ਸਿਹਤ ਦਾ ਖ਼ਿਆਲ ਰੱਖਣ ਬਾਰੇ ਬਾਈਬਲ ਦੀ ਸਲਾਹ
“ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ . . . ਆਪਣੀ ਸਾਰੀ ਬੁੱਧ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ।”—ਮਰ. 12:30.
1. ਸ਼ੁਰੂ ਤੋਂ ਪਰਮੇਸ਼ੁਰ ਇਨਸਾਨਾਂ ਲਈ ਕੀ ਚਾਹੁੰਦਾ ਸੀ?
ਯਹੋਵਾਹ ਪਰਮੇਸ਼ੁਰ ਨੇ ਇਨਸਾਨਾਂ ਨੂੰ ਬੀਮਾਰ ਹੋਣ ਅਤੇ ਮਰਨ ਲਈ ਨਹੀਂ ਬਣਾਇਆ ਸੀ। ਸ਼ੁਰੂ ਵਿਚ ਪਰਮੇਸ਼ੁਰ ਨੇ ਆਦਮ ਤੇ ਹੱਵਾਹ ਨੂੰ ਅਦਨ ਦੇ ਬਾਗ਼ ਵਿੱਚ ਰੱਖਿਆ ਸੀ ਤਾਂਕਿ ਉਹ ਇਸ ਦੀ ‘ਵਾਹੀ ਤੇ ਰਾਖੀ ਕਰ ਸਕਣ।’ ਪਰਮੇਸ਼ੁਰ ਚਾਹੁੰਦਾ ਸੀ ਕਿ ਉਹ ਹਮੇਸ਼ਾ-ਹਮੇਸ਼ਾ ਲਈ ਜੀਉਂਦੇ ਰਹਿਣ, ਨਾ ਕਿ ਸਿਰਫ਼ 70 ਜਾਂ 80 ਸਾਲਾਂ ਲਈ। (ਉਤ. 2:8, 15; ਜ਼ਬੂ. 90:10) ਜੇ ਆਦਮ ਤੇ ਹੱਵਾਹ ਯਹੋਵਾਹ ਦੇ ਵਫ਼ਾਦਾਰ ਰਹਿੰਦੇ ਅਤੇ ਉਸ ਦੇ ਅਧਿਕਾਰ ਨੂੰ ਸਵੀਕਾਰ ਕਰਦੇ, ਤਾਂ ਉਨ੍ਹਾਂ ਨੇ ਕਦੀ ਬੀਮਾਰ ਜਾਂ ਬੁੱਢੇ ਨਹੀਂ ਹੋਣਾ ਸੀ ਤੇ ਨਾ ਹੀ ਕਦੀ ਮਰਨਾ ਸੀ।
2, 3. (ੳ) ਉਪਦੇਸ਼ਕ ਦੀ ਪੋਥੀ ਵਿਚ ਬੁਢਾਪੇ ਦਾ ਵਰਣਨ ਕਿਵੇਂ ਕੀਤਾ ਗਿਆ ਹੈ? (ਅ) ਮੌਤ ਦੇ ਪਿੱਛੇ ਕਿਸ ਦਾ ਹੱਥ ਹੈ ਅਤੇ ਇਹ ਕਿੱਦਾਂ ਮਿਟਾਈ ਜਾਵੇਗੀ?
2 ਉਪਦੇਸ਼ਕ ਦੀ ਪੋਥੀ ਦੇ 12ਵੇਂ ਅਧਿਆਇ ਵਿਚ ਬਾਈਬਲ ਬੁਢਾਪੇ ਦੇ ‘ਮਾੜੇ ਦਿਨਾਂ’ ਦਾ ਵਰਣਨ ਕਰਦੀ ਹੈ। (ਉਪਦੇਸ਼ਕ ਦੀ ਪੋਥੀ 12:1-7 ਪੜ੍ਹੋ।) ਇੱਥੇ ਧੌਲਿਆਂ ਦੀ ਗੱਲ ਕੀਤੀ ਗਈ ਹੈ ਜੋ ‘ਬਦਾਮ ਦੇ ਬੂਟੇ’ ਉੱਤੇ ਖਿੜੇ ਸਫ਼ੈਦ ਫੁੱਲਾਂ ਵਾਂਗ ਲੱਗਦੇ ਹਨ। ਲੱਤਾਂ ਦੀ ਤੁਲਨਾ ‘ਤਕੜੇ ਲੋਕਾਂ’ ਨਾਲ ਕੀਤੀ ਗਈ ਹੈ ਜੋ ਹੁਣ ਕੁੱਬੇ ਹੋ ਗਏ ਹਨ ਤੇ ਲੜਖੜਾ ਕੇ ਤੁਰਦੇ ਹਨ। ਬਾਰੀਆਂ ਵਿੱਚੋਂ ਤੱਕਣ ਵਾਲੀਆਂ ਕੌਣ ਹਨ ਜੋ ਰੌਸ਼ਨੀ ਦੀ ਝਲਕ ਦੇਖਣ ਨੂੰ ਤਰਸਦੀਆਂ ਹਨ, ਪਰ ਸਿਰਫ਼ ਹਨੇਰਾ ਪਾਉਂਦੀਆਂ ਹਨ? ਇਹ ਅੱਖਾਂ ਹਨ ਜੋ ਬੁਢਾਪੇ ਵਿਚ ਕਮਜ਼ੋਰ ਹੋ ਗਈਆਂ ਹਨ। ਦੰਦਾਂ ਨੂੰ “ਪੀਹਣਵਾਲੀਆਂ” ਕਿਹਾ ਗਿਆ ਹੈ ਜੋ ਥੋੜ੍ਹੀਆਂ ਹੋਣ ਕਾਰਨ ਕੰਮ ਨਹੀਂ ਕਰ ਪਾਉਂਦੀਆਂ।
3 ਕੰਬਦੀਆਂ ਲੱਤਾਂ, ਕਮਜ਼ੋਰ ਨਜ਼ਰ ਤੇ ਬੋੜਾ ਮੂੰਹ ਬੁਢਾਪੇ ਦੀਆਂ ਆਮ ਨਿਸ਼ਾਨੀਆਂ ਹਨ। ਜ਼ਿੰਦਗੀ ਦੇ ਇਸ ਮੋੜ ਤੇ ਪਹੁੰਚ ਕੇ ਸਾਡੇ ਕਦਮ ਹੌਲੀ-ਹੌਲੀ ਮੌਤ ਵੱਲ ਵਧਦੇ ਜਾਂਦੇ ਹਨ। ਇਹ ਸਭ ਆਦਮ ਦੇ ਪਾਪ ਦਾ ਨਤੀਜਾ ਹੈ। ਇਹ ਯਹੋਵਾਹ ਦਾ ਮਕਸਦ ਨਹੀਂ ਸੀ। ਇਸ ਪਿੱਛੇ ਸ਼ਤਾਨ ਦਾ ਹੱਥ ਹੈ। ਇਹ ਸ਼ਤਾਨ ਦਾ ਇਕ ਕੰਮ ਹੈ। ਪਰ ਪਰਮੇਸ਼ੁਰ ਦੇ ਰਾਜ ਅਧੀਨ ਯਿਸੂ ਮਸੀਹ “ਸ਼ਤਾਨ ਦੇ ਕੰਮਾਂ ਨੂੰ ਨਸ਼ਟ” ਕਰੇਗਾ। ਯੂਹੰਨਾ ਰਸੂਲ ਨੇ ਲਿਖਿਆ: “ਪਰਮੇਸ਼ੁਰ ਦਾ ਪੁੱਤ੍ਰ ਇਸੇ ਲਈ ਪਰਗਟ ਹੋਇਆ ਭਈ ਸ਼ਤਾਨ ਦੇ ਕੰਮਾਂ ਨੂੰ ਨਸ਼ਟ ਕਰੇ।”—1 ਯੂਹੰ. 3:8.
ਸਿਹਤ ਦੀ ਚਿੰਤਾ ਆਮ ਗੱਲ ਹੈ
4. ਯਹੋਵਾਹ ਦੇ ਗਵਾਹ ਆਪਣੀ ਸਿਹਤ ਦਾ ਖ਼ਿਆਲ ਰੱਖਣ ਦੇ ਨਾਲ-ਨਾਲ ਕੀ ਯਾਦ ਰੱਖਦੇ ਹਨ?
4 ਅੱਜ ਦੁਨੀਆਂ ਵਿਚ ਸਾਰਿਆਂ ਨੂੰ ਬੀਮਾਰੀਆਂ ਅਤੇ ਬੁਢਾਪੇ ਦੀਆਂ ਮੁਸ਼ਕਲਾਂ ਸਹਿਣੀਆਂ ਪੈਂਦੀਆਂ ਹਨ। ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਸਾਨੂੰ ਵੀ ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਸਿਹਤ ਦੀ ਚਿੰਤਾ ਕਰਨੀ ਆਮ ਗੱਲ ਹੈ। ਕੁਝ ਹੱਦ ਤਕ ਸਾਨੂੰ ਆਪਣੀ ਸਿਹਤ ਦੀ ਚਿੰਤਾ ਹੋਣੀ ਵੀ ਚਾਹੀਦੀ ਹੈ ਕਿਉਂਕਿ ਅਸੀਂ ਯਹੋਵਾਹ ਦੀ ਸੇਵਾ “ਆਪਣੀ ਸਾਰੀ ਸ਼ਕਤੀ ਨਾਲ” ਕਰਨੀ ਚਾਹੁੰਦੇ ਹਾਂ। (ਮਰ. 12:30) ਇਹ ਸੱਚ ਹੈ ਕਿ ਸਾਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਣਾ ਚਾਹੀਦਾ ਹੈ, ਪਰ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਵਿੱਚੋਂ ਕੋਈ ਵੀ ਬੁਢਾਪੇ ਨੂੰ ਰੋਕ ਨਹੀਂ ਸਕਦਾ ਤੇ ਨਾ ਹੀ ਪੂਰੀ ਤਰ੍ਹਾਂ ਬੀਮਾਰੀਆਂ ਤੋਂ ਬਚ ਸਕਦਾ ਹੈ।
5. ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੇ ਬੀਮਾਰੀਆਂ ਕਿੱਦਾਂ ਝੱਲੀਆਂ ਸਨ ਅਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ?
5 ਬਾਈਬਲ ਵਿਚ ਯਹੋਵਾਹ ਦੇ ਕਈ ਵਫ਼ਾਦਾਰ ਸੇਵਕਾਂ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਬੀਮਾਰੀਆਂ ਝੱਲਣੀਆਂ ਪਈਆਂ। ਇਪਾਫ਼ਰੋਦੀਤੁਸ ਇਨ੍ਹਾਂ ਵਿੱਚੋਂ ਇਕ ਸੀ। (ਫ਼ਿਲਿ. 2:25-27) ਪੌਲੁਸ ਦੇ ਵਫ਼ਾਦਾਰ ਸਾਥੀ ਤਿਮੋਥਿਉਸ ਨੂੰ ਪੇਟ ਵਿਚ ਤਕਲੀਫ਼ ਰਹਿੰਦੀ ਸੀ। ਇਸ ਲਈ ਪੌਲੁਸ ਨੇ ਉਸ ਨੂੰ “ਥੋੜੀ ਜਿਹੀ ਮੈ” ਪੀਣ ਦੀ ਸਲਾਹ ਦਿੱਤੀ। (1 ਤਿਮੋ. 5:23) ਪੌਲੁਸ ਨੂੰ ਵੀ ਅਜਿਹਾ ਦੁੱਖ ਝੱਲਣਾ ਪਿਆ ਜਿਸ ਨੂੰ ਉਸ ਨੇ ‘ਸਰੀਰ ਵਿੱਚ ਕੰਡਾ’ ਕਿਹਾ ਸੀ। ਹੋ ਸਕਦਾ ਹੈ ਕਿ ਇਹ ਕੰਡਾ ਉਸ ਦੀ ਕਮਜ਼ੋਰ ਨਜ਼ਰ ਸੀ ਜਾਂ ਕੋਈ ਹੋਰ ਬੀਮਾਰੀ ਜਿਸ ਦਾ ਉਸ ਸਮੇਂ ਕੋਈ ਇਲਾਜ ਨਹੀਂ ਸੀ। (2 ਕੁਰਿੰ. 12:7; ਗਲਾ. 4:15; 6:11) ਇਸ ਮੁਸ਼ਕਲ ਬਾਰੇ ਪੌਲੁਸ ਨੇ ਕਈ ਵਾਰ ਯਹੋਵਾਹ ਨੂੰ ਪ੍ਰਾਰਥਨਾ ਕੀਤੀ। (2 ਕੁਰਿੰਥੀਆਂ 12:8-10 ਪੜ੍ਹੋ।) ਯਹੋਵਾਹ ਨੇ ਪੌਲੁਸ ਦੇ ‘ਸਰੀਰ ਵਿਚਲੇ ਕੰਡੇ’ ਨੂੰ ਚਮਤਕਾਰੀ ਢੰਗ ਨਾਲ ਕੱਢਣ ਦੀ ਬਜਾਇ ਉਸ ਨੂੰ ਇਹ ਮੁਸ਼ਕਲ ਸਹਿਣ ਦੀ ਤਾਕਤ ਦਿੱਤੀ। ਜਦ ਪੌਲੁਸ ਕਮਜ਼ੋਰ ਸੀ, ਤਾਂ ਯਹੋਵਾਹ ਉਸ ਦੀ ਤਾਕਤ ਬਣਿਆ। ਕੀ ਇਸ ਉਦਾਹਰਣ ਤੋਂ ਅਸੀਂ ਕੁਝ ਸਿੱਖ ਸਕਦੇ ਹਾਂ?
ਸਿਹਤ ਦੀ ਹੱਦੋਂ ਵੱਧ ਚਿੰਤਾ ਨਾ ਕਰੋ
6, 7. ਸਾਨੂੰ ਆਪਣੀ ਸਿਹਤ ਦੀ ਹੱਦੋਂ ਵੱਧ ਚਿੰਤਾ ਕਿਉਂ ਨਹੀਂ ਕਰਨੀ ਚਾਹੀਦੀ?
6 ਯਹੋਵਾਹ ਦੇ ਗਵਾਹ ਇਲਾਜ ਕਰਾਉਣ ਦੇ ਖ਼ਿਲਾਫ਼ ਨਹੀਂ ਹਨ। ਕਈ ਵਾਰ ਜਾਗਰੂਕ ਬਣੋ! ਰਸਾਲੇ ਵਿਚ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਭਾਵੇਂ ਅਸੀਂ ਇਹ ਸੁਝਾਅ ਨਹੀਂ ਦਿੰਦੇ ਕਿ ਕਿਸੇ ਨੂੰ ਕਿਹੜਾ ਇਲਾਜ ਕਰਾਉਣਾ ਚਾਹੀਦਾ ਹੈ, ਫਿਰ ਵੀ ਅਸੀਂ ਡਾਕਟਰਾਂ ਅਤੇ ਹੋਰਨਾਂ ਮਾਹਰਾਂ ਦੀ ਸਲਾਹ ਅਤੇ ਮਦਦ ਦੀ ਕਦਰ ਕਰਦੇ ਹਾਂ। ਸਾਨੂੰ ਪਤਾ ਹੈ ਕਿ ਅਸੀਂ ਇਸ ਦੁਨੀਆਂ ਵਿਚ ਬਿਲਕੁਲ ਤੰਦਰੁਸਤ ਨਹੀਂ ਹੋ ਸਕਦੇ। ਇਸ ਲਈ ਇਹ ਬੁੱਧੀਮਤਾ ਦੀ ਗੱਲ ਹੋਵੇਗੀ ਕਿ ਅਸੀਂ ਸਿਹਤ ਦੀ ਹੱਦੋਂ ਵੱਧ ਚਿੰਤਾ ਨਾ ਕਰੀਏ। ਯਹੋਵਾਹ ਦੇ ਗਵਾਹਾਂ ਵਜੋਂ ਸਾਡਾ ਰਵੱਈਆ ਉਨ੍ਹਾਂ ਲੋਕਾਂ ਨਾਲੋਂ ਵੱਖਰਾ ਹੋਣਾ ਚਾਹੀਦਾ ਹੈ ਜੋ “ਆਸਾ ਹੀਣ” ਹਨ। ਉਹ ਸੋਚਦੇ ਹਨ ਕਿ ਇਹੋ ਜੀਵਨ ਸਭ ਕੁਝ ਹੈ, ਇਸ ਲਈ ਉਹ ਕਿਸੇ ਵੀ ਤਰ੍ਹਾਂ ਦਾ ਇਲਾਜ ਕਰਵਾਉਣ ਲਈ ਤਿਆਰ ਹੋ ਜਾਂਦੇ ਹਨ। (ਅਫ਼. 2:2, 12) ਪਰ ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਅਸੀਂ ਆਪਣੀ ਜਾਨ ਬਚਾਉਣ ਲਈ ਯਹੋਵਾਹ ਨੂੰ ਨਾਰਾਜ਼ ਨਹੀਂ ਕਰਾਂਗੇ ਕਿਉਂਕਿ ਸਾਨੂੰ ਪੱਕਾ ਯਕੀਨ ਹੈ ਕਿ ਜੇ ਅਸੀਂ ਵਫ਼ਾਦਾਰ ਰਹਾਂਗੇ, ਤਾਂ ਅਸੀਂ ‘ਉਸ ਜੀਵਨ ਨੂੰ ਫੜ ਲਵਾਂਗੇ ਜਿਹੜਾ ਅਸਲ ਜੀਵਨ ਹੈ।’ ਹਾਂ, ਅਸੀਂ ਸੁੰਦਰ ਧਰਤੀ ਉੱਤੇ ਸਦਾ ਦਾ ਜੀਵਨ ਪਾਵਾਂਗੇ।—1 ਤਿਮੋ. 6:12, 19; 2 ਪਤ. 3:13.
7 ਆਪਣੀ ਸਿਹਤ ਬਾਰੇ ਹੱਦੋਂ ਵੱਧ ਚਿੰਤਾ ਕਰਨ ਨਾਲ ਅਸੀਂ ਖ਼ੁਦਗਰਜ਼ ਬਣ ਸਕਦੇ ਹਾਂ ਤੇ ਸਿਰਫ਼ ਆਪਣੇ ਬਾਰੇ ਹੀ ਸੋਚਣ ਲੱਗ ਸਕਦੇ ਹਾਂ। ਇਸ ਤਰ੍ਹਾਂ ਕਰਨ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਹੈ। ਪੌਲੁਸ ਨੇ ਫ਼ਿਲਿੱਪੀਆਂ ਨੂੰ ਇਸ ਬਾਰੇ ਚੇਤਾਵਨੀ ਦਿੰਦੇ ਹੋਏ ਕਿਹਾ: “ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੇ।” (ਫ਼ਿਲਿ. 2:4) ਆਪਣੀ ਸਿਹਤ ਦਾ ਖ਼ਿਆਲ ਰੱਖਣਾ ਚੰਗੀ ਗੱਲ ਹੈ, ਪਰ ਹਰ ਵੇਲੇ ਆਪਣੇ ਬਾਰੇ ਹੀ ਸੋਚਦੇ ਰਹਿਣਾ ਚੰਗਾ ਨਹੀਂ ਹੈ। ਇਸ ਦੀ ਬਜਾਇ ਸਾਨੂੰ ਆਪਣੇ ਭੈਣਾਂ-ਭਰਾਵਾਂ ਵਿਚ ਅਤੇ ਉਨ੍ਹਾਂ ਲੋਕਾਂ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ ਜਿਨ੍ਹਾਂ ਨੂੰ ਅਸੀਂ ਪਰਮੇਸ਼ੁਰ ਦੇ ‘ਰਾਜ ਦੀ ਖ਼ੁਸ਼ ਖ਼ਬਰੀ’ ਸੁਣਾਉਂਦੇ ਹਾਂ।—ਮੱਤੀ 24:14.
8. ਸਿਹਤ ਬਾਰੇ ਹੱਦੋਂ ਵੱਧ ਚਿੰਤਾ ਕਰਨ ਦੇ ਕੀ ਨਤੀਜੇ ਨਿਕਲ ਸਕਦੇ ਹਨ?
8 ਸਿਹਤ ਬਾਰੇ ਹੱਦੋਂ ਵੱਧ ਚਿੰਤਾ ਕਰਨ ਨਾਲ ਅਸੀਂ ਸ਼ਾਇਦ ਪਰਮੇਸ਼ੁਰ ਦੀ ਸੇਵਾ ਵਿਚ ਢਿੱਲੇ ਪੈ ਜਾਈਏ। ਸਿਹਤ ਦੀ ਦੇਖ-ਭਾਲ ਕਰਨ ਵੱਲ ਜ਼ਿਆਦਾ ਧਿਆਨ ਦੇਣ ਨਾਲ ਸ਼ਾਇਦ ਅਸੀਂ ਦੂਸਰਿਆਂ ਉੱਤੇ ਦਬਾਅ ਪਾਉਣ ਲੱਗ ਪਈਏ ਕਿ ਉਨ੍ਹਾਂ ਨੂੰ ਕਿਹੋ ਜਿਹਾ ਇਲਾਜ ਕਰਵਾਉਣਾ ਚਾਹੀਦਾ ਹੈ ਜਾਂ ਕਿਹੋ ਜਿਹੀ ਖ਼ੁਰਾਕ ਲੈਣੀ ਚਾਹੀਦੀ ਹੈ। ਇਸ ਸੰਬੰਧ ਵਿਚ ਗੌਰ ਕਰੋ ਕਿ ਪੌਲੁਸ ਨੇ ਕਿਹੜੀ ਸਲਾਹ ਦਿੱਤੀ ਸੀ: “ਤੁਸੀਂ ਚੰਗ ਚੰਗੇਰੀਆਂ ਗੱਲਾਂ ਨੂੰ ਪਸੰਦ ਕਰੋ ਤਾਂ ਜੋ ਮਸੀਹ ਦੇ ਦਿਨ ਤੋੜੀ ਨਿਸ਼ਕਪਟ ਅਤੇ ਬੇਦੋਸ਼ ਰਹੋ।”—ਫ਼ਿਲਿ. 1:10.
“ਚੰਗ ਚੰਗੇਰੀਆਂ ਗੱਲਾਂ” ਕੀ ਹਨ?
9. “ਚੰਗ ਚੰਗੇਰੀਆਂ ਗੱਲਾਂ” ਵਿਚ ਕਿਹੜਾ ਕੰਮ ਸ਼ਾਮਲ ਹੈ ਅਤੇ ਸਾਨੂੰ ਇਹ ਕਿਉਂ ਕਰਨਾ ਚਾਹੀਦਾ ਹੈ?
9 “ਚੰਗ ਚੰਗੇਰੀਆਂ ਗੱਲਾਂ” ਵਿਚ ਪ੍ਰਚਾਰ ਕਰਨਾ ਅਤੇ ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਤੋਂ ਸਿਖਾਉਣਾ ਸ਼ਾਮਲ ਹੈ। ਇਸ ਕੰਮ ਤੋਂ ਸਾਨੂੰ ਬਹੁਤ ਖ਼ੁਸ਼ੀ ਮਿਲਦੀ ਹੈ। ਇਸ ਰਾਹੀਂ ਨਾ ਸਿਰਫ਼ ਸਾਨੂੰ, ਪਰ ਦੂਸਰਿਆਂ ਨੂੰ ਵੀ ਫ਼ਾਇਦਾ ਹੁੰਦਾ ਹੈ। ਇਸ ਰਾਹੀਂ ਲੋਕ ਯਹੋਵਾਹ ਦੇ ਨੇੜੇ ਜਾ ਸਕਦੇ ਹਨ ਅਤੇ ਇਸ ਤੋਂ ਸਾਨੂੰ ਵੀ ਫ਼ਾਇਦਾ ਹੁੰਦਾ ਹੈ। (ਕਹਾ. 17:22; 1 ਤਿਮੋ. 4:15, 16) ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਵਿਚ ਕਦੀ-ਕਦੀ ਅਜਿਹੇ ਲੇਖ ਆਉਂਦੇ ਹਨ ਜਿਨ੍ਹਾਂ ਵਿਚ ਬਹੁਤ ਹੀ ਬੀਮਾਰ ਭੈਣ-ਭਰਾ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੀ ਬੀਮਾਰੀ ਨਾਲ ਕਿੱਦਾਂ ਜੀਣਾ ਸਿੱਖਿਆ ਹੈ। ਉਹ ਇਹ ਵੀ ਦੱਸਦੇ ਹਨ ਕਿ ਜਦੋਂ ਉਹ ਲੋਕਾਂ ਨਾਲ ਯਹੋਵਾਹ ਅਤੇ ਉਸ ਦੇ ਵਾਅਦਿਆਂ ਬਾਰੇ ਗੱਲਾਂ ਕਰਦੇ ਹਨ, ਤਾਂ ਉਹ ਆਪਣੀ ਬੀਮਾਰੀ ਬਾਰੇ ਘੱਟ ਸੋਚਦੇ ਹਨ।a
10. ਇਲਾਜ ਕਰਾਉਣ ਵੇਲੇ ਸਾਨੂੰ ਬਾਈਬਲ ਦੇ ਸਿਧਾਂਤਾਂ ਨੂੰ ਧਿਆਨ ਵਿਚ ਕਿਉਂ ਰੱਖਣਾ ਚਾਹੀਦਾ ਹੈ?
10 ਜਦੋਂ ਕੋਈ ਬੀਮਾਰ ਹੋ ਜਾਂਦਾ ਹੈ, ਤਾਂ ਉਸ ਨੂੰ ਇਲਾਜ ਚੁਣਨ ਦੇ ਮਾਮਲੇ ਵਿਚ ‘ਆਪਣਾ ਹੀ ਭਾਰ ਚੁੱਕਣਾ’ ਚਾਹੀਦਾ ਹੈ। (ਗਲਾ. 6:5) ਪਰ ਯਾਦ ਰੱਖੋ ਕਿ ਯਹੋਵਾਹ ਇਸ ਵੱਲ ਧਿਆਨ ਦਿੰਦਾ ਹੈ ਕਿ ਅਸੀਂ ਕਿਹੋ ਜਿਹਾ ਇਲਾਜ ਕਰਾਉਂਦੇ ਹਾਂ। ਠੀਕ ਜਿਵੇਂ ਬਾਈਬਲ ਦੇ ਸਿਧਾਂਤਾਂ ਦੀ ਕਦਰ ਕਰਨ ਕਰਕੇ ਅਸੀਂ ਖ਼ੂਨ ਨਹੀਂ ਲੈਂਦੇ, ਉਸੇ ਤਰ੍ਹਾਂ ਅਸੀਂ ਅਜਿਹਾ ਇਲਾਜ ਕਰਾਉਣ ਤੋਂ ਦੂਰ ਰਹਾਂਗੇ ਜੋ ਬਾਈਬਲ ਦੇ ਖ਼ਿਲਾਫ਼ ਹੈ ਅਤੇ ਜਿਸ ਦਾ ਯਹੋਵਾਹ ਨਾਲ ਸਾਡੇ ਰਿਸ਼ਤੇ ਉੱਤੇ ਬੁਰਾ ਅਸਰ ਪੈ ਸਕਦਾ ਹੈ। (ਰਸੂ. 15:20) ਮਿਸਾਲ ਲਈ, ਕੁਝ ਅਜਿਹੇ ਇਲਾਜ ਹਨ ਜਿਨ੍ਹਾਂ ਵਿਚ ਜਾਦੂਗਰੀ ਸ਼ਾਮਲ ਹੈ। ਯਹੋਵਾਹ ਤੋਂ ਬੇਮੁਖ ਹੋਏ ਇਸਰਾਏਲੀਆਂ ਨੇ ਜਾਦੂਗਰੀ ਦਾ ਸਹਾਰਾ ਲਿਆ ਸੀ। ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ: “ਅੱਗੇ ਨੂੰ ਵਿਅਰਥ ਚੜ੍ਹਾਵੇ ਨਾ ਲਿਆਓ, ਧੂਪ, ਉਹ ਮੇਰੇ ਲਈ ਘਿਣਾਉਣੀ ਹੈ, ਅਮੱਸਿਆਂ ਅਤੇ ਸਬਤ, ਸੰਗਤਾਂ ਦਾ ਜੋੜ ਮੇਲਾ ਵੀ—ਮੈਂ ਬਦੀ ਅਤੇ ਧਰਮ ਸਭਾ ਝੱਲ ਨਹੀਂ ਸੱਕਦਾ।” (ਯਸਾ. 1:13) ਬੀਮਾਰੀ ਵੇਲੇ ਸਾਨੂੰ ਅਜਿਹਾ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਜਿਸ ਕਾਰਨ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਨ ਤੋਂ ਇਨਕਾਰ ਕਰ ਦੇਵੇ ਜਾਂ ਉਸ ਨਾਲ ਸਾਡੇ ਰਿਸ਼ਤੇ ਨੂੰ ਖ਼ਤਰੇ ਵਿਚ ਪਾ ਦੇਵੇ।—ਵਿਰ. 3:44.
ਸਮਝਦਾਰੀ ਵਰਤੋਂ
11, 12. ਇਲਾਜ ਬਾਰੇ ਕੋਈ ਵੀ ਫ਼ੈਸਲਾ ਕਰਨ ਲਈ ਸਾਨੂੰ ਸਮਝਦਾਰੀ ਕਿਉਂ ਵਰਤਣੀ ਚਾਹੀਦੀ ਹੈ?
11 ਜਦੋਂ ਅਸੀਂ ਬੀਮਾਰ ਹੁੰਦੇ ਹਾਂ, ਤਾਂ ਸਾਨੂੰ ਯਹੋਵਾਹ ਤੋਂ ਇਹ ਆਸ ਨਹੀਂ ਰੱਖਣੀ ਚਾਹੀਦੀ ਕਿ ਉਹ ਚਮਤਕਾਰ ਕਰ ਕੇ ਸਾਨੂੰ ਠੀਕ ਕਰ ਦੇਵੇਗਾ। ਪਰ ਇਲਾਜ ਬਾਰੇ ਸਹੀ ਫ਼ੈਸਲਾ ਕਰਨ ਲਈ ਅਸੀਂ ਉਸ ਕੋਲੋਂ ਬੁੱਧ ਜ਼ਰੂਰ ਮੰਗ ਸਕਦੇ ਹਾਂ। ਇਸ ਦੇ ਨਾਲ-ਨਾਲ ਅਸੀਂ ਬਾਈਬਲ ਦੇ ਸਿਧਾਂਤਾਂ ਤੇ ਚੱਲ ਕੇ ਅਤੇ ਸਮਝ ਵਰਤ ਕੇ ਇਲਾਜ ਬਾਰੇ ਸਹੀ ਫ਼ੈਸਲੇ ਕਰ ਸਕਦੇ ਹਾਂ। ਜਦੋਂ ਬੀਮਾਰੀ ਬਹੁਤ ਹੀ ਗੰਭੀਰ ਹੋਵੇ, ਤਾਂ ਸ਼ਾਇਦ ਵੱਖ-ਵੱਖ ਡਾਕਟਰਾਂ ਦੀ ਸਲਾਹ ਲੈਣੀ ਅਕਲਮੰਦੀ ਦੀ ਗੱਲ ਹੋਵੇਗੀ, ਠੀਕ ਜਿਵੇਂ ਕਹਾਉਤਾਂ 15:22 ਵਿਚ ਕਿਹਾ ਗਿਆ ਹੈ ਕਿ “ਜੇ ਸਲਾਹ ਨਾ ਮਿਲੇ ਤਾਂ ਪਰੋਜਨ ਰੁੱਕ ਜਾਂਦੇ ਹਨ, ਪਰ ਜੇ ਸਲਾਹ ਦੇਣ ਵਾਲੇ ਬਹੁਤੇ ਹੋਣ ਤਾਂ ਓਹ ਕਾਇਮ ਹੋ ਜਾਂਦੇ ਹਨ।” ਪੌਲੁਸ ਰਸੂਲ ਨੇ ਸਲਾਹ ਦਿੱਤੀ ਸੀ ਕਿ ਅਸੀਂ “ਇਸ ਵਰਤਮਾਨ ਜੁੱਗ ਵਿੱਚ ਸੁਰਤ, ਧਰਮ ਅਤੇ ਭਗਤੀ ਨਾਲ ਉਮਰ ਬਤੀਤ ਕਰੀਏ।”—ਤੀਤੁ. 2:12.
12 ਅੱਜ ਬਹੁਤ ਸਾਰੇ ਲੋਕ ਯਿਸੂ ਦੇ ਜ਼ਮਾਨੇ ਦੀ ਇਕ ਬੀਮਾਰ ਔਰਤ ਵਰਗੇ ਹਨ। ਮਰਕੁਸ 5:25, 26 ਵਿਚ ਅਸੀਂ ਪੜ੍ਹਦੇ ਹਾਂ: “ਇੱਕ ਜਨਾਨੀ ਜਿਹ ਨੂੰ ਬਾਰਾਂ ਵਰਿਹਾਂ ਤੋਂ ਲਹੂ ਆਉਂਦਾ ਸੀ ਅਰ ਜਿਨ੍ਹ ਬਹੁਤ ਹਕੀਮਾਂ ਦੇ ਹੱਥੋਂ ਵੱਡਾ ਦੁਖ ਪਾਇਆ ਅਤੇ ਆਪਣਾ ਸਭ ਕੁਝ ਖਰਚ ਕਰ ਦਿੱਤਾ ਸੀ ਪਰ ਕੁਝ ਵੀ ਅਰਾਮ ਨਾ ਪਾਇਆ ਸਗੋਂ ਉਹ ਦਾ ਹੋਰ ਵੀ ਮਾੜਾ ਹਾਲ ਹੋ ਗਿਆ ਸੀ।” ਯਿਸੂ ਨੇ ਉਸ ਔਰਤ ਨੂੰ ਠੀਕ ਕੀਤਾ ਅਤੇ ਉਹ ਉਸ ਨਾਲ ਦਇਆ ਨਾਲ ਪੇਸ਼ ਆਇਆ। (ਮਰ. 5:27-34) ਕੁਝ ਬੀਮਾਰ ਭੈਣ-ਭਰਾ ਇਲਾਜ ਦੀ ਤਲਾਸ਼ ਕਰਦੇ-ਕਰਦੇ ਇੰਨੇ ਨਿਰਾਸ਼ ਹੋ ਜਾਂਦੇ ਹਨ ਕਿ ਉਹ ਅਜਿਹਾ ਇਲਾਜ ਕਰਵਾਉਣ ਲਈ ਵੀ ਰਾਜ਼ੀ ਹੋ ਜਾਂਦੇ ਹਨ ਜੋ ਪਰਮੇਸ਼ੁਰ ਦੇ ਮਿਆਰਾਂ ਦੇ ਖ਼ਿਲਾਫ਼ ਹੈ।
13, 14. (ੳ) ਸ਼ਤਾਨ ਇਲਾਜ ਦੇ ਸੰਬੰਧ ਵਿਚ ਸਾਡੀ ਖਰਿਆਈ ਕਿਵੇਂ ਤੋੜਨੀ ਚਾਹੁੰਦਾ ਹੈ? (ਅ) ਸਾਨੂੰ ਜਾਦੂਗਰੀ ਨਾਲ ਸੰਬੰਧ ਰੱਖਣ ਵਾਲੀ ਹਰ ਚੀਜ਼ ਤੋਂ ਦੂਰ ਕਿਉਂ ਰਹਿਣਾ ਚਾਹੀਦਾ ਹੈ?
13 ਸ਼ਤਾਨ ਕਿਸੇ ਵੀ ਤਰੀਕੇ ਨਾਲ ਸਾਨੂੰ ਯਹੋਵਾਹ ਦੀ ਭਗਤੀ ਕਰਨ ਤੋਂ ਹਟਾਉਣਾ ਚਾਹੁੰਦਾ ਹੈ। ਜਿਵੇਂ ਸ਼ਤਾਨ ਸਾਨੂੰ ਠੋਕਰ ਖੁਆਉਣ ਲਈ ਅਨੈਤਿਕਤਾ ਅਤੇ ਧਨ-ਦੌਲਤ ਨੂੰ ਵਰਤਦਾ ਹੈ, ਉਸੇ ਤਰ੍ਹਾਂ ਉਹ ਜਾਦੂਗਰੀ ਨਾਲ ਸੰਬੰਧ ਰੱਖਣ ਵਾਲੇ ਕਿਸੇ ਇਲਾਜ ਰਾਹੀਂ ਸਾਡੀ ਖਰਿਆਈ ਤੋੜਨੀ ਚਾਹੁੰਦਾ ਹੈ। ਅਸੀਂ ਯਹੋਵਾਹ ਅੱਗੇ ਇਹੀ ਪ੍ਰਾਰਥਨਾ ਕਰਦੇ ਹਾਂ ਕਿ ਉਹ ਸਾਨੂੰ ਸ਼ਤਾਨ ਤੋਂ ਅਤੇ “ਸਾਰੇ ਕੁਧਰਮ” ਤੋਂ ਬਚਾਵੇ। ਤਾਂ ਫਿਰ ਸਾਨੂੰ ਜਾਦੂਗਰੀ ਨਾਲ ਸੰਬੰਧ ਰੱਖਣ ਵਾਲੀ ਹਰ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਹੈ ਤਾਂਕਿ ਅਸੀਂ ਸ਼ਤਾਨ ਦੇ ਫੰਧੇ ਵਿਚ ਨਾ ਪੈ ਜਾਈਏ।—ਮੱਤੀ 6:13; ਤੀਤੁ. 2:14.
14 ਯਹੋਵਾਹ ਨੇ ਇਸਰਾਏਲੀਆਂ ਨੂੰ ਫਾਲ ਪਾਉਣ ਅਤੇ ਜਾਦੂਗਰੀ ਕਰਨ ਤੋਂ ਮਨ੍ਹਾ ਕੀਤਾ ਸੀ। (ਬਿਵ. 18:10-12) ਪੌਲੁਸ ਰਸੂਲ ਨੇ ‘ਸਰੀਰ ਦੇ ਕੰਮਾਂ’ ਵਿਚ “ਜਾਦੂਗਰੀ” ਦਾ ਵੀ ਜ਼ਿਕਰ ਕੀਤਾ ਸੀ। (ਗਲਾ. 5:19, 20) ਇਸ ਤੋਂ ਇਲਾਵਾ ਯਹੋਵਾਹ ਦੇ ਨਵੇਂ ਸੰਸਾਰ ਵਿਚ “ਜਾਦੂਗਰਾਂ” ਦਾ ਨਾਮੋ-ਨਿਸ਼ਾਨ ਤਕ ਨਹੀਂ ਰਹੇਗਾ। (ਪਰ. 21:8) ਤਾਂ ਫਿਰ ਇਹ ਗੱਲ ਬਿਲਕੁਲ ਸਾਫ਼ ਹੈ ਕਿ ਜਾਦੂਗਰੀ ਨਾਲ ਸੰਬੰਧ ਰੱਖਣ ਵਾਲੀ ਹਰ ਚੀਜ਼ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣੀ ਹੈ।
ਬਾਈਬਲ ਦੀ ਸਲਾਹ ਉੱਤੇ ਚੱਲੋ
15, 16. ਸਿਹਤ ਨਾਲ ਸੰਬੰਧਿਤ ਮਾਮਲਿਆਂ ਵਿਚ ਸਾਨੂੰ ਬੁੱਧ ਦੀ ਕਿਉਂ ਲੋੜ ਹੈ ਅਤੇ ਪਹਿਲੀ ਸਦੀ ਵਿਚ ਪ੍ਰਬੰਧਕ ਸਭਾ ਨੇ ਕਿਹੜੀ ਵਧੀਆ ਸਲਾਹ ਦਿੱਤੀ ਸੀ?
15 ਜੇਕਰ ਸਾਨੂੰ ਕਿਸੇ ਇਲਾਜ ਬਾਰੇ ਕੋਈ ਸ਼ੱਕ ਹੈ, ਤਾਂ ਇਹ ਅਕਲਮੰਦੀ ਦੀ ਗੱਲ ਹੋਵੇਗੀ ਕਿ ਅਸੀਂ ਉਸ ਤੋਂ ਦੂਰ ਹੀ ਰਹੀਏ। ਪਰ ਦੂਸਰੇ ਪਾਸੇ, ਜੇ ਅਸੀਂ ਕਿਸੇ ਇਲਾਜ ਦੇ ਤਰੀਕੇ ਨੂੰ ਚੰਗੀ ਤਰ੍ਹਾਂ ਸਮਝਾ ਨਹੀਂ ਸਕਦੇ ਕਿ ਇਹ ਕਿਵੇਂ ਕੰਮ ਕਰਦਾ ਹੈ, ਤਾਂ ਸਾਨੂੰ ਇਹ ਸਿੱਟਾ ਨਹੀਂ ਕੱਢਣਾ ਚਾਹੀਦਾ ਕਿ ਉਸ ਦਾ ਤਅੱਲਕ ਜਾਦੂਗਰੀ ਨਾਲ ਹੈ। ਸਿਹਤ ਨਾਲ ਸੰਬੰਧਿਤ ਮਾਮਲਿਆਂ ਬਾਰੇ ਬਾਈਬਲ ਦੀ ਸਲਾਹ ਉੱਤੇ ਚੱਲਣ ਲਈ ਸਾਨੂੰ ਪਰਮੇਸ਼ੁਰੀ ਬੁੱਧ ਅਤੇ ਸਮਝਦਾਰੀ ਦੀ ਜ਼ਰੂਰਤ ਹੈ। ਕਹਾਉਤਾਂ ਦੇ ਤੀਜੇ ਅਧਿਆਇ ਵਿਚ ਇਹ ਸਲਾਹ ਦਿੱਤੀ ਗਈ ਹੈ: ‘ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ। ਦਨਾਈ ਅਤੇ ਸੋਝੀ ਨੂੰ ਸਾਂਭ ਕੇ ਰੱਖ ਓਹ ਤੇਰੇ ਜੀ ਲਈ ਜੀਉਣ ਹੋਣਗੀਆਂ।’—ਕਹਾ. 3:5, 6, 21, 22.
16 ਭਾਵੇਂ ਕਿ ਅਸੀਂ ਯਹੋਵਾਹ ਦੀ ਸੇਵਾ ਕਰਦੇ ਹੋਏ ਤੰਦਰੁਸਤ ਰਹਿਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਬੀਮਾਰੀ ਦੀ ਹਾਲਤ ਵਿਚ ਅਸੀਂ ਕੋਈ ਗ਼ਲਤ ਕਦਮ ਚੁੱਕ ਕੇ ਯਹੋਵਾਹ ਦੀ ਮਿਹਰ ਨਾ ਗੁਆ ਬੈਠੀਏ। ਦੂਸਰਿਆਂ ਮਾਮਲਿਆਂ ਵਾਂਗ ਸਿਹਤ ਦੇ ਮਾਮਲੇ ਵਿਚ ਵੀ ਅਸੀਂ ਬਾਈਬਲ ਦੇ ਸਿਧਾਂਤਾਂ ਨੂੰ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਤਾਂਕਿ ਅਸੀਂ ਸਹੀ ਫ਼ੈਸਲੇ ਕਰ ਸਕੀਏ। ਪਹਿਲੀ ਸਦੀ ਵਿਚ ਪ੍ਰਬੰਧਕ ਸਭਾ ਨੇ ਇਕ ਚਿੱਠੀ ਵਿਚ ਭੈਣਾਂ-ਭਰਾਵਾਂ ਨੂੰ ਮੂਰਤੀ-ਪੂਜਾ, ਖ਼ੂਨ ਅਤੇ ਹਰਾਮਕਾਰੀ ਤੋਂ ਬਚਣ ਦੀਆਂ ਜ਼ਰੂਰੀ ਹਿਦਾਇਤਾਂ ਦਿੱਤੀਆਂ ਸਨ। ਇਸ ਚਿੱਠੀ ਵਿਚ ਉਨ੍ਹਾਂ ਨੂੰ ਇਹ ਵੀ ਭਰੋਸਾ ਦਿਵਾਇਆ ਗਿਆ ਸੀ ਕਿ ‘ਜੇ ਉਹ ਇਨ੍ਹਾਂ ਗੱਲਾਂ ਤੋਂ ਆਪ ਨੂੰ ਬਚਾ ਕੇ ਰੱਖਣਗੇ ਤਾਂ ਉਨ੍ਹਾਂ ਦਾ ਭਲਾ ਹੋਵੇਗਾ।’ (ਰਸੂ. 15:29) ਪਰ ਉਨ੍ਹਾਂ ਦਾ ਭਲਾ ਕਿਸ ਤਰ੍ਹਾਂ ਹੋਣਾ ਸੀ?
ਉਹ ਸਮਾਂ ਜਦ ਕੋਈ ਬੀਮਾਰੀ ਨਹੀਂ ਹੋਵੇਗੀ
17. ਬਾਈਬਲ ਦੇ ਸਿਧਾਂਤਾਂ ਨੂੰ ਲਾਗੂ ਕਰ ਕੇ ਸਾਡੀ ਸਿਹਤ ਉੱਤੇ ਚੰਗਾ ਅਸਰ ਕਿਵੇਂ ਪਿਆ ਹੈ?
17 ਸਾਡੇ ਵਿੱਚੋਂ ਹਰੇਕ ਜਣਾ ਆਪਣੇ ਆਪ ਨੂੰ ਪੁੱਛ ਸਕਦਾ ਹੈ: ‘ਕੀ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਕਿ ਖ਼ੂਨ ਅਤੇ ਹਰਾਮਕਾਰੀ ਦੇ ਸੰਬੰਧ ਵਿਚ ਬਾਈਬਲ ਦੇ ਸਿਧਾਂਤਾਂ ਉੱਤੇ ਚੱਲ ਕੇ ਮੇਰਾ ਕਿੰਨਾ ਭਲਾ ਹੋਇਆ ਹੈ?’ ਜ਼ਰਾ ਉਨ੍ਹਾਂ ਫ਼ਾਇਦਿਆਂ ਬਾਰੇ ਵੀ ਸੋਚੋ ਜੋ ‘ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਮਲੀਨਤਾਈ ਤੋਂ ਸ਼ੁੱਧ ਕਰਨ’ ਦੇ ਕਾਰਨ ਸਾਨੂੰ ਮਿਲੇ ਹਨ। (2 ਕੁਰਿੰ. 7:1) ਆਪਣੇ ਆਪ ਨੂੰ ਸਾਫ਼ ਰੱਖਣ ਦੇ ਸੰਬੰਧ ਵਿਚ ਬਾਈਬਲ ਦੇ ਸਿਧਾਂਤਾਂ ਨੂੰ ਲਾਗੂ ਕਰ ਕੇ ਅਸੀਂ ਕਈ ਬੀਮਾਰੀਆਂ ਤੋਂ ਬਚੇ ਰਹਿੰਦੇ ਹਾਂ। ਸਾਡਾ ਭਲਾ ਹੁੰਦਾ ਹੈ ਜਦ ਅਸੀਂ ਸਿਗਰਟਾਂ ਪੀਣ ਜਾਂ ਨਸ਼ੇ ਕਰਨ ਵਰਗੀਆਂ ਬੁਰੀਆਂ ਆਦਤਾਂ ਤੋਂ ਦੂਰ ਰਹਿੰਦੇ ਹਾਂ। ਇਹ ਸਿਰਫ਼ ਸਾਡੇ ਸਰੀਰ ਨੂੰ ਹੀ ਮੈਲਾ ਨਹੀਂ ਕਰਦੀਆਂ, ਸਗੋਂ ਸਾਨੂੰ ਯਹੋਵਾਹ ਦੀਆਂ ਨਜ਼ਰਾਂ ਵਿਚ ਅਸ਼ੁੱਧ ਵੀ ਬਣਾ ਦਿੰਦੀਆਂ ਹਨ। ਹਿਸਾਬ ਨਾਲ ਖਾਣ-ਪੀਣ ਦੀ ਸਲਾਹ ਨੂੰ ਮੰਨਣ ਦੇ ਫ਼ਾਇਦਿਆਂ ਬਾਰੇ ਵੀ ਸੋਚੋ। (ਕਹਾਉਤਾਂ 23:20; ਤੀਤੁਸ 2:2, 3 ਪੜ੍ਹੋ।) ਇਹ ਸੱਚ ਹੈ ਕਿ ਚੰਗੀ ਤਰ੍ਹਾਂ ਆਰਾਮ ਕਰਨ ਅਤੇ ਕਸਰਤ ਕਰਨ ਨਾਲ ਵੀ ਸਾਡੀ ਸਿਹਤ ਉੱਤੇ ਚੰਗਾ ਅਸਰ ਪੈਂਦਾ ਹੈ। ਪਰ ਸਭ ਤੋਂ ਵਧ ਸਾਡਾ ਇਸ ਕਰਕੇ ਭਲਾ ਹੋਇਆ ਹੈ ਕਿਉਂਕਿ ਅਸੀਂ ਬਾਈਬਲ ਦੀ ਸਲਾਹ ਉੱਤੇ ਚੱਲੇ ਹਾਂ।
18. ਸਾਡੇ ਲਈ ਸਭ ਤੋਂ ਜ਼ਰੂਰੀ ਗੱਲ ਕੀ ਹੈ ਅਤੇ ਸਿਹਤ ਦੇ ਸੰਬੰਧ ਵਿਚ ਅਸੀਂ ਕਿਸ ਭਵਿੱਖਬਾਣੀ ਦੀ ਪੂਰਤੀ ਦੇਖਾਂਗੇ?
18 ਸਭ ਤੋਂ ਜ਼ਰੂਰੀ ਗੱਲ ਹੈ ਕਿ ਅਸੀਂ ਸੱਚਾਈ ਵਿਚ ਢਿੱਲੇ ਨਾ ਪੈ ਜਾਈਏ ਅਤੇ ਆਪਣੇ ਪਿਤਾ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਰੱਖੀਏ, ਜਿਸ ਦੇ ਹੱਥ ਵਿਚ ਸਾਡਾ “ਹੁਣ ਦਾ” ਜੀਵਨ ਅਤੇ ‘ਆਉਣ ਵਾਲਾ ਜੀਵਨ’ ਹੈ। (1 ਤਿਮੋ. 4:8; ਜ਼ਬੂ. 36:9) ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਯਿਸੂ ਮਸੀਹ ਦੇ ਬਲੀਦਾਨ ਸਦਕਾ ਪਾਪ ਨੂੰ ਖ਼ਤਮ ਕੀਤਾ ਜਾਵੇਗਾ, ਸਾਰੀਆਂ ਬੀਮਾਰੀਆਂ ਦੂਰ ਕੀਤੀਆਂ ਜਾਣਗੀਆਂ ਅਤੇ ਸਾਰੇ ਤੰਦਰੁਸਤ ਹੋ ਕੇ ਯਹੋਵਾਹ ਦੀ ਭਗਤੀ ਕਰਨਗੇ। ਯਿਸੂ ਮਸੀਹ ਸਾਨੂੰ “ਅੰਮ੍ਰਿਤ ਜਲ ਦਿਆਂ ਸੋਤਿਆਂ” ਵੱਲ ਲੈ ਜਾਵੇਗਾ ਅਤੇ ਪਰਮੇਸ਼ੁਰ ਸਾਡੀਆਂ ਅੱਖਾਂ ਤੋਂ “ਹਰੇਕ ਅੰਝੂ ਪੂੰਝੇਗਾ।” (ਪਰ. 7:14-17; 22:1, 2) ਫਿਰ ਅਸੀਂ ਇਸ ਸ਼ਾਨਦਾਰ ਭਵਿੱਖਬਾਣੀ ਦੀ ਪੂਰਤੀ ਹੁੰਦੀ ਦੇਖਾਂਗੇ: “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।”—ਯਸਾ. 33:24.
19. ਭਾਵੇਂ ਅਸੀਂ ਹੁਣ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਹੋ ਸਕਦੇ, ਫਿਰ ਵੀ ਅਸੀਂ ਕਿਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ?
19 ਸਾਨੂੰ ਪੱਕਾ ਯਕੀਨ ਹੈ ਕਿ ਸਾਡਾ ਛੁਟਕਾਰਾ ਨੇੜੇ ਹੈ! ਅਸੀਂ ਉਸ ਦਿਨ ਲਈ ਉਤਾਵਲੇ ਹਾਂ ਜਦ ਯਹੋਵਾਹ ਬੀਮਾਰੀ ਤੇ ਮੌਤ ਨੂੰ ਹਮੇਸ਼ਾ ਲਈ ਮਿਟਾ ਦੇਵੇਗਾ। ਫਿਲਹਾਲ ਸਾਨੂੰ ਪੂਰਾ ਭਰੋਸਾ ਹੈ ਕਿ ਸਾਡਾ ਪਿਤਾ ਯਹੋਵਾਹ ਸਾਨੂੰ ਦੁੱਖ-ਦਰਦ ਸਹਿਣ ਦੀ ਤਾਕਤ ਦੇਵੇਗਾ ਕਿਉਂਕਿ ‘ਉਹ ਨੂੰ ਸਾਡਾ ਫ਼ਿਕਰ ਹੈ।’ (1 ਪਤ. 5:7) ਤਾਂ ਫਿਰ ਆਓ ਆਪਾਂ ਆਪਣੀ ਸਿਹਤ ਦਾ ਖ਼ਿਆਲ ਰੱਖਦੇ ਹੋਏ ਪਰਮੇਸ਼ੁਰ ਦੇ ਬਚਨ ਵਿਚ ਪਾਏ ਜਾਂਦੇ ਮਿਆਰਾਂ ਅਨੁਸਾਰ ਹਮੇਸ਼ਾ ਚੱਲਦੇ ਰਹੀਏ!
[ਫੁਟਨੋਟ]
a ਤੁਸੀਂ 1 ਸਤੰਬਰ 2003 ਦੇ ਪਹਿਰਾਬੁਰਜ ਦੇ ਸਫ਼ੇ 17 ਉੱਤੇ ਅਜਿਹੇ ਲੇਖਾਂ ਦੀ ਸੂਚੀ ਪਾਓਗੇ।
ਇਨ੍ਹਾਂ ਸਵਾਲਾਂ ਉੱਤੇ ਗੌਰ ਕਰੋ
• ਬੀਮਾਰੀ ਪਿੱਛੇ ਕਿਸ ਦਾ ਹੱਥ ਹੈ ਅਤੇ ਸਾਨੂੰ ਪਾਪ ਤੋਂ ਕੌਣ ਛੁਡਾਵੇਗਾ?
• ਭਾਵੇਂ ਸਿਹਤ ਦੀ ਚਿੰਤਾ ਕਰਨੀ ਆਮ ਗੱਲ ਹੈ, ਪਰ ਸਾਨੂੰ ਕੀ ਕਰਨ ਤੋਂ ਬਚਣਾ ਚਾਹੀਦਾ ਹੈ?
• ਇਲਾਜ ਕਰਾਉਣ ਵੇਲੇ ਸਾਨੂੰ ਬਾਈਬਲ ਦੇ ਸਿਧਾਂਤਾਂ ਨੂੰ ਧਿਆਨ ਵਿਚ ਕਿਉਂ ਰੱਖਣਾ ਚਾਹੀਦਾ ਹੈ?
• ਬਾਈਬਲ ਦੇ ਸਿਧਾਂਤਾਂ ਨੂੰ ਲਾਗੂ ਕਰ ਕੇ ਸਾਡੀ ਸਿਹਤ ਉੱਤੇ ਚੰਗਾ ਅਸਰ ਕਿਵੇਂ ਪੈ ਸਕਦਾ ਹੈ?
[ਸਫ਼ਾ 23 ਉੱਤੇ ਤਸਵੀਰ]
ਇਨਸਾਨਾਂ ਨੂੰ ਬੀਮਾਰ ਅਤੇ ਬੁੱਢੇ ਹੋਣ ਲਈ ਨਹੀਂ ਬਣਾਇਆ ਗਿਆ ਸੀ
[ਸਫ਼ਾ 25 ਉੱਤੇ ਤਸਵੀਰ]
ਮਾੜੀ ਸਿਹਤ ਦੇ ਬਾਵਜੂਦ ਯਹੋਵਾਹ ਦੇ ਲੋਕ ਪ੍ਰਚਾਰ ਕਰਨ ਤੋਂ ਖ਼ੁਸ਼ੀ ਪਾਉਂਦੇ ਹਨ