ਯਹੋਵਾਹ ਦੇ ਮਹਾਨ ਨਾਂ ਦੀ ਵਡਿਆਈ ਕਰੋ
‘ਮੈਂ ਸਦਾ ਤੀਕ ਤੇਰੇ ਨਾਮ ਦੀ ਵਡਿਆਈ ਕਰਾਂਗਾ।’—ਜ਼ਬੂ. 86:12.
1, 2. ਚਰਚ ਵਾਲਿਆਂ ਤੋਂ ਉਲਟ ਯਹੋਵਾਹ ਦੇ ਗਵਾਹਾਂ ਦਾ ਪਰਮੇਸ਼ੁਰ ਦੇ ਨਾਂ ਬਾਰੇ ਕੀ ਨਜ਼ਰੀਆ ਹੈ?
ਆਮ ਕਰਕੇ ਚਰਚ ਵਾਲੇ ਪਰਮੇਸ਼ੁਰ ਦਾ ਨਾਂ ਵਰਤਣ ਤੋਂ ਇਨਕਾਰ ਕਰਦੇ ਹਨ। ਮਿਸਾਲ ਲਈ, ਇਕ ਬਾਈਬਲ ਦੇ ਮੁਖਬੰਧ ਵਿਚ ਲਿਖਿਆ ਹੈ: ‘ਚਰਚ ਲਈ ਸੱਚੇ ਪਰਮੇਸ਼ੁਰ ਦਾ ਨਿੱਜੀ ਨਾਂ ਵਰਤਣਾ ਗ਼ਲਤ ਹੈ।’—ਰਿਵਾਈਜ਼ਡ ਸਟੈਂਡਰਡ ਵਰਯਨ।
2 ਦੂਜੇ ਪਾਸੇ, ਯਹੋਵਾਹ ਦੇ ਗਵਾਹਾਂ ਲਈ ਪਰਮੇਸ਼ੁਰ ਦਾ ਨਾਂ ਲੈਣਾ ਅਤੇ ਉਸ ਦੀ ਵਡਿਆਈ ਕਰਨੀ ਮਾਣ ਦੀ ਗੱਲ ਹੈ। (ਜ਼ਬੂਰਾਂ ਦੀ ਪੋਥੀ 86:12; ਯਸਾਯਾਹ 43:10 ਪੜ੍ਹੋ।) ਇਸ ਤੋਂ ਇਲਾਵਾ, ਸਾਡੇ ਲਈ ਇਹ ਵੀ ਵੱਡਾ ਮਾਣ ਹੈ ਕਿ ਅਸੀਂ ਉਸ ਦੇ ਨਾਂ ਦਾ ਮਤਲਬ ਸਮਝਦੇ ਹਾਂ ਅਤੇ ਅਸੀਂ ਜਾਣਦੇ ਹਾਂ ਕਿ ਉਸ ਨੂੰ ਪਵਿੱਤਰ ਕਰਨਾ ਕਿੰਨਾ ਜ਼ਰੂਰੀ ਹੈ। (ਮੱਤੀ 6:9) ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਯਹੋਵਾਹ ਨੂੰ ਜਾਣਨਾ ਸਾਡੇ ਲਈ ਕਿੰਨਾ ਵੱਡਾ ਸਨਮਾਨ ਹੈ। ਇਸ ਲਈ ਆਓ ਆਪਾਂ ਤਿੰਨ ਜ਼ਰੂਰੀ ਸਵਾਲਾਂ ʼਤੇ ਗੌਰ ਕਰੀਏ: ਪਰਮੇਸ਼ੁਰ ਦਾ ਨਾਂ ਜਾਣਨ ਦਾ ਕੀ ਮਤਲਬ ਹੈ? ਯਹੋਵਾਹ ਆਪਣੇ ਮਹਾਨ ਨਾਂ ʼਤੇ ਪੂਰਾ ਕਿਵੇਂ ਉਤਰਿਆ ਹੈ? ਅਸੀਂ ਯਹੋਵਾਹ ਦਾ ਨਾਂ ਲੈ ਕੇ ਕਿਵੇਂ ਚੱਲ ਸਕਦੇ ਹਾਂ?
ਪਰਮੇਸ਼ੁਰ ਦਾ ਨਾਂ ਜਾਣਨ ਦਾ ਕੀ ਮਤਲਬ ਹੈ
3. ਪਰਮੇਸ਼ੁਰ ਦਾ ਨਾਂ ਜਾਣਨ ਦਾ ਕੀ ਮਤਲਬ ਹੈ?
3 ਪਰਮੇਸ਼ੁਰ ਦਾ ਨਾਂ ਜਾਣਨ ਦਾ ਮਤਲਬ ਸਿਰਫ਼ ਇਹੀ ਨਹੀਂ ਕਿ ਸਾਨੂੰ ਪਤਾ ਹੈ ਕਿ ਉਸ ਦਾ ਨਾਂ “ਯਹੋਵਾਹ” ਹੈ। ਪਰ ਸਾਨੂੰ ਇਹ ਵੀ ਜਾਣਨ ਦੀ ਲੋੜ ਹੈ ਕਿ ਯਹੋਵਾਹ ਕਿਹੋ ਜਿਹਾ ਪਰਮੇਸ਼ੁਰ ਹੈ। ਸਾਨੂੰ ਉਸ ਦੇ ਮਕਸਦ, ਉਸ ਦੇ ਗੁਣਾਂ ਅਤੇ ਉਸ ਦੇ ਕੰਮਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਨਾਲੇ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਲੋਕਾਂ ਨਾਲ ਕਿਵੇਂ ਪੇਸ਼ ਆਉਂਦਾ ਹੈ। ਜਿੱਦਾਂ-ਜਿੱਦਾਂ ਯਹੋਵਾਹ ਨੇ ਆਪਣਾ ਮਕਸਦ ਪੂਰਾ ਕੀਤਾ ਹੈ, ਉੱਦਾਂ-ਉੱਦਾਂ ਅਸੀਂ ਉਸ ਬਾਰੇ ਜ਼ਿਆਦਾ ਜਾਣ ਸਕੇ ਹਾਂ। (ਕਹਾ. 4:18) ਯਹੋਵਾਹ ਨੇ ਆਦਮ ਤੇ ਹੱਵਾਹ ਨੂੰ ਵੀ ਆਪਣਾ ਨਾਂ ਦੱਸਿਆ ਸੀ। ਇਸ ਲਈ ਹੱਵਾਹ ਨੇ ਕਇਨ ਨੂੰ ਜਨਮ ਦੇਣ ਤੋਂ ਬਾਅਦ ਯਹੋਵਾਹ ਦਾ ਨਾਂ ਵਰਤਿਆ ਸੀ। (ਉਤ. 4:1) ਨੂਹ, ਅਬਰਾਹਾਮ, ਇਸਹਾਕ ਅਤੇ ਯਾਕੂਬ ਵਰਗੇ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਵੀ ਪਰਮੇਸ਼ੁਰ ਦਾ ਨਾਂ ਪਤਾ ਸੀ। ਯਹੋਵਾਹ ਦੇ ਨਾਂ ਲਈ ਉਨ੍ਹਾਂ ਦੀ ਹੋਰ ਵੀ ਕਦਰ ਵਧੀ ਜਦ ਉਨ੍ਹਾਂ ਨੇ ਦੇਖਿਆ ਕਿ ਉਸ ਨੇ ਕਿਵੇਂ ਉਨ੍ਹਾਂ ਨੂੰ ਬਰਕਤਾਂ ਦਿੱਤੀਆਂ, ਉਨ੍ਹਾਂ ਦੀ ਦੇਖ-ਭਾਲ ਕੀਤੀ ਤੇ ਆਪਣੇ ਮਕਸਦ ਬਾਰੇ ਗੱਲਾਂ ਦੱਸੀਆਂ। ਮੂਸਾ ਨੂੰ ਪਰਮੇਸ਼ੁਰ ਦੇ ਨਾਂ ਬਾਰੇ ਖ਼ਾਸ ਜਾਣਕਾਰੀ ਦਿੱਤੀ ਗਈ ਸੀ।
4. ਮੂਸਾ ਨੇ ਪਰਮੇਸ਼ੁਰ ਨੂੰ ਉਸ ਦੇ ਨਾਂ ਬਾਰੇ ਕਿਉਂ ਪੁੱਛਿਆ ਸੀ?
4 ਕੂਚ 3:10-15 ਪੜ੍ਹੋ। ਜਦ ਮੂਸਾ 80 ਸਾਲਾਂ ਦਾ ਸੀ, ਤਾਂ ਪਰਮੇਸ਼ੁਰ ਨੇ ਉਸ ਨੂੰ ਹੁਕਮ ਦਿੱਤਾ: ‘ਤੂੰ ਮੇਰੀ ਪਰਜਾ ਅਰਥਾਤ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆ।’ ਇਹ ਸੁਣ ਕੇ ਮੂਸਾ ਨੇ ਇਕ ਜ਼ਰੂਰੀ ਸਵਾਲ ਪੁੱਛਿਆ: ‘ਜੇ ਇਸਰਾਏਲੀ ਪੁੱਛਣ ਭਈ ਤੇਰਾ ਨਾਮ ਕੀ ਹੈ, ਤਾਂ ਮੈਂ ਉਨ੍ਹਾਂ ਨੂੰ ਕੀ ਦੱਸਾਂ?’ ਪਰਮੇਸ਼ੁਰ ਦੇ ਲੋਕ ਤਾਂ ਸਦੀਆਂ ਤੋਂ ਉਸ ਦਾ ਨਾਂ ਜਾਣਦੇ ਸਨ, ਤਾਂ ਫਿਰ ਮੂਸਾ ਨੇ ਇਹ ਸਵਾਲ ਕਿਉਂ ਪੁੱਛਿਆ ਸੀ? ਉਹ ਯਹੋਵਾਹ ਬਾਰੇ ਹੋਰ ਜਾਣਨਾ ਚਾਹੁੰਦਾ ਸੀ ਕਿ ਉਹ ਕਿਸ ਤਰ੍ਹਾਂ ਦਾ ਪਰਮੇਸ਼ੁਰ ਹੈ। ਮੂਸਾ ਇਜ਼ਰਾਈਲੀਆਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਸੀ ਕਿ ਪਰਮੇਸ਼ੁਰ ਉਨ੍ਹਾਂ ਨੂੰ ਸੱਚ-ਮੁੱਚ ਬਚਾਵੇਗਾ। ਇਜ਼ਰਾਈਲੀ ਕਾਫ਼ੀ ਸਾਲਾਂ ਤੋਂ ਗ਼ੁਲਾਮ ਸਨ ਜਿਸ ਕਰਕੇ ਸ਼ਾਇਦ ਉਨ੍ਹਾਂ ਨੂੰ ਸ਼ੱਕ ਸੀ ਕਿ ਯਹੋਵਾਹ ਉਨ੍ਹਾਂ ਨੂੰ ਗ਼ੁਲਾਮੀ ਵਿੱਚੋਂ ਕੱਢ ਸਕਦਾ ਸੀ ਜਾਂ ਨਹੀਂ। ਕੁਝ ਇਜ਼ਰਾਈਲੀ ਤਾਂ ਯਹੋਵਾਹ ਨੂੰ ਛੱਡ ਕੇ ਮਿਸਰੀ ਦੇਵੀ-ਦੇਵਤਿਆਂ ਦੀ ਪੂਜਾ ਕਰਨ ਲੱਗ ਪਏ ਸਨ।—ਹਿਜ਼. 20:7, 8.
5. ਮੂਸਾ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਯਹੋਵਾਹ ਨੇ ਆਪਣੇ ਨਾਂ ਦੇ ਮਤਲਬ ਬਾਰੇ ਹੋਰ ਕਿਹੜੀ ਜਾਣਕਾਰੀ ਦਿੱਤੀ?
5 ਯਹੋਵਾਹ ਨੇ ਮੂਸਾ ਦੇ ਸਵਾਲ ਦਾ ਕੀ ਜਵਾਬ ਦਿੱਤਾ ਸੀ? ਉਸ ਨੇ ਕਿਹਾ: “‘ਮੈਂ ਹਾਂ ਜੋ ਮੈਂ ਹਾਂ’ ਅਤੇ ਤੂੰ ਇਸਰਾਏਲੀਆਂ ਨੂੰ ਐਉਂ ਆਖੀਂ ਕਿ ‘ਮੈਂ ਹਾਂ’ ਨਾਮੀ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ।” ਪਰ ਇੱਥੇ ਨਿਊ ਵਰਲਡ ਟ੍ਰਾਂਸਲੇਸ਼ਨ ਕਹਿੰਦਾ ਹੈ: “ਮੈਂ ਬਣਾਂਗਾ ਜੋ ਮੈਂ ਬਣਾਂਗਾ।”a ਪਰਮੇਸ਼ੁਰ ਨੇ ਦੱਸਿਆ ਕਿ ਉਹ ਆਪਣਾ ਮਕਸਦ ਪੂਰਾ ਕਰਨ ਲਈ ਜੋ ਮਰਜ਼ੀ ਬਣ ਸਕਦਾ ਹੈ ਅਤੇ ਉਹ ਹਮੇਸ਼ਾ ਆਪਣੇ ਵਾਅਦੇ ਪੂਰੇ ਕਰਦਾ ਹੈ। ਉਸ ਨੇ ਅੱਗੇ ਕਿਹਾ: ‘ਯਹੋਵਾਹ ਤੁਹਾਡੇ ਪਿਉ ਦਾਦਿਆਂ ਦੇ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ।’ ਇਸ ਲਈ 15ਵੀਂ ਆਇਤ ਵਿਚ ਯਹੋਵਾਹ ਨੇ ਕਿਹਾ: “ਸਦੀਪ ਕਾਲ ਤੋਂ ਮੇਰਾ ਏਹੋ ਹੀ ਨਾਮ ਹੈ ਅਤੇ ਪੀੜ੍ਹੀਓਂ ਪੀੜ੍ਹੀ ਮੇਰੀ ਏਹੋ ਹੀ ਯਾਦਗਾਰੀ ਹੈ।” ਇਹ ਗੱਲਾਂ ਸੁਣ ਕੇ ਮੂਸਾ ਦੀ ਨਿਹਚਾ ਜ਼ਰੂਰ ਪੱਕੀ ਹੋਈ ਹੋਣੀ ਅਤੇ ਉਸ ਦਾ ਦਿਲ ਸ਼ਰਧਾ ਨਾਲ ਭਰ ਗਿਆ ਹੋਣਾ।
ਯਹੋਵਾਹ ਆਪਣੇ ਨਾਂ ʼਤੇ ਪੂਰਾ ਉਤਰਿਆ
6, 7. ਯਹੋਵਾਹ ਆਪਣੇ ਮਹਾਨ ਨਾਂ ʼਤੇ ਕਿਵੇਂ ਪੂਰਾ ਉਤਰਿਆ ਸੀ?
6 ਮੂਸਾ ਨਾਲ ਗੱਲ ਕਰਨ ਤੋਂ ਜਲਦੀ ਬਾਅਦ ਯਹੋਵਾਹ ਆਪਣੇ ਨਾਂ ʼਤੇ ਪੂਰਾ ਉਤਰਿਆ। ਉਸ ਨੇ ਇਜ਼ਰਾਈਲੀਆਂ ਨੂੰ ਗ਼ੁਲਾਮੀ ਤੋਂ ਛੁਡਾਇਆ ਅਤੇ ਮਿਸਰ ʼਤੇ 10 ਬਿਪਤਾਵਾਂ ਲਿਆ ਕੇ ਫ਼ਿਰਊਨ ਤੇ ਮਿਸਰ ਦੇ ਦੇਵੀ-ਦੇਵਤਿਆਂ ਨੂੰ ਨਿਕੰਮੇ ਸਾਬਤ ਕੀਤਾ। (ਕੂਚ 12:12) ਫਿਰ ਯਹੋਵਾਹ ਨੇ ਲਾਲ ਸਮੁੰਦਰ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਇਜ਼ਰਾਈਲੀਆਂ ਨੂੰ ਉਸ ਵਿੱਚੋਂ ਲੰਘਾਇਆ, ਪਰ ਫ਼ਿਰਊਨ ਤੇ ਉਸ ਦੀ ਫ਼ੌਜ ਨੂੰ ਪਾਣੀ ਵਿਚ ਡੁਬੋ ਦਿੱਤਾ। (ਜ਼ਬੂ. 136:13-15) “ਵੱਡੀ ਅਤੇ ਭਿਆਣਕ ਉਜਾੜ” ਵਿਚ ਯਹੋਵਾਹ ਨੇ ਆਪਣੇ ਲੱਖਾਂ ਲੋਕਾਂ ਨੂੰ ਜੀਉਂਦਾ ਰੱਖਣ ਲਈ ਰੋਟੀ-ਪਾਣੀ ਦਿੱਤਾ। ਉਸ ਨੇ ਨਾ ਤਾਂ ਉਨ੍ਹਾਂ ਦੇ ਕੱਪੜੇ ਫੱਟਣ ਦਿੱਤੇ ਤੇ ਨਾ ਹੀ ਜੁੱਤੀਆਂ ਘੱਸਣ ਦਿੱਤੀਆਂ। (ਬਿਵ. 1:19; 29:5) ਇਸ ਤੋਂ ਪਤਾ ਲੱਗਦਾ ਹੈ ਕਿ ਕੋਈ ਵੀ ਯਹੋਵਾਹ ਨੂੰ ਆਪਣੇ ਵਾਅਦੇ ਪੂਰੇ ਕਰਨ ਤੋਂ ਰੋਕ ਨਹੀਂ ਸਕਦਾ। ਉਸ ਨੇ ਬਾਅਦ ਵਿਚ ਯਸਾਯਾਹ ਨੂੰ ਕਿਹਾ ਸੀ: “ਮੈਂ, ਹਾਂ, ਮੈਂ ਹੀ ਯਹੋਵਾਹ ਹਾਂ, ਮੇਰੇ ਬਿਨਾ ਕੋਈ ਬਚਾਉਣ ਵਾਲਾ ਨਹੀਂ ਹੈ।”—ਯਸਾ. 43:11.
7 ਮੂਸਾ ਤੋਂ ਬਾਅਦ ਇਜ਼ਰਾਈਲੀਆਂ ਦਾ ਨਵਾਂ ਆਗੂ ਯਹੋਸ਼ੁਆ ਵੀ ਮਿਸਰ ਅਤੇ ਉਜਾੜ ਵਿਚ ਯਹੋਵਾਹ ਦੇ ਸ਼ਕਤੀਸ਼ਾਲੀ ਕੰਮਾਂ ਦਾ ਗਵਾਹ ਸੀ। ਇਸ ਲਈ ਆਪਣੀ ਮੌਤ ਤੋਂ ਕੁਝ ਚਿਰ ਪਹਿਲਾਂ ਉਸ ਨੇ ਇਜ਼ਰਾਈਲੀਆਂ ਨੂੰ ਪੂਰੇ ਭਰੋਸੇ ਨਾਲ ਕਿਹਾ ਸੀ: “ਤੁਸੀਂ ਆਪਣੇ ਸਾਰੇ ਮਨਾਂ ਵਿੱਚ ਅਤੇ ਆਪਣੀਆਂ ਸਾਰੀਆਂ ਜਾਨਾਂ ਵਿੱਚ ਜਾਣਦੇ ਹੋ ਭਈ ਏਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ। ਓਹ ਸਾਰੇ ਤੁਹਾਡੇ ਲਈ ਪੂਰੇ ਹੋਏ। ਓਹਨਾਂ ਵਿੱਚੋਂ ਇੱਕ ਬਚਨ ਵੀ ਨਾ ਰਿਹਾ।” (ਯਹੋ. 23:14) ਜੀ ਹਾਂ, ਯਹੋਵਾਹ ਨੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ।
8. ਯਹੋਵਾਹ ਅੱਜ ਵੀ ਆਪਣੇ ਵਾਅਦੇ ਕਿਵੇਂ ਪੂਰੇ ਕਰਦਾ ਹੈ?
8 ਇਸੇ ਤਰ੍ਹਾਂ ਯਹੋਵਾਹ ਅੱਜ ਵੀ ਆਪਣੇ ਵਾਅਦੇ ਪੂਰੇ ਕਰਦਾ ਹੈ। ਆਪਣੇ ਬੇਟੇ ਰਾਹੀਂ ਉਸ ਨੇ ਪਹਿਲਾਂ ਹੀ ਦੱਸਿਆ ਸੀ ਕਿ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ “ਪੂਰੀ ਦੁਨੀਆਂ ਵਿਚ” ਕੀਤਾ ਜਾਵੇਗਾ। (ਮੱਤੀ 24:14) ਸਿਰਫ਼ ਯਹੋਵਾਹ ਹੀ ਇਸ ਕੰਮ ਬਾਰੇ ਪਹਿਲਾਂ ਦੱਸ ਸਕਦਾ ਸੀ ਤੇ ਉਸ ਕੋਲ ਹੀ ਇਸ ਕੰਮ ਨੂੰ ਪੂਰਾ ਕਰਾਉਣ ਦੀ ਤਾਕਤ ਹੈ। ਇਸ ਕੰਮ ਨੂੰ ਪੂਰਾ ਕਰਨ ਲਈ ਉਹ “ਘੱਟ ਪੜ੍ਹੇ-ਲਿਖੇ ਅਤੇ ਆਮ” ਲੋਕਾਂ ਨੂੰ ਵਰਤਦਾ ਹੈ। (ਰਸੂ. 4:13) ਇਸ ਲਈ ਇਸ ਕੰਮ ਵਿਚ ਹਿੱਸਾ ਲੈ ਕੇ ਅਸੀਂ ਬਾਈਬਲ ਦੀ ਇਸ ਭਵਿੱਖਬਾਣੀ ਨੂੰ ਪੂਰਾ ਕਰਨ ਵਿਚ ਯੋਗਦਾਨ ਪਾਉਂਦੇ ਹਾਂ। ਨਾਲੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਆਪਣੇ ਪਿਤਾ ਦਾ ਮਾਣ ਕਰਦੇ ਹਾਂ ਤੇ ਅਸੀਂ ਵੀ ਦਿਲੋਂ ਦੁਆ ਕਰਦੇ ਹਾਂ: “ਤੇਰਾ ਨਾਂ ਪਵਿੱਤਰ ਕੀਤਾ ਜਾਵੇ। ਤੇਰਾ ਰਾਜ ਆਵੇ। ਤੇਰੀ ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।”—ਮੱਤੀ 6:9, 10.
ਉਸ ਦਾ ਨਾਂ ਮਹਾਨ ਹੈ
9, 10. ਜਿਸ ਤਰੀਕੇ ਨਾਲ ਯਹੋਵਾਹ ਇਜ਼ਰਾਈਲੀਆਂ ਨਾਲ ਪੇਸ਼ ਆਇਆ, ਉਸ ਤੋਂ ਅਸੀਂ ਉਸ ਬਾਰੇ ਹੋਰ ਕੀ ਸਿੱਖਦੇ ਹਾਂ?
9 ਇਜ਼ਰਾਈਲੀਆਂ ਨੂੰ ਆਜ਼ਾਦ ਕਰਾਉਣ ਤੋਂ ਜਲਦੀ ਬਾਅਦ ਯਹੋਵਾਹ ਨੇ ਆਪਣੇ ਲੋਕਾਂ ਨਾਲ ਨਵਾਂ ਰਿਸ਼ਤਾ ਜੋੜਿਆ। ਮੂਸਾ ਰਾਹੀਂ ਆਪਣਾ ਕਾਨੂੰਨ ਦੇ ਕੇ ਯਹੋਵਾਹ ਉਨ੍ਹਾਂ ਦਾ “ਮਾਲਕ” ਬਣਿਆ। ਉਹ ਉਨ੍ਹਾਂ ਦੀ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਸੀ ਜਿਵੇਂ ਇਕ ਪਤੀ ਆਪਣੀ ਪਤਨੀ ਦੀ ਜ਼ਿੰਮੇਵਾਰੀ ਚੁੱਕਦਾ ਹੈ। (ਯਿਰ. 3:14) ਇਜ਼ਰਾਈਲੀ ਯਹੋਵਾਹ ਲਈ ਪਤਨੀ ਵਾਂਗ ਸਨ ਅਤੇ ਉਸ ਨੇ ਉਨ੍ਹਾਂ ਨੂੰ ਆਪਣਾ ਨਾਂ ਦਿੱਤਾ। (ਯਸਾ. 54:5, 6) ਜੇ ਉਹ ਉਸ ਦੇ ਕਾਨੂੰਨਾਂ ਨੂੰ ਮੰਨਦੇ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਬਰਕਤਾਂ ਦੇਣੀਆਂ ਸਨ, ਉਨ੍ਹਾਂ ਦੀ ਰਾਖੀ ਕਰਨੀ ਸੀ ਤੇ ਉਨ੍ਹਾਂ ਨੂੰ ਸ਼ਾਂਤੀ ਦੇਣੀ ਸੀ। (ਗਿਣ. 6:22-27) ਇਸ ਕਰਕੇ ਹੋਰ ਕੌਮਾਂ ਵਿਚ ਵੀ ਯਹੋਵਾਹ ਦੇ ਮਹਾਨ ਨਾਂ ਦੀ ਵਡਿਆਈ ਹੋਣੀ ਸੀ। (ਬਿਵਸਥਾ ਸਾਰ 4:5-8; ਜ਼ਬੂਰਾਂ ਦੀ ਪੋਥੀ 86:7-10 ਪੜ੍ਹੋ।) ਜਦੋਂ ਇਜ਼ਰਾਈਲੀ ਪਰਮੇਸ਼ੁਰ ਦੇ ਲੋਕ ਸਨ, ਉਦੋਂ ਦੂਸਰੀਆਂ ਕੌਮਾਂ ਦੇ ਬਹੁਤ ਸਾਰੇ ਲੋਕਾਂ ਨੇ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕੀਤਾ ਜਿਵੇਂ ਮੋਆਬਣ ਰੂਥ ਨੇ ਨੋਆਮੀ ਨੂੰ ਕਿਹਾ ਸੀ: “ਤੇਰੇ ਲੋਕ ਸੋ ਮੇਰੇ ਲੋਕ ਅਤੇ ਤੇਰਾ ਪਰਮੇਸ਼ੁਰ ਸੋ ਮੇਰਾ ਪਰਮੇਸ਼ੁਰ ਹੋਵੇਗਾ।”—ਰੂਥ 1:16.
10 ਲਗਭਗ 1,500 ਸਾਲ ਤਕ ਯਹੋਵਾਹ ਜਿਸ ਤਰੀਕੇ ਨਾਲ ਇਜ਼ਰਾਈਲੀਆਂ ਨਾਲ ਪੇਸ਼ ਆਇਆ, ਉਸ ਤੋਂ ਪਤਾ ਲੱਗਾ ਕਿ ਉਹ ਕਿਸ ਤਰ੍ਹਾਂ ਦਾ ਪਰਮੇਸ਼ੁਰ ਹੈ। ਭਾਵੇਂ ਕਿ ਇਜ਼ਰਾਈਲੀਆਂ ਨੇ ਵਾਰ-ਵਾਰ ਗ਼ਲਤੀਆਂ ਕੀਤੀਆਂ, ਪਰ ਯਹੋਵਾਹ “ਦਿਆਲੂ” ਅਤੇ ‘ਕਰੋਧ ਵਿੱਚ ਧੀਰਜ’ ਰੱਖਣ ਵਾਲਾ ਪਰਮੇਸ਼ੁਰ ਸਾਬਤ ਹੋਇਆ। ਉਸ ਨੇ ਬਹੁਤ ਸਬਰ ਤੇ ਸਹਿਣਸ਼ੀਲਤਾ ਦਿਖਾਈ। (ਕੂਚ 34:5-7) ਪਰ ਯਹੋਵਾਹ ਦੇ ਸਬਰ ਦਾ ਬੰਨ੍ਹ ਉਦੋਂ ਟੁੱਟ ਗਿਆ ਜਦੋਂ ਯਹੂਦੀ ਕੌਮ ਨੇ ਉਸ ਦੇ ਪੁੱਤਰ ʼਤੇ ਵਿਸ਼ਵਾਸ ਨਹੀਂ ਕੀਤਾ ਤੇ ਉਸ ਨੂੰ ਜਾਨੋਂ ਮਾਰ ਦਿੱਤਾ। (ਮੱਤੀ 23:37, 38) ਇਸ ਕਰਕੇ ਪੈਦਾਇਸ਼ੀ ਇਜ਼ਰਾਈਲੀ ਉਸ ਸੁੱਕੇ ਦਰਖ਼ਤ ਵਾਂਗ ਹੋ ਗਏ ਜੋ ਫਲ ਦੇਣੋਂ ਹਟ ਗਿਆ ਹੋਵੇ। (ਲੂਕਾ 23:31) ਬਾਅਦ ਵਿਚ ਇਜ਼ਰਾਈਲੀ ਯਹੋਵਾਹ ਦੇ ਨਾਂ ਬਾਰੇ ਕਿਵੇਂ ਮਹਿਸੂਸ ਕਰਨ ਲੱਗ ਪਏ?
11. ਇਜ਼ਰਾਈਲੀਆਂ ਨੇ ਪਰਮੇਸ਼ੁਰ ਦਾ ਨਾਂ ਲੈਣਾ ਕਿਉਂ ਛੱਡ ਦਿੱਤਾ ਸੀ?
11 ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਸਮੇਂ ਦੇ ਬੀਤਣ ਨਾਲ ਯਹੂਦੀ ਯਹੋਵਾਹ ਦੇ ਨਾਂ ਬਾਰੇ ਵਹਿਮ ਕਰਨ ਲੱਗ ਪਏ। ਉਹ ਸੋਚਦੇ ਸਨ ਕਿ ਇਹ ਨਾਂ ਇੰਨਾ ਪਵਿੱਤਰ ਹੈ ਕਿ ਇਸ ਨੂੰ ਆਪਣੀ ਜ਼ਬਾਨ ʼਤੇ ਨਹੀਂ ਲਿਆਉਣਾ ਚਾਹੀਦਾ। (ਕੂਚ 20:7) ਇਸ ਲਈ ਹੌਲੀ-ਹੌਲੀ ਯਹੂਦੀਆਂ ਨੇ ਪਰਮੇਸ਼ੁਰ ਦਾ ਨਾਂ ਲੈਣਾ ਛੱਡ ਦਿੱਤਾ। ਬਿਨਾਂ ਸ਼ੱਕ ਆਪਣੇ ਨਾਂ ਦੀ ਬੇਕਦਰੀ ਹੁੰਦੀ ਦੇਖ ਕੇ ਯਹੋਵਾਹ ਨੂੰ ਕਿੰਨਾ ਦੁੱਖ ਲੱਗਾ ਹੋਣਾ। (ਜ਼ਬੂ. 78:40, 41) ਯਹੋਵਾਹ “ਗ਼ੈਰਤ ਵਾਲਾ” ਪਰਮੇਸ਼ੁਰ ਹੈ, ਇਸ ਲਈ ਉਸ ਨੇ ਉਨ੍ਹਾਂ ਲੋਕਾਂ ਨੂੰ ਛੱਡ ਦਿੱਤਾ ਜਿਨ੍ਹਾਂ ਨੇ ਉਸ ਦਾ ਅਪਮਾਨ ਕੀਤਾ ਸੀ। (ਕੂਚ 34:14) ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਆਪਣੇ ਕਰਤਾਰ ਦੇ ਨਾਂ ਦੀ ਮਹਿਮਾ ਕਰਨੀ ਕਿੰਨੀ ਜ਼ਰੂਰੀ ਹੈ।
ਪਰਮੇਸ਼ੁਰ ਨੇ ਨਵੀਂ ਕੌਮ ਨੂੰ ਆਪਣਾ ਨਾਂ ਦਿੱਤਾ
12. ਯਹੋਵਾਹ ਨੇ ਕਿਨ੍ਹਾਂ ਲੋਕਾਂ ਨੂੰ “ਆਪਣਾ ਨਾਂ” ਦਿੱਤਾ ਹੈ?
12 ਯਹੋਵਾਹ ਨੇ ਯਿਰਮਿਯਾਹ ਦੇ ਜ਼ਰੀਏ ਵਾਅਦਾ ਕੀਤਾ ਕਿ ਉਹ ਨਵੀਂ ਕੌਮ ਨਾਲ “ਇੱਕ ਨਵਾਂ ਨੇਮ” ਬੰਨ੍ਹੇਗਾ। ਯਿਰਮਿਯਾਹ ਨੇ ਪਹਿਲਾਂ ਹੀ ਦੱਸਿਆ ਸੀ ਕਿ ਇਸ ਦੇ ਸਾਰੇ ਮੈਂਬਰ ‘ਛੋਟੇ ਤੋਂ ਵੱਡੇ ਤੀਕ ਯਹੋਵਾਹ ਨੂੰ ਜਾਣ ਲੈਣਗੇ।’ (ਯਿਰ. 31:31, 33, 34) ਇਹ ਭਵਿੱਖਬਾਣੀ ਪੰਤੇਕੁਸਤ 33 ਈਸਵੀ ਵਿਚ ਪੂਰੀ ਹੋਣੀ ਸ਼ੁਰੂ ਹੋਈ ਜਦੋਂ ਪਰਮੇਸ਼ੁਰ ਨੇ ਨਵਾਂ ਇਕਰਾਰ ਕੀਤਾ। ਯਹੋਵਾਹ ਨੇ ਕਿਨ੍ਹਾਂ ਲੋਕਾਂ ਨਾਲ ਨਵਾਂ ਇਕਰਾਰ ਕੀਤਾ ਸੀ? ਬਾਈਬਲ ਵਿਚ ਇਨ੍ਹਾਂ ਨੂੰ ‘ਪਰਮੇਸ਼ੁਰ ਦਾ ਇਜ਼ਰਾਈਲ’ ਕਿਹਾ ਗਿਆ ਹੈ ਅਤੇ ਇਸ ਵਿਚ ਸਾਰੀਆਂ ਕੌਮਾਂ ਦੇ ਲੋਕ ਸ਼ਾਮਲ ਹਨ। ਯਹੋਵਾਹ ਨੇ ਇਨ੍ਹਾਂ ਲੋਕਾਂ ਨੂੰ “ਆਪਣਾ ਨਾਂ” ਦਿੱਤਾ ਹੈ।—ਗਲਾ. 6:16; ਰਸੂਲਾਂ ਦੇ ਕੰਮ 15:14-17 ਪੜ੍ਹੋ; ਮੱਤੀ 21:43.
13. (ੳ) ਕੀ ਪਹਿਲੀ ਸਦੀ ਦੇ ਮਸੀਹੀਆਂ ਨੇ ਪਰਮੇਸ਼ੁਰ ਦਾ ਨਾਂ ਲਿਆ ਸੀ? ਸਮਝਾਓ। (ਅ) ਪ੍ਰਚਾਰ ਵਿਚ ਯਹੋਵਾਹ ਦੇ ਨਾਂ ਨੂੰ ਵਰਤਣ ਦੇ ਸਨਮਾਨ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?
13 ਪਹਿਲੇ ਮਸੀਹੀ, ਜੋ ਨਵੀਂ ਕੌਮ ਦੇ ਮੈਂਬਰ ਸਨ, ਪਰਮੇਸ਼ੁਰ ਦਾ ਨਾਂ ਲੈਂਦੇ ਸਨ। ਮਿਸਾਲ ਲਈ, ਉਹ ਇਬਰਾਨੀ ਲਿਖਤਾਂ ਦਾ ਹਵਾਲਾ ਦਿੰਦੇ ਸਮੇਂ ਇਹ ਨਾਂ ਵਰਤਦੇ ਸਨ।b ਜਦੋਂ ਪੰਤੇਕੁਸਤ 33 ਈਸਵੀ ਵਿਚ ਪਤਰਸ ਰਸੂਲ ਨੇ ਅਲੱਗ-ਅਲੱਗ ਦੇਸ਼ਾਂ ਤੋਂ ਆਏ ਯਹੂਦੀਆਂ ਤੇ ਯਹੂਦੀ ਧਰਮ ਅਪਣਾਉਣ ਵਾਲੇ ਲੋਕਾਂ ਨਾਲ ਗੱਲ ਕੀਤੀ ਸੀ, ਤਾਂ ਉਸ ਨੇ ਕਈ ਵਾਰ ਪਰਮੇਸ਼ੁਰ ਦਾ ਨਾਂ ਵਰਤਿਆ ਸੀ। (ਰਸੂ. 2:14, 20, 21, 25, 34) ਪਹਿਲੀ ਸਦੀ ਦੇ ਮਸੀਹੀਆਂ ਨੇ ਯਹੋਵਾਹ ਦੇ ਨਾਂ ਦਾ ਆਦਰ ਕੀਤਾ। ਇਸ ਕਰਕੇ ਉਸ ਨੇ ਉਨ੍ਹਾਂ ਦੇ ਪ੍ਰਚਾਰ ʼਤੇ ਬਰਕਤ ਪਾਈ। ਉਸੇ ਤਰ੍ਹਾਂ ਅੱਜ ਯਹੋਵਾਹ ਸਾਡੇ ਪ੍ਰਚਾਰ ʼਤੇ ਬਰਕਤ ਪਾਉਂਦਾ ਹੈ ਜਦੋਂ ਅਸੀਂ ਮਾਣ ਨਾਲ ਉਸ ਦੇ ਨਾਂ ਦਾ ਐਲਾਨ ਕਰਦੇ ਹਾਂ ਤੇ ਜੇ ਹੋ ਸਕੇ, ਤਾਂ ਲੋਕਾਂ ਨੂੰ ਉਨ੍ਹਾਂ ਦੀਆਂ ਬਾਈਬਲਾਂ ਤੋਂ ਯਹੋਵਾਹ ਦਾ ਨਾਂ ਦਿਖਾਉਂਦੇ ਹਾਂ। ਇਸ ਤਰ੍ਹਾਂ ਅਸੀਂ ਉਨ੍ਹਾਂ ਨੂੰ ਸੱਚੇ ਪਰਮੇਸ਼ੁਰ ਨਾਲ ਜਾਣੂ ਕਰਾਉਂਦੇ ਹਾਂ। ਇਹ ਸਾਡੇ ਲਈ ਤੇ ਉਨ੍ਹਾਂ ਲਈ ਕਿੰਨਾ ਹੀ ਵੱਡਾ ਸਨਮਾਨ ਹੈ! ਕਈਆਂ ਲਈ ਇਹ ਜਾਣ-ਪਛਾਣ ਯਹੋਵਾਹ ਨਾਲ ਇਕ ਵਧੀਆ ਰਿਸ਼ਤੇ ਦੀ ਸ਼ੁਰੂਆਤ ਹੋਵੇਗੀ ਅਤੇ ਇਹ ਰਿਸ਼ਤਾ ਮਜ਼ਬੂਤ ਹੁੰਦਾ ਜਾਵੇਗਾ ਤੇ ਹਮੇਸ਼ਾ ਲਈ ਬਣਿਆ ਰਹੇਗਾ।
14, 15. ਸਾਨੂੰ ਕਿਵੇਂ ਪਤਾ ਹੈ ਕਿ ਯਹੋਵਾਹ ਨੇ ਆਪਣੇ ਨਾਂ ਨੂੰ ਮਿਟਣ ਨਹੀਂ ਦਿੱਤਾ?
14 ਪਹਿਲੀ ਸਦੀ ਦੀ ਮਸੀਹੀ ਮੰਡਲੀ ਵਿਚ ਕੁਝ ਮਸੀਹੀ ਝੂਠੀਆਂ ਸਿੱਖਿਆਵਾਂ ਦੇਣ ਲੱਗ ਪਏ, ਖ਼ਾਸ ਕਰਕੇ ਰਸੂਲਾਂ ਦੀ ਮੌਤ ਤੋਂ ਬਾਅਦ। (2 ਥੱਸ. 2:3-7) ਯਹੂਦੀ ਵਹਿਮ ਦੇ ਮੁਤਾਬਕ ਇਹ ਝੂਠੇ ਸਿੱਖਿਅਕ ਪਰਮੇਸ਼ੁਰ ਦਾ ਨਾਂ ਨਹੀਂ ਲੈਂਦੇ ਸਨ। ਪਰ ਕੀ ਯਹੋਵਾਹ ਨੇ ਆਪਣਾ ਨਾਂ ਮਿਟਣ ਦਿੱਤਾ? ਬਿਲਕੁਲ ਨਹੀਂ! ਭਾਵੇਂ ਸਾਨੂੰ ਇਹ ਨਹੀਂ ਪਤਾ ਕਿ ਇਹ ਨਾਂ ਕਿਵੇਂ ਉਚਾਰਨਾ ਚਾਹੀਦਾ ਹੈ, ਪਰ ਇਹ ਨਾਂ ਅੱਜ ਵੀ ਲਿਆ ਜਾਂਦਾ ਹੈ। ਸਦੀਆਂ ਦੌਰਾਨ ਇਹ ਨਾਂ ਬਾਈਬਲ ਦੇ ਕਈ ਤਰਜਮਿਆਂ ਤੇ ਬਾਈਬਲ ਦੇ ਵਿਦਵਾਨਾਂ ਦੀਆਂ ਕਈ ਕਿਤਾਬਾਂ ਵਿਚ ਵਰਤਿਆ ਗਿਆ। ਮਿਸਾਲ ਲਈ, 1757 ਵਿਚ ਚਾਰਲਜ਼ ਪੀਟਰਜ਼ ਨੇ ਲਿਖਿਆ ਕਿ ਭਾਵੇਂ ਪਰਮੇਸ਼ੁਰ ਲਈ ਕਈ ਖ਼ਿਤਾਬ ਵਰਤੇ ਜਾਂਦੇ ਹਨ, ਪਰ ਇਨ੍ਹਾਂ ਤੋਂ ਉਲਟ “ਯਹੋਵਾਹ ਦਾ ਨਾਂ ਉਸ ਦੀ ਸ਼ਖ਼ਸੀਅਤ ਬਾਰੇ ਬਹੁਤ ਕੁਝ ਦੱਸਦਾ ਹੈ।” ਸੰਨ 1797 ਵਿਚ ਲੇਖਕ ਹੋਪਟਨ ਹੇਨਜ਼ ਨੇ ਪਰਮੇਸ਼ੁਰ ਦੀ ਭਗਤੀ ਕਰਨ ਬਾਰੇ ਆਪਣੀ ਇਕ ਕਿਤਾਬ ਵਿਚ ਲਿਖਿਆ ਸੀ: “ਯਹੂਦੀ ਪਰਮੇਸ਼ੁਰ ਦਾ ਨਾਂ ਯਹੋਵਾਹ ਵਰਤਦੇ ਸਨ ਤੇ ਉਹ ਸਿਰਫ਼ ਉਸ ਦੀ ਭਗਤੀ ਕਰਦੇ ਸਨ ਜਿਵੇਂ ਯਿਸੂ ਤੇ ਉਸ ਦੇ ਰਸੂਲ ਵੀ ਕਰਦੇ ਸਨ।” ਹੈਨਰੀ ਗਰੂ (1781-1862) ਨੇ ਨਾ ਸਿਰਫ਼ ਪਰਮੇਸ਼ੁਰ ਦਾ ਨਾਂ ਵਰਤਿਆ, ਸਗੋਂ ਉਸ ਨੂੰ ਇਹ ਵੀ ਗੱਲ ਸਮਝ ਆਈ ਕਿ ਇਸ ਨਾਂ ʼਤੇ ਧੱਬਾ ਲਗਾਇਆ ਗਿਆ ਹੈ ਅਤੇ ਇਸ ਨੂੰ ਪਵਿੱਤਰ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਜੋਰਜ ਸਟੋਰਜ਼ (1796-1879) ਤੇ ਉਸ ਦੇ ਸਾਥੀ ਚਾਰਲਜ਼ ਟੇਜ਼ ਰਸਲ ਨੇ ਵੀ ਪਰਮੇਸ਼ੁਰ ਦਾ ਨਾਂ ਵਰਤਿਆ ਸੀ।
15 ਸਾਲ 1931 ਇਕ ਖ਼ਾਸ ਸਾਲ ਸੀ। ਉਸ ਸਾਲ ਪਰਮੇਸ਼ੁਰ ਦੇ ਲੋਕ ਇੰਟਰਨੈਸ਼ਨਲ ਬਾਈਬਲ ਸਟੂਡੈਂਟਸ ਦੀ ਬਜਾਇ ਬਾਈਬਲ ਮੁਤਾਬਕ ਯਹੋਵਾਹ ਦੇ ਗਵਾਹਾਂ ਵਜੋਂ ਜਾਣੇ ਜਾਣ ਲੱਗੇ। (ਯਸਾ. 43:10-12) ਇਸ ਤਰ੍ਹਾਂ ਉਨ੍ਹਾਂ ਨੇ ਦੁਨੀਆਂ ਵਿਚ ਐਲਾਨ ਕੀਤਾ ਕਿ ਉਨ੍ਹਾਂ ਲਈ ਸੱਚੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰਨੀ ਤੇ ਉਸ ਦੇ ਨਾਂ ਦੀ ਮਹਿਮਾ ਕਰਨੀ ਵੱਡੇ ਸਨਮਾਨ ਦੀ ਗੱਲ ਹੈ। (ਰਸੂ. 15:14) ਜਦੋਂ ਅਸੀਂ ਗੌਰ ਕਰਦੇ ਹਾਂ ਕਿ ਯਹੋਵਾਹ ਨੇ ਆਪਣਾ ਨਾਂ ਕਿਵੇਂ ਕਾਇਮ ਰੱਖਿਆ ਹੈ, ਤਾਂ ਸਾਡੇ ਮਨਾਂ ਵਿਚ ਮਲਾਕੀ 1:11 ਦੇ ਸ਼ਬਦ ਆਉਂਦੇ ਹਨ। ਇਸ ਵਿਚ ਯਹੋਵਾਹ ਨੇ ਕਿਹਾ: “ਸੂਰਜ ਦੇ ਚੜ੍ਹਦੇ ਤੋਂ ਲਹਿੰਦੇ ਤੀਕ ਕੌਮਾਂ ਵਿੱਚ ਮੇਰਾ ਨਾਮ ਮਹਾਨ ਹੈ।”
ਯਹੋਵਾਹ ਦਾ ਨਾਂ ਲੈ ਕੇ ਚੱਲੋ
16. ਯਹੋਵਾਹ ਦਾ ਨਾਂ ਲੈ ਕੇ ਚੱਲਣਾ ਸਾਡੇ ਲਈ ਮਾਣ ਦੀ ਗੱਲ ਕਿਉਂ ਹੈ?
16 ਮੀਕਾਹ ਨਬੀ ਨੇ ਲਿਖਿਆ: “ਸਾਰੀਆਂ ਉੱਮਤਾਂ ਆਪੋ ਆਪਣੇ ਦਿਓਤਿਆਂ ਦੇ ਨਾਉਂ ਲੈ ਕੇ ਚੱਲਦੀਆਂ ਹਨ, ਪਰ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪ ਕਾਲ ਤੀਕੁਰ ਚੱਲਾਂਗੇ।” (ਮੀਕਾ. 4:5) ਯਹੋਵਾਹ ਨੇ ਬਾਈਬਲ ਸਟੂਡੈਂਟਸ ਨੂੰ ਆਪਣਾ ਨਾਂ ਦੇ ਕੇ ਵੱਡਾ ਮਾਣ ਹੀ ਨਹੀਂ ਬਖ਼ਸ਼ਿਆ, ਸਗੋਂ ਇਹ ਵੀ ਦਿਖਾਇਆ ਕਿ ਉਹ ਉਨ੍ਹਾਂ ਤੋਂ ਖ਼ੁਸ਼ ਸੀ। (ਮਲਾਕੀ 3:16-18 ਪੜ੍ਹੋ।) ਕੀ ਤੁਹਾਨੂੰ ਵੀ ਇਸ ਗੱਲ ʼਤੇ ਮਾਣ ਹੈ? ਕੀ ਤੁਸੀਂ “ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ” ਚੱਲਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹੋ? ਕੀ ਤੁਸੀਂ ਸਮਝਦੇ ਹੋ ਕਿ ਪਰਮੇਸ਼ੁਰ ਦਾ ਨਾਂ ਲੈ ਕੇ ਚੱਲਣ ਵਿਚ ਕੀ-ਕੀ ਸ਼ਾਮਲ ਹੈ?
17. ਪਰਮੇਸ਼ੁਰ ਦਾ ਨਾਂ ਲੈ ਕੇ ਚੱਲਣ ਵਿਚ ਕਿਹੜੀਆਂ ਗੱਲਾਂ ਸ਼ਾਮਲ ਹਨ?
17 ਪਰਮੇਸ਼ੁਰ ਦਾ ਨਾਂ ਲੈ ਕੇ ਚੱਲਣ ਵਿਚ ਘੱਟੋ-ਘੱਟ ਤਿੰਨ ਗੱਲਾਂ ਸ਼ਾਮਲ ਹਨ। ਪਹਿਲੀ ਗੱਲ, ਸਾਨੂੰ ਇਸ ਨਾਂ ਬਾਰੇ ਦੂਜਿਆਂ ਨੂੰ ਦੱਸਣਾ ਚਾਹੀਦਾ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਹੜਾ “ਯਹੋਵਾਹ ਦਾ ਨਾਂ ਲੈਂਦਾ ਹੈ, ਬਚਾਇਆ ਜਾਵੇਗਾ।” (ਰੋਮੀ. 10:13) ਦੂਸਰੀ ਗੱਲ, ਸਾਨੂੰ ਯਹੋਵਾਹ ਵਰਗੇ ਗੁਣ ਦਿਖਾਉਣੇ ਚਾਹੀਦੇ ਹਨ, ਖ਼ਾਸ ਕਰਕੇ ਪਿਆਰ। (1 ਯੂਹੰ. 4:8) ਤੀਸਰੀ ਗੱਲ, ਸਾਨੂੰ ਖ਼ੁਸ਼ੀ-ਖ਼ੁਸ਼ੀ ਉਸ ਦੇ ਹੁਕਮਾਂ ਨੂੰ ਮੰਨ ਕੇ ਉਸ ਦੇ ਨਾਂ ਦੀ ਵਡਿਆਈ ਕਰਨੀ ਚਾਹੀਦੀ ਹੈ। (1 ਯੂਹੰ. 5:3) ਕੀ ਤੁਸੀਂ “ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪ ਕਾਲ ਤੀਕੁਰ” ਚੱਲਣ ਦਾ ਪੱਕਾ ਇਰਾਦਾ ਕੀਤਾ ਹੈ?
18. ਯਹੋਵਾਹ ਦੇ ਮਹਾਨ ਨਾਂ ਦੀ ਵਡਿਆਈ ਕਰਨ ਵਾਲੇ ਚੰਗੇ ਭਵਿੱਖ ਦੀ ਉਮੀਦ ਕਿਉਂ ਰੱਖਦੇ ਹਨ?
18 ਜਿਹੜੇ ਲੋਕ ਯਹੋਵਾਹ ਦੀ ਪਰਵਾਹ ਨਹੀਂ ਕਰਦੇ ਜਾਂ ਉਸ ਦਾ ਵਿਰੋਧ ਕਰਦੇ ਹਨ, ਉਨ੍ਹਾਂ ਲੋਕਾਂ ਨੂੰ ਜਲਦੀ ਹੀ ਪਤਾ ਲੱਗੇਗਾ ਕਿ ਯਹੋਵਾਹ ਕੌਣ ਹੈ। (ਹਿਜ਼. 38:23) ਇਨ੍ਹਾਂ ਵਿਚ ਫ਼ਿਰਊਨ ਵਰਗੇ ਲੋਕ ਵੀ ਸ਼ਾਮਲ ਹਨ ਜਿਸ ਨੇ ਕਿਹਾ ਸੀ: ‘ਯਹੋਵਾਹ ਕੌਣ ਹੈ ਜੋ ਮੈਂ ਉਸ ਦੀ ਅਵਾਜ਼ ਸੁਣਾਂ?’ ਕਿੰਨੀ ਜਲਦੀ ਹੀ ਉਸ ਨੂੰ ਯਹੋਵਾਹ ਬਾਰੇ ਪਤਾ ਲੱਗ ਗਿਆ ਸੀ! (ਕੂਚ 5:1, 2; 9:16; 12:29) ਪਰ ਅਸੀਂ ਖ਼ੁਸ਼ੀ-ਖ਼ੁਸ਼ੀ ਯਹੋਵਾਹ ਬਾਰੇ ਸਿੱਖਿਆ ਹੈ। ਸਾਨੂੰ ਮਾਣ ਹੈ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ ਤੇ ਉਸ ਦੇ ਆਗਿਆਕਾਰ ਲੋਕ ਹਾਂ। ਇਸ ਲਈ ਅਸੀਂ ਪੱਕੇ ਭਰੋਸੇ ਨਾਲ ਵਧੀਆ ਭਵਿੱਖ ਦੀ ਉਮੀਦ ਰੱਖਦੇ ਹਾਂ ਕਿਉਂਕਿ ਜ਼ਬੂਰਾਂ ਦੀ ਪੋਥੀ 9:10 ਵਿਚ ਇਹ ਵਾਅਦਾ ਕੀਤਾ ਗਿਆ ਹੈ: “ਤੇਰੇ ਨਾਮ ਦੇ ਜਾਣਨ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ, ਕਿਉਂ ਜੋ ਹੇ ਯਹੋਵਾਹ, ਤੈਂ ਆਪਣਿਆਂ ਤਾਲਿਬਾਂ ਨੂੰ ਤਿਆਗ ਨਹੀਂ ਦਿੱਤਾ।”
a ਇਬਰਾਨੀ ਵਿਚ ਯਹੋਵਾਹ ਦੇ ਨਾਂ ਦਾ ਮਤਲਬ ਹੈ, “ਉਹ ਕਰਨ ਤੇ ਕਰਾਉਣ ਵਾਲਾ ਬਣਦਾ ਹੈ।”
b ਪਹਿਲੀ ਸਦੀ ਦੇ ਮਸੀਹੀਆਂ ਵੱਲੋਂ ਵਰਤੀਆਂ ਗਈਆਂ ਇਬਰਾਨੀ ਲਿਖਤਾਂ ਵਿਚ ਪਰਮੇਸ਼ੁਰ ਦਾ ਨਾਂ ਵਰਤਿਆ ਗਿਆ ਸੀ। ਸਬੂਤ ਇਸ ਗੱਲ ਵੱਲ ਵੀ ਇਸ਼ਾਰਾ ਕਰਦੇ ਹਨ ਕਿ ਇਬਰਾਨੀ ਲਿਖਤਾਂ ਦੇ ਯੂਨਾਨੀ ਤਰਜਮੇ ਸੈਪਟੁਜਿੰਟ ਦੀਆਂ ਪਹਿਲੀਆਂ ਕਾਪੀਆਂ ਵਿਚ ਵੀ ਯਹੋਵਾਹ ਦਾ ਨਾਂ ਵਰਤਿਆ ਗਿਆ ਸੀ।