‘ਧਰਮੀ ਲੋਕ ਸੂਰਜ ਵਾਂਙੁ ਚਮਕਣਗੇ’
“ਤਦ ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਙੁ ਚਮਕਣਗੇ।”—ਮੱਤੀ 13:43.
1. ਯਿਸੂ ਨੇ ਰਾਜ ਦੇ ਕਿਹੜੇ ਵੱਖੋ-ਵੱਖਰੇ ਪਹਿਲੂਆਂ ਨੂੰ ਸਮਝਾਉਣ ਲਈ ਦ੍ਰਿਸ਼ਟਾਂਤ ਵਰਤੇ?
ਯਿਸੂ ਮਸੀਹ ਨੇ ਰਾਜ ਦੇ ਵੱਖੋ-ਵੱਖਰੇ ਪਹਿਲੂਆਂ ਨੂੰ ਸਮਝਾਉਣ ਲਈ ਕਈ ਉਦਾਹਰਣਾਂ ਜਾਂ ਦ੍ਰਿਸ਼ਟਾਂਤ ਵਰਤੇ। ਉਸ ਨੇ ‘ਸਾਰੀਆਂ ਗੱਲਾਂ ਲੋਕਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਸੁਣਾਈਆਂ ਅਤੇ ਬਿਨਾ ਦ੍ਰਿਸ਼ਟਾਂਤ ਉਹ ਉਨ੍ਹਾਂ ਨਾਲ ਨਹੀਂ ਸੀ ਬੋਲਦਾ।’ (ਮੱਤੀ 13:34) ਰਾਜ ਦੀ ਸੱਚਾਈ ਦੇ ਬੀ ਦੇ ਦ੍ਰਿਸ਼ਟਾਂਤ ਦਿੰਦੇ ਵੇਲੇ ਯਿਸੂ ਨੇ ਜ਼ੋਰ ਦਿੱਤਾ ਕਿ ਇਹ ਇਨਸਾਨ ਦੇ ਦਿਲ ਦੀ ਹਾਲਤ ਉੱਤੇ ਨਿਰਭਰ ਕਰਦਾ ਹੈ ਕਿ ਉਹ ਸੰਦੇਸ਼ ਸਵੀਕਾਰ ਕਰੇਗਾ ਕਿ ਨਹੀਂ। ਉਸ ਨੇ ਇਹ ਵੀ ਦੱਸਿਆ ਕਿ ਸੱਚਾਈ ਦੇ ਬੀ ਦੇ ਵਾਧੇ ਵਿਚ ਯਹੋਵਾਹ ਦਾ ਕੀ ਰੋਲ ਹੈ। (ਮਰ. 4:3-9, 26-29) ਯਿਸੂ ਨੇ ਇਹ ਵੀ ਦਰਸਾਇਆ ਕਿ ਧਰਤੀ ʼਤੇ ਸੰਦੇਸ਼ ਸੁਣਨ ਵਾਲਿਆਂ ਦੀ ਗਿਣਤੀ ਵਿਚ ਬਹੁਤ ਵਾਧਾ ਹੋਵੇਗਾ ਭਾਵੇਂ ਕਿ ਪਹਿਲਾਂ-ਪਹਿਲਾਂ ਇਹ ਵਾਧਾ ਨਜ਼ਰ ਨਾ ਆਵੇ। (ਮੱਤੀ 13:31-33) ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਰਾਜ ਦਾ ਸੰਦੇਸ਼ ਸੁਣਨ ਵਾਲੇ ਸਾਰੇ ਲੋਕ ਉਸ ਰਾਜ ਦੀ ਪਰਜਾ ਬਣਨਗੇ।—ਮੱਤੀ 13:47-50.a
2. ਕਣਕ ਅਤੇ ਜੰਗਲੀ ਬੂਟੀ ਦੇ ਦ੍ਰਿਸ਼ਟਾਂਤ ਵਿਚ ਚੰਗਾ ਬੀ ਕਿਸ ਨੂੰ ਦਰਸਾਉਂਦਾ ਹੈ?
2 ਪਰ ਯਿਸੂ ਨੇ ਇਕ ਦ੍ਰਿਸ਼ਟਾਂਤ ਵਿਚ ਆਪਣੇ ਨਾਲ ਰਾਜ ਕਰਨ ਵਾਲਿਆਂ ਨੂੰ ਇਕੱਠੇ ਕਰਨ ਦੀ ਗੱਲ ਕੀਤੀ ਸੀ। ਇਸ ਨੂੰ ਅਕਸਰ ਕਣਕ ਅਤੇ ਜੰਗਲੀ ਬੂਟੀ ਦਾ ਦ੍ਰਿਸ਼ਟਾਂਤ ਕਿਹਾ ਜਾਂਦਾ ਹੈ ਜੋ ਮੱਤੀ ਦੇ 13ਵੇਂ ਅਧਿਆਇ ਵਿਚ ਦਰਜ ਹੈ। ਇਕ ਹੋਰ ਦ੍ਰਿਸ਼ਟਾਂਤ ਵਿਚ ਯਿਸੂ ਨੇ ਬੀ ਨੂੰ “ਰਾਜ ਦਾ ਬਚਨ” ਕਿਹਾ ਸੀ, ਪਰ ਇਸ ਦ੍ਰਿਸ਼ਟਾਂਤ ਵਿਚ ਉਹ ਸਾਨੂੰ ਦੱਸਦਾ ਹੈ ਕਿ ਚੰਗਾ ਬੀ ਕਿਸੇ ਹੋਰ ਨੂੰ ਯਾਨੀ ‘ਰਾਜ ਦੇ ਪੁੱਤ੍ਰਾਂ’ ਨੂੰ ਦਰਸਾਉਂਦਾ ਹੈ। (ਮੱਤੀ 13:19, 38) ਇਹ ਰਾਜ ਦੀ ਪਰਜਾ ਨਹੀਂ ਹਨ ਸਗੋਂ ਰਾਜ ਦੇ “ਪੁੱਤ੍ਰ” ਜਾਂ ਵਾਰਸ ਹਨ।—ਰੋਮੀ. 8:14-17; ਗਲਾਤੀਆਂ 4:6, 7 ਪੜ੍ਹੋ।
ਕਣਕ ਅਤੇ ਜੰਗਲੀ ਬੂਟੀ ਦਾ ਦ੍ਰਿਸ਼ਟਾਂਤ
3. ਸਮਝਾਓ ਕਿ ਦ੍ਰਿਸ਼ਟਾਂਤ ਵਿਚਲੇ ਮਨੁੱਖ ਨੂੰ ਕਿਹੜੀ ਮੁਸ਼ਕਲ ਆਈ ਤੇ ਉਸ ਨੇ ਇਸ ਮੁਸ਼ਕਲ ਨੂੰ ਕਿਵੇਂ ਸੁਲਝਾਉਣ ਦਾ ਫ਼ੈਸਲਾ ਕੀਤਾ?
3 ਦ੍ਰਿਸ਼ਟਾਂਤ ਇਹ ਹੈ: “ਸੁਰਗ ਦਾ ਰਾਜ ਇੱਕ ਮਨੁੱਖ ਵਰਗਾ ਹੈ ਜਿਹ ਨੇ ਆਪਣੇ ਖੇਤ ਵਿੱਚ ਚੰਗਾ ਬੀ ਬੀਜਿਆ। ਪਰ ਜਦ ਲੋਕ ਸੌਂ ਰਹੇ ਸਨ ਤਦ ਉਹ ਦਾ ਵੈਰੀ ਆਇਆ ਅਰ ਉਹ ਦੀ ਕਣਕ ਵਿੱਚ ਜੰਗਲੀ ਬੂਟੀ ਬੀਜ ਗਿਆ। ਅਰ ਜਦ ਅੰਗੂਰੀ ਨਿੱਕਲੀ ਅਤੇ ਸਿੱਟੇ ਲੱਗੇ ਤਦ ਜੰਗਲੀ ਬੂਟੀ ਵੀ ਦਿਸ ਪਈ। ਤਾਂ ਘਰ ਦੇ ਮਾਲਕ ਦੇ ਚਾਕਰਾਂ ਨੇ ਕੋਲ ਆਣ ਕੇ ਉਹ ਨੂੰ ਆਖਿਆ, ਭਲਾ, ਸੁਆਮੀ ਜੀ, ਤੁਸਾਂ ਆਪਣੇ ਖੇਤ ਵਿੱਚ ਚੰਗਾ ਬੀ ਨਹੀਂ ਸੀ ਬੀਜਿਆ? ਫੇਰ ਜੰਗਲੀ ਬੂਟੀ ਕਿੱਥੋਂ ਆਈ? ਉਹ ਨੇ ਉਨ੍ਹਾਂ ਨੂੰ ਆਖਿਆ, ਇਹ ਕਿਸੇ ਵੈਰੀ ਦਾ ਕੰਮ ਹੈ। ਤਾਂ ਚਾਕਰਾਂ ਨੇ ਉਹ ਨੂੰ ਆਖਿਆ, ਜੇ ਮਰਜੀ ਹੋਵੇ ਤਾਂ ਅਸੀਂ ਜਾਕੇ ਉਹ ਨੂੰ ਇਕੱਠਾ ਕਰੀਏ? ਪਰ ਉਹ ਨੇ ਕਿਹਾ, ਨਾ, ਮਤੇ ਤੁਸੀਂ ਜੰਗਲੀ ਬੂਟੀ ਨੂੰ ਇਕੱਠਾ ਕਰਦਿਆਂ ਕਣਕ ਨੂੰ ਵੀ ਨਾਲ ਹੀ ਪੁੱਟ ਲਓ। ਵਾਢੀ ਤੋੜੀ ਦੋਹਾਂ ਨੂੰ ਰਲੇ ਮਿਲੇ ਵਧਣ ਦਿਓ ਅਰ ਮੈਂ ਵਾਢੀ ਦੇ ਵੇਲੇ ਵੱਢਣ ਵਾਲਿਆਂ ਨੂੰ ਆਖਾਂਗਾ ਜੋ ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਫੂਕਣ ਲਈ ਉਹ ਦੀਆਂ ਪੂਲੀਆਂ ਬੰਨ੍ਹੋ ਪਰ ਕਣਕ ਨੂੰ ਮੇਰੇ ਕੋਠੇ ਵਿੱਚ ਜਮਾ ਕਰੋ।”—ਮੱਤੀ 13:24-30.
4. (ੳ) ਦ੍ਰਿਸ਼ਟਾਂਤ ਵਿਚਲਾ ਮਨੁੱਖ ਕੌਣ ਹੈ? (ਅ) ਬੀ ਬੀਜਣ ਦਾ ਕੰਮ ਯਿਸੂ ਨੇ ਕਦੋਂ ਅਤੇ ਕਿਵੇਂ ਸ਼ੁਰੂ ਕੀਤਾ?
4 ਉਹ ਮਨੁੱਖ ਕੌਣ ਹੈ ਜਿਸ ਨੇ ਆਪਣੇ ਖੇਤ ਵਿਚ ਚੰਗਾ ਬੀ ਬੀਜਿਆ ਸੀ? ਯਿਸੂ ਨੇ ਆਪਣੇ ਚੇਲਿਆਂ ਨੂੰ ਸਮਝਾਉਂਦੇ ਹੋਏ ਜਵਾਬ ਦਿੱਤਾ: “ਜਿਹੜਾ ਚੰਗਾ ਬੀ ਬੀਜਦਾ ਹੈ ਉਹ ਮਨੁੱਖ ਦਾ ਪੁੱਤ੍ਰ ਹੈ।” (ਮੱਤੀ 13:37) ਯਿਸੂ ਹੀ “ਮਨੁੱਖ ਦਾ ਪੁੱਤ੍ਰ” ਹੈ ਅਤੇ ਉਸ ਨੇ ਆਪਣੀ ਸੇਵਕਾਈ ਦੇ ਸਾਢੇ ਤਿੰਨ ਸਾਲਾਂ ਦੌਰਾਨ ਬੀ ਬੀਜਣ ਲਈ ਖੇਤ ਨੂੰ ਤਿਆਰ ਕੀਤਾ ਸੀ। (ਮੱਤੀ 8:20; 25:31; 26:64) ਫਿਰ ਪੰਤੇਕੁਸਤ 33 ਈਸਵੀ ਤੋਂ ਉਸ ਨੇ ਚੰਗਾ ਬੀ ਬੀਜਣਾ ਸ਼ੁਰੂ ਕਰ ਦਿੱਤਾ ਜੋ ਕਿ “ਰਾਜ ਦੇ ਪੁੱਤ੍ਰ” ਹਨ। ਬੀਜਾਈ ਦਾ ਇਹ ਕੰਮ ਉਦੋਂ ਹੋਣ ਲੱਗਾ ਜਦੋਂ ਯਿਸੂ ਨੇ ਯਹੋਵਾਹ ਦੇ ਪ੍ਰਤਿਨਿਧ ਵਜੋਂ ਚੇਲਿਆਂ ਉੱਤੇ ਪਵਿੱਤਰ ਸ਼ਕਤੀ ਪਾਉਣੀ ਸ਼ੁਰੂ ਕੀਤੀ। ਇਸ ਤਰ੍ਹਾਂ ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਪੁੱਤਰਾਂ ਵਜੋਂ ਮਸਹ ਕੀਤਾ।b (ਰਸੂ. 2:33) ਚੰਗਾ ਬੀ ਵਧ ਕੇ ਕਣਕ ਬਣ ਗਿਆ। ਸੋ ਚੰਗੇ ਬੀ ਨੂੰ ਬੀਜਣ ਦਾ ਮਕਸਦ ਉਨ੍ਹਾਂ ਸਾਰੇ ਮੈਂਬਰਾਂ ਨੂੰ ਇਕੱਠਾ ਕਰਨਾ ਸੀ ਜਿਨ੍ਹਾਂ ਨੇ ਰਾਜ ਦੇ ਵਾਰਸ ਬਣ ਕੇ ਯਿਸੂ ਨਾਲ ਰਾਜ ਕਰਨਾ ਸੀ।
5. ਦ੍ਰਿਸ਼ਟਾਂਤ ਵਿਚ ਵੈਰੀ ਕੌਣ ਹੈ ਅਤੇ ਜੰਗਲੀ ਬੂਟੀ ਨੂੰ ਕੌਣ ਦਰਸਾਉਂਦਾ ਹੈ?
5 ਵੈਰੀ ਅਤੇ ਜੰਗਲੀ ਬੂਟੀ ਕੌਣ ਹਨ? ਯਿਸੂ ਦੱਸਦਾ ਹੈ ਕਿ ਵੈਰੀ “ਸ਼ਤਾਨ” ਹੈ ਅਤੇ ਜੰਗਲੀ ਬੂਟੀ “ਦੁਸ਼ਟ ਦੇ ਪੁੱਤ੍ਰ” ਹਨ। (ਮੱਤੀ 13:25, 38, 39) ਜਿਸ ਜੰਗਲੀ ਬੂਟੀ ਦੀ ਗੱਲ ਯਿਸੂ ਕਰ ਰਿਹਾ ਸੀ, ਉਹ ਸ਼ਾਇਦ ਇਕ ਰੇਸ਼ੇਦਾਰ ਬੂਟਾ ਸੀ। ਛੋਟੇ ਹੁੰਦਿਆਂ ਇਹ ਜ਼ਹਿਰੀਲਾ ਬੂਟਾ ਦੇਖਣ ਨੂੰ ਕਣਕ ਵਰਗਾ ਲੱਗਦਾ ਹੈ, ਪਰ ਵੱਡਾ ਹੋਣ ਤੇ ਹੀ ਪਤਾ ਲੱਗਦਾ ਹੈ ਕਿ ਇਹ ਜੰਗਲੀ ਬੂਟੀ ਹੈ। ਇਹ ਉਨ੍ਹਾਂ ਨੂੰ ਕਿੰਨੀ ਚੰਗੀ ਤਰ੍ਹਾਂ ਦਰਸਾਉਂਦਾ ਹੈ ਜੋ ਰਾਜ ਦੇ ਪੁੱਤਰ ਹੋਣ ਦਾ ਦਾਅਵਾ ਕਰਦੇ ਹਨ, ਪਰ ਚੰਗੇ ਫਲ ਪੈਦਾ ਨਹੀਂ ਕਰਦੇ! ਇਹ ਪਖੰਡੀ ਮਸੀਹੀ, ਜੋ ਯਿਸੂ ਦੇ ਚੇਲੇ ਹੋਣ ਦਾ ਦਾਅਵਾ ਕਰਦੇ ਹਨ, ਅਸਲ ਵਿਚ ਸ਼ਤਾਨ ਦੀ ਹੀ “ਸੰਤਾਨ” ਹਨ।—ਉਤ. 3:15.
6. ਜੰਗਲੀ ਬੂਟੀ ਕਦੋਂ ਪ੍ਰਗਟ ਹੋਣ ਲੱਗੀ ਅਤੇ ਉਸ ਸਮੇਂ ਲੋਕ ਕਿਵੇਂ “ਸੌਂ” ਰਹੇ ਸਨ?
6 ਜੰਗਲੀ ਬੂਟੀ ਵਰਗੇ ਮਸੀਹੀ ਕਦੋਂ ਪ੍ਰਗਟ ਹੋਏ? ਯਿਸੂ ਕਹਿੰਦਾ ਹੈ ਕਿ “ਜਦ ਲੋਕ ਸੌਂ ਰਹੇ ਸਨ।” (ਮੱਤੀ 13:25) ਉਹ ਕਦੋਂ ਸੌਂ ਰਹੇ ਸਨ? ਇਸ ਦਾ ਜਵਾਬ ਸਾਨੂੰ ਅਫ਼ਸੁਸ ਦੇ ਬਜ਼ੁਰਗਾਂ ਨੂੰ ਕਹੇ ਪੌਲੁਸ ਰਸੂਲ ਦੇ ਸ਼ਬਦਾਂ ਤੋਂ ਮਿਲਦਾ ਹੈ: ‘ਮੈਂ ਜਾਣਦਾ ਹਾਂ ਜੋ ਮੇਰੇ ਜਾਣ ਦੇ ਪਿੱਛੋਂ ਬੁਰੇ ਬੁਰੇ ਬਘਿਆੜ ਤੁਹਾਡੇ ਵਿੱਚ ਆ ਵੜਨਗੇ ਜੋ ਇੱਜੜ ਨੂੰ ਨਾ ਛੱਡਣਗੇ। ਅਤੇ ਤੁਹਾਡੇ ਆਪਣੇ ਹੀ ਵਿੱਚੋਂ ਕਈ ਪੁਰਸ਼ ਖੜੇ ਹੋਣਗੇ ਜਿਹੜੇ ਉਲਟੀਆਂ ਗੱਲਾਂ ਕਰਨਗੇ ਭਈ ਚੇਲਿਆਂ ਨੂੰ ਆਪਣੀ ਵੱਲ ਖਿੱਚ ਲੈ ਜਾਣ।’ (ਰਸੂ. 20:29, 30) ਉਸ ਨੇ ਫਿਰ ਬਜ਼ੁਰਗਾਂ ਨੂੰ ਜਾਗਦੇ ਰਹਿਣ ਦੀ ਤਾਕੀਦ ਕੀਤੀ। ਜਿੰਨਾ ਚਿਰ ਯਿਸੂ ਦੇ ਰਸੂਲ ਜੀਉਂਦੇ ਰਹੇ, ਉੱਨਾ ਚਿਰ ਉਹ ਧਰਮ-ਤਿਆਗੀਆਂ ਨੂੰ ਰੋਕਦੇ ਰਹੇ, ਪਰ ਰਸੂਲਾਂ ਦੀ ਮੌਤ ਹੋਣ ਤੇ ਕਈ ਮਸੀਹੀ ਸੌਣ ਲੱਗ ਪਏ ਯਾਨੀ ਪਰਮੇਸ਼ੁਰ ਤੋਂ ਦੂਰ ਹੋਣ ਲੱਗ ਪਏ। (2 ਥੱਸਲੁਨੀਕੀਆਂ 2:3, 6-8 ਪੜ੍ਹੋ।) ਉਦੋਂ ਤੋਂ ਹੀ ਧਰਮ-ਤਿਆਗ ਹੋਣਾ ਸ਼ੁਰੂ ਹੋ ਗਿਆ।
7. ਕੀ ਕੁਝ ਕਣਕ ਜੰਗਲੀ ਬੂਟੀ ਵਿਚ ਬਦਲ ਗਈ ਸੀ? ਸਮਝਾਓ।
7 ਯਿਸੂ ਨੇ ਇਹ ਨਹੀਂ ਸੀ ਕਿਹਾ ਕਿ ਕਣਕ ਜੰਗਲੀ ਬੂਟੀ ਬਣ ਜਾਵੇਗੀ, ਪਰ ਇਹ ਕਿਹਾ ਸੀ ਕਿ ਕਣਕ ਵਿਚ ਜੰਗਲੀ ਬੂਟੀ ਬੀਜੀ ਗਈ ਸੀ। ਸੋ ਇਹ ਦ੍ਰਿਸ਼ਟਾਂਤ ਉਨ੍ਹਾਂ ਸੱਚੇ ਮਸੀਹੀਆਂ ਦੀ ਗੱਲ ਨਹੀਂ ਕਰਦਾ ਜਿਹੜੇ ਸੱਚਾਈ ਛੱਡ ਦਿੰਦੇ ਹਨ। ਇਸ ਦੀ ਬਜਾਇ ਇਹ ਦੱਸਦਾ ਹੈ ਕਿ ਸ਼ਤਾਨ ਨੇ ਜਾਣ-ਬੁੱਝ ਕੇ ਮਸੀਹੀ ਕਲੀਸਿਯਾ ਨੂੰ ਭ੍ਰਿਸ਼ਟ ਕਰਨ ਲਈ ਇਸ ਵਿਚ ਭੈੜੇ ਲੋਕ ਲਿਆਂਦੇ। ਜਦ ਆਖ਼ਰੀ ਰਸੂਲ ਯੂਹੰਨਾ ਬੁੱਢਾ ਹੋ ਚੁੱਕਾ ਸੀ, ਉਦੋਂ ਧਰਮ-ਤਿਆਗ ਸਾਫ਼ ਨਜ਼ਰ ਆ ਰਿਹਾ ਸੀ।—2 ਪਤ. 2:1-3; 1 ਯੂਹੰ. 2:18.
“ਵਾਢੀ ਤੋੜੀ ਦੋਹਾਂ ਨੂੰ ਰਲੇ ਮਿਲੇ ਵਧਣ ਦਿਓ”
8, 9. (ੳ) ਨੌਕਰਾਂ ਨੂੰ ਕਹੀ ਮਾਲਕ ਦੀ ਗੱਲ ਯਿਸੂ ਦੇ ਸੁਣਨ ਵਾਲੇ ਕਿਉਂ ਸਮਝ ਸਕਦੇ ਸਨ? (ਅ) ਦ੍ਰਿਸ਼ਟਾਂਤ ਦੀ ਪੂਰਤੀ ਵਿਚ ਕਣਕ ਅਤੇ ਜੰਗਲੀ ਬੂਟੀ ਕਿਵੇਂ ਇਕੱਠੇ ਵਧੇ ਹਨ?
8 ਮਾਲਕ ਦੇ ਨੌਕਰ ਉਸ ਨੂੰ ਸਮੱਸਿਆ ਬਾਰੇ ਦੱਸਦੇ ਹਨ ਅਤੇ ਪੁੱਛਦੇ ਹਨ: “ਜੇ ਮਰਜੀ ਹੋਵੇ ਤਾਂ ਅਸੀਂ ਜਾਕੇ [ਜੰਗਲੀ ਬੂਟੀ] ਨੂੰ ਇਕੱਠਾ ਕਰੀਏ?” (ਮੱਤੀ 13:27, 28) ਉਹ ਉਨ੍ਹਾਂ ਨੂੰ ਕਹਿੰਦਾ ਹੈ ਕਿ ਵਾਢੀ ਦਾ ਸਮਾਂ ਆਉਣ ਤਕ ਕਣਕ ਤੇ ਜੰਗਲੀ ਬੂਟੀ ਨੂੰ ਇਕੱਠੇ ਵਧਣ ਦਿਓ। ਇਹ ਜਵਾਬ ਸ਼ਾਇਦ ਤੁਹਾਨੂੰ ਅਜੀਬ ਲੱਗੇ। ਪਰ ਇਹ ਗੱਲ ਯਿਸੂ ਦੇ ਚੇਲੇ ਸਮਝ ਸਕਦੇ ਸਨ। ਉਨ੍ਹਾਂ ਨੂੰ ਪਤਾ ਹੋਣਾ ਕਿ ਰੇਸ਼ੇਦਾਰ ਬੂਟੇ ਅਤੇ ਕਣਕ ਵਿਚ ਫ਼ਰਕ ਦੇਖਣਾ ਕਿੰਨਾ ਮੁਸ਼ਕਲ ਸੀ। ਜਿਹੜੇ ਥੋੜ੍ਹੀ-ਬਹੁਤੀ ਖੇਤੀ-ਬਾੜੀ ਕਰਨੀ ਜਾਣਦੇ ਹਨ, ਉਨ੍ਹਾਂ ਨੂੰ ਵੀ ਪਤਾ ਹੋਵੇਗਾ ਕਿ ਰੇਸ਼ੇਦਾਰ ਬੂਟੇ ਦੀਆਂ ਜੜ੍ਹਾਂ ਕਣਕ ਦੀਆਂ ਜੜ੍ਹਾਂ ਵਿਚ ਫਸ ਜਾਂਦੀਆਂ ਹਨ।c ਕੋਈ ਹੈਰਾਨੀ ਦੀ ਗੱਲ ਨਹੀਂ ਕਿ ਮਾਲਕ ਉਨ੍ਹਾਂ ਨੂੰ ਉਡੀਕ ਕਰਨ ਲਈ ਕਹਿੰਦਾ ਹੈ!
9 ਇਸੇ ਤਰ੍ਹਾਂ ਸਦੀਆਂ ਦੌਰਾਨ ਈਸਾਈ-ਜਗਤ ਦੇ ਵੱਖੋ-ਵੱਖਰੇ ਪੰਥਾਂ ਨੇ ਢੇਰ ਸਾਰੀ ਜੰਗਲੀ ਬੂਟੀ ਪੈਦਾ ਕੀਤੀ ਹੈ—ਪਹਿਲਾਂ ਰੋਮਨ ਕੈਥੋਲਿਕ ਅਤੇ ਆਰਥੋਡਾਕਸ ਚਰਚ ਵਿਚ ਅਤੇ ਬਾਅਦ ਵਿਚ ਕਈ ਪ੍ਰੋਟੈਸਟੈਂਟ ਗਰੁੱਪਾਂ ਵਿਚ। ਇਸੇ ਸਮੇਂ ਦੌਰਾਨ ਯਿਸੂ ਖੇਤ ਯਾਨੀ ਦੁਨੀਆਂ ਵਿਚ ਚੰਗੀ ਕਣਕ ਦੇ ਕੁਝ ਬੀ ਬੀਜਦਾ ਰਿਹਾ। ਦ੍ਰਿਸ਼ਟਾਂਤ ਵਿਚਲੇ ਮਾਲਕ ਨੇ ਧੀਰਜ ਨਾਲ ਫ਼ਸਲ ਦੇ ਵਧਣ ਦੀ ਉਡੀਕ ਕੀਤੀ ਜੋ ਕਿ ਲੰਬਾ ਸਮਾਂ ਹੁੰਦਾ ਹੈ, ਜਦਕਿ ਵਾਢੀ ਦਾ ਸਮਾਂ ਬਹੁਤ ਥੋੜ੍ਹਾ ਹੁੰਦਾ ਹੈ।
ਵਾਢੀ ਦੀ ਲੰਬੀ ਉਡੀਕ
10, 11. (ੳ) ਵਾਢੀ ਦਾ ਵੇਲਾ ਕਿਹੜਾ ਹੈ? (ਅ) ਕਣਕ ਨੂੰ ਯਹੋਵਾਹ ਦੇ ਕੋਠੇ ਵਿਚ ਕਿਵੇਂ ਜਮ੍ਹਾ ਕੀਤਾ ਜਾ ਰਿਹਾ ਹੈ?
10 ਯਿਸੂ ਸਾਨੂੰ ਦੱਸਦਾ ਹੈ: “ਵਾਢੀ ਦਾ ਵੇਲਾ ਜੁਗ ਦਾ ਅੰਤ ਹੈ ਅਰ ਵੱਢਣ ਵਾਲੇ ਦੂਤ ਹਨ।” (ਮੱਤੀ 13:39) ਇਸ ਬੁਰੀ ਦੁਨੀਆਂ ਦੇ ਅੰਤ ਦੇ ਦਿਨਾਂ ਦੌਰਾਨ ਵੱਖਰੇ ਕਰਨ ਦਾ ਕੰਮ ਹੋ ਰਿਹਾ ਹੈ। ਰਾਜ ਦੇ ਪੁੱਤਰਾਂ ਨੂੰ ਇਕੱਠਾ ਕਰ ਕੇ ਉਨ੍ਹਾਂ ਨੂੰ ਜੰਗਲੀ ਬੂਟੀ ਵਰਗਿਆਂ ਤੋਂ ਅੱਡ ਕੀਤਾ ਜਾ ਰਿਹਾ ਹੈ। ਇਸ ਬਾਰੇ ਪਤਰਸ ਰਸੂਲ ਕਹਿੰਦਾ ਹੈ: “ਸਮਾ ਆ ਪਹੁੰਚਾ ਭਈ ਪਰਮੇਸ਼ੁਰ ਦੇ ਘਰੋਂ ਨਿਆਉਂ ਸ਼ੁਰੂ ਹੋਵੇ ਅਤੇ ਜੇ ਉਹ ਪਹਿਲਾਂ ਸਾਥੋਂ ਸ਼ੁਰੂ ਹੋਵੇ ਤਾਂ ਉਨ੍ਹਾਂ ਦਾ ਅੰਤ ਕੀ ਹੋਵੇਗਾ ਜਿਹੜੇ ਪਰਮੇਸ਼ੁਰ ਦੀ ਖੁਸ਼ ਖਬਰੀ ਨੂੰ ਨਹੀਂ ਮੰਨਦੇ?”—1 ਪਤ. 4:17.
11 ਅੰਤ ਦੇ ਦਿਨਾਂ ਜਾਂ “ਜੁਗ ਦਾ ਅੰਤ” ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਬਾਅਦ ਸੱਚੇ ਮਸੀਹੀ ਹੋਣ ਦਾ ਦਾਅਵਾ ਕਰਨ ਵਾਲਿਆਂ ਦਾ ਨਿਆਂ ਸ਼ੁਰੂ ਹੋਇਆ, ਭਾਵੇਂ ਉਹ “ਰਾਜ ਦੇ ਪੁੱਤ੍ਰ” ਸਨ ਜਾਂ “ਦੁਸ਼ਟ ਦੇ ਪੁੱਤ੍ਰ।” ਵਾਢੀ ਦੇ ਸ਼ੁਰੂ ਵਿਚ “ਪਹਿਲਾਂ” ਵੱਡੀ ਬਾਬਲ ਡਿੱਗੀ, ਫਿਰ ਰਾਜ ਦੇ ਪੁੱਤਰਾਂ ਨੂੰ ਇਕੱਠਾ ਕੀਤਾ ਗਿਆ। (ਮੱਤੀ 13:30) ਪਰ ਕਣਕ ਨੂੰ ਹੁਣ ਯਹੋਵਾਹ ਦੇ ਕੋਠੇ ਵਿਚ ਕਿਵੇਂ ਜਮ੍ਹਾ ਕੀਤਾ ਜਾ ਰਿਹਾ ਹੈ? ਇਸ ਦਾ ਇਕ ਮਤਲਬ ਹੋ ਸਕਦਾ ਹੈ, ਮਸਹ ਕੀਤੇ ਮਸੀਹੀਆਂ ਨੂੰ ਮੁੜ ਬਹਾਲ ਹੋਈ ਮਸੀਹੀ ਕਲੀਸਿਯਾ ਵਿਚ ਲਿਆਉਣਾ ਜਿੱਥੇ ਉਹ ਪਰਮੇਸ਼ੁਰ ਦੀ ਮਿਹਰ ਤੇ ਸੁਰੱਖਿਆ ਪਾਉਂਦੇ ਹਨ। ਦੂਸਰਾ ਮਤਲਬ ਹੋ ਸਕਦਾ ਹੈ, ਉਨ੍ਹਾਂ ਨੂੰ ਸਵਰਗੀ ਇਨਾਮ ਮਿਲਣਾ।
12. ਵਾਢੀ ਕਿੰਨੀ ਦੇਰ ਤਾਈਂ ਹੁੰਦੀ ਰਹੇਗੀ?
12 ਨਿਆਂ ਕਿੰਨੀ ਦੇਰ ਲਈ ਹੁੰਦਾ ਰਹੇਗਾ? ਯਿਸੂ ਨੇ ਵਾਢੀ ਨੂੰ “ਵੇਲਾ” ਜਾਂ ਮੌਸਮ ਕਿਹਾ, ਇਸ ਲਈ ਇਹ ਕੁਝ ਸਮੇਂ ਤਾਈਂ ਚੱਲਦਾ ਰਹੇਗਾ। (ਪਰ. 14:15, 16) ਇਕੱਲੇ-ਇਕੱਲੇ ਮਸਹ ਕੀਤੇ ਹੋਏ ਮਸੀਹੀ ਦਾ ਨਿਆਂ ਅੰਤ ਦੇ ਸਮੇਂ ਦੌਰਾਨ ਹੁੰਦਾ ਰਹੇਗਾ। ਇਹ ਉਦੋਂ ਤਕ ਹੁੰਦਾ ਰਹੇਗਾ ਜਦ ਤਕ ਉਨ੍ਹਾਂ ਉੱਤੇ ਆਖ਼ਰੀ ਮੋਹਰ ਨਹੀਂ ਲੱਗ ਜਾਂਦੀ।—ਪਰ. 7:1-4.
13. ਜੰਗਲੀ ਬੂਟੀ ਕਿਸ ਤਰੀਕੇ ਨਾਲ ਠੋਕਰ ਖੁਆਉਂਦੀ ਹੈ ਅਤੇ ਕੁਕਰਮ ਕਰਦੀ ਹੈ?
13 ਕਿਨ੍ਹਾਂ ਨੂੰ ਰਾਜ ਵਿੱਚੋਂ ਇਕੱਠਿਆਂ ਕੀਤਾ ਜਾਂ ਕੱਢਿਆ ਜਾਵੇਗਾ ਅਤੇ ਉਹ ਕਿਵੇਂ ਠੋਕਰ ਖੁਆਉਂਦੇ ਅਤੇ ਕੁਕਰਮ ਕਰਦੇ ਹਨ? (ਮੱਤੀ 13:41) ਈਸਾਈ-ਜਗਤ ਦੇ ਜੰਗਲੀ ਬੂਟੀ ਵਰਗੇ ਪਾਦਰੀਆਂ ਨੇ ਸਦੀਆਂ ਤੋਂ ਲੱਖਾਂ ਲੋਕਾਂ ਨੂੰ ਗੁਮਰਾਹ ਕੀਤਾ ਹੈ। ਉਨ੍ਹਾਂ ਨੇ “ਠੋਕਰ ਖੁਆਉਣ ਵਾਲੀਆਂ ਚੀਜ਼ਾਂ” ਯਾਨੀ ਪਰਮੇਸ਼ੁਰ ਦਾ ਅਨਾਦਰ ਕਰਨ ਵਾਲੀਆਂ ਸਿੱਖਿਆਵਾਂ ਦੇ ਜ਼ਰੀਏ ਇਸ ਤਰ੍ਹਾਂ ਕੀਤਾ ਹੈ। ਮਿਸਾਲ ਲਈ, ਨਰਕ ਵਿਚ ਹਮੇਸ਼ਾ ਲਈ ਤੜਫ਼ਾਇਆ ਜਾਣਾ ਅਤੇ ਭੰਬਲ-ਭੂਸੇ ਵਿਚ ਪਾਉਣ ਵਾਲੀ ਤ੍ਰਿਏਕ ਦੀ ਸਿੱਖਿਆ। ਕਈ ਧਾਰਮਿਕ ਆਗੂਆਂ ਨੇ ਆਪਣੇ ਲੋਕਾਂ ਲਈ ਬੁਰੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਇਸ ਦੁਨੀਆਂ ਨਾਲ ਨਾਜਾਇਜ਼ ਦੋਸਤੀ ਕੀਤੀ ਹੈ ਅਤੇ ਕੁਝ ਹਾਲਾਤਾਂ ਵਿਚ ਖੁੱਲ੍ਹੇ-ਆਮ ਗੰਦੇ ਕੰਮ ਕੀਤੇ ਹਨ। (ਯਾਕੂ. 4:4) ਇਸ ਦੇ ਨਾਲ-ਨਾਲ ਈਸਾਈ-ਜਗਤ ਨੇ ਆਪਣੇ ਮੈਂਬਰਾਂ ਨੂੰ ਗੰਦੇ-ਮੰਦੇ ਕੰਮ ਕਰਨ ਤੋਂ ਰੋਕਿਆ ਨਹੀਂ। (ਯਹੂਦਾਹ 4 ਪੜ੍ਹੋ।) ਇਸ ਸਭ ਦੇ ਬਾਵਜੂਦ, ਉਹ ਧਰਮੀ ਹੋਣ ਦਾ ਦਿਖਾਵਾ ਕਰਦੇ ਹਨ। ਤਾਂ ਫਿਰ ਰਾਜ ਦੇ ਪੁੱਤਰ ਕਿੰਨੇ ਖ਼ੁਸ਼ ਹਨ ਕਿ ਉਹ ਇਨ੍ਹਾਂ ਜੰਗਲੀ ਬੂਟੀ ਵਰਗਿਆਂ ਦੇ ਅਸਰ ਤੋਂ ਅਤੇ ਉਨ੍ਹਾਂ ਗ਼ਲਤ ਸਿੱਖਿਆਵਾਂ ਤੋਂ ਅੱਡ ਹਨ ਜੋ ਠੋਕਰ ਖੁਆਉਂਦੀਆਂ ਹਨ!
14. ਜੰਗਲੀ ਬੂਟੀ ਵਰਗੇ ਕਿਵੇਂ ਰੋਂਦੇ ਅਤੇ ਕਚੀਚੀਆਂ ਵੱਟਦੇ ਹਨ?
14 ਜੰਗਲੀ ਬੂਟੀ ਵਰਗੇ ਕਿਵੇਂ ਰੋਂਦੇ ਅਤੇ ਕਚੀਚੀਆਂ ਵੱਟਦੇ ਹਨ? (ਮੱਤੀ 13:42) ‘ਦੁਸ਼ਟ ਦੇ ਪੁੱਤਰਾਂ’ ਨੂੰ ਚੰਗਾ ਨਹੀਂ ਲੱਗਦਾ ਜਦੋਂ “ਰਾਜ ਦੇ ਪੁੱਤ੍ਰ” ਜ਼ਹਿਰੀਲੀ ਜੰਗਲੀ ਬੂਟੀ ਵਰਗੇ ਉਨ੍ਹਾਂ ਦੇ ਅਸਰ ਅਤੇ ਸਿੱਖਿਆਵਾਂ ਦਾ ਪਰਦਾ ਫ਼ਾਸ਼ ਕਰਦੇ ਹਨ। ਉਹ ਰੋਂਦੇ ਵੀ ਹਨ ਜਦੋਂ ਉਹ ਦੇਖਦੇ ਹਨ ਕਿ ਚਰਚ ਦੇ ਮੈਂਬਰਾਂ ਦਾ ਸਮਰਥਨ ਘੱਟਦਾ ਜਾ ਰਿਹਾ ਹੈ ਅਤੇ ਲੋਕ ਉਨ੍ਹਾਂ ਦੀ ਗੱਲ ਨਹੀਂ ਮੰਨਦੇ।—ਯਸਾਯਾਹ 65:13, 14 ਪੜ੍ਹੋ।
15. ਕਿਸ ਅਰਥ ਵਿਚ ਜੰਗਲੀ ਬੂਟੀ ਨੂੰ ਇਕੱਠਾ ਕਰ ਕੇ ਅੱਗ ਵਿਚ ਸੁੱਟਿਆ ਜਾਵੇਗਾ?
15 ਕਿਸ ਅਰਥ ਵਿਚ ਜੰਗਲੀ ਬੂਟੀ ਨੂੰ ਇਕੱਠਾ ਕਰ ਕੇ ਅੱਗ ਵਿਚ ਸੁੱਟਿਆ ਜਾਵੇਗਾ? (ਮੱਤੀ 13:40) ਇਸ ਤੋਂ ਪਤਾ ਲੱਗਦਾ ਹੈ ਕਿ ਜੰਗਲੀ ਬੂਟੀ ਦਾ ਆਖ਼ਰ ਵਿਚ ਕੀ ਅੰਜਾਮ ਹੋਵੇਗਾ। ਉਨ੍ਹਾਂ ਨੂੰ ਅੱਗ ਦੀ ਭੱਠੀ ਵਿਚ ਸੁੱਟੇ ਜਾਣ ਦਾ ਮਤਲਬ ਹੈ ਕਿ ਉਨ੍ਹਾਂ ਦਾ ਹਮੇਸ਼ਾ ਲਈ ਨਾਸ਼ ਕੀਤਾ ਜਾਵੇਗਾ। (ਪਰ. 20:14; 21:8) ‘ਵੱਡੇ ਕਸ਼ਟ’ ਦੌਰਾਨ ਜੰਗਲੀ ਬੂਟੀ ਵਰਗੇ ਫਰੇਬੀ ਮਸੀਹੀਆਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ।—ਮੱਤੀ 24:21.
ਉਹ “ਸੂਰਜ ਵਾਂਙੁ ਚਮਕਣਗੇ”
16, 17. ਮਲਾਕੀ ਨੇ ਪਰਮੇਸ਼ੁਰ ਦੀ ਹੈਕਲ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਸੀ ਅਤੇ ਇਹ ਕਦੋਂ ਪੂਰੀ ਹੋਣ ਲੱਗੀ?
16 ਕਿਸ ਸਮੇਂ ਕਣਕ ਵਰਗੇ ‘ਸੂਰਜ ਵਾਂਙੁ ਚਮਕਣ’ ਲੱਗੇ? (ਮੱਤੀ 13:43) ਪਰਮੇਸ਼ੁਰ ਦੀ ਹੈਕਲ ਨੂੰ ਸਾਫ਼ ਕਰਨ ਬਾਰੇ ਮਲਾਕੀ ਨੇ ਭਵਿੱਖਬਾਣੀ ਕੀਤੀ: “ਪ੍ਰਭੁ ਜਿਹ ਨੂੰ ਤੁਸੀਂ ਭਾਲਦੇ ਹੋ ਅਚਾਣਕ ਆਪਣੀ ਹੈਕਲ ਵਿੱਚ ਆ ਜਾਵੇਗਾ, ਹਾਂ, ਨੇਮ ਦਾ ਦੂਤ ਜਿਸ ਤੋਂ ਤੁਸੀਂ ਖੁਸ਼ ਹੋ,—ਵੇਖੋ, ਉਹ ਆਉਂਦਾ ਹੈ, ਸੈਨਾਂ ਦਾ ਯਹੋਵਾਹ ਆਖਦਾ ਹੈ। ਪਰ ਉਸ ਦੇ ਆਉਣ ਦੇ ਦਿਨ ਨੂੰ ਕੌਣ ਸਹਾਰ ਸੱਕਦਾ ਹੈ ਅਤੇ ਕੌਣ ਖੜਾ ਰਹੇਗਾ ਜਦ ਉਹ ਪਰਗਟ ਹੋਵੇਗਾ? ਕਿਉਂ ਜੋ ਉਹ ਸੁਨਿਆਰੇ ਦੀ ਅੱਗ ਅਤੇ ਧੋਬੀ ਦੇ ਸਾਬਣ ਵਰਗਾ ਹੈ। ਉਹ ਚਾਂਦੀ ਨੂੰ ਤਾਉਣ ਅਤੇ ਸਾਫ਼ ਕਰਨ ਲਈ ਬੈਠੇਗਾ ਅਤੇ ਲੇਵੀਆਂ ਨੂੰ ਚਾਂਦੀ ਵਾਂਙੁ ਸਾਫ਼ ਕਰੇਗਾ ਅਤੇ ਓਹਨਾਂ ਨੂੰ ਸੋਨੇ ਵਾਂਙੁ ਅਤੇ ਚਾਂਦੀ ਵਾਂਙੁ ਤਾਵੇਗਾ ਅਤੇ ਓਹ ਧਰਮ ਨਾਲ ਯਹੋਵਾਹ ਲਈ ਭੇਟ ਚੜ੍ਹਾਉਣਗੇ।”—ਮਲਾ. 3:1-3.
17 ਆਧੁਨਿਕ ਸਮਿਆਂ ਵਿਚ ਇਹ ਭਵਿੱਖਬਾਣੀ 1918 ਵਿਚ ਪੂਰੀ ਹੋਣੀ ਸ਼ੁਰੂ ਹੋਈ ਜਦੋਂ ਯਹੋਵਾਹ ਨੇ ‘ਨੇਮ ਦੇ ਦੂਤ’ ਯਿਸੂ ਮਸੀਹ ਨਾਲ ਮਿਲ ਕੇ ਹੈਕਲ ਯਾਨੀ ਮਸਹ ਕੀਤੇ ਹੋਏ ਮਸੀਹੀਆਂ ਨੂੰ ਪਰਖਿਆ। ਮਲਾਕੀ ਸਾਨੂੰ ਦੱਸਦਾ ਹੈ ਕਿ ਹੈਕਲ ਨੂੰ ਸਾਫ਼ ਕਰਨ ਤੋਂ ਬਾਅਦ ਕੀ ਹੋਇਆ: ‘ਤੁਸੀਂ ਧਰਮੀ ਅਰ ਦੁਸ਼ਟ ਵਿੱਚ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਵਿੱਚ ਅਤੇ ਜਿਹੜਾ ਸੇਵਾ ਨਹੀਂ ਕਰਦਾ ਉਹ ਦੇ ਵਿੱਚ ਪਰਖ ਕਰੋਗੇ।’ (ਮਲਾ. 3:18) ਜੋਸ਼ ਨਾਲ ਭਰੇ ਸੱਚੇ ਮਸੀਹੀਆਂ ਨੇ ਜਿਸ ਵੇਲੇ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ, ਉਸ ਵੇਲੇ ਵਾਢੀ ਦਾ ਸਮਾਂ ਸ਼ੁਰੂ ਹੋਇਆ ਸੀ।
18. ਸਾਡੇ ਜ਼ਮਾਨੇ ਬਾਰੇ ਦਾਨੀਏਲ ਨੇ ਕਿਹੜੀ ਭਵਿੱਖਬਾਣੀ ਕੀਤੀ?
18 ਦਾਨੀਏਲ ਨਬੀ ਨੇ ਸਾਡੇ ਜ਼ਮਾਨੇ ਬਾਰੇ ਗੱਲ ਕਰਦੇ ਹੋਏ ਭਵਿੱਖਬਾਣੀ ਕੀਤੀ: “ਓਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪਰਕਾਸ਼ ਵਾਂਗਰ ਚਮਕਣਗੇ ਅਤੇ ਓਹ ਜਿਨ੍ਹਾਂ ਦੇ ਉਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗਰ ਜੁੱਗੋ ਜੁੱਗ ਤੀਕਰ।” (ਦਾਨੀ. 12:3) ਇਹ ਕੌਣ ਹਨ ਜੋ ਇੰਨੇ ਚਮਕਦੇ ਹਨ? ਇਹ ਚੰਗੀ ਕਣਕ ਯਾਨੀ ਮਸਹ ਕੀਤੇ ਹੋਏ ਮਸੀਹੀ ਹਨ ਜਿਨ੍ਹਾਂ ਦਾ ਯਿਸੂ ਨੇ ਕਣਕ ਤੇ ਜੰਗਲੀ ਬੂਟੀ ਦੇ ਦ੍ਰਿਸ਼ਟਾਂਤ ਵਿਚ ਜ਼ਿਕਰ ਕੀਤਾ ਸੀ! ਨੇਕਦਿਲ ਲੋਕਾਂ ਦੀ ਵਧਦੀ ਜਾ ਰਹੀ ਵੱਡੀ ਭੀੜ ਜਾਣਦੀ ਹੈ ਕਿ ਇਨ੍ਹਾਂ ਜੰਗਲੀ ਬੂਟੀ ਵਰਗੇ ਮਸੀਹੀਆਂ ਨੂੰ ‘ਇਕੱਠਾ ਕਰਨ’ ਦਾ ਕੀ ਮਤਲਬ ਹੈ। ਰਾਜ ਦੀ ਪਰਜਾ ਬਣਨ ਵਾਲੀ ਇਹ ਭੀੜ ਵੀ ਮਸਹ ਕੀਤੇ ਹੋਇਆਂ ਨਾਲ ਮਿਲ ਕੇ ਇਸ ਅਨ੍ਹੇਰੀ ਦੁਨੀਆਂ ਵਿਚ ਆਪਣਾ ਚਾਨਣ ਚਮਕਾਉਂਦੀ ਹੈ।—ਜ਼ਕ. 8:23; ਮੱਤੀ 5:14-16; ਫ਼ਿਲਿ. 2:15.
19, 20. “ਰਾਜ ਦੇ ਪੁੱਤ੍ਰ” ਉਤਸੁਕਤਾ ਨਾਲ ਕਿਸ ਚੀਜ਼ ਦੀ ਉਡੀਕ ਕਰਦੇ ਹਨ ਅਤੇ ਅਸੀਂ ਅਗਲੇ ਲੇਖ ਵਿਚ ਕਿਸ ਗੱਲ ਉੱਤੇ ਚਰਚਾ ਕਰਾਂਗੇ?
19 ਅੱਜ “ਰਾਜ ਦੇ ਪੁੱਤ੍ਰ” ਉਤਸੁਕਤਾ ਨਾਲ ਆਪਣੇ ਸਵਰਗੀ ਇਨਾਮ ਦੀ ਉਡੀਕ ਕਰਦੇ ਹਨ। (ਰੋਮੀ. 8:18, 19; 1 ਕੁਰਿੰ. 15:53; ਫ਼ਿਲਿ. 1:21-24) ਪਰ ਉਹ ਸਮਾਂ ਆਉਣ ਤਕ ਉਨ੍ਹਾਂ ਨੂੰ ਵਫ਼ਾਦਾਰੀ ਨਾਲ ਆਪਣਾ ਚਾਨਣ ਚਮਕਾਉਂਦੇ ਰਹਿਣਾ ਪਵੇਗਾ ਅਤੇ ‘ਦੁਸ਼ਟ ਦੇ ਪੁੱਤਰਾਂ’ ਤੋਂ ਵੱਖਰੇ ਰਹਿਣਾ ਪਵੇਗਾ। (ਮੱਤੀ 13:38; ਪਰ. 2:10) ਇਹ ਸਨਮਾਨ ਪਾ ਕੇ ਅਸੀਂ ਕਿੰਨੇ ਖ਼ੁਸ਼ ਹਾਂ ਕਿ ਅਸੀਂ ਆਪਣੇ ਜ਼ਮਾਨੇ ਵਿਚ ਇਹ ਸਾਰੀਆਂ ਗੱਲਾਂ ਹੁੰਦੀਆਂ ਦੇਖੀਆਂ ਹਨ ਜਿਸ ਵੇਲੇ ਜੰਗਲੀ ਬੂਟੀ ਨੂੰ ‘ਇਕੱਠਾ’ ਕੀਤਾ ਜਾ ਰਿਹਾ ਹੈ!
20 ਪਰ ‘ਰਾਜ ਦੇ ਪੁੱਤਰਾਂ’ ਅਤੇ ਵਧਦੀ ਜਾ ਰਹੀ ਵੱਡੀ ਭੀੜ ਵਿਚਕਾਰ ਕੀ ਰਿਸ਼ਤਾ ਹੈ ਜੋ ਰਾਜ ਦੀ ਪਰਜਾ ਬਣੇਗੀ ਅਤੇ ਧਰਤੀ ਉੱਤੇ ਹਮੇਸ਼ਾ ਜੀਣ ਦੀ ਉਮੀਦ ਰੱਖਦੀ ਹੈ? ਅਗਲਾ ਲੇਖ ਇਸ ਸਵਾਲ ਦਾ ਜਵਾਬ ਦੇਵੇਗਾ।
[ਫੁਟਨੋਟ]
a ਇਨ੍ਹਾਂ ਦ੍ਰਿਸ਼ਟਾਂਤਾਂ ਬਾਰੇ ਹੋਰ ਜਾਣਕਾਰੀ ਲੈਣ ਲਈ 15 ਜੁਲਾਈ 2008 ਦੇ ਪਹਿਰਾਬੁਰਜ ਦੇ ਸਫ਼ੇ 12-21 ਦੇਖੋ।
b ਇਸ ਦ੍ਰਿਸ਼ਟਾਂਤ ਵਿਚ ਬੀਜਾਈ ਪ੍ਰਚਾਰ ਤੇ ਚੇਲੇ ਬਣਾਉਣ ਦੇ ਕੰਮ ਨੂੰ ਨਹੀਂ ਦਰਸਾਉਂਦੀ। ਪਰ ਇਸ ਕੰਮ ਕਾਰਨ ਨਵੇਂ ਲੋਕ ਸੱਚਾਈ ਵਿਚ ਆਉਂਦੇ ਹਨ ਤੇ ਫਿਰ ਬਾਅਦ ਵਿਚ ਮਸਹ ਕੀਤੇ ਹੋਏ ਮਸੀਹੀ ਬਣਦੇ ਹਨ। ਖੇਤ ਵਿਚ ਬੀਜੇ ਗਏ ਚੰਗੇ ਬੀ ਬਾਰੇ ਯਿਸੂ ਨੇ ਇਹ ਨਹੀਂ ਕਿਹਾ ਕਿ ਉਹ ‘ਰਾਜ ਦੇ ਪੁੱਤ੍ਰ ਬਣਨਗੇ,’ ਸਗੋਂ ਕਿਹਾ ਕਿ ਉਹ ‘ਰਾਜ ਦੇ ਪੁੱਤ੍ਰ ਹਨ।’ ਸੋ ਬੀਜਾਈ ਦਾ ਮਤਲਬ ਰਾਜ ਦੇ ਪੁੱਤਰਾਂ ਨੂੰ ਮਸਹ ਕਰਨਾ ਹੈ ਜੋ ਖੇਤ ਯਾਨੀ ਦੁਨੀਆਂ ਵਿਚ ਰਹਿੰਦੇ ਹਨ।
c ਰੇਸ਼ੇਦਾਰ ਬੂਟੇ ਦੀਆਂ ਜੜ੍ਹਾਂ ਕਣਕ ਦੀਆਂ ਜੜ੍ਹਾਂ ਨਾਲ ਇੰਨੀ ਬੁਰੀ ਤਰ੍ਹਾਂ ਫਸ ਜਾਂਦੀਆਂ ਹਨ ਕਿ ਵਾਢੀ ਤੋਂ ਪਹਿਲਾਂ ਉਨ੍ਹਾਂ ਨੂੰ ਪੁੱਟਣ ਨਾਲ ਕਣਕ ਦਾ ਨੁਕਸਾਨ ਹੋਵੇਗਾ।—ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ), ਭਾਗ ਪਹਿਲਾ, ਸਫ਼ਾ 1178 ਦੇਖੋ।
ਕੀ ਤੁਹਾਨੂੰ ਯਾਦ ਹੈ?
ਯਿਸੂ ਦੇ ਕਣਕ ਅਤੇ ਜੰਗਲੀ ਬੂਟੀ ਦੇ ਦ੍ਰਿਸ਼ਟਾਂਤ ਵਿਚ ਇਨ੍ਹਾਂ ਗੱਲਾਂ ਦਾ ਕੀ ਮਤਲਬ ਹੈ?
• ਚੰਗਾ ਬੀ
• ਮਨੁੱਖ ਜਿਸ ਨੇ ਬੀ ਬੀਜਿਆ
• ਬੀ ਦੀ ਬੀਜਾਈ
• ਵੈਰੀ
• ਜੰਗਲੀ ਬੂਟੀ
• ਵਾਢੀ ਦਾ ਵੇਲਾ
• ਕੋਠਾ
• ਰੋਣਾ ਅਤੇ ਕਚੀਚੀਆਂ ਵੱਟਣਾ
• ਅੱਗ ਦੀ ਭੱਠੀ
[ਸਫ਼ਾ 20 ਉੱਤੇ ਤਸਵੀਰਾਂ]
ਪੰਤੇਕੁਸਤ 33 ਈਸਵੀ ਵਿਚ ਚੰਗਾ ਬੀ ਬੀਜਣਾ ਸ਼ੁਰੂ ਕੀਤਾ ਗਿਆ
[ਸਫ਼ਾ 23 ਉੱਤੇ ਤਸਵੀਰ]
ਕਣਕ ਹੁਣ ਯਹੋਵਾਹ ਦੇ ਕੋਠੇ ਵਿਚ ਜਮ੍ਹਾ ਕੀਤੀ ਜਾ ਰਹੀ ਹੈ
[ਤਸਵੀਰ ਦੀ ਕ੍ਰੈਡਿਟ ਲਾਈਨ]
Pictorial Archive (Near Eastern History) Est.