ਪਾਠਕਾਂ ਵੱਲੋਂ ਸਵਾਲ
ਮੰਦਰ ਦੇ ਪਹਿਰੇਦਾਰ ਕੌਣ ਸਨ? ਉਨ੍ਹਾਂ ਦੀਆਂ ਕਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਸਨ?
ਜਿਹੜੇ ਕੁਝ ਲੇਵੀ ਪੁਜਾਰੀਆਂ ਵਜੋਂ ਸੇਵਾ ਨਹੀਂ ਕਰਦੇ ਸਨ, ਉਨ੍ਹਾਂ ਕੋਲ ਹੋਰ ਜ਼ਿੰਮੇਵਾਰੀਆਂ ਹੁੰਦੀਆਂ ਸਨ, ਜਿਵੇਂ ਮੰਦਰ ਦੇ ਪਹਿਰੇਦਾਰਾਂ ਵਜੋਂ ਸੇਵਾ ਕਰਨੀ। ਇਹ ਮੰਦਰ ਦੇ ਪਹਿਰੇਦਾਰਾਂ ਦੇ ਮੁਖੀ ਦੇ ਹੁਕਮ ਅਨੁਸਾਰ ਕੰਮ ਕਰਦੇ ਸਨ। ਯਹੂਦੀ ਲਿਖਾਰੀ ਫੀਲੋ ਨੇ ਇਨ੍ਹਾਂ ਪਹਿਰੇਦਾਰਾਂ ਦੇ ਕੰਮਾਂ ਬਾਰੇ ਦੱਸਿਆ: “ਇਨ੍ਹਾਂ ਵਿੱਚੋਂ ਕੁਝ [ਲੇਵੀ] ਮੰਦਰ ਦੇ ਦਰਵਾਜ਼ਿਆਂ ʼਤੇ ਖੜ੍ਹੇ ਹੁੰਦੇ ਸਨ, ਕੁਝ ਜਣੇ [ਮੰਦਰ] ਦੀ ਪਵਿੱਤਰ ਥਾਂ ਦੇ ਦਰਵਾਜ਼ੇ ਕੋਲ ਖੜ੍ਹੇ ਹੁੰਦੇ ਸਨ ਤਾਂਕਿ ਕਾਨੂੰਨ ਨੂੰ ਤੋੜਨ ਵਾਲਾ ਕੋਈ ਵੀ ਵਿਅਕਤੀ ਜਾਣ-ਬੁੱਝ ਕੇ ਜਾਂ ਅਣਜਾਣੇ ਵਿਚ ਅੰਦਰ ਨਾ ਜਾ ਸਕੇ। ਕਈ ਜਣੇ ਦਿਨ-ਰਾਤ ਵਾਰੋ-ਵਾਰੀ ਮੰਦਰ ਦੇ ਆਲੇ-ਦੁਆਲੇ ਪਹਿਰਾ ਦਿੰਦੇ ਰਹਿੰਦੇ ਸਨ।”
ਮਹਾਸਭਾ ਇਨ੍ਹਾਂ ਪਹਿਰੇਦਾਰਾਂ ਨੂੰ ਹਿਦਾਇਤਾਂ ਦਿੰਦੀ ਸੀ। ਇਹੀ ਯਹੂਦੀ ਸਮੂਹ ਸੀ ਜਿਸ ਨੂੰ ਰੋਮੀ ਸਰਕਾਰ ਨੇ ਹਥਿਆਰ ਰੱਖਣ ਦੀ ਆਗਿਆ ਦਿੱਤੀ ਸੀ।
ਯੋਕੀਮ ਯਾਰਮੀਆਸ ਵਿਦਵਾਨ ਅਨੁਸਾਰ “ਜਦੋਂ ਪਹਿਰੇਦਾਰ ਯਿਸੂ ਨੂੰ ਫੜਨ ਆਏ, ਤਾਂ ਉਸ ਨੇ ਉਨ੍ਹਾਂ ਨੂੰ ਪੁੱਛਿਆ ਕਿ ਜਦੋਂ ਉਹ ਰੋਜ਼ ਮੰਦਰ ਵਿਚ ਸਿਖਾਉਂਦਾ ਸੀ, ਤਾਂ ਉਨ੍ਹਾਂ ਨੇ ਉੱਥੇ ਉਸ ਨੂੰ ਗਿਰਫ਼ਤਾਰ ਕਿਉਂ ਨਹੀਂ ਕੀਤਾ। ਇਸ ਤੋਂ ਸਾਫ਼ ਪਤਾ ਲੱਗ ਗਿਆ ਕਿ ਜੇ ਇਹ ਮੰਦਰ ਦੇ ਪਹਿਰੇਦਾਰ ਨਾ ਹੁੰਦੇ, ਤਾਂ ਉਸ ਨੇ ਇਹ ਸਵਾਲ ਨਹੀਂ ਪੁੱਛਣਾ ਸੀ।” (ਮੱਤੀ 26:55) ਇਹੀ ਲਿਖਾਰੀ ਮੰਨਦਾ ਹੈ ਕਿ ਪਹਿਲਾਂ ਵੀ ਯਿਸੂ ਨੂੰ ਗਿਰਫ਼ਤਾਰ ਕਰਨ ਲਈ ਮੰਦਰ ਦੇ ਪਹਿਰੇਦਾਰਾਂ ਨੂੰ ਭੇਜਿਆ ਗਿਆ ਸੀ। (ਯੂਹੰ. 7:32, 45, 46) ਬਾਅਦ ਵਿਚ, ਮਹਾਸਭਾ ਨੇ ਰਸੂਲਾਂ ਨੂੰ ਆਪਣੇ ਕੋਲ ਲਿਆਉਣ ਲਈ ਮੰਦਰ ਦੇ ਪਹਿਰੇਦਾਰਾਂ ਦੇ ਮੁਖੀ ਅਤੇ ਕੁਝ ਪਹਿਰੇਦਾਰਾਂ ਨੂੰ ਭੇਜਿਆ। ਲੱਗਦਾ ਹੈ ਕਿ ਇਹੀ ਪਹਿਰੇਦਾਰ ਪੌਲੁਸ ਰਸੂਲ ਨੂੰ ਘੜੀਸ ਕੇ ਮੰਦਰ ਤੋਂ ਬਾਹਰ ਲਿਆਏ ਸਨ।—ਰਸੂ. 4:1-3; 5:17-27; 21:27-30.