ਜੀ ਉਠਾਇਆ ਜਾਣਾ ਸੀ ਤਾਂਕਿ ਉਹ ਸਵਰਗ ਵਿਚ ਪ੍ਰਭੂ ਯਿਸੂ ਮਸੀਹ ਕੋਲ ਜਾ ਕੇ “ਸਦਾ ਪ੍ਰਭੁ ਦੇ ਸੰਗ” ਰਹਿ ਸਕਣ। (ਗਲਾਤੀਆਂ 6:16; 1 ਥੱਸਲੁਨੀਕੀਆਂ 4:17) ਇਸ ਨੂੰ “ਪਹਿਲੀ ਕਿਆਮਤ” ਜਾਂ ਇਕ ਹੋਰ ਤਰਜਮੇ ਮੁਤਾਬਕ ‘ਪਹਿਲਾ ਪੁੱਨਰ ਉਥਾਨ’ ਕਿਹਾ ਜਾਂਦਾ ਹੈ। (ਪਰਕਾਸ਼ ਦੀ ਪੋਥੀ 20:6; ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਹ ਪੁਨਰ-ਉਥਾਨ ਪੂਰਾ ਹੋ ਜਾਣ ਤੋਂ ਬਾਅਦ ਹੀ ਧਰਤੀ ਉੱਤੇ ਲੱਖਾਂ ਲੋਕਾਂ ਨੂੰ ਜੀ ਉਠਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਸਦਾ ਲਈ ਜੀਣ ਦਾ ਮੌਕਾ ਦਿੱਤਾ ਜਾਵੇਗਾ। ਇਸ ਲਈ ਭਾਵੇਂ ਅਸੀਂ ਸਵਰਗ ਜਾਣ ਦੀ ਜਾਂ ਧਰਤੀ ਉੱਤੇ ਰਹਿਣ ਦੀ ਉਮੀਦ ਰੱਖਦੇ ਹਾਂ, ਸਾਨੂੰ ਇਸ “ਪਹਿਲੇ ਪੁੱਨਰ ਉਥਾਨ” ਬਾਰੇ ਜਾਣਨ ਦੀ ਲੋੜ ਹੈ। ਇਹ ਪੁਨਰ-ਉਥਾਨ ਕਿਸ ਕਿਸਮ ਦਾ ਹੈ ਅਤੇ ਇਹ ਕਦੋਂ ਹੁੰਦਾ ਹੈ?
“ਕਿਹੋ ਜਿਹੀ ਦੇਹੀ ਨਾਲ?”
6, 7. (ੳ) ਮਸਹ ਕੀਤੇ ਹੋਏ ਮਸੀਹੀਆਂ ਦੇ ਸਵਰਗ ਜਾਣ ਤੋਂ ਪਹਿਲਾਂ ਕੀ ਹੋਣਾ ਜ਼ਰੂਰੀ ਹੈ? (ਅ) ਉਹ ਕਿਹੋ ਜਿਹੇ ਸਰੀਰ ਨਾਲ ਜੀ ਉਠਾਏ ਜਾਂਦੇ ਹਨ?
6 ਕੁਰਿੰਥੁਸ ਦੇ ਮਸੀਹੀਆਂ ਨੂੰ ਆਪਣੀ ਪਹਿਲੀ ਚਿੱਠੀ ਵਿਚ ਪੌਲੁਸ ਨੇ ਪਹਿਲੇ ਪੁਨਰ-ਉਥਾਨ ਬਾਰੇ ਇਹ ਸਵਾਲ ਕੀਤਾ: “ਮੁਰਦੇ ਕਿੱਕੁਰ ਜੀ ਉੱਠਦੇ ਅਤੇ ਕਿਹੋ ਜਿਹੀ ਦੇਹੀ ਨਾਲ ਆਉਂਦੇ ਹਨ?” ਫਿਰ ਸਵਾਲ ਦਾ ਜਵਾਬ ਦਿੰਦੇ ਹੋਏ ਉਸ ਨੇ ਕਿਹਾ: ‘ਜੋ ਕੁਝ ਤੂੰ ਬੀਜਦਾ ਹੈਂ ਜੇਕਰ ਉਹ ਨਾ ਮਰੇ ਤਾਂ ਜੰਮੇਗਾ ਨਹੀਂ। ਪਰੰਤੂ ਪਰਮੇਸ਼ੁਰ ਜਿਵੇਂ ਉਹ ਨੂੰ ਭਾਇਆ ਉਹ ਉਸ ਨੂੰ ਰੂਪ ਦਿੰਦਾ ਹੈ। ਸੁਰਗੀ ਸਰੀਰ ਭੀ ਹਨ ਅਤੇ ਜਮੀਨੀ ਸਰੀਰ ਭੀ ਹਨ ਪਰ ਸੁਰਗੀਆਂ ਦਾ ਪਰਤਾਪ ਹੋਰ ਹੈ ਅਤੇ ਜਮੀਨੀਆਂ ਦਾ ਹੋਰ ਹੈ।’—1 ਕੁਰਿੰਥੀਆਂ 15:35-40.
7 ਪੌਲੁਸ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਸਵਰਗ ਜਾਣ ਲਈ ਮਸਹ ਕੀਤੇ ਹੋਏ ਮਸੀਹੀਆਂ ਦਾ ਮਰਨਾ ਜ਼ਰੂਰੀ ਹੈ। ਮਰਨ ਤੇ ਉਨ੍ਹਾਂ ਦਾ ਮਨੁੱਖੀ ਸਰੀਰ ਮਿੱਟੀ ਵਿਚ ਮਿਲ ਜਾਂਦਾ ਹੈ। (ਉਤਪਤ 3:19) ਫਿਰ ਪਰਮੇਸ਼ੁਰ ਦੇ ਠਹਿਰਾਏ ਸਮੇਂ ਤੇ ਉਨ੍ਹਾਂ ਨੂੰ ਅਜਿਹੇ ਸਰੀਰ ਨਾਲ ਜੀ ਉਠਾਇਆ ਜਾਂਦਾ ਹੈ ਜਿਸ ਨਾਲ ਉਹ ਸਵਰਗ ਵਿਚ ਰਹਿ ਸਕਣ। (1 ਯੂਹੰਨਾ 3:2) ਉਨ੍ਹਾਂ ਨੂੰ ਪਰਮੇਸ਼ੁਰ ਅਮਰਤਾ ਵੀ ਬਖ਼ਸ਼ਦਾ ਹੈ। ਇਹ ਉਨ੍ਹਾਂ ਦਾ ਜਮਾਂਦਰੂ ਹੱਕ ਨਹੀਂ ਹੈ ਕਿਉਂਕਿ ਮਾਸ ਤੇ ਲਹੂ ਦਾ ਬਣਿਆ ਇਨਸਾਨ ਜਨਮ ਤੋਂ ਅਮਰਤਾ ਦਾ ਹੱਕਦਾਰ ਨਹੀਂ ਹੁੰਦਾ। ਇਸੇ ਲਈ ਪੌਲੁਸ ਨੇ ਕਿਹਾ ਸੀ ਕਿ ਇਹ ਜ਼ਰੂਰੀ ਹੈ ਕਿ “ਮਰਨਹਾਰ ਅਮਰਤਾ ਨੂੰ ਉਦਾਲੇ ਪਾਵੇ।” ਜੀ ਹਾਂ, ਪਹਿਲੇ ਪੁਨਰ-ਉਥਾਨ ਦੇ ਦੌਰ ਵਿਚ ਜੀਉਂਦੇ ਕੀਤੇ ਜਾਣ ਵਾਲਿਆਂ ਨੂੰ ਪਰਮੇਸ਼ੁਰ ਅਮਰਤਾ ਤੋਹਫ਼ੇ ਵਜੋਂ ਦਿੰਦਾ ਹੈ।—1 ਕੁਰਿੰਥੀਆਂ 15:50, 53; ਉਤਪਤ 2:7; 2 ਕੁਰਿੰਥੀਆਂ 5:1, 2, 8.
8. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਪਰਮੇਸ਼ੁਰ 1,44,000 ਦੀ ਗਿਣਤੀ ਪੂਰੀ ਕਰਨ ਲਈ ਵੱਖ-ਵੱਖ ਧਰਮਾਂ ਦੇ ਮੰਨਣ ਵਾਲਿਆਂ ਨੂੰ ਨਹੀਂ ਚੁਣੇਗਾ?
8 ਇਸ ਪਹਿਲੇ ਪੁਨਰ-ਉਥਾਨ ਦੇ ਦੌਰ ਵਿਚ ਸਿਰਫ਼ 1,44,000 ਮਸੀਹੀਆਂ ਨੂੰ ਜੀਉਂਦੇ ਕੀਤਾ ਜਾਂਦਾ ਹੈ। ਯਿਸੂ ਦੇ ਜੀ ਉਠਾਏ ਜਾਣ ਤੋਂ ਕੁਝ ਸਮੇਂ ਬਾਅਦ ਹੀ 33 ਈ. ਦੇ ਪੰਤੇਕੁਸਤ ਦੇ ਦਿਨ ਯਹੋਵਾਹ ਨੇ ਉਨ੍ਹਾਂ ਨੂੰ ਚੁਣਨਾ ਸ਼ੁਰੂ ਕਰ ਦਿੱਤਾ ਸੀ। ਇਨ੍ਹਾਂ ਸਾਰਿਆਂ ਦੇ “ਮੱਥੇ ਉੱਤੇ [ਯਿਸੂ] ਦਾ ਨਾਮ ਅਤੇ ਉਹ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਹੈ।” (ਪਰਕਾਸ਼ ਦੀ ਪੋਥੀ 14:1, 3) ਇਸ ਤੋਂ ਪਤਾ ਲੱਗਦਾ ਹੈ ਕਿ ਉਹ ਵੱਖ-ਵੱਖ ਧਰਮਾਂ ਦੇ ਮੰਨਣ ਵਾਲੇ ਨਹੀਂ ਹੋਣਗੇ। ਉਹ ਸਾਰੇ ਯਿਸੂ ਮਸੀਹ ਦੇ ਚੇਲੇ ਹਨ ਅਤੇ ਬੜੇ ਫ਼ਖ਼ਰ ਨਾਲ ਆਪਣੇ ਆਪ ਨੂੰ ਯਹੋਵਾਹ ਦੇ ਗਵਾਹ ਕਹਿੰਦੇ ਹਨ। ਜੀ ਉਠਾਏ ਜਾਣ ਤੇ ਉਨ੍ਹਾਂ ਨੂੰ ਸਵਰਗ ਵਿਚ ਕੰਮ ਦਿੱਤਾ ਜਾਵੇਗਾ। ਉਹ ਇਹ ਸੋਚ ਕੇ ਬਾਗ਼-ਬਾਗ਼ ਹੋ ਉੱਠਦੇ ਹਨ ਕਿ ਉਹ ਪਰਮੇਸ਼ੁਰ ਦੀ ਹਜ਼ੂਰੀ ਵਿਚ ਸੇਵਾ ਕਰ ਸਕਣਗੇ।
ਕੀ ਪਹਿਲੇ ਪੁਨਰ-ਉਥਾਨ ਦਾ ਦੌਰ ਜਾਰੀ ਹੈ?
9. ਪਰਕਾਸ਼ ਦੀ ਪੋਥੀ 12:7 ਅਤੇ 17:14 ਦੀ ਮਦਦ ਨਾਲ ਅਸੀਂ ਪਹਿਲੇ ਪੁਨਰ-ਉਥਾਨ ਦੇ ਦੌਰ ਦਾ ਅਨੁਮਾਨ ਕਿਵੇਂ ਲਾ ਸਕਦੇ ਹਾਂ?
9 ਪਹਿਲਾ ਪੁਨਰ-ਉਥਾਨ ਕਦੋਂ ਹੁੰਦਾ ਹੈ? ਸਬੂਤ ਦਿਖਾਉਂਦੇ ਹਨ ਕਿ ਇਹ ਅੱਜ ਜਾਰੀ ਹੈ। ਮਿਸਾਲ ਲਈ, ਪਰਕਾਸ਼ ਦੀ ਪੋਥੀ ਦੇ ਦੋ ਅਧਿਆਵਾਂ ਦੀ ਤੁਲਨਾ ਕਰੋ। ਪਹਿਲਾਂ ਪਰਕਾਸ਼ ਦੀ ਪੋਥੀ ਦਾ 12ਵਾਂ ਅਧਿਆਇ ਦੇਖੋ। ਉਸ ਵਿਚ ਅਸੀਂ ਪੜ੍ਹਦੇ ਹਾਂ ਕਿ ਰਾਜਾ ਯਿਸੂ ਮਸੀਹ ਅਤੇ ਉਸ ਦੇ ਪਵਿੱਤਰ ਦੂਤ ਸ਼ਤਾਨ ਤੇ ਉਸ ਦੇ ਦੂਤਾਂ ਨਾਲ ਲੜੇ। (ਪਰਕਾਸ਼ ਦੀ ਪੋਥੀ 12:7-9) ਪਹਿਰਾਬੁਰਜ ਰਸਾਲੇ ਵਿਚ ਕਈ ਲੇਖ ਛਪੇ ਹਨ ਜੋ ਦਿਖਾਉਂਦੇ ਹਨ ਕਿ ਇਹ ਸਵਰਗੀ ਲੜਾਈ 1914 ਵਿਚ ਹੋਈ ਸੀ।b ਪਰ ਧਿਆਨ ਦਿਓ ਕਿ ਇਸ ਲੜਾਈ ਦੇ ਬਿਰਤਾਂਤ ਵਿਚ ਮਸਹ ਕੀਤੇ ਹੋਏ ਮਸੀਹੀਆਂ ਦਾ ਕੋਈ ਜ਼ਿਕਰ ਨਹੀਂ ਹੈ। ਹੁਣ 17ਵਾਂ ਅਧਿਆਇ ਖੋਲ੍ਹੋ। ਇੱਥੇ ਅਸੀਂ ਪੜ੍ਹਦੇ ਹਾਂ ਕਿ ‘ਵੱਡੀ ਬਾਬੁਲ’ ਦਾ ਨਾਸ਼ ਹੋਣ ਤੋਂ ਬਾਅਦ ਲੇਲਾ ਯਾਨੀ ਯਿਸੂ ਮਸੀਹ ਆਰਮਾਗੇਡਨ ਦੀ ਲੜਾਈ ਵਿਚ ਸਾਰੀਆਂ ਕੌਮਾਂ ਉੱਤੇ ਜਿੱਤ ਹਾਸਲ ਕਰੇਗਾ। ਫਿਰ ਅੱਗੇ ਲਿਖਿਆ ਹੈ: “ਉਹ ਦੇ ਨਾਲ ਓਹ ਭੀ ਜਿਹੜੇ ਸੱਦੇ ਹੋਏ, ਚੁਣੇ ਹੋਏ ਅਤੇ ਮਾਤਬਰ ਹਨ।” (ਪਰਕਾਸ਼ ਦੀ ਪੋਥੀ 17:5, 14) ਜੇਕਰ ਸ਼ਤਾਨ ਦੀ ਦੁਨੀਆਂ ਦੇ ਨਾਸ਼ ਵੇਲੇ ਯਿਸੂ ਦੇ “ਸੱਦੇ ਹੋਏ, ਚੁਣੇ ਹੋਏ ਅਤੇ ਮਾਤਬਰ” ਭਰਾਵਾਂ ਨੇ ਉਸ ਦੇ ਨਾਲ ਹੋਣਾ ਹੈ, ਤਾਂ ਇਸ ਦਾ ਮਤਲਬ ਹੈ ਕਿ ਉਹ ਪਹਿਲਾਂ ਹੀ ਜੀ ਉਠਾਏ ਗਏ ਹੋਣਗੇ। ਤਾਂ ਫਿਰ ਅਸੀਂ ਸਿੱਟਾ ਕੱਢ ਸਕਦੇ ਹਾਂ ਕਿ ਜਿਹੜੇ ਮਸਹ ਕੀਤੇ ਹੋਏ ਮਸੀਹੀ ਆਰਮਾਗੇਡਨ ਦੇ ਆਉਣ ਤੋਂ ਪਹਿਲਾਂ ਮਰ ਜਾਂਦੇ ਹਨ, ਉਹ 1914 ਤੋਂ ਬਾਅਦ ਅਤੇ ਆਰਮਾਗੇਡਨ ਤੋਂ ਪਹਿਲਾਂ ਜੀ ਉਠਾਏ ਜਾਂਦੇ ਹਨ।
10, 11. (ੳ) 24 ਬਜ਼ੁਰਗ ਕੌਣ ਹਨ ਅਤੇ ਉਨ੍ਹਾਂ ਵਿੱਚੋਂ ਇਕ ਨੇ ਯੂਹੰਨਾ ਨੂੰ ਕੀ ਦੱਸਿਆ ਸੀ? (ਅ) ਇਸ ਤੋਂ ਅਸੀਂ ਕੀ ਸਿੱਟਾ ਕੱਢ ਸਕਦੇ ਹਾਂ?
10 ਕੀ ਅਸੀਂ ਹੋਰ ਪੱਕੇ ਤੌਰ ਤੇ ਕਹਿ ਸਕਦੇ ਹਾਂ ਕਿ ਪਹਿਲੇ ਪੁਨਰ-ਉਥਾਨ ਦਾ ਦੌਰ ਕਦੋਂ ਸ਼ੁਰੂ ਹੋਇਆ ਸੀ? ਇਸ ਦਾ ਇਕ ਸੰਕੇਤ ਸਾਨੂੰ ਪਰਕਾਸ਼ ਦੀ ਪੋਥੀ 7:9-15 ਵਿਚ ਮਿਲਦਾ ਹੈ ਜਿੱਥੇ ਯੂਹੰਨਾ ਰਸੂਲ ਨੇ ਦਰਸ਼ਣ ਵਿਚ “ਇੱਕ ਵੱਡੀ ਭੀੜ” ਦੇਖੀ ‘ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ ਸੀ’ ਅਤੇ 24 ਬਜ਼ੁਰਗਾਂ ਵਿੱਚੋਂ ਇਕ ਨੇ ਯੂਹੰਨਾ ਨੂੰ ਦੱਸਿਆ ਕਿ ਇਹ ਕਿਨ੍ਹਾਂ ਲੋਕਾਂ ਦੀ ਵੱਡੀ ਭੀੜ ਸੀ। ਇਹ 24 ਬਜ਼ੁਰਗ ਸਵਰਗ ਵਿਚ ਯਿਸੂ ਨਾਲ ਰਾਜ ਕਰਨ ਵਾਲੇ 1,44,000 ਮਸੀਹੀਆਂ ਨੂੰ ਦਰਸਾਉਂਦੇ ਹਨ। (ਲੂਕਾ 22:28-30; ਪਰਕਾਸ਼ ਦੀ ਪੋਥੀ 4:4) ਯੂਹੰਨਾ ਆਪ ਸਵਰਗ ਜਾਣ ਦੀ ਉਮੀਦ ਰੱਖਦਾ ਸੀ; ਪਰ ਜਦੋਂ ਦਰਸ਼ਣ ਵਿਚਲੇ ਬਜ਼ੁਰਗ ਨੇ ਉਸ ਨਾਲ ਗੱਲ ਕੀਤੀ ਉਦੋਂ ਯੂਹੰਨਾ ਅਜੇ ਧਰਤੀ ਤੇ ਸੀ। ਸੋ ਅਸੀਂ ਕਹਿ ਸਕਦੇ ਹਾਂ ਕਿ ਦਰਸ਼ਣ ਵਿਚ ਯੂਹੰਨਾ ਉਨ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਨੂੰ ਦਰਸਾਉਂਦਾ ਸੀ ਜੋ ਅਜੇ ਸਵਰਗ ਨਹੀਂ ਗਏ ਹਨ।
11 ਇਸ ਗੱਲ ਤੋਂ ਅਸੀਂ ਕੀ ਸਿੱਟਾ ਕੱਢ ਸਕਦੇ ਹਾਂ ਕਿ 24 ਬਜ਼ੁਰਗਾਂ ਵਿੱਚੋਂ ਇਕ ਨੇ ਯੂਹੰਨਾ ਨੂੰ ਵੱਡੀ ਭੀੜ ਦੀ ਪਛਾਣ ਦੱਸੀ? ਇਸ ਤੋਂ ਸੰਕੇਤ ਮਿਲਦਾ ਹੈ ਕਿ ਜਿਹੜੇ ਮਸਹ ਕੀਤੇ ਹੋਏ ਮਸੀਹੀ ਮਰ ਕੇ ਸਵਰਗ ਜਾ ਚੁੱਕੇ ਹਨ, ਉਹ ਸ਼ਾਇਦ ਧਰਤੀ ਉੱਤੇ ਆਪਣੇ ਬਾਕੀ ਭਰਾਵਾਂ ਨੂੰ ਪਰਮੇਸ਼ੁਰ ਦੀਆਂ ਗੱਲਾਂ ਦੀ ਸਹੀ ਸਮਝ ਦੇਣ ਵਿਚ ਮਦਦ ਕਰਦੇ ਹਨ। ਇਹ ਗੱਲ ਮਹੱਤਵਪੂਰਣ ਕਿਉਂ ਹੈ? ਕਿਉਂਕਿ ਪਰਮੇਸ਼ੁਰ ਦੇ ਮਸਹ ਕੀਤੇ ਹੋਏ ਸੇਵਕਾਂ ਨੂੰ ਵੱਡੀ ਭੀੜ ਦੀ ਸਹੀ ਪਛਾਣ ਬਾਰੇ ਸਾਲ 1935 ਵਿਚ ਪਤਾ ਲੱਗਾ ਸੀ। ਸੋ ਜੇ ਉਨ੍ਹਾਂ ਨੂੰ ਇਹ ਜਾਣਕਾਰੀ 24 ਬਜ਼ੁਰਗਾਂ ਵਿੱਚੋਂ ਕਿਸੇ ਇਕ ਨੇ ਦਿੱਤੀ ਸੀ, ਤਾਂ ਇਸ ਦਾ ਮਤਲਬ ਹੋਇਆ ਕਿ 1935 ਤਕ ਉਹ ਬਜ਼ੁਰਗ ਜੀ ਉਠਾਇਆ ਗਿਆ ਸੀ ਅਤੇ ਸਵਰਗ ਵਿਚ ਸੀ। ਇਸ ਤੋਂ ਅਸੀਂ ਸਿੱਟਾ ਕੱਢ ਸਕਦੇ ਹਾਂ ਕਿ ਪਹਿਲਾ ਪੁਨਰ-ਉਥਾਨ 1914 ਅਤੇ 1935 ਦੇ ਵਿਚ-ਵਿਚ ਸ਼ੁਰੂ ਹੋ ਗਿਆ ਸੀ। ਕੀ ਪਹਿਲੇ ਪੁਨਰ-ਉਥਾਨ ਦੇ ਸ਼ੁਰੂ ਹੋਣ ਦਾ ਹੋਰ ਸਹੀ-ਸਹੀ ਸਮਾਂ ਦੱਸਿਆ ਜਾ ਸਕਦਾ ਹੈ?
12. ਅਸੀਂ ਇਹ ਅਨੁਮਾਨ ਕਿਉਂ ਲਾ ਸਕਦੇ ਹਾਂ ਕਿ ਪਹਿਲਾ ਪੁਨਰ-ਉਥਾਨ ਸ਼ਾਇਦ 1918 ਦੇ ਮਾਰਚ/ਅਪ੍ਰੈਲ ਵਿਚ ਸ਼ੁਰੂ ਹੋ ਗਿਆ ਸੀ?
12 ਇਸ ਸੰਬੰਧ ਵਿਚ ਆਓ ਆਪਾਂ ਯਿਸੂ ਮਸੀਹ ਦੇ ਮਸਹ ਕੀਤੇ ਜਾਣ ਅਤੇ ਜੀ ਉਠਾਏ ਜਾਣ ਦੇ ਸਮੇਂ ਉੱਤੇ ਗੌਰ ਕਰੀਏ। ਯਿਸੂ ਮਸੀਹ ਨੂੰ 29 ਈ. ਦੇ ਸਤੰਬਰ/ਅਕਤੂਬਰ ਵਿਚ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਮਸਹ ਕੀਤਾ ਗਿਆ ਸੀ। ਸਾਢੇ ਤਿੰਨ ਸਾਲ ਬਾਅਦ, 33 ਈ. ਦੇ ਮਾਰਚ/ਅਪ੍ਰੈਲ ਵਿਚ ਉਸ ਨੂੰ ਸ਼ਕਤੀਸ਼ਾਲੀ ਆਤਮਿਕ ਦੂਤ ਦੇ ਤੌਰ ਤੇ ਜੀ ਉਠਾਇਆ ਗਿਆ ਸੀ। ਇਸ ਨੂੰ ਧਿਆਨ ਵਿਚ ਰੱਖ ਕੇ ਕੀ ਅਸੀਂ ਕਹਿ ਸਕਦੇ ਹਾਂ ਕਿ ਜੇ ਯਿਸੂ 1914 ਦੇ ਸਤੰਬਰ/ਅਕਤੂਬਰ ਵਿਚ ਰਾਜਾ ਬਣਿਆ ਸੀ, ਤਾਂ ਉਸ ਦੇ ਮਸਹ ਕੀਤੇ ਹੋਏ ਵਫ਼ਾਦਾਰ ਭਰਾਵਾਂ ਦਾ ਪੁਨਰ-ਉਥਾਨ ਸਾਢੇ ਤਿੰਨ ਸਾਲ ਬਾਅਦ 1918 ਦੇ ਮਾਰਚ/ਅਪ੍ਰੈਲ ਵਿਚ ਸ਼ੁਰੂ ਹੋ ਗਿਆ ਸੀ? ਇਹ ਕੇਵਲ ਇਕ ਅਨੁਮਾਨ ਹੈ। ਭਾਵੇਂ ਬਾਈਬਲ ਵਿੱਚੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਹੈ, ਪਰ ਬਾਈਬਲ ਦੀਆਂ ਕਈ ਹੋਰ ਆਇਤਾਂ ਸੰਕੇਤ ਕਰਦੀਆਂ ਹਨ ਕਿ ਯਿਸੂ ਮਸੀਹ ਦੇ ਰਾਜਾ ਬਣਨ ਤੋਂ ਕੁਝ ਹੀ ਸਮੇਂ ਬਾਅਦ ਪਹਿਲਾ ਪੁਨਰ-ਉਥਾਨ ਸ਼ੁਰੂ ਹੋ ਗਿਆ ਸੀ।
13. ਅਸੀਂ 1 ਥੱਸਲੁਨੀਕੀਆਂ 4:15-17 ਦੇ ਆਧਾਰ ਤੇ ਕਿਉਂ ਕਹਿੰਦੇ ਹਾਂ ਕਿ ਰਾਜੇ ਦੇ ਤੌਰ ਤੇ ਮਸੀਹ ਦੇ ਆਉਣ ਤੋਂ ਥੋੜ੍ਹੇ ਸਮੇਂ ਬਾਅਦ ਹੀ ਪਹਿਲੇ ਪੁਨਰ-ਉਥਾਨ ਦਾ ਦੌਰ ਸ਼ੁਰੂ ਹੋ ਗਿਆ ਸੀ?
13 ਮਿਸਾਲ ਲਈ, ਪੌਲੁਸ ਨੇ ਲਿਖਿਆ: “ਅਸੀਂ ਜਿਹੜੇ ਜੀਉਂਦੇ ਅਤੇ ਪ੍ਰਭੁ ਦੇ ਆਉਣ ਤੀਕ ਬਾਕੀ ਰਹਿੰਦੇ ਹਾਂ ਸੋ ਓਹਨਾਂ ਤੋਂ ਜਿਹੜੇ ਸੌਂ ਗਏ ਹਨ ਕਦੀ ਅਗੇਤ੍ਰੇ ਨਾ ਹੋਵਾਂਗੇ। ਇਸ ਲਈ ਜੋ ਪ੍ਰਭੁ ਆਪ ਲਲਕਾਰੇ ਨਾਲ, ਮਹਾਂ ਦੂਤ ਦੀ ਅਵਾਜ਼ ਨਾਲ ਅਤੇ ਪਰਮੇਸ਼ੁਰ ਦੀ ਤੁਰ੍ਹੀ ਨਾਲ ਸੁਰਗ ਤੋਂ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮੋਏ ਹਨ ਓਹ ਪਹਿਲਾਂ ਜੀ ਉੱਠਣਗੇ। ਤਦ ਅਸੀਂ ਜਿਹੜੇ ਜੀਉਂਦੇ ਅਤੇ ਬਾਕੀ ਰਹਿੰਦੇ ਹਾਂ ਓਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੁ ਦੇ ਮਿਲਣ ਨੂੰ ਬੱਦਲਾਂ ਉੱਤੇ ਅਚਾਣਕ ਉਠਾਏ ਜਾਵਾਂਗੇ ਅਤੇ ਇਸੇ ਤਰਾਂ ਅਸੀਂ ਸਦਾ ਪ੍ਰਭੁ ਦੇ ਸੰਗ ਰਹਾਂਗੇ।” (1 ਥੱਸਲੁਨੀਕੀਆਂ 4:15-17) ਧਿਆਨ ਦਿਓ ਕਿ ਇੱਥੇ “ਪ੍ਰਭੁ ਦੇ ਆਉਣ ਤੀਕ” ਕਿਹਾ ਗਿਆ ਹੈ, ਨਾ ਕਿ ਉਸ ਦੇ ਆਉਣ ਤੋਂ ਲੰਬੇ ਅਰਸੇ ਬਾਅਦ। ਪੌਲੁਸ ਕਹਿ ਰਿਹਾ ਸੀ ਕਿ ਜਦੋਂ ਯਿਸੂ ਰਾਜੇ ਦੇ ਤੌਰ ਤੇ ਵਾਪਸ ਆਵੇਗਾ, ਉਦੋਂ ਪਹਿਲਾਂ ਉਨ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਨੂੰ ਜੀ ਉਠਾਇਆ ਜਾਵੇਗਾ ਜੋ ਮਰ ਚੁੱਕੇ ਸਨ। ਇਸ ਦਾ ਮਤਲਬ ਹੋਇਆ ਕਿ ਮਸੀਹ ਦੇ ਰਾਜਾ ਬਣਨ ਤੋਂ ਕੁਝ ਸਮੇਂ ਬਾਅਦ ਹੀ ਪਹਿਲੇ ਪੁਨਰ-ਉਥਾਨ ਦਾ ਦੌਰ ਸ਼ੁਰੂ ਹੋ ਗਿਆ ਸੀ ਅਤੇ ਇਹ ਅੱਜ ਵੀ ਜਾਰੀ ਹੈ। ਜਿਉਂ-ਜਿਉਂ ਬਾਕੀ ਦੇ ਮਸਹ ਕੀਤੇ ਹੋਏ ਮਸੀਹੀ ਧਰਤੀ ਉੱਤੇ ਆਪਣਾ ਜੀਵਨ ਮੁਕਾਉਂਦੇ ਜਾਂਦੇ ਹਨ, ਉਨ੍ਹਾਂ ਨੂੰ ਜੀ ਉਠਾ ਕੇ ਸਵਰਗ ਲਿਜਾਇਆ ਜਾਂਦਾ ਹੈ।
“ਓਹਨਾਂ ਵਿੱਚੋਂ ਹਰੇਕ ਨੂੰ ਚਿੱਟਾ ਬਸਤਰ ਦਿੱਤਾ ਗਿਆ”
14. (ੳ) ਪਰਕਾਸ਼ ਦੀ ਪੋਥੀ ਦੇ 6ਵੇਂ ਅਧਿਆਇ ਦੇ ਦਰਸ਼ਣਾਂ ਵਿਚ ਦੇਖੀਆਂ ਗਈਆਂ ਗੱਲਾਂ ਕਦੋਂ ਤੋਂ ਪੂਰੀਆਂ ਹੋ ਰਹੀਆਂ ਹਨ? (ਅ) ਪਰਕਾਸ਼ ਦੀ ਪੋਥੀ 6:9 ਵਿਚ “ਜਾਨਾਂ” ਦਾ ਕੀ ਮਤਲਬ ਹੈ?
14 ਆਓ ਆਪਾਂ ਪਰਕਾਸ਼ ਦੀ ਪੋਥੀ ਦੇ 6ਵੇਂ ਅਧਿਆਇ ਦੇ ਦਰਸ਼ਣਾਂ ਉੱਤੇ ਵੀ ਗੌਰ ਕਰੀਏ। ਉੱਥੇ ਯਿਸੂ ਨੂੰ ਘੋੜੇ ਉੱਤੇ ਸਵਾਰ ਜੇਤੂ ਰਾਜੇ ਵਜੋਂ ਦਿਖਾਇਆ ਗਿਆ ਹੈ। (ਪਰਕਾਸ਼ ਦੀ ਪੋਥੀ 6:2) ਸਾਰੀਆਂ ਕੌਮਾਂ ਯੁੱਧ ਕਰਨ ਵਿਚ ਰੁੱਝੀਆਂ ਹੋਈਆਂ ਹਨ। (ਪਰਕਾਸ਼ ਦੀ ਪੋਥੀ 6:4) ਸਾਰੀ ਧਰਤੀ ਕਾਲ ਦੀ ਮਾਰ ਹੇਠ ਹੈ। (ਪਰਕਾਸ਼ ਦੀ ਪੋਥੀ 6:5, 6) ਮਰੀਆਂ ਨੇ ਮਨੁੱਖਜਾਤੀ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ। (ਪਰਕਾਸ਼ ਦੀ ਪੋਥੀ 6:8) ਕੀ 1914 ਤੋਂ ਦੁਨੀਆਂ ਵਿਚ ਇਹੋ ਕੁਝ ਨਹੀਂ ਹੋ ਰਿਹਾ? ਪਰ 6ਵੇਂ ਅਧਿਆਇ ਵਿਚ ਇਕ ਹੋਰ ਗੱਲ ਵੀ ਦੱਸੀ ਗਈ ਹੈ। ਇਸ ਵਿਚ ਇਕ ਬਲੀ ਦੀ ਵੇਦੀ ਬਾਰੇ ਦੱਸਿਆ ਗਿਆ ਹੈ ਜਿਸ ਦੇ ਹੇਠਾਂ ‘ਓਹਨਾਂ ਦੀਆਂ ਜਾਨਾਂ ਹਨ ਜਿਹੜੇ ਪਰਮੇਸ਼ੁਰ ਦੇ ਬਚਨ ਦੇ ਕਾਰਨ ਅਤੇ ਓਸ ਸਾਖੀ ਦੇ ਕਾਰਨ ਜੋ ਓਹਨਾਂ ਭਰੀ ਸੀ ਵੱਢੇ ਗਏ ਸਨ।’ (ਪਰਕਾਸ਼ ਦੀ ਪੋਥੀ 6:9) ਇੱਥੇ “ਜਾਨਾਂ” ਦਾ ਕੀ ਮਤਲਬ ਹੈ? ਲੇਵੀਆਂ 17:11 ਵਿਚ ਲਿਖਿਆ ਹੈ ਕਿ ‘ਸਰੀਰ ਦੀ ਜਿੰਦ ਲਹੂ ਵਿੱਚ ਹੈ,’ ਇਸ ਲਈ ਪਰਕਾਸ਼ ਦੀ ਪੋਥੀ 6:9 ਵਿਚ “ਜਾਨਾਂ” ਦਾ ਮਤਲਬ ਲਹੂ ਹੈ। ਸੋ ਵੇਦੀ ਦੇ ਹੇਠਾਂ ਯਿਸੂ ਦੇ ਉਨ੍ਹਾਂ ਵਫ਼ਾਦਾਰ ਚੇਲਿਆਂ ਦਾ ਲਹੂ ਦੇਖਿਆ ਗਿਆ ਜਿਨ੍ਹਾਂ ਨੂੰ ਮਸੀਹ ਦਾ ਪ੍ਰਚਾਰ ਕਰਨ ਕਰਕੇ ਮਾਰ ਦਿੱਤਾ ਗਿਆ ਸੀ।
15, 16. ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਪਰਕਾਸ਼ ਦੀ ਪੋਥੀ 6:10, 11 ਵਿਚ ਪਹਿਲੇ ਪੁਨਰ-ਉਥਾਨ ਦੀ ਗੱਲ ਕੀਤੀ ਗਈ ਹੈ?
15 ਧਰਮੀ ਹਾਬਲ ਦੇ ਲਹੂ ਦੀ ਤਰ੍ਹਾਂ ਇਨ੍ਹਾਂ ਮਸੀਹੀਆਂ ਦਾ ਲਹੂ ਵੀ ਇਨਸਾਫ਼ ਦੀ ਮੰਗ ਕਰ ਰਿਹਾ ਹੈ। (ਉਤਪਤ 4:10) “ਓਹਨਾਂ ਵੱਡੀ ਅਵਾਜ਼ ਨਾਲ ਪੁਕਾਰ ਕੇ ਇਹ ਆਖਿਆ ਭਈ ਹੇ ਸੁਆਮੀ ਜੀ, ਜਿਹੜਾ ਪਵਿੱਤਰ ਅਤੇ ਸਤ ਹੈਂ ਕਦੋਂ ਤੋੜੀ ਤੂੰ ਨਿਆਉਂ ਨਹੀਂ ਕਰਦਾ ਅਤੇ ਧਰਤੀ ਦੇ ਵਾਸੀਆਂ ਕੋਲੋਂ ਸਾਡੇ ਲਹੂ ਦਾ ਵੱਟਾ ਨਹੀਂ ਲੈਂਦਾ ਹੈਂ?” ਅੱਗੇ ਕੀ ਹੋਇਆ? “ਓਹਨਾਂ ਵਿੱਚੋਂ ਹਰੇਕ ਨੂੰ ਚਿੱਟਾ ਬਸਤਰ ਦਿੱਤਾ ਗਿਆ ਅਤੇ ਓਹਨਾਂ ਨੂੰ ਇਹ ਬਚਨ ਹੋਇਆ ਭਈ ਥੋੜਾ ਚਿਰ ਹੋਰ ਅਰਾਮ ਕਰੋ ਜਦੋਂ ਤੀਕ ਤੁਹਾਡੇ ਨਾਲ ਦੇ ਦਾਸਾਂ ਅਤੇ ਤੁਹਾਡੇ ਭਰਾਵਾਂ ਦੀ ਜਿਹੜੇ ਤੁਹਾਡੇ ਵਾਂਙੁ ਵੱਢੇ ਜਾਣਗੇ ਗਿਣਤੀ ਪੂਰੀ ਨਾ ਹੋ ਲਵੇ!”—ਪਰਕਾਸ਼ ਦੀ ਪੋਥੀ 6:10, 11.
16 ਕੀ ਇਹ ਚਿੱਟੇ ਬਸਤਰ ਵੇਦੀ ਹੇਠਾਂ ਡੁੱਲੇ ਲਹੂ ਨੂੰ ਦਿੱਤੇ ਗਏ ਸਨ? ਨਹੀਂ, ਇਹ ਉਨ੍ਹਾਂ ਨੂੰ ਦਿੱਤੇ ਗਏ ਸਨ ਜਿਨ੍ਹਾਂ ਨੂੰ ਯਿਸੂ ਦਾ ਪ੍ਰਚਾਰ ਕਰਨ ਖ਼ਾਤਰ ਆਪਣੀ ਜਾਨ ਦੀ ਬਲੀ ਦੇਣੀ ਪਈ ਸੀ, ਮਾਨੋ ਉਨ੍ਹਾਂ ਦਾ ਲਹੂ ਵੇਦੀ ਤੇ ਡੋਲਿਆ ਗਿਆ ਸੀ। ਹੁਣ ਉਹ ਜੀ ਉਠਾਏ ਗਏ ਹਨ ਅਤੇ ਸਵਰਗ ਵਿਚ ਹਨ। ਇਹ ਸਾਨੂੰ ਕਿਵੇਂ ਪਤਾ? ਪਰਕਾਸ਼ ਦੀ ਪੋਥੀ ਦੇ ਤੀਜੇ ਅਧਿਆਇ ਵਿਚ ਲਿਖਿਆ ਹੈ ਕਿ “ਜਿਹੜਾ ਜਿੱਤਣ ਵਾਲਾ ਹੈ ਉਹ ਨੂੰ ਇਸੇ ਪਰਕਾਰ ਚਿੱਟੇ ਬਸਤਰ ਪਹਿਨਾਏ ਜਾਣਗੇ ਅਤੇ ਮੈਂ ਉਹ ਦਾ ਨਾਉਂ ਜੀਵਨ ਦੀ ਪੋਥੀ ਵਿੱਚੋਂ ਕਦੇ ਨਾ ਮੇਟਾਂਗਾ।” ਚੇਤੇ ਕਰੋ ਕਿ 24 ਬਜ਼ੁਰਗਾਂ ਨੇ “ਚਿੱਟੇ ਬਸਤਰ ਪਹਿਨੇ ਅਤੇ ਸਿਰਾਂ ਉੱਤੇ ਸੋਨੇ ਦੇ ਮੁਕਟ ਧਰੇ” ਹੋਏ ਸਨ। (ਪਰਕਾਸ਼ ਦੀ ਪੋਥੀ 3:5; 4:4) ਸੋ ਜਦੋਂ 1914 ਵਿਚ ਯੁੱਧ, ਕਾਲ ਅਤੇ ਮਰੀਆਂ ਨੇ ਧਰਤੀ ਉੱਤੇ ਆਪਣਾ ਕਹਿਰ ਵਰ੍ਹਾਉਣਾ ਸ਼ੁਰੂ ਕੀਤਾ, ਉਸ ਤੋਂ ਬਾਅਦ 1,44,000 ਵਿੱਚੋਂ ਮਰ ਚੁੱਕੇ ਮੈਂਬਰਾਂ ਨੂੰ ਜੀ ਉਠਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਚਿੱਟੇ ਬਸਤਰ ਦਿੱਤੇ ਗਏ ਸਨ।
17. ਜਿਨ੍ਹਾਂ ਨੂੰ ਚਿੱਟੇ ਬਸਤਰ ਦਿੱਤੇ ਜਾਂਦੇ ਹਨ, ਉਹ ਕਿਸ ਅਰਥ ਵਿਚ ਆਰਾਮ ਕਰਦੇ ਹਨ?
17 ਇਨ੍ਹਾਂ ਜੀ ਉਠਾਏ ਗਏ ਮੈਂਬਰਾਂ ਨੂੰ ਹੋਰ ਥੋੜ੍ਹੇ ਸਮੇਂ ਲਈ “ਅਰਾਮ” ਕਰਨਾ ਪਵੇਗਾ। ਉਨ੍ਹਾਂ ਨੂੰ ਸਬਰ ਨਾਲ ਪਰਮੇਸ਼ੁਰ ਦੇ ਬਦਲਾ ਲੈਣ ਦੇ ਦਿਨ ਦੀ ਉਡੀਕ ਕਰਨੀ ਪਵੇਗੀ। ਉਨ੍ਹਾਂ ਦੇ “ਨਾਲ ਦੇ ਦਾਸਾਂ” ਯਾਨੀ ਧਰਤੀ ਉੱਤੇ ਬਾਕੀ ਬਚੇ ਮਸਹ ਕੀਤੇ ਹੋਏ ਮਸੀਹੀਆਂ ਨੇ ਅਜੇ ਮੌਤ ਤਕ ਵਫ਼ਾਦਾਰ ਰਹਿ ਕੇ ਆਪਣੀ ਖਰਿਆਈ ਦਾ ਸਬੂਤ ਦੇਣਾ ਹੈ। ਜਦੋਂ ਯਹੋਵਾਹ ਦੇ ਨਿਆਂ ਦਾ ਦਿਨ ਆਵੇਗਾ, ਉਦੋਂ ਉਨ੍ਹਾਂ ਦਾ “ਅਰਾਮ” ਕਰਨ ਦਾ ਸਮਾਂ ਮੁਕ ਜਾਵੇਗਾ। (ਪਰਕਾਸ਼ ਦੀ ਪੋਥੀ 7:3) ਉਸ ਸਮੇਂ ਉਹ ਸਾਰੇ ਜੋ ਜੀ ਉਠਾਏ ਗਏ ਹਨ, ਪ੍ਰਭੂ ਯਿਸੂ ਮਸੀਹ ਨਾਲ ਮਿਲ ਕੇ ਇਸ ਬੁਰੀ ਦੁਨੀਆਂ ਅਤੇ ਨਿਰਦੋਸ਼ ਮਸੀਹੀਆਂ ਦਾ ਲਹੂ ਵਹਾਉਣ ਵਾਲਿਆਂ ਦਾ ਨਾਸ਼ ਕਰਨਗੇ।—2 ਥੱਸਲੁਨੀਕੀਆਂ 1:7-10.
ਅਸੀਂ ਇਸ ਤੋਂ ਕੀ ਸਿੱਖਦੇ ਹਾਂ?
18, 19. (ੳ) ਇਹ ਮੰਨਣ ਦੇ ਕੀ ਕਾਰਨ ਹਨ ਕਿ ਪਹਿਲਾ ਪੁਨਰ-ਉਥਾਨ ਅੱਜ ਜਾਰੀ ਹੈ? (ਅ) ਪਹਿਲੇ ਪੁਨਰ-ਉਥਾਨ ਬਾਰੇ ਸਹੀ ਸਮਝ ਹਾਸਲ ਕਰ ਕੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?
18 ਬਾਈਬਲ ਇਹ ਨਹੀਂ ਦੱਸਦੀ ਹੈ ਕਿ ਪਹਿਲੇ ਪੁਨਰ-ਉਥਾਨ ਦਾ ਦੌਰ ਕਿਸ ਤਾਰੀਖ਼ ਨੂੰ ਸ਼ੁਰੂ ਹੋਇਆ ਸੀ। ਪਰ ਸਾਨੂੰ ਇੰਨਾ ਜ਼ਰੂਰ ਪਤਾ ਹੈ ਕਿ ਇਹ ਦੌਰ ਯਿਸੂ ਮਸੀਹ ਦੇ ਰਾਜਾ ਬਣਨ ਤੋਂ ਬਾਅਦ ਸ਼ੁਰੂ ਹੋਇਆ ਸੀ ਤੇ ਅੱਜ ਵੀ ਜਾਰੀ ਹੈ। ਪਹਿਲਾਂ ਉਨ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਨੂੰ ਜੀ ਉਠਾਇਆ ਗਿਆ ਸੀ ਜੋ 1914 ਵਿਚ ਮਸੀਹ ਦੇ ਰਾਜਾ ਬਣਨ ਤੋਂ ਪਹਿਲਾਂ ਮਰ ਗਏ ਸਨ। ਉਸ ਤੋਂ ਬਾਅਦ ਜਿਉਂ-ਜਿਉਂ ਮਸਹ ਕੀਤੇ ਹੋਏ ਵਫ਼ਾਦਾਰ ਮਸੀਹੀਆਂ ਦੀ ਮੌਤ ਹੁੰਦੀ ਹੈ, ਉਨ੍ਹਾਂ ਨੂੰ “ਛਿੰਨ ਭਰ ਵਿੱਚ ਅੱਖ ਦੀ ਝਮਕ ਵਿੱਚ” ਜੀ ਉਠਾਇਆ ਜਾਂਦਾ ਹੈ। (1 ਕੁਰਿੰਥੀਆਂ 15:52) ਕੀ ਆਰਮਾਗੇਡਨ ਦੀ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਮਸਹ ਕੀਤੇ ਹੋਏ ਮਸੀਹੀ ਸਵਰਗ ਚਲੇ ਜਾਣਗੇ? ਇਸ ਬਾਰੇ ਅਸੀਂ ਪੱਕੇ ਤੌਰ ਤੇ ਕੁਝ ਨਹੀਂ ਕਹਿ ਸਕਦੇ। ਹਾਂ, ਸਾਨੂੰ ਇੰਨਾ ਜ਼ਰੂਰ ਪਤਾ ਹੈ ਕਿ ਪਰਮੇਸ਼ੁਰ ਦੇ ਠਹਿਰਾਏ ਹੋਏ ਸਮੇਂ ਤੇ ਸਾਰੇ 1,44,000 ਮਸੀਹੀ ਸਵਰਗੀ ਸੀਯੋਨ ਪਹਾੜ ਉੱਤੇ ਖੜ੍ਹੇ ਹੋਣਗੇ।
19 ਅਸੀਂ ਇਹ ਵੀ ਜਾਣਦੇ ਹਾਂ ਕਿ ਅੱਜ ਜ਼ਿਆਦਾਤਰ ਮਸਹ ਕੀਤੇ ਹੋਏ ਮਸੀਹੀ ਸਵਰਗ ਵਿਚ ਯਿਸੂ ਮਸੀਹ ਦੇ ਨਾਲ ਹਨ। ਧਰਤੀ ਉੱਤੇ ਕੇਵਲ ਕੁਝ ਹੀ ਮੈਂਬਰ ਬਾਕੀ ਹਨ। ਇਸ ਤੋਂ ਸੰਕੇਤ ਮਿਲਦਾ ਹੈ ਕਿ ਪਰਮੇਸ਼ੁਰ ਦੇ ਨਿਆਂ ਦਾ ਸਮਾਂ ਛੇਤੀ ਆ ਰਿਹਾ ਹੈ! ਬਹੁਤ ਜਲਦੀ ਸ਼ਤਾਨ ਦਾ ਪੂਰਾ ਸੰਸਾਰ ਨਾਸ਼ ਕੀਤਾ ਜਾਵੇਗਾ ਅਤੇ ਸ਼ਤਾਨ ਨੂੰ ਅਥਾਹਕੁੰਡ ਵਿਚ ਬੰਦ ਕਰ ਦਿੱਤਾ ਜਾਵੇਗਾ। ਉਸ ਤੋਂ ਬਾਅਦ ਧਰਤੀ ਉੱਤੇ ਇਨਸਾਨਾਂ ਨੂੰ ਜੀ ਉਠਾਇਆ ਜਾਵੇਗਾ। ਜੋ ਵਫ਼ਾਦਾਰ ਰਹਿਣਗੇ ਉਹ ਯਿਸੂ ਦੇ ਬਲੀਦਾਨ ਦੇ ਆਧਾਰ ਤੇ ਮੁਕੰਮਲ ਬਣ ਜਾਣਗੇ। ਉਤਪਤ 3:15 ਵਿਚ ਦਰਜ ਭਵਿੱਖਬਾਣੀ ਦੀ ਅੱਜ ਸ਼ਾਨਦਾਰ ਪੂਰਤੀ ਹੋ ਰਹੀ ਹੈ। ਸਾਡੇ ਲਈ ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਅਸੀਂ ਅਜਿਹੇ ਸਮੇਂ ਵਿਚ ਜੀ ਰਹੇ ਹਾਂ ਜਦੋਂ ਇਹ ਸਾਰੀਆਂ ਗੱਲਾਂ ਪੂਰੀਆਂ ਹੋ ਰਹੀਆਂ ਹਨ!
[ਫੁਟਨੋਟ]
a ਬਾਕੀ ਦੇ ਅੱਠ ਇਨਸਾਨਾਂ ਦੇ ਜੀ ਉੱਠਣ ਬਾਰੇ ਤੁਸੀਂ 1 ਰਾਜਿਆਂ 17:21-23; 2 ਰਾਜਿਆਂ 4:32-37; 13:21; ਮਰਕੁਸ 5:35, 41-43; ਲੂਕਾ 7:11-17; 24:34; ਯੂਹੰਨਾ 11:43-45; ਰਸੂਲਾਂ ਦੇ ਕਰਤੱਬ 9:36-42 ਵਿਚ ਪੜ੍ਹ ਸਕਦੇ ਹੋ।
b ਇਸ ਦੇ ਸਬੂਤ ਲਈ ਕਿ ਯਿਸੂ ਮਸੀਹ 1914 ਵਿਚ ਰਾਜਾ ਬਣਿਆ ਸੀ, ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦੇ ਸਫ਼ੇ 215-217 ਦੇਖੋ।
ਕੀ ਤੁਸੀਂ ਸਮਝਾ ਸਕਦੇ ਹੋ?
“ਪਹਿਲੇ ਪੁੱਨਰ ਉਥਾਨ” ਦੇ ਸਮੇਂ ਬਾਰੇ ਜਾਣਨ ਵਿਚ ਹੇਠਾਂ ਦਿੱਤੀਆਂ ਆਇਤਾਂ ਸਾਡੀ ਮਦਦ ਕਿਵੇਂ ਕਰਦੀਆਂ ਹਨ?
[ਸਫ਼ਾ 26 ਉੱਤੇ ਤਸਵੀਰਾਂ]
ਧਰਤੀ ਉੱਤੇ ਮਰੇ ਹੋਇਆਂ ਦੇ ਜੀ ਉੱਠਣ ਤੋਂ ਪਹਿਲਾਂ ਕਿਨ੍ਹਾਂ ਦਾ ਜੀ ਉੱਠਣਾ ਹੋਵੇਗਾ?
[ਸਫ਼ਾ 29 ਉੱਤੇ ਤਸਵੀਰ]
ਕੁਝ ਮਰੇ ਹੋਇਆਂ ਨੂੰ ਚਿੱਟੇ ਬਸਤਰ ਦਿੱਤੇ ਜਾਣ ਦਾ ਕੀ ਅਰਥ ਹੈ?