ਅਧਿਐਨ ਲੇਖ 7
“ਬੁੱਧੀਮਾਨ ਦੀਆਂ ਗੱਲਾਂ ਸੁਣ”
“ਆਪਣਾ ਕੰਨ ਲਾ ਅਤੇ ਬੁੱਧੀਮਾਨ ਦੀਆਂ ਗੱਲਾਂ ਸੁਣ ਤਾਂਕਿ ਤੂੰ ਮੇਰੇ ਗਿਆਨ ʼਤੇ ਮਨ ਲਾਵੇਂ।”—ਕਹਾ. 22:17.
ਗੀਤ 89 ਸੁਣੋ, ਅਮਲ ਕਰੋ, ਸਫ਼ਲ ਹੋਵੋ
ਖ਼ਾਸ ਗੱਲਾਂa
1. ਸਾਨੂੰ ਸਲਾਹ ਦੀ ਕਦੋਂ ਲੋੜ ਪੈਂਦੀ ਹੈ ਅਤੇ ਸਾਨੂੰ ਇਸ ਨੂੰ ਕਿਉਂ ਮੰਨਣਾ ਚਾਹੀਦਾ ਹੈ?
ਸਾਨੂੰ ਸਾਰਿਆਂ ਨੂੰ ਸਮੇਂ-ਸਮੇਂ ਤੇ ਸਲਾਹ ਦੀ ਲੋੜ ਪੈਂਦੀ ਹੈ। ਕਦੇ-ਕਦੇ ਅਸੀਂ ਆਪ ਜਾ ਕੇ ਉਸ ਵਿਅਕਤੀ ਤੋਂ ਸਲਾਹ ਮੰਗਦੇ ਹਾਂ ਜਿਸ ਦੀ ਅਸੀਂ ਬਹੁਤ ਇੱਜ਼ਤ ਕਰਦੇ ਹਾਂ। ਕਈ ਵਾਰ ਜਦੋਂ ਕੋਈ ਭਰਾ ਦੇਖਦਾ ਹੈ ਕਿ ਅਸੀਂ ਕੋਈ “ਗ਼ਲਤ ਕਦਮ” ਚੁੱਕਣ ਵਾਲੇ ਹਾਂ, ਤਾਂ ਸਾਡੇ ਨਾਲ ਪਿਆਰ ਹੋਣ ਕਰਕੇ ਉਹ ਸਾਨੂੰ ਸਲਾਹ ਦਿੰਦਾ ਹੈ। (ਗਲਾ. 6:1) ਜਾਂ ਸਾਡੇ ਤੋਂ ਕੋਈ ਗੰਭੀਰ ਗ਼ਲਤੀ ਹੋ ਜਾਣ ਤੇ ਸਾਨੂੰ ਸਲਾਹ ਦੇ ਕੇ ਸੁਧਾਰਿਆ ਜਾਵੇ। ਚਾਹੇ ਸਾਨੂੰ ਕਿਸੇ ਵੀ ਕਾਰਨ ਕਰਕੇ ਸਲਾਹ ਕਿਉਂ ਨਾ ਮਿਲੇ, ਪਰ ਮਾਅਨੇ ਇਹ ਰੱਖਦਾ ਹੈ ਕਿ ਅਸੀਂ ਸਲਾਹ ਨੂੰ ਹਰ ਹਾਲ ਵਿਚ ਮੰਨੀਏ। ਇਸ ਨਾਲ ਸਾਡਾ ਹੀ ਭਲਾ ਹੋਵੇਗਾ ਅਤੇ ਸਾਡੀ ਜਾਨ ਬਚੇਗੀ।—ਕਹਾ. 6:23.
2. ਕਹਾਉਤਾਂ 12:15 ਮੁਤਾਬਕ ਸਾਨੂੰ ਸਲਾਹ ਕਿਉਂ ਮੰਨਣੀ ਚਾਹੀਦੀ ਹੈ?
2 ਇਸ ਲੇਖ ਦੀ ਮੁੱਖ ਆਇਤ ਵਿਚ ਸਾਨੂੰ ਹੱਲਾਸ਼ੇਰੀ ਦਿੱਤੀ ਗਈ ਹੈ ਕਿ ਅਸੀਂ “ਬੁੱਧੀਮਾਨ ਦੀਆਂ ਗੱਲਾਂ” ਸੁਣੀਏ। (ਕਹਾ. 22:17) ਅਜਿਹਾ ਕੋਈ ਵੀ ਇਨਸਾਨ ਨਹੀਂ ਜੋ ਸਾਰਾ ਕੁਝ ਜਾਣਦਾ ਹੋਵੇ। ਪਰ ਕੋਈ-ਨਾ-ਕੋਈ ਅਜਿਹਾ ਇਨਸਾਨ ਜ਼ਰੂਰ ਹੁੰਦਾ ਹੈ ਜਿਸ ਨੂੰ ਸਾਡੇ ਨਾਲੋਂ ਜ਼ਿਆਦਾ ਜਾਣਕਾਰੀ ਜਾਂ ਸਾਡੇ ਨਾਲੋਂ ਜ਼ਿਆਦਾ ਤਜਰਬਾ ਹੁੰਦਾ ਹੈ। (ਕਹਾਉਤਾਂ 12:15 ਪੜ੍ਹੋ।) ਇਸ ਲਈ ਜਦੋਂ ਅਸੀਂ ਦੂਜਿਆਂ ਦੀ ਸਲਾਹ ਮੰਨਦੇ ਹਾਂ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਨਿਮਰ ਹਾਂ, ਅਸੀਂ ਆਪਣੀਆਂ ਹੱਦਾਂ ਪਛਾਣਦੇ ਹਾਂ ਅਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਕਿਸੇ ਦੀ ਮਦਦ ਤੋਂ ਬਗੈਰ ਅਸੀਂ ਆਪਣੇ ਟੀਚੇ ਹਾਸਲ ਨਹੀਂ ਕਰ ਸਕਦੇ। ਬੁੱਧੀਮਾਨ ਰਾਜੇ ਸੁਲੇਮਾਨ ਨੂੰ ਯਹੋਵਾਹ ਨੇ ਇਹ ਗੱਲ ਲਿਖਣ ਲਈ ਉਕਸਾਇਆ: “ਸਲਾਹ ਦੇਣ ਵਾਲੇ ਬਹੁਤੇ ਹੋਣ, ਤਾਂ ਕਾਮਯਾਬੀ ਮਿਲਦੀ ਹੈ।”—ਕਹਾ. 15:22.
3. ਸਾਨੂੰ ਕਿਨ੍ਹਾਂ ਤਰੀਕਿਆਂ ਨਾਲ ਸਲਾਹ ਮਿਲ ਸਕਦੀ ਹੈ?
3 ਸਾਨੂੰ ਦੋ ਤਰੀਕਿਆਂ ਨਾਲ ਸਲਾਹ ਮਿਲ ਸਕਦੀ ਹੈ। ਪਹਿਲਾ, ਬਾਈਬਲ, ਪ੍ਰਕਾਸ਼ਨਾਂ ਅਤੇ ਸਭਾਵਾਂ ਰਾਹੀਂ, ਜਿਵੇਂ ਬਾਈਬਲ ਜਾਂ ਕੋਈ ਪ੍ਰਕਾਸ਼ਨ ਪੜ੍ਹਦੇ ਵੇਲੇ ਸ਼ਾਇਦ ਅਸੀਂ ਥੋੜ੍ਹਾ ਰੁਕ ਕੇ ਸੋਚੀਏ ਕਿ ਸਾਨੂੰ ਆਪਣੀ ਸੋਚ ਜਾਂ ਕੰਮਾਂ ਵਿਚ ਕਿੱਥੇ ਸੁਧਾਰ ਕਰਨ ਦੀ ਲੋੜ ਹੈ। (ਇਬ. 4:12) ਦੂਜਾ, ਬਜ਼ੁਰਗਾਂ ਜਾਂ ਹੋਰ ਸਮਝਦਾਰ ਮਸੀਹੀ ਭੈਣਾਂ-ਭਰਾਵਾਂ ਰਾਹੀਂ। ਉਹ ਸ਼ਾਇਦ ਸਾਨੂੰ ਦੱਸਣ ਕਿ ਸਾਨੂੰ ਕਿਸ ਮਾਮਲੇ ਵਿਚ ਸੁਧਾਰ ਕਰਨ ਦੀ ਲੋੜ ਹੈ। ਜੇ ਕੋਈ ਸਾਡੇ ਨਾਲ ਪਿਆਰ ਹੋਣ ਕਰਕੇ ਸਾਨੂੰ ਬਾਈਬਲ ਵਿੱਚੋਂ ਸਲਾਹ ਦਿੰਦਾ ਹੈ, ਤਾਂ ਸਾਨੂੰ ਉਸ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਅਤੇ ਉਸ ਦੀ ਸਲਾਹ ਨੂੰ ਮੰਨਣਾ ਚਾਹੀਦਾ ਹੈ।
4. ਉਪਦੇਸ਼ਕ ਦੀ ਕਿਤਾਬ 7:9 ਮੁਤਾਬਕ ਸਲਾਹ ਮਿਲਣ ਤੇ ਸਾਨੂੰ ਕੀ ਨਹੀਂ ਕਰਨਾ ਚਾਹੀਦਾ?
4 ਜਦੋਂ ਕੋਈ ਸਾਨੂੰ ਸਲਾਹ ਦਿੰਦਾ ਹੈ, ਤਾਂ ਸ਼ਾਇਦ ਸਾਨੂੰ ਉਸ ਨੂੰ ਮੰਨਣਾ ਔਖਾ ਲੱਗੇ ਅਤੇ ਸ਼ਾਇਦ ਬੁਰਾ ਵੀ ਲੱਗੇ। ਅਸੀਂ ਜਾਣਦੇ ਹਾਂ ਕਿ ਅਸੀਂ ਸਾਰੇ ਨਾਮੁਕੰਮਲ ਹਾਂ ਅਤੇ ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ। ਪਰ ਜਦੋਂ ਕੋਈ ਦੂਜਾ ਵਿਅਕਤੀ ਸਾਨੂੰ ਸਾਡੀ ਗ਼ਲਤੀ ਦੱਸੇ ਅਤੇ ਸਾਨੂੰ ਸਲਾਹ ਦੇਵੇ, ਤਾਂ ਸਾਨੂੰ ਸ਼ਾਇਦ ਚੰਗਾ ਨਾ ਲੱਗੇ। (ਉਪਦੇਸ਼ਕ ਦੀ ਕਿਤਾਬ 7:9 ਪੜ੍ਹੋ।) ਹੋ ਸਕਦਾ ਹੈ ਕਿ ਅਸੀਂ ਸਫ਼ਾਈ ਦੇਣ ਲੱਗ ਪਈਏ, ਸਲਾਹ ਦੇਣ ਵਾਲੇ ਦੇ ਇਰਾਦਿਆਂ ʼਤੇ ਸ਼ੱਕ ਕਰਨ ਲੱਗ ਪਈਏ ਜਾਂ ਸਾਨੂੰ ਉਸ ਦਾ ਸਲਾਹ ਦੇਣ ਦਾ ਤਰੀਕਾ ਪਸੰਦ ਨਾ ਆਵੇ। ਅਸੀਂ ਸ਼ਾਇਦ ਉਸ ਵਿਚ ਕਮੀਆਂ ਕੱਢਣ ਲੱਗ ਪਈਏ ਤੇ ਸੋਚੀਏ: ‘ਉਹ ਕੌਣ ਹੁੰਦਾ ਹੈ ਮੈਨੂੰ ਸਲਾਹ ਦੇਣ ਵਾਲਾ? ਉਹ ਆਪ ਕਿਹੜਾ ਗ਼ਲਤੀਆਂ ਨਹੀਂ ਕਰਦਾ!’ ਸਲਾਹ ਪਸੰਦ ਨਾ ਆਉਣ ਤੇ ਸ਼ਾਇਦ ਅਸੀਂ ਉਸ ਦੀ ਸਲਾਹ ਨੂੰ ਅਣਸੁਣਿਆ ਕਰ ਦੇਈਏ ਜਾਂ ਕਿਸੇ ਅਜਿਹੇ ਵਿਅਕਤੀ ਤੋਂ ਸਲਾਹ ਲਈਏ ਜੋ ਉਹੀ ਕਹੇਗਾ ਜੋ ਅਸੀਂ ਸੁਣਨਾ ਚਾਹੁੰਦੇ ਹਾਂ।
5. ਇਸ ਲੇਖ ਵਿਚ ਅਸੀਂ ਕੀ-ਕੀ ਦੇਖਾਂਗੇ?
5 ਇਸ ਲੇਖ ਵਿਚ ਅਸੀਂ ਪਹਿਲਾਂ ਬਾਈਬਲ ਵਿੱਚੋਂ ਕੁਝ ਅਜਿਹੇ ਵਿਅਕਤੀਆਂ ਦੀਆਂ ਮਿਸਾਲਾਂ ਦੇਖਾਂਗੇ ਜਿਨ੍ਹਾਂ ਨੇ ਸਲਾਹ ਨੂੰ ਨਹੀਂ ਮੰਨਿਆ। ਫਿਰ ਉਨ੍ਹਾਂ ਵਿਅਕਤੀਆਂ ਦੀਆਂ ਮਿਸਾਲਾਂ ਵੀ ਦੇਖਾਂਗੇ ਜਿਨ੍ਹਾਂ ਨੇ ਸਲਾਹ ਨੂੰ ਮੰਨਿਆ। ਅਖ਼ੀਰ ਵਿਚ ਅਸੀਂ ਦੇਖਾਂਗੇ ਕਿ ਸਲਾਹ ਨੂੰ ਸੁਣਨ ਅਤੇ ਇਸ ਤੋਂ ਫ਼ਾਇਦਾ ਲੈਣ ਲਈ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ।
ਕਿਨ੍ਹਾਂ ਨੇ ਸਲਾਹ ਨੂੰ ਨਹੀਂ ਮੰਨਿਆ?
6. (ੳ) ਜਦੋਂ ਲੋਕਾਂ ਨੇ ਰਾਜਾ ਰਹਬੁਆਮ ਨੂੰ ਬੇਨਤੀ ਕੀਤੀ, ਤਾਂ ਉਸ ਨੇ ਕੀ ਕੀਤਾ? (ਅ) ਇਸ ਘਟਨਾ ਤੋਂ ਅਸੀਂ ਕੀ ਸਿੱਖਦੇ ਹਾਂ?
6 ਆਓ ਆਪਾਂ ਰਹਬੁਆਮ ਦੀ ਮਿਸਾਲ ʼਤੇ ਗੌਰ ਕਰੀਏ। ਜਦੋਂ ਉਹ ਇਜ਼ਰਾਈਲ ਦਾ ਰਾਜਾ ਬਣਿਆ, ਤਾਂ ਕੁਝ ਲੋਕ ਉਸ ਕੋਲ ਇਕ ਬੇਨਤੀ ਲੈ ਕੇ ਆਏ। ਉਨ੍ਹਾਂ ਨੇ ਰਹਬੁਆਮ ਨੂੰ ਕਿਹਾ ਕਿ ਉਸ ਦੇ ਪਿਤਾ ਸੁਲੇਮਾਨ ਨੇ ਉਨ੍ਹਾਂ ʼਤੇ ਜੋ ਭਾਰੀ ਬੋਝ ਪਾਇਆ ਸੀ, ਉਹ ਉਸ ਨੂੰ ਹਲਕਾ ਕਰੇ। ਰਹਬੁਆਮ ਨੇ ਇਕ ਬੜੀ ਸਮਝਦਾਰੀ ਵਾਲਾ ਕੰਮ ਕੀਤਾ। ਉਸ ਨੇ ਇਜ਼ਰਾਈਲ ਦੇ ਬਜ਼ੁਰਗਾਂ ਤੋਂ ਸਲਾਹ ਲਈ। ਉਨ੍ਹਾਂ ਨੇ ਉਸ ਨੂੰ ਕਿਹਾ ਕਿ ਜੇ ਉਹ ਇਨ੍ਹਾਂ ਲੋਕਾਂ ਦੀ ਬੇਨਤੀ ਸੁਣੇ, ਤਾਂ ਉਹ ਸਦਾ ਉਸ ਦੇ ਸੇਵਕ ਬਣੇ ਰਹਿਣਗੇ। (1 ਰਾਜ. 12:3-7) ਲੱਗਦਾ ਹੈ ਕਿ ਰਹਬੁਆਮ ਨੂੰ ਉਨ੍ਹਾਂ ਬਜ਼ੁਰਗਾਂ ਦੀ ਸਲਾਹ ਚੰਗੀ ਨਹੀਂ ਲੱਗੀ, ਇਸ ਲਈ ਉਸ ਨੇ ਉਨ੍ਹਾਂ ਆਦਮੀਆਂ ਤੋਂ ਸਲਾਹ ਲਈ ਜੋ ਉਸ ਨਾਲ ਵੱਡੇ ਹੋਏ ਸਨ। ਉਨ੍ਹਾਂ ਦੀ ਉਮਰ ਲਗਭਗ 40 ਸਾਲ ਸੀ ਤੇ ਉਨ੍ਹਾਂ ਨੂੰ ਜ਼ਿੰਦਗੀ ਦਾ ਥੋੜ੍ਹਾ-ਬਹੁਤਾ ਤਜਰਬਾ ਹੋਣਾ। (2 ਇਤਿ. 12:13) ਪਰ ਉਸ ਵੇਲੇ ਉਨ੍ਹਾਂ ਨੇ ਰਹਬੁਆਮ ਨੂੰ ਗ਼ਲਤ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਹ ਲੋਕਾਂ ਦਾ ਬੋਝ ਹੋਰ ਭਾਰਾ ਕਰ ਦੇਵੇ। (1 ਰਾਜ. 12:8-11) ਰਹਬੁਆਮ ਕੋਲ ਦੋ ਵੱਖੋ-ਵੱਖਰੀਆਂ ਸਲਾਹਾਂ ਸਨ। ਉਹ ਚਾਹੁੰਦਾ ਤਾਂ ਇਸ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਪੁੱਛ ਸਕਦਾ ਸੀ, ਪਰ ਇਸ ਤਰ੍ਹਾਂ ਕਰਨ ਦੀ ਬਜਾਇ ਉਸ ਨੇ ਆਪਣੇ ਦੋਸਤਾਂ ਦੀ ਸਲਾਹ ਮੰਨੀ ਕਿਉਂਕਿ ਉਸ ਨੂੰ ਉਨ੍ਹਾਂ ਦੀ ਸਲਾਹ ਜ਼ਿਆਦਾ ਚੰਗੀ ਲੱਗੀ। ਇਸ ਨਾਲ ਰਾਜਾ ਅਤੇ ਪਰਜਾ ਦੋਹਾਂ ਨੂੰ ਨੁਕਸਾਨ ਹੋਇਆ। ਹੋ ਸਕਦਾ ਹੈ ਕਿ ਸਾਨੂੰ ਵੀ ਹਮੇਸ਼ਾ ਅਜਿਹੀ ਸਲਾਹ ਨਾ ਮਿਲੇ ਜੋ ਅਸੀਂ ਸੁਣਨੀ ਚਾਹੁੰਦੇ ਹਾਂ। ਪਰ ਜੇ ਉਹ ਸਲਾਹ ਬਾਈਬਲ ਵਿੱਚੋਂ ਹੈ, ਤਾਂ ਸਾਨੂੰ ਉਸ ਨੂੰ ਜ਼ਰੂਰ ਮੰਨਣਾ ਚਾਹੀਦਾ ਹੈ।
7. ਰਾਜਾ ਉਜ਼ੀਯਾਹ ਨੇ ਕੀ ਕੀਤਾ ਅਤੇ ਅਸੀਂ ਉਸ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ?
7 ਰਾਜਾ ਉਜ਼ੀਯਾਹ ਨੇ ਵੀ ਸਲਾਹ ਨਹੀਂ ਮੰਨੀ। ਉਹ ਧੂਪ ਧੁਖਾਉਣ ਲਈ ਯਹੋਵਾਹ ਦੇ ਮੰਦਰ ਦੇ ਉਸ ਹਿੱਸੇ ਵਿਚ ਦਾਖ਼ਲ ਹੋ ਗਿਆ ਜਿੱਥੇ ਸਿਰਫ਼ ਪੁਜਾਰੀ ਜਾ ਸਕਦੇ ਸਨ। ਯਹੋਵਾਹ ਦੇ ਪੁਜਾਰੀਆਂ ਨੇ ਉਸ ਨੂੰ ਰੋਕਦੇ ਹੋਏ ਕਿਹਾ: “ਉਜ਼ੀਯਾਹ, ਯਹੋਵਾਹ ਅੱਗੇ ਧੂਪ ਧੁਖਾਉਣਾ ਤੇਰਾ ਕੰਮ ਨਹੀਂ! ਸਿਰਫ਼ ਪੁਜਾਰੀ ਹੀ ਧੂਪ ਧੁਖਾ ਸਕਦੇ ਹਨ।” ਉਦੋਂ ਉਜ਼ੀਯਾਹ ਨੇ ਕੀ ਕੀਤਾ? ਜੇ ਉਹ ਆਪਣੇ ਆਪ ਨੂੰ ਨਿਮਰ ਕਰਦਾ ਅਤੇ ਉਨ੍ਹਾਂ ਦੀ ਸਲਾਹ ਨੂੰ ਮੰਨ ਕੇ ਫ਼ੌਰਨ ਉੱਥੋਂ ਚਲਾ ਜਾਂਦਾ, ਤਾਂ ਸ਼ਾਇਦ ਯਹੋਵਾਹ ਉਸ ਨੂੰ ਮਾਫ਼ ਕਰ ਦਿੰਦਾ। ‘ਪਰ ਉਜ਼ੀਯਾਹ, ਭੜਕ ਉੱਠਿਆ।’ ਉਸ ਨੇ ਸਲਾਹ ਨੂੰ ਕਿਉਂ ਨਹੀਂ ਮੰਨਿਆ? ਉਸ ਨੂੰ ਲੱਗਦਾ ਹੋਣਾ ਕਿ ਰਾਜਾ ਹੋਣ ਕਰਕੇ ਉਹ ਜੋ ਚਾਹੇ ਕਰ ਸਕਦਾ ਸੀ। ਪਰ ਉਸ ਦੀ ਇਹ ਸੋਚ ਯਹੋਵਾਹ ਦੀਆਂ ਨਜ਼ਰਾਂ ਵਿਚ ਬਿਲਕੁਲ ਗ਼ਲਤ ਸੀ। ਉਜ਼ੀਯਾਹ ਨੇ ਘਮੰਡ ਵਿਚ ਆ ਕੇ ਜੋ ਕੀਤਾ, ਉਸ ਦੇ ਨਤੀਜੇ ਵਜੋਂ ਉਹ “ਆਪਣੀ ਮੌਤ ਦੇ ਦਿਨ ਤਕ ਕੋੜ੍ਹੀ ਰਿਹਾ।” (2 ਇਤਿ. 26:16-21) ਉਜ਼ੀਯਾਹ ਦੀ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਚਾਹੇ ਸਾਡੇ ਕੋਲ ਜਿਹੜਾ ਮਰਜ਼ੀ ਸਨਮਾਨ ਕਿਉਂ ਨਾ ਹੋਵੇ, ਪਰ ਜੇ ਅਸੀਂ ਬਾਈਬਲ ਤੋਂ ਮਿਲਦੀ ਸਲਾਹ ਨੂੰ ਨਹੀਂ ਮੰਨਦੇ, ਤਾਂ ਅਸੀਂ ਯਹੋਵਾਹ ਦੀ ਮਿਹਰ ਗੁਆ ਬੈਠਾਂਗੇ।
ਕਿਨ੍ਹਾਂ ਨੇ ਸਲਾਹ ਮੰਨੀ?
8. ਸਲਾਹ ਮਿਲਣ ਤੇ ਅੱਯੂਬ ਨੇ ਕੀ ਕੀਤਾ?
8 ਬਾਈਬਲ ਵਿਚ ਕੁਝ ਅਜਿਹੇ ਸੇਵਕਾਂ ਦੀਆਂ ਮਿਸਾਲਾਂ ਵੀ ਹਨ ਜਿਨ੍ਹਾਂ ਨੇ ਸਲਾਹ ਮੰਨੀ ਅਤੇ ਉਨ੍ਹਾਂ ਨੂੰ ਬਰਕਤਾਂ ਮਿਲੀਆਂ। ਉਨ੍ਹਾਂ ਵਿੱਚੋਂ ਇਕ ਸੀ, ਅੱਯੂਬ। ਉਹ ਪਰਮੇਸ਼ੁਰ ਨੂੰ ਪਿਆਰ ਕਰਦਾ ਸੀ ਅਤੇ ਉਸ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ। ਬਿਨਾਂ ਸ਼ੱਕ, ਉਹ ਵੀ ਨਾਮੁਕੰਮਲ ਸੀ। ਇਸ ਲਈ ਜਦੋਂ ਉਸ ʼਤੇ ਇਕ ਤੋਂ ਬਾਅਦ ਇਕ ਮੁਸੀਬਤਾਂ ਦੇ ਪਹਾੜ ਟੁੱਟੇ, ਤਾਂ ਉਸ ਨੇ ਕੁਝ ਅਜਿਹੀਆਂ ਗੱਲਾਂ ਕਹੀਆਂ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਦੋਂ ਉਸ ਦੀ ਸੋਚ ਗ਼ਲਤ ਸੀ। ਉਸ ਸਮੇਂ ਯਹੋਵਾਹ ਅਤੇ ਅਲੀਹੂ ਨੇ ਉਸ ਨੂੰ ਸਲਾਹ ਦਿੱਤੀ। ਅੱਯੂਬ ਨੇ ਕੀ ਕੀਤਾ? ਉਹ ਨਿਮਰ ਸੀ, ਇਸ ਲਈ ਉਸ ਨੇ ਸਲਾਹ ਮੰਨੀ। ਉਸ ਨੇ ਕਿਹਾ: “ਮੈਂ ਬਿਨਾਂ ਸਮਝ ਦੇ ਬੋਲਿਆ . . . ਮੈਂ ਆਪਣੇ ਕਹੇ ਲਫ਼ਜ਼ ਵਾਪਸ ਲੈਂਦਾ ਹਾਂ ਅਤੇ ਮੈਂ ਮਿੱਟੀ ਤੇ ਸੁਆਹ ਵਿਚ ਬੈਠ ਕੇ ਪਛਤਾਵਾ ਕਰਦਾ ਹਾਂ।” ਇਸ ਕਰਕੇ ਯਹੋਵਾਹ ਨੇ ਅੱਯੂਬ ਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ।—ਅੱਯੂ. 42:3-6, 12-17.
9. ਸਲਾਹ ਮੰਨਣ ਦੇ ਮਾਮਲੇ ਵਿਚ ਮੂਸਾ ਨੇ ਸਾਡੇ ਲਈ ਵਧੀਆ ਮਿਸਾਲ ਕਿਵੇਂ ਰੱਖੀ?
9 ਮੂਸਾ ਨੇ ਵੀ ਸਲਾਹ ਮੰਨਣ ਦੇ ਮਾਮਲੇ ਵਿਚ ਇਕ ਚੰਗੀ ਮਿਸਾਲ ਰੱਖੀ। ਗੰਭੀਰ ਗ਼ਲਤੀ ਕਰਨ ਤੇ ਜਦੋਂ ਉਸ ਨੂੰ ਸਲਾਹ ਮਿਲੀ, ਤਾਂ ਉਸ ਨੇ ਸਲਾਹ ਮੰਨ ਲਈ। ਇਕ ਮੌਕੇ ʼਤੇ ਉਹ ਬਹੁਤ ਜ਼ਿਆਦਾ ਗੁੱਸੇ ਵਿਚ ਆ ਗਿਆ ਅਤੇ ਉਸ ਨੇ ਯਹੋਵਾਹ ਦਾ ਆਦਰ ਨਹੀਂ ਕੀਤਾ। ਇਸ ਕਰਕੇ ਮੂਸਾ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਦਾ ਸਨਮਾਨ ਗੁਆ ਬੈਠਾ। (ਗਿਣ. 20:1-13) ਮੂਸਾ ਨੇ ਯਹੋਵਾਹ ਨੂੰ ਬੇਨਤੀ ਕੀਤੀ ਕਿ ਉਹ ਆਪਣਾ ਫ਼ੈਸਲਾ ਬਦਲ ਲਵੇ। ਪਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਮੇਰੇ ਨਾਲ ਦੁਬਾਰਾ ਇਸ ਬਾਰੇ ਕਦੇ ਗੱਲ ਨਾ ਕਰੀਂ।” (ਬਿਵ. 3:23-27) ਯਹੋਵਾਹ ਦੀ ਗੱਲ ਸੁਣ ਕੇ ਮੂਸਾ ਨੇ ਆਪਣੇ ਮਨ ਵਿਚ ਕੁੜੱਤਣ ਭਰਨ ਦੀ ਬਜਾਇ ਯਹੋਵਾਹ ਦਾ ਫ਼ੈਸਲਾ ਮੰਨ ਲਿਆ। ਇਸ ਲਈ ਯਹੋਵਾਹ ਉਸ ਨੂੰ ਇਜ਼ਰਾਈਲੀਆਂ ਦੀ ਅਗਵਾਈ ਕਰਨ ਲਈ ਵਰਤਦਾ ਰਿਹਾ। (ਬਿਵ. 4:1) ਅੱਯੂਬ ਅਤੇ ਮੂਸਾ ਦੋਹਾਂ ਨੇ ਸਲਾਹ ਮੰਨਣ ਦੇ ਮਾਮਲੇ ਵਿਚ ਸਾਡੇ ਲਈ ਵਧੀਆ ਮਿਸਾਲ ਰੱਖੀ। ਅੱਯੂਬ ਨੇ ਬਹਾਨੇ ਨਹੀਂ ਬਣਾਏ ਅਤੇ ਆਪਣੀ ਸੋਚ ਬਦਲੀ। ਮੂਸਾ ਦਿਲੋਂ ਚਾਹੁੰਦਾ ਸੀ ਕਿ ਉਹ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਵੇ, ਪਰ ਉਹ ਇਹ ਸਨਮਾਨ ਗੁਆ ਬੈਠਾ। ਇਸ ਦੇ ਬਾਵਜੂਦ ਵੀ ਮੂਸਾ ਨੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਕੇ ਦਿਖਾਇਆ ਕਿ ਉਸ ਨੇ ਯਹੋਵਾਹ ਦਾ ਫ਼ੈਸਲਾ ਮੰਨਿਆ ਸੀ।
10. (ੳ) ਕਹਾਉਤਾਂ 4:10-13 ਮੁਤਾਬਕ ਸਲਾਹ ਮੰਨਣ ਦੇ ਕੀ ਫ਼ਾਇਦੇ ਹੁੰਦੇ ਹਨ? (ਅ) ਕੁਝ ਭੈਣਾਂ-ਭਰਾਵਾਂ ਨੇ ਸਲਾਹ ਮਿਲਣ ਤੇ ਕੀ ਕੀਤਾ?
10 ਅੱਯੂਬ ਅਤੇ ਮੂਸਾ ਵਰਗੇ ਵਫ਼ਾਦਾਰ ਸੇਵਕਾਂ ਦੀ ਮਿਸਾਲ ʼਤੇ ਚੱਲ ਕੇ ਸਾਨੂੰ ਫ਼ਾਇਦਾ ਹੁੰਦਾ ਹੈ। (ਕਹਾਉਤਾਂ 4:10-13 ਪੜ੍ਹੋ।) ਸਾਡੇ ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਉਨ੍ਹਾਂ ਦੀ ਰੀਸ ਕਰ ਕੇ ਸਲਾਹ ਮੰਨੀ। ਗੌਰ ਕਰੋ ਕਿ ਕਾਂਗੋ ਲੋਕਤੰਤਰੀ ਗਣਰਾਜ ਵਿਚ ਰਹਿਣ ਵਾਲੇ ਭਰਾ ਏਮਾਨਵੈਲ ਨੇ ਭਰਾਵਾਂ ਵੱਲੋਂ ਮਿਲੀ ਚੇਤਾਵਨੀ ਬਾਰੇ ਕੀ ਕਿਹਾ। ਉਹ ਕਹਿੰਦਾ ਹੈ: “ਜਦੋਂ ਮੇਰੀ ਮੰਡਲੀ ਦੇ ਕੁਝ ਭਰਾਵਾਂ ਨੇ ਧਿਆਨ ਦਿੱਤਾ ਕਿ ਕਿਸੇ ਵਜ੍ਹਾ ਕਰਕੇ ਮੇਰਾ ਯਹੋਵਾਹ ਨਾਲ ਰਿਸ਼ਤਾ ਟੁੱਟ ਸਕਦਾ ਸੀ, ਤਾਂ ਉਨ੍ਹਾਂ ਨੇ ਮੇਰੀ ਮਦਦ ਕਰਨ ਲਈ ਮੈਨੂੰ ਸਲਾਹ ਦਿੱਤੀ। ਉਨ੍ਹਾਂ ਦੀ ਸਲਾਹ ਮੰਨ ਕੇ ਮੈਂ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਬਚ ਸਕਿਆ।”b ਕੈਨੇਡਾ ਵਿਚ ਰਹਿਣ ਵਾਲੀ ਭੈਣ ਮੇਗਨ ਸਲਾਹ ਮਿਲਣ ਬਾਰੇ ਕਹਿੰਦੀ ਹੈ: “ਭਾਵੇਂ ਕੁਝ ਸਲਾਹਾਂ ਮੈਨੂੰ ਚੰਗੀਆਂ ਨਹੀਂ ਲੱਗੀਆਂ, ਪਰ ਮੈਨੂੰ ਪਤਾ ਸੀ ਕਿ ਉਹ ਮੇਰੇ ਭਲੇ ਲਈ ਸਨ।” ਕ੍ਰੋਏਸ਼ੀਆ ਵਿਚ ਰਹਿਣ ਵਾਲਾ ਭਰਾ ਮਾਰਕੋ ਕਹਿੰਦਾ ਹੈ: “ਮੈਨੂੰ ਇਸ ਗੱਲ ਦਾ ਬਹੁਤ ਦੁੱਖ ਸੀ ਕਿ ਮੇਰੇ ਕੋਲੋਂ ਮੇਰੀਆਂ ਜ਼ਿੰਮੇਵਾਰੀਆਂ ਲੈ ਲਈਆਂ ਗਈਆਂ, ਪਰ ਸਮੇਂ ਦੇ ਬੀਤਣ ਨਾਲ ਮੈਨੂੰ ਅਹਿਸਾਸ ਹੋਇਆ ਕਿ ਉਸ ਵੇਲੇ ਮੈਨੂੰ ਜੋ ਸਲਾਹ ਮਿਲੀ, ਉਸ ਕਰਕੇ ਮੈਂ ਯਹੋਵਾਹ ਨਾਲ ਆਪਣਾ ਰਿਸ਼ਤਾ ਦੁਬਾਰਾ ਜੋੜ ਸਕਿਆ।”
11. ਭਰਾ ਕਾਰਲ ਕਲਾਈਨ ਨੇ ਸਲਾਹ ਮੰਨਣ ਬਾਰੇ ਕੀ ਕਿਹਾ?
11 ਪ੍ਰਬੰਧਕ ਸਭਾ ਦੇ ਇਕ ਮੈਂਬਰ ਭਰਾ ਕਾਰਲ ਕਲਾਈਨ ਨੂੰ ਵੀ ਸਲਾਹ ਮੰਨਣ ਨਾਲ ਫ਼ਾਇਦਾ ਹੋਇਆ। ਉਸ ਨੇ ਆਪਣੀ ਜੀਵਨੀ ਵਿਚ ਦੱਸਿਆ ਕਿ ਉਹ ਅਤੇ ਭਰਾ ਜੋਸਫ਼ ਐੱਫ਼. ਰਦਰਫ਼ਰਡ ਬਹੁਤ ਚੰਗੇ ਦੋਸਤ ਸਨ। ਪਰ ਇਕ ਵਾਰ ਭਰਾ ਰਦਰਫ਼ਰਡ ਨੇ ਉਸ ਨੂੰ ਕਿਸੇ ਗੱਲ ਕਰਕੇ ਸਖ਼ਤ ਤਾੜਨਾ ਦਿੱਤੀ। ਭਰਾ ਕਾਰਲ ਨੂੰ ਭਰਾ ਰਦਰਫ਼ਰਡ ਦੀ ਸਲਾਹ ਚੰਗੀ ਨਹੀਂ ਲੱਗੀ। ਭਰਾ ਕਾਰਲ ਨੇ ਕਿਹਾ: “ਜਦ ਅਗਲੀ ਵਾਰ [ਭਰਾ ਰਦਰਫ਼ਰਡ] ਨੇ ਮੈਨੂੰ ਦੇਖਿਆ, ਤਾਂ ਉਸ ਨੇ ਮੈਨੂੰ ਹੱਸ ਕੇ ਬੁਲਾਇਆ ਤੇ ਕਿਹਾ, ‘ਹੈਲੋ, ਕਾਰਲ!’ ਪਰ ਮੈਂ ਹਾਲੇ ਵੀ ਗੁੱਸੇ ਸੀ ਜਿਸ ਕਰਕੇ ਮੈਂ ਮੂੰਹ ਬਣਾ ਲਿਆ ਅਤੇ ਚੰਗੀ ਤਰ੍ਹਾਂ ਜਵਾਬ ਨਹੀਂ ਦਿੱਤਾ। ਭਰਾ ਰਦਰਫ਼ਰਡ ਨੇ ਕਿਹਾ, ‘ਕਾਰਲ, ਖ਼ਬਰਦਾਰ ਰਹਿ, ਸ਼ੈਤਾਨ ਤੇਰੇ ਪਿੱਛੇ ਹੈ!’ ਸ਼ਰਮਿੰਦਾ ਹੁੰਦਿਆਂ ਮੈਂ ਕਿਹਾ, ‘ਨਹੀਂ ਭਰਾ, ਮੈਂ ਤੁਹਾਡੇ ਨਾਲ ਨਾਰਾਜ਼ ਨਹੀਂ ਹਾਂ।’ ਪਰ ਉਹ ਜਾਣਦਾ ਸੀ ਕਿ ਮੈਂ ਉਸ ਨਾਲ ਨਾਰਾਜ਼ ਸੀ। ਇਸ ਲਈ ਉਸ ਨੇ ਮੈਨੂੰ ਦੁਬਾਰਾ ਕਿਹਾ, ‘ਠੀਕ ਹੈ, ਪਰ ਬਸ ਖ਼ਬਰਦਾਰ ਰਹਿ, ਸ਼ੈਤਾਨ ਤੇਰੇ ਪਿੱਛੇ ਹੈ!’ ਉਹ ਬਿਲਕੁਲ ਸਹੀ ਸੀ! ਵਾਕਈ! ਜੇ ਕੋਈ ਭਰਾ ਸਾਨੂੰ ਸਲਾਹ ਦਿੰਦਾ ਹੈ ਜਿਸ ਨੂੰ ਦੇਣ ਦਾ ਉਸ ਦਾ ਹੱਕ ਹੈ . . . ਅਤੇ ਅਸੀਂ ਉਸ ਭਰਾ ਲਈ ਨਾਰਾਜ਼ਗੀ ਪਾਲ਼ ਲੈਂਦੇ ਹਾਂ, ਤਾਂ ਅਸੀਂ ਖ਼ੁਦ ਨੂੰ ਸ਼ੈਤਾਨ ਦੇ ਫੰਦੇ ਵਿਚ ਫਸਣ ਦਿੰਦੇ ਹਾਂ।”c (ਅਫ਼. 4:25-27) ਭਰਾ ਕਾਰਲ ਕਲਾਈਨ ਨੇ ਭਰਾ ਰਦਰਫ਼ਰਡ ਦੀ ਸਲਾਹ ਮੰਨੀ ਅਤੇ ਉਹ ਹਮੇਸ਼ਾ ਪੱਕੇ ਦੋਸਤ ਬਣੇ ਰਹੇ।
ਸਲਾਹ ਮੰਨਣ ਲਈ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?
12. ਸਲਾਹ ਮੰਨਣ ਲਈ ਨਿਮਰ ਬਣਨਾ ਕਿਉਂ ਜ਼ਰੂਰੀ ਹੈ? (ਜ਼ਬੂਰ 141:5)
12 ਸਲਾਹ ਮੰਨਣ ਲਈ ਨਿਮਰ ਬਣਨਾ ਬਹੁਤ ਜ਼ਰੂਰੀ ਹੈ। ਯਾਦ ਰੱਖੋ ਕਿ ਅਸੀਂ ਸਾਰੇ ਨਾਮੁਕੰਮਲ ਹਾਂ ਅਤੇ ਕਈ ਵਾਰ ਬਿਨਾਂ ਸੋਚੇ-ਸਮਝੇ ਕੁਝ ਵੀ ਕਰ ਦਿੰਦੇ ਹਾਂ। ਅਸੀਂ ਪਹਿਲਾਂ ਦੇਖਿਆ ਕਿ ਇਕ ਸਮੇਂ ʼਤੇ ਅੱਯੂਬ ਦੀ ਸੋਚ ਗ਼ਲਤ ਹੋ ਗਈ ਸੀ, ਪਰ ਬਾਅਦ ਵਿਚ ਉਸ ਨੇ ਆਪਣੀ ਸੋਚ ਸੁਧਾਰੀ ਅਤੇ ਯਹੋਵਾਹ ਨੇ ਉਸ ਨੂੰ ਬਰਕਤਾਂ ਦਿੱਤੀਆਂ। ਉਸ ਨੇ ਆਪਣੀ ਸੋਚ ਕਿਉਂ ਬਦਲੀ? ਕਿਉਂਕਿ ਉਹ ਨਿਮਰ ਸੀ। ਚਾਹੇ ਅਲੀਹੂ ਉਮਰ ਵਿਚ ਅੱਯੂਬ ਤੋਂ ਛੋਟਾ ਸੀ, ਫਿਰ ਵੀ ਨਿਮਰ ਹੋਣ ਕਰਕੇ ਉਸ ਨੇ ਅਲੀਹੂ ਦੀ ਸਲਾਹ ਮੰਨੀ। (ਅੱਯੂ. 32:6, 7) ਹੋ ਸਕਦਾ ਹੈ ਕਿ ਕਈ ਵਾਰ ਸਾਨੂੰ ਲੱਗੇ ਕਿ ਸਾਨੂੰ ਬਿਨਾਂ ਵਜ੍ਹਾ ਸਲਾਹ ਦਿੱਤੀ ਜਾ ਰਹੀ ਹੈ ਜਾਂ ਕੋਈ ਅਜਿਹਾ ਵਿਅਕਤੀ ਸਾਨੂੰ ਸਲਾਹ ਦੇ ਰਿਹਾ ਜੋ ਸਾਡੇ ਤੋਂ ਉਮਰ ਵਿਚ ਛੋਟਾ ਹੈ। ਉਸ ਸਮੇਂ ਜੇ ਅਸੀਂ ਨਿਮਰ ਰਹਾਂਗੇ, ਤਾਂ ਹੀ ਅਸੀਂ ਸਲਾਹ ਮੰਨ ਸਕਾਂਗੇ। ਕੈਨੇਡਾ ਵਿਚ ਰਹਿਣ ਵਾਲਾ ਇਕ ਬਜ਼ੁਰਗ ਕਹਿੰਦਾ ਹੈ: “ਸ਼ਾਇਦ ਸਾਨੂੰ ਆਪਣੇ ਆਪ ਵਿਚ ਉਹ ਗੱਲਾਂ ਨਜ਼ਰ ਨਾ ਆਉਣ ਜੋ ਦੂਜੇ ਸਾਡੇ ਵਿਚ ਦੇਖ ਸਕਦੇ ਹਨ, ਇਸ ਲਈ ਦੂਜਿਆਂ ਦੀ ਸਲਾਹ ਤੋਂ ਬਿਨਾਂ ਸਾਡੇ ਲਈ ਤਰੱਕੀ ਕਰਨੀ ਔਖੀ ਹੋ ਸਕਦੀ ਹੈ।” ਅਸੀਂ ਸਾਰੇ ਜਣੇ ਆਪਣੇ ਵਿਚ ਪਵਿੱਤਰ ਸ਼ਕਤੀ ਦੇ ਗੁਣ ਵਧਾਉਂਦੇ ਰਹਿਣਾ ਚਾਹੁੰਦੇ ਹਾਂ ਅਤੇ ਖ਼ੁਸ਼ ਖ਼ਬਰੀ ਦੇ ਵਧੀਆ ਪ੍ਰਚਾਰਕ ਅਤੇ ਸਿੱਖਿਅਕ ਬਣਨਾ ਚਾਹੁੰਦੇ ਹਾਂ। ਇਸ ਲਈ ਸਾਨੂੰ ਸਾਰਿਆਂ ਨੂੰ ਸਲਾਹ ਦੀ ਲੋੜ ਹੈ।—ਜ਼ਬੂਰ 141:5 ਪੜ੍ਹੋ।
13. ਸਾਨੂੰ ਸਲਾਹ ਬਾਰੇ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ?
13 ਸਲਾਹ ਨੂੰ ਪਰਮੇਸ਼ੁਰ ਦੇ ਪਿਆਰ ਦਾ ਸਬੂਤ ਸਮਝੋ। ਯਹੋਵਾਹ ਸਾਡੀ ਭਲਾਈ ਚਾਹੁੰਦਾ ਹੈ। (ਕਹਾ. 4:20-22) ਉਹ ਆਪਣੇ ਬਚਨ, ਬਾਈਬਲ ਆਧਾਰਿਤ ਪ੍ਰਕਾਸ਼ਨਾਂ ਜਾਂ ਕਿਸੇ ਸਮਝਦਾਰ ਮਸੀਹੀ ਰਾਹੀਂ ਸਲਾਹ ਦੇ ਕੇ ਸਾਡੇ ਲਈ ਆਪਣਾ ਪਿਆਰ ਜ਼ਾਹਰ ਕਰਦਾ ਹੈ। ਇਬਰਾਨੀਆਂ 12:9, 10 ਵਿਚ ਕਿਹਾ ਗਿਆ ਹੈ: “ਪਰਮੇਸ਼ੁਰ ਸਾਨੂੰ ਸਾਡੇ ਭਲੇ ਲਈ ਅਨੁਸ਼ਾਸਨ ਦਿੰਦਾ ਹੈ।”
14. ਸਲਾਹ ਮਿਲਣ ਤੇ ਸਾਨੂੰ ਆਪਣਾ ਧਿਆਨ ਕਿਹੜੀ ਗੱਲ ਵੱਲ ਲਾਉਣਾ ਚਾਹੀਦਾ ਹੈ?
14 ਸਲਾਹ ਵੱਲ ਧਿਆਨ ਦਿਓ, ਨਾ ਕਿ ਸਲਾਹ ਦੇਣ ਦੇ ਤਰੀਕੇ ਵੱਲ। ਬਿਨਾਂ ਸ਼ੱਕ, ਸਲਾਹ ਦੇਣ ਵਾਲੇ ਨੂੰ ਇਸ ਤਰੀਕੇ ਨਾਲ ਸਲਾਹ ਦੇਣੀ ਚਾਹੀਦੀ ਹੈ ਕਿ ਸੁਣਨ ਵਾਲਾ ਸੌਖਿਆਂ ਹੀ ਇਸ ਨੂੰ ਮੰਨ ਲਵੇ।d (ਗਲਾ. 6:1) ਕਈ ਵਾਰ ਸ਼ਾਇਦ ਸਾਨੂੰ ਕਿਸੇ ਦਾ ਸਲਾਹ ਦੇਣ ਦਾ ਤਰੀਕਾ ਵਧੀਆ ਨਾ ਲੱਗੇ। ਪਰ ਉਸ ਵੇਲੇ ਚੰਗਾ ਹੋਵੇਗਾ ਕਿ ਅਸੀਂ ਸਲਾਹ ਵੱਲ ਧਿਆਨ ਦੇਈਏ, ਨਾ ਕਿ ਸਲਾਹ ਦੇਣ ਦੇ ਤਰੀਕੇ ਵੱਲ। ਅਸੀਂ ਸ਼ਾਇਦ ਆਪਣੇ ਆਪ ਤੋਂ ਪੁੱਛੀਏ: ‘ਭਾਵੇਂ ਮੈਨੂੰ ਉਸ ਦਾ ਸਲਾਹ ਦੇਣ ਦਾ ਤਰੀਕਾ ਬਿਲਕੁਲ ਵੀ ਵਧੀਆ ਨਹੀਂ ਲੱਗਾ, ਪਰ ਕੀ ਉਸ ਦੀ ਸਲਾਹ ਸਹੀ ਹੈ? ਕੀ ਮੈਂ ਉਸ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਨਜ਼ਰਅੰਦਾਜ਼ ਕਰ ਕੇ ਸਲਾਹ ਮੰਨ ਸਕਦਾ ਹਾਂ?’ ਸਾਡੇ ਲਈ ਇਹ ਸਮਝਦਾਰੀ ਦੀ ਗੱਲ ਹੋਵੇਗੀ ਕਿ ਅਸੀਂ ਸੋਚੀਏ ਕਿ ਸਲਾਹ ਮੰਨਣ ਨਾਲ ਸਾਨੂੰ ਕਿੰਨਾ ਫ਼ਾਇਦਾ ਹੋਵੇਗਾ!—ਕਹਾ. 15:31.
ਸਲਾਹ ਲਓ ਅਤੇ ਫ਼ਾਇਦੇ ਪਾਓ
15. ਸਾਨੂੰ ਦੂਜਿਆਂ ਤੋਂ ਸਲਾਹ ਕਿਉਂ ਲੈਣੀ ਚਾਹੀਦੀ ਹੈ?
15 ਬਾਈਬਲ ਸਾਨੂੰ ਦੂਜਿਆਂ ਤੋਂ ਸਲਾਹ ਲੈਣ ਦੀ ਹੱਲਾਸ਼ੇਰੀ ਦਿੰਦੀ ਹੈ। ਕਹਾਉਤਾਂ 13:10 ਵਿਚ ਲਿਖਿਆ ਹੈ: “ਸਲਾਹ ਭਾਲਣ ਵਾਲਿਆਂ ਕੋਲ ਬੁੱਧ ਹੁੰਦੀ ਹੈ।” ਇਹ ਗੱਲ ਸੋਲਾਂ ਆਨੇ ਸੱਚ ਹੈ! ਜੋ ਲੋਕ ਦੂਜਿਆਂ ਤੋਂ ਸਲਾਹ ਲੈਂਦੇ ਹਨ, ਉਹ ਅਕਸਰ ਵਧੀਆ ਫ਼ੈਸਲੇ ਕਰ ਪਾਉਂਦੇ ਹਨ ਅਤੇ ਯਹੋਵਾਹ ਦੀ ਜ਼ਿਆਦਾ ਸੇਵਾ ਕਰ ਪਾਉਂਦੇ ਹਨ। ਇਸ ਲਈ ਇਸ ਗੱਲ ਦੀ ਉਡੀਕ ਨਾ ਕਰੋ ਕਿ ਦੂਜੇ ਆ ਕੇ ਤੁਹਾਨੂੰ ਸਲਾਹ ਦੇਣ, ਸਗੋਂ ਆਪ ਪਹਿਲ ਕਰ ਕੇ ਸਲਾਹ ਲਓ।
16. ਅਸੀਂ ਕਿਨ੍ਹਾਂ ਹਾਲਾਤਾਂ ਵਿਚ ਦੂਜਿਆਂ ਤੋਂ ਸਲਾਹ ਲੈ ਸਕਦੇ ਹਾਂ?
16 ਅਸੀਂ ਸ਼ਾਇਦ ਆਪਣੇ ਭੈਣਾਂ-ਭਰਾਵਾਂ ਤੋਂ ਕਦੋਂ ਸਲਾਹ ਲਈਏ? ਆਓ ਆਪਾਂ ਕੁਝ ਹਾਲਾਤਾਂ ʼਤੇ ਗੌਰ ਕਰੀਏ: (1) ਇਕ ਭੈਣ ਇਕ ਤਜਰਬੇਕਾਰ ਪ੍ਰਚਾਰਕ ਨੂੰ ਕਹਿੰਦੀ ਹੈ ਕਿ ਉਹ ਉਸ ਨਾਲ ਬਾਈਬਲ ਸਟੱਡੀ ਤੇ ਚੱਲੇ। ਸਟੱਡੀ ਤੋਂ ਬਾਅਦ ਉਹ ਭੈਣ ਉਸ ਤੋਂ ਸਲਾਹ ਲੈਂਦੀ ਹੈ ਕਿ ਉਹ ਹੋਰ ਚੰਗੀ ਤਰ੍ਹਾਂ ਕਿਵੇਂ ਸਿਖਾ ਸਕਦੀ ਹੈ। (2) ਇਕ ਕੁਆਰੀ ਭੈਣ ਕੁਝ ਕੱਪੜੇ ਖ਼ਰੀਦਣਾ ਚਾਹੁੰਦੀ ਹੈ। ਪਰ ਉਸ ਤੋਂ ਪਹਿਲਾਂ ਉਹ ਇਕ ਤਜਰਬੇਕਾਰ ਭੈਣ ਤੋਂ ਸਲਾਹ ਲੈਂਦੀ ਹੈ। (3) ਇਕ ਭਰਾ ਜਿਸ ਨੇ ਪਹਿਲੀ ਵਾਰ ਪਬਲਿਕ ਭਾਸ਼ਣ ਦੇਣਾ ਹੈ, ਉਹ ਇਕ ਤਜਰਬੇਕਾਰ ਭਰਾ ਨੂੰ ਗੁਜ਼ਾਰਸ਼ ਕਰਦਾ ਹੈ ਕਿ ਉਹ ਧਿਆਨ ਨਾਲ ਉਸ ਦਾ ਭਾਸ਼ਣ ਸੁਣੇ ਅਤੇ ਬਾਅਦ ਵਿਚ ਦੱਸੇ ਕਿ ਉਹ ਕਿੱਥੇ ਸੁਧਾਰ ਕਰ ਸਕਦਾ ਹੈ। ਜੋ ਭਰਾ ਸਾਲਾਂ ਤੋਂ ਭਾਸ਼ਣ ਦੇ ਰਹੇ ਹਨ, ਉਹ ਵੀ ਤਜਰਬੇਕਾਰ ਭਾਸ਼ਣਕਾਰਾਂ ਤੋਂ ਸਲਾਹ ਲੈ ਸਕਦੇ ਹਨ ਅਤੇ ਉਨ੍ਹਾਂ ਦੀ ਸਲਾਹ ਮੰਨ ਸਕਦੇ ਹਨ।
17. ਸਲਾਹ ਮੰਨਣ ਨਾਲ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ?
17 ਹੋ ਸਕਦਾ ਹੈ ਕਿ ਆਉਣ ਵਾਲੇ ਹਫ਼ਤਿਆਂ ਜਾਂ ਮਹੀਨਿਆਂ ਦੌਰਾਨ ਸਾਨੂੰ ਮੀਟਿੰਗਾਂ ਵਿੱਚੋਂ ਜਾਂ ਬਾਈਬਲ, ਪ੍ਰਕਾਸ਼ਨਾਂ, ਬਜ਼ੁਰਗਾਂ ਜਾਂ ਹੋਰ ਸਮਝਦਾਰ ਭੈਣਾਂ-ਭਰਾਵਾਂ ਤੋਂ ਕੋਈ ਸਲਾਹ ਮਿਲੇ। ਇਸ ਤਰ੍ਹਾਂ ਹੋਣ ਤੇ ਸਾਨੂੰ ਇਸ ਲੇਖ ਵਿਚ ਪੜ੍ਹੀਆਂ ਸਾਰੀਆਂ ਗੱਲਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਸਾਨੂੰ ਨਿਮਰ ਬਣਨਾ ਚਾਹੀਦਾ ਹੈ। ਸਾਨੂੰ ਸਲਾਹ ਵੱਲ ਧਿਆਨ ਦੇਣਾ ਚਾਹੀਦਾ, ਨਾ ਕਿ ਸਲਾਹ ਦੇਣ ਦੇ ਤਰੀਕੇ ਵੱਲ ਅਤੇ ਸਾਨੂੰ ਸਲਾਹ ਨੂੰ ਮੰਨਣਾ ਚਾਹੀਦਾ ਹੈ। ਸਾਡੇ ਵਿੱਚੋਂ ਕੋਈ ਵੀ ਜਨਮ ਤੋਂ ਹੀ ਬੁੱਧੀਮਾਨ ਨਹੀਂ ਹੁੰਦਾ। ਪਰ ਜੇ ਅਸੀਂ ‘ਸਲਾਹ ਨੂੰ ਸੁਣਾਂਗੇ ਅਤੇ ਅਨੁਸ਼ਾਸਨ ਨੂੰ ਕਬੂਲ ਕਰਾਂਗੇ,’ ਤਾਂ ਪਰਮੇਸ਼ੁਰ ਦੇ ਬਚਨ ਵਿਚ ਵਾਅਦਾ ਕੀਤਾ ਗਿਆ ਹੈ ਕਿ ਅਸੀਂ ‘ਬੁੱਧੀਮਾਨ ਬਣਾਂਗੇ।’—ਕਹਾ. 19:20.
ਗੀਤ 127 ਮੈਨੂੰ ਕਿਹੋ ਜਿਹਾ ਇਨਸਾਨ ਬਣਨਾ ਚਾਹੀਦਾ ਹੈ
a ਯਹੋਵਾਹ ਦੇ ਲੋਕ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਬਾਈਬਲ ਤੋਂ ਮਿਲਣ ਵਾਲੀ ਸਲਾਹ ਨੂੰ ਸੁਣਨਾ ਤੇ ਉਸ ਮੁਤਾਬਕ ਚੱਲਣਾ ਕਿੰਨਾ ਜ਼ਰੂਰੀ ਹੈ। ਪਰ ਹਮੇਸ਼ਾ ਇੱਦਾਂ ਕਰਨਾ ਸੌਖਾ ਨਹੀਂ ਹੁੰਦਾ। ਇਸ ਦਾ ਕੀ ਕਾਰਨ ਹੈ? ਸਲਾਹ ਨੂੰ ਸੁਣਨ ਅਤੇ ਇਸ ਤੋਂ ਫ਼ਾਇਦਾ ਲੈਣ ਲਈ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?
b ਕੁਝ ਨਾਂ ਬਦਲੇ ਗਏ ਹਨ।
d ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਸਲਾਹ ਦੇਣ ਵਾਲੇ ਸੋਚ-ਸਮਝ ਕੇ ਸਲਾਹ ਕਿਵੇਂ ਦੇ ਸਕਦੇ ਹਨ।