ਯਹੋਵਾਹ ਦੀ ਖੁੱਲ੍ਹ-ਦਿਲੀ ਲਈ ਕਦਰ ਦਿਖਾਓ
ਯਹੋਵਾਹ ਖੁੱਲ੍ਹੇ ਦਿਲ ਵਾਲਾ ਪਰਮੇਸ਼ੁਰ ਹੈ। (ਯਾਕੂ. 1:17) ਰਾਤ ਨੂੰ ਟਿਮਟਿਮਾਉਂਦੇ ਤਾਰਿਆਂ ਨਾਲ ਭਰੇ ਆਕਾਸ਼ ਤੋਂ ਲੈ ਕੇ ਜ਼ਮੀਨ ਦੇ ਖ਼ੂਬਸੂਰਤ ਨਜ਼ਾਰਿਆਂ ਤਕ ਯਹੋਵਾਹ ਦੀ ਸਾਰੀ ਸ੍ਰਿਸ਼ਟੀ ਉਸ ਦੀ ਖੁੱਲ੍ਹ-ਦਿਲੀ ਦੇ ਗੁਣਗਾਨ ਕਰਦੀ ਹੈ।—ਜ਼ਬੂ. 65:12, 13; 147:7, 8; 148:3, 4.
ਜ਼ਬੂਰਾਂ ਦੇ ਲਿਖਾਰੀ ਦੇ ਦਿਲ ਵਿਚ ਆਪਣੇ ਸ੍ਰਿਸ਼ਟੀਕਰਤਾ ਲਈ ਇੰਨੀ ਜ਼ਿਆਦਾ ਕਦਰ ਸੀ ਕਿ ਉਹ ਯਹੋਵਾਹ ਦੇ ਕੰਮਾਂ ਦੀ ਮਹਿਮਾ ਕਰਨ ਵਾਲਾ ਗੀਤ ਲਿਖਣ ਲਈ ਪ੍ਰੇਰਿਤ ਹੋਇਆ। ਜ਼ਬੂਰ 104 ਪੜ੍ਹੋ ਅਤੇ ਦੇਖੋ ਕਿ ਤੁਸੀਂ ਵੀ ਉਸ ਵਾਂਗ ਮਹਿਸੂਸ ਨਹੀਂ ਕਰਦੇ। ਉਸ ਨੇ ਕਿਹਾ: “ਮੈਂ ਜੀਵਨ ਭਰ ਯਹੋਵਾਹ ਨੂੰ ਗਾਵਾਂਗਾ, ਜਿੰਨਾ ਚਿਰ ਮੈਂ ਰਹਾਂਗਾ ਮੈਂ ਆਪਣੇ ਪਰਮੇਸ਼ੁਰ ਲਈ ਭਜਨ ਗਾਵਾਂਗਾ!” (ਜ਼ਬੂ. 104:33) ਕੀ ਤੁਸੀਂ ਵੀ ਇਸੇ ਤਰ੍ਹਾਂ ਨਹੀਂ ਕਰਨਾ ਚਾਹੁੰਦੇ?
ਖੁੱਲ੍ਹ-ਦਿਲੀ ਦੀ ਉੱਤਮ ਮਿਸਾਲ
ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੀ ਖੁੱਲ੍ਹ-ਦਿਲੀ ਦੀ ਰੀਸ ਕਰੀਏ। ਉਹ ਸਾਨੂੰ ਖੁੱਲ੍ਹ-ਦਿਲੀ ਦਿਖਾਉਣ ਦੇ ਕਾਰਨ ਵੀ ਦੱਸਦਾ ਹੈ। ਧਿਆਨ ਦਿਓ ਕਿ ਉਸ ਨੇ ਪੌਲੁਸ ਨੂੰ ਕੀ ਲਿਖਣ ਲਈ ਪ੍ਰੇਰਿਤ ਕੀਤਾ: “ਜਿਹੜੇ ਇਸ ਜ਼ਮਾਨੇ ਵਿਚ ਅਮੀਰ ਹਨ, ਉਨ੍ਹਾਂ ਨੂੰ ਕਹਿ ਕਿ ਉਹ ਹੰਕਾਰ ਨਾ ਕਰਨ ਤੇ ਨਾ ਹੀ ਧਨ-ਦੌਲਤ ਉੱਤੇ ਉਮੀਦ ਰੱਖਣ ਜਿਸ ਦਾ ਕੋਈ ਭਰੋਸਾ ਨਹੀਂ ਹੈ, ਸਗੋਂ ਪਰਮੇਸ਼ੁਰ ਉੱਤੇ ਉਮੀਦ ਰੱਖਣ ਜਿਹੜਾ ਸਾਨੂੰ ਸਾਰੀਆਂ ਚੀਜ਼ਾਂ ਦਿਲ ਖੋਲ੍ਹ ਕੇ ਦਿੰਦਾ ਹੈ ਤਾਂਕਿ ਅਸੀਂ ਇਨ੍ਹਾਂ ਦਾ ਮਜ਼ਾ ਲੈ ਸਕੀਏ। ਨਾਲੇ ਉਨ੍ਹਾਂ ਨੂੰ ਕਹਿ ਕਿ ਉਹ ਦੂਸਰਿਆਂ ਨਾਲ ਭਲਾਈ ਕਰਨ, ਚੰਗੇ ਕੰਮ ਕਰਨ ਵਿਚ ਲੱਗੇ ਰਹਿਣ, ਖੁੱਲ੍ਹੇ ਦਿਲ ਵਾਲੇ ਬਣਨ ਅਤੇ ਜੋ ਉਨ੍ਹਾਂ ਕੋਲ ਹੈ, ਉਹ ਦੂਸਰਿਆਂ ਨਾਲ ਵੰਡਣ ਲਈ ਤਿਆਰ ਰਹਿਣ। ਇਸ ਤਰ੍ਹਾਂ ਕਰ ਕੇ ਉਹ ਆਪਣੇ ਲਈ ਪਰਮੇਸ਼ੁਰ ਵੱਲੋਂ ਮਿਲਿਆ ਖ਼ਜ਼ਾਨਾ ਇਕੱਠਾ ਕਰਦੇ ਹਨ ਯਾਨੀ ਭਵਿੱਖ ਲਈ ਇਕ ਚੰਗੀ ਨੀਂਹ ਧਰਦੇ ਹਨ, ਤਾਂਕਿ ਉਹ ਅਸਲੀ ਜ਼ਿੰਦਗੀ ਨੂੰ ਘੁੱਟ ਕੇ ਫੜ ਸਕਣ।”—1 ਤਿਮੋ. 6:17-19.
ਜਦੋਂ ਪੌਲੁਸ ਨੇ ਕੁਰਿੰਥੁਸ ਦੀ ਮੰਡਲੀ ਨੂੰ ਦੂਜੀ ਚਿੱਠੀ ਲਿਖੀ, ਤਾਂ ਉਸ ਨੇ ਉਨ੍ਹਾਂ ਨੂੰ ਦਾਨ ਦੇਣ ਸੰਬੰਧੀ ਸਹੀ ਰਵੱਈਆ ਰੱਖਣ ʼਤੇ ਜ਼ੋਰ ਦਿੱਤਾ। ਪੌਲੁਸ ਨੇ ਕਿਹਾ: “ਹਰੇਕ ਜਣਾ ਉਹੀ ਕਰੇ ਜੋ ਉਸ ਨੇ ਆਪਣੇ ਦਿਲ ਵਿਚ ਧਾਰਿਆ ਹੈ, ਨਾ ਕਿ ਬੇਦਿਲੀ ਨਾਲ ਜਾਂ ਮਜਬੂਰੀ ਨਾਲ ਕਿਉਂਕਿ ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।” (2 ਕੁਰਿੰ. 9:7) ਫਿਰ ਪੌਲੁਸ ਨੇ ਖੁੱਲ੍ਹੇ ਦਿਲ ਨਾਲ ਦਾਨ ਦੇਣ ਦੇ ਫ਼ਾਇਦੇ ਬਾਰੇ ਲਿਖਿਆ। ਉਸ ਨੇ ਦੱਸਿਆ ਕਿ ਦਾਨ ਮਿਲਣ ਵਾਲਿਆਂ ਦੀਆਂ ਜ਼ਰੂਰਤਾਂ ਪੂਰੀਆਂ ਹੋਣ ਦੇ ਨਾਲ-ਨਾਲ ਦਾਨ ਦੇਣ ਵਾਲਿਆਂ ਨੂੰ ਵੀ ਬਰਕਤਾਂ ਮਿਲਦੀਆਂ ਹਨ।—2 ਕੁਰਿੰ. 9:11-14.
ਪੌਲੁਸ ਨੇ ਇਸ ਚਿੱਠੀ ਦੇ 8ਵੇਂ ਅਤੇ 9ਵੇਂ ਅਧਿਆਇ ਦੇ ਅਖ਼ੀਰ ਵਿਚ ਯਹੋਵਾਹ ਦੀ ਖੁੱਲ੍ਹ-ਦਿਲੀ ਦਾ ਸਭ ਤੋਂ ਜ਼ਬਰਦਸਤ ਸਬੂਤ ਦਿੱਤਾ। ਪੌਲੁਸ ਨੇ ਲਿਖਿਆ: “ਆਓ ਆਪਾਂ ਪਰਮੇਸ਼ੁਰ ਦਾ ਧੰਨਵਾਦ ਕਰੀਏ ਕਿ ਉਸ ਨੇ ਇਹ ਵਰਦਾਨ ਦਿੱਤਾ ਹੈ ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।” (2 ਕੁਰਿੰ. 9:15) ਯਹੋਵਾਹ ਦੇ ਇਸ ਵਰਦਾਨ ਵਿਚ ਉਹ ਸਭ ਕੁਝ ਸ਼ਾਮਲ ਹੈ ਜੋ ਉਸ ਨੇ ਯਿਸੂ ਰਾਹੀਂ ਆਪਣੇ ਲੋਕਾਂ ਨੂੰ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਦੇਣ ਵਾਲਾ ਹੈ। ਇਹ ਵਰਦਾਨ ਇੰਨਾ ਸ਼ਾਨਦਾਰ ਹੈ ਕਿ ਇਸ ਦੀ ਕੀਮਤ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।
ਯਹੋਵਾਹ ਤੇ ਉਸ ਦੇ ਪੁੱਤਰ ਨੇ ਸਾਡੇ ਲਈ ਜੋ ਕੀਤਾ ਅਤੇ ਜੋ ਕਰਨਗੇ ਅਸੀਂ ਉਨ੍ਹਾਂ ਲਈ ਕਦਰਦਾਨੀ ਕਿਵੇਂ ਦਿਖਾ ਸਕਦੇ ਹਾਂ? ਇਕ ਤਰੀਕਾ ਹੈ, ਜਿੰਨਾ ਹੋ ਸਕੇ ਅਸੀਂ ਯਹੋਵਾਹ ਦੀ ਸੱਚੀ ਭਗਤੀ ਵਿਚ ਖੁੱਲ੍ਹ-ਦਿਲੀ ਨਾਲ ਆਪਣਾ ਸਮਾਂ, ਤਾਕਤ ਤੇ ਹੋਰ ਚੀਜ਼ਾਂ ਵਰਤੀਏ।—1 ਇਤ. 22:14; 29:3-5; ਲੂਕਾ 21:1-4.
a ਭਾਰਤ ਵਿਚ ਚੈੱਕ “Jehovah’s Witnesses of India” ਦੇ ਨਾਂ ʼਤੇ ਬਣਾਇਆ ਜਾਣਾ ਚਾਹੀਦਾ ਹੈ।
b ਜਿਨ੍ਹਾਂ ਕੋਲ ਭਾਰਤੀ ਪਾਸਪੋਰਟ ਹੈ, ਉਹ www.jwindiagift.org ਵੈੱਬਸਾਈਟ ʼਤੇ ਦਾਨ ਕਰ ਸਕਦੇ ਹਨ।
c ਫ਼ੈਸਲਾ ਲੈਣ ਤੋਂ ਪਹਿਲਾਂ ਆਪਣੇ ਬ੍ਰਾਂਚ ਆਫ਼ਿਸ ਨਾਲ ਗੱਲਬਾਤ ਕਰੋ।
d ਭਾਰਤ ਵਿਚ “ਆਪਣੇ ਮਾਲ-ਧਨ ਨਾਲ ਯਹੋਵਾਹ ਦੀ ਮਹਿਮਾ ਕਰੋ” ਨਾਂ ਦਾ ਦਸਤਾਵੇਜ਼ ਅੰਗ੍ਰੇਜ਼ੀ, ਹਿੰਦੀ, ਕੰਨੜ, ਤਾਮਿਲ, ਤੇਲਗੂ ਅਤੇ ਮਲਿਆਲਮ ਭਾਸ਼ਾਵਾਂ ਵਿਚ ਉਪਲਬਧ ਹੈ।