“ਰਾਹ ਏਹੋ ਈ ਹੈ, ਏਸ ਵਿੱਚ ਚੱਲੋ”
ਅਮੀਲੀਆ ਪੈਡਰਸਨ ਦੀ ਜੀਵਨੀ
ਰੂਥ ਈ. ਪੈਪਸ ਦੀ ਜ਼ਬਾਨੀ
ਮੇਰੇ ਮਾਤਾ ਜੀ ਅਮੀਲੀਆ ਪੈਡਰਸਨ ਦਾ ਜਨਮ 1878 ਵਿਚ ਹੋਇਆ ਸੀ। ਭਾਵੇਂ ਕਿ ਉਹ ਸਕੂਲ ਵਿਚ ਪੜ੍ਹਾ ਰਹੇ ਸਨ, ਪਰ ਉਹ ਆਪਣੀ ਜ਼ਿੰਦਗੀ ਲੋਕਾਂ ਨੂੰ ਰੱਬ ਦੇ ਲੜ ਲਾਉਣ ਵਿਚ ਲਾਉਣਾ ਚਾਹੁੰਦੇ ਸੀ। ਇਸ ਦਾ ਸਬੂਤ ਸਾਡੇ ਘਰ ਪਿਆ ਉਨ੍ਹਾਂ ਦਾ ਵੱਡਾ ਸਾਰਾ ਟਰੰਕ ਸੀ। ਸਾਡਾ ਘਰ ਛੋਟੇ ਜਿਹੇ ਨਗਰ ਜਾਸਪਰ, ਮਿਨੀਸੋਟਾ, ਅਮਰੀਕਾ ਵਿਚ ਸੀ। ਉਨ੍ਹਾਂ ਨੇ ਇਹ ਟਰੰਕ ਆਪਣੀਆਂ ਚੀਜ਼ਾਂ ਚੀਨ ਲੈ ਜਾਣ ਲਈ ਲਿਆ ਸੀ ਜਿੱਥੇ ਉਹ ਮਿਸ਼ਨਰੀ ਵਜੋਂ ਸੇਵਾ ਕਰਨਾ ਚਾਹੁੰਦੇ ਸੀ। ਪਰ ਜਦੋਂ ਮੇਰੇ ਨਾਨੀ ਜੀ ਦੀ ਮੌਤ ਹੋਈ, ਤਾਂ ਉਹ ਮਿਸ਼ਨਰੀ ਨਹੀਂ ਬਣ ਸਕੇ ਕਿਉਂਕਿ ਉਨ੍ਹਾਂ ਨੂੰ ਆਪਣੇ ਛੋਟੇ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨੀ ਪਈ। 1907 ਵਿਚ ਉਨ੍ਹਾਂ ਦਾ ਵਿਆਹ ਮੇਰੇ ਪਿਤਾ ਜੀ ਥੀਓਡੋਰ ਹੋਲੀਨ ਨਾਲ ਹੋਇਆ। ਮੇਰਾ ਜਨਮ 2 ਦਸੰਬਰ 1925 ਨੂੰ ਹੋਇਆ। ਅਸੀਂ ਸੱਤ ਭੈਣ-ਭਰਾ ਸੀ ਤੇ ਸਾਰਿਆਂ ਤੋਂ ਛੋਟੀ ਮੈਂ ਹਾਂ।
ਮਾਤਾ ਜੀ ਬਾਈਬਲ ਬਾਰੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਜਾਣਨਾ ਚਾਹੁੰਦੇ ਸੀ। ਇਕ ਸਵਾਲ ਸੀ ਨਰਕ ਬਾਰੇ। ਉਹ ਜਾਣਨਾ ਚਾਹੁੰਦੇ ਸੀ ਕਿ ਬੁਰੇ ਲੋਕਾਂ ਨੂੰ ਨਰਕ ਵਿਚ ਤੜਫ਼ਾਇਆ ਜਾਂਦਾ ਹੈ ਜਾਂ ਨਹੀਂ। ਉਨ੍ਹਾਂ ਨੇ ਲੂਥਰਨ ਚਰਚ ਵਿਚ ਆਏ ਇਕ ਪਾਦਰੀ ਨੂੰ ਪੁੱਛਿਆ ਕਿ ਉਹ ਬਾਈਬਲ ਵਿੱਚੋਂ ਇਸ ਸਵਾਲ ਦਾ ਜਵਾਬ ਦੇਵੇ। ਉਸ ਪਾਦਰੀ ਨੇ ਕਿਹਾ ਕਿ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ। ਉਸ ਨੇ ਕਿਹਾ ਕਿ ਨਰਕ ਦੀ ਸਜ਼ਾ ਬਾਰੇ ਸਿਖਾਇਆ ਜਾਣਾ ਚਾਹੀਦਾ ਹੈ।
ਸੱਚਾਈ ਜਾਣਨ ਦੀ ਪਿਆਸ ਬੁੱਝੀ
ਸੰਨ 1900 ਤੋਂ ਬਾਅਦ ਮੇਰੀ ਮਾਸੀ ਏਮਾ ਮਿਨੀਸੋਟਾ ਦੇ ਸ਼ਹਿਰ ਨਾਰਥਫੀਲਡ ਵਿਚ ਸੰਗੀਤ ਸਿੱਖਣ ਗਈ। ਉਹ ਆਪਣੇ ਅਧਿਆਪਕ ਮਿਲਯੂਸ ਕ੍ਰਿਸਚਨਸਨ ਦੇ ਘਰ ਰਹਿੰਦੀ ਸੀ ਜਿਸ ਦੀ ਪਤਨੀ ਬਾਈਬਲ ਸਟੂਡੈਂਟ (ਯਹੋਵਾਹ ਦੀ ਗਵਾਹ) ਸੀ। ਏਮਾ ਮਾਸੀ ਨੇ ਉਸ ਨੂੰ ਦੱਸਿਆ ਕਿ ਮੇਰੇ ਮਾਤਾ ਜੀ ਲਗਨ ਨਾਲ ਬਾਈਬਲ ਪੜ੍ਹਦੇ ਸਨ। ਥੋੜ੍ਹੀ ਦੇਰ ਬਾਅਦ ਮਿਲਯੂਸ ਦੀ ਪਤਨੀ ਨੇ ਮਾਤਾ ਜੀ ਨੂੰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਚਿੱਠੀ ਵਿਚ ਲਿਖ ਕੇ ਭੇਜੇ।
ਇਕ ਦਿਨ ਲੌਰਾ ਓਟਹਾਉਟ ਨਾਂ ਦੀ ਬਾਈਬਲ ਸਟੂਡੈਂਟ ਸਾਊਥ ਡਾਕੋਟਾ ਦੇ ਸ਼ਹਿਰ ਸੂ ਫਾਲਸ ਤੋਂ ਟ੍ਰੇਨ ਰਾਹੀਂ ਜਾਸਪਰ ਪ੍ਰਚਾਰ ਕਰਨ ਆਈ ਤੇ ਮਾਤਾ ਜੀ ਨੇ ਲੌਰਾ ਤੋਂ ਮਿਲੇ ਪ੍ਰਕਾਸ਼ਨਾਂ ਨੂੰ ਪੜ੍ਹਿਆ। 1915 ਵਿਚ ਉਹ ਵੀ ਦੂਸਰਿਆਂ ਨੂੰ ਬਾਈਬਲ ਦੀਆਂ ਸੱਚਾਈਆਂ ਦੱਸਣ ਲੱਗੇ ਅਤੇ ਪ੍ਰਕਾਸ਼ਨ ਵੰਡਣ ਲੱਗੇ।
1916 ਵਿਚ ਮਾਤਾ ਜੀ ਨੇ ਸੁਣਿਆ ਕਿ ਆਇਓਵਾ ਦੇ ਸੂ ਸ਼ਹਿਰ ਵਿਚ ਹੋਣ ਵਾਲੇ ਸੰਮੇਲਨ ਵਿਚ ਭਰਾ ਚਾਰਲਸ ਟੇਜ਼ ਰਸਲ ਆਵੇਗਾ। ਮਾਤਾ ਜੀ ਵੀ ਸੰਮੇਲਨ ʼਤੇ ਜਾਣਾ ਚਾਹੁੰਦੇ ਸੀ। ਉਸ ਵੇਲੇ ਮਾਤਾ ਜੀ ਪੰਜ ਬੱਚਿਆਂ ਦੀ ਪਰਵਰਿਸ਼ ਕਰ ਰਹੇ ਸਨ ਤੇ ਸਭ ਤੋਂ ਛੋਟਾ ਮਾਰਵਨ ਸਿਰਫ਼ ਪੰਜਾਂ ਮਹੀਨਿਆਂ ਦਾ ਸੀ। ਫਿਰ ਵੀ ਉਹ ਪੰਜਾਂ ਬੱਚਿਆਂ ਨੂੰ ਲੈ ਕੇ ਟ੍ਰੇਨ ਵਿਚ 160 ਕਿਲੋਮੀਟਰਾਂ ਦਾ ਸਫ਼ਰ ਤੈ ਕਰ ਕੇ ਸੂ ਸ਼ਹਿਰ ਸੰਮੇਲਨ ʼਤੇ ਗਏ। ਉਨ੍ਹਾਂ ਨੇ ਭਰਾ ਰਸਲ ਦੇ ਭਾਸ਼ਣ ਸੁਣੇ, “ਸ੍ਰਿਸ਼ਟੀ ਦਾ ਫੋਟੋ-ਡਰਾਮਾ” ਦੇਖਿਆ ਅਤੇ ਬਪਤਿਸਮਾ ਲੈ ਲਿਆ। ਘਰ ਆ ਕੇ ਮਾਤਾ ਜੀ ਨੇ ਸੰਮੇਲਨ ਬਾਰੇ ਇਕ ਲੇਖ ਲਿਖਿਆ ਜੋ ਜਾਸਪਰ ਜਰਨਲ ਵਿਚ ਛਾਪਿਆ ਗਿਆ ਸੀ।
1922 ਵਿਚ ਸੀਡਰ ਪਾਇੰਟ ਓਹੀਓ ਦੇ ਸੰਮੇਲਨ ʼਤੇ 18,000 ਲੋਕ ਹਾਜ਼ਰ ਹੋਏ ਜਿਨ੍ਹਾਂ ਵਿਚ ਮਾਤਾ ਜੀ ਵੀ ਸ਼ਾਮਲ ਸਨ। ਉਸ ਸੰਮੇਲਨ ਤੋਂ ਬਾਅਦ ਮਾਤਾ ਜੀ ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਲੱਗੇ। ਉਹ ਸਾਨੂੰ ਵੀ ਇਸ ਸਲਾਹ ਉੱਤੇ ਚੱਲਣ ਦਾ ਉਤਸ਼ਾਹ ਦਿੰਦੇ ਸੀ: “ਰਾਹ ਏਹੋ ਈ ਹੈ, ਏਸ ਵਿੱਚ ਚੱਲੋ।”—ਯਸਾ. 30:21.
ਪ੍ਰਚਾਰ ਕਰਨ ਦੇ ਫਲ
1920 ਦੇ ਦਹਾਕੇ ਦੇ ਸ਼ੁਰੂ ਵਿਚ ਮੇਰੇ ਮਾਪੇ ਜਾਸਪਰ ਤੋਂ ਬਾਹਰ ਇਕ ਵੱਡੇ ਘਰ ਵਿਚ ਜਾ ਕੇ ਰਹਿਣ ਲੱਗ ਪਏ। ਪਿਤਾ ਜੀ ਦਾ ਕਾਰੋਬਾਰ ਖੂਬ ਚੱਲਦਾ ਸੀ ਅਤੇ ਉਹ ਆਪਣੇ ਵੱਡੇ ਸਾਰੇ ਪਰਿਵਾਰ ਦਾ ਗੁਜ਼ਾਰਾ ਵੀ ਤੋਰਦੇ ਸਨ। ਭਾਵੇਂ ਉਹ ਆਪ ਮਾਤਾ ਜੀ ਵਾਂਗ ਬਾਈਬਲ ਦੀ ਸਟੱਡੀ ਕਰ ਕੇ ਅੱਗੇ ਨਹੀਂ ਵਧੇ, ਪਰ ਉਨ੍ਹਾਂ ਨੇ ਦਿਲੋਂ ਪ੍ਰਚਾਰ ਦੇ ਕੰਮ ਦਾ ਸਮਰਥਨ ਕੀਤਾ ਅਤੇ ਸਫ਼ਰੀ ਸੇਵਕਾਂ (ਸਰਕਟ ਨਿਗਾਹਬਾਨਾਂ) ਲਈ ਹਮੇਸ਼ਾ ਆਪਣੇ ਘਰ ਦੇ ਦਰਵਾਜ਼ੇ ਖੁੱਲ੍ਹੇ ਰੱਖੇ। ਜਦੋਂ ਕੋਈ ਸਫ਼ਰੀ ਸੇਵਕ ਭਾਸ਼ਣ ਦਿੰਦਾ ਸੀ, ਤਾਂ ਸੌ ਤੋਂ ਵੀ ਜ਼ਿਆਦਾ ਲੋਕ ਸਾਡੇ ਘਰ ਆਉਂਦੇ ਸਨ ਤੇ ਸਾਡਾ ਲੀਵਿੰਗ ਰੂਮ, ਡਾਇਨਿੰਗ ਰੂਮ, ਇੱਥੋਂ ਤਕ ਕਿ ਬੈੱਡਰੂਮ ਵੀ ਖਚਾਖਚ ਭਰ ਜਾਂਦਾ ਸੀ।
ਜਦੋਂ ਮੈਂ ਸੱਤਾਂ ਸਾਲਾਂ ਦੀ ਸੀ, ਤਾਂ ਮੇਰੀ ਮਾਸੀ ਲੈੱਟੀ ਨੇ ਫ਼ੋਨ ਕਰ ਕੇ ਦੱਸਿਆ ਕਿ ਉਸ ਦੇ ਗੁਆਂਢੀ ਐੱਡ ਲਾਰਸਨ ਅਤੇ ਉਸ ਦੀ ਪਤਨੀ ਬਾਈਬਲ ਦੀ ਸਟੱਡੀ ਕਰਨੀ ਚਾਹੁੰਦੇ ਸਨ। ਉਨ੍ਹਾਂ ਨੇ ਜਲਦੀ ਹੀ ਬਾਈਬਲ ਦੀਆਂ ਸੱਚਾਈਆਂ ਮੰਨ ਲਈਆਂ ਅਤੇ ਕੁਝ ਚਿਰ ਬਾਅਦ ਆਪਣੀ ਗੁਆਂਢਣ ਮਾਰਥਾ ਵੈਨ ਡਾਲਨ ਨੂੰ ਵੀ ਸਟੱਡੀ ਵਿਚ ਸ਼ਾਮਲ ਹੋਣ ਲਈ ਬੁਲਾਇਆ। ਉਹ ਅੱਠ ਬੱਚਿਆਂ ਦੀ ਮਾਂ ਸੀ। ਮਾਰਥਾ ਅਤੇ ਉਸ ਦਾ ਪਰਿਵਾਰ ਵੀ ਬਾਈਬਲ ਸਟੂਡੈਂਟਸ ਬਣ ਗਏ।a
ਲਗਭਗ ਉਸੇ ਸਮੇਂ ਗੋਰਡਨ ਕੈਮਰੂਡ ਨਾਂ ਦਾ ਨੌਜਵਾਨ ਮੇਰੇ ਪਿਤਾ ਜੀ ਨਾਲ ਕੰਮ ਕਰਨ ਲੱਗਾ। ਉਹ ਸਾਡੇ ਘਰ ਤੋਂ ਥੋੜ੍ਹੀ ਕੁ ਦੂਰ ਰਹਿੰਦਾ ਸੀ। ਗੋਰਡਨ ਨੂੰ ਖ਼ਬਰਦਾਰ ਕੀਤਾ ਗਿਆ ਸੀ: “ਮਾਲਕ ਦੀਆਂ ਧੀਆਂ ਤੋਂ ਬਚ ਕੇ ਰਹੀਂ। ਉਨ੍ਹਾਂ ਦਾ ਕੋਈ ਅਜੀਬ ਹੀ ਧਰਮ ਹੈ।” ਪਰ ਗੋਰਡਨ ਬਾਈਬਲ ਦੀ ਸਟੱਡੀ ਕਰਨ ਲੱਗ ਪਿਆ ਅਤੇ ਜਲਦੀ ਹੀ ਉਸ ਨੂੰ ਯਕੀਨ ਹੋ ਗਿਆ ਕਿ ਉਸ ਨੂੰ ਸੱਚਾਈ ਮਿਲ ਗਈ। ਤਿੰਨ ਮਹੀਨਿਆਂ ਬਾਅਦ ਉਸ ਨੇ ਬਪਤਿਸਮਾ ਲੈ ਲਿਆ ਤੇ ਉਸ ਦੇ ਮਾਂ-ਬਾਪ ਵੀ ਸੱਚਾਈ ਵਿਚ ਆ ਗਏ। ਸੋ ਸਾਡੇ ਤਿੰਨੇ ਪਰਿਵਾਰ ਯਾਨੀ ਹੋਲੀਨ, ਕੈਮਰੂਡ ਅਤੇ ਵੈਨ ਡਾਲਨ ਕਰੀਬੀ ਦੋਸਤ ਬਣ ਗਏ।
ਸੰਮੇਲਨਾਂ ਤੋਂ ਉਤਸ਼ਾਹ ਮਿਲਿਆ
ਮਾਤਾ ਜੀ ਨੂੰ ਸੀਡਰ ਪਾਇੰਟ ਵਿਚ ਹੋਏ ਸੰਮੇਲਨ ਤੋਂ ਇੰਨਾ ਹੌਸਲਾ ਮਿਲਿਆ ਕਿ ਉਨ੍ਹਾਂ ਨੇ ਪੱਕਾ ਇਰਾਦਾ ਕਰ ਲਿਆ ਕਿ ਉਹ ਹਰ ਸੰਮੇਲਨ ਵਿਚ ਜਾਣਗੇ। ਮੈਨੂੰ ਬਚਪਨ ਤੋਂ ਯਾਦ ਹੈ ਕਿ ਅਸੀਂ ਕਿੰਨਾ ਲੰਬਾ ਸਫ਼ਰ ਕਰ ਕੇ ਸੰਮੇਲਨਾਂ ʼਤੇ ਜਾਇਆ ਕਰਦੇ ਸਾਂ। 1931 ਵਿਚ ਕੋਲੰਬਸ, ਓਹੀਓ ਵਿਚ ਹੋਏ ਸੰਮੇਲਨ ਨੂੰ ਮੈਂ ਕਦੇ ਨਹੀਂ ਭੁੱਲ ਸਕਦੀ ਕਿਉਂਕਿ ਉਸ ਵੇਲੇ ਯਹੋਵਾਹ ਦੇ ਗਵਾਹ ਨਾਮ ਅਪਣਾਇਆ ਗਿਆ ਸੀ। (ਯਸਾ. 43:10-12) ਮੈਨੂੰ 1935 ਨੂੰ ਹੋਇਆ ਵਾਸ਼ਿੰਗਟਨ, ਡੀ.ਸੀ. ਦਾ ਸੰਮੇਲਨ ਅਜੇ ਤਕ ਯਾਦ ਹੈ ਜਿੱਥੇ ਇਕ ਮਹੱਤਵਪੂਰਣ ਭਾਸ਼ਣ ਵਿਚ “ਵੱਡੀ ਭੀੜ” ਦੀ ਪਛਾਣ ਕਰਾਈ ਗਈ ਸੀ। (ਪਰ. 7:9) ਉੱਥੇ ਬਪਤਿਸਮਾ ਲੈਣ ਵਾਲੇ 800 ਭੈਣਾਂ-ਭਰਾਵਾਂ ਵਿਚ ਮੇਰੀਆਂ ਭੈਣਾਂ ਲਿਲੀਅਨ ਅਤੇ ਯੂਨਸ ਵੀ ਸਨ।
ਅਸੀਂ ਸਾਰਾ ਪਰਿਵਾਰ ਮਿਲ ਕੇ 1937 ਵਿਚ ਕੋਲੰਬਸ, ਓਹੀਓ, 1938 ਵਿਚ ਸੀਐਟਲ ਵਾਸ਼ਿੰਗਟਨ ਅਤੇ 1939 ਵਿਚ ਨਿਊਯਾਰਕ ਸਿਟੀ ਵਿਚ ਹੋਏ ਸੰਮੇਲਨਾਂ ʼਤੇ ਗਏ। ਵੈਨ ਡਾਲਨ ਅਤੇ ਕੈਮਰੂਡ ਪਰਿਵਾਰ ਅਤੇ ਹੋਰ ਭੈਣ-ਭਰਾ ਵੀ ਸਾਡੇ ਨਾਲ ਗਏ ਸਨ ਤੇ ਅਸੀਂ ਰਾਤ ਗੁਜ਼ਾਰਨ ਲਈ ਰਾਹ ਵਿਚ ਕੈਂਪ ਲਾ ਲੈਂਦੇ ਸਾਂ। 1940 ਵਿਚ ਯੂਨਸ ਦਾ ਵਿਆਹ ਲੀਓ ਵੈਨ ਡਾਲਨ ਨਾਲ ਹੋ ਗਿਆ ਤੇ ਉਹ ਪਾਇਨੀਅਰੀ ਕਰਨ ਲੱਗ ਪਏ। ਉਸੇ ਸਾਲ ਲਿਲੀਅਨ ਦਾ ਵਿਆਹ ਗੋਰਡਨ ਕੈਮਰੂਡ ਨਾਲ ਹੋਇਆ ਤੇ ਉਹ ਵੀ ਪਾਇਨੀਅਰੀ ਕਰਨ ਲੱਗ ਪਏ।
ਮਿਸੂਰੀ ਦੇ ਸੇਂਟ ਲੂਈ ਸ਼ਹਿਰ ਵਿਚ 1941 ਨੂੰ ਹੋਇਆ ਸੰਮੇਲਨ ਮੇਰੇ ਲਈ ਬਹੁਤ ਖ਼ਾਸ ਸੀ। ਉਦੋਂ ਹਜ਼ਾਰਾਂ ਹੀ ਬੱਚਿਆਂ ਨੂੰ ਬੱਚੇ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਦਿੱਤੀ ਗਈ। ਉਸ ਸੰਮੇਲਨ ਨੇ ਮੇਰੀ ਜ਼ਿੰਦਗੀ ʼਤੇ ਬਹੁਤ ਗਹਿਰਾ ਅਸਰ ਪਾਇਆ। ਉਸ ਤੋਂ ਜਲਦੀ ਬਾਅਦ 1 ਸਤੰਬਰ, 1941 ਨੂੰ ਮੈਂ, ਮੇਰਾ ਭਰਾ ਮਾਰਵਨ ਅਤੇ ਉਸ ਦੀ ਪਤਨੀ ਜੋਇਸ ਪਾਇਨੀਅਰ ਬਣ ਗਏ। ਉਦੋਂ ਮੈਂ ਸਿਰਫ਼ 15 ਸਾਲਾਂ ਦੀ ਸੀ।
ਸਾਡੇ ਪਿੰਡ ਦੇ ਲੋਕ ਖੇਤੀਬਾੜੀ ਕਰਦੇ ਸਨ, ਇਸ ਲਈ ਸਾਰੇ ਭਰਾਵਾਂ ਲਈ ਸੰਮੇਲਨ ʼਤੇ ਜਾਣਾ ਮੁਸ਼ਕਲ ਸੀ ਕਿਉਂਕਿ ਇਹ ਸੰਮੇਲਨ ਅਕਸਰ ਵਾਢੀ ਦੇ ਸਮੇਂ ਹੁੰਦੇ ਸਨ। ਸੋ ਸੰਮੇਲਨਾਂ ਤੋਂ ਬਾਅਦ ਸਾਡੇ ਘਰ ਦੇ ਵਿਹੜੇ ਵਿਚ ਸੰਮੇਲਨਾਂ ਦੇ ਪ੍ਰੋਗ੍ਰਾਮਾਂ ਬਾਰੇ ਚਰਚਾ ਕੀਤੀ ਜਾਂਦੀ ਸੀ ਤਾਂਕਿ ਉਨ੍ਹਾਂ ਭਰਾਵਾਂ ਨੂੰ ਕੁਝ ਫ਼ਾਇਦਾ ਹੋਵੇ ਜਿਹੜੇ ਸੰਮੇਲਨ ਵਿਚ ਨਹੀਂ ਜਾ ਪਾਏ। ਇੱਦਾਂ ਕਰ ਕੇ ਸਾਨੂੰ ਸਾਰਿਆਂ ਨੂੰ ਬਹੁਤ ਮਜ਼ਾ ਆਉਂਦਾ ਸੀ।
ਗਿਲਿਅਡ ਅਤੇ ਹੋਰ ਦੇਸ਼ਾਂ ਵਿਚ ਸੇਵਾ
ਫਰਵਰੀ 1943 ਵਿਚ ਮਿਸ਼ਨਰੀ ਸੇਵਾ ਕਰਨ ਦੀ ਇੱਛਾ ਰੱਖਣ ਵਾਲੇ ਪਾਇਨੀਅਰਾਂ ਲਈ ਗਿਲਿਅਡ ਸਕੂਲ ਖੋਲ੍ਹਿਆ ਗਿਆ। ਪਹਿਲੀ ਕਲਾਸ ਵਿਚ ਵੈਨ ਡਾਲਨ ਪਰਿਵਾਰ ਦੇ ਛੇ ਮੈਂਬਰ ਸਿਖਲਾਈ ਲੈਣ ਗਏ ਯਾਨੀ ਚਾਰ ਭਰਾ ਏਮੀਲ, ਆਰਥਰ, ਹੋਮਰ ਤੇ ਲੀਓ ਅਤੇ ਉਸ ਦੀ ਪਤਨੀ ਯੂਨਸ (ਮੇਰੀ ਭੈਣ) ਅਤੇ ਭੂਆ ਦਾ ਮੁੰਡਾ ਡੋਨਲਡ। ਅਸੀਂ ਉਨ੍ਹਾਂ ਨੂੰ ਅਲਵਿਦਾ ਕਹਿ ਦਿੱਤਾ। ਅਸੀਂ ਖ਼ੁਸ਼ ਸਾਂ ਕਿ ਉਹ ਮਿਸ਼ਨਰੀਆਂ ਵਜੋਂ ਸੇਵਾ ਕਰਨ ਜਾ ਰਹੇ ਸਨ, ਪਰ ਅਸੀਂ ਉਦਾਸ ਵੀ ਸੀ ਕਿਉਂਕਿ ਸਾਨੂੰ ਪਤਾ ਨਹੀਂ ਸੀ ਕਿ ਅਸੀਂ ਉਨ੍ਹਾਂ ਨੂੰ ਦੁਬਾਰਾ ਕਦੋਂ ਮਿਲਾਂਗੇ। ਗ੍ਰੈਜੂਏਸ਼ਨ ਤੋਂ ਬਾਅਦ ਉਨ੍ਹਾਂ ਸਾਰਿਆਂ ਨੂੰ ਪੋਰਟੋ ਰੀਕੋ ਭੇਜ ਦਿੱਤਾ ਗਿਆ ਜਿੱਥੇ ਉਸ ਵੇਲੇ ਦਰਜਨ ਤੋਂ ਵੀ ਘੱਟ ਗਵਾਹ ਸਨ।
ਇਕ ਸਾਲ ਬਾਅਦ ਲਿਲੀਅਨ ਤੇ ਗੋਰਡਨ ਅਤੇ ਮਾਰਵਨ ਅਤੇ ਜੋਇਸ ਗਿਲਿਅਡ ਦੀ ਤੀਸਰੀ ਕਲਾਸ ਵਿਚ ਗਏ। ਉਨ੍ਹਾਂ ਨੂੰ ਵੀ ਪੋਰਟੋ ਰੀਕੋ ਭੇਜਿਆ ਗਿਆ। ਫਿਰ ਸਤੰਬਰ 1944 ਵਿਚ 18 ਸਾਲਾਂ ਦੀ ਉਮਰ ʼਤੇ ਮੈਂ ਗਿਲਿਅਡ ਦੀ ਚੌਥੀ ਕਲਾਸ ਵਿਚ ਗਈ। ਫਰਵਰੀ 1945 ਵਿਚ ਗ੍ਰੈਜੂਏਟ ਹੋ ਕੇ ਮੈਂ ਵੀ ਪੋਰਟੋ ਰੀਕੋ ਚਲੇ ਗਈ। ਇਹ ਜਗ੍ਹਾ ਪ੍ਰਚਾਰ ਕਰਨ ਲਈ ਕਿੰਨੀ ਵਧੀਆ ਸੀ! ਭਾਵੇਂ ਸਪੇਨੀ ਭਾਸ਼ਾ ਸਿੱਖਣੀ ਔਖੀ ਲੱਗਦੀ ਸੀ, ਪਰ ਸਾਡੇ ਵਿੱਚੋਂ ਕੁਝ ਜਣਿਆਂ ਕੋਲ 20-20 ਸਟੱਡੀਆਂ ਸਨ। ਵਾਕਈ, ਯਹੋਵਾਹ ਦੀ ਬਰਕਤ ਕਰਕੇ ਅੱਜ ਪੋਰਟੋ ਰੀਕੋ ਵਿਚ ਤਕਰੀਬਨ 25,000 ਗਵਾਹ ਹਨ!
ਪਰਿਵਾਰ ਦਾ ਦੁਖਾਂਤ
1950 ਵਿਚ ਆਪਣੇ ਪੁੱਤਰ ਮਾਰਕ ਦੇ ਜਨਮ ਤੋਂ ਬਾਅਦ ਲੀਓ ਤੇ ਯੂਨਸ ਪੋਰਟੋ ਰੀਕੋ ਵਿਚ ਹੀ ਰਹੇ। 1952 ਵਿਚ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਣ ਦਾ ਪ੍ਰੋਗ੍ਰਾਮ ਬਣਾਇਆ। 11 ਅਪ੍ਰੈਲ ਨੂੰ ਉਹ ਅਮਰੀਕਾ ਜਾਣ ਲਈ ਜਹਾਜ਼ ਚੜ੍ਹੇ। ਦੁੱਖ ਦੀ ਗੱਲ ਹੈ ਕਿ ਜਹਾਜ਼ ਉੱਡਦਿਆਂ ਹੀ ਸਮੁੰਦਰ ਵਿਚ ਜਾ ਡਿੱਗਾ। ਲੀਓ ਤੇ ਯੂਨਸ ਮਾਰੇ ਗਏ, ਪਰ ਉਨ੍ਹਾਂ ਦਾ ਦੋ ਸਾਲ ਦਾ ਬੱਚਾ ਮਾਰਕ ਪਾਣੀ ਵਿਚ ਤਰਦਾ ਹੋਇਆ ਮਿਲਿਆ। ਜਹਾਜ਼ ਹਾਦਸੇ ਵਿੱਚੋਂ ਬਚੇ ਇਕ ਮੁਸਾਫ਼ਰ ਨੇ ਉਸ ਨੂੰ ਬਚਾਇਆ ਤੇ ਨਕਲੀ ਸਾਹ ਦਿੱਤਾ। ਇਸ ਤਰ੍ਹਾਂ ਉਹ ਬੱਚਾ ਜ਼ਿੰਦਾ ਰਿਹਾ।b
ਪੰਜ ਸਾਲਾਂ ਬਾਅਦ 7 ਮਾਰਚ 1957 ਨੂੰ ਜਦੋਂ ਮਾਤਾ ਜੀ ਤੇ ਪਿਤਾ ਜੀ ਕਿੰਗਡਮ ਹਾਲ ਨੂੰ ਜਾ ਰਹੇ ਸਨ, ਤਾਂ ਉਨ੍ਹਾਂ ਦੀ ਕਾਰ ਦਾ ਟਾਇਰ ਪੈਂਚਰ ਹੋ ਗਿਆ। ਪਿਤਾ ਜੀ ਜਦੋਂ ਸੜਕ ਦੇ ਇਕ ਪਾਸੇ ਟਾਇਰ ਬਦਲ ਰਹੇ ਸਨ, ਤਾਂ ਇਕ ਹੋਰ ਕਾਰ ਉਨ੍ਹਾਂ ਵਿਚ ਵੱਜੀ ਅਤੇ ਉਹ ਮੌਕੇ ਤੇ ਹੀ ਮਾਰੇ ਗਏ। ਪਿਤਾ ਜੀ ਪਿੰਡ ਵਿਚ ਇੱਜ਼ਤਦਾਰ ਇਨਸਾਨ ਵਜੋਂ ਜਾਣੇ ਜਾਂਦੇ ਸਨ। ਇਸ ਲਈ ਅਫ਼ਸੋਸ ਕਰਨ ਆਏ ਕੁਝ 600 ਲੋਕਾਂ ਨੂੰ ਪਿਤਾ ਜੀ ਦੇ ਅੰਤਿਮ-ਸੰਸਕਾਰ ਤੇ ਦਿੱਤੇ ਭਾਸ਼ਣ ਨੂੰ ਸੁਣ ਕੇ ਵਧੀਆ ਗਵਾਹੀ ਮਿਲੀ।
ਸੇਵਾ ਕਰਨ ਦੇ ਨਵੇਂ ਮੌਕੇ
ਪਿਤਾ ਜੀ ਦੀ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ ਮੈਨੂੰ ਅਰਜਨਟੀਨਾ ਵਿਚ ਸੇਵਾ ਕਰਨ ਦਾ ਸੱਦਾ ਮਿਲਿਆ ਸੀ। ਅਗਸਤ 1957 ਵਿਚ ਮੈਂ ਐਂਡੀਜ਼ ਪਹਾੜੀਆਂ ਦੇ ਨੇੜੇ ਮੈਂਡੋਜ਼ਾ ਸ਼ਹਿਰ ਪਹੁੰਚੀ। 1958 ਵਿਚ ਗਿਲਿਅਡ ਦੀ 30ਵੀਂ ਕਲਾਸ ਦੇ ਗ੍ਰੈਜੂਏਟ ਜੋਰਜ ਪੈਪਸ ਨੂੰ ਵੀ ਅਰਜਨਟੀਨਾ ਭੇਜਿਆ ਗਿਆ। ਮੈਂ ਤੇ ਜੋਰਜ ਚੰਗੇ ਦੋਸਤ ਬਣ ਗਏ ਤੇ ਅਪ੍ਰੈਲ 1960 ਵਿਚ ਸਾਡਾ ਵਿਆਹ ਹੋ ਗਿਆ। 1961 ਵਿਚ ਮਾਤਾ ਜੀ 83 ਸਾਲ ਦੀ ਉਮਰ ਵਿਚ ਮੌਤ ਦੀ ਨੀਂਦ ਸੌਂ ਗਏ। ਉਨ੍ਹਾਂ ਨੇ ਮਰਦੇ ਦਮ ਤਕ ਲਗਨ ਨਾਲ ਯਹੋਵਾਹ ਦੀ ਭਗਤੀ ਕੀਤੀ ਅਤੇ ਬਹੁਤ ਸਾਰੇ ਲੋਕਾਂ ਨੂੰ ਸੱਚਾਈ ਵਿਚ ਲਿਆਂਦਾ।
ਦਸ ਸਾਲਾਂ ਲਈ ਮੈਂ ਤੇ ਜੋਰਜ ਨੇ ਵੱਖੋ-ਵੱਖਰੇ ਮਿਸ਼ਨਰੀ ਘਰਾਂ ਵਿਚ ਰਹਿ ਰਹੇ ਹੋਰਨਾਂ ਮਿਸ਼ਨਰੀਆਂ ਨਾਲ ਮਿਲ ਕੇ ਸੇਵਾ ਕੀਤੀ। ਫਿਰ ਅਸੀਂ ਸੱਤ ਸਾਲਾਂ ਤਾਈਂ ਸਰਕਟ ਕੰਮ ਕੀਤਾ। 1975 ਵਿਚ ਅਸੀਂ ਪਰਿਵਾਰ ਦੇ ਬੀਮਾਰ ਮੈਂਬਰਾਂ ਦੀ ਮਦਦ ਕਰਨ ਲਈ ਅਮਰੀਕਾ ਚਲੇ ਗਏ। 1980 ਵਿਚ ਜੋਰਜ ਨੂੰ ਸਪੇਨੀ ਭਾਸ਼ਾ ਦੇ ਇਲਾਕੇ ਵਿਚ ਸਰਕਟ ਕੰਮ ਕਰਨ ਲਈ ਬੁਲਾਇਆ ਗਿਆ। ਉਦੋਂ ਅਮਰੀਕਾ ਵਿਚ ਤਕਰੀਬਨ 600 ਸਪੇਨੀ ਭਾਸ਼ਾ ਦੀਆਂ ਕਲੀਸਿਯਾਵਾਂ ਸਨ। 26 ਸਾਲਾਂ ਤਾਈਂ ਅਸੀਂ ਉਨ੍ਹਾਂ ਵਿੱਚੋਂ ਕਈ ਕਲੀਸਿਯਾਵਾਂ ਵਿਚ ਗਏ ਅਤੇ ਇਨ੍ਹਾਂ ਨੂੰ ਵਧਦੇ ਦੇਖਿਆ। ਹੁਣ ਉੱਥੇ 3,000 ਤੋਂ ਵੀ ਜ਼ਿਆਦਾ ਕਲੀਸਿਯਾਵਾਂ ਹਨ।
ਉਹ ਪਰਮੇਸ਼ੁਰ ਦੇ “ਰਾਹ” ਉੱਤੇ ਚੱਲੇ
ਮਾਤਾ ਜੀ ਨੂੰ ਇਸ ਗੱਲ ਦੀ ਖ਼ੁਸ਼ੀ ਸੀ ਕਿ ਉਨ੍ਹਾਂ ਦੇ ਧੀਆਂ-ਪੁੱਤਰ, ਦੋਹਤੇ-ਦੋਹਤੀਆਂ ਅਤੇ ਪੋਤੇ-ਪੋਤੀਆਂ ਪਾਇਨੀਅਰ ਅਤੇ ਮਿਸ਼ਨਰੀ ਬਣੇ। ਮਿਸਾਲ ਲਈ ਮੇਰੀ ਭਾਣਜੀ (ਵੱਡੀ ਭੈਣ ਐਸਟਰ ਦੀ ਕੁੜੀ) ਕੈਰੋਲ 1953 ਵਿਚ ਪਾਇਨੀਅਰੀ ਕਰਨ ਲੱਗ ਪਈ। ਉਸ ਦਾ ਵਿਆਹ ਡੈਨਿਸ ਟ੍ਰੱਮਬੋਰ ਨਾਲ ਹੋਇਆ ਤੇ ਉਦੋਂ ਤੋਂ ਪਾਇਨੀਅਰੀ ਕਰ ਰਹੀ ਹੈ। ਐਸਟਰ ਦੀ ਦੂਸਰੀ ਕੁੜੀ ਲੋਇਸ ਦਾ ਵਿਆਹ ਵੈੱਨਡਲ ਜੈੱਨਸਨ ਨਾਲ ਹੋਇਆ। ਉਹ ਗਿਲਿਅਡ ਦੀ 41ਵੀਂ ਕਲਾਸ ਵਿਚ ਗਏ ਅਤੇ 15 ਸਾਲ ਨਾਈਜੀਰੀਆ ਵਿਚ ਮਿਸ਼ਨਰੀਆਂ ਵਜੋਂ ਸੇਵਾ ਕੀਤੀ। ਮਾਰਕ, ਜਿਸ ਦੇ ਮਾਂ-ਬਾਪ ਜਹਾਜ਼ ਹਾਦਸੇ ਵਿਚ ਮਾਰੇ ਗਏ ਸਨ, ਨੂੰ ਉਸ ਦੀ ਭੂਆ-ਫੁੱਫੜ ਰੂਥ ਲਾਲੌਂਡ ਅਤੇ ਕਰਟਿਸ ਨੇ ਗੋਦ ਲੈ ਕੇ ਉਸ ਦੀ ਪਰਵਰਿਸ਼ ਕੀਤੀ। ਮਾਰਕ ਤੇ ਉਸ ਦੀ ਪਤਨੀ ਲਵੌਨ ਨੇ ਕਈ ਸਾਲ ਪਾਇਨੀਅਰੀ ਕੀਤੀ ਅਤੇ ਆਪਣੇ ਚਾਰ ਬੱਚਿਆਂ ਨੂੰ ਪਰਮੇਸ਼ੁਰ ਦੇ “ਰਾਹ” ਉੱਤੇ ਚੱਲਣਾ ਸਿਖਾਇਆ।—ਯਸਾ. 30:21.
ਮੇਰਾ ਇੱਕੋ ਭਰਾ ਔਰਲੇਨ 95 ਕੁ ਸਾਲਾਂ ਦਾ ਹੈ ਅਤੇ ਅਜੇ ਵੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਿਹਾ ਹੈ। ਮੈਂ ਤੇ ਜੋਰਜ ਅਜੇ ਵੀ ਪੂਰਾ ਸਮਾਂ ਯਹੋਵਾਹ ਦੀ ਸੇਵਾ ਵਿਚ ਲਾ ਰਹੇ ਹਾਂ।
ਮਾਤਾ ਜੀ ਦੀ ਵਿਰਾਸਤ
ਮੇਰੇ ਕੋਲ ਮਾਤਾ ਜੀ ਦੀ ਇਕ ਬੇਸ਼ਕੀਮਤੀ ਚੀਜ਼ ਹੈ। ਉਹ ਹੈ ਉਨ੍ਹਾਂ ਦਾ ਡੈਸਕ। ਇਹ ਮੇਰੇ ਪਿਤਾ ਜੀ ਨੇ ਉਨ੍ਹਾਂ ਨੂੰ ਵਿਆਹ ਦੇ ਤੋਹਫ਼ੇ ਵਜੋਂ ਦਿੱਤਾ ਸੀ। ਡੈਸਕ ਦੇ ਇਕ ਦਰਾਜ਼ ਵਿਚ ਉਨ੍ਹਾਂ ਦੀ ਕਿਤਾਬ ਹੈ ਜਿਸ ਵਿਚ ਉਨ੍ਹਾਂ ਦੀਆਂ ਲਿਖੀਆਂ ਚਿੱਠੀਆਂ ਤੇ ਅਖ਼ਬਾਰਾਂ ਦੇ ਲੇਖ ਹਨ। ਇਨ੍ਹਾਂ ਲੇਖਾਂ ਤੋਂ ਲੋਕਾਂ ਨੂੰ ਚੰਗੀ ਗਵਾਹੀ ਮਿਲੀ। ਕੁਝ ਲੇਖ ਉਨ੍ਹਾਂ ਨੇ 1900 ਦੇ ਸ਼ੁਰੂ ਵਿਚ ਲਿਖੇ ਸਨ। ਕੁਝ ਚਿੱਠੀਆਂ ਉਨ੍ਹਾਂ ਮਿਸ਼ਨਰੀਆਂ ਵੱਲੋਂ ਹਨ ਜਿਨ੍ਹਾਂ ਨੂੰ ਮਾਤਾ ਜੀ ਨੇ ਸੱਚਾਈ ਵਿਚ ਲਿਆਂਦਾ ਸੀ। ਇਹ ਚਿੱਠੀਆਂ ਮੇਰੇ ਦਿਲ ਨੂੰ ਛੂਹ ਲੈਂਦੀਆਂ ਹਨ ਜਿਸ ਕਰਕੇ ਮੈਂ ਉਨ੍ਹਾਂ ਨੂੰ ਵਾਰ-ਵਾਰ ਪੜ੍ਹਦੀ ਹਾਂ! ਉਹ ਚਿੱਠੀਆਂ ਵਿਚ ਚੰਗੀਆਂ-ਚੰਗੀਆਂ ਗੱਲਾਂ ਲਿਖਦੇ ਸਨ ਜਿਨ੍ਹਾਂ ਤੋਂ ਸਾਨੂੰ ਹਮੇਸ਼ਾ ਉਤਸ਼ਾਹ ਮਿਲਦਾ ਸੀ। ਮਾਤਾ ਜੀ ਕਦੇ ਆਪ ਮਿਸ਼ਨਰੀ ਨਹੀਂ ਬਣ ਸਕੇ। ਪਰ ਮਿਸ਼ਨਰੀ ਸੇਵਾ ਲਈ ਉਨ੍ਹਾਂ ਦੇ ਜੋਸ਼ ਕਾਰਨ ਉਨ੍ਹਾਂ ਤੋਂ ਬਾਅਦ ਦੀਆਂ ਪੀੜ੍ਹੀਆਂ ਨੂੰ ਮਿਸ਼ਨਰੀ ਬਣਨ ਦੀ ਹੱਲਾਸ਼ੇਰੀ ਮਿਲੀ। ਮੈਂ ਉਸ ਸਮੇਂ ਦੀ ਬੇਸਬਰੀ ਨਾਲ ਉਡੀਕ ਕਰ ਰਹੀਂ ਹਾਂ ਜਦੋਂ ਨਵੀਂ ਦੁਨੀਆਂ ਵਿਚ ਅਸੀਂ ਸਾਰਾ ਪਰਿਵਾਰ ਮਿਲ ਕੇ ਆਪਣੇ ਮਾਤਾ-ਪਿਤਾ ਨਾਲ ਰਹਾਂਗੇ!—ਪਰ. 21:3, 4.
[ਫੁਟਨੋਟ]
a ਏਮੀਲ ਐੱਚ. ਵੈਨ ਡਾਲਨ ਦੀ ਜੀਵਨੀ 15 ਜੂਨ 1983 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 27-30 ਦੇਖੋ।
b ਜਾਗਰੂਕ ਬਣੋ! (ਅੰਗ੍ਰੇਜ਼ੀ) 22 ਜੂਨ 1952 ਦੇ ਸਫ਼ੇ 3-4 ਦੇਖੋ।
[ਸਫ਼ਾ 17 ਉੱਤੇ ਤਸਵੀਰ]
ਅਮੀਲੀਆ ਪੈਡਰਸਨ
[ਸਫ਼ਾ 18 ਉੱਤੇ ਤਸਵੀਰ]
1916: ਮਾਤਾ ਜੀ ਅਤੇ ਪਿਤਾ ਜੀ (ਮਾਰਵਨ ਨੂੰ ਚੁੱਕੀ ਖੜ੍ਹੇ ਹਨ); ਥੱਲੇ ਖੱਬੇ ਤੋਂ ਸੱਜੇ, ਔਰਲੇਨ, ਐਸਟਰ, ਲਿਲੀਅਨ, ਮਿਲਡਰੈਡ
[ਸਫ਼ਾ 19 ਉੱਤੇ ਤਸਵੀਰ]
ਮੌਤ ਤੋਂ ਥੋੜ੍ਹੀ ਦੇਰ ਪਹਿਲਾਂ ਲੀਓ ਅਤੇ ਯੂਨਸ
[ਸਫ਼ਾ 20 ਉੱਤੇ ਤਸਵੀਰ]
1950: ਉੱਪਰ, ਖੱਬੇ ਤੋਂ ਸੱਜੇ: ਐਸਟਰ, ਮਿਲਡਰੈਡ, ਲਿਲੀਅਨ, ਯੂਨਸ, ਰੂਥ; ਥੱਲੇ: ਔਰਲੇਨ, ਮਾਤਾ ਜੀ, ਪਿਤਾ ਜੀ ਅਤੇ ਮਾਰਵਨ
[ਸਫ਼ਾ 20 ਉੱਤੇ ਤਸਵੀਰ]
2001 ਵਿਚ ਸਰਕਟ ਕੰਮ ਵਿਚ ਜੋਰਜ ਅਤੇ ਰੂਥ ਪੈਪਸ