ਗ਼ਲਤੀਆਂ ਪ੍ਰਤੀ ਸਹੀ ਨਜ਼ਰੀਆ
ਡਾਨ ਅਤੇ ਮਾਰਗਰਟa ਦੀ ਧੀ ਅਤੇ ਉਸ ਦਾ ਪਰਿਵਾਰ ਉਨ੍ਹਾਂ ਨਾਲ ਰਹਿਣ ਆਇਆ ਹੋਇਆ ਸੀ। ਉਨ੍ਹਾਂ ਦੇ ਵਾਪਸ ਜਾਣ ਤੋਂ ਪਹਿਲਾਂ ਮਾਰਗਰਟ, ਜੋ ਪਹਿਲਾਂ ਇਕ ਕੁੱਕ ਸੀ, ਨੇ ਆਪਣੇ ਦੋ ਦੋਹਤਿਆਂ ਲਈ ਚੀਜ਼-ਮੈਕਰੋਨੀ ਬਣਾਈ ਜੋ ਉਨ੍ਹਾਂ ਦਾ ਮਨਪਸੰਦ ਖਾਣਾ ਸੀ।
ਸਾਰੇ ਜਣੇ ਕੁਰਸੀਆਂ ʼਤੇ ਬੈਠੇ ਹੋਏ ਸਨ। ਮਾਰਗਰਟ ਨੇ ਡੌਂਗਾ ਲਿਆ ਕੇ ਮੇਜ਼ ʼਤੇ ਰੱਖਿਆ। ਜਦੋਂ ਹੀ ਉਸ ਨੇ ਡੌਂਗੇ ਦਾ ਢੱਕਣ ਚੁੱਕਿਆ, ਤਾਂ ਉਹ ਇਹ ਦੇਖ ਕੇ ਪਰੇਸ਼ਾਨ ਹੋ ਗਈ ਕਿ ਡੌਂਗੇ ਵਿਚ ਸਿਰਫ਼ ਗਰਮ ਚੀਜ਼ ਸਾਸ ਸੀ। ਮਾਰਗਰਟ ਉਸ ਵਿਚ ਮੈਕਰੋਨੀ ਪਾਉਣੀ ਭੁੱਲ ਗਈ ਸੀ!b
ਚਾਹੇ ਅਸੀਂ ਛੋਟੇ ਹੋਈਏ ਜਾਂ ਵੱਡੇ ਜਾਂ ਸਾਨੂੰ ਜਿੰਨਾ ਮਰਜ਼ੀ ਤਜਰਬਾ ਹੋਵੇ, ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ। ਅਸੀਂ ਸ਼ਾਇਦ ਕਿਸੇ ਨੂੰ ਬਿਨਾਂ ਸੋਚੇ-ਸਮਝੇ ਕੁਝ ਕਹਿ ਦੇਈਏ ਜਾਂ ਗ਼ਲਤ ਸਮੇਂ ʼਤੇ ਕੋਈ ਕੰਮ ਕਰ ਦੇਈਏ ਜਾਂ ਸ਼ਾਇਦ ਅਸੀਂ ਅਣਜਾਣੇ ਵਿਚ ਕਿਸੇ ਚੀਜ਼ ਨੂੰ ਅਣਦੇਖੀ ਕਰ ਦੇਈਏ ਜਾਂ ਕੋਈ ਗੱਲ ਸਾਡੇ ਦਿਮਾਗ਼ ਵਿੱਚੋਂ ਨਿਕਲ ਜਾਵੇ। ਪਰ ਗ਼ਲਤੀਆਂ ਹੋਣ ʼਤੇ ਅਸੀਂ ਕਿਵੇਂ ਪੇਸ਼ ਆ ਸਕਦੇ ਹਾਂ? ਕੀ ਅਸੀਂ ਗ਼ਲਤੀਆਂ ਕਰਨ ਤੋਂ ਬਚ ਸਕਦੇ ਹਾਂ? ਗ਼ਲਤੀਆਂ ਪ੍ਰਤੀ ਸਹੀ ਨਜ਼ਰੀਆ ਰੱਖ ਕੇ ਸਾਨੂੰ ਇਨ੍ਹਾਂ ਸਵਾਲਾਂ ਦੇ ਸਹੀ ਜਵਾਬ ਮਿਲ ਸਕਦੇ ਹਨ।
ਗ਼ਲਤੀਆਂ ਬਾਰੇ ਸਾਡਾ ਅਤੇ ਰੱਬ ਦਾ ਨਜ਼ਰੀਆ
ਚੰਗਾ ਕੰਮ ਕਰਨ ʼਤੇ ਜਦੋਂ ਦੂਜੇ ਸਾਡੀ ਤਾਰੀਫ਼ ਕਰਦੇ ਹਨ, ਤਾਂ ਅਸੀਂ ਖ਼ੁਸ਼ੀ-ਖ਼ੁਸ਼ੀ ਉਸ ਨੂੰ ਕਬੂਲ ਕਰਦੇ ਹਾਂ ਅਤੇ ਸਾਨੂੰ ਲੱਗਦਾ ਹੈ ਕਿ ਸਾਡੀ ਤਾਰੀਫ਼ ਤਾਂ ਬਣਦੀ ਸੀ। ਜਦੋਂ ਅਸੀਂ ਗ਼ਲਤੀ ਕਰਦੇ ਹਾਂ, ਚਾਹੇ ਅਣਜਾਣੇ ਵਿਚ ਹੋਈ ਹੋਵੇ ਜਾਂ ਕਿਸੇ ਨੂੰ ਪਤਾ ਨਾ ਵੀ ਲੱਗਾ ਹੋਵੇ, ਤਾਂ ਕੀ ਉਦੋਂ ਵੀ ਸਾਨੂੰ ਗ਼ਲਤੀ ਦੀ ਜ਼ਿੰਮੇਵਾਰੀ ਆਪਣੇ ਸਿਰ ਨਹੀਂ ਲੈਣੀ ਚਾਹੀਦੀ? ਇੱਦਾਂ ਕਰਨ ਲਈ ਨਿਮਰਤਾ ਦੀ ਲੋੜ ਹੈ।
ਜੇ ਅਸੀਂ ਆਪਣੇ ਆਪ ਨੂੰ ਕੁਝ ਜ਼ਿਆਦਾ ਹੀ ਸਮਝਦੇ ਹਾਂ, ਤਾਂ ਅਸੀਂ ਸ਼ਾਇਦ ਆਪਣੀ ਗ਼ਲਤੀ ਦੇ ਬਹਾਨੇ ਬਣਾਈਏ, ਦੂਜਿਆਂ ʼਤੇ ਦੋਸ਼ ਮੜ੍ਹਨ ਦੀ ਕੋਸ਼ਿਸ਼ ਕਰੀਏ ਜਾਂ ਇੱਥੋਂ ਤਕ ਕਹੀਏ ਕਿ ਅਸੀਂ ਤਾਂ ਗ਼ਲਤੀ ਕੀਤੀ ਹੀ ਨਹੀਂ। ਇੱਦਾਂ ਕਰਨ ਦੇ ਅਕਸਰ ਬੁਰੇ ਨਤੀਜੇ ਨਿਕਲਦੇ ਹਨ। ਸਮੱਸਿਆ ਉੱਦਾਂ ਦੀ ਉੱਦਾਂ ਹੀ ਬਣੀ ਰਹਿ ਸਕਦੀ ਹੈ ਅਤੇ ਦੂਜੇ ਲੋਕਾਂ ʼਤੇ ਬਿਨਾਂ ਵਜ੍ਹਾ ਦੋਸ਼ ਲੱਗ ਸਕਦਾ ਹੈ। ਭਾਵੇਂ ਅਸੀਂ ਹੁਣ ਆਪਣਾ ਦੋਸ਼ ਦੂਜਿਆਂ ʼਤੇ ਲਾਉਣ ਵਿਚ ਸਫ਼ਲ ਹੋ ਵੀ ਜਾਈਏ, ਤਾਂ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਖ਼ੀਰ ਸਾਨੂੰ ਸਾਰਿਆਂ ਨੂੰ “ਪਰਮੇਸ਼ੁਰ ਨੂੰ ਆਪੋ-ਆਪਣਾ ਲੇਖਾ” ਦੇਣਾ ਪਵੇਗਾ।—ਰੋਮੀਆਂ 14:12.
ਰੱਬ ਗ਼ਲਤੀਆਂ ਪ੍ਰਤੀ ਸਹੀ ਨਜ਼ਰੀਆ ਰੱਖਦਾ ਹੈ। ਜ਼ਬੂਰਾਂ ਦੀ ਪੋਥੀ ਵਿਚ ਰੱਬ ਨੂੰ “ਦਯਾਲੂ ਤੇ ਕਿਰਪਾਲੂ” ਕਿਹਾ ਗਿਆ ਹੈ। ਉਹ “ਸਦਾ ਨਹੀਂ ਝਿੜਕੇਗਾ, ਨਾ ਸਦਾ ਲਈ ਆਪਣਾ ਕ੍ਰੋਧ ਰੱਖੇਗਾ।” ਉਹ ਜਾਣਦਾ ਹੈ ਕਿ ਅਸੀਂ ਨਾਮੁਕੰਮਲ ਹਾਂ ਅਤੇ ਉਸ ਨੂੰ ਪਤਾ ਹੈ ਕਿ “ਅਸੀਂ ਮਿੱਟੀ ਹੀ ਹਾਂ।”—ਜ਼ਬੂਰਾਂ ਦੀ ਪੋਥੀ 103:8, 9, 14.
ਇਸ ਤੋਂ ਇਲਾਵਾ, ਦਿਆਲੂ ਪਿਤਾ ਵਾਂਗ ਰੱਬ ਚਾਹੁੰਦਾ ਹੈ ਕਿ ਉਸ ਦੇ ਬੱਚੇ ਵੀ ਗ਼ਲਤੀਆਂ ਪ੍ਰਤੀ ਉਸ ਵਰਗਾ ਨਜ਼ਰੀਆ ਰੱਖਣ। (ਜ਼ਬੂਰਾਂ ਦੀ ਪੋਥੀ 130:3) ਉਸ ਦੇ ਬਚਨ ਵਿਚ ਬਹੁਤ ਵਧੀਆ ਸਲਾਹ ਦਿੱਤੀ ਗਈ ਹੈ ਜਿਸ ਦੀ ਮਦਦ ਨਾਲ ਅਸੀਂ ਆਪਣੀਆਂ ਅਤੇ ਦੂਜਿਆਂ ਦੀਆਂ ਗ਼ਲਤੀਆਂ ਪ੍ਰਤੀ ਸਹੀ ਨਜ਼ਰੀਆ ਰੱਖ ਸਕਾਂਗੇ।
ਗ਼ਲਤੀਆਂ ਹੋਣ ʼਤੇ ਪੇਸ਼ ਆਉਣ ਦੇ ਤਰੀਕੇ
ਜਦੋਂ ਗ਼ਲਤੀਆਂ ਹੋ ਜਾਂਦੀਆਂ ਹਨ, ਤਾਂ ਇਕ ਵਿਅਕਤੀ ਅਕਸਰ ਆਪਣਾ ਜ਼ਿਆਦਾ ਸਮਾਂ ਤੇ ਤਾਕਤ ਇਨ੍ਹਾਂ ਦਾ ਦੋਸ਼ ਦੂਜਿਆਂ ʼਤੇ ਮੜ੍ਹਨ ਉੱਤੇ ਜਾਂ ਆਪਣੀ ਸਫ਼ਾਈ ਪੇਸ਼ ਕਰਨ ʼਤੇ ਲਾਉਂਦਾ ਹੈ। ਜਦੋਂ ਤੁਹਾਡੀ ਕਿਸੇ ਗੱਲ ਕਰਕੇ ਕਿਸੇ ਦਾ ਦਿਲ ਦੁਖੀ ਹੁੰਦਾ ਹੈ, ਤਾਂ ਕਿਉਂ ਨਾ ਉਸ ਤੋਂ ਮਾਫ਼ੀ ਮੰਗੋ, ਆਪਣੀ ਗ਼ਲਤੀ ਸੁਧਾਰੋ ਅਤੇ ਆਪਣੀ ਦੋਸਤੀ ਬਣਾਈ ਰੱਖੋ। ਕੀ ਤੁਸੀਂ ਕੋਈ ਗ਼ਲਤੀ ਕੀਤੀ ਹੈ ਜਿਸ ਕਰਕੇ ਤੁਹਾਨੂੰ ਜਾਂ ਕਿਸੇ ਹੋਰ ਨੂੰ ਕੋਈ ਪਰੇਸ਼ਾਨੀ ਹੋਈ ਹੈ ਜਾਂ ਨੁਕਸਾਨ ਪਹੁੰਚਿਆ ਹੈ? ਆਪਣੇ ਆਪ ʼਤੇ ਗੁੱਸੇ ਹੋਣ ਜਾਂ ਦੂਜਿਆਂ ʼਤੇ ਦੋਸ਼ ਲਾਉਣ ਦੀ ਬਜਾਇ ਕਿਉਂ ਨਾ ਮਾਮਲੇ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ? ਦੂਜਿਆਂ ʼਤੇ ਝੂਠਾ ਦੋਸ਼ ਲਾਈ ਜਾਣ ਨਾਲ ਸਿਰਫ਼ ਤਣਾਅ ਹੀ ਵਧੇਗਾ ਅਤੇ ਸਮੱਸਿਆ ਹੋਰ ਉਲਝ ਜਾਵੇਗੀ। ਇੱਦਾਂ ਕਰਨ ਦੀ ਬਜਾਇ, ਆਪਣੀ ਗ਼ਲਤੀ ਤੋਂ ਸਿੱਖੋ, ਇਸ ਨੂੰ ਸੁਧਾਰੋ ਅਤੇ ਅੱਗੇ ਵਧੋ।
ਜਦੋਂ ਕੋਈ ਗ਼ਲਤੀ ਕਰਦਾ ਹੈ, ਤਾਂ ਅਸੀਂ ਬੜੀ ਛੇਤੀ ਦਿਖਾ ਦਿੰਦੇ ਕਿ ਸਾਨੂੰ ਚੰਗਾ ਨਹੀਂ ਲੱਗਾ। ਕਿੰਨਾ ਵਧੀਆ ਹੋਵੇਗਾ ਜੇ ਅਸੀਂ ਯਿਸੂ ਮਸੀਹ ਦੀ ਇਹ ਸਲਾਹ ਮੰਨੀਏ: “ਇਸ ਲਈ, ਜਿਸ ਤਰ੍ਹਾਂ ਤੁਸੀਂ ਆਪ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।” (ਮੱਤੀ 7:12) ਜਦੋਂ ਤੁਸੀਂ ਖ਼ੁਦ ਕੋਈ ਗ਼ਲਤੀ ਕਰਦੇ ਹੋ, ਚਾਹੇ ਇਹ ਛੋਟੀ ਹੀ ਕਿਉਂ ਨਾ ਹੋਵੇ, ਤਾਂ ਬਿਨਾਂ ਸ਼ੱਕ ਤੁਸੀਂ ਚਾਹੁੰਦੇ ਹੋ ਕਿ ਦੂਜੇ ਤੁਹਾਡੇ ਨਾਲ ਪਿਆਰ ਨਾਲ ਪੇਸ਼ ਆਉਣ ਜਾਂ ਉਹ ਤੁਹਾਡੀ ਗ਼ਲਤੀ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦੇਣ। ਸੋ ਕਿਉਂ ਨਾ ਤੁਸੀਂ ਵੀ ਦੂਜਿਆਂ ਨਾਲ ਇਸੇ ਤਰ੍ਹਾਂ ਹੀ ਪੇਸ਼ ਆਓ?—ਅਫ਼ਸੀਆਂ 4:32.
ਗ਼ਲਤੀਆਂ ਤੋਂ ਬਚਣ ਲਈ ਅਸੂਲ
ਇਕ ਡਿਕਸ਼ਨਰੀ ਮੁਤਾਬਕ ਗ਼ਲਤੀਆਂ ਅੱਧੀ-ਅਧੂਰੀ ਜਾਣਕਾਰੀ, ਗ਼ਲਤ ਰਾਇ ਕਾਇਮ ਕਰਨ ਜਾਂ ਧਿਆਨ ਨਾ ਦੇਣ ਕਰਕੇ ਹੁੰਦੀਆਂ ਹਨ। ਇਹ ਗੱਲ ਸੱਚ ਹੈ ਕਿ ਹਰ ਇਨਸਾਨ ਕਦੇ-ਨਾ-ਕਦੇ ਤਾਂ ਇਨ੍ਹਾਂ ਕਾਰਨਾਂ ਕਰਕੇ ਗ਼ਲਤੀਆਂ ਕਰਦਾ ਹੀ ਹੈ। ਅਸੀਂ ਪਵਿੱਤਰ ਲਿਖਤਾਂ ਵਿਚ ਦਿੱਤੇ ਕੁਝ ਅਸੂਲਾਂ ʼਤੇ ਗੌਰ ਕਰ ਕੇ ਜ਼ਿਆਦਾ ਗ਼ਲਤੀਆਂ ਕਰਨ ਤੋਂ ਬਚ ਸਕਾਂਗੇ।
ਇਕ ਅਸੂਲ ਕਹਾਉਤਾਂ 18:13 ਵਿਚ ਦੱਸਿਆ ਗਿਆ ਹੈ: “ਗੱਲ ਸੁਣਨ ਤੋਂ ਪਹਿਲਾਂ ਜਿਹੜਾ ਉੱਤਰ ਦਿੰਦਾ ਹੈ,— ਇਹ ਉਹ ਦੇ ਲਈ ਮੂਰਖਤਾਈ ਅਤੇ ਲਾਜ ਹੈ।” ਪੂਰੀ ਗੱਲ ਸੁਣ ਕੇ ਅਤੇ ਇਸ ʼਤੇ ਸੋਚ-ਵਿਚਾਰ ਕਰਕੇ ਤੁਸੀਂ ਰੁੱਖੇ ਤਰੀਕੇ ਨਾਲ ਕੁਝ ਕਹਿਣ ਜਾਂ ਇਕਦਮ ਭੜਕਣ ਤੋਂ ਬਚ ਸਕਦੇ ਹੋ। ਧਿਆਨ ਨਾਲ ਸੁਣ ਕੇ ਤੁਸੀਂ ਕਿਸੇ ਬਾਰੇ ਗ਼ਲਤ ਰਾਇ ਕਾਇਮ ਕਰਨ ਅਤੇ ਗ਼ਲਤੀਆਂ ਕਰਨ ਤੋਂ ਬਚ ਸਕਦੇ ਹੋ।
ਬਾਈਬਲ ਦਾ ਇਕ ਹੋਰ ਅਸੂਲ ਹੈ: “ਜੇ ਹੋ ਸਕੇ, ਤਾਂ ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੋ।” (ਰੋਮੀਆਂ 12:18) ਆਪਣੇ ਵੱਲੋਂ ਸ਼ਾਂਤੀ ਅਤੇ ਏਕਤਾ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੋ। ਦੂਜਿਆਂ ਨਾਲ ਕੰਮ ਕਰਦਿਆਂ ਲਿਹਾਜ਼ ਦਿਖਾਓ, ਆਦਰ ਨਾਲ ਪੇਸ਼ ਆਓ ਅਤੇ ਦੂਜਿਆਂ ਦੀ ਤਾਰੀਫ਼ ਕਰੋ ਤੇ ਉਨ੍ਹਾਂ ਨੂੰ ਹੱਲਾਸ਼ੇਰੀ ਦਿਓ। ਇਸ ਤਰ੍ਹਾਂ ਦੇ ਮਾਹੌਲ ਵਿਚ ਬਿਨਾਂ ਸੋਚੋ-ਸਮਝੇ ਕਹੇ ਸ਼ਬਦਾਂ ਜਾਂ ਕੰਮਾਂ ਨੂੰ ਸੌਖਿਆਂ ਹੀ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ ਅਤੇ ਗੰਭੀਰ ਗ਼ਲਤੀਆਂ ਨੂੰ ਸੁਧਾਰਿਆ ਜਾ ਸਕਦਾ ਹੈ।
ਆਪਣੀਆਂ ਗ਼ਲਤੀਆਂ ਤੋਂ ਸਿੱਖਣ ਦੀ ਕੋਸ਼ਿਸ਼ ਕਰੋ। ਗ਼ਲਤੀ ਹੋਣ ʼਤੇ ਬਹਾਨੇ ਬਣਾਉਣ ਦੀ ਬਜਾਇ ਇਸ ਨੂੰ ਆਪਣੇ ਵਿਚ ਚੰਗੇ ਗੁਣ ਪੈਦਾ ਕਰਨ ਦਾ ਮੌਕਾ ਸਮਝੋ। ਕੀ ਤੁਹਾਨੂੰ ਆਪਣੇ ਵਿਚ ਹੋਰ ਜ਼ਿਆਦਾ ਸਹਿਣਸ਼ੀਲਤਾ, ਦਇਆ ਜਾਂ ਸੰਜਮ ਪੈਦਾ ਕਰਨ ਦੀ ਲੋੜ ਹੈ? ਨਰਮਾਈ, ਸ਼ਾਂਤੀ ਅਤੇ ਪਿਆਰ ਦੇ ਗੁਣ ਬਾਰੇ ਕੀ? (ਗਲਾਤੀਆਂ 5:22, 23) ਘੱਟੋ-ਘੱਟ ਤੁਸੀਂ ਸਿੱਖ ਸਕਦੇ ਹੋ ਕਿ ਤੁਸੀਂ ਅਗਲੀ ਵਾਰ ਕੀ ਨਹੀਂ ਕਰਨਾ। ਗ਼ੈਰ-ਜ਼ਿੰਮੇਵਾਰ ਬਣੇ ਬਿਨਾਂ ਆਪਣੇ ਆਪ ਬਾਰੇ ਹੱਦੋਂ ਵੱਧ ਨਾ ਸੋਚੋ। ਹਾਸੇ-ਮਜ਼ਾਕ ਵਿਚ ਗੱਲ ਪਾਉਣ ਨਾਲ ਤਣਾਅ ਨੂੰ ਦੂਰ ਕੀਤਾ ਜਾ ਸਕਦਾ ਹੈ।
ਸਹੀ ਨਜ਼ਰੀਆ ਰੱਖਣ ਦੇ ਫ਼ਾਇਦੇ
ਗ਼ਲਤੀਆਂ ਪ੍ਰਤੀ ਸਹੀ ਨਜ਼ਰੀਆ ਰੱਖਣ ਕਰਕੇ ਅਸੀਂ ਗ਼ਲਤੀ ਹੋਣ ʼਤੇ ਸਹੀ ਤਰੀਕੇ ਨਾਲ ਪੇਸ਼ ਆ ਸਕਾਂਗੇ। ਅਸੀਂ ਖ਼ੁਦ ਸ਼ਾਂਤ ਰਹਾਂਗੇ ਤੇ ਦੂਜਿਆਂ ਨਾਲ ਸ਼ਾਂਤੀ ਬਣਾਈ ਰੱਖ ਸਕਾਂਗੇ। ਜੇ ਅਸੀਂ ਆਪਣੀਆਂ ਗ਼ਲਤੀਆਂ ਤੋਂ ਸਿੱਖਣ ਦੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਹੋਰ ਸਮਝਦਾਰ ਬਣਾਂਗੇ ਅਤੇ ਦੂਸਰੇ ਸਾਨੂੰ ਹੋਰ ਪਸੰਦ ਕਰਨਗੇ। ਅਸੀਂ ਨਾ ਤਾਂ ਹੱਦੋਂ ਵੱਧ ਨਿਰਾਸ਼ ਹੋਵਾਂਗੇ ਤੇ ਨਾ ਹੀ ਆਪਣੇ ਬਾਰੇ ਬੁਰਾ ਸੋਚਾਂਗੇ। ਜਦੋਂ ਅਸੀਂ ਦੇਖਾਂਗੇ ਕਿ ਦੂਸਰੇ ਵੀ ਗ਼ਲਤੀਆਂ ਹੋਣ ʼਤੇ ਵਧੀਆ ਤਰੀਕੇ ਨਾਲ ਪੇਸ਼ ਆਉਂਦੇ ਹਨ, ਤਾਂ ਉਨ੍ਹਾਂ ਨਾਲ ਸਾਡੀ ਦੋਸਤੀ ਹੋਰ ਗੂੜ੍ਹੀ ਹੋਵੇਗੀ। ਸਭ ਤੋਂ ਅਹਿਮ ਗੱਲ, ਅਸੀਂ ਰੱਬ ਵਾਂਗ ਪਿਆਰ ਕਰਨਾ ਅਤੇ ਉਸ ਵਾਂਗ ਮਾਫ਼ ਕਰਨਾ ਸਿੱਖ ਰਹੇ ਹੋਵਾਂਗੇ। ਇਸ ਤਰ੍ਹਾਂ ਕਰਨ ਨਾਲ ਸਾਨੂੰ ਫ਼ਾਇਦਾ ਹੋਵੇਗਾ।—ਕੁਲੁੱਸੀਆਂ 3:13.
ਕੀ ਮਾਰਗਰਟ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੀ ਗ਼ਲਤੀ ਨੇ ਉਸ ਦੇ ਪਰਿਵਾਰ ਦਾ ਮਜ਼ਾ ਕਿਰਕਿਰਾ ਕਰ ਦਿੱਤਾ? ਬਿਲਕੁਲ ਨਹੀਂ। ਸਾਰਿਆਂ ਨੇ ਗੱਲ ਹਾਸੇ-ਮਜ਼ਾਕ ਵਿਚ ਪਾ ਲਈ, ਖ਼ਾਸ ਕਰਕੇ ਮਾਰਗਰਟ ਨੇ ਅਤੇ ਉਨ੍ਹਾਂ ਨੇ ਮੈਕਰੋਨੀ ਤੋਂ ਬਗੈਰ ਖਾਣੇ ਦਾ ਮਜ਼ਾ ਲਿਆ। ਕਾਫ਼ੀ ਸਾਲਾਂ ਬਾਅਦ, ਉਸ ਦੇ ਦੋਵਾਂ ਦੋਹਤਿਆਂ ਨੇ ਆਪਣੇ ਬੱਚਿਆਂ ਨੂੰ ਇਹ ਕਿੱਸਾ ਸੁਣਾਇਆ ਅਤੇ ਉਨ੍ਹਾਂ ਕੋਲ ਆਪਣੇ ਨਾਨੇ-ਨਾਨੀ ਨਾਲ ਬਿਤਾਇਆ ਇਹ ਸਮਾਂ ਮਿੱਠੀ ਯਾਦ ਹੈ। ਵੈਸੇ ਵੀ, ਇਹ ਕਿਹੜਾ ਕੋਈ ਵੱਡੀ ਗ਼ਲਤੀ ਸੀ!
a ਨਾਂ ਬਦਲੇ ਗਏ ਹਨ।
b ਚੀਜ਼-ਮੈਕਰੋਨੀ ਇਕ ਤਰ੍ਹਾਂ ਦੀ ਡਿਸ਼ ਹੈ ਜੋ ਮੈਕਰੋਨੀ ਨਾਲ ਤਿਆਰ ਕੀਤੀ ਜਾਂਦੀ ਹੈ ਅਤੇ ਬਾਅਦ ਵਿਚ ਉਸ ʼਤੇ ਚੀਜ਼ ਸਾਸ ਪਾਈ ਜਾਂਦੀ ਹੈ।