ਕੀ ਤੁਸੀਂ ਖਰਿਆਈ ਕਾਇਮ ਰੱਖੋਗੇ?
“ਮੈਂ ਆਪਣੇ ਮਰਨ ਤੀਕ ਆਪਣੀ ਖਰਿਆਈ ਨਾ ਛੱਡਾਂਗਾ।”—ਅੱਯੂ. 27:5.
1, 2. ਕਿਹੜਾ ਅਹਿਮ ਗੁਣ ਪੈਦਾ ਕਰਨਾ ਘਰ ਬਣਾਉਣ ਦੇ ਬਰਾਬਰ ਹੈ ਅਤੇ ਅਸੀਂ ਕਿਨ੍ਹਾਂ ਸਵਾਲਾਂ ʼਤੇ ਗੌਰ ਕਰਾਂਗੇ?
ਮੰਨ ਲਓ ਕਿ ਤੁਸੀਂ ਇਕ ਘਰ ਦਾ ਨਕਸ਼ਾ ਦੇਖ ਰਹੇ ਹੋ। ਘਰ ਦਾ ਡੀਜ਼ਾਈਨ ਦੇਖ ਕੇ ਤੁਸੀਂ ਬਹੁਤ ਖ਼ੁਸ਼ ਹੁੰਦੇ ਹੋ। ਤੁਸੀਂ ਸੋਚਦੇ ਹੋ ਕਿ ਕਿਨ੍ਹਾਂ ਤਰੀਕਿਆਂ ਨਾਲ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਇਸ ਘਰ ਤੋਂ ਫ਼ਾਇਦਾ ਹੋਵੇਗਾ। ਪਰ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋਵੋਗੇ ਕਿ ਘਰ ਦੇ ਨਕਸ਼ੇ ਅਤੇ ਇਸ ਬਾਰੇ ਸੋਚਣ ਦਾ ਤਾਂ ਹੀ ਤੁਹਾਨੂੰ ਫ਼ਾਇਦਾ ਹੋਵੇਗਾ ਜੇ ਤੁਸੀਂ ਘਰ ਨੂੰ ਬਣਾਓਗੇ, ਇਸ ਵਿਚ ਰਹਿਣ ਲੱਗ ਪਵੋਗੇ ਅਤੇ ਇਸ ਦੀ ਦੇਖ-ਭਾਲ ਕਰਦੇ ਰਹੋਗੇ?
2 ਇਸੇ ਤਰ੍ਹਾਂ ਅਸੀਂ ਸ਼ਾਇਦ ਸੋਚੀਏ ਕਿ ਖਰਿਆਈ ਰੱਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦਾ ਸਾਨੂੰ ਤੇ ਸਾਡੇ ਚਾਹੁਣ ਵਾਲਿਆਂ ਨੂੰ ਫ਼ਾਇਦਾ ਹੁੰਦਾ ਹੈ। ਪਰ ਇਸ ਬਾਰੇ ਸੋਚਣ ਦਾ ਤਾਂ ਹੀ ਸਾਨੂੰ ਫ਼ਾਇਦਾ ਹੋਵੇਗਾ ਜੇ ਅਸੀਂ ਆਪਣੇ ਅੰਦਰ ਖਰਿਆਈ ਦਾ ਗੁਣ ਪੈਦਾ ਕਰੀਏ ਤੇ ਇਸ ਨੂੰ ਬਣਾਈ ਰੱਖੀਏ। ਅੱਜ-ਕੱਲ੍ਹ ਘਰ ਬਣਾਉਣ ʼਤੇ ਬਹੁਤ ਖ਼ਰਚਾ ਆਉਂਦਾ ਹੈ। (ਲੂਕਾ 14:28, 29) ਇਸੇ ਤਰ੍ਹਾਂ ਖਰਿਆਈ ਦੇ ਗੁਣ ਨੂੰ ਪੈਦਾ ਕਰਨ ਅਤੇ ਇਸ ਨੂੰ ਬਣਾਈ ਰੱਖਣ ਵਿਚ ਕਾਫ਼ੀ ਸਮਾਂ ਲੱਗਦਾ ਹੈ ਤੇ ਜਤਨ ਕਰਨਾ ਪੈਂਦਾ ਹੈ। ਪਰ ਇਸ ਤਰ੍ਹਾਂ ਕਰਨ ਦੇ ਫ਼ਾਇਦੇ ਹਨ। ਇਸ ਲਈ ਆਓ ਆਪਾਂ ਹੁਣ ਇਨ੍ਹਾਂ ਤਿੰਨ ਸਵਾਲਾਂ ʼਤੇ ਗੌਰ ਕਰੀਏ: ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਖਰਿਆਈ ਰੱਖਦੇ ਹਾਂ? ਅਸੀਂ ਖਰਿਆਈ ਕਿਵੇਂ ਬਣਾਈ ਰੱਖ ਸਕਦੇ ਹਾਂ? ਉਦੋਂ ਕੀ ਕੀਤਾ ਜਾ ਸਕਦਾ ਹੈ ਜੇ ਕਿਸੇ ਨੇ ਕੁਝ ਸਮੇਂ ਲਈ ਖਰਿਆਈ ਰੱਖਣੀ ਛੱਡ ਦਿੱਤੀ ਹੈ?
ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਖਰਿਆਈ ਰੱਖਦੇ ਹਾਂ?
3, 4. (ੳ) ਯਹੋਵਾਹ ਸਾਨੂੰ ਆਪਣੇ ਅੰਦਰ ਖਰਿਆਈ ਪੈਦਾ ਕਰਨੀ ਕਿਵੇਂ ਸਿਖਾਉਂਦਾ ਹੈ? (ਅ) ਯਿਸੂ ਦੀ ਨਕਲ ਕਰ ਕੇ ਅਸੀਂ ਕਿਵੇਂ ਖਰਿਆਈ ਪੈਦਾ ਕਰ ਸਕਦੇ ਹਾਂ?
3 ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ ਕਿ ਯਹੋਵਾਹ ਨੇ ਸਾਨੂੰ ਇਹ ਫ਼ੈਸਲਾ ਕਰਨ ਦਾ ਮਾਣ ਬਖ਼ਸ਼ਿਆ ਹੈ ਕਿ ਅਸੀਂ ਖਰਿਆਈ ਰੱਖਣੀ ਚਾਹੁੰਦੇ ਹਾਂ ਕਿ ਨਹੀਂ। ਖ਼ੁਸ਼ੀ ਦੀ ਗੱਲ ਹੈ ਕਿ ਉਹ ਸਾਨੂੰ ਇਸ ਮਾਮਲੇ ਵਿਚ ਇਕੱਲਾ ਨਹੀਂ ਛੱਡਦਾ। ਉਹ ਸਾਨੂੰ ਆਪਣੇ ਅੰਦਰ ਇਹ ਜ਼ਰੂਰੀ ਗੁਣ ਪੈਦਾ ਕਰਨਾ ਸਿਖਾਉਂਦਾ ਹੈ ਅਤੇ ਨਾਲੇ ਆਪਣੇ ਅਸੂਲਾਂ ʼਤੇ ਚੱਲਣ ਲਈ ਆਪਣੀ ਪਵਿੱਤਰ ਸ਼ਕਤੀ ਦਿੰਦਾ ਹੈ। (ਲੂਕਾ 11:13) ਉਹ ਉਨ੍ਹਾਂ ਭੈਣਾਂ-ਭਰਾਵਾਂ ਦੀ ਨਿਹਚਾ ਦੀ ਵੀ ਰਾਖੀ ਕਰਦਾ ਹੈ ਜੋ ਆਪਣੀ ਖਰਿਆਈ ਬਣਾਈ ਰੱਖਣੀ ਚਾਹੁੰਦੇ ਹਨ।—ਕਹਾ. 2:7.
4 ਯਹੋਵਾਹ ਨੇ ਸਾਨੂੰ ਕਿਵੇਂ ਖਰਿਆਈ ਰੱਖਣੀ ਸਿਖਾਈ ਹੈ? ਆਪਣੇ ਪੁੱਤਰ ਨੂੰ ਧਰਤੀ ʼਤੇ ਭੇਜਣ ਦੁਆਰਾ। ਯਿਸੂ ਆਪਣੀ ਸਾਰੀ ਜ਼ਿੰਦਗੀ ਯਹੋਵਾਹ ਪ੍ਰਤੀ ਆਗਿਆਕਾਰ ਰਿਹਾ। ਉਹ “ਮੌਤ ਤਾਈਂ ਆਗਿਆਕਾਰ ਬਣਿਆ” ਰਿਹਾ। (ਫ਼ਿਲਿ. 2:8) ਯਿਸੂ ਨੇ ਹਰ ਗੱਲ ਵਿਚ ਆਪਣੇ ਪਿਤਾ ਦੀ ਆਗਿਆ ਮੰਨੀ, ਉਦੋਂ ਵੀ ਜਦੋਂ ਇੱਦਾਂ ਕਰਨਾ ਬਹੁਤ ਮੁਸ਼ਕਲ ਸੀ। ਉਸ ਨੇ ਯਹੋਵਾਹ ਨੂੰ ਕਿਹਾ: “ਮੇਰੀ ਮਰਜ਼ੀ ਨਹੀਂ ਪਰ ਤੇਰੀ ਹੋਵੇ।” (ਲੂਕਾ 22:42) ਚੰਗਾ ਹੋਵੇਗਾ ਜੇ ਅਸੀਂ ਆਪਣੇ ਆਪ ਤੋਂ ਇਹ ਸਵਾਲ ਪੁੱਛੀਏ, ‘ਕੀ ਮੈਂ ਵੀ ਹਰ ਗੱਲ ਵਿਚ ਯਹੋਵਾਹ ਪ੍ਰਤੀ ਆਗਿਆਕਾਰ ਰਹਿੰਦਾ ਹਾਂ?’ ਜੇ ਅਸੀਂ ਵੀ ਹਰ ਗੱਲ ਵਿਚ ਯਹੋਵਾਹ ਦਾ ਕਹਿਣਾ ਮੰਨੀਏ, ਤਾਂ ਅਸੀਂ ਖਰਿਆਈ ਰੱਖ ਸਕਾਂਗੇ। ਆਓ ਆਪਾਂ ਜ਼ਿੰਦਗੀ ਦੇ ਕੁਝ ਪਹਿਲੂਆਂ ʼਤੇ ਗੌਰ ਕਰੀਏ ਜਿਨ੍ਹਾਂ ਵਿਚ ਆਗਿਆਕਾਰੀ ਕਰਨੀ ਜ਼ਰੂਰੀ ਹੈ।
5, 6. (ੳ) ਦਾਊਦ ਨੇ ਖਰਿਆਈ ਰੱਖਣ ʼਤੇ ਕਿਵੇਂ ਜ਼ੋਰ ਦਿੱਤਾ ਸੀ, ਖ਼ਾਸ ਕਰਕੇ ਜਦੋਂ ਅਸੀਂ ਇਕੱਲੇ ਹੁੰਦੇ ਹਾਂ? (ਅ) ਅੱਜ ਮਸੀਹੀ ਭੈਣ-ਭਰਾ ਖਰਿਆਈ ਸੰਬੰਧੀ ਕਿਹੜੀ ਚੁਣੌਤੀ ਦਾ ਸਾਮ੍ਹਣਾ ਕਰਦੇ ਹਨ ਜਦੋਂ ਉਹ ਇਕੱਲੇ ਹੁੰਦੇ ਹਨ?
5 ਸਾਨੂੰ ਉਦੋਂ ਵੀ ਯਹੋਵਾਹ ਦੇ ਆਗਿਆਕਾਰ ਰਹਿਣ ਦੀ ਲੋੜ ਹੈ ਜਦੋਂ ਅਸੀਂ ਇਕੱਲੇ ਹੁੰਦੇ ਹਾਂ। ਜ਼ਬੂਰ ਨੂੰ ਪਤਾ ਸੀ ਕਿ ਜਦੋਂ ਉਹ ਇਕੱਲਾ ਹੁੰਦਾ ਸੀ, ਤਾਂ ਉਸ ਲਈ ਖਰਿਆਈ ਰੱਖਣੀ ਕਿੰਨੀ ਜ਼ਰੂਰੀ ਸੀ। (ਜ਼ਬੂਰਾਂ ਦੀ ਪੋਥੀ 101:2 ਪੜ੍ਹੋ।) ਰਾਜਾ ਹੋਣ ਦੇ ਨਾਤੇ ਦਾਊਦ ਦਾ ਕਈ ਮੌਕਿਆਂ ʼਤੇ ਸੈਂਕੜੇ ਤੇ ਕਈ ਵਾਰ ਹਜ਼ਾਰਾਂ ਲੋਕਾਂ ਨਾਲ ਵਾਹ ਪੈਂਦਾ ਸੀ। (ਹੋਰ ਜਾਣਕਾਰੀ ਲਈ ਜ਼ਬੂਰਾਂ ਦੀ ਪੋਥੀ 26:12 ਦੇਖੋ।) ਇਨ੍ਹਾਂ ਮੌਕਿਆਂ ʼਤੇ ਰਾਜਾ ਦਾਊਦ ਲਈ ਖਰਿਆਈ ਰੱਖਣੀ ਬਹੁਤ ਜ਼ਰੂਰੀ ਸੀ ਕਿਉਂਕਿ ਉਸ ਨੇ ਲੋਕਾਂ ਲਈ ਚੰਗੀ ਮਿਸਾਲ ਬਣਨਾ ਸੀ। (ਬਿਵ. 17:18, 19) ਪਰ ਦਾਊਦ ਨੇ ਇਹ ਵੀ ਸਿੱਖਿਆ ਸੀ ਕਿ ਜਦੋਂ ਉਹ ਆਪਣੇ ਘਰ ਵਿਚ ਇਕੱਲਾ ਹੁੰਦਾ ਸੀ, ਤਾਂ ਉਦੋਂ ਵੀ ਉਸ ਨੂੰ ਖਰਿਆਈ ਰੱਖਣ ਦੀ ਲੋੜ ਸੀ। ਕੀ ਇਹ ਸਾਡੇ ਬਾਰੇ ਵੀ ਸੱਚ ਹੈ?
6 ਜ਼ਬੂਰ 101:3 ਵਿਚ ਅਸੀਂ ਦਾਊਦ ਦੇ ਸ਼ਬਦ ਪੜ੍ਹਦੇ ਹਾਂ: “ਮੈਂ ਵਿਰਥੀ ਗੱਲ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਨਾ ਰੱਖਾਂਗਾ।” ਅੱਜ ਕਈ ਮੌਕਿਆਂ ʼਤੇ ਸਾਡੀਆਂ ਨਜ਼ਰਾਂ ਵਿਅਰਥ ਚੀਜ਼ਾਂ ʼਤੇ ਪੈ ਸਕਦੀਆਂ ਹਨ, ਖ਼ਾਸ ਕਰਕੇ ਜਦੋਂ ਅਸੀਂ ਇਕੱਲੇ ਹੁੰਦੇ ਹਾਂ। ਇਸ ਸੰਬੰਧੀ ਇੰਟਰਨੈੱਟ ਸਾਡੇ ਲਈ ਚੁਣੌਤੀ ਬਣਿਆ ਹੋਇਆ ਹੈ ਅਤੇ ਬਹੁਤ ਆਸਾਨੀ ਨਾਲ ਸਾਡਾ ਧਿਆਨ ਅਸ਼ਲੀਲ ਤਸਵੀਰਾਂ ਵੱਲ ਜਾ ਸਕਦਾ ਹੈ। ਪਰ ਇਨ੍ਹਾਂ ਨੂੰ ਦੇਖਣ ਨਾਲ ਕੀ ਅਸੀਂ ਯਹੋਵਾਹ ਦੀ ਆਗਿਆ ਮੰਨ ਰਹੇ ਹੋਵਾਂਗੇ ਜਿਸ ਨੇ ਦਾਊਦ ਨੂੰ ਉੱਪਰ ਦੱਸੇ ਸ਼ਬਦ ਲਿਖਣ ਲਈ ਕਿਹਾ ਸੀ? ਪੋਰਨੋਗ੍ਰਾਫੀ ਬਹੁਤ ਹੀ ਖ਼ਤਰਨਾਕ ਹੈ ਕਿਉਂਕਿ ਇਹ ਸਾਡੇ ਵਿਚ ਗ਼ਲਤ ਤੇ ਲਾਲਚੀ ਖ਼ਾਹਸ਼ਾਂ ਪੈਦਾ ਕਰਦੀ ਹੈ, ਜ਼ਮੀਰ ਨੂੰ ਭ੍ਰਿਸ਼ਟ ਕਰਦੀ ਹੈ, ਵਿਆਹ ਦੇ ਬੰਧਨ ਨੂੰ ਤੋੜ ਦਿੰਦੀ ਹੈ, ਨਾਲੇ ਪੋਰਨੋਗ੍ਰਾਫੀ ਦੇਖਣ ਵਾਲੇ ਦੂਸਰਿਆਂ ਦੀਆਂ ਨਜ਼ਰਾਂ ਵਿਚ ਗਿਰ ਜਾਂਦੇ ਹਨ।—ਕਹਾ. 4:23; 2 ਕੁਰਿੰ. 7:1; 1 ਥੱਸ. 4:3-5.
7. ਕਿਹੜਾ ਅਸੂਲ ਖਰਿਆਈ ਰੱਖਣ ਵਿਚ ਸਾਡੀ ਮਦਦ ਕਰ ਸਕਦਾ ਹੈ ਜਦੋਂ ਅਸੀਂ ਇਕੱਲੇ ਹੁੰਦੇ ਹਾਂ?
7 ਯਹੋਵਾਹ ਦਾ ਕੋਈ ਵੀ ਭਗਤ ਕਦੇ ਵੀ ਇਕੱਲਾ ਨਹੀਂ ਹੁੰਦਾ। ਸਾਡਾ ਪਿਤਾ ਯਹੋਵਾਹ ਪਿਆਰ ਨਾਲ ਸਾਡੇ ʼਤੇ ਨਿਗਾਹ ਰੱਖਦਾ ਹੈ। (ਜ਼ਬੂਰਾਂ ਦੀ ਪੋਥੀ 11:4 ਪੜ੍ਹੋ।) ਉਹ ਤੁਹਾਨੂੰ ਦੇਖ ਕੇ ਕਿੰਨਾ ਖ਼ੁਸ਼ ਹੁੰਦਾ ਹੋਵੇਗਾ ਜਦੋਂ ਤੁਸੀਂ ਪੋਰਨੋਗ੍ਰਾਫੀ ਦੇ ਫੰਦੇ ਵਿਚ ਨਹੀਂ ਪੈਂਦੇ! ਇੱਦਾਂ ਕਰਕੇ ਤੁਸੀਂ ਮੱਤੀ 5:28 ਵਿਚ ਦਰਜ ਯਿਸੂ ਦੀ ਚੇਤਾਵਨੀ ਵੱਲ ਧਿਆਨ ਦਿੰਦੇ ਹੋ। ਸੋ ਪੱਕਾ ਇਰਾਦਾ ਕਰੋ ਕਿ ਤੁਸੀਂ ਅਜਿਹੀਆਂ ਤਸਵੀਰਾਂ ਨਹੀਂ ਦੇਖੋਗੇ ਜੋ ਤੁਹਾਨੂੰ ਗ਼ਲਤ ਕੰਮ ਕਰਨ ਲਈ ਉਕਸਾਉਂਦੀਆਂ ਹਨ। ਪੋਰਨੋਗ੍ਰਾਫੀ ਪੜ੍ਹਨ ਜਾਂ ਦੇਖਣ ਦੇ ਬਦਲੇ ਆਪਣੀ ਖਰਿਆਈ ਨਾ ਛੱਡੋ!
8, 9. (ੳ) ਦਾਨੀਏਲ ਅਤੇ ਉਸ ਦੇ ਸਾਥੀਆਂ ਨੂੰ ਖਰਿਆਈ ਰੱਖਣ ਲਈ ਕਿਹੜੀ ਚੁਣੌਤੀ ਦਾ ਸਾਮ੍ਹਣਾ ਕਰਨਾ ਪਿਆ? (ਅ) ਅੱਜ ਨੌਜਵਾਨ ਯਹੋਵਾਹ ਅਤੇ ਆਪਣੇ ਭੈਣਾਂ-ਭਰਾਵਾਂ ਨੂੰ ਕਿਵੇਂ ਖ਼ੁਸ਼ ਕਰਦੇ ਹਨ?
8 ਅਸੀਂ ਉਦੋਂ ਵੀ ਯਹੋਵਾਹ ਦੀ ਆਗਿਆ ਮੰਨ ਕੇ ਖਰਿਆਈ ਰੱਖਾਂਗੇ ਜਦੋਂ ਅਸੀਂ ਉਨ੍ਹਾਂ ਲੋਕਾਂ ਦੇ ਨਾਲ ਹੁੰਦੇ ਹਾਂ ਜੋ ਯਹੋਵਾਹ ਦੀ ਭਗਤੀ ਨਹੀਂ ਕਰਦੇ। ਦਾਨੀਏਲ ਅਤੇ ਉਸ ਦੇ ਤਿੰਨ ਸਾਥੀਆਂ ਦੀ ਮਿਸਾਲ ʼਤੇ ਧਿਆਨ ਦਿਓ। ਅੱਲ੍ਹੜ ਉਮਰੇ ਹੀ ਉਨ੍ਹਾਂ ਨੂੰ ਗ਼ੁਲਾਮ ਬਣਾ ਕੇ ਬਾਬੁਲ ਲਿਜਾਇਆ ਗਿਆ ਸੀ। ਉੱਥੇ ਉਹ ਉਨ੍ਹਾਂ ਲੋਕਾਂ ਨਾਲ ਘਿਰੇ ਹੋਏ ਸਨ ਜੋ ਯਹੋਵਾਹ ਬਾਰੇ ਕੁਝ ਵੀ ਨਹੀਂ ਸੀ ਜਾਣਦੇ। ਇਨ੍ਹਾਂ ਤਿੰਨਾਂ ਇਬਰਾਨੀ ਮੁੰਡਿਆਂ ਉੱਤੇ ਉਹ ਕੁਝ ਖਾਣ ਦਾ ਦਬਾਅ ਪਾਇਆ ਜਾ ਰਿਹਾ ਸੀ ਜੋ ਪਰਮੇਸ਼ੁਰ ਦੀ ਬਿਵਸਥਾ ਅਨੁਸਾਰ ਖਾਣਾ ਮਨ੍ਹਾ ਸੀ। ਉਹ ਸੋਚ ਸਕਦੇ ਸੀ ਕਿ ਕੋਈ ਉਨ੍ਹਾਂ ਨੂੰ ਦੇਖ ਨਹੀਂ ਸੀ ਰਿਹਾ। ਉਨ੍ਹਾਂ ਦੇ ਮਾਪੇ, ਬਜ਼ੁਰਗ ਅਤੇ ਜਾਜਕ ਉਨ੍ਹਾਂ ਤੋਂ ਦੂਰ ਸਨ ਜਿਸ ਕਰਕੇ ਉਹ ਇਹ ਖਾਣਾ ਖਾ ਸਕਦੇ ਸਨ ਅਤੇ ਕਿਸੇ ਨੂੰ ਪਤਾ ਵੀ ਨਹੀਂ ਸੀ ਲੱਗਣਾ। ਪਰ ਕਿਸ ਨੂੰ ਪਤਾ ਲੱਗਣਾ ਸੀ? ਯਹੋਵਾਹ ਨੂੰ। ਭਾਵੇਂ ਉਨ੍ਹਾਂ ਦੀ ਜਾਨ ਖ਼ਤਰੇ ਵਿਚ ਸੀ, ਫਿਰ ਵੀ ਉਹ ਯਹੋਵਾਹ ਦੇ ਕਹਿਣੇ ਵਿਚ ਰਹੇ।—ਦਾਨੀ. 1:3-9.
9 ਦੁਨੀਆਂ ਭਰ ਵਿਚ ਯਹੋਵਾਹ ਦੇ ਨੌਜਵਾਨ ਗਵਾਹ ਵੀ ਦਾਨੀਏਲ ਅਤੇ ਉਸ ਦੇ ਸਾਥੀਆਂ ਦੀ ਮਿਸਾਲ ਉੱਤੇ ਚੱਲ ਰਹੇ ਹਨ। ਉਹ ਪਰਮੇਸ਼ੁਰ ਦੇ ਅਸੂਲਾਂ ਨੂੰ ਫੜੀ ਰੱਖਦੇ ਹਨ ਅਤੇ ਹੋਰਨਾਂ ਮੁੰਡੇ-ਕੁੜੀਆਂ ਦੇ ਦਬਾਅ ਅੱਗੇ ਨਹੀਂ ਝੁਕਦੇ। ਨੌਜਵਾਨੋ, ਜਦੋਂ ਤੁਸੀਂ ਡ੍ਰੱਗਜ਼ ਲੈਣ, ਲੜਾਈ-ਝਗੜਾ ਕਰਨ, ਗਾਲ਼ਾਂ ਕੱਢਣ, ਗੰਦੇ ਕੰਮ ਕਰਨ ਅਤੇ ਕਈ ਹੋਰ ਅਜਿਹੇ ਗ਼ਲਤ ਕੰਮ ਕਰਨ ਤੋਂ ਦੂਰ ਰਹਿੰਦੇ ਹੋ, ਤਾਂ ਤੁਸੀਂ ਯਹੋਵਾਹ ਦਾ ਕਹਿਣਾ ਮੰਨ ਰਹੇ ਹੋ। ਇੱਦਾਂ ਕਰਕੇ ਤੁਸੀਂ ਆਪਣੀ ਖਰਿਆਈ ਰੱਖ ਰਹੇ ਹੋ। ਇਸ ਨਾਲ ਤੁਹਾਡਾ ਫ਼ਾਇਦਾ ਹੁੰਦਾ ਹੈ ਅਤੇ ਤੁਸੀਂ ਯਹੋਵਾਹ ਅਤੇ ਆਪਣੇ ਭੈਣਾਂ-ਭਰਾਵਾਂ ਨੂੰ ਖ਼ੁਸ਼ ਕਰਦੇ ਹੋ।—ਜ਼ਬੂ. 110:3.
10. (ੳ) ਹਰਾਮਕਾਰੀ ਬਾਰੇ ਕਿਹੜੇ ਕੁਝ ਗ਼ਲਤ ਖ਼ਿਆਲਾਂ ਕਰਕੇ ਕੁਝ ਨੌਜਵਾਨਾਂ ਨੇ ਖਰਿਆਈ ਛੱਡ ਦਿੱਤੀ? (ਅ) ਖਰਿਆਈ ਰੱਖ ਕੇ ਅਸੀਂ ਹਰਾਮਕਾਰੀ ਦੇ ਫੰਦੇ ਵਿਚ ਪੈਣ ਤੋਂ ਕਿਵੇਂ ਬਚ ਸਕਦੇ ਹਾਂ?
10 ਮੁੰਡੇ-ਕੁੜੀਆਂ ਨੂੰ ਇਕ-ਦੂਜੇ ਨਾਲ ਪੇਸ਼ ਆਉਂਦੇ ਵੇਲੇ ਵੀ ਆਗਿਆਕਾਰ ਰਹਿਣ ਦੀ ਲੋੜ ਹੈ। ਸਾਨੂੰ ਪਤਾ ਹੈ ਕਿ ਪਰਮੇਸ਼ੁਰ ਦੇ ਬਚਨ ਵਿਚ ਹਰਾਮਕਾਰੀ ਨੂੰ ਨਿੰਦਿਆ ਗਿਆ ਹੈ। ਪਰ ਅਸੀਂ ਸੌਖਿਆਂ ਹੀ ਗ਼ਲਤ ਕੰਮਾਂ ਵਿਚ ਪੈ ਸਕਦੇ ਹਾਂ। ਮਿਸਾਲ ਲਈ, ਕਈ ਮੁੰਡੇ-ਕੁੜੀਆਂ ਨੇ ਮੌਖਿਕ (oral sex) ਜਾਂ ਗੁੱਦਾ ਸੰਭੋਗ (anal sex) ਕੀਤਾ ਹੈ ਜਾਂ ਫਿਰ ਇਕ-ਦੂਜੇ ਦੇ ਗੁਪਤ ਅੰਗਾਂ ਨੂੰ ਪਲੋਸਿਆ ਹੈ। ਉਨ੍ਹਾਂ ਨੇ ਸੋਚਿਆ ਹੈ ਕਿ ਇੱਦਾਂ ਕਰਨਾ ਗ਼ਲਤ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਭਾਣੇ ਇਹ “ਜਿਨਸੀ ਸੰਬੰਧ” ਨਹੀਂ ਹਨ। ਅਜਿਹੇ ਨੌਜਵਾਨ ਭੁੱਲ ਜਾਂਦੇ ਹਨ ਜਾਂ ਜਾਣ-ਬੁੱਝ ਕੇ ਨਜ਼ਰਅੰਦਾਜ਼ ਕਰਦੇ ਹਨ ਕਿ ਬਾਈਬਲ ਵਿਚ ਹਰਾਮਕਾਰੀ ਲਈ ਵਰਤਿਆ ਗਿਆ ਸ਼ਬਦ ਇਨ੍ਹਾਂ ਸਾਰੇ ਕੰਮਾਂ ʼਤੇ ਲਾਗੂ ਹੁੰਦਾ ਹੈ ਜਿਨ੍ਹਾਂ ਕਰਕੇ ਇਕ ਵਿਅਕਤੀ ਕਲੀਸਿਯਾ ਵਿੱਚੋਂ ਛੇਕਿਆ ਜਾ ਸਕਦਾ ਹੈ।a ਇਸ ਤੋਂ ਮਾੜੀ ਗੱਲ ਇਹ ਹੈ ਕਿ ਅਜਿਹੇ ਨੌਜਵਾਨ ਖਰਿਆਈ ਰੱਖਣ ਦੀ ਕੋਈ ਲੋੜ ਮਹਿਸੂਸ ਨਹੀਂ ਕਰਦੇ। ਅਸੀਂ ਸਾਰੇ ਖਰਿਆਈ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ, ਇਸ ਲਈ ਅਸੀਂ ਕਿਸੇ ਗ਼ਲਤ ਕੰਮ ਨੂੰ ਸਹੀ ਠਹਿਰਾਉਣ ਲਈ ਬਹਾਨੇ ਨਹੀਂ ਲੱਭਾਂਗੇ। ਅਸੀਂ ਇਹ ਨਹੀਂ ਸੋਚਾਂਗੇ ਕਿ ਅਸੀਂ ਉਸ ਹੱਦ ਤਕ ਨਹੀਂ ਜਾਵਾਂਗੇ ਜਦੋਂ ਸਾਡੇ ਤੋਂ ਪਾਪ ਹੋ ਸਕਦਾ ਹੈ ਅਤੇ ਸਾਨੂੰ ਸਜ਼ਾ ਮਿਲ ਸਕਦੀ ਹੈ। ਅਸੀਂ ਇਹ ਵੀ ਨਹੀਂ ਸੋਚਾਂਗੇ ਕਿ ਕਿਹੜੇ ਕੰਮ ਕਰਕੇ ਸਾਨੂੰ ਕਲੀਸਿਯਾ ਤੋਂ ਤਾੜਨਾ ਮਿਲ ਸਕਦੀ ਹੈ, ਬਲਕਿ ਅਸੀਂ ਇਸ ਗੱਲ ਵੱਲ ਜ਼ਿਆਦਾ ਧਿਆਨ ਦੇਵਾਂਗੇ ਕਿ ਅਸੀਂ ਯਹੋਵਾਹ ਨੂੰ ਕਿੱਦਾਂ ਖ਼ੁਸ਼ ਕਰ ਸਕਦੇ ਹਾਂ ਤੇ ਉਸ ਨੂੰ ਦੁਖੀ ਕਰਨ ਤੋਂ ਬਚ ਸਕਦੇ ਹਾਂ। ਇਸ ਲਈ ਅਸੀਂ ‘ਹਰਾਮਕਾਰੀ ਤੋਂ ਦੂਰ ਭੱਜਾਂਗੇ।’ (1 ਕੁਰਿੰ. 6:18) ਇਸ ਤਰ੍ਹਾਂ ਕਰਨ ਨਾਲ ਅਸੀਂ ਖਰਿਆਈ ਰੱਖ ਰਹੇ ਹੋਵਾਂਗੇ।
ਅਸੀਂ ਖਰਿਆਈ ਕਿਵੇਂ ਬਣਾਈ ਰੱਖ ਸਕਦੇ ਹਾਂ?
11. ਹਰ ਗੱਲ ਵਿਚ ਵਫ਼ਾਦਾਰ ਹੋਣਾ ਜ਼ਰੂਰੀ ਕਿਉਂ ਹੈ? ਸਮਝਾਓ।
11 ਸਿਰਫ਼ ਇਕ ਕੰਮ ਕਰ ਕੇ ਨਹੀਂ, ਬਲਕਿ ਹਰ ਗੱਲ ਵਿਚ ਯਹੋਵਾਹ ਦਾ ਕਹਿਣਾ ਮੰਨ ਕੇ ਅਸੀਂ ਖਰਿਆਈ ਬਣਾਈ ਰੱਖ ਸਕਦੇ ਹਾਂ। ਇਕ ਗੱਲ ਵਿਚ ਵਫ਼ਾਦਾਰ ਹੋਣਾ ਸ਼ਾਇਦ ਮਾਮੂਲੀ ਜਿਹੀ ਗੱਲ ਜਾਪੇ, ਪਰ ਸਮੇਂ ਦੇ ਬੀਤਣ ਨਾਲ ਜੇ ਅਸੀਂ ਛੋਟੀਆਂ-ਛੋਟੀਆਂ ਗੱਲਾਂ ਵਿਚ ਯਹੋਵਾਹ ਦਾ ਕਹਿਣਾ ਮੰਨਦੇ ਰਹਾਂਗੇ, ਤਾਂ ਅਸੀਂ ਖਰਿਆਈ ਬਣਾਈ ਰੱਖਾਂਗੇ। ਜ਼ਰਾ ਇਸ ਮਿਸਾਲ ʼਤੇ ਗੌਰ ਕਰੋ: ਇਕ ਇੱਟ ਸ਼ਾਇਦ ਮਾਮੂਲੀ ਜਿਹੀ ਜਾਪੇ, ਪਰ ਜੇ ਅਸੀਂ ਬਹੁਤ ਸਾਰੀਆਂ ਇੱਟਾਂ ਨੂੰ ਚਿਣੀਏ, ਤਾਂ ਅਸੀਂ ਇਕ ਬਹੁਤ ਵਧੀਆ ਘਰ ਬਣਾ ਸਕਦੇ ਹਾਂ। ਇਸੇ ਤਰ੍ਹਾਂ ਵਫ਼ਾਦਾਰੀ ਦੇ ਕੰਮ ਕਰਦੇ ਰਹਿਣ ਨਾਲ ਅਸੀਂ ਖਰਿਆਈ ਬਣਾਈ ਰੱਖਾਂਗੇ।—ਲੂਕਾ 16:10.
12. ਮਾੜੇ ਸਲੂਕ ਤੇ ਬੇਇਨਸਾਫ਼ੀ ਦੇ ਬਾਵਜੂਦ ਦਾਊਦ ਨੇ ਖਰਿਆਈ ਕਿਵੇਂ ਬਣਾਈ ਰੱਖੀ?
12 ਸਾਡੀ ਖਰਿਆਈ ਉਦੋਂ ਜ਼ਾਹਰ ਹੁੰਦੀ ਹੈ ਜਦੋਂ ਅਸੀਂ ਸਤਾਹਟਾਂ, ਭੈੜੇ ਸਲੂਕ ਜਾਂ ਬੇਇਨਸਾਫ਼ੀ ਦਾ ਸਾਮ੍ਹਣਾ ਕਰ ਰਹੇ ਹੁੰਦੇ ਹਾਂ। ਦਾਊਦ ਦੀ ਹੀ ਮਿਸਾਲ ਲੈ ਲਓ। ਜਦੋਂ ਦਾਊਦ ਨੌਜਵਾਨ ਹੁੰਦਾ ਸੀ, ਤਾਂ ਉਸ ਨੇ ਉਸ ਰਾਜੇ ਦੇ ਹੱਥੋਂ ਕਈ ਜ਼ੁਲਮ ਸਹੇ ਜਿਸ ਨੂੰ ਯਹੋਵਾਹ ਨੇ ਰਾਜਾ ਬਣਾਇਆ ਸੀ। ਇਹ ਰਾਜਾ ਸ਼ਾਊਲ ਸੀ ਜਿਸ ਨੇ ਯਹੋਵਾਹ ਦੀ ਮਿਹਰ ਗੁਆ ਦਿੱਤੀ। ਉਹ ਦਾਊਦ ਨਾਲ ਨਫ਼ਰਤ ਕਰਨ ਲੱਗ ਪਿਆ ਸੀ ਜਿਸ ʼਤੇ ਯਹੋਵਾਹ ਦੀ ਮਿਹਰ ਸੀ। ਫਿਰ ਵੀ ਸ਼ਾਊਲ ਕੁਝ ਸਮੇਂ ਲਈ ਰਾਜ ਕਰਦਾ ਰਿਹਾ ਤੇ ਉਸ ਨੇ ਦਾਊਦ ਦਾ ਪਿੱਛਾ ਕਰਨ ਲਈ ਇਸਰਾਏਲ ਦੀ ਫ਼ੌਜ ਨੂੰ ਵਰਤਿਆ। ਯਹੋਵਾਹ ਨੇ ਕੁਝ ਸਾਲਾਂ ਲਈ ਦਾਊਦ ਨਾਲ ਬੇਇਨਸਾਫ਼ੀ ਹੋਣ ਦਿੱਤੀ। ਇਸ ਦੇ ਕਾਰਨ ਕੀ ਦਾਊਦ ਯਹੋਵਾਹ ਨਾਲ ਗੁੱਸੇ ਹੋਇਆ ਸੀ? ਕੀ ਉਸ ਨੇ ਸੋਚਿਆ ਕਿ ਹੁਣ ਖਰਿਆਈ ਰੱਖਣ ਦਾ ਕੋਈ ਫ਼ਾਇਦਾ ਨਹੀਂ? ਬਿਲਕੁਲ ਨਹੀਂ! ਉਹ ਸ਼ਾਊਲ ਦਾ ਆਦਰ-ਮਾਣ ਕਰਦਾ ਰਿਹਾ ਕਿਉਂਕਿ ਉਸ ਨੂੰ ਪਤਾ ਸੀ ਕਿ ਯਹੋਵਾਹ ਨੇ ਉਸ ਨੂੰ ਰਾਜਾ ਬਣਾਇਆ ਸੀ। ਇਸ ਲਈ ਜਦੋਂ ਉਸ ਨੂੰ ਸ਼ਾਊਲ ਨੂੰ ਮਾਰਨ ਦਾ ਮੌਕਾ ਵੀ ਮਿਲਿਆ, ਤਾਂ ਦਾਊਦ ਨੇ ਉਸ ਨੂੰ ਮਾਰਿਆ ਨਹੀਂ।—1 ਸਮੂ. 24:2-7.
13. ਜੇ ਕਿਸੇ ਨੇ ਸਾਨੂੰ ਠੇਸ ਪਹੁੰਚਾਈ ਹੈ, ਤਾਂ ਅਸੀਂ ਖਰਿਆਈ ਕਿਵੇਂ ਬਣਾਈ ਰੱਖ ਸਕਦੇ ਹਾਂ?
13 ਦਾਊਦ ਨੇ ਸਾਡੇ ਲਈ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ! ਅਸੀਂ ਵਿਸ਼ਵ-ਵਿਆਪੀ ਭਾਈਚਾਰੇ ਦਾ ਹਿੱਸਾ ਹਾਂ ਜਿਸ ਵਿਚ ਸਾਰੇ ਭੈਣ-ਭਰਾ ਨਾਮੁਕੰਮਲ ਹਨ। ਇਨ੍ਹਾਂ ਵਿੱਚੋਂ ਕੋਈ ਵੀ ਸਾਡੇ ਨਾਲ ਮਾੜਾ ਸਲੂਕ ਕਰ ਸਕਦਾ ਹੈ ਜਾਂ ਸੱਚਾਈ ਛੱਡ ਸਕਦਾ ਹੈ। ਅਸੀਂ ਉਸ ਸਮੇਂ ਵਿਚ ਰਹਿ ਰਹੇ ਹਾਂ ਜਦੋਂ ਯਹੋਵਾਹ ਦੀ ਕਿਰਪਾ ਉਸ ਦੇ ਲੋਕਾਂ ʼਤੇ ਹੈ ਅਤੇ ਉਹ ਸਮੂਹ ਦੇ ਤੌਰ ਤੇ ਭ੍ਰਿਸ਼ਟ ਨਹੀਂ ਹੋ ਸਕਦੇ। (ਯਸਾ. 54:17) ਫਿਰ ਵੀ ਅਸੀਂ ਉਦੋਂ ਕੀ ਕਰਾਂਗੇ ਜਦੋਂ ਸਾਨੂੰ ਕੋਈ ਠੇਸ ਪਹੁੰਚਾਉਂਦਾ ਹੈ? ਜੇ ਅਸੀਂ ਆਪਣੇ ਦਿਲ ਵਿਚ ਕਿਸੇ ਭੈਣ ਜਾਂ ਭਰਾ ਪ੍ਰਤੀ ਨਫ਼ਰਤ ਦੀ ਅੱਗ ਬਲ਼ਣ ਦਿੰਦੇ ਹਾਂ, ਤਾਂ ਅਸੀਂ ਸ਼ਾਇਦ ਖਰਿਆਈ ਰੱਖਣੀ ਛੱਡ ਦੇਈਏ। ਕਿਸੇ ਦੇ ਮਾੜੇ ਸਲੂਕ ਕਾਰਨ ਅਸੀਂ ਯਹੋਵਾਹ ਨਾਲ ਗੁੱਸੇ ਹੋਣ ਦੇ ਬਹਾਨੇ ਨਹੀਂ ਬਣਾਵਾਂਗੇ ਜਾਂ ਸੱਚਾਈ ਨਹੀਂ ਛੱਡਾਂਗੇ। (ਜ਼ਬੂ. 119:165) ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ ਰਹਿਣ ਨਾਲ ਅਸੀਂ ਖਰਿਆਈ ਬਣਾਈ ਰੱਖਾਂਗੇ।
14. ਅਸੀਂ ਸੰਗਠਨ ਵਿਚ ਜਾਂ ਸਿੱਖਿਆਵਾਂ ਵਿਚ ਆਉਂਦੀਆਂ ਤਬਦੀਲੀਆਂ ਬਾਰੇ ਜਾਣ ਕੇ ਕਿੱਦਾਂ ਦਾ ਰਵੱਈਆ ਦਿਖਾਉਂਦੇ ਹਾਂ?
14 ਦੂਸਰਿਆਂ ਦੀ ਨੁਕਤਾਚੀਨੀ ਨਾ ਕਰਨ ਕਰ ਕੇ ਵੀ ਅਸੀਂ ਖਰਿਆਈ ਬਣਾਈ ਰੱਖ ਸਕਦੇ ਹਾਂ। ਇਸ ਤਰ੍ਹਾਂ ਕਰ ਕੇ ਅਸੀਂ ਯਹੋਵਾਹ ਦੇ ਵਫ਼ਾਦਾਰ ਰਹਿੰਦੇ ਹਾਂ। ਯਹੋਵਾਹ ਅੱਗੇ ਨਾਲੋਂ ਕਿਤੇ ਜ਼ਿਆਦਾ ਬਰਕਤਾਂ ਵਰਸਾ ਰਿਹਾ ਹੈ। ਅੱਜ ਬਹੁਤ ਸਾਰੇ ਲੋਕ ਯਹੋਵਾਹ ਦੀ ਭਗਤੀ ਕਰਨ ਆ ਰਹੇ ਹਨ। (ਯਸਾ. 2:2-4) ਜਦੋਂ ਸਾਨੂੰ ਬਾਈਬਲ ਦੇ ਹਵਾਲਿਆਂ ਦੀ ਨਵੀਂ ਸਮਝ ਦਿੱਤੀ ਜਾਂਦੀ ਹੈ ਜਾਂ ਕੰਮ ਕਰਨ ਦੇ ਤਰੀਕਿਆਂ ਨੂੰ ਬਦਲਿਆ ਜਾਂਦਾ ਹੈ, ਤਾਂ ਅਸੀਂ ਖ਼ੁਸ਼ੀ-ਖ਼ੁਸ਼ੀ ਇਨ੍ਹਾਂ ਨੂੰ ਕਬੂਲ ਕਰਾਂਗੇ। ਇਹ ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ ਆਪਣੇ ਲੋਕਾਂ ਨੂੰ ਆਪਣੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਗਿਆਨ ਦੇ ਰਿਹਾ ਹੈ। (ਕਹਾ. 4:18) ਜੇ ਸਾਨੂੰ ਨਵੀਆਂ ਗੱਲਾਂ ਸਮਝਣੀਆਂ ਔਖੀਆਂ ਲੱਗਦੀਆਂ ਹਨ, ਤਾਂ ਅਸੀਂ ਇਨ੍ਹਾਂ ਨੂੰ ਸਮਝਣ ਲਈ ਯਹੋਵਾਹ ਤੋਂ ਮਦਦ ਮੰਗਾਂਗੇ। ਅਸੀਂ ਯਹੋਵਾਹ ਦਾ ਕਹਿਣਾ ਮੰਨ ਕੇ ਖਰਿਆਈ ਬਣਾਈ ਰੱਖਾਂਗੇ।
ਉਦੋਂ ਕੀ ਜਦੋਂ ਕੋਈ ਖਰਿਆਈ ਰੱਖਣੀ ਛੱਡ ਦਿੰਦਾ ਹੈ?
15. ਕੌਣ ਤੁਹਾਡੀ ਖਰਿਆਈ ਤੋੜ ਸਕਦਾ ਹੈ?
15 ਇਸ ਸਵਾਲ ਬਾਰੇ ਸਾਨੂੰ ਸੱਚ-ਮੁੱਚ ਸੋਚਣ ਦੀ ਲੋੜ ਹੈ, ਹੈ ਨਾ? ਅਸੀਂ ਪਹਿਲੇ ਲੇਖ ਵਿਚ ਦੇਖਿਆ ਸੀ ਕਿ ਖਰਿਆਈ ਰੱਖਣੀ ਬਹੁਤ ਜ਼ਰੂਰੀ ਹੈ। ਖਰਿਆਈ ਬਿਨਾਂ ਅਸੀਂ ਯਹੋਵਾਹ ਨਾਲ ਨਾਤਾ ਨਹੀਂ ਜੋੜ ਸਕਦੇ ਅਤੇ ਨਾ ਹੀ ਸਾਨੂੰ ਕੋਈ ਆਸ ਮਿਲ ਸਕਦੀ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖੋ: ਸਾਰੇ ਬ੍ਰਹਿਮੰਡ ਵਿਚ ਇੱਕੋ ਵਿਅਕਤੀ ਹੈ ਜੋ ਤੁਹਾਡੀ ਖਰਿਆਈ ਨੂੰ ਤੋੜ ਸਕਦਾ ਹੈ। ਉਹ ਤੁਸੀਂ ਹੋ। ਅੱਯੂਬ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਸੀ। ਤਾਹੀਂਓ ਉਸ ਨੇ ਕਿਹਾ ਸੀ: “ਮੈਂ ਆਪਣੇ ਮਰਨ ਤੀਕ ਆਪਣੀ ਖਰਿਆਈ ਨਾ ਛੱਡਾਂਗਾ।” (ਅੱਯੂ. 27:5) ਜੇ ਤੁਸੀਂ ਵੀ ਅੱਯੂਬ ਵਰਗਾ ਪੱਕਾ ਇਰਾਦਾ ਰੱਖਦੇ ਹੋ ਤੇ ਯਹੋਵਾਹ ਦੇ ਕਰੀਬ ਰਹਿੰਦੇ ਹੋ, ਤਾਂ ਤੁਸੀਂ ਆਪਣੀ ਖਰਿਆਈ ਕਦੇ ਨਾ ਛੱਡੋਗੇ।—ਯਾਕੂ. 4:8.
16, 17. (ੳ) ਜੇ ਕੋਈ ਵੱਡੀ ਗ਼ਲਤੀ ਕਰ ਬੈਠਦਾ ਹੈ, ਤਾਂ ਉਹ ਸ਼ਾਇਦ ਕੀ ਕਰੇ? (ਅ) ਉਸ ਨੂੰ ਕੀ ਕਰਨਾ ਚਾਹੀਦਾ ਹੈ?
16 ਫਿਰ ਵੀ ਕੁਝ ਭੈਣ-ਭਰਾ ਆਪਣੀ ਖਰਿਆਈ ਕਾਇਮ ਨਹੀਂ ਰੱਖਦੇ। ਰਸੂਲਾਂ ਦੇ ਜ਼ਮਾਨੇ ਵਿਚ ਕੁਝ ਭੈਣ-ਭਰਾ ਗੰਭੀਰ ਪਾਪ ਕਰ ਰਹੇ ਸਨ। ਉਨ੍ਹਾਂ ਵਾਂਗ ਅੱਜ ਵੀ ਕੁਝ ਭੈਣ-ਭਰਾ ਇੱਦਾਂ ਕਰ ਰਹੇ ਹਨ। ਜੇ ਤੁਸੀਂ ਕੋਈ ਗੰਭੀਰ ਪਾਪ ਕੀਤਾ ਹੈ, ਤਾਂ ਕੀ ਇਸ ਦਾ ਮਤਲਬ ਇਹ ਹੈ ਕਿ ਹੁਣ ਕੁਝ ਕੀਤਾ ਨਹੀਂ ਜਾ ਸਕਦਾ? ਇਸ ਤਰ੍ਹਾਂ ਦੀ ਗੱਲ ਨਹੀਂ। ਤੁਸੀਂ ਇਸ ਬਾਰੇ ਕੁਝ ਕਰ ਸਕਦੇ ਹੋ। ਪਹਿਲਾਂ ਆਓ ਦੇਖੀਏ ਕਿ ਸਾਨੂੰ ਕੀ ਨਹੀਂ ਕਰਨਾ ਚਾਹੀਦਾ। ਇਨਸਾਨੀ ਸੁਭਾਅ ਕਰਕੇ ਅਸੀਂ ਆਪਣਾ ਪਾਪ ਮਾਪਿਆਂ, ਭੈਣਾਂ-ਭਰਾਵਾਂ ਜਾਂ ਬਜ਼ੁਰਗਾਂ ਤੋਂ ਲੁਕਾਉਣਾ ਚਾਹੁੰਦੇ ਹਾਂ। ਪਰ ਬਾਈਬਲ ਸਾਨੂੰ ਦੱਸਦੀ ਹੈ: “ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ ਉਹ ਸਫ਼ਲ ਨਹੀਂ ਹੁੰਦਾ, ਪਰ ਜੋ ਓਹਨਾਂ ਨੂੰ ਮੰਨ ਕੇ ਛੱਡ ਦਿੰਦਾ ਹੈ ਉਹ ਦੇ ਉੱਤੇ ਰਹਮ ਕੀਤਾ ਜਾਵੇਗਾ।” (ਕਹਾ. 28:13) ਜੋ ਆਪਣਾ ਪਾਪ ਲੁਕਾਉਂਦਾ ਹੈ, ਉਹ ਬਹੁਤ ਵੱਡੀ ਗ਼ਲਤੀ ਕਰਦਾ ਹੈ ਕਿਉਂਕਿ ਯਹੋਵਾਹ ਦੀਆਂ ਨਜ਼ਰਾਂ ਤੋਂ ਕੁਝ ਵੀ ਲੁਕਿਆ ਨਹੀਂ ਰਹਿੰਦਾ। (ਇਬਰਾਨੀਆਂ 4:13 ਪੜ੍ਹੋ।) ਕੁਝ ਲੋਕ ਦੁਹਰਾ ਜੀਵਨ ਜੀਉਂਦੇ ਹਨ। ਇਕ ਪਾਸੇ ਉਹ ਯਹੋਵਾਹ ਦੀ ਸੇਵਾ ਕਰਨ ਦਾ ਦਿਖਾਵਾ ਕਰਦੇ ਹਨ ਤੇ ਦੂਜੇ ਪਾਸੇ ਪਾਪ ਕਰਦੇ ਹਨ। ਪਰ ਇਸ ਤਰ੍ਹਾਂ ਦਾ ਜੀਵਨ ਖਰਿਆਈ ਰੱਖਣ ਦੇ ਬਿਲਕੁਲ ਉਲਟ ਹੈ। ਯਹੋਵਾਹ ਉਨ੍ਹਾਂ ਦੀ ਭਗਤੀ ਤੋਂ ਖ਼ੁਸ਼ ਨਹੀਂ ਹੁੰਦਾ ਜਿਹੜੇ ਆਪਣਾ ਪਾਪ ਲੁਕਾਉਂਦੇ ਹਨ। ਉਨ੍ਹਾਂ ਦੇ ਇਸ ਪਖੰਡ ਤੋਂ ਉਸ ਨੂੰ ਬੜਾ ਗੁੱਸਾ ਆਉਂਦਾ ਹੈ।—ਕਹਾ. 21:27; ਯਸਾ. 1:11-16.
17 ਜਦੋਂ ਇਕ ਮਸੀਹੀ ਵੱਡੀ ਗ਼ਲਤੀ ਕਰ ਬੈਠਦਾ ਹੈ, ਤਾਂ ਬਾਈਬਲ ਵਿਚ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ। ਉਸ ਨੂੰ ਬਜ਼ੁਰਗਾਂ ਨਾਲ ਗੱਲ ਕਰਨੀ ਚਾਹੀਦੀ ਹੈ। ਇਹ ਪ੍ਰਬੰਧ ਯਹੋਵਾਹ ਨੇ ਪਾਪ ਕਰਨ ਵਾਲੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਕੀਤਾ ਹੈ। (ਯਾਕੂਬ 5:14 ਪੜ੍ਹੋ।) ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮੁੜ ਜੋੜਨ ਲਈ ਤਾੜਨਾ ਲੈਣ ਤੋਂ ਨਾ ਡਰੋ। ਜ਼ਰਾ ਸੋਚੋ, ਕੀ ਕੋਈ ਅਕਲਮੰਦ ਬੰਦਾ ਕਿਸੇ ਜਾਨ-ਲੇਵਾ ਬੀਮਾਰੀ ਦੇ ਇਲਾਜ ਵਾਸਤੇ ਟੀਕਾ ਲਗਵਾਉਣ ਜਾਂ ਓਪਰੇਸ਼ਨ ਕਰਾਉਣ ਤੋਂ ਡਰੇਗਾ ਜਿਸ ਦੇ ਕਾਰਨ ਉਸ ਨੂੰ ਥੋੜ੍ਹੇ ਚਿਰ ਲਈ ਦਰਦ ਕਿਉਂ ਨਾ ਸਹਿਣਾ ਪਵੇ?—ਇਬ. 12:11.
18, 19. (ੳ) ਦਾਊਦ ਦੀ ਉਦਾਹਰਣ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਅਸੀਂ ਦੁਬਾਰਾ ਖਰਿਆਈ ਰੱਖ ਸਕਦੇ ਹਾਂ? (ਅ) ਖਰਿਆਈ ਸੰਬੰਧੀ ਤੁਹਾਡਾ ਕੀ ਇਰਾਦਾ ਹੈ?
18 ਕੀ ਪਾਪ ਕਰਨ ਵਾਲੇ ਦਾ ਪਹਿਲਾਂ ਦੀ ਤਰ੍ਹਾਂ ਯਹੋਵਾਹ ਨਾਲ ਰਿਸ਼ਤਾ ਪੱਕਾ ਹੋ ਸਕਦਾ ਹੈ? ਜੇ ਕੋਈ ਖਰਿਆਈ ਛੱਡ ਦਿੰਦਾ ਹੈ, ਤਾਂ ਕੀ ਉਹ ਦੁਬਾਰਾ ਖਰਿਆਈ ਦੇ ਰਾਹ ਉੱਤੇ ਚੱਲ ਸਕਦਾ ਹੈ? ਇਕ ਵਾਰ ਫਿਰ ਦਾਊਦ ਦੀ ਮਿਸਾਲ ʼਤੇ ਗੌਰ ਕਰੋ। ਉਸ ਨੇ ਵੱਡਾ ਪਾਪ ਕੀਤਾ। ਉਸ ਨੇ ਮਾੜੀ ਨੀਅਤ ਨਾਲ ਦੂਸਰੇ ਦੀ ਤੀਵੀਂ ਨੂੰ ਦੇਖਿਆ, ਉਸ ਨਾਲ ਜ਼ਨਾਹ ਕੀਤਾ ਅਤੇ ਉਸ ਦੇ ਘਰ ਵਾਲੇ ਨੂੰ ਮਰਵਾਇਆ। ਉਸ ਦੇ ਇਨ੍ਹਾਂ ਗ਼ਲਤ ਕੰਮਾਂ ਬਾਰੇ ਸੋਚ ਕੇ ਕੀ ਅਸੀਂ ਕਹਿ ਸਕਦੇ ਹਾਂ ਕਿ ਉਸ ਵੇਲੇ ਦਾਊਦ ਖਰਾ ਬੰਦਾ ਸੀ? ਕੀ ਦਾਊਦ ਹੁਣ ਇਸ ਬਾਰੇ ਕੁਝ ਨਹੀਂ ਸੀ ਕਰ ਸਕਦਾ? ਦਾਊਦ ਨੂੰ ਸਖ਼ਤ ਤਾੜਨਾ ਦੀ ਲੋੜ ਸੀ ਜੋ ਉਸ ਨੂੰ ਮਿਲੀ। ਫਿਰ ਦਾਊਦ ਨੇ ਦਿਲੋਂ ਤੋਬਾ ਕੀਤੀ ਜਿਸ ਕਰਕੇ ਯਹੋਵਾਹ ਨੇ ਉਸ ʼਤੇ ਰਹਿਮ ਕੀਤਾ। ਉਸ ਨੇ ਤਾੜਨਾ ਕਬੂਲ ਕੀਤੀ ਅਤੇ ਯਹੋਵਾਹ ਦਾ ਕਹਿਣਾ ਮੰਨ ਕੇ ਖਰਿਆਈ ਦੇ ਰਾਹ ʼਤੇ ਚੱਲਦਾ ਰਿਹਾ। ਦਾਊਦ ਦੀ ਜ਼ਿੰਦਗੀ ਨੂੰ ਕਹਾਉਤਾਂ 24:16 ਵਿਚ ਦਰਜ ਸ਼ਬਦਾਂ ਨਾਲ ਦਰਸਾਇਆ ਜਾ ਸਕਦਾ ਹੈ: “ਧਰਮੀ ਸੱਤ ਵਾਰੀ ਡਿੱਗ ਕੇ ਉੱਠ ਖਲੋਂਦਾ ਹੈ।” ਨਤੀਜਾ ਕੀ ਨਿਕਲਿਆ? ਧਿਆਨ ਦਿਓ ਕਿ ਦਾਊਦ ਦੇ ਮਰਨ ਤੋਂ ਬਾਅਦ ਯਹੋਵਾਹ ਨੇ ਦਾਊਦ ਬਾਰੇ ਸੁਲੇਮਾਨ ਨੂੰ ਕੀ ਕਿਹਾ। (1 ਰਾਜਿਆਂ 9:4 ਪੜ੍ਹੋ।) ਯਹੋਵਾਹ ਨੇ ਦਾਊਦ ਨੂੰ ਇਕ ਖਰੇ ਬੰਦੇ ਵਜੋਂ ਯਾਦ ਰੱਖਿਆ। ਵਾਕਈ, ਯਹੋਵਾਹ ਤੋਬਾ ਕਰਨ ਵਾਲੇ ਇਨਸਾਨਾਂ ਦੇ ਗੰਭੀਰ ਪਾਪਾਂ ਨੂੰ ਵੀ ਮਿਟਾ ਸਕਦਾ ਹੈ।—ਯਸਾ. 1:18.
19 ਜੀ ਹਾਂ, ਜੇ ਤੁਸੀਂ ਪਰਮੇਸ਼ੁਰ ਦਾ ਕਹਿਣਾ ਮੰਨਦੇ ਰਹੋਗੇ, ਤਾਂ ਤੁਸੀਂ ਆਪਣੀ ਖਰਿਆਈ ਨੂੰ ਬਰਕਰਾਰ ਰੱਖੋਗੇ। ਵਫ਼ਾਦਾਰ ਰਹੋ। ਜੇ ਤੁਹਾਡੇ ਤੋਂ ਗੰਭੀਰ ਪਾਪ ਹੋ ਜਾਂਦਾ ਹੈ, ਤਾਂ ਦਿਲੋਂ ਤੋਬਾ ਕਰੋ। ਖਰਿਆਈ ਸੱਚ-ਮੁੱਚ ਅਨਮੋਲ ਗੁਣ ਹੈ! ਆਓ ਆਪਾਂ ਸਾਰੇ ਦਾਊਦ ਵਾਂਗ ਪੱਕਾ ਇਰਾਦਾ ਕਰੀਏ: “ਮੈਂ ਖਰਾ ਹੀ ਚੱਲਾਂਗਾ।”—ਜ਼ਬੂ. 26:11.
[ਫੁਟਨੋਟ]
ਤੁਸੀਂ ਕਿਵੇਂ ਜਵਾਬ ਦਿਓਗੇ?
• ਤੁਸੀਂ ਖਰੇ ਰਾਹ ʼਤੇ ਕਿਵੇਂ ਚੱਲਦੇ ਰਹਿ ਸਕਦੇ ਹੋ?
• ਤੁਸੀਂ ਕਿਨ੍ਹਾਂ ਤਰੀਕਿਆਂ ਨਾਲ ਖਰਿਆਈ ਕਾਇਮ ਰੱਖ ਸਕਦੇ ਹੋ?
• ਜੇ ਤੁਸੀਂ ਖਰਿਆਈ ਰੱਖਣੀ ਛੱਡ ਦਿੱਤੀ ਹੈ, ਤਾਂ ਤੁਸੀਂ ਦੁਬਾਰਾ ਖਰਿਆਈ ਕਿਵੇਂ ਰੱਖ ਸਕਦੇ ਹੋ?
[ਸਫ਼ਾ 8 ਉੱਤੇ ਡੱਬੀ]
‘ਕਿੰਨੀ ਵਧੀਆ ਗੱਲ’
ਪੰਜ ਮਹੀਨਿਆਂ ਦੀ ਗਰਭਵਤੀ ਔਰਤ ਨੇ ਇਹ ਸ਼ਬਦ ਇਕ ਅਜਨਬੀ ਬਾਰੇ ਕਹੇ ਜਿਸ ਨੇ ਈਮਾਨਦਾਰੀ ਨਾਲ ਉਸ ਦਾ ਬਟੂਆ ਮੋੜ ਦਿੱਤਾ। ਉਹ ਔਰਤ ਕੌਫੀ ਸ਼ਾਪ ਵਿਚ ਸੀ ਅਤੇ ਕੁਝ ਘੰਟਿਆਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਉਹ ਆਪਣਾ ਬਟੂਆ ਸ਼ਾਪ ਵਿਚ ਛੱਡ ਗਈ। ਬਟੂਏ ਵਿਚ 2,000 ਡਾਲਰ ਸਨ। ਉਹ ਇੰਨੇ ਪੈਸੇ ਆਪਣੇ ਨਾਲ ਕਦੇ ਨਹੀਂ ਸੀ ਲੈ ਕੇ ਜਾਂਦੀ। ਉਸ ਨੇ ਅਖ਼ਬਾਰ ਵਿਚ ਕਿਹਾ: “ਹਾਏ, ਮੈਂ ਲੁੱਟੀ ਗਈ!” ਪਰ ਇਕ ਕੁੜੀ ਨੂੰ ਬਟੂਆ ਲੱਭ ਗਿਆ ਅਤੇ ਉਹ ਉਸ ਦੇ ਮਾਲਕ ਨੂੰ ਲੱਭਣ ਲੱਗੀ। ਉਸ ਨੂੰ ਮਾਲਕ ਲੱਭਿਆ ਨਹੀਂ, ਇਸ ਲਈ ਉਹ ਪੁਲਿਸ ਸਟੇਸ਼ਨ ਗਈ। ਪੁਲਿਸ ਨੇ ਉਸ ਗਰਭਵਤੀ ਔਰਤ ਦਾ ਪਤਾ ਲਗਾ ਲਿਆ। ਬਟੂਏ ਦੀ ਮਾਲਕਣ ਨੇ ਸ਼ੁਕਰੀਆ ਕਰਦਿਆਂ ਕਿਹਾ: ‘ਕਿੰਨੀ ਵਧੀਆ ਗੱਲ! ਮੈਨੂੰ ਮੇਰਾ ਬਟੂਆ ਵਾਪਸ ਮਿਲ ਗਿਆ।’ ਉਸ ਕੁੜੀ ਨੇ ਉਹ ਬਟੂਆ ਆਪਣੇ ਕੋਲ ਕਿਉਂ ਨਹੀਂ ਰੱਖਿਆ? ਅਖ਼ਬਾਰ ਵਿਚ ਲਿਖਿਆ ਸੀ ਕਿ ਯਹੋਵਾਹ ਦੀ ਗਵਾਹ ਹੋਣ ਦੇ ਨਾਤੇ ਉਸ ਨੇ ਇਹ ਬਟੂਆ ਵਾਪਸ ਕੀਤਾ ਕਿਉਂਕਿ ‘ਉਹ ਆਪਣੇ ਧਰਮ ਦੇ ਖਰੇ ਅਸੂਲਾਂ ʼਤੇ ਚੱਲਦੀ ਹੈ ਜਿਸ ਬਾਰੇ ਉਸ ਨੂੰ ਬਚਪਨ ਤੋਂ ਸਿਖਾਇਆ ਗਿਆ ਸੀ।’
[ਸਫ਼ਾ 9 ਉੱਤੇ ਤਸਵੀਰ]
ਅਜ਼ਮਾਇਸ਼ਾਂ ਆਉਣ ʼਤੇ ਵੀ ਨੌਜਵਾਨ ਖਰਿਆਈ ਬਣਾਈ ਰੱਖ ਸਕਦੇ ਹਨ
[ਸਫ਼ਾ 10 ਉੱਤੇ ਤਸਵੀਰ]
ਦਾਊਦ ਨੇ ਕੁਝ ਸਮੇਂ ਲਈ ਖਰਿਆਈ ਰੱਖਣੀ ਛੱਡ ਦਿੱਤੀ ਸੀ, ਪਰ ਫਿਰ ਉਹ ਖਰੇ ਰਾਹ ʼਤੇ ਚੱਲਦਾ ਰਿਹਾ