‘ਤੁਸੀਂ ਆਪਸ ਵਿਚ ਪਿਆਰ ਕਰੋ’
“ਮੈਂ ਤੁਹਾਨੂੰ ਇਕ ਨਵਾਂ ਹੁਕਮ ਦੇ ਰਿਹਾ ਹਾਂ: ਤੁਸੀਂ ਇਕ-ਦੂਜੇ ਨੂੰ ਪਿਆਰ ਕਰੋ; ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ, ਤੁਸੀਂ ਵੀ ਉਸੇ ਤਰ੍ਹਾਂ ਇਕ-ਦੂਜੇ ਨਾਲ ਪਿਆਰ ਕਰੋ। ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸੇ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।”—ਯੂਹੰਨਾ 13:34, 35.
ਇਸ ਦਾ ਕੀ ਮਤਲਬ ਹੈ?: ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਇਕ-ਦੂਜੇ ਨੂੰ ਉਸੇ ਤਰ੍ਹਾਂ ਪਿਆਰ ਕਰਨ ਜਿਸ ਤਰ੍ਹਾਂ ਉਸ ਨੇ ਉਨ੍ਹਾਂ ਨਾਲ ਕੀਤਾ ਸੀ। ਯਿਸੂ ਨੇ ਉਨ੍ਹਾਂ ਨਾਲ ਪਿਆਰ ਕਿਵੇਂ ਕੀਤਾ? ਉਸ ਦੇ ਜ਼ਮਾਨੇ ਵਿਚ ਨਸਲੀ ਭੇਦ-ਭਾਵ ਅਤੇ ਔਰਤਾਂ ਨਾਲ ਪੱਖਪਾਤ ਹੁੰਦਾ ਸੀ। ਪਰ ਉਸ ਨੇ ਇੱਦਾਂ ਦਾ ਕੋਈ ਭੇਦ-ਭਾਵ ਨਹੀਂ ਕੀਤਾ, ਸਗੋਂ ਸਾਰਿਆਂ ਨਾਲ ਪਿਆਰ ਕੀਤਾ। (ਯੂਹੰਨਾ 4:7-10) ਪਿਆਰ ਹੋਣ ਕਰਕੇ ਯਿਸੂ ਨੇ ਆਪਣਾ ਸਮਾਂ, ਤਾਕਤ ਅਤੇ ਆਰਾਮ ਤਿਆਗਿਆ ਤਾਂਕਿ ਉਹ ਦੂਸਰਿਆਂ ਦੀ ਮਦਦ ਕਰ ਸਕੇ। (ਮਰਕੁਸ 6:30-34) ਅਖ਼ੀਰ ਮਸੀਹ ਨੇ ਇਸ ਤੋਂ ਵੀ ਵੱਡਾ ਪਿਆਰ ਦਿਖਾਇਆ। ਉਸ ਨੇ ਕਿਹਾ: “ਮੈਂ ਵਧੀਆ ਚਰਵਾਹਾ ਹਾਂ; ਵਧੀਆ ਚਰਵਾਹਾ ਭੇਡਾਂ ਲਈ ਆਪਣੀ ਜਾਨ ਦਿੰਦਾ ਹੈ।”—ਯੂਹੰਨਾ 10:11.
ਪਹਿਲੀ ਸਦੀ ਦੇ ਮਸੀਹੀਆਂ ਨੇ ਕਿਵੇਂ ਦਿਖਾਇਆ ਕਿ ਉਹ ਸੱਚੇ ਮਸੀਹੀ ਸਨ?: ਪਹਿਲੀ ਸਦੀ ਵਿਚ ਮਸੀਹੀ ਇਕ-ਦੂਜੇ ਨੂੰ “ਭਰਾ” ਜਾਂ “ਭੈਣ” ਬੁਲਾਉਂਦੇ ਸਨ। (ਫਿਲੇਮੋਨ 1, 2) ਮਸੀਹੀ ਮੰਡਲੀ ਵਿਚ ਹਰ ਕੌਮ ਦੇ ਲੋਕਾਂ ਦਾ ਸੁਆਗਤ ਕੀਤਾ ਜਾਂਦਾ ਸੀ ਕਿਉਂਕਿ ਉਹ ਮੰਨਦੇ ਸਨ ਕਿ “ਯਹੂਦੀ ਅਤੇ ਯੂਨਾਨੀ ਲੋਕਾਂ ਵਿਚ ਪੱਖਪਾਤ ਨਹੀਂ ਕੀਤਾ ਜਾਂਦਾ ਕਿਉਂਕਿ ਸਾਰਿਆਂ ਦਾ ਇੱਕੋ ਪ੍ਰਭੂ ਹੈ।” (ਰੋਮੀਆਂ 10:11, 12) ਪੰਤੇਕੁਸਤ 33 ਈ. ਤੋਂ ਬਾਅਦ ਯਰੂਸ਼ਲਮ ਵਿਚ ਰਹਿੰਦੇ ਚੇਲੇ “ਆਪਣੀ ਜ਼ਮੀਨ-ਜਾਇਦਾਦ ਤੇ ਚੀਜ਼ਾਂ ਵੇਚ ਕੇ ਪੈਸਾ ਸਾਰਿਆਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਵੰਡ ਦਿੰਦੇ ਸਨ।” ਕਿਉਂ? ਤਾਂਕਿ ਜਿਨ੍ਹਾਂ ਨੇ ਨਵਾਂ-ਨਵਾਂ ਬਪਤਿਸਮਾ ਲਿਆ ਸੀ, ਉਹ ਯਰੂਸ਼ਲਮ ਵਿਚ ਰਹਿ ਕੇ ‘ਰਸੂਲਾਂ ਤੋਂ ਸਿੱਖਿਆ ਲੈਂਦੇ ਰਹਿਣ।’ (ਰਸੂਲਾਂ ਦੇ ਕੰਮ 2:41-45) ਕਿਹੜੀ ਗੱਲ ਨੇ ਉਨ੍ਹਾਂ ਨੂੰ ਇੱਦਾਂ ਕਰਨ ਲਈ ਪ੍ਰੇਰਿਆ? ਰਸੂਲਾਂ ਦੀ ਮੌਤ ਤੋਂ ਤਕਰੀਬਨ 200 ਸਾਲ ਬਾਅਦ ਟਰਟੂਲੀਅਨ ਨੇ ਲਿਖਿਆ ਕਿ ਲੋਕ ਮਸੀਹੀਆਂ ਬਾਰੇ ਕਹਿੰਦੇ ਸਨ: “ਉਹ ਇਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਨ, ਇੰਨਾ ਪਿਆਰ ਕਿ ਉਹ ਇਕ-ਦੂਜੇ ਲਈ ਜਾਨ ਵਾਰਨ ਲਈ ਵੀ ਤਿਆਰ ਹਨ।”
ਅੱਜ ਕੌਣ ਉਨ੍ਹਾਂ ਦੇ ਨਮੂਨੇ ʼਤੇ ਚੱਲਦੇ ਹਨ?: 1837 ਦੀ ਇਕ ਕਿਤਾਬ ਰੋਮੀ ਸਾਮਰਾਜ ਦੀ ਗਿਰਾਵਟ ਅਤੇ ਇਸ ਦਾ ਪਤਨ (ਅੰਗ੍ਰੇਜ਼ੀ) ਵਿਚ ਦੱਸਿਆ ਹੈ ਕਿ ਮਸੀਹੀ ਹੋਣ ਦਾ ਦਾਅਵਾ ਕਰਨ ਵਾਲਿਆਂ ਨੇ ਸਦੀਆਂ ਤੋਂ “ਇਕ-ਦੂਜੇ ʼਤੇ ਜਿੰਨੇ ਜ਼ੁਲਮ ਕੀਤੇ, ਉੱਨੇ ਤਾਂ ਅਵਿਸ਼ਵਾਸੀ ਲੋਕਾਂ ਨੇ ਵੀ ਉਨ੍ਹਾਂ ʼਤੇ ਨਹੀਂ ਕੀਤੇ।” ਹਾਲ ਹੀ ਵਿਚ ਅਮਰੀਕਾ ਵਿਚ ਹੋਏ ਇਕ ਸਰਵੇ ਤੋਂ ਇਹ ਪਤਾ ਲੱਗਾ ਕਿ ਧਾਰਮਿਕ ਹੋਣ ਦਾ ਦਾਅਵਾ ਕਰਨ ਵਾਲੇ ਲੋਕ ਨਸਲੀ ਭੇਦ-ਭਾਵ ਕਰਦੇ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਆਪਣੇ ਆਪ ਨੂੰ ਮਸੀਹੀ ਕਹਿੰਦੇ ਹਨ। ਇਕ ਦੇਸ਼ ਵਿਚ ਚਰਚ ਜਾਣ ਵਾਲੇ ਲੋਕਾਂ ਨੂੰ ਦੂਸਰੇ ਦੇਸ਼ ਵਿਚ ਉਸੇ ਚਰਚ ਦੇ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ ਅਤੇ ਨਾ ਹੀ ਉਹ ਲੋੜ ਵੇਲੇ ਇਕ-ਦੂਜੇ ਦੀ ਮਦਦ ਕਰਨੀ ਚਾਹੁੰਦੇ ਹਨ ਤੇ ਨਾ ਹੀ ਕਰ ਸਕਦੇ ਹਨ।
2004 ਵਿਚ ਜਦੋਂ ਫਲੋਰਿਡਾ ਵਿਚ ਦੋ ਮਹੀਨੇ ਲਗਾਤਾਰ 4 ਤੂਫ਼ਾਨ ਆਏ, ਤਾਂ ਫਲੋਰਿਡਾ ਦੀ ਐਮਰਜੈਂਸੀ ਕਮੇਟੀ ਦੇ ਚੇਅਰਮੈਨ ਨੇ ਪਤਾ ਕੀਤਾ ਕਿ ਉਨ੍ਹਾਂ ਵੱਲੋਂ ਭੇਜੀ ਰਾਹਤ-ਸਾਮੱਗਰੀ ਚੰਗੀ ਤਰ੍ਹਾਂ ਵਰਤੀ ਜਾ ਰਹੀ ਹੈ ਜਾਂ ਨਹੀਂ। ਉਸ ਨੇ ਕਿਹਾ ਕਿ ਕੋਈ ਵੀ ਸਮੂਹ ਯਹੋਵਾਹ ਦੇ ਗਵਾਹਾਂ ਜਿੰਨਾ ਸੰਗਠਿਤ ਨਹੀਂ ਹੈ ਅਤੇ ਉਸ ਨੇ ਕਿਹਾ ਕਿ ਜੇ ਗਵਾਹਾਂ ਨੂੰ ਕਿਸੇ ਚੀਜ਼ ਦੀ ਲੋੜ ਹੈ, ਤਾਂ ਉਹ ਉਸ ਦਾ ਇੰਤਜ਼ਾਮ ਕਰ ਸਕਦਾ ਹੈ। ਇਸ ਤੋਂ ਪਹਿਲਾਂ ਵੀ 1997 ਵਿਚ ਯਹੋਵਾਹ ਦੇ ਗਵਾਹਾਂ ਦੀ ਇਕ ਰਾਹਤ ਟੀਮ ਕਾਂਗੋ ਲੋਕਤੰਤਰੀ ਗਣਰਾਜ ਵਿਚ ਆਪਣੇ ਮਸੀਹੀ ਭੈਣਾਂ-ਭਰਾਵਾਂ ਦੀ ਮਦਦ ਲਈ ਦਵਾਈਆਂ, ਖਾਣ-ਪੀਣ ਦਾ ਸਾਮਾਨ ਅਤੇ ਕੱਪੜੇ ਲੈ ਕੇ ਗਈ ਸੀ। ਯੂਰਪ ਦੇ ਮਸੀਹੀ ਭੈਣਾਂ-ਭਰਾਵਾਂ ਨੇ ਉਨ੍ਹਾਂ ਲਈ ਕੁੱਲ 10 ਲੱਖ ਅਮਰੀਕੀ ਡਾਲਰ ਦੀ ਰਾਹਤ-ਸਾਮੱਗਰੀ ਦਾਨ ਕੀਤੀ ਸੀ।