ਮਰੇ ਹੋਏ ਲੋਕਾਂ ਲਈ ਉਮੀਦ—ਉਹ ਦੁਬਾਰਾ ਜੀਉਂਦੇ ਕੀਤੇ ਜਾਣਗੇ
ਬਾਈਬਲ ਦੱਸਦੀ ਹੈ ਕਿ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ।a ਕੀ ਤੁਸੀਂ ਇਸ ਗੱਲ ਨੂੰ ਮੰਨਦੇ ਹੋ? ਸਾਨੂੰ ਇਹ ਗੱਲ ਚੰਗੀ ਲੱਗਦੀ ਹੈ ਕਿ ਅਸੀਂ ਆਪਣੇ ਮਰੇ ਹੋਏ ਅਜ਼ੀਜ਼ਾਂ ਨੂੰ ਦੁਬਾਰਾ ਮਿਲਾਂਗੇ। ਪਰ ਕੀ ਇਸ ਤਰ੍ਹਾਂ ਸੱਚ-ਮੁੱਚ ਹੋ ਸਕਦਾ ਹੈ? ਇਸ ਸਵਾਲ ਦਾ ਜਵਾਬ ਜਾਣਨ ਲਈ ਆਓ ਆਪਾਂ ਯਿਸੂ ਮਸੀਹ ਦੇ ਰਸੂਲਾਂ ਦੀ ਮਿਸਾਲ ʼਤੇ ਗੌਰ ਕਰੀਏ।
ਰਸੂਲਾਂ ਨੂੰ ਪੱਕਾ ਵਿਸ਼ਵਾਸ ਸੀ ਕਿ ਮਰੇ ਹੋਏ ਲੋਕ ਦੁਬਾਰਾ ਜੀਉਂਦੇ ਕੀਤੇ ਜਾਣਗੇ। ਕਿਉਂ? ਇਹ ਉਮੀਦ ਰੱਖਣ ਦੇ ਘੱਟੋ-ਘੱਟ ਦੋ ਕਾਰਨ ਸਨ। ਪਹਿਲਾ ਕਾਰਨ ਇਸ ਹਕੀਕਤ ʼਤੇ ਆਧਾਰਿਤ ਸੀ ਕਿ ਖ਼ੁਦ ਯਿਸੂ ਨੂੰ ਵੀ ਮੁਰਦਿਆਂ ਵਿੱਚੋਂ ਦੁਬਾਰਾ ਜੀਉਂਦਾ ਕੀਤਾ ਗਿਆ ਸੀ। ਉਸ ਦੇ ਦੁਬਾਰਾ ਜੀਉਂਦੇ ਹੋਣ ਤੋਂ ਬਾਅਦ ਉਸ ਦੇ ਰਸੂਲਾਂ ਅਤੇ “ਇਕ ਵਾਰ 500 ਤੋਂ ਜ਼ਿਆਦਾ ਭਰਾਵਾਂ” ਨੇ ਉਸ ਨੂੰ ਦੇਖਿਆ ਸੀ। (1 ਕੁਰਿੰਥੀਆਂ 15:6) ਇਸ ਤੋਂ ਇਲਾਵਾ, ਬਹੁਤ ਸਾਰੇ ਲੋਕਾਂ ਨੇ ਯਿਸੂ ਦੇ ਦੁਬਾਰਾ ਜੀਉਂਦੇ ਹੋਣ ਦੀ ਗਵਾਹੀ ਦਿੱਤੀ ਸੀ ਤੇ ਲੋਕਾਂ ਨੂੰ ਇਸ ਗੱਲ ʼਤੇ ਕੋਈ ਸ਼ੱਕ ਨਹੀਂ ਸੀ ਕਿ ਇਸ ਤਰ੍ਹਾਂ ਸੱਚ-ਮੁੱਚ ਹੋਇਆ ਸੀ। ਇਸ ਦਾ ਸਬੂਤ ਸਾਨੂੰ ਮੱਤੀ, ਮਰਕੁਸ, ਲੂਕਾ ਤੇ ਯੂਹੰਨਾ ਦੀਆਂ ਲਿਖਤਾਂ ਤੋਂ ਮਿਲਦਾ ਹੈ।—ਮੱਤੀ 27:62–28:20; ਮਰਕੁਸ 16:1-8; ਲੂਕਾ 24:1-53; ਯੂਹੰਨਾ 20:1–21:25.
ਦੂਜਾ ਕਾਰਨ ਸੀ ਕਿ ਯਿਸੂ ਦੇ ਰਸੂਲਾਂ ਨੇ ਉਸ ਨੂੰ ਘੱਟੋ-ਘੱਟ ਤਿੰਨ ਜਣਿਆਂ ਨੂੰ ਦੁਬਾਰਾ ਜੀਉਂਦੇ ਕਰਦੇ ਦੇਖਿਆ ਸੀ। ਇਕ ਸੀ ਨਾਇਨ ਸ਼ਹਿਰ ਵਿਚ, ਦੂਜਾ ਕਫ਼ਰਨਾਹੂਮ ਵਿਚ ਤੇ ਤੀਜਾ ਬੈਥਨੀਆ ਪਿੰਡ ਵਿਚ। (ਲੂਕਾ 7:11-17; 8:49-56; ਯੂਹੰਨਾ 11:1-44) ਬੈਥਨੀਆ ਵਿਚ ਜਿਸ ਆਦਮੀ ਨੂੰ ਜੀਉਂਦਾ ਕੀਤਾ ਗਿਆ ਸੀ, ਉਹ ਤੇ ਉਸ ਦਾ ਪਰਿਵਾਰ ਯਿਸੂ ਦੇ ਬਹੁਤ ਕਰੀਬ ਸੀ। ਆਓ ਆਪਾਂ ਦੇਖੀਏ ਕਿ ਉੱਥੇ ਕੀ ਹੋਇਆ ਸੀ।
“ਮੈਂ ਹੀ ਹਾਂ ਜਿਸ ਰਾਹੀਂ ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾਵੇਗਾ”
“ਤੇਰਾ ਭਰਾ ਦੁਬਾਰਾ ਜੀਉਂਦਾ ਹੋ ਜਾਵੇਗਾ।” ਯਿਸੂ ਨੇ ਇਹ ਸ਼ਬਦ ਮਾਰਥਾ ਨੂੰ ਕਹੇ ਸਨ ਜਿਸ ਦੇ ਭਰਾ ਲਾਜ਼ਰ ਨੂੰ ਮਰਿਆਂ ਚਾਰ ਦਿਨ ਹੋ ਗਏ ਸਨ। ਪਹਿਲਾਂ ਮਾਰਥਾ ਨੇ ਯਿਸੂ ਦੀ ਗੱਲ ਨਹੀਂ ਸਮਝੀ। ਉਸ ਨੇ ਕਿਹਾ: ‘ਮੈਨੂੰ ਪਤਾ ਉਹ ਦੁਬਾਰਾ ਜੀਉਂਦਾ ਹੋਵੇਗਾ।’ ਮਾਰਥਾ ਨੂੰ ਲੱਗਾ ਕਿ ਉਸ ਦੇ ਭਰਾ ਨੂੰ ਭਵਿੱਖ ਵਿਚ ਜੀਉਂਦਾ ਕੀਤਾ ਜਾਵੇਗਾ। ਪਰ ਯਿਸੂ ਨੇ ਕਿਹਾ: “ਮੈਂ ਹੀ ਹਾਂ ਜਿਸ ਰਾਹੀਂ ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਜ਼ਿੰਦਗੀ ਮਿਲੇਗੀ।” ਜ਼ਰਾ ਸੋਚੋ, ਮਾਰਥਾ ਇਹ ਦੇਖ ਕੇ ਕਿੰਨੀ ਹੈਰਾਨ ਹੋਈ ਹੋਣੀ ਜਦ ਯਿਸੂ ਨੇ ਉਸ ਦੇ ਭਰਾ ਨੂੰ ਜੀਉਂਦਾ ਕੀਤਾ!—ਯੂਹੰਨਾ 11:23-25.
ਮਰਨ ਤੋਂ ਬਾਅਦ ਲਾਜ਼ਰ ਚਾਰ ਦਿਨ ਕਿੱਥੇ ਸੀ? ਉਸ ਨੇ ਅਜਿਹਾ ਕੁਝ ਨਹੀਂ ਕਿਹਾ ਜਿਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਚਾਰ ਦਿਨਾਂ ਦੌਰਾਨ ਉਹ ਕਿਤੇ ਹੋਰ ਜੀਉਂਦਾ ਸੀ। ਲਾਜ਼ਰ ਵਿਚ ਅਮਰ ਆਤਮਾ ਨਾਂ ਦੀ ਕੋਈ ਚੀਜ਼ ਨਹੀਂ ਸੀ ਜੋ ਉਸ ਦੀ ਮੌਤ ਤੋਂ ਬਾਅਦ ਸਵਰਗ ਵਿਚ ਰੱਬ ਦੇ ਚਰਨਾਂ ਵਿਚ ਜਾ ਬੈਠੀ ਸੀ। ਲਾਜ਼ਰ ਨੂੰ ਜੀਉਂਦਾ ਕਰ ਕੇ ਯਿਸੂ ਉਸ ਨੂੰ ਦੁਬਾਰਾ ਧਰਤੀ ʼਤੇ ਜ਼ਬਰਦਸਤੀ ਖਿੱਚ ਕੇ ਨਹੀਂ ਲਿਆਇਆ ਸੀ। ਤਾਂ ਫਿਰ ਉਨ੍ਹਾਂ ਚਾਰ ਦਿਨਾਂ ਦੌਰਾਨ ਲਾਜ਼ਰ ਕਿੱਥੇ ਸੀ? ਉਹ ਕਬਰ ਵਿਚ ਮੌਤ ਦੀ ਨੀਂਦ ਸੌਂ ਰਿਹਾ ਸੀ।—ਉਪਦੇਸ਼ਕ ਦੀ ਪੋਥੀ 9:5, 10.
ਯਾਦ ਕਰੋ ਕਿ ਯਿਸੂ ਨੇ ਮੌਤ ਦੀ ਤੁਲਨਾ ਨੀਂਦ ਨਾਲ ਕੀਤੀ ਸੀ ਤੇ ਮੌਤ ਦੀ ਨੀਂਦ ਸੁੱਤੇ ਵਿਅਕਤੀ ਨੂੰ ਜਗਾਇਆ ਜਾ ਸਕਦਾ ਹੈ। ਬਾਈਬਲ ਵਿਚ ਲਿਖਿਆ ਹੈ: “‘ਲਾਜ਼ਰ ਸਾਡਾ ਦੋਸਤ ਸੌਂ ਰਿਹਾ ਹੈ, ਪਰ ਮੈਂ ਉਸ ਨੂੰ ਜਗਾਉਣ ਜਾ ਰਿਹਾ ਹਾਂ।’ ਇਸ ਲਈ ਚੇਲਿਆਂ ਨੇ ਉਸ ਨੂੰ ਕਿਹਾ: ‘ਪ੍ਰਭੂ, ਜੇ ਉਹ ਸੌਂ ਰਿਹਾ ਹੈ, ਤਾਂ ਉਹ ਠੀਕ ਹੋ ਜਾਵੇਗਾ।’ ਯਿਸੂ ਨੇ ਤਾਂ ਉਸ ਦੇ ਮਰਨ ਬਾਰੇ ਗੱਲ ਕੀਤੀ ਸੀ, ਪਰ ਉਨ੍ਹਾਂ ਨੂੰ ਲੱਗਾ ਕਿ ਉਹ ਲਾਜ਼ਰ ਦੇ ਸੌਣ ਤੇ ਆਰਾਮ ਕਰਨ ਬਾਰੇ ਗੱਲ ਕਰ ਰਿਹਾ ਸੀ। ਇਸ ਲਈ ਯਿਸੂ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਦੱਸ ਦਿੱਤਾ: ‘ਲਾਜ਼ਰ ਮਰ ਗਿਆ ਹੈ।’” (ਯੂਹੰਨਾ 11:11-14) ਯਿਸੂ ਨੇ ਲਾਜ਼ਰ ਨੂੰ ਦੁਬਾਰਾ ਜੀਉਂਦਾ ਕਰ ਕੇ ਉਸ ਨੂੰ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ। ਵਿਛੜੇ ਹੋਏ ਪਰਿਵਾਰ ਨੂੰ ਦੁਬਾਰਾ ਮਿਲਾ ਕੇ ਯਿਸੂ ਨੇ ਉਨ੍ਹਾਂ ਨੂੰ ਕਿੰਨੀ ਵੱਡੀ ਬਰਕਤ ਦਿੱਤੀ!
ਧਰਤੀ ʼਤੇ ਹੁੰਦਿਆਂ ਯਿਸੂ ਨੇ ਲੋਕਾਂ ਨੂੰ ਦੁਬਾਰਾ ਜੀਉਂਦਾ ਕਰ ਕੇ ਦਿਖਾਇਆ ਕਿ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਉਹ ਭਵਿੱਖ ਵਿਚ ਕੀ ਕਰੇਗਾ।b ਸਵਰਗ ਤੋਂ ਧਰਤੀ ਉੱਤੇ ਰਾਜ ਕਰਦਿਆਂ ਉਹ ਮੌਤ ਦੀ ਨੀਂਦ ਸੁੱਤੇ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ। ਇਸੇ ਲਈ ਉਸ ਨੇ ਕਿਹਾ ਸੀ: “ਮੈਂ ਹੀ ਹਾਂ ਜਿਸ ਰਾਹੀਂ ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾਵੇਗਾ।” ਜ਼ਰਾ ਸੋਚੋ ਕਿ ਤੁਹਾਨੂੰ ਕਿੰਨੀ ਖ਼ੁਸ਼ੀ ਹੋਵੇਗੀ ਜਦ ਤੁਸੀਂ ਆਪਣੇ ਮਰੇ ਹੋਏ ਅਜ਼ੀਜ਼ਾਂ ਨੂੰ ਦੁਬਾਰਾ ਜੀਉਂਦਾ ਦੇਖੋਗੇ! ਨਾਲੇ ਉਨ੍ਹਾਂ ਦੀ ਖ਼ੁਸ਼ੀ ਦਾ ਵੀ ਅੰਦਾਜ਼ਾ ਲਾਓ ਜੋ ਜੀਉਂਦੇ ਕੀਤੇ ਜਾਣਗੇ!—ਲੂਕਾ 8:56.
ਜ਼ਰਾ ਸੋਚੋ ਕਿ ਤੁਹਾਨੂੰ ਕਿੰਨੀ ਖ਼ੁਸ਼ੀ ਹੋਵੇਗੀ ਜਦ ਤੁਸੀਂ ਆਪਣੇ ਮਰੇ ਹੋਏ ਅਜ਼ੀਜ਼ਾਂ ਨੂੰ ਦੁਬਾਰਾ ਜੀਉਂਦਾ ਦੇਖੋਗੇ!
ਨਿਹਚਾ ਕਰ ਕੇ ਹਮੇਸ਼ਾ ਦੀ ਜ਼ਿੰਦਗੀ ਪਾਓ
ਯਿਸੂ ਨੇ ਮਾਰਥਾ ਨੂੰ ਕਿਹਾ: “ਜਿਹੜਾ ਮੇਰੇ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਭਾਵੇਂ ਮਰ ਵੀ ਜਾਵੇ, ਉਹ ਦੁਬਾਰਾ ਜੀਉਂਦਾ ਹੋ ਜਾਵੇਗਾ; ਅਤੇ ਜਿਹੜਾ ਜੀਉਂਦਾ ਹੈ ਅਤੇ ਮੇਰੇ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਕਦੇ ਨਹੀਂ ਮਰੇਗਾ।” (ਯੂਹੰਨਾ 11:25, 26) ਆਪਣੇ 1,000 ਸਾਲ ਦੇ ਰਾਜ ਦੌਰਾਨ ਯਿਸੂ ਜਿਨ੍ਹਾਂ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ, ਉਹ ਹਮੇਸ਼ਾ ਜੀਉਂਦੇ ਰਹਿ ਸਕਣਗੇ ਜੇ ਉਹ ਉਸ ਉੱਤੇ ਨਿਹਚਾ ਕਰਨਗੇ।
“ਜਿਹੜਾ ਮੇਰੇ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਭਾਵੇਂ ਮਰ ਵੀ ਜਾਵੇ, ਉਹ ਦੁਬਾਰਾ ਜੀਉਂਦਾ ਹੋ ਜਾਵੇਗਾ।”—ਯੂਹੰਨਾ 11:25
ਇਹ ਅਨੋਖੀਆਂ ਗੱਲਾਂ ਕਹਿਣ ਤੋਂ ਬਾਅਦ ਯਿਸੂ ਨੇ ਮਾਰਥਾ ਨੂੰ ਇਹ ਸਵਾਲ ਪੁੱਛਿਆ: “‘ਕੀ ਤੂੰ ਇਸ ਗੱਲ ਦਾ ਵਿਸ਼ਵਾਸ ਕਰਦੀ ਹੈਂ?’ ਮਾਰਥਾ ਨੇ ਉਸ ਨੂੰ ਕਿਹਾ: ‘ਹਾਂ ਪ੍ਰਭੂ, ਮੈਨੂੰ ਵਿਸ਼ਵਾਸ ਹੈ ਕਿ ਤੂੰ ਮਸੀਹ ਅਤੇ ਪਰਮੇਸ਼ੁਰ ਦਾ ਪੁੱਤਰ ਹੈਂ।’” (ਯੂਹੰਨਾ 11:26, 27) ਤੁਹਾਡੇ ਬਾਰੇ ਕੀ? ਕੀ ਤੁਸੀਂ ਵੀ ਮਾਰਥਾ ਵਾਂਗ ਆਪਣੇ ਵਿਚ ਪੱਕੀ ਨਿਹਚਾ ਪੈਦਾ ਕਰਨੀ ਚਾਹੁੰਦੇ ਹੋ ਕਿ ਮਰੇ ਹੋਏ ਲੋਕ ਦੁਬਾਰਾ ਜੀਉਂਦੇ ਕੀਤੇ ਜਾਣਗੇ? ਇਸ ਦੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਸੀਂ ਇਨਸਾਨਾਂ ਲਈ ਪਰਮੇਸ਼ੁਰ ਦੇ ਮਕਸਦ ਬਾਰੇ ਸਿੱਖੋ। (ਯੂਹੰਨਾ 17:3; 1 ਤਿਮੋਥਿਉਸ 2:4) ਇਹ ਗਿਆਨ ਲੈ ਕੇ ਅਸੀਂ ਨਿਹਚਾ ਪੈਦਾ ਕਰ ਸਕਦੇ ਹਾਂ। ਕਿਉਂ ਨਾ ਯਹੋਵਾਹ ਦੇ ਗਵਾਹਾਂ ਨੂੰ ਪੁੱਛੋ ਕਿ ਉਹ ਤੁਹਾਨੂੰ ਦਿਖਾਉਣ ਕਿ ਬਾਈਬਲ ਇਸ ਵਿਸ਼ੇ ਬਾਰੇ ਕੀ ਸਿਖਾਉਂਦੀ ਹੈ? ਇਸ ਵਧੀਆ ਉਮੀਦ ਬਾਰੇ ਤੁਹਾਡੇ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਹੋਵੇਗੀ। ▪ (w14-E 01/01)
a ਇਸ ਰਸਾਲੇ ਦੇ ਸਫ਼ਾ 6 ਉੱਤੇ “ਮੌਤ ਹੋਣ ਤੇ ਸਭ ਕੁਝ ਖ਼ਤਮ ਨਹੀਂ ਹੁੰਦਾ!” ਨਾਂ ਦਾ ਲੇਖ ਦੇਖੋ।
b ਭਵਿੱਖ ਵਿਚ ਮਰੇ ਹੋਏ ਲੋਕਾਂ ਦੇ ਦੁਬਾਰਾ ਜੀਉਂਦੇ ਹੋਣ ਬਾਰੇ ਹੋਰ ਜਾਣਕਾਰੀ ਲੈਣ ਲਈ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਦਾ ਸੱਤਵਾਂ ਅਧਿਆਇ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।