ਹੋਰਨਾਂ ਨੂੰ ਬਾਈਬਲ ਦੀ ਸਹੀ ਸਿੱਖਿਆ ਦਿਓ
“ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ . . . ਉਨ੍ਹਾਂ ਨੂੰ ਸਿਖਾਓ।”—ਮੱਤੀ 28:19, 20.
1. ਬਾਈਬਲ ਇਕ ਅਨੋਖੀ ਕਿਤਾਬ ਕਿਉਂ ਹੈ?
ਬਾਈਬਲ ਇਕ ਬਹੁਤ ਹੀ ਅਨੋਖੀ ਕਿਤਾਬ ਹੈ। ਯਹੋਵਾਹ ਪਰਮੇਸ਼ੁਰ ਦਾ ਇਹ ਬਚਨ ਸਦੀਆਂ ਪੁਰਾਣਾ ਹੈ ਅਤੇ ਦੁਨੀਆਂ ਭਰ ਵਿਚ ਵੰਡਿਆ ਜਾਂਦਾ ਹੈ। ਪੂਰੀ ਬਾਈਬਲ ਜਾਂ ਉਸ ਦੇ ਕੁਝ ਹਿੱਸਿਆਂ ਦਾ ਤਰਜਮਾ 2,300 ਤੋਂ ਵੱਧ ਭਾਸ਼ਾਵਾਂ ਵਿਚ ਕੀਤਾ ਗਿਆ ਹੈ। ਮਤਲਬ ਕਿ ਦੁਨੀਆਂ ਦੇ 90 ਪ੍ਰਤਿਸ਼ਤ ਤੋਂ ਜ਼ਿਆਦਾ ਲੋਕ ਇਸ ਨੂੰ ਆਪਣੀ ਮਾਂ-ਬੋਲੀ ਵਿਚ ਪੜ੍ਹ ਸਕਦੇ ਹਨ।
2, 3. (ੳ) ਬਾਈਬਲ ਦੀਆਂ ਸਿੱਖਿਆਵਾਂ ਬਾਰੇ ਲੋਕ ਉਲਝਣ ਵਿਚ ਕਿਉਂ ਪਏ ਹੋਏ ਹਨ? (ਅ) ਅਸੀਂ ਕਿਨ੍ਹਾਂ ਸਵਾਲਾਂ ਤੇ ਚਰਚਾ ਕਰਾਂਗੇ?
2 ਲੱਖਾਂ ਲੋਕ ਬਾਈਬਲ ਨੂੰ ਹਰ ਰੋਜ਼ ਪੜ੍ਹਦੇ ਹਨ। ਕਈਆਂ ਨੇ ਪੂਰੀ ਬਾਈਬਲ ਨੂੰ ਕਈ ਵਾਰ ਪੜ੍ਹਿਆ ਹੈ। ਹਜ਼ਾਰਾਂ ਧਾਰਮਿਕ ਸਮੂਹ ਦਾਅਵਾ ਕਰਦੇ ਹਨ ਕਿ ਉਹ ਬਾਈਬਲ ਦੀਆਂ ਸਿੱਖਿਆਵਾਂ ਤੇ ਚੱਲਦੇ ਹਨ, ਲੇਕਿਨ ਉਹ ਇਕ-ਦੂਸਰੇ ਨਾਲ ਹਮੇਸ਼ਾ ਸਹਿਮਤ ਨਹੀਂ ਹੁੰਦੇ। ਕਈ ਵਾਰ ਤਾਂ ਇੱਕੋ ਹੀ ਧਰਮ ਦੇ ਲੋਕ ਬਾਈਬਲ ਦੀਆਂ ਸਿੱਖਿਆਵਾਂ ਨੂੰ ਲੈ ਕੇ ਆਪਸ ਵਿਚ ਲੜ ਪੈਂਦੇ ਹਨ। ਕੁਝ ਦੇਸ਼ਾਂ ਵਿਚ ਬਾਈਬਲ ਬਾਰੇ ਲੋਕਾਂ ਦੇ ਬਹੁਤ ਸਾਰੇ ਭਰਮ ਹਨ। ਇਸ ਤੋਂ ਇਲਾਵਾ ਕਈ ਲੋਕ ਇਸ ਨੂੰ ਸਿਰਫ਼ ਇਕ ਪਵਿੱਤਰ ਕਿਤਾਬ ਮੰਨਦੇ ਹਨ ਜੋ ਧਾਰਮਿਕ ਰਸਮਾਂ-ਰੀਤਾਂ ਵਿਚ ਵਰਤੀ ਜਾਂਦੀ ਹੈ ਜਾਂ ਜਿਸ ਉੱਤੇ ਹੱਥ ਰੱਖ ਕੇ ਕੋਰਟ-ਕਚਹਿਰੀਆਂ ਵਿਚ ਸੱਚ ਬੋਲਣ ਦੀ ਕਸਮ ਖਾਧੀ ਜਾਂਦੀ ਹੈ।
3 ਬਾਈਬਲ ਪਰਮੇਸ਼ੁਰ ਦਾ ਗੁਣਕਾਰ ਬਚਨ ਹੈ। (ਇਬਰਾਨੀਆਂ 4:12) ਇਸ ਨੂੰ ਪੜ੍ਹ ਕੇ ਅਸੀਂ ਜਾਣ ਸਕਦੇ ਹਾਂ ਕਿ ਪਰਮੇਸ਼ੁਰ ਇਨਸਾਨਾਂ ਤੋਂ ਕੀ ਚਾਹੁੰਦਾ ਹੈ। ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਅਸੀਂ ਚਾਹੁੰਦੇ ਹਾਂ ਕਿ ਲੋਕ ਬਾਈਬਲ ਦੀਆਂ ਸਿੱਖਿਆਵਾਂ ਬਾਰੇ ਜਾਣਨ। ਸੋ ਅਸੀਂ ਖ਼ੁਸ਼ੀ-ਖ਼ੁਸ਼ੀ ਯਿਸੂ ਮਸੀਹ ਦੇ ਇਸ ਹੁਕਮ ਦਾ ਪਾਲਣ ਕਰਦੇ ਹਾਂ: “ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ . . . ਉਨ੍ਹਾਂ ਨੂੰ ਸਿਖਾਓ।” (ਮੱਤੀ 28:19, 20) ਜਦੋਂ ਅਸੀਂ ਲੋਕਾਂ ਨੂੰ ਪ੍ਰਚਾਰ ਕਰਦੇ ਹਾਂ, ਤਾਂ ਸਾਨੂੰ ਅਜਿਹੇ ਨੇਕ-ਦਿਲ ਲੋਕ ਮਿਲਦੇ ਹਨ ਜੋ ਵੱਖ-ਵੱਖ ਧਰਮਾਂ ਵਿਚ ਪਾਏ ਜਾਂਦੇ ਮਤਭੇਦ ਕਰਕੇ ਬਹੁਤ ਪਰੇਸ਼ਾਨ ਹਨ। ਉਹ ਆਪਣੇ ਸਿਰਜਣਹਾਰ ਬਾਰੇ ਸੱਚਾਈ ਜਾਣਨਾ ਚਾਹੁੰਦੇ ਹਨ। ਉਹ ਜਾਣਨਾ ਚਾਹੁੰਦੇ ਹਨ ਕਿ ਬਾਈਬਲ ਜੀਵਨ ਦੇ ਮਕਸਦ ਬਾਰੇ ਕੀ ਸਿਖਾਉਂਦੀ ਹੈ। ਆਓ ਆਪਾਂ ਤਿੰਨ ਸਵਾਲਾਂ ਉੱਤੇ ਗੌਰ ਕਰੀਏ ਜੋ ਲੋਕ ਅਕਸਰ ਪੁੱਛਦੇ ਹਨ। ਇਨ੍ਹਾਂ ਸਵਾਲਾਂ ਉੱਤੇ ਚਰਚਾ ਕਰਦੇ ਹੋਏ ਪਹਿਲਾਂ ਆਪਾਂ ਦੇਖਾਂਗੇ ਕਿ ਦੁਨੀਆਂ ਦੇ ਧਾਰਮਿਕ ਗੁਰੂ ਇਨ੍ਹਾਂ ਬਾਰੇ ਕੀ ਕਹਿੰਦੇ ਹਨ ਅਤੇ ਫਿਰ ਆਪਾਂ ਦੇਖਾਂਗੇ ਕਿ ਬਾਈਬਲ ਇਨ੍ਹਾਂ ਬਾਰੇ ਕੀ ਕਹਿੰਦੀ ਹੈ। ਇਹ ਤਿੰਨ ਸਵਾਲ ਹਨ: (1) ਕੀ ਪਰਮੇਸ਼ੁਰ ਨੂੰ ਸਾਡਾ ਫ਼ਿਕਰ ਹੈ? (2) ਜ਼ਿੰਦਗੀ ਦਾ ਕੀ ਮਕਸਦ ਹੈ? (3) ਮਰਨ ਤੋਂ ਬਾਅਦ ਕੀ ਹੁੰਦਾ ਹੈ?
ਕੀ ਪਰਮੇਸ਼ੁਰ ਨੂੰ ਸਾਡਾ ਫ਼ਿਕਰ ਹੈ?
4, 5. ਲੋਕ ਕਿਉਂ ਸੋਚਦੇ ਹਨ ਕਿ ਪਰਮੇਸ਼ੁਰ ਨੂੰ ਸਾਡੀ ਪਰਵਾਹ ਨਹੀਂ ਹੈ?
4 ਆਓ ਆਪਾਂ ਪਹਿਲੇ ਸਵਾਲ ਉੱਤੇ ਚਰਚਾ ਕਰੀਏ: ਕੀ ਪਰਮੇਸ਼ੁਰ ਨੂੰ ਸਾਡਾ ਫ਼ਿਕਰ ਹੈ? ਇਹ ਬੜੇ ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਰੱਬ ਨੂੰ ਸਾਡੀ ਕੋਈ ਪਰਵਾਹ ਨਹੀਂ। ਉਹ ਇੱਦਾਂ ਕਿਉਂ ਸੋਚਦੇ ਹਨ? ਇਸ ਦਾ ਇਕ ਕਾਰਨ ਹੈ ਕਿ ਉਹ ਚਾਰੇ ਤਰਫ਼ ਨਫ਼ਰਤ, ਲੜਾਈ-ਝਗੜੇ ਅਤੇ ਦੁੱਖ ਦੇਖਦੇ ਹਨ। ਉਹ ਸੋਚਦੇ ਹਨ ਕਿ ‘ਜੇ ਰੱਬ ਹੁੰਦਾ ਤਾਂ ਉਹ ਇਨ੍ਹਾਂ ਦੁੱਖਾਂ ਬਾਰੇ ਜ਼ਰੂਰ ਕੁਝ ਕਰਦਾ।’
5 ਇਕ ਹੋਰ ਕਾਰਨ ਵੀ ਹੈ ਜਿਸ ਕਰਕੇ ਲੋਕ ਸੋਚਦੇ ਹਨ ਕਿ ਪਰਮੇਸ਼ੁਰ ਨੂੰ ਸਾਡਾ ਫ਼ਿਕਰ ਨਹੀਂ। ਇਹ ਕਾਰਨ ਕੀ ਹੈ? ਧਾਰਮਿਕ ਗੁਰੂਆਂ ਨੇ ਲੋਕਾਂ ਨੂੰ ਪਰਮੇਸ਼ੁਰ ਬਾਰੇ ਸੱਚਾਈ ਨਹੀਂ ਸਿਖਾਈ ਹੈ। ਜਦ ਕਿਸੇ ਉੱਤੇ ਕੋਈ ਆਫ਼ਤ ਟੁੱਟਦੀ ਹੈ, ਤਾਂ ਪਾਦਰੀ ਕੀ ਕਹਿੰਦੇ ਹਨ? ਇਕ ਉਦਾਹਰਣ ਤੇ ਗੌਰ ਕਰੋ। ਜਦ ਇਕ ਔਰਤ ਦੇ ਦੋ ਛੋਟੇ ਬੱਚੇ ਕਾਰ ਹਾਦਸੇ ਵਿਚ ਮਾਰੇ ਗਏ, ਤਾਂ ਪਾਦਰੀ ਨੇ ਉਸ ਨੂੰ ਕਿਹਾ: “ਇਹ ਉੱਪਰ ਵਾਲੇ ਦੀ ਮਰਜ਼ੀ ਸੀ। ਉਸ ਨੂੰ ਦੋ ਹੋਰ ਫ਼ਰਿਸ਼ਤਿਆਂ ਦੀ ਲੋੜ ਸੀ।” ਜਦ ਪਾਦਰੀ ਅਜਿਹੀਆਂ ਗੱਲਾਂ ਕਹਿੰਦੇ ਹਨ, ਤਾਂ ਅਸਲ ਵਿਚ ਉਹ ਬਿਪਤਾ ਦਾ ਦੋਸ਼ ਪਰਮੇਸ਼ੁਰ ਦੇ ਮੱਥੇ ਮੜ੍ਹਦੇ ਹਨ। ਪਰ ਯਾਕੂਬ ਨੇ ਲਿਖਿਆ ਕਿ “ਕੋਈ ਮਨੁੱਖ ਜਦ ਪਰਤਾਇਆ ਜਾਵੇ ਤਾਂ ਇਹ ਨਾ ਆਖੇ ਭਈ ਮੈਂ ਪਰਮੇਸ਼ੁਰ ਵੱਲੋਂ ਪਰਤਾਇਆ ਜਾਂਦਾ ਹਾਂ ਕਿਉਂ ਜੋ ਪਰਮੇਸ਼ੁਰ ਬਦੀਆਂ ਤੋਂ ਪਰਤਾਇਆ ਨਹੀਂ ਜਾਂਦਾ ਹੈ ਅਤੇ ਨਾ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ।” (ਯਾਕੂਬ 1:13) ਜੀ ਹਾਂ, ਦੁਨੀਆਂ ਵਿਚ ਹੋ ਰਹੀ ਬੁਰਾਈ ਲਈ ਪਰਮੇਸ਼ੁਰ ਜ਼ਿੰਮੇਵਾਰ ਨਹੀਂ ਹੈ ਕਿਉਂਕਿ ਬਾਈਬਲ ਕਹਿੰਦੀ ਹੈ ਕਿ “ਏਹ ਪਰਮੇਸ਼ੁਰ ਤੋਂ ਦੂਰ ਹੋਵੇ ਕਿ ਉਹ ਦੁਸ਼ਟਪੁਣਾ ਕਰੇ।”—ਅੱਯੂਬ 34:10.
6. ਲੋਕਾਂ ਦੇ ਦੁੱਖ-ਦਰਦ ਅਤੇ ਮੁਸੀਬਤਾਂ ਪਿੱਛੇ ਕਿਸ ਦਾ ਹੱਥ ਹੈ?
6 ਪਰ ਜੇ ਪਰਮੇਸ਼ੁਰ ਸਾਡੇ ਦੁੱਖਾਂ ਲਈ ਜ਼ਿੰਮੇਵਾਰ ਨਹੀਂ ਹੈ, ਤਾਂ ਦੁਨੀਆਂ ਤੇ ਇੰਨੀ ਭਾਰੀ ਕਿਉਂ ਆਈ ਹੋਈ ਹੈ? ਇਕ ਕਾਰਨ ਹੈ ਕਿ ਇਨਸਾਨਾਂ ਨੇ ਆਪਣੇ ਕਰਤਾਰ ਤੋਂ ਮੂੰਹ ਮੋੜ ਲਿਆ ਹੈ ਅਤੇ ਉਸ ਦੇ ਧਰਮੀ ਮਿਆਰਾਂ ਨੂੰ ਨਕਾਰਿਆ ਹੈ। ਇਸ ਤਰ੍ਹਾਂ ਕਰਨ ਨਾਲ ਉਹ ਅਣਜਾਣੇ ਵਿਚ ਪਰਮੇਸ਼ੁਰ ਦੇ ਵੈਰੀ ਸ਼ਤਾਨ ਦੇ ਕਬਜ਼ੇ ਵਿਚ ਆ ਗਏ ਹਨ ਕਿਉਂਕਿ “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਹੁਣ ਅਸੀਂ ਸਮਝ ਸਕਦੇ ਹਾਂ ਕਿ ਦੁਨੀਆਂ ਵਿਚ ਇੰਨੀ ਅੱਤ ਕਿਉਂ ਮਚੀ ਹੋਈ ਹੈ। ਸ਼ਤਾਨ ਇਕ ਜ਼ਾਲਮ ਤੇ ਧੋਖੇਬਾਜ਼ ਸ਼ਾਸਕ ਹੈ ਅਤੇ ਇਹ ਦੁਨੀਆਂ ਬਿਲਕੁਲ ਆਪਣੇ ਰਾਜੇ ਵਰਗੀ ਹੈ। ਇਸੇ ਕਰਕੇ ਦੁਨੀਆਂ ਦੇ ਹਾਲਾਤ ਇੰਨੇ ਖ਼ਰਾਬ ਹਨ ਅਤੇ ਦੁੱਖ-ਦਰਦ ਤੇ ਮੁਸੀਬਤਾਂ ਨੇ ਲੋਕਾਂ ਨੂੰ ਘੇਰਿਆ ਹੋਇਆ ਹੈ!
7. ਸਾਡੇ ਦੁੱਖਾਂ ਦੇ ਕਿਹੜੇ ਕੁਝ ਕਾਰਨ ਹੋ ਸਕਦੇ ਹਨ?
7 ਦੁੱਖਾਂ ਦਾ ਦੂਜਾ ਕਾਰਨ ਇਹ ਹੈ ਕਿ ਅਸੀਂ ਸਾਰੇ ਪਾਪੀ ਹਾਂ ਅਤੇ ਗ਼ਲਤੀਆਂ ਦੇ ਪੁਤਲੇ ਹਾਂ। ਪਾਪੀ ਹੋਣ ਕਰਕੇ ਇਨਸਾਨ ਅਕਸਰ ਇਕ-ਦੂਜੇ ਉੱਤੇ ਰੋਹਬ ਜਮਾਉਣ ਦੀ ਕੋਸ਼ਿਸ਼ ਕਰਦੇ ਹਨ ਜਿਸ ਕਰਕੇ ਲੜਾਈਆਂ, ਅਪਰਾਧਾਂ ਤੇ ਦੁੱਖਾਂ ਦਾ ਜਨਮ ਹੁੰਦਾ ਹੈ। ਉਪਦੇਸ਼ਕ ਦੀ ਪੋਥੀ 8:9 ਵਿਚ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਇਨਸਾਨਾਂ ਨੇ ‘ਇਕ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕੀਤਾ ਹੈ।’ ਦੁੱਖਾਂ ਦਾ ਇਕ ਹੋਰ ਕਾਰਨ ਇਹ ਹੈ ਕਿ “ਹਰ ਕਿਸੇ ਉਤੇ ਬੁਰਾ ਸਮਾਂ ਆਉਂਦਾ ਹੈ।” (ਉਪਦੇਸ਼ਕ 9:11, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜੀ ਹਾਂ, ਗ਼ਲਤ ਸਮੇਂ ਤੇ ਗ਼ਲਤ ਜਗ੍ਹਾ ਤੇ ਹੋਣ ਕਰਕੇ ਕਿਸੇ ਵੀ ਇਨਸਾਨ ਉੱਤੇ ਬਿਪਤਾ ਆ ਸਕਦੀ ਹੈ।
8, 9. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਨੂੰ ਵਾਕਈ ਸਾਡੀ ਪਰਵਾਹ ਹੈ?
8 ਤਾਂ ਫਿਰ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਦੁੱਖਾਂ ਪਿੱਛੇ ਪਰਮੇਸ਼ੁਰ ਦਾ ਹੱਥ ਨਹੀਂ। ਇਹ ਜਾਣ ਕੇ ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ! ਪਰ ਫਿਰ ਵੀ ਸ਼ਾਇਦ ਤੁਹਾਡੇ ਮਨ ਵਿਚ ਇਹ ਸਵਾਲ ਖੜ੍ਹਾ ਹੋਵੇ: ਕੀ ਪਰਮੇਸ਼ੁਰ ਨੂੰ ਕੋਈ ਫ਼ਰਕ ਪੈਂਦਾ ਹੈ ਕਿ ਸਾਡੇ ਜੀਵਨ ਵਿਚ ਕੀ ਹੋ ਰਿਹਾ ਹੈ? ਹਾਂ, ਉਸ ਨੂੰ ਫ਼ਰਕ ਪੈਂਦਾ ਹੈ ਕਿਉਂਕਿ ਉਹ ਸਾਡੀ ਬਹੁਤ ਪਰਵਾਹ ਕਰਦਾ ਹੈ! ਇਸ ਗੱਲ ਤੇ ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ? ਜ਼ਰਾ ਸੋਚੋ। ਯਹੋਵਾਹ ਨੇ ਆਪਣੇ ਬਚਨ ਵਿਚ ਸਾਨੂੰ ਸਾਫ਼-ਸਾਫ਼ ਦੱਸ ਦਿੱਤਾ ਹੈ ਕਿ ਉਸ ਨੇ ਇਨਸਾਨਾਂ ਨੂੰ ਆਪਣੀ ਮਨ-ਮਰਜ਼ੀ ਕਿਉਂ ਕਰਨ ਦਿੱਤੀ ਹੈ। ਇਸ ਦੇ ਦੋ ਕਾਰਨ ਹਨ: ਪਹਿਲਾ, ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਨੂੰ ਲਲਕਾਰਿਆ ਗਿਆ ਹੈ ਅਤੇ ਦੂਜਾ, ਇਨਸਾਨਾਂ ਤੇ ਦੋਸ਼ ਲਾਇਆ ਗਿਆ ਹੈ ਕਿ ਉਹ ਸਿਰਫ਼ ਸੁਆਰਥ ਕਰਕੇ ਪਰਮੇਸ਼ੁਰ ਦੀ ਭਗਤੀ ਕਰਦੇ ਹਨ। ਆਪਣੇ ਬਚਨ ਵਿਚ ਸਾਨੂੰ ਇਹ ਗੱਲਾਂ ਦੱਸਣ ਲਈ ਯਹੋਵਾਹ ਮਜਬੂਰ ਨਹੀਂ ਸੀ। ਨਾ ਹੀ ਸਾਨੂੰ ਇਨ੍ਹਾਂ ਗੱਲਾਂ ਬਾਰੇ ਉਸ ਤੋਂ ਕੁਝ ਪੁੱਛਣ ਦਾ ਹੱਕ ਹੈ। ਉਹ ਤਾਂ ਸਰਬਸ਼ਕਤੀਮਾਨ ਪਰਮੇਸ਼ੁਰ ਹੈ! ਪਰ ਫਿਰ ਵੀ ਉਸ ਨੇ ਆਪਣੇ ਬਚਨ ਵਿਚ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਸਾਨੂੰ ਸਮਝਾਇਆ ਹੈ। ਕਿਉਂ? ਕਿਉਂਕਿ ਉਹ ਸਾਡੇ ਨਾਲ ਬੇਹੱਦ ਪਿਆਰ ਕਰਦਾ ਹੈ।
9 ਇਕ ਹੋਰ ਗੱਲ ਤੋਂ ਵੀ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ੁਰ ਸਾਡੀ ਪਰਵਾਹ ਕਰਦਾ ਹੈ। ਜਦ ਨੂਹ ਦੇ ਜ਼ਮਾਨੇ ਵਿਚ ਧਰਤੀ ਉੱਤੇ ਬੁਰਾਈ ਬਹੁਤ ਵਧ ਗਈ ਸੀ, ਤਾਂ ਯਹੋਵਾਹ “ਮਨ ਵਿੱਚ ਦੁਖੀ ਹੋਇਆ” ਸੀ। (ਉਤਪਤ 6:5, 6) ਪਰ ਕੀ ਪਰਮੇਸ਼ੁਰ ਅੱਜ ਵੀ ਇਸੇ ਤਰ੍ਹਾਂ ਮਹਿਸੂਸ ਕਰਦਾ ਹੈ? ਜੀ ਹਾਂ, ਕਿਉਂਕਿ ਯਹੋਵਾਹ ਕਦੀ ਵੀ ਬਦਲਦਾ ਨਹੀਂ, ਉਹ ਅਟੱਲ ਹੈ। (ਮਲਾਕੀ 3:6) ਉਹ ਹਰ ਤਰ੍ਹਾਂ ਦੀ ਬੇਇਨਸਾਫ਼ੀ ਤੋਂ ਨਫ਼ਰਤ ਕਰਦਾ ਹੈ ਅਤੇ ਲੋਕਾਂ ਦੇ ਹੰਝੂ ਦੇਖ ਕੇ ਉਸ ਦਾ ਦਿਲ ਵੀ ਰੋਂਦਾ ਹੈ। ਬਾਈਬਲ ਸਿਖਾਉਂਦੀ ਹੈ ਕਿ ਬਹੁਤ ਜਲਦ ਯਹੋਵਾਹ ਉਨ੍ਹਾਂ ਸਾਰੇ ਦੁੱਖਾਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ ਜੋ ਇਨਸਾਨੀ ਹਕੂਮਤਾਂ ਅਤੇ ਸ਼ਤਾਨ ਦੇ ਪ੍ਰਭਾਵ ਕਾਰਨ ਲੋਕਾਂ ਨੂੰ ਸਹਿਣੇ ਪੈਂਦੇ ਹਨ। ਕੀ ਇਹ ਜਾਣ ਕੇ ਸਾਨੂੰ ਯਕੀਨ ਨਹੀਂ ਹੁੰਦਾ ਕਿ ਯਹੋਵਾਹ ਸੱਚ-ਮੁੱਚ ਸਾਡੀ ਪਰਵਾਹ ਕਰਦਾ ਹੈ ਅਤੇ ਸਾਡੇ ਨਾਲ ਬੇਹੱਦ ਪਿਆਰ ਕਰਦਾ ਹੈ?
10. ਇਨਸਾਨਾਂ ਦੇ ਦੁੱਖ ਦੇਖ ਕੇ ਯਹੋਵਾਹ ਕਿਵੇਂ ਮਹਿਸੂਸ ਕਰਦਾ ਹੈ?
10 ਧਾਰਮਿਕ ਆਗੂ ਇਹ ਕਹਿ ਕੇ ਪਰਮੇਸ਼ੁਰ ਨੂੰ ਬਦਨਾਮ ਕਰਦੇ ਹਨ ਕਿ ਆਫ਼ਤਾਂ ਅਤੇ ਮੁਸੀਬਤਾਂ ਉੱਪਰ ਵਾਲੇ ਦੀ ਮਰਜ਼ੀ ਕਰਕੇ ਆਉਂਦੀਆਂ ਹਨ। ਪਰ ਸੱਚ ਤਾਂ ਇਹ ਹੈ ਕਿ ਯਹੋਵਾਹ ਇਨਸਾਨਾਂ ਦੇ ਦੁੱਖਾਂ ਨੂੰ ਜੜ੍ਹੋਂ ਉਖਾੜਨਾ ਚਾਹੁੰਦਾ ਹੈ। 1 ਪਤਰਸ 5:7 ਵਿਚ ਲਿਖਿਆ ਹੈ ਕਿ “ਉਹ ਨੂੰ ਤੁਹਾਡਾ ਫ਼ਿਕਰ ਹੈ।” ਬਾਈਬਲ ਦੀ ਇਹੋ ਸਹੀ ਸਿੱਖਿਆ ਹੈ!
ਜ਼ਿੰਦਗੀ ਦਾ ਕੀ ਮਕਸਦ ਹੈ?
11. ਮਨੁੱਖੀ ਜ਼ਿੰਦਗੀ ਬਾਰੇ ਦੁਨੀਆਂ ਦੇ ਧਰਮ ਕੀ ਸਿਖਾਉਂਦੇ ਹਨ?
11 ਆਓ ਆਪਾਂ ਹੁਣ ਦੂਸਰੇ ਸਵਾਲ ਉੱਤੇ ਗੌਰ ਕਰੀਏ ਜੋ ਲੋਕ ਅਕਸਰ ਪੁੱਛਦੇ ਹਨ: ਪਰਮੇਸ਼ੁਰ ਨੇ ਸਾਨੂੰ ਕਿਉਂ ਬਣਾਇਆ? ਧਰਮ ਅਕਸਰ ਸਿਖਾਉਂਦੇ ਹਨ ਕਿ ਸਾਰਿਆਂ ਨੇ ਧਰਤੀ ਉੱਤੇ ਜੀਵਨ-ਯਾਤਰਾ ਪੂਰੀ ਕਰ ਕੇ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਹਿਣਾ ਹੈ। ਕੁਝ ਪਾਦਰੀ ਸਿਖਾਉਂਦੇ ਹਨ ਕਿ ਇਕ ਦਿਨ ਪਰਮੇਸ਼ੁਰ ਧਰਤੀ ਨੂੰ ਪੂਰੀ ਤਰ੍ਹਾਂ ਨਾਸ਼ ਕਰ ਦੇਵੇਗਾ। ਅਜਿਹੀਆਂ ਸਿੱਖਿਆਵਾਂ ਕਾਰਨ ਕਈ ਲੋਕ ਸੋਚਦੇ ਹਨ ਕਿ ‘ਹੁਣੇ ਜੀਵਨ ਦਾ ਪੂਰਾ ਮਜ਼ਾ ਲੈ ਲਓ ਕਿਉਂਕਿ ਅਗਾਹਾਂ ਨੂੰ ਤਾਂ ਸਿਰਫ਼ ਮੌਤ ਹੀ ਸਾਡੇ ਹੱਥ ਲੱਗਣੀ ਹੈ।’ ਪਰ ਬਾਈਬਲ ਮੁਤਾਬਕ ਸੱਚਾਈ ਕੀ ਹੈ?
12–14. ਧਰਤੀ ਅਤੇ ਮਨੁੱਖਜਾਤੀ ਲਈ ਪਰਮੇਸ਼ੁਰ ਦੇ ਮਕਸਦ ਬਾਰੇ ਬਾਈਬਲ ਕੀ ਸਿਖਾਉਂਦੀ ਹੈ?
12 ਇਨਸਾਨਾਂ ਲਈ ਅਤੇ ਇਸ ਧਰਤੀ ਲਈ ਪਰਮੇਸ਼ੁਰ ਦਾ ਇਕ ਬਹੁਤ ਹੀ ਸ਼ਾਨਦਾਰ ਮਕਸਦ ਹੈ। ਉਸ ਨੇ ਧਰਤੀ ਨੂੰ “ਬੇਡੌਲ ਨਹੀਂ ਉਤਪਤ ਕੀਤਾ, ਉਹ ਨੇ ਵੱਸਣ ਲਈ ਉਸ ਨੂੰ ਸਾਜਿਆ।” (ਯਸਾਯਾਹ 45:18) ਯਹੋਵਾਹ ਨੇ “ਧਰਤੀ ਦੀ ਨੀਂਹ ਨੂੰ ਕਾਇਮ ਕੀਤਾ, ਭਈ ਉਹ ਸਦਾ ਤੀਕ ਅਟੱਲ ਰਹੇ।” (ਜ਼ਬੂਰਾਂ ਦੀ ਪੋਥੀ 104:5) ਧਰਤੀ ਅਤੇ ਮਨੁੱਖਜਾਤੀ ਲਈ ਪਰਮੇਸ਼ੁਰ ਦੇ ਮਕਸਦ ਬਾਰੇ ਸਿੱਖਣ ਨਾਲ ਅਸੀਂ ਸਮਝ ਸਕਾਂਗੇ ਕਿ ਸਾਡੀ ਜ਼ਿੰਦਗੀ ਦਾ ਕੀ ਮਕਸਦ ਹੈ।
13 ਉਤਪਤ ਦੀ ਪੋਥੀ ਦੇ ਪਹਿਲੇ ਦੋ ਅਧਿਆਏ ਪੜ੍ਹ ਕੇ ਅਸੀਂ ਦੇਖ ਸਕਦੇ ਹਾਂ ਕਿ ਯਹੋਵਾਹ ਨੇ ਬੜੇ ਪਿਆਰ ਨਾਲ ਧਰਤੀ ਨੂੰ ਇਨਸਾਨਾਂ ਲਈ ਤਿਆਰ ਕੀਤਾ ਸੀ। ਵਾਕਈ ਉਸ ਦੇ ਹੱਥਾਂ ਦੀ ਰਚਨਾ ‘ਬਹੁਤ ਹੀ ਚੰਗੀ ਸੀ।’ (ਉਤਪਤ 1:31) ਫਿਰ ਪਰਮੇਸ਼ੁਰ ਨੇ ਪਹਿਲੇ ਮਨੁੱਖੀ ਜੋੜੇ ਆਦਮ ਤੇ ਹੱਵਾਹ ਨੂੰ ਅਦਨ ਨਾਂ ਦੇ ਸੁੰਦਰ ਬਾਗ਼ ਵਿਚ ਰੱਖਿਆ ਜਿੱਥੇ ਖਾਣ ਲਈ ਭਾਂਤ-ਭਾਂਤ ਦੇ ਫਲ ਸਨ। ਉਸ ਨੇ ਉਨ੍ਹਾਂ ਨੂੰ ਕਿਹਾ ਕਿ “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ।” ਯਹੋਵਾਹ ਚਾਹੁੰਦਾ ਸੀ ਕਿ ਆਦਮ ਤੇ ਹੱਵਾਹ ਦੇ ਬੱਚੇ ਉਨ੍ਹਾਂ ਵਾਂਗ ਮੁਕੰਮਲ ਹੋਣ, ਉਹ ਇਸ ਪੂਰੀ ਧਰਤੀ ਨੂੰ ਬਾਗ਼ ਵਾਂਗ ਸੋਹਣਾ ਬਣਾ ਦੇਣ ਅਤੇ ਬੇਸ਼ੁਮਾਰ ਪਸ਼ੂ-ਪੰਛੀਆਂ ਦੀ ਦੇਖ-ਭਾਲ ਕਰਨ।—ਉਤਪਤ 1:26-28.
14 ਯਹੋਵਾਹ ਚਾਹੁੰਦਾ ਹੈ ਕਿ ਮੁਕੰਮਲ ਇਨਸਾਨ ਫਿਰਦੌਸ ਵਿਚ ਸਦਾ ਲਈ ਰਹਿਣ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” (ਜ਼ਬੂਰਾਂ ਦੀ ਪੋਥੀ 37:29) ਜੀ ਹਾਂ, ਇਨਸਾਨਾਂ ਨੂੰ ਧਰਤੀ ਉੱਤੇ ਫਿਰਦੌਸ ਵਿਚ ਜ਼ਿੰਦਗੀ ਦਾ ਪੂਰਾ ਮਜ਼ਾ ਲੈਣ ਲਈ ਬਣਾਇਆ ਗਿਆ ਸੀ। ਇਹੋ ਪਰਮੇਸ਼ੁਰ ਦਾ ਮਕਸਦ ਹੈ ਜੋ ਬਾਈਬਲ ਵਿਚ ਦੱਸਿਆ ਗਿਆ ਹੈ।
ਮਰਨ ਤੋਂ ਬਾਅਦ ਕੀ ਹੁੰਦਾ ਹੈ?
15. ਦੁਨੀਆਂ ਦੇ ਧਰਮਾਂ ਮੁਤਾਬਕ ਮਰਨ ਤੋਂ ਬਾਅਦ ਕੀ ਹੁੰਦਾ ਹੈ?
15 ਆਓ ਆਪਾਂ ਹੁਣ ਲੋਕਾਂ ਦੁਆਰਾ ਪੁੱਛੇ ਜਾਂਦੇ ਤੀਜੇ ਸਵਾਲ ਉੱਤੇ ਗੌਰ ਕਰੀਏ, ਯਾਨੀ ਮਰਨ ਤੋਂ ਬਾਅਦ ਕੀ ਹੁੰਦਾ ਹੈ? ਦੁਨੀਆਂ ਦੇ ਜ਼ਿਆਦਾਤਰ ਧਰਮ ਇਹੋ ਸਿਖਾਉਂਦੇ ਹਨ ਕਿ ਮੌਤ ਵੇਲੇ ਇਨਸਾਨ ਦੀ ਆਤਮਾ ਸਰੀਰ ਤੋਂ ਵੱਖ ਹੋ ਕੇ ਜੀਉਂਦੀ ਰਹਿੰਦੀ ਹੈ। ਕੁਝ ਧਰਮਾਂ ਦੇ ਲੋਕ ਮੰਨਦੇ ਹਨ ਕਿ ਮਾੜੇ ਕੰਮ ਕਰਨ ਵਾਲਿਆਂ ਨੂੰ ਨਰਕ ਵਿਚ ਹਮੇਸ਼ਾ ਲਈ ਤਸੀਹੇ ਦਿੱਤੇ ਜਾਂਦੇ ਹਨ। ਪਰ ਕੀ ਇਹ ਸੱਚ ਹੈ? ਬਾਈਬਲ ਕੀ ਸਿਖਾਉਂਦੀ ਹੈ?
16, 17. ਬਾਈਬਲ ਅਨੁਸਾਰ ਮਰੇ ਹੋਇਆਂ ਦੀ ਕੀ ਹਾਲਤ ਹੈ?
16 ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ ਅਤੇ ਓਹਨਾਂ ਦੇ ਲਈ ਹੋਰ ਕੋਈ ਬਦਲਾ ਨਹੀਂ।” ਧਿਆਨ ਦਿਓ ਕਿ ਮਰੇ ਹੋਏ “ਕੁਝ ਵੀ ਨਹੀਂ ਜਾਣਦੇ।” ਇਸ ਦਾ ਮਤਲਬ ਹੈ ਕਿ ਉਹ ਨਾ ਸੋਚ ਸਕਦੇ, ਨਾ ਦੇਖ ਸਕਦੇ, ਨਾ ਸੁਣ ਸਕਦੇ, ਨਾ ਗੱਲ ਕਰ ਸਕਦੇ ਅਤੇ ਨਾ ਹੀ ਕੋਈ ਕੰਮ ਕਰ ਸਕਦੇ ਹਨ। ਇਸ ਤੋਂ ਇਲਾਵਾ, “ਉਨ੍ਹਾਂ ਦੀ ਪ੍ਰੀਤ ਅਤੇ ਵੈਰ ਅਰ ਉਨ੍ਹਾਂ ਦੀ ਈਰਖਾ ਹੁਣ ਮੁੱਕ ਗਏ” ਹਨ। ਮਤਲਬ ਕਿ ਉਹ ਹੁਣ ਕੁਝ ਵੀ ਮਹਿਸੂਸ ਨਹੀਂ ਕਰ ਸਕਦੇ।—ਉਪਦੇਸ਼ਕ ਦੀ ਪੋਥੀ 9:5, 6, 10.
17 ਬਾਈਬਲ ਸਾਨੂੰ ਸਾਫ਼-ਸਾਫ਼ ਦੱਸਦੀ ਹੈ ਕਿ ਜਦ ਕੋਈ ਮਰਦਾ ਹੈ, ਤਾਂ ਉਹ ਪੂਰੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ। ਮੌਤ ਤੋਂ ਬਾਅਦ ਇਨਸਾਨ ਵੱਖ-ਵੱਖ ਜੂਨਾਂ ਵਿਚ ਨਹੀਂ ਪੈਂਦਾ ਕਿਉਂਕਿ ਮੌਤ ਤੋਂ ਬਾਅਦ ਸਾਡਾ ਕੋਈ ਹਿੱਸਾ ਜ਼ਿੰਦਾ ਨਹੀਂ ਰਹਿੰਦਾ। ਇਸ ਗੱਲ ਨੂੰ ਸਮਝਣ ਲਈ ਮੋਮਬੱਤੀ ਦੀ ਉਦਾਹਰਣ ਲਓ। ਜਦੋਂ ਅਸੀਂ ਮੋਮਬੱਤੀ ਬੁਝਾ ਦਿੰਦੇ ਹਾਂ, ਤਾਂ ਇਸ ਦੀ ਲਾਟ ਕਿਤੇ ਜਾਂਦੀ ਨਹੀਂ। ਇਸੇ ਤਰ੍ਹਾਂ ਜੀਵਨ ਦੀ ਜੋਤ ਬੁੱਝ ਜਾਣ ਤੇ ਇਹ ਹੋਰ ਕਿਤੇ ਨਹੀਂ ਜਾਂਦੀ, ਸਗੋਂ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੀ ਹੈ।
18. ਜਦੋਂ ਕੋਈ ਵਿਅਕਤੀ ਬਾਈਬਲ ਵਿੱਚੋਂ ਸਿੱਖਦਾ ਹੈ ਕਿ ਮਰੇ ਹੋਏ ਕੁਝ ਨਹੀਂ ਜਾਣਦੇ, ਤਾਂ ਉਸ ਨੂੰ ਸਕੂਨ ਕਿਉਂ ਮਿਲਦਾ ਹੈ?
18 ਜ਼ਰਾ ਸੋਚੋ ਕਿ ਮੌਤ ਬਾਰੇ ਇਹ ਸੱਚਾਈ ਜਾਣ ਕੇ ਕਿਸੇ ਇਨਸਾਨ ਉੱਤੇ ਕੀ ਅਸਰ ਪੈ ਸਕਦਾ ਹੈ। ਉਸ ਨੂੰ ਇਹ ਜਾਣ ਕੇ ਕਿੰਨਾ ਸਕੂਨ ਮਿਲੇਗਾ ਕਿ ਮਰੇ ਹੋਏ ਕੁਝ ਵੀ ਨਹੀਂ ਜਾਣਦੇ, ਉਹ ਨਾ ਸੋਚ ਸਕਦੇ, ਨਾ ਸੁਣ ਸਕਦੇ, ਨਾ ਦੇਖ ਸਕਦੇ ਅਤੇ ਨਾ ਹੀ ਗੱਲ ਕਰ ਸਕਦੇ ਹਨ। ਇਸ ਦਾ ਮਤਲਬ ਹੈ ਕਿ ਉਸ ਨੂੰ ਮਰੇ ਹੋਏ ਲੋਕਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਮਰੇ ਹੋਏ ਉਸ ਦਾ ਕੁਝ ਨਹੀਂ ਵਿਗਾੜ ਸਕਦੇ। ਇਸ ਦੇ ਨਾਲ-ਨਾਲ ਉਸ ਨੂੰ ਇਹ ਜਾਣ ਕੇ ਤਸੱਲੀ ਮਿਲਦੀ ਹੈ ਕਿ ਉਸ ਦੇ ਅਜ਼ੀਜ਼ ਦੁੱਖ ਜਾਂ ਤਸੀਹੇ ਨਹੀਂ ਭੋਗ ਰਹੇ। ਉਹ ਮੌਤ ਦੀ ਨੀਂਦ ਸੌਂ ਰਹੇ ਹਨ। ਬਾਈਬਲ ਸਿਖਾਉਂਦੀ ਹੈ ਕਿ ਜਿਨ੍ਹਾਂ ਮਰੇ ਹੋਇਆਂ ਨੂੰ ਪਰਮੇਸ਼ੁਰ ਚੇਤੇ ਰੱਖਦਾ ਹੈ, ਉਨ੍ਹਾਂ ਨੂੰ ਮੁੜ ਜੀਵਨ ਦਿੱਤਾ ਜਾਵੇਗਾ। ਹੈ ਨਾ ਇਹ ਕਿੰਨੀ ਵਧੀਆ ਆਸ਼ਾ?—ਯੂਹੰਨਾ 5:28, 29.
ਬਾਈਬਲ ਸਟੱਡੀਆਂ ਕਰਾਉਣ ਲਈ ਇਕ ਨਵੀਂ ਕਿਤਾਬ
19, 20. ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਸਾਡੀ ਕੀ ਜ਼ਿੰਮੇਵਾਰੀ ਹੈ ਅਤੇ ਦੂਸਰਿਆਂ ਨੂੰ ਬਾਈਬਲ ਦਾ ਸਹੀ ਗਿਆਨ ਦੇਣ ਵਿਚ ਸਾਡੀ ਮਦਦ ਕਰਨ ਲਈ ਕਿਹੜੀ ਨਵੀਂ ਕਿਤਾਬ ਤਿਆਰ ਕੀਤੀ ਗਈ ਹੈ?
19 ਅਸੀਂ ਸਿਰਫ਼ ਤਿੰਨ ਸਵਾਲਾਂ ਉੱਤੇ ਚਰਚਾ ਕੀਤੀ ਹੈ ਜੋ ਆਮ ਤੌਰ ਤੇ ਲੋਕ ਪੁੱਛਦੇ ਹਨ। ਬਾਈਬਲ ਵਿਚ ਇਨ੍ਹਾਂ ਤਿੰਨਾਂ ਸਵਾਲਾਂ ਦੇ ਸਾਫ਼ ਜਵਾਬ ਦਿੱਤੇ ਗਏ ਹਨ। ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਜਦੋਂ ਅਸੀਂ ਇਹ ਸੱਚਾਈਆਂ ਉਨ੍ਹਾਂ ਲੋਕਾਂ ਤਕ ਪਹੁੰਚਾਉਂਦੇ ਹਾਂ ਜੋ ਜਾਣਨਾ ਚਾਹੁੰਦੇ ਹਨ ਕਿ ਬਾਈਬਲ ਕੀ ਸਿਖਾਉਂਦੀ ਹੈ! ਪਰ ਹੋਰ ਵੀ ਕਈ ਸਵਾਲ ਹਨ ਜਿਨ੍ਹਾਂ ਦੇ ਜਵਾਬ ਲੋਕ ਜਾਣਨਾ ਚਾਹੁੰਦੇ ਹਨ। ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਵਿਚ ਅਸੀਂ ਉਨ੍ਹਾਂ ਦੀ ਮਦਦ ਕਰੀਏ।
20 ਸਾਨੂੰ ਬਾਈਬਲ ਦੀਆਂ ਸੱਚਾਈਆਂ ਨੂੰ ਅਜਿਹੇ ਸਰਲ ਤਰੀਕੇ ਨਾਲ ਪੇਸ਼ ਕਰਨਾ ਚਾਹੀਦਾ ਹੈ ਕਿ ਇਹ ਸੁਣਨ ਵਾਲਿਆਂ ਦੇ ਦਿਲਾਂ ਨੂੰ ਛੋਹ ਜਾਣ। ਇਸ ਤਰ੍ਹਾਂ ਕਰਨ ਵਿਚ ਸਾਡੀ ਮਦਦ ਕਰਨ ਲਈ “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਇਕ ਖ਼ਾਸ ਕਿਤਾਬ ਤਿਆਰ ਕੀਤੀ ਹੈ। (ਮੱਤੀ 24:45-47) 224 ਸਫ਼ਿਆਂ ਦੀ ਇਸ ਕਿਤਾਬ ਦਾ ਨਾਂ ਹੈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
21, 22. ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਮਕ ਕਿਤਾਬ ਦੀਆਂ ਕੁਝ ਖੂਬੀਆਂ ਕੀ ਹਨ?
21 ਇਹ ਕਿਤਾਬ ਸਾਲ 2005/06 ਦੌਰਾਨ ਯਹੋਵਾਹ ਦੇ ਗਵਾਹਾਂ ਦੇ “ਪਰਮੇਸ਼ੁਰ ਦਾ ਕਹਿਣਾ ਮੰਨੋ” ਨਾਮਕ ਜ਼ਿਲ੍ਹਾ ਸੰਮੇਲਨਾਂ ਵਿਚ ਰਿਲੀਜ਼ ਕੀਤੀ ਗਈ ਸੀ। ਇਸ ਕਿਤਾਬ ਦੀਆਂ ਕਈ ਖੂਬੀਆਂ ਹਨ। ਮਿਸਾਲ ਲਈ, ਲੋਕਾਂ ਨੂੰ ਇਸ ਦੇ ਮੁਢਲੇ ਪੰਜ ਸਫ਼ਿਆਂ ਤੇ ਦਿੱਤੀਆਂ ਤਸਵੀਰਾਂ, ਬਾਈਬਲ ਦੀਆਂ ਆਇਤਾਂ ਤੇ ਸਵਾਲ ਦਿਖਾ ਕੇ ਉਨ੍ਹਾਂ ਨਾਲ ਬਾਈਬਲ ਸਟੱਡੀਆਂ ਆਸਾਨੀ ਨਾਲ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਪੰਨਿਆਂ ਤੇ ਇਕ ਡੱਬੀ ਵੀ ਹੈ ਜਿਸ ਦੀ ਮਦਦ ਨਾਲ ਤੁਸੀਂ ਦੂਸਰਿਆਂ ਨੂੰ ਦਿਖਾ ਸਕਦੇ ਹੋ ਕਿ ਬਾਈਬਲ ਵਿੱਚੋਂ ਹਵਾਲੇ ਕਿੱਦਾਂ ਲੱਭੇ ਜਾ ਸਕਦੇ ਹਨ।
22 ਇਸ ਕਿਤਾਬ ਵਿਚ ਵਿਸ਼ਿਆਂ ਨੂੰ ਬਹੁਤ ਸਰਲ ਅਤੇ ਸਾਫ਼ ਤਰੀਕੇ ਨਾਲ ਸਮਝਾਇਆ ਗਿਆ ਹੈ। ਇਹ ਕਿਤਾਬ ਪੜ੍ਹਨ ਵਾਲੇ ਨੂੰ ਸੋਚਣ ਲਈ ਮਜਬੂਰ ਕਰਦੀ ਹੈ ਤਾਂਕਿ ਬਾਈਬਲ ਦੀਆਂ ਸੱਚਾਈਆਂ ਉਸ ਦੇ ਦਿਲ ਤਕ ਪਹੁੰਚ ਸਕਣ। ਹਰ ਅਧਿਆਇ ਦੇ ਸ਼ੁਰੂ ਵਿਚ ਕੁਝ ਸਵਾਲ ਦਿੱਤੇ ਗਏ ਹਨ। ਫਿਰ ਅਧਿਆਇ ਦੇ ਅਖ਼ੀਰ ਵਿਚ “ਬਾਈਬਲ ਕਹਿੰਦੀ ਹੈ ਕਿ . . .” ਨਾਮਕ ਡੱਬੀ ਹੈ ਜਿਸ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਅਤੇ ਬਾਈਬਲ ਦੇ ਹਵਾਲੇ ਦਿੱਤੇ ਗਏ ਹਨ। ਬਾਈਬਲ ਦੀਆਂ ਸਿੱਖਿਆਵਾਂ ਨੂੰ ਚੰਗੀ ਤਰ੍ਹਾਂ ਸਮਝਣ ਵਿਚ ਵਿਦਿਆਰਥੀ ਦੀ ਮਦਦ ਕਰਨ ਲਈ ਕਿਤਾਬ ਵਿਚ ਕਈ ਸੋਹਣੀਆਂ ਤਸਵੀਰਾਂ ਤੇ ਉਦਾਹਰਣਾਂ ਦਿੱਤੀਆਂ ਗਈਆਂ ਹਨ। ਕਿਤਾਬ ਵਿਚ ਹਰ ਵਿਸ਼ੇ ਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਸਮਝਾਇਆ ਗਿਆ ਹੈ। ਪਰ ਕਿਤਾਬ ਦੇ ਅਖ਼ੀਰ ਵਿਚ 14 ਅਹਿਮ ਵਿਸ਼ਿਆਂ ਤੇ ਹੋਰ ਜਾਣਕਾਰੀ ਦਿੱਤੀ ਗਈ ਹੈ। ਜੇ ਕੋਈ ਵਿਦਿਆਰਥੀ ਹੋਰ ਜਾਣਕਾਰੀ ਚਾਹੁੰਦਾ ਹੈ, ਤਾਂ ਉਹ ਇਨ੍ਹਾਂ ਵਿਸ਼ਿਆਂ ਨੂੰ ਪੜ੍ਹ ਸਕਦਾ ਹੈ।
23. ਨਵੀਂ ਕਿਤਾਬ ਵਿੱਚੋਂ ਬਾਈਬਲ ਸਟੱਡੀਆਂ ਕਰਾਉਣ ਬਾਰੇ ਕਿਹੜੇ ਸੁਝਾਅ ਦਿੱਤੇ ਗਏ ਹਨ?
23 ਇਹ ਨਵੀਂ ਕਿਤਾਬ ਇੰਨੇ ਵਧੀਆ ਤਰੀਕੇ ਨਾਲ ਲਿਖੀ ਗਈ ਹੈ ਕਿ ਅਸੀਂ ਹਰ ਕਿਸੇ ਨੂੰ ਇਸ ਵਿੱਚੋਂ ਸਿਖਾ ਸਕਦੇ ਹਾਂ, ਭਾਵੇਂ ਉਹ ਜ਼ਿਆਦਾ ਜਾਂ ਘੱਟ ਪੜ੍ਹਿਆ-ਲਿਖਿਆ ਹੋਵੇ ਜਾਂ ਉਹ ਕਿਸੇ ਵੀ ਧਰਮ ਦਾ ਮੰਨਣ ਵਾਲਾ ਕਿਉਂ ਨਾ ਹੋਵੇ। ਜੇ ਵਿਦਿਆਰਥੀ ਨੂੰ ਬਾਈਬਲ ਦਾ ਬਿਲਕੁਲ ਗਿਆਨ ਨਹੀਂ ਹੈ, ਤਾਂ ਉਹ ਹਰ ਅਧਿਆਇ ਪੂਰਾ ਕਰਨ ਵਿਚ ਸਮਾਂ ਲਾ ਸਕਦਾ ਹੈ। ਅਧਿਆਇ ਖ਼ਤਮ ਕਰਨ ਵਿਚ ਕਾਹਲ ਨਾ ਕਰੋ, ਸਗੋਂ ਵਿਦਿਆਰਥੀ ਦੇ ਦਿਲ ਤਕ ਪਹੁੰਚਣ ਦਾ ਜਤਨ ਕਰੋ। ਜੇ ਉਸ ਨੂੰ ਕਿਤਾਬ ਵਿਚ ਦਿੱਤੀ ਕੋਈ ਉਦਾਹਰਣ ਸਮਝ ਨਹੀਂ ਆਉਂਦੀ ਹੈ, ਤਾਂ ਇਸ ਨੂੰ ਸਮਝਾਓ ਜਾਂ ਕੋਈ ਹੋਰ ਮਿਸਾਲ ਦਿਓ। ਸਟੱਡੀ ਕਰਾਉਣ ਤੋਂ ਪਹਿਲਾਂ ਚੰਗੀ ਤਿਆਰੀ ਕਰੋ ਅਤੇ ਮਦਦ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੋ ਤਾਂਕਿ ਤੁਸੀਂ ‘ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ ਵਾਲੇ’ ਬਣ ਸਕੋ।—2 ਤਿਮੋਥਿਉਸ 2:15.
ਪਰਮੇਸ਼ੁਰ ਦੀਆਂ ਮਿਹਰਬਾਨੀਆਂ ਲਈ ਸ਼ੁਕਰਗੁਜ਼ਾਰ ਹੋਵੋ
24, 25. ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਹੜੇ ਸਨਮਾਨ ਬਖ਼ਸ਼ੇ ਹਨ?
24 ਯਹੋਵਾਹ ਨੇ ਸੱਚ-ਮੁੱਚ ਸਾਨੂੰ ਦੋ ਬਹੁਤ ਹੀ ਵੱਡੇ ਸਨਮਾਨ ਦਿੱਤੇ ਹਨ। ਪਹਿਲਾ ਹੈ ਕਿ ਉਸ ਨੇ ਸਾਨੂੰ ਆਪਣੇ ਬਾਰੇ ਸੱਚਾਈ ਸਿੱਖਣ ਦਾ ਮੌਕਾ ਦਿੱਤਾ। ਇਸ ਸਨਮਾਨ ਲਈ ਅਸੀਂ ਹਮੇਸ਼ਾ ਯਹੋਵਾਹ ਦੇ ਅਹਿਸਾਨਮੰਦ ਰਹਾਂਗੇ! ਯਹੋਵਾਹ ਆਪਣੇ ਮਕਸਦ ਨਿਮਰ ਲੋਕਾਂ ਉੱਤੇ ਪ੍ਰਗਟ ਕਰਦਾ ਹੈ, ਪਰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਲੁਕੋਈ ਰੱਖਦਾ ਹੈ। ਇਸ ਸੰਬੰਧ ਵਿਚ ਯਿਸੂ ਨੇ ਕਿਹਾ ਸੀ: “ਹੇ ਪਿਤਾ ਅਕਾਸ਼ ਅਤੇ ਧਰਤੀ ਦੇ ਮਾਲਕ ਮੈਂ ਤੇਰੀ ਵਡਿਆਈ ਕਰਦਾ ਹਾਂ ਜੋ ਤੈਂ ਇਨ੍ਹਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਗੁਪਤ ਰੱਖਿਆ ਅਤੇ ਉਨ੍ਹਾਂ ਨੂੰ ਨਿਆਣਿਆਂ ਉੱਤੇ ਪਰਗਟ ਕੀਤਾ।” (ਮੱਤੀ 11:25) ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਅਸੀਂ ਉਨ੍ਹਾਂ ਲੋਕਾਂ ਵਿਚ ਗਿਣੇ ਜਾਂਦੇ ਹਾਂ ਜੋ ਹਲੀਮੀ ਨਾਲ ਸੱਚੇ ਪਾਤਸ਼ਾਹ ਯਹੋਵਾਹ ਦੀ ਸੇਵਾ ਕਰਦੇ ਹਨ।
25 ਦੂਜਾ ਸਨਮਾਨ ਇਹ ਹੈ ਕਿ ਅਸੀਂ ਯਹੋਵਾਹ ਬਾਰੇ ਦੂਸਰਿਆਂ ਨੂੰ ਸਿਖਾ ਸਕਦੇ ਹਾਂ। ਯਾਦ ਰੱਖੋ ਕਿ ਧਾਰਮਿਕ ਆਗੂਆਂ ਨੇ ਯਹੋਵਾਹ ਬਾਰੇ ਬਹੁਤ ਸਾਰੇ ਝੂਠ ਫੈਲਾਏ ਹਨ ਜਿਸ ਕਰਕੇ ਕਈ ਲੋਕ ਯਹੋਵਾਹ ਨੂੰ ਕਠੋਰ ਤੇ ਪੱਥਰ-ਦਿਲ ਸਮਝਦੇ ਹਨ। ਕੀ ਤੁਸੀਂ ਯਹੋਵਾਹ ਬਾਰੇ ਲੋਕਾਂ ਨੂੰ ਸੱਚਾਈ ਦੱਸਣ ਲਈ ਤਿਆਰ ਹੋ? ਕੀ ਤੁਸੀਂ ਚਾਹੁੰਦੇ ਹੋ ਕਿ ਹਰ ਨੇਕ-ਦਿਲ ਇਨਸਾਨ ਯਹੋਵਾਹ ਬਾਰੇ ਸੱਚਾਈ ਸਿੱਖੇ? ਤਾਂ ਫਿਰ ਪਰਮੇਸ਼ੁਰ ਦਾ ਕਹਿਣਾ ਮੰਨੋ ਅਤੇ ਪੂਰੇ ਜੋਸ਼ ਨਾਲ ਦੂਸਰਿਆਂ ਨੂੰ ਬਾਈਬਲ ਦੀ ਸਹੀ ਸਿੱਖਿਆ ਦਿਓ। ਸੱਚਾਈ ਦੇ ਪ੍ਰੇਮੀਆਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਬਾਈਬਲ ਜ਼ਿੰਦਗੀ ਦੇ ਅਹਿਮ ਸਵਾਲਾਂ ਬਾਰੇ ਕੀ ਸਿਖਾਉਂਦੀ ਹੈ।
ਤੁਹਾਡਾ ਕੀ ਜਵਾਬ ਹੈ?
• ਇਸ ਗੱਲ ਦਾ ਕੀ ਸਬੂਤ ਹੈ ਕਿ ਪਰਮੇਸ਼ੁਰ ਨੂੰ ਸਾਡਾ ਫ਼ਿਕਰ ਹੈ?
• ਜ਼ਿੰਦਗੀ ਦਾ ਕੀ ਮਕਸਦ ਹੈ?
• ਮਰਨ ਤੋਂ ਬਾਅਦ ਕੀ ਹੁੰਦਾ ਹੈ?
• ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੀਆਂ ਕਿਹੜੀਆਂ ਖੂਬੀਆਂ ਤੁਹਾਨੂੰ ਚੰਗੀਆਂ ਲੱਗੀਆਂ?
[ਸਫ਼ਾ 22 ਉੱਤੇ ਤਸਵੀਰਾਂ]
ਬਾਈਬਲ ਸਿਖਾਉਂਦੀ ਹੈ ਕਿ ਛੇਤੀ ਹੀ ਦੁੱਖ-ਤਕਲੀਫ਼ਾਂ ਖ਼ਤਮ ਕੀਤੀਆਂ ਜਾਣਗੀਆਂ
[ਕ੍ਰੈਡਿਟ ਲਾਈਨਾਂ]
ਉੱਪਰ ਸੱਜੇ, ਬੱਚੀ: © Bruno Morandi/age fotostock; ਖੱਬੇ, ਤੀਵੀਂ: AP Photo/Gemunu Amarasinghe; ਹੇਠਾਂ ਸੱਜੇ, ਸ਼ਰਨਾਰਥੀ: © Sven Torfinn/Panos Pictures
[ਸਫ਼ਾ 23 ਉੱਤੇ ਤਸਵੀਰ]
ਧਰਮੀ ਲੋਕ ਧਰਤੀ ਉੱਤੇ ਫਿਰਦੌਸ ਵਿਚ ਸਦਾ ਲਈ ਰਹਿਣਗੇ