ਆਪਣੇ ਦਿਲ ਦੀ ਜਾਂਚ ਕਰੋ
ਬਾਈਬਲ ਕਹਿੰਦੀ ਹੈ: “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ, ਉਹ ਨੂੰ ਕੌਣ ਜਾਣ ਸੱਕਦਾ ਹੈ?” (ਯਿਰ. 17:9) ਕੀ ਇਹ ਸੱਚ ਨਹੀਂ ਕਿ ਅਸੀਂ ਆਪਣੇ ਦਿਲ ਦੀ ਗੱਲ ਮੰਨਣ ਲਈ ਬਹਾਨੇ ਲੱਭ ਲੈਂਦੇ ਹਾਂ?
ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ: “ਇਹ ਗੱਲਾਂ ਦਿਲ ਵਿੱਚੋਂ ਨਿਕਲਦੀਆਂ ਹਨ: ਭੈੜੀ ਸੋਚ, ਕਤਲ, ਆਪਣੇ ਜੀਵਨ ਸਾਥੀ ਤੋਂ ਇਲਾਵਾ ਦੂਸਰਿਆਂ ਨਾਲ ਨਾਜਾਇਜ਼ ਸੰਬੰਧ, ਹਰਾਮਕਾਰੀਆਂ, ਚੋਰੀਆਂ, ਝੂਠੀਆਂ ਗਵਾਹੀਆਂ ਅਤੇ ਨਿੰਦਿਆ।” (ਮੱਤੀ 15:19) ਸਾਡਾ ਦਿਲ ਸਾਨੂੰ ਧੋਖਾ ਦੇ ਕੇ ਪਰਮੇਸ਼ੁਰ ਦੀ ਇੱਛਾ ਦੇ ਉਲਟ ਕੰਮ ਕਰਨ ਦੀ ਹੱਲਾਸ਼ੇਰੀ ਦੇ ਸਕਦਾ ਹੈ। ਸਾਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਗ਼ਲਤੀ ਕਰਨ ਤੋਂ ਬਾਅਦ ਹੀ ਹੋਵੇ। ਗ਼ਲਤ ਕੰਮ ਕਰਨ ਤੋਂ ਪਹਿਲਾਂ ਕਿਹੜੀਆਂ ਗੱਲਾਂ ਆਪਣੇ ਦਿਲ ਦੀ ਜਾਂਚ ਕਰਨ ਵਿਚ ਸਾਡੀ ਮਦਦ ਕਰ ਸਕਦੀਆਂ ਹਨ?
ਆਪਣੇ ਦਿਲ ਦੀ ਜਾਂਚ ਕਿਵੇਂ ਕਰੀਏ?
ਹਰ ਰੋਜ਼ ਬਾਈਬਲ ਪੜ੍ਹੋ ਤੇ ਪੜ੍ਹੀਆਂ ਗੱਲਾਂ ʼਤੇ ਮਨਨ ਕਰੋ।
ਪੌਲੁਸ ਰਸੂਲ ਨੇ ਲਿਖਿਆ: “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਸ਼ਕਤੀਸ਼ਾਲੀ ਹੈ ਅਤੇ ਕਿਸੇ ਵੀ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਇਹ ਇਨਸਾਨ ਦੇ ਧੁਰ ਅੰਦਰ ਤਕ ਵਾਰ ਕਰ ਕੇ ਜ਼ਾਹਰ ਕਰਦਾ ਹੈ ਕਿ ਇਨਸਾਨ ਬਾਹਰੋਂ ਕਿਹੋ ਜਿਹਾ ਹੈ ਅਤੇ ਅੰਦਰੋਂ ਕਿਹੋ ਜਿਹਾ ਹੈ।” ਬਾਈਬਲ ਵਿਚ ਪਾਇਆ ਜਾਂਦਾ ਪਰਮੇਸ਼ੁਰ ਦਾ ਸੰਦੇਸ਼ “ਮਨ ਦੀਆਂ ਸੋਚਾਂ ਅਤੇ ਇਰਾਦਿਆਂ ਨੂੰ ਜਾਣ ਸਕਦਾ ਹੈ।” (ਇਬ. 4:12) ਬਾਈਬਲ ਵਿਚ ਦੱਸੀਆਂ ਗੱਲਾਂ ਸਾਡੀ ਆਪਣੇ ਦਿਲ ਦੀ ਜਾਂਚ ਕਰਨ ਵਿਚ ਬਹੁਤ ਮਦਦ ਕਰ ਸਕਦੀਆਂ ਹਨ। ਇਸ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਹਰ ਰੋਜ਼ ਬਾਈਬਲ ਪੜ੍ਹੀਏ ਤੇ ਇਸ ʼਤੇ ਮਨਨ ਕਰੀਏ। ਇਸ ਤਰ੍ਹਾਂ ਅਸੀਂ ਯਹੋਵਾਹ ਦੀਆਂ ਸੋਚਾਂ ਤੇ ਵਿਚਾਰਾਂ ਨੂੰ ਅਪਣਾ ਸਕਾਂਗੇ।
ਬਾਈਬਲ ਦੀ ਸਲਾਹ ਨੂੰ ਮੰਨਣ ਅਤੇ ਇਸ ਦੇ ਅਸੂਲਾਂ ʼਤੇ ਚੱਲਣ ਨਾਲ ਸਾਡੀ ਜ਼ਮੀਰ ʼਤੇ ਚੰਗਾ ਅਸਰ ਪਵੇਗਾ। ਜ਼ਮੀਰ ਯਾਨੀ ਸਾਡੀ ਅੰਦਰਲੀ ਆਵਾਜ਼ ਸਾਨੂੰ ਦੱਸ ਸਕਦੀ ਹੈ ਕਿ ਸਾਡੀ ਨੀਅਤ ਖ਼ਰਾਬ ਹੈ ਤੇ ਸਾਨੂੰ ਗ਼ਲਤ ਕੰਮ ਕਰਨ ਤੋਂ ਰੋਕ ਸਕਦੀ ਹੈ। (ਰੋਮੀ. 9:1) ਇਸ ਦੇ ਨਾਲ-ਨਾਲ ਬਾਈਬਲ ਵਿਚ “ਸਾਨੂੰ ਚੇਤਾਵਨੀ ਦੇਣ” ਵਾਲੀਆਂ ਮਿਸਾਲਾਂ ਵੀ ਹਨ। (1 ਕੁਰਿੰ. 10:11) ਇਹ ਮਿਸਾਲਾਂ ਵੀ ਸਾਨੂੰ ਗ਼ਲਤ ਕੰਮ ਕਰਨ ਤੋਂ ਰੋਕ ਸਕਦੀਆਂ ਹਨ। ਸਾਨੂੰ ਹੋਰ ਕੀ ਕਰਨ ਦੀ ਲੋੜ ਹੈ?
ਪਰਮੇਸ਼ੁਰ ਨੂੰ ਪ੍ਰਾਰਥਨਾ ਕਰੋ।
ਯਹੋਵਾਹ ‘ਮਨ ਦੀ ਪਰੀਖਿਆ ਕਰਦਾ ਹੈ।’ (1 ਇਤ. 29:17) ਉਹ “ਸਾਡੇ ਦਿਲਾਂ ਨਾਲੋਂ ਵੱਡਾ ਹੈ ਅਤੇ ਸਭ ਕੁਝ ਜਾਣਦਾ ਹੈ।” (1 ਯੂਹੰ. 3:20) ਪਰਮੇਸ਼ੁਰ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਜੇ ਅਸੀਂ ਦਿਲ ਖੋਲ੍ਹ ਕੇ ਯਹੋਵਾਹ ਨੂੰ ਆਪਣੀਆਂ ਚਿੰਤਾਵਾਂ, ਭਾਵਨਾਵਾਂ ਤੇ ਇੱਛਾਵਾਂ ਬਾਰੇ ਦੱਸਦੇ ਹਾਂ, ਤਾਂ ਉਹ ਸਾਡੀ ਇਹ ਜਾਣਨ ਵਿਚ ਮਦਦ ਕਰ ਸਕਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ। ਅਸੀਂ ਪਰਮੇਸ਼ੁਰ ਨੂੰ ਬੇਨਤੀ ਕਰ ਸਕਦੇ ਹਾਂ ਕਿ ਉਹ ਸਾਡੇ ਵਿਚ “ਪਾਕ ਮਨ ਉਤਪੰਨ” ਕਰੇ। (ਜ਼ਬੂ. 51:10) ਇਸ ਲਈ ਆਪਣੇ ਦਿਲ ਦੀ ਜਾਂਚ ਕਰਨ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਬਹੁਤ ਜ਼ਰੂਰੀ ਹੈ।
ਮੀਟਿੰਗਾਂ ਵਿਚ ਧਿਆਨ ਨਾਲ ਸੁਣੋ।
ਮੀਟਿੰਗਾਂ ਵਿਚ ਧਿਆਨ ਨਾਲ ਸੁਣ ਕੇ ਸਾਨੂੰ ਪਤਾ ਲੱਗ ਸਕਦਾ ਹੈ ਕਿ ਸਾਡੇ ਦਿਲ ਵਿਚ ਕੀ ਹੈ ਜਾਂ ਅਸੀਂ ਅੰਦਰੋਂ ਕਿਹੋ ਜਿਹੇ ਇਨਸਾਨ ਹਾਂ। ਭਾਵੇਂ ਹਰ ਮੀਟਿੰਗ ਵਿਚ ਸ਼ਾਇਦ ਸਾਨੂੰ ਨਵੀਂ ਜਾਣਕਾਰੀ ਨਾ ਮਿਲੇ, ਪਰ ਮੀਟਿੰਗਾਂ ਵਿਚ ਹਾਜ਼ਰ ਹੋ ਕੇ ਅਸੀਂ ਬਾਈਬਲ ਦੇ ਅਸੂਲਾਂ ਦੀ ਹੋਰ ਵਧੀਆ ਸਮਝ ਪਾ ਸਕਦੇ ਹਾਂ। ਇਸ ਦੇ ਨਾਲ-ਨਾਲ ਮੀਟਿੰਗਾਂ ਵਿਚ ਦਿੱਤੀ ਜਾਂਦੀ ਸਲਾਹ ਦੇ ਜ਼ਰੀਏ ਅਸੀਂ ਆਪਣੇ ਦਿਲ ਦੀ ਜਾਂਚ ਕਰ ਸਕਦੇ ਹਾਂ। ਭੈਣਾਂ-ਭਰਾਵਾਂ ਦੇ ਜਵਾਬ ਸੁਣ ਕੇ ਵੀ ਅਸੀਂ ਆਪਣੇ ਵਿਚ ਸੁਧਾਰ ਕਰ ਸਕਦੇ ਹਾਂ। (ਕਹਾ. 27:17) ਜੇ ਅਸੀਂ ਮੀਟਿੰਗਾਂ ਵਿਚ ਜਾਣ ਦੀ ਬਜਾਇ ਘਰ ਬੈਠੇ ਰਹਿੰਦੇ ਹਾਂ, ਤਾਂ ਇਸ ਨਾਲ ਸਾਡਾ ਨੁਕਸਾਨ ਹੋ ਸਕਦਾ ਹੈ। ਇੱਦਾਂ ਕਰਨ ਨਾਲ ਅਸੀਂ ‘ਆਪਣੀ ਹੀ ਇੱਛਿਆ ਭਾਲਣ’ ਲੱਗ ਪਵਾਂਗੇ। (ਕਹਾ. 18:1) ਇਸ ਲਈ ਸਾਨੂੰ ਆਪਣੇ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ: ‘ਕੀ ਮੀਟਿੰਗਾਂ ਵਿਚ ਜਾਣਾ ਅਤੇ ਧਿਆਨ ਨਾਲ ਸੁਣਨਾ ਮੇਰੀ ਆਦਤ ਹੈ?’—ਇਬ. 10:24, 25.
ਕੀ ਅਸੀਂ ਆਪਣੇ ਦਿਲ ਦੀ ਸੁਣਾਂਗੇ?
ਸਾਡਾ ਧੋਖੇਬਾਜ਼ ਦਿਲ ਸਾਨੂੰ ਕਈ ਗੱਲਾਂ ਵਿਚ ਗ਼ਲਤ ਰਸਤੇ ਪਾ ਸਕਦਾ ਹੈ। ਆਓ ਆਪਾਂ ਇਨ੍ਹਾਂ ਚਾਰ ਗੱਲਾਂ ਵੱਲ ਧਿਆਨ ਦੇਈਏ: ਧਨ-ਦੌਲਤ, ਸ਼ਰਾਬ, ਦੋਸਤ ਤੇ ਮਨੋਰੰਜਨ।
ਧਨ-ਦੌਲਤ ਮਗਰ ਭੱਜਣਾ।
ਸਾਨੂੰ ਸਾਰਿਆਂ ਨੂੰ ਰੋਟੀ, ਕੱਪੜੇ ਤੇ ਮਕਾਨ ਦੀ ਲੋੜ ਹੁੰਦੀ ਹੈ ਅਤੇ ਇਹ ਲੋੜ ਪੂਰੀ ਕਰਨੀ ਗ਼ਲਤ ਨਹੀਂ ਹੈ। ਪਰ ਇਨ੍ਹਾਂ ਚੀਜ਼ਾਂ ਵੱਲ ਹੱਦੋਂ ਵੱਧ ਧਿਆਨ ਦੇਣ ਦੇ ਸੰਬੰਧ ਵਿਚ ਯਿਸੂ ਨੇ ਚੇਤਾਵਨੀ ਦਿੱਤੀ ਸੀ। ਯਿਸੂ ਨੇ ਇਕ ਮਿਸਾਲ ਦਿੰਦੇ ਹੋਏ ਉਸ ਆਦਮੀ ਵੱਲ ਧਿਆਨ ਦੇਣ ਲਈ ਕਿਹਾ ਜੋ ਅਮੀਰ ਸੀ ਤੇ ਜਿਸ ਦੀਆਂ ਕੋਠੀਆਂ ਫ਼ਸਲ ਨਾਲ ਭਰੀਆਂ ਹੋਈਆਂ ਸਨ। ਇਸ ਲਈ ਉਸ ਕੋਲ ਆਪਣੀ ਹੋਰ ਫ਼ਸਲ ਰੱਖਣ ਲਈ ਕੋਈ ਜਗ੍ਹਾ ਨਹੀਂ ਸੀ। ਆਦਮੀ ਨੇ ਸੋਚਿਆ ਕਿ ਉਹ ਆਪਣੀਆਂ ਕੋਠੀਆਂ ਢਾਹ ਕੇ ਵੱਡੀਆਂ ਬਣਾਵੇਗਾ। ਉਸ ਨੇ ਕਿਹਾ: “ਮੈਂ ਆਪਣੇ ਸਾਰੇ ਦਾਣੇ ਅਤੇ ਆਪਣੀਆਂ ਸਾਰੀਆਂ ਚੰਗੀਆਂ ਚੀਜ਼ਾਂ ਉਨ੍ਹਾਂ ਵਿਚ ਰੱਖ ਦਿਆਂਗਾ, ਅਤੇ ਫਿਰ ਮੈਂ ਆਪਣੇ ਆਪ ਨੂੰ ਕਹਾਂਗਾ: ‘ਤੇਰੇ ਕੋਲ ਕਈ ਸਾਲਾਂ ਵਾਸਤੇ ਬਹੁਤ ਚੰਗੀਆਂ ਚੀਜ਼ਾਂ ਜਮ੍ਹਾ ਹਨ; ਹੁਣ ਤੂੰ ਆਰਾਮ ਕਰ, ਖਾ-ਪੀ ਤੇ ਮੌਜਾਂ ਮਾਣ।’” ਪਰ ਇਹ ਅਮੀਰ ਆਦਮੀ ਇਕ ਜ਼ਰੂਰੀ ਗੱਲ ਭੁੱਲ ਗਿਆ ਸੀ: ਉਸੇ ਰਾਤ ਉਸ ਦੀ ਜ਼ਿੰਦਗੀ ਖ਼ਤਮ ਹੋ ਸਕਦੀ ਸੀ।—ਲੂਕਾ 12:16-20.
ਜਿੱਦਾਂ-ਜਿੱਦਾਂ ਸਾਡੀ ਉਮਰ ਵਧਦੀ ਹੈ, ਉੱਦਾਂ-ਉੱਦਾਂ ਸ਼ਾਇਦ ਅਸੀਂ ਆਪਣੇ ਬੁਢਾਪੇ ਬਾਰੇ ਚਿੰਤਾ ਕਰਨ ਲੱਗ ਪਈਏ। ਇਸ ਕਰਕੇ ਅਸੀਂ ਸ਼ਾਇਦ ਪੈਸਾ ਕਮਾਉਣ ਬਾਰੇ ਇੰਨਾ ਸੋਚੀਏ ਕਿ ਮੀਟਿੰਗਾਂ ਵਾਲੇ ਦਿਨ ਓਵਰਟਾਈਮ ਕਰਨ ਨੂੰ ਵੀ ਸਹੀ ਸਮਝੀਏ ਜਾਂ ਅਸੀਂ ਆਪਣੀਆਂ ਮਸੀਹੀ ਜ਼ਿੰਮੇਵਾਰੀਆਂ ਨੂੰ ਵੀ ਨਜ਼ਰਅੰਦਾਜ਼ ਕਰਨ ਲੱਗ ਪਈਏ। ਜਾਂ ਸ਼ਾਇਦ ਅਸੀਂ ਜਵਾਨ ਹੋਈਏ ਤੇ ਸਾਨੂੰ ਪਤਾ ਹੋਵੇ ਕਿ ਪਾਇਨੀਅਰਿੰਗ ਕਰਨੀ ਹੀ ਵਧੀਆ ਹੈ। ਪਰ ਕੀ ਅਸੀਂ ਇਹ ਸੋਚਦੇ ਹਾਂ ਕਿ ਪਹਿਲਾਂ ਆਪਣੇ ਲਈ ਪੈਸਾ ਇਕੱਠਾ ਕਰ ਲਈਏ ਤੇ ਬਾਅਦ ਵਿਚ ਪਾਇਨੀਅਰਿੰਗ ਕਰਾਂਗੇ? ਕੀ ਸਾਨੂੰ ਹੁਣ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਮੀਰ ਬਣਨ ਦੀ ਪੂਰੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ? ਸਾਨੂੰ ਕੀ ਪਤਾ ਕਿ ਕੱਲ੍ਹ ਅਸੀਂ ਜੀਉਂਦੇ ਰਹਾਂਗੇ ਕਿ ਨਹੀਂ?
ਸ਼ਰਾਬ ਦੀ ਵਰਤੋਂ ਕਰਨੀ।
ਕਹਾਉਤਾਂ 23:20 ਕਹਿੰਦੀ ਹੈ: “ਤੂੰ ਸ਼ਰਾਬੀਆਂ ਦੇ ਨਾਲ ਨਾ ਰਲ।” ਜੇ ਇਕ ਇਨਸਾਨ ਅੰਦਰ ਸ਼ਰਾਬ ਪੀਣ ਦੀ ਬਹੁਤ ਇੱਛਾ ਹੈ, ਤਾਂ ਉਹ ਸ਼ਾਇਦ ਹਰ ਰੋਜ਼ ਸ਼ਰਾਬ ਪੀਣ ਦੇ ਬਹਾਨੇ ਲੱਭੇ। ਉਹ ਸ਼ਾਇਦ ਕਹੇ, ‘ਮੈਂ ਤਾਂ ਥਕੇਵਾਂ ਲਾਹੁਣ ਲਈ ਪੀਂਦਾ ਹਾਂ, ਨਾ ਕਿ ਸ਼ਰਾਬੀ ਹੋਣ ਲਈ।’ ਜੇ ਸਾਨੂੰ ਥਕੇਵਾਂ ਲਾਉਣ ਲਈ ਸ਼ਰਾਬ ਦੀ ਲੋੜ ਹੈ, ਤਾਂ ਸ਼ਾਇਦ ਹੁਣ ਜਾਂਚ ਕਰਨ ਦਾ ਸਮਾਂ ਹੈ ਕਿ ਸਾਡੇ ਦਿਲ ਵਿਚ ਕੀ ਹੈ।
ਸਾਡੇ ਦੋਸਤ ਕਿਹੋ ਜਿਹੇ ਹਨ।
ਇਹ ਗੱਲ ਸੱਚ ਹੈ ਕਿ ਬਹੁਤ ਸਾਰੇ ਭੈਣਾਂ-ਭਰਾਵਾਂ ਨੂੰ ਸਕੂਲੇ, ਕੰਮ ʼਤੇ ਅਤੇ ਪ੍ਰਚਾਰ ਵਿਚ ਅਵਿਸ਼ਵਾਸੀ ਲੋਕਾਂ ਨਾਲ ਮਿਲਣਾ-ਗਿਲ਼ਣਾ ਪੈਂਦਾ ਹੈ। ਪਰ ਇਨ੍ਹਾਂ ਲੋਕਾਂ ਨਾਲ ਜ਼ਿਆਦਾ ਉੱਠਣਾ-ਬੈਠਣਾ ਜਾਂ ਇਨ੍ਹਾਂ ਨਾਲ ਦੋਸਤੀ ਕਰਨੀ ਹੋਰ ਗੱਲ ਹੈ। ਅਸੀਂ ਸ਼ਾਇਦ ਸੋਚਣ ਲੱਗ ਪਈਏ: ‘ਇਹ ਲੋਕ ਵੀ ਤਾਂ ਚੰਗੇ ਹਨ। ਇਨ੍ਹਾਂ ਵਿਚ ਕੀ ਬੁਰਾਈ ਹੈ?’ ਬਾਈਬਲ ਚੇਤਾਵਨੀ ਦਿੰਦੀ ਹੈ: “ਬੁਰੀਆਂ ਸੰਗਤਾਂ ਚੰਗੀਆਂ ਆਦਤਾਂ ਵਿਗਾੜ ਦਿੰਦੀਆਂ ਹਨ।” (1 ਕੁਰਿੰ. 15:33) ਜਿਵੇਂ ਇਕ ਮੱਛੀ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਹੈ, ਉਸੇ ਤਰ੍ਹਾਂ ਇਨ੍ਹਾਂ ਲੋਕਾਂ ਨਾਲ ਦੋਸਤੀ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਖ਼ਰਾਬ ਕਰ ਸਕਦੀ ਹੈ। ਇਨ੍ਹਾਂ ਨਾਲ ਦੋਸਤੀ ਕਰ ਕੇ ਸ਼ਾਇਦ ਅਸੀਂ ਇਨ੍ਹਾਂ ਵਾਂਗ ਸੋਚਣ ਤੇ ਬੋਲਣ ਲੱਗ ਪਈਏ, ਇਨ੍ਹਾਂ ਵਰਗੇ ਕੱਪੜੇ ਪਾਉਣ ਲੱਗ ਪਈਏ ਅਤੇ ਇਨ੍ਹਾਂ ਵਾਂਗ ਵਿਵਹਾਰ ਕਰਨ ਲੱਗ ਪਈਏ।
ਸਾਡਾ ਮਨੋਰੰਜਨ ਕਿਹੋ ਜਿਹਾ ਹੈ।
ਆਧੁਨਿਕ ਤਕਨਾਲੋਜੀ ਕਰਕੇ ਮਨੋਰੰਜਨ ਕਰਨਾ ਬਹੁਤ ਸੌਖਾ ਹੈ। ਪਰ ਬਹੁਤ ਸਾਰਾ ਮਨੋਰੰਜਨ ਮਸੀਹੀਆਂ ਲਈ ਸਹੀ ਨਹੀਂ ਹੈ। ਪੌਲੁਸ ਨੇ ਲਿਖਿਆ: ‘ਤੁਹਾਡੇ ਵਿਚ ਹਰ ਤਰ੍ਹਾਂ ਦੇ ਗੰਦੇ-ਮੰਦੇ ਕੰਮਾਂ ਦਾ ਜ਼ਿਕਰ ਤਕ ਨਾ ਕੀਤਾ ਜਾਵੇ।’ (ਅਫ਼. 5:3) ਪਰ ਉਦੋਂ ਕੀ ਜੇ ਸਾਡਾ ਦਿਲ ਕੁਝ ਬੁਰਾ ਦੇਖਣ ਜਾਂ ਸੁਣਨ ਨੂੰ ਕਰੇ? ਅਸੀਂ ਸ਼ਾਇਦ ਕਹੀਏ ਕਿ ਸਾਰਿਆਂ ਨੂੰ ਮਨੋਰੰਜਨ ਦੀ ਲੋੜ ਹੈ ਅਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਅਸੀਂ ਕਿਹੋ ਜਿਹਾ ਮਨੋਰੰਜਨ ਕਰਦੇ ਹਾਂ। ਪਰ ਆਓ ਆਪਾਂ ਪੌਲੁਸ ਦੀ ਸਲਾਹ ਨੂੰ ਦਿਲੋਂ ਮੰਨੀਏ ਅਤੇ ਬੁਰਾ ਮਨੋਰੰਜਨ ਨਾ ਕਰੀਏ।
ਅਸੀਂ ਬਦਲਾਅ ਕਰ ਸਕਦੇ ਹਾਂ
ਜੇ ਅਸੀਂ ਆਪਣੇ ਧੋਖੇਬਾਜ਼ ਦਿਲ ਦੀ ਗੱਲ ਸੁਣ ਕੇ ਗ਼ਲਤ ਰਾਹ ʼਤੇ ਤੁਰ ਪਏ ਹਾਂ ਅਤੇ ਆਪਣੇ ਗ਼ਲਤ ਰਵੱਈਏ ਨੂੰ ਸਹੀ ਕਹਿਣਾ ਸਾਡੀ ਆਦਤ ਬਣ ਗਈ ਹੈ, ਤਾਂ ਅਸੀਂ ਆਪਣੇ ਵਿਚ ਬਦਲਾਅ ਕਰ ਸਕਦੇ ਹਾਂ। (ਅਫ਼. 4:22-24) ਆਓ ਦੋ ਮਿਸਾਲਾਂ ʼਤੇ ਗੌਰ ਕਰੀਏ।
ਮਿਗੈਲa ਨੂੰ ਆਪਣੀ ਸੋਚਣੀ ਵਿਚ ਸੁਧਾਰ ਕਰਨਾ ਪਿਆ। ਉਹ ਦੱਸਦਾ ਹੈ: “ਮੈਂ, ਮੇਰੀ ਪਤਨੀ ਤੇ ਮੇਰਾ ਮੁੰਡਾ ਉਸ ਦੇਸ਼ ਵਿਚ ਰਹਿੰਦੇ ਸੀ ਜਿੱਥੇ ਨਵੀਂ ਤੋਂ ਨਵੀਂ ਚੀਜ਼ ਲੈਣ ʼਤੇ ਅਤੇ ਐਸ਼ੋ-ਆਰਾਮ ਕਰਨ ʼਤੇ ਜ਼ੋਰ ਦਿੱਤਾ ਜਾਂਦਾ ਸੀ। ਇਕ ਸਮੇਂ ਤੇ ਮੇਰੇ ʼਤੇ ਨਵੀਆਂ ਤੋਂ ਨਵੀਆਂ ਚੀਜ਼ਾਂ ਖ਼ਰੀਦਣ ਦਾ ਭੂਤ ਸਵਾਰ ਸੀ ਅਤੇ ਮੈਂ ਸੋਚਦਾ ਸੀ ਕਿ ਮੈਂ ਸਹੀ ਕਰ ਰਿਹਾ ਹਾਂ। ਜਲਦੀ ਹੀ ਮੈਨੂੰ ਅਹਿਸਾਸ ਹੋਇਆ ਕਿ ਚੀਜ਼ਾਂ ਪਿੱਛੇ ਭੱਜਣਾ ਉਸ ਸੜਕ ʼਤੇ ਦੌੜਨ ਬਰਾਬਰ ਹੈ ਜੋ ਕਦੇ ਖ਼ਤਮ ਨਹੀਂ ਹੁੰਦੀ। ਮੈਂ ਪ੍ਰਾਰਥਨਾ ਵਿਚ ਯਹੋਵਾਹ ਨੂੰ ਆਪਣੇ ਵਿਚਾਰ ਤੇ ਦਿਲ ਦੀਆਂ ਗੱਲਾਂ ਦੱਸੀਆਂ। ਮੈਂ ਉਸ ਨੂੰ ਦੱਸਿਆ ਕਿ ਪਰਿਵਾਰ ਦੇ ਤੌਰ ਤੇ ਅਸੀਂ ਦਿਲੋਂ ਉਸ ਦੀ ਸੇਵਾ ਕਰਨੀ ਚਾਹੁੰਦੇ ਹਾਂ। ਇਸ ਇੱਛਾ ਨੂੰ ਪੂਰੀ ਕਰਨ ਲਈ ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਸਾਦਾ ਬਣਾਇਆ ਅਤੇ ਉਸ ਜਗ੍ਹਾ ਗਏ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਛੇਤੀ ਹੀ ਅਸੀਂ ਪਾਇਨੀਅਰਿੰਗ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਕਰਨ ਨਾਲ ਅਸੀਂ ਜਾਣ ਸਕੇ ਕਿ ਜ਼ਿੰਦਗੀ ਵਿਚ ਖ਼ੁਸ਼ੀ ਪਾਉਣ ਲਈ ਸਾਨੂੰ ਬਹੁਤੀਆਂ ਚੀਜ਼ਾਂ ਦੀ ਲੋੜ ਨਹੀਂ ਹੈ।”
ਲੀ ਨੇ ਆਪਣੇ ਦਿਲ ਦੀ ਜਾਂਚ ਕਰ ਕੇ ਆਪਣੇ ਬੁਰੇ ਦੋਸਤ ਛੱਡੇ। ਉਹ ਦੱਸਦਾ ਹੈ: “ਬਿਜ਼ਨਿਸ ਦੇ ਸਿਲਸਿਲੇ ਵਿਚ ਮੈਨੂੰ ਅਕਸਰ ਅਲੱਗ-ਅਲੱਗ ਦੇਸ਼ਾਂ ਦੇ ਵਪਾਰੀਆਂ ਨੂੰ ਮਿਲਣਾ ਪੈਂਦਾ ਸੀ। ਮੈਨੂੰ ਪਤਾ ਸੀ ਕਿ ਇਨ੍ਹਾਂ ਮੀਟਿੰਗਾਂ ਦੌਰਾਨ ਲੋਕ ਹੱਦੋਂ ਵੱਧ ਸ਼ਰਾਬ ਪੀਣਗੇ, ਪਰ ਮੈਂ ਇਨ੍ਹਾਂ ਮੀਟਿੰਗਾਂ ਵਿਚ ਜਾਣ ਲਈ ਉਤਾਵਲਾ ਰਹਿੰਦਾ ਸੀ। ਕਈ ਵਾਰ ਮੈਂ ਵੀ ਥੋੜ੍ਹੀ ਜ਼ਿਆਦਾ ਪੀ ਲੈਂਦਾ ਸੀ, ਪਰ ਬਾਅਦ ਵਿਚ ਮੈਨੂੰ ਪਛਤਾਵਾ ਹੁੰਦਾ ਸੀ। ਇਸ ਕਰਕੇ ਮੈਂ ਆਪਣੇ ਦਿਲ ਦੀ ਜਾਂਚ ਕੀਤੀ। ਬਾਈਬਲ ਤੇ ਬਜ਼ੁਰਗਾਂ ਦੀ ਸਲਾਹ ਨੇ ਮੇਰੀ ਇਹ ਦੇਖਣ ਵਿਚ ਮਦਦ ਕੀਤੀ ਕਿ ਮੈਂ ਉਨ੍ਹਾਂ ਲੋਕਾਂ ਨਾਲ ਦੋਸਤੀ ਰੱਖਣੀ ਪਸੰਦ ਕਰਦਾ ਸੀ ਜੋ ਯਹੋਵਾਹ ਨੂੰ ਪਿਆਰ ਨਹੀਂ ਕਰਦੇ ਸਨ। ਹੁਣ ਜਿੰਨਾ ਹੋ ਸਕੇ ਮੈਂ ਆਪਣਾ ਬਿਜ਼ਨਿਸ ਟੈਲੀਫ਼ੋਨ ਰਾਹੀਂ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂਕਿ ਬਾਹਰਲੇ ਲੋਕਾਂ ਨਾਲ ਘੱਟ ਤੋਂ ਘੱਟ ਮੇਰਾ ਵਾਹ ਪਵੇ।”
ਸਾਨੂੰ ਈਮਾਨਦਾਰੀ ਨਾਲ ਆਪਣੇ ਦਿਲ ਦੀ ਜਾਂਚ ਕਰਨ ਦੀ ਲੋੜ ਹੈ। ਇਸ ਤਰ੍ਹਾਂ ਕਰਨ ਲਈ ਸਾਨੂੰ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ “ਉਹ ਤਾਂ ਮਨ ਦੀਆਂ ਗੁਪਤ ਗੱਲਾਂ ਨੂੰ ਜਾਣਦਾ ਹੈ!” (ਜ਼ਬੂ. 44:21) ਪਰਮੇਸ਼ੁਰ ਨੇ ਆਪਣਾ ਬਚਨ ਵੀ ਦਿੱਤਾ ਹੈ ਜੋ ਸ਼ੀਸ਼ੇ ਦੀ ਤਰ੍ਹਾਂ ਕੰਮ ਕਰਦਾ ਹੈ। (ਯਾਕੂ. 1:22-25) ਸਾਡੇ ਪ੍ਰਕਾਸ਼ਨਾਂ ਤੇ ਮੀਟਿੰਗਾਂ ਵਿਚ ਮਿਲਦੀ ਸਲਾਹ ਵੀ ਫ਼ਾਇਦੇਮੰਦ ਹੈ। ਇਨ੍ਹਾਂ ਸਾਰੇ ਪ੍ਰਬੰਧਾਂ ਦੀ ਮਦਦ ਨਾਲ ਅਸੀਂ ਆਪਣੇ ਦਿਲ ਦੀ ਰਾਖੀ ਕਰ ਸਕਦੇ ਹਾਂ ਤੇ ਪਰਮੇਸ਼ੁਰ ਦੇ ਰਾਹਾਂ ʼਤੇ ਚੱਲਦੇ ਰਹਿ ਸਕਦੇ ਹਾਂ।
a ਨਾਂ ਬਦਲੇ ਗਏ ਹਨ।