ਅਨੁਸ਼ਾਸਨ—ਪਰਮੇਸ਼ੁਰ ਦੇ ਪਿਆਰ ਦਾ ਸਬੂਤ
“ਯਹੋਵਾਹ ਜਿਸ ਨੂੰ ਪਿਆਰ ਕਰਦਾ ਹੈ, ਉਸੇ ਨੂੰ ਅਨੁਸ਼ਾਸਨ ਦਿੰਦਾ ਹੈ।”—ਇਬ. 12:6.
1. ਬਾਈਬਲ ਅਨੁਸ਼ਾਸਨ ਬਾਰੇ ਕੀ ਦੱਸਦੀ ਹੈ?
“ਅਨੁਸ਼ਾਸਨ” ਸ਼ਬਦ ਸੁਣਦਿਆਂ ਤੁਹਾਡੇ ਦਿਮਾਗ਼ ਵਿਚ ਕੀ ਆਉਂਦਾ ਹੈ? ਇਹ ਸ਼ਬਦ ਸੁਣਦਿਆਂ ਬਹੁਤ ਸਾਰੇ ਲੋਕਾਂ ਦੇ ਦਿਮਾਗ਼ ਵਿਚ ਸਜ਼ਾ ਦਾ ਖ਼ਿਆਲ ਆਉਂਦਾ ਹੈ, ਪਰ ਅਨੁਸ਼ਾਸਨ ਵਿਚ ਹੋਰ ਵੀ ਬਹੁਤ ਕੁਝ ਸ਼ਾਮਲ ਹੈ। ਜਿਸ ਸ਼ਬਦ ਦਾ ਅਨੁਵਾਦ ਅਨੁਸ਼ਾਸਨ ਕੀਤਾ ਗਿਆ ਹੈ, ਹੋਰ ਆਇਤਾਂ ਵਿਚ ਉਸ ਦਾ ਅਨੁਵਾਦ “ਸਿੱਖਿਆ” ਵੀ ਕੀਤਾ ਗਿਆ ਹੈ। ਬਾਈਬਲ ਦੱਸਦੀ ਹੈ ਕਿ ਅਨੁਸ਼ਾਸਨ ਸਾਡੇ ਭਲੇ ਲਈ ਦਿੱਤਾ ਜਾਂਦਾ ਹੈ ਅਤੇ ਕਈ ਵਾਰ ਇਸ ਦਾ ਜ਼ਿਕਰ ਗਿਆਨ, ਬੁੱਧ, ਪਿਆਰ ਅਤੇ ਜ਼ਿੰਦਗੀ ਨਾਲ ਕੀਤਾ ਗਿਆ ਹੈ। (ਕਹਾ. 1:2-7; 4:11-13) ਇਸ ਲਈ ਜਦੋਂ ਯਹੋਵਾਹ ਸਾਨੂੰ ਅਨੁਸ਼ਾਸਨ ਦਿੰਦਾ ਹੈ, ਤਾਂ ਇਸ ਤੋਂ ਸਬੂਤ ਮਿਲਦਾ ਹੈ ਕਿ ਉਹ ਸਾਨੂੰ ਪਿਆਰ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਅਸੀਂ ਹਮੇਸ਼ਾ ਲਈ ਜੀਉਂਦੇ ਰਹੀਏ। (ਇਬ. 12:6) ਭਾਵੇਂ ਕਿ ਕਈ ਵਾਰ ਪਰਮੇਸ਼ੁਰ ਅਨੁਸ਼ਾਸਨ ਦਿੰਦਿਆਂ ਸਜ਼ਾ ਵੀ ਦਿੰਦਾ ਹੈ, ਪਰ ਉਹ ਕਠੋਰ ਤੇ ਨੁਕਸਾਨਦੇਹ ਤਰੀਕੇ ਨਾਲ ਸਜ਼ਾ ਨਹੀਂ ਦਿੰਦਾ। ਦਰਅਸਲ “ਅਨੁਸ਼ਾਸਨ” ਦੇਣ ਵਿਚ ਸਭ ਤੋਂ ਜ਼ਰੂਰੀ ਗੱਲ ਸਿੱਖਿਆ ਦੇਣੀ ਹੈ, ਜਿਵੇਂ ਪਿਆਰ ਕਰਨ ਵਾਲੇ ਮਾਪੇ ਆਪਣੇ ਬੱਚੇ ਨੂੰ ਸਿੱਖਿਆ ਦਿੰਦੇ ਹਨ।
2, 3. ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਅਨੁਸ਼ਾਸਨ ਦੇਣ ਵਿਚ ਸਿੱਖਿਆ ਅਤੇ ਸਜ਼ਾ ਦੇਣੀ ਸ਼ਾਮਲ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
2 ਜ਼ਰਾ ਇਕ ਮਿਸਾਲ ʼਤੇ ਗੌਰ ਕਰੋ। ਜੌਨੀ ਨਾਂ ਦਾ ਇਕ ਛੋਟਾ ਮੁੰਡਾ ਘਰ ਅੰਦਰ ਗੇਂਦ ਨਾਲ ਖੇਡ ਰਿਹਾ ਸੀ। ਉਸ ਦੀ ਮਾਂ ਨੇ ਕਿਹਾ: “ਜੌਨੀ, ਤੈਨੂੰ ਪਤਾ ਕਿ ਘਰ ਦੇ ਅੰਦਰ ਗੇਂਦ ਨਾਲ ਨਹੀਂ ਖੇਡੀਦਾ। ਕੁਝ ਟੁੱਟ ਸਕਦਾ ਹੈ।” ਪਰ ਉਹ ਆਪਣੀ ਮਾਂ ਦੀ ਗੱਲ ਨੂੰ ਅਣਸੁਣਿਆ ਕਰਦਿਆਂ ਗੇਂਦ ਨਾਲ ਖੇਡਦਾ ਰਹਿੰਦਾ ਹੈ। ਗੇਂਦ ਗੁਲਦਸਤੇ ਵਿਚ ਲੱਗੀ ਜਿਸ ਕਰਕੇ ਗੁਲਦਸਤਾ ਟੁੱਟ ਗਿਆ। ਜੌਨੀ ਦੀ ਮਾਂ ਨੇ ਉਸ ਨੂੰ ਅਨੁਸ਼ਾਸਨ ਕਿਵੇਂ ਦਿੱਤਾ? ਉਸ ਨੇ ਜੌਨੀ ਨੂੰ ਸਮਝਾਇਆ ਕਿ ਉਸ ਨੇ ਜੋ ਕੀਤਾ ਉਹ ਗ਼ਲਤ ਕਿਉਂ ਸੀ। ਉਹ ਉਸ ਨੂੰ ਇਸ ਗੱਲ ਦਾ ਅਹਿਸਾਸ ਕਰਵਾਉਣਾ ਚਾਹੁੰਦੀ ਸੀ ਕਿ ਉਸ ਲਈ ਮਾਪਿਆਂ ਦਾ ਕਹਿਣਾ ਮੰਨਣਾ ਕਿੰਨਾ ਜ਼ਰੂਰੀ ਹੈ ਅਤੇ ਮਾਪਿਆਂ ਵੱਲੋਂ ਬਣਾਏ ਨਿਯਮ ਜ਼ਰੂਰੀ ਤੇ ਸਹੀ ਹਨ। ਜੌਨੀ ਨੂੰ ਸਬਕ ਸਿਖਾਉਣ ਲਈ ਉਸ ਨੇ ਜੌਨੀ ਨੂੰ ਜਾਇਜ਼ ਸਜ਼ਾ ਵੀ ਦਿੱਤੀ। ਉਸ ਨੇ ਕੁਝ ਸਮੇਂ ਲਈ ਜੌਨੀ ਕੋਲੋਂ ਗੇਂਦ ਲੈ ਕੇ ਰੱਖ ਲਈ। ਚਾਹੇ ਜੌਨੀ ਨੂੰ ਚੰਗਾ ਨਹੀਂ ਲੱਗਾ, ਪਰ ਇਸ ਨਾਲ ਉਹ ਇਹ ਗੱਲ ਯਾਦ ਰੱਖ ਸਕਿਆ ਕਿ ਮਾਪਿਆਂ ਦਾ ਕਹਿਣਾ ਨਾ ਮੰਨਣ ਦੇ ਅੰਜਾਮ ਭੁਗਤਣੇ ਪੈਂਦੇ ਹਨ।
3 ਮਸੀਹੀ ਹੋਣ ਕਰਕੇ, ਅਸੀਂ ਪਰਮੇਸ਼ੁਰ ਦੇ ਪਰਿਵਾਰ ਦਾ ਹਿੱਸਾ ਹਾਂ। (1 ਤਿਮੋ. 3:15) ਇਸ ਲਈ ਪਿਤਾ ਹੋਣ ਕਰਕੇ ਯਹੋਵਾਹ ਕੋਲ ਤੈਅ ਕਰਨ ਦਾ ਹੱਕ ਹੈ ਕਿ ਕੀ ਸਹੀ ਹੈ ਅਤੇ ਕੀ ਗ਼ਲਤ। ਨਾਲੇ ਜਦੋਂ ਅਸੀਂ ਉਸ ਦਾ ਕਹਿਣਾ ਨਹੀਂ ਮੰਨਦੇ, ਤਾਂ ਉਸ ਕੋਲ ਸਾਨੂੰ ਸਜ਼ਾ ਦੇਣ ਦਾ ਵੀ ਹੱਕ ਹੈ। ਚਾਹੇ ਸਾਨੂੰ ਆਪਣੇ ਕੰਮਾਂ ਦੇ ਬੁਰੇ ਨਤੀਜੇ ਭੁਗਤਣੇ ਪੈਂਦੇ ਹਨ, ਪਰ ਯਹੋਵਾਹ ਵੱਲੋਂ ਮਿਲਿਆ ਅਨੁਸ਼ਾਸਨ ਸਾਨੂੰ ਇਹ ਗੱਲ ਯਾਦ ਰੱਖਣ ਵਿਚ ਮਦਦ ਕਰ ਸਕਦਾ ਹੈ ਕਿ ਉਸ ਦਾ ਕਹਿਣਾ ਮੰਨਣਾ ਕਿੰਨਾ ਜ਼ਰੂਰੀ ਹੈ। (ਗਲਾ. 6:7) ਪਰਮੇਸ਼ੁਰ ਸਾਨੂੰ ਬੇਹੱਦ ਪਿਆਰ ਕਰਦਾ ਹੈ ਅਤੇ ਉਹ ਨਹੀਂ ਚਾਹੁੰਦਾ ਕਿ ਅਸੀਂ ਦੁੱਖ ਭੋਗੀਏ।—1 ਪਤ. 5:6, 7.
4. (ੳ) ਯਹੋਵਾਹ ਕਿਸ ਤਰ੍ਹਾਂ ਦੀ ਸਿਖਲਾਈ ʼਤੇ ਬਰਕਤ ਪਾਉਂਦਾ ਹੈ? (ਅ) ਅਸੀਂ ਇਸ ਲੇਖ ਵਿਚ ਕਿਨ੍ਹਾਂ ਗੱਲਾਂ ʼਤੇ ਚਰਚਾ ਕਰਾਂਗੇ?
4 ਅਸੀਂ ਆਪਣੇ ਬੱਚਿਆਂ ਜਾਂ ਬਾਈਬਲ ਵਿਦਿਆਰਥੀ ਨੂੰ ਬਾਈਬਲ ਦੇ “ਸਹੀ ਮਿਆਰਾਂ ਮੁਤਾਬਕ” ਅਨੁਸ਼ਾਸਨ ਦੇ ਕੇ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ ਤਾਂਕਿ ਉਹ ਮਸੀਹ ਦੇ ਚੇਲੇ ਬਣਨ ਦਾ ਟੀਚਾ ਹਾਸਲ ਕਰ ਸਕਣ। ਅਸੀਂ ਬਾਈਬਲ ਵਰਤ ਕੇ ਆਪਣੇ ਵਿਦਿਆਰਥੀ ਨੂੰ ਸਹੀ-ਗ਼ਲਤ ਵਿਚ ਫ਼ਰਕ ਦੇਖਣਾ, ਯਿਸੂ ਵੱਲੋਂ ਦਿੱਤੇ ਹੁਕਮਾਂ ਨੂੰ ਸਮਝਣਾ ਅਤੇ ਉਸ ਦੇ “ਸਾਰੇ ਹੁਕਮਾਂ ਦੀ ਪਾਲਣਾ ਕਰਨੀ” ਸਿਖਾਉਂਦੇ ਹਾਂ। (2 ਤਿਮੋ. 3:16; ਮੱਤੀ 28:19, 20) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਇਸੇ ਤਰੀਕੇ ਨਾਲ ਉਨ੍ਹਾਂ ਨੂੰ ਸਿਖਾਈਏ ਤਾਂਕਿ ਉਹ ਵੀ ਦੂਜਿਆਂ ਦੀ ਮਸੀਹ ਦੇ ਚੇਲੇ ਬਣਨ ਵਿਚ ਮਦਦ ਕਰ ਸਕਣ। (ਤੀਤੁਸ 2:11-14 ਪੜ੍ਹੋ।) ਆਓ ਆਪਾਂ ਤਿੰਨ ਜ਼ਰੂਰੀ ਸਵਾਲਾਂ ʼਤੇ ਗੌਰ ਕਰੀਏ: (1) ਯਹੋਵਾਹ ਦੇ ਅਨੁਸ਼ਾਸਨ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਉਹ ਸਾਨੂੰ ਪਿਆਰ ਕਰਦਾ ਹੈ? (2) ਅਸੀਂ ਉਨ੍ਹਾਂ ਲੋਕਾਂ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਅਨੁਸ਼ਾਸਨ ਦਿੱਤਾ ਸੀ? (3) ਅਨੁਸ਼ਾਸਨ ਦਿੰਦਿਆਂ ਅਸੀਂ ਯਹੋਵਾਹ ਅਤੇ ਉਸ ਦੇ ਪੁੱਤਰ ਦੀ ਰੀਸ ਕਿਵੇਂ ਕਰ ਸਕਦੇ ਹਾਂ?
ਪਰਮੇਸ਼ੁਰ ਪਿਆਰ ਨਾਲ ਅਨੁਸ਼ਾਸਨ ਦਿੰਦਾ ਹੈ
5. ਯਹੋਵਾਹ ਵੱਲੋਂ ਮਿਲਦਾ ਅਨੁਸ਼ਾਸਨ ਉਸ ਦੇ ਪਿਆਰ ਦਾ ਸਬੂਤ ਕਿਵੇਂ ਹੈ?
5 ਪਿਆਰ ਹੋਣ ਕਰਕੇ ਯਹੋਵਾਹ ਸਾਨੂੰ ਸੁਧਾਰਦਾ, ਸਿਖਾਉਂਦਾ ਅਤੇ ਸਿਖਲਾਈ ਦਿੰਦਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਨੇੜੇ ਰਹੀਏ ਅਤੇ ਹਮੇਸ਼ਾ ਜੀਉਂਦੇ ਰਹੀਏ। (1 ਯੂਹੰ. 4:16) ਉਹ ਨਾ ਤਾਂ ਸਾਨੂੰ ਕਦੇ ਸ਼ਰਮਿੰਦਾ ਕਰਦਾ ਹੈ ਤੇ ਨਾ ਹੀ ਸਾਨੂੰ ਨਿਕੰਮੇ ਮਹਿਸੂਸ ਕਰਵਾਉਂਦਾ ਹੈ। (ਕਹਾ. 12:18) ਇਸ ਦੀ ਬਜਾਇ, ਉਹ ਸਾਡੇ ਚੰਗੇ ਗੁਣਾਂ ʼਤੇ ਧਿਆਨ ਲਾਉਂਦਾ ਹੈ ਅਤੇ ਸਾਨੂੰ ਫ਼ੈਸਲੇ ਕਰਨ ਦੀ ਆਜ਼ਾਦੀ ਦਿੰਦਾ ਹੈ। ਕੀ ਅਸੀਂ ਮੰਨਦੇ ਹਾਂ ਕਿ ਬਾਈਬਲ, ਪ੍ਰਕਾਸ਼ਨਾਂ, ਮਾਪਿਆਂ ਅਤੇ ਬਜ਼ੁਰਗਾਂ ਤੋਂ ਮਿਲਦਾ ਅਨੁਸ਼ਾਸਨ ਯਹੋਵਾਹ ਦੇ ਪਿਆਰ ਦਾ ਸਬੂਤ ਹੈ? ਦਰਅਸਲ, ਜਦੋਂ ਅਸੀਂ ਜਾਣੇ-ਅਣਜਾਣੇ ਵਿਚ ਕੋਈ “ਗ਼ਲਤ ਕਦਮ ਉਠਾ” ਲੈਂਦੇ ਹਾਂ ਤੇ ਬਜ਼ੁਰਗ ਸਾਨੂੰ ਪਿਆਰ ਤੇ ਨਰਮਾਈ ਨਾਲ ਸੁਧਾਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਇਸ ਤੋਂ ਯਹੋਵਾਹ ਦੇ ਪਿਆਰ ਦਾ ਸਬੂਤ ਮਿਲਦਾ ਹੈ।—ਗਲਾ. 6:1.
6. ਜਦੋਂ ਅਨੁਸ਼ਾਸਨ ਮਿਲਣ ਕਰਕੇ ਕਿਸੇ ਵਿਅਕਤੀ ਤੋਂ ਜ਼ਿੰਮੇਵਾਰੀਆਂ ਲੈ ਲਈਆਂ ਜਾਂਦੀਆਂ ਹਨ, ਤਾਂ ਇਸ ਤੋਂ ਯਹੋਵਾਹ ਦੇ ਪਿਆਰ ਦਾ ਸਬੂਤ ਕਿਵੇਂ ਮਿਲਦਾ ਹੈ?
6 ਪਰ ਕਈ ਵਾਰ ਅਨੁਸ਼ਾਸਨ ਦੇਣ ਵਿਚ ਸਿਰਫ਼ ਸਲਾਹ ਦੇਣੀ ਹੀ ਸ਼ਾਮਲ ਨਹੀਂ ਹੁੰਦੀ। ਜੇ ਕੋਈ ਗੰਭੀਰ ਪਾਪ ਕਰਦਾ ਹੈ, ਤਾਂ ਉਸ ਕੋਲੋਂ ਮੰਡਲੀ ਦੀਆਂ ਜ਼ਿੰਮੇਵਾਰੀਆਂ ਲੈ ਲਈਆਂ ਜਾਂਦੀਆਂ ਹਨ। ਇਸ ਤਰ੍ਹਾਂ ਦੇ ਅਨੁਸ਼ਾਸਨ ਤੋਂ ਵੀ ਪਰਮੇਸ਼ੁਰ ਦਾ ਪਿਆਰ ਝਲਕਦਾ ਹੈ। ਮਿਸਾਲ ਲਈ, ਇਸ ਤੋਂ ਸ਼ਾਇਦ ਉਸ ਵਿਅਕਤੀ ਨੂੰ ਅਹਿਸਾਸ ਹੋਵੇ ਕਿ ਉਸ ਲਈ ਬਾਈਬਲ ਅਧਿਐਨ, ਸੋਚ-ਵਿਚਾਰ ਅਤੇ ਪ੍ਰਾਰਥਨਾ ਕਰਨ ਲਈ ਹੋਰ ਜ਼ਿਆਦਾ ਸਮਾਂ ਕੱਢਣਾ ਕਿੰਨਾ ਜ਼ਰੂਰੀ ਹੈ। ਇਸ ਤਰ੍ਹਾਂ ਕਰਨ ਨਾਲ ਉਸ ਦਾ ਯਹੋਵਾਹ ਨਾਲ ਰਿਸ਼ਤਾ ਹੋਰ ਵੀ ਮਜ਼ਬੂਤ ਹੋ ਸਕਦਾ ਹੈ। (ਜ਼ਬੂ. 19:7) ਸਮੇਂ ਦੇ ਬੀਤਣ ਨਾਲ, ਸ਼ਾਇਦ ਉਸ ਨੂੰ ਜ਼ਿੰਮੇਵਾਰੀਆਂ ਵਾਪਸ ਮਿਲ ਜਾਣ। ਛੇਕੇ ਜਾਣ ਦੇ ਪ੍ਰਬੰਧ ਤੋਂ ਵੀ ਯਹੋਵਾਹ ਦੇ ਪਿਆਰ ਦਾ ਸਬੂਤ ਮਿਲਦਾ ਹੈ ਕਿਉਂਕਿ ਇਸ ਪ੍ਰਬੰਧ ਕਰਕੇ ਮੰਡਲੀ ਬੁਰੇ ਪ੍ਰਭਾਵਾਂ ਤੋਂ ਬਚੀ ਰਹਿੰਦੀ ਹੈ। (1 ਕੁਰਿੰ. 5:6, 7, 11) ਯਹੋਵਾਹ ਹਮੇਸ਼ਾ ਜਾਇਜ਼ ਅਨੁਸ਼ਾਸਨ ਦਿੰਦਾ ਹੈ ਜਿਸ ਕਰਕੇ ਛੇਕਿਆ ਗਿਆ ਵਿਅਕਤੀ ਸਮਝ ਸਕਦਾ ਹੈ ਕਿ ਉਸ ਨੇ ਕਿੰਨਾ ਗੰਭੀਰ ਪਾਪ ਕੀਤਾ ਹੈ ਤੇ ਉਹ ਤੋਬਾ ਕਰਨ ਲਈ ਪ੍ਰੇਰਿਤ ਹੋ ਸਕਦਾ ਹੈ।—ਰਸੂ. 3:19.
ਯਹੋਵਾਹ ਦੇ ਅਨੁਸ਼ਾਸਨ ਤੋਂ ਫ਼ਾਇਦੇ
7. ਸ਼ਬਨਾ ਕੌਣ ਸੀ ਅਤੇ ਉਸ ਵਿਚ ਕਿਹੜੇ ਔਗੁਣ ਪੈਦਾ ਹੋ ਗਏ?
7 ਅਨੁਸ਼ਾਸਨ ਦੀ ਅਹਿਮੀਅਤ ਨੂੰ ਸਮਝਣ ਲਈ ਆਓ ਆਪਾਂ ਦੋ ਵਿਅਕਤੀਆਂ ʼਤੇ ਗੌਰ ਕਰੀਏ ਜਿਨ੍ਹਾਂ ਨੂੰ ਯਹੋਵਾਹ ਨੇ ਅਨੁਸ਼ਾਸਨ ਦਿੱਤਾ ਸੀ। ਇਕ ਸੀ ਸ਼ਬਨਾ, ਜੋ ਇਜ਼ਰਾਈਲੀ ਸੀ ਅਤੇ ਰਾਜਾ ਹਿਜ਼ਕੀਯਾਹ ਦੇ ਸਮੇਂ ਵਿਚ ਰਹਿੰਦਾ ਸੀ। ਦੂਜਾ ਸਾਡੇ ਸਮੇਂ ਵਿਚ ਰਹਿਣ ਵਾਲਾ ਭਰਾ ਗ੍ਰਾਹਮ। ਸ਼ਬਨਾ ਹਿਜ਼ਕੀਯਾਹ ਦੇ ਘਰ ਦਾ “ਮੁਖ਼ਤਿਆਰ” ਸੀ ਜਿਸ ਕਰਕੇ ਉਸ ਕੋਲ ਬਹੁਤ ਅਧਿਕਾਰ ਸੀ। (ਯਸਾ. 22:15) ਪਰ ਸ਼ਬਨਾ ਘਮੰਡੀ ਬਣ ਗਿਆ ਅਤੇ ਆਪਣੀ ਹੀ ਵਡਿਆਈ ਚਾਹੁਣ ਲੱਗਾ। ਉਸ ਨੇ ਆਪਣੇ ਲਈ ਬਹੁਤ ਮਹਿੰਗੀ ਕਬਰ ਬਣਵਾਈ ਅਤੇ ਉਹ ‘ਸ਼ਾਨਦਾਰ ਰਥਾਂ’ ਦੀ ਸਵਾਰੀ ਕਰਦਾ ਸੀ।—ਯਸਾ. 22:16-18.
8. ਯਹੋਵਾਹ ਨੇ ਸ਼ਬਨਾ ਨੂੰ ਅਨੁਸ਼ਾਸਨ ਕਿਵੇਂ ਦਿੱਤਾ ਅਤੇ ਇਸ ਦਾ ਕੀ ਨਤੀਜਾ ਨਿਕਲਿਆ?
8 ਸ਼ਬਨਾ ਆਪਣੀ ਹੀ ਵਡਿਆਈ ਕਰਾਉਣੀ ਚਾਹੁੰਦਾ ਸੀ। ਇਸ ਲਈ ਯਹੋਵਾਹ ਨੇ ਸ਼ਬਨਾ ਨੂੰ “ਹੁੱਦੇ ਤੋਂ ਹਟਾ” ਦਿੱਤਾ ਅਤੇ ਉਸ ਦੀ ਥਾਂ ਅਲਯਾਕੀਮ ਨੂੰ ਜ਼ਿੰਮੇਵਾਰੀ ਦੇ ਦਿੱਤੀ। (ਯਸਾ. 22:19-21) ਇਹ ਉਸ ਵੇਲੇ ਹੋਇਆ ਜਦੋਂ ਅੱਸ਼ੂਰ ਦੇ ਰਾਜੇ ਸਨਹੇਰੀਬ ਨੇ ਯਰੂਸ਼ਲਮ ʼਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਕੁਝ ਸਮੇਂ ਬਾਅਦ, ਸਨਹੇਰੀਬ ਨੇ ਆਪਣੇ ਅਫ਼ਸਰਾਂ ਅਤੇ ਵੱਡੀ ਫ਼ੌਜ ਨੂੰ ਭੇਜਿਆ ਤਾਂਕਿ ਉਹ ਯਹੂਦੀਆਂ ਨੂੰ ਡਰਾ-ਧਮਕਾ ਸਕਣ ਅਤੇ ਹਿਜ਼ਕੀਯਾਹ ਤੋਂ ਆਤਮ-ਸਮਰਪਣ ਕਰਾ ਸਕਣ। (2 ਰਾਜ. 18:17-25) ਅਫ਼ਸਰਾਂ ਨੂੰ ਮਿਲਣ ਲਈ ਹਿਜ਼ਕੀਯਾਹ ਨੇ ਅਲਯਾਕੀਮ ਅਤੇ ਦੋ ਹੋਰ ਆਦਮੀ ਭੇਜੇ। ਇਨ੍ਹਾਂ ਵਿੱਚੋਂ ਇਕ ਆਦਮੀ ਸੀ, ਸ਼ਬਨਾ ਜੋ ਹੁਣ ਸੈਕਟਰੀ ਵਜੋਂ ਕੰਮ ਕਰਦਾ ਸੀ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸ਼ਬਨਾ ਅਨੁਸ਼ਾਸਨ ਮਿਲਣ ਕਰਕੇ ਗੁੱਸੇ ਤੇ ਕੁੜੱਤਣ ਨਾਲ ਨਹੀਂ ਭਰਿਆ, ਸਗੋਂ ਉਹ ਨਿਮਰਤਾ ਨਾਲ ਛੋਟੀਆਂ-ਮੋਟੀਆਂ ਜ਼ਿੰਮੇਵਾਰੀਆਂ ਲੈਣ ਲਈ ਤਿਆਰ ਸੀ। ਅਸੀਂ ਸ਼ਬਨਾ ਦੀ ਮਿਸਾਲ ਤੋਂ ਤਿੰਨ ਸਬਕ ਸਿੱਖ ਸਕਦੇ ਹਾਂ।
9-11. (ੳ) ਅਸੀਂ ਸ਼ਬਨਾ ਦੀ ਮਿਸਾਲ ਤੋਂ ਕਿਹੜੇ ਜ਼ਰੂਰੀ ਸਬਕ ਸਿੱਖ ਸਕਦੇ ਹਾਂ? (ਅ) ਸ਼ਬਨਾ ਨਾਲ ਯਹੋਵਾਹ ਦੇ ਪੇਸ਼ ਆਉਣ ਦੇ ਤਰੀਕੇ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?
9 ਪਹਿਲਾ, ਸ਼ਬਨਾ ਨੂੰ ਆਪਣੇ ਅਧਿਕਾਰ ਤੋਂ ਹੱਥ ਧੋਣਾ ਪਿਆ। ਇਸ ਤੋਂ ਸਾਨੂੰ ਇਹ ਸਬਕ ਸਿੱਖਣ ਨੂੰ ਮਿਲਦਾ ਹੈ ਕਿ “ਨਾਸ ਤੋਂ ਪਹਿਲਾਂ ਹੰਕਾਰ” ਹੁੰਦਾ ਹੈ। (ਕਹਾ. 16:18) ਸ਼ਾਇਦ ਸਾਡੇ ਕੋਲ ਮੰਡਲੀ ਵਿਚ ਖ਼ਾਸ ਜ਼ਿੰਮੇਵਾਰੀਆਂ ਹੋਣ ਕਰਕੇ ਦੂਜੇ ਸਾਨੂੰ ਕੁਝ ਜ਼ਿਆਦਾ ਹੀ ਅਹਿਮੀਅਤ ਦੇਣ। ਜੇ ਇਸ ਤਰ੍ਹਾਂ ਹੈ, ਤਾਂ ਕੀ ਅਸੀਂ ਨਿਮਰ ਬਣੇ ਰਹਾਂਗੇ? ਕੀ ਅਸੀਂ ਆਪਣੀਆਂ ਕਾਬਲੀਅਤਾਂ ਅਤੇ ਕੰਮਾਂ ਦਾ ਸਿਹਰਾ ਯਹੋਵਾਹ ਨੂੰ ਦੇਵਾਂਗੇ? (1 ਕੁਰਿੰ. 4:7) ਪੌਲੁਸ ਰਸੂਲ ਨੇ ਚੇਤਾਵਨੀ ਦਿੱਤੀ: ‘ਮੈਂ ਤੁਹਾਨੂੰ ਹਰ ਇਕ ਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਆਪ ਨੂੰ ਲੋੜੋਂ ਵੱਧ ਨਾ ਸਮਝੋ; ਪਰ ਇਸ ਢੰਗ ਨਾਲ ਸੋਚੋ ਕਿ ਸਾਰਿਆਂ ਨੂੰ ਜ਼ਾਹਰ ਹੋਵੇ ਕਿ ਤੁਸੀਂ ਸਮਝਦਾਰ ਹੋ।’—ਰੋਮੀ. 12:3.
10 ਦੂਜਾ, ਸ਼ਬਨਾ ਨੂੰ ਸਖ਼ਤ ਅਨੁਸ਼ਾਸਨ ਦੇ ਕੇ ਯਹੋਵਾਹ ਨੇ ਦਿਖਾਇਆ ਕਿ ਉਸ ਨੂੰ ਯਕੀਨ ਸੀ ਕਿ ਸ਼ਬਨਾ ਆਪਣੇ ਆਪ ਨੂੰ ਜ਼ਰੂਰ ਬਦਲੇਗਾ। (ਕਹਾ. 3:11, 12) ਇਸ ਤੋਂ ਉਹ ਮਸੀਹੀ ਸਬਕ ਸਿੱਖ ਸਕਦੇ ਹਨ ਜਿਨ੍ਹਾਂ ਕੋਲੋਂ ਖ਼ਾਸ ਜ਼ਿੰਮੇਵਾਰੀਆਂ ਲੈ ਲਈਆਂ ਗਈਆਂ ਹਨ। ਉਹ ਗੁੱਸੇ ਜਾਂ ਕੁੜੱਤਣ ਨਾਲ ਭਰਨ ਦੀ ਬਜਾਇ ਯਹੋਵਾਹ ਦੀ ਸੇਵਾ ਪੂਰੇ ਜੀ-ਜਾਨ ਨਾਲ ਕਰਦੇ ਰਹਿ ਸਕਦੇ ਹਨ। ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਅਨੁਸ਼ਾਸਨ ਯਹੋਵਾਹ ਦੇ ਪਿਆਰ ਦਾ ਸਬੂਤ ਹੈ। ਯਾਦ ਰੱਖੋ ਕਿ ਸਾਡਾ ਸਵਰਗੀ ਪਿਤਾ ਨਿਮਰ ਲੋਕਾਂ ਨੂੰ ਜ਼ਰੂਰ ਇਨਾਮ ਦੇਵੇਗਾ। (1 ਪਤਰਸ 5:6, 7 ਪੜ੍ਹੋ।) ਯਹੋਵਾਹ ਵੱਲੋਂ ਦਿੱਤਾ ਅਨੁਸ਼ਾਸਨ ਸਾਨੂੰ ਬਦਲ ਸਕਦਾ ਹੈ। ਇਸ ਲਈ ਆਓ ਆਪਾਂ ਉਸ ਦੇ ਹੱਥਾਂ ਵਿਚ ਨਰਮ ਮਿੱਟੀ ਬਣੀਏ।
11 ਤੀਜਾ, ਸ਼ਬਨਾ ਨਾਲ ਯਹੋਵਾਹ ਦੇ ਪੇਸ਼ ਆਉਣ ਦੇ ਤਰੀਕੇ ਤੋਂ ਅਸੀਂ ਅਹਿਮ ਸਬਕ ਸਿੱਖ ਸਕਦੇ ਹਾਂ। ਭਾਵੇਂ ਯਹੋਵਾਹ ਪਾਪ ਤੋਂ ਨਫ਼ਰਤ ਕਰਦਾ ਹੈ, ਪਰ ਉਹ ਉਸ ਵਿਅਕਤੀ ਨੂੰ ਅਜੇ ਵੀ ਪਿਆਰ ਕਰਦਾ ਹੈ ਜਿਸ ਨੇ ਪਾਪ ਕੀਤਾ ਹੈ। ਯਹੋਵਾਹ ਲੋਕਾਂ ਵਿਚ ਚੰਗੇ ਗੁਣ ਦੇਖਦਾ ਹੈ। ਜੇ ਤੁਸੀਂ ਮਾਪੇ ਜਾਂ ਬਜ਼ੁਰਗ ਹੋ, ਤਾਂ ਕੀ ਤੁਸੀਂ ਯਹੋਵਾਹ ਦੇ ਅਨੁਸ਼ਾਸਨ ਦੇਣ ਦੇ ਤਰੀਕੇ ਦੀ ਰੀਸ ਕਰੋਗੇ?—ਯਹੂ. 22, 23.
12-14. (ੳ) ਯਹੋਵਾਹ ਵੱਲੋਂ ਅਨੁਸ਼ਾਸਨ ਮਿਲਣ ʼਤੇ ਕੁਝ ਲੋਕ ਕਿਹੋ ਜਿਹਾ ਰਵੱਈਆ ਦਿਖਾਉਂਦੇ ਹਨ? (ਅ) ਪਰਮੇਸ਼ੁਰ ਦੇ ਬਚਨ ਦੀ ਮਦਦ ਨਾਲ ਇਕ ਭਰਾ ਆਪਣਾ ਰਵੱਈਆ ਕਿਵੇਂ ਬਦਲ ਸਕਿਆ ਅਤੇ ਇਸ ਦਾ ਕੀ ਨਤੀਜਾ ਨਿਕਲਿਆ?
12 ਪਰ ਕੁਝ ਲੋਕਾਂ ਨੂੰ ਅਨੁਸ਼ਾਸਨ ਮਿਲਣ ʼਤੇ ਬਹੁਤ ਦੁੱਖ ਲੱਗਦਾ ਹੈ ਜਿਸ ਕਰਕੇ ਉਹ ਪਰਮੇਸ਼ੁਰ ਅਤੇ ਮੰਡਲੀ ਤੋਂ ਦੂਰ ਹੋ ਜਾਂਦੇ ਹਨ। (ਇਬ. 3:12, 13) ਕੀ ਇਸ ਦਾ ਇਹ ਮਤਲਬ ਹੈ ਕਿ ਕੋਈ ਵੀ ਉਨ੍ਹਾਂ ਦੀ ਮਦਦ ਨਹੀਂ ਕਰ ਸਕਦਾ? ਨਹੀਂ। ਜ਼ਰਾ ਗ੍ਰਾਹਮ ਦੀ ਮਿਸਾਲ ʼਤੇ ਗੌਰ ਕਰੋ ਜਿਸ ਨੂੰ ਛੇਕਿਆ ਗਿਆ ਸੀ ਅਤੇ ਬਾਅਦ ਵਿਚ ਉਸ ਨੂੰ ਮੰਡਲੀ ਵਿਚ ਬਹਾਲ ਕਰ ਦਿੱਤਾ ਗਿਆ। ਪਰ ਬਹਾਲ ਹੋਣ ਤੋਂ ਬਾਅਦ, ਉਸ ਨੇ ਪ੍ਰਚਾਰ ਅਤੇ ਸਭਾਵਾਂ ʼਤੇ ਜਾਣਾ ਛੱਡ ਦਿੱਤਾ। ਇਕ ਬਜ਼ੁਰਗ ਨੇ ਗ੍ਰਾਹਮ ਦਾ ਦੋਸਤ ਬਣਨ ਦੀ ਪੂਰੀ ਕੋਸ਼ਿਸ਼ ਕੀਤੀ। ਅਖ਼ੀਰ, ਗ੍ਰਾਹਮ ਨੇ ਉਸ ਬਜ਼ੁਰਗ ਨੂੰ ਆਪਣੇ ਨਾਲ ਬਾਈਬਲ ਅਧਿਐਨ ਕਰਨ ਲਈ ਕਿਹਾ।
13 ਬਜ਼ੁਰਗ ਯਾਦ ਕਰਦਾ ਹੈ: “ਗ੍ਰਾਹਮ ਵਿਚ ਇਕ ਔਗੁਣ ਸੀ, ਉਹ ਸੀ ਘਮੰਡ। ਉਹ ਉਨ੍ਹਾਂ ਬਜ਼ੁਰਗਾਂ ਦੀ ਨੁਕਤਾਚੀਨੀ ਕਰਦਾ ਸੀ ਜਿਨ੍ਹਾਂ ਨੇ ਉਸ ਨੂੰ ਛੇਕਿਆ ਸੀ। ਇਸ ਲਈ ਕੁਝ ਹਫ਼ਤਿਆਂ ਲਈ ਅਸੀਂ ਘਮੰਡ ਨਾਲ ਸੰਬੰਧਿਤ ਆਇਤਾਂ ਅਤੇ ਘਮੰਡ ਕਰਨ ਦੇ ਨਤੀਜਿਆਂ ʼਤੇ ਚਰਚਾ ਕੀਤੀ। ਗ੍ਰਾਹਮ ਪਰਮੇਸ਼ੁਰ ਦੇ ਬਚਨ ਦੇ ਸ਼ੀਸ਼ੇ ਵਿਚ ਆਪਣੇ ਆਪ ਨੂੰ ਦੇਖ ਸਕਿਆ। ਇੱਦਾਂ ਕਰਨ ਕਰਕੇ ਉਸ ਨੂੰ ਪਤਾ ਲੱਗਾ ਕਿ ਉਸ ਦਾ ਰਵੱਈਆ ਗ਼ਲਤ ਸੀ। ਇਸ ਦਾ ਉਸ ʼਤੇ ਬਹੁਤ ਵਧੀਆ ਅਸਰ ਹੋਇਆ। ਜਦੋਂ ਉਸ ਨੇ ਜਾਣਿਆ ਕਿ ਉਹ ਆਪਣੀ ਅੱਖ ਵਿਚਲੇ ‘ਸ਼ਤੀਰ’ ਯਾਨੀ ਘਮੰਡ ਕਰਕੇ ਅੰਨ੍ਹਾ ਹੋ ਗਿਆ ਸੀ ਅਤੇ ਨੁਕਤਾਚੀਨੀ ਕਰਨ ਵਾਲਾ ਉਸ ਦਾ ਰਵੱਈਆ ਗ਼ਲਤ ਸੀ, ਤਾਂ ਉਸ ਨੇ ਆਪਣੇ ਵਿਚ ਸੁਧਾਰ ਕਰਨਾ ਸ਼ੁਰੂ ਕੀਤਾ। ਉਸ ਨੇ ਲਗਾਤਾਰ ਸਭਾਵਾਂ ʼਤੇ ਜਾਣਾ, ਧਿਆਨ ਨਾਲ ਪਰਮੇਸ਼ੁਰ ਦਾ ਬਚਨ ਪੜ੍ਹਨਾ ਅਤੇ ਰੋਜ਼ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ। ਨਾਲੇ ਪਰਿਵਾਰ ਦੇ ਮੁਖੀ ਵਜੋਂ, ਉਸ ਨੇ ਪਰਮੇਸ਼ੁਰੀ ਗੱਲਾਂ ਵਿਚ ਆਪਣੇ ਪਰਿਵਾਰ ਦੀ ਅਗਵਾਈ ਕਰਨੀ ਵੀ ਸ਼ੁਰੂ ਕੀਤੀ ਜਿਸ ਕਰਕੇ ਉਸ ਦੀ ਪਤਨੀ ਅਤੇ ਬੱਚੇ ਬਹੁਤ ਖ਼ੁਸ਼ ਹਨ।”—ਲੂਕਾ 6:41, 42; ਯਾਕੂ. 1:23-25.
14 ਬਜ਼ੁਰਗ ਅੱਗੇ ਦੱਸਦਾ ਹੈ: “ਇਕ ਦਿਨ ਗ੍ਰਾਹਮ ਨੇ ਮੈਨੂੰ ਅਜਿਹੀ ਗੱਲ ਦੱਸੀ ਜੋ ਮੇਰੇ ਦਿਲ ਨੂੰ ਛੂਹ ਗਈ। ਉਸ ਨੇ ਦੱਸਿਆ: ‘ਮੈਂ ਕਈ ਸਾਲਾਂ ਤੋਂ ਸੱਚਾਈ ਜਾਣਦਾ ਹਾਂ ਅਤੇ ਮੈਂ ਪਾਇਨੀਅਰਿੰਗ ਵੀ ਕੀਤੀ। ਪਰ ਹੁਣ ਮੈਂ ਦਿਲੋਂ ਕਹਿ ਸਕਦਾ ਹਾਂ ਕਿ ਮੈਂ ਯਹੋਵਾਹ ਨੂੰ ਪਿਆਰ ਕਰਦਾ ਹਾਂ।’” ਜਲਦੀ ਹੀ ਗ੍ਰਾਹਮ ਨੂੰ ਮੰਡਲੀ ਵਿਚ ਮਾਇਕ ਸੰਭਾਲਣ ਦੀ ਜ਼ਿੰਮੇਵਾਰੀ ਮਿਲੀ ਅਤੇ ਇਹ ਜ਼ਿੰਮੇਵਾਰੀ ਮਿਲਣ ʼਤੇ ਉਸ ਨੂੰ ਬਹੁਤ ਖ਼ੁਸ਼ੀ ਹੋਈ। ਬਜ਼ੁਰਗ ਨੇ ਕਿਹਾ: “ਮੈਂ ਉਸ ਦੀ ਮਿਸਾਲ ਤੋਂ ਸਿੱਖਿਆ ਕਿ ਜਦੋਂ ਇਕ ਵਿਅਕਤੀ ਨਿਮਰਤਾ ਨਾਲ ਅਨੁਸ਼ਾਸਨ ਸਵੀਕਾਰ ਕਰਦਾ ਹੈ, ਤਾਂ ਯਹੋਵਾਹ ਉਸ ਨੂੰ ਬੇਸ਼ੁਮਾਰ ਬਰਕਤਾਂ ਦਿੰਦਾ ਹੈ।”
ਅਨੁਸ਼ਾਸਨ ਦਿੰਦਿਆਂ ਪਰਮੇਸ਼ੁਰ ਅਤੇ ਮਸੀਹ ਦੀ ਰੀਸ ਕਰੋ
15. ਜੇ ਅਸੀਂ ਚਾਹੁੰਦੇ ਹਾਂ ਕਿ ਦੂਜੇ ਸਾਡੇ ਵੱਲੋਂ ਦਿੱਤੇ ਅਨੁਸ਼ਾਸਨ ਨੂੰ ਸਵੀਕਾਰ ਕਰਨ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ?
15 ਚੰਗੇ ਸਿੱਖਿਅਕ ਬਣਨ ਲਈ ਤੁਹਾਨੂੰ ਚੰਗੇ ਵਿਦਿਆਰਥੀ ਬਣਨ ਦੀ ਲੋੜ ਹੈ। (1 ਤਿਮੋ. 4:15, 16) ਇਸੇ ਤਰ੍ਹਾਂ ਜੇ ਯਹੋਵਾਹ ਨੇ ਤੁਹਾਨੂੰ ਅਨੁਸ਼ਾਸਨ ਦੇਣ ਦਾ ਅਧਿਕਾਰ ਦਿੱਤਾ ਹੈ, ਤਾਂ ਤੁਹਾਨੂੰ ਨਿਮਰ ਬਣਨਾ ਅਤੇ ਯਹੋਵਾਹ ਦੀ ਸੇਧ ਮੁਤਾਬਕ ਚੱਲਣਾ ਚਾਹੀਦਾ ਹੈ। ਜਦੋਂ ਦੂਜੇ ਦੇਖਣਗੇ ਕਿ ਤੁਸੀਂ ਨਿਮਰ ਹੋ, ਤਾਂ ਉਹ ਤੁਹਾਡਾ ਆਦਰ ਕਰਨਗੇ ਅਤੇ ਸੌਖਿਆਂ ਹੀ ਤੁਹਾਡੀ ਸਲਾਹ ਜਾਂ ਤਾੜਨਾ ਨੂੰ ਸਵੀਕਾਰ ਕਰਨਗੇ। ਅਸੀਂ ਯਿਸੂ ਦੀ ਮਿਸਾਲ ਤੋਂ ਸਿੱਖ ਸਕਦੇ ਹਾਂ।
16. ਯਿਸੂ ਦੇ ਯੋਗ ਅਨੁਸ਼ਾਸਨ ਦੇਣ ਅਤੇ ਵਧੀਆ ਸਿੱਖਿਆ ਦੇਣ ਦੇ ਤਰੀਕੇ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
16 ਯਿਸੂ ਔਖੇ ਸਮਿਆਂ ਵਿਚ ਵੀ ਆਪਣੇ ਪਿਤਾ ਦੇ ਵਫ਼ਾਦਾਰ ਰਿਹਾ। (ਮੱਤੀ 26:39) ਉਸ ਨੇ ਆਪਣੀਆਂ ਸਿੱਖਿਆਵਾਂ ਅਤੇ ਬੁੱਧ ਦਾ ਸਿਹਰਾ ਯਹੋਵਾਹ ਨੂੰ ਦਿੱਤਾ। (ਯੂਹੰ. 5:19, 30) ਯਿਸੂ ਦੀ ਨਿਮਰਤਾ ਅਤੇ ਆਗਿਆਕਾਰੀ ਕਰਕੇ ਨੇਕਦਿਲ ਲੋਕ ਉਸ ਵੱਲ ਖਿੱਚੇ ਆਏ ਅਤੇ ਇਨ੍ਹਾਂ ਗੁਣਾਂ ਕਰਕੇ ਉਹ ਹਮਦਰਦੀ ਨਾਲ ਲੋਕਾਂ ਨੂੰ ਸਿਖਾਉਂਦਾ ਸੀ। (ਮੱਤੀ 11:29 ਪੜ੍ਹੋ।) ਯਿਸੂ ਦੇ ਪਿਆਰ ਭਰੇ ਸ਼ਬਦਾਂ ਨੇ ਉਨ੍ਹਾਂ ਲੋਕਾਂ ਨੂੰ ਹੌਸਲਾ ਦਿੱਤਾ ਜੋ ਮਿੱਧੇ ਹੋਏ ਕਾਨੇ ਵਾਂਗ ਸਨ ਅਤੇ ਧੁਖ ਰਹੀ ਬੱਤੀ ਵਾਂਗ ਸਨ। (ਮੱਤੀ 12:20) ਯਿਸੂ ਨੇ ਆਪਣੇ ਰਸੂਲਾਂ ਨੂੰ ਉਦੋਂ ਵੀ ਪਿਆਰ ਨਾਲ ਸੁਧਾਰਿਆ ਜਦੋਂ ਉਹ ਇਸ ਗੱਲ ʼਤੇ ਬਹਿਸ ਕਰ ਕੇ ਉਸ ਨੂੰ ਖਿਝਾਉਂਦੇ ਸਨ ਕਿ ਉਨ੍ਹਾਂ ਵਿੱਚੋਂ ਕੌਣ ਵੱਡਾ ਸੀ।—ਮਰ. 9:33-37; ਲੂਕਾ 22:24-27.
17. ਕਿਹੜੇ ਗੁਣਾਂ ਕਰਕੇ ਬਜ਼ੁਰਗ ਮੰਡਲੀ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰ ਸਕਣਗੇ?
17 ਬਾਈਬਲ ਤੋਂ ਅਨੁਸ਼ਾਸਨ ਦਿੰਦਿਆਂ ਬਜ਼ੁਰਗਾਂ ਨੂੰ ਯਿਸੂ ਦੀ ਰੀਸ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰ ਕੇ ਉਹ ਸਬੂਤ ਦੇਣਗੇ ਕਿ ਉਹ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਦੀ ਸੇਧ ਵਿਚ ਚੱਲਣਾ ਚਾਹੁੰਦੇ ਹਨ। ਪਤਰਸ ਰਸੂਲ ਨੇ ਲਿਖਿਆ: “ਚਰਵਾਹਿਆਂ ਵਾਂਗ ਪਰਮੇਸ਼ੁਰ ਦੀਆਂ ਭੇਡਾਂ ਦੀ ਦੇਖ-ਭਾਲ ਕਰੋ ਜਿਨ੍ਹਾਂ ਦੀ ਜ਼ਿੰਮੇਵਾਰੀ ਤੁਹਾਨੂੰ ਸੌਂਪੀ ਗਈ ਹੈ। ਇਹ ਕੰਮ ਮਜਬੂਰੀ ਨਾਲ ਨਹੀਂ, ਸਗੋਂ ਖ਼ੁਸ਼ੀ-ਖ਼ੁਸ਼ੀ ਕਰੋ; ਅਤੇ ਬੇਈਮਾਨੀ ਨਾਲ ਕੁਝ ਹਾਸਲ ਕਰਨ ਦੇ ਲਾਲਚ ਨਾਲ ਨਹੀਂ, ਸਗੋਂ ਜੋਸ਼ ਨਾਲ ਕਰੋ; ਨਾ ਹੀ ਉਨ੍ਹਾਂ ਉੱਤੇ ਹੁਕਮ ਚਲਾਓ ਜਿਹੜੇ ਪਰਮੇਸ਼ੁਰ ਦੀ ਅਮਾਨਤ ਹਨ, ਸਗੋਂ ਭੇਡਾਂ ਲਈ ਮਿਸਾਲ ਬਣੋ।” (1 ਪਤ. 5:2-4) ਜਿਹੜੇ ਬਜ਼ੁਰਗ ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਅਤੇ ਮਸੀਹ ਦੀ ਸੇਧ ਵਿਚ ਚੱਲਦੇ ਹਨ, ਉਨ੍ਹਾਂ ਨੂੰ ਜ਼ਰੂਰ ਫ਼ਾਇਦਾ ਹੁੰਦਾ ਹੈ। ਨਾਲੇ ਉਨ੍ਹਾਂ ਨੂੰ ਵੀ ਫ਼ਾਇਦਾ ਹੁੰਦਾ ਹੈ ਜਿਨ੍ਹਾਂ ਦੀ ਉਹ ਦੇਖ-ਭਾਲ ਕਰਦੇ ਹਨ।—ਯਸਾ. 32:1, 2, 17, 18.
18. (ੳ) ਯਹੋਵਾਹ ਮਾਪਿਆਂ ਤੋਂ ਕੀ ਚਾਹੁੰਦਾ ਹੈ? (ਅ) ਪਰਮੇਸ਼ੁਰ ਮਾਪਿਆਂ ਦੀ ਮਦਦ ਕਿਵੇਂ ਕਰਦਾ ਹੈ?
18 ਪਰਿਵਾਰ ਵਿਚ ਅਨੁਸ਼ਾਸਨ ਅਤੇ ਸਿਖਲਾਈ ਦੇਣ ਬਾਰੇ ਕੀ? ਯਹੋਵਾਹ ਪਰਿਵਾਰ ਦੇ ਮੁਖੀਆਂ ਨੂੰ ਕਹਿੰਦਾ ਹੈ: “ਆਪਣੇ ਬੱਚਿਆਂ ਨੂੰ ਨਾ ਖਿਝਾਓ, ਸਗੋਂ ਯਹੋਵਾਹ ਦੀ ਤਾੜਨਾ ਅਤੇ ਸਿੱਖਿਆ ਦਿੰਦੇ ਹੋਏ ਉਨ੍ਹਾਂ ਦੀ ਪਰਵਰਿਸ਼ ਕਰੋ।” (ਅਫ਼. 6:4) ਕੀ ਸਿਖਲਾਈ ਅਤੇ ਅਨੁਸ਼ਾਸਨ ਦੇਣਾ ਜ਼ਰੂਰੀ ਹੈ? ਕਹਾਉਤਾਂ 19:18 ਤੋਂ ਪਤਾ ਲੱਗਦਾ ਹੈ ਕਿ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਅਨੁਸ਼ਾਸਨ ਨਹੀਂ ਦਿੰਦੇ, ਉਹ ਸ਼ਾਇਦ ਆਪਣੇ ਬੱਚਿਆਂ ਦੀ ਮੌਤ ਦੇ ਜ਼ਿੰਮੇਵਾਰ ਹੋਣ। ਯਹੋਵਾਹ ਨੇ ਬੱਚਿਆਂ ਨੂੰ ਅਨੁਸ਼ਾਸਨ ਦੇਣ ਦੀ ਜ਼ਿੰਮੇਵਾਰੀ ਮਾਪਿਆਂ ਨੂੰ ਦਿੱਤੀ ਹੈ। ਜੇ ਮਾਪੇ ਇਸ ਤਰ੍ਹਾਂ ਨਹੀਂ ਕਰਦੇ, ਤਾਂ ਉਹ ਪਰਮੇਸ਼ੁਰ ਸਾਮ੍ਹਣੇ ਜਵਾਬਦੇਹ ਹਨ। (1 ਸਮੂ. 3:12-14) ਜਦੋਂ ਮਾਪੇ ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕਰਦੇ ਹਨ, ਉਸ ਦੇ ਬਚਨ ʼਤੇ ਭਰੋਸਾ ਰੱਖਦੇ ਹਨ ਅਤੇ ਪਵਿੱਤਰ ਸ਼ਕਤੀ ਅਨੁਸਾਰ ਚੱਲਣ ਲਈ ਸੇਧ ਮੰਗਦੇ ਹਨ, ਤਾਂ ਉਹ ਮਾਪਿਆਂ ਨੂੰ ਬੁੱਧ ਅਤੇ ਤਾਕਤ ਦਿੰਦਾ ਹੈ।—ਯਾਕੂਬ 1:5 ਪੜ੍ਹੋ।
ਹਮੇਸ਼ਾ ਲਈ ਸ਼ਾਂਤੀ ਨਾਲ ਰਹਿਣਾ ਸਿੱਖੋ
19, 20. (ੳ) ਯਹੋਵਾਹ ਦੇ ਅਨੁਸ਼ਾਸਨ ਨੂੰ ਸਵੀਕਾਰ ਕਰਕੇ ਸਾਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ? (ਅ) ਅਗਲੇ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ʼਤੇ ਚਰਚਾ ਕਰਾਂਗੇ?
19 ਜੇ ਅਸੀਂ ਪਰਮੇਸ਼ੁਰ ਦੇ ਅਨੁਸ਼ਾਸਨ ਨੂੰ ਕਬੂਲ ਕਰਾਂਗੇ ਅਤੇ ਅਨੁਸ਼ਾਸਨ ਦੇਣ ਵਿਚ ਯਹੋਵਾਹ ਅਤੇ ਯਿਸੂ ਦੀ ਰੀਸ ਕਰਾਂਗੇ, ਤਾਂ ਸਾਨੂੰ ਬੇਸ਼ੁਮਾਰ ਬਰਕਤਾਂ ਮਿਲਣਗੀਆਂ। ਸਾਡੇ ਪਰਿਵਾਰਾਂ ਅਤੇ ਮੰਡਲੀ ਵਿਚ ਸ਼ਾਂਤੀ ਹੋਵੇਗੀ। ਇਸ ਕਰਕੇ ਹਰ ਮਸੀਹੀ ਪਿਆਰ ਤੇ ਸੁਰੱਖਿਆ ਮਹਿਸੂਸ ਕਰੇਗਾ ਅਤੇ ਉਸ ਨੂੰ ਲੱਗੇਗਾ ਕਿ ਉਸ ਦੀ ਕਦਰ ਕੀਤੀ ਜਾਂਦੀ ਹੈ। ਇਹ ਤਾਂ ਭਵਿੱਖ ਵਿਚ ਮਿਲਣ ਵਾਲੀ ਖ਼ੁਸ਼ੀ ਅਤੇ ਸ਼ਾਂਤੀ ਦੀ ਸਿਰਫ਼ ਇਕ ਛੋਟੀ ਜਿਹੀ ਝਲਕ ਹੀ ਹੈ। (ਜ਼ਬੂ. 72:7) ਦਰਅਸਲ ਯਹੋਵਾਹ ਦਾ ਅਨੁਸ਼ਾਸਨ ਸਾਨੂੰ ਤਿਆਰ ਕਰ ਰਿਹਾ ਹੈ ਕਿ ਅਸੀਂ ਆਪਣੇ ਸਵਰਗੀ ਪਿਤਾ ਦੇ ਅਧੀਨ ਇਕ ਪਰਿਵਾਰ ਵਜੋਂ ਹਮੇਸ਼ਾ ਲਈ ਸ਼ਾਂਤੀ ਤੇ ਏਕਤਾ ਵਿਚ ਕਿਵੇਂ ਰਹਿ ਸਕਦੇ ਹਾਂ। (ਯਸਾਯਾਹ 11:9 ਪੜ੍ਹੋ।) ਜੇ ਅਸੀਂ ਇਹ ਗੱਲ ਯਾਦ ਰੱਖਾਂਗੇ, ਤਾਂ ਸਾਨੂੰ ਅਨੁਸ਼ਾਸਨ ਦਾ ਸਹੀ ਮਤਲਬ ਸਮਝ ਲੱਗੇਗਾ: ਅਨੁਸ਼ਾਸਨ ਇਕ ਵਧੀਆ ਤਰੀਕਾ ਹੈ ਜਿਸ ਰਾਹੀਂ ਪਰਮੇਸ਼ੁਰ ਸਾਨੂੰ ਪਿਆਰ ਦਿਖਾਉਂਦਾ ਹੈ।
20 ਅਗਲੇ ਲੇਖ ਵਿਚ ਅਸੀਂ ਪਰਿਵਾਰ ਅਤੇ ਮੰਡਲੀ ਵਿਚ ਅਨੁਸ਼ਾਸਨ ਦੇਣ ਬਾਰੇ ਹੋਰ ਸਿੱਖਾਂਗੇ। ਅਸੀਂ ਇਹ ਵੀ ਸਿੱਖਾਂਗੇ ਕਿ ਅਸੀਂ ਖ਼ੁਦ ਅਨੁਸ਼ਾਸਨ ਵਿਚ ਕਿਵੇਂ ਰਹਿ ਸਕਦੇ ਹਾਂ? ਨਾਲੇ ਇਹ ਵੀ ਸਿੱਖਾਂਗੇ ਕਿ ਚਾਹੇ ਅਨੁਸ਼ਾਸਨ ਮਿਲਣ ʼਤੇ ਸਾਨੂੰ ਖ਼ੁਸ਼ੀ ਨਹੀਂ ਹੁੰਦੀ, ਪਰ ਅਸੀਂ ਉਨ੍ਹਾਂ ਅੰਜਾਮਾਂ ਤੋਂ ਕਿਵੇਂ ਬਚ ਸਕਦੇ ਹਾਂ ਜੋ ਅਨੁਸ਼ਾਸਨ ਨਾ ਮੰਨਣ ਕਰ ਕੇ ਭੁਗਤਣੇ ਪੈਂਦੇ ਹਨ।