‘ਪੱਥਰਾਂ ਦੇ ਘਰ’ ਦੇ ਵਸਨੀਕਾਂ ਦੀ ਅਧਿਆਤਮਿਕ ਤਰੱਕੀ
ਅਫ਼ਰੀਕਾ ਦੇ ਇਕ ਦੇਸ਼ ਦੇ ਨਾਂ ਦਾ ਮਤਲਬ ਹੈ “ਪੱਥਰਾਂ ਦਾ ਘਰ।” ਇਹ ਦੇਸ਼ ਵਿਕਟੋਰੀਆ ਫਾਲਜ਼ ਨਾਂ ਦੇ ਝਰਨੇ ਅਤੇ ਜੰਗਲੀ ਜੀਵਾਂ ਕਰ ਕੇ ਦੁਨੀਆਂ ਭਰ ਵਿਚ ਮਸ਼ਹੂਰ ਹੈ। ਇੱਥੇ ਸਹਾਰਾ ਰੇਗਿਸਤਾਨ ਦੇ ਦੱਖਣ ਵੱਲ ਹਜ਼ਾਰਾਂ ਸਾਲ ਪਹਿਲਾਂ ਇਨਸਾਨ ਦੇ ਹੱਥਾਂ ਦੀਆਂ ਬਣਾਈਆਂ ਵੱਡੀਆਂ-ਵੱਡੀਆਂ ਇਮਾਰਤਾਂ ਦੇ ਖੰਡਰ ਅਜੇ ਵੀ ਹਨ। ਇਸ ਦੇਸ਼ ਦੇ ਵਿਚਕਾਰ ਇਕ ਵੱਡਾ ਪਥਰੀਲਾ ਪਠਾਰ ਹੈ। ਪਠਾਰੀ ਇਲਾਕੇ ਵਿਚ ਮੌਸਮ ਸੁਖਾਵਾਂ ਹੋਣ ਕਰਕੇ ਪੂਰਾ ਇਲਾਕਾ ਹਰਿਆ-ਭਰਿਆ ਰਹਿੰਦਾ ਹੈ। ਇਹ ਦੇਸ਼ ਹੈ ਜ਼ਿਮਬਾਬਵੇ ਜਿਸ ਵਿਚ ਇਕ ਕਰੋੜ ਵੀਹ ਲੱਖ ਲੋਕ ਰਹਿੰਦੇ ਹਨ।
ਜ਼ਿਮਬਾਬਵੇ ਨੂੰ “ਪੱਥਰਾਂ ਦਾ ਘਰ” ਕਿਉਂ ਕਿਹਾ ਜਾਂਦਾ ਹੈ? 1867 ਵਿਚ ਐਡਮ ਰੈਂਡਰਸ ਨਾਂ ਦੇ ਇਕ ਸ਼ਿਕਾਰੀ ਤੇ ਖੋਜੀ ਨੂੰ ਪੱਥਰਾਂ ਨਾਲ ਬਣੀਆਂ ਇਮਾਰਤਾਂ ਦੇ ਵੱਡੇ ਖੰਡਰ ਲੱਭੇ ਜੋ 1,800 ਏਕੜ ਦੇ ਇਲਾਕੇ ਵਿਚ ਫੈਲੇ ਹੋਏ ਸਨ। ਅਫ਼ਰੀਕਾ ਦੇ ਜੰਗਲੀ ਇਲਾਕਿਆਂ ਵਿੱਚੋਂ ਦੀ ਸਫ਼ਰ ਕਰਦਿਆਂ ਉਸ ਨੇ ਦੇਖਿਆ ਸੀ ਕਿ ਜ਼ਿਆਦਾਤਰ ਲੋਕ ਗਾਰੇ, ਥੰਮ੍ਹੀਆਂ ਤੇ ਘਾਹ ਨਾਲ ਬਣੀਆਂ ਝੁੱਗੀਆਂ ਵਿਚ ਹੀ ਰਹਿੰਦੇ ਸਨ। ਪਰ ਇਕ ਜਗ੍ਹਾ ਆ ਕੇ ਉਸ ਨੇ ਪੱਥਰਾਂ ਦੇ ਬਣੇ ਇਕ ਵੱਡੇ ਸ਼ਹਿਰ ਦੇ ਖੰਡਰ ਦੇਖੇ ਜਿਸ ਨੂੰ ਅੱਜ ਗ੍ਰੇਟ ਜ਼ਿਮਬਾਬਵੇ ਕਿਹਾ ਜਾਂਦਾ ਹੈ।
ਇਹ ਖੰਡਰ ਮੌਸਵਿੰਗੋ ਨਾਂ ਦੇ ਸ਼ਹਿਰ ਦੇ ਦੱਖਣ ਵੱਲ ਪਾਏ ਜਾਂਦੇ ਹਨ। ਖੰਡਰਾਂ ਵਿਚ ਕੁਝ ਕੰਧਾਂ 30 ਫੁੱਟ (9 ਮੀਟਰ) ਉੱਚੀਆਂ ਹਨ ਤੇ ਇਹ ਗ੍ਰੇਨਾਈਟ ਪੱਥਰਾਂ ਦੀਆਂ ਇੱਟਾਂ ਨਾਲ ਬਣਾਈਆਂ ਗਈਆਂ ਹਨ। ਰੱਦੇ ਲਾਉਣ ਲਈ ਗਾਰੇ ਜਾਂ ਚੂਨੇ ਵਗੈਰਾ ਦਾ ਇਸਤੇਮਾਲ ਨਹੀਂ ਕੀਤਾ ਗਿਆ। ਖੰਡਰਾਂ ਦੇ ਅੰਦਰ ਹੀ ਕੋਨ ਦੀ ਸ਼ਕਲ ਦਾ ਇਕ ਅਨੋਖਾ ਬੁਰਜ ਹੈ ਜਿਸ ਦੀ ਉਚਾਈ ਤਕਰੀਬਨ 35 ਫੁੱਟ (11 ਮੀਟਰ) ਹੈ ਅਤੇ ਘੇਰਾ 20 ਫੁੱਟ (6 ਮੀਟਰ)। ਇਹ ਨਹੀਂ ਪਤਾ ਕਿ ਇਸ ਨੂੰ ਕਿਉਂ ਬਣਾਇਆ ਗਿਆ ਸੀ। ਇਹ ਖੰਡਰ ਲਗਭਗ 1,200 ਸਾਲਾਂ ਤੋਂ ਜ਼ਿਆਦਾ ਪੁਰਾਣੇ ਹਨ, ਪਰ ਜ਼ਾਹਰ ਹੈ ਕਿ ਸੈਂਕੜੇ ਵਰ੍ਹੇ ਪਹਿਲਾਂ ਵੀ ਇੱਥੇ ਲੋਕ ਵਸਦੇ ਸਨ।
1980 ਵਿਚ ਬ੍ਰਿਟੇਨ ਤੋਂ ਆਜ਼ਾਦੀ ਮਿਲਣ ਤਕ ਇਹ ਦੇਸ਼ ਰੋਡੇਸ਼ੀਆ ਨਾਂ ਤੋਂ ਜਾਣਿਆ ਜਾਂਦਾ ਸੀ, ਪਰ ਹੁਣ ਇਸ ਨੂੰ ਜ਼ਿਮਬਾਬਵੇ ਕਿਹਾ ਜਾਂਦਾ ਹੈ। ਇਸ ਦੇ ਵਸਨੀਕ ਦੋ ਨਸਲੀ ਕਬੀਲਿਆਂ ਤੋਂ ਹਨ, ਇਕ ਸ਼ੋਨਾ ਤੇ ਦੂਜਾ ਨਡੇਬੇਲੇ, ਪਰ ਸ਼ੋਨਾ ਲੋਕਾਂ ਦੀ ਗਿਣਤੀ ਜ਼ਿਆਦਾ ਹੈ। ਇੱਥੇ ਲੋਕ ਪਰਾਹੁਣਾਚਾਰ ਹਨ ਜਿਵੇਂ ਯਹੋਵਾਹ ਦੇ ਗਵਾਹਾਂ ਨੇ ਘਰ-ਘਰ ਪ੍ਰਚਾਰ ਕਰਦਿਆਂ ਦੇਖਿਆ ਹੈ। ਕਦੇ-ਕਦੇ ਤਾਂ ਇਹ ਪੁੱਛਣ ਤੋਂ ਪਹਿਲਾਂ ਕਿ ਦਰਵਾਜ਼ਾ ਖੜਕਾਉਣ ਵਾਲਾ ਕੌਣ ਹੈ, ਘਰ ਦਾ ਮਾਲਕ ਝੱਟ ਅੰਦਰ ਬੁਲਾ ਲੈਂਦਾ ਹੈ, “ਅੰਦਰ ਲੰਘ ਆਓ।” ਜ਼ਿਮਬਾਬਵੇ ਦੇ ਲੋਕਾਂ ਦੇ ਦਿਲਾਂ ਵਿਚ ਬਾਈਬਲ ਲਈ ਸ਼ਰਧਾ ਹੈ ਜਿਸ ਦੀ ਚਰਚਾ ਕਰਦੇ ਸਮੇਂ ਉਹ ਹਮੇਸ਼ਾ ਆਪਣੇ ਬੱਚਿਆਂ ਨੂੰ ਨਾਲ ਬੈਠਾ ਕੇ ਧਿਆਨ ਨਾਲ ਸੁਣਨ ਲਈ ਕਹਿੰਦੇ ਹਨ।
ਦਿਲਾਸੇ ਵਾਲਾ ਸੰਦੇਸ਼
ਮੀਡੀਆ ਆਮ ਤੌਰ ਤੇ ਜ਼ਿਮਬਾਬਵੇ ਦਾ ਸੰਬੰਧ “ਏਡਜ਼” ਤੇ “ਸੋਕਿਆਂ” ਨਾਲ ਜੋੜਦਾ ਹੈ। ਅਫ਼ਰੀਕਾ ਦੇ ਦੱਖਣੀ ਇਲਾਕੇ ਦੇ ਲੋਕ ਏਡਜ਼ ਦੇ ਸ਼ਿਕੰਜੇ ਵਿਚ ਫਸੇ ਹੋਏ ਹਨ ਤੇ ਉਨ੍ਹਾਂ ਦੀ ਆਰਥਿਕ ਦਸ਼ਾ ਮਾੜੀ ਹੈ। ਇੱਥੇ ਹਸਪਤਾਲਾਂ ਵਿਚ ਦਾਖ਼ਲ ਕੀਤੇ ਜਾਂਦੇ ਜ਼ਿਆਦਾਤਰ ਮਰੀਜ਼ ਆਮ ਤੌਰ ਤੇ ਐੱਚ. ਆਈ. ਵੀ. ਨਾਲ ਪੀੜਿਤ ਹੁੰਦੇ ਹਨ। ਇਸ ਬੀਮਾਰੀ ਨੇ ਘਰਾਂ ਦੇ ਘਰ ਉਜਾੜ ਦਿੱਤੇ ਹਨ।
ਯਹੋਵਾਹ ਦੇ ਗਵਾਹ ਜ਼ਿਮਬਾਬਵੇ ਦੇ ਵਸਨੀਕਾਂ ਦੀ ਮਦਦ ਕਰਨ ਲਈ ਜ਼ੋਰ-ਸ਼ੋਰ ਨਾਲ ਇਸ ਗੱਲ ਦਾ ਪ੍ਰਚਾਰ ਕਰ ਰਹੇ ਹਨ ਕਿ ਬਿਹਤਰ ਜ਼ਿੰਦਗੀ ਬਾਈਬਲ ਵਿਚ ਦੱਸੇ ਪਰਮੇਸ਼ੁਰ ਦੇ ਮਿਆਰਾਂ ਤੇ ਚੱਲ ਕੇ ਹੀ ਹਾਸਲ ਹੁੰਦੀ ਹੈ। ਮਿਸਾਲ ਲਈ, ਬਾਈਬਲ ਕਹਿੰਦੀ ਹੈ ਕਿ ਸਿਰਫ਼ ਸ਼ਾਦੀ-ਸ਼ੁਦਾ ਲੋਕਾਂ ਨੂੰ ਹੀ ਜਿਨਸੀ ਸੰਬੰਧ ਮਾਣਨ ਦਾ ਅਧਿਕਾਰ ਹੈ, ਪਰਮੇਸ਼ੁਰ ਸਮਲਿੰਗੀ ਸੰਬੰਧਾਂ ਨੂੰ ਮਨ੍ਹਾ ਕਰਦਾ ਹੈ, ਨਾਲੇ ਯਹੋਵਾਹ ਦੇ ਕਾਨੂੰਨ ਖ਼ੂਨ ਲੈਣ ਅਤੇ ਨਸ਼ਿਆਂ ਦੀ ਵਰਤੋਂ ਕਰਨ ਤੋਂ ਵਰਜਦੇ ਹਨ। (ਰਸੂਲਾਂ ਦੇ ਕਰਤੱਬ 15:28, 29; ਰੋਮੀਆਂ 1:24-27; 1 ਕੁਰਿੰਥੀਆਂ 7:2-5; 2 ਕੁਰਿੰਥੀਆਂ 7:1) ਗਵਾਹ ਇਸ ਪੱਕੀ ਉਮੀਦ ਦਾ ਵੀ ਪ੍ਰਚਾਰ ਕਰਦੇ ਹਨ ਕਿ ਜਲਦੀ ਹੀ ਪਰਮੇਸ਼ੁਰ ਦਾ ਰਾਜ ਸਾਰੀਆਂ ਬੀਮਾਰੀਆਂ ਹਟਾ ਦੇਵੇਗਾ।—ਯਸਾਯਾਹ 33:24.
ਰਾਸ਼ਣ-ਪਾਣੀ ਦਾ ਪ੍ਰਬੰਧ
ਪਿੱਛਲੇ ਦਸ-ਕੁ ਸਾਲਾਂ ਤੋਂ ਸੋਕਾ ਜ਼ਿਮਬਾਬਵੇ ਉੱਤੇ ਕਹਿਰ ਵਰ੍ਹਾ ਰਿਹਾ ਹੈ। ਜੰਗਲੀ ਜਾਨਵਰ ਭੁੱਖੇ-ਪਿਆਸੇ ਮਰ ਰਹੇ ਹਨ। ਪਾਲਤੂ ਪਸ਼ੂ ਵੀ ਹਜ਼ਾਰਾਂ ਦੀ ਗਿਣਤੀ ਵਿਚ ਮਾਰੇ ਗਏ ਹਨ। ਸੋਕੇ ਕਰਕੇ ਲੱਗੀ ਅੱਗ ਨੇ ਜੰਗਲਾਂ ਦੇ ਜੰਗਲ ਸਾੜ ਕੇ ਸੁਆਹ ਕਰ ਦਿੱਤੇ ਹਨ। ਕੀ ਨਿਆਣੇ ਕੀ ਸਿਆਣੇ ਹਜ਼ਾਰਾਂ ਹੀ ਲੋਕ ਭੁੱਖ ਨੇ ਨਿਗਲ ਲਏ ਹਨ। ਜ਼ੈਂਬੇਜ਼ੀ ਨਾਂ ਦੇ ਵੱਡੇ ਦਰਿਆ ਦਾ ਪਾਣੀ ਵੀ ਇੰਨਾ ਘੱਟ ਗਿਆ ਸੀ ਕਿ ਬਿਜਲੀ ਘਰ ਵੀ ਬੰਦ ਹੋਣ ਦੇ ਖ਼ਤਰੇ ਵਿਚ ਸਨ।
ਇਸ ਕਹਿਰ ਦਾ ਸਾਮ੍ਹਣਾ ਕਰਦਿਆਂ ਯਹੋਵਾਹ ਦੇ ਗਵਾਹਾਂ ਨੇ ਦੇਸ਼ ਦੇ ਵੱਖੋ-ਵੱਖ ਇਲਾਕਿਆਂ ਵਿਚ ਅੱਠ ਸਹਾਇਤਾ ਕਮੇਟੀਆਂ ਸਥਾਪਿਤ ਕੀਤੀਆਂ। ਭਰਾਵਾਂ ਦੀਆਂ ਜ਼ਰੂਰਤਾਂ ਪਤਾ ਕਰਨ ਲਈ ਸਰਕਟ ਓਵਰਸੀਅਰ ਕਲੀਸਿਯਾਵਾਂ ਨੂੰ ਮਿਲਣ ਗਏ। ਉਨ੍ਹਾਂ ਨੇ ਭਰਾਵਾਂ ਦੇ ਹਾਲਾਤਾਂ ਬਾਰੇ ਪੂਰੀ ਜਾਣਕਾਰੀ ਇਕੱਠੀ ਕਰ ਕੇ ਸਹਾਇਤਾ ਕਮੇਟੀਆਂ ਨੂੰ ਦਿੱਤੀ। ਇਕ ਓਵਰਸੀਅਰ ਨੇ ਕਿਹਾ ਕਿ “ਪਿਛਲੇ ਪੰਜਾਂ ਸਾਲਾਂ ਦੌਰਾਨ ਅਸੀਂ ਇਕ ਹਜ਼ਾਰ ਟਨ ਮੱਕੀ, ਦਸ ਟਨ ਸੁਕਾਈਆਂ ਮੱਛੀਆਂ ਨਾਲੇ ਦਸ ਟਨ ਅਨਾਜ ਵੰਡਿਆ। ਭੈਣਾਂ-ਭਰਾਵਾਂ ਨੇ ਦੋ ਟਨ ਸਬਜ਼ੀਆਂ ਦਾ ਪ੍ਰਬੰਧ ਕੀਤਾ। ਅਸੀਂ ਲੋੜਵੰਦਾਂ ਨੂੰ ਢੇਰ ਸਾਰੇ ਦਾਨ ਕੀਤੇ ਕੱਪੜਿਆਂ ਤੋਂ ਇਲਾਵਾ ਪੈਸੇ ਵੀ ਦਿੱਤੇ।” ਇਕ ਹੋਰ ਓਵਰਸੀਅਰ ਨੇ ਕਿਹਾ: “ਅਸੀਂ ਬੜੀ ਮੁਸ਼ਕਲ ਨਾਲ ਜ਼ਿਮਬਾਬਵੇ ਤੇ ਦੱਖਣੀ ਅਫ਼ਰੀਕਾ ਦੀਆਂ ਸਰਕਾਰਾਂ ਤੋਂ ਪਰਮਿਟਾਂ ਲੈ ਕੇ ਰਾਸ਼ਣ-ਪਾਣੀ ਤੇ ਹੋਰ ਸਮਾਨ ਇੱਥੇ ਲਿਆ ਸਕੇ। ਇਹ ਜ਼ਰੂਰੀ ਸਮਾਨ ਢੋਹਣ ਲਈ ਪਟਰੋਲ ਤੇ ਡੀਜ਼ਲ ਮਿਲਣਾ ਬਹੁਤ ਮੁਸ਼ਕਲ ਸੀ। ਫਿਰ ਵੀ ਭੈਣਾਂ-ਭਰਾਵਾਂ ਤਕ ਲੋੜੀਂਦੀਆਂ ਚੀਜ਼ਾਂ ਪਹੁੰਚੀਆਂ। ਇਸ ਕਰਕੇ ਯਿਸੂ ਦੀ ਇਸ ਗੱਲ ਤੇ ਮੇਰਾ ਭਰੋਸਾ ਪੱਕਾ ਹੋ ਗਿਆ ਹੈ ਕਿ ਸਾਡਾ ਪਿਆਰਾ ਪਰਮੇਸ਼ੁਰ ਯਹੋਵਾਹ ਸਾਡੀਆਂ ਸਾਰੀਆਂ ਲੋੜਾਂ ਜ਼ਰੂਰ ਪੂਰੀਆਂ ਕਰੇਗਾ।”—ਮੱਤੀ 6:32.
ਸੋਕੇ ਦੀ ਮਾਰ ਹੇਠ ਆਏ ਇਲਾਕਿਆਂ ਵਿਚ ਸਰਕਟ ਓਵਰਸੀਅਰ ਆਪਣਾ ਗੁਜ਼ਾਰਾ ਕਿੱਦਾਂ ਕਰਦੇ ਹਨ? ਉਹ ਖ਼ੁਦ ਆਪਣੇ ਲਈ ਹੀ ਨਹੀਂ, ਸਗੋਂ ਉਨ੍ਹਾਂ ਪਰਿਵਾਰਾਂ ਲਈ ਵੀ ਭੋਜਨ ਨਾਲ ਲੈ ਕੇ ਜਾਂਦੇ ਹਨ ਜਿਨ੍ਹਾਂ ਨਾਲ ਉਹ ਰਹਿੰਦੇ ਹਨ। ਇਕ ਸਰਕਟ ਓਵਰਸੀਅਰ ਨੇ ਦੱਸਿਆ ਕਿ ਇਕ ਇਲਾਕੇ ਵਿਚ ਸਰਕਾਰ ਵੱਲੋਂ ਰਾਸ਼ਨ ਤੇ ਹੋਰ ਸਾਮਾਨ ਆਉਣ ਵਾਲਾ ਸੀ। ਕੁਝ ਮਸੀਹੀ ਭੈਣਾਂ ਇਸ ਗੱਲ ਤੇ ਬਹਿਸ ਕਰ ਰਹੀਆਂ ਸਨ ਕਿ ਉਹ ਸਾਮਾਨ ਲੈਣ ਲਈ ਲਾਈਨ ਵਿਚ ਲੱਗਣ ਜਾਂ ਫਿਰ ਉਸ ਦਿਨ ਪ੍ਰਚਾਰ ਕਰਨ ਜਾਣ। ਉਨ੍ਹਾਂ ਨੇ ਪ੍ਰਚਾਰ ਵਿਚ ਜਾਣ ਦਾ ਫ਼ੈਸਲਾ ਕੀਤਾ ਅਤੇ ਯਹੋਵਾਹ ਤੇ ਭਰੋਸਾ ਰੱਖਦਿਆਂ ਸਾਰਾ ਕੁਝ ਉਸ ਤੇ ਛੱਡ ਦਿੱਤਾ। ਉਸ ਦਿਨ ਸਰਕਾਰ ਵੱਲੋਂ ਕੋਈ ਟਰੱਕ ਸਾਮਾਨ ਲੈ ਕੇ ਨਹੀਂ ਆਇਆ।
ਅਗਲੇ ਦਿਨ ਕਲੀਸਿਯਾ ਦੀ ਸਭਾ ਸੀ, ਫਿਰ ਇਨ੍ਹਾਂ ਭੈਣਾਂ ਸਾਮ੍ਹਣੇ ਇਹੀ ਸਵਾਲ ਖੜ੍ਹਾ ਸੀ। ਕੀ ਉਹ ਸਭਾ ਵਿਚ ਜਾਣ ਜਾਂ ਫਿਰ ਟਰੱਕ ਦੇ ਆਉਣ ਦੀ ਉਡੀਕ ਕਰਨ? ਉਨ੍ਹਾਂ ਨੇ ਜ਼ਰੂਰੀ ਗੱਲਾਂ ਨੂੰ ਪਹਿਲ ਦਿੰਦਿਆਂ ਸਭਾ ਵਿਚ ਜਾਣ ਦਾ ਫ਼ੈਸਲਾ ਕੀਤਾ। (ਮੱਤੀ 6:33) ਜਦੋਂ ਉਹ ਸਭਾ ਦਾ ਅਖ਼ੀਰਲਾ ਗੀਤ ਗਾ ਰਹੀਆਂ ਸਨ, ਤਾਂ ਉਨ੍ਹਾਂ ਨੇ ਇਕ ਟਰੱਕ ਦੇ ਆਉਣ ਦੀ ਆਵਾਜ਼ ਸੁਣੀ। ਖਾਣ-ਪੀਣ ਦਾ ਸਾਮਾਨ ਤੇ ਹੋਰ ਚੀਜ਼ਾਂ ਉਨ੍ਹਾਂ ਦੇ ਕਿੰਗਡਮ ਹਾਲ ਵਿਚ ਹੀ ਪਹੁੰਚ ਗਈਆਂ ਸਨ। ਉਨ੍ਹਾਂ ਦੇ ਮਸੀਹੀ ਭੈਣਾਂ-ਭਰਾਵਾਂ ਨੇ ਇਹ ਸਭ ਚੀਜ਼ਾਂ ਘੱਲੀਆਂ ਸਨ। ਸਾਰੀਆਂ ਚੀਜ਼ਾਂ ਦੇਖ ਕੇ ਸਭਾ ਵਿਚ ਆਏ ਵਫ਼ਾਦਾਰ ਗਵਾਹਾਂ ਕੋਲੋਂ ਆਪਣੀ ਖ਼ੁਸ਼ੀ ਸੰਭਾਲੀ ਨਹੀਂ ਜਾ ਰਹੀ ਸੀ।
ਮਸੀਹੀ ਪਿਆਰ ਦੀ ਮਿਸਾਲ
ਦੂਸਰਿਆਂ ਉੱਤੇ ਦਇਆ ਕਰਨ ਨਾਲ ਵੀ ਗਵਾਹੀ ਦੇਣ ਦੇ ਵਧੀਆ ਮੌਕੇ ਮਿਲਦੇ ਹਨ। ਮੌਸਵਿੰਗੋ ਇਲਾਕੇ ਵਿਚ ਇਕ ਸਰਕਟ ਓਵਰਸੀਅਰ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕਰ ਰਿਹਾ ਸੀ। ਉਸ ਨੇ ਸੜਕ ਤੇ ਇਕ ਕੁੜੀ ਪਈ ਦੇਖੀ। ਉਹ ਇੰਨੀ ਬੀਮਾਰ ਸੀ ਕਿ ਉਸ ਦੀ ਆਵਾਜ਼ ਥਰਥਰਾ ਰਹੀ ਸੀ ਤੇ ਬੋਲ ਨਹੀਂ ਪਾ ਰਹੀ ਸੀ। ਕੁੜੀ ਦਾ ਨਾਂ ਸੀ ਹਾਮੁੰਯਾਰੀ ਜਿਸ ਦਾ ਸ਼ੌਨਾ ਭਾਸ਼ਾ ਵਿਚ ਮਤਲਬ ਹੈ, ‘ਕੀ ਤੁਹਾਨੂੰ ਸ਼ਰਮ ਨਹੀਂ ਹੈ।’ ਭੈਣਾਂ-ਭਰਾਵਾਂ ਨੂੰ ਪਤਾ ਚੱਲਿਆ ਕਿ ਉਸ ਦੇ ਚਰਚ ਦੇ ਮੈਂਬਰਾਂ ਨੇ ਉਸ ਨੂੰ ਸੜਕ ਤੇ ਹੀ ਮਰਨ ਲਈ ਛੱਡ ਦਿੱਤਾ ਸੀ ਜਦ ਕਿ ਉਹ ਪਹਾੜ ਤੇ ਬਣੇ ਇਕ ਚਰਚ ਵਿਚ ਭਗਤੀ ਕਰਨ ਚਲੇ ਗਏ ਸਨ। ਭੈਣ-ਭਰਾ ਬੜੇ ਪਿਆਰ ਨਾਲ ਉਸ ਨੂੰ ਲਾਗਲੇ ਪਿੰਡ ਲੈ ਗਏ।
ਉਸ ਪਿੰਡ ਦੇ ਕੁਝ ਲੋਕ ਹਾਮੁੰਯਾਰੀ ਨੂੰ ਜਾਣਦੇ ਸਨ ਸੋ ਉਨ੍ਹਾਂ ਨੇ ਉਸ ਦੇ ਰਿਸ਼ਤੇਦਾਰਾਂ ਨੂੰ ਸੱਦ ਘੱਲਿਆ ਕਿ ਉਹ ਆਣ ਕੇ ਉਸ ਨੂੰ ਘਰ ਲੈ ਜਾਣ। ਪਿੰਡ ਦੇ ਲੋਕਾਂ ਨੇ ਗਵਾਹਾਂ ਬਾਰੇ ਕਿਹਾ: “ਉਨ੍ਹਾਂ ਦਾ ਧਰਮ ਸੱਚਾ ਹੈ। ਮਸੀਹੀਆਂ ਨੂੰ ਇਸ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ।” (ਯੂਹੰਨਾ 13:35) ਜਾਣ ਤੋਂ ਪਹਿਲਾਂ ਭਰਾਵਾਂ ਨੇ ਹਾਮੁੰਯਾਰੀ ਨੂੰ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ?a ਟ੍ਰੈਕਟ ਦਿੱਤਾ।
ਅਗਲੇ ਹਫ਼ਤੇ ਉਹ ਓਵਰਸੀਅਰ ਉਸੇ ਪਿੰਡ ਦੀ ਕਲੀਸਿਯਾ ਦੇ ਦੌਰੇ ਤੇ ਗਿਆ ਜਿੱਥੇ ਹਾਮੁੰਯਾਰੀ ਰਹਿੰਦੀ ਹੈ। ਉਹ ਉਸ ਦਾ ਹਾਲ-ਚਾਲ ਜਾਣਨ ਲਈ ਉਸ ਦੇ ਪਰਿਵਾਰ ਨੂੰ ਮਿਲਣ ਗਿਆ। ਸਾਰਾ ਪਰਿਵਾਰ ਉਸ ਨੂੰ ਤੇ ਉੱਥੇ ਦੇ ਭੈਣਾਂ-ਭਰਾਵਾਂ ਨੂੰ ਮਿਲ ਕੇ ਬਹੁਤ ਖ਼ੁਸ਼ ਹੋਇਆ। ਉਸ ਦੇ ਮਾਪਿਆਂ ਨੇ ਉਸ ਨੂੰ ਕਿਹਾ: “ਤੁਸੀਂ ਸਾਡੀ ਧੀ ਦੀ ਜਾਨ ਬਚਾਈ ਹੈ। ਉਸ ਨੂੰ ਤਾਂ ਸੜਕ ਤੇ ਮਰਨ ਲਈ ਛੱਡ ਦਿੱਤਾ ਗਿਆ ਸੀ।” ਉਨ੍ਹਾਂ ਨੇ ਚਰਚ ਦੇ ਮੈਂਬਰਾਂ ਤੋਂ ਪੁੱਛਿਆ: “ਇਸ ਨੂੰ ਸੜਕ ਤੇ ਮਰਦੀ ਛੱਡ ਕੇ ਤੁਹਾਨੂੰ ਸ਼ਰਮ ਨਹੀਂ ਆਈ?” ਭੈਣਾਂ-ਭਰਾਵਾਂ ਨੇ ਹਾਮੁੰਯਾਰੀ ਦੇ ਪਰਿਵਾਰ ਨਾਲ ਬਾਈਬਲ ਬਾਰੇ ਗੱਲਾਂ ਕੀਤੀਆਂ ਤੇ ਉਨ੍ਹਾਂ ਨੂੰ ਪੁਸਤਕਾਂ-ਰਸਾਲੇ ਦਿੱਤੇ। ਉਨ੍ਹਾਂ ਨੇ ਭੈਣਾਂ-ਭਰਾਵਾਂ ਨੂੰ ਵਾਪਸ ਆਣ ਕੇ ਉਨ੍ਹਾਂ ਨਾਲ ਬਾਈਬਲ ਦੀ ਸਟੱਡੀ ਕਰਨ ਲਈ ਕਿਹਾ। ਪਹਿਲਾਂ ਉਨ੍ਹਾਂ ਵਿੱਚੋਂ ਕੁਝ ਜਣੇ ਗਵਾਹਾਂ ਨੂੰ ਪਸੰਦ ਨਹੀਂ ਕਰਦੇ ਸਨ, ਪਰ ਹੁਣ ਉਨ੍ਹਾਂ ਨੇ ਆਪਣਾ ਵਿਚਾਰ ਬਦਲ ਲਿਆ। ਹਾਮੁੰਯਾਰੀ ਦਾ ਜੀਜਾ ਉਸ ਇਲਾਕੇ ਵਿਚ ਚਰਚ ਦਾ ਲੀਡਰ ਸੀ ਤੇ ਹੁਣ ਉਹ ਬਾਈਬਲ ਸਟੱਡੀ ਕਰਦਾ ਹੈ।
ਕਿੰਗਡਮ ਹਾਲ ਉਸਾਰਨੇ
ਬਹੁਤ ਸਮਾਂ ਪਹਿਲਾਂ ਪਰਮੇਸ਼ੁਰ ਤੋਂ ਪ੍ਰੇਰਿਤ ਹੋਏ ਇਕ ਕਵੀ ਨੇ ਲਿਖਿਆ: “ਹੇ ਪਰਮੇਸ਼ੁਰ, . . . ਮੇਰੀ ਜਾਨ ਤੇਰੀ ਤਿਹਾਈ ਹੈ, . . . ਸੁੱਕੀ ਅਤੇ ਬੰਜਰ ਧਰਤੀ ਵਿੱਚ ਜਿੱਥੇ ਪਾਣੀ ਨਹੀਂ ਹੈ।” (ਜ਼ਬੂਰਾਂ ਦੀ ਪੋਥੀ 63:1) ਜ਼ਿਮਬਾਬਵੇ ਦੇ ਲੋਕਾਂ ਉੱਤੇ ਇਹ ਗੱਲ ਕਿੰਨੀ ਢੁਕਦੀ ਹੈ! ਉਨ੍ਹਾਂ ਨੂੰ ਸੋਕੇ ਦੀ ਮਾਰ ਤਾਂ ਝੱਲਣੀ ਹੀ ਪੈਂਦੀ ਹੈ, ਨਾਲ ਦੀ ਨਾਲ ਉਹ ਪਰਮੇਸ਼ੁਰ ਦੇ ਸ਼ਬਦ ਦੇ ਵੀ ਪਿਆਸੇ ਹਨ। ਤੁਸੀਂ ਗਵਾਹਾਂ ਦੀ ਪ੍ਰਚਾਰ ਸੇਵਾ ਤੋਂ ਇਹ ਗੱਲ ਦੇਖ ਸਕਦੇ ਹੋ। 1980 ਵਿਚ ਜਦੋਂ ਜ਼ਿਮਬਾਬਵੇ ਆਜ਼ਾਦ ਹੋਇਆ ਸੀ, ਤਾਂ ਉੱਥੇ 476 ਕਲੀਸਿਯਾਵਾਂ ਵਿਚ 10,000 ਭੈਣ-ਭਰਾ ਸੇਵਾ ਕਰ ਰਹੇ ਸਨ। ਹੁਣ 27 ਸਾਲਾਂ ਬਾਅਦ, ਕਲੀਸਿਯਾਵਾਂ ਦੀ ਗਿਣਤੀ ਦੁਗਣੀ ਤੇ ਭੈਣਾਂ-ਭਰਾਵਾਂ ਦੀ ਗਿਣਤੀ ਤਿੱਗੁਣੀ ਹੋ ਗਈ ਹੈ।
ਇਨ੍ਹਾਂ ਵਿੱਚੋਂ ਥੋੜ੍ਹੀਆਂ ਹੀ ਕਲੀਸਿਯਾਵਾਂ ਕੋਲ ਆਪਣੇ ਕਿੰਗਡਮ ਹਾਲ ਹੁੰਦੇ ਸਨ। ਜਨਵਰੀ 2001 ਵਿਚ 800 ਕਲੀਸਿਯਾਵਾਂ ਵਿੱਚੋਂ ਸਿਰਫ਼ 98 ਕੋਲ ਸਭਾਵਾਂ ਕਰਨ ਲਈ ਆਪਣੇ ਕਿੰਗਡਮ ਹਾਲ ਯਾਨੀ ਭਗਤੀ ਦੇ ਭਵਨ ਸਨ। ਕਈ ਕਲੀਸਿਯਾਵਾਂ ਦਰਖ਼ਤਾਂ ਦੇ ਹੇਠ ਜਾਂ ਥੰਮ੍ਹੀਆਂ ਤੇ ਘਾਹ-ਫੂਸ ਦੇ ਬਣਾਏ ਛੱਪਰਾਂ ਹੇਠ ਸਭਾਵਾਂ ਕਰਦੇ ਸਨ।
ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਵੱਲੋਂ ਕੀਤੇ ਜਾਂਦੇ ਦਾਨ ਸਦਕਾ ਤੇ ਵਲੰਟੀਅਰਾਂ ਦੀ ਮਦਦ ਸਦਕਾ ਜ਼ਿਮਬਾਬਵੇ ਵਿਚ ਸਾਦੇ ਪਰ ਵਧੀਆ ਕਿੰਗਡਮ ਹਾਲਾਂ ਦੀ ਉਸਾਰੀ ਦਾ ਕੰਮ ਆਰੰਭਿਆ ਗਿਆ। ਬਾਹਰਲਿਆਂ ਦੇਸ਼ਾਂ ਤੋਂ ਕਈ ਹੁਨਰੀ ਗਵਾਹ ਆਪਣੇ ਕੰਮ-ਧੰਦੇ ਛੱਡ ਕੇ ਜ਼ਿਮਬਾਬਵੇ ਜਾਂਦੇ ਹਨ ਤੇ ਸਥਾਨਕ ਵਲੰਟੀਅਰ ਭੈਣਾਂ-ਭਰਾਵਾਂ ਨਾਲ ਮਿਲ ਕੇ ਕੰਮ ਕਰਦੇ ਹਨ। ਇਕ ਭਰਾ ਨੇ ਚਿੱਠੀ ਲਿਖ ਕੇ ਕਿਹਾ: “ਅਸੀਂ ਬਾਹਰਲੇ ਦੇਸ਼ੋਂ ਆਉਣ ਵਾਲੇ ਕਈਆਂ ਭੈਣਾਂ-ਭਰਾਵਾਂ ਦਾ ਧੰਨਵਾਦ ਕਰਦੇ ਹਾਂ ਜੋ ਜ਼ਿਮਬਾਬਵੇ ਆ ਕੇ ਸੋਹਣੇ ਕਿੰਗਡਮ ਹਾਲ ਬਣਾਉਣ ਵਿਚ ਸਾਡੀ ਮਦਦ ਕਰਦੇ ਹਨ। ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਕਿੰਗਡਮ ਹਾਲ ਫ਼ੰਡ ਲਈ ਦਾਨ ਦਿੰਦੇ ਹਨ।”
ਇਸ ਦੇਸ਼ ਦੇ ਪੂਰਬੀ ਹਿੱਸੇ ਵਿਚ ਭੈਣ-ਭਰਾ 50 ਸਾਲ ਇਕ ਬੋਬਾਬ ਦਰਖ਼ਤ ਦੇ ਹੇਠਾਂ ਸਭਾਵਾਂ ਲਈ ਮਿਲਦੇ ਰਹੇ। ਜਦੋਂ ਕਲੀਸਿਯਾ ਦੇ ਬਜ਼ੁਰਗਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਲਈ ਇਕ ਪੱਕਾ ਕਿੰਗਡਮ ਹਾਲ ਬਣਾਇਆ ਜਾ ਰਿਹਾ ਹੈ, ਤਾਂ ਉਨ੍ਹਾਂ ਵਿੱਚੋਂ ਕੁਝ ਜਣੇ ਖ਼ੁਸ਼ੀ ਦੇ ਹੰਝੂ ਨਹੀਂ ਰੋਕ ਸਕੇ। ਲਾਗੇ ਦੀ ਇਕ ਕਲੀਸਿਯਾ ਦੇ 91 ਸਾਲ ਦੇ ਇਕ ਬਜ਼ੁਰਗ ਨੇ ਕਿਹਾ: “ਮੈਂ ਯਹੋਵਾਹ ਮੋਹਰੇ ਤਰਲੇ ਕਰਦਾ ਹੁੰਦਾ ਸੀ ਕਿ ਸਾਡਾ ਵੀ ਆਪਣਾ ਕਿੰਗਡਮ ਹਾਲ ਹੋਵੇ।”
ਬਹੁਤ ਸਾਰੇ ਲੋਕ ਇਹ ਦੇਖ ਕੇ ਹੈਰਾਨ ਹਨ ਕਿ ਇਹ ਸੋਹਣੇ ਕਿੰਗਡਮ ਹਾਲ ਦਬਾਦਬ ਬਣੀ ਜਾ ਰਹੇ ਹਨ। ਇਕ ਬੰਦੇ ਨੇ ਕਿਹਾ: “ਤੁਸੀਂ ਦਿਨੇ ਫੱਟੇ ਚੱਕੀ ਜਾਂਦੇ ਹੋ, ਰੱਬ ਰਾਤ ਨੂੰ ਫੱਟੇ ਚੁੱਕੀ ਜਾਂਦਾ ਹੈ!” ਕਿੰਗਡਮ ਹਾਲ ਦੀ ਉਸਾਰੀ ਕਰ ਰਹੇ ਭੈਣਾਂ-ਭਰਾਵਾਂ ਦੀ ਏਕਤਾ ਤੇ ਸ਼ਾਂਤੀ ਵੀ ਦੂਜੇ ਲੋਕਾਂ ਤੋਂ ਲੁਕੀ ਹੋਈ ਨਹੀਂ ਹੈ। ਹੁਣ ਤਕ 350 ਨਵੇਂ ਕਿੰਗਡਮ ਹਾਲ ਬਣਾਏ ਜਾ ਚੁੱਕੇ ਹਨ। ਹੁਣ 534 ਕਲੀਸਿਯਾਵਾਂ ਪੱਕੇ ਕਿੰਗਡਮ ਹਾਲਾਂ ਵਿਚ ਮਿਲਦੀਆਂ ਹਨ।
ਜ਼ਿਮਬਾਬਵੇ ਵਿਚ ਜ਼ਰੂਰੀ ਅਧਿਆਤਮਿਕ ਉਸਾਰੀ ਹੋ ਰਹੀ ਹੈ। ਇਨ੍ਹਾਂ ਕਾਮਯਾਬੀਆਂ ਉੱਤੇ ਗੌਰ ਕਰ ਕੇ ਸਾਡਾ ਦਿਲ ਯਹੋਵਾਹ ਪਰਮੇਸ਼ੁਰ ਦੀ ਮਹਿਮਾ ਕਰਦਾ ਹੈ। ਆਓ ਆਪਾਂ ਯਾਦ ਰੱਖੀਏ ਕਿ “ਜੇ ਕਰ ਯਹੋਵਾਹ ਹੀ ਘਰ ਨਾ ਬਣਾਵੇ, ਤਾਂ ਉਸ ਦੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ।”—ਜ਼ਬੂਰਾਂ ਦੀ ਪੋਥੀ 127:1.
[ਫੁਟਨੋਟ]
a ਇਹ ਟ੍ਰੈਕਟ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਹੈ।
[ਸਫ਼ਾ 9 ਉੱਤੇ ਨਕਸ਼ੇ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਜ਼ਿਮਬਾਬਵੇ
ਹਰਾਰੇ
ਮੌਸਵਿੰਗੋ
ਗ੍ਰੇਟ ਜ਼ਿਮਬਾਬਵੇ
[ਸਫ਼ਾ 9 ਉੱਤੇ ਤਸਵੀਰ]
ਕੋਨ ਰੂਪ ਦਾ ਬੁਰਜ
[ਸਫ਼ਾ 12 ਉੱਤੇ ਤਸਵੀਰ]
ਕੌਨਸੈਸ਼ਨ ਕਲੀਸਿਯਾ ਦਾ ਨਵਾਂ ਕਿੰਗਡਮ ਹਾਲ
[ਸਫ਼ਾ 12 ਉੱਤੇ ਤਸਵੀਰ]
ਆਪਣੇ ਨਵੇਂ ਕਿੰਗਡਮ ਹਾਲ ਦੇ ਬਾਹਰ ਖੜ੍ਹੇ ਲਿੰਨਡੇਲ ਕਲੀਸਿਯਾ ਦੇ ਭੈਣ-ਭਰਾ
[ਸਫ਼ਾ 9 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]
Ruins with steps: ©Chris van der Merwe/AAI Fotostock/age fotostock; tower inset: ©Ingrid van den Berg/AAI Fotostock/age fotostock