ਦੋ ਦੁਖੀ ਭੈਣਾਂ ਜਿਨ੍ਹਾਂ ਨੇ “ਇਸਰਾਏਲ ਦਾ ਘਰ ਬਣਾਇਆ”
ਸਜ ਵਿਆਹੀ ਲੇਆਹ ਨੇ ਆਪਣੇ ਪਤੀ ਯਾਕੂਬ ਦੀਆਂ ਬਾਹਾਂ ਵਿਚ ਸਾਰੀ ਰਾਤ ਕੱਟੀ। ਲੇਆਹ ਨੂੰ ਪਤਾ ਸੀ ਕਿ ਦਿਨ ਚੜ੍ਹਦਿਆਂ ਉਸ ਦੇ ਪਤੀ ਨੂੰ ਸੱਚਾਈ ਪਤਾ ਲੱਗ ਜਾਵੇਗੀ। ਆਪਣੇ ਪਿਤਾ ਦੇ ਕਹਿਣ ਤੇ ਰਾਤ ਨੂੰ ਲੇਆਹ ਨੇ ਸ਼ਾਇਦ ਵੱਡਾ ਸਾਰਾ ਘੁੰਡ ਕੱਢਿਆ ਅਤੇ ਯਾਕੂਬ ਤੇ ਰਾਖੇਲ ਲਈ ਵਿਛਾਈ ਸੁਹਾਗ ਦੀ ਸੇਜ ਉੱਤੇ ਲੰਮੀ ਪੈ ਗਈ।
ਕਲਪਨਾ ਕਰੋ ਕਿ ਸਵੇਰ ਨੂੰ ਸੱਚਾਈ ਪਤਾ ਲੱਗਣ ਤੇ ਯਾਕੂਬ ਉੱਤੇ ਕੀ ਬੀਤੀ ਹੋਣੀ! ਕਿੰਨਾ ਗੁੱਸਾ ਆਇਆ ਹੋਣਾ ਉਸ ਨੂੰ! ਉਸ ਨੇ ਝੱਟ ਜਾ ਕੇ ਆਪਣੇ ਸਹੁਰੇ ਲਾਬਾਨ ਨੂੰ ਇੰਨੇ ਵੱਡੇ ਧੋਖੇ ਦਾ ਕਾਰਨ ਪੁੱਛਿਆ। ਇਸ ਦੌਰਾਨ, ਲੇਆਹ ਸੋਚ ਰਹੀ ਹੋਣੀ ਕਿ ਹੁਣ ਉਸ ਦਾ ਕੀ ਬਣੂ। ਲੇਆਹ ਅਤੇ ਰਾਖੇਲ ਦੀ ਕਹਾਣੀ ਬਾਈਬਲ ਦੇ ਇਤਿਹਾਸ ਦਾ ਇਕ ਅਹਿਮ ਹਿੱਸਾ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇੱਕੋ ਵਿਆਹ ਕਰਨਾ ਅਤੇ ਆਪਣੇ ਸਾਥੀ ਪ੍ਰਤੀ ਵਫ਼ਾਦਾਰ ਰਹਿਣਾ ਕਿੰਨਾ ਜ਼ਰੂਰੀ ਹੈ।
ਖੂਹ ਤੇ ਇਕ ਅਜਨਬੀ ਪਹੁੰਚਿਆ
ਸੱਤ ਸਾਲ ਪਹਿਲਾਂ, ਰਾਖੇਲ ਨੂੰ ਖੂਹ ਤੇ ਇਕ ਅਜਨਬੀ ਮਿਲਿਆ ਸੀ ਜਿਸ ਨੇ ਕਿਹਾ ਕਿ ਉਹ ਉਸ ਦਾ ਰਿਸ਼ਤੇਦਾਰ ਸੀ। ਰਾਖੇਲ ਨੇ ਭੱਜ ਕੇ ਇਹ ਗੱਲ ਆਪਣੇ ਪਿਤਾ ਨੂੰ ਦੱਸੀ। ਉਹ ਅਜਨਬੀ ਅਸਲ ਵਿਚ ਉਸ ਦੀ ਭੂਆ ਦਾ ਮੁੰਡਾ ਸੀ ਤੇ ਯਹੋਵਾਹ ਦਾ ਭਗਤ ਸੀ। ਲਾਬਾਨ ਦੇ ਘਰ ਇਕ ਮਹੀਨਾ ਰਹਿਣ ਤੋਂ ਬਾਅਦ ਯਾਕੂਬ ਨੇ ਲਾਬਾਨ ਤੋਂ ਰਾਖੇਲ ਦਾ ਹੱਥ ਮੰਗਿਆ ਜਿਸ ਦੇ ਬਦਲੇ ਉਹ ਸੱਤ ਸਾਲ ਲਾਬਾਨ ਦੇ ਘਰ ਮਜ਼ਦੂਰੀ ਕਰੇਗਾ। ਲਾਬਾਨ ਇਸ ਰਿਸ਼ਤੇ ਲਈ ਰਾਜ਼ੀ ਹੋ ਗਿਆ ਕਿਉਂਕਿ ਉਸ ਨੇ ਦੇਖਿਆ ਸੀ ਕਿ ਉਸ ਦਾ ਭਤੀਜਾ ਬੜਾ ਮਿਹਨਤੀ ਸੀ, ਨਾਲੇ ਉਸ ਵੇਲੇ ਰਿਸ਼ਤੇਦਾਰਾਂ ਵਿਚ ਵਿਆਹ ਕਰਾਉਣ ਦਾ ਵੀ ਰਿਵਾਜ ਸੀ।—ਉਤਪਤ 29:1-19.
ਰਾਖੇਲ ਲਈ ਯਾਕੂਬ ਦਾ ਪਿਆਰ ਕੋਈ ਦਿਵਾਨਗੀ ਨਹੀਂ ਸੀ, ਸਗੋਂ ਸੱਚਾ ਪਿਆਰ ਸੀ। ਸੱਤ ਸਾਲ ‘ਯਾਕੂਬ ਦੀਆਂ ਅੱਖਾਂ ਵਿੱਚ ਉਹ ਦੇ ਪ੍ਰੇਮ ਦੇ ਕਾਰਨ ਥੋੜੇ ਦਿਨਾਂ ਦੇ ਬਰਾਬਰ ਸਨ।’ (ਉਤਪਤ 29:20) ਯਾਕੂਬ ਰਾਖੇਲ ਦੇ ਮਰਨ ਤਕ ਉਸ ਨੂੰ ਪਿਆਰ ਕਰਦਾ ਰਿਹਾ। ਇਸ ਤੋਂ ਪਤਾ ਲੱਗਦਾ ਕਿ ਰਾਖੇਲ ਵਿਚ ਬਹੁਤ ਸਾਰੇ ਚੰਗੇ ਗੁਣ ਸਨ।
ਕੀ ਲੇਆਹ ਨੇ ਵੀ ਯਹੋਵਾਹ ਦੇ ਕਿਸੇ ਵਫ਼ਾਦਾਰ ਸੇਵਕ ਨਾਲ ਵਿਆਹ ਕਰਾਉਣ ਬਾਰੇ ਸੋਚਿਆ ਸੀ? ਬਾਈਬਲ ਇਸ ਬਾਰੇ ਨਹੀਂ ਦੱਸਦੀ। ਪਰ ਬਾਈਬਲ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਵਿਆਹ ਦਾ ਫ਼ੈਸਲਾ ਉਸ ਦੇ ਪਿਤਾ ਲਾਬਾਨ ਨੇ ਕੀਤਾ ਸੀ। ਵਾਅਦੇ ਮੁਤਾਬਕ ਸੱਤ ਸਾਲ ਪੂਰੇ ਹੋਣ ਤੇ ਲਾਬਾਨ ਨੇ ਲੋਕਾਂ ਲਈ ਦਾਅਵਤ ਰੱਖੀ। ਪਰ ਬਾਈਬਲ ਦੱਸਦੀ ਹੈ ਕਿ ਵਿਆਹ ਦੀ ਉਸ ਸ਼ਾਮ ਉਹ ਰਾਖੇਲ ਦੀ ਥਾਂ ਲੇਆਹ ਨੂੰ ਯਾਕੂਬ ਕੋਲ ਲਿਆਇਆ।—ਉਤਪਤ 29:23.
ਕੀ ਯਾਕੂਬ ਨੂੰ ਧੋਖਾ ਦੇਣ ਵਿਚ ਲੇਆਹ ਨੇ ਆਪਣੇ ਪਿਤਾ ਦਾ ਸਾਥ ਦਿੱਤਾ ਸੀ? ਜਾਂ ਕੀ ਉਸ ਨੇ ਸਿਰਫ਼ ਆਪਣੇ ਪਿਤਾ ਦਾ ਹੁਕਮ ਮੰਨਿਆ ਸੀ? ਉਸ ਵੇਲੇ ਰਾਖੇਲ ਕਿੱਥੇ ਸੀ? ਕੀ ਉਸ ਨੂੰ ਪਤਾ ਸੀ ਕਿ ਉਸ ਦੇ ਪਿਤਾ ਨੇ ਕੀ ਸਕੀਮਾਂ ਘੜੀਆਂ ਸਨ? ਜੇ ਪਤਾ ਸੀ, ਤਾਂ ਉਸ ਦਾ ਕੀ ਹਾਲ ਹੋਇਆ ਹੋਣਾ? ਕੀ ਉਸ ਵਿਚ ਆਪਣੇ ਅੜਬ ਪਿਤਾ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਸੀ? ਬਾਈਬਲ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦਿੰਦੀ। ਰਾਖੇਲ ਅਤੇ ਲੇਆਹ ਇਸ ਮਾਮਲੇ ਬਾਰੇ ਜੋ ਵੀ ਸੋਚਦੀਆਂ ਸਨ, ਪਰ ਇਸ ਧੋਖੇ ਤੋਂ ਯਾਕੂਬ ਨੂੰ ਬਹੁਤ ਗੁੱਸਾ ਆਇਆ। ਯਾਕੂਬ ਨੇ ਆਪਣਾ ਗੁੱਸਾ ਲੇਆਹ ਅਤੇ ਰਾਖੇਲ ਉੱਤੇ ਨਹੀਂ ਕੱਢਿਆ, ਸਗੋਂ ਉਹ ਲਾਬਾਨ ਨਾਲ ਲੜਿਆ: “ਕੀ ਰਾਖੇਲ ਲਈ ਮੈਂ ਤੇਰੀ ਟਹਿਲ ਨਹੀਂ ਕੀਤੀ? ਫੇਰ ਤੂੰ ਮੇਰੇ ਨਾਲ ਧੋਖਾ ਕਿਉਂ ਕਮਾਇਆ?” ਲਾਬਾਨ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ: “ਐਉਂ ਨਹੀਂ ਹੁੰਦਾ ਕਿ ਨਿੱਕੀ ਨੂੰ ਪਲੋਠੀ ਤੋਂ ਪਹਿਲਾਂ ਦੇਈਏ। ਇਹਦਾ ਸਾਤਾ ਪੂਰਾ ਕਰ ਤਾਂ ਮੈਂ ਤੈਨੂੰ ਏਹ ਵੀ ਉਸ ਟਹਿਲ ਦੇ ਬਦਲੇ ਜਿਹੜੀ ਤੂੰ ਮੇਰੇ ਲਈ ਹੋਰ ਸੱਤਾਂ ਵਰਿਹਾਂ ਤੀਕ ਕਰੇਂਗਾ ਦੇ ਦਿਆਂਗਾ।” (ਉਤਪਤ 29:25-27) ਲਾਬਾਨ ਦੇ ਧੋਖੇ ਕਰਕੇ ਯਾਕੂਬ ਨੂੰ ਦੋ ਵਿਆਹ ਕਰਾਉਣੇ ਪਏ ਤੇ ਉਸ ਦੀਆਂ ਦੋਵੇਂ ਘਰਵਾਲੀਆਂ ਵਿਚ ਸਾਰੀ ਉਮਰ ਈਰਖਾ ਰਹੀ।
ਯਾਕੂਬ ਦਾ ਦੁਖੀ ਪਰਿਵਾਰ
ਯਾਕੂਬ ਰਾਖੇਲ ਨੂੰ ਬੇਹੱਦ ਪਿਆਰ ਕਰਦਾ ਸੀ। ਜਦੋਂ ਪਰਮੇਸ਼ੁਰ ਨੇ ਦੇਖਿਆ ਕਿ ਯਾਕੂਬ ਲੇਆਹ ਨੂੰ ਘੱਟ ਪਿਆਰ ਕਰਦਾ ਸੀ, ਤਾਂ ਉਸ ਨੇ ਲੇਆਹ ਦੀ ਕੁੱਖ ਹਰੀ ਕੀਤੀ। ਰਾਖੇਲ ਬਾਂਝ ਰਹੀ। ਪਰ ਲੇਆਹ ਨੂੰ ਸਿਰਫ਼ ਬੱਚਾ ਹੀ ਨਹੀਂ ਚਾਹੀਦਾ ਸੀ, ਉਹ ਯਾਕੂਬ ਦੇ ਪਿਆਰ ਲਈ ਤਰਸਦੀ ਸੀ। ਉਹ ਇਹ ਦੇਖ ਕੇ ਬੜੀ ਦੁਖੀ ਹੁੰਦੀ ਸੀ ਕਿ ਯਾਕੂਬ ਆਪਣਾ ਸਾਰਾ ਪਿਆਰ ਰਾਖੇਲ ਉੱਤੇ ਲੁਟਾਉਂਦਾ ਸੀ। ਫਿਰ ਵੀ ਲੇਆਹ ਨੇ ਸੋਚਿਆ ਕਿ ਯਾਕੂਬ ਦਾ ਜੇਠਾ ਮੁੰਡਾ ਜਣਨ ਕਰਕੇ ਉਹ ਉਸ ਨਾਲ ਪਿਆਰ ਕਰੇਗਾ। ਇਸ ਲਈ ਉਸ ਨੇ ਆਪਣੇ ਮੁੰਡੇ ਦਾ ਨਾਂ “ਰਊਬੇਨ” ਰੱਖਿਆ ਜਿਸ ਦਾ ਮਤਲਬ ਹੈ “ਦੇਖ, ਇਕ ਪੁੱਤਰ!” ਲੇਆਹ ਨੇ ਸੋਚ-ਸਮਝ ਕੇ ਮੁੰਡੇ ਦਾ ਨਾਂ ਰੱਖਿਆ ਸੀ। ਉਸ ਨੇ ਕਿਹਾ: “ਯਹੋਵਾਹ ਨੇ ਮੇਰਾ ਕਸ਼ਟ ਵੇਖਿਆ ਸੋ ਹੁਣ ਮੇਰਾ ਮਰਦ ਮੇਰੇ ਨਾਲ ਪ੍ਰੀਤ ਕਰੂਗਾ।” ਪਰ ਯਾਕੂਬ ਨੇ ਉਸ ਨਾਲ ਪਿਆਰ ਨਹੀਂ ਕੀਤਾ, ਦੂਜਾ ਮੁੰਡਾ ਪੈਦਾ ਹੋਣ ਤੇ ਵੀ ਨਹੀਂ। ਲੇਆਹ ਨੇ ਆਪਣੇ ਦੂਜੇ ਮੁੰਡੇ ਦਾ ਨਾਂ ਸ਼ਿਮਓਨ ਰੱਖਿਆ ਜਿਸ ਦਾ ਮਤਲਬ ਹੈ “ਸੁਣਿਆ।” ਉਸ ਨੇ ਕਿਹਾ: “ਯਹੋਵਾਹ ਨੇ ਸੁਣਿਆ ਕਿ ਮੈਂ ਘਿਣਾਉਣੀ ਜਾਣੀ ਗਈ ਹਾਂ ਏਸ ਕਾਰਨ ਉਸ ਨੇ ਮੈਨੂੰ ਏਹ ਦਿੱਤਾ।”—ਉਤਪਤ 29:30-33.
ਲੇਆਹ ਨੇ ਕਿਹਾ ਸੀ ਕਿ ਯਹੋਵਾਹ ਨੇ ਉਸ ਦੀ ਸੁਣੀ। ਇਸ ਤੋਂ ਪਤਾ ਲੱਗਦਾ ਹੈ ਕਿ ਲੇਆਹ ਨੇ ਯਹੋਵਾਹ ਨੂੰ ਆਪਣਾ ਦੁੱਖ ਦੱਸਿਆ ਸੀ। ਉਸ ਨੂੰ ਯਹੋਵਾਹ ਤੇ ਭਰੋਸਾ ਸੀ। ਪਰ ਤੀਜੇ ਮੁੰਡੇ ਲੇਵੀ ਦੇ ਜੰਮਣ ਤੋਂ ਬਾਅਦ ਵੀ ਉਸ ਨੂੰ ਆਪਣੇ ਪਤੀ ਦਾ ਪਿਆਰ ਨਹੀਂ ਮਿਲਿਆ। ਲੇਵੀ ਨਾਂ ਦਾ ਮਤਲਬ ਹੈ “ਬੰਧਨ” ਜਾਂ “ਮਿਲੇ ਰਹਿਣਾ।” ਲੇਆਹ ਨੇ ਆਪਣੇ ਤੀਜੇ ਮੁੰਡੇ ਦਾ ਨਾਂ ਲੇਵੀ ਇਸ ਲਈ ਰੱਖਿਆ ਕਿਉਂਕਿ ਉਸ ਨੇ ਸੋਚਿਆ: “ਹੁਣ ਏਸ ਵੇਲੇ ਮੇਰਾ ਮਰਦ ਮੇਰੇ ਨਾਲ ਮਿਲਿਆ ਰਹੂਗਾ ਕਿਉਂਜੋ ਮੈਂ ਉਸ ਦੇ ਲਈ ਤਿੰਨ ਪੁੱਤ੍ਰ ਜਣੇ।” ਪਰ ਯਾਕੂਬ ਨੇ ਉਸ ਨਾਲ ਕੋਈ ਲਗਾਅ ਨਾ ਰੱਖਿਆ। ਸ਼ਾਇਦ ਲੇਆਹ ਨੇ ਫਿਰ ਸਾਰੀਆਂ ਉਮੀਦਾਂ ਛੱਡ ਦਿੱਤੀਆਂ ਕਿਉਂਕਿ ਉਸ ਦੇ ਚੌਥੇ ਪੁੱਤਰ ਦੇ ਨਾਂ ਤੋਂ ਇਸ ਗੱਲ ਦਾ ਕੋਈ ਇਸ਼ਾਰਾ ਨਹੀਂ ਮਿਲਦਾ ਕਿ ਉਹ ਅਜੇ ਵੀ ਯਾਕੂਬ ਤੋਂ ਪਿਆਰ ਪਾਉਣ ਦੀ ਉਮੀਦ ਰੱਖਦੀ ਸੀ। ਇਸ ਦੀ ਬਜਾਇ ਉਸ ਨੇ ਚੌਥੇ ਪੁੱਤਰ ਦਾ ਨਾਂ ਯਹੂਦਾਹ ਰੱਖ ਕੇ ਯਹੋਵਾਹ ਦਾ ਧੰਨਵਾਦ ਕੀਤਾ। “ਯਹੂਦਾਹ” ਦਾ ਮਤਲਬ ਹੈ “ਮਹਿਮਾ” ਜਾਂ “ਧੰਨਵਾਦ ਦਾ ਪਾਤਰ।” ਲੇਆਹ ਨੇ ਸਿਰਫ਼ ਇੰਨਾ ਕਿਹਾ: “ਏਸ ਵੇਲੇ ਮੈਂ ਯਹੋਵਾਹ ਦਾ ਧੰਨਵਾਦ ਕਰਾਂਗੀ।”—ਉਤਪਤ 29:34, 35.
ਜੇ ਲੇਆਹ ਦੁਖੀ ਸੀ, ਤਾਂ ਰਾਖੇਲ ਵੀ ਖ਼ੁਸ਼ ਨਹੀਂ ਸੀ। ਰਾਖੇਲ ਨੇ ਯਾਕੂਬ ਅੱਗੇ ਤਰਲੇ ਕੀਤੇ: “ਮੈਨੂੰ ਪੁੱਤ੍ਰ ਦੇਹ ਨਹੀਂ ਤਾਂ ਮੈਂ ਮਰ ਜਾਵਾਂਗੀ।” (ਉਤਪਤ 30:1) ਭਾਵੇਂ ਰਾਖੇਲ ਨੂੰ ਯਾਕੂਬ ਦਾ ਪੂਰਾ ਪਿਆਰ ਮਿਲਦਾ ਸੀ, ਪਰ ਉਹ ਉਸ ਦੇ ਬੱਚਿਆਂ ਦੀ ਮਾਂ ਵੀ ਬਣਨਾ ਚਾਹੁੰਦੀ ਸੀ। ਲੇਆਹ ਦੇ ਬੱਚੇ ਸਨ, ਪਰ ਉਹ ਪਿਆਰ ਲਈ ਤਰਸਦੀ ਸੀ। ਦੋਵੇਂ ਉਸ ਚੀਜ਼ ਲਈ ਤਰਸਦੀਆਂ ਸਨ ਜੋ ਦੂਜੀ ਕੋਲ ਸੀ। ਇਸ ਕਰਕੇ ਦੋਵੇਂ ਖ਼ੁਸ਼ ਨਹੀਂ ਸਨ। ਦੋਵੇਂ ਯਾਕੂਬ ਨਾਲ ਪਿਆਰ ਕਰਦੀਆਂ ਸਨ ਤੇ ਉਸ ਦੇ ਬੱਚੇ ਪੈਦਾ ਕਰਨਾ ਚਾਹੁੰਦੀਆਂ ਸਨ। ਦੋਨਾਂ ਨੂੰ ਇਕ-ਦੂਜੇ ਨਾਲ ਈਰਖਾ ਸੀ। ਇਸ ਕਰਕੇ ਉਨ੍ਹਾਂ ਦੇ ਪਰਿਵਾਰ ਵਿਚ ਸਾਰੇ ਦੁਖੀ ਸਨ!
ਰਾਖੇਲ ਦੇ ਬੱਚੇ
ਉਸ ਵੇਲੇ ਜੇ ਕਿਸੇ ਤੀਵੀਂ ਦੇ ਬੱਚਾ ਨਹੀਂ ਹੁੰਦਾ ਸੀ, ਤਾਂ ਉਸ ਨੂੰ ਪਰਮੇਸ਼ੁਰ ਵੱਲੋਂ ਸਰਾਪਿਆ ਸਮਝਿਆ ਜਾਂਦਾ ਸੀ। ਪਰਮੇਸ਼ੁਰ ਨੇ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੇ ਪਰਿਵਾਰ ਵਿੱਚੋਂ “ਅੰਸ” ਨਿਕਲੇਗੀ ਜਿਸ ਦੇ ਦੁਆਰਾ ਸਾਰੇ ਪਰਿਵਾਰਾਂ ਨੂੰ ਬਰਕਤਾਂ ਮਿਲਣਗੀਆਂ। (ਉਤਪਤ 26:4; 28:14) ਪਰ ਰਾਖੇਲ ਦੇ ਕੋਈ ਬੱਚਾ ਨਹੀਂ ਸੀ। ਯਾਕੂਬ ਨੇ ਰਾਖੇਲ ਨੂੰ ਸਮਝਾਇਆ ਕਿ ਸਿਰਫ਼ ਪਰਮੇਸ਼ੁਰ ਹੀ ਉਸ ਨੂੰ ਪੁੱਤਰਾਂ ਦੀ ਦਾਤ ਦੇ ਸਕਦਾ ਸੀ। ਫਿਰ ਵੀ ਰਾਖੇਲ ਨੇ ਸਬਰ ਨਹੀਂ ਕੀਤਾ। ਉਸ ਨੇ ਯਾਕੂਬ ਨੂੰ ਕਿਹਾ: “ਵੇਖ ਮੇਰੀ ਗੋੱਲੀ ਬਿਲਹਾਹ ਹੈ। ਉਸ ਦੇ ਕੋਲ ਜਾਹ ਅਰ ਉਹ ਮੇਰੇ ਗੋਡਿਆਂ ਉੱਤੇ ਜਣੂਗੀ ਤਾਂਜੋ ਮੈਂ ਭੀ ਉਸ ਤੋਂ ਅੰਸ ਵਾਲੀ ਬਣਾਈ ਜਾਵਾਂ।”—ਉਤਪਤ 30:2, 3.
ਰਾਖੇਲ ਨੇ ਜੋ ਵੀ ਕੀਤਾ, ਉਹ ਸਾਡੇ ਲਈ ਸ਼ਾਇਦ ਸਮਝਣਾ ਮੁਸ਼ਕਲ ਹੋਵੇ। ਪਰ ਉਸ ਇਲਾਕੇ ਵਿਚ ਪ੍ਰਾਚੀਨ ਜ਼ਮਾਨੇ ਦੇ ਵਿਆਹ ਦੇ ਇਕਰਾਰਨਾਮਿਆਂ ਦੇ ਕੁਝ ਦਸਤਾਵੇਜ਼ ਮਿਲੇ ਹਨ। ਇਨ੍ਹਾਂ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਉਸ ਵੇਲੇ ਇਹ ਆਮ ਰਿਵਾਜ ਸੀ ਕਿ ਜੇ ਕੋਈ ਤੀਵੀਂ ਬਾਂਝ ਹੁੰਦੀ ਸੀ, ਤਾਂ ਉਹ ਵਾਰਸ ਪੈਦਾ ਕਰਨ ਲਈ ਆਪਣੀ ਗੋਲੀ ਆਪਣੇ ਪਤੀ ਨੂੰ ਦਿੰਦੀ ਸੀ।a (ਉਤਪਤ 16:1-3) ਕੁਝ ਮਾਮਲਿਆਂ ਵਿਚ ਗੋਲੀ ਦੇ ਬੱਚੇ ਮਾਲਕਣ ਦੇ ਬੱਚੇ ਹੀ ਸਮਝੇ ਜਾਂਦੇ ਸਨ।
ਬਿਲਹਾਹ ਦੇ ਮੁੰਡਾ ਹੋਣ ਤੇ ਖੀਵੀ ਹੋਈ ਰਾਖੇਲ ਨੇ ਕਿਹਾ: “ਪਰਮੇਸ਼ੁਰ ਨੇ ਮੇਰਾ ਨਿਆਉਂ ਕੀਤਾ ਨਾਲੇ ਮੇਰੀ ਅਵਾਜ਼ ਸੁਣੀ ਅਰ ਮੈਨੂੰ ਇੱਕ ਪੁੱਤ੍ਰ ਭੀ ਦਿੱਤਾ।” ਉਸ ਨੇ ਮੁੰਡੇ ਦਾ ਨਾਂ ਦਾਨ ਰੱਖਿਆ ਜਿਸ ਦਾ ਮਤਲਬ ਹੈ “ਨਿਆਂਕਾਰ।” ਉਸ ਨੇ ਵੀ ਆਪਣਾ ਦਰਦ ਯਹੋਵਾਹ ਨੂੰ ਦੱਸਿਆ ਸੀ। ਬਿਲਹਾਹ ਦੇ ਦੂਜੇ ਮੁੰਡੇ ਨਫਤਾਲੀ (ਮਤਲਬ “ਮੇਰਾ ਘੋਲ”) ਦੇ ਜਨਮ ਤੋਂ ਬਾਅਦ ਰਾਖੇਲ ਨੇ ਕਿਹਾ: “ਮੇਰੀ ਆਪਣੀ ਭੈਣ ਨਾਲ ਮੇਰਾ ਪਰਮੇਸ਼ੁਰ ਦੇ ਘੋਲਾਂ ਵਰਗਾ ਘੋਲ ਹੋਇਆ ਪਰ ਮੈਂ ਜਿੱਤ ਗਈ।” ਮੁੰਡਿਆਂ ਦੇ ਨਾਂ ਦੋਵਾਂ ਭੈਣਾਂ ਵਿਚ ਚੱਲ ਰਹੀ ਲੜਾਈ ਵੱਲ ਇਸ਼ਾਰਾ ਕਰਦੇ ਹਨ।—ਉਤਪਤ 30:5-8.
ਸ਼ਾਇਦ ਰਾਖੇਲ ਨੇ ਸੋਚਿਆ ਕਿ ਯਾਕੂਬ ਨੂੰ ਬਿਲਹਾਹ ਦੇ ਕੇ ਉਹ ਵਾਰਸ ਪੈਦਾ ਕਰਨ ਲਈ ਆਪਣੀਆਂ ਪ੍ਰਾਰਥਨਾਵਾਂ ਅਨੁਸਾਰ ਚੱਲ ਰਹੀ ਸੀ, ਪਰ ਯਹੋਵਾਹ ਇਸ ਤਰ੍ਹਾਂ ਉਸ ਨੂੰ ਬੱਚੇ ਨਹੀਂ ਦੇਣਾ ਚਾਹੁੰਦਾ ਸੀ। ਇਸ ਤੋਂ ਅਸੀਂ ਕੁਝ ਸਿੱਖਦੇ ਹਾਂ। ਜਦੋਂ ਅਸੀਂ ਯਹੋਵਾਹ ਨੂੰ ਕਿਸੇ ਚੀਜ਼ ਲਈ ਪ੍ਰਾਰਥਨਾ ਕਰਦੇ ਹਾਂ, ਤਾਂ ਸਾਨੂੰ ਸਬਰ ਤੋਂ ਕੰਮ ਲੈਣਾ ਚਾਹੀਦਾ ਹੈ। ਉਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਅਜਿਹੇ ਤਰੀਕਿਆਂ ਨਾਲ ਦਿੰਦਾ ਹੈ ਜਿਸ ਬਾਰੇ ਅਸੀਂ ਸ਼ਾਇਦ ਸੋਚਿਆ ਵੀ ਨਾ ਹੋਵੇ ਤੇ ਉਸ ਸਮੇਂ ਦਿੰਦਾ ਹੈ ਜਦੋਂ ਅਸੀਂ ਇਸ ਦੀ ਉਮੀਦ ਵੀ ਨਾ ਕੀਤੀ ਹੋਵੇ।
ਲੇਆਹ ਵੀ ਹਾਰ ਨਹੀਂ ਮੰਨਣ ਵਾਲੀ ਸੀ। ਉਸ ਨੇ ਯਾਕੂਬ ਨੂੰ ਆਪਣੀ ਗੋਲੀ ਜਿਲਫਾਹ ਦਿੱਤੀ। ਜਿਲਫਾਹ ਨੇ ਪਹਿਲਾਂ ਗਾਦ ਤੇ ਫਿਰ ਆਸ਼ੇਰ ਨੂੰ ਜਨਮ ਦਿੱਤਾ।—ਉਤਪਤ 30:9-13.
ਇਕ ਘਟਨਾ ਨੇ ਰਾਖੇਲ ਅਤੇ ਲੇਆਹ ਦੇ ਝਗੜੇ ਨੂੰ ਉਜਾਗਰ ਕੀਤਾ। ਲੇਆਹ ਦੇ ਮੁੰਡੇ ਰਊਬੇਨ ਨੂੰ ਦੂਦੀਆਂ ਨਾਂ ਦੀ ਬੂਟੀ ਲੱਭੀ। ਲੋਕ ਮੰਨਦੇ ਸਨ ਕਿ ਇਸ ਦਾ ਫਲ ਖਾਣ ਨਾਲ ਕੁੱਖ ਹਰੀ ਹੋ ਜਾਂਦੀ ਸੀ। ਜਦੋਂ ਰਾਖੇਲ ਨੇ ਕੁਝ ਫਲ ਮੰਗੇ, ਤਾਂ ਲੇਆਹ ਨੇ ਸੜ-ਬਲ ਕੇ ਕਿਹਾ: “ਕੀ ਏਹ ਨਿੱਕੀ ਗੱਲ ਹੈ ਕਿ ਤੈਂ ਮੇਰਾ ਮਰਦ ਲੈ ਲਿਆ ਅਰ ਹੁਣ ਤੂੰ ਮੇਰੇ ਪੁੱਤ੍ਰ ਦੀਆਂ ਦੂਦੀਆਂ ਵੀ ਲੈ ਲਵੇਂਗੀ?” ਕੁਝ ਲੋਕ ਇਸ ਗੱਲ ਤੋਂ ਅੰਦਾਜ਼ਾ ਲਾਉਂਦੇ ਹਨ ਕਿ ਯਾਕੂਬ ਲੇਆਹ ਨਾਲੋਂ ਰਾਖੇਲ ਨਾਲ ਜ਼ਿਆਦਾ ਰਹਿੰਦਾ ਸੀ। ਸ਼ਾਇਦ ਲੇਆਹ ਦੀ ਸ਼ਿਕਾਇਤ ਜਾਇਜ਼ ਸੀ, ਇਸ ਕਰਕੇ ਰਾਖੇਲ ਨੇ ਕਿਹਾ: “ਏਸ ਲਈ ਤੇਰੇ ਪੁੱਤ੍ਰ ਦੀਆਂ ਦੂਦੀਆਂ ਦੇ ਬਦਲੇ ਉਹ ਮਰਦ ਤੇਰੇ ਸੰਗ ਅੱਜ ਦੀ ਰਾਤ ਲੇਟੇਗਾ।” ਇਸ ਲਈ ਜਦੋਂ ਸ਼ਾਮ ਨੂੰ ਯਾਕੂਬ ਘਰ ਆਇਆ, ਤਾਂ ਲੇਆਹ ਨੇ ਉਸ ਨੂੰ ਦੱਸਿਆ: “ਤੂੰ ਮੇਰੇ ਕੋਲ ਆਵੀਂ ਕਿਉਂਜੋ ਮੈਂ ਤੈਨੂੰ ਆਪਣੇ ਪੁੱਤ੍ਰ ਦੀਆਂ ਦੂਦੀਆਂ ਨਾਲ ਭਾੜੇ ਉੱਤੇ ਲਿਆ ਹੈ।”—ਉਤਪਤ 30:15, 16.
ਲੇਆਹ ਨੇ ਪੰਜਵੇਂ ਮੁੰਡੇ ਯਿੱਸਾਕਾਰ ਅਤੇ ਛੇਵੇਂ ਮੁੰਡੇ ਜਬੁਲੂਨ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਉਸ ਨੇ ਕਿਹਾ: “ਹੁਣ ਮੇਰਾ ਮਰਦ ਮੇਰੇ ਸੰਗ ਰਹੇਗਾ ਕਿਉਂਜੋ ਮੈਂ ਉਹ ਦੇ ਲਈ ਛੇ ਪੁੱਤ੍ਰ ਜਣੀ।”b—ਉਤਪਤ 30:17-20.
ਦੂਦੀਆਂ ਦਾ ਰਾਖੇਲ ਨੂੰ ਕੋਈ ਫ਼ਾਇਦਾ ਨਹੀਂ ਹੋਇਆ। ਅਖ਼ੀਰ ਵਿਆਹ ਤੋਂ ਛੇ ਸਾਲ ਬਾਅਦ ਜਦੋਂ ਰਾਖੇਲ ਨੇ ਯੂਸੁਫ਼ ਨੂੰ ਜਨਮ ਦਿੱਤਾ, ਤਾਂ ਉਸ ਦੇ ਇਹ ਮੁੰਡਾ ਇਸ ਲਈ ਹੋਇਆ ਸੀ ਕਿਉਂਕਿ ਯਹੋਵਾਹ ਨੇ ਉਸ ਨੂੰ “ਚੇਤੇ ਕੀਤਾ” ਸੀ ਅਤੇ ਉਸ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ ਸੀ। ਉਦੋਂ ਹੀ ਰਾਖੇਲ ਕਹਿ ਸਕੀ: “ਪਰਮੇਸ਼ੁਰ ਨੇ ਮੇਰੀ ਬਦਨਾਮੀ ਨੂੰ ਦੂਰ ਕੀਤਾ ਹੈ।”—ਉਤਪਤ 30:22-24.
ਉਨ੍ਹਾਂ ਦੀ ਮੌਤ ਅਤੇ ਵਿਰਸਾ
ਆਪਣੇ ਦੂਜੇ ਮੁੰਡੇ ਬਿਨਯਾਮੀਨ ਨੂੰ ਜਨਮ ਦਿੰਦਿਆਂ ਰਾਖੇਲ ਦੀ ਮੌਤ ਹੋ ਗਈ। ਯਾਕੂਬ ਰਾਖੇਲ ਨਾਲ ਬਹੁਤ ਪਿਆਰ ਕਰਦਾ ਸੀ ਤੇ ਰਾਖੇਲ ਦੀ ਕੁੱਖੋਂ ਪੈਦਾ ਹੋਏ ਦੋਵੇਂ ਮੁੰਡੇ ਉਸ ਦੇ ਲਾਡਲੇ ਸਨ। ਕਈ ਸਾਲ ਬਾਅਦ ਜਦੋਂ ਯਾਕੂਬ ਆਪ ਮਰਨ ਵਾਲਾ ਸੀ, ਉਸ ਵੇਲੇ ਉਸ ਨੇ ਆਪਣੀ ਪਿਆਰੀ ਪਤਨੀ ਰਾਖੇਲ ਦੀ ਅਣਿਆਈ ਮੌਤ ਨੂੰ ਚੇਤੇ ਕੀਤਾ। (ਉਤਪਤ 30:1; 35:16-19; 48:7) ਲੇਆਹ ਦੇ ਮਰਨ ਤੇ ਯਾਕੂਬ ਨੇ ਉਸ ਨੂੰ ਇਕ ਗੁਫ਼ਾ ਵਿਚ ਦਫ਼ਨਾਇਆ ਤੇ ਉਹ ਚਾਹੁੰਦਾ ਸੀ ਕਿ ਉਸ ਨੂੰ ਵੀ ਉੱਥੇ ਹੀ ਦਫ਼ਨਾਇਆ ਜਾਵੇ। ਇਸ ਤੋਂ ਜ਼ਿਆਦਾ ਅਸੀਂ ਲੇਆਹ ਦੀ ਮੌਤ ਬਾਰੇ ਕੁਝ ਨਹੀਂ ਜਾਣਦੇ।—ਉਤਪਤ 49:29-32.
ਬੁਢਾਪੇ ਵਿਚ ਯਾਕੂਬ ਨੇ ਮੰਨਿਆ ਕਿ ਉਸ ਦੀ ਜ਼ਿੰਦਗੀ ਤੇ ਪਰਿਵਾਰ ਵਿਚ ਦੁੱਖ ਹੀ ਰਹੇ। (ਉਤਪਤ 47:9) ਲੇਆਹ ਤੇ ਰਾਖੇਲ ਦੀ ਜ਼ਿੰਦਗੀ ਵੀ ਦੁੱਖਾਂ ਭਰੀ ਸੀ। ਉਨ੍ਹਾਂ ਦੀ ਜ਼ਿੰਦਗੀ ਦੀ ਕਹਾਣੀ ਦਿਖਾਉਂਦੀ ਹੈ ਕਿ ਇਕ ਤੋਂ ਜ਼ਿਆਦਾ ਵਿਆਹ ਕਰਾਉਣ ਦੇ ਕਿੰਨੇ ਮਾੜੇ ਨਤੀਜੇ ਨਿਕਲਦੇ ਹਨ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਕਿਉਂ ਇਹ ਕਿਹਾ ਸੀ ਕਿ ਇਕ ਆਦਮੀ ਦੀ ਸਿਰਫ਼ ਇੱਕੋ ਪਤਨੀ ਹੋਵੇ। (ਮੱਤੀ 19:4-8; 1 ਤਿਮੋਥਿਉਸ 3:2, 12) ਜੇ ਪਤੀ-ਪਤਨੀ ਦੋਵਾਂ ਵਿੱਚੋਂ ਕੋਈ ਕਿਸੇ ਹੋਰ ਵਿਚ ਦਿਲਚਸਪੀ ਲੈਣ ਲੱਗ ਪੈਂਦਾ ਹੈ ਜਾਂ ਸਰੀਰਕ ਸੰਬੰਧ ਬਣਾਉਂਦਾ ਹੈ, ਤਾਂ ਦੂਜੇ ਸਾਥੀ ਦੇ ਮਨ ਵਿਚ ਈਰਖਾ ਪੈਦਾ ਹੋ ਜਾਂਦੀ ਹੈ। ਇਸੇ ਕਰਕੇ ਯਹੋਵਾਹ ਨੇ ਵਿਭਚਾਰ ਕਰਨ ਤੋਂ ਮਨ੍ਹਾ ਕੀਤਾ ਹੈ।—1 ਕੁਰਿੰਥੀਆਂ 6:18; ਇਬਰਾਨੀਆਂ 13:4.
ਪੁਰਾਣੇ ਸਮੇਂ ਵਿਚ ਪਰਮੇਸ਼ੁਰ ਨੇ ਨਾਮੁਕੰਮਲ ਪਰ ਵਫ਼ਾਦਾਰ ਆਦਮੀਆਂ ਤੇ ਤੀਵੀਆਂ ਨੂੰ ਆਪਣਾ ਮਕਸਦ ਪੂਰਾ ਕਰਨ ਲਈ ਵਰਤਿਆ ਤੇ ਉਹ ਅੱਜ ਵੀ ਵਰਤ ਰਿਹਾ ਹੈ। ਦੋਵੇਂ ਭੈਣਾਂ ਲੇਆਹ ਤੇ ਰਾਖੇਲ ਵਿਚ ਕਮਜ਼ੋਰੀਆਂ ਸਨ, ਜਿਵੇਂ ਅੱਜ ਸਾਡੇ ਵਿਚ ਵੀ ਹਨ। ਪਰ ਯਹੋਵਾਹ ਨੇ ਅਬਰਾਹਾਮ ਨਾਲ ਕੀਤਾ ਆਪਣਾ ਵਾਅਦਾ ਪੂਰਾ ਕਰਨ ਲਈ ਇਨ੍ਹਾਂ ਦੋਵਾਂ ਭੈਣਾਂ ਨੂੰ ਵਰਤਿਆ। ਇਸੇ ਕਰਕੇ ਕਿਹਾ ਜਾ ਸਕਦਾ ਹੈ ਕਿ ਰਾਖੇਲ ਅਤੇ ਲੇਆਹ ਨੇ “ਇਸਰਾਏਲ ਦਾ ਘਰ ਬਣਾਇਆ।”—ਰੂਥ 4:11.
[ਫੁਟਨੋਟ]
a ਇਰਾਕ ਦੇ ਨੋਜ਼ੀ ਇਲਾਕੇ ਵਿੱਚੋਂ ਮਿਲੇ ਇਕ ਅਜਿਹੇ ਦਸਤਾਵੇਜ਼ ਵਿਚ ਲਿਖਿਆ ਹੈ: “ਕਲੀਮਨੀਨੋ ਦਾ ਵਿਆਹ ਸ਼ੇਨੀਮਾ ਨਾਲ ਕੀਤਾ ਗਿਆ ਹੈ . . . ਜੇ ਕਲੀਮਨੀਨੋ [ਬੱਚੇ] ਨਹੀਂ ਜਣਦੀ, ਤਾਂ ਕਲੀਮਨੀਨੋ ਲੂਲੂ ਇਲਾਕੇ ਦੀ ਇਕ ਕੁੜੀ [ਗੋਲੀ] ਲਵੇਗੀ ਤਾਂਕਿ ਉਹ ਸ਼ੇਨੀਮਾ ਦੀ ਪਤਨੀ ਬਣੇ।”
b ਦੀਨਾਹ ਲੇਆਹ ਦੀ ਕੁੜੀ ਸੀ। ਯਾਕੂਬ ਦੀਆਂ ਹੋਰ ਵੀ ਕੁੜੀਆਂ ਸਨ, ਪਰ ਸਿਰਫ਼ ਦੀਨਾਹ ਦਾ ਨਾਂ ਹੀ ਬਾਈਬਲ ਵਿਚ ਦਿੱਤਾ ਗਿਆ ਹੈ।—ਉਤਪਤ 30:21; 46:7.
[ਸਫ਼ਾ 9 ਉੱਤੇ ਤਸਵੀਰ]
ਲੇਆਹ ਤੇ ਰਾਖੇਲ ਦੋਵੇਂ ਉਸ ਚੀਜ਼ ਲਈ ਤਰਸਦੀਆਂ ਸਨ ਜੋ ਦੂਜੀ ਕੋਲ ਸੀ, ਇਸ ਕਰਕੇ ਦੋਵੇਂ ਖ਼ੁਸ਼ ਨਹੀਂ ਸਨ
[ਸਫ਼ਾ 10 ਉੱਤੇ ਤਸਵੀਰ]
ਯਾਕੂਬ ਦੇ 12 ਪੁੱਤਰਾਂ ਤੋਂ ਇਸਰਾਏਲ ਕੌਮ ਬਣੀ