ਚੁਣੌਤੀਆਂ ਦਾ ਸਾਮ੍ਹਣਾ ਕਰਨ ਵੇਲੇ ਕੀ ਤੁਸੀਂ ਫ਼ੀਨਹਾਸ ਵਾਂਗ ਬਣ ਸਕਦੇ ਹੋ?
ਕਲੀਸਿਯਾ ਦੇ ਬਜ਼ੁਰਗ ਵਜੋਂ ਸੇਵਾ ਕਰਨੀ ਇਕ ਸਨਮਾਨ ਹੈ। ਪਰ ਬਾਈਬਲ ਕਹਿੰਦੀ ਹੈ ਕਿ ਬਜ਼ੁਰਗ ਚੁਣੌਤੀਆਂ ਦਾ ਸਾਮ੍ਹਣਾ ਕਰਨਗੇ। ਕਦੇ-ਕਦੇ ਉਨ੍ਹਾਂ ਨੂੰ ਪਾਪ ਸੰਬੰਧੀ ਕੁਝ ਮਸਲਿਆਂ ਨੂੰ ਸੁਲਝਾਉਣ ਦੀ ਲੋੜ ਪੈਂਦੀ ਹੈ ਜਿਨ੍ਹਾਂ ਦਾ ਉਹ “ਯਹੋਵਾਹ ਵੱਲੋਂ ਨਿਆਉਂ ਕਰਦੇ” ਹਨ। (2 ਇਤ. 19:6) ਜ਼ਿੰਮੇਵਾਰੀ ਮਿਲਣ ਤੇ ਸ਼ਾਇਦ ਇਕ ਬਜ਼ੁਰਗ ਨੂੰ ਲੱਗੇ ਕਿ ਉਹ ਇਸ ਨੂੰ ਨਿਭਾਉਣ ਦੇ ਯੋਗ ਨਹੀਂ। ਮੂਸਾ ਨੇ ਵੀ ਇੱਦਾਂ ਮਹਿਸੂਸ ਕੀਤਾ ਸੀ ਜਦੋਂ ਇਕ ਜ਼ਿੰਮੇਵਾਰੀ ਮਿਲਣ ਤੇ ਉਸ ਨੇ ਨਿਮਰਤਾ ਨਾਲ ਪੁੱਛਿਆ: “ਮੈਂ ਕੌਣ ਹਾਂ ਜੋ ਮੈਂ ਫ਼ਿਰਊਨ ਕੋਲ ਜਾਵਾਂ?”—ਕੂਚ 3:11.
ਬਾਈਬਲ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਰਾਹੀਂ ਲਿਖਵਾਈ ਗਈ ਹੈ ਤੇ ਇਸੇ ਸ਼ਕਤੀ ਨਾਲ ਯਹੋਵਾਹ ਬਜ਼ੁਰਗਾਂ ਨੂੰ ਨਿਯੁਕਤ ਕਰਦਾ ਹੈ। ਬਾਈਬਲ ਵਿਚ ਨਿਗਾਹਬਾਨਾਂ ਦੀਆਂ ਮਿਸਾਲਾਂ ਦਰਜ ਹਨ ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਨਾਲ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ। ਫ਼ੀਨਹਾਸ ਅਲਆਜ਼ਾਰ ਦਾ ਪੁੱਤਰ ਅਤੇ ਹਾਰੂਨ ਦਾ ਪੋਤਾ ਸੀ ਜਿਸ ਕਰਕੇ ਉਸ ਨੂੰ ਮਹਾਂ ਜਾਜਕ ਬਣਨ ਦਾ ਪੂਰਾ ਹੱਕ ਸੀ। ਉਸ ਦੀ ਜ਼ਿੰਦਗੀ ਦੀਆਂ ਤਿੰਨ ਘਟਨਾਵਾਂ ਦਿਖਾਉਂਦੀਆਂ ਹਨ ਕਿ ਅੱਜ ਬਜ਼ੁਰਗਾਂ ਨੂੰ ਯਹੋਵਾਹ ਉੱਤੇ ਭਰੋਸਾ ਰੱਖ ਕੇ ਹਿੰਮਤ ਅਤੇ ਸੂਝ-ਬੂਝ ਨਾਲ ਚੁਣੌਤੀਆਂ ਦਾ ਸਾਮ੍ਹਣਾ ਕਰਨ ਦੀ ਲੋੜ ਹੈ।
ਉਸ ਨੇ ਫ਼ੌਰਨ ਕਦਮ ਉਠਾਇਆ
ਜਦੋਂ ਇਸਰਾਏਲੀਆਂ ਨੇ ਮੋਆਬ ਦੇ ਮੈਦਾਨ ਵਿਚ ਡੇਰਾ ਲਾਇਆ ਹੋਇਆ ਸੀ, ਉਦੋਂ ਫ਼ੀਨਹਾਸ ਅਜੇ ਨੌਜਵਾਨ ਹੀ ਸੀ। ਬਾਈਬਲ ਦੱਸਦੀ ਹੈ: “ਲੋਕ ਮੋਆਬ ਦੀਆਂ ਕੁੜੀਆਂ ਨਾਲ ਜ਼ਨਾਹ ਕਰਨ ਲੱਗ ਪਏ . . . ਤਾਂ ਲੋਕਾਂ ਨੇ ਖਾਧਾ ਅਤੇ ਉਨ੍ਹਾਂ ਦੇ ਦੇਵਤਿਆਂ ਅੱਗੇ ਮੱਥਾਂ ਟੇਕਿਆ।” (ਗਿਣ. 25:1, 2) ਇਸੇ ਕਾਰਨ ਯਹੋਵਾਹ ਨੇ ਪਾਪ ਕਰਨ ਵਾਲਿਆਂ ʼਤੇ ਜਾਨਲੇਵਾ ਬਵਾ ਲਿਆਉਣ ਦਾ ਫ਼ੈਸਲਾ ਕੀਤਾ। ਜ਼ਰਾ ਸੋਚੋ ਕਿ ਇਨ੍ਹਾਂ ਗ਼ਲਤ ਕੰਮਾਂ ਬਾਰੇ ਸੁਣ ਕੇ ਫ਼ੀਨਹਾਸ ਉੱਤੇ ਕੀ ਬੀਤੀ ਹੋਣੀ?
ਬਾਈਬਲ ਅੱਗੇ ਦੱਸਦੀ ਹੈ: “ਵੇਖੋ, ਇੱਕ ਇਸਰਾਏਲੀ ਮਨੁੱਖ ਆਇਆ ਅਤੇ ਆਪਣੇ ਭਰਾਵਾਂ ਲਈ ਇੱਕ ਮਿਦਯਾਨਣ ਨੂੰ ਮੂਸਾ ਦੇ ਵੇਖਦਿਆਂ ਅਤੇ ਸਾਰੀ ਇਸਰਾਏਲੀ ਮੰਡਲੀ ਦੇ ਵੇਖਦਿਆਂ ਤੇ ਜਦ ਓਹ ਮੰਡਲੀ ਦੇ ਤੰਬੂ ਦੇ ਦਰਵੱਜੇ ਕੋਲ ਰੋ ਰਹੇ ਸਨ ਲੈ ਆਇਆ।” (ਗਿਣ. 25:6) ਜਾਜਕ ਹੋਣ ਦੇ ਨਾਤੇ ਫ਼ੀਨਹਾਸ ਕੀ ਕਰਦਾ? ਫ਼ੀਨਹਾਸ ਉਸ ਵੇਲੇ ਜਵਾਨ ਸੀ ਅਤੇ ਪਾਪ ਕਰਨ ਵਾਲਾ ਇਸਰਾਏਲੀ ਆਪਣੇ ਘਰਾਣੇ ਦਾ ਇਕ ਮੁਖੀਆ ਸੀ ਜੋ ਯਹੋਵਾਹ ਦੀ ਭਗਤੀ ਕਰਨ ਵਿਚ ਲੋਕਾਂ ਦੀ ਅਗਵਾਈ ਕਰਦਾ ਸੀ।—ਗਿਣ. 25:14.
ਪਰ ਫ਼ੀਨਹਾਸ ਬੰਦਿਆਂ ਤੋਂ ਨਹੀਂ, ਸਗੋਂ ਯਹੋਵਾਹ ਤੋਂ ਡਰਦਾ ਸੀ। ਜਦੋਂ ਉਸ ਨੇ ਇਸ ਮੁਖੀਏ ਅਤੇ ਮਿਦਯਾਨੀ ਤੀਵੀਂ ਨੂੰ ਦੇਖਿਆ, ਤਾਂ ਉਸ ਨੇ ਹੱਥ ਵਿਚ ਨੇਜ਼ਾ ਲਿਆ ਤੇ ਉਸ ਮੁਖੀਏ ਪਿੱਛੇ ਤੰਬੂ ਵਿਚ ਗਿਆ ਅਤੇ ਦੋਹਾਂ ਨੂੰ ਵਿੰਨ੍ਹ ਦਿੱਤਾ। ਯਹੋਵਾਹ ਨੇ ਫ਼ੀਨਹਾਸ ਦੇ ਦਲੇਰੀ ਨਾਲ ਉਠਾਏ ਇਸ ਠੋਸ ਕਦਮ ਬਾਰੇ ਕੀ ਸੋਚਿਆ? ਯਹੋਵਾਹ ਨੇ ਫ਼ੌਰਨ ਬਵਾ ਰੋਕ ਦਿੱਤੀ ਅਤੇ ਨਤੀਜੇ ਵਜੋਂ ਉਸ ਨੇ ਫ਼ੀਨਹਾਸ ਨਾਲ ਨੇਮ ਬੰਨ੍ਹਿਆ ਕਿ ਜਾਜਕ “ਸਦਾ” ਉਸ ਦੇ ਘਰਾਣੇ ਵਿੱਚੋਂ ਚੁਣੇ ਜਾਣਗੇ।—ਗਿਣ. 25:7-13.
ਇਹ ਤਾਂ ਸੱਚ ਹੈ ਕਿ ਅੱਜ ਬਜ਼ੁਰਗ ਹਿੰਸਾ ਦਾ ਸਹਾਰਾ ਨਹੀਂ ਲੈਂਦੇ। ਫ਼ੀਨਹਾਸ ਦੀ ਤਰ੍ਹਾਂ ਉਨ੍ਹਾਂ ਨੂੰ ਠੋਸ ਕਦਮ ਚੁੱਕਣ ਅਤੇ ਦਲੇਰੀ ਦਿਖਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ। ਮਿਸਾਲ ਲਈ, ਗੀਲੇਰਮ ਨੂੰ ਬਜ਼ੁਰਗ ਵਜੋਂ ਸੇਵਾ ਕਰਦਿਆਂ ਕੁਝ ਹੀ ਮਹੀਨੇ ਹੋਏ ਸਨ ਜਦੋਂ ਉਸ ਨੂੰ ਜੁਡੀਸ਼ਲ ਕਮੇਟੀ ਵਿਚ ਸੇਵਾ ਕਰਨ ਲਈ ਪੁੱਛਿਆ ਗਿਆ। ਇਸ ਕੇਸ ਵਿਚ ਗ਼ਲਤੀ ਕਰਨ ਵਾਲਾ ਬਜ਼ੁਰਗ ਉਹ ਸੀ ਜਿਸ ਨੇ ਗੀਲੇਰਮ ਦੀ ਬਚਪਨ ਵਿਚ ਮਦਦ ਕੀਤੀ ਸੀ। ਉਹ ਕਹਿੰਦਾ ਹੈ, “ਇਹ ਸਥਿਤੀ ਖੜ੍ਹੀ ਹੋਣ ਤੇ ਮੈਨੂੰ ਬਹੁਤ ਬੁਰਾ ਲੱਗਾ ਅਤੇ ਰਾਤ ਨੂੰ ਮੈਨੂੰ ਨੀਂਦ ਨਹੀਂ ਸੀ ਆਉਂਦੀ। ਮੈਂ ਵੱਖੋ-ਵੱਖਰੇ ਤਰੀਕਿਆਂ ਬਾਰੇ ਸੋਚਦਾ ਸੀ ਕਿ ਮੈਂ ਇਸ ਕੇਸ ਨੂੰ ਯਹੋਵਾਹ ਦੇ ਮਿਆਰਾਂ ਮੁਤਾਬਕ ਸੁਲਝਾਵਾਂ ਤੇ ਭਾਵਨਾਵਾਂ ਵਿਚ ਨਾ ਵਹਾਂ। ਮੈਂ ਕਈ ਦਿਨ ਪ੍ਰਾਰਥਨਾ ਕੀਤੀ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਵਿੱਚੋਂ ਰਿਸਰਚ ਕਰਦਾ ਰਿਹਾ।” ਇਸ ਸਦਕਾ ਉਸ ਨੂੰ ਇਸ ਔਖੇ ਹਾਲਾਤ ਨਾਲ ਸਿੱਝਣ ਲਈ ਲੋੜੀਂਦੀ ਹਿੰਮਤ ਮਿਲੀ ਅਤੇ ਉਹ ਗ਼ਲਤੀ ਕਰਨ ਵਾਲੇ ਆਪਣੇ ਭਰਾ ਦੀ ਮਦਦ ਕਰ ਸਕਿਆ।—1 ਤਿਮੋ. 4:11, 12.
ਕਲੀਸਿਯਾ ਵਿਚ ਅਜਿਹੀਆਂ ਸਮੱਸਿਆਵਾਂ ਨੂੰ ਜਦੋਂ ਬਜ਼ੁਰਗ ਦਲੇਰੀ ਅਤੇ ਹਿੰਮਤ ਨਾਲ ਸੁਲਝਾਉਂਦੇ ਹਨ, ਤਾਂ ਉਹ ਨਿਹਚਾ ਅਤੇ ਵਫ਼ਾਦਾਰੀ ਦੀ ਚੰਗੀ ਮਿਸਾਲ ਬਣਦੇ ਹਨ। ਇਹ ਸੱਚ ਹੈ ਕਿ ਕਿਸੇ ਦੇ ਗ਼ਲਤ ਕੰਮ ਬਾਰੇ ਪਤਾ ਲੱਗਣ ਤੇ ਇਸ ਬਾਰੇ ਦੱਸਣ ਲਈ ਬਾਕੀ ਮਸੀਹੀਆਂ ਨੂੰ ਵੀ ਹਿੰਮਤ ਤੋਂ ਕੰਮ ਲੈਣ ਦੀ ਲੋੜ ਹੈ। ਇਸੇ ਤਰ੍ਹਾਂ ਛੇਕੇ ਗਏ ਦੋਸਤ ਜਾਂ ਰਿਸ਼ਤੇਦਾਰ ਨਾਲੋਂ ਨਾਤਾ ਤੋੜਨ ਲਈ ਵਫ਼ਾਦਾਰੀ ਦਿਖਾਉਣ ਦੀ ਲੋੜ ਹੈ।—1 ਕੁਰਿੰ. 5:11-13.
ਸੂਝ-ਬੂਝ ਨਾਲ ਤਬਾਹੀ ਰੋਕੀ ਗਈ
ਫ਼ੀਨਹਾਸ ਨੇ ਜਵਾਨੀ ਦੇ ਜੋਸ਼ ਵਿਚ ਆ ਕੇ ਹਿੰਮਤ ਨਹੀਂ ਦਿਖਾਈ ਸੀ। ਧਿਆਨ ਦਿਓ ਕਿ ਉਸ ਨੇ ਸੂਝ-ਬੂਝ ਕਿੱਦਾਂ ਦਿਖਾਈ। ਉਸ ਨੇ ਸਮਝ ਤੋਂ ਕੰਮ ਲਿਆ ਜਦੋਂ ਉਸ ਨੂੰ ਇਕ ਹੋਰ ਰਿਪੋਰਟ ਮਿਲੀ। ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਯਰਦਨ ਦਰਿਆ ਲਾਗੇ ਇਕ ਜਗਵੇਦੀ ਬਣਾ ਲਈ ਸੀ। ਬਾਕੀ ਇਸਰਾਏਲੀਆਂ ਨੇ ਸੋਚਿਆ ਕਿ ਇਹ ਜਗਵੇਦੀ ਹੋਰਨਾਂ ਦੇਵੀ-ਦੇਵਤਿਆਂ ਦੀ ਪੂਜਾ ਕਰਨ ਲਈ ਸੀ ਜਿਸ ਕਰਕੇ ਉਹ ਯੁੱਧ ਕਰਨ ਲਈ ਤਿਆਰ ਹੋ ਗਏ।—ਯਹੋ. 22:11, 12.
ਫ਼ੀਨਹਾਸ ਨੇ ਕੀ ਕੀਤਾ? ਉਹ ਹੋਰਨਾਂ ਪ੍ਰਧਾਨਾਂ ਨਾਲ ਜਾ ਕੇ ਜਗਵੇਦੀ ਬਣਾਉਣ ਵਾਲਿਆਂ ਨੂੰ ਮਿਲਣ ਗਿਆ ਅਤੇ ਉਨ੍ਹਾਂ ਨਾਲ ਸਮਝਦਾਰੀ ਨਾਲ ਗੱਲ ਕੀਤੀ। ਦੋਸ਼ੀ ਸਮਝੇ ਗਏ ਗੋਤਾਂ ਨੇ ਇਸ ਮਾਮਲੇ ਬਾਰੇ ਸਾਫ਼-ਸਾਫ਼ ਸਮਝਾਇਆ। ਉਨ੍ਹਾਂ ਨੇ ਦੱਸਿਆ ਕਿ ਇਹ ਜਗਵੇਦੀ “ਯਹੋਵਾਹ ਦੀ ਉਪਾਸਨਾ” ਕਰਨ ਲਈ ਬਣਾਈ ਸੀ। ਇਸ ਤਰ੍ਹਾਂ ਤਬਾਹੀ ਰੋਕੀ ਗਈ।—ਯਹੋ. 22:13-34.
ਜੇ ਇਕ ਮਸੀਹੀ ਕਿਸੇ ਹੋਰ ਭੈਣ-ਭਰਾ ਉੱਤੇ ਲਾਏ ਝੂਠੇ ਇਲਜ਼ਾਮ ਜਾਂ ਉਨ੍ਹਾਂ ਬਾਰੇ ਕੋਈ ਬੁਰੀ ਖ਼ਬਰ ਸੁਣਦਾ ਹੈ, ਤਾਂ ਫ਼ੀਨਹਾਸ ਦੀ ਰੀਸ ਕਰਨੀ ਕਿੰਨੀ ਵਧੀਆ ਗੱਲ ਹੋਵੇਗੀ! ਸੂਝ-ਬੂਝ ਤੋਂ ਕੰਮ ਲੈ ਕੇ ਅਸੀਂ ਆਪਣੇ ਭੈਣਾਂ-ਭਰਾਵਾਂ ਦੀਆਂ ਕਹੀਆਂ ਗੱਲਾਂ ਤੋਂ ਨਾਰਾਜ਼ ਨਹੀਂ ਹੋਵਾਂਗੇ ਜਾਂ ਉਨ੍ਹਾਂ ਦੀਆਂ ਆਦਤਾਂ ਬਾਰੇ ਕਿਸੇ ਹੋਰ ਨਾਲ ਗੱਲ ਨਹੀਂ ਕਰਾਂਗੇ ਜੋ ਸਾਨੂੰ ਚੰਗੀਆਂ ਨਹੀਂ ਲੱਗਦੀਆਂ।—ਕਹਾ. 19:11.
ਫ਼ੀਨਹਾਸ ਵਾਂਗ ਸੂਝ-ਬੂਝ ਤੋਂ ਕੰਮ ਲੈ ਕੇ ਬਜ਼ੁਰਗਾਂ ਦੀ ਕਿਵੇਂ ਮਦਦ ਹੋ ਸਕਦੀ ਹੈ? 10 ਸਾਲਾਂ ਤੋਂ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਹਾਈਮੇ ਕਹਿੰਦਾ ਹੈ: “ਜਦੋਂ ਕੋਈ ਪਬਲੀਸ਼ਰ ਕਿਸੇ ਨਾਲ ਆਪਣੇ ਮਤਭੇਦਾਂ ਬਾਰੇ ਮੇਰੇ ਨਾਲ ਗੱਲ ਕਰਦਾ ਹੈ, ਤਾਂ ਮੈਂ ਫ਼ੌਰਨ ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਮੈਂ ਕਿਸੇ ਦੀ ਤਰਫ਼ਦਾਰੀ ਨਾ ਕਰਾਂ, ਸਗੋਂ ਬਾਈਬਲ ਤੋਂ ਸੇਧ ਦੇਵਾਂ। ਇਕ ਵਾਰ ਇਕ ਭੈਣ ਮੇਰੇ ਕੋਲ ਆਪਣੀ ਸਮੱਸਿਆ ਲੈ ਕੇ ਆਈ ਕਿ ਕਿਸੇ ਦੂਸਰੀ ਕਲੀਸਿਯਾ ਦਾ ਇਕ ਜ਼ਿੰਮੇਵਾਰ ਭਰਾ ਉਸ ਨਾਲ ਕਿਵੇਂ ਪੇਸ਼ ਆਇਆ ਸੀ। ਉਹ ਭਰਾ ਮੇਰਾ ਦੋਸਤ ਸੀ, ਇਸ ਲਈ ਮੈਂ ਉਸ ਨਾਲ ਸੌਖਿਆਂ ਹੀ ਗੱਲ ਕਰ ਸਕਦਾ ਸੀ। ਪਰ ਉਸ ਨਾਲ ਗੱਲ ਕਰਨ ਦੀ ਬਜਾਇ, ਮੈਂ ਭੈਣ ਨਾਲ ਬਾਈਬਲ ਦੇ ਕਈ ਅਸੂਲਾਂ ਬਾਰੇ ਗੱਲਬਾਤ ਕੀਤੀ। ਉਹ ਸਹਿਮਤ ਹੋ ਗਈ ਕਿ ਪਹਿਲਾਂ ਉਹ ਖ਼ੁਦ ਉਸ ਭਰਾ ਨਾਲ ਗੱਲ ਕਰੇਗੀ। (ਮੱਤੀ 5:23, 24) ਉਨ੍ਹਾਂ ਵਿਚ ਜਲਦੀ ਸੁਲ੍ਹਾ ਨਹੀਂ ਹੋਈ, ਇਸ ਲਈ ਮੈਂ ਉਸ ਨੂੰ ਬਾਈਬਲ ਦੇ ਹੋਰ ਅਸੂਲਾਂ ਉੱਤੇ ਗੌਰ ਕਰਨ ਲਈ ਕਿਹਾ। ਉਸ ਨੇ ਇਸ ਮਾਮਲੇ ਬਾਰੇ ਦੁਬਾਰਾ ਪ੍ਰਾਰਥਨਾ ਕੀਤੀ ਅਤੇ ਮਾਫ਼ ਕਰਨ ਦੀ ਕੋਸ਼ਿਸ਼ ਕੀਤੀ।”
ਨਤੀਜਾ ਕੀ ਨਿਕਲਿਆ? ਹਾਈਮੇ ਯਾਦ ਕਰਦਾ ਹੈ: “ਕਈ ਮਹੀਨਿਆਂ ਬਾਅਦ ਇਹ ਭੈਣ ਮੇਰੇ ਕੋਲ ਆਈ। ਉਸ ਨੇ ਦੱਸਿਆ ਕਿ ਸਮੇਂ ਦੇ ਬੀਤਣ ਨਾਲ ਉਸ ਭਰਾ ਨੇ ਆਪਣੇ ਕਹੇ ਤੇ ਪਛਤਾਵਾ ਕੀਤਾ। ਉਸ ਨੇ ਭੈਣ ਨਾਲ ਪ੍ਰਚਾਰ ਕਰਨ ਦਾ ਇੰਤਜ਼ਾਮ ਕੀਤਾ ਅਤੇ ਉਸ ਦੀ ਸ਼ਲਾਘਾ ਕੀਤੀ। ਮਸਲਾ ਸੁਲਝ ਗਿਆ। ਕੀ ਮੈਂ ਇਸ ਨਾਲੋਂ ਵਧੀਆ ਹੱਲ ਕੱਢ ਸਕਦਾ ਸੀ ਜੇ ਮੈਂ ਇਸ ਮਾਮਲੇ ਵਿਚ ਜ਼ਿਆਦਾ ਦਖ਼ਲਅੰਦਾਜ਼ੀ ਕਰਦਾ? ਸ਼ਾਇਦ ਉਨ੍ਹਾਂ ਨੂੰ ਜਾਪਦਾ ਕਿ ਮੈਂ ਉਨ੍ਹਾਂ ਵਿੱਚੋਂ ਕਿਸੇ ਇਕ ਦੀ ਤਰਫ਼ਦਾਰੀ ਕਰਦਾ ਹਾਂ।” ਬਾਈਬਲ ਸਲਾਹ ਦਿੰਦੀ ਹੈ: “ਝਗੜਾ ਕਰਨ ਲਈ ਛੇਤੀ ਅਗਾਹਾਂ ਨਾ ਹੋ।” (ਕਹਾ. 25:8) ਜਿਨ੍ਹਾਂ ਭੈਣਾਂ-ਭਰਾਵਾਂ ਦੇ ਆਪਸੀ ਮਤਭੇਦ ਹੋ ਜਾਂਦੇ ਹਨ, ਉਨ੍ਹਾਂ ਨੂੰ ਸਮਝਦਾਰ ਬਜ਼ੁਰਗ ਅਕਲਮੰਦੀ ਨਾਲ ਸ਼ਾਂਤੀ ਬਣਾਉਣ ਦੇ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰਨ ਦਾ ਉਤਸ਼ਾਹ ਦਿੰਦੇ ਹਨ।
ਉਸ ਨੇ ਯਹੋਵਾਹ ਤੋਂ ਸੇਧ ਮੰਗੀ
ਫ਼ੀਨਹਾਸ ਨੂੰ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਲਈ ਜਾਜਕ ਵਜੋਂ ਸੇਵਾ ਕਰਨ ਦਾ ਸਨਮਾਨ ਮਿਲਿਆ ਸੀ। ਅਸੀਂ ਦੇਖਿਆ ਹੈ ਕਿ ਜਵਾਨੀ ਵਿਚ ਵੀ ਉਸ ਨੇ ਬੜੀ ਹਿੰਮਤ ਅਤੇ ਸਮਝਦਾਰੀ ਦਿਖਾਈ ਸੀ। ਪਰ ਯਹੋਵਾਹ ਉੱਤੇ ਭਰੋਸਾ ਰੱਖ ਕੇ ਉਹ ਸਫ਼ਲਤਾ ਨਾਲ ਚੁਣੌਤੀਆਂ ਦਾ ਸਾਮ੍ਹਣਾ ਕਰ ਸਕਿਆ।
ਗਿਬਆਹ ਇਲਾਕੇ ਦੇ ਬਿਨਯਾਮੀਨ ਗੋਤ ਦੇ ਬੰਦਿਆਂ ਵੱਲੋਂ ਲੇਵੀ ਦੀ ਰਾਖੇਲ ਦਾ ਬਲਾਤਕਾਰ ਅਤੇ ਕਤਲ ਕਰਨ ਤੋਂ ਬਾਅਦ, ਬਾਕੀ ਗੋਤ ਬਿਨਯਾਮੀਨ ਗੋਤ ਨਾਲ ਯੁੱਧ ਕਰਨ ਲਈ ਤਿਆਰ ਹੋ ਗਏ। (ਨਿਆ. 20:1-11) ਇਨ੍ਹਾਂ ਗੋਤਾਂ ਨੇ ਲੜਾਈ ਕਰਨ ਤੋਂ ਪਹਿਲਾਂ ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕੀਤੀ, ਪਰ ਉਹ ਦੋ ਵਾਰੀ ਹਾਰ ਗਏ ਅਤੇ ਕਈਆਂ ਦੀ ਜਾਨ ਵੀ ਚਲੀ ਗਈ। (ਨਿਆ. 20:14-25) ਕੀ ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਦੇ ਪ੍ਰਾਰਥਨਾ ਕਰਨ ਦਾ ਕੋਈ ਫ਼ਾਇਦਾ ਨਹੀਂ ਹੋਇਆ? ਉਸ ਗ਼ਲਤ ਕੰਮ ਕਾਰਨ ਉਨ੍ਹਾਂ ਨੇ ਜੋ ਕਦਮ ਉਠਾਇਆ, ਕੀ ਯਹੋਵਾਹ ਨੇ ਉਸ ਵਿਚ ਕੋਈ ਦਿਲਚਸਪੀ ਦਿਖਾਈ?
ਇਸਰਾਏਲ ਦੇ ਪ੍ਰਧਾਨ ਜਾਜਕ ਵਜੋਂ ਫ਼ੀਨਹਾਸ ਨੇ ਹੁਣ ਭਰੋਸੇ ਨਾਲ ਪ੍ਰਾਰਥਨਾ ਕੀਤੀ: “ਮੈਂ ਆਪਣੇ ਭਰਾ ਬਿਨਯਾਮੀਨ ਦੇ ਨਾਲ ਫੇਰ ਲੜਾਈ ਕਰਨ ਨੂੰ ਜਾਵਾਂ ਯਾ ਹਟ ਜਾਵਾਂ?” ਨਤੀਜੇ ਵਜੋਂ ਯਹੋਵਾਹ ਨੇ ਬਿਨਯਾਮੀਨ ਨੂੰ ਉਨ੍ਹਾਂ ਦੇ ਹੱਥਾਂ ਵਿਚ ਦੇ ਦਿੱਤਾ ਅਤੇ ਗਿਬਆਹ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ।—ਨਿਆ. 20:27-48.
ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ? ਬਜ਼ੁਰਗਾਂ ਦੀਆਂ ਕੋਸ਼ਿਸ਼ਾਂ ਅਤੇ ਪਰਮੇਸ਼ੁਰ ਨੂੰ ਮਦਦ ਲਈ ਕੀਤੀਆਂ ਪ੍ਰਾਰਥਨਾਵਾਂ ਦੇ ਬਾਵਜੂਦ, ਕਲੀਸਿਯਾ ਵਿਚ ਸਮੱਸਿਆਵਾਂ ਹੱਲ ਨਹੀਂ ਹੁੰਦੀਆਂ। ਜੇ ਇੱਦਾਂ ਹੁੰਦਾ ਹੈ, ਤਾਂ ਬਜ਼ੁਰਗਾਂ ਨੂੰ ਯਿਸੂ ਦੇ ਕਹੇ ਸ਼ਬਦਾਂ ਨੂੰ ਯਾਦ ਰੱਖਣ ਦੀ ਲੋੜ ਹੈ: “ਮੰਗੋ [ਪ੍ਰਾਰਥਨਾ ਕਰਦੇ ਰਹੋ] ਤਾਂ ਤੁਹਾਨੂੰ ਦਿੱਤਾ ਜਾਵੇਗਾ, ਢੂੰਡੋ ਤਾਂ ਤੁਹਾਨੂੰ ਲੱਭੇਗਾ, ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ।” (ਲੂਕਾ 11:9) ਕਦੇ-ਕਦੇ ਲੱਗਦਾ ਹੈ ਕਿ ਕਿਸੇ ਪ੍ਰਾਰਥਨਾ ਦਾ ਤੁਰੰਤ ਜਵਾਬ ਨਹੀਂ ਮਿਲ ਰਿਹਾ, ਪਰ ਬਜ਼ੁਰਗ ਯਕੀਨ ਰੱਖ ਸਕਦੇ ਹਨ ਕਿ ਯਹੋਵਾਹ ਆਪਣੇ ਸਮੇਂ ਤੇ ਇਸ ਪ੍ਰਾਰਥਨਾ ਦਾ ਜਵਾਬ ਜ਼ਰੂਰ ਦੇਵੇਗਾ।
ਮਿਸਾਲ ਲਈ, ਆਇਰਲੈਂਡ ਦੀ ਇਕ ਕਲੀਸਿਯਾ ਨੂੰ ਕਿੰਗਡਮ ਹਾਲ ਦੀ ਸਖ਼ਤ ਜ਼ਰੂਰਤ ਸੀ, ਪਰ ਸਥਾਨਕ ਪਲੈਨਿੰਗ ਅਫ਼ਸਰ ਭਰਾਵਾਂ ਨੂੰ ਪਸੰਦ ਨਹੀਂ ਸੀ ਕਰਦਾ। ਭਰਾ ਜਿਸ ਜਗ੍ਹਾ ʼਤੇ ਕਿੰਗਡਮ ਹਾਲ ਬਣਾਉਣਾ ਚਾਹੁੰਦੇ ਸਨ, ਉਸ ਜਗ੍ਹਾ ਅਫ਼ਸਰ ਨੇ ਉਸਾਰੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਭਰਾਵਾਂ ਨੂੰ ਲੱਗਦਾ ਸੀ ਕਿ ਸਿਰਫ਼ ਜ਼ਿਲ੍ਹੇ ਦਾ ਪਲੈਨਿੰਗ ਅਫ਼ਸਰ ਹੀ ਉਸਾਰੀ ਕਰਨ ਦੀ ਇਜਾਜ਼ਤ ਦੇ ਸਕਦਾ ਸੀ। ਕੀ ਇਸ ਮਾਮਲੇ ਵਿਚ ਵੀ ਪ੍ਰਾਰਥਨਾ ਦਾ ਕੋਈ ਫ਼ਾਇਦਾ ਹੋਇਆ ਜਿਸ ਤਰ੍ਹਾਂ ਫ਼ੀਨਹਾਸ ਦੇ ਜ਼ਮਾਨੇ ਵਿਚ ਹੋਇਆ ਸੀ?
ਇਕ ਬਜ਼ੁਰਗ ਯਾਦ ਕਰਦਾ ਹੈ: “ਢੇਰ ਸਾਰੀਆਂ ਪ੍ਰਾਰਥਨਾਵਾਂ ਅਤੇ ਬੇਨਤੀਆਂ ਕਰਨ ਤੋਂ ਬਾਅਦ ਅਸੀਂ ਮੁੱਖ ਪਲੈਨਿੰਗ ਆਫ਼ਿਸ ਚਲੇ ਗਏ। ਮੈਨੂੰ ਦੱਸਿਆ ਗਿਆ ਕਿ ਮੁੱਖ ਅਫ਼ਸਰ ਨੂੰ ਮਿਲਣ ਲਈ ਸ਼ਾਇਦ ਹਫ਼ਤੇ ਲੱਗ ਜਾਣ। ਫਿਰ ਵੀ ਸਾਨੂੰ ਉਸ ਨਾਲ ਪੰਜ ਮਿੰਟਾਂ ਵਾਸਤੇ ਗੱਲ ਕਰਨ ਦਾ ਮੌਕਾ ਮਿਲਿਆ। ਉਸਾਰੀ ਦੇ ਪਲੈਨ ਦੇਖਣ ਤੋਂ ਬਾਅਦ ਉਸ ਨੇ ਸਾਨੂੰ ਉਸਾਰੀ ਕਰਨ ਦੀ ਫ਼ੌਰਨ ਇਜਾਜ਼ਤ ਦੇ ਦਿੱਤੀ। ਉਸ ਤੋਂ ਬਾਅਦ ਸਥਾਨਕ ਪਲੈਨਿੰਗ ਅਫ਼ਸਰ ਨੇ ਵੀ ਸਾਡੀ ਬਹੁਤ ਮਦਦ ਕੀਤੀ। ਇਸ ਤਜਰਬੇ ਤੋਂ ਸਾਨੂੰ ਪਤਾ ਲੱਗਾ ਕਿ ਪ੍ਰਾਰਥਨਾ ਵਿਚ ਕਿੰਨੀ ਤਾਕਤ ਹੈ।” ਜੀ ਹਾਂ, ਯਹੋਵਾਹ ਉਨ੍ਹਾਂ ਬਜ਼ੁਰਗਾਂ ਦੀਆਂ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਵੇਗਾ ਜੋ ਉਸ ਉੱਤੇ ਭਰੋਸਾ ਰੱਖਦੇ ਹਨ।
ਇਸਰਾਏਲ ਵਿਚ ਫ਼ੀਨਹਾਸ ਕੋਲ ਭਾਰੀ ਜ਼ਿੰਮੇਵਾਰੀ ਸੀ, ਪਰ ਉਹ ਹਿੰਮਤ, ਸੂਝ-ਬੂਝ ਅਤੇ ਪਰਮੇਸ਼ੁਰ ਉੱਤੇ ਭਰੋਸਾ ਰੱਖ ਕੇ ਚੁਣੌਤੀਆਂ ਦਾ ਸਫ਼ਲਤਾ ਨਾਲ ਸਾਮ੍ਹਣਾ ਕਰ ਸਕਿਆ। ਫ਼ੀਨਹਾਸ ਨੇ ਪਰਮੇਸ਼ੁਰ ਦੇ ਲੋਕਾਂ ਦੀ ਬਹੁਤ ਚੰਗੀ ਤਰ੍ਹਾਂ ਦੇਖ-ਭਾਲ ਕੀਤੀ ਜਿਸ ਕਰਕੇ ਯਹੋਵਾਹ ਨੇ ਉਸ ਉੱਤੇ ਮਿਹਰ ਕੀਤੀ। ਕੁਝ 1,000 ਸਾਲ ਬਾਅਦ ਅਜ਼ਰਾ ਇਹ ਲਿਖਣ ਲਈ ਪ੍ਰੇਰਿਤ ਹੋਇਆ: “ਫੀਨਹਾਸ ਅਲਆਜ਼ਾਰ ਦਾ ਪੁੱਤ੍ਰ ਪਹਿਲੇ ਸਮੇਂ ਵਿੱਚ ਉਨ੍ਹਾਂ ਦਾ ਹਾਕਮ ਸੀ ਤੇ ਯਹੋਵਾਹ ਉਹ ਦੇ ਨਾਲ ਸੀ।” (1 ਇਤ. 9:20) ਸਾਡੀ ਇਹੀ ਦੁਆ ਹੈ ਕਿ ਯਹੋਵਾਹ ਉਨ੍ਹਾਂ ਦੇ ਨਾਲ ਹੋਵੇ ਜੋ ਅੱਜ ਖ਼ਾਸਕਰ ਉਸ ਦੇ ਲੋਕਾਂ ਦੀ ਅਗਵਾਈ ਕਰਦੇ ਹਨ, ਦਰਅਸਲ ਸਾਰਿਆਂ ਨਾਲ ਹੋਵੇ ਜੋ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਹਨ।