“ਤੁਸੀਂ ਨਹੀਂ ਜਾਣਦੇ ਕਿ ਉਹ ਦਿਨ ਅਤੇ ਵੇਲਾ ਕਦੋਂ ਆਵੇਗਾ”
“ਇਸ ਲਈ, ਖ਼ਬਰਦਾਰ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਉਹ ਦਿਨ ਅਤੇ ਵੇਲਾ ਕਦੋਂ ਆਵੇਗਾ।”—ਮੱਤੀ 25:13.
1-3. (ੳ) ਕਿਹੜੀਆਂ ਦੋ ਮਿਸਾਲਾਂ ਯਿਸੂ ਦੀਆਂ ਮਿਸਾਲਾਂ ਸਮਝਣ ਵਿਚ ਸਾਡੀ ਮਦਦ ਕਰਦੀਆਂ ਹਨ? (ਅ) ਸਾਨੂੰ ਕਿਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਦੀ ਲੋੜ ਹੈ?
ਫ਼ਰਜ਼ ਕਰੋ ਕਿ ਕਿਸੇ ਵੱਡੇ ਅਫ਼ਸਰ ਨੇ ਕਿਸੇ ਜ਼ਰੂਰੀ ਮੀਟਿੰਗ ਵਿਚ ਜਾਣਾ ਹੈ ਤੇ ਉਹ ਤੁਹਾਨੂੰ ਕਹਿੰਦਾ ਹੈ ਕਿ ਤੁਸੀਂ ਉਸ ਨੂੰ ਆਪਣੀ ਕਾਰ ਵਿਚ ਉੱਥੇ ਛੱਡ ਦਿਓ। ਪਰ ਜਾਣ ਤੋਂ ਪਹਿਲਾਂ ਤੁਸੀਂ ਦੇਖਦੇ ਹੋ ਕਿ ਤੁਹਾਡੀ ਕਾਰ ਵਿਚ ਪਟਰੋਲ ਬਹੁਤ ਥੋੜ੍ਹਾ ਹੈ। ਤੁਸੀਂ ਛੇਤੀ-ਛੇਤੀ ਜਾ ਕੇ ਪਟਰੋਲ ਪੁਆਉਂਦੇ ਹੋ। ਇਸ ਦੌਰਾਨ ਉਹ ਅਫ਼ਸਰ ਬਾਹਰ ਆ ਕੇ ਤੁਹਾਨੂੰ ਲੱਭਦਾ ਹੈ। ਉਹ ਤੁਹਾਡੀ ਉਡੀਕ ਨਹੀਂ ਕਰ ਸਕਦਾ, ਇਸ ਲਈ ਉਹ ਕਿਸੇ ਹੋਰ ਨਾਲ ਚਲਾ ਜਾਂਦਾ ਹੈ। ਤੁਸੀਂ ਛੇਤੀ ਹੀ ਵਾਪਸ ਆਉਂਦੇ ਹੋ ਅਤੇ ਦੇਖਦੇ ਹੋ ਕਿ ਉਹ ਅਫ਼ਸਰ ਤੁਹਾਡੇ ਤੋਂ ਬਿਨਾਂ ਜਾ ਚੁੱਕਾ ਹੈ। ਤੁਹਾਨੂੰ ਕਿੱਦਾਂ ਲੱਗਦਾ ਹੈ?
2 ਹੁਣ ਫ਼ਰਜ਼ ਕਰੋ ਕਿ ਤੁਸੀਂ ਵੱਡੇ ਅਫ਼ਸਰ ਹੋ ਅਤੇ ਤੁਸੀਂ ਤਿੰਨ ਕਾਬਲ ਬੰਦਿਆਂ ਨੂੰ ਕੋਈ ਖ਼ਾਸ ਕੰਮ ਕਰਨ ਲਈ ਚੁਣਿਆ ਹੈ। ਤੁਸੀਂ ਉਨ੍ਹਾਂ ਨੂੰ ਕੰਮ ਸਮਝਾਉਂਦੇ ਹੋ ਤੇ ਉਹ ਇਹ ਕੰਮ ਕਰਨ ਲਈ ਰਾਜ਼ੀ ਹੋ ਜਾਂਦੇ ਹਨ। ਪਰ ਜਦੋਂ ਤੁਸੀਂ ਕੁਝ ਸਮੇਂ ਬਾਅਦ ਵਾਪਸ ਆਉਂਦੇ ਹੋ, ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਸਿਰਫ਼ ਦੋ ਜਣਿਆਂ ਨੇ ਆਪਣਾ ਕੰਮ ਪੂਰਾ ਕੀਤਾ ਹੈ। ਤੀਜੇ ਬੰਦੇ ਨੇ ਨਾ ਤਾਂ ਕੋਈ ਕੰਮ ਕੀਤਾ ਹੈ ਤੇ ਉੱਪਰ ਦੀ ਉਹ ਬਹਾਨੇ ਬਣਾਉਂਦਾ ਹੈ। ਦਰਅਸਲ ਉਸ ਨੇ ਕੋਸ਼ਿਸ਼ ਹੀ ਨਹੀਂ ਕੀਤੀ। ਤੁਹਾਨੂੰ ਕਿੱਦਾਂ ਲੱਗਦਾ ਹੈ?
3 ਯਿਸੂ ਨੇ ਵੀ ਇਨ੍ਹਾਂ ਨਾਲ ਮਿਲਦੀਆਂ-ਜੁਲਦੀਆਂ ਮਿਸਾਲਾਂ ਦਿੱਤੀਆਂ ਸਨ। ਉਸ ਨੇ ਕੁਆਰੀਆਂ ਅਤੇ ਚਾਂਦੀ ਦੇ ਸਿੱਕਿਆਂ ਦੀਆਂ ਮਿਸਾਲਾਂ ਵਿਚ ਦਿਖਾਇਆ ਸੀ ਕਿ ਅੰਤ ਦੇ ਸਮੇਂ ਵਿਚ ਕਿਉਂ ਕੁਝ ਚੁਣੇ ਹੋਏ ਮਸੀਹੀ ਵਫ਼ਾਦਾਰ ਅਤੇ ਸਮਝਦਾਰ ਸਾਬਤ ਹੋਣਗੇ ਤੇ ਕੁਝ ਨਹੀਂ।a (ਮੱਤੀ 25:1-30) ਉਸ ਨੇ ਆਪਣੀ ਗੱਲ ʼਤੇ ਜ਼ੋਰ ਦਿੰਦੇ ਹੋਏ ਕਿਹਾ: “ਇਸ ਲਈ, ਖ਼ਬਰਦਾਰ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਉਹ ਦਿਨ ਅਤੇ ਵੇਲਾ ਕਦੋਂ ਆਵੇਗਾ।” (ਮੱਤੀ 25:13) ਉਹ ਉਸ ਦਿਨ ਦੀ ਗੱਲ ਕਰ ਰਿਹਾ ਸੀ ਜਦੋਂ ਉਹ ਆ ਕੇ ਸ਼ੈਤਾਨ ਦੀ ਦੁਨੀਆਂ ਦਾ ਅੰਤ ਕਰੇਗਾ। ਅਸੀਂ ਅੱਜ ਵੀ ਯਿਸੂ ਦੀ ਸਲਾਹ ʼਤੇ ਚੱਲ ਕੇ ਖ਼ਬਰਦਾਰ ਰਹਿ ਸਕਦੇ ਹਾਂ। ਖ਼ਬਰਦਾਰ ਰਹਿਣ ਦੇ ਕੀ ਫ਼ਾਇਦੇ ਹਨ? ਕਿਹੜੇ ਲੋਕ ਦੁਨੀਆਂ ਦੇ ਅੰਤ ਵਿੱਚੋਂ ਬਚਣ ਲਈ ਆਪਣੇ ਆਪ ਨੂੰ ਤਿਆਰ-ਬਰ-ਤਿਆਰ ਰੱਖਦੇ ਹਨ? ਸਾਨੂੰ ਖ਼ਬਰਦਾਰ ਰਹਿਣ ਲਈ ਹੁਣ ਕੀ ਕਰਨ ਦੀ ਲੋੜ ਹੈ?
ਖ਼ਬਰਦਾਰ ਰਹਿਣ ਦੇ ਫ਼ਾਇਦੇ
4. ਖ਼ਬਰਦਾਰ ਰਹਿਣ ਦਾ ਇਹ ਮਤਲਬ ਕਿਉਂ ਨਹੀਂ ਹੈ ਕਿ ਅਸੀਂ ਘੜੀ ਵੱਲ ਦੇਖਦੇ ਰਹੀਏ?
4 ਕਈ ਕੰਮ ਕਰਨ ਲੱਗਿਆਂ ਜਿਵੇਂ ਕਿ ਫੈਕਟਰੀ ਵਿਚ ਕੰਮ ਕਰਨ ਵੇਲੇ ਜਾਂ ਟ੍ਰੇਨ ਫੜਨ ਵੇਲੇ ਜਾਂ ਇੰਟਰਵਿਊ ਦੇਣ ਵੇਲੇ ਸਮੇਂ ਦਾ ਧਿਆਨ ਰੱਖਣਾ ਪੈਂਦਾ ਹੈ। ਪਰ ਹੋਰ ਕੰਮ ਕਰਨ ਵੇਲੇ ਜਿਵੇਂ ਕਿ ਅੱਗ ਬੁਝਾਉਣ ਜਾਂ ਕਿਸੇ ਕੁਦਰਤੀ ਆਫ਼ਤ ਤੋਂ ਬਾਅਦ ਲੋਕਾਂ ਦੀਆਂ ਜਾਨਾਂ ਬਚਾਉਣ ਵੇਲੇ ਘੜੀ ਵੱਲ ਦੇਖਦੇ ਰਹਿਣ ਨਾਲ ਸਾਡਾ ਧਿਆਨ ਭਟਕਦਾ ਹੈ ਜਿਸ ਨਾਲ ਨੁਕਸਾਨ ਹੋ ਸਕਦਾ ਹੈ। ਇਨ੍ਹਾਂ ਹਾਲਾਤਾਂ ਵਿਚ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੇ ਕੰਮ ʼਤੇ ਧਿਆਨ ਲਾਈ ਰੱਖੀਏ ਨਾ ਕਿ ਸਮੇਂ ʼਤੇ। ਅੱਜ ਇਸ ਗੱਲ ਦਾ ਪ੍ਰਚਾਰ ਕਰਨਾ ਬਹੁਤ ਜ਼ਰੂਰੀ ਹੈ ਕਿ ਯਹੋਵਾਹ ਨੇ ਇਨਸਾਨਾਂ ਦੇ ਬਚਾਅ ਲਈ ਕਿਹੜੇ ਪ੍ਰਬੰਧ ਕੀਤੇ ਹਨ। ਜਿੱਦਾਂ-ਜਿੱਦਾਂ ਇਸ ਦੁਨੀਆਂ ਦਾ ਅੰਤ ਨੇੜੇ ਆਉਂਦਾ ਜਾ ਰਿਹਾ ਹੈ, ਇਹ ਕੰਮ ਕਰਨਾ ਹੋਰ ਵੀ ਜ਼ਰੂਰੀ ਹੁੰਦਾ ਜਾ ਰਿਹਾ ਹੈ। ਮਸੀਹੀਆਂ ਵਜੋਂ ਖ਼ਬਰਦਾਰ ਰਹਿਣ ਦਾ ਇਹ ਮਤਲਬ ਨਹੀਂ ਕਿ ਅਸੀਂ ਘੜੀ ਵੱਲ ਦੇਖਦੇ ਰਹੀਏ। ਇਸ ਦੇ ਉਲਟ, ਦੁਨੀਆਂ ਦੇ ਅੰਤ ਦਾ ਦਿਨ ਜਾਂ ਵੇਲਾ ਨਾ ਜਾਣਨ ਦੇ ਘੱਟੋ-ਘੱਟ ਪੰਜ ਫ਼ਾਇਦੇ ਹਨ।
5. ਅੰਤ ਦਾ ਵੇਲਾ ਨਾ ਜਾਣਦੇ ਹੋਏ ਸਾਨੂੰ ਕੀ ਦਿਖਾਉਣ ਦਾ ਮੌਕਾ ਮਿਲਦਾ ਹੈ?
5 ਪਹਿਲਾ ਫ਼ਾਇਦਾ ਹੈ ਕਿ ਸਾਨੂੰ ਇਹ ਦਿਖਾਉਣ ਦਾ ਮੌਕਾ ਮਿਲਦਾ ਹੈ ਕਿ ਅਸੀਂ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਦੇ ਹਾਂ ਜਾਂ ਨਹੀਂ। ਯਹੋਵਾਹ ਸਾਨੂੰ ਉਸ ਦੇ ਵਫ਼ਾਦਾਰ ਰਹਿਣ ਲਈ ਮਜਬੂਰ ਨਹੀਂ ਕਰਦਾ। ਅਸੀਂ ਉਸ ਦੀ ਸੇਵਾ ਇਸ ਲਈ ਨਹੀਂ ਕਰਦੇ ਹਾਂ ਕਿਉਂਕਿ ਅਸੀਂ ਇਸ ਦੁਨੀਆਂ ਦੇ ਅੰਤ ਵਿੱਚੋਂ ਬਚ ਕੇ ਹਮੇਸ਼ਾ ਦੀ ਜ਼ਿੰਦਗੀ ਪਾਉਣੀ ਚਾਹੁੰਦੇ ਹਾਂ, ਸਗੋਂ ਇਸ ਲਈ ਕਰਦੇ ਹਾਂ ਕਿਉਂਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ। ਬਾਈਬਲ ਕਹਿੰਦੀ ਹੈ: “ਯਹੋਵਾਹ ਦੀ ਸੇਵਾ ਕਰਦਿਆਂ ਖੁਸ਼ੀ ਅਨੁਭਵ ਕਰੋ, ਅਤੇ ਉਹ ਤੁਹਾਡੀਆਂ ਮੁਰਾਦਾਂ ਪੂਰੀਆਂ ਕਰੇਗਾ।” (ਜ਼ਬੂ. 37:4, ERV) ਸਾਨੂੰ ਯਹੋਵਾਹ ਦੀ ਸੇਵਾ ਕਰ ਕੇ ਖ਼ੁਸ਼ੀ ਮਿਲਦੀ ਹੈ ਅਤੇ ਸਾਨੂੰ ਪਤਾ ਹੈ ਕਿ ਪਰਮੇਸ਼ੁਰ ਜੋ ਵੀ ਸਿਖਾਉਂਦਾ ਹੈ ਉਹ ਸਾਡੇ ਫ਼ਾਇਦੇ ਲਈ ਹੈ। (ਯਸਾ. 48:17) ਸਾਡੇ ਲਈ ਉਸ ਦੇ ਹੁਕਮ ਮੰਨਣੇ ਬੋਝ ਨਹੀਂ ਹਨ।—1 ਯੂਹੰ. 5:3.
6. ਜਦ ਅਸੀਂ ਪਿਆਰ ਕਾਰਨ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ, ਤਾਂ ਉਸ ਨੂੰ ਕਿੱਦਾਂ ਲੱਗਦਾ ਹੈ ਤੇ ਕਿਉਂ?
6 ਦੂਜਾ ਫ਼ਾਇਦਾ ਹੈ ਕਿ ਸਾਨੂੰ ਯਹੋਵਾਹ ਦਾ ਦਿਲ ਖ਼ੁਸ਼ ਕਰਨ ਦਾ ਮੌਕਾ ਮਿਲਦਾ ਹੈ। ਜਦ ਅਸੀਂ ਪਿਆਰ ਕਾਰਨ ਉਸ ਦੀ ਸੇਵਾ ਕਰਦੇ ਹਾਂ, ਨਾ ਕਿ ਇਸ ਲਈ ਕਿ ਅੰਤ ਨੇੜੇ ਹੈ ਜਾਂ ਸਾਨੂੰ ਇਨਾਮ ਮਿਲੇਗਾ, ਤਾਂ ਸਾਨੂੰ ਸ਼ੈਤਾਨ ਨੂੰ ਝੂਠਾ ਸਾਬਤ ਕਰਨ ਵਿਚ ਯਹੋਵਾਹ ਦਾ ਸਾਥ ਦੇਣ ਦਾ ਮੌਕਾ ਮਿਲਦਾ ਹੈ। (ਅੱਯੂ. 2:4, 5; ਕਹਾਉਤਾਂ 27:11 ਪੜ੍ਹੋ।) ਇਹ ਦੇਖਦੇ ਹੋਏ ਕਿ ਸ਼ੈਤਾਨ ਦੇ ਰਾਜ ਅਧੀਨ ਲੋਕਾਂ ਨੂੰ ਕਿੰਨੀ ਦੁੱਖ-ਤਕਲੀਫ਼ ਸਹਿਣੀ ਪਈ ਹੈ, ਅਸੀਂ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੇ ਰਾਜ ਦਾ ਸਮਰਥਨ ਕਰਦੇ ਹਾਂ ਅਤੇ ਸ਼ੈਤਾਨ ਦੇ ਰਾਜ ਨੂੰ ਠੁਕਰਾਉਂਦੇ ਹਾਂ।
7. ਤੁਸੀਂ ਆਪਣੀ ਜ਼ਿੰਦਗੀ ਪਰਮੇਸ਼ੁਰ ਦੀ ਸੇਵਾ ਕਰਨ ਅਤੇ ਦੂਜਿਆਂ ਦੀ ਮਦਦ ਕਰਨ ਵਿਚ ਕਿਉਂ ਲਾਉਣੀ ਚਾਹੁੰਦੇ ਹੋ?
7 ਤੀਜਾ ਫ਼ਾਇਦਾ ਹੈ ਕਿ ਆਪਣੀ ਮਰਜ਼ੀ ਅਨੁਸਾਰ ਜੀਉਣ ਦੀ ਬਜਾਇ ਅਸੀਂ ਪਰਮੇਸ਼ੁਰ ਦੀ ਸੇਵਾ ਤੇ ਲੋਕਾਂ ਦੀ ਮਦਦ ਕਰਦੇ ਹਾਂ। ਅੱਜ ਭਾਵੇਂ ਕਈ ਲੋਕ ਪਰਮੇਸ਼ੁਰ ਨੂੰ ਨਹੀਂ ਜਾਣਦੇ, ਫਿਰ ਵੀ ਉਹ ਮੰਨਦੇ ਹਨ ਕਿ ਦੁਨੀਆਂ ਦਾ ਅੰਤ ਹੋਵੇਗਾ। ਇਸ ਡਰ ਕਰਕੇ ਉਨ੍ਹਾਂ ਦਾ ਇਹ ਰਵੱਈਆ ਹੈ, “ਆਓ ਆਪਾਂ ਖਾਈਏ-ਪੀਏ ਕਿਉਂਕਿ ਕੱਲ੍ਹ ਨੂੰ ਤਾਂ ਅਸੀਂ ਮਰ ਹੀ ਜਾਣਾ ਹੈ।” (1 ਕੁਰਿੰ. 15:32) ਦੂਜੇ ਪਾਸੇ, ਸਾਨੂੰ ਕੋਈ ਡਰ ਨਹੀਂ ਹੈ। ਅਸੀਂ ਖ਼ੁਦਗਰਜ਼ ਬਣ ਕੇ ਆਪਣੀ ਮਰਜ਼ੀ ਨਹੀਂ ਕਰਦੇ। (ਕਹਾ. 18:1) ਇਸ ਦੀ ਬਜਾਇ, ਅਸੀਂ ਪਰਮੇਸ਼ੁਰ ਦੀ ਇੱਛਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੇ ਹਾਂ ਅਤੇ ਆਪਣਾ ਸਭ ਕੁਝ, ਖ਼ਾਸ ਕਰਕੇ ਆਪਣਾ ਸਮਾਂ ਤੇ ਤਾਕਤ, ਉਸ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਵਿਚ ਲਾਉਂਦੇ ਹਾਂ। (ਮੱਤੀ 16:24 ਪੜ੍ਹੋ।) ਸਾਨੂੰ ਪਰਮੇਸ਼ੁਰ ਦੀ ਸੇਵਾ ਕਰ ਕੇ ਅਤੇ ਦੂਜਿਆਂ ਨੂੰ ਉਸ ਬਾਰੇ ਦੱਸ ਕੇ ਖ਼ੁਸ਼ੀ ਮਿਲਦੀ ਹੈ।
8. ਬਾਈਬਲ ਵਿੱਚੋਂ ਕਿਹੜੀ ਮਿਸਾਲ ਦਿਖਾਉਂਦੀ ਹੈ ਕਿ ਸਾਨੂੰ ਯਹੋਵਾਹ ਤੇ ਉਸ ਦੇ ਬਚਨ ʼਤੇ ਜ਼ਿਆਦਾ ਭਰੋਸਾ ਰੱਖਣ ਦੀ ਲੋੜ ਹੈ?
8 ਚੌਥਾ ਫ਼ਾਇਦਾ ਹੈ ਕਿ ਅਸੀਂ ਯਹੋਵਾਹ ਉੱਤੇ ਜ਼ਿਆਦਾ ਭਰੋਸਾ ਰੱਖਣਾ ਸਿੱਖਦੇ ਹਾਂ ਅਤੇ ਉਸ ਦੇ ਬਚਨ ਨੂੰ ਲਾਗੂ ਕਰਨ ਵਿਚ ਢਿੱਲ ਨਹੀਂ ਕਰਦੇ। ਪਾਪੀ ਹੋਣ ਕਰਕੇ ਅਸੀਂ ਆਪਣੇ ਆਪ ʼਤੇ ਜ਼ਿਆਦਾ ਭਰੋਸਾ ਰੱਖਦੇ ਹਾਂ। ਪੌਲੁਸ ਨੇ ਮਸੀਹੀਆਂ ਨੂੰ ਨਸੀਹਤ ਦਿੱਤੀ: “ਜਿਹੜਾ ਸੋਚਦਾ ਹੈ ਕਿ ਉਹ ਖੜ੍ਹਾ ਹੈ, ਖ਼ਬਰਦਾਰ ਰਹੇ ਕਿ ਉਹ ਕਿਤੇ ਡਿਗ ਨਾ ਪਵੇ।” ਵਾਅਦਾ ਕੀਤੇ ਹੋਏ ਦੇਸ਼ ਵਿਚ ਵੜਨ ਤੋਂ ਥੋੜ੍ਹਾ ਸਮਾਂ ਪਹਿਲਾਂ ਯਹੋਵਾਹ ਦੇ ਹੁਕਮ ਤੋੜਨ ਕਰਕੇ 23,000 ਲੋਕ ਮਾਰੇ ਗਏ। ਪੌਲੁਸ ਨੇ ਕਿਹਾ: “ਇਹ ਗੱਲਾਂ ਸਾਨੂੰ ਚੇਤਾਵਨੀ ਦੇਣ ਲਈ ਲਿਖੀਆਂ ਗਈਆਂ ਸਨ ਜਿਨ੍ਹਾਂ ਉੱਤੇ ਯੁਗਾਂ ਦੇ ਅੰਤ ਆ ਗਏ ਹਨ।”—1 ਕੁਰਿੰ. 10:8, 11, 12.
9. ਅਜ਼ਮਾਇਸ਼ਾਂ ਦਾ ਸਾਡੇ ʼਤੇ ਕੀ ਅਸਰ ਪੈ ਸਕਦਾ ਹੈ?
9 ਪੰਜਵਾਂ ਫ਼ਾਇਦਾ ਹੈ ਕਿ ਸਾਨੂੰ ਅਜ਼ਮਾਇਸ਼ਾਂ ਦੌਰਾਨ ਆਪਣੀ ਨਿਹਚਾ ਹੋਰ ਪੱਕੀ ਕਰਨ ਦਾ ਮੌਕਾ ਮਿਲਦਾ ਹੈ। (ਜ਼ਬੂਰਾਂ ਦੀ ਪੋਥੀ 119:71 ਪੜ੍ਹੋ।) ਇਸ ਦੁਨੀਆਂ ਦੇ ਆਖ਼ਰੀ ਦਿਨ ਸੱਚ-ਮੁੱਚ ‘ਮੁਸੀਬਤਾਂ ਨਾਲ ਭਰੇ ਹੋਏ ਹਨ ਅਤੇ ਇਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੈ।’ (2 ਤਿਮੋ. 3:1-5) ਸ਼ੈਤਾਨ ਦੀ ਦੁਨੀਆਂ ਵਿਚ ਕਈ ਲੋਕ ਸਾਡੇ ਨਾਲ ਮਸੀਹੀ ਹੋਣ ਕਰਕੇ ਨਫ਼ਰਤ ਕਰਦੇ ਹਨ ਜਿਸ ਕਰਕੇ ਉਹ ਸ਼ਾਇਦ ਸਾਡੇ ʼਤੇ ਜ਼ੁਲਮ ਕਰਨ। (ਯੂਹੰ. 15:19; 16:2) ਜਿਵੇਂ ਅੱਗ ਧਾਤਾਂ ਨੂੰ ਸ਼ੁੱਧ ਕਰਦੀ ਹੈ, ਤਿਵੇਂ ਅਜ਼ਮਾਇਸ਼ਾਂ ਦੌਰਾਨ ਸਾਡੀ ਨਿਹਚਾ ਵਿਚ ਨਿਖਾਰ ਆਉਂਦਾ ਹੈ ਤੇ ਉਹ ਪੱਕੀ ਹੁੰਦੀ ਹੈ। ਅਜ਼ਮਾਇਸ਼ਾਂ ਦੇ ਬਾਵਜੂਦ ਜੇ ਅਸੀਂ ਨਿਮਰ ਹੋ ਕੇ ਪਰਮੇਸ਼ੁਰ ਦੀ ਸੇਧ ਵਿਚ ਚੱਲਦੇ ਰਹੀਏ, ਤਾਂ ਅਸੀਂ ਇਨ੍ਹਾਂ ਕਰਕੇ ਉਸ ਦੀ ਸੇਵਾ ਕਰਨੀ ਨਹੀਂ ਛੱਡਾਂਗੇ। ਇਸ ਦੀ ਬਜਾਇ, ਅਸੀਂ ਯਹੋਵਾਹ ਦੇ ਹੋਰ ਨਜ਼ਦੀਕ ਹੋਵਾਂਗੇ।—ਯਾਕੂ. 1:2-4; 4:8.
10. ਕਿਸ ਕਾਰਨ ਕਰਕੇ ਸਮਾਂ ਝੱਟ ਲੰਘ ਜਾਂਦਾ ਹੈ?
10 ਜੇ ਅਸੀਂ ਵਿਹਲੇ ਬੈਠੇ ਰਹਿੰਦੇ ਹਾਂ, ਤਾਂ ਸਮਾਂ ਹੌਲੀ-ਹੌਲੀ ਬੀਤਦਾ ਹੈ। ਪਰ ਜੇ ਅਸੀਂ ਕਿਸੇ ਕੰਮ ਵਿਚ ਲੱਗੇ ਰਹਿੰਦੇ ਹਾਂ, ਤਾਂ ਸਮਾਂ ਝੱਟ ਨਿਕਲ ਜਾਂਦਾ ਹੈ। ਇਸੇ ਤਰ੍ਹਾਂ ਜੇ ਅਸੀਂ ਯਹੋਵਾਹ ਦੇ ਕੰਮ ਵਿਚ ਲੱਗੇ ਰਹਾਂਗੇ, ਤਾਂ ਸਮਾਂ ਝੱਟ ਲੰਘ ਜਾਵੇਗਾ ਅਤੇ ਇਸ ਦੁਨੀਆਂ ਦਾ ਅੰਤ ਜਲਦੀ ਆ ਜਾਵੇਗਾ। ਇਸ ਸੰਬੰਧ ਵਿਚ ਚੁਣੇ ਹੋਏ ਮਸੀਹੀਆਂ ਨੇ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ ਹੈ। ਆਓ ਆਪਾਂ ਦੇਖੀਏ ਕਿ 1914 ਵਿਚ ਯਿਸੂ ਦੇ ਰਾਜਾ ਬਣਨ ਤੋਂ ਬਾਅਦ ਕੀ ਹੋਇਆ ਸੀ ਅਤੇ ਇਹ ਵੀ ਦੇਖੀਏ ਕਿ ਕੁਝ ਚੁਣੇ ਹੋਏ ਮਸੀਹੀਆਂ ਨੇ ਆਪਣੇ ਆਪ ਨੂੰ ਕਿਵੇਂ ਤਿਆਰ ਰੱਖਿਆ, ਪਰ ਦੂਜਿਆਂ ਨੇ ਨਹੀਂ।
ਚੁਣੇ ਹੋਏ ਮਸੀਹੀ ਤਿਆਰ ਸਨ
11. 1914 ਤੋਂ ਬਾਅਦ ਕੁਝ ਚੁਣੇ ਹੋਏ ਮਸੀਹੀਆਂ ਨੇ ਕਿਉਂ ਸੋਚਿਆ ਕਿ ਲਾੜਾ ਦੇਰ ਕਰ ਰਿਹਾ ਹੈ?
11 ਕੁਆਰੀਆਂ ਅਤੇ ਚਾਂਦੀ ਦੇ ਸਿੱਕਿਆਂ ਬਾਰੇ ਯਿਸੂ ਦੀਆਂ ਮਿਸਾਲਾਂ ਯਾਦ ਕਰੋ। ਜੇ ਉਨ੍ਹਾਂ ਕੁਆਰੀਆਂ ਜਾਂ ਨੌਕਰਾਂ ਨੂੰ ਪਤਾ ਹੁੰਦਾ ਕਿ ਲਾੜੇ ਜਾਂ ਮਾਲਕ ਨੇ ਕਦੋਂ ਆਉਣਾ ਸੀ, ਤਾਂ ਉਨ੍ਹਾਂ ਨੂੰ ਖ਼ਬਰਦਾਰ ਰਹਿਣ ਦੀ ਲੋੜ ਨਾ ਹੁੰਦੀ। ਪਰ ਉਨ੍ਹਾਂ ਨੂੰ ਪਤਾ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਤਿਆਰ ਰਹਿਣਾ ਪਿਆ। ਭਾਵੇਂ ਚੁਣੇ ਹੋਏ ਮਸੀਹੀਆਂ ਨੂੰ ਕਾਫ਼ੀ ਸਾਲਾਂ ਤੋਂ ਪਤਾ ਸੀ ਕਿ 1914 ਇਕ ਖ਼ਾਸ ਸਾਲ ਹੋਵੇਗਾ, ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਹੀਂ ਪਤਾ ਸੀ ਕਿ ਉਸ ਸਾਲ ਕੀ ਹੋਵੇਗਾ। ਇਕ ਭਰਾ ਨੇ ਬਾਅਦ ਵਿਚ 1914 ਬਾਰੇ ਕਿਹਾ, “ਅਸੀਂ ਸੋਚਦੇ ਸੀ ਕਿ ਅਕਤੂਬਰ ਦੇ ਪਹਿਲੇ ਹਫ਼ਤੇ ਦੌਰਾਨ ਅਸੀਂ ਸਵਰਗ ਜਾਵਾਂਗੇ।” ਪਰ ਜਦੋਂ ਇੱਦਾਂ ਨਹੀਂ ਹੋਇਆ, ਤਾਂ ਉਨ੍ਹਾਂ ਮਸੀਹੀਆਂ ਨੂੰ ਲੱਗਾ ਕਿ ਲਾੜਾ ਦੇਰ ਕਰ ਰਿਹਾ ਹੈ।
12. ਚੁਣੇ ਹੋਏ ਮਸੀਹੀ ਵਫ਼ਾਦਾਰ ਤੇ ਸਮਝਦਾਰ ਕਿਵੇਂ ਸਾਬਤ ਹੋਏ?
12 ਜ਼ਰਾ ਸੋਚੋ ਕਿ ਉਹ ਕਿੰਨੇ ਨਿਰਾਸ਼ ਹੋਏ ਹੋਣੇ ਕਿ ਉਸ ਸਮੇਂ ਦੁਨੀਆਂ ਦਾ ਅੰਤ ਨਹੀਂ ਹੋਇਆ। ਇਸ ਤੋਂ ਇਲਾਵਾ, ਪਹਿਲੇ ਵਿਸ਼ਵ ਯੁੱਧ ਕਰਕੇ ਭਰਾਵਾਂ ਨੂੰ ਵਿਰੋਧ ਦਾ ਸਾਮ੍ਹਣਾ ਕਰਨਾ ਪਿਆ। ਪ੍ਰਚਾਰ ਦਾ ਕੰਮ ਤਕਰੀਬਨ ਰੁਕ ਗਿਆ ਸੀ ਤੇ ਇੱਦਾਂ ਲੱਗਦਾ ਸੀ ਕਿ ਚੁਣੇ ਹੋਏ ਮਸੀਹੀ ਸੌਂ ਗਏ ਸਨ। ਪਰ 1919 ਵਿਚ ਉਨ੍ਹਾਂ ਨੂੰ ਜਾਗਣ ਦਾ ਸੱਦਾ ਦਿੱਤਾ ਗਿਆ! ਯਿਸੂ ਉਨ੍ਹਾਂ ਸਾਰਿਆਂ ਦੀ ਜਾਂਚ ਕਰਨ ਆਇਆ ਸੀ ਜੋ ਆਪਣੇ ਆਪ ਨੂੰ ਮਸੀਹੀ ਅਖਵਾਉਂਦੇ ਸਨ। ਕੁਝ ਚੁਣੇ ਹੋਏ ਮਸੀਹੀ ਇਸ ਜਾਂਚ ਵਿਚ ਫੇਲ੍ਹ ਹੋ ਗਏ ਜਿਸ ਕਰਕੇ ਉਨ੍ਹਾਂ ਤੋਂ ਰਾਜੇ ਦੇ “ਕਾਰੋਬਾਰ” ਦੀ ਜ਼ਿੰਮੇਵਾਰੀ ਵਾਪਸ ਲੈ ਲਈ ਗਈ। (ਮੱਤੀ 25:16) ਉਹ ਮੂਰਖ ਕੁਆਰੀਆਂ ਵਾਂਗ ਸਨ ਜਿਨ੍ਹਾਂ ਨੇ ਆਪਣੇ ਦੀਵਿਆਂ ਵਿਚ ਤੇਲ ਨਹੀਂ ਪਾਇਆ ਸੀ। ਨਾਲੇ ਉਹ ਉਸ ਆਲਸੀ ਨੌਕਰ ਵਾਂਗ ਸਨ ਜੋ ਰਾਜ ਦੀ ਖ਼ਾਤਰ ਕੁਝ ਕਰਨ ਲਈ ਤਿਆਰ ਨਹੀਂ ਸੀ। ਪਰ ਜ਼ਿਆਦਾਤਰ ਚੁਣੇ ਹੋਏ ਮਸੀਹੀਆਂ ਨੇ ਯੁੱਧ ਦੇ ਮੁਸ਼ਕਲ ਸਾਲਾਂ ਦੌਰਾਨ ਵੀ ਵਫ਼ਾਦਾਰੀ ਨਾਲ ਯਿਸੂ ਦਾ ਕੰਮ ਕੀਤਾ।
13. 1914 ਤੋਂ ਬਾਅਦ ਚੁਣੇ ਹੋਏ ਮਸੀਹੀਆਂ ਦਾ ਰਵੱਈਆ ਕੀ ਸੀ ਅਤੇ ਅੱਜ ਕੀ ਹੈ?
13 1914 ਤੋਂ ਬਾਅਦ ਪਹਿਰਾਬੁਰਜ ਨੇ ਇਹ ਖ਼ਾਸ ਗੱਲ ਕਹੀ: “ਭਰਾਵੋ, ਸਾਡੇ ਵਿੱਚੋਂ ਜਿਨ੍ਹਾਂ ਦਾ ਰਵੱਈਆ ਸਹੀ ਹੈ ਉਹ ਪਰਮੇਸ਼ੁਰ ਦੇ ਪ੍ਰਬੰਧਾਂ ਤੋਂ ਨਿਰਾਸ਼ ਨਹੀਂ ਹੋਏ। ਅਸੀਂ ਇਹ ਨਹੀਂ ਚਾਹੁੰਦੇ ਸੀ ਕਿ ਸਾਡੀ ਇੱਛਾ ਪੂਰੀ ਹੋਵੇ; ਇਸ ਲਈ ਜਦੋਂ ਸਾਨੂੰ ਪਤਾ ਲੱਗਾ ਕਿ ਅਕਤੂਬਰ 1914 ਬਾਰੇ ਸਾਡੀ ਉਮੀਦ ਗ਼ਲਤ ਸੀ, ਤਾਂ ਅਸੀਂ ਖ਼ੁਸ਼ ਹੋਏ ਕਿ ਪ੍ਰਭੂ ਨੇ ਸਾਡੀ ਖ਼ਾਤਰ ਆਪਣਾ ਇਰਾਦਾ ਨਹੀਂ ਬਦਲਿਆ। ਅਸੀਂ ਨਹੀਂ ਚਾਹੁੰਦੇ ਸੀ ਕਿ ਉਹ ਆਪਣਾ ਇਰਾਦਾ ਬਦਲੇ। ਸਾਡੀ ਤਾਂ ਇਹੀ ਇੱਛਾ ਹੈ ਕਿ ਅਸੀਂ ਉਸ ਦੇ ਇਰਾਦਿਆਂ ਤੇ ਮਕਸਦਾਂ ਨੂੰ ਸਮਝ ਸਕੀਏ।” ਉਨ੍ਹਾਂ ਵਾਂਗ ਅੱਜ ਵੀ ਪ੍ਰਭੂ ਦੇ ਚੁਣੇ ਹੋਏ ਮਸੀਹੀ ਨਿਮਰਤਾ ਅਤੇ ਵਫ਼ਾਦਾਰੀ ਨਾਲ ਉਸ ਦੀ ਭਗਤੀ ਕਰ ਰਹੇ ਹਨ। ਉਹ ਦਾਅਵਾ ਨਹੀਂ ਕਰਦੇ ਕਿ ਪਰਮੇਸ਼ੁਰ ਦੇ ਮਕਸਦ ਨੂੰ ਸਮਝਣ ਵਿਚ ਉਹ ਕਦੀ ਗ਼ਲਤੀ ਨਹੀਂ ਕਰਦੇ। ਪਰ ਉਨ੍ਹਾਂ ਦਾ ਇਰਾਦਾ ਪੱਕਾ ਹੈ ਕਿ ਉਹ ਧਰਤੀ ʼਤੇ ਪ੍ਰਭੂ ਦਾ ਕੰਮ ਸੰਭਾਲਦੇ ਰਹਿਣਗੇ। ਹੁਣ “ਹੋਰ ਭੇਡਾਂ” ਦੀ “ਇਕ ਵੱਡੀ ਭੀੜ” ਯਾਨੀ ਧਰਤੀ ʼਤੇ ਰਹਿਣ ਦੀ ਉਮੀਦ ਰੱਖਣ ਵਾਲੇ ਮਸੀਹੀ ਉਨ੍ਹਾਂ ਵਾਂਗ ਖ਼ਬਰਦਾਰ ਹਨ ਅਤੇ ਜੋਸ਼ ਨਾਲ ਪ੍ਰਭੂ ਦੀ ਭਗਤੀ ਕਰਦੇ ਹਨ।—ਪ੍ਰਕਾ. 7:9; ਯੂਹੰ. 10:16.
ਤਿਆਰ ਰਹੋ!
14. ਯਹੋਵਾਹ ਦੀ ਸੰਸਥਾ ਵਿਚ ਰਹਿਣ ਦਾ ਕੀ ਫ਼ਾਇਦਾ ਹੋਵੇਗਾ?
14 ਚੁਣੇ ਹੋਏ ਮਸੀਹੀਆਂ ਵਾਂਗ ਵੱਡੀ ਭੀੜ ਦੇ ਖ਼ਬਰਦਾਰ ਮੈਂਬਰ ਯਹੋਵਾਹ ਦੀ ਸੰਸਥਾ ਵਿਚ ਰਹਿੰਦੇ ਹਨ ਜਿੱਥੇ ਉਨ੍ਹਾਂ ਨੂੰ ਪਰਮੇਸ਼ੁਰ ਦਾ ਸਹੀ ਗਿਆਨ ਮਿਲਦਾ ਹੈ। ਨਤੀਜੇ ਵਜੋਂ, ਉਹ ਪਰਮੇਸ਼ੁਰ ਦੇ ਬਚਨ ਤੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਆਪਣੀ ਨਿਹਚਾ ਮਜ਼ਬੂਤ ਰੱਖਦੇ ਹਨ। ਇਹ ਇੱਦਾਂ ਹੈ ਜਿੱਦਾਂ ਉਹ ਆਪਣੇ ਦੀਵਿਆਂ ਵਿਚ ਤੇਲ ਪਾਉਂਦੇ ਹਨ। (ਜ਼ਬੂਰਾਂ ਦੀ ਪੋਥੀ 119:130; ਯੂਹੰਨਾ 16:13 ਪੜ੍ਹੋ।) ਇਸ ਤਰ੍ਹਾਂ ਉਹ ਮਸੀਹ ਦੇ ਆਉਣ ਲਈ ਤਿਆਰ ਰਹਿੰਦੇ ਹਨ ਤੇ ਮੁਸ਼ਕਲਾਂ ਦੌਰਾਨ ਵੀ ਵਫ਼ਾਦਾਰੀ ਨਾਲ ਉਸ ਦਾ ਕੰਮ ਕਰਦੇ ਰਹਿੰਦੇ ਹਨ। ਮਿਸਾਲ ਲਈ, ਇਕ ਨਾਜ਼ੀ ਜੇਲ੍ਹ ਵਿਚ ਭਰਾਵਾਂ ਕੋਲ ਬਾਈਬਲ ਦੀ ਸਿਰਫ਼ ਇੱਕੋ ਕਾਪੀ ਸੀ। ਸੋ ਉਨ੍ਹਾਂ ਨੇ ਹੋਰ ਕਿਤਾਬਾਂ-ਰਸਾਲਿਆਂ ਲਈ ਪ੍ਰਾਰਥਨਾ ਕੀਤੀ। ਇਸ ਤੋਂ ਥੋੜ੍ਹੀ ਦੇਰ ਬਾਅਦ ਪਤਾ ਲੱਗਾ ਕਿ ਇਕ ਹੋਰ ਭਰਾ ਨੂੰ ਜੇਲ੍ਹ ਵਿਚ ਲਿਆਂਦਾ ਗਿਆ ਜੋ ਆਪਣੀ ਲੱਕੜ ਦੀ ਨਕਲੀ ਲੱਤ ਵਿਚ ਪਹਿਰਾਬੁਰਜ ਦੇ ਕੁਝ ਨਵੇਂ ਰਸਾਲੇ ਲੁਕਾ ਕੇ ਲਿਆਇਆ ਸੀ। ਉਨ੍ਹਾਂ ਵਿੱਚੋਂ ਇਕ ਭਰਾ ਅਰਨਸਟ ਵਾਉਅਰ, ਜੋ ਚੁਣਿਆ ਹੋਇਆ ਮਸੀਹ ਸੀ, ਨੇ ਬਾਅਦ ਵਿਚ ਕਿਹਾ: “ਅਸੀਂ ਉਨ੍ਹਾਂ ਲੇਖਾਂ ਵਿਚ ਜੋ ਵੀ ਪੜ੍ਹਿਆ ਸੀ ਉਸ ਨੂੰ ਯਾਦ ਰੱਖਣ ਵਿਚ ਯਹੋਵਾਹ ਨੇ ਸਾਡੀ ਮਦਦ ਕੀਤੀ।” ਉਸ ਨੇ ਅੱਗੇ ਕਿਹਾ: “ਅੱਜ-ਕੱਲ੍ਹ ਸਾਨੂੰ ਕਿਤਾਬਾਂ-ਰਸਾਲੇ ਸੌਖਿਆਂ ਹੀ ਮਿਲ ਜਾਂਦੇ ਹਨ, ਪਰ ਕੀ ਅਸੀਂ ਇਨ੍ਹਾਂ ਦੀ ਕਦਰ ਕਰਦੇ ਹਾਂ? ਮੈਨੂੰ ਪੱਕਾ ਯਕੀਨ ਹੈ ਕਿ ਯਹੋਵਾਹ ਉਨ੍ਹਾਂ ਨੂੰ ਬੇਸ਼ੁਮਾਰ ਬਰਕਤਾਂ ਦੇਵੇਗਾ ਜੋ ਉਸ ʼਤੇ ਭਰੋਸਾ ਰੱਖਦੇ ਹਨ, ਉਸ ਦੇ ਵਫ਼ਾਦਾਰ ਰਹਿੰਦੇ ਹਨ ਅਤੇ ਉਸ ਦੀ ਸੰਸਥਾ ਰਾਹੀਂ ਗਿਆਨ ਲੈਂਦੇ ਹਨ।”
15, 16. ਇਕ ਪਤੀ-ਪਤਨੀ ਨੂੰ ਜੋਸ਼ ਨਾਲ ਪ੍ਰਚਾਰ ਕਰਨ ਕਰਕੇ ਕਿਹੜੀਆਂ ਬਰਕਤਾਂ ਮਿਲੀਆਂ ਤੇ ਅਸੀਂ ਅਜਿਹੀਆਂ ਮਿਸਾਲਾਂ ਤੋਂ ਕੀ ਸਿੱਖ ਸਕਦੇ ਹਾਂ?
15 ਵੱਡੀ ਭੀੜ ਵੀ ਮਾਲਕ ਦੇ ਕੰਮ ਵਿਚ ਰੁੱਝੀ ਰਹਿੰਦੀ ਹੈ ਤੇ ਮਸੀਹ ਦੇ ਭਰਾਵਾਂ ਦਾ ਪੂਰਾ ਸਾਥ ਦਿੰਦੀ ਹੈ। (ਮੱਤੀ 25:40) ਯਿਸੂ ਦੀ ਮਿਸਾਲ ਵਿਚ ਉਸ ਨਿਕੰਮੇ ਤੇ ਆਲਸੀ ਨੌਕਰ ਦੇ ਉਲਟ, ਇਹ ਮਸੀਹੀ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਨ ਤੇ ਕੁਰਬਾਨੀਆਂ ਦੇਣ ਲਈ ਤਿਆਰ ਰਹਿੰਦੇ ਹਨ। ਜੌਨ ਤੇ ਮਾਸਾਕੋ ਦੀ ਮਿਸਾਲ ਲੈ ਲਓ। ਇਸ ਪਤੀ-ਪਤਨੀ ਨੂੰ ਕੀਨੀਆ ਵਿਚ ਚੀਨੀ ਲੋਕਾਂ ਨੂੰ ਪ੍ਰਚਾਰ ਕਰਨ ਦਾ ਸੱਦਾ ਮਿਲਿਆ। ਪਹਿਲਾਂ-ਪਹਿਲਾਂ ਉਹ ਜਾਣ ਤੋਂ ਘਬਰਾਉਂਦੇ ਸਨ, ਪਰ ਇਸ ਬਾਰੇ ਪ੍ਰਾਰਥਨਾ ਕਰਨ ਤੋਂ ਬਾਅਦ ਉਨ੍ਹਾਂ ਨੇ ਉੱਥੇ ਜਾ ਕੇ ਰਹਿਣ ਦਾ ਫ਼ੈਸਲਾ ਕੀਤਾ।
16 ਉਨ੍ਹਾਂ ਨੂੰ ਆਪਣੀ ਮਿਹਨਤ ਦਾ ਫਲ ਮਿਲਿਆ। ਉਹ ਦੱਸਦੇ ਹਨ: “ਇੱਥੇ ਪ੍ਰਚਾਰ ਕਰਨਾ ਬਹੁਤ ਵਧੀਆ ਹੈ।” ਉਨ੍ਹਾਂ ਨੇ ਸੱਤ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਹੋਰ ਵਧੀਆ ਤਜਰਬੇ ਹੋਏ। ਉਹ ਕਹਿੰਦੇ ਹਨ, “ਅਸੀਂ ਹਰ ਰੋਜ਼ ਯਹੋਵਾਹ ਦਾ ਸ਼ੁਕਰ ਕਰਦੇ ਹਾਂ ਕਿ ਉਸ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ।” ਹੋਰ ਵੀ ਬਹੁਤ ਸਾਰੇ ਭੈਣ-ਭਰਾ ਹਨ ਜਿਨ੍ਹਾਂ ਨੇ ਆਪਣੇ ਫ਼ੈਸਲਿਆਂ ਰਾਹੀਂ ਦਿਖਾਇਆ ਹੈ ਕਿ ਉਹ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿੰਦੇ ਹਨ, ਭਾਵੇਂ ਅੰਤ ਜਦ ਮਰਜ਼ੀ ਆਵੇ। ਉਨ੍ਹਾਂ ਹਜ਼ਾਰਾਂ ਭੈਣਾਂ-ਭਰਾਵਾਂ ਬਾਰੇ ਸੋਚੋ ਜਿਹੜੇ ਗਿਲਿਅਡ ਸਕੂਲ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਮਿਸ਼ਨਰੀ ਬਣੇ ਹਨ। ਕਿਉਂ ਨਾ ਮਿਸ਼ਨਰੀ ਸੇਵਾ ਬਾਰੇ ਹੋਰ ਜਾਣਨ ਲਈ “ਅਸੀਂ ਮਿਸ਼ਨਰੀ ਸੇਵਾ ਵਿਚ ਪੂਰੀ ਮਿਹਨਤ ਕਰਦੇ ਹਾਂ!” ਨਾਂ ਦਾ ਲੇਖ ਪੜ੍ਹੋ ਜੋ 15 ਅਕਤੂਬਰ 2001 ਦੇ ਪਹਿਰਾਬੁਰਜ ਵਿਚ ਛਪਿਆ ਸੀ? ਇਸ ਲੇਖ ਵਿਚ ਦਿਖਾਇਆ ਗਿਆ ਹੈ ਕਿ ਮਿਸ਼ਨਰੀ ਰੋਜ਼ ਕੀ ਕਰਦੇ ਹਨ। ਇਹ ਲੇਖ ਪੜ੍ਹਨ ਤੋਂ ਬਾਅਦ ਸੋਚੋ ਕਿ ਤੁਸੀਂ ਪਰਮੇਸ਼ੁਰ ਦੀ ਹੋਰ ਸੇਵਾ ਕਿਵੇਂ ਕਰ ਸਕਦੇ ਹੋ। ਇਸ ਨਾਲ ਪਰਮੇਸ਼ੁਰ ਦੀ ਮਹਿਮਾ ਹੋਵੇਗੀ ਤੇ ਤੁਹਾਡੀ ਖ਼ੁਸ਼ੀ ਵੀ ਵਧੇਗੀ।
ਤੁਸੀਂ ਵੀ ਖ਼ਬਰਦਾਰ ਰਹੋ
17. ਦੁਨੀਆਂ ਦੇ ਅੰਤ ਦਾ ਦਿਨ ਜਾਂ ਵੇਲਾ ਨਾ ਜਾਣਨ ਦਾ ਸਾਨੂੰ ਕੀ ਫ਼ਾਇਦਾ ਹੋਇਆ ਹੈ?
17 ਦੁਨੀਆਂ ਦੇ ਅੰਤ ਦਾ ਦਿਨ ਜਾਂ ਵੇਲਾ ਨਾ ਜਾਣਨ ਦਾ ਸਾਨੂੰ ਬਹੁਤ ਫ਼ਾਇਦਾ ਹੋਇਆ ਹੈ। ਨਿਰਾਸ਼ ਹੋਣ ਦੀ ਬਜਾਇ ਅਸੀਂ ਆਪਣੇ ਪਿਤਾ ਯਹੋਵਾਹ ਦੇ ਹੋਰ ਨਜ਼ਦੀਕ ਹੋਏ ਹਾਂ ਅਤੇ ਉਸ ਦੀ ਇੱਛਾ ਪੂਰੀ ਕਰਨ ਵਿਚ ਰੁੱਝੇ ਹੋਏ ਹਾਂ। ਅਸੀਂ ਹਲ਼ ʼਤੇ ਹੱਥ ਰੱਖ ਕੇ ਆਪਣਾ ਪੂਰਾ ਧਿਆਨ ਮਾਲਕ ਦੀ ਸੇਵਾ ਵਿਚ ਲਾਇਆ ਹੈ ਜਿਸ ਕਰਕੇ ਸਾਨੂੰ ਖ਼ੁਸ਼ੀ ਹੁੰਦੀ ਹੈ।—ਲੂਕਾ 9:62.
18. ਅਸੀਂ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਿਉਂ ਕਰਦੇ ਰਹਿਣਾ ਚਾਹੁੰਦੇ ਹਾਂ?
18 ਪਰਮੇਸ਼ੁਰ ਦੇ ਨਿਆਂ ਦਾ ਦਿਨ ਬਹੁਤ ਜਲਦੀ ਆ ਰਿਹਾ ਹੈ। ਸਾਡੇ ਵਿੱਚੋਂ ਕੋਈ ਵੀ ਯਹੋਵਾਹ ਜਾਂ ਯਿਸੂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦਾ। ਇਨ੍ਹਾਂ ਆਖ਼ਰੀ ਦਿਨਾਂ ਦੌਰਾਨ ਸਾਨੂੰ ਉਨ੍ਹਾਂ ਨੇ ਆਪਣੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਅਸੀਂ ਇਸ ਗੱਲ ਦੀ ਕਦਰ ਕਰਦੇ ਹਾਂ ਕਿ ਉਨ੍ਹਾਂ ਨੇ ਸਾਡੇ ਉੱਤੇ ਇੰਨਾ ਭਰੋਸਾ ਰੱਖਿਆ ਹੈ!—1 ਤਿਮੋਥਿਉਸ 1:12 ਪੜ੍ਹੋ।
19. ਅਸੀਂ ਯਹੋਵਾਹ ਦੇ ਦਿਨ ਲਈ ਤਿਆਰ ਕਿਵੇਂ ਰਹਿ ਸਕਦੇ ਹਾਂ?
19 ਚਾਹੇ ਸਾਡੀ ਉਮੀਦ ਸਵਰਗ ਜਾਣ ਦੀ ਹੈ ਜਾਂ ਧਰਤੀ ʼਤੇ ਰਹਿਣ ਦੀ ਹੈ, ਆਓ ਆਪਾਂ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਵਫ਼ਾਦਾਰੀ ਨਾਲ ਲੱਗੇ ਰਹੀਏ। ਸਾਨੂੰ ਅਜੇ ਵੀ ਨਹੀਂ ਪਤਾ ਕਿ ਯਹੋਵਾਹ ਦਾ ਦਿਨ ਕਿਸ ਵੇਲੇ ਆਵੇਗਾ ਤੇ ਨਾ ਹੀ ਸਾਨੂੰ ਜਾਣਨ ਦੀ ਲੋੜ ਹੈ। ਅਸੀਂ ਉਸ ਦਿਨ ਲਈ ਤਿਆਰ ਰਹਾਂਗੇ। (ਮੱਤੀ 24:36, 44) ਸਾਨੂੰ ਪੱਕਾ ਯਕੀਨ ਹੈ ਕਿ ਜਿੰਨਾ ਚਿਰ ਅਸੀਂ ਯਹੋਵਾਹ ʼਤੇ ਭਰੋਸਾ ਰੱਖਾਂਗੇ ਤੇ ਉਸ ਦੇ ਰਾਜ ਨੂੰ ਪਹਿਲ ਦੇਵਾਂਗੇ, ਅਸੀਂ ਨਿਰਾਸ਼ ਨਹੀਂ ਹੋਵਾਂਗੇ।—ਰੋਮੀ. 10:11.
[ਫੁਟਨੋਟ]
[ਸਫ਼ਾ 26 ਉੱਤੇ ਤਸਵੀਰ]
ਮੁਸ਼ਕਲਾਂ ਦੌਰਾਨ ਵੀ ਪਰਮੇਸ਼ੁਰ ਦਾ ਗਿਆਨ ਲੈਂਦੇ ਰਹੋ
[ਸਫ਼ਾ 27 ਉੱਤੇ ਤਸਵੀਰ]
ਜਦ ਅਸੀਂ ਪਰਮੇਸ਼ੁਰ ਦੇ ਕੰਮਾਂ ਵਿਚ ਲੱਗੇ ਰਹਿੰਦੇ ਹਾਂ, ਤਾਂ ਸਮਾਂ ਝੱਟ ਲੰਘ ਜਾਂਦਾ ਹੈ