ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਪੈਦਾ ਕਰੋ
“ਜਿਵੇਂ ਸੂਰਮੇ ਦੇ ਹੱਥ ਵਿੱਚ ਬਾਣ, ਤਿਵੇਂ ਜੁਆਨੀ ਦੇ ਪੁੱਤ੍ਰ ਹਨ।”—ਜ਼ਬੂਰਾਂ ਦੀ ਪੋਥੀ 127:4.
1, 2. ਬੱਚੇ ਕਿਵੇਂ “ਸੂਰਮੇ ਦੇ ਹੱਥ ਵਿੱਚ ਬਾਣ” ਵਰਗੇ ਹਨ?
ਜ਼ਰਾ ਇਕ ਤੀਰਅੰਦਾਜ਼ ਦੀ ਕਲਪਨਾ ਕਰੋ। ਉਹ ਇਕ ਤੀਰ ਲੈ ਕੇ ਇਸ ਨੂੰ ਡੋਰੀ ਤੇ ਰੱਖਦਾ ਹੈ। ਫਿਰ ਉਹ ਪੂਰਾ ਜ਼ੋਰ ਲਾ ਕੇ ਇਸ ਨੂੰ ਤਾਣਦਾ ਹੈ। ਉਹ ਸਮਾਂ ਲਾ ਕੇ ਬੜੇ ਧਿਆਨ ਨਾਲ ਨਿਸ਼ਾਨਾ ਬੰਨ੍ਹਦਾ ਹੈ। ਫਿਰ ਉਹ ਤੀਰ ਛੱਡਦਾ ਹੈ। ਕੀ ਤੀਰ ਨਿਸ਼ਾਨੇ ਤੇ ਲੱਗੇਗਾ? ਇਹ ਤੀਰਅੰਦਾਜ਼ ਦੀ ਕੁਸ਼ਲਤਾ, ਹਵਾ ਦੇ ਰੁੱਖ ਅਤੇ ਤੀਰ ਦੀ ਹਾਲਤ ਉੱਤੇ ਨਿਰਭਰ ਕਰੇਗਾ।
2 ਸੁਲੇਮਾਨ ਪਾਤਸ਼ਾਹ ਨੇ ਬੱਚਿਆਂ ਦੀ ਤੁਲਨਾ “ਸੂਰਮੇ ਦੇ ਹੱਥ ਵਿੱਚ ਬਾਣ” ਨਾਲ ਕੀਤੀ ਸੀ। (ਜ਼ਬੂਰਾਂ ਦੀ ਪੋਥੀ 127:4) ਆਓ ਆਪਾਂ ਇਸ ਤੁਲਨਾ ਉੱਤੇ ਗੌਰ ਕਰੀਏ। ਤੀਰਅੰਦਾਜ਼ ਦੇ ਕਮਾਨ ਵਿਚ ਤੀਰ ਕੁਝ ਹੀ ਸਮੇਂ ਲਈ ਰਹਿੰਦਾ ਹੈ। ਫਿਰ ਨਿਸ਼ਾਨਾ ਫੁੰਡਣ ਲਈ ਉਸ ਨੂੰ ਤੀਰ ਛੱਡਣਾ ਪੈਂਦਾ ਹੈ। ਇਸੇ ਤਰ੍ਹਾਂ ਮਾਪਿਆਂ ਕੋਲ ਵੀ ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਪੈਦਾ ਕਰਨ ਲਈ ਜ਼ਿਆਦਾ ਸਮਾਂ ਨਹੀਂ ਹੁੰਦਾ। ਬੱਚੇ ਝੱਟ ਵੱਡੇ ਹੋ ਜਾਂਦੇ ਹਨ ਤੇ ਆਪਣੇ ਫ਼ੈਸਲੇ ਆਪ ਕਰਨ ਲੱਗਦੇ ਹਨ। (ਮੱਤੀ 19:5) ਕੀ ਬੱਚੇ ਮਾਪਿਆਂ ਦੇ ਦਿਖਾਏ ਰਾਹ ਤੇ ਚੱਲਦੇ ਹੋਏ ਯਹੋਵਾਹ ਪਰਮੇਸ਼ੁਰ ਨੂੰ ਪਿਆਰ ਕਰਨਗੇ ਤੇ ਉਸ ਦੀ ਸੇਵਾ ਕਰਦੇ ਰਹਿਣਗੇ? ਤੀਰ ਵਾਂਗ ਕੀ ਬੱਚੇ ਮਾਪਿਆਂ ਦੁਆਰਾ ਬੰਨ੍ਹੇ ਨਿਸ਼ਾਨੇ ਤੇ ਲੱਗਣਗੇ? ਇਹ ਖ਼ਾਸਕਰ ਤਿੰਨ ਗੱਲਾਂ ਤੇ ਨਿਰਭਰ ਕਰਦਾ ਹੈ। ਇਹ ਹਨ ਮਾਪਿਆਂ ਦੀ ਕੁਸ਼ਲਤਾ, ਘਰ ਦਾ ਮਾਹੌਲ ਅਤੇ ਮਾਪਿਆਂ ਦੀ ਸਿਖਲਾਈ ਪ੍ਰਤੀ ਬੱਚੇ ਦਾ ਰਵੱਈਆ। ਆਓ ਆਪਾਂ ਇਨ੍ਹਾਂ ਤਿੰਨਾਂ ਗੱਲਾਂ ਉੱਤੇ ਵਿਸਤਾਰ ਨਾਲ ਚਰਚਾ ਕਰੀਏ। ਪਹਿਲਾਂ ਅਸੀਂ ਕੁਸ਼ਲ ਮਾਤਾ-ਪਿਤਾ ਦੇ ਗੁਣ ਦੇਖਾਂਗੇ।
ਕੁਸ਼ਲ ਮਾਪੇ ਚੰਗੀ ਮਿਸਾਲ ਬਣਦੇ ਹਨ
3. ਇਹ ਕਿਉਂ ਜ਼ਰੂਰੀ ਹੈ ਕਿ ਮਾਪੇ ਜੋ ਕਹਿੰਦੇ ਹਨ ਉਹ ਕਰਨ ਵੀ?
3 ਯਿਸੂ ਨੇ ਮਾਪਿਆਂ ਲਈ ਚੰਗੀ ਮਿਸਾਲ ਕਾਇਮ ਕੀਤੀ ਕਿਉਂਕਿ ਉਹ ਜੋ ਸਿਖਾਉਂਦਾ ਸੀ, ਉਹ ਆਪ ਕਰਦਾ ਵੀ ਸੀ। (ਯੂਹੰਨਾ 13:15) ਦੂਜੇ ਪਾਸੇ ਉਸ ਨੇ ਫ਼ਰੀਸੀਆਂ ਦੀ ਨਿੰਦਿਆ ਕੀਤੀ ਜੋ ‘ਕਹਿੰਦੇ ਸਨ ਪਰ ਕਰਦੇ ਨਹੀਂ ਸਨ।’ (ਮੱਤੀ 23:3) ਸੋ ਜੇ ਮਾਪੇ ਚਾਹੁੰਦੇ ਹਨ ਕਿ ਬੱਚੇ ਯਹੋਵਾਹ ਨੂੰ ਪਿਆਰ ਕਰਨ, ਤਾਂ ਉਨ੍ਹਾਂ ਦੀ ਕਹਿਣੀ ਤੇ ਕਰਨੀ ਵਿਚ ਫ਼ਰਕ ਨਹੀਂ ਹੋਣਾ ਚਾਹੀਦਾ। ਜੇ ਉਹ ਕਹਿੰਦੇ ਕੁਝ ਹਨ ਪਰ ਕਰਦੇ ਕੁਝ ਹੋਰ, ਤਾਂ ਇਹ ਬਿਨਾਂ ਡੋਰੀ ਦੇ ਧਨੁਖ ਨਾਲ ਤੀਰ ਚਲਾਉਣ ਦੇ ਬਰਾਬਰ ਹੋਵੇਗਾ।—1 ਯੂਹੰਨਾ 3:18.
4. ਮਾਤਾ-ਪਿਤਾ ਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ ਅਤੇ ਕਿਉਂ?
4 ਬੱਚਿਆਂ ਲਈ ਚੰਗੀ ਮਿਸਾਲ ਬਣਨਾ ਮਾਪਿਆਂ ਲਈ ਕਿਉਂ ਜ਼ਰੂਰੀ ਹੈ? ਜਿਵੇਂ ਯਿਸੂ ਦੀ ਮਿਸਾਲ ਦੇਖ ਕੇ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਨਾ ਸਿੱਖਦੇ ਹਾਂ, ਉਵੇਂ ਬੱਚੇ ਵੀ ਮਾਪਿਆਂ ਦੀ ਚੰਗੀ ਮਿਸਾਲ ਦੇਖ ਕੇ ਯਹੋਵਾਹ ਨੂੰ ਪਿਆਰ ਕਰਨ ਲੱਗ ਪੈਣਗੇ। ਬੱਚੇ ਦੀ ਸੰਗਤ ਦਾ ਉਸ ਦੀਆਂ ਆਦਤਾਂ ਤੇ ਬਹੁਤ ਅਸਰ ਪੈ ਸਕਦਾ ਹੈ। ਉਸ ਵਿਚ ਜਾਂ ਤਾਂ ਚੰਗੀਆਂ ਆਦਤਾਂ ਪੈਦਾ ਹੋਣਗੀਆਂ ਜਾਂ ਫਿਰ ਬੁਰੀਆਂ। (1 ਕੁਰਿੰਥੀਆਂ 15:33) ਜਨਮ ਤੋਂ ਹੀ ਬੱਚਿਆਂ ਦੇ ਸਭ ਤੋਂ ਕਰੀਬੀ ਦੋਸਤ ਉਨ੍ਹਾਂ ਦੇ ਮਾਤਾ-ਪਿਤਾ ਹੁੰਦੇ ਹਨ ਜਿਨ੍ਹਾਂ ਨੂੰ ਦੇਖ ਕੇ ਉਹ ਬਹੁਤ ਕੁਝ ਸਿੱਖਦੇ ਹਨ। ਸੋ ਮਾਪਿਆਂ ਨੂੰ ਆਪਣੇ ਆਪ ਤੋਂ ਇਹ ਪੁੱਛਣਾ ਚਾਹੀਦਾ ਹੈ: ‘ਮੈਂ ਆਪਣੇ ਬੱਚੇ ਦਾ ਕਿਹੋ ਜਿਹਾ ਦੋਸਤ ਹਾਂ? ਕੀ ਮੇਰੀ ਮਿਸਾਲ ਦੇਖ ਕੇ ਮੇਰੇ ਬੱਚੇ ਵਿਚ ਚੰਗੀਆਂ ਆਦਤਾਂ ਪੈਦਾ ਹੋ ਰਹੀਆਂ ਹਨ? ਕੀ ਮੈਂ ਪ੍ਰਾਰਥਨਾ ਕਰਨ ਅਤੇ ਬਾਈਬਲ ਦਾ ਅਧਿਐਨ ਕਰਨ ਦੇ ਮਾਮਲੇ ਵਿਚ ਚੰਗੀ ਮਿਸਾਲ ਕਾਇਮ ਕਰ ਰਿਹਾ ਹਾਂ?’
ਕੁਸ਼ਲ ਮਾਪੇ ਬੱਚਿਆਂ ਨਾਲ ਪ੍ਰਾਰਥਨਾ ਕਰਦੇ ਹਨ
5. ਮਾਪਿਆਂ ਦੀਆਂ ਪ੍ਰਾਰਥਨਾਵਾਂ ਤੋਂ ਬੱਚੇ ਕੀ ਸਿੱਖ ਸਕਦੇ ਹਨ?
5 ਤੁਹਾਡੀਆਂ ਪ੍ਰਾਰਥਨਾਵਾਂ ਤੋਂ ਬੱਚੇ ਯਹੋਵਾਹ ਬਾਰੇ ਬਹੁਤ ਕੁਝ ਸਿੱਖ ਸਕਦੇ ਹਨ। ਜਦੋਂ ਤੁਸੀਂ ਖਾਣਾ ਖਾਣ ਜਾਂ ਬਾਈਬਲ ਦਾ ਅਧਿਐਨ ਕਰਨ ਤੋਂ ਪਹਿਲਾਂ ਯਹੋਵਾਹ ਦਾ ਧੰਨਵਾਦ ਕਰਦੇ ਹੋ, ਤਾਂ ਬੱਚੇ ਕਿਹੜਾ ਅਹਿਮ ਸਬਕ ਸਿੱਖਦੇ ਹਨ? ਉਹ ਸਿੱਖਦੇ ਹਨ ਕਿ ਯਹੋਵਾਹ ਹੀ ਸਾਡੀਆਂ ਜਿਸਮਾਨੀ ਤੇ ਰੂਹਾਨੀ ਲੋੜਾਂ ਪੂਰੀਆਂ ਕਰਦਾ ਹੈ ਅਤੇ ਇਨ੍ਹਾਂ ਵਾਸਤੇ ਸਾਨੂੰ ਉਸ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੈ।—ਯਾਕੂਬ 1:17.
6. ਮਾਪੇ ਬੱਚਿਆਂ ਨੂੰ ਕਿਵੇਂ ਅਹਿਸਾਸ ਦਿਲਾ ਸਕਦੇ ਹਨ ਕਿ ਯਹੋਵਾਹ ਨੂੰ ਉਨ੍ਹਾਂ ਦਾ ਫ਼ਿਕਰ ਹੈ?
6 ਪਰ ਜੇ ਤੁਸੀਂ ਹੋਰ ਮੌਕਿਆਂ ਤੇ ਵੀ ਬੱਚਿਆਂ ਨਾਲ ਪ੍ਰਾਰਥਨਾ ਕਰੋਗੇ ਅਤੇ ਇਨ੍ਹਾਂ ਪ੍ਰਾਰਥਨਾਵਾਂ ਵਿਚ ਆਪਣੀਆਂ ਤੇ ਬੱਚਿਆਂ ਦੀਆਂ ਸਮੱਸਿਆਵਾਂ ਤੇ ਖ਼ੁਸ਼ੀਆਂ ਦਾ ਜ਼ਿਕਰ ਕਰੋਗੇ, ਤਾਂ ਬੱਚਿਆਂ ਨੂੰ ਹੋਰ ਵੀ ਫ਼ਾਇਦਾ ਹੋਵੇਗਾ। ਉਹ ਮਹਿਸੂਸ ਕਰਨਗੇ ਕਿ ਯਹੋਵਾਹ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹੈ ਅਤੇ ਉਸ ਨੂੰ ਉਨ੍ਹਾਂ ਦਾ ਫ਼ਿਕਰ ਹੈ। (ਅਫ਼ਸੀਆਂ 6:18; 1 ਪਤਰਸ 5:6, 7) ਇਕ ਪਿਤਾ ਕਹਿੰਦਾ ਹੈ: “ਅਸੀਂ ਆਪਣੀ ਧੀ ਦੇ ਜਨਮ ਤੋਂ ਹੀ ਉਸ ਨਾਲ ਪ੍ਰਾਰਥਨਾ ਕੀਤੀ ਹੈ। ਜਿਉਂ-ਜਿਉਂ ਉਹ ਵੱਡੀ ਹੁੰਦੀ ਗਈ, ਅਸੀਂ ਚੰਗੇ ਦੋਸਤ-ਮਿੱਤਰ ਬਣਾਉਣ ਵਰਗੇ ਕਈ ਮਾਮਲਿਆਂ ਬਾਰੇ ਉਸ ਨਾਲ ਪ੍ਰਾਰਥਨਾ ਕੀਤੀ। ਉਸ ਦੇ ਵਿਆਹੇ ਜਾਣ ਤਕ ਅਸੀਂ ਤਿੰਨੇ ਹਰ ਰੋਜ਼ ਮਿਲ ਕੇ ਪ੍ਰਾਰਥਨਾ ਕਰਦੇ ਸਾਂ।” ਕਿਉਂ ਨਾ ਤੁਸੀਂ ਵੀ ਇੱਦਾਂ ਕਰੋ? ਯਹੋਵਾਹ ਨੂੰ ਆਪਣਾ ਦੋਸਤ ਬਣਾਉਣ ਵਿਚ ਬੱਚਿਆਂ ਦੀ ਮਦਦ ਕਰੋ। ਉਨ੍ਹਾਂ ਨੂੰ ਯਕੀਨ ਦਿਵਾਓ ਕਿ ਯਹੋਵਾਹ ਨਾ ਸਿਰਫ਼ ਉਨ੍ਹਾਂ ਦੀਆਂ ਸਰੀਰਕ ਤੇ ਰੂਹਾਨੀ ਲੋੜਾਂ ਪੂਰੀਆਂ ਕਰਦਾ ਹੈ, ਪਰ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਵੀ ਸਮਝਦਾ ਹੈ।—ਫ਼ਿਲਿੱਪੀਆਂ 4:6, 7.
7. ਬੱਚਿਆਂ ਦੀਆਂ ਸਮੱਸਿਆਵਾਂ ਅਤੇ ਖ਼ੁਸ਼ੀਆਂ ਬਾਰੇ ਪ੍ਰਾਰਥਨਾ ਕਰਨ ਲਈ ਮਾਪਿਆਂ ਨੂੰ ਕੀ ਜਾਣਨ ਦੀ ਲੋੜ ਹੈ?
7 ਪਰ ਬੱਚਿਆਂ ਦੀਆਂ ਸਮੱਸਿਆਵਾਂ ਤੇ ਖ਼ੁਸ਼ੀਆਂ ਬਾਰੇ ਪ੍ਰਾਰਥਨਾ ਕਰਨ ਲਈ ਤੁਹਾਨੂੰ ਪਹਿਲਾਂ ਇਹ ਜਾਣਨਾ ਹੋਵੇਗਾ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਕੀ ਕੁਝ ਹੋ ਰਿਹਾ ਹੈ। ਦੋ ਜਵਾਨ ਕੁੜੀਆਂ ਦੇ ਪਿਤਾ ਨੇ ਕਿਹਾ: “ਹਫ਼ਤੇ ਦੇ ਅਖ਼ੀਰ ਵਿਚ ਮੈਂ ਖ਼ੁਦ ਨੂੰ ਦੋ ਸਵਾਲ ਪੁੱਛਿਆ ਕਰਦਾ ਸੀ: ‘ਇਸ ਹਫ਼ਤੇ ਬੱਚਿਆਂ ਨੇ ਕਿਹੜੀਆਂ ਸਮੱਸਿਆਵਾਂ ਦਾ ਸਾਮ੍ਹਣਾ ਕੀਤਾ? ਉਨ੍ਹਾਂ ਨੂੰ ਕਿਨ੍ਹਾਂ ਗੱਲਾਂ ਤੋਂ ਬੇਹੱਦ ਖ਼ੁਸ਼ੀ ਮਿਲੀ?’” ਮਾਪਿਓ, ਕੀ ਤੁਸੀਂ ਵੀ ਇਹੋ ਜਿਹੇ ਸਵਾਲ ਪੁੱਛ ਕੇ ਆਪਣੇ ਬੱਚਿਆਂ ਦੀ ਰੋਜ਼ਮੱਰਾ ਜ਼ਿੰਦਗੀ ਬਾਰੇ ਹੋਰ ਜਾਣ ਸਕਦੇ ਹੋ ਤਾਂਕਿ ਤੁਸੀਂ ਉਨ੍ਹਾਂ ਨਾਲ ਮਿਲ ਕੇ ਇਸ ਬਾਰੇ ਪ੍ਰਾਰਥਨਾ ਕਰ ਸਕੋ? ਇੱਦਾਂ ਕਰਨ ਨਾਲ ਤੁਸੀਂ ਉਨ੍ਹਾਂ ਨੂੰ ਪ੍ਰਾਰਥਨਾ ਕਰਨੀ ਤਾਂ ਸਿਖਾਓਗੇ ਹੀ, ਪਰ ਨਾਲ ਹੀ ਪ੍ਰਾਰਥਨਾ ਦੇ ਸੁਣਨ ਵਾਲੇ ਪਰਮੇਸ਼ੁਰ ਯਹੋਵਾਹ ਨੂੰ ਪਿਆਰ ਕਰਨਾ ਵੀ ਸਿਖਾਓਗੇ।—ਜ਼ਬੂਰਾਂ ਦੀ ਪੋਥੀ 65:2.
ਬੱਚਿਆਂ ਨੂੰ ਅਧਿਐਨ ਕਰਨ ਦੀ ਚੰਗੀ ਆਦਤ ਪੁਆਓ
8. ਬੱਚਿਆਂ ਨੂੰ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਦੀ ਆਦਤ ਕਿਉਂ ਪੁਆਉਣੀ ਚਾਹੀਦੀ ਹੈ?
8 ਬੱਚੇ ਯਹੋਵਾਹ ਨੂੰ ਪਿਆਰ ਕਰਨਗੇ ਜਾਂ ਨਹੀਂ, ਇਹ ਇਸ ਤੇ ਨਿਰਭਰ ਕਰੇਗਾ ਕਿ ਮਾਤਾ-ਪਿਤਾ ਆਪ ਬਾਈਬਲ ਦਾ ਅਧਿਐਨ ਕਰਨ ਬਾਰੇ ਕੀ ਨਜ਼ਰੀਆ ਰੱਖਦੇ ਹਨ। ਕਿਸੇ ਵੀ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਬੋਲਣ ਦੇ ਨਾਲ-ਨਾਲ ਸੁਣਨਾ ਵੀ ਜ਼ਰੂਰੀ ਹੁੰਦਾ ਹੈ। ਅਸੀਂ ਯਹੋਵਾਹ ਦੀ ਗੱਲ ਕਿਵੇਂ ਸੁਣਦੇ ਹਾਂ? ਇਕ ਤਰੀਕਾ ਹੈ ‘ਮਾਤਬਰ ਨੌਕਰ’ ਦੁਆਰਾ ਤਿਆਰ ਕੀਤੀਆਂ ਕਿਤਾਬਾਂ ਦੀ ਮਦਦ ਨਾਲ ਬਾਈਬਲ ਦਾ ਅਧਿਐਨ ਕਰਨਾ। (ਮੱਤੀ 24:45-47; ਕਹਾਉਤਾਂ 4:1, 2) ਸੋ ਜੇ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਯਹੋਵਾਹ ਨੂੰ ਆਪਣਾ ਦੋਸਤ ਸਮਝਣ, ਤਾਂ ਉਨ੍ਹਾਂ ਨੂੰ ਬੱਚਿਆਂ ਨੂੰ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਦੀ ਆਦਤ ਪੁਆਉਣੀ ਚਾਹੀਦੀ ਹੈ।
9. ਬੱਚਿਆਂ ਨੂੰ ਅਧਿਐਨ ਕਰਨ ਦੀ ਚੰਗੀ ਆਦਤ ਕਿਵੇਂ ਪੁਆਈ ਜਾ ਸਕਦੀ ਹੈ?
9 ਅਧਿਐਨ ਕਰਨ ਦੀ ਆਦਤ ਪਾਉਣ ਵਿਚ ਮਾਪੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ? ਆਪ ਅਧਿਐਨ ਕਰ ਕੇ। ਕੀ ਤੁਹਾਡੇ ਬੱਚੇ ਤੁਹਾਨੂੰ ਬਾਕਾਇਦਾ ਬਾਈਬਲ ਪੜ੍ਹਦੇ ਤੇ ਅਧਿਐਨ ਕਰਦੇ ਦੇਖਦੇ ਹਨ? ਤੁਸੀਂ ਸ਼ਾਇਦ ਸੋਚੋ ਕਿ ਬੱਚਿਆਂ ਦੀ ਦੇਖ-ਭਾਲ ਕਰਨ ਵਿਚ ਹੀ ਇੰਨਾ ਸਮਾਂ ਨਿਕਲ ਜਾਂਦਾ ਹੈ ਕਿ ਅਧਿਐਨ ਕਰਨ ਲਈ ਸਮਾਂ ਹੀ ਨਹੀਂ ਬਚਦਾ। ਪਰ ਜ਼ਰਾ ਆਪਣੇ ਆਪ ਨੂੰ ਪੁੱਛੋ, ‘ਕੀ ਮੇਰੇ ਬੱਚੇ ਮੈਨੂੰ ਹਰ ਰੋਜ਼ ਟੀ. ਵੀ. ਅੱਗੇ ਬੈਠਿਆ ਦੇਖਦੇ ਹਨ?’ ਜੇਕਰ ਹਾਂ, ਤਾਂ ਕਿਉਂ ਨਹੀਂ ਤੁਸੀਂ ਟੀ. ਵੀ. ਦੇਖਣ ਦੇ ਸਮੇਂ ਵਿੱਚੋਂ ਕੁਝ ਸਮਾਂ ਕੱਢ ਕੇ ਬਾਈਬਲ ਦਾ ਅਧਿਐਨ ਕਰਦੇ? ਇਸ ਤਰ੍ਹਾਂ ਕਰਨ ਨਾਲ ਤੁਸੀਂ ਬੱਚਿਆਂ ਲਈ ਚੰਗੀ ਮਿਸਾਲ ਕਾਇਮ ਕਰੋਗੇ।
10, 11. ਮਾਪਿਆਂ ਨੂੰ ਬਾਕਾਇਦਾ ਪਰਿਵਾਰਕ ਅਧਿਐਨ ਕਿਉਂ ਕਰਨਾ ਚਾਹੀਦਾ ਹੈ?
10 ਹਰ ਹਫ਼ਤੇ ਪਰਿਵਾਰਕ ਅਧਿਐਨ ਕਰਾ ਕੇ ਵੀ ਮਾਪੇ ਬੱਚਿਆਂ ਨੂੰ ਯਹੋਵਾਹ ਦੀ ਗੱਲ ਸੁਣਨਾ ਸਿਖਾਉਂਦੇ ਹਨ। (ਯਸਾਯਾਹ 30:21) ਪਰ ਕੁਝ ਸ਼ਾਇਦ ਪੁੱਛਣ, ‘ਬੱਚੇ ਮਾਪਿਆਂ ਨਾਲ ਹਰ ਮੀਟਿੰਗ ਵਿਚ ਜਾਂਦੇ ਹਨ, ਤਾਂ ਫਿਰ ਪਰਿਵਾਰਕ ਅਧਿਐਨ ਦੀ ਕੀ ਲੋੜ ਹੈ?’ ਪਰਿਵਾਰਕ ਅਧਿਐਨ ਕਰਨ ਦੇ ਕਈ ਚੰਗੇ ਕਾਰਨ ਹਨ। ਯਹੋਵਾਹ ਨੇ ਬੱਚਿਆਂ ਨੂੰ ਸਿਖਾਉਣ ਦੀ ਜ਼ਿੰਮੇਵਾਰੀ ਮਾਤਾ-ਪਿਤਾ ਨੂੰ ਦਿੱਤੀ ਹੈ। (ਕਹਾਉਤਾਂ 1:8; ਅਫ਼ਸੀਆਂ 6:4) ਜਦੋਂ ਪੂਰਾ ਪਰਿਵਾਰ ਮਿਲ ਕੇ ਅਧਿਐਨ ਕਰਦਾ ਹੈ, ਤਾਂ ਇਸ ਤੋਂ ਬੱਚੇ ਸਿੱਖਦੇ ਹਨ ਕਿ ਉਹ ਨਾ ਸਿਰਫ਼ ਕਿੰਗਡਮ ਹਾਲ ਜਾ ਕੇ ਯਹੋਵਾਹ ਦੀ ਭਗਤੀ ਕਰਦੇ ਹਨ, ਸਗੋਂ ਉਨ੍ਹਾਂ ਦੀ ਘਰੇਲੂ ਜ਼ਿੰਦਗੀ ਵਿਚ ਵੀ ਯਹੋਵਾਹ ਦੀ ਭਗਤੀ ਬਹੁਤ ਅਹਿਮੀਅਤ ਰੱਖਦੀ ਹੈ।—ਬਿਵਸਥਾ ਸਾਰ 6:6-9.
11 ਜੇ ਚੰਗੀ ਤਰ੍ਹਾਂ ਤਿਆਰੀ ਕਰ ਕੇ ਪਰਿਵਾਰਕ ਅਧਿਐਨ ਦੌਰਾਨ ਵਧੀਆ ਸਵਾਲ ਪੁੱਛੇ ਜਾਣ, ਤਾਂ ਮਾਪੇ ਰੂਹਾਨੀ ਤੇ ਨੈਤਿਕ ਵਿਸ਼ਿਆਂ ਉੱਤੇ ਬੱਚਿਆਂ ਦੀ ਸੋਚ ਨੂੰ ਜਾਣ ਸਕਣਗੇ। ਮਿਸਾਲ ਲਈ, ਮਾਤਾ-ਪਿਤਾ ਛੋਟੇ ਬੱਚਿਆਂ ਨਾਲ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਵਿੱਚੋਂ ਅਧਿਐਨ ਕਰ ਸਕਦੇ ਹਨ।a ਸਟੱਡੀ ਕਰਦਿਆਂ ਉਹ ਵਿਚ-ਵਿਚ ਬੱਚਿਆਂ ਦੀ ਰਾਇ ਪੁੱਛ ਸਕਦੇ ਹਨ। ਫਿਰ ਕਹਾਣੀ ਸੁਣਾਉਣ ਤੋਂ ਬਾਅਦ ਉਹ ਹਰ ਪਾਠ ਦੇ ਅਖ਼ੀਰ ਵਿਚ ਦਿੱਤੀਆਂ ਕੁਝ ਆਇਤਾਂ ਪੜ੍ਹ ਕੇ ਬੱਚਿਆਂ ਨਾਲ ਵਿਚਾਰ ਕਰ ਸਕਦੇ ਹਨ ਕਿ ਇਨ੍ਹਾਂ ਤੋਂ ਕੀ ਸਬਕ ਸਿੱਖਿਆ ਜਾ ਸਕਦਾ ਹੈ। ਇਸ ਤਰ੍ਹਾਂ ਬੱਚੇ ‘ਭਲੇ ਬੁਰੇ ਦੀ ਜਾਚ ਕਰਨੀ’ ਸਿੱਖਣਗੇ।—ਇਬਰਾਨੀਆਂ 5:14.
12. ਮਾਤਾ-ਪਿਤਾ ਬੱਚਿਆਂ ਦੀ ਲੋੜ ਮੁਤਾਬਕ ਪਰਿਵਾਰਕ ਅਧਿਐਨ ਨੂੰ ਕਿਵੇਂ ਢਾਲ਼ ਸਕਦੇ ਹਨ ਅਤੇ ਇਸ ਤਰ੍ਹਾਂ ਕਰਨ ਲਈ ਤੁਸੀਂ ਕਿਹੜੇ ਤਰੀਕੇ ਅਜ਼ਮਾਏ ਹਨ?
12 ਜਿਉਂ-ਜਿਉਂ ਬੱਚੇ ਵੱਡੇ ਹੁੰਦੇ ਹਨ, ਤਿਉਂ-ਤਿਉਂ ਪਰਿਵਾਰਕ ਅਧਿਐਨ ਨੂੰ ਉਨ੍ਹਾਂ ਦੀਆਂ ਲੋੜਾਂ ਮੁਤਾਬਕ ਢਾਲ਼ੋ। ਧਿਆਨ ਦਿਓ ਕਿ ਇਕ ਮਾਤਾ-ਪਿਤਾ ਨੇ ਕਿਵੇਂ ਆਪਣੀਆਂ ਜਵਾਨ ਕੁੜੀਆਂ ਨੂੰ ਸਹੀ-ਗ਼ਲਤ ਵਿਚ ਫ਼ਰਕ ਕਰਨਾ ਸਿਖਾਇਆ। ਕੁੜੀਆਂ ਸਕੂਲ ਵਿਚ ਰੱਖੀ ਡਾਂਸ ਪਾਰਟੀ ਵਿਚ ਜਾਣਾ ਚਾਹੁੰਦੀਆਂ ਸਨ। ਪਿਤਾ ਦੱਸਦਾ ਹੈ: “ਅਸੀਂ ਬੱਚਿਆਂ ਨੂੰ ਕਿਹਾ ਕਿ ਅਗਲੇ ਪਰਿਵਾਰਕ ਅਧਿਐਨ ਦੌਰਾਨ ਅਸੀਂ ਬੱਚਿਆਂ ਦਾ ਰੋਲ ਅਦਾ ਕਰਾਂਗੇ ਅਤੇ ਉਹ ਸਾਡੇ ਮਾਪੇ ਬਣ ਕੇ ਸਾਨੂੰ ਸਲਾਹ ਦੇਣ। ਉਹ ਆਪੇ ਫ਼ੈਸਲਾ ਕਰ ਸਕਦੀਆਂ ਹਨ ਕਿ ਕੌਣ ਮੰਮੀ ਤੇ ਕੌਣ ਡੈਡੀ ਬਣੇਗੀ। ਪਰ ਉਨ੍ਹਾਂ ਨੂੰ ਡਾਂਸ ਪਾਰਟੀਆਂ ਬਾਰੇ ਚੰਗੀ ਤਰ੍ਹਾਂ ਰਿਸਰਚ ਕਰਨੀ ਪਵੇਗੀ ਤਾਂਕਿ ਉਹ ਸਾਨੂੰ ਸਹੀ ਸੇਧ ਦੇ ਸਕਣ।” ਇਸ ਦਾ ਕੀ ਨਤੀਜਾ ਨਿਕਲਿਆ? ਪਿਤਾ ਦੱਸਦਾ ਹੈ: “ਸਾਡੀਆਂ ਕੁੜੀਆਂ ਤਾਂ ਬੜੀਆਂ ਹੀ ਸਮਝਦਾਰ ਨਿਕਲੀਆਂ। ਉਨ੍ਹਾਂ ਨੇ ਮਾਤਾ-ਪਿਤਾ ਦਾ ਰੋਲ ਅਦਾ ਕਰਦਿਆਂ ਸਾਨੂੰ ਬਾਈਬਲ ਵਿੱਚੋਂ ਵਧੀਆ ਤਰੀਕੇ ਨਾਲ ਸਮਝਾਇਆ ਕਿ ਡਾਂਸ ਪਾਰਟੀ ਵਿਚ ਜਾਣਾ ਕਿਉਂ ਸਹੀ ਨਹੀਂ ਹੋਵੇਗਾ। ਇੰਨਾ ਹੀ ਨਹੀਂ, ਸਗੋਂ ਉਨ੍ਹਾਂ ਨੇ ਸਾਨੂੰ ਕਈ ਚੰਗੇ ਸੁਝਾਅ ਵੀ ਦਿੱਤੇ ਕਿ ਡਾਂਸ ਪਾਰਟੀ ਵਿਚ ਜਾਣ ਦੀ ਬਜਾਇ ਅਸੀਂ ਹੋਰ ਕਿਵੇਂ ਮਨੋਰੰਜਨ ਕਰ ਸਕਦੇ ਸਾਂ। ਇਸ ਤਰੀਕੇ ਨਾਲ ਸਾਨੂੰ ਆਪਣੀਆਂ ਕੁੜੀਆਂ ਦੀ ਸੋਚ ਅਤੇ ਇੱਛਾਵਾਂ ਨੂੰ ਸਮਝਣ ਵਿਚ ਬਹੁਤ ਮਦਦ ਮਿਲੀ।” ਜੀ ਹਾਂ, ਬਾਕਾਇਦਾ ਪਰਿਵਾਰਕ ਅਧਿਐਨ ਕਰਨ ਲਈ ਅਤੇ ਬੱਚਿਆਂ ਦੀਆਂ ਲੋੜਾਂ ਮੁਤਾਬਕ ਇਸ ਨੂੰ ਢਾਲ਼ਣ ਲਈ ਪੱਕੇ ਇਰਾਦੇ ਅਤੇ ਮਿਹਨਤ ਦੀ ਲੋੜ ਪੈਂਦੀ ਹੈ। ਪਰ ਤੁਹਾਨੂੰ ਆਪਣੀ ਇਸ ਮਿਹਨਤ ਤੇ ਕਦੇ ਪਛਤਾਵਾ ਨਹੀਂ ਹੋਵੇਗਾ।—ਕਹਾਉਤਾਂ 23:15.
ਘਰ ਵਿਚ ਖ਼ੁਸ਼ਨੁਮਾ ਮਾਹੌਲ ਪੈਦਾ ਕਰੋ
13, 14. (ੳ) ਮਾਪੇ ਘਰ ਵਿਚ ਖ਼ੁਸ਼ਨੁਮਾ ਮਾਹੌਲ ਕਿਵੇਂ ਪੈਦਾ ਕਰ ਸਕਦੇ ਹਨ? (ਅ) ਮਾਪਿਆਂ ਦੁਆਰਾ ਆਪਣੀਆਂ ਗ਼ਲਤੀਆਂ ਮੰਨ ਲੈਣ ਦੇ ਕੀ ਵਧੀਆ ਨਤੀਜੇ ਨਿਕਲ ਸਕਦੇ ਹਨ?
13 ਸ਼ਾਂਤ ਮੌਸਮ ਵਿਚ ਤੀਰ ਨਿਸ਼ਾਨੇ ਤੇ ਲੱਗਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਇਸੇ ਤਰ੍ਹਾਂ ਸ਼ਾਂਤ ਮਾਹੌਲ ਵਿਚ ਪਲਣ ਵਾਲੇ ਬੱਚੇ ਯਹੋਵਾਹ ਨੂੰ ਪਿਆਰ ਕਰਨਾ ਸਿੱਖਦੇ ਹਨ। ਯਾਕੂਬ ਨੇ ਲਿਖਿਆ: “ਸ਼ਾਂਤੀ ਸਥਾਪਿਤ ਕਰਨ ਵਾਲੇ ਸ਼ਾਂਤੀ ਦਾ ਬੀਜ ਬੀਜਦੇ ਹਨ।” (ਯਾਕੂਬ 3:18, ਪਵਿੱਤਰ ਬਾਈਬਲ ਨਵਾਂ ਅਨੁਵਾਦ) ਮਾਤਾ-ਪਿਤਾ ਘਰ ਵਿਚ ਖ਼ੁਸ਼ਨੁਮਾ ਮਾਹੌਲ ਕਿਵੇਂ ਪੈਦਾ ਕਰ ਸਕਦੇ ਹਨ? ਉਨ੍ਹਾਂ ਨੂੰ ਆਪਣੇ ਵਿਆਹ ਦੇ ਬੰਧਨ ਨੂੰ ਮਜ਼ਬੂਤ ਰੱਖਣਾ ਚਾਹੀਦਾ ਹੈ। ਜੇ ਪਤੀ-ਪਤਨੀ ਇਕ-ਦੂਜੇ ਨੂੰ ਪਿਆਰ ਕਰਦੇ ਹਨ ਤੇ ਆਦਰ-ਸਤਿਕਾਰ ਨਾਲ ਪੇਸ਼ ਆਉਂਦੇ ਹਨ, ਤਾਂ ਬੱਚੇ ਵੀ ਯਹੋਵਾਹ ਨੂੰ ਅਤੇ ਦੂਸਰਿਆਂ ਨੂੰ ਪਿਆਰ ਕਰਨਾ ਸਿੱਖਣਗੇ ਤੇ ਉਨ੍ਹਾਂ ਦਾ ਆਦਰ ਕਰਨਗੇ। (ਗਲਾਤੀਆਂ 6:7; ਅਫ਼ਸੀਆਂ 5:33) ਪਿਆਰ ਅਤੇ ਆਦਰ-ਸਤਿਕਾਰ ਦੇ ਰਹਿੰਦਿਆਂ ਘਰ ਵਿਚ ਸ਼ਾਂਤੀ ਬਣੀ ਰਹਿੰਦੀ ਹੈ। ਜਦੋਂ ਮਾਤਾ-ਪਿਤਾ ਵਿਚ ਸ਼ਾਂਤੀ ਹੋਵੇ, ਤਾਂ ਉਹ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਮਿਲ ਕੇ ਹੱਲ ਕਰ ਸਕਣਗੇ।
14 ਹਰ ਪਰਿਵਾਰ ਨਾਮੁਕੰਮਲ ਇਨਸਾਨਾਂ ਦਾ ਬਣਿਆ ਹੈ। ਸੋ ਮਾਤਾ-ਪਿਤਾ ਕਦੇ-ਕਦੇ ਬੱਚਿਆਂ ਨਾਲ ਪਿਆਰ ਜਾਂ ਸੰਜਮ ਨਾਲ ਪੇਸ਼ ਨਹੀਂ ਆਉਂਦੇ। (ਗਲਾਤੀਆਂ 5:22, 23) ਇੱਦਾਂ ਹੋਣ ਤੇ ਮਾਪਿਆਂ ਨੂੰ ਕੀ ਕਰਨਾ ਚਾਹੀਦਾ ਹੈ? ਜੇ ਉਹ ਆਪਣੀ ਗ਼ਲਤੀ ਮੰਨ ਲੈਣ, ਤਾਂ ਕੀ ਇਸ ਨਾਲ ਬੱਚੇ ਦੀ ਨਜ਼ਰ ਵਿਚ ਉਨ੍ਹਾਂ ਦੀ ਇੱਜ਼ਤ ਘੱਟ ਜਾਵੇਗੀ? ਜ਼ਰਾ ਪੌਲੁਸ ਰਸੂਲ ਦੀ ਉਦਾਹਰਣ ਤੇ ਗੌਰ ਕਰੋ। ਉਹ ਕਈ ਮਸੀਹੀਆਂ ਲਈ ਪਿਤਾ ਸਮਾਨ ਸੀ। (1 ਕੁਰਿੰਥੀਆਂ 4:15) ਤਾਂ ਵੀ ਉਸ ਨੇ ਮੰਨਿਆ ਕਿ ਉਸ ਤੋਂ ਗ਼ਲਤੀਆਂ ਹੁੰਦੀਆਂ ਸਨ। (ਰੋਮੀਆਂ 7:21-25) ਪਰ ਉਸ ਦੀ ਹਲੀਮੀ ਤੇ ਈਮਾਨਦਾਰੀ ਦੇਖ ਕੇ ਸਾਡੇ ਦਿਲਾਂ ਵਿਚ ਉਸ ਲਈ ਆਦਰ ਘੱਟਣ ਦੀ ਬਜਾਇ ਹੋਰ ਵਧ ਜਾਂਦਾ ਹੈ। ਆਪਣੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਪੌਲੁਸ ਕੁਰਿੰਥੁਸ ਦੀ ਕਲੀਸਿਯਾ ਨੂੰ ਲਿਖ ਸਕਿਆ: “ਤੁਸੀਂ ਮੇਰੀ ਰੀਸ ਕਰੋ ਜਿਵੇਂ ਮੈਂ ਵੀ ਮਸੀਹ ਦੀ ਰੀਸ ਕਰਦਾ ਹਾਂ।” (1 ਕੁਰਿੰਥੀਆਂ 10:33) ਸੋ ਜੇ ਤੁਸੀਂ ਆਪਣੀਆਂ ਗ਼ਲਤੀਆਂ ਮੰਨ ਲਵੋਗੇ, ਤਾਂ ਬੱਚੇ ਛੇਤੀ ਤੁਹਾਡੀਆਂ ਗ਼ਲਤੀਆਂ ਨੂੰ ਭੁਲਾ ਦੇਣਗੇ।
15, 16. ਬੱਚਿਆਂ ਦੇ ਦਿਲਾਂ ਵਿਚ ਕਲੀਸਿਯਾ ਦੇ ਭੈਣ-ਭਰਾਵਾਂ ਲਈ ਪਿਆਰ ਕਿਉਂ ਪੈਦਾ ਕਰਨਾ ਚਾਹੀਦਾ ਹੈ ਅਤੇ ਇਹ ਕਿਵੇਂ ਕੀਤਾ ਜਾ ਸਕਦਾ ਹੈ?
15 ਘਰ ਦਾ ਮਾਹੌਲ ਖ਼ੁਸ਼ਗਵਾਰ ਬਣਾਉਣ ਲਈ ਮਾਪੇ ਹੋਰ ਕੀ ਕਰ ਸਕਦੇ ਹਨ ਤਾਂਕਿ ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਪੈਦਾ ਹੋਵੇ? ਯੂਹੰਨਾ ਰਸੂਲ ਨੇ ਲਿਖਿਆ: “ਜੇ ਕੋਈ ਆਖੇ ਭਈ ਮੈਂ ਪਰਮੇਸ਼ੁਰ ਨਾਲ ਪ੍ਰੇਮ ਰੱਖਦਾ ਹਾਂ ਅਤੇ ਆਪਣੇ ਭਰਾ ਨਾਲ ਵੈਰ ਰੱਖੇ ਤਾਂ ਉਹ ਝੂਠਾ ਹੈ ਕਿਉਂਕਿ ਜਿਹੜਾ ਆਪਣੇ ਭਰਾ ਨਾਲ ਜਿਸ ਨੂੰ ਉਹ ਨੇ ਵੇਖਿਆ ਹੈ ਪ੍ਰੇਮ ਨਹੀਂ ਰੱਖਦਾ ਉਹ ਪਰਮੇਸ਼ੁਰ ਨਾਲ ਜਿਸ ਨੂੰ ਉਹ ਨੇ ਨਹੀਂ ਵੇਖਿਆ ਪ੍ਰੇਮ ਰੱਖ ਹੀ ਨਹੀਂ ਸੱਕਦਾ।” (1 ਯੂਹੰਨਾ 4:20, 21) ਇਸ ਦਾ ਮਤਲਬ ਹੋਇਆ ਕਿ ਜਦੋਂ ਤੁਸੀਂ ਬੱਚਿਆਂ ਨੂੰ ਕਲੀਸਿਯਾ ਦੇ ਭੈਣ-ਭਰਾਵਾਂ ਨੂੰ ਪਿਆਰ ਕਰਨ ਦੀ ਸਿੱਖਿਆ ਦਿੰਦੇ ਹੋ, ਤਾਂ ਤੁਸੀਂ ਉਨ੍ਹਾਂ ਨੂੰ ਯਹੋਵਾਹ ਨੂੰ ਪਿਆਰ ਕਰਨਾ ਸਿਖਾ ਰਹੇ ਹੁੰਦੇ ਹੋ। ਸੋ ਮਾਪਿਆਂ ਲਈ ਇਸ ਗੱਲ ਤੇ ਵਿਚਾਰ ਕਰਨਾ ਸਹੀ ਹੋਵੇਗਾ: ‘ਕੀ ਮੈਂ ਆਮ ਤੌਰ ਤੇ ਕਲੀਸਿਯਾ ਦੇ ਭੈਣਾਂ-ਭਰਾਵਾਂ ਬਾਰੇ ਚੰਗੀਆਂ ਗੱਲਾਂ ਕਰਦਾ ਹਾਂ ਜਾਂ ਉਨ੍ਹਾਂ ਦੀ ਬੁਰਾਈ ਕਰਦਾ ਹਾਂ?’ ਇਸ ਸਵਾਲ ਦਾ ਸਹੀ ਜਵਾਬ ਜਾਣਨ ਲਈ ਗੌਰ ਕਰੋ ਕਿ ਤੁਹਾਡੇ ਬੱਚੇ ਭੈਣਾਂ-ਭਰਾਵਾਂ ਬਾਰੇ ਕੀ ਕਹਿੰਦੇ ਹਨ। ਕੀ ਉਹ ਸਭਾਵਾਂ ਬਾਰੇ ਅਤੇ ਭੈਣਾਂ-ਭਰਾਵਾਂ ਬਾਰੇ ਚੰਗੀਆਂ ਗੱਲਾਂ ਕਰਦੇ ਹਨ ਜਾਂ ਮਾੜੀਆਂ? ਉਹ ਉਹੋ ਕੁਝ ਕਹਿਣਗੇ ਜੋ ਉਨ੍ਹਾਂ ਨੇ ਤੁਹਾਨੂੰ ਕਹਿੰਦਿਆਂ ਸੁਣਿਆ ਹੈ।
16 ਮਾਪੇ ਆਪਣੇ ਬੱਚਿਆਂ ਦੇ ਦਿਲਾਂ ਵਿਚ ਮਸੀਹੀ ਭੈਣ-ਭਰਾਵਾਂ ਲਈ ਪਿਆਰ ਕਿਵੇਂ ਪੈਦਾ ਕਰ ਸਕਦੇ ਹਨ? ਦੋ ਕਿਸ਼ੋਰ ਉਮਰ ਦੇ ਮੁੰਡਿਆਂ ਦਾ ਪਿਉ ਪੀਟਰ ਕਹਿੰਦਾ ਹੈ: “ਜਦੋਂ ਸਾਡੇ ਮੁੰਡੇ ਛੋਟੇ ਹੀ ਸਨ, ਉਦੋਂ ਤੋਂ ਹੀ ਅਸੀਂ ਯਹੋਵਾਹ ਨੂੰ ਦਿਲੋਂ ਪਿਆਰ ਕਰਨ ਵਾਲੇ ਭੈਣ-ਭਰਾਵਾਂ ਨੂੰ ਘਰ ਖਾਣੇ ਤੇ ਸੱਦਦੇ ਸੀ। ਅਸੀਂ ਹੱਸਦੇ-ਖੇਡਦੇ ਅਤੇ ਇਕ-ਦੂਜੇ ਦੀ ਸੰਗਤ ਦਾ ਆਨੰਦ ਮਾਣਦੇ ਸਾਂ। ਇਸ ਤਰ੍ਹਾਂ ਸਾਡੇ ਮੁੰਡੇ ਭੈਣਾਂ-ਭਰਾਵਾਂ ਦੀ ਸੰਗਤ ਵਿਚ ਰਹਿ ਕੇ ਵੱਡੇ ਹੋਏ ਹਨ ਅਤੇ ਉਹ ਵੀ ਹੁਣ ਯਹੋਵਾਹ ਦੀ ਸੇਵਾ ਖ਼ੁਸ਼ੀ-ਖ਼ੁਸ਼ੀ ਕਰ ਰਹੇ ਹਨ।” ਪੰਜ ਕੁੜੀਆਂ ਦਾ ਪਿਤਾ ਡੈਨਿਸ ਕਹਿੰਦਾ ਹੈ, “ਅਸੀਂ ਹਮੇਸ਼ਾ ਕੁੜੀਆਂ ਨੂੰ ਕਲੀਸਿਯਾ ਦੇ ਪਾਇਨੀਅਰਾਂ ਨਾਲ ਦੋਸਤੀ ਕਰਨ ਦੀ ਹੱਲਾਸ਼ੇਰੀ ਦਿੰਦੇ ਸੀ। ਨਾਲ ਹੀ ਅਸੀਂ ਸਫ਼ਰੀ ਨਿਗਾਹਬਾਨਾਂ ਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਵੀ ਖਾਣੇ ਤੇ ਬੁਲਾਉਂਦੇ ਸੀ।” ਮਾਪਿਓ, ਕੀ ਤੁਸੀਂ ਵੀ ਇੱਦਾਂ ਦਾ ਕੁਝ ਕਰ ਸਕਦੇ ਹੋ ਤਾਂਕਿ ਬੱਚੇ ਕਲੀਸਿਯਾ ਦੇ ਭੈਣ-ਭਰਾਵਾਂ ਨੂੰ ਆਪਣੇ ਪਰਿਵਾਰ ਦਾ ਹੀ ਹਿੱਸਾ ਸਮਝਣ?—ਮਰਕੁਸ 10:29, 30.
ਬੱਚੇ ਦੀ ਜ਼ਿੰਮੇਵਾਰੀ
17. ਬੱਚਿਆਂ ਨੂੰ ਆਖ਼ਰਕਾਰ ਕਿਹੜਾ ਫ਼ੈਸਲਾ ਆਪ ਕਰਨਾ ਪਵੇਗਾ?
17 ਹੁਣ ਜ਼ਰਾ ਫਿਰ ਤੋਂ ਤੀਰਅੰਦਾਜ਼ ਦੀ ਉਦਾਹਰਣ ਤੇ ਗੌਰ ਕਰੋ। ਉਹ ਭਾਵੇਂ ਕਿੰਨਾ ਹੀ ਮਾਹਰ ਕਿਉਂ ਨਾ ਹੋਵੇ, ਪਰ ਜੇਕਰ ਤੀਰ ਵਿੰਗਾ-ਟੇਢਾ ਹੈ, ਤਾਂ ਇਹ ਨਿਸ਼ਾਨੇ ਤੇ ਨਹੀਂ ਲੱਗੇਗਾ। ਮਾਪੇ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕਰਨਗੇ ਕਿ ਉਹ ਬੱਚਿਆਂ ਦੀ ਟੇਢੀ ਸੋਚ ਨੂੰ ਸੁਧਾਰਨ। ਪਰ ਆਖ਼ਰਕਾਰ ਇਹ ਬੱਚਿਆਂ ਤੇ ਨਿਰਭਰ ਕਰੇਗਾ ਕਿ ਉਹ ਇਸ ਦੁਨੀਆਂ ਦੇ ਟੇਢੇ ਰਾਹਾਂ ਤੇ ਤੁਰਨਗੇ ਜਾਂ ਯਹੋਵਾਹ ਦੀ ਸਿੱਖਿਆ ਮੁਤਾਬਕ ਆਪਣੇ ‘ਮਾਰਗਾਂ ਨੂੰ ਸਿੱਧਾ ਕਰਨਗੇ।’—ਕਹਾਉਤਾਂ 3:5, 6; ਰੋਮੀਆਂ 12:2.
18. ਬੱਚਿਆਂ ਦੇ ਫ਼ੈਸਲੇ ਦਾ ਦੂਜਿਆਂ ਉੱਤੇ ਕੀ ਅਸਰ ਪੈ ਸਕਦਾ ਹੈ?
18 ਭਾਵੇਂ ਕਿ ਮਾਪਿਆਂ ਨੂੰ ਇਹ ਭਾਰੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਉਹ ‘ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਬੱਚਿਆਂ ਦੀ ਪਾਲਨਾ ਕਰਨ,’ ਪਰ ਅੰਤ ਵਿਚ ਬੱਚਾ ਆਪ ਫ਼ੈਸਲਾ ਕਰੇਗਾ ਕਿ ਉਹ ਜ਼ਿੰਦਗੀ ਵਿਚ ਕੀ ਕਰੇਗਾ। (ਅਫ਼ਸੀਆਂ 6:4) ਸੋ ਬੱਚਿਓ, ਆਪਣੇ ਆਪ ਤੋਂ ਪੁੱਛੋ, ‘ਕੀ ਮੈਂ ਆਪਣੇ ਮਾਤਾ-ਪਿਤਾ ਦੁਆਰਾ ਸਿਖਾਏ ਸੰਸਕਾਰਾਂ ਮੁਤਾਬਕ ਚੱਲਾਂਗਾ?’ ਮਾਪਿਆਂ ਦੇ ਸਿਖਾਏ ਰਾਹ ਤੇ ਚੱਲ ਕੇ ਤੁਸੀਂ ਜ਼ਿੰਦਗੀ ਦਾ ਉੱਤਮ ਰਾਹ ਚੁਣ ਰਹੇ ਹੋਵੋਗੇ। ਤੁਸੀਂ ਆਪਣੇ ਮਾਤਾ-ਪਿਤਾ ਦਾ ਦਿਲ ਖ਼ੁਸ਼ੀ ਤੇ ਫ਼ਖ਼ਰ ਨਾਲ ਭਰ ਦਿਓਗੇ। ਪਰ ਇਸ ਤੋਂ ਵੀ ਜ਼ਿਆਦਾ ਖ਼ੁਸ਼ੀ ਯਹੋਵਾਹ ਪਰਮੇਸ਼ੁਰ ਨੂੰ ਹੋਵੇਗੀ!—ਕਹਾਉਤਾਂ 27:11.
[ਫੁਟਨੋਟ]
a ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਜਾਂਦੀ ਹੈ।
ਕੀ ਤੁਹਾਨੂੰ ਯਾਦ ਹੈ?
• ਪ੍ਰਾਰਥਨਾ ਅਤੇ ਅਧਿਐਨ ਕਰਨ ਦੇ ਮਾਮਲੇ ਵਿਚ ਮਾਪੇ ਕਿਵੇਂ ਚੰਗੀ ਮਿਸਾਲ ਕਾਇਮ ਕਰ ਸਕਦੇ ਹਨ?
• ਮਾਪੇ ਘਰ ਦੇ ਮਾਹੌਲ ਨੂੰ ਕਿਵੇਂ ਖ਼ੁਸ਼ਨੁਮਾ ਬਣਾਈ ਰੱਖ ਸਕਦੇ ਹਨ?
• ਬੱਚਿਆਂ ਨੂੰ ਕਿਹੜਾ ਫ਼ੈਸਲਾ ਆਪ ਕਰਨਾ ਪਵੇਗਾ ਅਤੇ ਉਨ੍ਹਾਂ ਦੇ ਫ਼ੈਸਲੇ ਦਾ ਦੂਜਿਆਂ ਉੱਤੇ ਕੀ ਅਸਰ ਪਵੇਗਾ?
[ਸਫ਼ਾ 28 ਉੱਤੇ ਤਸਵੀਰ]
ਕੀ ਤੁਸੀਂ ਬਾਈਬਲ ਦਾ ਅਧਿਐਨ ਕਰ ਕੇ ਬੱਚਿਆਂ ਲਈ ਚੰਗੀ ਮਿਸਾਲ ਕਾਇਮ ਕਰਦੇ ਹੋ?
[ਸਫ਼ਾ 29 ਉੱਤੇ ਤਸਵੀਰ]
ਮਾਤਾ-ਪਿਤਾ ਵਿਚ ਪਿਆਰ ਤੇ ਆਦਰ ਹੋਣ ਨਾਲ ਬੱਚੇ ਖ਼ੁਸ਼ ਰਹਿੰਦੇ ਹਨ