ਮਹਿਮਾਵਾਨ ਰਾਜੇ ਯਿਸੂ ਮਸੀਹ ਦੀ ਜੈ ਜੈਕਾਰ ਕਰੋ!
“ਆਪਣੀ ਸ਼ਾਹੀ ਜਿੱਤ ਦੀ ਅਸਵਾਰੀ ਕਰ।”—ਭਜਨ 45:4, CL.
ਯਾਦ ਰੱਖਣ ਲਈ ਮੁੱਖ ਗੱਲਾਂ
ਯਹੋਵਾਹ ਨੇ ਯਿਸੂ ਨੂੰ ਉਸ ਦੇ “ਸਾਥੀਆਂ” ਨਾਲੋਂ ਉੱਚਾ ਅਹੁਦਾ ਕਿਵੇਂ ਦਿੱਤਾ?
ਮਸੀਹ ਨੇ ਆਪਣੀ ਤਲਵਾਰ ਕਦੋਂ ਬੰਨ੍ਹੀ, ਇਸ ਨਾਲ ਪਹਿਲੀ ਵਾਰ ਉਸ ਨੇ ਕੀ ਕੀਤਾ ਅਤੇ ਉਹ ਆਪਣੀ ਤਲਵਾਰ ਨਾਲ ਹੋਰ ਕੀ-ਕੀ ਕਰੇਗਾ?
ਰਾਜਾ ਯਿਸੂ ਮਸੀਹ ਕਿਹੜੀ ਅਹਿਮ ਸੱਚਾਈ ਦੀ ਖ਼ਾਤਰ ਲੜੇਗਾ?
1, 2. ਸਾਨੂੰ 45ਵੇਂ ਜ਼ਬੂਰ ʼਤੇ ਕਿਉਂ ਗੌਰ ਕਰਨਾ ਚਾਹੀਦਾ ਹੈ?
ਇਕ ਮਹਿਮਾਵਾਨ ਰਾਜਾ ਘੋੜੇ ʼਤੇ ਸਵਾਰ ਹੋ ਕੇ ਸੱਚਾਈ ਤੇ ਧਾਰਮਿਕਤਾ ਦੀ ਖ਼ਾਤਰ ਆਪਣੇ ਦੁਸ਼ਮਣਾਂ ਉੱਤੇ ਜਿੱਤ ਹਾਸਲ ਕਰਨ ਲਈ ਨਿਕਲਦਾ ਹੈ। ਦੁਸ਼ਮਣਾਂ ਨੂੰ ਹਰਾਉਣ ਤੋਂ ਬਾਅਦ ਉਸ ਦਾ ਵਿਆਹ ਇਕ ਸੋਹਣੀ ਦੁਲਹਨ ਨਾਲ ਹੁੰਦਾ ਹੈ। ਆਉਣ ਵਾਲੀਆਂ ਸਾਰੀਆਂ ਪੀੜ੍ਹੀਆਂ ਉਸ ਦੇ ਸ਼ਾਨਦਾਰ ਕੰਮਾਂ ਨੂੰ ਯਾਦ ਕਰਦੀਆਂ ਹੋਈਆਂ ਉਸ ਦੀ ਵਡਿਆਈ ਕਰਦੀਆਂ ਹਨ। ਇਨ੍ਹਾਂ ਗੱਲਾਂ ਦਾ ਜ਼ਿਕਰ 45ਵੇਂ ਜ਼ਬੂਰ ਵਿਚ ਕੀਤਾ ਗਿਆ ਹੈ।
2 ਪਰ 45ਵਾਂ ਜ਼ਬੂਰ ਸਿਰਫ਼ ਇਕ ਦਿਲਚਸਪ ਕਹਾਣੀ ਹੀ ਨਹੀਂ ਹੈ, ਸਗੋਂ ਇਸ ਵਿਚ ਦੱਸੀਆਂ ਘਟਨਾਵਾਂ ਸਾਡੇ ਲਈ ਬਹੁਤ ਮਾਅਨੇ ਰੱਖਦੀਆਂ ਹਨ। ਇਨ੍ਹਾਂ ਗੱਲਾਂ ਦਾ ਅਸਰ ਸਿਰਫ਼ ਸਾਡੀ ਅੱਜ ਦੀ ਜ਼ਿੰਦਗੀ ʼਤੇ ਹੀ ਨਹੀਂ, ਸਗੋਂ ਸਾਡੇ ਆਉਣ ਵਾਲੇ ਕੱਲ੍ਹ ʼਤੇ ਵੀ ਪਵੇਗਾ। ਤਾਂ ਫਿਰ ਆਓ ਆਪਾਂ ਇਸ ਜ਼ਬੂਰ ਦੀ ਧਿਆਨ ਨਾਲ ਜਾਂਚ ਕਰੀਏ।
“ਮੇਰਾ ਮਨ ਇੱਕ ਚੰਗੀ ਗੱਲ ਨਾਲ ਉੱਛਲ ਰਿਹਾ ਹੈ”
3, 4. (ੳ) ਅਸੀਂ ਕਿਹੜੀ “ਚੰਗੀ ਗੱਲ” ਦਾ ਐਲਾਨ ਕਰਦੇ ਹਾਂ ਅਤੇ ਇਸ ਦਾ ਸਾਡੇ ਦਿਲ ʼਤੇ ਕੀ ਅਸਰ ਪਿਆ ਹੈ? (ਅ) ਅਸੀਂ ਕਿਹੜਾ ਗੀਤ ਸੁਣਾਉਂਦੇ ਹਾਂ ਅਤੇ ਸਾਡੀ ਜ਼ਬਾਨ ਇਕ ਕੁਸ਼ਲ ਲਿਖਾਰੀ ਦੀ ਕਲਮ ਵਰਗੀ ਕਿਵੇਂ ਹੈ?
3 ਜ਼ਬੂਰਾਂ ਦੀ ਪੋਥੀ 45:1 ਪੜ੍ਹੋ। ਜ਼ਬੂਰਾਂ ਦੇ ਲਿਖਾਰੀ ਦਾ ਮਨ “ਉੱਛਲ” ਰਿਹਾ ਹੈ ਕਿਉਂਕਿ ਉਸ ਨੂੰ ਰਾਜੇ ਬਾਰੇ ਦਿਲ ਨੂੰ ਛੂਹਣ ਵਾਲੀ ਇਕ “ਚੰਗੀ ਗੱਲ” ਪਤਾ ਲੱਗੀ ਹੈ। ਜਿਸ ਸ਼ਬਦ ਦਾ ਤਰਜਮਾ ‘ਉੱਛਲਣਾ’ ਕੀਤਾ ਗਿਆ ਹੈ, ਉਸ ਦਾ ਇਬਰਾਨੀ ਭਾਸ਼ਾ ਵਿਚ ਮਤਲਬ ਹੈ “ਉਬਲਣਾ।” ਇਸ ਚੰਗੀ ਗੱਲ ਕਾਰਨ ਜ਼ਬੂਰਾਂ ਦੇ ਲਿਖਾਰੀ ਅੰਦਰ ਜੋਸ਼ ਦੀ ਅੱਗ ਬਲ਼ ਰਹੀ ਹੈ ਅਤੇ ਉਸ ਦੀ ਜ਼ਬਾਨ ਵਿੱਚੋਂ ਨਿਕਲਦੇ ਸ਼ਬਦ ‘ਕਿਸੇ ਕੁਸ਼ਲ ਲਿਖਾਰੀ ਦੀ ਕਲਮ ਵਿੱਚੋਂ ਨਿਕਲਦੇ ਸ਼ਬਦਾਂ ਵਰਗੇ ਹਨ।’—ਜ਼ਬੂ. 45:1, ERV.
4 ਪਰ ਸਾਡੇ ਬਾਰੇ ਕੀ? ਸਾਨੂੰ ਵੀ ਮਸੀਹ ਦੇ ਰਾਜ ਦੀ ਖ਼ੁਸ਼ ਖ਼ਬਰੀ ਦੀ ਇਕ ਚੰਗੀ ਗੱਲ ਪਤਾ ਲੱਗੀ ਹੈ ਜਿਸ ਨੇ ਸਾਡੇ ਦਿਲ ਨੂੰ ਛੋਹਿਆ ਹੈ। ਖ਼ਾਸ ਕਰਕੇ ਸਾਲ 1914 ਤੋਂ ਮਸੀਹ ਦੇ ਰਾਜ ਦੀ ਖ਼ੁਸ਼ ਖ਼ਬਰੀ ਸਾਡੇ ਲਈ ਇਕ “ਚੰਗੀ ਗੱਲ” ਬਣ ਗਈ ਹੈ। ਉਸ ਸਮੇਂ ਤੋਂ ਅਸੀਂ ਭਵਿੱਖ ਵਿਚ ਆਉਣ ਵਾਲੀ ਕਿਸੇ ਸਰਕਾਰ ਬਾਰੇ ਨਹੀਂ, ਸਗੋਂ ਸਵਰਗ ਵਿਚ ਹਕੂਮਤ ਕਰ ਰਹੀ ਅਸਲੀ ਸਰਕਾਰ ਬਾਰੇ ਐਲਾਨ ਕਰ ਰਹੇ ਹਾਂ। ਅਸੀਂ “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ” ਵਿਚ ਕਰਦੇ ਹਾਂ। (ਮੱਤੀ 24:14) ਕੀ ਤੁਹਾਡਾ ਦਿਲ ਵੀ ਰਾਜ ਦੀ ਖ਼ੁਸ਼ ਖ਼ਬਰੀ ਕਾਰਨ “ਉੱਛਲ” ਰਿਹਾ ਹੈ? ਕੀ ਤੁਸੀਂ ਪੂਰੇ ਜੋਸ਼ ਨਾਲ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹੋ? ਜਿੱਦਾਂ ਜ਼ਬੂਰਾਂ ਦੇ ਲਿਖਾਰੀ ਨੇ ਰਾਜੇ ਬਾਰੇ ਗੀਤ ਸੁਣਾਇਆ, ਉਸੇ ਤਰ੍ਹਾਂ ਅਸੀਂ ਵੀ ਆਪਣੇ ਰਾਜੇ ਯਿਸੂ ਮਸੀਹ ਬਾਰੇ ਗੀਤ ਸੁਣਾਉਂਦੇ ਹਾਂ। ਅਸੀਂ ਹਰ ਪਾਸੇ ਐਲਾਨ ਕਰਦੇ ਹਾਂ ਕਿ ਉਹ ਸਵਰਗ ਵਿਚ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣ ਗਿਆ ਹੈ। ਅਸੀਂ ਰਾਜਿਆਂ ਤੇ ਉਨ੍ਹਾਂ ਦੀ ਪਰਜਾ ਨੂੰ ਹੀ ਨਹੀਂ, ਸਗੋਂ ਹਰ ਕਿਸੇ ਨੂੰ ਸੱਦਾ ਦਿੰਦੇ ਹਾਂ ਕਿ ਉਹ ਰਾਜੇ ਯਿਸੂ ਮਸੀਹ ਅੱਗੇ ਗੋਡੇ ਟੇਕਣ। (ਜ਼ਬੂ. 2:1, 2, 4-12) ਸਾਡੀ ਜ਼ਬਾਨ ਵਿੱਚੋਂ ਸ਼ਬਦ ਇੱਦਾਂ ਨਿਕਲਦੇ ਹਨ ਜਿੱਦਾਂ ਸ਼ਬਦ “ਕਿਸੇ ਕੁਸ਼ਲ ਲਿਖਾਰੀ ਦੀ ਕਲਮ ਵਿੱਚੋਂ ਨਿਕਲਦੇ ਹਨ” ਕਿਉਂਕਿ ਅਸੀਂ ਪ੍ਰਚਾਰ ਵਿਚ ਹਰ ਮੌਕੇ ʼਤੇ ਪਰਮੇਸ਼ੁਰ ਦੇ ਬਚਨ ਵਿਚ ਲਿਖੇ ਲਫ਼ਜ਼ਾਂ ਨੂੰ ਇਸਤੇਮਾਲ ਕਰਦੇ ਹਾਂ।
ਅਸੀਂ ਜੀ-ਜਾਨ ਨਾਲ ਸਾਰਿਆਂ ਨੂੰ ਆਪਣੇ ਰਾਜੇ ਯਿਸੂ ਮਸੀਹ ਬਾਰੇ ਖ਼ੁਸ਼ੀ ਦੀ ਖ਼ਬਰ ਸੁਣਾਉਂਦੇ ਹਾਂ
ਰਾਜੇ ਦੇ “ਬੁੱਲ੍ਹਾਂ ਵਿੱਚ ਦਯਾ ਡੋਹਲੀ ਜਾਂਦੀ ਹੈ”
5. (ੳ) ਯਿਸੂ ਨੂੰ “ਸੁੰਦਰ” ਕਿਉਂ ਕਿਹਾ ਜਾ ਸਕਦਾ ਹੈ? (ਅ) ਰਾਜੇ ਦੇ ‘ਬੁੱਲ੍ਹਾਂ ਵਿੱਚ ਦਯਾ ਕਿਵੇਂ ਡੋਹਲੀ ਗਈ’ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ?
5 ਜ਼ਬੂਰਾਂ ਦੀ ਪੋਥੀ 45:2 ਪੜ੍ਹੋ। ਬਾਈਬਲ ਸਾਨੂੰ ਇਹ ਨਹੀਂ ਦੱਸਦੀ ਕਿ ਯਿਸੂ ਦੇਖਣ ਨੂੰ ਕਿੱਦਾਂ ਦਾ ਸੀ, ਪਰ ਮੁਕੰਮਲ ਹੋਣ ਕਾਰਨ ਉਹ “ਸੁੰਦਰ” ਜ਼ਰੂਰ ਹੋਣਾ। ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਇਸ ਲਈ ਸੋਹਣਾ ਸੀ ਕਿਉਂਕਿ ਉਹ ਹਮੇਸ਼ਾ ਆਪਣੇ ਪਿਤਾ ਦਾ ਕਹਿਣਾ ਮੰਨਦਾ ਸੀ ਅਤੇ ਹਰ ਗੱਲ ਵਿਚ ਉਸ ਦਾ ਵਫ਼ਾਦਾਰ ਸੀ। ਨਾਲੇ ਯਿਸੂ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਿਆਂ ਆਪਣੀਆਂ ਗੱਲਾਂ ਨਾਲ ਲੋਕਾਂ ਦੇ ਦਿਲ ਜਿੱਤ ਲੈਂਦਾ ਸੀ। (ਲੂਕਾ 4:22; ਯੂਹੰ. 7:46) ਕੀ ਅਸੀਂ ਵੀ ਉਸ ਦੀ ਰੀਸ ਕਰਦੇ ਹੋਏ ਪ੍ਰਚਾਰ ਵਿਚ ਲੋਕਾਂ ਦੇ ਦਿਲਾਂ ਨੂੰ ਛੂਹ ਲੈਣ ਵਾਲੇ ਸ਼ਬਦ ਵਰਤਦੇ ਹਾਂ?—ਕੁਲੁ. 4:6.
6. ਪਰਮੇਸ਼ੁਰ ਨੇ ਯਿਸੂ ਨੂੰ “ਸਦਾ ਲਈ ਬਰਕਤ” ਕਿਵੇਂ ਦਿੱਤੀ?
6 ਧਰਤੀ ʼਤੇ ਆਪਣੀ ਸੇਵਕਾਈ ਦੌਰਾਨ ਯਿਸੂ ਨੇ ਪੂਰੇ ਦਿਲ ਨਾਲ ਭਗਤੀ ਕੀਤੀ ਜਿਸ ਕਰਕੇ ਯਹੋਵਾਹ ਨੇ ਉਸ ਨੂੰ ਬਰਕਤਾਂ ਦਿੱਤੀਆਂ। ਨਾਲੇ ਜਦ ਯਿਸੂ ਨੇ ਆਪਣੀ ਜਾਨ ਕੁਰਬਾਨ ਕੀਤੀ, ਤਾਂ ਪਰਮੇਸ਼ੁਰ ਨੇ ਉਸ ਨੂੰ ਸਵਰਗ ਵਿਚ ਉੱਚਾ ਅਹੁਦਾ ਦਿੱਤਾ। ਪੌਲੁਸ ਰਸੂਲ ਨੇ ਲਿਖਿਆ: “ਜਦੋਂ ਉਹ [ਯਿਸੂ] ਇਨਸਾਨ ਬਣ ਕੇ ਆਇਆ, ਤਾਂ ਉਸ ਨੇ ਆਪਣੇ ਆਪ ਨੂੰ ਨਿਮਰ ਕੀਤਾ ਅਤੇ ਉਹ ਮਰਨ ਤਕ, ਹਾਂ, ਤਸੀਹੇ ਦੀ ਸੂਲ਼ੀ ਉੱਤੇ ਮਰਨ ਤਕ ਆਗਿਆਕਾਰ ਰਿਹਾ। ਇਸੇ ਕਰਕੇ ਪਰਮੇਸ਼ੁਰ ਨੇ ਮਿਹਰਬਾਨ ਹੋ ਕੇ ਉਸ ਨੂੰ ਪਹਿਲਾਂ ਨਾਲੋਂ ਜ਼ਿਆਦਾ ਉੱਚਾ ਰੁਤਬਾ ਦਿੱਤਾ ਅਤੇ ਉਸ ਨੂੰ ਉਹ ਨਾਂ ਦਿੱਤਾ ਜਿਹੜਾ ਸਾਰਿਆਂ ਨਾਵਾਂ ਨਾਲੋਂ ਉੱਚਾ ਹੈ, ਤਾਂਕਿ ਜਿੰਨੇ ਵੀ ਸਵਰਗ ਵਿਚ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠਾਂ ਹਨ, ਉਨ੍ਹਾਂ ਵਿੱਚੋਂ ਹਰੇਕ ਜਣਾ ਯਿਸੂ ਦੇ ਨਾਂ ʼਤੇ ਆਪਣੇ ਗੋਡੇ ਟੇਕੇ, ਅਤੇ ਹਰ ਜ਼ਬਾਨ ਸਾਰਿਆਂ ਦੇ ਸਾਮ੍ਹਣੇ ਇਹ ਕਬੂਲ ਕਰੇ ਕਿ ਯਿਸੂ ਮਸੀਹ ਹੀ ਪ੍ਰਭੂ ਹੈ ਤਾਂਕਿ ਪਿਤਾ ਪਰਮੇਸ਼ੁਰ ਦੀ ਵਡਿਆਈ ਹੋਵੇ।” (ਫ਼ਿਲਿ. 2:8-11) ਯਹੋਵਾਹ ਨੇ ਯਿਸੂ ਨੂੰ “ਸਦਾ” ਲਈ ਬਰਕਤ ਕਿਵੇਂ ਦਿੱਤੀ? ਉਸ ਨੇ ਯਿਸੂ ਨੂੰ ਦੁਬਾਰਾ ਜੀਉਂਦਾ ਕਰ ਕੇ ਅਮਰ ਜੀਵਨ ਬਖ਼ਸ਼ਿਆ।—ਰੋਮੀ. 6:9.
ਰਾਜੇ ਨੂੰ ਉਸ ਦੇ “ਸਾਥੀਆਂ” ਨਾਲੋਂ ਉੱਚਾ ਅਹੁਦਾ ਮਿਲਿਆ
7. ਪਰਮੇਸ਼ੁਰ ਨੇ ਯਿਸੂ ਨੂੰ ਉਸ ਦੇ “ਸਾਥੀਆਂ” ਨਾਲੋਂ ਉੱਚਾ ਅਹੁਦਾ ਕਿਵੇਂ ਦਿੱਤਾ?
7 ਜ਼ਬੂਰਾਂ ਦੀ ਪੋਥੀ 45:6, 7 ਪੜ੍ਹੋ। ਯਿਸੂ ਨੇ ਧਾਰਮਿਕਤਾ ਨਾਲ ਪਿਆਰ ਕੀਤਾ, ਪਰ ਉਸ ਨੇ ਆਪਣੇ ਪਿਤਾ ਦਾ ਅਪਮਾਨ ਕਰਨ ਵਾਲੇ ਹਰ ਕੰਮ ਤੋਂ ਨਫ਼ਰਤ ਕੀਤੀ। ਇਸ ਲਈ ਯਹੋਵਾਹ ਨੇ ਉਸ ਨੂੰ ਆਪਣੇ ਰਾਜ ਦਾ ਬਾਦਸ਼ਾਹ ਚੁਣਿਆ। ਯਿਸੂ ਨੂੰ “ਖ਼ੁਸ਼ੀ ਦੇ ਤੇਲ” ਨਾਲ ਆਪਣੇ “ਸਾਥੀਆਂ” ਯਾਨੀ ਦਾਊਦ ਦੀ ਪੀੜ੍ਹੀ ਵਿੱਚੋਂ ਆਏ ਹੋਰ ਰਾਜਿਆਂ ਨਾਲੋਂ ਕਿਤੇ ਵਧ ਕੇ ਉੱਚਾ ਅਹੁਦਾ ਮਿਲਿਆ। ਕਿਵੇਂ? ਪਹਿਲੀ ਗੱਲ, ਯਹੋਵਾਹ ਨੇ ਆਪ ਯਿਸੂ ਨੂੰ ਚੁਣਿਆ। ਦੂਜੀ ਗੱਲ, ਉਸ ਨੇ ਯਿਸੂ ਨੂੰ ਰਾਜੇ ਦੇ ਨਾਲ-ਨਾਲ ਮਹਾਂ ਪੁਜਾਰੀ ਵਜੋਂ ਵੀ ਚੁਣਿਆ। (ਜ਼ਬੂ. 2:2; ਇਬ. 5:5, 6) ਤੀਜੀ ਗੱਲ, ਯਹੋਵਾਹ ਨੇ ਯਿਸੂ ਨੂੰ ਸੱਚ-ਮੁੱਚ ਦੇ ਤੇਲ ਨਾਲ ਨਹੀਂ, ਸਗੋਂ ਪਵਿੱਤਰ ਸ਼ਕਤੀ ਨਾਲ ਚੁਣਿਆ। ਚੌਥੀ ਗੱਲ, ਉਸ ਦੀ ਬਾਦਸ਼ਾਹੀ ਧਰਤੀ ʼਤੇ ਨਹੀਂ, ਸਗੋਂ ਸਵਰਗ ਵਿਚ ਹੈ।
8. ਇਸ ਦਾ ਕੀ ਮਤਲਬ ਹੈ ਕਿ ਯਿਸੂ ਦਾ “ਸਿੰਘਾਸਣ ਪਰਮੇਸ਼ੁਰ ਵੱਲੋਂ” ਹੈ ਅਤੇ ਸਾਨੂੰ ਕਿਉਂ ਪੂਰਾ ਭਰੋਸਾ ਹੈ ਕਿ ਉਹ ਧਾਰਮਿਕਤਾ ਨਾਲ ਰਾਜ ਕਰੇਗਾ?
8 ਯਹੋਵਾਹ ਨੇ 1914 ਵਿਚ ਆਪਣੇ ਚੁਣੇ ਹੋਏ ਬੇਟੇ ਨੂੰ ਆਪਣੇ ਰਾਜ ਦਾ ਬਾਦਸ਼ਾਹ ਬਣਾਇਆ। ਯਿਸੂ ਦਾ “ਆੱਸਾ” ਯਾਨੀ ਰਾਜ-ਡੰਡਾ ਸੱਚ ਦਾ ਰਾਜ-ਡੰਡਾ ਹੈ ਜਿਸ ਕਰਕੇ ਸਾਨੂੰ ਪੂਰਾ ਭਰੋਸਾ ਹੈ ਕਿ ਉਹ ਧਾਰਮਿਕਤਾ ਤੇ ਇਨਸਾਫ਼ ਨਾਲ ਰਾਜ ਕਰੇਗਾ। ਉਸ ਦਾ “ਸਿੰਘਾਸਣ ਪਰਮੇਸ਼ੁਰ ਵੱਲੋਂ” ਹੈ ਯਾਨੀ ਯਹੋਵਾਹ ਉਸ ਦੇ ਰਾਜ ਦੀ ਨੀਂਹ ਹੈ। ਇਸ ਦਾ ਮਤਲਬ ਹੈ ਕਿ ਉਸ ਨੂੰ ਇਹ ਅਧਿਕਾਰ ਕਾਨੂੰਨੀ ਤੌਰ ਤੇ ਮਿਲਿਆ ਹੈ। ਨਾਲੇ ਯਿਸੂ ਦਾ ਸਿੰਘਾਸਣ “ਯੁਗਾਂ-ਯੁਗਾਂ ਤਕ” ਹੈ। ਕੀ ਤੁਹਾਡੇ ਲਈ ਇਹ ਮਾਣ ਦੀ ਗੱਲ ਨਹੀਂ ਕਿ ਤੁਸੀਂ ਪਰਮੇਸ਼ੁਰ ਦੇ ਚੁਣੇ ਹੋਏ ਸ਼ਕਤੀਸ਼ਾਲੀ ਰਾਜੇ ਮਸੀਹ ਦੀ ਅਗਵਾਈ ਅਧੀਨ ਯਹੋਵਾਹ ਦੀ ਸੇਵਾ ਕਰਦੇ ਹੋ?
ਰਾਜਾ ‘ਆਪਣੀ ਤਲਵਾਰ ਲੱਕ ਨਾਲ ਬੰਨ੍ਹਦਾ’ ਹੈ
9, 10. (ੳ) ਯਿਸੂ ਨੇ ਪਹਿਲੀ ਵਾਰ ਆਪਣੀ ਤਲਵਾਰ ਲੱਕ ਨਾਲ ਕਦੋਂ ਬੰਨ੍ਹੀ ਅਤੇ ਇਸ ਤੋਂ ਫ਼ੌਰਨ ਬਾਅਦ ਉਸ ਨੇ ਕੀ ਕੀਤਾ? (ਅ) ਆਉਣ ਵਾਲੇ ਸਮੇਂ ਵਿਚ ਮਸੀਹ ਆਪਣੀ ਤਲਵਾਰ ਨਾਲ ਹੋਰ ਕੀ-ਕੀ ਕਰੇਗਾ?
9 ਜ਼ਬੂਰਾਂ ਦੀ ਪੋਥੀ 45:3 ਪੜ੍ਹੋ। ਯਹੋਵਾਹ, ਰਾਜੇ ਨੂੰ ਹੁਕਮ ਦਿੰਦਾ ਹੈ ਕਿ ਉਹ ‘ਆਪਣੀ ਤਲਵਾਰ ਲੱਕ ਨਾਲ ਬੰਨ੍ਹੇ।’ ਇਹ ਇਸ ਗੱਲ ਦੀ ਨਿਸ਼ਾਨੀ ਹੈ ਕਿ ਯਿਸੂ ਨੂੰ ਅਧਿਕਾਰ ਮਿਲਿਆ ਹੈ ਕਿ ਉਹ ਉਨ੍ਹਾਂ ਸਾਰਿਆਂ ਨਾਲ ਲੜੇ ਜੋ ਪਰਮੇਸ਼ੁਰ ਦੀ ਹਕੂਮਤ ਖ਼ਿਲਾਫ਼ ਹਨ ਅਤੇ ਉਨ੍ਹਾਂ ਨੂੰ ਯਹੋਵਾਹ ਵੱਲੋਂ ਸਜ਼ਾ ਦੇਵੇ। (ਜ਼ਬੂ. 110:2) ਮਸੀਹ ਅਜਿਹਾ ਰਾਜਾ ਤੇ ਸੂਰਬੀਰ ਹੈ ਜਿਸ ਨੂੰ ਕੋਈ ਨਹੀਂ ਹਰਾ ਸਕਦਾ, ਇਸੇ ਕਰਕੇ ਉਸ ਨੂੰ ‘ਸੂਰਮਾ’ ਕਿਹਾ ਗਿਆ ਹੈ। ਉਸ ਨੇ 1914 ਵਿਚ ਆਪਣੀ ਤਲਵਾਰ ਲੱਕ ਨਾਲ ਬੰਨ੍ਹ ਕੇ ਸ਼ੈਤਾਨ ਤੇ ਉਸ ਦੇ ਦੁਸ਼ਟ ਦੂਤਾਂ ਨੂੰ ਹਰਾਇਆ ਅਤੇ ਉਨ੍ਹਾਂ ਨੂੰ ਸਵਰਗੋਂ ਕੱਢ ਕੇ ਧਰਤੀ ʼਤੇ ਸੁੱਟ ਦਿੱਤਾ।—ਪ੍ਰਕਾ. 12:7-9.
10 ਇਹ ਘੋੜੇ ʼਤੇ ਸਵਾਰ ਰਾਜੇ ਦੀ ਪਹਿਲੀ ਜਿੱਤ ਸੀ, ਪਰ ਅਜੇ ਉਹ “ਪੂਰੀ ਤਰ੍ਹਾਂ ਜਿੱਤ ਹਾਸਲ” ਕਰੇਗਾ। (ਪ੍ਰਕਾ. 6:2) ਹੋਰ ਕਿਨ੍ਹਾਂ ਨੂੰ ਯਹੋਵਾਹ ਵੱਲੋਂ ਸਜ਼ਾ ਮਿਲੇਗੀ? ਸ਼ੈਤਾਨ ਦੀ ਪੂਰੀ ਦੁਨੀਆਂ ਦੀ ਤਬਾਹੀ ਤੋਂ ਬਾਅਦ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਨੂੰ ਕੈਦ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਮਹਾਂ ਬਾਬਲ ਯਾਨੀ ਦੁਨੀਆਂ ਦੇ ਸਾਰੇ ਝੂਠੇ ਧਰਮਾਂ ਦਾ ਨਾਸ਼ ਹੋਵੇਗਾ। ਯਹੋਵਾਹ ਦੇ ਮਕਸਦ ਮੁਤਾਬਕ ਸਿਆਸੀ ਲੀਡਰ ਇਸ “ਕੰਜਰੀ” ਨੂੰ ਪੂਰੀ ਤਰ੍ਹਾਂ ਬਰਬਾਦ ਕਰਨਗੇ। (ਪ੍ਰਕਾ. 17:16, 17) ਇਸ ਤੋਂ ਬਾਅਦ ਰਾਜਾ, ਸ਼ੈਤਾਨ ਦੀ ਦੁਨੀਆਂ ਦੀਆਂ ਸਰਕਾਰਾਂ ਨਾਲ ਲੜੇਗਾ ਅਤੇ ਉਨ੍ਹਾਂ ਨੂੰ ਮਿੱਟੀ ਵਿਚ ਮਿਲਾ ਦੇਵੇਗਾ। ਫਿਰ ਮਸੀਹ ਜੋ “ਅਥਾਹ ਕੁੰਡ ਦਾ ਦੂਤ” ਹੈ, ਸ਼ੈਤਾਨ ਤੇ ਉਸ ਦੇ ਦੁਸ਼ਟ ਦੂਤਾਂ ਨੂੰ ਅਥਾਹ ਕੁੰਡ ਵਿਚ ਸੁੱਟ ਦੇਵੇਗਾ। (ਪ੍ਰਕਾ. 9:1, 11; 20:1-3) ਆਓ ਆਪਾਂ ਦੇਖੀਏ ਕਿ 45ਵੇਂ ਜ਼ਬੂਰ ਵਿਚ ਇਨ੍ਹਾਂ ਦਿਲਚਸਪ ਘਟਨਾਵਾਂ ਬਾਰੇ ਕਿਹੜੀਆਂ ਭਵਿੱਖਬਾਣੀਆਂ ਕੀਤੀਆਂ ਗਈਆਂ ਸਨ।
ਰਾਜਾ “ਸੱਚਿਆਈ” ਦੀ ਖ਼ਾਤਰ ਲੜਦਾ ਹੈ
11. ਮਸੀਹ “ਸੱਚਿਆਈ” ਦੀ ਖ਼ਾਤਰ ਕਿਉਂ ਲੜਦਾ ਹੈ?
11 ਜ਼ਬੂਰਾਂ ਦੀ ਪੋਥੀ 45:4 ਪੜ੍ਹੋ। ਰਾਜਾ ਦੇਸ਼ਾਂ ʼਤੇ ਕਬਜ਼ਾ ਕਰਨ ਜਾਂ ਲੋਕਾਂ ਨੂੰ ਆਪਣੇ ਗ਼ੁਲਾਮ ਬਣਾਉਣ ਲਈ ਨਹੀਂ ਲੜਦਾ। ਇਸ ਦੀ ਬਜਾਇ ਉਹ “ਸੱਚਿਆਈ ਅਤੇ ਕੋਮਲਤਾਈ [“ਨਿਮਰਤਾ,” NW] ਅਤੇ ਧਰਮ” ਦੀ ਖ਼ਾਤਰ ਲੜਦਾ ਹੈ। ਉਹ ਪਰਮੇਸ਼ੁਰ ਦੀ ਧਾਰਮਿਕਤਾ ਦਾ ਪੱਖ ਲੈ ਕੇ ਯੁੱਧ ਕਰਦਾ ਹੈ। ਕਿਉਂ? ਕਿਉਂਕਿ ਸਾਰੀ ਦੁਨੀਆਂ ਨੂੰ ਇਹ ਅਹਿਮ ਸੱਚਾਈ ਜਾਣਨ ਦੀ ਜ਼ਰੂਰਤ ਹੈ ਕਿ ਯਹੋਵਾਹ ਕੋਲ ਹੀ ਪੂਰੇ ਜਹਾਨ ʼਤੇ ਹਕੂਮਤ ਕਰਨ ਦਾ ਹੱਕ ਹੈ। ਜਦ ਸ਼ੈਤਾਨ ਨੇ ਯਹੋਵਾਹ ਖ਼ਿਲਾਫ਼ ਬਗਾਵਤ ਕੀਤੀ, ਤਾਂ ਉਸ ਨੇ ਯਹੋਵਾਹ ਨੂੰ ਲਲਕਾਰਿਆ ਕਿ ਉਸ ਕੋਲ ਸਾਰਿਆਂ ਉੱਤੇ ਰਾਜ ਕਰਨ ਦਾ ਅਧਿਕਾਰ ਨਹੀਂ ਹੈ। ਉਸ ਸਮੇਂ ਤੋਂ ਹੀ ਬਹੁਤ ਸਾਰੇ ਦੁਸ਼ਟ ਦੂਤਾਂ ਤੇ ਇਨਸਾਨਾਂ ਨੇ ਪਰਮੇਸ਼ੁਰ ਦੀ ਹਕੂਮਤ ਖ਼ਿਲਾਫ਼ ਸਿਰ ਚੁੱਕਿਆ ਹੈ। ਪਰ ਹੁਣ ਉਹ ਸਮਾਂ ਆ ਗਿਆ ਹੈ ਜਦ ਯਹੋਵਾਹ ਦਾ ਚੁਣਿਆ ਰਾਜਾ ਸੱਚਾਈ ਦੀ ਖ਼ਾਤਰ ਆਪਣੇ ਦੁਸ਼ਮਣਾਂ ਖ਼ਿਲਾਫ਼ ਲੜੇਗਾ ਅਤੇ ਦੁਨੀਆਂ ਨੂੰ ਜ਼ਾਹਰ ਕਰੇਗਾ ਕਿ ਸਿਰਫ਼ ਯਹੋਵਾਹ ਦਾ ਹੀ ਇਸ ਪੂਰੇ ਜਹਾਨ ʼਤੇ ਹਕੂਮਤ ਕਰਨ ਦਾ ਹੱਕ ਬਣਦਾ ਹੈ।
12. ਰਾਜਾ ਕਿਹੜੀ ਗੱਲੋਂ ਨਿਮਰਤਾ ਦੀ ਮਿਸਾਲ ਹੈ?
12 ਰਾਜਾ ਨਿਮਰਤਾ ਦੀ ਖ਼ਾਤਰ ਵੀ ਲੜਾਈ ਕਰਨ ਲਈ ਨਿਕਲਦਾ ਹੈ। ਪਰਮੇਸ਼ੁਰ ਦੇ ਇਕਲੌਤੇ ਪੁੱਤਰ ਨੇ ਹਮੇਸ਼ਾ ਬੜੀ ਨਿਮਰਤਾ ਨਾਲ ਆਪਣੇ ਪਿਤਾ ਦਾ ਹਰ ਕਹਿਣਾ ਮੰਨ ਕੇ ਦਿਖਾਇਆ ਹੈ ਕਿ ਉਹ ਯਹੋਵਾਹ ਨੂੰ ਆਪਣਾ ਮਾਲਕ ਮੰਨਦਾ ਹੈ। (ਯਸਾ. 50:4, 5; ਯੂਹੰ. 5:19) ਰਾਜੇ ਦੇ ਸਾਰੇ ਵਫ਼ਾਦਾਰ ਸੇਵਕਾਂ ਨੂੰ ਉਸ ਦੇ ਨਕਸ਼ੇ-ਕਦਮਾਂ ʼਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਨੂੰ ਹਰ ਗੱਲ ਵਿਚ ਯਹੋਵਾਹ ਦਾ ਕਹਿਣਾ ਮੰਨ ਕੇ ਸਾਬਤ ਕਰਨਾ ਚਾਹੀਦਾ ਹੈ ਕਿ ਉਹ ਯਹੋਵਾਹ ਦੀ ਹਕੂਮਤ ਅਧੀਨ ਰਹਿਣਾ ਚਾਹੁੰਦੇ ਹਨ। ਅਜਿਹੇ ਨਿਮਰ ਲੋਕਾਂ ਨੂੰ ਹੀ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਬਖ਼ਸ਼ੀ ਜਾਵੇਗੀ।—ਜ਼ਕ. 14:16, 17.
13. ਮਸੀਹ ‘ਧਾਰਮਿਕਤਾ’ ਦੀ ਖ਼ਾਤਰ ਲੜਾਈ ਕਰਨ ਲਈ ਕਿਵੇਂ ਨਿਕਲਦਾ ਹੈ?
13 ਘੋੜੇ ʼਤੇ ਸਵਾਰ ਰਾਜਾ ਯਿਸੂ ਮਸੀਹ ਪਰਮੇਸ਼ੁਰ ਦੀ ਧਾਰਮਿਕਤਾ ਦੀ ਖ਼ਾਤਰ ਵੀ ਲੜਾਈ ਕਰਨ ਲਈ ਨਿਕਲਦਾ ਹੈ। ਇੱਦਾਂ ਉਹ ਸਹੀ-ਗ਼ਲਤ ਬਾਰੇ ਯਹੋਵਾਹ ਦੇ ਅਸੂਲਾਂ ਨੂੰ ਸਹੀ ਸਾਬਤ ਕਰੇਗਾ। (ਰੋਮੀ. 3:21; ਬਿਵ. 32:4) ਰਾਜਾ ਯਿਸੂ ਮਸੀਹ ਬਾਰੇ ਯਸਾਯਾਹ ਨੇ ਭਵਿੱਖਬਾਣੀ ਕੀਤੀ: “ਇੱਕ ਪਾਤਸ਼ਾਹ ਧਰਮ ਨਾਲ ਪਾਤਸ਼ਾਹੀ ਕਰੇਗਾ।” (ਯਸਾ. 32:1) ਯਿਸੂ “ਨਵੇਂ ਆਕਾਸ਼ ਤੇ ਨਵੀਂ ਧਰਤੀ” ਬਾਰੇ ਪਰਮੇਸ਼ੁਰ ਦਾ ਵਾਅਦਾ ਜ਼ਰੂਰ ਪੂਰਾ ਕਰੇਗਾ ਜਿਨ੍ਹਾਂ ਵਿਚ “ਹਮੇਸ਼ਾ ਧਾਰਮਿਕਤਾ ਰਹੇਗੀ।” (2 ਪਤ. 3:13) ਨਵੀਂ ਦੁਨੀਆਂ ਵਿਚ ਹਰੇਕ ਨੂੰ ਯਹੋਵਾਹ ਦੇ ਅਸੂਲਾਂ ਮੁਤਾਬਕ ਚੱਲਣਾ ਪਵੇਗਾ।—ਯਸਾ. 11:1-5.
ਰਾਜਾ “ਭਿਆਣਕ ਕਾਰਜ” ਕਰਦਾ ਹੈ
14. ਮਸੀਹ ਆਪਣੇ ਸੱਜੇ ਹੱਥ ਨਾਲ “ਭਿਆਣਕ ਕਾਰਜ” ਕਿਵੇਂ ਕਰੇਗਾ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
14 ਰਾਜੇ ਨੇ ਘੋੜੇ ʼਤੇ ਸਵਾਰੀ ਸ਼ੁਰੂ ਕਰਦਿਆਂ ਆਪਣੀ ਤਲਵਾਰ ਲੱਕ ਨਾਲ ਬੰਨ੍ਹੀ। (ਜ਼ਬੂ. 45:3) ਫਿਰ ਉਹ ਸਮਾਂ ਆਉਂਦਾ ਹੈ ਜਦ ਉਹ ਤਲਵਾਰ ਮਿਆਨ ਵਿੱਚੋਂ ਕੱਢ ਕੇ ਆਪਣੇ ਸੱਜੇ ਹੱਥ ਨਾਲ ਲੜੇਗਾ। ਜ਼ਬੂਰਾਂ ਦੇ ਲਿਖਾਰੀ ਨੇ ਭਵਿੱਖਬਾਣੀ ਕੀਤੀ: “ਤੇਰਾ ਸੱਜਾ ਹੱਥ ਤੈਨੂੰ ਭਿਆਣਕ ਕਾਰਜ ਸਿਖਲਾਵੇਗਾ!” (ਜ਼ਬੂ. 45:4) ਜਦ ਯਿਸੂ ਮਸੀਹ ਆਰਮਾਗੇਡਨ ਵੇਲੇ ਯਹੋਵਾਹ ਵੱਲੋਂ ਸਜ਼ਾ ਦੇਣ ਆਵੇਗਾ, ਤਾਂ ਉਹ ਆਪਣੇ ਦੁਸ਼ਮਣਾਂ ਦਾ ਖ਼ਾਤਮਾ ਕਰਨ ਲਈ “ਭਿਆਣਕ ਕਾਰਜ” ਕਰੇਗਾ। ਪਰ ਸਾਨੂੰ ਇਹ ਨਹੀਂ ਪਤਾ ਕਿ ਉਹ ਸ਼ੈਤਾਨ ਦੀ ਦੁਨੀਆਂ ਦਾ ਨਾਸ਼ ਕਿੱਦਾਂ ਕਰੇਗਾ। ਹਾਂ, ਉਸ ਦੇ ਵੱਡੇ-ਵੱਡੇ ਕੰਮਾਂ ਕਾਰਨ ਧਰਤੀ ਦੇ ਵਾਸੀਆਂ ਦੇ ਦਿਲ ਖ਼ੌਫ਼ ਨਾਲ ਦਹਿਲ ਜਾਣਗੇ ਕਿਉਂਕਿ ਉਨ੍ਹਾਂ ਨੇ ਯਿਸੂ ਨੂੰ ਆਪਣਾ ਰਾਜਾ ਮੰਨਣ ਤੋਂ ਇਨਕਾਰ ਕਰਦੇ ਹੋਏ ਪਰਮੇਸ਼ੁਰ ਦੀ ਚੇਤਾਵਨੀ ਵੱਲ ਕੋਈ ਧਿਆਨ ਨਹੀਂ ਦਿੱਤਾ। (ਜ਼ਬੂਰਾਂ ਦੀ ਪੋਥੀ 2:11, 12 ਪੜ੍ਹੋ।) ਯਿਸੂ ਨੇ ਅੰਤ ਦੇ ਸਮੇਂ ਬਾਰੇ ਭਵਿੱਖਬਾਣੀ ਕਰਦਿਆਂ ਕਿਹਾ ਸੀ ਕਿ ਲੋਕ “ਡਰ ਤੇ ਚਿੰਤਾ ਨਾਲ ਚਕਰਾ ਜਾਣਗੇ, ਕਿਉਂਕਿ ਆਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ।” ਉਸ ਨੇ ਅੱਗੇ ਕਿਹਾ: “ਫਿਰ ਉਹ ਮਨੁੱਖ ਦੇ ਪੁੱਤਰ ਨੂੰ ਸ਼ਕਤੀ ਅਤੇ ਵੱਡੀ ਮਹਿਮਾ ਨਾਲ ਬੱਦਲਾਂ ਵਿਚ ਆਉਂਦਾ ਦੇਖਣਗੇ।”—ਲੂਕਾ 21:26, 27.
15, 16. ਮਸੀਹ ਦੇ ਪਿੱਛੇ ਆ ਰਹੀਆਂ “ਫ਼ੌਜਾਂ” ਵਿਚ ਕੌਣ-ਕੌਣ ਸ਼ਾਮਲ ਹੋਣਗੇ?
15 ਰਾਜਾ “ਸ਼ਕਤੀ ਅਤੇ ਵੱਡੀ ਮਹਿਮਾ” ਨਾਲ ਆਵੇਗਾ ਅਤੇ ਇਸ ਬੁਰੀ ਦੁਨੀਆਂ ਦਾ ਨਾਸ਼ ਕਰੇਗਾ। ਪ੍ਰਕਾਸ਼ ਦੀ ਕਿਤਾਬ ਇਸ ਗੱਲ ਦਾ ਐਲਾਨ ਕਰਦਿਆਂ ਕਹਿੰਦੀ ਹੈ: “ਮੈਂ ਆਕਾਸ਼ ਨੂੰ ਖੁੱਲ੍ਹਾ ਹੋਇਆ ਦੇਖਿਆ ਅਤੇ ਇਕ ਚਿੱਟਾ ਘੋੜਾ ਵੀ ਦੇਖਿਆ। ਉਸ ਦੇ ਸਵਾਰ ਦਾ ਨਾਂ ਹੈ ‘ਵਫ਼ਾਦਾਰ ਤੇ ਸੱਚਾ’ ਅਤੇ ਉਹ ਧਾਰਮਿਕਤਾ ਨਾਲ ਨਿਆਂ ਅਤੇ ਯੁੱਧ ਕਰਦਾ ਹੈ। ਨਾਲੇ ਸਵਰਗ ਦੀਆਂ ਫ਼ੌਜਾਂ ਚਿੱਟੇ ਘੋੜਿਆਂ ਉੱਤੇ ਉਸ ਦੇ ਪਿੱਛੇ-ਪਿੱਛੇ ਆ ਰਹੀਆਂ ਸਨ ਅਤੇ ਸਾਰੇ ਫ਼ੌਜੀਆਂ ਨੇ ਮਲਮਲ ਦੇ ਚਿੱਟੇ ਤੇ ਸਾਫ਼ ਕੱਪੜੇ ਪਾਏ ਹੋਏ ਸਨ। ਅਤੇ ਉਸ ਦੇ ਮੂੰਹ ਵਿੱਚੋਂ ਇਕ ਤਿੱਖੀ ਤੇ ਲੰਬੀ ਤਲਵਾਰ ਨਿਕਲੀ ਜਿਸ ਨਾਲ ਉਹ ਕੌਮਾਂ ਨੂੰ ਮਾਰੇਗਾ ਅਤੇ ਉਹ ਲੋਹੇ ਦੇ ਡੰਡੇ ਨਾਲ ਉਨ੍ਹਾਂ ਉੱਤੇ ਅਧਿਕਾਰ ਚਲਾਵੇਗਾ। ਇਸ ਤੋਂ ਇਲਾਵਾ, ਉਹ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਕ੍ਰੋਧ ਦੇ ਚੁਬੱਚੇ ਵਿਚ ਅੰਗੂਰਾਂ ਨੂੰ ਮਿੱਧੇਗਾ।”—ਪ੍ਰਕਾ. 19:11, 14, 15.
16 ਮਸੀਹ ਦੇ ਪਿੱਛੇ-ਪਿੱਛੇ ਆ ਰਹੀਆਂ “ਸਵਰਗ ਦੀਆਂ ਫ਼ੌਜਾਂ” ਵਿਚ ਕੌਣ-ਕੌਣ ਸ਼ਾਮਲ ਹੋਣਗੇ ਜੋ ਲੜਾਈ ਵਿਚ ਉਸ ਦਾ ਸਾਥ ਦੇਣਗੇ? ਜਦ ਰਾਜੇ ਨੇ ਸ਼ੈਤਾਨ ਤੇ ਉਸ ਦੇ ਦੁਸ਼ਟ ਦੂਤਾਂ ਨੂੰ ਸਵਰਗੋਂ ਕੱਢਣ ਲਈ ਆਪਣੀ ਤਲਵਾਰ ਲੱਕ ਨਾਲ ਬੰਨ੍ਹੀ ਸੀ, ਤਾਂ ‘ਯਿਸੂ ਦੇ ਦੂਤ’ ਉਸ ਨਾਲ ਮਿਲ ਕੇ ਲੜੇ ਸਨ। (ਪ੍ਰਕਾ. 12:7-9) ਸੋ ਲੱਗਦਾ ਹੈ ਕਿ ਆਰਮਾਗੇਡਨ ਦੀ ਲੜਾਈ ਵੇਲੇ ਵੀ ਮਸੀਹ ਦੀਆਂ ਫ਼ੌਜਾਂ ਵਿਚ ਉਸ ਦੇ ਪਵਿੱਤਰ ਦੂਤ ਸ਼ਾਮਲ ਹੋਣਗੇ। ਕੀ ਕੋਈ ਹੋਰ ਵੀ ਇਸ ਲੜਾਈ ਵਿਚ ਉਸ ਦਾ ਸਾਥ ਦੇਣਗੇ? ਬਿਲਕੁਲ, ਯਿਸੂ ਨੇ ਆਪਣੇ ਚੁਣੇ ਹੋਏ ਭਰਾਵਾਂ ਨਾਲ ਵਾਅਦਾ ਕੀਤਾ ਸੀ: “ਜਿਹੜਾ ਜਿੱਤੇਗਾ ਅਤੇ ਜਿਹੜਾ ਅੰਤ ਤਕ ਉਹ ਕੰਮ ਕਰਦਾ ਰਹੇਗਾ ਜਿਨ੍ਹਾਂ ਦਾ ਮੈਂ ਹੁਕਮ ਦਿੱਤਾ ਹੈ, ਉਸ ਇਨਸਾਨ ਨੂੰ ਮੈਂ ਦੁਨੀਆਂ ਦੇ ਲੋਕਾਂ ਉੱਤੇ ਅਧਿਕਾਰ ਦਿਆਂਗਾ, ਜਿਵੇਂ ਪਿਤਾ ਨੇ ਮੈਨੂੰ ਅਧਿਕਾਰ ਦਿੱਤਾ ਹੈ। ਉਹ ਇਨਸਾਨ ਲੋਹੇ ਦੇ ਡੰਡੇ ਨਾਲ ਲੋਕਾਂ ਉੱਤੇ ਅਧਿਕਾਰ ਚਲਾ ਕੇ ਉਨ੍ਹਾਂ ਨੂੰ ਮਿੱਟੀ ਦੇ ਭਾਂਡਿਆਂ ਵਾਂਗ ਟੋਟੇ-ਟੋਟੇ ਕਰ ਦੇਵੇਗਾ।” (ਪ੍ਰਕਾ. 2:26, 27) ਮਸੀਹ ਦੀਆਂ ਫ਼ੌਜਾਂ ਵਿਚ ਉਸ ਦੇ ਚੁਣੇ ਹੋਏ ਭਰਾ ਵੀ ਸ਼ਾਮਲ ਹੋਣਗੇ ਜੋ ਉਸ ਸਮੇਂ ਤਕ ਸਵਰਗ ਚਲੇ ਗਏ ਹੋਣਗੇ। ਜੀ ਹਾਂ, ਜਦ ਰਾਜਾ ਯਿਸੂ “ਭਿਆਣਕ ਕਾਰਜ” ਕਰਦਿਆਂ ਲੋਹੇ ਦੇ ਡੰਡੇ ਨਾਲ ਲੋਕਾਂ ਉੱਤੇ ਅਧਿਕਾਰ ਚਲਾਵੇਗਾ, ਤਾਂ 1,44,000 ਚੁਣੇ ਹੋਏ ਰਾਜੇ ਉਸ ਦੇ ਨਾਲ ਹੋਣਗੇ।
ਰਾਜਾ ਪੂਰੀ ਤਰ੍ਹਾਂ ਜਿੱਤ ਹਾਸਲ ਕਰਦਾ ਹੈ
17. (ੳ) ਚਿੱਟਾ ਘੋੜਾ ਕਿਸ ਚੀਜ਼ ਨੂੰ ਦਰਸਾਉਂਦਾ ਹੈ? (ਅ) ਤਲਵਾਰ ਤੇ ਤੀਰ-ਕਮਾਨ ਕਿਨ੍ਹਾਂ ਚੀਜ਼ਾਂ ਨੂੰ ਦਰਸਾਉਂਦੇ ਹਨ?
17 ਜ਼ਬੂਰਾਂ ਦੀ ਪੋਥੀ 45:5 ਪੜ੍ਹੋ। ਰਾਜਾ ਇਕ ਚਿੱਟੇ ਘੋੜੇ ʼਤੇ ਸਵਾਰ ਹੈ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸ਼ੁੱਧ ਤੇ ਧਰਮੀ ਲੜਾਈ ਨੂੰ ਦਰਸਾਉਂਦਾ ਹੈ। (ਪ੍ਰਕਾ. 6:2; 19:11) ਰਾਜੇ ਕੋਲ ਤਲਵਾਰ ਤੋਂ ਇਲਾਵਾ ਇਕ ਤੀਰ-ਕਮਾਨ ਵੀ ਹੈ। ਬਾਈਬਲ ਕਹਿੰਦੀ ਹੈ: “ਮੈਂ ਇਕ ਚਿੱਟਾ ਘੋੜਾ ਦੇਖਿਆ ਅਤੇ ਉਸ ਦੇ ਸਵਾਰ ਕੋਲ ਇਕ ਤੀਰ-ਕਮਾਨ ਸੀ ਅਤੇ ਉਸ ਨੂੰ ਇਕ ਮੁਕਟ ਦਿੱਤਾ ਗਿਆ ਅਤੇ ਉਹ ਆਪਣੇ ਦੁਸ਼ਮਣਾਂ ਨਾਲ ਲੜਨ ਅਤੇ ਉਨ੍ਹਾਂ ਉੱਤੇ ਪੂਰੀ ਤਰ੍ਹਾਂ ਜਿੱਤ ਹਾਸਲ ਕਰਨ ਲਈ ਨਿਕਲ ਤੁਰਿਆ।” ਇਹ ਤਲਵਾਰ ਤੇ ਤੀਰ-ਕਮਾਨ ਦੋਵੇਂ ਉਨ੍ਹਾਂ ਚੀਜ਼ਾਂ ਨੂੰ ਦਰਸਾਉਂਦੇ ਹਨ ਜੋ ਮਸੀਹ ਆਪਣੇ ਦੁਸ਼ਮਣਾਂ ਦਾ ਸਫ਼ਾਇਆ ਕਰਨ ਲਈ ਵਰਤੇਗਾ।
18. ਮਸੀਹ ਦੇ “ਤੀਰ” ਕਿੰਨੇ ਕੁ “ਤਿੱਖੇ” ਹੋਣਗੇ?
18 ਜ਼ਬੂਰਾਂ ਦੇ ਲਿਖਾਰੀ ਨੇ ਸ਼ਾਇਰਾਨਾ ਅੰਦਾਜ਼ ਵਿਚ ਭਵਿੱਖਬਾਣੀ ਕੀਤੀ ਕਿ ਰਾਜੇ ਦੇ ‘ਤੀਰ ਤਿੱਖੇ ਹਨ, ਓਹ ਪਾਤਸ਼ਾਹ ਦੇ ਵੈਰੀਆਂ ਦੇ ਦਿਲਾਂ ਨੂੰ ਵਿੰਨ੍ਹਦੇ ਹਨ’ ਅਤੇ ‘ਉੱਮਤਾਂ ਉਸ ਦੇ ਹੇਠ ਡਿੱਗਦੀਆਂ ਹਨ।’ ਆਰਮਾਗੇਡਨ ਤੋਂ ਬਾਅਦ ਹਰ ਪਾਸੇ ਲਾਸ਼ਾਂ ਹੀ ਲਾਸ਼ਾਂ ਹੋਣਗੀਆਂ। ਇਸ ਬਾਰੇ ਯਿਰਮਿਯਾਹ ਨੇ ਭਵਿੱਖਬਾਣੀ ਕੀਤੀ: “ਯਹੋਵਾਹ ਦੇ ਮਾਰੇ ਹੋਏ ਉਸ ਦਿਨ ਧਰਤੀ ਦੇ ਇੱਕ ਕੰਢੇ ਤੋਂ ਦੂਜੇ ਕੰਢੇ ਤੀਕ ਪਏ ਰਹਿਣਗੇ।” (ਯਿਰ. 25:33) ਇਸ ਨਾਲ ਮਿਲਦੀ-ਜੁਲਦੀ ਇਕ ਹੋਰ ਭਵਿੱਖਬਾਣੀ ਕਹਿੰਦੀ ਹੈ: “ਮੈਂ ਇਕ ਦੂਤ ਨੂੰ ਸੂਰਜ ਦੇ ਮੋਹਰੇ ਖੜ੍ਹਾ ਦੇਖਿਆ ਅਤੇ ਉਸ ਨੇ ਆਕਾਸ਼ ਵਿਚ ਉੱਡਦੇ ਸਾਰੇ ਪੰਛੀਆਂ ਨੂੰ ਉੱਚੀ ਆਵਾਜ਼ ਵਿਚ ਕਿਹਾ: ‘ਆਓ, ਪਰਮੇਸ਼ੁਰ ਵੱਲੋਂ ਦਿੱਤੀ ਜਾ ਰਹੀ ਵੱਡੀ ਦਾਅਵਤ ਵਿਚ ਆਓ, ਤੁਸੀਂ ਰਾਜਿਆਂ ਦਾ, ਫ਼ੌਜ ਦੇ ਕਮਾਂਡਰਾਂ ਦਾ, ਤਾਕਤਵਰ ਲੋਕਾਂ ਦਾ, ਘੋੜਿਆਂ ਦਾ, ਉਨ੍ਹਾਂ ਦੇ ਸਵਾਰਾਂ ਦਾ, ਆਜ਼ਾਦ ਲੋਕਾਂ ਦਾ, ਗ਼ੁਲਾਮਾਂ ਦਾ, ਛੋਟੇ ਲੋਕਾਂ ਦਾ, ਵੱਡੇ ਲੋਕਾਂ ਦਾ, ਹਾਂ ਸਾਰੇ ਲੋਕਾਂ ਦਾ ਮਾਸ ਖਾਓ।’”—ਪ੍ਰਕਾ. 19:17, 18.
19. ਮਸੀਹ ਪੂਰੀ ਤਰ੍ਹਾਂ ਜਿੱਤ ਕਿਵੇਂ ਹਾਸਲ ਕਰੇਗਾ?
19 ਸ਼ੈਤਾਨ ਦੀ ਬੁਰੀ ਦੁਨੀਆਂ ਦਾ ਨਾਮੋ-ਨਿਸ਼ਾਨ ਮਿਟਾਉਣ ਤੋਂ ਬਾਅਦ ਮਸੀਹ ‘ਆਪਣੀ ਸ਼ਾਹੀ ਜਿੱਤ ਦੀ ਅਸਵਾਰੀ ਕਰੇਗਾ।’ (ਭਜਨ 45:4, CL) ਉਹ ਸ਼ੈਤਾਨ ਤੇ ਉਸ ਦੇ ਦੁਸ਼ਟ ਦੂਤਾਂ ਨੂੰ ਅਥਾਹ ਕੁੰਡ ਵਿਚ ਇਕ ਹਜ਼ਾਰ ਸਾਲਾਂ ਲਈ ਸੁੱਟ ਕੇ ਪੂਰੀ ਤਰ੍ਹਾਂ ਜਿੱਤ ਹਾਸਲ ਕਰੇਗਾ। (ਪ੍ਰਕਾ. 20:2, 3) ਅਥਾਹ ਕੁੰਡ ਵਿਚ ਸ਼ੈਤਾਨ ਤੇ ਉਸ ਦੇ ਦੂਤਾਂ ਦੀ ਹਾਲਤ ਮਰਿਆਂ ਵਰਗੀ ਹੋਵੇਗੀ ਜਿਸ ਕਾਰਨ ਉਹ ਧਰਤੀ ʼਤੇ ਲੋਕਾਂ ਦਾ ਕੁਝ ਨਹੀਂ ਵਿਗਾੜ ਸਕਣਗੇ। ਫਿਰ ਲੋਕ ਆਪਣੇ ਮਹਾਨ ਰਾਜੇ ਦੀ ਹਕੂਮਤ ਅਧੀਨ ਖ਼ੁਸ਼ੀ-ਖ਼ੁਸ਼ੀ ਰਹਿ ਸਕਣਗੇ। ਪਰ ਇਸ ਤੋਂ ਪਹਿਲਾਂ ਕਿ ਪੂਰੀ ਧਰਤੀ ਇਕ ਸੋਹਣੇ ਬਾਗ਼ ਵਰਗੀ ਬਣਾਈ ਜਾਵੇ, ਸਵਰਗ ਵਿਚ ਕੁਝ ਅਜਿਹਾ ਵਾਪਰੇਗਾ ਜਿਸ ਕਰਕੇ ਧਰਤੀ ʼਤੇ ਲੋਕ ਆਪਣੇ ਸਵਰਗੀ ਰਾਜੇ ਅਤੇ ਉਸ ਦੇ 1,44,000 ਸਾਥੀਆਂ ਨਾਲ ਜਸ਼ਨ ਮਨਾਉਣਗੇ। ਉਸ ਖ਼ੁਸ਼ੀਆਂ ਭਰੇ ਮੌਕੇ ਬਾਰੇ ਅਗਲੇ ਲੇਖ ਵਿਚ ਦੱਸਿਆ ਜਾਵੇਗਾ।