“ਉਹ ਦੁਨੀਆਂ ਦੇ ਨਹੀਂ ਹਨ”
“ਦੁਨੀਆਂ ਨੇ ਉਨ੍ਹਾਂ ਨਾਲ ਨਫ਼ਰਤ ਕੀਤੀ ਹੈ ਕਿਉਂਕਿ ਉਹ ਦੁਨੀਆਂ ਦੇ ਨਹੀਂ ਹਨ।”—ਯੂਹੰਨਾ 17:14.
ਇਸ ਦਾ ਕੀ ਮਤਲਬ ਹੈ?: ਯਿਸੂ ਇਸ ਦੁਨੀਆਂ ਦਾ ਨਹੀਂ ਸੀ ਜਿਸ ਕਰਕੇ ਉਸ ਨੇ ਆਪਣੇ ਜ਼ਮਾਨੇ ਦੇ ਸਮਾਜਕ ਅਤੇ ਰਾਜਨੀਤਿਕ ਮਾਮਲਿਆਂ ਵਿਚ ਹਿੱਸਾ ਨਹੀਂ ਲਿਆ। ਉਸ ਨੇ ਕਿਹਾ: “ਜੇ ਮੇਰਾ ਰਾਜ ਇਸ ਦੁਨੀਆਂ ਦਾ ਹੁੰਦਾ, ਤਾਂ ਮੇਰੇ ਸੇਵਾਦਾਰ ਲੜਦੇ ਤਾਂਕਿ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ। ਪਰ ਸੱਚ ਤਾਂ ਇਹ ਹੈ ਕਿ ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ।” (ਯੂਹੰਨਾ 18:36) ਉਸ ਨੇ ਆਪਣੇ ਚੇਲਿਆਂ ਨੂੰ ਵੀ ਤਾਕੀਦ ਕੀਤੀ ਕਿ ਉਹ ਅਜਿਹਾ ਰਵੱਈਆ, ਬੋਲੀ ਅਤੇ ਚਾਲ-ਚਲਣ ਛੱਡ ਦੇਣ ਜਿਸ ਦੀ ਪਰਮੇਸ਼ੁਰ ਦੇ ਬਚਨ ਵਿਚ ਨਿੰਦਿਆ ਕੀਤੀ ਗਈ ਹੈ।—ਮੱਤੀ 20:25-27.
ਪਹਿਲੀ ਸਦੀ ਦੇ ਮਸੀਹੀਆਂ ਨੇ ਕਿਵੇਂ ਦਿਖਾਇਆ ਕਿ ਉਹ ਸੱਚੇ ਮਸੀਹੀ ਸਨ?: ਧਰਮਾਂ ਬਾਰੇ ਲਿਖਣ ਵਾਲੇ ਜੋਨਾਥਾਨ ਡਾਇਮੰਡ ਮੁਤਾਬਕ ਪਹਿਲੀ ਸਦੀ ਦੇ ਮਸੀਹੀਆਂ ਨੇ “[ਯੁੱਧਾਂ] ਵਿਚ ਹਿੱਸਾ ਲੈਣ ਤੋਂ ਮਨ੍ਹਾ ਕਰ ਦਿੱਤਾ, ਚਾਹੇ ਇਸ ਦਾ ਅੰਜਾਮ ਬਦਨਾਮੀ ਹੋਵੇ, ਜੇਲ੍ਹ ਹੋਵੇ ਜਾਂ ਮੌਤ ਦੀ ਸਜ਼ਾ।” ਉਹ ਆਪਣੇ ਵਿਸ਼ਵਾਸਾਂ ਨਾਲ ਸਮਝੌਤਾ ਕਰਨ ਦੀ ਬਜਾਇ ਦੁੱਖ ਝੱਲਣ ਲਈ ਤਿਆਰ ਸਨ। ਉਹ ਆਪਣੇ ਚਾਲ-ਚਲਣ ਕਰਕੇ ਵੀ ਬਾਕੀਆਂ ਤੋਂ ਵੱਖਰੇ ਨਜ਼ਰ ਆਉਂਦੇ ਸਨ। ਮਸੀਹੀਆਂ ਨੂੰ ਕਿਹਾ ਗਿਆ ਸੀ: “ਤੁਸੀਂ ਲੋਕਾਂ ਨਾਲ ਅਯਾਸ਼ੀ ਦੇ ਰਾਹ ਉੱਤੇ ਨਹੀਂ ਭੱਜ ਰਹੇ ਹੋ, ਇਸ ਲਈ ਉਹ ਬੌਂਦਲੇ ਹੋਏ ਹਨ ਅਤੇ ਤੁਹਾਡੇ ਖ਼ਿਲਾਫ਼ ਬੁਰਾ-ਭਲਾ ਕਹਿੰਦੇ ਹਨ।” (1 ਪਤਰਸ 4:4) ਇਤਿਹਾਸਕਾਰ ਵਿਲ ਡੁਰੈਂਟ ਨੇ ਲਿਖਿਆ ਕਿ ਮਸੀਹੀ “ਆਪਣੀ ਪਵਿੱਤਰਤਾ ਅਤੇ ਮਾਣ-ਮਰਯਾਦਾ ਕਰਕੇ ਅਯਾਸ਼ੀ ਵਿਚ ਡੁੱਬੇ ਗ਼ੈਰ-ਮਸੀਹੀਆਂ ਨੂੰ ਦੋਸ਼ੀ ਮਹਿਸੂਸ ਕਰਾ ਰਹੇ ਸਨ।”
ਅੱਜ ਕੌਣ ਉਨ੍ਹਾਂ ਦੇ ਨਮੂਨੇ ʼਤੇ ਚੱਲਦੇ ਹਨ?: ਮਸੀਹੀਆਂ ਦੀ ਨਿਰਪੱਖਤਾ ਬਾਰੇ ਨਿਊ ਕੈਥੋਲਿਕ ਐਨਸਾਈਕਲੋਪੀਡੀਆ ਕਹਿੰਦਾ ਹੈ: “ਆਪਣੇ ਵਿਸ਼ਵਾਸਾਂ ਕਰਕੇ ਹਥਿਆਰ ਚੁੱਕਣ ਤੋਂ ਮਨ੍ਹਾ ਕਰਨਾ ਨੈਤਿਕ ਤੌਰ ਤੇ ਗ਼ਲਤ ਹੈ।” ਸਵਿਟਜ਼ਰਲੈਂਡ ਦੀ ਇਕ ਅਖ਼ਬਾਰ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਇਕ ਸੰਗਠਨ ਦੀ ਇਕ ਰਿਪੋਰਟ ਮੁਤਾਬਕ 1994 ਵਿਚ ਰਵਾਂਡਾ ਵਿਚ ਹੋਏ ਨਸਲੀ ਕਤਲੇਆਮ ਵਿਚ “ਯਹੋਵਾਹ ਦੇ ਗਵਾਹਾਂ ਨੂੰ ਛੱਡ ਕੇ” ਬਾਕੀ ਸਾਰੇ ਚਰਚਾਂ ਨੇ ਹਿੱਸਾ ਲਿਆ ਸੀ।
ਹਾਈ ਸਕੂਲ ਦੇ ਇਕ ਅਧਿਆਪਕ ਨੇ ਯਹੂਦੀਆਂ ਦੇ ਕਤਲੇਆਮ ਬਾਰੇ ਚਰਚਾ ਕਰਦੇ ਹੋਏ ਅਫ਼ਸੋਸ ਜ਼ਾਹਰ ਕੀਤਾ ਕਿ “ਆਮ ਲੋਕਾਂ ਦੇ ਕਿਸੇ ਵੀ ਸਮੂਹ ਜਾਂ ਸੰਗਠਨ ਨੇ ਉਸ ਸਮੇਂ ਫੈਲੀਆਂ ਅਫ਼ਵਾਹਾਂ, ਜ਼ੁਲਮਾਂ ਅਤੇ ਬੇਰਹਿਮੀ ਖ਼ਿਲਾਫ਼ ਆਵਾਜ਼ ਨਹੀਂ ਉਠਾਈ।” ਯੂਨਾਇਟਿਡ ਸਟੇਟਸ ਹਾਲੋਕਾਸਟ ਮੈਮੋਰੀਅਲ ਮਿਊਜ਼ੀਅਮ ਤੋਂ ਜਾਣਕਾਰੀ ਲੈਣ ਤੋਂ ਬਾਅਦ ਉਸ ਅਧਿਆਪਕ ਨੇ ਲਿਖਿਆ: “ਹੁਣ ਮੈਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ।” ਉਸ ਨੂੰ ਪਤਾ ਲੱਗਾ ਕਿ ਯਹੋਵਾਹ ਦੇ ਗਵਾਹ ਸਖ਼ਤ ਅਤਿਆਚਾਰਾਂ ਦੇ ਬਾਵਜੂਦ ਆਪਣੇ ਵਿਸ਼ਵਾਸਾਂ ʼਤੇ ਮਜ਼ਬੂਤੀ ਨਾਲ ਡਟੇ ਰਹੇ।
ਉਨ੍ਹਾਂ ਦਾ ਚਾਲ-ਚਲਣ ਕਿਹੋ ਜਿਹਾ ਹੈ? ਯੂ. ਐੱਸ. ਕੈਥੋਲਿਕ ਰਸਾਲਾ ਕਹਿੰਦਾ ਹੈ: “ਅੱਜ ਜ਼ਿਆਦਾਤਰ ਕੈਥੋਲਿਕ ਨੌਜਵਾਨ ਚਰਚ ਦੀਆਂ ਸਿੱਖਿਆਵਾਂ ਨਾਲ ਸਹਿਮਤ ਨਹੀਂ ਹਨ, ਜਿਵੇਂ ਵਿਆਹ ਤੋਂ ਬਿਨਾਂ ਇਕੱਠੇ ਨਾ ਰਹਿਣਾ ਅਤੇ ਵਿਆਹ ਤੋਂ ਪਹਿਲਾਂ ਸੈਕਸ ਨਾ ਕਰਨਾ।” ਇਸੇ ਰਸਾਲੇ ਵਿਚ ਇਕ ਚਰਚ ਦੇ ਪਾਦਰੀ ਦਾ ਜ਼ਿਕਰ ਕੀਤਾ ਗਿਆ ਸੀ ਜਿਸ ਨੇ ਕਿਹਾ: “ਮੈਂ ਦੇਖਿਆ ਹੈ ਕਿ ਜਿਹੜੇ ਲੋਕ ਚਰਚ ਵਿਚ ਵਿਆਹ ਕਰਾਉਣ ਆਉਂਦੇ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ, ਸ਼ਾਇਦ 50 ਪ੍ਰਤਿਸ਼ਤ ਤੋਂ ਵੀ ਜ਼ਿਆਦਾ ਲੋਕ ਪਹਿਲਾਂ ਹੀ ਵਿਆਹ ਤੋਂ ਬਿਨਾਂ ਇਕੱਠੇ ਰਹਿ ਰਹੇ ਹੁੰਦੇ ਹਨ।” ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਕਹਿੰਦਾ ਹੈ ਕਿ ਯਹੋਵਾਹ ਦੇ ਗਵਾਹ “ਉੱਚੇ ਨੈਤਿਕ ਮਿਆਰਾਂ ਉੱਤੇ ਚੱਲਣ ʼਤੇ ਜ਼ੋਰ ਦਿੰਦੇ ਹਨ।”