ਗੁੱਸੇ ʼਤੇ ਕਾਬੂ ਪਾ ਕੇ ‘ਬੁਰਿਆਈ ਨੂੰ ਜਿੱਤਦੇ ਰਹੋ’
‘ਹੇ ਪਿਆਰਿਓ, ਆਪਣਾ ਬਦਲਾ ਨਾ ਲਓ . . . ਸਗੋਂ ਭਲਿਆਈ ਨਾਲ ਬੁਰਿਆਈ ਨੂੰ ਜਿੱਤ ਲਓ।’—ਰੋਮੀ. 12:19, 21.
1, 2. ਕੁਝ ਗਵਾਹਾਂ ਨੇ ਕਿਹੜੀ ਚੰਗੀ ਮਿਸਾਲ ਕਾਇਮ ਕੀਤੀ?
ਜਹਾਜ਼ ਰਾਹੀਂ 34 ਯਹੋਵਾਹ ਦੇ ਗਵਾਹ ਇਕ ਬ੍ਰਾਂਚ ਆਫ਼ਿਸ ਦੇ ਉਦਘਾਟਨ ਪ੍ਰੋਗ੍ਰਾਮ ਤੇ ਜਾ ਰਹੇ ਸਨ ਜਦੋਂ ਜਹਾਜ਼ ਵਿਚ ਕੋਈ ਨੁਕਸ ਪੈ ਗਿਆ ਤੇ ਫਲਾਈਟ ਲੇਟ ਹੋ ਗਈ। ਜਹਾਜ਼ ਦੂਰ ਕਿਸੇ ਹਵਾਈ ਅੱਡੇ ʼਤੇ ਇਕ ਘੰਟੇ ਵਾਸਤੇ ਤੇਲ ਪਵਾਉਣ ਲਈ ਰੁਕਿਆ ਸੀ, ਪਰ 44 ਘੰਟਿਆਂ ਲਈ ਜਹਾਜ਼ ਉੱਥੇ ਹੀ ਰੁਕਿਆ ਰਿਹਾ। ਉੱਥੇ ਖਾਣ ਵਾਲੀਆਂ ਚੀਜ਼ਾਂ, ਪਾਣੀ ਅਤੇ ਗੁਸਲਖ਼ਾਨਿਆਂ ਦੀ ਘਾਟ ਸੀ। ਕਈ ਯਾਤਰੀਆਂ ਨੂੰ ਬਹੁਤ ਗੁੱਸਾ ਆਇਆ ਤੇ ਉਨ੍ਹਾਂ ਨੇ ਹਵਾਈ ਅੱਡੇ ਦੇ ਸਟਾਫ਼ ਨੂੰ ਡਰਾਇਆ-ਧਮਕਾਇਆ। ਪਰ ਭੈਣ-ਭਰਾ ਸ਼ਾਂਤ ਰਹੇ।
2 ਆਖ਼ਰ ਯਹੋਵਾਹ ਦੇ ਗਵਾਹ ਉਦਘਾਟਨ ਪ੍ਰੋਗ੍ਰਾਮ ਦੇ ਅਖ਼ੀਰਲੇ ਭਾਗ ਲਈ ਪਹੁੰਚ ਹੀ ਗਏ। ਭਾਵੇਂ ਉਹ ਥੱਕੇ ਹੋਏ ਸਨ, ਫਿਰ ਵੀ ਉਹ ਪ੍ਰੋਗ੍ਰਾਮ ਤੋਂ ਬਾਅਦ ਉੱਥੇ ਦੇ ਭੈਣਾਂ-ਭਰਾਵਾਂ ਦੀ ਸੰਗਤ ਦਾ ਆਨੰਦ ਮਾਣਨ ਲਈ ਠਹਿਰੇ। ਬਾਅਦ ਵਿਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਹਵਾਈ ਅੱਡੇ ਉੱਤੇ ਹੁੰਦਿਆਂ ਜੋ ਧੀਰਜ ਦਿਖਾਇਆ ਸੀ, ਉਹ ਲੋਕਾਂ ਤੋਂ ਲੁਕਿਆ ਨਹੀਂ ਰਿਹਾ। ਇਕ ਮੁਸਾਫ਼ਰ ਨੇ ਹਵਾਈ ਕੰਪਨੀ ਨੂੰ ਦੱਸਿਆ: “ਜੇ ਜਹਾਜ਼ ਵਿਚ 34 ਮਸੀਹੀ ਨਾ ਹੁੰਦੇ, ਤਾਂ ਹਵਾਈ ਅੱਡੇ ਉੱਤੇ ਹੰਗਾਮਾ ਮਚ ਜਾਣਾ ਸੀ।”
ਗੁੱਸੇਖ਼ੋਰ ਦੁਨੀਆਂ ਵਿਚ ਰਹਿਣਾ
3, 4. (ੳ) ਗੁੱਸੇ ਦੀ ਅੱਗ ਨੇ ਕਿਵੇਂ ਅਤੇ ਕਦੋਂ ਤੋਂ ਇਨਸਾਨਾਂ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ? (ਅ) ਕੀ ਕਇਨ ਆਪਣੇ ਗੁੱਸੇ ਨੂੰ ਕੰਟ੍ਰੋਲ ਕਰ ਸਕਦਾ ਸੀ? ਸਮਝਾਓ।
3 ਇਸ ਬੁਰੀ ਦੁਨੀਆਂ ਵਿਚ ਜ਼ਿੰਦਗੀ ਦੇ ਦਬਾਵਾਂ ਕਾਰਨ ਲੋਕ ਗੁੱਸੇ ਵਿਚ ਆ ਸਕਦੇ ਹਨ। (ਉਪ. 7:7) ਅਕਸਰ ਇਹ ਗੁੱਸਾ ਨਫ਼ਰਤ ਨੂੰ ਜਨਮ ਦਿੰਦਾ ਹੈ ਜਿਸ ਕਾਰਨ ਹਿੰਸਾ ਭੜਕ ਉੱਠਦੀ ਹੈ। ਦੇਸ਼ਾਂ-ਦੇਸ਼ਾਂ ਵਿਚ ਅਤੇ ਦੇਸ਼ ਦੇ ਅੰਦਰ ਹੀ ਯੁੱਧ ਹੁੰਦੇ ਹਨ, ਜਦਕਿ ਤਣਾਅ ਕਾਰਨ ਕਈ ਘਰਾਂ ਵਿਚ ਕਲੇਸ਼ ਹੁੰਦੇ ਹਨ। ਅਜਿਹੇ ਗੁੱਸੇ ਅਤੇ ਹਿੰਸਾ ਦਾ ਇਤਿਹਾਸ ਬਹੁਤ ਪੁਰਾਣਾ ਹੈ। ਮਿਸਾਲ ਲਈ, ਆਦਮ ਤੇ ਹੱਵਾਹ ਦੇ ਪਹਿਲੇ ਪੁੱਤਰ ਕਇਨ ਨੇ ਈਰਖਾ ਕਾਰਨ ਗੁੱਸੇ ਵਿਚ ਆ ਕੇ ਆਪਣੇ ਛੋਟੇ ਭਰਾ ਹਾਬਲ ਦਾ ਕਤਲ ਕਰ ਦਿੱਤਾ ਸੀ। ਉਹ ਇਹ ਭੈੜਾ ਕੰਮ ਕਰਨ ਤੋਂ ਟਲ਼ਿਆ ਨਹੀਂ, ਭਾਵੇਂ ਯਹੋਵਾਹ ਨੇ ਉਸ ਨੂੰ ਤਾਕੀਦ ਕੀਤੀ ਸੀ ਕਿ ਉਹ ਆਪਣੇ ਜਜ਼ਬਾਤਾਂ ʼਤੇ ਕੰਟ੍ਰੋਲ ਰੱਖੇ। ਜੇ ਉਹ ਰੱਖਦਾ, ਤਾਂ ਯਹੋਵਾਹ ਨੇ ਵਾਅਦਾ ਕੀਤਾ ਕਿ ਉਹ ਉਸ ਨੂੰ ਬਰਕਤਾਂ ਦੇਵੇਗਾ।—ਉਤਪਤ 4:6-8 ਪੜ੍ਹੋ।
4 ਕਇਨ ਭਾਵੇਂ ਨਾਮੁਕੰਮਲ ਸੀ, ਪਰ ਫ਼ੈਸਲਾ ਉਸ ਦੇ ਹੱਥ ਵਿਚ ਸੀ। ਉਹ ਆਪਣੇ ਗੁੱਸੇ ਨੂੰ ਰੋਕ ਸਕਦਾ ਸੀ। ਇਸ ਕਰਕੇ ਉਹ ਆਪਣੇ ਭਰਾ ਦੇ ਕਤਲ ਦਾ ਜ਼ਿੰਮੇਵਾਰ ਖ਼ੁਦ ਸੀ। ਇਸੇ ਤਰ੍ਹਾਂ ਸਾਡੇ ਵਰਗੇ ਨਾਮੁਕੰਮਲ ਇਨਸਾਨਾਂ ਲਈ ਵੀ ਗੁੱਸਾ ਕਰਨ ਅਤੇ ਗੁੱਸੇ ਵਿਚ ਆ ਕੇ ਕੋਈ ਕੰਮ ਕਰਨ ਤੋਂ ਬਚਣਾ ਔਖਾ ਹੈ। ਇਨ੍ਹਾਂ ‘ਭੈੜੇ ਸਮਿਆਂ’ ਵਿਚ ਹੋਰ ਗੰਭੀਰ ਸਮੱਸਿਆਵਾਂ ਕਾਰਨ ਸਾਡਾ ਤਣਾਅ ਵਧ ਜਾਂਦਾ ਹੈ। (2 ਤਿਮੋ. 3:1) ਮਿਸਾਲ ਲਈ, ਪੈਸੇ ਦੀ ਤੰਗੀ ਦਾ ਸਾਡੇ ਜਜ਼ਬਾਤਾਂ ਉੱਤੇ ਅਸਰ ਪੈ ਸਕਦਾ ਹੈ। ਪੁਲਸ ਅਤੇ ਪਰਿਵਾਰਾਂ ਦੀ ਸਹਾਇਤਾ ਕਰਨ ਵਾਲੀਆਂ ਸੰਸਥਾਵਾਂ ਕਹਿੰਦੀਆਂ ਹਨ ਕਿ ਮੰਦੀ ਦੇ ਅਸਰ ਕਾਰਨ ਲੋਕਾਂ ਦਾ ਗੁੱਸਾ ਭੜਕਦਾ ਹੈ ਅਤੇ ਘਰੇਲੂ ਲੜਾਈ-ਝਗੜੇ ਵਧ ਜਾਂਦੇ ਹਨ।
5, 6. ਗੁੱਸੇ ਸੰਬੰਧੀ ਕਿਹੜੇ ਦੁਨਿਆਵੀ ਰਵੱਈਏ ਦਾ ਸਾਡੇ ਉੱਤੇ ਅਸਰ ਪੈ ਸਕਦਾ ਹੈ?
5 ਸਾਡਾ ਕਈ ਅਜਿਹੇ ਲੋਕਾਂ ਨਾਲ ਵਾਹ ਪੈਂਦਾ ਹੈ ਜਿਹੜੇ ‘ਆਪ ਸੁਆਰਥੀ, ਹੰਕਾਰੀ ਤੇ ਕਰੜੇ’ ਹਨ। ਇਨ੍ਹਾਂ ਔਗੁਣਾਂ ਦਾ ਆਸਾਨੀ ਨਾਲ ਸਾਡੇ ਉੱਤੇ ਅਸਰ ਪੈ ਸਕਦਾ ਹੈ ਅਤੇ ਸਾਡਾ ਗੁੱਸਾ ਭੜਕ ਸਕਦਾ ਹੈ। (2 ਤਿਮੋ. 3:2-5) ਦਰਅਸਲ, ਫਿਲਮਾਂ ਅਤੇ ਟੀ ਵੀ ਪ੍ਰੋਗ੍ਰਾਮਾਂ ਵਿਚ ਅਕਸਰ ਦਿਖਾਇਆ ਜਾਂਦਾ ਹੈ ਕਿ ਬਦਲਾ ਲੈਣਾ ਚੰਗੀ ਗੱਲ ਹੈ ਅਤੇ ਸਮੱਸਿਆਵਾਂ ਦੇ ਹੱਲ ਲਈ ਲੜਾਈ ਕਰਨੀ ਕੁਦਰਤੀ ਤੇ ਜਾਇਜ਼ ਹੈ। ਫਿਲਮ ਦੇਖਣ ਵਾਲੇ ਬੇਸਬਰੀ ਨਾਲ ਉਸ ਪਲ ਦੀ ਉਡੀਕ ਕਰਦੇ ਹਨ ਜਦੋਂ ਗੁੰਡੇ ਨੂੰ “ਆਪਣੀ ਕਰਨੀ ਦੀ ਸਜ਼ਾ ਮਿਲਦੀ ਹੈ।” ਆਮ ਤੌਰ ਤੇ ਫਿਲਮ ਦਾ ਹੀਰੋ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੰਦਾ ਹੈ।
6 ਇਹੋ ਜਿਹੀ ਸੋਚ ਪਰਮੇਸ਼ੁਰ ਦੇ ਰਾਹਾਂ ਨੂੰ ਨਹੀਂ, ਬਲਕਿ ਦੁਨੀਆਂ ਅਤੇ ਇਸ ਦੇ ਗੁੱਸੇਖ਼ੋਰ ਹਾਕਮ ਸ਼ਤਾਨ ਦੇ ਰਵੱਈਏ ਨੂੰ ਅਪਣਾਉਣ ਉੱਤੇ ਜ਼ੋਰ ਦਿੰਦੀ ਹੈ। (1 ਕੁਰਿੰ. 2:12; ਅਫ਼. 2:2; ਪਰ. 12:12) ਇਹੋ ਜਿਹੇ ਰਵੱਈਏ ਕਾਰਨ ਲੋਕਾਂ ਨੂੰ ਸਰੀਰ ਦੀਆਂ ਇੱਛਾਵਾਂ ਪੂਰੀਆਂ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ ਤੇ ਇਹ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਅਤੇ ਇਸ ਦੇ ਫਲ ਦੇ ਬਿਲਕੁਲ ਉਲਟ ਹੈ। ਅਸਲ ਵਿਚ ਮਸੀਹੀ ਧਰਮ ਦੀ ਬੁਨਿਆਦੀ ਸਿੱਖਿਆ ਹੈ ਕਿ ਗੁੱਸੇ ਵਿਚ ਆ ਕੇ ਬਦਲਾ ਨਾ ਲਓ। (ਮੱਤੀ 5:39, 44, 45 ਪੜ੍ਹੋ।) ਤਾਂ ਫਿਰ ਅਸੀਂ ਯਿਸੂ ਦੀਆਂ ਸਿੱਖਿਆਵਾਂ ਉੱਤੇ ਹੋਰ ਚੰਗੀ ਤਰ੍ਹਾਂ ਕਿਵੇਂ ਚੱਲ ਸਕਦੇ ਹਾਂ?
ਚੰਗੀਆਂ ਅਤੇ ਮਾੜੀਆਂ ਮਿਸਾਲਾਂ
7. ਸ਼ਿਮਓਨ ਅਤੇ ਲੇਵੀ ਵੱਲੋਂ ਆਪਣੇ ਗੁੱਸੇ ʼਤੇ ਕਾਬੂ ਨਾ ਪਾਉਣ ਦਾ ਕੀ ਨਤੀਜਾ ਨਿਕਲਿਆ?
7 ਬਾਈਬਲ ਵਿਚ ਗੁੱਸੇ ਨੂੰ ਕਾਬੂ ਕਰਨ ਸੰਬੰਧੀ ਬਹੁਤ ਸਾਰੀ ਸਲਾਹ ਪਾਈ ਜਾਂਦੀ ਹੈ ਅਤੇ ਕਈ ਮਿਸਾਲਾਂ ਵੀ ਹਨ ਜੋ ਦਿਖਾਉਂਦੀਆਂ ਹਨ ਕਿ ਗੁੱਸੇ ਉੱਤੇ ਕਾਬੂ ਪਾਉਣ ਅਤੇ ਨਾ ਪਾਉਣ ਨਾਲ ਕੀ ਹੋ ਸਕਦਾ ਹੈ। ਸੋਚੋ ਕਿ ਉਦੋਂ ਕੀ ਹੋਇਆ ਸੀ ਜਦੋਂ ਯਾਕੂਬ ਦੇ ਪੁੱਤਰਾਂ ਸ਼ਿਮਓਨ ਅਤੇ ਲੇਵੀ ਨੇ ਸ਼ਕਮ ਤੋਂ ਬਦਲਾ ਲਿਆ ਸੀ ਜਿਸ ਨੇ ਉਨ੍ਹਾਂ ਦੀ ਭੈਣ ਦੀਨਾਹ ਦੀ ਇੱਜ਼ਤ ਲੁੱਟੀ ਸੀ। ਉਹ “ਅੱਤ ਹਿਰਖ ਅਰ ਰੋਹ ਵਿੱਚ” ਆ ਗਏ ਸਨ। (ਉਤ. 34:7) ਫਿਰ ਯਾਕੂਬ ਦੇ ਦੂਸਰੇ ਪੁੱਤਰਾਂ ਨੇ ਸ਼ਕਮ ਦੇ ਸ਼ਹਿਰ ਉੱਤੇ ਹਮਲਾ ਕਰ ਦਿੱਤਾ, ਸ਼ਹਿਰ ਨੂੰ ਲੁੱਟ ਲਿਆ ਅਤੇ ਔਰਤਾਂ ਤੇ ਬੱਚਿਆਂ ਨੂੰ ਫੜ ਕੇ ਲੈ ਗਏ। ਉਨ੍ਹਾਂ ਨੇ ਇਹ ਸਭ ਕੁਝ ਸਿਰਫ਼ ਦੀਨਾਹ ਕਰਕੇ ਨਹੀਂ ਕੀਤਾ, ਸਗੋਂ ਇਸ ਲਈ ਵੀ ਕੀਤਾ ਤਾਂਕਿ ਉਨ੍ਹਾਂ ਦਾ ਨਾਂ ਖ਼ਰਾਬ ਨਾ ਹੋਵੇ ਜਿਸ ਉੱਤੇ ਉਨ੍ਹਾਂ ਨੂੰ ਬੜਾ ਘਮੰਡ ਸੀ। ਉਨ੍ਹਾਂ ਨੇ ਸੋਚਿਆ ਕਿ ਸ਼ਕਮ ਨੇ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਿਤਾ ਦੀ ਤੌਹੀਨ ਕੀਤੀ ਸੀ। ਪਰ ਉਨ੍ਹਾਂ ਦੇ ਇਸ ਕਾਰੇ ਬਾਰੇ ਯਾਕੂਬ ਕੀ ਸੋਚਦਾ ਸੀ?
8. ਸ਼ਿਮਓਨ ਅਤੇ ਲੇਵੀ ਦੇ ਬਿਰਤਾਂਤ ਤੋਂ ਸਾਨੂੰ ਬਦਲਾ ਲੈਣ ਬਾਰੇ ਕੀ ਪਤਾ ਲੱਗਦਾ ਹੈ?
8 ਦੀਨਾਹ ਦੇ ਦਰਦਨਾਕ ਤਜਰਬੇ ਨੇ ਯਾਕੂਬ ਨੂੰ ਬਹੁਤ ਦੁਖੀ ਕੀਤਾ ਹੋਣਾ! ਇਸ ਦੇ ਬਾਵਜੂਦ ਉਸ ਨੇ ਆਪਣੇ ਬਦਲਾਖ਼ੋਰ ਪੁੱਤਰਾਂ ਦੀ ਨਿੰਦਿਆ ਕੀਤੀ। ਫਿਰ ਵੀ ਸ਼ਿਮਓਨ ਅਤੇ ਲੇਵੀ ਨੇ ਆਪਣੇ ਕਾਰੇ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ: “ਭਲਾ, ਉਹ ਸਾਡੀ ਭੈਣ ਨਾਲ ਕੰਜਰੀ ਵਾਂਙੁ ਵਰਤਾਓ ਕਰੇ?” (ਉਤ. 34:31) ਪਰ ਗੱਲ ਇੱਥੇ ਹੀ ਨਹੀਂ ਮੁੱਕੀ ਕਿਉਂਕਿ ਯਹੋਵਾਹ ਵੀ ਉਨ੍ਹਾਂ ਨਾਲ ਨਾਰਾਜ਼ ਸੀ। ਕਈ ਸਾਲਾਂ ਬਾਅਦ ਯਾਕੂਬ ਨੇ ਭਵਿੱਖਬਾਣੀ ਕੀਤੀ ਕਿ ਸ਼ਿਮਓਨ ਅਤੇ ਲੇਵੀ ਨੇ ਗੁੱਸੇ ਵਿਚ ਆ ਕੇ ਜੋ ਕੁਝ ਕੀਤਾ ਸੀ, ਉਸ ਕਾਰਨ ਉਨ੍ਹਾਂ ਦੀ ਔਲਾਦ ਇਸਰਾਏਲ ਦੇ ਗੋਤਾਂ ਵਿਚ ਖਿੰਡ-ਪੁੰਡ ਜਾਵੇਗੀ। (ਉਤਪਤ 49:5-7 ਪੜ੍ਹੋ।) ਹਾਂ, ਗੁੱਸੇ ʼਤੇ ਕਾਬੂ ਨਾ ਪਾਉਣ ਕਰਕੇ ਉਹ ਯਹੋਵਾਹ ਅਤੇ ਆਪਣੇ ਪਿਤਾ ਦੀਆਂ ਨਜ਼ਰਾਂ ਵਿਚ ਗਿਰ ਗਏ।
9. ਦਾਊਦ ਕਦੋਂ ਕ੍ਰੋਧ ਦੇ ਅੱਗੇ ਝੁਕਣ ਵਾਲਾ ਸੀ?
9 ਦਾਊਦ ਦਾ ਮਾਮਲਾ ਵੱਖਰਾ ਸੀ। ਉਸ ਨੂੰ ਬਦਲਾ ਲੈਣ ਦੇ ਕਈ ਮੌਕੇ ਮਿਲੇ ਸਨ, ਪਰ ਉਸ ਨੇ ਬਦਲਾ ਨਹੀਂ ਲਿਆ। (1 ਸਮੂ. 24:3-7) ਪਰ ਇਕ ਮੌਕੇ ਤੇ ਉਹ ਕ੍ਰੋਧ ਅੱਗੇ ਝੁਕਣ ਹੀ ਵਾਲਾ ਸੀ। ਨਾਬਾਲ ਨਾਂ ਦੇ ਇਕ ਅਮੀਰ ਆਦਮੀ ਨੇ ਦਾਊਦ ਦੇ ਬੰਦਿਆਂ ਨੂੰ ਉੱਚੀ ਆਵਾਜ਼ ਵਿਚ ਬੁਰਾ-ਭਲਾ ਕਿਹਾ ਜਿਨ੍ਹਾਂ ਨੇ ਉਸ ਦੇ ਇੱਜੜਾਂ ਅਤੇ ਚਰਵਾਹਿਆਂ ਦੀ ਰਾਖੀ ਕੀਤੀ ਸੀ। ਸ਼ਾਇਦ ਦਾਊਦ ਤੋਂ ਆਪਣੇ ਬੰਦਿਆਂ ਦਾ ਅਪਮਾਨ ਸਹਿ ਨਹੀਂ ਹੋਇਆ ਜਿਸ ਕਰਕੇ ਉਸ ਨੇ ਗੁੱਸੇ ਵਿਚ ਆ ਕੇ ਬਦਲਾ ਲੈਣਾ ਚਾਹਿਆ। ਜਦੋਂ ਦਾਊਦ ਤੇ ਉਸ ਦੇ ਬੰਦੇ ਨਾਬਾਲ ਅਤੇ ਉਸ ਦੇ ਘਰਾਣੇ ਉੱਤੇ ਹਮਲਾ ਕਰਨ ਜਾ ਰਹੇ ਸਨ, ਤਾਂ ਇਕ ਨੌਜਵਾਨ ਨੇ ਨਾਬਾਲ ਦੀ ਸਮਝਦਾਰ ਪਤਨੀ ਅਬੀਗੈਲ ਨੂੰ ਸਾਰੀ ਗੱਲ ਦੱਸ ਦਿੱਤੀ ਅਤੇ ਉਸ ਨੂੰ ਬੇਨਤੀ ਕੀਤੀ ਕਿ ਉਹ ਕੁਝ ਕਰੇ। ਉਸ ਨੇ ਤੁਰੰਤ ਇਕ ਵੱਡਾ ਸਾਰਾ ਤੋਹਫ਼ਾ ਲਿਆ ਅਤੇ ਦਾਊਦ ਨੂੰ ਮਿਲਣ ਚਲੀ ਗਈ। ਉਸ ਨੇ ਨਿਮਰਤਾ ਨਾਲ ਨਾਬਾਲ ਦੀ ਬਦਤਮੀਜ਼ੀ ਲਈ ਮਾਫ਼ੀ ਮੰਗੀ ਅਤੇ ਦਾਊਦ ਨੂੰ ਬੇਨਤੀ ਕੀਤੀ ਕਿ ਉਹ ਯਹੋਵਾਹ ਕੋਲੋਂ ਡਰੇ। ਦਾਊਦ ਨੇ ਹੋਸ਼ ਵਿਚ ਆ ਕੇ ਕਿਹਾ: “ਮੁਬਾਰਕ ਤੂੰ ਹੈਂ ਕਿਉਂ ਜੋ ਅੱਜ ਦੇ ਦਿਨ ਤੂੰ ਮੈਨੂੰ ਲਹੂ ਵਗਾਉਣੋਂ ਅਤੇ ਆਪਣੇ ਹੱਥ ਦੇ ਬਦਲਾ ਲੈਣ ਤੋਂ ਹਟਾਇਆ।”—1 ਸਮੂ. 25:2-35.
ਮਸੀਹੀ ਰਵੱਈਆ
10. ਬਦਲਾ ਲੈਣ ਸੰਬੰਧੀ ਮਸੀਹੀਆਂ ਨੂੰ ਕਿਹੋ ਜਿਹਾ ਰਵੱਈਆ ਦਿਖਾਉਣਾ ਚਾਹੀਦਾ ਹੈ?
10 ਸ਼ਿਮਓਨ ਅਤੇ ਲੇਵੀ, ਦਾਊਦ ਅਤੇ ਅਬੀਗੈਲ ਵਿਚਕਾਰ ਜੋ ਕੁਝ ਹੋਇਆ, ਉਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਬੇਕਾਬੂ ਗੁੱਸੇ ਅਤੇ ਹਿੰਸਾ ਦੇ ਵਿਰੁੱਧ ਹੈ। ਉਹ ਸ਼ਾਂਤੀ ਬਣਾਉਣ ਲਈ ਕੀਤੇ ਜਤਨਾਂ ʼਤੇ ਬਰਕਤਾਂ ਪਾਉਂਦਾ ਹੈ। ਪੌਲੁਸ ਰਸੂਲ ਨੇ ਲਿਖਿਆ: “ਜੇ ਹੋ ਸੱਕੇ ਤਾਂ ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ। ਹੇ ਪਿਆਰਿਓ, ਆਪਣਾ ਬਦਲਾ ਨਾ ਲਓ ਪਰ ਕ੍ਰੋਧ ਨੂੰ ਜਾਣ ਦਿਓ ਕਿਉਂ ਜੋ ਲਿਖਿਆ ਹੋਇਆ ਹੈ ਕਿ ਪ੍ਰਭੁ ਆਖਦਾ ਹੈ ਭਈ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਾਹਵਾਂਗਾ। ਪਰ ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਹ ਨੂੰ ਖੁਆ, ਜੇ ਤਿਹਾਇਆ ਹੋਵੇ ਤਾਂ ਉਹ ਨੂੰ ਪਿਆ ਕਿਉਂ ਜੋ ਇਹ ਕਰ ਕੇ ਤੂੰ ਉਹ ਦੇ ਸਿਰ ਉੱਤੇ ਅੱਗ ਦੇ ਅੰਗਿਆਰਾਂ ਦਾ ਢੇਰ ਲਾਵੇਂਗਾ। ਬੁਰਿਆਈ ਤੋਂ ਨਾ ਹਾਰ ਸਗੋਂ ਭਲਿਆਈ ਨਾਲ ਬੁਰਿਆਈ ਨੂੰ ਜਿੱਤ ਲੈ।”—ਰੋਮੀ. 12:18-21.a
11. ਇਕ ਭੈਣ ਨੇ ਗੁੱਸੇ ਨੂੰ ਕੰਟ੍ਰੋਲ ਕਰਨਾ ਕਿਵੇਂ ਸਿੱਖਿਆ?
11 ਅਸੀਂ ਇਹ ਸਲਾਹ ਲਾਗੂ ਕਰ ਸਕਦੇ ਹਾਂ। ਮਿਸਾਲ ਲਈ, ਇਕ ਭੈਣ ਨੇ ਇਕ ਬਜ਼ੁਰਗ ਨੂੰ ਆਪਣੀ ਨਵੀਂ ਮੈਨੇਜਰ ਦੀ ਸ਼ਿਕਾਇਤ ਕੀਤੀ। ਉਸ ਨੇ ਕਿਹਾ ਕਿ ਮੈਨੇਜਰ ਉਸ ਨਾਲ ਪੱਖਪਾਤ ਕਰਦੀ ਹੈ ਅਤੇ ਕਠੋਰ ਸੁਭਾਅ ਦੀ ਹੈ। ਭੈਣ ਨੂੰ ਉਸ ਔਰਤ ʼਤੇ ਬਹੁਤ ਗੁੱਸਾ ਆਇਆ ਅਤੇ ਉਹ ਨੌਕਰੀ ਛੱਡਣਾ ਚਾਹੁੰਦੀ ਸੀ। ਬਜ਼ੁਰਗ ਨੇ ਉਸ ਨੂੰ ਕਿਹਾ ਕਿ ਉਹ ਜਲਦਬਾਜ਼ੀ ਵਿਚ ਕੁਝ ਨਾ ਕਰੇ। ਉਹ ਸਮਝ ਗਿਆ ਸੀ ਕਿ ਮੈਨੇਜਰ ਦੇ ਮਾੜੇ ਸਲੂਕ ਕਾਰਨ ਭੈਣ ਨੇ ਗੁੱਸੇ ਵਿਚ ਜੋ ਰਵੱਈਆ ਦਿਖਾਇਆ, ਉਸ ਕਰਕੇ ਮਾਮਲਾ ਹੋਰ ਵਿਗੜ ਗਿਆ ਸੀ। (ਤੀਤੁ. 3:1-3) ਬਜ਼ੁਰਗ ਨੇ ਕਿਹਾ ਕਿ ਜੇ ਉਹ ਹੋਰ ਨੌਕਰੀ ਲੱਭ ਵੀ ਲੈਂਦੀ ਹੈ, ਤਾਂ ਵੀ ਉਸ ਨੂੰ ਆਪਣਾ ਰਵੱਈਆ ਬਦਲਣ ਦੀ ਲੋੜ ਸੀ ਜੋ ਉਸ ਨੇ ਮੈਨੇਜਰ ਦੇ ਕਠੋਰ ਰਵੱਈਏ ਕਾਰਨ ਦਿਖਾਇਆ ਸੀ। ਉਸ ਨੇ ਭੈਣ ਨੂੰ ਸਲਾਹ ਦਿੱਤੀ ਕਿ ਯਿਸੂ ਦੀ ਸਿੱਖਿਆ ਅਨੁਸਾਰ ਉਹ ਮੈਨੇਜਰ ਨਾਲ ਉਸੇ ਤਰ੍ਹਾਂ ਦਾ ਸਲੂਕ ਕਰੇ ਜਿਸ ਤਰ੍ਹਾਂ ਦਾ ਸਲੂਕ ਉਹ ਆਪ ਚਾਹੁੰਦੀ ਹੈ। (ਲੂਕਾ 6:31 ਪੜ੍ਹੋ।) ਭੈਣ ਮੰਨ ਗਈ ਕਿ ਉਹ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰੇਗੀ। ਨਤੀਜਾ ਕੀ ਨਿਕਲਿਆ? ਕੁਝ ਸਮੇਂ ਬਾਅਦ, ਮੈਨੇਜਰ ਦਾ ਰਵੱਈਆ ਨਰਮ ਪੈ ਗਿਆ ਅਤੇ ਉਸ ਨੇ ਭੈਣ ਦੇ ਚੰਗੇ ਕੰਮ ਲਈ ਉਸ ਦਾ ਧੰਨਵਾਦ ਵੀ ਕੀਤਾ!
12. ਮਸੀਹੀਆਂ ਦੇ ਆਪਸੀ ਮਤਭੇਦ ਕਿਉਂ ਦੁਖਦਾਈ ਹੋ ਸਕਦੇ ਹਨ?
12 ਜਦੋਂ ਇਸ ਤਰ੍ਹਾਂ ਦੀ ਕੋਈ ਸਮੱਸਿਆ ਸਾਨੂੰ ਕਲੀਸਿਯਾ ਤੋਂ ਬਾਹਰ ਆਉਂਦੀ ਹੈ, ਤਾਂ ਸ਼ਾਇਦ ਅਸੀਂ ਹੈਰਾਨ ਨਾ ਹੋਈਏ। ਅਸੀਂ ਜਾਣਦੇ ਹਾਂ ਕਿ ਸ਼ਤਾਨ ਦੀ ਦੁਨੀਆਂ ਵਿਚ ਜੀਣਾ ਕਿੰਨਾ ਮੁਸ਼ਕਲ ਹੈ। ਇਸ ਤੋਂ ਇਲਾਵਾ, ਸਾਨੂੰ ਬੁਰੇ ਲੋਕਾਂ ਕਾਰਨ ਆਉਂਦੇ ਗੁੱਸੇ ʼਤੇ ਕਾਬੂ ਪਾਉਂਦੇ ਰਹਿਣਾ ਪੈਂਦਾ ਹੈ। (ਜ਼ਬੂ. 37:1-11; ਉਪ. 8:12, 13; 12:13, 14) ਪਰ ਜਦੋਂ ਸਾਨੂੰ ਕਿਸੇ ਭਰਾ ਜਾਂ ਭੈਣ ਨਾਲ ਕੋਈ ਸਮੱਸਿਆ ਆਉਂਦੀ ਹੈ, ਤਾਂ ਉਦੋਂ ਸਾਨੂੰ ਬਹੁਤ ਦੁੱਖ ਲੱਗਦਾ ਹੈ। ਇਕ ਭੈਣ ਯਾਦ ਕਰਦੀ ਹੈ: “ਸੱਚਾਈ ਵਿਚ ਆ ਕੇ ਮੇਰੇ ਲਈ ਇਹ ਮੰਨਣਾ ਸਭ ਤੋਂ ਔਖਾ ਸੀ ਕਿ ਯਹੋਵਾਹ ਦੇ ਲੋਕ ਗ਼ਲਤੀਆਂ ਕਰਦੇ ਹਨ।” ਅਸੀਂ ਨਿਰਦਈ ਤੇ ਲਾਪਰਵਾਹ ਦੁਨੀਆਂ ਵਿੱਚੋਂ ਨਿਕਲ ਕੇ ਇਹੀ ਉਮੀਦ ਕਰਦੇ ਹਾਂ ਕਿ ਕਲੀਸਿਯਾ ਵਿਚ ਸਾਰੇ ਇਕ-ਦੂਜੇ ਨਾਲ ਪਿਆਰ ਨਾਲ ਪੇਸ਼ ਆਉਣਗੇ। ਇਸ ਲਈ, ਜੇ ਕੋਈ ਮਸੀਹੀ—ਖ਼ਾਸਕਰ ਜਿਸ ਕੋਲ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਹਨ—ਨਾਸਮਝੀ ਦਿਖਾਉਂਦਾ ਹੈ ਜਾਂ ਮਸੀਹੀਆਂ ਨੂੰ ਨਾ ਸ਼ੋਭਾ ਦੇਣ ਵਾਲੇ ਕੰਮ ਕਰਦਾ ਹੈ, ਤਾਂ ਸਾਨੂੰ ਠੇਸ ਪਹੁੰਚ ਸਕਦੀ ਹੈ ਜਾਂ ਸਾਨੂੰ ਗੁੱਸਾ ਆ ਸਕਦਾ ਹੈ। ਅਸੀਂ ਸ਼ਾਇਦ ਪੁੱਛੀਏ: ‘ਯਹੋਵਾਹ ਦੇ ਲੋਕਾਂ ਵਿਚ ਇੱਦਾਂ ਦੀਆਂ ਗੱਲਾਂ ਕਿੱਦਾਂ ਹੋ ਸਕਦੀਆਂ ਹਨ?’ ਦਰਅਸਲ, ਰਸੂਲਾਂ ਦੇ ਦਿਨਾਂ ਵਿਚ ਵੀ ਮਸਹ ਕੀਤੇ ਹੋਏ ਮਸੀਹੀਆਂ ਨਾਲ ਇੱਦਾਂ ਦੀਆਂ ਗੱਲਾਂ ਹੋਈਆਂ ਸਨ। (ਗਲਾ. 2:11-14; 5:15; ਯਾਕੂ. 3:14, 15) ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਕਿਸੇ ਦੇ ਕਾਰਨ ਸਾਨੂੰ ਦੁੱਖ ਪਹੁੰਚਦਾ ਹੈ?
13. ਸਾਨੂੰ ਆਪਸੀ ਮਤਭੇਦਾਂ ਨੂੰ ਕਿਉਂ ਤੇ ਕਿਵੇਂ ਸੁਲਝਾਉਣਾ ਚਾਹੀਦਾ ਹੈ?
13 ਉੱਪਰ ਜ਼ਿਕਰ ਕੀਤੀ ਭੈਣ ਨੇ ਕਿਹਾ: “ਮੈਂ ਉਸ ਹਰ ਇਨਸਾਨ ਲਈ ਪ੍ਰਾਰਥਨਾ ਕਰਨੀ ਸਿੱਖੀ ਜਿਸ ਤੋਂ ਮੈਨੂੰ ਠੇਸ ਪਹੁੰਚੀ ਹੈ। ਇੱਦਾਂ ਕਰਨਾ ਹਮੇਸ਼ਾ ਮਦਦਗਾਰ ਸਾਬਤ ਹੋਇਆ ਹੈ।” ਅਸੀਂ ਪਹਿਲਾਂ ਦੇਖ ਚੁੱਕੇ ਹਾਂ ਕਿ ਯਿਸੂ ਨੇ ਸਿਖਾਇਆ ਸੀ ਕਿ ਅਸੀਂ ਸਤਾਉਣ ਵਾਲਿਆਂ ਲਈ ਪ੍ਰਾਰਥਨਾ ਕਰੀਏ। (ਮੱਤੀ 5:44) ਤਾਂ ਫਿਰ ਸਾਨੂੰ ਆਪਣੇ ਭੈਣਾਂ-ਭਰਾਵਾਂ ਲਈ ਤਾਂ ਹੋਰ ਵੀ ਜ਼ਿਆਦਾ ਪ੍ਰਾਰਥਨਾ ਕਰਨੀ ਚਾਹੀਦੀ ਹੈ! ਜਿਵੇਂ ਇਕ ਪਿਤਾ ਚਾਹੁੰਦਾ ਹੈ ਕਿ ਉਸ ਦੇ ਬੱਚੇ ਇਕ-ਦੂਜੇ ਨਾਲ ਪਿਆਰ ਕਰਨ, ਉਸੇ ਤਰ੍ਹਾਂ ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਸੇਵਕ ਪਿਆਰ ਨਾਲ ਇਕ-ਦੂਜੇ ਨਾਲ ਰਹਿਣ। ਉਹ ਸਮਾਂ ਕਿੰਨਾ ਚੰਗਾ ਹੋਵੇਗਾ ਜਦੋਂ ਅਸੀਂ ਸ਼ਾਂਤੀ ਤੇ ਪਿਆਰ ਨਾਲ ਇਕ-ਦੂਜੇ ਨਾਲ ਰਹਾਂਗੇ। ਯਹੋਵਾਹ ਹੁਣ ਸਾਨੂੰ ਉਸ ਤਰ੍ਹਾਂ ਰਹਿਣਾ ਸਿਖਾ ਰਿਹਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਉਸ ਦਾ ਵੱਡਾ ਕੰਮ ਕਰਨ ਵਿਚ ਇਕ-ਦੂਜੇ ਦਾ ਸਾਥ ਦੇਈਏ। ਇਸ ਲਈ ਆਓ ਆਪਾਂ ਹੋਰਨਾਂ ਨਾਲ ਆਪਣੀਆਂ ਸਮੱਸਿਆਵਾਂ ਨੂੰ ਸੁਲਝਾ ਲਈਏ ਜਾਂ ਉਨ੍ਹਾਂ ਦੀਆਂ ਗ਼ਲਤੀਆਂ ਤੋਂ ‘ਮੂੰਹ ਫੇਰ ਲਈਏ’ ਤੇ ਇਕੱਠੇ ਅੱਗੇ ਵਧੀਏ। (ਕਹਾਉਤਾਂ 19:11 ਪੜ੍ਹੋ।) ਸੋ ਸਮੱਸਿਆਵਾਂ ਖੜ੍ਹੀਆਂ ਹੋਣ ਤੇ ਆਪਣੇ ਭਰਾਵਾਂ ਤੋਂ ਦੂਰ ਹੋਣ ਦੀ ਬਜਾਇ ਸਾਨੂੰ ਇਕ-ਦੂਜੇ ਦੀ ਮਦਦ ਕਰਨੀ ਚਾਹੀਦੀ ਹੈ, ਤਾਂ ਹੀ ਅਸੀਂ ਪਰਮੇਸ਼ੁਰ ਦੇ ਲੋਕ ਬਣੇ ਰਹਾਂਗੇ ਅਤੇ “ਉਸ ਦੀਆਂ ਅਨੰਤ ਕਾਲ ਤਕ ਰਹਿਣ ਵਾਲੀਆਂ ਬਾਹਾਂ” ਵਿਚ ਸੁਰੱਖਿਅਤ ਰਹਾਂਗੇ।—ਬਿਵ. 33:27, CL.
ਸਾਰਿਆਂ ਨਾਲ ਕੋਮਲਤਾ ਨਾਲ ਪੇਸ਼ ਆਉਣ ਦੇ ਚੰਗੇ ਨਤੀਜੇ
14. ਅਸੀਂ ਸ਼ਤਾਨ ਦੇ ਅਸਰਾਂ ਤੋਂ ਕਿਵੇਂ ਬਚ ਸਕਦੇ ਹਾਂ ਜਿਨ੍ਹਾਂ ਕਾਰਨ ਫੁੱਟ ਪੈ ਸਕਦੀ ਹੈ?
14 ਸ਼ਤਾਨ ਅਤੇ ਬੁਰੇ ਦੂਤ ਸਾਨੂੰ ਖ਼ੁਸ਼ ਖ਼ਬਰੀ ਫੈਲਾਉਣ ਤੋਂ ਰੋਕਣ ਅਤੇ ਸੁਖੀ ਪਰਿਵਾਰਾਂ ਤੇ ਕਲੀਸਿਯਾਵਾਂ ਨੂੰ ਤੋੜਨ ਵਿਚ ਲੱਗੇ ਹੋਏ ਹਨ। ਉਹ ਫੁੱਟ ਪਾਉਣ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਅੰਦਰੂਨੀ ਫੁੱਟ ਤਬਾਹਕੁਨ ਹੁੰਦੀ ਹੈ। (ਮੱਤੀ 12:25) ਉਨ੍ਹਾਂ ਦੇ ਬੁਰੇ ਅਸਰ ਤੋਂ ਬਚਣ ਲਈ ਚੰਗਾ ਹੋਵੇਗਾ ਕਿ ਅਸੀਂ ਪੌਲੁਸ ਦੀ ਸਲਾਹ ਮੰਨੀਏ: “ਇਹ ਜੋਗ ਨਹੀਂ ਹੈ ਜੋ ਪ੍ਰਭੁ ਦਾ ਦਾਸ ਝਗੜਾ ਕਰੇ ਸਗੋਂ ਸਭਨਾਂ ਨਾਲ ਅਸੀਲ [ਕੋਮਲ] . . . ਹੋਵੇ।” (2 ਤਿਮੋ. 2:24) ਯਾਦ ਰੱਖੋ ਕਿ ਸਾਡੀ ਲੜਾਈ ‘ਲਹੂ ਅਤੇ ਮਾਸ ਨਾਲ ਨਹੀਂ ਸਗੋਂ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ।’ ਇਹ ਲੜਾਈ ਜਿੱਤਣ ਲਈ ਸਾਨੂੰ ਪਰਮੇਸ਼ੁਰ ਵੱਲੋਂ ਮਿਲੇ ਸ਼ਾਸਤਰ-ਬਸਤਰ ਪਹਿਨਣ ਦੀ ਲੋੜ ਹੈ ਜਿਸ ਵਿਚ “ਮਿਲਾਪ ਦੀ ਖੁਸ਼ ਖਬਰੀ” ਸੁਣਾਉਣੀ ਸ਼ਾਮਲ ਹੈ।—ਅਫ਼. 6:12-18.
15. ਕਲੀਸਿਯਾ ਤੋਂ ਬਾਹਰ ਹੁੰਦੇ ਹਮਲਿਆਂ ਦਾ ਸਾਨੂੰ ਕਿਵੇਂ ਸਾਮ੍ਹਣਾ ਕਰਨਾ ਚਾਹੀਦਾ ਹੈ?
15 ਕਲੀਸਿਯਾ ਤੋਂ ਬਾਹਰ ਯਹੋਵਾਹ ਦੇ ਦੁਸ਼ਮਣ ਬੇਰਹਿਮੀ ਨਾਲ ਉਸ ਦੇ ਸ਼ਾਂਤੀ-ਪਸੰਦ ਲੋਕਾਂ ਉੱਤੇ ਹਮਲੇ ਕਰਦੇ ਹਨ। ਇਨ੍ਹਾਂ ਵਿੱਚੋਂ ਕੁਝ ਦੁਸ਼ਮਣ ਯਹੋਵਾਹ ਦੇ ਗਵਾਹਾਂ ਨੂੰ ਮਾਰਦੇ-ਕੁੱਟਦੇ ਹਨ। ਕੁਝ ਅਖ਼ਬਾਰਾਂ-ਰਸਾਲਿਆਂ ਜਾਂ ਅਦਾਲਤਾਂ ਵਿਚ ਸਾਡੇ ਬਾਰੇ ਝੂਠੀਆਂ ਗੱਲਾਂ ਫੈਲਾਉਂਦੇ ਹਨ। ਯਿਸੂ ਨੇ ਕਿਹਾ ਸੀ ਕਿ ਉਸ ਦੇ ਚੇਲਿਆਂ ਨਾਲ ਇਹ ਸਲੂਕ ਹੋਵੇਗਾ। (ਮੱਤੀ 5:11, 12) ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਆਪਣੀ ਕਹਿਣੀ ਜਾਂ ਕਰਨੀ ਵਿਚ “ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ” ਨਹੀਂ ਕਰਨੀ ਚਾਹੀਦੀ।—ਰੋਮੀ. 12:17; 1 ਪਤਰਸ 3:16 ਪੜ੍ਹੋ।
16, 17. ਇਕ ਕਲੀਸਿਯਾ ਨੂੰ ਕਿਹੜੀ ਮੁਸ਼ਕਲ ਆਈ?
16 ਸ਼ਤਾਨ ਸਾਡੇ ਉੱਤੇ ਜਿਹੜੀ ਮਰਜ਼ੀ ਮੁਸੀਬਤ ਲੈ ਆਵੇ, ਅਸੀਂ “ਭਲਿਆਈ ਨਾਲ ਬੁਰਿਆਈ ਨੂੰ ਜਿੱਤ” ਕੇ ਚੰਗੀ ਗਵਾਹੀ ਦੇ ਸਕਦੇ ਹਾਂ। ਮਿਸਾਲ ਲਈ, ਸ਼ਾਂਤ ਮਹਾਂਸਾਗਰ ਦੇ ਇਕ ਟਾਪੂ ਉੱਤੇ ਇਕ ਕਲੀਸਿਯਾ ਨੇ ਯਿਸੂ ਦੀ ਮੌਤ ਦੀ ਵਰ੍ਹੇਗੰਢ ਮਨਾਉਣ ਲਈ ਹਾਲ ਕਿਰਾਏ ਉੱਤੇ ਲਿਆ। ਇਹ ਪਤਾ ਲੱਗਣ ਤੇ ਉੱਥੋਂ ਦੇ ਚਰਚ ਦੇ ਮੋਹਰੀ ਬੰਦਿਆਂ ਨੇ ਆਪਣੇ ਲੋਕਾਂ ਨੂੰ ਉਸੇ ਸਮੇਂ ʼਤੇ ਹਾਲ ਵਿਚ ਆਪਣੀ ਕੋਈ ਰਸਮ ਅਦਾ ਕਰਨ ਵਾਸਤੇ ਬੁਲਾ ਲਿਆ ਜਦੋਂ ਗਵਾਹਾਂ ਨੇ ਆਪਣਾ ਪ੍ਰੋਗ੍ਰਾਮ ਕਰਨਾ ਸੀ। ਪਰ ਪੁਲਸ ਅਫ਼ਸਰ ਨੇ ਚਰਚ ਦੇ ਮੋਹਰੀ ਬੰਦਿਆਂ ਨੂੰ ਹੁਕਮ ਦਿੱਤਾ ਕਿ ਉਹ ਗਵਾਹਾਂ ਦੇ ਆਉਣ ਤੋਂ ਪਹਿਲਾਂ ਹਾਲ ਖਾਲੀ ਕਰ ਦੇਣ। ਪਰ ਜਦ ਗਵਾਹਾਂ ਦੇ ਪ੍ਰੋਗ੍ਰਾਮ ਦਾ ਸਮਾਂ ਆਇਆ, ਤਾਂ ਹਾਲ ਚਰਚ ਦੇ ਮੈਂਬਰਾਂ ਨਾਲ ਭਰਿਆ ਪਿਆ ਸੀ ਤੇ ਉਨ੍ਹਾਂ ਨੇ ਆਪਣਾ ਪ੍ਰੋਗ੍ਰਾਮ ਸ਼ੁਰੂ ਕਰ ਦਿੱਤਾ।
17 ਜਦ ਪੁਲਸ ਜ਼ਬਰਦਸਤੀ ਉਨ੍ਹਾਂ ਨੂੰ ਹਾਲ ਵਿੱਚੋਂ ਕੱਢਣ ਦੀ ਤਿਆਰੀ ਕਰ ਰਹੀ ਸੀ, ਤਾਂ ਚਰਚ ਦੇ ਪ੍ਰਧਾਨ ਨੇ ਇਕ ਬਜ਼ੁਰਗ ਕੋਲ ਆ ਕੇ ਪੁੱਛਿਆ: “ਇਸ ਸ਼ਾਮ ਕੀ ਤੁਸੀਂ ਕੋਈ ਖ਼ਾਸ ਪ੍ਰੋਗ੍ਰਾਮ ਰੱਖਿਆ ਹੈ?” ਭਰਾ ਨੇ ਉਸ ਨੂੰ ਯਿਸੂ ਦੀ ਮੌਤ ਦੀ ਵਰ੍ਹੇਗੰਢ ਬਾਰੇ ਦੱਸਿਆ ਅਤੇ ਆਦਮੀ ਨੇ ਜਵਾਬ ਦਿੱਤਾ: “ਓ, ਮੈਨੂੰ ਨਹੀਂ ਸੀ ਪਤਾ!” ਇਹ ਸੁਣ ਕੇ ਪੁਲਸ ਅਫ਼ਸਰ ਨੇ ਕਿਹਾ: “ਅਸੀਂ ਇਸ ਬਾਰੇ ਤੁਹਾਨੂੰ ਸਵੇਰੇ ਦੱਸਿਆ ਤਾਂ ਸੀ!” ਚਰਚ ਦਾ ਪ੍ਰਧਾਨ ਬਜ਼ੁਰਗ ਵੱਲ ਮੁੜਿਆ ਤੇ ਮੱਕਾਰ ਭਰੀ ਮੁਸਕਰਾਹਟ ਨਾਲ ਕਿਹਾ: “ਹੁਣ ਤੁਸੀਂ ਕੀ ਕਰੋਗੇ? ਹਾਲ ਲੋਕਾਂ ਨਾਲ ਭਰਿਆ ਪਿਆ ਹੈ। ਕੀ ਤੂੰ ਪੁਲਸ ਨੂੰ ਕਹਿ ਕੇ ਸਾਨੂੰ ਇੱਥੋਂ ਭਜਾਏਂਗਾ?” ਉਸ ਨੇ ਚਲਾਕੀ ਨਾਲ ਸਾਰਾ ਕੁਝ ਇਵੇਂ ਕੀਤਾ ਜਿਵੇਂ ਕਿ ਗਵਾਹ ਉਨ੍ਹਾਂ ਨੂੰ ਸਤਾਉਣ ਤੇ ਤੁਲੇ ਹੋਏ ਸਨ! ਸਾਡੇ ਭਰਾਵਾਂ ਨੇ ਕੀ ਕੀਤਾ?
18. ਭਰਾਵਾਂ ਨੇ ਗੁੱਸਾ ਚੜ੍ਹਾਉਣ ਵਾਲਿਆਂ ਦਾ ਕਿੱਦਾਂ ਸਾਮ੍ਹਣਾ ਕੀਤਾ ਅਤੇ ਨਤੀਜਾ ਕੀ ਨਿਕਲਿਆ?
18 ਗਵਾਹਾਂ ਨੇ ਚਰਚ ਵਾਲਿਆਂ ਨੂੰ ਅੱਧੇ ਘੰਟੇ ਲਈ ਆਪਣਾ ਪ੍ਰੋਗ੍ਰਾਮ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਪ੍ਰੋਗ੍ਰਾਮ ਸ਼ੁਰੂ ਕਰਨਾ ਸੀ। ਚਰਚ ਵਾਲਿਆਂ ਨੇ ਜ਼ਿਆਦਾ ਸਮਾਂ ਲੈ ਲਿਆ। ਉਨ੍ਹਾਂ ਦੇ ਜਾਣ ਤੋਂ ਬਾਅਦ ਹੀ ਯਿਸੂ ਦੀ ਮੌਤ ਦੀ ਵਰ੍ਹੇਗੰਢ ਮਨਾਈ ਗਈ। ਅਗਲੇ ਦਿਨ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਕਰਨ ਲਈ ਇਕ ਸਭਾ ਬੁਲਾਈ। ਜਾਂਚ ਕਰਨ ਤੋਂ ਬਾਅਦ ਸਭਾ ਦੇ ਮੈਂਬਰਾਂ ਨੇ ਚਰਚ ਵਾਲਿਆਂ ਨੂੰ ਇਹ ਘੋਸ਼ਣਾ ਕਰਨ ਲਈ ਕਿਹਾ ਕਿ ਸਮੱਸਿਆ ਦੀ ਜੜ੍ਹ ਗਵਾਹ ਨਹੀਂ ਸਨ, ਬਲਕਿ ਚਰਚ ਦਾ ਪ੍ਰਧਾਨ ਸੀ। ਉਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਦਾ ਧੰਨਵਾਦ ਵੀ ਕੀਤਾ ਕਿ ਉਨ੍ਹਾਂ ਨੇ ਇਸ ਮੁਸ਼ਕਲ ਘੜੀ ਵਿਚ ਧੀਰਜ ਰੱਖਿਆ। ‘ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖਣ’ ਦੇ ਗਵਾਹਾਂ ਦੇ ਜਤਨਾਂ ਦੇ ਚੰਗੇ ਨਤੀਜੇ ਨਿਕਲੇ।
19. ਹੋਰ ਕਿਸ ਤਰੀਕੇ ਨਾਲ ਅਸੀਂ ਸ਼ਾਂਤੀ ਭਰੇ ਸੰਬੰਧ ਬਣਾਈ ਰੱਖ ਸਕਦੇ ਹਾਂ?
19 ਦੂਜਿਆਂ ਨਾਲ ਸ਼ਾਂਤੀ ਭਰੇ ਸੰਬੰਧ ਬਣਾਈ ਰੱਖਣ ਲਈ ਜ਼ਰੂਰੀ ਹੈ ਕਿ ਅਸੀਂ ਚੰਗੇ ਬੋਲ ਬੋਲੀਏ। ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ ਕਿ ਚੰਗੀ ਬੋਲ-ਬਾਣੀ ਕਿਹੜੀ ਹੈ ਅਤੇ ਇਹ ਕਲਾ ਕਿਵੇਂ ਪੈਦਾ ਕੀਤੀ ਤੇ ਵਰਤੀ ਜਾ ਸਕਦੀ ਹੈ।
[ਫੁਟਨੋਟ]
a ‘ਅੱਗ ਦੇ ਅੰਗਿਆਰੇ’ ਉਸ ਪੁਰਾਣੇ ਤਰੀਕੇ ਦੀ ਯਾਦ ਦਿਲਾਉਂਦੇ ਹਨ ਜਦੋਂ ਕੱਚੀ ਧਾਤ ਦੇ ਉੱਪਰ-ਥੱਲੇ ਅੱਗ ਦੇ ਅੰਗਿਆਰੇ ਰੱਖ ਕੇ ਧਾਤ ਨੂੰ ਪਿਘਲਾਇਆ ਜਾਂਦਾ ਸੀ ਅਤੇ ਉਸ ਵਿੱਚੋਂ ਸ਼ੁੱਧ ਧਾਤ ਕੱਢੀ ਜਾਂਦੀ ਸੀ। ਇਸੇ ਤਰ੍ਹਾਂ ਅਸੀਂ ਕਠੋਰ ਲੋਕਾਂ ਨਾਲ ਨਰਮਾਈ ਨਾਲ ਪੇਸ਼ ਆਵਾਂਗੇ ਜਿਸ ਕਾਰਨ ਉਨ੍ਹਾਂ ਦਾ ਸੁਭਾਅ ਨਰਮ ਹੋ ਸਕਦਾ ਹੈ ਤੇ ਉਨ੍ਹਾਂ ਦੇ ਚੰਗੇ ਗੁਣ ਉੱਭਰ ਕੇ ਸਾਮ੍ਹਣੇ ਆਉਣਗੇ।
ਕੀ ਤੁਸੀਂ ਸਮਝਾ ਸਕਦੇ ਹੋ?
• ਅੱਜ ਦੁਨੀਆਂ ਵਿਚ ਲੋਕ ਇੰਨੇ ਗੁੱਸੇ ਕਿਉਂ ਹੁੰਦੇ ਹਨ?
• ਬਾਈਬਲ ਦੀਆਂ ਕਿਹੜੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਗੁੱਸੇ ʼਤੇ ਕਾਬੂ ਪਾਉਣ ਜਾਂ ਨਾ ਪਾਉਣ ਦੇ ਕੀ ਨਤੀਜੇ ਨਿਕਲ ਸਕਦੇ ਹਨ?
• ਸਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਕੋਈ ਮਸੀਹੀ ਸਾਨੂੰ ਠੇਸ ਪਹੁੰਚਾਉਂਦਾ ਹੈ?
• ਕਲੀਸਿਯਾ ਤੋਂ ਬਾਹਰ ਹੁੰਦੇ ਹਮਲਿਆਂ ਦਾ ਸਾਨੂੰ ਕਿਵੇਂ ਸਾਮ੍ਹਣਾ ਕਰਨਾ ਚਾਹੀਦਾ ਹੈ?
[ਸਫ਼ਾ 16 ਉੱਤੇ ਤਸਵੀਰ]
ਸ਼ਿਮਓਨ ਅਤੇ ਲੇਵੀ ਵਾਪਸ ਤਾਂ ਮੁੜੇ, ਪਰ ਗੁੱਸਾ ਕੱਢਣ ਤੋਂ ਬਾਅਦ
[ਸਫ਼ਾ 18 ਉੱਤੇ ਤਸਵੀਰਾਂ]
ਨਰਮਾਈ ਨਾਲ ਪੇਸ਼ ਆਉਣ ਨਾਲ ਦੂਜਿਆਂ ਦਾ ਰਵੱਈਆ ਨਰਮ ਪੈ ਸਕਦਾ ਹੈ