ਯਿਸੂ ਦੁਬਾਰਾ ਆ ਕੇ ਕੀ ਕਰੇਗਾ?
“ਸਾਓ ਪੋਲੋ ਵਿਚ ਦਹਿਸ਼ਤ ਦਾ ਨੰਗਾ ਨਾਚ।” ਵੇਜ਼ਾ ਨਾਂ ਦੇ ਬ੍ਰਾਜ਼ੀਲੀ ਰਸਾਲੇ ਨੇ ਇਸ ਸੁਰਖੀ ਹੇਠ ਮਈ 2006 ਵਿਚ ਚਾਰ ਦਿਨਾਂ ਵਿਚ ਵਾਪਰੀਆਂ ਹਿੰਸਕ ਘਟਨਾਵਾਂ ਦੀ ਖ਼ਬਰ ਦਿੱਤੀ। ਜੁਰਮ ਦੀ ਦੁਨੀਆਂ ਦੇ ਕਰਤਿਆਂ-ਧਰਤਿਆਂ ਨੇ ਬ੍ਰਾਜ਼ੀਲ ਦੇ ਸਭ ਤੋਂ ਵੱਡੇ ਤੇ ਅਮੀਰ ਸ਼ਹਿਰ ਦੀਆਂ ਗੋਡਣੀਆਂ ਲਵਾ ਦਿੱਤੀਆਂ। ਸ਼ਹਿਰ ਵਿਚ “100 ਤੋਂ ਜ਼ਿਆਦਾ ਘੰਟਿਆਂ ਤਕ ਹੋਈ ਲੜਾਈ ਵਿਚ” ਤਕਰੀਬਨ 150 ਪੁਲਸ ਵਾਲੇ, ਅਪਰਾਧੀ ਤੇ ਆਮ ਸ਼ਹਿਰੀ ਮਾਰੇ ਗਏ।
ਤੁਸੀਂ ਦੁਨੀਆਂ ਦੀ ਜਿਹੜੀ ਮਰਜ਼ੀ ਅਖ਼ਬਾਰ ਪੜ੍ਹ ਲਓ, ਉਹ ਖ਼ੂਨ-ਖ਼ਰਾਬੇ ਦੀਆਂ ਖ਼ਬਰਾਂ ਨਾਲ ਭਰੀ ਹੋਈ ਹੋਵੇਗੀ। ਹਾਲਾਤ ਇਨਸਾਨੀ ਲੀਡਰਾਂ ਦੇ ਹੱਥਾਂ ਵਿੱਚੋਂ ਨਿਕਲ ਚੁੱਕੇ ਹਨ। ਦੁਨੀਆਂ ਵਿਚ ਜੀਣਾ ਦਿਨ-ਬ-ਦਿਨ ਖ਼ਤਰਨਾਕ ਹੁੰਦਾ ਜਾ ਰਿਹਾ ਹੈ। ਜਿੱਥੇ ਵੀ ਜਾਓ, ਬਸ ਬੁਰੀਆਂ ਖ਼ਬਰਾਂ ਹੀ ਸੁਣਨ ਨੂੰ ਮਿਲਦੀਆਂ ਹਨ। ਇਸ ਕਰਕੇ ਤੁਸੀਂ ਸ਼ਾਇਦ ਉਦਾਸ ਮਹਿਸੂਸ ਕਰ ਰਹੇ ਹੋਵੋ। ਪਰ ਜਲਦੀ ਹੀ ਸਭ ਕੁਝ ਬਦਲਣ ਵਾਲਾ ਹੈ।
ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਪ੍ਰਾਰਥਨਾ ਕਰਨ ਲਈ ਕਿਹਾ ਸੀ ਕਿ ਪਰਮੇਸ਼ੁਰ ਦਾ ਰਾਜ ਆਵੇ ਤੇ ਜਿਵੇਂ ‘ਪਰਮੇਸ਼ੁਰ ਦੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ’ ਪੂਰੀ ਹੋਵੇ। (ਮੱਤੀ 6:9, 10) ਇਹ ਰਾਜ ਇਕ ਸਰਕਾਰ ਹੈ ਜਿਸ ਵਿਚ ਪਰਮੇਸ਼ੁਰ ਨੇ ਯਿਸੂ ਨੂੰ ਰਾਜਾ ਬਣਾਇਆ ਹੈ। ਇਹ ਸਰਕਾਰ ਦੁਨੀਆਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰੇਗੀ। ਪਰ ਇਹ ਹੋਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਦੁਨੀਆਂ ਉੱਤੇ ਸ਼ਾਸਨ ਦੀ ਵਾਗਡੋਰ ਇਨਸਾਨ ਦੇ ਹੱਥੋਂ ਲੈ ਕੇ ਯਿਸੂ ਦੇ ਹੱਥਾਂ ਵਿਚ ਫੜਾਈ ਜਾਵੇ। ਯਿਸੂ ਮਸੀਹ ਦੁਬਾਰਾ ਆ ਕੇ ਇਹੀ ਕਰੇਗਾ।
ਕੀ ਇਹ ਵਾਗਡੋਰ ਲੈਣ ਦਾ ਕੰਮ ਸ਼ਾਂਤੀ ਨਾਲ ਨਿਬੜ ਜਾਵੇਗਾ?
ਕੀ ਦੁਨੀਆਂ ਦੀਆਂ ਸਰਕਾਰਾਂ ਸ਼ਾਂਤੀ ਨਾਲ ਵਾਗਡੋਰ ਯਿਸੂ ਦੇ ਹੱਥਾਂ ਵਿਚ ਦੇ ਦੇਣਗੀਆਂ? ਯੂਹੰਨਾ ਰਸੂਲ ਨੇ ਇਕ ਦਰਸ਼ਣ ਦੇਖਿਆ ਸੀ ਜੋ ਇਸ ਸਵਾਲ ਦਾ ਜਵਾਬ ਦਿੰਦਾ ਹੈ। ਯੂਹੰਨਾ ਦੱਸਦਾ ਹੈ: “ਮੈਂ ਵੇਖਿਆ ਭਈ ਉਹ ਦਰਿੰਦਾ [ਦੁਨੀਆਂ ਦੀਆਂ ਸਰਕਾਰਾਂ] ਅਤੇ ਧਰਤੀ ਦੇ ਰਾਜੇ ਅਤੇ ਉਨ੍ਹਾਂ ਦੀਆਂ ਫੌਜਾਂ ਇਕੱਠੀਆਂ ਹੋਈਆਂ ਭਈ ਉਹ [ਯਿਸੂ] ਦੇ ਨਾਲ ਜਿਹੜਾ ਘੋੜੇ ਉੱਤੇ ਸਵਾਰ ਸੀ ਅਤੇ ਉਹ ਦੀ ਫੌਜ ਨਾਲ ਜੁੱਧ ਕਰਨ।” (ਪਰਕਾਸ਼ ਦੀ ਪੋਥੀ 19:19) ਇਸ ਲੜਾਈ ਵਿਚ ਦੁਨੀਆਂ ਦੇ ਰਾਜਿਆਂ ਦਾ ਕੀ ਹਸ਼ਰ ਹੋਵੇਗਾ? ਯਹੋਵਾਹ ਦਾ ਚੁਣਿਆ ਹੋਇਆ ਰਾਜਾ ਯਿਸੂ ਮਸੀਹ ‘ਲੋਹੇ ਦੇ ਡੰਡੇ ਨਾਲ ਓਹਨਾਂ ਨੂੰ ਭੰਨ ਸੁੱਟੇਗਾ, ਘੁਮਿਆਰ ਦੇ ਭਾਂਡੇ ਵਾਂਙੁ ਓਹਨਾਂ ਨੂੰ ਚਕਨਾਚੂਰ ਕਰ ਦੇਵੇਗਾ।’ (ਜ਼ਬੂਰਾਂ ਦੀ ਪੋਥੀ 2:9) ਸਰਕਾਰਾਂ ਪੂਰੀ ਤਰ੍ਹਾਂ ਖ਼ਤਮ ਕਰ ਦਿੱਤੀਆਂ ਜਾਣਗੀਆਂ। ਪਰਮੇਸ਼ੁਰ ਦਾ ਰਾਜ “ਸਾਰੀਆਂ [ਇਨਸਾਨੀ] ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।”—ਦਾਨੀਏਲ 2:44.
ਪਰਮੇਸ਼ੁਰ ਦੀ ਸਰਕਾਰ ਦਾ ਵਿਰੋਧ ਕਰਨ ਵਾਲੇ ਲੋਕਾਂ ਦਾ ਕੀ ਹਸ਼ਰ ਹੋਵੇਗਾ? ਬਾਈਬਲ ਕਹਿੰਦੀ ਹੈ ਕਿ “ਪ੍ਰਭੁ ਯਿਸੂ ਆਪਣੇ ਬਲਵੰਤ ਦੂਤਾਂ ਸਣੇ ਭੜਕਦੀ ਅੱਗ ਵਿੱਚ ਅਕਾਸ਼ੋਂ ਪਰਗਟ ਹੋਵੇਗਾ ਅਤੇ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੁ ਯਿਸੂ ਦੀ ਇੰਜੀਲ ਨੂੰ ਨਹੀਂ ਮੰਨਦੇ ਓਹਨਾਂ ਨੂੰ ਬਦਲਾ ਦੇਵੇਗਾ।” (2 ਥੱਸਲੁਨੀਕੀਆਂ 1:7, 8) ਕਹਾਉਤਾਂ 2:22 ਵਿਚ ਕਿਹਾ ਗਿਆ ਹੈ: “ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ, ਅਤੇ ਛਲੀਏ ਉਸ ਵਿੱਚੋਂ ਪੁੱਟੇ ਜਾਣਗੇ।”
ਮਸੀਹ ਦੇ ਆਉਣ ਬਾਰੇ ਬਾਈਬਲ ਕਹਿੰਦੀ ਹੈ: “ਵੇਖੋ, ਉਹ ਬੱਦਲਾਂ ਦੇ ਨਾਲ ਆਉਂਦਾ ਹੈ ਅਤੇ ਹਰੇਕ ਅੱਖ ਉਸ ਨੂੰ ਵੇਖੇਗੀ।” (ਪਰਕਾਸ਼ ਦੀ ਪੋਥੀ 1:7) ਲੋਕ ਸੱਚੀਂ-ਮੁੱਚੀਂ ਉਸ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਦੇਖਣਗੇ। ਕਿਉਂ? ਕਿਉਂਕਿ ਸਵਰਗ ਵਾਪਸ ਜਾਣ ਤੋਂ ਬਾਅਦ ਯਿਸੂ ਇਕ ਆਤਮਿਕ ਪ੍ਰਾਣੀ ਦੇ ਰੂਪ ਵਿਚ “ਅਣਪੁੱਜ ਜੋਤ ਵਿੱਚ ਵੱਸਦਾ ਹੈ ਅਤੇ ਮਨੁੱਖਾਂ ਵਿੱਚੋਂ ਕਿਨੇ ਉਸ ਨੂੰ ਨਹੀਂ ਵੇਖਿਆ, ਨਾ ਉਹ ਕਿਸੇ ਤੋਂ ਵੇਖਿਆ ਜਾ ਸੱਕਦਾ ਹੈ।”—1 ਤਿਮੋਥਿਉਸ 6:16.
ਇਹ ਜ਼ਰੂਰੀ ਨਹੀਂ ਕਿ ਯਿਸੂ ਇਨਸਾਨੀ ਸਰੀਰ ਵਿਚ ਦੁਬਾਰਾ ਆਵੇ ਤਾਂਕਿ ਸਾਰੇ ਲੋਕ ਉਸ ਨੂੰ ‘ਵੇਖ’ ਸਕਣ, ਠੀਕ ਜਿਵੇਂ ਮੂਸਾ ਦੇ ਦਿਨਾਂ ਵਿਚ ਮਿਸਰੀਆਂ ਉੱਤੇ ਦਸ ਬਵਾਂ ਲਿਆਉਣ ਵੇਲੇ ਯਹੋਵਾਹ ਨੂੰ ਦਿਖਾਈ ਦੇਣ ਦੀ ਲੋੜ ਨਹੀਂ ਸੀ। ਮਿਸਰੀ ਲੋਕਾਂ ਨੂੰ ਯਹੋਵਾਹ ਨੂੰ ਦੇਖੇ ਬਿਨਾਂ ਹੀ ਪਤਾ ਲੱਗ ਗਿਆ ਸੀ ਕਿ ਉਹ ਸਾਰੀਆਂ ਬਵਾਂ ਯਹੋਵਾਹ ਨੇ ਲਿਆਂਦੀਆਂ ਸਨ ਜਿਸ ਕਰਕੇ ਉਨ੍ਹਾਂ ਨੂੰ ਯਹੋਵਾਹ ਦੀ ਤਾਕਤ ਮੰਨਣੀ ਪਈ ਸੀ। (ਕੂਚ 12:31) ਇਸੇ ਤਰ੍ਹਾਂ ਜਦੋਂ ਯਿਸੂ ਬੁਰਾਈ ਨੂੰ ਖ਼ਤਮ ਕਰਨ ਆਵੇਗਾ, ਤਾਂ ਦੁਸ਼ਟ ਲੋਕਾਂ ਨੂੰ ਇਹ ‘ਵੇਖਣ’ ਜਾਂ ਸਮਝਣ ਲਈ ਮਜਬੂਰ ਹੋਣਾ ਹੀ ਪਵੇਗਾ ਕਿ ਯਹੋਵਾਹ ਉਨ੍ਹਾਂ ਨੂੰ ਸਜ਼ਾ ਦੇਣ ਲਈ ਯਿਸੂ ਨੂੰ ਇਸਤੇਮਾਲ ਕਰ ਰਿਹਾ ਹੈ। ਉਨ੍ਹਾਂ ਨੂੰ ਇਸ ਬਾਰੇ ਪਤਾ ਹੋਵੇਗਾ ਕਿਉਂਕਿ ਮਨੁੱਖਜਾਤੀ ਨੂੰ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਗਈ ਹੋਵੇਗੀ। ਜੀ ਹਾਂ, “ਹਰੇਕ ਅੱਖ ਉਸ [ਯਿਸੂ] ਨੂੰ ਵੇਖੇਗੀ, . . . ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਲਈ ਪਿੱਟਣਗੀਆਂ।”—ਪਰਕਾਸ਼ ਦੀ ਪੋਥੀ 1:7.
ਧਰਤੀ ਉੱਤੇ ਅਮਨ-ਚੈਨ ਕਾਇਮ ਕਰਨ ਲਈ ਪਹਿਲਾਂ ਬੁਰੇ ਲੋਕਾਂ ਦਾ ਖ਼ਾਤਮਾ ਅਤੇ ਮਾੜੀ ਹਕੂਮਤ ਨੂੰ ਹਟਾਇਆ ਜਾਣਾ ਜ਼ਰੂਰੀ ਹੈ। ਯਿਸੂ ਮਸੀਹ ਇਹ ਕੰਮ ਕਰੇਗਾ। ਫਿਰ ਉਹ ਦੁਨੀਆਂ ਦੇ ਸਾਰੇ ਮਾਮਲੇ ਆਪਣੇ ਹੱਥ ਵਿਚ ਲੈ ਲਵੇਗਾ। ਇਸ ਤੋਂ ਬਾਅਦ ਮਹੱਤਵਪੂਰਣ ਤਬਦੀਲੀਆਂ ਕੀਤੀਆਂ ਜਾਣਗੀਆਂ।
ਫ਼ਾਇਦੇਮੰਦ ਸੁਧਾਰ
ਪੌਲੁਸ ਨੇ ‘ਸਾਰੀਆਂ ਚੀਜ਼ਾਂ ਦੇ ਸੁਧਾਰੇ ਜਾਣ ਦੇ ਸਮੇਂ’ ਦਾ ਜ਼ਿਕਰ ਕੀਤਾ ਸੀ “ਜਿਨ੍ਹਾਂ ਦੇ ਵਿਖੇ ਪਰਮੇਸ਼ੁਰ ਨੇ ਆਪਣੇ ਪਵਿੱਤ੍ਰ ਨਬੀਆਂ ਦੀ ਜਬਾਨੀ ਮੁੱਢੋਂ ਹੀ ਆਖਿਆ ਸੀ।” (ਰਸੂਲਾਂ ਦੇ ਕਰਤੱਬ 3:21) ਮਸੀਹ ਦੇ ਰਾਜ ਵਿਚ ਦੁਨੀਆਂ ਵਿਚ ਕਈ ਸੁਧਾਰ ਕੀਤੇ ਜਾਣਗੇ। ਜਿਨ੍ਹਾਂ ਨਬੀਆਂ ਨੇ “ਸਾਰੀਆਂ ਚੀਜ਼ਾਂ ਦੇ ਸੁਧਾਰੇ ਜਾਣ” ਬਾਰੇ ਗੱਲ ਕੀਤੀ ਸੀ, ਉਨ੍ਹਾਂ ਵਿੱਚੋਂ ਇਕ ਸੀ ਅੱਠਵੀਂ ਸਦੀ ਈ. ਪੂ. ਵਿਚ ਰਹਿਣਾ ਵਾਲਾ ਨਬੀ ਯਸਾਯਾਹ। ਉਸ ਨੇ ਭਵਿੱਖਬਾਣੀ ਕੀਤੀ ਸੀ ਕਿ “ਸ਼ਾਂਤੀ ਦਾ ਰਾਜ ਕੁਮਾਰ” ਯਿਸੂ ਮਸੀਹ ਦੁਨੀਆਂ ਵਿਚ ਸ਼ਾਂਤੀ ਕਾਇਮ ਕਰੇਗਾ। ਮਸੀਹ ਦੀ ਹਕੂਮਤ ਬਾਰੇ ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ: “ਉਸ ਦੀ ਸ਼ਾਹੀ ਸ਼ਕਤੀ ਹਮੇਸ਼ਾ ਵੱਧਦੀ ਜਾਵੇਗੀ, ਅਤੇ ਉਸ ਦੇ ਰਾਜ ਵਿਚ ਹਮੇਸ਼ਾ ਸ਼ਾਂਤੀ ਰਹੇਗੀ।” (ਯਸਾਯਾਹ 9:6, 7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਯਿਸੂ ਸਾਰੇ ਲੋਕਾਂ ਨੂੰ ਸ਼ਾਂਤੀ ਨਾਲ ਰਹਿਣਾ ਸਿਖਾਵੇਗਾ। ਫਿਰ ਧਰਤੀ ਦੇ ਸਾਰੇ ਵਸਨੀਕ “ਸ਼ਾਂਤੀ ਦਾ ਮਜ਼ਾ ਲੈਣਗੇ।”—ਜ਼ਬੂਰ 37:11, ਈਜ਼ੀ ਟੂ ਰੀਡ ਵਰਯਨ।
ਮਸੀਹ ਦੀ ਹਕੂਮਤ ਵਿਚ ਗ਼ਰੀਬੀ ਅਤੇ ਭੁੱਖਮਰੀ ਦਾ ਕੀ ਹੋਵੇਗਾ? ਯਸਾਯਾਹ ਨੇ ਕਿਹਾ ਸੀ: “ਇਸੇ ਪਹਾੜ ਤੇ ਸੈਨਾਂ ਦਾ ਯਹੋਵਾਹ ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦੀ ਦਾਉਤ ਕਰੇਗਾ, ਪੁਰਾਣੀਆਂ ਮਧਾਂ ਦੀ ਦਾਉਤ, ਗੁੱਦੇ ਸਣੇ ਮੋਟੀਆਂ ਵਸਤਾਂ, ਛਾਣੀਆਂ ਹੋਈਆਂ ਪੁਰਾਣੀਆਂ ਮਧਾਂ।” (ਯਸਾਯਾਹ 25:6) ਜ਼ਬੂਰਾਂ ਦੇ ਲਿਖਾਰੀ ਨੇ ਗੀਤ ਗਾਉਂਦੇ ਹੋਏ ਕਿਹਾ: ‘ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇਗਾ।’ (ਜ਼ਬੂਰਾਂ ਦੀ ਪੋਥੀ 72:16) ਇਸ ਤੋਂ ਇਲਾਵਾ, ਧਰਤੀ ਦੇ ਵਸਨੀਕਾਂ ਬਾਰੇ ਅਸੀਂ ਪੜ੍ਹਦੇ ਹਾਂ: “ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ। ਓਹ ਨਾ ਬਣਾਉਣਗੇ ਭਈ ਦੂਜਾ ਵੱਸੇ, ਓਹ ਨਾ ਲਾਉਣਗੇ ਭਈ ਦੂਜਾ ਖਾਵੇ, ਮੇਰੀ ਪਰਜਾ ਦੇ ਦਿਨ ਤਾਂ ਰੁੱਖ ਦੇ ਦਿਨਾਂ ਵਰਗੇ ਹੋਣਗੇ, ਅਤੇ ਮੇਰੇ ਚੁਣੇ ਹੋਏ ਆਪਣੇ ਹੱਥਾਂ ਦਾ ਕੰਮ ਢੇਰ ਚਿਰ ਭੋਗਣਗੇ।”—ਯਸਾਯਾਹ 65:21, 22.
ਯਸਾਯਾਹ ਨੇ ਇਹ ਵੀ ਦੱਸਿਆ ਸੀ ਕਿ ਬੀਮਾਰੀਆਂ ਤੇ ਮੌਤ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ। ਯਸਾਯਾਹ ਰਾਹੀਂ ਪਰਮੇਸ਼ੁਰ ਨੇ ਕਿਹਾ: “ਤਦ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਅਤੇ ਬੋਲਿਆਂ ਦੇ ਕੰਨ ਖੁਲ੍ਹ ਜਾਣਗੇ। ਤਦ ਲੰਙਾ ਹਿਰਨ ਵਾਂਙੁ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ।” (ਯਸਾਯਾਹ 35:5, 6) ਫਿਰ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” (ਯਸਾਯਾਹ 33:24) ਪਰਮੇਸ਼ੁਰ “ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ।”—ਯਸਾਯਾਹ 25:8.
ਪਰ ਜਿਹੜੇ ਲੋਕ “ਕਬਰਾਂ” ਵਿਚ ਹਨ ਯਾਨੀ ਮਰ ਚੁੱਕੇ ਹਨ, ਉਨ੍ਹਾਂ ਦਾ ਕੀ ਹੋਵੇਗਾ? (ਯੂਹੰਨਾ 5:28, 29) ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ: “ਤੇਰੇ ਮੁਰਦੇ ਜੀਉਣਗੇ।” (ਯਸਾਯਾਹ 26:19) ਜੀ ਹਾਂ, ਜੋ ਲੋਕ ਮਰ ਚੁੱਕੇ ਹਨ, ਉਨ੍ਹਾਂ ਨੂੰ ਦੁਬਾਰਾ ਜ਼ਿੰਦਾ ਕੀਤਾ ਜਾਵੇਗਾ!
“ਤੇਰਾ ਸਿੰਘਾਸਣ ਜੁੱਗੋ ਜੁੱਗ ਪਰਮੇਸ਼ੁਰ ਹੈ”
ਮਸੀਹ ਦੇ ਆਉਣ ਨਾਲ ਧਰਤੀ ਦੀ ਨੁਹਾਰ ਹੀ ਬਦਲ ਜਾਵੇਗੀ। ਧਰਤੀ ਸੋਹਣੇ ਬਾਗ਼ ਵਿਚ ਬਦਲ ਜਾਵੇਗੀ ਅਤੇ ਸਾਰੇ ਲੋਕ ਮਿਲ ਕੇ ਸੱਚੇ ਪਰਮੇਸ਼ੁਰ ਦੀ ਭਗਤੀ ਕਰਨਗੇ। ਅਸੀਂ ਇਸ ਗੱਲ ਦਾ ਪੂਰਾ ਯਕੀਨ ਕਿਉਂ ਕਰ ਸਕਦੇ ਹਾਂ ਕਿ ਯਿਸੂ ਮਸੀਹ ਬੁਰਾਈ ਨੂੰ ਖ਼ਤਮ ਕਰਨ ਅਤੇ ਚੰਗੇ ਹਾਲਾਤ ਪੈਦਾ ਕਰਨ ਵਿਚ ਕਾਮਯਾਬ ਹੋਵੇਗਾ?
ਧਿਆਨ ਦਿਓ ਕਿ ਯਿਸੂ ਨੂੰ ਤਾਕਤ ਅਤੇ ਇਖ਼ਤਿਆਰ ਕਿਸ ਨੇ ਦਿੱਤਾ ਹੈ। ਯਿਸੂ ਬਾਰੇ ਗੱਲ ਕਰਦੇ ਹੋਏ ਬਾਈਬਲ ਕਹਿੰਦੀ ਹੈ: “ਤੇਰਾ ਸਿੰਘਾਸਣ ਜੁੱਗੋ ਜੁੱਗ ਪਰਮੇਸ਼ੁਰ ਹੈ, ਅਤੇ ਸਿਧਿਆਈ ਦਾ ਆੱਸਾ [ਰਾਜ ਡੰਡਾ] ਤੇਰੇ ਰਾਜ ਦਾ ਆੱਸਾ [ਰਾਜ ਡੰਡਾ] ਹੈ, ਤੈਂ ਧਰਮ ਨਾਲ ਪ੍ਰੇਮ ਅਤੇ ਕੁਧਰਮ ਨਾਲ ਵੈਰ ਰੱਖਿਆ।” (ਇਬਰਾਨੀਆਂ 1:8, 9) ਯਿਸੂ ਦਾ ਸਿੰਘਾਸਣ ਅਸਲ ਵਿਚ ਉਸ ਦਾ ਇਖ਼ਤਿਆਰ ਹੈ। ਇਹ ਸਿੰਘਾਸਣ ਜਾਂ ਇਖ਼ਤਿਆਰ ਯਹੋਵਾਹ ਦਾ ਹੈ ਅਤੇ ਉਸ ਨੇ ਯਿਸੂ ਨੂੰ ਦਿੱਤਾ ਹੈ। ਇਸ ਲਈ ਕਿਸੇ ਵੀ ਮੁਸ਼ਕਲ ਨੂੰ ਹੱਲ ਕਰਨਾ ਯਿਸੂ ਲਈ ਖੱਬੇ ਹੱਥ ਦਾ ਕੰਮ ਹੋਵੇਗਾ।
ਮੁੜ ਜੀਉਂਦਾ ਹੋਣ ਤੋਂ ਬਾਅਦ ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਸੀ: “ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ।” (ਮੱਤੀ 28:18) 1 ਪਤਰਸ 3:22 ਵਿਚ ਦੱਸਿਆ ਹੈ: “ਦੂਤ ਅਤੇ ਇਖਤਿਆਰ ਵਾਲੇ ਅਤੇ ਸ਼ਕਤੀ ਵਾਲੇ ਉਹ ਦੇ ਅਧੀਨ ਕੀਤੇ ਹੋਏ ਹਨ।” ਕੋਈ ਵੀ ਤਾਕਤ ਯਿਸੂ ਦਾ ਵਿਰੋਧ ਕਰਨ ਵਿਚ ਕਾਮਯਾਬ ਨਹੀਂ ਹੋਵੇਗੀ। ਕੋਈ ਵੀ ਉਸ ਨੂੰ ਦੁਨੀਆਂ ਵਿਚ ਸੁਧਾਰ ਲਿਆਉਣ ਤੋਂ ਰੋਕ ਨਹੀਂ ਸਕੇਗਾ।
ਮਸੀਹ ਦੇ ਆਉਣ ਦਾ ਲੋਕਾਂ ਦੀ ਜ਼ਿੰਦਗੀ ਤੇ ਕੀ ਅਸਰ ਪਵੇਗਾ?
ਥੱਸਲੁਨੀਕੀਆਂ ਦੀ ਕਲੀਸਿਯਾ ਨੂੰ ਲਿਖੀ ਚਿੱਠੀ ਵਿਚ ਪੌਲੁਸ ਰਸੂਲ ਨੇ ਕਿਹਾ ਕਿ ਅਸੀਂ “ਤੁਹਾਡੀ ਨਿਹਚਾ ਦਾ ਕੰਮ ਅਤੇ ਪ੍ਰੇਮ ਦੀ ਮਿਹਨਤ ਅਤੇ ਸਾਡੇ ਪ੍ਰਭੁ ਯਿਸੂ ਮਸੀਹ ਉੱਤੇ ਤੁਹਾਡੀ ਆਸਾ ਦੀ ਧੀਰਜ ਆਪਣੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਨਿੱਤ ਚੇਤੇ ਕਰਦੇ ਹਾਂ।” (1 ਥੱਸਲੁਨੀਕੀਆਂ 1:3) ਪੌਲੁਸ ਨੇ ਇੱਥੇ ਦੱਸਿਆ ਕਿ ਪਰਮੇਸ਼ੁਰ ਦੇ ਸੱਚੇ ਭਗਤ ਯਿਸੂ ਮਸੀਹ ਉੱਤੇ ਆਸ ਰੱਖ ਕੇ ਹੀ ਵਫ਼ਾਦਾਰੀ ਨਾਲ ਮਿਹਨਤ ਕਰਦੇ ਹਨ ਅਤੇ ਧੀਰਜ ਰੱਖਦੇ ਹਨ। ਮਸੀਹ ਉੱਤੇ ਆਸ ਕਰਨ ਵਿਚ ਇਹ ਭਰੋਸਾ ਰੱਖਣਾ ਵੀ ਸ਼ਾਮਲ ਹੈ ਕਿ ਉਹ ਦੁਬਾਰਾ ਆਵੇਗਾ ਅਤੇ ਦੁਨੀਆਂ ਵਿਚ ਸੁਧਾਰ ਲਿਆਵੇਗਾ। ਇਹ ਆਸ ਪਰਮੇਸ਼ੁਰ ਦੇ ਭਗਤਾਂ ਦੀ ਨਿਹਚਾ ਨੂੰ ਮਜ਼ਬੂਤ ਕਰਦੀ ਹੈ ਅਤੇ ਮੁਸ਼ਕਲਾਂ ਵਿਚ ਵੀ ਡਟੇ ਰਹਿਣ ਵਿਚ ਮਦਦ ਕਰਦੀ ਹੈ।
ਬ੍ਰਾਜ਼ੀਲ ਦੇ ਸ਼ਹਿਰ ਸਾਓ ਪੋਲੋ ਵਿਚ ਰਹਿਣ ਵਾਲੇ ਕਾਰਲੋਸ ਦੀ ਉਦਾਹਰਣ ਲਓ ਜੋ ਯਹੋਵਾਹ ਦਾ ਇਕ ਗਵਾਹ ਹੈ। ਅਗਸਤ 2003 ਵਿਚ ਉਸ ਨੂੰ ਪਤਾ ਲੱਗਿਆ ਕਿ ਉਸ ਨੂੰ ਕੈਂਸਰ ਸੀ। ਉਦੋਂ ਤੋਂ ਉਸ ਦੇ ਅੱਠ ਵੱਡੇ ਓਪਰੇਸ਼ਨ ਹੋ ਚੁੱਕੇ ਹਨ ਜਿਸ ਕਰਕੇ ਉਸ ਦੀ ਸਿਹਤ ਬਹੁਤ ਮਾੜੀ ਰਹਿੰਦੀ ਹੈ। ਪਰ ਉਹ ਆਪ ਦੂਸਰਿਆਂ ਨੂੰ ਹੌਸਲਾ ਦਿੰਦਾ ਰਹਿੰਦਾ ਹੈ। ਉਦਾਹਰਣ ਲਈ, ਇਕ ਦਿਨ ਇਕ ਵੱਡੇ ਹਸਪਤਾਲ ਅੱਗੇ ਸੜਕ ਉੱਤੇ ਲੋਕਾਂ ਨੂੰ ਪ੍ਰਚਾਰ ਕਰਦਿਆਂ ਉਹ ਇਕ ਹੋਰ ਯਹੋਵਾਹ ਦੀ ਗਵਾਹ ਨੂੰ ਮਿਲਿਆ ਜਿਸ ਦਾ ਪਤੀ ਕੀਮੋਥੈਰਪੀ ਕਰਵਾ ਰਿਹਾ ਸੀ। ਕਿਉਂਕਿ ਕਾਰਲੋਸ ਖ਼ੁਦ ਕੈਂਸਰ ਦਾ ਸ਼ਿਕਾਰ ਹੈ, ਇਸ ਲਈ ਉਹ ਦੋਵੇਂ ਪਤੀ-ਪਤਨੀ ਨੂੰ ਹੌਸਲਾ ਦੇ ਸਕਿਆ। ਬਾਅਦ ਵਿਚ ਉਨ੍ਹਾਂ ਨੇ ਕਿਹਾ ਕਿ ਕਾਰਲੋਸ ਦੀਆਂ ਗੱਲਾਂ ਤੋਂ ਉਨ੍ਹਾਂ ਨੂੰ ਬਹੁਤ ਦਿਲਾਸਾ ਮਿਲਿਆ। ਇਸ ਤਰ੍ਹਾਂ ਕਾਰਲੋਸ ਨੇ ਪੌਲੁਸ ਦੇ ਇਨ੍ਹਾਂ ਸ਼ਬਦਾਂ ਨੂੰ ਸੱਚ ਪਾਇਆ ਹੈ: “ਜਦੋਂ ਵੀ ਸਾਨੂੰ ਕੋਈ ਮੁਸ਼ਕਿਲ ਹੁੰਦੀ ਹੈ ਉਹ [ਪਰਮੇਸ਼ੁਰ] ਸਾਨੂੰ ਦਿਲਾਸਾ ਦਿੰਦਾ ਹੈ। ਤਾਂ ਜੋ ਅਸੀਂ ਵੀ ਹੋਰਨਾਂ ਲੋਕਾਂ ਨੂੰ ਉਦੋਂ ਦਿਲਾਸਾ ਦੇਣ ਯੋਗ ਹੋ ਸਕੀਏ ਜਦੋਂ ਉਹ ਤਕਲੀਫ ਵਿਚ ਹੋਣ। ਜਿਹੜਾ ਦਿਲਾਸਾ ਸਾਨੂੰ ਪਰਮੇਸ਼ੁਰ ਦਿੰਦਾ ਹੈ ਓਸੇ ਤਰ੍ਹਾਂ ਦਾ ਦਿਲਾਸਾ ਅਸੀਂ ਉਨ੍ਹਾਂ ਨੂੰ ਦਿੰਦੇ ਹਾਂ।”—2 ਕੁਰਿੰਥੀਆਂ 1:4, ਈਜ਼ੀ ਟੂ ਰੀਡ।
ਆਪ ਬੀਮਾਰ ਹੁੰਦਿਆਂ ਕਾਰਲੋਸ ਨੂੰ ਦੂਜਿਆਂ ਨੂੰ ਹੌਸਲਾ ਦੇਣ ਦੀ ਤਾਕਤ ਕਿੱਥੋਂ ਮਿਲੀ? ਮਸੀਹ ਦੇ ਦੁਬਾਰਾ ਆਉਣ ਦੀ ਆਸ ਨੇ ਅਤੇ ਜੋ ਵੀ ਉਹ ਦੁਬਾਰਾ ਆ ਕੇ ਕਰੇਗਾ, ਉਸ ਚੀਜ਼ ਨੇ ਕਾਰਲੋਸ ਨੂੰ ‘ਭਲਿਆਈ ਕਰਦੇ’ ਰਹਿਣ ਦੀ ਤਾਕਤ ਦਿੱਤੀ।—ਗਲਾਤੀਆਂ 6:9.
ਸੈਮਵਲ ਦੀ ਉਦਾਹਰਣ ਤੇ ਵੀ ਗੌਰ ਕਰੋ। ਉਨ੍ਹਾਂ ਦੇ ਘਰ ਦੇ ਲਾਗੇ ਕਿਸੇ ਨੇ ਉਸ ਦੇ ਭਰਾ ਦਾ ਕਤਲ ਕਰ ਦਿੱਤਾ। ਉਸ ਦੇ ਦਸ ਗੋਲੀਆਂ ਮਾਰੀਆਂ ਗਈਆਂ ਸਨ। ਪੁਲਸ ਕਾਰਵਾਈ ਦੌਰਾਨ ਉਸ ਦੀ ਲਾਸ਼ ਅੱਠ ਘੰਟੇ ਸੜਕ ਤੇ ਪਈ ਰਹੀ। ਸੈਮਵਲ ਉਹ ਦਿਨ ਕਦੀ ਨਹੀਂ ਭੁੱਲ ਸਕਦਾ। ਪਰ ਇਸ ਦੁੱਖ ਦੀ ਘੜੀ ਵਿਚ ਕਿਸ ਚੀਜ਼ ਨੇ ਉਸ ਨੂੰ ਸੰਭਾਲੀ ਰੱਖਿਆ? ਉਸ ਦੀ ਪੱਕੀ ਉਮੀਦ ਨੇ ਕਿ ਯਿਸੂ ਪੂਰੀ ਦੁਨੀਆਂ ਵਿੱਚੋਂ ਬੁਰਾਈ ਖ਼ਤਮ ਕਰ ਦੇਵੇਗਾ ਅਤੇ ਇਸ ਧਰਤੀ ਉੱਤੇ ਚੰਗਾ ਰਾਜ ਸਥਾਪਿਤ ਕਰੇਗਾ ਜਿਸ ਤੋਂ ਮਨੁੱਖਜਾਤੀ ਨੂੰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ। ਸੈਮਵਲ ਹਮੇਸ਼ਾ ਉਸ ਸਮੇਂ ਦੀ ਕਲਪਨਾ ਕਰਦਾ ਹੈ ਜਦੋਂ ਨਵੀਂ ਦੁਨੀਆਂ ਵਿਚ ਉਸ ਦਾ ਭਰਾ ਜੀ ਉੱਠੇਗਾ ਤੇ ਉਹ ਦੋਵੇਂ ਇਕ-ਦੂਜੇ ਦੇ ਗਲੇ ਲੱਗਣਗੇ।—ਰਸੂਲਾਂ ਦੇ ਕਰਤੱਬ 24:15.
ਤੁਹਾਨੂੰ ਕੀ ਕਰਨਾ ਚਾਹੀਦਾ ਹੈ?
ਯਿਸੂ ਦੇ ਦੁਬਾਰਾ ਆਉਣ ਦੀ ਆਸ ਤੋਂ ਤੁਹਾਨੂੰ ਬਹੁਤ ਹੌਸਲਾ ਮਿਲੇਗਾ। ਯਿਸੂ ਮਸੀਹ ਸਾਰੀਆਂ ਸਮੱਸਿਆਵਾਂ ਅਤੇ ਬੁਰਾਈਆਂ ਨੂੰ ਜੜ੍ਹੋਂ ਪੁੱਟ ਸੁੱਟੇਗਾ।
ਮਸੀਹ ਦੇ ਰਾਜ ਵਿਚ ਬਰਕਤਾਂ ਪਾਉਣ ਲਈ ਸਾਨੂੰ ਕੀ ਕਰਨਾ ਪਵੇਗਾ? ਪਰਮੇਸ਼ੁਰ ਦੇ ਬਚਨ ਬਾਈਬਲ ਦਾ ਧਿਆਨ ਨਾਲ ਅਧਿਐਨ ਕਰੋ। ਆਪਣੇ ਪਿਤਾ ਨੂੰ ਪ੍ਰਾਰਥਨਾ ਕਰਦੇ ਹੋਏ ਯਿਸੂ ਨੇ ਕਿਹਾ ਸੀ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਬਾਈਬਲ ਦੀਆਂ ਸਿੱਖਿਆਵਾਂ ਦੀ ਜਾਂਚ ਕਰਨ ਦਾ ਫ਼ੈਸਲਾ ਕਰੋ। ਇਸ ਦੇ ਸੰਬੰਧ ਵਿਚ ਯਹੋਵਾਹ ਦੇ ਗਵਾਹ ਤੁਹਾਡੀ ਮਦਦ ਕਰ ਸਕਦੇ ਹਨ। ਤੁਸੀਂ ਉਨ੍ਹਾਂ ਨੂੰ ਮਿਲ ਸਕਦੇ ਹੋ ਜਾਂ ਫਿਰ ਇਸ ਰਸਾਲੇ ਦੇ ਪ੍ਰਕਾਸ਼ਕਾਂ ਨੂੰ ਲਿਖ ਸਕਦੇ ਹੋ।
[ਸਫ਼ਾ 7 ਉੱਤੇ ਤਸਵੀਰ]
ਮਸੀਹ ਦੇ ਆਉਣ ਨਾਲ ਧਰਤੀ ਦੀ ਨੁਹਾਰ ਹੀ ਬਦਲ ਜਾਵੇਗੀ
[ਕ੍ਰੈਡਿਟ ਲਾਈਨ]
Inset, background only: Rhino and Lion Park, Gauteng, South Africa