ਜਗਤ ਦਾ ਆਤਮਾ ਨਹੀਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਪਾਓ
‘ਸਾਨੂੰ ਜਗਤ ਦਾ ਆਤਮਾ ਨਹੀਂ ਸਗੋਂ ਉਹ ਸ਼ਕਤੀ ਮਿਲੀ ਜਿਹੜੀ ਪਰਮੇਸ਼ੁਰ ਤੋਂ ਹੈ ਤਾਂ ਜੋ ਅਸੀਂ ਉਨ੍ਹਾਂ ਪਦਾਰਥਾਂ ਨੂੰ ਜਾਣੀਏ ਜਿਹੜੇ ਪਰਮੇਸ਼ੁਰ ਨੇ ਸਾਨੂੰ ਬਖਸ਼ੇ ਹਨ।’—1 ਕੁਰਿੰ. 2:12.
1, 2. (ੳ) ਮਸੀਹੀ ਕਿਸ ਅਰਥ ਵਿਚ ਲੜ ਰਹੇ ਹਨ? (ਅ) ਅਸੀਂ ਕਿਨ੍ਹਾਂ ਸਵਾਲਾਂ ਉੱਤੇ ਗੌਰ ਕਰਾਂਗੇ?
ਸੱਚੇ ਮਸੀਹੀ ਇਕ ਲੜਾਈ ਲੜ ਰਹੇ ਹਨ! ਸਾਡਾ ਦੁਸ਼ਮਣ ਤਾਕਤਵਰ, ਚਲਾਕ ਅਤੇ ਪੱਥਰ-ਦਿਲ ਹੈ। ਉਸ ਕੋਲ ਇਕ ਅਜਿਹਾ ਅਸਰਕਾਰੀ ਹਥਿਆਰ ਹੈ ਜਿਸ ਤੋਂ ਜ਼ਿਆਦਾਤਰ ਮਨੁੱਖਜਾਤੀ ਬਹੁਤ ਪ੍ਰਭਾਵਿਤ ਹੋਈ ਹੈ। ਪਰ ਸਾਨੂੰ ਆਪਣੇ ਆਪ ਨੂੰ ਕਮਜ਼ੋਰ ਸਮਝਣ ਜਾਂ ਇਹ ਸੋਚਣ ਦੀ ਲੋੜ ਨਹੀਂ ਕਿ ਅਸੀਂ ਹਾਰ ਜਾਵਾਂਗੇ। (ਯਸਾ. 41:10) ਸਾਡੇ ਕੋਲ ਇਕ ਸੁਰੱਖਿਆ ਢਾਲ ਹੈ ਜਿਸ ਦੀ ਮਦਦ ਨਾਲ ਅਸੀਂ ਕਿਸੇ ਵੀ ਹਮਲੇ ਦਾ ਸਾਮ੍ਹਣਾ ਕਰ ਸਕਦੇ ਹਾਂ।
2 ਪਰ ਅਸੀਂ ਸੱਚ-ਮੁੱਚ ਦੀ ਲੜਾਈ ਨਹੀਂ ਲੜ ਰਹੇ, ਇਹ ਇਕ ਵੱਖਰੀ ਕਿਸਮ ਦੀ ਲੜਾਈ ਹੈ। ਸਾਡਾ ਦੁਸ਼ਮਣ ਸ਼ਤਾਨ ਹੈ ਅਤੇ ਮੁੱਖ ਹਥਿਆਰ ਜੋ ਉਹ ਵਰਤਦਾ ਹੈ, ਉਹ ਹੈ “ਜਗਤ ਦਾ ਆਤਮਾ।” (1 ਕੁਰਿੰ. 2:12) ਉਸ ਦੇ ਹਮਲਿਆਂ ਦਾ ਸਾਮ੍ਹਣਾ ਕਰਨ ਲਈ ਮੁੱਖ ਸੁਰੱਖਿਆ ਢਾਲ ਹੈ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ। ਇਸ ਲੜਾਈ ਵਿੱਚੋਂ ਬਚਣ ਅਤੇ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਬਣਾਈ ਰੱਖਣ ਲਈ ਸਾਨੂੰ ਪਰਮੇਸ਼ੁਰ ਤੋਂ ਉਸ ਦੀ ਪਵਿੱਤਰ ਸ਼ਕਤੀ ਮੰਗਣ ਅਤੇ ਫਿਰ ਇਸ ਦੇ ਫਲ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਜ਼ਾਹਰ ਕਰਨ ਦੀ ਲੋੜ ਹੈ। (ਗਲਾ. 5:22, 23) ਪਰ ਜਗਤ ਦਾ ਆਤਮਾ ਕੀ ਹੈ ਅਤੇ ਇਹ ਇੰਨਾ ਅਸਰਕਾਰੀ ਕਿਵੇਂ ਬਣਿਆ? ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਜਗਤ ਦਾ ਆਤਮਾ ਸਾਡੇ ਉੱਤੇ ਅਸਰ ਪਾ ਰਿਹਾ ਹੈ? ਅਸੀਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਪਾਉਣ ਅਤੇ ਜਗਤ ਦੇ ਆਤਮੇ ਤੋਂ ਬਚਣ ਬਾਰੇ ਯਿਸੂ ਤੋਂ ਕੀ ਸਿੱਖ ਸਕਦੇ ਹਾਂ?
ਜਗਤ ਦਾ ਆਤਮਾ ਹਰ ਪਾਸੇ ਕਿਉਂ ਨਜ਼ਰ ਆਉਂਦਾ ਹੈ?
3. ਜਗਤ ਦਾ ਆਤਮਾ ਕੀ ਹੈ?
3 “ਜਗਤ ਦਾ ਸਰਦਾਰ” ਸ਼ਤਾਨ ਜਗਤ ਦੇ ਆਤਮੇ ਦਾ ਮੁੱਢ ਹੈ ਜੋ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੇ ਉਲਟ ਜਾਂਦਾ ਹੈ। (ਯੂਹੰ. 12:31; 14:30; 1 ਯੂਹੰ. 5:19) ਇਹ ਦੁਨੀਆਂ ਦੀ ਸੋਚ ਹੈ ਜੋ ਲੋਕਾਂ ਨੂੰ ਜੋ ਚਾਹੇ ਕਰਨ ਲਈ ਪ੍ਰੇਰਦੀ ਹੈ। ਇਸ ਸੋਚ ਕਾਰਨ ਲੋਕੀ ਉਹੀ ਕੁਝ ਕਰਦੇ ਹਨ ਜੋ ਪਰਮੇਸ਼ੁਰ ਦੀ ਇੱਛਾ ਅਤੇ ਮਕਸਦ ਦੇ ਉਲਟ ਹੈ।
4, 5. ਸ਼ਤਾਨ ਜਿਸ ਆਤਮਾ ਯਾਨੀ ਸੋਚ ਨੂੰ ਸ਼ਹਿ ਦਿੰਦਾ ਹੈ, ਉਹ ਹਰ ਪਾਸੇ ਇੰਨਾ ਨਜ਼ਰ ਕਿਵੇਂ ਆਉਣ ਲੱਗ ਪਿਆ?
4 ਸ਼ਤਾਨ ਜਿਸ ਆਤਮਾ ਯਾਨੀ ਸੋਚ ਨੂੰ ਸ਼ਹਿ ਦਿੰਦਾ ਹੈ, ਉਹ ਹਰ ਪਾਸੇ ਇੰਨਾ ਨਜ਼ਰ ਕਿਵੇਂ ਆਉਣ ਲੱਗ ਪਿਆ? ਪਹਿਲਾਂ ਤਾਂ ਸ਼ਤਾਨ ਨੇ ਅਦਨ ਦੇ ਬਾਗ਼ ਵਿਚ ਹੱਵਾਹ ਨੂੰ ਭਰਮਾਇਆ। ਉਸ ਨੇ ਉਸ ਨੂੰ ਯਕੀਨ ਦਿਵਾਇਆ ਕਿ ਪਰਮੇਸ਼ੁਰ ਤੋਂ ਆਜ਼ਾਦ ਹੋ ਕੇ ਉਸ ਦੀ ਜ਼ਿੰਦਗੀ ਸੁਧਰ ਜਾਵੇਗੀ। (ਉਤ. 3:13) ਕਿੰਨਾ ਵੱਡਾ ਝੂਠ ਬੋਲਿਆ ਉਸ ਨੇ! (ਯੂਹੰ. 8:44) ਫਿਰ ਉਸ ਨੇ ਤੀਵੀਂ ਦੇ ਜ਼ਰੀਏ ਆਦਮ ਨੂੰ ਪਰਮੇਸ਼ੁਰ ਦੀ ਉਲੰਘਣਾ ਕਰਨ ਲਈ ਭਰਮਾਇਆ। ਆਦਮ ਦੀ ਇਸ ਉਲੰਘਣਾ ਕਾਰਨ ਸਾਰੀ ਮਨੁੱਖਜਾਤੀ ਪਾਪ ਦੀ ਗ਼ੁਲਾਮ ਹੋ ਗਈ। ਨਤੀਜੇ ਵਜੋਂ ਮਨੁੱਖਜਾਤੀ ਵਿਰਸੇ ਵਿਚ ਉਹ ਰੁਝਾਨ ਪਾਉਂਦੀ ਹੈ ਜਿਸ ਉੱਤੇ ਅਣਆਗਿਆਕਾਰੀ ਸ਼ਤਾਨ ਦੀ ਸੋਚ ਦਾ ਅਸਰ ਹੁੰਦਾ ਹੈ।—ਅਫ਼ਸੀਆਂ 2:1-3 ਪੜ੍ਹੋ।
5 ਸ਼ਤਾਨ ਨੇ ਵੱਡੀ ਗਿਣਤੀ ਵਿਚ ਦੂਤਾਂ ਉੱਤੇ ਵੀ ਪ੍ਰਭਾਵ ਪਾਇਆ ਜੋ ਬਾਅਦ ਵਿਚ ਦੁਸ਼ਟ ਬਣ ਗਏ। (ਪਰ. 12:3, 4) ਉਸ ਨੇ ਪਰਮੇਸ਼ੁਰ ਨਾਲ ਇਹ ਵਿਸ਼ਵਾਸਘਾਤ ਨੂਹ ਦੇ ਜ਼ਮਾਨੇ ਵਿਚ ਆਈ ਜਲ-ਪਰਲੋ ਤੋਂ ਕੁਝ ਸਮਾਂ ਪਹਿਲਾਂ ਕੀਤਾ ਸੀ। ਉਨ੍ਹਾਂ ਦੂਤਾਂ ਨੇ ਸੋਚਿਆ ਕਿ ਸਵਰਗ ਵਿਚ ਆਪਣੀਆਂ ਪਦਵੀਆਂ ਛੱਡ ਕੇ ਉਹ ਜ਼ਿਆਦਾ ਖ਼ੁਸ਼ ਰਹਿਣਗੇ ਅਤੇ ਧਰਤੀ ਉੱਤੇ ਬੇਸ਼ਰਮੀ ਨਾਲ ਆਪਣੀਆਂ ਗ਼ੈਰ-ਕੁਦਰਤੀ ਇੱਛਾਵਾਂ ਪੂਰੀਆਂ ਕਰਨਗੇ। (ਯਹੂ. 6) ਉਨ੍ਹਾਂ ਦੁਸ਼ਟ ਦੂਤਾਂ ਦੀ ਮਦਦ ਨਾਲ ਸ਼ਤਾਨ ‘ਸਾਰੇ ਜਗਤ ਨੂੰ ਭਰਮਾ’ ਰਿਹਾ ਹੈ ਜੋ ਹੁਣ ਮਨੁੱਖੀ ਸਰੀਰ ਨਹੀਂ ਧਾਰ ਸਕਦੇ। (ਪਰ. 12:9) ਦੁੱਖ ਦੀ ਗੱਲ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸ਼ਤਾਨ ਦਾ ਉਨ੍ਹਾਂ ਉੱਤੇ ਪ੍ਰਭਾਵ ਪੈ ਰਿਹਾ ਹੈ।—2 ਕੁਰਿੰ. 4:4.
ਕੀ ਦੁਨੀਆਂ ਦੀ ਸੋਚ ਦਾ ਤੁਹਾਡੇ ਉੱਤੇ ਅਸਰ ਪੈ ਰਿਹਾ ਹੈ?
6. ਦੁਨੀਆਂ ਦੀ ਸੋਚ ਸਿਰਫ਼ ਕਦੋਂ ਸਾਡੇ ਉੱਤੇ ਅਸਰ ਕਰ ਸਕਦੀ ਹੈ?
6 ਕਈਆਂ ਦੀਆਂ ਅੱਖਾਂ ਉੱਤੇ ਪਰਦਾ ਪਿਆ ਹੋਇਆ ਹੈ ਕਿ ਸ਼ਤਾਨ ਉਨ੍ਹਾਂ ਉੱਤੇ ਅਸਰ ਪਾ ਰਿਹਾ ਹੈ, ਪਰ ਸੱਚੇ ਮਸੀਹੀ ਜਾਣਦੇ ਹਨ ਕਿ ਸ਼ਤਾਨ ਕਿਹੜੀਆਂ ਚਾਲਾਂ ਚੱਲਦਾ ਹੈ। (2 ਕੁਰਿੰ. 2:11) ਅਸਲ ਵਿਚ ਦੁਨੀਆਂ ਦੀ ਸੋਚ ਦਾ ਅਸਰ ਤਦ ਤਕ ਸਾਡੇ ਉੱਤੇ ਨਹੀਂ ਪੈ ਸਕਦਾ ਜਦ ਤਕ ਅਸੀਂ ਆਪਣੇ ਉੱਤੇ ਇਹ ਅਸਰ ਨਹੀਂ ਪੈਣ ਦਿੰਦੇ। ਇਸ ਲਈ ਆਓ ਆਪਾਂ ਚਾਰ ਸਵਾਲਾਂ ਉੱਤੇ ਗੌਰ ਕਰੀਏ ਜਿਨ੍ਹਾਂ ਦੀ ਮਦਦ ਨਾਲ ਅਸੀਂ ਦੇਖ ਪਾਵਾਂਗੇ ਕਿ ਅਸੀਂ ਆਪਣੇ ਉੱਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੂੰ ਅਸਰ ਕਰਨ ਦਿੰਦੇ ਹਾਂ ਜਾਂ ਦੁਨੀਆਂ ਦੀ ਸੋਚ ਨੂੰ।
7. ਕਿਹੜੇ ਇਕ ਤਰੀਕੇ ਨਾਲ ਸ਼ਤਾਨ ਸਾਨੂੰ ਯਹੋਵਾਹ ਤੋਂ ਜੁਦਾ ਕਰਨ ਦੀ ਕੋਸ਼ਿਸ਼ ਕਰਦਾ ਹੈ?
7 ਮਨੋਰੰਜਨ ਸੰਬੰਧੀ ਮੇਰੀ ਚੋਣ ਤੋਂ ਮੇਰੇ ਬਾਰੇ ਕੀ ਪਤਾ ਲੱਗਦਾ ਹੈ? (ਯਾਕੂਬ 3:14-18 ਪੜ੍ਹੋ।) ਸ਼ਤਾਨ ਸਾਡੇ ਦਿਲਾਂ ਵਿਚ ਹਿੰਸਾ ਲਈ ਪਿਆਰ ਪੈਦਾ ਕਰਨ ਨਾਲ ਸਾਨੂੰ ਪਰਮੇਸ਼ੁਰ ਤੋਂ ਜੁਦਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਸ਼ਤਾਨ ਜਾਣਦਾ ਹੈ ਕਿ ਯਹੋਵਾਹ ਨੂੰ ਉਸ ਹਰ ਇਨਸਾਨ ਤੋਂ ਨਫ਼ਰਤ ਹੈ ਜੋ ਹਿੰਸਾ ਨਾਲ ਪਿਆਰ ਕਰਦਾ ਹੈ। ਇਸ ਲਈ ਸਾਡੀਆਂ ਸਰੀਰਕ ਇੱਛਾਵਾਂ ਜਗਾਉਣ ਲਈ ਸ਼ਤਾਨ ਕਿਤਾਬਾਂ-ਰਸਾਲਿਆਂ, ਫ਼ਿਲਮਾਂ, ਸੰਗੀਤ ਅਤੇ ਗੇਮਾਂ ਨੂੰ ਵਰਤਣ ਦੀ ਕੋਸ਼ਿਸ਼ ਕਰਦਾ ਹੈ। ਇਨ੍ਹਾਂ ਵਿਚ ਕੁਝ ਗੇਮਾਂ ਅਜਿਹੀਆਂ ਹਨ ਜੋ ਖੇਡਣ ਵਾਲਿਆਂ ਨੂੰ ਅਨੈਤਿਕ ਕੰਮ ਕਰਨ ਅਤੇ ਨਿਰਦਈ ਬਣਨ ਲਈ ਉਕਸਾਉਂਦੀਆਂ ਹਨ। ਸ਼ਤਾਨ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਜੇ ਅਸੀਂ ਅੱਧੇ ਮਨ ਨਾਲ ਸਹੀ ਕੰਮ ਕਰੀਏ ਅਤੇ ਇਸ ਦੇ ਨਾਲ ਹੀ ਬੁਰੇ ਕੰਮ ਕਰੀਏ ਜਿਨ੍ਹਾਂ ਨੂੰ ਉਹ ਹੱਲਾਸ਼ੇਰੀ ਦਿੰਦਾ ਹੈ।—ਜ਼ਬੂ. 97:10.
8, 9. ਸਾਨੂੰ ਆਪਣੇ ਤੋਂ ਮਨੋਰੰਜਨ ਸੰਬੰਧੀ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
8 ਦੂਜੇ ਪਾਸੇ ਜਿਨ੍ਹਾਂ ਨੂੰ ਪਰਮੇਸ਼ੁਰ ਦੀ ਸ਼ਕਤੀ ਮਿਲਦੀ ਹੈ, ਉਨ੍ਹਾਂ ਨੂੰ ਇਹ ਸ਼ਕਤੀ ਪਵਿੱਤਰ ਰਹਿਣ, ਮਿਲਣਸਾਰ ਹੋਣ ਅਤੇ ਦਇਆ ਨਾਲ ਭਰਪੂਰ ਹੋਣ ਲਈ ਪ੍ਰੇਰਦੀ ਹੈ। ਸਾਨੂੰ ਆਪਣੇ ਤੋਂ ਪੁੱਛਣਾ ਚਾਹੀਦਾ ਹੈ, ‘ਕੀ ਮਨੋਰੰਜਨ ਬਾਰੇ ਮੇਰੀ ਚੋਣ ਤੋਂ ਮੈਨੂੰ ਆਪਣੇ ਵਿਚ ਚੰਗੇ ਗੁਣ ਪੈਦਾ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ?’ ਉਪਰਲੀ ਬੁੱਧ “ਨਿਸ਼ਕਪਟ” ਹੁੰਦੀ ਹੈ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਸੇਧ ਵਿਚ ਚੱਲਣ ਵਾਲੇ ਪਖੰਡ ਨਹੀਂ ਕਰਦੇ। ਕਹਿਣ ਦਾ ਮਤਲਬ ਹੈ ਕਿ ਉਹ ਦੂਜਿਆਂ ਨੂੰ ਪਵਿੱਤਰ ਰਹਿਣ ਅਤੇ ਮਿਲਣਸਾਰ ਹੋਣ ਦਾ ਪ੍ਰਚਾਰ ਕਰਨ ਤੋਂ ਬਾਅਦ ਆਪ ਆਪਣੇ ਘਰਾਂ ਵਿਚ ਜਾ ਕੇ ਟੈਲੀਵਿਯਨ ਉੱਤੇ ਮਾਰ-ਧਾੜ ਅਤੇ ਗੰਦੇ ਕੰਮ ਨਹੀਂ ਦੇਖਦੇ।
9 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਪੂਰੇ ਦਿਲ ਨਾਲ ਉਸ ਦੀ ਭਗਤੀ ਕਰੀਏ। ਪਰ ਸ਼ਤਾਨ ਸਾਡੇ ਤੋਂ ਆਪਣੀ ਭਗਤੀ ਦਾ ਸਿਰਫ਼ ਇਕ ਕੰਮ ਕਰਾ ਕੇ ਹੀ ਖ਼ੁਸ਼ ਹੋ ਜਾਵੇਗਾ ਜਿਵੇਂ ਉਹ ਯਿਸੂ ਤੋਂ ਕਰਾਉਣਾ ਚਾਹੁੰਦਾ ਸੀ। (ਲੂਕਾ 4:7, 8) ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਜਿਹੜਾ ਮਨੋਰੰਜਨ ਮੈਂ ਚੁਣਦਾ ਹਾਂ, ਉਸ ਕਾਰਨ ਕੀ ਮੈਂ ਪਰਮੇਸ਼ੁਰ ਦੀ ਪੂਰੇ ਦਿਲ ਨਾਲ ਭਗਤੀ ਕਰ ਪਾਉਂਦਾ ਹਾਂ? ਕੀ ਆਪਣੀ ਇਸ ਚੋਣ ਕਾਰਨ ਮੇਰੇ ਲਈ ਦੁਨੀਆਂ ਦੀ ਸੋਚ ਤੋਂ ਬਚ ਕੇ ਰਹਿਣਾ ਹੋਰ ਔਖਾ ਹੋ ਜਾਂਦਾ ਹੈ ਜਾਂ ਸੌਖਾ? ਕੀ ਮੈਨੂੰ ਭਵਿੱਖ ਵਿਚ ਮਨੋਰੰਜਨ ਦੀ ਚੋਣ ਕਰਨ ਸੰਬੰਧੀ ਕੋਈ ਸੁਧਾਰ ਕਰਨਾ ਚਾਹੀਦਾ ਹੈ?’
10, 11. (ੳ) ਭੌਤਿਕ ਚੀਜ਼ਾਂ ਬਾਰੇ ਜਗਤ ਦਾ ਆਤਮਾ ਕਿਹੋ ਜਿਹੇ ਰਵੱਈਏ ਨੂੰ ਹੱਲਾਸ਼ੇਰੀ ਦਿੰਦਾ ਹੈ? (ਅ) ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਉਸ ਦਾ ਬਚਨ ਸਾਨੂੰ ਕਿਹੋ ਜਿਹਾ ਨਜ਼ਰੀਆ ਰੱਖਣ ਲਈ ਉਤਸ਼ਾਹਿਤ ਕਰਦਾ ਹੈ?
10 ਭੌਤਿਕ ਚੀਜ਼ਾਂ ਸੰਬੰਧੀ ਮੇਰਾ ਕੀ ਰਵੱਈਆ ਹੈ? (ਲੂਕਾ 18:24-30 ਪੜ੍ਹੋ।) ਜਗਤ ਦਾ ਆਤਮਾ ਲਾਲਚ ਅਤੇ ਧਨ-ਦੌਲਤ ਦੇ ਜ਼ਰੀਏ “ਨੇਤਰਾਂ ਦੀ ਕਾਮਨਾ” ਨੂੰ ਜਗਾਉਂਦਾ ਹੈ। (1 ਯੂਹੰ. 2:16) ਇਸ ਨੇ ਬਹੁਤ ਸਾਰੇ ਲੋਕਾਂ ਵਿਚ ਅਮੀਰ ਬਣਨ ਦੀ ਧੁਨ ਪੈਦਾ ਕੀਤੀ ਹੈ। (1 ਤਿਮੋ. 6:9, 10) ਇਹ ਆਤਮਾ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਹੋਣ ਨਾਲ ਅਸੀਂ ਹਮੇਸ਼ਾ ਸੁੱਖ-ਸ਼ਾਂਤੀ ਨਾਲ ਰਹਾਂਗੇ। (ਕਹਾ. 18:11) ਪਰ ਜੇ ਅਸੀਂ ਪਰਮੇਸ਼ੁਰ ਨਾਲੋਂ ਜ਼ਿਆਦਾ ਪਿਆਰ ਪੈਸਿਆਂ ਨੂੰ ਕਰਨ ਲੱਗ ਪਏ, ਤਾਂ ਇਸ ਦਾ ਮਤਲਬ ਹੋਵੇਗਾ ਕਿ ਸ਼ਤਾਨ ਨੇ ਸਾਡੇ ਉੱਤੇ ਜਿੱਤ ਪਾ ਲਈ ਹੈ। ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ‘ਕੀ ਮੇਰੀ ਜ਼ਿੰਦਗੀ ਵਿਚ ਧਨ-ਦੌਲਤ ਪਾਉਣਾ ਅਤੇ ਐਸ਼ੋ-ਆਰਾਮ ਹੀ ਸਭ ਕੁਝ ਹੈ?’
11 ਇਹ ਗੱਲ ਸਹੀ ਹੈ ਕਿ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੈਸਾ ਕਮਾਉਣਾ ਅਤੇ ਸਖ਼ਤ ਮਿਹਨਤ ਕਰਨੀ ਜ਼ਰੂਰੀ ਹੈ। ਫਿਰ ਵੀ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਉਸ ਦਾ ਬਚਨ ਸਾਨੂੰ ਸੰਤੁਲਿਤ ਨਜ਼ਰੀਆ ਰੱਖਣ ਲਈ ਉਤਸ਼ਾਹਿਤ ਕਰਦਾ ਹੈ। (1 ਤਿਮੋ. 5:8) ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਪਾਉਣ ਵਾਲੇ ਇਸ ਸ਼ਕਤੀ ਦੀ ਮਦਦ ਨਾਲ ਪਰਮੇਸ਼ੁਰ ਵਾਂਗ ਦਰਿਆ-ਦਿਲੀ ਦਿਖਾਉਂਦੇ ਹਨ। ਉਹ ਲੈਣ ਵਾਲਿਆਂ ਵਜੋਂ ਨਹੀਂ ਸਗੋਂ ਦੇਣ ਵਾਲਿਆਂ ਵਜੋਂ ਜਾਣੇ ਜਾਂਦੇ ਹਨ। ਉਹ ਚੀਜ਼ਾਂ ਨਾਲੋਂ ਜ਼ਿਆਦਾ ਅਹਿਮੀਅਤ ਲੋਕਾਂ ਨੂੰ ਦਿੰਦੇ ਹਨ। ਇਸ ਲਈ ਉਨ੍ਹਾਂ ਕੋਲ ਜੋ ਕੁਝ ਹੈ, ਉਹ ਖ਼ੁਸ਼ੀ ਨਾਲ ਦੂਜਿਆਂ ਨਾਲ ਸਾਂਝਾ ਕਰਦੇ ਹਨ ਜਦੋਂ ਇਸ ਤਰ੍ਹਾਂ ਕਰਨਾ ਉਨ੍ਹਾਂ ਲਈ ਸੰਭਵ ਹੁੰਦਾ ਹੈ। (ਕਹਾ. 3:27, 28) ਉਹ ਕਦੇ ਵੀ ਪੈਸੇ ਪਿੱਛੇ ਨਹੀਂ ਭੱਜਦੇ ਬਲਕਿ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦਿੰਦੇ ਹਨ।
12, 13. ਦੁਨੀਆਂ ਦੀ ਸੋਚ ਦੇ ਉਲਟ ਪਰਮੇਸ਼ੁਰ ਦੀ ਸ਼ਕਤੀ ਸਾਡੇ ਉੱਤੇ ਕਿਵੇਂ ਚੰਗਾ ਅਸਰ ਪਾ ਸਕਦੀ ਹੈ?
12 ਕੀ ਮੇਰੀ ਸ਼ਖ਼ਸੀਅਤ ਤੋਂ ਦੁਨੀਆਂ ਦੀ ਸੋਚ ਝਲਕਦੀ ਹੈ ਜਾਂ ਪਰਮੇਸ਼ੁਰ ਦੀ ਸ਼ਕਤੀ ਦਾ ਅਸਰ? (ਕੁਲੁੱਸੀਆਂ 3:8-10, 13 ਪੜ੍ਹੋ।) ਦੁਨੀਆਂ ਦੀ ਸੋਚ ਸਰੀਰਕ ਕੰਮ ਕਰਨ ਦੀ ਹੱਲਾਸ਼ੇਰੀ ਦਿੰਦੀ ਹੈ। (ਗਲਾ. 5:19-21) ਸਾਡੇ ਉੱਤੇ ਕਿਸ ਦਾ ਅਸਰ ਪੈਂਦਾ ਹੈ, ਇਸ ਸੰਬੰਧੀ ਅਸਲੀ ਪਰੀਖਿਆ ਉਦੋਂ ਨਹੀਂ ਆਉਂਦੀ ਜਦੋਂ ਸਾਰਾ ਕੁਝ ਠੀਕ-ਠਾਕ ਚੱਲ ਰਿਹਾ ਹੁੰਦਾ ਹੈ, ਬਲਕਿ ਉਦੋਂ ਆਉਂਦੀ ਹੈ ਜਦੋਂ ਕੁਝ ਠੀਕ ਨਹੀਂ ਚੱਲ ਰਿਹਾ ਹੁੰਦਾ। ਮਿਸਾਲ ਲਈ ਉਦੋਂ ਜਦੋਂ ਕੋਈ ਮਸੀਹੀ ਭੈਣ-ਭਰਾ ਸਾਨੂੰ ਨਜ਼ਰਅੰਦਾਜ਼ ਕਰਦਾ ਹੈ, ਸਾਨੂੰ ਠੋਕਰ ਪਹੁੰਚਾਉਂਦਾ ਹੈ ਜਾਂ ਸਾਡੇ ਖ਼ਿਲਾਫ਼ ਪਾਪ ਵੀ ਕਰਦਾ ਹੈ। ਇਸ ਤੋਂ ਇਲਾਵਾ, ਜਦੋਂ ਅਸੀਂ ਆਪਣੇ ਘਰ ਵਿਚ ਪਰਿਵਾਰ ਦੇ ਮੈਂਬਰਾਂ ਨਾਲ ਪੇਸ਼ ਆਉਂਦੇ ਹਾਂ, ਉਦੋਂ ਵੀ ਪਤਾ ਲੱਗ ਸਕਦਾ ਹੈ ਕਿ ਸਾਡੇ ਉੱਤੇ ਕਿਸ ਦਾ ਅਸਰ ਹੈ। ਸਾਨੂੰ ਸ਼ਾਇਦ ਆਪਣੀ ਥੋੜ੍ਹੀ ਜਾਂਚ ਕਰਨ ਦੀ ਲੋੜ ਪਵੇ। ਆਪਣੇ ਆਪ ਤੋਂ ਪੁੱਛੋ, ‘ਕੀ ਪਿਛਲੇ ਛੇ ਮਹੀਨਿਆਂ ਵਿਚ ਮੇਰੀ ਸ਼ਖ਼ਸੀਅਤ ਜ਼ਿਆਦਾ ਮਸੀਹ ਵਰਗੀ ਬਣੀ ਹੈ ਜਾਂ ਕੀ ਮੈਨੂੰ ਪਹਿਲਾਂ ਵਾਂਗ ਕੁਝ ਬੋਲਣ-ਚੱਲਣ ਦੀ ਬੁਰੀ ਆਦਤ ਪੈ ਗਈ ਹੈ?’
13 ਪਰਮੇਸ਼ੁਰ ਦੀ ਸ਼ਕਤੀ ‘ਪੁਰਾਣੀ ਇਨਸਾਨੀਅਤ ਨੂੰ ਉਹ ਦੀਆਂ ਕਰਨੀਆਂ ਸਣੇ ਲਾਹ ਸੁੱਟਣ’ ਅਤੇ ‘ਨਵੀਂ ਨੂੰ ਪਹਿਨਣ’ ਵਿਚ ਸਾਡੀ ਮਦਦ ਕਰ ਸਕਦੀ ਹੈ। ਇਸ ਮਦਦ ਸਦਕਾ ਅਸੀਂ ਹੋਰ ਸਨੇਹੀ ਅਤੇ ਦਿਆਲੂ ਬਣਾਂਗੇ। ਅਸੀਂ ਇਕ-ਦੂਜੇ ਨੂੰ ਮਾਫ਼ ਕਰਨ ਲਈ ਤਿਆਰ ਹੋਵਾਂਗੇ ਭਾਵੇਂ ਸਾਨੂੰ ਆਪਣੇ ਕੋਲ ਗਿਲਾ ਕਰਨ ਦਾ ਜਾਇਜ਼ ਕਾਰਨ ਜਾਪੇ। ਜੇ ਸਾਨੂੰ ਲੱਗੇ ਕਿ ਸਾਡੇ ਨਾਲ ਬੇਇਨਸਾਫ਼ੀ ਹੋਈ ਹੈ, ਤਾਂ ਅਸੀਂ “ਕੁੜੱਤਣ, ਕ੍ਰੋਧ, ਕੋਪ” ਨਾਲ ਨਹੀਂ ਭਰਾਂਗੇ, “ਰੌਲਾ” ਨਹੀਂ ਪਾਵਾਂਗੇ ਅਤੇ “ਦੁਰਬਚਨ” ਨਹੀਂ ਬੋਲਾਂਗੇ। ਇਸ ਦੀ ਬਜਾਇ ਅਸੀਂ ‘ਤਰਸਵਾਨ ਹੋਣ’ ਦਾ ਜਤਨ ਕਰਾਂਗੇ।—ਅਫ਼. 4:31, 32.
14. ਕਈ ਲੋਕ ਪਰਮੇਸ਼ੁਰ ਦੇ ਬਚਨ ਨੂੰ ਕਿਵੇਂ ਵਿਚਾਰਦੇ ਹਨ?
14 ਕੀ ਮੈਂ ਬਾਈਬਲ ਦੇ ਨੈਤਿਕ ਸਿਧਾਂਤਾਂ ਦਾ ਆਦਰ ਕਰਦਾ ਤੇ ਇਨ੍ਹਾਂ ਨੂੰ ਪਿਆਰ ਕਰਦਾ ਹਾਂ? (ਕਹਾਉਤਾਂ 3:5, 6 ਪੜ੍ਹੋ।) ਦੁਨੀਆਂ ਦੀ ਸੋਚ ਤੋਂ ਪਰਮੇਸ਼ੁਰ ਦੇ ਬਚਨ ਖ਼ਿਲਾਫ਼ ਜਾਣ ਦੀ ਭਾਵਨਾ ਝਲਕਦੀ ਹੈ। ਇਸ ਸੋਚ ਤੋਂ ਪ੍ਰਭਾਵਿਤ ਹੋਣ ਵਾਲੇ ਲੋਕ ਬਾਈਬਲ ਦੇ ਉਨ੍ਹਾਂ ਹਿੱਸਿਆਂ ਨੂੰ ਨਜ਼ਰਅੰਦਾਜ਼ ਕਰਦੇ ਹਨ ਜਿਨ੍ਹਾਂ ਉੱਤੇ ਉਨ੍ਹਾਂ ਨੂੰ ਚੱਲਣਾ ਔਖਾ ਲੱਗਦਾ ਹੈ। ਇਸ ਲਈ ਉਹ ਮਨੁੱਖੀ ਪਰੰਪਰਾਵਾਂ ਅਤੇ ਫ਼ਲਸਫ਼ਿਆਂ ਨੂੰ ਤਰਜੀਹ ਦਿੰਦੇ ਹਨ। (2 ਤਿਮੋ. 4:3, 4) ਕੁਝ ਤਾਂ ਪਰਮੇਸ਼ੁਰ ਦੇ ਪੂਰੇ ਬਚਨ ਦਾ ਨਿਰਾਦਰ ਕਰਦੇ ਹਨ। ਅਜਿਹੇ ਲੋਕ ਸ਼ੱਕ ਕਰਦੇ ਹਨ ਕਿ ਬਾਈਬਲ ਭਰੋਸੇ ਦੇ ਲਾਇਕ ਨਹੀਂ ਹੈ ਤੇ ਇਸ ਵਿਚ ਦੱਸੀਆਂ ਗੱਲਾਂ ਸੱਚ ਨਹੀਂ ਹਨ। ਇੱਦਾਂ ਕਰ ਕੇ ਉਹ ਆਪਣੀਆਂ ਨਜ਼ਰਾਂ ਵਿਚ ਸਿਆਣੇ ਬਣਦੇ ਹਨ। ਉਹ ਹਰਾਮਕਾਰੀ, ਸਮਲਿੰਗੀ ਕੰਮਾਂ ਅਤੇ ਤਲਾਕ ਸੰਬੰਧੀ ਸ਼ੁੱਧ ਮਿਆਰਾਂ ਦੀ ਕੋਈ ਪਰਵਾਹ ਨਹੀਂ ਕਰਦੇ। ਉਹ “ਬੁਰਿਆਈ ਨੂੰ ਭਲਿਆਈ ਅਤੇ ਭਲਿਆਈ ਨੂੰ ਬੁਰਿਆਈ” ਕਹਿ ਕੇ ਸਿਖਾਉਂਦੇ ਹਨ। (ਯਸਾ. 5:20) ਕੀ ਅਸੀਂ ਇਸ ਸੋਚ ਤੋਂ ਪ੍ਰਭਾਵਿਤ ਹੋਏ ਹਾਂ? ਕੀ ਅਸੀਂ ਮੁਸ਼ਕਲਾਂ ਆਉਣ ਤੇ ਮਨੁੱਖੀ ਬੁੱਧ ਅਤੇ ਆਪਣੇ ਵਿਚਾਰਾਂ ਉੱਤੇ ਭਰੋਸਾ ਰੱਖਦੇ ਹਾਂ? ਜਾਂ ਕੀ ਅਸੀਂ ਬਾਈਬਲ ਦੀ ਸਲਾਹ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਦੇ ਹਾਂ?
15. ਆਪਣੀ ਸਮਝ ਉੱਤੇ ਭਰੋਸਾ ਰੱਖਣ ਦੀ ਬਜਾਇ ਸਾਨੂੰ ਕੀ ਕਰਨਾ ਚਾਹੀਦਾ ਹੈ?
15 ਪਰਮੇਸ਼ੁਰ ਦੀ ਸ਼ਕਤੀ ਸਾਡੇ ਦਿਲ ਵਿਚ ਬਾਈਬਲ ਲਈ ਆਦਰ ਪੈਦਾ ਕਰਦੀ ਹੈ। ਜ਼ਬੂਰਾਂ ਦੇ ਲਿਖਾਰੀ ਵਾਂਗ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਆਪਣੇ ਪੈਰਾਂ ਲਈ ਦੀਪਕ ਅਤੇ ਆਪਣੇ ਰਾਹ ਦਾ ਚਾਨਣ ਸਮਝਦੇ ਹਾਂ। (ਜ਼ਬੂ. 119:105) ਅਸੀਂ ਆਪਣੀ ਸਮਝ ਉੱਤੇ ਭਰੋਸਾ ਰੱਖਣ ਦੀ ਬਜਾਇ ਪਰਮੇਸ਼ੁਰ ਦੇ ਬਚਨ ʼਤੇ ਭਰੋਸਾ ਰੱਖਦੇ ਹਾਂ ਜਿਸ ਦੀ ਮਦਦ ਨਾਲ ਸਾਨੂੰ ਸਹੀ-ਗ਼ਲਤ ਵਿਚ ਫ਼ਰਕ ਪਤਾ ਲੱਗਦਾ ਹੈ। ਅਸੀਂ ਨਾ ਸਿਰਫ਼ ਬਾਈਬਲ ਦਾ ਆਦਰ ਕਰਨਾ ਸਿੱਖਦੇ ਹਾਂ, ਬਲਕਿ ਪਰਮੇਸ਼ੁਰ ਦੀ ਬਿਵਸਥਾ ਨਾਲ ਪਿਆਰ ਕਰਨਾ ਵੀ ਸਿੱਖਦੇ ਹਾਂ।—ਜ਼ਬੂ. 119:97.
ਯਿਸੂ ਦੀ ਮਿਸਾਲ ਤੋਂ ਸਿੱਖੋ
16. “ਮਸੀਹ ਦੀ ਬੁੱਧੀ” ਪਾਉਣ ਲਈ ਕੀ ਕਰਨਾ ਜ਼ਰੂਰੀ ਹੈ?
16 ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਹਾਸਲ ਕਰਨ ਲਈ ਸਾਡੇ ਕੋਲ “ਮਸੀਹ ਦੀ ਬੁੱਧੀ” ਹੋਣੀ ਜ਼ਰੂਰੀ ਹੈ। (1 ਕੁਰਿੰ. 2:16) ਮਸੀਹ ਦੀ ਬੁੱਧ ਪਾਉਣ ਲਈ ਜ਼ਰੂਰੀ ਹੈ ਕਿ ਅਸੀਂ ਜਾਣੀਏ ਕਿ ਉਹ ਕਿਵੇਂ ਸੋਚਦਾ ਤੇ ਕੰਮ ਕਰਦਾ ਸੀ ਅਤੇ ਫਿਰ ਉਸ ਦੀ ਮਿਸਾਲ ਉੱਤੇ ਚੱਲੀਏ। (ਰੋਮੀ. 15:5; 1 ਪਤ. 2:21) ਇਸ ਤਰ੍ਹਾਂ ਕਰਨ ਲਈ ਕੁਝ ਤਰੀਕਿਆਂ ਉੱਤੇ ਗੌਰ ਕਰੋ।
17, 18. (ੳ) ਪ੍ਰਾਰਥਨਾ ਬਾਰੇ ਅਸੀਂ ਯਿਸੂ ਤੋਂ ਕੀ ਸਿੱਖਦੇ ਹਾਂ? (ਅ) ਸਾਨੂੰ ਕਿਉਂ ‘ਮੰਗਦੇ’ ਰਹਿਣਾ ਚਾਹੀਦਾ ਹੈ?
17 ਪਵਿੱਤਰ ਸ਼ਕਤੀ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੋ। ਅਜ਼ਮਾਇਸ਼ਾਂ ਆਉਣ ਤੋਂ ਪਹਿਲਾਂ ਯਿਸੂ ਮਦਦ ਵਾਸਤੇ ਪਰਮੇਸ਼ੁਰ ਨੂੰ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰਦਾ ਹੁੰਦਾ ਸੀ। (ਲੂਕਾ 22:40, 41) ਸਾਨੂੰ ਵੀ ਪਰਮੇਸ਼ੁਰ ਕੋਲੋਂ ਉਸ ਦੀ ਪਵਿੱਤਰ ਸ਼ਕਤੀ ਮੰਗਣ ਦੀ ਲੋੜ ਹੈ। ਯਹੋਵਾਹ ਨਿਹਚਾ ਨਾਲ ਮੰਗਣ ਵਾਲੇ ਸਾਰੇ ਸੇਵਕਾਂ ਨੂੰ ਖੁੱਲ੍ਹੇ ਦਿਲ ਨਾਲ ਆਪਣੀ ਸ਼ਕਤੀ ਦਿੰਦਾ ਹੈ। (ਲੂਕਾ 11:13) ਯਿਸੂ ਨੇ ਕਿਹਾ: “ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ। ਢੂੰਢੋ ਤਾਂ ਤੁਹਾਨੂੰ ਲੱਭੇਗਾ। ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ ਅਤੇ ਢੂੰਢਣ ਵਾਲੇ ਨੂੰ ਲੱਭਦਾ ਹੈ ਅਤੇ ਖੜਕਾਉਣ ਵਾਲੇ ਲਈ ਖੋਲ੍ਹਿਆ ਜਾਵੇਗਾ।”—ਮੱਤੀ 7:7, 8.
18 ਜਦੋਂ ਤੁਸੀਂ ਪਰਮੇਸ਼ੁਰ ਤੋਂ ਪਵਿੱਤਰ ਸ਼ਕਤੀ ਅਤੇ ਮਦਦ ਮੰਗਦੇ ਹੋ, ਤਾਂ ਜਲਦਬਾਜ਼ੀ ਵਿਚ ਇਸ ਤਰ੍ਹਾਂ ਕਰਨਾ ਬੰਦ ਨਾ ਕਰੋ। ਸਾਨੂੰ ਸ਼ਾਇਦ ਇੱਕੋ ਚੀਜ਼ ਬਾਰੇ ਵਾਰ-ਵਾਰ ਪ੍ਰਾਰਥਨਾ ਕਰਨ ਅਤੇ ਇਸ ਵਿਚ ਜ਼ਿਆਦਾ ਸਮਾਂ ਬਿਤਾਉਣ ਦੀ ਲੋੜ ਪਵੇ। ਕਦੇ-ਕਦੇ ਯਹੋਵਾਹ ਪ੍ਰਾਰਥਨਾਵਾਂ ਦਾ ਜਵਾਬ ਦੇਣ ਤੋਂ ਪਹਿਲਾਂ ਦੇਖਣਾ ਚਾਹੁੰਦਾ ਹੈ ਕਿ ਉਸ ਦੇ ਸੇਵਕ ਦਿਲ ਦੀਆਂ ਗਹਿਰਾਈਆਂ ਤੋਂ ਸੱਚੀ ਨਿਹਚਾ ਨਾਲ ਕੁਝ ਮੰਗ ਰਹੇ ਹਨ।a
19. ਯਿਸੂ ਨੇ ਹਮੇਸ਼ਾ ਕੀ ਕੀਤਾ ਅਤੇ ਸਾਨੂੰ ਉਸ ਦੀ ਰੀਸ ਕਿਉਂ ਕਰਨੀ ਚਾਹੀਦੀ ਹੈ?
19 ਪੂਰੀ ਤਰ੍ਹਾਂ ਯਹੋਵਾਹ ਦੇ ਆਗਿਆਕਾਰ ਰਹੋ। ਯਿਸੂ ਨੇ ਹਮੇਸ਼ਾ ਉਹੀ ਕੰਮ ਕੀਤੇ ਜਿਨ੍ਹਾਂ ਤੋਂ ਉਸ ਦਾ ਪਿਤਾ ਖ਼ੁਸ਼ ਹੁੰਦਾ ਸੀ। ਘੱਟੋ-ਘੱਟ ਇਕ ਮੌਕੇ ਤੇ ਹਾਲਾਤ ਨਾਲ ਸਿੱਝਣ ਦਾ ਯਿਸੂ ਦਾ ਝੁਕਾਅ ਆਪਣੇ ਪਿਤਾ ਦੀ ਇੱਛਾ ਤੋਂ ਵੱਖਰਾ ਸੀ। ਫਿਰ ਵੀ ਉਸ ਨੇ ਵਿਸ਼ਵਾਸ ਨਾਲ ਆਪਣੇ ਪਿਤਾ ਨੂੰ ਕਿਹਾ: “ਤਾਂ ਵੀ ਮੇਰੀ ਮਰਜ਼ੀ ਨਹੀਂ ਪਰ ਤੇਰੀ ਹੋਵੇ।” (ਲੂਕਾ 22:42) ਆਪਣੇ ਤੋਂ ਪੁੱਛੋ, ‘ਕੀ ਮੈਂ ਉਦੋਂ ਵੀ ਪਰਮੇਸ਼ੁਰ ਦਾ ਕਹਿਣਾ ਮੰਨਦਾ ਹਾਂ ਜਦੋਂ ਮੈਨੂੰ ਸੌਖਾ ਨਹੀਂ ਲੱਗਦਾ?’ ਜੀਉਣ ਲਈ ਪਰਮੇਸ਼ੁਰ ਦਾ ਕਹਿਣਾ ਮੰਨਣਾ ਜ਼ਰੂਰੀ ਹੈ। ਪੂਰੀ ਤਰ੍ਹਾਂ ਉਸ ਦੀ ਆਗਿਆ ਮੰਨਣੀ ਸਾਡਾ ਫ਼ਰਜ਼ ਹੈ ਕਿਉਂਕਿ ਉਹੀ ਸਾਡਾ ਸਿਰਜਣਹਾਰ, ਜੀਵਨਦਾਤਾ ਅਤੇ ਪਾਲਣਹਾਰ ਹੈ। (ਜ਼ਬੂ. 95:6, 7) ਅਸੀਂ ਆਗਿਆ ਮੰਨੇ ਬਗੈਰ ਪਰਮੇਸ਼ੁਰ ਦੀ ਮਿਹਰ ਪਾ ਹੀ ਨਹੀਂ ਸਕਦੇ।
20. ਯਿਸੂ ਆਪਣੀ ਸਾਰੀ ਜ਼ਿੰਦਗੀ ਕੀ ਕਰਦਾ ਰਿਹਾ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ?
20 ਬਾਈਬਲ ਤੋਂ ਚੰਗੀ ਤਰ੍ਹਾਂ ਜਾਣੂ ਹੋਵੋ। ਆਪਣੀ ਨਿਹਚਾ ਉੱਤੇ ਹੋਏ ਸ਼ਤਾਨ ਦੇ ਸਿੱਧੇ ਹਮਲਿਆਂ ਦਾ ਜਵਾਬ ਦੇਣ ਲਈ ਯਿਸੂ ਨੇ ਸ਼ਾਸਤਰਾਂ ਵਿੱਚੋਂ ਹਵਾਲੇ ਦਿੱਤੇ ਸਨ। (ਲੂਕਾ 4:1-13) ਉਸ ਨੇ ਪਰਮੇਸ਼ੁਰ ਦੇ ਬਚਨ ਨੂੰ ਅਧਿਕਾਰ ਵਜੋਂ ਵਰਤ ਕੇ ਧਾਰਮਿਕ ਵਿਰੋਧੀਆਂ ਦਾ ਸਾਮ੍ਹਣਾ ਕੀਤਾ। (ਮੱਤੀ 15:3-6) ਯਿਸੂ ਆਪਣੀ ਸਾਰੀ ਜ਼ਿੰਦਗੀ ਪਰਮੇਸ਼ੁਰ ਦੀ ਬਿਵਸਥਾ ਤੋਂ ਸਿੱਖਦਾ ਰਿਹਾ ਅਤੇ ਇਸ ਨੂੰ ਪੂਰਾ ਕਰਦਾ ਰਿਹਾ। (ਮੱਤੀ 5:17) ਅਸੀਂ ਵੀ ਆਪਣੇ ਮਨ ਵਿਚ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਬਿਠਾਉਂਦੇ ਰਹਿਣਾ ਚਾਹੁੰਦੇ ਹਾਂ ਜਿਨ੍ਹਾਂ ਕਾਰਨ ਨਿਹਚਾ ਵਧਦੀ ਹੈ। (ਫ਼ਿਲਿ. 4:8, 9) ਸਾਡੇ ਵਿੱਚੋਂ ਕੁਝ ਜਣਿਆਂ ਲਈ ਨਿੱਜੀ ਅਤੇ ਪਰਿਵਾਰ ਦੇ ਤੌਰ ਤੇ ਅਧਿਐਨ ਕਰਨ ਲਈ ਸਮਾਂ ਕੱਢਣਾ ਸ਼ਾਇਦ ਔਖਾ ਹੋਵੇ। ਫਿਰ ਵੀ ਬਚਿਆ-ਖੁਚਿਆ ਸਮਾਂ ਭਾਲਣ ਦੀ ਬਜਾਇ ਸਾਨੂੰ ਅਧਿਐਨ ਵਾਸਤੇ ਇਕ ਵੱਖਰਾ ਸਮਾਂ ਰੱਖਣਾ ਹੀ ਪਵੇਗਾ।—ਅਫ਼. 5:15-17.
21. ਪਰਮੇਸ਼ੁਰ ਦੇ ਬਚਨ ਬਾਰੇ ਚੰਗੀ ਤਰ੍ਹਾਂ ਜਾਣਨ ਅਤੇ ਇਸ ਉੱਤੇ ਚੱਲਣ ਲਈ ਮਦਦ ਵਾਸਤੇ ਅਸੀਂ ਕਿਹੜੇ ਇੰਤਜ਼ਾਮ ਦਾ ਇਸਤੇਮਾਲ ਕਰ ਸਕਦੇ ਹਾਂ?
21 “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਹਰ ਹਫ਼ਤੇ ਪਰਿਵਾਰਕ ਸਟੱਡੀ ਦਾ ਇੰਤਜ਼ਾਮ ਕੀਤਾ ਹੈ। ਇਸ ਤਰ੍ਹਾਂ ਉਸ ਨੇ ਨਿੱਜੀ ਅਤੇ ਪਰਿਵਾਰ ਦੇ ਤੌਰ ਤੇ ਅਧਿਐਨ ਕਰਨ ਲਈ ਸਮਾਂ ਕੱਢਣ ਵਿਚ ਸਾਡੀ ਮਦਦ ਕੀਤੀ ਹੈ। (ਮੱਤੀ 24:45) ਕੀ ਤੁਸੀਂ ਇਸ ਇੰਤਜ਼ਾਮ ਦਾ ਫ਼ਾਇਦਾ ਉਠਾ ਰਹੇ ਹੋ? ਮਸੀਹ ਦੀ ਬੁੱਧੀ ਪਾਉਣ ਵਿਚ ਮਦਦ ਲਈ, ਕੀ ਤੁਸੀਂ ਆਪਣੇ ਸਟੱਡੀ ਸੈਸ਼ਨ ਵਿਚ ਇਕ-ਇਕ ਕਰ ਕੇ ਆਪਣੇ ਮਨ-ਪਸੰਦ ਦੇ ਉਨ੍ਹਾਂ ਵਿਸ਼ਿਆਂ ਉੱਤੇ ਗੌਰ ਕਰ ਸਕਦੇ ਹੋ ਜਿਨ੍ਹਾਂ ਬਾਰੇ ਯਿਸੂ ਨੇ ਸਿਖਾਇਆ ਸੀ? ਤੁਸੀਂ ਜਿਸ ਵਿਸ਼ੇ ਬਾਰੇ ਜਾਣਕਾਰੀ ਚਾਹੁੰਦੇ ਹੋ, ਉਹ ਵਿਸ਼ਾ ਤੁਸੀਂ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ ਵਿਚ ਦੇਖ ਸਕਦੇ ਹੋ। ਮਿਸਾਲ ਲਈ, 2008-2010 ਵਿਚ ਇਸ ਪੰਜਾਬੀ ਰਸਾਲੇ ਦੇ ਪਬਲਿਕ ਐਡੀਸ਼ਨ ਵਿਚ ਲੜੀਵਾਰ 7 ਲੇਖ ਆਏ ਸਨ ਜਿਨ੍ਹਾਂ ਦਾ ਵਿਸ਼ਾ ਸੀ “ਯਿਸੂ ਤੋਂ ਸਿੱਖੋ।” ਤੁਸੀਂ ਸ਼ਾਇਦ ਇਨ੍ਹਾਂ ਲੇਖਾਂ ਨੂੰ ਸਟੱਡੀ ਦੌਰਾਨ ਵਰਤਣਾ ਚਾਹੋ। 2006 ਤੋਂ ਜਾਗਰੂਕ ਬਣੋ! ਵਿਚ ਲੇਖ “ਕੀ ਤੁਸੀਂ ਦੱਸ ਸਕਦੇ ਹੋ?” ਆਉਂਦਾ ਹੁੰਦਾ ਸੀ। ਸਵਾਲਾਂ-ਜਵਾਬਾਂ ਵਾਲਾ ਇਹ ਲੇਖ ਪਰਮੇਸ਼ੁਰ ਦੇ ਬਚਨ ਬਾਰੇ ਸਾਡਾ ਗਿਆਨ ਵਧਾਉਣ ਲਈ ਤਿਆਰ ਕੀਤਾ ਗਿਆ ਸੀ। ਕਿਉਂ ਨਾ ਤੁਸੀਂ ਅਜਿਹੇ ਲੇਖ ਕਦੇ-ਕਦੇ ਆਪਣੀ ਪਰਿਵਾਰਕ ਸਟੱਡੀ ਵਿਚ ਸ਼ਾਮਲ ਕਰੋ?
ਅਸੀਂ ਦੁਨੀਆਂ ਨੂੰ ਜਿੱਤ ਸਕਦੇ ਹਾਂ
22, 23. ਦੁਨੀਆਂ ਉੱਤੇ ਜਿੱਤ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
22 ਪਰਮੇਸ਼ੁਰ ਦੀ ਸ਼ਕਤੀ ਦੀ ਸੇਧ ਨਾਲ ਚੱਲਣ ਲਈ ਸਾਨੂੰ ਜਗਤ ਦੇ ਆਤਮੇ ਤੋਂ ਬਚ ਕੇ ਰਹਿਣਾ ਪਵੇਗਾ। ਇਸ ਤਰ੍ਹਾਂ ਕਰਨਾ ਸੌਖਾ ਨਹੀਂ ਹੈ। ਇਸ ਦੇ ਲਈ ਸਾਨੂੰ ਸੰਘਰਸ਼ ਕਰਨਾ ਪੈ ਸਕਦਾ ਹੈ। (ਯਹੂ. 3) ਪਰ ਅਸੀਂ ਜਿੱਤ ਸਕਦੇ ਹਾਂ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਜਗਤ ਵਿੱਚ ਤੁਹਾਨੂੰ ਕਸ਼ਟ ਹੈ ਪਰ ਹੌਂਸਲਾ ਰੱਖੋ, ਮੈਂ ਜਗਤ ਨੂੰ ਜਿੱਤ ਲਿਆ ਹੈ।”—ਯੂਹੰ. 16:33.
23 ਅਸੀਂ ਵੀ ਦੁਨੀਆਂ ਉੱਤੇ ਜਿੱਤ ਪਾ ਸਕਦੇ ਹਾਂ ਜੇ ਅਸੀਂ ਇਸ ਦੀ ਸੋਚ ਤੋਂ ਬਚ ਕੇ ਰਹੀਏ ਅਤੇ ਪਰਮੇਸ਼ੁਰ ਦੀ ਸ਼ਕਤੀ ਪਾਉਣ ਲਈ ਜੋ ਕੁਝ ਕਰ ਸਕਦੇ ਹਾਂ ਕਰੀਏ। ਸੱਚ-ਮੁੱਚ, “ਜਦੋਂ ਪਰਮੇਸ਼ੁਰ ਸਾਡੀ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ?” (ਰੋਮੀ. 8:31) ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਪਾਉਣ ਅਤੇ ਬਾਈਬਲ ਵਿਚ ਦਿੱਤੀ ਇਸ ਦੀ ਸੇਧ ਅਨੁਸਾਰ ਚੱਲਣ ਨਾਲ ਸਾਨੂੰ ਸੰਤੁਸ਼ਟੀ, ਸ਼ਾਂਤੀ ਤੇ ਖ਼ੁਸ਼ੀ ਮਿਲੇਗੀ ਅਤੇ ਸਾਨੂੰ ਯਕੀਨ ਹੋਵੇਗਾ ਕਿ ਜਲਦੀ ਹੀ ਨਵੀਂ ਦੁਨੀਆਂ ਵਿਚ ਸਾਨੂੰ ਸਦਾ ਦੀ ਜ਼ਿੰਦਗੀ ਮਿਲੇਗੀ।
[ਫੁਟਨੋਟ]
a ਹੋਰ ਜਾਣਕਾਰੀ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ ਸਫ਼ੇ 170-173 ਦੇਖੋ।
ਕੀ ਤੁਹਾਨੂੰ ਯਾਦ ਹੈ?
• ਜਗਤ ਦਾ ਆਤਮਾ ਹਰ ਪਾਸੇ ਇੰਨਾ ਨਜ਼ਰ ਕਿਉਂ ਆਉਂਦਾ ਹੈ?
• ਸਾਨੂੰ ਆਪਣੇ ਤੋਂ ਕਿਹੜੇ ਚਾਰ ਸਵਾਲ ਪੁੱਛਣੇ ਚਾਹੀਦੇ ਹਨ?
• ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਹਾਸਲ ਕਰਨ ਸੰਬੰਧੀ ਅਸੀਂ ਯਿਸੂ ਤੋਂ ਕਿਹੜੀਆਂ ਤਿੰਨ ਗੱਲਾਂ ਸਿੱਖਦੇ ਹਾਂ?
[ਸਫ਼ਾ 8 ਉੱਤੇ ਤਸਵੀਰ]
ਕੁਝ ਦੂਤ ਦੁਸ਼ਟ ਕਿਵੇਂ ਬਣ ਗਏ?
[ਸਫ਼ਾ 10 ਉੱਤੇ ਤਸਵੀਰ]
ਸ਼ਤਾਨ ਜਗਤ ਦਾ ਆਤਮਾ ਵਰਤ ਕੇ ਲੋਕਾਂ ਨੂੰ ਆਪਣੇ ਵੱਸ ਵਿਚ ਕਰਦਾ ਹੈ, ਪਰ ਅਸੀਂ ਇਸ ਦੇ ਅਸਰ ਤੋਂ ਆਜ਼ਾਦ ਹੋ ਸਕਦੇ ਹਾਂ