ਕੀ ਨਿਆਂ ਪ੍ਰਤੀ ਤੁਹਾਡਾ ਨਜ਼ਰੀਆ ਯਹੋਵਾਹ ਵਰਗਾ ਹੈ?
“ਮੈਂ ਤਾਂ ਯਹੋਵਾਹ ਦੇ ਨਾਮ ਦਾ ਪਰਚਾਰ ਕਰਾਂਗਾ . . . , ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸਚਿਆਰ ਹੈ।”—ਬਿਵ. 32:3, 4.
1, 2. (ੳ) ਨਾਬੋਥ ਅਤੇ ਉਸ ਦੇ ਪੁੱਤਰਾਂ ਨਾਲ ਕਿਹੜੀ ਬੇਇਨਸਾਫ਼ੀ ਹੋਈ? (ਅ) ਇਸ ਲੇਖ ਵਿਚ ਅਸੀਂ ਕਿਹੜੇ ਦੋ ਗੁਣਾਂ ਬਾਰੇ ਗੱਲ ਕਰਾਂਗੇ?
ਕਲਪਨਾ ਕਰੋ, ਇਕ ਆਦਮੀ ʼਤੇ ਆਰੋਪ ਲਾਏ ਜਾ ਰਹੇ ਹਨ। ਦੋਸ਼ ਲਾਉਣ ਵਾਲੇ ਦੋ ਆਦਮੀ ਕਹਿੰਦੇ ਹਨ ਕਿ ਇਸ ਨੇ ਪਰਮੇਸ਼ੁਰ ਅਤੇ ਰਾਜੇ ਦੀ ਨਿੰਦਿਆ ਕੀਤੀ ਹੈ। ਪਰ ਇਹ ਇਲਜ਼ਾਮ ਸਰਾਸਰ ਝੂਠੇ ਹਨ। ਫਿਰ ਵੀ ਇਸ ਆਦਮੀ ਨੂੰ ਦੋਸ਼ੀ ਕਰਾਰ ਦੇ ਕੇ ਉਸ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਇਸ ਬੇਕਸੂਰ ਆਦਮੀ ਨੂੰ ਅਤੇ ਇਸ ਦੇ ਪੁੱਤਰਾਂ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰਿਆ ਜਾਂਦਾ ਹੈ। ਇਨਸਾਫ਼-ਪਸੰਦ ਲੋਕਾਂ ਲਈ ਇਹ ਸਭ ਕੁਝ ਦੇਖਣਾ ਕਿੰਨਾ ਹੀ ਔਖਾ! ਇਹ ਕੋਈ ਮਨਘੜਤ ਕਹਾਣੀ ਨਹੀਂ। ਇਹ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਨਾਬੋਥ ਨਾਲ ਹੋਇਆ। ਉਸ ਵੇਲੇ ਅਹਾਬ ਇਜ਼ਰਾਈਲ ਦਾ ਰਾਜਾ ਸੀ।—1 ਰਾਜ. 21:11-13; 2 ਰਾਜ. 9:26.
2 ਇਸ ਲੇਖ ਵਿਚ ਅਸੀਂ ਨਾਬੋਥ ਬਾਰੇ ਗੱਲ ਕਰਾਂਗੇ। ਅਸੀਂ ਇਹ ਵੀ ਦੇਖਾਂਗੇ ਕਿ ਪਹਿਲੀ ਸਦੀ ਦੇ ਇਕ ਵਫ਼ਾਦਾਰ ਬਜ਼ੁਰਗਾਂ ਨੇ ਕਿਹੜੀ ਗ਼ਲਤੀ ਕੀਤੀ ਸੀ। ਇਨ੍ਹਾਂ ਦੀ ਮਿਸਾਲਾਂ ਤੋਂ ਅਸੀਂ ਸਿੱਖਾਂਗੇ ਕਿ ਜੇ ਅਸੀਂ ਨਿਆਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਅਪਣਾਉਣਾ ਚਾਹੁੰਦੇ ਹਾਂ, ਤਾਂ ਨਿਮਰ ਰਹਿਣਾ ਅਤੇ ਦੂਜਿਆਂ ਨੂੰ ਮਾਫ਼ ਕਰਨਾ ਕਿੰਨਾ ਜ਼ਰੂਰੀ ਹੈ।
ਬੇਇਨਸਾਫ਼ੀ
3, 4. ਨਾਬੋਥ ਕਿਹੋ ਜਿਹਾ ਵਿਅਕਤੀ ਸੀ? ਉਸ ਨੇ ਅਹਾਬ ਨੂੰ ਆਪਣਾ ਅੰਗੂਰੀ ਬਾਗ਼ ਕਿਉਂ ਨਹੀਂ ਵੇਚਿਆ?
3 ਨਾਬੋਥ ਪਰਮੇਸ਼ੁਰ ਦਾ ਵਫ਼ਾਦਾਰ ਸੇਵਕ ਸੀ। ਪਰ ਉਸ ਸਮੇਂ ਦੇ ਜ਼ਿਆਦਾਤਰ ਇਜ਼ਰਾਈਲੀ ਬੁਰੇ ਰਾਜੇ ਅਹਾਬ ਅਤੇ ਉਸ ਦੀ ਦੁਸ਼ਟ ਪਤਨੀ ਈਜ਼ਬਲ ਮਗਰ ਲੱਗੇ ਹੋਏ ਸਨ। ਉਨ੍ਹਾਂ ਨੂੰ ਯਹੋਵਾਹ ਦੇ ਕਾਨੂੰਨਾਂ ਦੀ ਕੋਈ ਪਰਵਾਹ ਨਹੀਂ ਸੀ ਅਤੇ ਉਹ ਝੂਠੇ ਦੇਵਤੇ ਬਆਲ ਦੀ ਪੂਜਾ ਕਰਦੇ ਸੀ। ਦੂਸਰੇ ਪਾਸੇ ਨਾਬੋਥ ਨੂੰ ਆਪਣੀ ਜ਼ਿੰਦਗੀ ਨਾਲੋਂ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਜ਼ਿਆਦਾ ਪਿਆਰਾ ਸੀ।
4 1 ਰਾਜਿਆਂ 21:1-3 ਪੜ੍ਹੋ। ਜਦੋਂ ਅਹਾਬ ਨੇ ਨਾਬੋਥ ਕੋਲੋਂ ਅੰਗੂਰੀ ਬਾਗ਼ ਖ਼ਰੀਦਣਾ ਚਾਹਿਆ ਜਾਂ ਉਸ ਦੀ ਜਗ੍ਹਾ ਹੋਰ ਵਧੀਆ ਅੰਗੂਰੀ ਬਾਗ਼ ਦੇਣ ਦੀ ਪੇਸ਼ਕਸ਼ ਕੀਤੀ, ਤਾਂ ਨਾਬੋਥ ਨੇ ਸਾਫ਼ ਇਨਕਾਰ ਕਰ ਦਿੱਤਾ। ਪਰ ਕਿਉਂ? ਉਸ ਨੇ ਆਦਰ ਨਾਲ ਦੱਸਿਆ: “ਯਹੋਵਾਹ ਏਹ ਮੈਥੋਂ ਦੂਰ ਰੱਖੇ ਕਿ ਮੈਂ ਆਪਣੇ ਪਿਉ ਦਾਦਿਆਂ ਦੀ ਮੀਰਾਸ ਤੁਹਾਨੂੰ ਦੇਵਾਂ।” ਨਾਬੋਥ ਨੇ ਅਹਾਬ ਦੀ ਪੇਸ਼ਕਸ਼ ਇਸ ਲਈ ਠੁਕਰਾ ਦਿੱਤੀ ਕਿਉਂਕਿ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਆਪਣੀ ਵਿਰਾਸਤ ਨੂੰ ਹਮੇਸ਼ਾ ਲਈ ਨਾ ਵੇਚਣ। (ਲੇਵੀ. 25:23; ਗਿਣ. 36:7) ਇਸ ਤੋਂ ਸਾਫ਼ ਪਤਾ ਲੱਗਦਾ ਕਿ ਨਾਬੋਥ ਯਹੋਵਾਹ ਦਾ ਕਹਿਣਾ ਮੰਨਦਾ ਸੀ।
5. ਨਾਬੋਥ ਤੋਂ ਅੰਗੂਰੀ ਬਾਗ਼ ਹੜੱਪਣ ਲਈ ਈਜ਼ਬਲ ਨੇ ਕੀ ਕੀਤਾ?
5 ਜਦੋਂ ਨਾਬੋਥ ਨੇ ਆਪਣਾ ਅੰਗੂਰੀ ਬਾਗ਼ ਵੇਚਣ ਤੋਂ ਇਨਕਾਰ ਕਰ ਦਿੱਤਾ, ਤਾਂ ਅਹਾਬ ਅਤੇ ਉਸ ਦੀ ਪਤਨੀ ਨੇ ਬਹੁਤ ਹੀ ਭੈੜੇ ਕੰਮ ਕੀਤੇ। ਅੰਗੂਰੀ ਬਾਗ਼ ਹੜੱਪਣ ਲਈ ਰਾਣੀ ਈਜ਼ਬਲ ਨੇ ਦੋ ਆਦਮੀਆਂ ਨੂੰ ਕਿਹਾ ਕਿ ਉਹ ਨਾਬੋਥ ਉੱਤੇ ਝੂਠੇ ਦੋਸ਼ ਲਾਉਣ। ਨਤੀਜੇ ਵਜੋਂ ਨਾਬੋਥ ਅਤੇ ਉਸ ਦੇ ਪੁੱਤਰਾਂ ਦਾ ਕਤਲ ਕਰ ਦਿੱਤਾ ਗਿਆ। ਯਹੋਵਾਹ ਨੇ ਇਸ ਬੇਇਨਸਾਫ਼ੀ ਦੇ ਖ਼ਿਲਾਫ਼ ਕੀ ਕੀਤਾ?
ਪਰਮੇਸ਼ੁਰ ਦਾ ਨਿਆਂ
6, 7. ਯਹੋਵਾਹ ਨੇ ਕਿਵੇਂ ਦਿਖਾਇਆ ਕਿ ਉਹ ਨਿਆਂ ਕਰਦਾ ਹੈ? ਇਸ ਕਰਕੇ ਨਾਬੋਥ ਦੇ ਪਰਿਵਾਰ ਅਤੇ ਦੋਸਤਾਂ ਨੂੰ ਕਿਉਂ ਦਿਲਾਸਾ ਮਿਲਿਆ ਹੋਣਾ?
6 ਜਲਦੀ ਹੀ ਯਹੋਵਾਹ ਨੇ ਇਸ ਗੱਲ ਨੂੰ ਸਾਮ੍ਹਣੇ ਲਿਆਉਣ ਲਈ ਆਪਣੇ ਨਬੀ ਏਲੀਯਾਹ ਨੂੰ ਅਹਾਬ ਕੋਲ ਭੇਜਿਆ। ਏਲੀਯਾਹ ਨੇ ਅਹਾਬ ਨੂੰ ਚੋਰ ਅਤੇ ਖ਼ੂਨੀ ਕਿਹਾ। ਯਹੋਵਾਹ ਨੇ ਕਿਹੜੀ ਸਜ਼ਾ ਸੁਣਾਈ? ਅਹਾਬ ਅਤੇ ਉਸ ਦੀ ਪਤਨੀ ਅਤੇ ਉਸ ਦੇ ਪੁੱਤਰਾਂ ਨੂੰ ਉਸੇ ਤਰ੍ਹਾਂ ਮਾਰਿਆ ਜਾਵੇ ਜਿਵੇਂ ਨਾਬੋਥ ਅਤੇ ਉਸ ਦੇ ਪੁੱਤਰਾਂ ਨੂੰ ਮਾਰਿਆ ਗਿਆ ਸੀ।—1 ਰਾਜ. 21:17-25.
7 ਅਹਾਬ ਦੀ ਕੀਤੀ ਕਰਕੇ ਨਾਬੋਥ ਦਾ ਪਰਿਵਾਰ ਤੇ ਰਿਸ਼ਤੇਦਾਰ ਬਹੁਤ ਦੁਖੀ ਸਨ। ਪਰ ਯਹੋਵਾਹ ਨੇ ਇਸ ਅਨਿਆਂ ਨੂੰ ਦੇਖਿਆ ਅਤੇ ਫ਼ੌਰਨ ਕਦਮ ਚੁੱਕਿਆ। ਇਸ ਨਾਲ ਨਾਬੋਥ ਦੇ ਪਰਿਵਾਰ ਅਤੇ ਦੋਸਤਾਂ ਨੂੰ ਜ਼ਰੂਰ ਦਿਲਾਸਾ ਮਿਲਿਆ ਹੋਣਾ। ਪਰ ਜੋ ਅੱਗੇ ਹੋਇਆ ਉਸ ਤੋਂ ਪਤਾ ਲੱਗਾ ਕਿ ਉਹ ਕਿੰਨੇ ਨਿਮਰ ਸਨ ਅਤੇ ਉਨ੍ਹਾਂ ਨੂੰ ਯਹੋਵਾਹ ʼਤੇ ਕਿੰਨਾ ਭਰੋਸਾ ਸੀ।
8. ਯਹੋਵਾਹ ਦਾ ਸੰਦੇਸ਼ ਸੁਣ ਕੇ ਅਹਾਬ ਨੇ ਕੀ ਕੀਤਾ ਅਤੇ ਇਸ ਦਾ ਕੀ ਨਤੀਜਾ ਨਿਕਲਿਆ?
8 ਜਦੋਂ ਅਹਾਬ ਨੇ ਸੁਣਿਆ ਕਿ ਯਹੋਵਾਹ ਉਸ ਨਾਲ ਕੀ ਕਰਨ ਵਾਲਾ ਹੈ, ਤਾਂ ਉਸ ਨੇ “ਆਪਣੇ ਲੀੜੇ ਪਾੜ ਲਏ ਅਤੇ ਆਪਣੇ ਸਰੀਰ ਉੱਤੇ ਤੱਪੜ ਪਾ ਕੇ ਵਰਤ ਰੱਖਿਆ ਅਤੇ ਤੱਪੜ ਵਿੱਚ ਹੀ ਲੇਟਣ ਅਤੇ ਹੌਲੀ ਹੌਲੀ ਚੱਲਣ ਲੱਗਾ।” ਅਹਾਬ ਨੇ ਨਿਮਰਤਾ ਦਿਖਾਈ। ਉਸ ਨੂੰ ਆਪਣੀ ਕੀਤੀ ਦਾ ਦਿਲੋਂ ਪਛਤਾਵਾ ਸੀ। ਇਸ ਦਾ ਕੀ ਨਤੀਜਾ ਨਿਕਲਿਆ? ਯਹੋਵਾਹ ਨੇ ਏਲੀਯਾਹ ਨੂੰ ਕਿਹਾ: “ਏਸ ਲਈ ਕਿ ਉਹ ਨੇ ਆਪ ਨੂੰ ਮੇਰੇ ਸਨਮੁਖ ਅਧੀਨ ਕੀਤਾ ਹੈ ਮੈਂ ਉਹ ਦੇ ਦਿਨਾਂ ਵਿੱਚ ਏਹ ਬੁਰਿਆਈ ਨਾ ਲਿਆਵਾਂਗਾ ਪਰ ਉਹ ਦੇ ਪੁੱਤ੍ਰ ਦੇ ਦਿਨਾਂ ਵਿੱਚ ਉਹ ਦੇ ਘਰਾਣੇ ਉੱਤੇ ਏਹ ਬੁਰਿਆਈ ਲਿਆਵਾਂਗਾ।” (1 ਰਾਜ. 21:27-29; 2 ਰਾਜ. 10:10, 11, 17) “ਮਨਾਂ ਦਾ ਪਰਖਣ ਵਾਲਾ” ਯਹੋਵਾਹ ਸਾਡੇ ਦਿਲਾਂ ਨੂੰ ਜਾਣਦਾ ਹੈ। ਇਸ ਲਈ ਉਸ ਨੇ ਅਹਾਬ ਉੱਤੇ ਦਇਆ ਕੀਤੀ।—ਕਹਾ. 17:3.
ਨਿਮਰ ਰਹਿਣ ਦੇ ਫ਼ਾਇਦੇ
9. ਨਿਮਰ ਰਹਿਣ ਕਰਕੇ ਨਾਬੋਥ ਦੇ ਪਰਿਵਾਰ ਅਤੇ ਦੋਸਤਾਂ ਦੀ ਨਿਹਚਾ ਕਿਵੇਂ ਬਣੀ ਰਹੀ?
9 ਨਾਬੋਥ ਦੇ ਪਰਿਵਾਰ ਅਤੇ ਦੋਸਤਾਂ ਨੇ ਸੁਣਿਆ ਕਿ ਅਹਾਬ ਦੇ ਜੀਉਂਦੇ ਜੀ ਉਸ ਦੇ ਪਰਿਵਾਰ ਨੂੰ ਸਜ਼ਾ ਨਹੀਂ ਮਿਲੇਗੀ। ਇਸ ਨਾਲ ਸ਼ਾਇਦ ਉਨ੍ਹਾਂ ਦੀ ਨਿਹਚਾ ਦੀ ਪਰਖ ਹੋਈ। ਪਰ ਨਿਮਰ ਰਹਿਣ ਕਰਕੇ ਉਨ੍ਹਾਂ ਦੀ ਨਿਹਚਾ ਦੀ ਬੇੜੀ ਡੁੱਬਣ ਤੋਂ ਬਚ ਸਕਦੀ ਸੀ। ਕਿਵੇਂ? ਜੇ ਉਹ ਨਿਮਰ ਰਹਿੰਦੇ, ਤਾਂ ਉਹ ਯਹੋਵਾਹ ਦੀ ਭਗਤੀ ਕਰਦੇ ਰਹਿੰਦੇ ਅਤੇ ਭਰੋਸਾ ਰੱਖਦੇ ਕਿ ਯਹੋਵਾਹ ਕਦੇ ਵੀ ਅਨਿਆਂ ਨਹੀਂ ਕਰਦਾ। (ਬਿਵਸਥਾ ਸਾਰ 32:3, 4 ਪੜ੍ਹੋ।) ਭਵਿੱਖ ਵਿਚ ਨਾਬੋਥ ਦਾ ਪਰਿਵਾਰ ਆਪਣੇ ਪਿਆਰਿਆਂ ਨੂੰ ਦੁਬਾਰਾ ਮਿਲ ਸਕੇਗਾ। ਉਨ੍ਹਾਂ ਲਈ ਕਿੰਨੀ ਹੀ ਵੱਡੀ ਬਰਕਤ! ਇਸ ਤਰ੍ਹਾਂ ਨਾਬੋਥ ਅਤੇ ਉਸ ਦੇ ਪੁੱਤਰਾਂ ਨੂੰ ਪੂਰਾ-ਪੂਰਾ ਨਿਆਂ ਮਿਲੇਗਾ। (ਅੱਯੂ. 14:14, 15; ਯੂਹੰ. 5:28, 29) ਇਕ ਨਿਮਰ ਇਨਸਾਨ ਜਾਣਦਾ ਹੈ ਕਿ “ਪਰਮੇਸ਼ੁਰ ਤਾਂ ਇੱਕ ਇੱਕ ਕੰਮ ਦਾ ਅਤੇ ਇੱਕ ਇੱਕ ਗੁੱਝੀ ਗੱਲ ਦਾ ਨਿਆਉਂ ਕਰੇਗਾ ਭਾਵੇਂ ਚੰਗੀ ਹੋਵੇ ਭਾਵੇਂ ਮਾੜੀ।” (ਉਪ. 12:14) ਯਹੋਵਾਹ ਹਰ ਇਕ ਗੱਲ ਨੂੰ ਜਾਣਦਾ ਹੈ ਜਿਹੜੀ ਅਸੀਂ ਵੀ ਨਹੀਂ ਜਾਣਦੇ। ਨਿਮਰ ਹੋਣ ਕਰਕੇ ਅਸੀਂ ਯਹੋਵਾਹ ʼਤੇ ਆਪਣੀ ਨਿਹਚਾ ਬਣਾਈ ਰੱਖ ਸਕਦੇ ਹਾਂ।
10, 11. (ੳ) ਸਾਡੀ ਨਿਹਚਾ ਦੀ ਪਰਖ ਕਿਨ੍ਹਾਂ ਹਾਲਾਤਾਂ ਵਿਚ ਹੋ ਸਕਦੀ ਹੈ? (ਅ) ਨਿਮਰ ਰਹਿਣ ਨਾਲ ਸਾੜੀ ਕਿਵੇਂ ਮਦਦ ਹੁੰਦੀ ਹੈ?
10 ਤੁਸੀਂ ਉਦੋਂ ਕੀ ਕਰੋਗੇ ਜਦੋਂ ਮੰਡਲੀ ਦੇ ਬਜ਼ੁਰਗ ਕੋਈ ਅਜਿਹਾ ਫ਼ੈਸਲਾ ਕਰਦੇ ਹਨ ਜੋ ਤੁਹਾਡੀ ਸਮਝ ਤੋਂ ਪਰੇ ਹੈ ਜਾਂ ਤੁਸੀਂ ਉਸ ਫ਼ੈਸਲੇ ਨਾਲ ਸਹਿਮਤ ਨਹੀਂ ਹੋ? ਮਿਸਾਲ ਲਈ, ਉਦੋਂ ਕੀ ਜਦੋਂ ਤੁਹਾਡੇ ਕੋਲੋਂ ਜਾਂ ਤੁਹਾਡੇ ਕੋਈ ਕਰੀਬੀ ਕੋਲੋਂ ਕੋਈ ਜ਼ਿੰਮੇਵਾਰੀ ਲੈ ਲਈ ਜਾਂਦੀ ਹੈ? ਉਦੋਂ ਕੀ ਜਦੋਂ ਤੁਹਾਡੇ ਜੀਵਨ ਸਾਥੀ, ਧੀ, ਪੁੱਤ ਜਾਂ ਦੋਸਤ ਨੂੰ ਮੰਡਲੀ ਵਿੱਚੋਂ ਛੇਕਿਆ ਜਾਂਦਾ ਹੈ ਅਤੇ ਤੁਸੀਂ ਬਜ਼ੁਰਗਾਂ ਦੇ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਹੁੰਦੇ? ਉਦੋਂ ਕੀ ਜਦੋਂ ਤੁਹਾਨੂੰ ਲੱਗਦਾ ਹੈ ਕਿ ਬਜ਼ੁਰਗਾਂ ਨੂੰ ਗ਼ਲਤੀ ਕਰਨ ਵਾਲੇ ਵਿਅਕਤੀ ਪ੍ਰਤੀ ਦਇਆ ਨਹੀਂ ਦਿਖਾਉਣੀ ਚਾਹੀਦੀ ਸੀ? ਇੱਦਾਂ ਦੇ ਮਾਮਲਿਆਂ ਕਰਕੇ ਯਹੋਵਾਹ ਉੱਤੇ ਸਾਡੀ ਨਿਹਚਾ ਦੀ ਪਰਖ ਹੁੰਦੀ ਹੈ। ਇੱਥੋਂ ਤਕ ਕਿ ਅਸੀਂ ਉਸ ਦੇ ਸੰਗਠਨ ਉੱਤੇ ਸ਼ੱਕ ਕਰਨ ਲੱਗ ਪਈਏ। ਜੇਕਰ ਤੁਹਾਨੂੰ ਇਨ੍ਹਾਂ ਵਿੱਚੋਂ ਕਿਸੇ ਹਾਲਾਤ ਦਾ ਸਾਮ੍ਹਣਾ ਕਰਨਾ ਪਵੇ, ਤਾਂ ਨਿਮਰ ਬਣੇ ਰਹਿਣ ਨਾਲ ਤੁਹਾਡੀ ਕਿਵੇਂ ਮਦਦ ਹੋਵੇਗੀ? ਆਓ ਆਪਾਂ ਦੋ ਤਰੀਕਿਆਂ ʼਤੇ ਗੌਰ ਕਰੀਏ।
11 ਪਹਿਲਾ, ਨਿਮਰ ਰਹਿਣ ਕਰਕੇ ਅਸੀਂ ਇਹ ਗੱਲ ਮੰਨਾਂਗੇ ਕਿ ਸਾਨੂੰ ਪੂਰੀ ਗੱਲ ਨਹੀਂ ਪਤਾ। ਚਾਹੇ ਸਾਨੂੰ ਲੱਗਦਾ ਹੈ ਕਿ ਸਾਨੂੰ ਸਾਰਾ ਕੁਝ ਪਤਾ ਹੈ, ਪਰ ਸਿਰਫ਼ ਯਹੋਵਾਹ ਹੀ ਜਾਣਦਾ ਹੈ ਕਿ ਇਨਸਾਨ ਦੇ ਦਿਲ ਵਿਚ ਕੀ ਹੈ। (1 ਸਮੂ. 16:7) ਇਹ ਗੱਲ ਯਾਦ ਰੱਖਦੇ ਹੋਏ ਅਸੀਂ ਨਿਮਰ ਬਣਦੇ ਹਾਂ, ਆਪਣੀਆਂ ਹੱਦਾਂ ਪਛਾਣਦੇ ਹਾਂ ਅਤੇ ਆਪਣੀ ਸੋਚ ਸੁਧਾਰਦੇ ਹਾਂ। ਦੂਸਰਾ, ਜੇ ਸਾਡੇ ਨਾਲ ਅਨਿਆਂ ਹੁੰਦਾ ਹੈ ਜਾਂ ਅਸੀਂ ਕਿਸੇ ਨਾਲ ਅਨਿਆਂ ਹੁੰਦਾ ਦੇਖਦੇ ਹਾਂ, ਤਾਂ ਨਿਮਰ ਰਹਿਣ ਕਰਕੇ ਅਸੀਂ ਆਗਿਆਕਾਰ, ਧੀਰਜਵਾਨ ਰਹਾਂਗੇ। ਨਾਲੇ ਉਸ ਗੱਲ ਦਾ ਇੰਤਜ਼ਾਰ ਕਰਾਂਗੇ ਕਿ ਯਹੋਵਾਹ ਹੀ ਹਾਲਾਤ ਸੁਧਾਰੇਗਾ। ਬਾਈਬਲ ਕਹਿੰਦੀ ਹੈ: “ਭਲਾ ਓਹਨਾਂ ਦਾ ਹੀ ਹੋਵੇਗਾ ਜੋ ਪਰਮੇਸ਼ੁਰ ਤੋਂ ਡਰਦੇ ਹਨ।” ਬਾਈਬਲ ਇਹ ਵੀ ਕਹਿੰਦੀ ਹੈ: “ਪਰ ਪਾਪੀ ਦਾ ਭਲਾ ਕਦੀ ਨਾ ਹੋਵੇਗਾ, ਨਾ ਉਹ ਪਰਛਾਵੇਂ ਵਾਂਗਰ ਆਪਣੇ ਦਿਨਾਂ ਨੂੰ ਵਧਾਵੇਗਾ।” (ਉਪ. 8:12, 13) ਜੇਕਰ ਅਸੀਂ ਹਮੇਸ਼ਾ ਨਿਮਰ ਰਹਿੰਦੇ ਹਾਂ, ਤਾਂ ਇਸ ਦਾ ਸਿਰਫ਼ ਸਾਨੂੰ ਹੀ ਨਹੀਂ, ਸਗੋਂ ਦੂਜਿਆਂ ਨੂੰ ਵੀ ਫ਼ਾਇਦਾ ਹੋਵੇਗਾ।—1 ਪਤਰਸ 5:5 ਪੜ੍ਹੋ।
ਮੰਡਲੀ ਵਿਚ ਪਖੰਡੀ
12. ਅਸੀਂ ਕਿਹੜੀ ਘਟਨਾ ʼਤੇ ਗੌਰ ਕਰਾਂਗੇ ਅਤੇ ਕਿਉਂ?
12 ਸੀਰੀਆ ਦੇ ਅੰਤਾਕਿਯਾ ਸ਼ਹਿਰ ਵਿਚ ਪਹਿਲੀ ਸਦੀ ਦੇ ਮਸੀਹੀਆਂ ਨੂੰ ਇਕ ਮੁਸ਼ਕਲ ਹਾਲਾਤ ਦਾ ਸਾਮ੍ਹਣਾ ਕਰਨਾ ਪਿਆ। ਜਿਸ ਕਰਕੇ ਉਨ੍ਹਾਂ ਦੀ ਨਿਹਚਾ ਦੀ ਪਰਖ ਹੋਈ ਅਤੇ ਜ਼ਾਹਰ ਹੋਇਆ ਕਿ ਉਹ ਇਕ-ਦੂਜੇ ਨੂੰ ਮਾਫ਼ ਕਰਨ ਲਈ ਤਿਆਰ ਸਨ ਕਿ ਨਹੀਂ। ਆਓ ਆਪਾਂ ਇਸ ਘਟਨਾ ʼਤੇ ਗੌਰ ਕਰੀਏ ਅਤੇ ਆਪਣੀ ਜਾਂਚ ਕਰੀਏ ਕਿ ਅਸੀਂ ਮਾਫ਼ ਕਰਨ ਲਈ ਤਿਆਰ ਹਾਂ ਕਿ ਨਹੀਂ। ਇਸ ਨਾਲ ਸਾਡੀ ਇਹ ਸਮਝਣ ਵਿਚ ਮਦਦ ਹੋਵੇਗੀ ਕਿ ਯਹੋਵਾਹ ਆਪਣੇ ਮਿਆਰਾਂ ਨਾਲ ਸਮਝੌਤਾ ਕੀਤੇ ਬਿਨਾਂ ਨਾਮੁਕੰਮਲ ਲੋਕਾਂ ਨੂੰ ਕਿਉਂ ਵਰਤਦਾ ਹੈ।
13, 14. ਪਤਰਸ ਰਸੂਲ ਕੋਲ ਕਿਹੜੀਆਂ ਜ਼ਿੰਮੇਵਾਰੀਆਂ ਸਨ ਅਤੇ ਉਸ ਨੇ ਦਲੇਰੀ ਕਿਵੇਂ ਦਿਖਾਈ?
13 ਪਹਿਲੀ ਸਦੀ ਵਿਚ ਪਤਰਸ ਰਸੂਲ ਇਕ ਬਜ਼ੁਰਗ ਸੀ ਅਤੇ ਜ਼ਿਆਦਾਤਰ ਮਸੀਹੀ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਉਹ ਯਿਸੂ ਦਾ ਚੰਗਾ ਦੋਸਤ ਸੀ ਅਤੇ ਯਿਸੂ ਨੇ ਉਸ ਨੂੰ ਖ਼ਾਸ ਜ਼ਿੰਮੇਵਾਰੀਆਂ ਦਿੱਤੀਆਂ ਸਨ। (ਮੱਤੀ 16:19) ਮਿਸਾਲ ਲਈ, 36 ਈਸਵੀ ਵਿਚ ਪਤਰਸ ਨੂੰ ਕੁਰਨੇਲੀਅਸ ਅਤੇ ਉਸ ਦੇ ਪਰਿਵਾਰ ਨੂੰ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਸੀ। ਇਹ ਜ਼ਿੰਮੇਵਾਰੀ ਖ਼ਾਸ ਕਿਉਂ ਸੀ? ਕਿਉਂਕਿ ਕੁਰਨੇਲੀਅਸ ਬੇਸੁੰਨਤਾ ਗ਼ੈਰ-ਯਹੂਦੀ ਸੀ। ਜਦੋਂ ਕੁਰਨੇਲੀਅਸ ਅਤੇ ਉਸ ਦੇ ਪਰਿਵਾਰ ਦੇ ਬਾਕੀ ਮੈਂਬਰਾਂ ʼਤੇ ਪਵਿੱਤਰ ਸ਼ਕਤੀ ਆਈ, ਤਾਂ ਪਤਰਸ ਜਾਣ ਗਿਆ ਕਿ ਉਨ੍ਹਾਂ ਨੂੰ ਮਸੀਹੀਆਂ ਵਜੋਂ ਬਪਤਿਸਮਾ ਦਿੱਤਾ ਜਾ ਸਕਦਾ ਸੀ। ਉਸ ਨੇ ਕਿਹਾ: “ਹੁਣ ਕਿਉਂਕਿ ਸਾਡੇ ਵਾਂਗ ਇਨ੍ਹਾਂ ਨੂੰ ਵੀ ਪਵਿੱਤਰ ਸ਼ਕਤੀ ਮਿਲ ਗਈ ਹੈ, ਤਾਂ ਫਿਰ ਕੌਣ ਇਨ੍ਹਾਂ ਨੂੰ ਪਾਣੀ ਵਿਚ ਬਪਤਿਸਮਾ ਲੈਣ ਤੋਂ ਰੋਕ ਸਕਦਾ ਹੈ?”—ਰਸੂ. 10:47.
14 ਰਸੂਲ ਅਤੇ ਯਰੂਸ਼ਲਮ ਦੇ ਬਜ਼ੁਰਗ 49 ਈਸਵੀ ਵਿਚ ਇਸ ਗੱਲ ʼਤੇ ਚਰਚਾ ਕਰਨ ਲਈ ਇਕੱਠੇ ਹੋਏ ਕਿ ਗ਼ੈਰ-ਯਹੂਦੀਆਂ ਨੂੰ ਸੁੰਨਤ ਕਰਾਉਣੀ ਚਾਹੀਦੀ ਹੈ ਕਿ ਨਹੀਂ। ਇਸ ਮੌਕੇ ਤੇ ਪਤਰਸ ਨੇ ਬੜੀ ਦਲੇਰੀ ਨਾਲ ਭਰਾਵਾਂ ਨੂੰ ਯਾਦ ਕਰਾਇਆ ਕਿ ਉਸ ਨੇ ਆਪਣੀ ਅੱਖੀਂ ਬੇਸੁੰਨਤੇ ਗ਼ੈਰ-ਯਹੂਦੀਆਂ ʼਤੇ ਪਵਿੱਤਰ ਸ਼ਕਤੀ ਆਉਂਦੀ ਦੇਖੀ ਸੀ। ਪਤਰਸ ਦੇ ਇਸ ਤਜਰਬੇ ਕਰਕੇ ਪ੍ਰਬੰਧਕ ਸਭਾ ਨੂੰ ਫ਼ੈਸਲਾ ਲੈਣ ਵਿਚ ਮਦਦ ਹੋਈ। (ਰਸੂ. 15:6-11, 13, 14, 28, 29) ਯਹੂਦੀ ਅਤੇ ਗ਼ੈਰ-ਯਹੂਦੀ ਮਸੀਹੀ ਇਸ ਗੱਲ ਲਈ ਪਤਰਸ ਦੇ ਬਹੁਤ ਸ਼ੁਕਰਗੁਜ਼ਾਰ ਹੋਏ ਹੋਣੇ ਕਿ ਉਸ ਨੇ ਦਲੇਰੀ ਨਾਲ ਸਾਰੀ ਸੱਚਾਈ ਦੱਸੀ। ਜ਼ਾਹਰ ਹੈ ਕਿ ਪਹਿਲੀ ਸਦੀ ਦੇ ਮਸੀਹੀਆਂ ਨੂੰ ਇਸ ਸਮਝਦਾਰ ਅਤੇ ਵਫ਼ਾਦਾਰ ਆਦਮੀ ʼਤੇ ਭਰੋਸਾ ਕਰਨਾ ਸੌਖਾ ਹੋਇਆ ਹੋਣਾ।—ਇਬ. 13:7.
15. ਜਦੋਂ ਪਤਰਸ ਸੀਰੀਆ ਦੇ ਅੰਤਾਕਿਯਾ ਸ਼ਹਿਰ ਵਿਚ ਸੀ, ਤਾਂ ਉਸ ਨੇ ਕਿਹੜੀ ਗ਼ਲਤੀ ਕੀਤੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
15 ਇਸ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਪਤਰਸ ਸੀਰੀਆ ਦੇ ਅੰਤਾਕਿਯਾ ਸ਼ਹਿਰ ਨੂੰ ਗਿਆ। ਜਿੰਨੀ ਦੇਰ ਉਹ ਉੱਥੇ ਰਿਹਾ ਉਹ ਗ਼ੈਰ-ਯਹੂਦੀ ਭੈਣਾਂ-ਭਰਾਵਾਂ ਨਾਲ ਮਿਲਦਾ-ਗਿਲ਼ਦਾ ਰਿਹਾ। ਬਿਨਾਂ ਸ਼ੱਕ ਉਨ੍ਹਾਂ ਮਸੀਹੀਆਂ ਨੂੰ ਪਤਰਸ ਦੇ ਗਿਆਨ ਅਤੇ ਤਜਰਬੇ ਤੋਂ ਬਹੁਤ ਫ਼ਾਇਦਾ ਹੋਇਆ ਹੋਣਾ। ਪਰ ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ ਹੋਣੀ ਅਤੇ ਧੱਕਾ ਲੱਗਾ ਹੋਣਾ ਜਦੋਂ ਪਤਰਸ ਨੇ ਅਚਾਨਕ ਹੀ ਉਨ੍ਹਾਂ ਨਾਲ ਖਾਣਾ-ਪੀਣਾ ਛੱਡ ਦਿੱਤਾ। ਪਤਰਸ ਨੂੰ ਦੇਖ ਕੇ ਹੋਰ ਯਹੂਦੀ ਮਸੀਹੀ ਵੀ ਇਸ ਤਰ੍ਹਾਂ ਕਰਨ ਲੱਗੇ, ਜਿਨ੍ਹਾਂ ਵਿਚ ਬਰਨਾਬਾਸ ਵੀ ਸੀ। ਇਸ ਸਮਝਦਾਰ ਬਜ਼ੁਰਗ ਨੇ ਇੰਨੀ ਗੰਭੀਰ ਗ਼ਲਤੀ ਕਿਉਂ ਕੀਤੀ ਜਿਸ ਕਰਕੇ ਮੰਡਲੀ ਵਿਚ ਫੁੱਟ ਪੈ ਸਕਦੀ ਸੀ? ਪਰ ਇਸ ਤੋਂ ਵੀ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਪਤਰਸ ਦੀ ਗ਼ਲਤੀ ਤੋਂ ਕੀ ਸਬਕ ਸਿੱਖ ਸਕਦੇ ਹਾਂ? ਇਹ ਸਬਕ ਸਾਡੀ ਉਦੋਂ ਕਿਵੇਂ ਮਦਦ ਕਰੇਗਾ ਜਦੋਂ ਕਿਸੇ ਬਜ਼ੁਰਗ ਭਰਾ ਦੀ ਕਹਿਣੀ ਜਾਂ ਕਰਨੀ ਕਰਕੇ ਸਾਨੂੰ ਦੁੱਖ ਲੱਗਦਾ ਹੈ?
16. ਪਤਰਸ ਦੀ ਗ਼ਲਤੀ ਨੂੰ ਕਿਵੇਂ ਸੁਧਾਰਿਆ ਗਿਆ ਅਤੇ ਕਿਹੜੇ ਸਵਾਲ ਖੜ੍ਹੇ ਹੁੰਦੇ ਹਨ?
16 ਗਲਾਤੀਆਂ 2:11-14 ਪੜ੍ਹੋ। ਪਤਰਸ ਇਨਸਾਨਾਂ ਦਾ ਡਰ ਰੱਖਣ ਲੱਗਾ। (ਕਹਾ. 29:25) ਪਤਰਸ ਜਾਣਦਾ ਸੀ ਕਿ ਯਹੋਵਾਹ ਗ਼ੈਰ-ਯਹੂਦੀ ਮਸੀਹੀਆਂ ਬਾਰੇ ਕੀ ਸੋਚਦਾ ਸੀ। ਫਿਰ ਵੀ ਪਤਰਸ ਰਸੂਲ ਯਰੂਸ਼ਲਮ ਦੀ ਮੰਡਲੀ ਤੋਂ ਆਏ ਯਹੂਦੀ ਮਸੀਹੀਆਂ ਤੋਂ ਡਰ ਗਿਆ, ਜੋ ਅਜੇ ਸੁੰਨਤ ਕਰਾਉਣ ਵਿਚ ਵਿਸ਼ਵਾਸ ਕਰਦੇ ਸਨ। ਉਸ ਨੂੰ ਇਹ ਡਰ ਸੀ ਕਿ ਗ਼ੈਰ-ਯਹੂਦੀਆਂ ਨਾਲ ਸੰਗਤੀ ਰੱਖਣ ਕਰਕੇ ਯਹੂਦੀ ਮਸੀਹੀ ਉਸ ਨੂੰ ਨੀਵਾਂ ਸਮਝਣਗੇ। ਪੌਲੁਸ ਰਸੂਲ ਨੇ ਪਤਰਸ ਨੂੰ ਪਖੰਡੀ ਕਿਹਾ। ਕਿਉਂ? ਕਿਉਂਕਿ ਪੌਲੁਸ ਨੇ ਸੁਣਿਆ ਸੀ ਕਿ ਪਤਰਸ ਨੇ 49 ਈਸਵੀ ਵਿਚ ਗ਼ੈਰ-ਯਹੂਦੀਆਂ ਦੇ ਪੱਖ ਵਿਚ ਗੱਲ ਕੀਤੀ ਸੀ। (ਰਸੂ. 15:12; ਗਲਾ. 2:13) ਪਤਰਸ ਦੇ ਬੁਰੇ ਸਲੂਕ ਕਰਕੇ ਗ਼ੈਰ-ਯਹੂਦੀ ਮਸੀਹੀਆਂ ਨੇ ਕੀ ਕੀਤਾ? ਕੀ ਉਨ੍ਹਾਂ ਨੇ ਆਪਣੀ ਨਿਹਚਾ ਕਮਜ਼ੋਰ ਹੋਣ ਦਿੱਤੀ? ਕੀ ਪਤਰਸ ਨੂੰ ਇਸ ਗ਼ਲਤੀ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਹੱਥ ਧੋਣਾ ਪਿਆ?
ਮਾਫ਼ ਕਰਦੇ ਰਹੋ
17. ਯਹੋਵਾਹ ਤੋਂ ਮਿਲੀ ਮਾਫ਼ੀ ਕਰਕੇ ਪਤਰਸ ਨੂੰ ਕੀ ਫ਼ਾਇਦਾ ਹੋਇਆ?
17 ਨਿਮਰ ਹੋਣ ਕਰਕੇ ਪਤਰਸ ਨੇ ਪੌਲੁਸ ਦੀ ਸਲਾਹ ਨੂੰ ਸਵੀਕਾਰ ਕੀਤਾ। ਬਾਈਬਲ ਇਹ ਨਹੀਂ ਦੱਸਦੀ ਕਿ ਪਤਰਸ ਨੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਹੱਥ ਧੋਣਾ ਪਿਆ। ਦਰਅਸਲ, ਬਾਅਦ ਵਿਚ ਪ੍ਰੇਰਿਤ ਹੋ ਕੇ ਉਸ ਨੇ ਦੋ ਚਿੱਠੀਆਂ ਲਿਖੀਆਂ ਜੋ ਬਾਈਬਲ ਦਾ ਹਿੱਸਾ ਬਣੀਆਂ। ਇੱਥੋਂ ਤਕ ਕਿ ਉਸ ਨੇ ਆਪਣੀ ਦੂਸਰੀ ਚਿੱਠੀ ਵਿਚ ਪੌਲੁਸ ਨੂੰ “ਭਰਾ” ਕਿਹਾ। (2 ਪਤ. 3:15) ਪਤਰਸ ਦੀ ਗ਼ਲਤੀ ਕਰਕੇ ਗ਼ੈਰ-ਯਹੂਦੀ ਮਸੀਹੀਆਂ ਨੂੰ ਬਹੁਤ ਦੁੱਖ ਲੱਗਾ ਹੋਣਾ। ਪਰ ਮੰਡਲੀ ਦਾ ਮੁਖੀ ਯਿਸੂ ਉਸ ਨੂੰ ਵਰਤਦਾ ਰਿਹਾ। (ਅਫ਼. 1:22) ਯਿਸੂ ਅਤੇ ਉਸ ਦੇ ਪਿਤਾ ਦੀ ਰੀਸ ਕਰਦੇ ਹੋਏ ਉਨ੍ਹਾਂ ਕੋਲ ਪਤਰਸ ਨੂੰ ਮਾਫ਼ ਕਰਨ ਦਾ ਮੌਕਾ ਸੀ। ਅਸੀਂ ਉਮੀਦ ਰੱਖਦੇ ਹਾਂ ਕਿ ਇਕ ਨਾਮੁਕੰਮਲ ਆਦਮੀ ਦੀ ਗ਼ਲਤੀ ਕਰਕੇ ਭੈਣਾਂ-ਭਰਾਵਾਂ ਨੇ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ ਹੋਣਾ।
18. ਸਾਨੂੰ ਕਿਨ੍ਹਾਂ ਹਾਲਾਤਾਂ ਵਿਚ ਨਿਆਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਰੱਖਣਾ ਚਾਹੀਦਾ ਹੈ?
18 ਨਾ ਤਾਂ ਪਹਿਲੀ ਸਦੀ ਦੀਆਂ ਮੰਡਲੀਆਂ ਵਿਚ ਕੋਈ ਬਜ਼ੁਰਗ ਮੁਕੰਮਲ ਸੀ ਤੇ ਨਾ ਹੀ ਅੱਜ ਦੀਆਂ ਮੰਡਲੀਆਂ ਵਿਚ ਕੋਈ ਹੈ। ਬਾਈਬਲ ਕਹਿੰਦੀ ਹੈ: “ਅਸੀਂ ਸਾਰੇ ਜਣੇ ਕਈ ਵਾਰ ਗ਼ਲਤੀਆਂ ਕਰਦੇ ਹਾਂ।” (ਯਾਕੂ. 3:2) ਹਾਂ, ਅਸੀਂ ਸਾਰੇ ਇਹ ਗੱਲ ਮੰਨਦੇ ਹਾਂ। ਪਰ ਅਸੀਂ ਉਦੋਂ ਕੀ ਕਰਦੇ ਹਾਂ ਜਦੋਂ ਸਾਡੇ ਖ਼ਿਲਾਫ਼ ਕੋਈ ਗ਼ਲਤੀ ਕਰਦਾ ਹੈ? ਕੀ ਉਸ ਵੇਲੇ ਅਸੀਂ ਨਿਆਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਰੱਖਾਂਗੇ? ਮਿਸਾਲ ਲਈ, ਅਸੀਂ ਕੀ ਕਰਾਂਗੇ ਜੇ ਕੋਈ ਬਜ਼ੁਰਗ ਇੱਦਾਂ ਦੀ ਕੋਈ ਗੱਲ ਕਹਿੰਦਾ ਹੈ ਜਿਸ ਤੋਂ ਸਾਨੂੰ ਲੱਗੇ ਕਿ ਉਹ ਪੱਖ-ਪਾਤ ਕਰ ਰਿਹਾ ਹੈ? ਜੇ ਕੋਈ ਬਜ਼ੁਰਗ ਬਿਨਾਂ ਸੋਚੇ-ਸਮਝੇ ਕੁਝ ਕਹਿੰਦਾ ਹੈ ਜਿਸ ਨਾਲ ਤੁਹਾਨੂੰ ਠੇਸ ਜਾਂ ਦੁੱਖ ਲੱਗੇ, ਤਾਂ ਕੀ ਤੁਸੀਂ ਆਪਣੀ ਨਿਹਚਾ ਕਮਜ਼ੋਰ ਹੋਣ ਦਿਓਗੇ? ਕੀ ਤੁਸੀਂ ਫਟਾਫਟ ਇਹ ਸੋਚੋਗੇ ਕਿ ‘ਇਸ ਭਰਾ ਨੂੰ ਬਜ਼ੁਰਗ ਕਿਸ ਨੇ ਬਣਾਇਆ’ ਜਾਂ ਕਿ ਤੁਸੀਂ ਧੀਰਜ ਰੱਖਦੇ ਹੋਏ ਮੰਡਲੀ ਦੇ ਮੁਖੀ ਯਿਸੂ ਉੱਤੇ ਭਰੋਸਾ ਰੱਖੋਗੇ? ਉਸ ਭਰਾ ਦੀ ਗ਼ਲਤੀ ਬਾਰੇ ਸੋਚੀ ਜਾਣ ਦੀ ਬਜਾਇ, ਕੀ ਤੁਸੀਂ ਇਹ ਯਾਦ ਕਰੋਗੇ ਕਿ ਉਸ ਭਰਾ ਨੇ ਕਿੰਨੇ ਸਾਲ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕੀਤੀ ਹੈ? ਜੇ ਤੁਹਾਡੇ ਖ਼ਿਲਾਫ਼ ਗ਼ਲਤੀ ਕਰਨ ਵਾਲਾ ਭਰਾ ਬਜ਼ੁਰਗ ਵਜੋਂ ਸੇਵਾ ਕਰਦਾ ਰਹਿੰਦਾ ਹੈ ਜਾਂ ਇੱਥੋਂ ਤਕ ਕਿ ਉਸ ਨੂੰ ਮੰਡਲੀ ਵਿਚ ਹੋਰ ਜ਼ਿੰਮੇਵਾਰੀਆਂ ਮਿਲਦੀਆਂ ਹਨ, ਤਾਂ ਕੀ ਤੁਸੀਂ ਖ਼ੁਸ਼ ਹੋਵੋਗੇ? ਜੇ ਤੁਸੀਂ ਮਾਫ਼ ਕਰਨ ਲਈ ਤਿਆਰ ਰਹਿੰਦੇ ਹੋ, ਤਾਂ ਤੁਸੀਂ ਨਿਆਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਰੱਖ ਰਹੇ ਹੋਵੋਗੇ।—ਮੱਤੀ 6:14, 15 ਪੜ੍ਹੋ।
19. ਸਾਨੂੰ ਕੀ ਕਰਨਾ ਚਾਹੀਦਾ ਹੈ?
19 ਅਸੀਂ ਸਾਰੇ ਨਿਆਂ ਚਾਹੁੰਦੇ ਹਾਂ। ਇਸ ਕਰਕੇ ਅਸੀਂ ਸਾਰੇ ਬੇਸਬਰੀ ਨਾਲ ਉਸ ਦਿਨ ਦੀ ਉਡੀਕ ਕਰ ਰਹੇ ਹਾਂ ਜਦੋਂ ਸ਼ੈਤਾਨ ਅਤੇ ਉਸ ਦੀ ਦੁਸ਼ਟ ਦੁਨੀਆਂ ਦੁਆਰਾ ਕੀਤੇ ਜਾਂਦੇ ਅਨਿਆਂ ਨੂੰ ਯਹੋਵਾਹ ਹਮੇਸ਼ਾ ਲਈ ਖ਼ਤਮ ਕਰੇਗਾ। (ਯਸਾ. 65:17) ਫਿਲਹਾਲ, ਜਦੋਂ ਵੀ ਸਾਡੇ ਨਾਲ ਅਨਿਆਂ ਹੁੰਦਾ ਹੈ, ਤਾਂ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਾਨੂੰ ਸਭ ਕੁਝ ਨਹੀਂ ਪਤਾ। ਨਾਲੇ ਸਾਡੇ ਖ਼ਿਲਾਫ਼ ਪਾਪ ਕਰਨ ਵਾਲਿਆਂ ਨੂੰ ਮਾਫ਼ ਕਰਨਾ ਜ਼ਰੂਰੀ ਹੈ। ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਅਸੀਂ ਨਿਆਂ ਪ੍ਰਤੀ ਯਹੋਵਾਹ ਵਰਗਾ ਨਜ਼ਰੀਆ ਰੱਖ ਰਹੇ ਹੋਵਾਂਗੇ।