‘ਤੁਹਾਨੂੰ ਕੇਹੋ ਜੇਹੇ ਇਨਸਾਨ ਹੋਣਾ ਚਾਹੀਦਾ ਹੈ?’
“ਜਦੋਂ ਏਹ ਸੱਭੇ ਵਸਤਾਂ ਇਉਂ ਢਲ ਜਾਣ ਵਾਲੀਆਂ ਹਨ ਤਾਂ ਤੁਹਾਨੂੰ ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ ਵਿੱਚ ਕੇਹੋ ਜੇਹੇ ਹੋਣਾ ਚਾਹੀਦਾ ਹੈ?”—2 ਪਤ. 3:11.
1. ਪਤਰਸ ਦੀ ਦੂਜੀ ਚਿੱਠੀ ਉਸ ਦੇ ਜ਼ਮਾਨੇ ਦੇ ਮਸੀਹੀਆਂ ਲਈ ਸਮੇਂ ਸਿਰ ਦਿੱਤੀ ਗਈ ਹੱਲਾਸ਼ੇਰੀ ਕਿਉਂ ਸੀ?
ਪਤਰਸ ਰਸੂਲ ਨੇ ਜਦੋਂ ਆਪਣੀ ਦੂਜੀ ਚਿੱਠੀ ਲਿਖੀ ਸੀ, ਉਸ ਤੋਂ ਪਹਿਲਾਂ ਮਸੀਹੀ ਕਲੀਸਿਯਾ ਕਾਫ਼ੀ ਅਤਿਆਚਾਰ ਸਹਿ ਚੁੱਕੀ ਸੀ। ਪਰ ਇਸ ਕਾਰਨ ਉਨ੍ਹਾਂ ਦਾ ਜੋਸ਼ ਠੰਢਾ ਨਹੀਂ ਪਿਆ ਜਾਂ ਉਨ੍ਹਾਂ ਵਿਚ ਹੋ ਰਹੇ ਵਾਧੇ ਵਿਚ ਕਮੀ ਨਹੀਂ ਆਈ। ਇਸ ਲਈ ਸ਼ਤਾਨ ਨੇ ਇਕ ਹੋਰ ਹੱਥਕੰਡਾ ਅਪਣਾਇਆ ਜੋ ਪਹਿਲਾਂ ਕਈ ਵਾਰ ਕਾਮਯਾਬ ਹੋਇਆ। ਪਤਰਸ ਨੇ ਕਿਹਾ ਸੀ ਕਿ ਸ਼ਤਾਨ ਨੇ ਲੋਕਾਂ ਨੂੰ ਝੂਠੇ ਸਿੱਖਿਅਕਾਂ ਦੇ ਜ਼ਰੀਏ ਭ੍ਰਿਸ਼ਟ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦੀਆਂ ‘ਅੱਖਾਂ ਵਿਭਚਾਰਣ ਵੱਲ ਲੱਗੀਆਂ ਹੋਈਆਂ ਸਨ’ ਅਤੇ ‘ਮਨ ਲੋਭ ਵਿੱਚ ਪੱਕੇ ਹੋਏ ਹੋਏ ਸਨ।’ (2 ਪਤ. 2:1-3, 14; ਯਹੂ. 4) ਇਸੇ ਲਈ ਪਤਰਸ ਨੇ ਆਪਣੀ ਦੂਜੀ ਚਿੱਠੀ ਵਿਚ ਮਸੀਹੀਆਂ ਨੂੰ ਆਪਣੀ ਵਫ਼ਾਦਾਰੀ ਬਣਾਈ ਰੱਖਣ ਦੀ ਹੱਲਾਸ਼ੇਰੀ ਦਿੱਤੀ।
2. ਦੂਜੇ ਪਤਰਸ ਦਾ ਤੀਜਾ ਅਧਿਆਇ ਕਿਸ ਬਾਰੇ ਗੱਲ ਕਰਦਾ ਹੈ ਅਤੇ ਸਾਨੂੰ ਆਪਣੇ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
2 ਪਤਰਸ ਨੇ ਲਿਖਿਆ: “ਮੈਂ ਇਹ ਜੋਗ ਸਮਝਦਾ ਹਾਂ ਭਈ ਜਿੰਨਾ ਚਿਰ ਮੈਂ ਇਸ ਤੰਬੂ ਵਿੱਚ ਹਾਂ ਮੈਂ ਤੁਹਾਨੂੰ ਚੇਤੇ ਕਰਾ ਕਰਾ ਕੇ ਪਰੇਰਦਾ ਰਹਾਂ। ਕਿਉਂ ਜੋ ਮੈਂ ਜਾਣਦਾ ਹਾਂ ਭਈ ਮੇਰੇ ਤੰਬੂ ਦੇ ਪੁੱਟੇ ਜਾਣ ਦਾ ਵੇਲਾ ਨੇੜੇ ਆ ਪੁੱਜਿਆ ਹੈ . . . ਮੈਂ ਜਤਨ ਕਰਾਂਗਾ ਭਈ ਤੁਸੀਂ ਮੇਰੇ ਕੂਚ ਕਰਨ ਦੇ ਮਗਰੋਂ ਇਨ੍ਹਾਂ ਗੱਲਾਂ ਨੂੰ ਹਰ ਵੇਲੇ ਚੇਤੇ ਰੱਖੋ।” (2 ਪਤ. 1:13-15) ਪਤਰਸ ਜਾਣਦਾ ਸੀ ਕਿ ਉਸ ਦੀ ਮੌਤ ਨੇੜੇ ਸੀ, ਪਰ ਉਹ ਚਾਹੁੰਦਾ ਸੀ ਕਿ ਉਸ ਦੀਆਂ ਵੇਲੇ ਸਿਰ ਕਹੀਆਂ ਗੱਲਾਂ ਨੂੰ ਚੇਤੇ ਰੱਖਿਆ ਜਾਵੇ। ਹਾਂ, ਇਹ ਗੱਲਾਂ ਬਾਈਬਲ ਦਾ ਹਿੱਸਾ ਹਨ ਜਿਨ੍ਹਾਂ ਨੂੰ ਅੱਜ ਅਸੀਂ ਸਾਰੇ ਪੜ੍ਹ ਸਕਦੇ ਹਾਂ। ਪਤਰਸ ਦੀ ਦੂਜੀ ਚਿੱਠੀ ਦਾ ਤੀਸਰਾ ਅਧਿਆਇ ਸਾਡੇ ਲਈ ਬਹੁਤ ਮਾਅਨੇ ਰੱਖਦਾ ਹੈ ਕਿਉਂਕਿ ਇਹ ਦੁਨੀਆਂ ਦੇ “ਅੰਤ ਦੇ ਦਿਨਾਂ” ਅਤੇ ਆਕਾਸ਼ ਤੇ ਧਰਤੀ ਦੇ ਨਾਸ਼ ਬਾਰੇ ਗੱਲ ਕਰਦਾ ਹੈ। (2 ਪਤ. 3:3, 7, 10) ਪਤਰਸ ਸਾਨੂੰ ਕੀ ਸਲਾਹ ਦਿੰਦਾ ਹੈ? ਇਹ ਸਲਾਹ ਮੰਨਣ ਨਾਲ ਸਾਨੂੰ ਕਿਵੇਂ ਯਹੋਵਾਹ ਦੀ ਮਿਹਰ ਪਾਉਣ ਵਿਚ ਮਦਦ ਮਿਲੇਗੀ?
3, 4. (ੳ) ਪਤਰਸ ਨੇ ਕਿਹੜਾ ਸਵਾਲ ਪੁੱਛਿਆ ਅਤੇ ਕਿਹੜੀ ਚੇਤਾਵਨੀ ਦਿੱਤੀ? (ਅ) ਅਸੀਂ ਕਿਹੜੀਆਂ ਤਿੰਨ ਗੱਲਾਂ ਉੱਤੇ ਗੌਰ ਕਰਾਂਗੇ?
3 ਸ਼ਤਾਨ ਦੀ ਦੁਨੀਆਂ ਦੇ ਨਾਸ਼ ਦਾ ਜ਼ਿਕਰ ਕਰਨ ਤੋਂ ਬਾਅਦ ਪਤਰਸ ਨੇ ਕਿਹਾ: “ਤੁਹਾਨੂੰ ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ ਵਿੱਚ ਕੇਹੋ ਜੇਹੇ ਹੋਣਾ ਚਾਹੀਦਾ ਹੈ?” (2 ਪਤ. 3:11, 12) ਪਤਰਸ ਨੇ ਜਵਾਬ ਜਾਣਨ ਲਈ ਇਹ ਸਵਾਲ ਨਹੀਂ ਪੁੱਛਿਆ ਸੀ। ਉਹ ਚਾਹੁੰਦਾ ਸੀ ਕਿ ਭੈਣ-ਭਰਾ ਇਸ ਬਾਰੇ ਸੋਚਣ ਕਿ ਉਹ ਕੀ ਕਰ ਰਹੇ ਸਨ। ਪਤਰਸ ਨੂੰ ਪਤਾ ਸੀ ਕਿ ਸਿਰਫ਼ ਉਹੀ ਲੋਕ “ਬਦਲਾ ਲੈਣ ਦੇ ਦਿਨ” ਬਚਣਗੇ ਜਿਹੜੇ ਯਹੋਵਾਹ ਦੀ ਮਰਜ਼ੀ ਪੂਰੀ ਕਰਦੇ ਹਨ ਅਤੇ ਪਰਮੇਸ਼ੁਰ ਵਰਗੇ ਗੁਣ ਦਿਖਾਉਂਦੇ ਹਨ। (ਯਸਾ. 61:2) ਇਸ ਲਈ ਉਸ ਨੇ ਅੱਗੇ ਕਿਹਾ: “ਸੋ ਹੇ ਪਿਆਰਿਓ, ਜਦੋਂ ਤੁਸੀਂ ਅੱਗੇ ਹੀ ਏਹ ਗੱਲਾਂ ਜਾਣਦੇ ਹੋ ਤਾਂ ਚੌਕਸ ਰਹੋ ਭਈ ਕਿਤੇ ਨਾ ਹੋਵੇ ਜੋ ਦੁਸ਼ਟਾਂ [ਯਾਨੀ ਝੂਠੇ ਸਿੱਖਿਅਕਾਂ] ਦੀ ਭੁੱਲ ਨਾਲ ਭਰਮ ਕੇ ਆਪਣੀ ਦ੍ਰਿੜ੍ਹਤਾ ਤੋਂ ਡਿੱਗ ਪਓ।”—2 ਪਤ. 3:17.
4 ਪਤਰਸ ਵੀ ਉਨ੍ਹਾਂ ਲੋਕਾਂ ਵਿੱਚੋਂ ਸੀ ਜੋ “ਅੱਗੇ ਹੀ ਏਹ ਗੱਲਾਂ ਜਾਣਦੇ” ਸਨ। ਇਸ ਲਈ ਪਤਰਸ ਨੂੰ ਪਤਾ ਸੀ ਕਿ ਅੰਤ ਦੇ ਦਿਨਾਂ ਵਿਚ ਖ਼ਾਸਕਰ ਮਸੀਹੀਆਂ ਨੂੰ ਚੌਕਸ ਰਹਿਣ ਦੀ ਲੋੜ ਪਵੇਗੀ ਤਾਂਕਿ ਉਹ ਆਪਣੀ ਵਫ਼ਾਦਾਰੀ ਬਣਾਈ ਰੱਖ ਸਕਣ। ਬਾਅਦ ਵਿਚ ਯੂਹੰਨਾ ਰਸੂਲ ਨੇ ਸਾਫ਼-ਸਾਫ਼ ਸਮਝਾਇਆ ਕਿ ਉਨ੍ਹਾਂ ਨੂੰ ਚੌਕਸ ਰਹਿਣ ਦੀ ਕਿਉਂ ਲੋੜ ਸੀ। ਉਸ ਨੇ ਪਹਿਲਾਂ ਹੀ ਦੇਖ ਲਿਆ ਸੀ ਕਿ ਸ਼ਤਾਨ ਨੂੰ ਸਵਰਗ ਤੋਂ ਹੇਠਾਂ ਸੁੱਟਿਆ ਜਾਵੇਗਾ ਅਤੇ ਉਸ ਨੂੰ ਉਨ੍ਹਾਂ ਉੱਤੇ “ਵੱਡਾ ਕ੍ਰੋਧ” ਹੋਵੇਗਾ “ਜਿਹੜੇ ਪਰਮੇਸ਼ੁਰ ਦੀਆਂ ਆਗਿਆਂ ਦੀ ਪਾਲਨਾ ਕਰਦੇ ਅਤੇ ਯਿਸੂ ਦੀ ਸਾਖੀ ਭਰਦੇ ਹਨ।” (ਪਰ. 12:9, 12, 17) ਪਰਮੇਸ਼ੁਰ ਦੇ ਵਫ਼ਾਦਾਰ ਮਸਹ ਕੀਤੇ ਹੋਏ ਮਸੀਹੀਆਂ ਅਤੇ ਉਨ੍ਹਾਂ ਦੇ ਸਾਥੀਆਂ ਯਾਨੀ ‘ਹੋਰ ਭੇਡਾਂ’ ਦੀ ਜਿੱਤ ਹੋਵੇਗੀ। (ਯੂਹੰ. 10:16) ਪਰ ਸਾਡੇ ਇਕੱਲੇ-ਇਕੱਲੇ ਬਾਰੇ ਕੀ? ਕੀ ਅਸੀਂ ਵਫ਼ਾਦਾਰ ਰਹਾਂਗੇ? ਅਸੀਂ ਇਸ ਤਰ੍ਹਾਂ ਕਰ ਪਾਵਾਂਗੇ ਜੇ ਆਪਾਂ (1) ਆਪਣੇ ਵਿਚ ਪਰਮੇਸ਼ੁਰੀ ਗੁਣ ਪੈਦਾ ਕਰੀਏ, (2) ਨੈਤਿਕ ਤੌਰ ਤੇ ਬੇਦਾਗ਼ ਰਹੀਏ ਅਤੇ ਸ਼ੁੱਧ ਭਗਤੀ ਕਰੀਏ ਅਤੇ (3) ਅਜ਼ਮਾਇਸ਼ਾਂ ਬਾਰੇ ਸਹੀ ਨਜ਼ਰੀਆ ਰੱਖੀਏ। ਆਓ ਆਪਾਂ ਇਨ੍ਹਾਂ ਗੱਲਾਂ ਉੱਤੇ ਗੌਰ ਕਰੀਏ।
ਪਰਮੇਸ਼ੁਰੀ ਗੁਣ ਪੈਦਾ ਕਰੋ
5, 6. ਸਾਨੂੰ ਕਿਹੜੇ ਗੁਣ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਇਸ ਵਾਸਤੇ “ਵੱਡਾ ਜਤਨ” ਕਿਉਂ ਕਰਨਾ ਪੈਂਦਾ ਹੈ?
5 ਪਤਰਸ ਨੇ ਆਪਣੀ ਦੂਜੀ ਚਿੱਠੀ ਦੇ ਸ਼ੁਰੂ ਵਿਚ ਲਿਖਿਆ: “ਤੁਸੀਂ ਆਪਣੀ ਵੱਲੋਂ ਵੱਡਾ ਜਤਨ ਕਰ ਕੇ ਆਪਣੀ ਨਿਹਚਾ ਨਾਲ ਨੇਕੀ ਅਤੇ ਨੇਕੀ ਨਾਲ ਗਿਆਨ ਅਤੇ ਗਿਆਨ ਨਾਲ ਸੰਜਮ ਅਤੇ ਸੰਜਮ ਨਾਲ ਧੀਰਜ ਅਤੇ ਧੀਰਜ ਨਾਲ ਭਗਤੀ ਅਤੇ ਭਗਤੀ ਨਾਲ ਭਰੱਪਣ ਦਾ ਪ੍ਰੇਮ ਅਤੇ ਭਰੱਪਣ ਦੇ ਪ੍ਰੇਮ ਨਾਲ ਪ੍ਰੇਮ ਨੂੰ ਵਧਾਈ ਜਾਓ ਕਿਉਂ ਜੋ ਏਹ ਗੁਣ ਜੇ ਤੁਹਾਡੇ ਵਿੱਚ ਹੋਣ ਅਤੇ ਵਧਦੇ ਜਾਣ ਤਾਂ ਓਹ ਤੁਹਾਨੂੰ ਸਾਡੇ ਪ੍ਰਭੁ ਯਿਸੂ ਮਸੀਹ ਦੇ ਗਿਆਨ ਵਿੱਚ ਨਾ ਆਲਸੀ ਅਤੇ ਨਾ ਨਿਸਫਲ ਹੋਣ ਦੇਣਗੇ।”—2 ਪਤ. 1:5-8.
6 ਜੀ ਹਾਂ, ਪਰਮੇਸ਼ੁਰੀ ਗੁਣ ਪੈਦਾ ਕਰਨ ਵਿਚ ਜਿਹੜੇ ਕੰਮ ਸਾਡੀ ਮਦਦ ਕਰਦੇ ਹਨ, ਉਨ੍ਹਾਂ ਨੂੰ ਕਰਨ ਲਈ “ਵੱਡਾ ਜਤਨ” ਕਰਨਾ ਪੈਂਦਾ ਹੈ। ਮਿਸਾਲ ਲਈ, ਸਾਰੀਆਂ ਮੀਟਿੰਗਾਂ ਵਿਚ ਹਾਜ਼ਰ ਹੋਣ, ਰੋਜ਼ ਬਾਈਬਲ ਪੜ੍ਹਨ ਅਤੇ ਬਾਕਾਇਦਾ ਅਧਿਐਨ ਕਰਦੇ ਰਹਿਣ ਲਈ ਜਤਨ ਕਰਨਾ ਪੈਂਦਾ ਹੈ। ਪਰਿਵਾਰਕ ਸਟੱਡੀ ਬਾਕਾਇਦਾ ਕਰਨ, ਇਸ ਨੂੰ ਮਜ਼ੇਦਾਰ ਅਤੇ ਲਾਭਦਾਇਕ ਬਣਾਉਣ ਲਈ ਸਖ਼ਤ ਮਿਹਨਤ ਕਰਨ ਦੇ ਨਾਲ-ਨਾਲ ਸ਼ਾਇਦ ਚੰਗੀ ਯੋਜਨਾ ਵੀ ਬਣਾਉਣੀ ਪਵੇ। ਪਰ ਇਕ ਵਾਰ ਜਦੋਂ ਸਾਨੂੰ ਇੱਦਾਂ ਕਰਨ ਦੀ ਆਦਤ ਪੈ ਜਾਂਦੀ ਹੈ, ਤਾਂ ਇਸ ਤਰ੍ਹਾਂ ਕਰਨਾ ਸੌਖਾ ਹੋ ਜਾਂਦਾ ਹੈ, ਖ਼ਾਸਕਰ ਉਦੋਂ ਜਦ ਅਸੀਂ ਇਸ ਦੇ ਫ਼ਾਇਦੇ ਦੇਖਦੇ ਹਾਂ।
7, 8. (ੳ) ਪਰਿਵਾਰਕ ਸਟੱਡੀ ਬਾਰੇ ਕੁਝ ਭੈਣਾਂ-ਭਰਾਵਾਂ ਨੇ ਕੀ ਕਿਹਾ? (ਅ) ਤੁਸੀਂ ਪਰਿਵਾਰਕ ਸਟੱਡੀ ਤੋਂ ਕਿਵੇਂ ਲਾਭ ਉਠਾ ਰਹੇ ਹੋ?
7 ਪਰਿਵਾਰਕ ਸਟੱਡੀ ਦੇ ਪ੍ਰਬੰਧ ਬਾਰੇ ਇਕ ਭੈਣ ਲਿਖਦੀ ਹੈ: “ਇਸ ਕਾਰਨ ਅਸੀਂ ਕਈ ਵਿਸ਼ਿਆਂ ਬਾਰੇ ਸਿੱਖਦੇ ਹਾਂ।” ਇਕ ਹੋਰ ਭੈਣ ਦੱਸਦੀ ਹੈ: “ਸੱਚ ਦੱਸਾਂ, ਤਾਂ ਮੈਂ ਨਹੀਂ ਸੀ ਚਾਹੁੰਦੀ ਕਿ ਬੁੱਕ ਸਟੱਡੀ ਬੰਦ ਹੋ ਜਾਵੇ। ਇਹ ਮੇਰੀ ਮਨ-ਪਸੰਦ ਮੀਟਿੰਗ ਸੀ। ਪਰ ਹੁਣ ਪਰਿਵਾਰਕ ਸਟੱਡੀ ਕਰ ਕੇ ਮੈਂ ਦੇਖਿਆ ਹੈ ਕਿ ਯਹੋਵਾਹ ਜਾਣਦਾ ਹੈ ਕਿ ਸਾਨੂੰ ਕਿਸ ਚੀਜ਼ ਦੀ ਕਦੋਂ ਲੋੜ ਹੈ।” ਇਕ ਪਰਿਵਾਰ ਦਾ ਮੁਖੀ ਕਹਿੰਦਾ ਹੈ: “ਪਰਿਵਾਰਕ ਸਟੱਡੀ ਕਰਨ ਨਾਲ ਸਾਡੀ ਬੇਹੱਦ ਮਦਦ ਹੋਈ ਹੈ। ਇਕ ਅਜਿਹੀ ਮੀਟਿੰਗ ਹੋਣੀ ਸਾਡੇ ਪਤੀ-ਪਤਨੀ ਲਈ ਬਹੁਤ ਫ਼ਾਇਦੇਮੰਦ ਹੈ ਜਿਸ ਨੂੰ ਅਸੀਂ ਆਪਣੀਆਂ ਲੋੜਾਂ ਮੁਤਾਬਕ ਕਰ ਸਕਦੇ ਹਾਂ। ਸਾਨੂੰ ਦੋਵਾਂ ਨੂੰ ਲੱਗਦਾ ਹੈ ਕਿ ਅਸੀਂ ਪਹਿਲਾਂ ਨਾਲੋਂ ਜ਼ਿਆਦਾ ਪਰਮੇਸ਼ੁਰੀ ਗੁਣ ਦਿਖਾ ਰਹੇ ਹਾਂ ਅਤੇ ਸਾਨੂੰ ਪ੍ਰਚਾਰ ਦੇ ਕੰਮ ਵਿਚ ਪਹਿਲਾਂ ਨਾਲੋਂ ਜ਼ਿਆਦਾ ਖ਼ੁਸ਼ੀ ਮਿਲਦੀ ਹੈ।” ਇਕ ਹੋਰ ਪਰਿਵਾਰ ਦਾ ਮੁਖੀ ਕਹਿੰਦਾ ਹੈ: “ਬੱਚੇ ਖ਼ੁਦ ਰਿਸਰਚ ਕਰ ਰਹੇ ਹਨ ਅਤੇ ਕਾਫ਼ੀ ਕੁਝ ਸਿੱਖ ਰਹੇ ਹਨ। ਇਸ ਵਿਚ ਉਨ੍ਹਾਂ ਨੂੰ ਮਜ਼ਾ ਆਉਂਦਾ ਹੈ। ਇਸ ਪ੍ਰਬੰਧ ਕਾਰਨ ਸਾਡਾ ਭਰੋਸਾ ਵਧਿਆ ਹੈ ਕਿ ਯਹੋਵਾਹ ਜਾਣਦਾ ਹੈ ਕਿ ਸਾਨੂੰ ਕਿਨ੍ਹਾਂ ਗੱਲਾਂ ਦੀ ਚਿੰਤਾ ਹੈ ਅਤੇ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ।” ਕੀ ਤੁਸੀਂ ਵੀ ਪਰਮੇਸ਼ੁਰ ਦੇ ਇਸ ਪ੍ਰਬੰਧ ਬਾਰੇ ਇਸੇ ਤਰ੍ਹਾਂ ਸੋਚਦੇ ਹੋ?
8 ਛੋਟੀਆਂ-ਛੋਟੀਆਂ ਗੱਲਾਂ ਨੂੰ ਪਰਿਵਾਰਕ ਸਟੱਡੀ ਵਿਚ ਅੜਿੱਕਾ ਨਾ ਬਣਨ ਦਿਓ। ਇਕ ਵਿਆਹੁਤਾ ਜੋੜੇ ਨੇ ਕਿਹਾ: “ਪਿਛਲੇ ਚਾਰ ਹਫ਼ਤਿਆਂ ਤੋਂ ਹਰ ਵੀਰਵਾਰ ਦੀ ਸ਼ਾਮ ਨੂੰ ਸਾਡੇ ਪਰਿਵਾਰ ਵਿਚ ਕੁਝ-ਨਾ-ਕੁਝ ਹੁੰਦਾ ਰਹਿੰਦਾ ਸੀ ਜਿਸ ਕਰਕੇ ਸਾਡੀ ਸਟੱਡੀ ਲਗਭਗ ਬੰਦ ਹੋ ਹੀ ਜਾਣੀ ਸੀ। ਪਰ ਅਸੀਂ ਇਨ੍ਹਾਂ ਗੱਲਾਂ ਨੂੰ ਅੜਿੱਕਾ ਨਹੀਂ ਬਣਨ ਦਿੱਤਾ।” ਇਹ ਤਾਂ ਠੀਕ ਹੈ ਕਿ ਕਦੇ-ਕਦੇ ਤੁਸੀਂ ਉਸੇ ਦਿਨ ਜਾਂ ਸਮੇਂ ਤੇ ਸਟੱਡੀ ਨਹੀਂ ਕਰ ਪਾਉਂਦੇ ਜੋ ਤੁਸੀਂ ਸਟੱਡੀ ਕਰਨ ਲਈ ਰੱਖਿਆ ਹੈ। ਫਿਰ ਵੀ ਠਾਣ ਲਓ ਕਿ ਤੁਸੀਂ ਇਕ ਹਫ਼ਤੇ ਲਈ ਵੀ ਆਪਣੀ ਪਰਿਵਾਰਕ ਸਟੱਡੀ ਕੈਂਸਲ ਨਹੀਂ ਕਰੋਗੇ।
9. ਯਹੋਵਾਹ ਨੇ ਯਿਰਮਿਯਾਹ ਨੂੰ ਕਿਵੇਂ ਸੰਭਾਲਿਆ ਅਤੇ ਅਸੀਂ ਉਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?
9 ਨਬੀ ਯਿਰਮਿਯਾਹ ਸਾਡੇ ਲਈ ਵਧੀਆ ਮਿਸਾਲ ਹੈ। ਯਹੋਵਾਹ ਨੇ ਉਸ ਨੂੰ ਲੋੜੀਂਦਾ ਗਿਆਨ ਦਿੱਤਾ ਜਿਸ ਲਈ ਯਿਰਮਿਯਾਹ ਤਹਿ ਦਿਲੋਂ ਸ਼ੁਕਰਗੁਜ਼ਾਰ ਸੀ। ਇਸ ਕਾਰਨ ਯਿਰਮਿਯਾਹ ਧੀਰਜ ਨਾਲ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕਰ ਸਕਿਆ ਜੋ ਉਸ ਦੀ ਗੱਲ ਨਹੀਂ ਸੁਣਦੇ ਸਨ। ਉਸ ਨੇ ਕਿਹਾ: “ਯਹੋਵਾਹ ਦਾ ਬਚਨ . . . ਮੇਰੇ ਦਿਲ ਵਿੱਚ ਬਲਦੀ ਅੱਗ ਵਾਂਙੁ ਹੁੰਦਾ ਹੈ, ਜਿਹੜੀ ਮੇਰੀਆਂ ਹੱਡੀਆਂ ਵਿੱਚ ਲੁਕੀ ਹੋਈ ਹੈ।” (ਯਿਰ. 20:8, 9) ਇਸ ਬਚਨ ਦੀ ਮਦਦ ਨਾਲ ਉਹ ਔਖੀਆਂ ਘੜੀਆਂ ਨਾਲ ਸਿੱਝ ਸਕਿਆ ਜਿਨ੍ਹਾਂ ਦਾ ਅੰਤ ਯਰੂਸ਼ਲਮ ਦੇ ਨਾਸ਼ ਨਾਲ ਹੋਇਆ। ਅੱਜ ਸਾਡੇ ਕੋਲ ਪੂਰੀ ਬਾਈਬਲ ਹੈ। ਜਦ ਅਸੀਂ ਲਗਨ ਨਾਲ ਇਸ ਨੂੰ ਪੜ੍ਹਦੇ ਹਾਂ ਤੇ ਪਰਮੇਸ਼ੁਰ ਦੇ ਖ਼ਿਆਲਾਂ ਨੂੰ ਆਪਣੇ ਖ਼ਿਆਲ ਬਣਾਉਂਦੇ ਹਾਂ, ਤਾਂ ਅਸੀਂ ਵੀ ਯਿਰਮਿਯਾਹ ਵਾਂਗ ਖ਼ੁਸ਼ੀ-ਖ਼ੁਸ਼ੀ ਪ੍ਰਚਾਰ ਕਰਦੇ ਰਹਾਂਗੇ, ਅਜ਼ਮਾਇਸ਼ਾਂ ਦੌਰਾਨ ਵਫ਼ਾਦਾਰ ਰਹਾਂਗੇ ਅਤੇ ਨੈਤਿਕ ਤੌਰ ਤੇ ਸਾਫ਼-ਸੁਥਰੇ ਰਹਾਂਗੇ ਤੇ ਸੱਚੀ-ਸੁੱਚੀ ਭਗਤੀ ਕਰਾਂਗੇ।—ਯਾਕੂ. 5:10.
“ਨਿਰਮਲ ਅਤੇ ਨਿਹਕਲੰਕ” ਰਹੋ
10, 11. ਸਾਨੂੰ ਕਿਉਂ “ਨਿਰਮਲ ਅਤੇ ਨਿਹਕਲੰਕ” ਰਹਿਣ ਦਾ ਜਤਨ ਕਰਨਾ ਚਾਹੀਦਾ ਹੈ ਅਤੇ ਇਸ ਦੇ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ?
10 ਮਸੀਹੀ ਹੋਣ ਕਰਕੇ ਅਸੀਂ ਜਾਣਦੇ ਹਾਂ ਕਿ ਅਸੀਂ ਅੰਤ ਦੇ ਸਮੇਂ ਵਿਚ ਜੀ ਰਹੇ ਹਾਂ। ਇਸ ਲਈ ਅਸੀਂ ਹੈਰਾਨ ਨਹੀਂ ਹਾਂ ਕਿ ਦੁਨੀਆਂ ਉਨ੍ਹਾਂ ਕੰਮਾਂ ਵਿਚ ਰੁੱਝੀ ਪਈ ਹੈ ਜਿਨ੍ਹਾਂ ਤੋਂ ਯਹੋਵਾਹ ਨੂੰ ਘਿਣ ਹੈ ਜਿਵੇਂ ਲਾਲਚ, ਬਦਚਲਣੀ ਅਤੇ ਹਿੰਸਾ। ਸ਼ਤਾਨ ਦੇ ਹੱਥਕੰਡੇ ਦਾ ਸਾਰ ਇਵੇਂ ਦਿੱਤਾ ਜਾ ਸਕਦਾ ਹੈ: ‘ਜੇ ਪਰਮੇਸ਼ੁਰ ਦੇ ਸੇਵਕਾਂ ਨੂੰ ਡਰਾਇਆ ਨਹੀਂ ਜਾ ਸਕਦਾ, ਉਨ੍ਹਾਂ ਨੂੰ ਸ਼ਾਇਦ ਭ੍ਰਿਸ਼ਟ ਤਾਂ ਕੀਤਾ ਹੀ ਜਾ ਸਕਦਾ ਹੈ।’ (ਪਰ. 2:13, 14) ਇਸ ਲਈ ਸਾਨੂੰ ਪਤਰਸ ਦੀ ਇਹ ਸਲਾਹ ਮੰਨਣੀ ਚਾਹੀਦੀ ਹੈ: ‘ਜਤਨ ਕਰੋ ਭਈ ਤੁਸੀਂ ਸ਼ਾਂਤੀ ਨਾਲ ਪਰਮੇਸ਼ੁਰ ਦੇ ਅੱਗੇ ਨਿਰਮਲ ਅਤੇ ਨਿਹਕਲੰਕ ਠਹਿਰੋ।’—2 ਪਤ. 3:14.
11 ਪਤਰਸ ਨੇ ਪਹਿਲਾਂ ਵੀ “ਵੱਡਾ ਜਤਨ” ਕਰਨ ਦੀ ਹੱਲਾਸ਼ੇਰੀ ਦਿੱਤੀ ਸੀ ਤੇ ਹੁਣ ਇਕ ਵਾਰ ਫਿਰ ‘ਜਤਨ ਕਰਨ’ ਲਈ ਕਹਿੰਦਾ ਹੈ। ਸਪੱਸ਼ਟ ਹੈ ਕਿ ਯਹੋਵਾਹ—ਜਿਸ ਨੇ ਇਹ ਸ਼ਬਦ ਲਿਖਣ ਲਈ ਪਤਰਸ ਨੂੰ ਪ੍ਰੇਰਿਆ ਸੀ—ਜਾਣਦਾ ਹੈ ਕਿ ਸਾਨੂੰ ਸ਼ਤਾਨ ਦੀ ਦੁਨੀਆਂ ਦੀ ਗੰਦਗੀ ਤੋਂ “ਨਿਰਮਲ ਅਤੇ ਨਿਹਕਲੰਕ” ਰਹਿਣ ਲਈ ਜਤਨ ਕਰਨ ਦੀ ਲੋੜ ਹੈ। ਜਤਨ ਕਰਨ ਵਿਚ ਸ਼ਾਮਲ ਹੈ ਕਿ ਅਸੀਂ ਆਪਣੇ ਦਿਲ ਉੱਤੇ ਗ਼ਲਤ ਇੱਛਾਵਾਂ ਹਾਵੀ ਨਾ ਹੋਣ ਦੇਈਏ। (ਕਹਾਉਤਾਂ 4:23; ਯਾਕੂਬ 1:14, 15 ਪੜ੍ਹੋ।) ਇਹ ਵੀ ਸ਼ਾਮਲ ਹੈ ਕਿ ਅਸੀਂ ਉਨ੍ਹਾਂ ਖ਼ਿਲਾਫ਼ ਦ੍ਰਿੜ੍ਹਤਾ ਨਾਲ ਖੜ੍ਹੇ ਰਹੀਏ ਜਿਹੜੇ ਸਾਡੇ ਜੀਉਣ ਦੇ ਤੌਰ-ਤਰੀਕਿਆਂ ਨੂੰ ਦੇਖ ਕੇ ਉਲਝਣ ਵਿਚ ਹਨ ਅਤੇ ‘ਸਾਡੀ ਨਿੰਦਿਆ ਕਰਦੇ ਹਨ।’—1 ਪਤ. 4:4.
12. ਲੂਕਾ 11:13 ਵਿਚ ਸਾਨੂੰ ਕੀ ਭਰੋਸਾ ਦਿੱਤਾ ਗਿਆ ਹੈ?
12 ਨਾਮੁਕੰਮਲ ਹੋਣ ਕਰਕੇ ਸਾਨੂੰ ਸਹੀ ਕੰਮ ਕਰਨ ਲਈ ਜੱਦੋ-ਜਹਿਦ ਕਰਨੀ ਪੈਂਦੀ ਹੈ। (ਰੋਮੀ. 7:21-25) ਅਸੀਂ ਤਾਂ ਹੀ ਸਫ਼ਲ ਹੋ ਸਕਦੇ ਹਾਂ ਜੇ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰੀਏ ਜੋ ਮੰਗਣ ਵਾਲਿਆਂ ਨੂੰ ਖੁੱਲ੍ਹੇ ਦਿਲ ਨਾਲ ਆਪਣੀ ਪਵਿੱਤਰ ਸ਼ਕਤੀ ਦਿੰਦਾ ਹੈ। (ਲੂਕਾ 11:13) ਇਹ ਸ਼ਕਤੀ ਸਾਡੇ ਵਿਚ ਉਹ ਗੁਣ ਪੈਦਾ ਕਰਦੀ ਹੈ ਜੋ ਪਰਮੇਸ਼ੁਰ ਨੂੰ ਪਸੰਦ ਹਨ। ਇਨ੍ਹਾਂ ਦੀ ਮਦਦ ਨਾਲ ਅਸੀਂ ਪਰਤਾਵਿਆਂ ਦਾ ਸਾਮ੍ਹਣਾ ਕਰਨ ਦੇ ਨਾਲ-ਨਾਲ ਅਜ਼ਮਾਇਸ਼ਾਂ ਨੂੰ ਸਹਿ ਸਕਦੇ ਹਾਂ ਜੋ ਯਹੋਵਾਹ ਦਾ ਦਿਨ ਆਉਣ ਤਕ ਸ਼ਾਇਦ ਵਧਦੀਆਂ ਜਾਣ।
ਅਜ਼ਮਾਇਸ਼ਾਂ ਨੂੰ ਨਿਹਚਾ ਤਕੜੀ ਕਰਨ ਦਾ ਮੌਕਾ ਸਮਝੋ
13. ਜ਼ਿੰਦਗੀ ਵਿਚ ਆਉਂਦੀਆਂ ਅਜ਼ਮਾਇਸ਼ਾਂ ਨੂੰ ਸਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?
13 ਜਦ ਤਕ ਅਸੀਂ ਇਸ ਦੁਨੀਆਂ ਵਿਚ ਰਹਿੰਦੇ ਹਾਂ, ਤਦ ਤਕ ਕੋਈ-ਨਾ-ਕੋਈ ਅਜ਼ਮਾਇਸ਼ ਆਉਂਦੀ ਰਹੇਗੀ। ਪਰ ਹੌਸਲਾ ਹਾਰਨ ਦੀ ਬਜਾਇ ਕਿਉਂ ਨਾ ਅਸੀਂ ਇਨ੍ਹਾਂ ਅਜ਼ਮਾਇਸ਼ਾਂ ਨੂੰ ਪਰਮੇਸ਼ੁਰ ਲਈ ਆਪਣਾ ਪਿਆਰ ਜ਼ਾਹਰ ਕਰਨ ਦਾ ਮੌਕਾ ਸਮਝੀਏ ਅਤੇ ਉਸ ਵਿਚ ਤੇ ਉਸ ਦੇ ਬਚਨ ਵਿਚ ਆਪਣੀ ਨਿਹਚਾ ਤਕੜੀ ਕਰੀਏ? ਚੇਲੇ ਯਾਕੂਬ ਨੇ ਲਿਖਿਆ ਸੀ: “ਹੇ ਮੇਰੇ ਭਰਾਵੋ, ਜਾਂ ਤੁਸੀਂ ਭਾਂਤ ਭਾਂਤ ਦੇ ਪਰਤਾਵਿਆਂ ਵਿੱਚ ਪਵੋ ਤਾਂ ਇਹ ਨੂੰ ਪੂਰਨ ਅਨੰਦ ਦੀ ਗੱਲ ਜਾਣੋ। ਕਿਉਂ ਜੋ ਤੁਸੀਂ ਜਾਣਦੇ ਹੋ ਭਈ ਤੁਹਾਡੀ ਨਿਹਚਾ ਦੀ ਪਰੀਖਿਆ ਧੀਰਜ ਬਣਾਉਂਦੀ ਹੈ।” (ਯਾਕੂ. 1:2-4) ਇਹ ਵੀ ਯਾਦ ਰੱਖੋ ਕਿ ‘ਯਹੋਵਾਹ ਭਗਤਾਂ ਨੂੰ ਪਰਤਾਵੇ ਵਿੱਚੋਂ ਕੱਢਣਾ ਜਾਣਦਾ ਹੈ।’—2 ਪਤ. 2:9.
14. ਯੂਸੁਫ਼ ਦੀ ਮਿਸਾਲ ਤੋਂ ਤੁਹਾਨੂੰ ਕੀ ਉਤਸ਼ਾਹ ਮਿਲਦਾ ਹੈ?
14 ਯਾਕੂਬ ਦੇ ਪੁੱਤਰ ਯੂਸੁਫ਼ ਦੀ ਮਿਸਾਲ ʼਤੇ ਗੌਰ ਕਰੋ ਜਿਸ ਨੂੰ ਉਸ ਦੇ ਭਰਾਵਾਂ ਨੇ ਗ਼ੁਲਾਮੀ ਕਰਨ ਲਈ ਵੇਚ ਦਿੱਤਾ ਸੀ। (ਉਤ. 37:23-28; 42:21) ਕੀ ਇਸ ਅਤਿਆਚਾਰ ਕਾਰਨ ਯੂਸੁਫ਼ ਨੇ ਆਪਣੀ ਨਿਹਚਾ ਘਟਣ ਦਿੱਤੀ? ਕੀ ਉਹ ਪਰਮੇਸ਼ੁਰ ਨਾਲ ਗੁੱਸੇ ਹੋਇਆ ਸੀ ਜਿਸ ਨੇ ਉਸ ਉੱਤੇ ਇਹ ਅਤਿਆਚਾਰ ਹੋਣ ਦਿੱਤਾ? ਪਰਮੇਸ਼ੁਰ ਦਾ ਬਚਨ ਸਾਫ਼-ਸਾਫ਼ ਦੱਸਦਾ ਹੈ ਕਿ ਉਸ ਨੇ ਇਵੇਂ ਨਹੀਂ ਕੀਤਾ। ਪਰ ਯੂਸੁਫ਼ ਦੀਆਂ ਅਜ਼ਮਾਇਸ਼ਾਂ ਇੱਥੇ ਖ਼ਤਮ ਨਹੀਂ ਹੋਈਆਂ। ਬਾਅਦ ਵਿਚ ਉਸ ਉੱਤੇ ਬਲਾਤਕਾਰ ਕਰਨ ਦਾ ਝੂਠਾ ਇਲਜ਼ਾਮ ਲਾਇਆ ਗਿਆ ਤੇ ਉਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਗਿਆ। ਇਸ ਵਾਰ ਵੀ ਉਸ ਨੇ ਪਰਮੇਸ਼ੁਰ ਦੀ ਭਗਤੀ ਕਰਨੀ ਨਹੀਂ ਛੱਡੀ। (ਉਤ. 39:9-21) ਇਸ ਦੀ ਬਜਾਇ, ਉਸ ਨੇ ਅਜ਼ਮਾਇਸ਼ਾਂ ਨੂੰ ਆਪਣੀ ਨਿਹਚਾ ਪੱਕੀ ਕਰਨ ਦਾ ਮੌਕਾ ਸਮਝਿਆ ਜਿਸ ਕਾਰਨ ਉਸ ਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ।
15. ਨਾਓਮੀ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
15 ਇਹ ਸੱਚ ਹੈ ਕਿ ਅਜ਼ਮਾਇਸ਼ਾਂ ਕਾਰਨ ਅਸੀਂ ਉਦਾਸ ਜਾਂ ਨਿਰਾਸ਼ ਹੋ ਸਕਦੇ ਹਾਂ। ਸ਼ਾਇਦ ਯੂਸੁਫ਼ ਵੀ ਕਦੇ-ਕਦੇ ਇਸ ਤਰ੍ਹਾਂ ਮਹਿਸੂਸ ਕਰਦਾ ਸੀ। ਪਰਮੇਸ਼ੁਰ ਦੇ ਹੋਰ ਵਫ਼ਾਦਾਰ ਸੇਵਕਾਂ ਨੇ ਇੱਦਾਂ ਮਹਿਸੂਸ ਕੀਤਾ ਸੀ। ਨਾਓਮੀ ਦੀ ਮਿਸਾਲ ਲੈ ਲਓ ਜਿਸ ਦਾ ਪਤੀ ਅਤੇ ਦੋ ਮੁੰਡੇ ਗੁਜ਼ਰ ਗਏ ਸਨ। ਉਸ ਨੇ ਕਿਹਾ: “ਮੈਨੂੰ ਨਾਓਮੀ ਨਾ ਆਖੋ। ਮੈਨੂੰ ਮਾਰਾ [ਜਿਸ ਦਾ ਮਤਲਬ ਹੈ ਕੁੜੱਤਣ] ਆਖੋ ਕਿਉਂ ਜੋ ਸਰਬ ਸ਼ਕਤੀਮਾਨ ਨੇ ਮੇਰੇ ਨਾਲ ਡਾਢੀ ਕੁੜੱਤਣ ਦਾ ਕੰਮ ਕੀਤਾ ਹੈ।” (ਰੂਥ 1:20, 21) ਅਸੀਂ ਸਮਝ ਸਕਦੇ ਹਾਂ ਕਿ ਨਾਓਮੀ ਨੇ ਇਸ ਤਰ੍ਹਾਂ ਕਿਉਂ ਕਿਹਾ ਸੀ। ਪਰ ਯੂਸੁਫ਼ ਦੀ ਤਰ੍ਹਾਂ ਉਸ ਨੇ ਆਪਣੀ ਨਿਹਚਾ ਕਮਜ਼ੋਰ ਨਹੀਂ ਪੈਣ ਦਿੱਤੀ ਤੇ ਨਾ ਹੀ ਉਸ ਨੇ ਆਪਣੀ ਵਫ਼ਾਦਾਰੀ ਛੱਡੀ। ਇਸ ਕਰਕੇ ਯਹੋਵਾਹ ਨੇ ਇਸ ਵਫ਼ਾਦਾਰ ਔਰਤ ਨੂੰ ਬਰਕਤ ਦਿੱਤੀ। (ਰੂਥ 4:13-17, 22) ਇਸ ਤੋਂ ਇਲਾਵਾ ਸ਼ਤਾਨ ਅਤੇ ਉਸ ਦੀ ਬੁਰੀ ਦੁਨੀਆਂ ਨੇ ਜੋ ਵੀ ਨੁਕਸਾਨ ਕੀਤਾ ਹੈ, ਯਹੋਵਾਹ ਆਉਣ ਵਾਲੀ ਦੁਨੀਆਂ ਵਿਚ ਉਸ ਨੂੰ ਮਿਟਾ ਦੇਵੇਗਾ। ਉਹ ਵਾਅਦਾ ਕਰਦਾ ਹੈ ਕਿ “ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ।”—ਯਸਾ. 65:17.
16. ਪ੍ਰਾਰਥਨਾ ਦੇ ਸੰਬੰਧ ਵਿਚ ਸਾਡਾ ਕਿਹੋ ਜਿਹਾ ਰਵੱਈਆ ਹੋਣਾ ਚਾਹੀਦਾ ਹੈ ਅਤੇ ਕਿਉਂ?
16 ਸਾਡੇ ਉੱਤੇ ਜੋ ਮਰਜ਼ੀ ਅਜ਼ਮਾਇਸ਼ਾਂ ਆ ਜਾਣ, ਪਰ ਸਾਨੂੰ ਪਤਾ ਹੈ ਕਿ ਯਹੋਵਾਹ ਸਾਨੂੰ ਸੰਭਾਲੀ ਰੱਖੇਗਾ ਕਿਉਂਕਿ ਉਹ ਸਾਨੂੰ ਪਿਆਰ ਕਰਦਾ ਹੈ। (ਰੋਮੀਆਂ 8:35-39 ਪੜ੍ਹੋ।) ਸ਼ਤਾਨ ਸਾਨੂੰ ਨਿਰਾਸ਼ ਕਰਨ ਤੋਂ ਬਾਜ਼ ਨਹੀਂ ਆਵੇਗਾ, ਪਰ ਜੇ ਅਸੀਂ ‘ਸੁਰਤ ਵਾਲੇ ਹੋਈਏ’ ਅਤੇ ‘ਪ੍ਰਾਰਥਨਾ ਲਈ ਸੁਚੇਤ ਰਹੀਏ,’ ਤਾਂ ਉਹ ਕਾਮਯਾਬ ਨਹੀਂ ਹੋਵੇਗਾ। (1 ਪਤ. 4:7) ਯਿਸੂ ਨੇ ਕਿਹਾ: “ਬੇਨਤੀ ਕਰਦਿਆਂ ਹਰ ਵੇਲੇ ਜਾਗਦੇ ਰਹੋ ਭਈ ਤੁਸੀਂ ਉਨ੍ਹਾਂ ਸਭਨਾਂ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸੱਕੋ ਅਤੇ ਮਨੁੱਖ ਦੇ ਪੁੱਤ੍ਰ ਦੇ ਸਾਹਮਣੇ ਖੜੇ ਹੋ ਸੱਕੋ।” (ਲੂਕਾ 21:36) ਧਿਆਨ ਦਿਓ ਕਿ ਯਿਸੂ ਨੇ “ਬੇਨਤੀ” ਸ਼ਬਦ ਵਰਤਿਆ ਜੋ ਕਿ ਅਜਿਹੀ ਪ੍ਰਾਰਥਨਾ ਹੈ ਜੋ ਦਿਲੋਂ ਕੀਤੀ ਜਾਂਦੀ ਹੈ। ਬੇਨਤੀ ਕਰਨ ਦਾ ਉਤਸ਼ਾਹ ਦੇ ਕੇ ਯਿਸੂ ਨੇ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਸਾਨੂੰ ਪਰਮੇਸ਼ੁਰ ਅਤੇ ਯਿਸੂ ਨਾਲ ਆਪਣੇ ਰਿਸ਼ਤੇ ਨੂੰ ਐਵੇਂ ਨਹੀਂ ਸਮਝਣਾ ਚਾਹੀਦਾ। ਯਹੋਵਾਹ ਦੇ ਦਿਨ ਉਹੀ ਬਚਣਗੇ ਜਿਨ੍ਹਾਂ ਦਾ ਉਨ੍ਹਾਂ ਨਾਲ ਪੱਕਾ ਰਿਸ਼ਤਾ ਹੈ।
ਯਹੋਵਾਹ ਦੀ ਸੇਵਾ ਵਿਚ ਲੱਗੇ ਰਹੋ
17. ਜੇ ਤੁਹਾਡੇ ਇਲਾਕੇ ਵਿਚ ਪ੍ਰਚਾਰ ਕਰਨਾ ਮੁਸ਼ਕਲ ਹੈ, ਤਾਂ ਤੁਸੀਂ ਪੁਰਾਣੇ ਜ਼ਮਾਨੇ ਦੇ ਨਬੀਆਂ ਦੀ ਚੰਗੀ ਮਿਸਾਲ ਤੋਂ ਕਿਵੇਂ ਫ਼ਾਇਦਾ ਉਠਾ ਸਕਦੇ ਹੋ?
17 ਪਰਮੇਸ਼ੁਰ ਦੇ ਕੰਮ ਕਰ ਕੇ ਅਸੀਂ ਤਰੋਤਾਜ਼ਾ ਹੁੰਦੇ ਹਾਂ। ਇਸ ਕਾਰਨ ਸਾਨੂੰ ਪਤਰਸ ਦੇ ਇਹ ਸ਼ਬਦ ਯਾਦ ਆਉਂਦੇ ਹਨ: “ਜਦੋਂ ਏਹ ਸੱਭੇ ਵਸਤਾਂ ਇਉਂ ਢਲ ਜਾਣ ਵਾਲੀਆਂ ਹਨ ਤਾਂ ਤੁਹਾਨੂੰ ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ ਵਿੱਚ ਕੇਹੋ ਜੇਹੇ ਹੋਣਾ ਚਾਹੀਦਾ ਹੈ?” (2 ਪਤ. 3:11) ਸਾਡੀ ਭਗਤੀ ਨਾਲ ਸੰਬੰਧਿਤ ਸਭ ਤੋਂ ਜ਼ਰੂਰੀ ਕੰਮ ਹੈ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ। (ਮੱਤੀ 24:14) ਇਹ ਸੱਚ ਹੈ ਕਿ ਕੁਝ ਇਲਾਕਿਆਂ ਵਿਚ ਪ੍ਰਚਾਰ ਕਰਨਾ ਮੁਸ਼ਕਲ ਹੋ ਸਕਦਾ ਹੈ, ਸ਼ਾਇਦ ਇਸ ਲਈ ਕਿਉਂਕਿ ਲੋਕ ਸਾਡੀ ਗੱਲ ਨਹੀਂ ਸੁਣਦੇ ਜਾਂ ਸਾਡਾ ਵਿਰੋਧ ਕਰਦੇ ਹਨ ਜਾਂ ਰੋਜ਼ਮੱਰਾ ਦੀ ਜ਼ਿੰਦਗੀ ਦੇ ਕੰਮਾਂ ਵਿਚ ਬਹੁਤ ਰੁੱਝੇ ਹੁੰਦੇ ਹਨ। ਬਾਈਬਲ ਦੇ ਜ਼ਮਾਨੇ ਵਿਚ ਵੀ ਯਹੋਵਾਹ ਦੇ ਸੇਵਕਾਂ ਦਾ ਅਜਿਹੇ ਲੋਕਾਂ ਨਾਲ ਵਾਹ ਪੈਂਦਾ ਸੀ। ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਸਗੋਂ ਪਰਮੇਸ਼ੁਰ ਵੱਲੋਂ ਮਿਲੇ ਸੰਦੇਸ਼ ਨੂੰ ਸੁਣਾਉਣ ਲਈ ਵਾਰ-ਵਾਰ ਜਾਂਦੇ ਰਹੇ। (2 ਇਤਹਾਸ 36:15, 16 ਪੜ੍ਹੋ; ਯਿਰ. 7:24-26) ਕਿਹੜੀ ਗੱਲ ਦੀ ਮਦਦ ਨਾਲ ਉਹ ਇਸ ਤਰ੍ਹਾਂ ਕਰਨ ਵਿਚ ਲੱਗੇ ਰਹੇ? ਉਹ ਆਪਣੇ ਇਸ ਕੰਮ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖਦੇ ਸਨ ਨਾ ਕਿ ਦੁਨੀਆਂ ਦੇ ਨਜ਼ਰੀਏ ਤੋਂ। ਇਸ ਤੋਂ ਇਲਾਵਾ ਉਹ ਪਰਮੇਸ਼ੁਰ ਦੇ ਨਾਂ ਦਾ ਐਲਾਨ ਕਰਨਾ ਵੱਡਾ ਸਨਮਾਨ ਸਮਝਦੇ ਸਨ।—ਯਿਰ. 15:16.
18. ਰਾਜ ਦੇ ਪ੍ਰਚਾਰ ਦਾ ਕੰਮ ਕਰਨ ਨਾਲ ਭਵਿੱਖ ਵਿਚ ਯਹੋਵਾਹ ਦੇ ਨਾਂ ਦੀ ਵਡਿਆਈ ਕਿਵੇਂ ਹੋਵੇਗੀ?
18 ਸਾਡੇ ਕੋਲ ਵੀ ਯਹੋਵਾਹ ਦੇ ਨਾਂ ਅਤੇ ਉਸ ਦੇ ਮਕਸਦ ਦਾ ਐਲਾਨ ਕਰਨ ਦਾ ਸਨਮਾਨ ਹੈ। ਜ਼ਰਾ ਸੋਚੋ: ਸਾਡੇ ਪ੍ਰਚਾਰ ਸਦਕਾ ਪਰਮੇਸ਼ੁਰ ਦੇ ਦੁਸ਼ਮਣ ਯਹੋਵਾਹ ਦਾ ਵੱਡਾ ਦਿਨ ਆਉਣ ਤੇ ਇਹ ਨਹੀਂ ਕਹਿ ਸਕਣਗੇ ਕਿ ਉਨ੍ਹਾਂ ਨੂੰ ਰੱਬ ਬਾਰੇ ਕਦੇ ਕਿਸੇ ਨੇ ਦੱਸਿਆ ਨਹੀਂ। ਪੁਰਾਣੇ ਜ਼ਮਾਨੇ ਦੇ ਫ਼ਿਰਊਨ ਵਾਂਗ ਉਨ੍ਹਾਂ ਨੂੰ ਵੀ ਪਤਾ ਲੱਗ ਜਾਵੇਗਾ ਕਿ ਯਹੋਵਾਹ ਉਨ੍ਹਾਂ ਦੇ ਖ਼ਿਲਾਫ਼ ਕਦਮ ਚੁੱਕ ਰਿਹਾ ਹੈ। (ਕੂਚ 8:1, 20; 14:25) ਇਸੇ ਸਮੇਂ ਦੌਰਾਨ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਦਾ ਮਾਣ ਰੱਖੇਗਾ ਜਦੋਂ ਉਹ ਆਪਣੇ ਦੁਸ਼ਮਣਾਂ ਅੱਗੇ ਜ਼ਾਹਰ ਕਰ ਦੇਵੇਗਾ ਕਿ ਉਹ ਉਸ ਵੱਲੋਂ ਪ੍ਰਚਾਰ ਕਰਨ ਲਈ ਭੇਜੇ ਗਏ ਸਨ।—ਹਿਜ਼ਕੀਏਲ 2:5; 33:33 ਪੜ੍ਹੋ।
19. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਧੀਰਜ ਦਾ ਲਾਹਾ ਲੈਣਾ ਚਾਹੁੰਦੇ ਹਾਂ?
19 ਪਤਰਸ ਨੇ ਆਪਣੀ ਚਿੱਠੀ ਦੇ ਅਖ਼ੀਰ ਵਿਚ ਭੈਣਾਂ-ਭਰਾਵਾਂ ਨੂੰ ਲਿਖਿਆ: “ਸਾਡੇ ਪ੍ਰਭੁ ਦੀ ਧੀਰਜ ਨੂੰ ਮੁਕਤੀ ਸਮਝੋ।” (2 ਪਤ. 3:15) ਜੀ ਹਾਂ, ਆਓ ਆਪਾਂ ਯਹੋਵਾਹ ਦੇ ਧੀਰਜ ਦਾ ਲਾਹਾ ਲੈਂਦੇ ਰਹੀਏ। ਕਿਵੇਂ? ਅਜਿਹੇ ਗੁਣ ਪੈਦਾ ਕਰ ਕੇ ਜੋ ਉਸ ਨੂੰ ਪਸੰਦ ਹਨ, “ਨਿਰਮਲ ਅਤੇ ਨਿਹਕਲੰਕ” ਰਹਿ ਕੇ, ਅਜ਼ਮਾਇਸ਼ਾਂ ਬਾਰੇ ਸਹੀ ਨਜ਼ਰੀਆ ਰੱਖ ਕੇ ਅਤੇ ਪ੍ਰਚਾਰ ਵਿਚ ਲੱਗੇ ਰਹਿ ਕੇ। ਇਸ ਤਰ੍ਹਾਂ ਕਰਨ ਨਾਲ ਸਾਨੂੰ ਬੇਸ਼ੁਮਾਰ ਬਰਕਤਾਂ ਮਿਲਣਗੀਆਂ ਜੋ “ਨਵੇਂ ਅਕਾਸ਼ ਅਤੇ ਨਵੀਂ ਧਰਤੀ” ਨਾਲ ਜੁੜੀਆਂ ਹੋਈਆਂ ਹਨ।—2 ਪਤ. 3:13.
ਕੀ ਤੁਹਾਨੂੰ ਯਾਦ ਹੈ?
• ਅਸੀਂ ਪਰਮੇਸ਼ੁਰੀ ਗੁਣ ਕਿਵੇਂ ਪੈਦਾ ਕਰ ਸਕਦੇ ਹਾਂ?
• ਅਸੀਂ “ਨਿਰਮਲ ਅਤੇ ਨਿਹਕਲੰਕ” ਕਿਵੇਂ ਰਹਿ ਸਕਦੇ ਹਾਂ?
• ਅਸੀਂ ਨਾਓਮੀ ਅਤੇ ਯੂਸੁਫ਼ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?
• ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣਾ ਸਾਡੇ ਲਈ ਵੱਡਾ ਸਨਮਾਨ ਕਿਉਂ ਹੈ?
[ਸਫ਼ਾ 9 ਉੱਤੇ ਤਸਵੀਰ]
ਪਤੀਓ, ਕਿਹੜੀਆਂ ਗੱਲਾਂ ਦੀ ਮਦਦ ਨਾਲ ਤੁਸੀਂ ਅਤੇ ਤੁਹਾਡਾ ਪਰਿਵਾਰ ਆਪਣੇ ਵਿਚ ਪਰਮੇਸ਼ੁਰੀ ਗੁਣ ਪੈਦਾ ਕਰ ਸਕਦੇ ਹੋ?
[ਸਫ਼ਾ 10 ਉੱਤੇ ਤਸਵੀਰਾਂ]
ਯੂਸੁਫ਼ ਨੇ ਜਿਸ ਤਰ੍ਹਾਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ, ਉਸ ਤੋਂ ਅਸੀਂ ਕੀ ਸਿੱਖਦੇ ਹਾਂ?