ਇਤਿਹਾਸ ਦੇ ਪੰਨਿਆਂ ਤੋਂ
ਜਪਾਨ ਵਿਚ ਸੱਚਾਈ ਦਾ ਸੂਰਜ ਚੜ੍ਹਿਆ
ਜਪਾਨ ਵਿਚ ਪੈਦਾ ਹੋਇਆ ਇਕ ਪਿਲਗ੍ਰਿਮ (ਸਰਕਟ ਓਵਰਸੀਅਰ) 6 ਸਤੰਬਰ 1926 ਨੂੰ ਮਿਸ਼ਨਰੀ ਵਜੋਂ ਅਮਰੀਕਾ ਤੋਂ ਜਪਾਨ ਵਾਪਸ ਆਇਆ। ਉਸ ਦਾ ਸੁਆਗਤ ਕਰਨ ਵਾਲਾ ਸਿਰਫ਼ ਇਕ ਆਦਮੀ ਸੀ ਜੋ ਸੰਸਥਾ ਤੋਂ ਪਹਿਰਾਬੁਰਜ ਰਸਾਲੇ ਮੰਗਵਾਉਂਦਾ ਸੀ। ਉਸ ਆਦਮੀ ਨੇ ਕੋਬੇ ਸ਼ਹਿਰ ਵਿਚ ਇਕ ਬਾਈਬਲ ਸਟੱਡੀ ਗਰੁੱਪ ਸ਼ੁਰੂ ਕੀਤਾ ਸੀ। ਉਸ ਸ਼ਹਿਰ ਵਿਚ 2 ਜਨਵਰੀ 1927 ਨੂੰ ਬਾਈਬਲ ਸਟੂਡੈਂਟਸ ਦਾ ਪਹਿਲਾ ਸੰਮੇਲਨ ਹੋਇਆ ਸੀ ਜਿਸ ਵਿਚ 36 ਲੋਕ ਆਏ ਤੇ 8 ਜਣਿਆਂ ਨੇ ਬਪਤਿਸਮਾ ਲਿਆ। ਇਨ੍ਹਾਂ ਭੈਣਾਂ-ਭਰਾਵਾਂ ਨੇ ਸੱਚਾਈ ਫੈਲਾਉਣ ਦੀ ਵਧੀਆ ਸ਼ੁਰੂਆਤ ਕੀਤੀ, ਪਰ ਇਹ ਛੋਟਾ ਜਿਹਾ ਸਮੂਹ ਜਪਾਨ ਦੇ 6 ਕਰੋੜ ਲੋਕਾਂ ਤਕ ਬਾਈਬਲ ਦੀ ਸੱਚਾਈ ਦਾ ਚਾਨਣ ਕਿੱਦਾਂ ਫੈਲਾਉਂਦਾ?
ਮਈ 1927 ਵਿਚ ਜੋਸ਼ੀਲੇ ਬਾਈਬਲ ਸਟੂਡੈਂਟਸ ਨੇ ਬਾਈਬਲ-ਆਧਾਰਿਤ ਕੁਝ ਭਾਸ਼ਣਾਂ ਦੀ ਮਸ਼ਹੂਰੀ ਕਰਨ ਲਈ ਮੁਹਿੰਮ ਚਲਾਈ। ਓਸਾਕਾ ਵਿਚ ਹੋਣ ਵਾਲੇ ਪਹਿਲੇ ਭਾਸ਼ਣ ਲਈ ਭੈਣਾਂ-ਭਰਾਵਾਂ ਨੇ ਪੂਰੇ ਸ਼ਹਿਰ ਵਿਚ ਸੜਕਾਂ ʼਤੇ ਛੋਟੇ-ਛੋਟੇ ਬੋਰਡ ਅਤੇ ਵੱਡੇ-ਵੱਡੇ ਇਸ਼ਤਿਹਾਰ ਲਾਏ ਤੇ 3,000 ਸੱਦਾ-ਪੱਤਰ ਮੰਨੇ-ਪ੍ਰਮੰਨੇ ਲੋਕਾਂ ਨੂੰ ਭੇਜੇ। ਉਨ੍ਹਾਂ ਨੇ 1,50,000 ਸੱਦਾ-ਪੱਤਰ ਵੰਡੇ, ਓਸਾਕਾ ਦੀਆਂ ਮਸ਼ਹੂਰ ਅਖ਼ਬਾਰਾਂ ਵਿਚ ਅਤੇ 4,00,000 ਟ੍ਰੇਨ ਟਿਕਟਾਂ ʼਤੇ ਮਸ਼ਹੂਰੀ ਕਰਵਾਈ। ਭਾਸ਼ਣ ਵਾਲੇ ਦਿਨ ਦੋ ਜਹਾਜ਼ਾਂ ਰਾਹੀਂ ਸਾਰੇ ਸ਼ਹਿਰ ਵਿਚ 1,00,000 ਸੱਦਾ-ਪੱਤਰ ਸੁੱਟੇ ਗਏ। ਓਸਾਕਾ ਦਾ ਅਸਾਹੀ ਹਾਲ ਤਕਰੀਬਨ 2,300 ਲੋਕਾਂ ਨਾਲ ਖਚਾਖਚ ਭਰ ਗਿਆ ਜੋ “ਪਰਮੇਸ਼ੁਰ ਦਾ ਰਾਜ ਨੇੜੇ ਹੈ” ਭਾਸ਼ਣ ਸੁਣਨ ਆਏ ਸਨ। ਸੀਟਾਂ ਨਾ ਹੋਣ ਕਰਕੇ ਲਗਭਗ 1,000 ਲੋਕਾਂ ਨੂੰ ਵਾਪਸ ਭੇਜਣਾ ਪਿਆ। ਭਾਸ਼ਣ ਤੋਂ ਬਾਅਦ 600 ਤੋਂ ਜ਼ਿਆਦਾ ਲੋਕ ਸਵਾਲ-ਜਵਾਬ ਵਾਲੇ ਸੈਸ਼ਨ ਲਈ ਰੁਕੇ। ਅਗਲੇ ਮਹੀਨਿਆਂ ਦੌਰਾਨ ਕੀਓਟੋ ਅਤੇ ਪੱਛਮੀ ਜਪਾਨ ਦੇ ਸ਼ਹਿਰਾਂ ਵਿਚ ਵੀ ਬਾਈਬਲ-ਆਧਾਰਿਤ ਪਬਲਿਕ ਭਾਸ਼ਣ ਦਿੱਤੇ ਗਏ ਸਨ।
ਅਕਤੂਬਰ 1927 ਵਿਚ ਬਾਈਬਲ ਸਟੂਡੈਂਟਸ ਨੇ ਟੋਕੀਓ ਵਿਚ ਭਾਸ਼ਣਾਂ ਦਾ ਇੰਤਜ਼ਾਮ ਕੀਤਾ। ਉਨ੍ਹਾਂ ਨੇ ਫਿਰ ਪ੍ਰਸਿੱਧ ਲੋਕਾਂ ਨੂੰ ਸੱਦਾ-ਪੱਤਰ ਭੇਜੇ ਜਿਨ੍ਹਾਂ ਵਿਚ ਪ੍ਰਧਾਨ ਮੰਤਰੀ, ਸੰਸਦ ਦੇ ਮੈਂਬਰ ਅਤੇ ਧਾਰਮਿਕ ਤੇ ਮਿਲਟਰੀ ਆਗੂ ਸ਼ਾਮਲ ਸਨ। ਭਾਸ਼ਣ ਦੀ ਮਸ਼ਹੂਰੀ ਕਰਨ ਲਈ ਉਨ੍ਹਾਂ ਨੇ ਪੋਸਟਰ ਲਾਏ, ਅਖ਼ਬਾਰਾਂ ਵਿਚ ਮਸ਼ਹੂਰੀ ਦਿੱਤੀ ਅਤੇ 7,10,000 ਸੱਦਾ-ਪੱਤਰ ਵੰਡੇ। ਇਸ ਕਰਕੇ ਜਪਾਨ ਦੀ ਰਾਜਧਾਨੀ ਵਿਚ ਹੋਣ ਵਾਲੇ ਤਿੰਨ ਭਾਸ਼ਣਾਂ ਨੂੰ ਸੁਣਨ ਲਈ 4,800 ਲੋਕ ਆਏ।
ਜੋਸ਼ੀਲੇ ਕੋਲਪੋਰਟਰ
ਕੋਲਪੋਰਟਰਾਂ (ਪਾਇਨੀਅਰਾਂ) ਨੇ ਰਾਜ ਦੇ ਸੰਦੇਸ਼ ਨੂੰ ਲੋਕਾਂ ਦੇ ਘਰਾਂ ਤਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ। ਮਾਟਸੂਏ ਈਸ਼ੀ, ਜੋ ਜਪਾਨ ਦੇ ਪਹਿਲੇ ਕੋਲਪੋਰਟਰਾਂ ਵਿੱਚੋਂ ਇਕ ਸੀ, ਨੇ ਆਪਣੇ ਪਤੀ ਜੀਜ਼ੋ ਨਾਲ ਜਪਾਨ ਦੇ 75% ਹਿੱਸੇ ਵਿਚ ਪ੍ਰਚਾਰ ਕੀਤਾ। ਉਨ੍ਹਾਂ ਨੇ ਜਪਾਨ ਦੇ ਉੱਤਰ ਵਿਚ ਸਪੋਰੋ ਤੋਂ ਲੈ ਕੇ ਸੇਨਡਾਈ ਤਕ, ਫਿਰ ਟੋਕੀਓ, ਯੋਕੋਹਾਮਾ, ਨਗੋਆ, ਓਸਾਕਾ, ਕੀਓਟੋ, ਓਕਾਯਾਮਾ ਅਤੇ ਟੋਕੂਸ਼ੀਮਾ ਵਿਚ ਵੀ ਪ੍ਰਚਾਰ ਕੀਤਾ। ਭੈਣ ਈਸ਼ੀ ਤੇ ਬਜ਼ੁਰਗ ਭੈਣ ਸਾਕੀਕੋ ਟਾਨਾਕਾ ਰਵਾਇਤੀ ਪਹਿਰਾਵਾ ਕਿਮੋਨੋ ਪਾ ਕੇ ਸਰਕਾਰੀ ਅਧਿਕਾਰੀਆਂ ਕੋਲ ਗਈਆਂ। ਇਕ ਅਧਿਕਾਰੀ ਨੇ ਪਰਮੇਸ਼ੁਰ ਦੀ ਬਰਬਤ ਅਤੇ ਮੁਕਤੀ (ਅੰਗ੍ਰੇਜ਼ੀ) ਕਿਤਾਬਾਂ ਦੇ 300 ਸੈੱਟ ਮੰਗਵਾਏ ਤਾਂਕਿ ਉਹ ਉਨ੍ਹਾਂ ਕਿਤਾਬਾਂ ਨੂੰ ਜੇਲ੍ਹ ਦੀਆਂ ਲਾਇਬ੍ਰੇਰੀਆਂ ਵਿਚ ਰੱਖ ਸਕੇ।
ਕਟਸੂਓ ਤੇ ਉਸ ਦੀ ਪਤਨੀ ਹਾਗੀਨੋ ਮੀਊਰਾ ਨੇ ਭੈਣ ਈਸ਼ੀ ਤੋਂ ਕਿਤਾਬਾਂ ਲਈਆਂ ਤੇ ਦੋਹਾਂ ਨੇ ਝੱਟ ਸੱਚਾਈ ਸਵੀਕਾਰ ਕਰ ਲਈ। ਉਨ੍ਹਾਂ ਨੇ 1931 ਵਿਚ ਬਪਤਿਸਮਾ ਲੈ ਲਿਆ ਤੇ ਕੋਲਪੋਰਟਰ ਬਣ ਗਏ। ਹਾਰੂਈਚੀ ਤੇ ਟਾਨੇ ਯਾਮਾਡਾ ਅਤੇ ਉਨ੍ਹਾਂ ਦੇ ਕਈ ਰਿਸ਼ਤੇਦਾਰ 1930 ਤੋਂ ਪਹਿਲਾਂ ਸੱਚਾਈ ਵਿਚ ਆ ਗਏ। ਹਾਰੂਈਚੀ ਤੇ ਟਾਨੇ ਯਾਮਾਡਾ ਕੋਲਪੋਰਟਰ ਬਣ ਗਏ ਤੇ ਉਨ੍ਹਾਂ ਦੀ ਧੀ ਯੂਕੀਕੋ ਟੋਕੀਓ ਬੈਥਲ ਵਿਚ ਸੇਵਾ ਕਰਨ ਲੱਗ ਪਈ।
ਵੱਡੇ ਛੋਟੇ “ਯੇਹੂ”
ਉਸ ਜ਼ਮਾਨੇ ਵਿਚ ਕਾਰਾਂ ਬਹੁਤ ਮਹਿੰਗੀਆਂ ਸਨ ਤੇ ਸੜਕਾਂ ਵੀ ਖ਼ਰਾਬ ਸਨ। ਇਸ ਲਈ ਕਾਜ਼ੂਮੀ ਮੀਨੋਊਰਾ ਤੇ ਹੋਰ ਨੌਜਵਾਨ ਕੋਲਪੋਰਟਰ ਕਾਰਾਂ ਵਰਗੇ ਛੋਟੇ ਜਿਹੇ ਘਰ ਵਰਤਦੇ ਸਨ, ਪਰ ਉਨ੍ਹਾਂ ਦੇ ਇੰਜਣ ਨਹੀਂ ਸਨ। ਉਨ੍ਹਾਂ ਨੇ ਇਨ੍ਹਾਂ ਘਰਾਂ ਦੇ ਨਾਂ ਯੇਹੂ ਰੱਖੇ ਸਨ ਤੇ ਯੇਹੂ ਇਕ ਇਜ਼ਰਾਈਲੀ ਰਾਜਾ ਸੀ ਜੋ ਤੇਜ਼ੀ ਨਾਲ ਰਥ ਚਲਾਉਂਦਾ ਸੀ। (2 ਰਾਜ. 10:13-16) ਤਿੰਨ ਵੱਡੇ ਯੇਹੂਆਂ ਦੀ ਲੰਬਾਈ 7.2 ਫੁੱਟ (2.2 ਮੀਟਰ), ਚੌੜਾਈ 6.2 ਫੁੱਟ (1.9 ਮੀਟਰ) ਅਤੇ ਉਚਾਈ 6.2 ਫੁੱਟ (1.9 ਮੀਟਰ) ਸੀ। ਹਰ ਯੇਹੂ ਵਿਚ 6 ਕੋਲਪੋਰਟਰ ਸੌਂ ਸਕਦੇ ਸਨ। ਇਸ ਤੋਂ ਇਲਾਵਾ, ਜਪਾਨ ਬ੍ਰਾਂਚ ਨੇ 11 ਛੋਟੇ-ਛੋਟੇ ਯੇਹੂ ਬਣਾਏ ਸਨ ਜਿਨ੍ਹਾਂ ਦੇ ਅੱਗੇ ਸਾਈਕਲ ਲੱਗੇ ਹੋਏ ਸਨ ਅਤੇ ਇਨ੍ਹਾਂ ਵਿਚ ਦੋ ਕੋਲਪੋਰਟਰ ਸੌਂ ਸਕਦੇ ਸਨ। ਭਰਾ ਕੀਚੀ ਈਵਾਸਾਕੀ ਨੇ ਯੇਹੂ ਬਣਾਉਣ ਵਿਚ ਮਦਦ ਕੀਤੀ ਸੀ ਅਤੇ ਉਹ ਕਹਿੰਦਾ ਹੈ: “ਹਰ ਯੇਹੂ ਵਿਚ ਇਕ ਟੈਂਟ ਦੇ ਨਾਲ-ਨਾਲ ਕਾਰ ਬੈਟਰੀ ਵੀ ਸੀ ਜਿਸ ਨਾਲ ਲਾਈਟਾਂ ਜਗਦੀਆਂ ਸਨ।” ਪੂਰੇ ਜਪਾਨ ਵਿਚ ਸੱਚਾਈ ਦੀ ਰੌਸ਼ਨੀ ਫੈਲਾਉਣ ਲਈ ਕੋਲਪੋਰਟਰ ਉੱਤਰੀ ਹੋਕਾਇਡੋ ਤੋਂ ਦੱਖਣ ਵਿਚ ਕਿਊਸ਼ੂ ਤਕ ਯੇਹੂਆਂ ਨੂੰ ਧੱਕਾ ਲਾ ਕੇ ਤੇ ਖਿੱਚ ਕੇ ਪਹਾੜਾਂ ਤੋਂ ਉੱਪਰ-ਥੱਲੇ ਲੈ ਕੇ ਜਾਂਦੇ ਸਨ ਅਤੇ ਵਾਦੀਆਂ ਪਾਰ ਕਰਦੇ ਸਨ।
ਕੋਲਪੋਰਟਰ ਈਕੂਮਾਟਸੂ ਓਟਾ ਦੱਸਦਾ ਹੈ: “ਜਦੋਂ ਅਸੀਂ ਕਿਸੇ ਕਸਬੇ ਵਿਚ ਪਹੁੰਚਦੇ ਸੀ, ਤਾਂ ਅਸੀਂ ਯੇਹੂ ਨੂੰ ਨਦੀ ਦੇ ਕੰਢੇ ʼਤੇ ਜਾਂ ਖੁੱਲ੍ਹੇ ਮੈਦਾਨ ਵਿਚ ਖੜ੍ਹਾ ਕਰ ਦਿੰਦੇ ਸੀ। ਪਹਿਲਾਂ ਅਸੀਂ ਕਸਬੇ ਦੇ ਮੰਨੇ-ਪ੍ਰਮੰਨੇ ਆਦਮੀਆਂ ਨੂੰ ਜਾ ਕੇ ਮਿਲਦੇ ਸੀ, ਜਿਵੇਂ ਕਿ ਮੇਅਰ। ਉਸ ਤੋਂ ਬਾਅਦ ਅਸੀਂ ਘਰ-ਘਰ ਜਾ ਕੇ ਲੋਕਾਂ ਨੂੰ ਆਪਣੇ ਪ੍ਰਕਾਸ਼ਨ ਦਿੰਦੇ ਸੀ। ਪੂਰੇ ਕਸਬੇ ਵਿਚ ਪ੍ਰਚਾਰ ਕਰਨ ਤੋਂ ਬਾਅਦ ਅਸੀਂ ਅਗਲੇ ਕਸਬੇ ਵਿਚ ਚਲੇ ਜਾਂਦੇ ਸੀ।”
36 ਭੈਣਾਂ-ਭਰਾਵਾਂ ਨੇ ਕੋਬੇ ਵਿਚ ਪਹਿਲੇ ਸੰਮੇਲਨ ਦਾ ਇੰਤਜ਼ਾਮ ਕਰ ਕੇ ਛੋਟੀ ਜਿਹੀ ਸ਼ੁਰੂਆਤ ਕੀਤੀ ਸੀ। (ਜ਼ਕ. 4:10) ਪਰ ਸਿਰਫ਼ ਪੰਜ ਸਾਲਾਂ ਬਾਅਦ 1932 ਵਿਚ 103 ਕੋਲਪੋਰਟਰਾਂ ਤੇ ਪਬਲੀਸ਼ਰਾਂ ਨੇ ਪ੍ਰਚਾਰ ਦੀ ਰਿਪੋਰਟ ਦਿੱਤੀ ਜਿਸ ਮੁਤਾਬਕ ਉਨ੍ਹਾਂ ਨੇ 14,000 ਤੋਂ ਜ਼ਿਆਦਾ ਕਿਤਾਬਾਂ ਵੰਡੀਆਂ। ਅੱਜ ਜਪਾਨ ਦੇ ਵੱਡੇ ਸ਼ਹਿਰਾਂ ਦੀਆਂ ਪਬਲਿਕ ਥਾਵਾਂ ʼਤੇ ਪ੍ਰਚਾਰ ਦਾ ਕੰਮ ਬਹੁਤ ਵਧੀਆ ਢੰਗ ਨਾਲ ਕੀਤਾ ਜਾ ਰਿਹਾ ਹੈ। ਲਗਭਗ 2,20,000 ਪਬਲੀਸ਼ਰ ਪੂਰੇ ਜਪਾਨ ਵਿਚ ਸੱਚਾਈ ਦੀ ਰੌਸ਼ਨੀ ਫੈਲਾ ਰਹੇ ਹਨ।—ਜਪਾਨ ਵਿਚ ਸਾਡੇ ਇਤਿਹਾਸਕ ਰਿਕਾਰਡ ਤੋਂ।