ਗਾਯੁਸ ਭਰਾਵਾਂ ਦਾ ਮਦਦਗਾਰ
ਗਾਯੁਸ ਅਤੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਕੁਝ ਜਣੇ ਝੂਠੀਆਂ ਸਿੱਖਿਆਵਾਂ ਫੈਲਾ ਕੇ ਮਸੀਹੀਆਂ ਵਿਚ ਫੁੱਟ ਪਾ ਰਹੇ ਸਨ ਅਤੇ ਮੰਡਲੀ ਦੀ ਸ਼ਾਂਤੀ ਭੰਗ ਕਰ ਰਹੇ ਸਨ। (1 ਯੂਹੰ. 2:18, 19; 2 ਯੂਹੰ. 7) ਦਿਉਤ੍ਰਿਫੇਸ ਨਾਂ ਦਾ ਭਰਾ ਯੂਹੰਨਾ ਰਸੂਲ ਅਤੇ ਹੋਰ ਭਰਾਵਾਂ ਨੂੰ “ਬਦਨਾਮ ਕਰਨ ਲਈ ਗ਼ਲਤ ਗੱਲਾਂ” ਫੈਲਾ ਰਿਹਾ ਸੀ। ਨਾਲੇ ਉਹ ਹੋਰ ਮੰਡਲੀਆਂ ਤੋਂ ਆਏ ਭਰਾਵਾਂ ਦੀ ਪਰਾਹੁਣਚਾਰੀ ਨਹੀਂ ਕਰਨੀ ਚਾਹੁੰਦਾ ਸੀ। ਉਹ ਦੂਸਰਿਆਂ ਨੂੰ ਵੀ ਆਪਣੇ ਮਗਰ ਲਾ ਰਿਹਾ ਸੀ। (3 ਯੂਹੰ. 9, 10) ਇਨ੍ਹਾਂ ਹਾਲਾਤਾਂ ਵਿਚ ਯੂਹੰਨਾ ਨੇ ਗਾਯੁਸ ਨੂੰ ਚਿੱਠੀ ਲਿਖੀ। ਯੂਹੰਨਾ ਰਸੂਲ ਨੇ ਇਹ ਚਿੱਠੀ ਲਗਭਗ 98 ਈਸਵੀ ਵਿਚ ਲਿਖੀ। ਬਾਈਬਲ ਦੀਆਂ ਯੂਨਾਨੀ ਲਿਖਤਾਂ ਵਿਚ ਇਸ ਕਿਤਾਬ ਨੂੰ “ਯੂਹੰਨਾ ਦੀ ਤੀਸਰੀ ਚਿੱਠੀ” ਕਿਹਾ ਜਾਂਦਾ ਹੈ।
ਮੁਸ਼ਕਲਾਂ ਦੇ ਬਾਵਜੂਦ ਗਾਯੁਸ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦਾ ਰਿਹਾ। ਉਸ ਨੇ ਆਪਣੀ ਵਫ਼ਾਦਾਰੀ ਕਿਵੇਂ ਦਿਖਾਈ? ਸਾਨੂੰ ਗਾਯੁਸ ਦੀ ਰੀਸ ਕਿਉਂ ਕਰਨੀ ਚਾਹੀਦੀ ਹੈ? ਗਾਯੁਸ ਦੀ ਰੀਸ ਕਰਨ ਵਿਚ ਯੂਹੰਨਾ ਦੀ ਚਿੱਠੀ ਸਾਡੀ ਕਿਵੇਂ ਮਦਦ ਕਰ ਸਕਦੀ ਹੈ?
ਪਿਆਰੇ ਭਰਾ ਨੂੰ ਚਿੱਠੀ
ਯੂਹੰਨਾ ਦੀ ਤੀਸਰੀ ਚਿੱਠੀ ਦੇ ਲਿਖਾਰੀ ਨੇ ਆਪਣੇ ਆਪ ਨੂੰ “ਬਜ਼ੁਰਗ” ਕਿਹਾ। ਸਿਰਫ਼ ਇਸ ਸ਼ਬਦ ਤੋਂ ਹੀ ਗਾਯੁਸ ਨੇ ਪਛਾਣ ਲਿਆ ਕਿ ਇਹ ਚਿੱਠੀ ਯੂਹੰਨਾ ਰਸੂਲ ਨੇ ਭੇਜੀ ਸੀ। ਯੂਹੰਨਾ ਰਸੂਲ ਨੇ ਉਸ ਨੂੰ ਆਪਣਾ ਬੱਚਾ ਕਿਹਾ ਕਿਉਂਕਿ ਉਸ ਨੇ ਹੀ ਗਾਯੁਸ ਨੂੰ ਸੱਚਾਈ ਸਿਖਾਈ ਸੀ। ਚਿੱਠੀ ਵਿਚ ਯੂਹੰਨਾ ਨੇ ਗਾਯੁਸ ਨੂੰ ‘ਪਿਆਰਾ’ ਵੀ ਕਿਹਾ ਕਿਉਂਕਿ ਉਹ ਉਸ ਨੂੰ “ਸੱਚੇ ਦਿਲੋਂ ਪਿਆਰ ਕਰਦਾ” ਸੀ। ਯੂਹੰਨਾ ਉਮੀਦ ਰੱਖਦਾ ਸੀ ਕਿ ਪਰਮੇਸ਼ੁਰ ਨਾਲ ਗਾਯੁਸ ਦੇ ਰਿਸ਼ਤੇ ਵਾਂਗ ਉਸ ਦੀ ਸਿਹਤ ਵੀ ਵਧੀਆ ਹੋਵੇਗੀ। ਕਿੰਨੇ ਹੀ ਪਿਆਰ ਭਰੇ ਸ਼ਬਦ!—3 ਯੂਹੰ. 1, 2, 4.
ਹੋ ਸਕਦਾ ਹੈ ਕਿ ਗਾਯੁਸ ਮੰਡਲੀ ਵਿਚ ਇਕ ਜ਼ਿੰਮੇਵਾਰ ਭਰਾ ਸੀ, ਪਰ ਚਿੱਠੀ ਵਿਚ ਇਸ ਬਾਰੇ ਕੁਝ ਨਹੀਂ ਦੱਸਿਆ ਗਿਆ। ਯੂਹੰਨਾ ਨੇ ਗਾਯੁਸ ਦੀ ਤਾਰੀਫ਼ ਕੀਤੀ ਕਿਉਂਕਿ ਉਸ ਨੇ ਉਨ੍ਹਾਂ ਭਰਾਵਾਂ ਦੀ ਪਰਾਹੁਣਚਾਰੀ ਕੀਤੀ ਜਿਨ੍ਹਾਂ ਨੂੰ ਉਹ ਜਾਣਦਾ ਵੀ ਨਹੀਂ ਸੀ। ਯੂਹੰਨਾ ਨੇ ਕਿਹਾ ਕਿ ਇਸ ਤਰ੍ਹਾਂ ਕਰ ਕੇ ਗਾਯੁਸ ਨੇ ਪਰਮੇਸ਼ੁਰ ਪ੍ਰਤੀ ਆਪਣੀ ਵਫ਼ਾਦਾਰੀ ਦਾ ਸਬੂਤ ਦਿੱਤਾ। ਸ਼ੁਰੂ ਤੋਂ ਪਰਮੇਸ਼ੁਰ ਦੇ ਸੇਵਕ ਪਰਾਹੁਣਚਾਰੀ ਕਰਨ ਤੋਂ ਜਾਣੇ ਜਾਂਦੇ ਸਨ।—ਉਤ. 18:1-8; 1 ਤਿਮੋ. 3:2; 3 ਯੂਹੰ. 5.
ਪਰ ਯੂਹੰਨਾ ਨੂੰ ਕਿਵੇਂ ਪਤਾ ਸੀ ਕਿ ਗਾਯੁਸ ਭਰਾਵਾਂ ਦੀ ਪਰਾਹੁਣਚਾਰੀ ਕਰਦਾ ਸੀ? ਯੂਹੰਨਾ ਦੀਆਂ ਗੱਲਾਂ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਕੁਝ ਭਰਾ ਮੰਡਲੀਆਂ ਦਾ ਦੌਰਾ ਕਰਨ ਦੇ ਨਾਲ-ਨਾਲ ਯੂਹੰਨਾ ਨੂੰ ਵੀ ਮਿਲਣ ਜਾਂਦੇ ਸਨ। ਲੱਗਦਾ ਹੈ ਕਿ ਇਨ੍ਹਾਂ ਭਰਾਵਾਂ ਨੇ ਯੂਹੰਨਾ ਨੂੰ ਗਾਯੁਸ ਬਾਰੇ ਦੱਸਿਆ ਹੋਣਾ ਅਤੇ ਮੰਡਲੀਆਂ ਦੀ ਸਾਰੀ ਜਾਣਕਾਰੀ ਵੀ ਦਿੱਤੀ ਹੋਣੀ।
ਸਫ਼ਰ ਕਰਨ ਵਾਲੇ ਮਸੀਹੀ ਆਪਣੇ ਮਸੀਹੀ ਭਰਾਵਾਂ ਦੇ ਘਰ ਰੁਕਣ ਬਾਰੇ ਸੋਚਦੇ ਹੋਣੇ। ਕਿਉਂ? ਕਿਉਂਕਿ ਉਸ ਸਮੇਂ ਦੇ ਮੁਸਾਫ਼ਰਖ਼ਾਨੇ ਬਦਨਾਮ ਸਨ। ਉੱਥੇ ਘਟੀਆ ਕਿਸਮ ਦਾ ਖਾਣਾ-ਪੀਣਾ ਮਿਲਦਾ ਸੀ ਅਤੇ ਉੱਥੇ ਗ਼ਲਤ ਕੰਮ ਵੀ ਆਮ ਹੁੰਦੇ ਸਨ। ਜਿੱਥੋਂ ਤਕ ਹੋ ਸਕੇ ਆਮ ਲੋਕ ਵੀ ਆਪਣੇ ਜਾਣ-ਪਛਾਣ ਵਾਲਿਆਂ ਦੇ ਘਰਾਂ ਵਿਚ ਰੁਕਦੇ ਹੋਣੇ। ਸਫ਼ਰ ਕਰਨ ਵਾਲੇ ਮਸੀਹੀ ਵੀ ਆਪਣੇ ਮਸੀਹੀ ਭਰਾਵਾਂ ਦੇ ਘਰਾਂ ਵਿਚ ਰੁਕਦੇ ਹੋਣੇ।
“ਇਹ ਭਰਾ ਪਰਮੇਸ਼ੁਰ ਦੇ ਨਾਂ ਦਾ ਪ੍ਰਚਾਰ ਕਰਨ ਲਈ ਹੀ ਨਿਕਲੇ”
ਯੂਹੰਨਾ ਨੇ ਗਾਯੁਸ ਨੂੰ ਫਿਰ ਤੋਂ ਪਰਾਹੁਣਚਾਰੀ ਕਰਨ ਦੀ ਹੱਲਾਸ਼ੇਰੀ ਦਿੰਦਿਆਂ ਕਿਹਾ: “ਇਨ੍ਹਾਂ [ਭਰਾਵਾਂ] ਦੇ ਸਫ਼ਰ ਵਾਸਤੇ ਅਜਿਹਾ ਬੰਦੋਬਸਤ ਕਰੀਂ ਜਿਸ ਤੋਂ ਪਰਮੇਸ਼ੁਰ ਨੂੰ ਖ਼ੁਸ਼ੀ ਹੋਵੇ।” ਉਸ ਨੇ ਭਰਾਵਾਂ ਲਈ ਉਨ੍ਹਾਂ ਸਾਰੀਆਂ ਚੀਜ਼ਾਂ ਦਾ ਇੰਤਜ਼ਾਮ ਕਰਨਾ ਸੀ ਜੋ ਉਨ੍ਹਾਂ ਦੇ ਸਫ਼ਰ ਲਈ ਜ਼ਰੂਰੀ ਸਨ। ਗਾਯੁਸ ਪਹਿਲਾਂ ਤੋਂ ਹੀ ਇਸ ਤਰ੍ਹਾਂ ਕਰ ਰਿਹਾ ਸੀ। ਪਰ ਅਸੀਂ ਇਹ ਗੱਲ ਕਿਵੇਂ ਜਾਣਦੇ ਹਾਂ? ਕਿਉਂਕਿ ਸਫ਼ਰ ਕਰਨ ਵਾਲੇ ਭਰਾਵਾਂ ਨੇ ਯੂਹੰਨਾ ਨੂੰ ਗਾਯੁਸ ਦੇ ਪਿਆਰ ਅਤੇ ਨਿਹਚਾ ਬਾਰੇ ਦੱਸਿਆ ਸੀ।—3 ਯੂਹੰ. 3, 6.
ਗਾਯੁਸ ਦੇ ਮਹਿਮਾਨ ਸ਼ਾਇਦ ਮਿਸ਼ਨਰੀ, ਯੂਹੰਨਾ ਦੇ ਰਾਜ-ਦੂਤ ਜਾਂ ਸਫ਼ਰੀ ਨਿਗਾਹਬਾਨ ਸਨ। ਜੋ ਵੀ ਸੀ ਉਹ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਸਫ਼ਰ ਕਰਦੇ ਸਨ। ਯੂਹੰਨਾ ਨੇ ਅੱਗੇ ਕਿਹਾ: “ਇਹ ਭਰਾ ਪਰਮੇਸ਼ੁਰ ਦੇ ਨਾਂ ਦਾ ਪ੍ਰਚਾਰ ਕਰਨ ਲਈ ਹੀ ਨਿਕਲੇ ਹਨ।” (3 ਯੂਹੰ. 7) ਇਹ ਭਰਾ ਮਸੀਹੀ ਮੰਡਲੀ ਦਾ ਹਿੱਸਾ ਸਨ ਅਤੇ ਪਰਾਹੁਣਚਾਰੀ ਦੇ ਹੱਕਦਾਰ ਸਨ। ਇਸ ਲਈ ਯੂਹੰਨਾ ਨੇ ਲਿਖਿਆ: “ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਅਜਿਹੇ ਭਰਾਵਾਂ ਦੀ ਪਰਾਹੁਣਚਾਰੀ ਕਰੀਏ, ਤਾਂਕਿ ਅਸੀਂ ਵੀ ਸੱਚਾਈ ਦੇ ਕੰਮ ਵਿਚ ਇਨ੍ਹਾਂ ਦਾ ਸਾਥ ਦੇਈਏ।”—3 ਯੂਹੰ. 8.
ਇਕ ਗੰਭੀਰ ਸਮੱਸਿਆ ਨਾਲ ਨਜਿੱਠਣ ਵਿਚ ਮਦਦ
ਯੂਹੰਨਾ ਨੇ ਗਾਯੁਸ ਨੂੰ ਇਹ ਚਿੱਠੀ ਸਿਰਫ਼ ਉਸ ਦਾ ਧੰਨਵਾਦ ਕਰਨ ਲਈ ਨਹੀਂ ਸੀ ਲਿਖੀ। ਮੰਡਲੀ ਵਿਚ ਖੜ੍ਹੀ ਹੋਈ ਇਕ ਗੰਭੀਰ ਸਮੱਸਿਆ ਨਾਲ ਨਜਿੱਠਣ ਵਿਚ ਯੂਹੰਨਾ ਗਾਯੁਸ ਦੀ ਮਦਦ ਕਰਨੀ ਚਾਹੁੰਦਾ ਸੀ। ਦਿਉਤ੍ਰਿਫੇਸ ਨਾਂ ਦਾ ਇਕ ਮਸੀਹੀ ਕਿਸੇ ਕਾਰਨ ਕਰਕੇ ਭਰਾਵਾਂ ਦੀ ਪਰਾਹੁਣਚਾਰੀ ਨਹੀਂ ਸੀ ਕਰਦਾ। ਉਹ ਮੰਡਲੀ ਦੇ ਦੂਸਰੇ ਭਰਾਵਾਂ ਨੂੰ ਵੀ ਇਸ ਤਰ੍ਹਾਂ ਕਰਨ ਤੋਂ ਰੋਕਦਾ ਸੀ।—3 ਯੂਹੰ. 9, 10.
ਜੇ ਦਿਉਤ੍ਰਿਫੇਸ ਨੇ ਆਪਣੇ ਘਰ ਦੇ ਦਰਵਾਜ਼ੇ ਕਦੇ ਖੋਲ੍ਹੇ ਵੀ ਹੋਣੇ, ਤਾਂ ਵੀ ਵਫ਼ਾਦਾਰ ਮਸੀਹੀ ਉਸ ਦੇ ਘਰ ਨਹੀਂ ਰੁਕਣਾ ਚਾਹੁੰਦੇ ਹੋਣੇ। ਦਿਉਤ੍ਰਿਫੇਸ ਮੰਡਲੀ ਵਿਚ ਆਪਣੀ ਚੌਧਰ ਚਾਹੁੰਦਾ ਸੀ ਅਤੇ ਉਸ ਨੇ ਯੂਹੰਨਾ ਦਾ ਵੀ ਆਦਰ ਨਹੀਂ ਕੀਤਾ। ਉਹ ਯੂਹੰਨਾ ਰਸੂਲ ਅਤੇ ਦੂਜੇ ਭਰਾਵਾਂ ਨੂੰ ਬਦਨਾਮ ਕਰਨ ਲਈ ਗ਼ਲਤ ਗੱਲਾਂ ਕਹਿੰਦਾ ਸੀ। ਭਾਵੇਂ ਕਿ ਯੂਹੰਨਾ ਨੇ ਉਸ ਨੂੰ ਝੂਠਾ ਸਿੱਖਿਅਕ ਨਹੀਂ ਕਿਹਾ, ਪਰ ਉਹ ਯੂਹੰਨਾ ਦੇ ਅਧਿਕਾਰ ਦਾ ਵਿਰੋਧ ਕਰਦਾ ਸੀ। ਸਾਰਿਆਂ ਤੋਂ ਵੱਡਾ ਬਣਨ ਦੀ ਲਾਲਸਾ ਰੱਖਣ ਕਰਕੇ ਅਤੇ ਪਰਮੇਸ਼ੁਰ ਦੇ ਖ਼ਿਲਾਫ਼ ਜਾ ਕੇ ਉਸ ਨੇ ਦਿਖਾਇਆ ਕਿ ਉਹ ਇਕ ਵਫ਼ਾਦਾਰ ਭਰਾ ਨਹੀਂ ਸੀ। ਦਿਉਤ੍ਰਿਫੇਸ ਇਸ ਗੱਲ ਦੀ ਮਿਸਾਲ ਹੈ ਕਿ ਮੰਡਲੀ ਵਿਚ ਘਮੰਡੀ ਅਤੇ ਅੱਗੇ ਨਿਕਲਣ ਦੀ ਲਾਲਸਾ ਰੱਖਣ ਵਾਲੇ ਲੋਕ ਮੰਡਲੀ ਵਿਚ ਫੁੱਟ ਪਾਉਂਦੇ ਹਨ। ਇਸ ਲਈ ਯੂਹੰਨਾ ਵੱਲੋਂ ਗਾਯੁਸ ਨੂੰ ਦਿੱਤੀ ਸਲਾਹ ਵੱਲ ਸਾਨੂੰ ਵੀ ਧਿਆਨ ਦੇਣਾ ਚਾਹੀਦਾ ਹੈ: “ਬੁਰਿਆਂ ਦੀ ਰੀਸ ਨਾ ਕਰੀਂ।”—3 ਯੂਹੰ. 11.
ਚੰਗੇ ਕੰਮ ਕਰਨ ਦਾ ਵਧੀਆ ਕਾਰਨ
ਯੂਹੰਨਾ ਨੇ ਚੰਗੇ ਭਰਾ ਦੇਮੇਤ੍ਰਿਉਸ ਬਾਰੇ ਵੀ ਦੱਸਿਆ ਜੋ ਦਿਉਤ੍ਰਿਫੇਸ ਤੋਂ ਬਹੁਤ ਵੱਖਰਾ ਸੀ। ਯੂਹੰਨਾ ਨੇ ਗਾਯੁਸ ਨੂੰ ਕਿਹਾ: “ਸਾਰੇ ਜਣੇ ਦੇਮੇਤ੍ਰਿਉਸ ਦੀਆਂ ਸਿਫ਼ਤਾਂ ਕਰਦੇ ਹਨ . . . ਅਸੀਂ ਵੀ ਉਸ ਬਾਰੇ ਗਵਾਹੀ ਦਿੰਦੇ ਹਾਂ ਅਤੇ ਤੂੰ ਜਾਣਦਾ ਹੈਂ ਕਿ ਸਾਡੀ ਗਵਾਹੀ ਸੱਚੀ ਹੈ।” (3 ਯੂਹੰ. 12) ਹੋ ਸਕਦਾ ਸੀ ਕਿ ਦੇਮੇਤ੍ਰਿਉਸ ਨੂੰ ਗਾਯੁਸ ਦੀ ਮਦਦ ਦੀ ਲੋੜ ਸੀ। ਨਾਲੇ ਇਹ ਵੀ ਹੋ ਸਕਦਾ ਹੈ ਕਿ ਯੂਹੰਨਾ ਦੀ ਤੀਜੀ ਚਿੱਠੀ ਦੇਮੇਤ੍ਰਿਉਸ ਦੀ ਸਿਫ਼ਾਰਸ਼ੀ ਚਿੱਠੀ ਸੀ, ਜੋ ਸ਼ਾਇਦ ਦੇਮੇਤ੍ਰਿਉਸ ਨੇ ਆਪਣੇ ਹੱਥੀ ਗਾਉਸ ਨੂੰ ਫੜਾਈ ਸੀ। ਯੂਹੰਨਾ ਦਾ ਰਾਜ-ਦੂਤ ਜਾਂ ਇਕ ਸਫ਼ਰੀ ਨਿਗਾਹਬਾਨ ਹੋਣ ਦੇ ਨਾਤੇ ਦੇਮੇਤ੍ਰਿਉਸ ਨੇ ਚਿੱਠੀ ਵਿਚ ਲਿਖੀਆਂ ਗੱਲਾਂ ਗਾਯੁਸ ਨੂੰ ਹੋਰ ਖੁੱਲ੍ਹ ਕੇ ਸਮਝਾਈਆਂ ਹੋਣੀਆਂ।
ਯੂਹੰਨਾ ਨੇ ਗਾਯੁਸ ਨੂੰ ਪਰਾਹੁਣਚਾਰੀ ਕਰਦੇ ਰਹਿਣ ਲਈ ਕਿਉਂ ਕਿਹਾ, ਜਦਕਿ ਉਹ ਇਸ ਤਰ੍ਹਾਂ ਕਰ ਹੀ ਰਿਹਾ ਸੀ? ਦਿਉਤ੍ਰਿਫੇਸ ਪਰਾਹੁਣਚਾਰੀ ਕਰਨ ਵਾਲਿਆਂ ਨੂੰ ਮੰਡਲੀ ਵਿੱਚੋਂ ਬਾਹਰ ਕੱਢ ਰਿਹਾ ਸੀ। ਕੀ ਯੂਹੰਨਾ ਨੂੰ ਇਸ ਗੱਲ ਕਰਕੇ ਚਿੰਤਾ ਸੀ ਕਿ ਗਾਯੁਸ ਡਰਦੇ ਮਾਰੇ ਪਰਾਹੁਣਚਾਰੀ ਕਰਨ ਤੋਂ ਝਿਜਕ ਰਿਹਾ ਸੀ? ਕੀ ਯੂਹੰਨਾ ਨੂੰ ਲੱਗਾ ਕਿ ਗਾਯੁਸ ਨੂੰ ਹੌਸਲੇ ਦੀ ਲੋੜ ਸੀ? ਚਾਹੇ ਜੋ ਵੀ ਸੀ, ਯੂਹੰਨਾ ਨੇ ਗਾਯੁਸ ਨੂੰ ਇਹ ਕਹਿ ਕੇ ਭਰੋਸਾ ਦਿੱਤਾ: “ਜਿਹੜਾ ਚੰਗੇ ਕੰਮ ਕਰਦਾ ਹੈ, ਉਹ ਪਰਮੇਸ਼ੁਰ ਵੱਲ ਹੈ।” (3 ਯੂਹੰ. 11) ਚੰਗੇ ਕੰਮ ਕਰਦੇ ਰਹਿਣ ਦਾ ਇਹ ਕਿੰਨਾ ਵਧੀਆ ਕਾਰਨ!
ਕੀ ਯੂਹੰਨਾ ਦੀ ਚਿੱਠੀ ਰਾਹੀਂ ਗਾਯੁਸ ਨੂੰ ਪਰਾਹੁਣਚਾਰੀ ਕਰਦੇ ਰਹਿਣ ਦਾ ਹੌਸਲਾ ਮਿਲਿਆ? ਜ਼ਰੂਰ ਮਿਲਿਆ ਹੋਣਾ। ਇਸੇ ਕਰਕੇ ਪਰਮੇਸ਼ੁਰ ਨੇ ਯੂਹੰਨਾ ਦੀ ਤੀਜੀ ਚਿੱਠੀ ਬਾਈਬਲ ਵਿਚ ਦਰਜ ਕਰਵਾਈ ਅਤੇ ਇਸ ਤੋਂ ਸਾਰਿਆਂ ਨੂੰ “ਚੰਗਿਆਂ ਦੀ ਰੀਸ” ਕਰਨ ਦਾ ਹੌਸਲਾ ਮਿਲਦਾ ਹੈ।
ਯੂਹੰਨਾ ਦੀ ਤੀਸਰੀ ਚਿੱਠੀ ਤੋਂ ਸਬਕ
ਪਹਿਲੀ ਸਦੀ ਦੇ ਭਰਾ ਗਾਯੁਸ ਬਾਰੇ ਬਾਈਬਲ ਵਿਚ ਜ਼ਿਆਦਾ ਕੁਝ ਨਹੀਂ ਦੱਸਿਆ ਗਿਆ ਹੈ। ਫਿਰ ਵੀ ਉਸ ਦੀ ਜ਼ਿੰਦਗੀ ਦੀ ਇਸ ਥੋੜ੍ਹੀ ਜਿਹੀ ਝਲਕ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ।
ਪਹਿਲਾ, ਸਾਡੇ ਵਿੱਚੋਂ ਬਹੁਤ ਸਾਰੇ ਮਸੀਹੀ ਉਨ੍ਹਾਂ ਭੈਣਾਂ-ਭਰਾਵਾਂ ਦਾ ਧੰਨਵਾਦ ਕਰਦੇ ਹਨ ਜੋ ਸੱਚਾਈ ਸਿਖਾਉਣ ਲਈ ਸਫ਼ਰ ਕਰ ਕੇ ਉਨ੍ਹਾਂ ਕੋਲ ਗਏ ਸਨ। ਅੱਜ ਮੰਡਲੀ ਦੇ ਸਾਰੇ ਭੈਣ-ਭਰਾ ਖ਼ੁਸ਼ ਖ਼ਬਰੀ ਦੀ ਖ਼ਾਤਰ ਦੂਰ-ਦੂਰ ਸਫ਼ਰ ਨਹੀਂ ਕਰਦੇ। ਫਿਰ ਵੀ ਗਾਯੁਸ ਵਾਂਗ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਸਫ਼ਰ ਕਰਨ ਵਾਲੇ ਮਸੀਹੀਆਂ, ਜਿਵੇਂ ਕਿ ਸਫ਼ਰੀ ਨਿਗਾਹਬਾਨ ਅਤੇ ਉਨ੍ਹਾਂ ਦੀਆਂ ਪਤਨੀਆਂ, ਦੀ ਮਦਦ ਕਰੀਏ ਅਤੇ ਉਨ੍ਹਾਂ ਨੂੰ ਹੌਸਲਾ ਦੇਈਏ। ਨਾਲੇ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀ ਵੀ ਮਦਦ ਕਰ ਸਕਦੇ ਹਾਂ ਜੋ ਆਪਣੇ ਦੇਸ਼ ਵਿਚ ਹੋਰ ਜਗ੍ਹਾ ʼਤੇ ਜਾਂ ਦੂਸਰੇ ਦੇਸ਼ ਵਿਚ ਜਾਂਦੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਇਸ ਲਈ ਆਓ ਆਪਾਂ ‘ਪਰਾਹੁਣਚਾਰੀ ਕਰਨ ਵਿਚ ਲੱਗੇ ਰਹੀਏ।’—ਰੋਮੀ. 12:13; 1 ਤਿਮੋ. 5:9, 10.
ਦੂਜਾ, ਸਾਨੂੰ ਹੈਰਾਨ-ਪਰੇਸ਼ਾਨ ਨਹੀਂ ਹੋਣਾ ਚਾਹੀਦਾ ਜੇਕਰ ਅੱਜ ਕਦੇ ਕੋਈ ਮੰਡਲੀ ਵਿਚ ਅਧਿਕਾਰ ਰੱਖਣ ਵਾਲਿਆਂ ਦਾ ਵਿਰੋਧ ਕਰਦਾ ਹੈ। ਪਹਿਲੀ ਸਦੀ ਵਿਚ ਵੀ ਕਈਆਂ ਨੇ ਯੂਹੰਨਾ ਅਤੇ ਪੌਲੁਸ ਰਸੂਲ ਪ੍ਰਤੀ ਆਦਰ ਨਹੀਂ ਦਿਖਾਇਆ ਸੀ। (2 ਕੁਰਿੰ. 10:7-12; 12:11-13) ਅਸੀਂ ਕੀ ਕਰਾਂਗੇ ਜੇ ਸਾਡੀ ਮੰਡਲੀ ਵਿਚ ਬਿਲਕੁਲ ਇਸ ਤਰ੍ਹਾਂ ਦੇ ਹਾਲਾਤਾਂ ਪੈਦਾ ਹੋ ਜਾਣ? ਪੌਲੁਸ ਨੇ ਤਿਮੋਥਿਉਸ ਨੂੰ ਸਲਾਹ ਦਿੱਤੀ: “ਪਰਮੇਸ਼ੁਰ ਦੇ ਸੇਵਕ ਨੂੰ ਲੜਨ ਦੀ ਲੋੜ ਨਹੀਂ, ਸਗੋਂ ਉਸ ਨੂੰ ਸਾਰਿਆਂ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ ਤੇ ਉਸ ਨੂੰ ਸਿਖਾਉਣ ਦੇ ਕਾਬਲ ਹੋਣਾ ਚਾਹੀਦਾ ਹੈ ਅਤੇ ਜਦੋਂ ਉਸ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ, ਤਾਂ ਉਸ ਨੂੰ ਆਪਣੇ ʼਤੇ ਕਾਬੂ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਲੋਕਾਂ ਨੂੰ ਨਰਮਾਈ ਨਾਲ ਸਿਖਾਉਣਾ ਚਾਹੀਦਾ ਹੈ ਜਿਹੜੇ ਉਸ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਹੁੰਦੇ।” ਜਦੋਂ ਅਸੀਂ ਕਿਸੇ ਦੇ ਖਿਝਾਉਣ ʼਤੇ ਵੀ ਸ਼ਾਂਤ ਰਹਿੰਦੇ ਹਾਂ, ਤਾਂ ਹੋ ਸਕਦਾ ਹੈ ਕਿ ਸੱਚਾਈ ਦਾ ਵਿਰੋਧ ਕਰਨ ਵਾਲੇ ਵੀ ਹੌਲੀ-ਹੌਲੀ ਬਦਲ ਜਾਣ। ਇਸ ਕਰਕੇ “ਹੋ ਸਕਦਾ ਹੈ ਕਿ ਪਰਮੇਸ਼ੁਰ ਉਨ੍ਹਾਂ ਨੂੰ ਆਪਣਾ ਮਨ ਬਦਲਣ ਦਾ ਮੌਕਾ ਦੇਵੇ, ਤਾਂਕਿ ਉਹ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰ ਲੈਣ।”—2 ਤਿਮੋ. 2:24, 25.
ਤੀਜਾ, ਜਿਹੜੇ ਭੈਣ-ਭਰਾ ਵਿਰੋਧ ਦੇ ਬਾਵਜੂਦ ਵੀ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਕਰਦੇ ਰਹਿੰਦੇ ਹਨ ਉਹ ਸਾਡੀ ਤਾਰੀਫ਼ ਦੇ ਲਾਇਕ ਹਨ। ਯੂਹੰਨਾ ਰਸੂਲ ਨੇ ਗਾਯੁਸ ਨੂੰ ਹੌਸਲਾ ਦਿੱਤਾ ਹੋਣਾ ਅਤੇ ਇਸ ਗੱਲ ਦਾ ਭਰੋਸਾ ਦਿਵਾਇਆ ਹੋਣਾ ਕਿ ਉਹ ਸਹੀ ਕੰਮ ਕਰ ਰਿਹਾ ਸੀ। ਇਸੇ ਤਰ੍ਹਾਂ ਅੱਜ ਮੰਡਲੀ ਦੇ ਬਜ਼ੁਰਗਾਂ ਨੂੰ ਯੂਹੰਨਾ ਦੀ ਰੀਸ ਕਰਦੇ ਹੋਏ ਭੈਣ-ਭਰਾਵਾਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਤਾਂਕਿ ਉਹ ਕਦੇ ‘ਨਾ ਥੱਕਣ।’—ਯਸਾ. 40:31; 1 ਥੱਸ. 5:11.
ਯੂਨਾਨੀ ਭਾਸ਼ਾ ਵਿਚ ਯੂਹੰਨਾ ਦੀ ਤੀਸਰੀ ਚਿੱਠੀ ਵਿਚ ਸਿਰਫ਼ 219 ਸ਼ਬਦ ਹਨ। ਇਹ ਬਾਈਬਲ ਦੀ ਸਭ ਤੋਂ ਛੋਟੀ ਕਿਤਾਬ ਹੈ। ਪਰ ਫਿਰ ਵੀ ਇਹ ਅੱਜ ਮਸੀਹੀਆਂ ਲਈ ਬਹੁਤ ਮਾਅਨੇ ਰੱਖਦੀ ਹੈ।