ਚੰਗੀ ਤਰ੍ਹਾਂ ਗਵਾਹੀ ਦੇਣ ਲਈ ਲੱਕ ਬੰਨ੍ਹੋ
“ਉਹ ਨੇ ਸਾਨੂੰ ਆਗਿਆ ਦਿੱਤੀ ਭਈ ਲੋਕਾਂ ਦੇ ਅੱਗੇ ਪਰਚਾਰ ਕਰੋ ਅਤੇ ਸਾਖੀ ਦਿਓ।”—ਰਸੂ. 10:42.
1. ਕੁਰਨੇਲਿਯੁਸ ਨਾਲ ਗੱਲ ਕਰਦੇ ਵਕਤ ਪਤਰਸ ਰਸੂਲ ਨੇ ਕਿਹੜੇ ਹੁਕਮ ਵੱਲ ਧਿਆਨ ਦਿਵਾਇਆ?
ਇਕ ਇਤਾਲਵੀ ਫ਼ੌਜੀ ਅਫ਼ਸਰ ਨੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਇਕੱਠਾ ਕੀਤਾ। ਉਸ ਧਰਮੀ ਬੰਦੇ ਦਾ ਨਾਂ ਕੁਰਨੇਲਿਯੁਸ ਸੀ। ਉਸ ਮੌਕੇ ਤੇ ਜੋ ਕੁਝ ਹੋਣ ਵਾਲਾ ਸੀ, ਉੱਦਾਂ ਪਹਿਲਾਂ ਕਦੇ ਨਹੀਂ ਸੀ ਹੋਇਆ। ਪਤਰਸ ਰਸੂਲ ਨੇ ਇਨ੍ਹਾਂ ਲੋਕਾਂ ਨੂੰ ਦੱਸਿਆ ਕਿ ਰਸੂਲਾਂ ਨੂੰ ‘ਆਗਿਆ ਦਿੱਤੀ ਗਈ ਹੈ ਭਈ ਲੋਕਾਂ ਦੇ ਅੱਗੇ ਯਿਸੂ ਬਾਰੇ ਪਰਚਾਰ ਕਰੋ ਅਤੇ ਸਾਖੀ ਦਿਓ।’ ਉਸ ਮੌਕੇ ਤੇ ਪਤਰਸ ਦੁਆਰਾ ਗਵਾਹੀ ਦੇਣ ਦੇ ਵਧੀਆ ਨਤੀਜੇ ਨਿਕਲੇ। ਉਨ੍ਹਾਂ ਗ਼ੈਰ-ਯਹੂਦੀ ਲੋਕਾਂ ਉੱਤੇ ਪਰਮੇਸ਼ੁਰ ਦੀ ਸ਼ਕਤੀ ਆਈ ਅਤੇ ਉਨ੍ਹਾਂ ਨੇ ਬਪਤਿਸਮਾ ਲਿਆ ਜਿਸ ਕਰਕੇ ਉਹ ਸਵਰਗ ਵਿਚ ਯਿਸੂ ਨਾਲ ਰਾਜੇ ਬਣ ਕੇ ਰਾਜ ਕਰ ਸਕਦੇ ਸਨ। ਇਹ ਸਾਰਾ ਕੁਝ ਪਤਰਸ ਦੁਆਰਾ ਚੰਗੀ ਤਰ੍ਹਾਂ ਗਵਾਹੀ ਦੇਣ ਦਾ ਨਤੀਜਾ ਸੀ।—ਰਸੂ. 10:22, 34-48.
2. ਸਾਨੂੰ ਕਿਵੇਂ ਪਤਾ ਹੈ ਕਿ ਪ੍ਰਚਾਰ ਕਰਨ ਦਾ ਹੁਕਮ ਸਿਰਫ਼ 12 ਰਸੂਲਾਂ ਨੂੰ ਹੀ ਨਹੀਂ ਦਿੱਤਾ ਗਿਆ ਸੀ?
2 ਇਹ ਘਟਨਾ 36 ਈਸਵੀ ਵਿਚ ਹੋਈ ਸੀ। ਇਸ ਤੋਂ ਦੋ ਸਾਲ ਪਹਿਲਾਂ ਇਕ ਸ਼ਖ਼ਸ ਦੀ ਜ਼ਿੰਦਗੀ ਦਾ ਰੁਖ਼ ਹੀ ਬਦਲ ਗਿਆ ਜੋ ਮਸੀਹੀਆਂ ਨੂੰ ਸਤਾਉਂਦਾ ਹੁੰਦਾ ਸੀ। ਤਰਸੁਸ ਦਾ ਸੌਲੁਸ ਦੰਮਿਸਕ ਨੂੰ ਜਾ ਰਿਹਾ ਸੀ ਜਦੋਂ ਯਿਸੂ ਨੇ ਉਸ ਨੂੰ ਦਰਸ਼ਣ ਦਿੱਤਾ ਅਤੇ ਕਿਹਾ: “ਉੱਠ ਅਤੇ ਸ਼ਹਿਰ ਵਿੱਚ ਜਾਹ ਅਰ ਜੋ ਕੁਝ ਤੈਨੂੰ ਕਰਨਾ ਚਾਹੀਦਾ ਹੈ ਸੋ ਤੈਨੂੰ ਦੱਸਿਆ ਜਾਵੇਗਾ।” ਯਿਸੂ ਨੇ ਆਪਣੇ ਚੇਲੇ ਹਨਾਨਿਯਾਹ ਨੂੰ ਯਕੀਨ ਦਿਵਾਇਆ ਕਿ ਸੌਲੁਸ “ਪਰਾਈਆਂ ਕੌਮਾਂ ਅਤੇ ਰਾਜਿਆਂ ਅਤੇ ਇਸਰਾਏਲ ਦੀ ਅੰਸ ਅੱਗੇ” ਗਵਾਹੀ ਦੇਵੇਗਾ। (ਰਸੂਲਾਂ ਦੇ ਕਰਤੱਬ 9:3-6, 13-20 ਪੜ੍ਹੋ।) ਹਨਾਨਿਯਾਹ ਨੇ ਸੌਲੁਸ ਨੂੰ ਕਿਹਾ: ‘ਸਾਡੇ ਵੱਡਿਆਂ ਦੇ ਪਰਮੇਸ਼ੁਰ ਨੇ ਤੈਨੂੰ ਠਹਿਰਾਇਆ ਹੈ ਕਿਉਂ ਜੋ ਉਸੇ ਦੇ ਲਈ ਤੂੰ ਸਭ ਮਨੁੱਖਾਂ ਦੇ ਅੱਗੇ ਗਵਾਹ ਹੋਵੇਂਗਾ।’ (ਰਸੂ. 22:12-16) ਸੌਲੁਸ, ਜੋ ਬਾਅਦ ਵਿਚ ਪੌਲੁਸ ਵਜੋਂ ਜਾਣਿਆ ਜਾਣ ਲੱਗਾ, ਨੇ ਗਵਾਹੀ ਦੇਣ ਦੀ ਆਪਣੀ ਜ਼ਿੰਮੇਵਾਰੀ ਨੂੰ ਕਿੰਨੀ ਕੁ ਗੰਭੀਰਤਾ ਨਾਲ ਲਿਆ?
ਉਸ ਨੇ ਚੰਗੀ ਤਰ੍ਹਾਂ ਗਵਾਹੀ ਦਿੱਤੀ!
3. (ੳ) ਅਸੀਂ ਕਿਸ ਬਿਰਤਾਂਤ ਉੱਤੇ ਧਿਆਨ ਦੇਵਾਂਗੇ? (ਅ) ਪੌਲੁਸ ਦਾ ਸੁਨੇਹਾ ਮਿਲਣ ʼਤੇ ਅਫ਼ਸੁਸ ਦੇ ਬਜ਼ੁਰਗਾਂ ਨੇ ਕੀ ਕੀਤਾ ਅਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ?
3 ਪੌਲੁਸ ਨੇ ਬਾਅਦ ਵਿਚ ਜੋ ਕੁਝ ਕੀਤਾ ਸੀ, ਉਸ ਬਾਰੇ ਜਾਣਨਾ ਕਾਫ਼ੀ ਦਿਲਚਸਪ ਹੈ। ਪਰ ਹੁਣ ਆਓ ਆਪਾਂ ਪੌਲੁਸ ਦੇ ਭਾਸ਼ਣ ਵੱਲ ਧਿਆਨ ਦੇਈਏ ਜੋ ਉਸ ਨੇ 56 ਈਸਵੀ ਵਿਚ ਦਿੱਤਾ ਸੀ। ਇਹ ਭਾਸ਼ਣ ਰਸੂਲਾਂ ਦੇ ਕਰਤੱਬ ਦੇ 20ਵੇਂ ਅਧਿਆਇ ਵਿਚ ਦਰਜ ਹੈ। ਪੌਲੁਸ ਨੇ ਇਹ ਭਾਸ਼ਣ ਆਪਣੇ ਤੀਜੇ ਦੌਰੇ ਦੇ ਅਖ਼ੀਰ ਵਿਚ ਦਿੱਤਾ ਸੀ। ਜਦੋਂ ਉਹ ਏਜੀਅਨ ਸਾਗਰ ਦੀ ਬੰਦਰਗਾਹ ਮਿਲੇਤੁਸ ʼਤੇ ਉਤਰਿਆ ਸੀ, ਤਾਂ ਉਸ ਨੇ ਅਫ਼ਸੁਸ ਦੀ ਕਲੀਸਿਯਾ ਦੇ ਬਜ਼ੁਰਗਾਂ ਨੂੰ ਉੱਥੇ ਬੁਲਾਇਆ। ਅਫ਼ਸੁਸ ਮਿਲੇਤੁਸ ਤੋਂ ਲਗਭਗ 50 ਕਿਲੋਮੀਟਰ ਦੂਰ ਸੀ, ਪਰ ਜੇ ਉਹ ਵਲ਼ ਖਾਂਦੀਆਂ ਸੜਕਾਂ ਰਾਹੀਂ ਜਾਂਦੇ, ਤਾਂ ਸਫ਼ਰ ਕੁਝ ਜ਼ਿਆਦਾ ਹੀ ਲੰਬਾ ਹੋ ਸਕਦਾ ਸੀ। ਅਫ਼ਸੁਸ ਦੇ ਬਜ਼ੁਰਗਾਂ ਨੂੰ ਜਦੋਂ ਪੌਲੁਸ ਦਾ ਸੁਨੇਹਾ ਮਿਲਿਆ, ਤਾਂ ਉਹ ਕਿੰਨੇ ਖ਼ੁਸ਼ ਹੋਏ ਹੋਣਗੇ! (ਹੋਰ ਜਾਣਕਾਰੀ ਲਈ ਕਹਾਉਤਾਂ 10:28 ਦੇਖੋ।) ਉਨ੍ਹਾਂ ਨੇ ਮਿਲੇਤੁਸ ਜਾਣ ਦੀਆਂ ਤਿਆਰੀਆਂ ਕੀਤੀਆਂ। ਸ਼ਾਇਦ ਉਨ੍ਹਾਂ ਵਿੱਚੋਂ ਕੁਝ ਭਰਾਵਾਂ ਨੂੰ ਆਪਣੇ ਕੰਮਾਂ ਤੋਂ ਛੁੱਟੀ ਲੈਣ ਜਾਂ ਦੁਕਾਨਾਂ ਬੰਦ ਕਰਨ ਦੀ ਲੋੜ ਸੀ। ਅੱਜ ਵੀ ਕਈ ਭੈਣ-ਭਰਾ ਇੱਦਾਂ ਕਰਦੇ ਹਨ ਤਾਂਕਿ ਉਹ ਜ਼ਿਲ੍ਹਾ ਸੰਮੇਲਨ ਦੇ ਹਰ ਸੈਸ਼ਨ ਵਿਚ ਹਾਜ਼ਰ ਹੋ ਸਕਣ।
4. ਅਫ਼ਸੁਸ ਵਿਚ ਕੁਝ ਸਾਲਾਂ ਤਾਈਂ ਰਹਿੰਦਿਆਂ ਪੌਲੁਸ ਨੇ ਕੀ ਕੀਤਾ?
4 ਤੁਹਾਡੇ ਖ਼ਿਆਲ ਵਿਚ ਪੌਲੁਸ ਨੇ ਮਿਲੇਤੁਸ ਵਿਚ ਉਨ੍ਹਾਂ ਤਿੰਨ-ਚਾਰ ਦਿਨਾਂ ਦੌਰਾਨ ਕੀ ਕੀਤਾ ਹੋਵੇਗਾ ਜਦੋਂ ਤਕ ਬਜ਼ੁਰਗ ਉਸ ਨੂੰ ਮਿਲਣ ਨਹੀਂ ਆਏ? ਤੁਸੀਂ ਕੀ ਕਰਦੇ? (ਹੋਰ ਜਾਣਕਾਰੀ ਲਈ ਰਸੂਲਾਂ ਦੇ ਕਰਤੱਬ 17:16, 17 ਦੇਖੋ।) ਅਫ਼ਸੁਸ ਦੇ ਬਜ਼ੁਰਗਾਂ ਨੂੰ ਕਹੇ ਪੌਲੁਸ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਪੌਲੁਸ ਨੇ ਕੀ ਕੀਤਾ ਸੀ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਦਸਤੂਰ ਅਨੁਸਾਰ ਉਹ ਸਾਲਾਂ ਤੋਂ ਕੀ ਕਰਦਾ ਆਇਆ ਸੀ ਅਤੇ ਪਹਿਲਾਂ ਵੀ ਜਦੋਂ ਉਹ ਅਫ਼ਸੁਸ ਵਿਚ ਆਇਆ ਸੀ, ਤਾਂ ਉਸ ਨੇ ਕੀ ਕੀਤਾ ਸੀ। (ਰਸੂਲਾਂ ਦੇ ਕਰਤੱਬ 20:18-21 ਪੜ੍ਹੋ।) ਇਸ ਬਾਰੇ ਉਸ ਨੇ ਕਿਹਾ: ‘ਤੁਸੀਂ ਜਾਣਦੇ ਹੋ ਜੋ ਮੈਂ ਪਹਿਲੇ ਦਿਨ ਤੋਂ ਜਾਂ ਅਸਿਯਾ ਵਿੱਚ ਆਇਆ ਤਾਂ ਨਿੱਤ ਮੈਂ ਸਾਖੀ ਦਿੱਤੀ।’ ਜੀ ਹਾਂ, ਉਸ ਨੇ ਯਿਸੂ ਦਾ ਹੁਕਮ ਪੂਰਾ ਕਰਨ ਦਾ ਲੱਕ ਬੱਧਾ ਹੋਇਆ ਸੀ। ਪਰ ਉਸ ਨੇ ਇਹ ਕੰਮ ਅਫ਼ਸੁਸ ਵਿਚ ਕਿਵੇਂ ਕੀਤਾ? ਉਹ ਉਨ੍ਹਾਂ ਥਾਵਾਂ ʼਤੇ ਜਾਂਦਾ ਹੁੰਦਾ ਸੀ ਜਿੱਥੇ ਜ਼ਿਆਦਾ ਯਹੂਦੀ ਲੋਕ ਸਨ। ਲੂਕਾ ਦੱਸਦਾ ਹੈ ਕਿ ਜਦੋਂ ਪੌਲੁਸ 52-55 ਈਸਵੀ ਵਿਚ ਅਫ਼ਸੁਸ ਵਿਚ ਸੀ, ਤਾਂ ਉਹ ਯਹੂਦੀ ਸਭਾ-ਘਰ ਵਿਚ ‘ਬਚਨ ਨੂੰ ਸੁਣਾਉਂਦਾ ਅਤੇ ਸਮਝਾਉਂਦਾ’ ਹੁੰਦਾ ਸੀ। ਜਦੋਂ ਯਹੂਦੀਆਂ ਨੇ “ਕਠੋਰ ਹੋ ਕੇ ਨਾ ਮੰਨਿਆਂ,” ਤਾਂ ਪੌਲੁਸ ਸ਼ਹਿਰ ਦੀ ਹੋਰ ਜਗ੍ਹਾ ਤੇ ਜਾ ਕੇ ਹੋਰਨਾਂ ਲੋਕਾਂ ਨੂੰ ਪ੍ਰਚਾਰ ਕਰਨ ਲੱਗਾ। ਇਸ ਤਰ੍ਹਾਂ ਉਸ ਨੇ ਉਸ ਵੱਡੇ ਸ਼ਹਿਰ ਵਿਚ ਯਹੂਦੀਆਂ ਅਤੇ ਯੂਨਾਨੀਆਂ ਨੂੰ ਪ੍ਰਚਾਰ ਕੀਤਾ।—ਰਸੂ. 19:1, 8, 9.
5, 6. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਪੌਲੁਸ ਨੇ ਘਰ-ਘਰ ਜਾ ਕੇ ਉਨ੍ਹਾਂ ਲੋਕਾਂ ਨਾਲ ਗੱਲ ਕੀਤੀ ਸੀ ਜੋ ਅਜੇ ਮਸੀਹੀ ਨਹੀਂ ਬਣੇ ਸਨ?
5 ਮਿਲੇਤੁਸ ਵਿਚ ਪੌਲੁਸ ਨੇ ਜਿਨ੍ਹਾਂ ਲੋਕਾਂ ਨੂੰ ਪ੍ਰਚਾਰ ਕੀਤਾ ਸੀ, ਉਨ੍ਹਾਂ ਵਿੱਚੋਂ ਕੁਝ ਮਸੀਹੀ ਬਣ ਗਏ ਅਤੇ ਸਮੇਂ ਦੇ ਬੀਤਣ ਨਾਲ ਬਜ਼ੁਰਗ ਬਣ ਗਏ। ਪੌਲੁਸ ਨੇ ਉਨ੍ਹਾਂ ਨੂੰ ਯਾਦ ਕਰਾਇਆ ਕਿ ਉਸ ਨੇ ਉਨ੍ਹਾਂ ਨੂੰ ਪ੍ਰਚਾਰ ਕਰਨ ਦਾ ਕਿਹੜਾ ਤਰੀਕਾ ਵਰਤਿਆ ਸੀ: “ਮੈਂ ਤੁਹਾਡੇ ਭਲੇ ਦੀ ਕੋਈ ਗੱਲ ਦੱਸਣ ਵਿੱਚ ਕੁਝ ਫਰਕ ਨਹੀਂ ਕੀਤਾ ਸਗੋਂ ਤੁਹਾਨੂੰ ਖੁਲ੍ਹ ਕੇ ਅਤੇ ਘਰ ਘਰ ਉਪਦੇਸ਼ ਦਿੱਤਾ।” ਅੱਜ ਕੁਝ ਲੋਕ ਕਹਿੰਦੇ ਹਨ ਕਿ ਇਸ ਆਇਤ ਮੁਤਾਬਕ ਪੌਲੁਸ ਭੈਣਾਂ-ਭਰਾਵਾਂ ਦੇ ਘਰ ਜਾ ਕੇ ਉਨ੍ਹਾਂ ਦਾ ਹੌਸਲਾ ਵਧਾਉਂਦਾ ਸੀ। ਪਰ ਇਹ ਸਹੀ ਨਹੀਂ ਹੈ ਕਿਉਂਕਿ ‘ਖੁਲ੍ਹ ਕੇ ਅਤੇ ਘਰ ਘਰ ਉਪਦੇਸ਼ ਦੇਣ’ ਦੀ ਗੱਲ ਉਨ੍ਹਾਂ ਲੋਕਾਂ ਉੱਤੇ ਲਾਗੂ ਹੁੰਦੀ ਹੈ ਜੋ ਅਜੇ ਸੱਚਾਈ ਵਿਚ ਨਹੀਂ ਸੀ ਆਏ। ਇਹ ਗੱਲ ਪੌਲੁਸ ਦੇ ਅਗਲੇ ਸ਼ਬਦਾਂ ਤੋਂ ਸਪੱਸ਼ਟ ਹੁੰਦੀ ਹੈ ਕਿਉਂਕਿ ਉਹ ‘ਯਹੂਦੀਆਂ ਅਤੇ ਯੂਨਾਨੀਆਂ ਦੇ ਸਾਹਮਣੇ ਸਾਖੀ ਦੇ ਰਿਹਾ ਸੀ ਕਿ ਉਹ ਪਰਮੇਸ਼ੁਰ ਦੇ ਅੱਗੇ ਤੋਬਾ ਕਰਨ ਅਰ ਸਾਡੇ ਪ੍ਰਭੁ ਯਿਸੂ ਮਸੀਹ ਉੱਤੇ ਨਿਹਚਾ ਕਰਨ।’ ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਪੌਲੁਸ ਉਨ੍ਹਾਂ ਲੋਕਾਂ ਨੂੰ ਤੋਬਾ ਕਰਨ ਅਤੇ ਯਿਸੂ ਵਿਚ ਨਿਹਚਾ ਕਰਨ ਲਈ ਕਹਿ ਰਿਹਾ ਸੀ ਜੋ ਅਜੇ ਮਸੀਹੀ ਨਹੀਂ ਸੀ ਬਣੇ।—ਰਸੂ. 20:20, 21.
6 ਮਸੀਹੀ ਯੂਨਾਨੀ ਸ਼ਾਸਤਰ ਦਾ ਡੂੰਘਾ ਅਧਿਐਨ ਕਰਨ ਵਾਲੇ ਇਕ ਵਿਦਵਾਨ ਨੇ ਰਸੂਲਾਂ ਦੇ ਕਰਤੱਬ 20:20 ਬਾਰੇ ਕਿਹਾ: “ਪੌਲੁਸ ਤਿੰਨ ਸਾਲ ਅਫ਼ਸੁਸ ਵਿਚ ਰਿਹਾ। ਉਹ ਹਰ ਘਰ ਵਿਚ ਗਿਆ ਜਾਂ ਫਿਰ ਘੱਟੋ-ਘੱਟ ਉਸ ਨੇ ਸਾਰੇ ਲੋਕਾਂ ਨੂੰ ਪ੍ਰਚਾਰ ਕੀਤਾ। (ਆਇਤ 26) ਬਾਈਬਲ ਤੋਂ ਸਾਨੂੰ ਘਰ-ਘਰ ਅਤੇ ਸਮਾਜ ਵਿਚ ਪ੍ਰਚਾਰ ਕਰਨ ਦਾ ਸਬੂਤ ਮਿਲਦਾ ਹੈ।” ਭਾਵੇਂ ਪੌਲੁਸ ਇਸ ਵਿਦਵਾਨ ਦੇ ਮੁਤਾਬਕ ਹਰ ਘਰ ਗਿਆ ਜਾਂ ਨਹੀਂ, ਪਰ ਪੌਲੁਸ ਅਫ਼ਸੁਸ ਦੇ ਬਜ਼ੁਰਗਾਂ ਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਉਹ ਉਸ ਦੇ ਗਵਾਹੀ ਦੇਣ ਦੇ ਤਰੀਕੇ ਅਤੇ ਇਸ ਦੇ ਨਤੀਜਿਆਂ ਬਾਰੇ ਨਾ ਭੁੱਲਣ। ਲੂਕਾ ਨੇ ਕਿਹਾ: “ਅਸਿਯਾ ਦੇ ਵਾਸੀ ਕੀ ਯਹੂਦੀ ਕੀ ਯੂਨਾਨੀ ਸਭਨਾਂ ਨੇ ਪ੍ਰਭੁ ਦਾ ਬਚਨ ਸੁਣਿਆ।” (ਰਸੂ. 19:10) ਪਰ ਅਸਿਯਾ ਦੇ “ਸਭਨਾਂ” ਲੋਕਾਂ ਨੇ ਕਿਵੇਂ ਬਚਨ ਸੁਣਿਆ ਅਤੇ ਸਾਨੂੰ ਗਵਾਹੀ ਦੇਣ ਬਾਰੇ ਕੀ ਪਤਾ ਲੱਗਦਾ ਹੈ?
7. ਪੌਲੁਸ ਨੇ ਜਿਨ੍ਹਾਂ ਲੋਕਾਂ ਨੂੰ ਪ੍ਰਚਾਰ ਨਹੀਂ ਕੀਤਾ, ਉਨ੍ਹਾਂ ਤਕ ਖ਼ੁਸ਼ ਖ਼ਬਰੀ ਕਿਵੇਂ ਪਹੁੰਚੀ?
7 ਪੌਲੁਸ ਨੇ ਪਬਲਿਕ ਥਾਵਾਂ ਤੇ ਅਤੇ ਘਰ-ਘਰ ਪ੍ਰਚਾਰ ਕੀਤਾ ਅਤੇ ਬਹੁਤ ਸਾਰੇ ਲੋਕਾਂ ਨੇ ਉਸ ਦੀ ਗੱਲ ਸੁਣੀ। ਤੁਹਾਡੇ ਖ਼ਿਆਲ ਵਿਚ ਜਿਹੜੇ ਲੋਕਾਂ ਨੇ ਅਫ਼ਸੁਸ ਵਿਚ ਖ਼ੁਸ਼ ਖ਼ਬਰੀ ਸੁਣੀ, ਕੀ ਉਹ ਉੱਥੇ ਹੀ ਰਹੇ? ਕੀ ਉਹ ਵਪਾਰ ਕਰਨ, ਰਿਸ਼ਤੇਦਾਰਾਂ ਨੂੰ ਮਿਲਣ ਜਾਂ ਸ਼ਹਿਰ ਤੋਂ ਬਾਹਰ ਕਿਤੇ ਹੋਰ ਨਹੀਂ ਗਏ ਹੋਣਗੇ? ਅੱਜ ਕਈ ਲੋਕ ਇਨ੍ਹਾਂ ਕਾਰਨਾਂ ਕਰ ਕੇ ਇਕ ਥਾਂ ਤੋਂ ਦੂਜੀ ਥਾਂ ਜਾਂਦੇ ਹਨ। ਸ਼ਾਇਦ ਤੁਸੀਂ ਵੀ ਇੱਦਾਂ ਕੀਤਾ ਹੋਵੇ। ਉਦੋਂ ਵੀ ਲੋਕ ਹੋਰਨਾਂ ਥਾਵਾਂ ਤੋਂ ਵਪਾਰ ਕਰਨ ਜਾਂ ਘੁੰਮਣ-ਫਿਰਨ ਅਫ਼ਸੁਸ ਆਉਂਦੇ ਸਨ। ਉੱਥੇ ਹੁੰਦਿਆਂ ਉਹ ਜਾਂ ਤਾਂ ਪੌਲੁਸ ਨੂੰ ਮਿਲੇ ਹੋਣਗੇ ਜਾਂ ਉਸ ਨੂੰ ਗਵਾਹੀ ਦਿੰਦਿਆਂ ਸੁਣਿਆ ਹੋਵੇਗਾ। ਇਨ੍ਹਾਂ ਲੋਕਾਂ ਨੇ ਘਰ ਵਾਪਸ ਜਾ ਕੇ ਕੀ ਕੀਤਾ ਹੋਵੇਗਾ? ਜੋ ਮਸੀਹੀ ਬਣੇ, ਉਨ੍ਹਾਂ ਨੇ ਅੱਗੋਂ ਗਵਾਹੀ ਦਿੱਤੀ ਹੋਵੇਗੀ। ਜਿਹੜੇ ਨਹੀਂ ਬਣੇ, ਉਨ੍ਹਾਂ ਨੇ ਵੀ ਅਫ਼ਸੁਸ ਵਿਚ ਸੁਣੀਆਂ ਗੱਲਾਂ ਸ਼ਾਇਦ ਹੋਰਨਾਂ ਲੋਕਾਂ ਨੂੰ ਦੱਸੀਆਂ ਹੋਣਗੀਆਂ। ਇਸ ਤਰ੍ਹਾਂ ਰਿਸ਼ਤੇਦਾਰਾਂ, ਗੁਆਂਢੀਆਂ ਅਤੇ ਗਾਹਕਾਂ ਨੇ ਸ਼ਾਇਦ ਸੱਚਾਈ ਸੁਣੀ ਹੋਵੇਗੀ ਤੇ ਕੁਝ ਜਣਿਆਂ ਨੇ ਕਬੂਲ ਵੀ ਕੀਤੀ ਹੋਵੇਗੀ। (ਹੋਰ ਜਾਣਕਾਰੀ ਲਈ ਮਰਕੁਸ 5:14 ਦੇਖੋ।) ਇਸ ਤੋਂ ਸਾਡੇ ਵੱਲੋਂ ਚੰਗੀ ਤਰ੍ਹਾਂ ਪ੍ਰਚਾਰ ਕਰਨ ਦੇ ਅਸਰ ਬਾਰੇ ਕੀ ਪਤਾ ਲੱਗਦਾ ਹੈ?
8. ਅਸਿਯਾ ਦੇ ਸਾਰੇ ਇਲਾਕੇ ਦੇ ਲੋਕਾਂ ਨੇ ਖ਼ੁਸ਼ ਖ਼ਬਰੀ ਕਿਵੇਂ ਸੁਣੀ ਹੋਵੇਗੀ?
8 ਪੌਲੁਸ ਜਦ ਅਫ਼ਸੁਸ ਵਿਚ ਪਹਿਲਾਂ ਵੀ ਆਇਆ ਸੀ, ਉਸ ਸੰਬੰਧੀ ਉਸ ਨੇ ਲਿਖਿਆ ਕਿ ਪਰਮੇਸ਼ੁਰ ਦੀ ਸੇਵਾ ਲਈ ਇਕ ਵੱਡਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ। (1 ਕੁਰਿੰ. 16:8, 9) ਉਹ ਕਿਹੜਾ ਦਰਵਾਜ਼ਾ ਸੀ ਅਤੇ ਉਹ ਦੇ ਲਈ ਕਿਵੇਂ ਖੁੱਲ੍ਹਿਆ ਸੀ? ਪੌਲੁਸ ਅਫ਼ਸੁਸ ਵਿਚ ਪ੍ਰਚਾਰ ਕਰਨ ਲੱਗਾ ਰਿਹਾ ਜਿਸ ਕਰਕੇ ਖ਼ੁਸ਼ ਖ਼ਬਰੀ ਸਾਰੇ ਪਾਸੇ ਫੈਲ ਗਈ। ਅਫ਼ਸੁਸ ਦੇ ਨੇੜੇ ਦੇ ਇਲਾਕੇ ਦੇ ਤਿੰਨ ਸ਼ਹਿਰਾਂ ਕੁਲੁੱਸੈ, ਲਾਉਦਿਕੀਆ ਅਤੇ ਹੀਏਰਪੁਲਿਸ ʼਤੇ ਗੌਰ ਕਰੋ। ਪੌਲੁਸ ਇਨ੍ਹਾਂ ਸ਼ਹਿਰਾਂ ਵਿਚ ਕਦੇ ਨਹੀਂ ਸੀ ਗਿਆ, ਫਿਰ ਵੀ ਖ਼ੁਸ਼ ਖ਼ਬਰੀ ਉਨ੍ਹਾਂ ਸ਼ਹਿਰਾਂ ਤਕ ਪਹੁੰਚ ਗਈ। ਇਕ ਚੇਲਾ ਇਪਫ੍ਰਾਸ ਉਸੇ ਇਲਾਕੇ ਦਾ ਸੀ। (ਕੁਲੁ. 2:1; 4:12, 13) ਕੀ ਇਪਫ੍ਰਾਸ ਨੇ ਪੌਲੁਸ ਨੂੰ ਅਫ਼ਸੁਸ ਵਿਚ ਗਵਾਹੀ ਦਿੰਦਿਆਂ ਸੁਣਿਆ ਸੀ ਜਿਸ ਕਰਕੇ ਉਹ ਮਸੀਹੀ ਬਣਿਆ? ਬਾਈਬਲ ਇਸ ਬਾਰੇ ਇੰਨਾ ਕੁਝ ਨਹੀਂ ਦੱਸਦੀ। ਪਰ ਆਪਣੇ ਇਲਾਕੇ ਵਿਚ ਪ੍ਰਚਾਰ ਕਰਦਿਆਂ ਇਪਫ੍ਰਾਸ ਨੇ ਪੌਲੁਸ ਦੇ ਬਦਲੇ ਲੋਕਾਂ ਨੂੰ ਗਵਾਹੀ ਦਿੱਤੀ ਹੋਵੇਗੀ। (ਕੁਲੁ. 1:7) ਜਦੋਂ ਪੌਲੁਸ ਅਫ਼ਸੁਸ ਵਿਚ ਪ੍ਰਚਾਰ ਕਰ ਰਿਹਾ ਸੀ, ਤਾਂ ਉਨ੍ਹਾਂ ਸਾਲਾਂ ਦੌਰਾਨ ਫ਼ਿਲਾਡੈਲਫ਼ੀਆ, ਸਾਰਦੀਸ ਅਤੇ ਥੂਆਤੀਰਾ ਸ਼ਹਿਰਾਂ ਵਿਚ ਵੀ ਖ਼ੁਸ਼ ਖ਼ਬਰੀ ਪਹੁੰਚੀ ਹੋਵੇਗੀ।
9. (ੳ) ਪੌਲੁਸ ਦੀ ਕੀ ਤਮੰਨਾ ਸੀ? (ਅ) ਸਾਲ 2009 ਦਾ ਮੁੱਖ ਹਵਾਲਾ ਕੀ ਹੈ?
9 ਅਫ਼ਸੁਸ ਦੇ ਬਜ਼ੁਰਗਾਂ ਕੋਲ ਪੌਲੁਸ ਦੀ ਇਹ ਗੱਲ ਮੰਨਣ ਦਾ ਚੰਗਾ ਕਾਰਨ ਸੀ: “ਮੈਂ ਆਪਣੇ ਲਈ ਆਪਣੀ ਜਾਨ ਨੂੰ ਕਿਸੇ ਤਰ੍ਹਾਂ ਪਿਆਰੀ ਨਹੀਂ ਸਮਝਦਾ ਹਾਂ ਤਾਂ ਜੋ ਮੈਂ ਆਪਣੀ ਦੌੜ ਨੂੰ ਅਤੇ ਉਸ ਟਹਿਲ ਨੂੰ ਪੂਰੀ ਕਰਾਂ ਜਿਹੜੀ ਮੈਂ ਪਰਮੇਸ਼ੁਰ ਦੀ ਕਿਰਪਾ ਦੀ ਖੁਸ਼ ਖਬਰੀ ਉੱਤੇ ਸਾਖੀ ਹੋਣ ਲਈ ਪ੍ਰਭੁ ਯਿਸੂ ਤੋਂ ਪਾਈ ਸੀ।” ਇਸ ਆਇਤ ਤੋਂ ਸਾਨੂੰ ਬਹੁਤ ਹੌਸਲਾ ਮਿਲਦਾ ਹੈ, ਇਸ ਲਈ ਸਾਲ 2009 ਦਾ ਮੁੱਖ ਹਵਾਲਾ ਹੈ: “ਖ਼ੁਸ਼ ਖ਼ਬਰੀ ਉੱਤੇ ਸਾਖੀ ਦਿਓ।”—ਰਸੂ. 20:24.
ਅੱਜ ਚੰਗੀ ਤਰ੍ਹਾਂ ਗਵਾਹੀ ਦੇਣੀ
10. ਅਸੀਂ ਕਿਵੇਂ ਜਾਣਦੇ ਹਾਂ ਕਿ ਸਾਨੂੰ ਚੰਗੀ ਤਰ੍ਹਾਂ ਗਵਾਹੀ ਦੇਣੀ ਚਾਹੀਦੀ ਹੈ?
10 ‘ਲੋਕਾਂ ਅੱਗੇ ਪਰਚਾਰ ਕਰਨ ਅਤੇ ਸਾਖੀ ਦੇਣ’ ਦਾ ਕੰਮ ਸਿਰਫ਼ ਰਸੂਲਾਂ ਨੇ ਨਹੀਂ ਸੀ ਕਰਨਾ ਸਗੋਂ ਹੋਰਨਾਂ ਨੇ ਵੀ ਕਰਨਾ ਸੀ। ਯਿਸੂ ਨੇ ਜੀ ਉੱਠਣ ਤੋਂ ਬਾਅਦ ਗਲੀਲ ਵਿਚ ਇਕੱਠੇ ਹੋਏ ਲਗਭਗ 500 ਚੇਲਿਆਂ ਨੂੰ ਹੁਕਮ ਦਿੱਤਾ ਸੀ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” ਇਹ ਹੁਕਮ ਅੱਜ ਵੀ ਸਾਰੇ ਮਸੀਹੀਆਂ ʼਤੇ ਲਾਗੂ ਹੁੰਦਾ ਹੈ ਜਿਵੇਂ ਯਿਸੂ ਦੇ ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ: “ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।”—ਮੱਤੀ 28:19, 20.
11. ਯਹੋਵਾਹ ਦੇ ਗਵਾਹ ਕਿਹੜੇ ਅਹਿਮ ਕੰਮ ਲਈ ਪਛਾਣੇ ਜਾਂਦੇ ਹਨ?
11 ਜੋਸ਼ੀਲੇ ਮਸੀਹੀ ਇਸ ਹੁਕਮ ਤੇ ਚੱਲਦੇ ਹੋਏ ‘ਖ਼ੁਸ਼ ਖ਼ਬਰੀ ਉੱਤੇ ਸਾਖੀ ਦੇਣ’ ਦੀ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਕਰਨ ਦਾ ਇਕ ਖ਼ਾਸ ਤਰੀਕਾ ਹੈ ਘਰ-ਘਰ ਪ੍ਰਚਾਰ ਕਰਨਾ ਜਿਸ ਬਾਰੇ ਪੌਲੁਸ ਨੇ ਅਫ਼ਸੁਸ ਦੇ ਬਜ਼ੁਰਗਾਂ ਨੂੰ ਦੱਸਿਆ ਸੀ। 2007 ਵਿਚ ਮਿਸ਼ਨਰੀ ਕੰਮ ਬਾਰੇ ਲਿਖੀ ਕਿਤਾਬ ਵਿਚ ਡੇਵਿਡ ਜੀ. ਸਟੂਅੱਟ ਜੂਨੀਅਰ ਨੇ ਕਿਹਾ: ‘ਚਰਚਾਂ ਦੇ ਮੈਂਬਰ ਬਣਾਉਣ ਲਈ ਅਕਸਰ ਸਟੇਜ ਤੋਂ ਭਾਸ਼ਣ ਦਿੱਤੇ ਜਾਂਦੇ ਹਨ ਜਿਨ੍ਹਾਂ ਦਾ ਕੋਈ ਫ਼ਾਇਦਾ ਨਹੀਂ ਹੁੰਦਾ, ਪਰ ਯਹੋਵਾਹ ਦੇ ਗਵਾਹ ਆਪਣੇ ਵਿਸ਼ਵਾਸਾਂ ਬਾਰੇ ਦੂਸਰਿਆਂ ਨੂੰ ਦੱਸਣ ਲਈ ਉਹ ਤਰੀਕਾ ਵਰਤਦੇ ਹਨ ਜਿਹੜਾ ਸਭ ਤੋਂ ਅਸਰਕਾਰੀ ਹੈ।’ ਇਹ ਤਰੀਕਾ ਅਸਰਕਾਰੀ ਕਿਉਂ ਹੈ? ਉਹ ਨੇ ਅੱਗੇ ਕਿਹਾ, ‘1999 ਵਿਚ ਮੈਂ ਦੋ ਪੂਰਬੀ ਯੂਰਪੀ ਸ਼ਹਿਰਾਂ ਦੇ ਲੋਕਾਂ ਨਾਲ ਗੱਲ ਕੀਤੀ ਜਿਨ੍ਹਾਂ ਵਿੱਚੋਂ ਸਿਰਫ਼ 2 ਤੋਂ 4 ਪ੍ਰਤਿਸ਼ਤ ਲੋਕਾਂ ਨੇ ਕਿਹਾ ਕਿ ਲੈਟਰ-ਡੇ ਸੇਂਟਸ ਯਾਨੀ ਮਾਰਮਨ ਮਿਸ਼ਨਰੀ ਉਨ੍ਹਾਂ ਨੂੰ ਮਿਲਣ ਆਏ। ਪਰ 70 ਪ੍ਰਤਿਸ਼ਤ ਤੋਂ ਜ਼ਿਆਦਾ ਲੋਕਾਂ ਨੇ ਕਿਹਾ ਕਿ ਯਹੋਵਾਹ ਦੇ ਗਵਾਹ ਕਈ ਵਾਰ ਉਨ੍ਹਾਂ ਨੂੰ ਮਿਲਣ ਆਏ।’
12. (ੳ) ਅਸੀਂ ਵਾਰ-ਵਾਰ ਲੋਕਾਂ ਦੇ ਘਰ-ਘਰ ਜਾ ਕੇ ਪ੍ਰਚਾਰ ਕਿਉਂ ਕਰਦੇ ਹਾਂ? (ਅ) ਕੀ ਤੁਸੀਂ ਕਿਸੇ ਵਿਅਕਤੀ ਦਾ ਤਜਰਬਾ ਦੱਸ ਸਕਦੇ ਹੋ ਜਿਸ ਨੇ ਪਹਿਲਾਂ ਗੱਲ ਨਹੀਂ ਸੀ ਸੁਣੀ ਪਰ ਬਾਅਦ ਵਿਚ ਉਸ ਦਾ ਰਵੱਈਆ ਬਦਲ ਗਿਆ?
12 ਤੁਹਾਡੇ ਇਲਾਕੇ ਦੇ ਲੋਕ ਵੀ ਸ਼ਾਇਦ ਤੁਹਾਡੇ ਬਾਰੇ ਇੱਦਾਂ ਹੀ ਕਹਿੰਦੇ ਹੋਣਗੇ। ਤੁਸੀਂ ਵੀ ਪ੍ਰਚਾਰ ਕੰਮ ਵਿਚ ਹਿੱਸਾ ਲਿਆ ਹੋਵੇਗਾ ਅਤੇ ਘਰ-ਘਰ ਜਾ ਕੇ ਬੰਦਿਆਂ, ਤੀਵੀਆਂ ਅਤੇ ਨੌਜਵਾਨਾਂ ਨਾਲ ਗੱਲ ਕੀਤੀ ਹੋਵੇਗੀ। ਕੁਝ ਲੋਕਾਂ ਨੇ ਤੁਹਾਡੀ ਗੱਲ ਨਹੀਂ ਸੁਣੀ ਹੋਵੇਗੀ ਭਾਵੇਂ ਕਿ ਤੁਸੀਂ ਉਨ੍ਹਾਂ ਨੂੰ “ਕਈ ਵਾਰ” ਮਿਲਣ ਗਏ। ਸ਼ਾਇਦ ਹੋਰਨਾਂ ਨੇ ਤੁਹਾਡੀ ਮਾੜੀ-ਮੋਟੀ ਗੱਲ ਸੁਣੀ ਹੋਵੇ ਜਦੋਂ ਤੁਸੀਂ ਬਾਈਬਲ ਦੀ ਕੋਈ ਆਇਤ ਪੜ੍ਹ ਕੇ ਸੁਣਾਈ ਜਾਂ ਬਾਈਬਲ ਬਾਰੇ ਕੋਈ ਹੋਰ ਗੱਲ ਕੀਤੀ। ਕਈਆਂ ਨੂੰ ਤੁਸੀਂ ਵਧੀਆ ਗਵਾਹੀ ਦਿੱਤੀ ਜਿਸ ਕਰਕੇ ਉਨ੍ਹਾਂ ਨੇ ਸੱਚਾਈ ਕਬੂਲ ਕੀਤੀ। ਤੁਹਾਨੂੰ ਇੱਦਾਂ ਦੇ ਸਾਰੇ ਲੋਕ ਮਿਲਣਗੇ ਜਦੋਂ ‘ਤੁਸੀਂ ਖ਼ੁਸ਼ ਖ਼ਬਰੀ ਉੱਤੇ ਸਾਖੀ ਦਿੰਦੇ ਹੋ।’ ਤੁਸੀਂ ਕਈ ਅਜਿਹੇ ਲੋਕਾਂ ਨੂੰ ਜਾਣਦੇ ਹੋਵੋਗੇ ਜਿਨ੍ਹਾਂ ਨੇ ਤੁਹਾਡੇ ਵਾਰ-ਵਾਰ ਜਾਣ ʼਤੇ ਥੋੜ੍ਹੀ-ਬਹੁਤੀ ਦਿਲਚਸਪੀ ਦਿਖਾਈ ਪਰ ਕੁਝ ਕੀਤਾ ਨਹੀਂ। ਫਿਰ ਸ਼ਾਇਦ ਉਨ੍ਹਾਂ ਨਾਲ ਜਾਂ ਉਨ੍ਹਾਂ ਦੇ ਕਿਸੇ ਅਜ਼ੀਜ਼ ਨਾਲ ਕੁਝ ਹੋਇਆ ਜਿਸ ਕਰਕੇ ਉਨ੍ਹਾਂ ਦੇ ਦਿਲ ਨੂੰ ਸੱਚਾਈ ਛੂਹ ਗਈ। ਹੁਣ ਉਹ ਸਾਡੇ ਭੈਣ-ਭਰਾ ਹਨ। ਇਸ ਲਈ ਜੇ ਬਹੁਤਿਆਂ ਨੇ ਤੁਹਾਡੀ ਗੱਲ ਨਹੀਂ ਸੁਣੀ, ਤਾਂ ਹਾਰ ਨਾ ਮੰਨੋ। ਸਾਨੂੰ ਪਤਾ ਹੈ ਕਿ ਸਾਰੇ ਲੋਕ ਸੱਚਾਈ ਵਿਚ ਨਹੀਂ ਆਉਣਗੇ। ਪਰ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਪੂਰੀ ਵਾਹ ਲਾ ਕੇ ਚੰਗੀ ਤਰ੍ਹਾਂ ਗਵਾਹੀ ਦਿੰਦੇ ਰਹੀਏ।
ਨਤੀਜੇ ਜਿਨ੍ਹਾਂ ਤੋਂ ਸ਼ਾਇਦ ਅਸੀਂ ਅਣਜਾਣ ਹੋਈਏ
13. ਸਾਡੇ ਪ੍ਰਚਾਰ ਕਰਨ ਦੇ ਕੀ ਨਤੀਜੇ ਨਿਕਲ ਸਕਦੇ ਹਨ ਜਿਨ੍ਹਾਂ ਬਾਰੇ ਅਸੀਂ ਸ਼ਾਇਦ ਅਣਜਾਣ ਹੋਈਏ?
13 ਪੌਲੁਸ ਦੇ ਪ੍ਰਚਾਰ ਦਾ ਅਸਰ ਸਿਰਫ਼ ਉਨ੍ਹਾਂ ਲੋਕਾਂ ʼਤੇ ਹੀ ਨਹੀਂ ਪਿਆ ਜਿਨ੍ਹਾਂ ਦੀ ਉਸ ਨੇ ਮਸੀਹੀ ਬਣਨ ਵਿਚ ਮਦਦ ਕੀਤੀ ਸੀ। ਇਸ ਤਰ੍ਹਾਂ ਸਾਡੇ ਨਾਲ ਵੀ ਹੋ ਸਕਦਾ ਹੈ। ਅਸੀਂ ਬਾਕਾਇਦਾ ਘਰ-ਘਰ ਪ੍ਰਚਾਰ ਕਰ ਕੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨਾਲ ਗੱਲ ਕਰਦੇ ਹਾਂ। ਅਸੀਂ ਗੁਆਂਢੀਆਂ, ਨਾਲ ਦੇ ਕੰਮ ਕਰਨ ਵਾਲਿਆਂ, ਸਕੂਲ ਵਿਚ ਅਤੇ ਰਿਸ਼ਤੇਦਾਰਾਂ ਨੂੰ ਖ਼ੁਸ਼ ਖ਼ਬਰੀ ਦੱਸਦੇ ਹਾਂ। ਕੀ ਅਸੀਂ ਇਨ੍ਹਾਂ ਨੂੰ ਪ੍ਰਚਾਰ ਕਰਨ ਦੇ ਨਤੀਜਿਆਂ ਬਾਰੇ ਜਾਣਦੇ ਹਾਂ? ਕੁਝ ਲੋਕ ਸਾਡੀ ਗੱਲ ਸੁਣ ਕੇ ਫੱਟ ਸੱਚਾਈ ਵਿਚ ਆ ਜਾਂਦੇ ਹਨ। ਪਰ ਕੁਝ ਲੋਕਾਂ ਦੇ ਦਿਲਾਂ ਵਿਚ ਸੱਚਾਈ ਦਾ ਬੀ ਪੁੰਗਰਦਾ ਨਹੀਂ। ਹੋ ਸਕਦਾ ਕਿ ਬਾਅਦ ਵਿਚ ਕਿਸੇ ਹੋਰ ਦੇ ਦਿਲ ਵਿਚ ਜੜ੍ਹ ਫੜ ਕੇ ਪੁੰਗਰ ਜਾਵੇ। ਜੇ ਇੱਦਾਂ ਨਾ ਵੀ ਹੋਵੇ, ਤਾਂ ਵੀ ਉਹ ਲੋਕ ਸਾਡੇ ਕੋਲੋਂ ਸੁਣੀਆਂ ਗੱਲਾਂ, ਸਾਡੇ ਵਿਸ਼ਵਾਸਾਂ ਅਤੇ ਸਾਡੇ ਚਾਲ-ਚੱਲਣ ਬਾਰੇ ਹੋਰਨਾਂ ਨੂੰ ਦੱਸਦੇ ਹਨ। ਇਹ ਲੋਕ ਅਣਜਾਣੇ ਵਿਚ ਸੱਚਾਈ ਦਾ ਬੀ ਹੋਰਨਾਂ ਲੋਕਾਂ ਦੇ ਦਿਲਾਂ ਵਿਚ ਬੀਜ ਦਿੰਦੇ ਹਨ।
14, 15. ਇਕ ਭਰਾ ਦੁਆਰਾ ਗਵਾਹੀ ਦੇਣ ਦੇ ਕੀ ਨਤੀਜੇ ਨਿਕਲੇ?
14 ਅਮਰੀਕਾ, ਫ਼ਲੋਰਿਡਾ ਵਿਚ ਰਹਿੰਦੇ ਰਾਇਨ ਅਤੇ ਉਸ ਦੀ ਪਤਨੀ ਮੈਂਡੀ ਦੀ ਮਿਸਾਲ ਤੇ ਗੌਰ ਕਰੋ। ਰਾਇਨ ਨੇ ਆਪਣੇ ਨਾਲ ਕੰਮ ਕਰਨ ਵਾਲੇ ਇਕ ਬੰਦੇ ਨਾਲ ਗੱਲ ਕੀਤੀ। ਉਹ ਬੰਦਾ ਹਿੰਦੂ ਧਰਮ ਨੂੰ ਮੰਨਦਾ ਸੀ ਅਤੇ ਉਸ ਨੂੰ ਰਾਇਨ ਦਾ ਗੱਲ ਕਰਨ ਦਾ ਢੰਗ ਅਤੇ ਉਸ ਦਾ ਪਹਿਰਾਵਾ ਬਹੁਤ ਵਧੀਆ ਲੱਗਾ। ਰਾਇਨ ਨੇ ਉਸ ਨਾਲ ਮਰੇ ਹੋਏ ਲੋਕਾਂ ਦੇ ਦੁਬਾਰਾ ਜ਼ਿੰਦਾ ਹੋਣ ਅਤੇ ਮੁਰਦਿਆਂ ਦੀ ਹਾਲਤ ਬਾਰੇ ਗੱਲ ਕੀਤੀ। ਜਨਵਰੀ ਦੀ ਇਕ ਸ਼ਾਮ ਨੂੰ ਉਸ ਆਦਮੀ ਨੇ ਆਪਣੀ ਪਤਨੀ ਜੋਡੀ ਨੂੰ ਪੁੱਛਿਆ ਕਿ ਉਹ ਯਹੋਵਾਹ ਦੇ ਗਵਾਹਾਂ ਬਾਰੇ ਕੀ ਕੁਝ ਜਾਣਦੀ ਸੀ। ਜੋਡੀ ਕੈਥੋਲਿਕ ਧਰਮ ਨੂੰ ਮੰਨਦੀ ਸੀ ਅਤੇ ਉਸ ਨੂੰ ਇੱਕੋ ਗੱਲ ਪਤਾ ਸੀ ਕਿ ਯਹੋਵਾਹ ਦੇ ਗਵਾਹ “ਘਰ-ਘਰ ਪ੍ਰਚਾਰ” ਕਰਨ ਜਾਂਦੇ ਹਨ। ਸੋ ਜੋਡੀ ਨੇ ਇੰਟਰਨੈੱਟ ʼਤੇ ਯਹੋਵਾਹ ਦੇ ਗਵਾਹ ਟਾਈਪ ਕੀਤਾ ਅਤੇ ਉਹ ਸਾਡੀ ਵੈੱਬ-ਸਾਈਟ www.watchtower.org. ʼਤੇ ਪਹੁੰਚ ਗਈ। ਕੁਝ ਮਹੀਨਿਆਂ ਤਾਈਂ ਜੋਡੀ ਨੇ ਇੰਟਰਨੈੱਟ ʼਤੇ ਬਾਈਬਲ ਅਤੇ ਹੋਰ ਦਿਲਚਸਪ ਲੇਖ ਪੜ੍ਹੇ।
15 ਜੋਡੀ ਤੇ ਮੈਂਡੀ ਇਕ-ਦੂਜੇ ਨੂੰ ਮਿਲੀਆਂ ਜੋ ਇੱਕੋ ਜਗ੍ਹਾ ਤੇ ਨਰਸਾਂ ਲੱਗੀਆਂ ਹੋਈਆਂ ਸਨ। ਮੈਂਡੀ ਨੇ ਖ਼ੁਸ਼ੀ-ਖ਼ੁਸ਼ੀ ਜੋਡੀ ਦੇ ਸਵਾਲਾਂ ਦੇ ਜਵਾਬ ਦਿੱਤੇ। ਮੈਂਡੀ ਨੇ ਜੋਡੀ ਨਾਲ ਲੰਬੀ-ਚੌੜੀ ਗੱਲਬਾਤ ਕੀਤੀ ਅਤੇ ਜੋਡੀ ਨੇ ਇਸ ਗੱਲਬਾਤ ਨੂੰ “ਆਦਮ ਤੋਂ ਲੈ ਕੇ ਆਰਮਾਗੇਡਨ ਤਕ” ਨਾਂ ਦਿੱਤਾ। ਜੋਡੀ ਬਾਈਬਲ ਸਟੱਡੀ ਕਰਨ ਲੱਗ ਪਈ ਅਤੇ ਉਹ ਕਿੰਗਡਮ ਹਾਲ ਵੀ ਜਾਣ ਲੱਗੀ। ਅਕਤੂਬਰ ਵਿਚ ਉਹ ਪਬਲੀਸ਼ਰ ਬਣ ਗਈ ਅਤੇ ਫਰਵਰੀ ਵਿਚ ਉਸ ਨੇ ਬਪਤਿਸਮਾ ਲੈ ਲਿਆ। ਉਹ ਲਿਖਦੀ ਹੈ: “ਸੱਚਾਈ ਜਾਣ ਕੇ ਮੈਂ ਬਹੁਤ ਖ਼ੁਸ਼ ਹਾਂ।”
16. ਫ਼ਲੋਰਿਡਾ ਵਿਚ ਇਕ ਭਰਾ ਦੇ ਤਜਰਬੇ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਸਾਨੂੰ ਵੀ ਚੰਗੀ ਤਰ੍ਹਾਂ ਗਵਾਹੀ ਦੇਣ ਦੇ ਜਤਨ ਕਰਨੇ ਚਾਹੀਦੇ ਹਨ?
16 ਰਾਇਨ ਨੂੰ ਇਹ ਨਹੀਂ ਸੀ ਪਤਾ ਕਿ ਇਕ ਬੰਦੇ ਨੂੰ ਗਵਾਹੀ ਦੇਣ ਨਾਲ ਕੋਈ ਦੂਸਰਾ ਸੱਚਾਈ ਵਿਚ ਆ ਜਾਵੇਗਾ। ਪਰ ਉਸ ਨੇ ਦੇਖ ਲਿਆ ਸੀ ਕਿ ਉਸ ਦੇ ਚੰਗੀ ਤਰ੍ਹਾਂ ‘ਸਾਖੀ ਦੇਣ’ ਦਾ ਕੀ ਅਸਰ ਹੋਇਆ। ਤੁਸੀਂ ਸ਼ਾਇਦ ਘਰ-ਘਰ, ਕੰਮ ਦੀ ਥਾਂ ʼਤੇ, ਸਕੂਲ ਵਿਚ ਜਾਂ ਕਿਤੇ ਹੋਰ ਗਵਾਹੀ ਦੇ ਕੇ ਦੂਸਰਿਆਂ ਤਕ ਸੱਚਾਈ ਫੈਲਾਉਂਦੇ ਹੋਵੋ। ਜਿੱਦਾਂ ਪੌਲੁਸ ਨੂੰ “ਅਸਿਯਾ” ਵਿਚ ਆਪਣੇ ਪ੍ਰਚਾਰ ਦੇ ਨਤੀਜਿਆਂ ਬਾਰੇ ਪਤਾ ਨਹੀਂ ਸੀ, ਉਸੇ ਤਰ੍ਹਾਂ ਸ਼ਾਇਦ ਤੁਹਾਨੂੰ ਵੀ ਨਾ ਪਤਾ ਹੋਵੇ ਕਿ ਤੁਹਾਡੇ ਚੰਗੀ ਤਰ੍ਹਾਂ ਗਵਾਹੀ ਦੇਣ ਦੇ ਕੀ ਵਧੀਆ ਨਤੀਜੇ ਨਿਕਲ ਸਕਦੇ ਹਨ। (ਰਸੂਲਾਂ ਦੇ ਕਰਤੱਬ 23:11; 28:23 ਪੜ੍ਹੋ।) ਸੋ ਕਿੰਨਾ ਜ਼ਰੂਰੀ ਹੈ ਕਿ ਅਸੀਂ ਸਾਰੇ ਚੰਗੀ ਤਰ੍ਹਾਂ ਗਵਾਹੀ ਦੇਣ ਵਿਚ ਲੱਗੇ ਰਹੀਏ!
17. ਤੁਸੀਂ 2009 ਦੌਰਾਨ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?
17 ਸਾਲ 2009 ਦੌਰਾਨ ਆਓ ਆਪਾਂ ਤਨ-ਮਨ ਨਾਲ ਘਰ-ਘਰ ਅਤੇ ਹੋਰਨਾਂ ਤਰੀਕਿਆਂ ਨਾਲ ਗਵਾਹੀ ਦੇਣ ਦੇ ਹੁਕਮ ਨੂੰ ਮੰਨੀਏ। ਫਿਰ ਅਸੀਂ ਵੀ ਪੌਲੁਸ ਦੀ ਤਰ੍ਹਾਂ ਕਹਿ ਸਕਾਂਗੇ: “ਮੈਂ ਆਪਣੇ ਲਈ ਆਪਣੀ ਜਾਨ ਨੂੰ ਕਿਸੇ ਤਰਾਂ ਪਿਆਰੀ ਨਹੀਂ ਸਮਝਦਾ ਹਾਂ ਤਾਂ ਜੋ ਮੈਂ ਆਪਣੀ ਦੌੜ ਨੂੰ ਅਤੇ ਉਸ ਟਹਿਲ ਨੂੰ ਪੂਰੀ ਕਰਾਂ ਜਿਹੜੀ ਮੈਂ ਪਰਮੇਸ਼ੁਰ ਦੀ ਕਿਰਪਾ ਦੀ ਖੁਸ਼ ਖਬਰੀ ਉੱਤੇ ਸਾਖੀ ਹੋਣ ਲਈ ਪ੍ਰਭੁ ਯਿਸੂ ਤੋਂ ਪਾਈ ਸੀ।”
ਤੁਸੀਂ ਕਿਵੇਂ ਜਵਾਬ ਦਿਓਗੇ?
• ਪਤਰਸ ਤੇ ਪੌਲੁਸ ਰਸੂਲ ਅਤੇ ਹੋਰਨਾਂ ਮਸੀਹੀਆਂ ਨੇ ਪਹਿਲੀ ਸਦੀ ਵਿਚ ਕਿਵੇਂ ਚੰਗੀ ਤਰ੍ਹਾਂ ਗਵਾਹੀ ਦਿੱਤੀ?
• ਸਾਡੇ ਵੱਲੋਂ ਗਵਾਹੀ ਦੇਣ ਦੇ ਕਿਹੜੇ ਨਤੀਜੇ ਨਿਕਲ ਸਕਦੇ ਹਨ ਜਿਨ੍ਹਾਂ ਬਾਰੇ ਅਸੀਂ ਸ਼ਾਇਦ ਅਣਜਾਣ ਹੋਈਏ?
• ਸਾਲ 2009 ਦਾ ਮੁੱਖ ਹਵਾਲਾ ਕੀ ਹੈ ਅਤੇ ਤੁਹਾਨੂੰ ਇਹ ਹਵਾਲਾ ਕਿਉਂ ਢੁਕਵਾਂ ਲੱਗਦਾ ਹੈ?
[ਸਫ਼ਾ 19 ਉੱਤੇ ਸੁਰਖੀ]
ਸਾਲ 2009 ਲਈ ਬਾਈਬਲ ਦਾ ਹਵਾਲਾ ਹੈ: ‘ਖੁਸ਼ ਖਬਰੀ ਉੱਤੇ ਸਾਖੀ ਦਿਓ।’—ਰਸੂ. 20:24.
[ਸਫ਼ਾ 17 ਉੱਤੇ ਤਸਵੀਰ]
ਅਫ਼ਸੁਸ ਦੇ ਬਜ਼ੁਰਗ ਜਾਣਦੇ ਸਨ ਕਿ ਘਰ-ਘਰ ਗਵਾਹੀ ਦੇਣੀ ਪੌਲੁਸ ਦਾ ਦਸਤੂਰ ਸੀ
[ਸਫ਼ਾ 18 ਉੱਤੇ ਤਸਵੀਰ]
ਤੁਹਾਡੇ ਵੱਲੋਂ ਚੰਗੀ ਤਰ੍ਹਾਂ ਗਵਾਹੀ ਦੇਣ ਦੇ ਕਿਹੜੇ ਵਧੀਆ ਨਤੀਜੇ ਨਿਕਲ ਸਕਦੇ ਹਨ?