ਸੰਜਮ ਪੈਦਾ ਕਰੋ
‘ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ ਸੰਜਮ ਪੈਦਾ ਹੁੰਦਾ ਹੈ।’—ਗਲਾ. 5:22, 23.
1, 2. (ੳ) ਅਸੰਜਮੀ ਹੋਣ ਕਰਕੇ ਕਿਹੜੇ ਨਤੀਜੇ ਨਿਕਲਦੇ ਹਨ? (ਅ) ਅਸੀਂ ਸੰਜਮ ਰੱਖਣ ਬਾਰੇ ਕਿਉਂ ਗੱਲ ਕਰਾਂਗੇ?
ਸੰਜਮ ਦਾ ਗੁਣ ਪੈਦਾ ਕਰਨ ਲਈ ਯਹੋਵਾਹ ਪਰਮੇਸ਼ੁਰ ਸਾਡੀ ਮਦਦ ਕਰ ਸਕਦਾ ਹੈ। (ਗਲਾ. 5:22, 23) ਯਹੋਵਾਹ ਹਮੇਸ਼ਾ ਸੰਜਮ ਰੱਖਦਾ ਹੈ। ਪਰ ਅਸੀਂ ਪਾਪੀ ਹਾਂ, ਇਸ ਲਈ ਸਾਡੇ ਲਈ ਹਮੇਸ਼ਾ ਸੰਜਮ ਰੱਖਣਾ ਔਖਾ ਹੈ। ਇਹ ਗੱਲ ਬਿਲਕੁਲ ਸੱਚ ਹੈ ਕਿ ਲੋਕਾਂ ʼਤੇ ਜ਼ਿਆਦਾਤਰ ਮੁਸੀਬਤਾਂ ਸੰਜਮ ਨਾ ਰੱਖਣ ਕਰਕੇ ਆਉਂਦੀਆਂ ਹਨ। ਸੰਜਮ ਨਾ ਰੱਖਣ ਕਰਕੇ ਲੋਕ ਜ਼ਰੂਰੀ ਕੰਮਾਂ ਨੂੰ ਟਾਲ ਦਿੰਦੇ ਹਨ ਜਾਂ ਚੰਗੀ ਤਰ੍ਹਾਂ ਕੰਮ ਨਹੀਂ ਕਰਦੇ। ਨਾਲੇ ਬੱਚੇ ਵੀ ਸਕੂਲ ਵਿਚ ਚੰਗੀ ਤਰ੍ਹਾਂ ਕੰਮ ਨਹੀਂ ਕਰਦੇ। ਅਸੰਜਮੀ ਹੋਣ ਕਰਕੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਮੁਸੀਬਤਾਂ ਝੱਲਦੇ ਹਨ, ਜਿਵੇਂ ਕਿ ਗਾਲ਼ੀ-ਗਲੋਚ, ਸ਼ਰਾਬੀਪੁਣਾ, ਮਾਰ-ਧਾੜ, ਤਲਾਕ, ਹੱਦੋਂ ਵੱਧ ਕਰਜ਼ੇ ਹੇਠ ਆਉਣਾ, ਨਸ਼ੇ ਦੀ ਲਤ ਲੱਗਣੀ, ਜੇਲ੍ਹ, ਦੁੱਖ, ਪਰੇਸ਼ਾਨੀਆਂ, ਲਿੰਗੀ ਰੋਗ ਅਤੇ ਅਣਚਾਹਿਆ ਗਰਭ।—ਜ਼ਬੂ. 34:11-14.
2 ਸੰਜਮ ਨਾ ਰੱਖਣ ਕਰਕੇ ਲੋਕ ਆਪਣੇ ਪੈਰਾਂ ʼਤੇ ਕੁਹਾੜੀ ਤਾਂ ਮਾਰਦੇ ਹੀ ਹਨ, ਪਰ ਉਹ ਦੂਜਿਆਂ ਲਈ ਵੀ ਮੁਸੀਬਤਾਂ ਖੜ੍ਹੀਆਂ ਕਰਦੇ ਹਨ। ਅਸੀਂ ਦੇਖ ਸਕਦੇ ਹਾਂ ਕਿ ਅੱਜ ਲੋਕ ਹੋਰ ਵੀ ਜ਼ਿਆਦਾ ਅਸੰਜਮੀ ਹੋ ਰਹੇ ਹਨ। ਪਰ ਇਹ ਗੱਲ ਜਾਣ ਕੇ ਅਸੀਂ ਹੈਰਾਨ ਨਹੀਂ ਹੁੰਦੇ ਕਿਉਂਕਿ ਪਰਮੇਸ਼ੁਰ ਦੇ ਬਚਨ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ‘ਆਖ਼ਰੀ ਦਿਨਾਂ’ ਵਿਚ ਲੋਕ ਅਸੰਜਮੀ ਹੋਣਗੇ।—2 ਤਿਮੋ. 3:1-3.
3. ਸਾਨੂੰ ਸੰਜਮ ਕਿਉਂ ਰੱਖਣਾ ਚਾਹੀਦਾ ਹੈ?
3 ਸਾਨੂੰ ਸੰਜਮ ਕਿਉਂ ਰੱਖਣਾ ਚਾਹੀਦਾ ਹੈ? ਦੋ ਜ਼ਰੂਰੀ ਕਾਰਨ ਹਨ। ਪਹਿਲਾ, ਸੰਜਮ ਰੱਖਣ ਵਾਲੇ ਲੋਕ ਆਪਣੇ ਜਜ਼ਬਾਤਾਂ ਉੱਤੇ ਕਾਬੂ ਰੱਖਦੇ ਹਨ ਅਤੇ ਘੱਟ ਹੀ ਮੁਸੀਬਤਾਂ ਵਿਚ ਫਸਦੇ ਹਨ। ਉਹ ਦੂਜਿਆਂ ਨਾਲ ਵਧੀਆ ਰਿਸ਼ਤੇ ਬਣਾ ਕੇ ਰੱਖਦੇ ਹਨ ਅਤੇ ਛੇਤੀ ਗੁੱਸੇ, ਨਿਰਾਸ਼ ਅਤੇ ਚਿੰਤਿਤ ਨਹੀਂ ਹੁੰਦੇ। ਦੂਜਾ, ਸੰਜਮ ਰੱਖਣ ਵਾਲੇ ਲੋਕ ਪਰਮੇਸ਼ੁਰ ਦੇ ਦੋਸਤ ਬਣੇ ਰਹਿਣ ਲਈ ਪਰੀਖਿਆਵਾਂ ਤੋਂ ਬਚਦੇ ਹਨ ਅਤੇ ਆਪਣੀਆਂ ਗ਼ਲਤ ਇੱਛਾਵਾਂ ʼਤੇ ਕਾਬੂ ਰੱਖਦੇ ਹਨ। ਇਸ ਮਾਮਲੇ ਵਿਚ ਆਦਮ ਅਤੇ ਹੱਵਾਹ ਨਾਕਾਮ ਰਹੇ। (ਉਤ. 3:6) ਉਨ੍ਹਾਂ ਦੀ ਤਰ੍ਹਾਂ ਅੱਜ ਵੀ ਬਹੁਤ ਸਾਰੇ ਲੋਕਾਂ ਉੱਤੇ ਮੁਸੀਬਤਾਂ ਦੇ ਪਹਾੜ ਟੁੱਟ ਰਹੇ ਹਨ ਕਿਉਂਕਿ ਉਹ ਸੰਜਮ ਨਹੀਂ ਰੱਖਦੇ।
4. ਆਪਣੀਆਂ ਗ਼ਲਤ ਇੱਛਾਵਾਂ ਨਾਲ ਲੜਨ ਵਾਲਿਆਂ ਨੂੰ ਕਿਹੜੀ ਗੱਲ ਤੋਂ ਹੌਸਲਾ ਮਿਲ ਸਕਦਾ ਹੈ?
4 ਯਹੋਵਾਹ ਜਾਣਦਾ ਹੈ ਕਿ ਅਸੀਂ ਪਾਪੀ ਹਾਂ ਅਤੇ ਸਾਡੇ ਲਈ ਸੰਜਮ ਰੱਖਣਾ ਔਖਾ ਹੈ। ਉਹ ਸਾਡੀ ਮਦਦ ਕਰਨੀ ਚਾਹੁੰਦਾ ਹੈ ਤਾਂਕਿ ਅਸੀਂ ਆਪਣੀਆਂ ਗ਼ਲਤ ਇੱਛਾਵਾਂ ʼਤੇ ਕਾਬੂ ਪਾ ਸਕੀਏ। (1 ਰਾਜ. 8:46-50) ਇਕ ਜਿਗਰੀ ਦੋਸਤ ਵਾਂਗ ਪਰਮੇਸ਼ੁਰ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜਿਨ੍ਹਾਂ ਨੂੰ ਆਪਣੀਆਂ ਗ਼ਲਤ ਇੱਛਾਵਾਂ ਅਤੇ ਜਜ਼ਬਾਤਾਂ ਨੂੰ ਕਾਬੂ ਕਰਨਾ ਔਖਾ ਲੱਗਦਾ ਹੈ। ਇਸ ਲੇਖ ਵਿਚ ਅਸੀਂ ਸਿੱਖਾਂਗੇ ਕਿ ਯਹੋਵਾਹ ਕਿਵੇਂ ਸੰਜਮ ਰੱਖਦਾ ਹੈ ਅਤੇ ਬਾਈਬਲ ਦੇ ਜ਼ਮਾਨੇ ਵਿਚ ਕਿਨ੍ਹਾਂ ਨੇ ਸੰਜਮ ਰੱਖਿਆ ਤੇ ਕਿਨ੍ਹਾਂ ਨੇ ਨਹੀਂ। ਨਾਲੇ ਅਸੀਂ ਕੁਝ ਸੁਝਾਵਾਂ ʼਤੇ ਗੌਰ ਕਰਾਂਗੇ ਤਾਂਕਿ ਅਸੀਂ ਸੰਜਮ ਰੱਖ ਸਕੀਏ।
ਯਹੋਵਾਹ ਦੀ ਮਿਸਾਲ
5, 6. ਯਹੋਵਾਹ ਨੇ ਸੰਜਮ ਕਿਵੇਂ ਦਿਖਾਇਆ ਹੈ?
5 ਯਹੋਵਾਹ ਵਿਚ ਪਾਪ ਦਾ ਨਾਮੋ-ਨਿਸ਼ਾਨ ਨਹੀਂ, ਇਸ ਲਈ ਉਹ ਹਰ ਮਾਮਲੇ ਵਿਚ ਸੰਜਮ ਰੱਖਦਾ ਹੈ। (ਬਿਵ. 32:4) ਪਰ ਅਸੀਂ ਪਾਪੀ ਹਾਂ, ਇਸ ਲਈ ਜ਼ਰੂਰੀ ਹੈ ਕਿ ਅਸੀਂ ਉਸ ਦੀ ਮਿਸਾਲ ਉੱਤੇ ਗੌਰ ਕਰੀਏ ਅਤੇ ਉਸ ਦੀ ਹੋਰ ਵੀ ਚੰਗੀ ਤਰ੍ਹਾਂ ਰੀਸ ਕਰੀਏ। ਉਸ ਦੀ ਮਿਸਾਲ ਤੋਂ ਅਸੀਂ ਸਿੱਖਾਂਗੇ ਕਿ ਜਦੋਂ ਕੋਈ ਸਾਡਾ ਦਿਲ ਦੁਖਾਉਂਦਾ ਹੈ, ਤਾਂ ਸਾਨੂੰ ਉਸ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ। ਯਹੋਵਾਹ ਨੇ ਕਿਨ੍ਹਾਂ ਮਾਮਲਿਆਂ ਵਿਚ ਸੰਜਮ ਰੱਖਿਆ ਹੈ?
6 ਸੋਚੋ ਕਿ ਯਹੋਵਾਹ ਨੇ ਕੀ ਕੀਤਾ ਜਦੋਂ ਸ਼ੈਤਾਨ ਨੇ ਅਦਨ ਦੇ ਬਾਗ਼ ਵਿਚ ਬਗਾਵਤ ਕੀਤੀ। ਸ਼ੈਤਾਨ ਦੀਆਂ ਤੁਹਮਤਾਂ ਸੁਣ ਕੇ ਵਫ਼ਾਦਾਰ ਦੂਤ ਸ਼ਾਇਦ ਬਹੁਤ ਹੈਰਾਨ ਤੇ ਗੁੱਸੇ ਹੋਏ ਹੋਣੇ ਅਤੇ ਆਪਣੇ ਪਰਮੇਸ਼ੁਰ ਲਈ ਅਪਮਾਨ ਮਹਿਸੂਸ ਕੀਤਾ ਹੋਣਾ। ਸ਼ਾਇਦ ਤੁਸੀਂ ਵੀ ਉਨ੍ਹਾਂ ਦੂਤਾਂ ਵਾਂਗ ਮਹਿਸੂਸ ਕਰਦੇ ਹੋ ਜਦੋਂ ਤੁਸੀਂ ਦੇਖਦੇ ਹੋ ਕਿ ਸ਼ੈਤਾਨ ਕਰਕੇ ਦੁਨੀਆਂ ਉੱਤੇ ਕਿੰਨੀਆਂ ਮੁਸੀਬਤਾਂ ਆਈਆਂ ਹਨ। ਪਰ ਯਹੋਵਾਹ ਨੇ ਕਾਹਲੀ ਜਾਂ ਗੁੱਸੇ ਵਿਚ ਕੋਈ ਵੀ ਕਦਮ ਨਹੀਂ ਚੁੱਕਿਆ। ਯਹੋਵਾਹ ਨੇ ਸੰਜਮ ਰੱਖਿਆ ਅਤੇ ਸ਼ੈਤਾਨ ਦੀ ਚੁਣੌਤੀ ਦਾ ਜਵਾਬ ਦੇਣ ਲਈ ਸਹੀ ਕਦਮ ਚੁੱਕਿਆ। (ਕੂਚ 34:6; ਅੱਯੂ. 2:2-6) ਪਰ ਯਹੋਵਾਹ ਨੇ ਸ਼ੈਤਾਨ ਨੂੰ ਇੰਨਾ ਸਮਾਂ ਕਿਉਂ ਦਿੱਤਾ ਹੈ? ਕਿਉਂਕਿ ਯਹੋਵਾਹ ਨਹੀਂ ਚਾਹੁੰਦਾ ਕਿ ਕਿਸੇ ਵੀ ਇਨਸਾਨ ਦਾ ਨਾਸ਼ ਹੋਵੇ, “ਸਗੋਂ ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ।”—2 ਪਤ. 3:9.
7. ਅਸੀਂ ਯਹੋਵਾਹ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ?
7 ਯਹੋਵਾਹ ਦੀ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਸੋਚ-ਸਮਝ ਕੇ ਬੋਲਣਾ ਚਾਹੀਦਾ ਹੈ ਅਤੇ ਕਾਹਲੀ ਨਾਲ ਕਦਮ ਨਹੀਂ ਚੁੱਕਣਾ ਚਾਹੀਦਾ। ਇਸ ਲਈ ਕੋਈ ਵੀ ਜ਼ਰੂਰੀ ਫ਼ੈਸਲਾ ਕਰਨ ਤੋਂ ਪਹਿਲਾਂ ਅਰਾਮ ਨਾਲ ਸੋਚੋ। ਸਹੀ ਗੱਲ ਕਹਿਣ ਲਈ ਅਤੇ ਸਹੀ ਕੰਮ ਕਰਨ ਲਈ ਪ੍ਰਾਰਥਨਾ ਵਿਚ ਬੁੱਧ ਮੰਗੋ। (ਜ਼ਬੂ. 141:3) ਜਦੋਂ ਅਸੀਂ ਗੁੱਸੇ ਜਾਂ ਕਿਸੇ ਗੱਲੋਂ ਨਾਰਾਜ਼ ਹੁੰਦੇ ਹਾਂ, ਤਾਂ ਅਸੀਂ ਸੌਖਿਆਂ ਹੀ ਕੁਝ ਗ਼ਲਤ ਕਹਿ ਜਾਂ ਕਰ ਦਿੰਦੇ ਹਾਂ। ਇਸ ਲਈ ਬਾਅਦ ਵਿਚ ਕਈਆਂ ਨੂੰ ਆਪਣੀ ਕਹਿਣੀ ਜਾਂ ਕਰਨੀ ʼਤੇ ਪਛਤਾਵਾ ਹੁੰਦਾ ਹੈ।—ਕਹਾ. 14:29; 15:28; 19:2.
ਪਰਮੇਸ਼ੁਰ ਦੇ ਸੇਵਕਾਂ ਦੀਆਂ ਚੰਗੀਆਂ ਤੇ ਮਾੜੀਆਂ ਮਿਸਾਲਾਂ
8. (ੳ) ਸਾਨੂੰ ਸੰਜਮ ਰੱਖਣ ਦੀਆਂ ਵਧੀਆ ਮਿਸਾਲਾਂ ਕਿੱਥੋਂ ਮਿਲਦੀਆਂ ਹਨ? (ਅ) ਯੂਸੁਫ਼ ਪਰੀਖਿਆ ਵਿਚ ਫਸਣ ਤੋਂ ਕਿਵੇਂ ਬਚਿਆ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
8 ਬਾਈਬਲ ਦੀਆਂ ਕਿਹੜੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਸੰਜਮ ਰੱਖਣਾ ਜ਼ਰੂਰੀ ਹੈ? ਸ਼ਾਇਦ ਅਸੀਂ ਯਾਕੂਬ ਦੇ ਮੁੰਡੇ ਯੂਸੁਫ਼ ਬਾਰੇ ਸੋਚੀਏ। ਯੂਸੁਫ਼ ਪੋਟੀਫ਼ਰ ਦੇ ਘਰ ਵਿਚ ਨੌਕਰ ਸੀ ਜੋ ਫ਼ਿਰਊਨ ਦੇ ਅੰਗ-ਰੱਖਿਅਕਾਂ ਦਾ ਪ੍ਰਧਾਨ ਸੀ। ਉੱਥੇ ਕੰਮ ਕਰਦਿਆਂ ਯੂਸੁਫ਼ ਉੱਤੇ ਇਕ ਪਰੀਖਿਆ ਆਈ। ਪੋਟੀਫ਼ਰ ਦੀ ਪਤਨੀ ਯੂਸੁਫ਼ ʼਤੇ ਲੱਟੂ ਹੋ ਗਈ ਕਿਉਂਕਿ ਉਹ “ਰੂਪਵੰਤ ਅਰ ਸੋਹਣਾ ਸੀ।” ਇਸ ਲਈ ਪੋਟੀਫ਼ਰ ਦੀ ਪਤਨੀ ਨੇ ਯੂਸੁਫ਼ ਨਾਲ ਸਰੀਰਕ ਸੰਬੰਧ ਬਣਾਉਣ ਲਈ ਉਸ ʼਤੇ ਡੋਰੇ ਪਾਉਣੇ ਸ਼ੁਰੂ ਕੀਤੇ। ਯੂਸੁਫ਼ ਇਸ ਪਰੀਖਿਆ ਵਿਚ ਫਸਣ ਤੋਂ ਕਿਵੇਂ ਬਚਿਆ? ਸ਼ਾਇਦ ਉਸ ਨੇ ਪਹਿਲਾਂ ਹੀ ਬੜੇ ਧਿਆਨ ਨਾਲ ਸੋਚਿਆ ਹੋਣਾ ਕਿ ਜੇ ਉਹ ਪੋਟੀਫ਼ਰ ਦੀ ਪਤਨੀ ਨਾਲ ਸਰੀਰਕ ਸੰਬੰਧ ਬਣਾਵੇਗਾ, ਤਾਂ ਕਿੰਨੇ ਬੁਰੇ ਅੰਜਾਮ ਨਿਕਲਣਗੇ। ਪਰ ਜਦੋਂ ਪੋਟੀਫ਼ਰ ਦੀ ਪਤਨੀ ਨੇ ਉਸ ਦਾ ਕੱਪੜਾ ਫੜਿਆ, ਤਾਂ ਉਹ ਭੱਜ ਗਿਆ। ਯੂਸੁਫ਼ ਨੇ ਕਿਹਾ: “ਮੈਂ ਐੱਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?”—ਉਤ. 39:6, 9; ਕਹਾਉਤਾਂ 1:10 ਪੜ੍ਹੋ।
9. ਪਰੀਖਿਆਵਾਂ ਵਿਚ ਫਸਣ ਤੋਂ ਬਚਣ ਲਈ ਅਸੀਂ ਪਹਿਲਾਂ ਤੋਂ ਹੀ ਤਿਆਰੀ ਕਿਵੇਂ ਕਰ ਸਕਦੇ ਹਾਂ?
9 ਅਸੀਂ ਯੂਸੁਫ਼ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ? ਮੰਨ ਲਓ, ਸਾਡੇ ਉੱਤੇ ਅਜਿਹੀ ਪਰੀਖਿਆ ਆਉਂਦੀ ਹੈ ਜਿਸ ਨਾਲ ਪਰਮੇਸ਼ੁਰ ਦੇ ਕਾਨੂੰਨ ਟੁੱਟਣ ਦਾ ਖ਼ਤਰਾ ਹੁੰਦਾ ਹੈ। ਉਸ ਵੇਲੇ ਅਸੀਂ ਕੀ ਕਰਾਂਗੇ? ਅਸੀਂ ਯੂਸੁਫ਼ ਵਾਂਗ ਭੱਜ ਜਾਵਾਂਗੇ। ਯਹੋਵਾਹ ਦੇ ਗਵਾਹ ਬਣਨ ਤੋਂ ਪਹਿਲਾਂ ਕਈ ਪੇਟੂ, ਸ਼ਰਾਬੀ, ਨਸ਼ੇੜੀ, ਬਦਚਲਣ, ਤਮਾਖੂਨੋਸ਼ੀ ਕਰਨ ਜਾਂ ਹੋਰ ਕਈ ਗੰਦੇ ਕੰਮਾਂ ਵਿਚ ਫਸੇ ਸਨ। ਪਰ ਬਪਤਿਸਮਾ ਲੈਣ ਤੋਂ ਬਾਅਦ ਵੀ ਉਹ ਸ਼ਾਇਦ ਉਹੀ ਗ਼ਲਤ ਕੰਮ ਕਰਨ ਲਈ ਲੁਭਾਏ ਜਾਣ। ਕੀ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋ ਰਿਹਾ ਹੈ? ਜੇ ਹਾਂ, ਤਾਂ ਥੋੜ੍ਹਾ ਰੁਕੋ ਅਤੇ ਸੋਚੋ ਕਿ ਇਹ ਗ਼ਲਤ ਕੰਮ ਕਰ ਕੇ ਯਹੋਵਾਹ ਨਾਲ ਤੁਹਾਡੇ ਰਿਸ਼ਤੇ ਦਾ ਕੀ ਬਣੇਗਾ? ਪਹਿਲਾਂ ਹੀ ਸੋਚੋ ਕਿ ਕਿਹੜੇ ਹਾਲਾਤਾਂ ਵਿਚ ਤੁਹਾਡੇ ਅੰਦਰ ਗ਼ਲਤ ਕੰਮ ਕਰਨ ਦੀ ਲਾਲਸਾ ਜਾਗ ਸਕਦੀ ਹੈ। ਫਿਰ ਸੋਚੋ ਕਿ ਤੁਸੀਂ ਉਨ੍ਹਾਂ ਹਾਲਾਤਾਂ ਤੋਂ ਕਿਵੇਂ ਬਚ ਸਕਦੇ ਹੋ। (ਜ਼ਬੂਰਾਂ ਦੀ ਪੋਥੀ 26:4, 5; ਕਹਾਉਤਾਂ 22:3) ਜੇ ਤੁਹਾਡਾ ਦਿਲ ਗ਼ਲਤ ਕੰਮ ਕਰਨ ਨੂੰ ਕਰੇ, ਤਾਂ ਸੰਜਮ ਅਤੇ ਬੁੱਧ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ।
10, 11. (ੳ) ਸਕੂਲ ਵਿਚ ਬਹੁਤ ਸਾਰੇ ਨੌਜਵਾਨਾਂ ਨਾਲ ਕੀ ਹੁੰਦਾ ਹੈ? (ਅ) ਕਿਹੜੀ ਗੱਲ ਨੌਜਵਾਨਾਂ ਦੀ ਪਰਮੇਸ਼ੁਰ ਦੇ ਕਾਨੂੰਨ ਨਾ ਤੋੜਨ ਵਿਚ ਮਦਦ ਕਰੇਗੀ?
10 ਬਹੁਤ ਸਾਰੇ ਨੌਜਵਾਨ ਮਸੀਹੀਆਂ ਨੇ ਵੀ ਯੂਸੁਫ਼ ਵਰਗੇ ਹਾਲਾਤਾਂ ਦਾ ਸਾਮ੍ਹਣਾ ਕੀਤਾ ਹੈ। ਕਿਮ ਨਾਂ ਦੀ ਭੈਣ ਦੀ ਮਿਸਾਲ ਲਓ। ਉਸ ਨਾਲ ਪੜ੍ਹਨ ਵਾਲੇ ਵਿਦਿਆਰਥੀ ਸ਼ੇਖ਼ੀਆਂ ਮਾਰਦੇ ਸਨ ਕਿ ਉਨ੍ਹਾਂ ਨੇ ਸ਼ਨੀ-ਐਤਵਾਰ ਨੂੰ ਸਰੀਰਕ ਸੰਬੰਧ ਬਣਾਏ। ਪਰ ਕਿਮ ਕੋਲ ਇਸ ਤਰ੍ਹਾਂ ਦਾ ਦੱਸਣ ਲਈ ਕੁਝ ਵੀ ਨਹੀਂ ਸੀ ਹੁੰਦਾ। ਉਹ ਕਹਿੰਦੀ ਹੈ ਕਿ ਸਾਰਿਆਂ ਤੋਂ ਅਲੱਗ ਹੋਣ ਕਰਕੇ ਉਹ ਕਈ ਵਾਰ “ਇਕੱਲੀ” ਮਹਿਸੂਸ ਕਰਦੀ ਸੀ। ਕਿਸੇ ਮੁੰਡੇ ਨਾਲ ਨਜ਼ਦੀਕੀਆਂ ਨਾ ਵਧਾਉਣ ਕਰ ਕੇ ਕਲਾਸ ਦੇ ਵਿਦਿਆਰਥੀ ਉਸ ਨੂੰ ਬੇਵਕੂਫ਼ ਸਮਝਦੇ ਸਨ। ਪਰ ਅਸਲ ਵਿਚ ਕਿਮ ਸਮਝਦਾਰ ਸੀ। ਉਸ ਜਾਣਦੀ ਸੀ ਕਿ ਜਵਾਨੀ ਵਿਚ ਸਰੀਰਕ ਸੰਬੰਧ ਬਣਾਉਣ ਦੀ ਇੱਛਾ ਬਹੁਤ ਜ਼ਬਰਦਸਤ ਹੁੰਦੀ ਹੈ। (2 ਤਿਮੋ. 2:22) ਹੋਰ ਵਿਦਿਆਰਥੀ ਉਸ ਨੂੰ ਪੁੱਛਦੇ ਰਹਿੰਦੇ ਸਨ ਕੀ ਉਸ ਨੇ ਅਜੇ ਵੀ ਆਪਣਾ ਕੁਆਰਾਪਣ ਕਾਇਮ ਰੱਖਿਆ ਹੈ? ਉਹ ਸਮਝਾਉਂਦੀ ਹੁੰਦੀ ਸੀ ਕਿ ਉਹ ਕਿਸੇ ਨਾਲ ਸਰੀਰਕ ਸੰਬੰਧ ਕਿਉਂ ਨਹੀਂ ਬਣਾਉਂਦੀ। ਸਾਨੂੰ ਆਪਣੇ ਨੌਜਵਾਨ ਭੈਣਾਂ-ਭਰਾਵਾਂ ਉੱਤੇ ਬਹੁਤ ਮਾਣ ਹੈ ਕਿ ਉਹ ਅਨੈਤਿਕ ਕੰਮ ਕਰਨ ਤੋਂ ਦੂਰ ਰਹਿੰਦੇ ਹਨ। ਯਹੋਵਾਹ ਵੀ ਉਨ੍ਹਾਂ ਤੋਂ ਬਹੁਤ ਖ਼ੁਸ਼ ਹੈ!
11 ਬਾਈਬਲ ਵਿਚ ਅਜਿਹੇ ਲੋਕਾਂ ਦੀਆਂ ਮਿਸਾਲਾਂ ਵੀ ਹਨ ਜੋ ਅਨੈਤਿਕ ਕੰਮਾਂ ਵਿਚ ਫਸ ਗਏ। ਬਾਈਬਲ ਇਹ ਵੀ ਦੱਸਦੀ ਹੈ ਕਿ ਸੰਜਮ ਨਾ ਰੱਖਣ ਦੇ ਕਿਹੜੇ ਬੁਰੇ ਅੰਜਾਮ ਨਿਕਲਦੇ ਹਨ। ਜੇ ਤੁਸੀਂ ਕਿਮ ਵਰਗੇ ਹਾਲਾਤਾਂ ਦਾ ਸਾਮ੍ਹਣਾ ਕਰ ਰਹੇ ਹੋ, ਤਾਂ ਕਹਾਉਤਾਂ 7 ਵਿਚ ਦੱਸੇ ਉਸ ਮੂਰਖ ਨੌਜਵਾਨ ਬਾਰੇ ਸੋਚੋ। ਨਾਲੇ ਅਮਨੋਨ ਅਤੇ ਉਸ ਦੇ ਗ਼ਲਤ ਕੰਮਾਂ ਦੇ ਭੈੜੇ ਅੰਜਾਮਾਂ ਬਾਰੇ ਵੀ ਸੋਚੋ। (2 ਸਮੂ. 13:1, 2, 10-15, 28-32) ਸੰਜਮ ਪੈਦਾ ਕਰਨ ਲਈ ਅਤੇ ਬੱਧ ਤੋਂ ਕੰਮ ਲੈਣ ਲਈ ਮਾਪੇ ਆਪਣੇ ਬੱਚਿਆਂ ਦੀ ਮਦਦ ਕਰ ਸਕਦੇ ਹਨ। ਉਹ ਪਰਿਵਾਰਕ ਸਟੱਡੀ ਦੌਰਾਨ ਬਾਈਬਲ ਦੀਆਂ ਇਨ੍ਹਾਂ ਮਿਸਾਲਾਂ ਉੱਤੇ ਚਰਚਾ ਕਰ ਸਕਦੇ ਹਨ।
12. (ੳ) ਯੂਸੁਫ਼ ਨੇ ਆਪਣੇ ਭਰਾਵਾਂ ਸਾਮ੍ਹਣੇ ਆਪਣੇ ਜਜ਼ਬਾਤਾਂ ʼਤੇ ਕਾਬੂ ਕਿਵੇਂ ਰੱਖਿਆ? (ਅ) ਸਾਨੂੰ ਕਿਨ੍ਹਾਂ ਹਾਲਾਤਾਂ ਵਿਚ ਆਪਣੇ ਜਜ਼ਬਾਤਾਂ ʼਤੇ ਕਾਬੂ ਪਾਉਣ ਦੀ ਲੋੜ ਹੈ?
12 ਇਕ ਹੋਰ ਮੌਕੇ ʼਤੇ ਵੀ ਯੂਸੁਫ਼ ਨੇ ਸੰਜਮ ਰੱਖਿਆ ਯਾਨੀ ਉਸ ਨੇ ਆਪਣੇ ਜਜ਼ਬਾਤਾਂ ਨੂੰ ਕਾਬੂ ਵਿਚ ਰੱਖਿਆ। ਇਹ ਉਦੋਂ ਸੀ ਜਦੋਂ ਉਸ ਦੇ ਭਰਾ ਮਿਸਰ ਤੋਂ ਖਾਣਾ ਖ਼ਰੀਦਣ ਆਏ ਸਨ। ਯੂਸੁਫ਼ ਨੇ ਆਪਣੇ ਭਰਾਵਾਂ ਦੇ ਸਾਮ੍ਹਣੇ ਆਪਣਾ ਭੇਤ ਨਹੀਂ ਖੋਲ੍ਹਿਆ ਕਿਉਂਕਿ ਉਹ ਜਾਣਨਾ ਚਾਹੁੰਦਾ ਸੀ ਕਿ ਉਨ੍ਹਾਂ ਦੇ ਦਿਲਾਂ ਵਿਚ ਕੀ ਸੀ। ਪਰ ਜਦੋਂ ਉਹ ਆਪਣੇ ਹੰਝੂ ਰੋਕ ਨਹੀਂ ਪਾਇਆ, ਤਾਂ ਉਹ ਆਪਣੇ ਭਰਾਵਾਂ ਦੀਆਂ ਨਜ਼ਰਾਂ ਤੋਂ ਓਹਲੇ ਹੋ ਕੇ ਫੁੱਟ-ਫੁੱਟ ਕੇ ਰੋਇਆ। (ਉਤ. 43:30, 31; 45:1) ਜੇ ਕੋਈ ਭੈਣ ਜਾਂ ਭਰਾ ਤੁਹਾਡਾ ਦਿਲ ਦੁਖਾਉਂਦਾ ਹੈ, ਤਾਂ ਯੂਸੁਫ਼ ਵਾਂਗ ਸੰਜਮ ਰੱਖੋ। ਆਪਣੇ ਜਜ਼ਬਾਤਾਂ ʼਤੇ ਕਾਬੂ ਰੱਖ ਕੇ ਤੁਸੀਂ ਅਜਿਹਾ ਕੁਝ ਕਹਿਣ ਜਾਂ ਕਰਨ ਤੋਂ ਬਚੋਗੇ ਜਿਸ ਦਾ ਤੁਹਾਨੂੰ ਬਾਅਦ ਵਿਚ ਪਛਤਾਵਾ ਹੋਵੇ। (ਕਹਾ. 16:32; 17:27) ਜੇ ਤੁਹਾਡਾ ਕੋਈ ਰਿਸ਼ਤੇਦਾਰ ਛੇਕਿਆ ਹੋਇਆ ਹੈ, ਤਾਂ ਤੁਹਾਨੂੰ ਵੀ ਆਪਣੇ ਜਜ਼ਬਾਤਾਂ ʼਤੇ ਕਾਬੂ ਪਾਉਣ ਦੀ ਲੋੜ ਹੈ ਤਾਂਕਿ ਤੁਸੀਂ ਬੇਵਜ੍ਹਾ ਉਸ ਨਾਲ ਗੱਲ ਨਾ ਕਰੋ। ਇਸ ਤਰ੍ਹਾਂ ਕਰਨਾ ਬਹੁਤ ਔਖਾ ਹੋ ਸਕਦਾ ਹੈ। ਪਰ ਜੇ ਤੁਸੀਂ ਯਾਦ ਰੱਖਦੇ ਹੋ ਕਿ ਤੁਸੀਂ ਯਹੋਵਾਹ ਦੀ ਰੀਸ ਕਰ ਰਹੇ ਹੋ ਅਤੇ ਉਸ ਦੇ ਹੁਕਮ ਨੂੰ ਮੰਨ ਰਹੇ ਹੋ, ਤਾਂ ਤੁਹਾਡੇ ਲਈ ਇਸ ਤਰ੍ਹਾਂ ਕਰਨਾ ਥੋੜ੍ਹਾ ਆਸਾਨ ਹੋਵੇਗਾ।
13. ਅਸੀਂ ਰਾਜਾ ਦਾਊਦ ਤੋਂ ਕਿਹੜੇ ਸਬਕ ਸਿੱਖ ਸਕਦੇ ਹਾਂ?
13 ਅਸੀਂ ਰਾਜਾ ਦਾਊਦ ਦੀ ਮਿਸਾਲ ਤੋਂ ਵੀ ਸਿੱਖ ਸਕਦੇ ਹਾਂ। ਜਦੋਂ ਸ਼ਾਊਲ ਅਤੇ ਸ਼ਿਮਈ ਨੇ ਦਾਊਦ ਨੂੰ ਗੁੱਸਾ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਗੁੱਸੇ ਵਿਚ ਆਪਣੇ ਅਧਿਕਾਰ ਦੀ ਗ਼ਲਤ ਵਰਤੋਂ ਨਹੀਂ ਕੀਤੀ। (1 ਸਮੂ. 26:9-11; 2 ਸਮੂ. 16:5-10) ਪਰ ਦਾਊਦ ਨੇ ਹਮੇਸ਼ਾ ਸੰਜਮ ਨਹੀਂ ਰੱਖਿਆ। ਇਹ ਗੱਲ ਬਾਈਬਲ ਦੇ ਕੁਝ ਬਿਰਤਾਂਤਾਂ ਤੋਂ ਸਾਫ਼ ਪਤਾ ਲੱਗਦੀ ਹੈ। ਪਹਿਲਾ, ਜਦੋਂ ਦਾਊਦ ਨੇ ਬਥ-ਸ਼ਬਾ ਨਾਲ ਪਾਪ ਕੀਤਾ। ਦੂਜਾ, ਜਦੋਂ ਦਾਊਦ ਲਾਲਚੀ ਨਾਬਾਲ ਨੂੰ ਮਾਰਨ ਲਈ ਤਿਆਰ ਹੋ ਗਿਆ। (1 ਸਮੂ. 25:10-13; 2 ਸਮੂ. 11:2-4) ਅਸੀਂ ਦਾਊਦ ਤੋਂ ਬਹੁਤ ਜ਼ਰੂਰੀ ਸਬਕ ਸਿੱਖਦੇ ਹਾਂ। ਪਹਿਲਾ, ਜ਼ਿੰਮੇਵਾਰ ਭਰਾਵਾਂ ਨੂੰ ਖ਼ਾਸ ਕਰਕੇ ਸੰਜਮ ਰੱਖਣ ਦੀ ਲੋੜ ਹੈ ਤਾਂਕਿ ਉਹ ਆਪਣੇ ਅਧਿਕਾਰ ਦਾ ਗ਼ਲਤ ਇਸਤੇਮਾਲ ਨਾ ਕਰਨ। ਦੂਜਾ, ਕਿਸੇ ਨੂੰ ਆਪਣੇ ਉੱਤੇ ਹੱਦੋਂ ਵਧ ਭਰੋਸਾ ਰੱਖ ਕੇ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਕਦੇ ਵੀ ਕਿਸੇ ਪਰੀਖਿਆ ਵਿਚ ਨਹੀਂ ਫਸੇਗਾ।—1 ਕੁਰਿੰ. 10:12.
ਤੁਸੀਂ ਕੀ ਕਰ ਸਕਦੇ ਹੋ
14. ਇਕ ਭਰਾ ਨਾਲ ਕੀ ਹੋਇਆ? ਸਾਨੂੰ ਵੀ ਇਸ ਤਰ੍ਹਾਂ ਦੇ ਹਾਲਾਤਾਂ ਵਿਚ ਸ਼ਾਂਤ ਕਿਉਂ ਰਹਿਣਾ ਚਾਹੀਦਾ ਹੈ?
14 ਸੰਜਮ ਦਾ ਗੁਣ ਵਧਾਉਣ ਲਈ ਅਸੀਂ ਕੀ ਕਰ ਸਕਦੇ ਹਾਂ? ਇਸ ਸੱਚੀ ਘਟਣਾ ʼਤੇ ਗੌਰ ਕਰੋ। ਕਿਸੇ ਨੇ ਪਿੱਛੋਂ ਦੀ ਆ ਕੇ ਲੂਈਜੀ ਨਾਂ ਦੇ ਭਰਾ ਦੀ ਗੱਡੀ ਠੋਕ ਦਿੱਤੀ। ਚਾਹੇ ਕਸੂਰ ਦੂਜੇ ਆਦਮੀ ਦਾ ਸੀ, ਫਿਰ ਵੀ ਉਹ ਗੁੱਸੇ ਵਿਚ ਲੂਈਜੀ ਨੂੰ ਬੋਲਣ ਲੱਗਾ ਅਤੇ ਲੜਨ ʼਤੇ ਉੱਤਰ ਆਇਆ। ਲੂਈਜੀ ਨੇ ਸ਼ਾਂਤ ਰਹਿਣ ਲਈ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਉਸ ਆਦਮੀ ਨੂੰ ਵੀ ਠੰਢਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਹ ਆਦਮੀ ਨਹੀਂ ਹਟਿਆ। ਲੜਨ ਦੀ ਬਜਾਇ ਲੂਈਜੀ ਨੇ ਉਸ ਆਦਮੀ ਦੀ ਗੱਡੀ ਦਾ ਨੰਬਰ ਲਿਖ ਲਿਆ ਅਤੇ ਉੱਥੋਂ ਚਲਾ ਗਿਆ। ਇਕ ਹਫ਼ਤੇ ਬਾਅਦ ਲੂਈਜੀ ਪ੍ਰਚਾਰ ਵਿਚ ਇਕ ਔਰਤ ਨੂੰ ਦੁਬਾਰਾ ਮਿਲਣ ਲਈ ਗਿਆ। ਲੂਈਜੀ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ ਜਦੋਂ ਉਸ ਨੇ ਦੇਖਿਆ ਕਿ ਉਸ ਔਰਤ ਦਾ ਪਤੀ ਉਹੀ ਆਦਮੀ ਸੀ। ਉਸ ਆਦਮੀ ਨੂੰ ਬਹੁਤ ਸ਼ਰਮ ਆਈ ਅਤੇ ਉਸ ਨੇ ਆਪਣੀ ਗ਼ਲਤੀ ਲਈ ਮਾਫ਼ੀ ਮੰਗੀ। ਉਸ ਆਦਮੀ ਨੇ ਇਹ ਵੀ ਕਿਹਾ ਕਿ ਉਹ ਲੂਈਜੀ ਦੀ ਗੱਡੀ ਦਾ ਖ਼ਰਚਾ ਚੁੱਕੇਗਾ। ਜਦੋਂ ਭਰਾ ਲੂਈਜੀ ਨੇ ਉਸ ਔਰਤ ਨਾਲ ਬਾਈਬਲ ਵਿੱਚੋਂ ਗੱਲਾਂ ਸਾਂਝੀਆਂ ਕੀਤੀਆਂ, ਤਾਂ ਉਸ ਦੇ ਪਤੀ ਨੇ ਬੜੇ ਧਿਆਨ ਨਾਲ ਸਾਰੀ ਗੱਲ ਸੁਣੀ ਅਤੇ ਉਸ ਨੂੰ ਵਧੀਆ ਲੱਗਾ। ਲੂਈਜੀ ਨੂੰ ਇਸ ਘਟਨਾ ਤੋਂ ਅਹਿਸਾਸ ਹੋਇਆ ਕਿ ਹਾਦਸੇ ਦੇ ਸਮੇਂ ਗੁੱਸਾ ਨਾ ਦਿਖਾ ਕੇ ਉਸ ਨੇ ਵਧੀਆ ਕੀਤਾ। ਉਸ ਨੂੰ ਇਹ ਵੀ ਲੱਗਾ ਕਿ ਜੇ ਉਸ ਨੇ ਗੁੱਸਾ ਕੀਤਾ ਹੁੰਦਾ, ਤਾਂ ਕਿੰਨੇ ਬੁਰੇ ਨਤੀਜੇ ਨਿਕਲ ਸਕਦੇ ਸਨ।—2 ਕੁਰਿੰਥੀਆਂ 6:3, 4 ਪੜ੍ਹੋ।
15, 16. ਸੰਜਮ ਦਾ ਗੁਣ ਪੈਦਾ ਕਰਨ ਲਈ ਬਾਈਬਲ ਅਧਿਐਨ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਕਿਵੇਂ ਮਦਦ ਕਰ ਸਕਦਾ ਹੈ?
15 ਸੰਜਮ ਦਾ ਗੁਣ ਪੈਦਾ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਮਨ ਲਾ ਕੇ ਲਗਾਤਾਰ ਬਾਈਬਲ ਦਾ ਅਧਿਐਨ ਕਰੀਏ। ਯਾਦ ਰੱਖੋ ਕਿ ਪਰਮੇਸ਼ੁਰ ਨੇ ਯਹੋਸ਼ੁਆ ਨੂੰ ਕਿਹਾ ਸੀ: “ਏਹ ਬਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ ਸਗੋਂ ਤੂੰ ਦਿਨ ਰਾਤ ਉਸ ਉੱਤੇ ਧਿਆਨ ਰੱਖ ਤਾਂ ਜੋ ਤੂੰ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇਂ ਤੇ ਉਸ ਨੂੰ ਪੂਰਾ ਕਰੇਂ ਤਾਂ ਤੂੰ ਆਪਣੇ ਮਾਰਗ ਨੂੰ ਸੁਫਲ ਬਣਾਵੇਂਗਾ ਅਤੇ ਤੇਰਾ ਬੋਲ ਬਾਲਾ ਹੋਵੇਗਾ।” (ਯਹੋ. 1:8) ਪਰ ਸੰਜਮ ਪੈਦਾ ਕਰਨ ਲਈ ਬਾਈਬਲ ਅਧਿਐਨ ਸਾਡੀ ਕਿਵੇਂ ਮਦਦ ਕਰ ਸਕਦਾ ਹੈ?
16 ਅਸੀਂ ਬਾਈਬਲ ਦੀਆਂ ਮਿਸਾਲਾਂ ਤੋਂ ਸਿੱਖ ਚੁੱਕੇ ਹਾਂ ਕਿ ਸੰਜਮ ਰੱਖਣ ਦੇ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ ਅਤੇ ਨਾ ਰੱਖਣ ਦੇ ਕਿਹੜੇ ਨੁਕਸਾਨ। ਯਹੋਵਾਹ ਨੇ ਇਹ ਮਿਸਾਲਾਂ ਸਾਡੇ ਫ਼ਾਇਦੇ ਲਈ ਲਿਖਵਾਈਆਂ ਹਨ। (ਰੋਮੀ. 15:4) ਵਧੀਆ ਹੋਵੇਗਾ ਕਿ ਅਸੀਂ ਇਨ੍ਹਾਂ ਨੂੰ ਪੜ੍ਹੀਏ, ਇਨ੍ਹਾਂ ਦਾ ਅਧਿਐਨ ਕਰੀਏ ਅਤੇ ਇਨ੍ਹਾਂ ʼਤੇ ਸੋਚ-ਵਿਚਾਰ ਕਰੀਏ। ਸੋਚੋ ਕਿ ਤੁਸੀਂ ਇਨ੍ਹਾਂ ਮਿਸਾਲਾਂ ਨੂੰ ਆਪਣੇ ਅਤੇ ਆਪਣੇ ਪਰਿਵਾਰ ਵਿਚ ਕਿਵੇਂ ਲਾਗੂ ਕਰ ਸਕਦੇ ਹੋ। ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਬਾਈਬਲ ਦੀ ਸਲਾਹ ਲਾਗੂ ਕਰਨ ਵਿਚ ਉਹ ਤੁਹਾਡੀ ਮਦਦ ਕਰੇ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਵਿਚ ਸੰਜਮ ਦੀ ਘਾਟ ਹੈ, ਤਾਂ ਪਹਿਲਾਂ ਇਹ ਗੱਲ ਕਬੂਲ ਕਰੋ ਕਿ ‘ਮੈਨੂੰ ਸੁਧਾਰ ਕਰਨ ਦੀ ਲੋੜ ਹੈ।’ ਫਿਰ ਪ੍ਰਾਰਥਨਾ ਕਰੋ ਅਤੇ ਸੰਜਮ ਪੈਦਾ ਕਰਨ ਲਈ ਪੂਰੀ ਵਾਹ ਲਾਓ। (ਯਾਕੂ. 1:5) ਹੋਰ ਫ਼ਾਇਦੇਮੰਦ ਸਲਾਹਾਂ ਲਈ ਸਾਡੇ ਪ੍ਰਕਾਸ਼ਨਾਂ ਵਿਚ ਖੋਜਬੀਨ ਕਰੋ।
17. ਸੰਜਮ ਦਾ ਗੁਣ ਪੈਦਾ ਕਰਨ ਵਿਚ ਮਾਪੇ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ?
17 ਸੰਜਮ ਦਾ ਗੁਣ ਪੈਦਾ ਕਰਨ ਲਈ ਤੁਸੀਂ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹੋ? ਮਾਪੇ ਜਾਣਦੇ ਹਨ ਕਿ ਬੱਚਿਆਂ ਵਿਚ ਇਹ ਗੁਣ ਜਨਮ ਤੋਂ ਹੀ ਨਹੀਂ ਹੁੰਦਾ। ਇਸ ਲਈ ਮਾਪੇ ਆਪਣੀ ਵਧੀਆ ਮਿਸਾਲ ਰਾਹੀਂ ਆਪਣੇ ਬੱਚਿਆਂ ਦੀ ਮਦਦ ਕਰ ਸਕਦੇ ਹਨ ਤਾਂਕਿ ਉਹ ਵੀ ਆਪਣੇ ਵਿਚ ਚੰਗੇ ਗੁਣ ਪੈਦਾ ਕਰ ਸਕਣ। (ਅਫ਼. 6:4) ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੱਚਿਆਂ ਵਿਚ ਸੰਜਮ ਦੀ ਘਾਟ ਹੈ, ਤਾਂ ਆਪਣੇ ਆਪ ਨੂੰ ਪੁੱਛੋ, ‘ਕੀ ਮੈਂ ਆਪਣੇ ਬੱਚਿਆਂ ਲਈ ਇਕ ਚੰਗੀ ਮਿਸਾਲ ਹਾਂ?’ ਤੁਸੀਂ ਲਗਾਤਾਰ ਸਭਾਵਾਂ ਤੇ ਪ੍ਰਚਾਰ ʼਤੇ ਜਾ ਕੇ ਅਤੇ ਹਰ ਹਫ਼ਤੇ ਪਰਿਵਾਰਕ ਸਟੱਡੀ ਕਰ ਕੇ ਆਪਣੇ ਬੱਚਿਆਂ ਲਈ ਵਧੀਆ ਮਿਸਾਲ ਬਣ ਸਕਦੇ ਹੋ। ਨਾਲੇ ਲੋੜ ਪੈਣ ʼਤੇ ਆਪਣੇ ਬੱਚਿਆਂ ਨੂੰ ਨਾਂਹ ਕਹਿਣ ਤੋਂ ਡਰੋ ਨਾ। ਯਹੋਵਾਹ ਨੇ ਆਦਮ ਅਤੇ ਹੱਵਾਹ ਲਈ ਵੀ ਹੱਦਾਂ ਠਹਿਰਾਈਆਂ ਸਨ। ਇਨ੍ਹਾਂ ਹੱਦਾਂ ਵਿਚ ਰਹਿ ਕੇ ਉਹ ਯਹੋਵਾਹ ਦੇ ਅਧਿਕਾਰ ਦਾ ਆਦਰ ਕਰਨਾ ਸਿੱਖ ਸਕਦੇ ਸੀ। ਇਸੇ ਤਰ੍ਹਾਂ ਜਦੋਂ ਮਾਪੇ ਆਪਣੇ ਬੱਚਿਆਂ ਲਈ ਚੰਗੀ ਮਿਸਾਲ ਰੱਖਦੇ ਹਨ ਅਤੇ ਉਨ੍ਹਾਂ ਨੂੰ ਤਾੜਦੇ ਹਨ, ਤਾਂ ਬੱਚੇ ਮਾਪਿਆਂ ਦੇ ਅਧਿਕਾਰ ਦਾ ਆਦਰ ਕਰਨਾ ਅਤੇ ਸੰਜਮ ਰੱਖਣਾ ਸਿੱਖਦੇ ਹਨ। ਤੁਸੀਂ ਆਪਣੇ ਬੱਚਿਆਂ ਨੂੰ ਯਹੋਵਾਹ ਦੇ ਅਧਿਕਾਰ ਤੇ ਉਸ ਦੇ ਮਿਆਰਾਂ ਦਾ ਆਦਰ ਕਰਨਾ ਸਿਖਾ ਸਕਦੇ ਹੋ। ਇਸ ਤੋਂ ਕੀਮਤੀ ਚੀਜ਼ ਤੁਸੀਂ ਆਪਣੇ ਬੱਚਿਆਂ ਨੂੰ ਹੋਰ ਕੀ ਦੇ ਸਕਦੇ ਹੋ?—ਕਹਾਉਤਾਂ 1:5, 7, 8 ਪੜ੍ਹੋ।
18. ਸਾਨੂੰ ਸੋਚ-ਸਮਝ ਕੇ ਦੋਸਤ ਕਿਉਂ ਬਣਾਉਣੇ ਚਾਹੀਦੇ ਹਨ?
18 ਚਾਹੇ ਤੁਹਾਡੇ ਬੱਚੇ ਹਨ ਜਾਂ ਨਹੀਂ, ਫਿਰ ਵੀ ਸਾਨੂੰ ਸਾਰਿਆਂ ਨੂੰ ਸੋਚ-ਸਮਝ ਕੇ ਦੋਸਤ ਬਣਾਉਣੇ ਚਾਹੀਦੇ ਹਨ। ਜੇ ਤੁਹਾਡੇ ਦੋਸਤ ਯਹੋਵਾਹ ਨੂੰ ਪਿਆਰ ਕਰਨ ਵਾਲੇ ਹੋਣਗੇ, ਤਾਂ ਸਹੀ ਟੀਚੇ ਰੱਖਣ ਅਤੇ ਮੁਸੀਬਤਾਂ ਤੋਂ ਬਚੇ ਰਹਿਣ ਵਿਚ ਉਹ ਤੁਹਾਡੀ ਮਦਦ ਕਰਨਗੇ। (ਕਹਾ. 13:20) ਉਨ੍ਹਾਂ ਦੀ ਚੰਗੀ ਮਿਸਾਲ ਦੇਖ ਕੇ ਤੁਹਾਡਾ ਵੀ ਦਿਲ ਕਰੇਗਾ ਕਿ ਤੁਸੀਂ ਵੀ ਆਪਣੇ ਵਿਚ ਸੰਜਮ ਪੈਦਾ ਕਰੋ। ਤੁਹਾਡਾ ਚੰਗਾ ਚਾਲ-ਚਲਣ ਦੇਖ ਕੇ ਤੁਹਾਡੇ ਦੋਸਤਾਂ ਨੂੰ ਵੀ ਹੱਲਾਸ਼ੇਰੀ ਮਿਲੇਗੀ। ਸੰਜਮ ਪੈਦਾ ਕਰਨ ਨਾਲ ਸਾਡੇ ʼਤੇ ਪਰਮੇਸ਼ੁਰ ਦੀ ਮਿਹਰ ਹੋਵੇਗੀ, ਅਸੀਂ ਜ਼ਿੰਦਗੀ ਦਾ ਮਜ਼ਾ ਲਵਾਂਗੇ ਅਤੇ ਦੂਜਿਆਂ ਲਈ ਚੰਗੀ ਮਿਸਾਲ ਬਣਾਂਗੇ।