‘ਹਰ ਤਰ੍ਹਾਂ ਦੇ ਲੋਕਾਂ’ ਲਈ ਹਮਦਰਦੀ ਪੈਦਾ ਕਰੋ
ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸਿਖਾਇਆ, ਤਾਂ ਉਸ ਨੂੰ ਪਤਾ ਸੀ ਕਿ ਸਾਰੇ ਜਣੇ ਰਾਜ ਦਾ ਸੰਦੇਸ਼ ਨਹੀਂ ਸੁਣਨਗੇ। (ਲੂਕਾ 10:3, 5, 6) ਪ੍ਰਚਾਰ ਦੌਰਾਨ ਸ਼ਾਇਦ ਸਾਨੂੰ ਵੀ ਅਜਿਹੇ ਕੁਝ ਲੋਕ ਮਿਲਣ ਜੋ ਸਾਡੇ ਨਾਲ ਰੁੱਖੇ ਤਰੀਕੇ ਨਾਲ ਪੇਸ਼ ਆਉਣ ਜਾਂ ਸਾਨੂੰ ਮਾਰਨ-ਕੁੱਟਣ। ਇਸ ਕਰਕੇ ਸਾਡੇ ਲਈ ਉਨ੍ਹਾਂ ਲੋਕਾਂ ਲਈ ਹਮਦਰਦੀ ਬਣਾਈ ਰੱਖਣੀ ਅਤੇ ਉਨ੍ਹਾਂ ਨੂੰ ਪ੍ਰਚਾਰ ਕਰਨਾ ਔਖਾ ਹੋ ਸਕਦਾ ਹੈ।
ਇਕ ਹਮਦਰਦ ਵਿਅਕਤੀ ਦੂਜਿਆਂ ਦੀਆਂ ਲੋੜਾਂ ਅਤੇ ਮੁਸ਼ਕਲਾਂ ਨੂੰ ਜਾਣਦਾ ਹੈ, ਉਨ੍ਹਾਂ ਦੇ ਦੁੱਖ ਸਮਝਦਾ ਹੈ ਅਤੇ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਹੈ। ਪਰ ਜੇ ਪ੍ਰਚਾਰ ਵਿਚ ਮਿਲਣ ਵਾਲੇ ਲੋਕਾਂ ਲਈ ਸਾਡੇ ਦਿਲਾਂ ਵਿਚ ਹਮਦਰਦੀ ਘਟਣੀ ਸ਼ੁਰੂ ਹੋ ਜਾਵੇ, ਤਾਂ ਸਾਡਾ ਜੋਸ਼ ਘੱਟ ਸਕਦਾ ਹੈ ਅਤੇ ਅਸੀਂ ਅਸਰਕਾਰੀ ਤਰੀਕੇ ਨਾਲ ਪ੍ਰਚਾਰ ਨਹੀਂ ਕਰ ਸਕਾਂਗੇ। ਅਸੀਂ ਜੋਸ਼ ਦੀ ਤੁਲਨਾ ਅੱਗ ਨਾਲ ਕਰ ਸਕਦੇ ਹਾਂ। ਅੱਗ ਨੂੰ ਬਲ਼ਦੇ ਰੱਖਣ ਲਈ ਉਸ ਵਿਚ ਬਾਲ਼ਣ ਪਾਉਣ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਆਪਣਾ ਜੋਸ਼ ਬਣਾਈ ਰੱਖਣ ਲਈ ਹਮਦਰਦ ਬਣਨ ਦੀ ਲੋੜ ਹੁੰਦੀ ਹੈ।—1 ਥੱਸ. 5:19.
ਅਸੀਂ ਉਦੋਂ ਵੀ ਹਮਦਰਦੀ ਕਿਵੇਂ ਦਿਖਾ ਸਕਦੇ ਹਾਂ ਜਦੋਂ ਇੱਦਾਂ ਕਰਨਾ ਔਖਾ ਹੁੰਦਾ ਹੈ? ਆਓ ਆਪਾਂ ਤਿੰਨ ਜਣਿਆਂ ਦੀ ਮਿਸਾਲ ʼਤੇ ਗੌਰ ਕਰੀਏ ਜਿਨ੍ਹਾਂ ਦੀ ਅਸੀਂ ਰੀਸ ਕਰ ਸਕਦੇ ਹਾਂ: ਯਹੋਵਾਹ, ਯਿਸੂ ਤੇ ਪੌਲੁਸ ਰਸੂਲ।
ਯਹੋਵਾਹ ਦੀ ਹਮਦਰਦੀ ਦੀ ਰੀਸ ਕਰੋ
ਹਜ਼ਾਰਾਂ ਸਾਲਾਂ ਤੋਂ ਯਹੋਵਾਹ ਆਪਣੇ ਨਾਂ ʼਤੇ ਲੱਗੇ ਕਲੰਕ ਨੂੰ ਬਰਦਾਸ਼ਤ ਕਰਦਾ ਆ ਰਿਹਾ ਹੈ। ਪਰ ਉਹ ਅਜੇ ਵੀ “ਨਾਸ਼ੁਕਰਿਆਂ ਅਤੇ ਦੁਸ਼ਟਾਂ ਉੱਤੇ” ਦਇਆ ਕਰਦਾ ਹੈ। (ਲੂਕਾ 6:35) ਉਸ ਦੇ ਧੀਰਜ ਤੋਂ ਉਸ ਦੀ ਦਇਆ ਦਾ ਪਤਾ ਲੱਗਦਾ ਹੈ। ਯਹੋਵਾਹ ਚਾਹੁੰਦਾ ਹੈ ਕਿ “ਹਰ ਤਰ੍ਹਾਂ ਦੇ ਲੋਕ ਬਚਾਏ ਜਾਣ।” (1 ਤਿਮੋ. 2:3, 4) ਭਾਵੇਂ ਕਿ ਪਰਮੇਸ਼ੁਰ ਬੁਰਿਆਈ ਤੋਂ ਨਫ਼ਰਤ ਕਰਦਾ ਹੈ, ਪਰ ਉਹ ਇਨਸਾਨਾਂ ਨੂੰ ਅਨਮੋਲ ਸਮਝਦਾ ਹੈ ਅਤੇ ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ।—2 ਪਤ. 3:9.
ਯਹੋਵਾਹ ਜਾਣਦਾ ਹੈ ਕਿ ਸ਼ੈਤਾਨ ਨੇ ਕਿੰਨੇ ਅਸਰਕਾਰੀ ਤਰੀਕੇ ਨਾਲ ਅਵਿਸ਼ਵਾਸੀ ਲੋਕਾਂ ਨੂੰ ਅੰਨ੍ਹਾ ਕੀਤਾ ਹੋਇਆ ਹੈ। (2 ਕੁਰਿੰ. 4:3, 4) ਬਹੁਤ ਜਣਿਆਂ ਨੂੰ ਬਚਪਨ ਤੋਂ ਹੀ ਰੱਬ ਬਾਰੇ ਝੂਠ ਸਿਖਾਇਆ ਜਾਂਦਾ ਹੈ। ਇਸ ਲਈ ਉਹ ਜਿਸ ਤਰੀਕੇ ਨਾਲ ਸੋਚਦੇ ਅਤੇ ਮਹਿਸੂਸ ਕਰਦੇ ਹਨ, ਉਸ ਕਰਕੇ ਉਨ੍ਹਾਂ ਲਈ ਸੱਚਾਈ ਸਵੀਕਾਰ ਕਰਨੀ ਔਖੀ ਹੋ ਸਕਦੀ ਹੈ। ਯਹੋਵਾਹ ਇਸ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨ ਲਈ ਬੇਤਾਬ ਹੈ। ਸਾਨੂੰ ਇਹ ਕਿਵੇਂ ਪਤਾ ਹੈ?
ਜ਼ਰਾ ਸੋਚੋ ਕਿ ਯਹੋਵਾਹ ਨੇ ਨੀਨਵਾਹ ਦੇ ਲੋਕਾਂ ਬਾਰੇ ਕਿਵੇਂ ਮਹਿਸੂਸ ਕੀਤਾ। ਉਨ੍ਹਾਂ ਦੇ ਹਿੰਸਕ ਕੰਮਾਂ ਦੇ ਬਾਵਜੂਦ ਵੀ ਯਹੋਵਾਹ ਨੇ ਯੂਨਾਹ ਨੂੰ ਕਿਹਾ: “ਕੀ ਏਸ ਵੱਡੇ ਸ਼ਹਿਰ ਨੀਨਵਾਹ ਉੱਤੇ ਮੈਨੂੰ ਤਰਸ ਨਹੀਂ ਸੀ ਆਉਣਾ ਚਾਹੀਦਾ ਜਿਹ ਦੇ ਵਿੱਚ ਇੱਕ ਲੱਖ ਵੀਹ ਹਜ਼ਾਰ ਜਣਿਆਂ ਨਾਲੋਂ ਵੀ ਵਧੀਕ ਹਨ ਜਿਹੜੇ ਆਪਣੇ ਸੱਜੇ ਖੱਬੇ ਹੱਥ ਨੂੰ ਵੀ ਨਹੀਂ ਸਿਆਣ ਸੱਕਦੇ।” (ਯੂਨਾ. 4:11) ਯਹੋਵਾਹ ਨੂੰ ਨੀਨਵਾਹ ਦੇ ਲੋਕਾਂ ʼਤੇ ਤਰਸ ਆਇਆ ਜਿਨ੍ਹਾਂ ਨੂੰ ਉਸ ਬਾਰੇ ਸੱਚਾਈ ਨਹੀਂ ਪਤਾ ਸੀ। ਇਸ ਲਈ ਉਸ ਨੇ ਯੂਨਾਹ ਨੂੰ ਨੀਨਵਾਹ ਦੇ ਲੋਕਾਂ ਨੂੰ ਚੇਤਾਵਨੀ ਦੇਣ ਲਈ ਭੇਜਿਆ।
ਯਹੋਵਾਹ ਵਾਂਗ ਅਸੀਂ ਵੀ ਲੋਕਾਂ ਨੂੰ ਅਨਮੋਲ ਸਮਝਦੇ ਹਾਂ। ਪਰਮੇਸ਼ੁਰ ਦੀ ਰੀਸ ਕਰਦਿਆਂ ਅਸੀਂ ਉਨ੍ਹਾਂ ਲੋਕਾਂ ਦੀ ਵੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਬਾਰੇ ਲੱਗਦਾ ਹੈ ਕਿ ਉਹ ਸੱਚਾਈ ਸਵੀਕਾਰ ਨਹੀਂ ਕਰਨਗੇ।
ਯਿਸੂ ਦੀ ਹਮਦਰਦੀ ਦੀ ਰੀਸ ਕਰੋ
ਆਪਣੇ ਪਿਤਾ ਵਾਂਗ ਯਿਸੂ ਨੂੰ ਵੀ ਲੋਕਾਂ ʼਤੇ ਤਰਸ ਆਇਆ “ਕਿਉਂਕਿ ਉਹ ਉਨ੍ਹਾਂ ਭੇਡਾਂ ਵਰਗੇ ਸਨ ਜਿਨ੍ਹਾਂ ਦੀ ਚਮੜੀ ਉਧੇੜ ਦਿੱਤੀ ਗਈ ਹੋਵੇ ਅਤੇ ਜੋ ਚਰਵਾਹੇ ਤੋਂ ਬਿਨਾਂ ਇੱਧਰ-ਉੱਧਰ ਭਟਕ ਰਹੀਆਂ ਹੋਣ।” (ਮੱਤੀ 9:36) ਯਿਸੂ ਨੇ ਸਮਝਿਆ ਕਿ ਉਨ੍ਹਾਂ ਦੀ ਹਾਲਤ ਇੱਦਾਂ ਦੀ ਕਿਉਂ ਸੀ। ਕਿਉਂਕਿ ਧਾਰਮਿਕ ਗੁਰੂ ਉਨ੍ਹਾਂ ਨੂੰ ਝੂਠੀਆਂ ਗੱਲਾਂ ਸਿਖਾਉਂਦੇ ਸਨ ਅਤੇ ਉਨ੍ਹਾਂ ਨਾਲ ਬੁਰਾ ਸਲੂਕ ਕਰਦੇ ਸਨ। ਭਾਵੇਂ ਉਹ ਜਾਣਦਾ ਸੀ ਕਿ ਬਹੁਤ ਸਾਰੇ ਲੋਕ ਉਸ ਦੇ ਚੇਲੇ ਬਣਨ ਲਈ ਨਹੀਂ, ਸਗੋਂ ਅਲੱਗ-ਅਲੱਗ ਕਾਰਨਾਂ ਕਰਕੇ ਉਸ ਦਾ ਸੰਦੇਸ਼ ਸੁਣਨ ਆਏ ਸਨ, ਫਿਰ ਵੀ ਯਿਸੂ ਉਨ੍ਹਾਂ ਨੂੰ “ਕਈ ਗੱਲਾਂ ਸਿਖਾਉਣ ਲੱਗਾ।”—ਮਰ. 4:1-9.
ਜਦੋਂ ਲੋਕ ਸਾਡੀ ਗੱਲ ਨਹੀਂ ਸੁਣਦੇ, ਤਾਂ ਸਾਨੂੰ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਸਾਡੀ ਗੱਲ ਕਿਉਂ ਨਹੀਂ ਸੁਣੀ। ਝੂਠੇ ਮਸੀਹੀਆਂ ਦੀਆਂ ਬੁਰੀਆਂ ਮਿਸਾਲਾਂ ਕਰਕੇ ਉਹ ਸ਼ਾਇਦ ਬਾਈਬਲ ਜਾਂ ਸਾਡੇ ਬਾਰੇ ਗ਼ਲਤ ਵਿਚਾਰ ਰੱਖਦੇ ਹੋਣ। ਸ਼ਾਇਦ ਕਈਆਂ ਨੂੰ ਸਾਡੇ ਵਿਸ਼ਵਾਸਾਂ ਬਾਰੇ ਝੂਠੀਆਂ ਗੱਲਾਂ ਦੱਸੀਆਂ ਗਈਆਂ ਹੋਣ। ਸ਼ਾਇਦ ਕਈਆਂ ਨੂੰ ਇਸ ਗੱਲ ਦਾ ਡਰ ਹੋਵੇ ਕਿ ਸਾਡੀ ਗੱਲ ਸੁਣਨ ਕਰਕੇ ਉਨ੍ਹਾਂ ਨੂੰ ਲੋਕਾਂ ਜਾਂ ਰਿਸ਼ਤੇਦਾਰਾਂ ਦੀ ਨਫ਼ਰਤ ਦਾ ਸ਼ਿਕਾਰ ਹੋਣਾ ਪਵੇ।
ਅਸੀਂ ਪ੍ਰਚਾਰ ਵਿਚ ਕਈ ਅਜਿਹੇ ਲੋਕਾਂ ਨੂੰ ਮਿਲਦੇ ਹਾਂ ਜੋ ਜ਼ਿੰਦਗੀ ਵਿਚ ਹੋਏ ਦੁਖਦਾਈ ਤਜਰਬਿਆਂ ਕਰਕੇ ਅੰਦਰੋਂ ਪੂਰੀ ਤਰ੍ਹਾਂ ਟੁੱਟੇ ਹੋਏ ਹੁੰਦੇ ਹਨ। ਇਸ ਕਰਕੇ ਸ਼ਾਇਦ ਉਹ ਪ੍ਰਚਾਰ ਵਿਚ ਸਾਡੀ ਗੱਲ ਨਾ ਸੁਣਨ। ਕਿਮ ਨਾਂ ਦੀ ਇਕ ਮਿਸ਼ਨਰੀ ਭੈਣ ਕਹਿੰਦੀ ਹੈ: “ਸਾਡੇ ਇਲਾਕੇ ਦੇ ਕੁਝ ਹਿੱਸਿਆਂ ਵਿਚ ਬਹੁਤ ਸਾਰੇ ਲੋਕ ਯੁੱਧ ਦੇ ਸ਼ਿਕਾਰ ਹੋਏ ਹਨ ਅਤੇ ਆਪਣਾ ਸਾਰਾ ਕੁਝ ਗੁਆ ਚੁੱਕੇ ਹਨ। ਉਨ੍ਹਾਂ ਕੋਲ ਭਵਿੱਖ ਲਈ ਕੋਈ ਉਮੀਦ ਨਹੀਂ ਹੈ। ਉਹ ਨਿਰਾਸ਼ ਹਨ ਅਤੇ ਉਨ੍ਹਾਂ ਨੂੰ ਕਿਸੇ ʼਤੇ ਭਰੋਸਾ ਨਹੀਂ ਹੈ। ਇਸ ਇਲਾਕੇ ਵਿਚ ਸਾਨੂੰ ਬਾਕਾਇਦਾ ਅਜਿਹੇ ਲੋਕ ਮਿਲਦੇ ਹਨ ਜੋ ਸਾਡੇ ਸੰਦੇਸ਼ ਦਾ ਵਿਰੋਧ ਕਰਦੇ ਹਨ। ਇਕ ਮੌਕੇ ʼਤੇ ਪ੍ਰਚਾਰ ਕਰਦਿਆਂ ਮੇਰੇ ʼਤੇ ਹਮਲਾ ਕੀਤਾ ਗਿਆ।”
ਇੱਦਾਂ ਹੋਣ ʼਤੇ ਵੀ ਕਿਮ ਲੋਕਾਂ ਪ੍ਰਤੀ ਹਮਦਰਦੀ ਕਿਵੇਂ ਬਣਾਈ ਰੱਖਦੀ ਹੈ? ਉਹ ਦੱਸਦੀ ਹੈ: “ਜਦੋਂ ਮੇਰੇ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ, ਤਾਂ ਮੈਂ ਕਹਾਉਤਾਂ 19:11 ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰਦੀ ਹਾਂ ਜਿਸ ਵਿਚ ਲਿਖਿਆ ਹੈ, ‘ਬਿਬੇਕ ਆਦਮੀ ਨੂੰ ਕ੍ਰੋਧ ਵਿੱਚ ਧੀਮਾ ਬਣਾਉਂਦਾ ਹੈ।’ ਆਪਣੇ ਇਲਾਕੇ ਦੇ ਲੋਕਾਂ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖ ਕੇ ਮੈਂ ਉਨ੍ਹਾਂ ਲਈ ਹਮਦਰਦੀ ਪੈਦਾ ਕਰ ਸਕਦੀ ਹਾਂ। ਨਾਲੇ ਸਾਰੇ ਲੋਕ ਵਿਰੋਧ ਨਹੀਂ ਕਰਦੇ। ਉਸੇ ਇਲਾਕੇ ਵਿਚ ਬਹੁਤ ਸਾਰੇ ਲੋਕਾਂ ਨੇ ਸਾਨੂੰ ਦੁਬਾਰਾ ਮਿਲਣ ਲਈ ਬੁਲਾਇਆ।”
ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ, ‘ਜੇ ਮੈਂ ਉਨ੍ਹਾਂ ਲੋਕਾਂ ਦੀ ਥਾਂ ਹੁੰਦਾ ਜਿਨ੍ਹਾਂ ਨੂੰ ਮੈਂ ਪ੍ਰਚਾਰ ਕਰਦਾ ਹਾਂ, ਤਾਂ ਮੈਂ ਰਾਜ ਦੇ ਸੰਦੇਸ਼ ਪ੍ਰਤੀ ਕਿਹੋ ਜਿਹਾ ਹੁੰਗਾਰਾ ਭਰਦਾ?’ ਮਿਸਾਲ ਲਈ, ਉਦੋਂ ਕੀ, ਜੇ ਸਾਨੂੰ ਲਗਾਤਾਰ ਯਹੋਵਾਹ ਦੇ ਗਵਾਹਾਂ ਬਾਰੇ ਝੂਠੀਆਂ ਖ਼ਬਰਾਂ ਮਿਲਦੀਆਂ ਰਹਿਣ? ਇਨ੍ਹਾਂ ਹਾਲਾਤਾਂ ਵਿਚ, ਸ਼ਾਇਦ ਅਸੀਂ ਵੀ ਗੱਲ ਨਾ ਸੁਣਦੇ ਅਤੇ ਸਾਨੂੰ ਹਮਦਰਦੀ ਦੀ ਲੋੜ ਹੁੰਦੀ। ਯਿਸੂ ਨੇ ਕਿਹਾ ਸੀ ਕਿ ਦੂਜਿਆਂ ਨਾਲ ਉੱਦਾਂ ਪੇਸ਼ ਆਓ ਜਿੱਦਾਂ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ ਨਾਲ ਪੇਸ਼ ਆਉਣ। ਇਸ ਲਈ ਸਾਨੂੰ ਸਮਝਣਾ ਚਾਹੀਦਾ ਹੈ ਕਿ ਦੂਜੇ ਕਿਵੇਂ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਨਾਲ ਧੀਰਜ ਨਾਲ ਪੇਸ਼ ਆਓ ਭਾਵੇਂ ਇੱਦਾਂ ਕਰਨਾ ਔਖਾ ਹੀ ਕਿਉਂ ਨਾ ਹੋਵੇ।—ਮੱਤੀ 7:12.
ਪੌਲੁਸ ਰਸੂਲ ਦੀ ਹਮਦਰਦੀ ਦੀ ਰੀਸ ਕਰੋ
ਪੌਲੁਸ ਰਸੂਲ ਨੇ ਤਾਂ ਹਿੰਸਕ ਵਿਰੋਧੀਆਂ ਨੂੰ ਵੀ ਹਮਦਰਦੀ ਦਿਖਾਈ। ਕਿਉਂ? ਕਿਉਂਕਿ ਉਹ ਆਪਣਾ ਅਤੀਤ ਨਹੀਂ ਭੁੱਲਿਆ ਸੀ। ਉਸ ਨੇ ਕਿਹਾ: “ਪਹਿਲਾਂ ਮੈਂ ਪਰਮੇਸ਼ੁਰ ਦੀ ਨਿੰਦਿਆ ਕਰਦਾ ਹੁੰਦਾ ਸੀ, ਉਸ ਦੇ ਲੋਕਾਂ ਉੱਤੇ ਅਤਿਆਚਾਰ ਕਰਦਾ ਹੁੰਦਾ ਸੀ ਤੇ ਹੰਕਾਰੀ ਸੀ। ਫਿਰ ਵੀ ਮੇਰੇ ʼਤੇ ਰਹਿਮ ਕੀਤਾ ਗਿਆ ਕਿਉਂਕਿ ਮੈਂ ਇਹ ਸਭ ਕੁਝ ਅਣਜਾਣੇ ਵਿਚ ਅਤੇ ਨਿਹਚਾ ਨਾ ਹੋਣ ਕਰਕੇ ਕੀਤਾ ਸੀ।” (1 ਤਿਮੋ. 1:13) ਉਸ ਨੂੰ ਅਹਿਸਾਸ ਸੀ ਕਿ ਯਹੋਵਾਹ ਤੇ ਯਿਸੂ ਨੇ ਉਸ ʼਤੇ ਬਹੁਤ ਜ਼ਿਆਦਾ ਰਹਿਮ ਕੀਤਾ ਸੀ। ਇਸੇ ਤਰ੍ਹਾਂ, ਉਹ ਉਨ੍ਹਾਂ ਕੁਝ ਲੋਕਾਂ ਵਿਚ ਆਪਣੇ ਆਪ ਨੂੰ ਦੇਖ ਸਕਿਆ ਜਿਨ੍ਹਾਂ ਨੇ ਉਸ ਨੂੰ ਪ੍ਰਚਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ।
ਕਈ ਵਾਰ ਪੌਲੁਸ ਉਨ੍ਹਾਂ ਲੋਕਾਂ ਨੂੰ ਮਿਲਿਆ ਜੋ ਝੂਠੇ ਵਿਸ਼ਵਾਸਾਂ ਵਿਚ ਬੁਰੀ ਤਰ੍ਹਾਂ ਫਸੇ ਹੋਏ ਸਨ। ਇਸ ਕਰਕੇ ਉਸ ਨੇ ਕਿਵੇਂ ਮਹਿਸੂਸ ਕੀਤਾ? ਰਸੂਲਾਂ ਦੇ ਕੰਮ 17:16 ਵਿਚ ਲਿਖਿਆ ਹੈ ਕਿ ਜਦੋਂ ਪੌਲੁਸ ਐਥਿਨਜ਼ ਵਿਚ ਸੀ, ਤਾਂ “ਉਸ ਦਾ ਜੀਅ ਖਿਝ ਗਿਆ ਕਿ ਸ਼ਹਿਰ ਮੂਰਤੀਆਂ ਨਾਲ ਭਰਿਆ ਹੋਇਆ ਸੀ।” ਪਰ ਪੌਲੁਸ ਨੇ ਆਪਣੀ ਖਿਝ ਨੂੰ ਵਧੀਆ ਗਵਾਹੀ ਦੇਣ ਦਾ ਜ਼ਰੀਆ ਬਣਾਇਆ। (ਰਸੂ. 17:22, 23) ਉਸ ਨੇ ਆਪਣੇ ਪ੍ਰਚਾਰ ਕਰਨ ਦੇ ਤਰੀਕੇ ਨੂੰ ਅਲੱਗ-ਅਲੱਗ ਪਿਛੋਕੜ ਦੇ ਲੋਕਾਂ ਮੁਤਾਬਕ ਢਾਲਿਆ ਤਾਂਕਿ ਉਹ ‘ਕੁਝ ਲੋਕਾਂ ਨੂੰ ਬਚਾ ਸਕੇ।’—1 ਕੁਰਿੰ. 9:20-23.
ਪੌਲੁਸ ਵਾਂਗ ਅਸੀਂ ਵੀ ਲੋਕਾਂ ਦੇ ਰਵੱਈਏ ਜਾਂ ਵਿਸ਼ਵਾਸ ਸਮਝ ਕੇ ਉਨ੍ਹਾਂ ਨੂੰ “ਭਲਿਆਈ ਦੀ ਖੁਸ਼ ਖਬਰੀ” ਸੁਣਾ ਸਕਦੇ ਹਾਂ। (ਯਸਾ. 52:7) ਡੋਰਥੀ ਨਾਂ ਦੀ ਭੈਣ ਕਹਿੰਦੀ ਹੈ: “ਸਾਡੇ ਇਲਾਕੇ ਵਿਚ ਬਹੁਤ ਸਾਰੇ ਲੋਕਾਂ ਨੂੰ ਸਿਖਾਇਆ ਗਿਆ ਹੈ ਕਿ ਪਰਮੇਸ਼ੁਰ ਜ਼ਾਲਮ ਅਤੇ ਬੇਰਹਿਮ ਹੈ। ਮੈਂ ਪਰਮੇਸ਼ੁਰ ʼਤੇ ਉਨ੍ਹਾਂ ਦੇ ਮਜ਼ਬੂਤ ਵਿਸ਼ਵਾਸਾਂ ਦੀ ਤਾਰੀਫ਼ ਕਰਦੀ ਹਾਂ ਅਤੇ ਫਿਰ ਉਨ੍ਹਾਂ ਦਾ ਧਿਆਨ ਬਾਈਬਲ ਵੱਲ ਖਿੱਚਦੀ ਹਾਂ ਕਿ ਯਹੋਵਾਹ ਪਿਆਰ ਕਰਨ ਵਾਲਾ ਹੈ। ਨਾਲੇ ਮੈਂ ਉਨ੍ਹਾਂ ਨੂੰ ਇਹ ਵੀ ਦੱਸਦੀ ਹਾਂ ਕਿ ਪਰਮੇਸ਼ੁਰ ਨੇ ਭਵਿੱਖ ਲਈ ਸਾਡੇ ਨਾਲ ਕਿਹੜੇ ਵਾਅਦੇ ਕੀਤੇ ਹਨ।”
“ਬੁਰਾਈ ਨੂੰ ਭਲਾਈ ਨਾਲ ਜਿੱਤੋ”
ਜਿੱਦਾਂ-ਜਿੱਦਾਂ ਅੰਤ ਨੇੜੇ ਆ ਰਿਹਾ ਹੈ, ਅਸੀਂ ਉਮੀਦ ਰੱਖ ਸਕਦੇ ਹਾਂ ਕਿ ਕੁਝ ਲੋਕ “ਬੁਰੇ ਤੋਂ ਬੁਰੇ ਹੁੰਦੇ ਜਾਣਗੇ।” (2 ਤਿਮੋ. 3:1, 13) ਪਰ ਉਨ੍ਹਾਂ ਦੇ ਪੇਸ਼ ਆਉਣ ਦੇ ਤਰੀਕੇ ਕਰਕੇ ਸਾਨੂੰ ਆਪਣੇ ਵਿਚ ਹਮਦਰਦੀ ਦਾ ਗੁਣ ਖ਼ਤਮ ਨਹੀਂ ਹੋਣ ਦੇਣਾ ਚਾਹੀਦਾ ਜਾਂ ਆਪਣੀ ਖ਼ੁਸ਼ੀ ਨਹੀਂ ਗੁਆਉਣੀ ਚਾਹੀਦੀ। ਯਹੋਵਾਹ ਸਾਨੂੰ ‘ਬੁਰਾਈ ਨੂੰ ਭਲਾਈ ਨਾਲ ਜਿੱਤਣ’ ਦੀ ਤਾਕਤ ਦੇ ਸਕਦਾ ਹੈ। (ਰੋਮੀ. 12:21) ਜੈਸਿਕਾ ਨਾਂ ਦੀ ਪਾਇਨੀਅਰ ਭੈਣ ਦੱਸਦੀ ਹੈ: “ਮੈਂ ਅਕਸਰ ਉਨ੍ਹਾਂ ਲੋਕਾਂ ਨੂੰ ਮਿਲਦੀ ਹਾਂ, ਜੋ ਨਿਮਰ ਨਹੀਂ ਹਨ, ਜੋ ਸਾਡਾ ਅਤੇ ਸਾਡੇ ਸੰਦੇਸ਼ ਦਾ ਮਜ਼ਾਕ ਉਡਾਉਂਦੇ ਹਨ। ਇਸ ਕਰਕੇ ਗੁੱਸਾ ਆ ਸਕਦਾ ਹੈ। ਜਦੋਂ ਘਰ-ਮਾਲਕ ਮੇਰੀ ਗੱਲ ਦਾ ਜਵਾਬ ਦਿੰਦਾ ਹੈ, ਤਾਂ ਮੈਂ ਯਹੋਵਾਹ ਨੂੰ ਮਨ ਵਿਚ ਪ੍ਰਾਰਥਨਾ ਕਰਦੀ ਹਾਂ ਅਤੇ ਮਦਦ ਮੰਗਦੀ ਹਾਂ ਕਿ ਮੈਂ ਘਰ-ਮਾਲਕ ਪ੍ਰਤੀ ਉਸ ਵਰਗਾ ਨਜ਼ਰੀਆ ਰੱਖ ਸਕਾਂ। ਇੱਦਾਂ ਕਰਨ ਕਰਕੇ ਮੈਂ ਆਪਣੀਆਂ ਭਾਵਨਾਵਾਂ ਨੂੰ ਆਪਣੇ ʼਤੇ ਹਾਵੀ ਨਹੀਂ ਹੋਣ ਦਿੰਦੀ ਅਤੇ ਸੋਚ ਸਕਦੀ ਹਾਂ ਕਿ ਮੈਂ ਉਸ ਵਿਅਕਤੀ ਦੀ ਕਿਵੇਂ ਮਦਦ ਕਰ ਸਕਦੀ ਹਾਂ।”
ਸਾਨੂੰ ਇਹ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਹੌਸਲਾ ਕਿਵੇਂ ਦੇ ਸਕਦੇ ਹਾਂ। ਜੈਸਿਕਾ ਕਹਿੰਦੀ ਹੈ: “ਜੇ ਸਾਡੇ ਵਿੱਚੋਂ ਕਿਸੇ ਨੂੰ ਪ੍ਰਚਾਰ ਵਿਚ ਕੋਈ ਬੁਰਾ ਤਜਰਬਾ ਹੁੰਦਾ ਹੈ, ਤਾਂ ਮੈਂ ਉਸ ਬਾਰੇ ਗੱਲ ਨਹੀਂ ਕਰਦੀ। ਇਸ ਦੀ ਬਜਾਇ, ਮੈਂ ਹੌਸਲਾ ਵਧਾਉਣ ਵਾਲੀਆਂ ਗੱਲਾਂ ਕਰਦੀ ਹਾਂ, ਜਿਵੇਂ ਅਸੀਂ ਪ੍ਰਚਾਰ ਵਿਚ ਕਿੰਨੇ ਵਧੀਆ ਲੋਕਾਂ ਨੂੰ ਮਿਲੇ।”
ਪ੍ਰਚਾਰ ਵਿਚ ਆਉਂਦੀਆਂ ਚੁਣੌਤੀਆਂ ਨੂੰ ਯਹੋਵਾਹ ਚੰਗੀ ਤਰ੍ਹਾਂ ਜਾਣਦਾ ਹੈ। ਜਦੋਂ ਅਸੀਂ ਉਸ ਦੀ ਦਇਆ ਦੀ ਰੀਸ ਕਰਦੇ ਹਾਂ, ਤਾਂ ਉਸ ਨੂੰ ਕਿੰਨੀ ਖ਼ੁਸ਼ੀ ਹੁੰਦੀ ਹੋਣੀ! (ਲੂਕਾ 6:36) ਬਿਨਾਂ ਸ਼ੱਕ, ਯਹੋਵਾਹ ਹਮੇਸ਼ਾ ਲਈ ਬੁਰੇ ਲੋਕਾਂ ʼਤੇ ਦਇਆ ਨਹੀਂ ਕਰਦਾ ਰਹੇਗਾ। ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਉਸ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਸ ਦੁਨੀਆਂ ਦਾ ਅੰਤ ਕਦੋਂ ਕਰਨਾ ਹੈ। ਉਦੋਂ ਤਕ ਸਾਡੇ ਲਈ ਪ੍ਰਚਾਰ ਕਰਨਾ ਅਹਿਮ ਹੈ। (2 ਤਿਮੋ. 4:2) ਆਓ ਆਪਾਂ ਪੂਰੇ ਜੋਸ਼ ਨਾਲ ਆਪਣੀ ਜ਼ਿੰਮੇਵਾਰੀ ਪੂਰੀ ਕਰਦੇ ਰਹੀਏ ਅਤੇ ‘ਹਰ ਤਰ੍ਹਾਂ ਦੇ ਲੋਕਾਂ’ ਪ੍ਰਤੀ ਹਮਦਰਦੀ ਦਿਖਾਉਂਦੇ ਰਹੀਏ।