ਅਧਿਐਨ ਲੇਖ 2
“ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਲਈ ਆਪਣੀ ਸੋਚ ਨੂੰ ਬਦਲੋ”
“ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਲਈ ਆਪਣੀ ਸੋਚ ਨੂੰ ਬਦਲੋ ਤਾਂਕਿ ਤੁਸੀਂ ਆਪ ਜਾਂਚ ਕਰ ਕੇ ਦੇਖ ਸਕੋ ਕਿ ਪਰਮੇਸ਼ੁਰ ਦੀ ਚੰਗੀ, ਮਨਜ਼ੂਰਯੋਗ ਅਤੇ ਪੂਰੀ ਇੱਛਾ ਕੀ ਹੈ।”—ਰੋਮੀ. 12:2.
ਗੀਤ 88 ਮੈਨੂੰ ਆਪਣੇ ਰਾਹਾਂ ਬਾਰੇ ਦੱਸ
ਖ਼ਾਸ ਗੱਲਾਂa
1-2. ਸਾਨੂੰ ਬਪਤਿਸਮੇ ਤੋਂ ਬਾਅਦ ਵੀ ਕੀ ਕਰਦੇ ਰਹਿਣਾ ਚਾਹੀਦਾ ਹੈ? ਸਮਝਾਓ।
ਤੁਸੀਂ ਕਿੰਨੀ ਵਾਰ ਆਪਣੇ ਘਰ ਦੀ ਸਫ਼ਾਈ ਕਰਦੇ ਹੋ? ਸ਼ਾਇਦ ਜਦੋਂ ਤੁਸੀਂ ਪਹਿਲੀ ਵਾਰ ਆਪਣੇ ਘਰ ਆਏ ਸੀ, ਤਾਂ ਤੁਸੀਂ ਰਗੜ-ਰਗੜ ਕੇ ਘਰ ਦੀ ਸਫ਼ਾਈ ਕੀਤੀ ਹੋਣੀ। ਪਰ ਜੇ ਉਸ ਤੋਂ ਬਾਅਦ ਤੁਸੀਂ ਕਦੇ ਵੀ ਆਪਣੇ ਘਰ ਦੀ ਸਫ਼ਾਈ ਨਹੀਂ ਕਰੋਗੇ, ਤਾਂ ਘਰ ਦੀ ਹਾਲਤ ਕਿਹੋ ਜਿਹੀ ਹੋ ਜਾਵੇਗੀ? ਤੁਸੀਂ ਜਾਣਦੇ ਹੋ ਕਿ ਤੁਹਾਡਾ ਘਰ ਛੇਤੀ ਹੀ ਫਿਰ ਤੋਂ ਗੰਦਾ ਹੋ ਜਾਵੇਗਾ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਘਰ ਹਮੇਸ਼ਾ ਸੋਹਣਾ ਲੱਗੇ, ਤਾਂ ਤੁਹਾਨੂੰ ਕੀ ਕਰਨ ਦੀ ਲੋੜ ਹੈ? ਤੁਹਾਨੂੰ ਇਕ ਵਾਰ ਨਹੀਂ, ਸਗੋਂ ਵਾਰ-ਵਾਰ ਆਪਣੇ ਘਰ ਦੀ ਸਫ਼ਾਈ ਕਰਨ ਦੀ ਲੋੜ ਹੈ।
2 ਇਹੀ ਗੱਲ ਸਾਡੀ ਸੋਚ ਅਤੇ ਰਵੱਈਏ ਬਾਰੇ ਵੀ ਸੱਚ ਹੈ। ਬਿਨਾਂ ਸ਼ੱਕ, ਬਪਤਿਸਮਾ ਲੈਣ ਤੋਂ ਪਹਿਲਾਂ ਅਸੀਂ ਜ਼ਰੂਰੀ ਬਦਲਾਅ ਕਰਨ ਲਈ ਸਖ਼ਤ ਮਿਹਨਤ ਕੀਤੀ ਤਾਂਕਿ ਅਸੀਂ “ਤਨ ਅਤੇ ਮਨ ਦੀ ਸਾਰੀ ਗੰਦਗੀ ਤੋਂ ਆਪਣੇ ਆਪ ਨੂੰ ਸ਼ੁੱਧ ਕਰੀਏ।” (2 ਕੁਰਿੰ. 7:1) ਸਾਨੂੰ ਬਪਤਿਸਮੇ ਤੋਂ ਬਾਅਦ ਵੀ ਪੌਲੁਸ ਰਸੂਲ ਦੀ ਸਲਾਹ ਮੰਨ ਕੇ ਆਪਣੇ ਆਪ ਨੂੰ ‘ਨਵਾਂ ਬਣਾਉਂਦੇ ਰਹਿਣਾ’ ਚਾਹੀਦਾ ਹੈ। (ਅਫ਼. 4:23) ਸਾਨੂੰ ਇਸ ਤਰ੍ਹਾਂ ਕਿਉਂ ਕਰਦੇ ਰਹਿਣਾ ਚਾਹੀਦਾ ਹੈ? ਜੇ ਅਸੀਂ ਇੱਦਾਂ ਨਹੀਂ ਕਰਦੇ ਰਹਾਂਗੇ, ਤਾਂ ਦੁਨੀਆਂ ਦੀ ਗੰਦੀ ਸੋਚ ਦਾ ਅਸਰ ਛੇਤੀ ਹੀ ਸਾਡੇ ʼਤੇ ਪੈ ਸਕਦਾ ਹੈ ਅਤੇ ਸਾਡੀ ਸੋਚ ਵੀ ਗੰਦੀ ਹੋ ਸਕਦੀ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਇੱਦਾਂ ਨਾ ਹੋਵੇ ਅਤੇ ਅਸੀਂ ਹਮੇਸ਼ਾ ਯਹੋਵਾਹ ਦੀਆਂ ਨਜ਼ਰਾਂ ਵਿਚ ਸੋਹਣੇ ਲੱਗੀਏ, ਤਾਂ ਸਾਨੂੰ ਆਪਣੀ ਸੋਚ, ਸੁਭਾਅ ਅਤੇ ਇੱਛਾਵਾਂ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ।
‘ਆਪਣੀ ਸੋਚ ਨੂੰ ਬਦਲਦੇ ਰਹੋ’
3. ‘ਆਪਣੀ ਸੋਚ ਨੂੰ ਬਦਲਣ’ ਲਈ ਸਾਨੂੰ ਕੀ ਕਰਨ ਦੀ ਲੋੜ ਹੈ? (ਰੋਮੀਆਂ 12:2)
3 ਆਪਣੀ ਸੋਚ ਨੂੰ ਬਦਲਦੇ ਰਹਿਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? (ਰੋਮੀਆਂ 12:2 ਪੜ੍ਹੋ।) ਆਪਣੀ ਸੋਚ ਨੂੰ ਬਦਲਦੇ ਰਹਿਣ ਲਈ ਸਾਡੇ ਵਾਸਤੇ ਥੋੜ੍ਹੇ-ਬਹੁਤੇ ਚੰਗੇ ਕੰਮ ਕਰਨੇ ਹੀ ਕਾਫ਼ੀ ਨਹੀਂ ਹਨ। ਇਸ ਦੀ ਬਜਾਇ, ਸਾਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਅਸੀਂ ਅੰਦਰੋਂ ਕਿਹੋ ਜਿਹੇ ਇਨਸਾਨ ਹਾਂ ਅਤੇ ਫਿਰ ਸਾਨੂੰ ਜ਼ਰੂਰੀ ਬਦਲਾਅ ਵੀ ਕਰਨੇ ਚਾਹੀਦੇ ਹਨ ਤਾਂਕਿ ਅਸੀਂ ਯਹੋਵਾਹ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਜੀ ਸਕੀਏ। ਸਾਨੂੰ ਆਪਣੀ ਜਾਂਚ ਇਕ ਵਾਰ ਨਹੀਂ, ਸਗੋਂ ਵਾਰ-ਵਾਰ ਕਰਦੇ ਰਹਿਣਾ ਚਾਹੀਦਾ ਹੈ।
4. ਅਸੀਂ ਕੀ ਕਰ ਸਕਦੇ ਹਾਂ ਤਾਂਕਿ ਇਸ ਦੁਨੀਆਂ ਦੀ ਸੋਚ ਦਾ ਅਸਰ ਸਾਡੀ ਸੋਚ ʼਤੇ ਨਾ ਪਵੇ?
4 ਜਦੋਂ ਅਸੀਂ ਮੁਕੰਮਲ ਹੋ ਜਾਵਾਂਗੇ, ਤਾਂ ਅਸੀਂ ਹਮੇਸ਼ਾ ਅਜਿਹੇ ਕੰਮ ਕਰ ਸਕਾਂਗੇ ਜਿਨ੍ਹਾਂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ। ਪਰ ਉਹ ਸਮਾਂ ਆਉਣ ਤਕ ਸਾਨੂੰ ਯਹੋਵਾਹ ਨੂੰ ਖ਼ੁਸ਼ ਕਰਨ ਲਈ ਸਖ਼ਤ ਮਿਹਨਤ ਕਰਦੇ ਰਹਿਣ ਦੀ ਲੋੜ ਹੈ। ਜ਼ਰਾ ਧਿਆਨ ਦਿਓ ਕਿ ਰੋਮੀਆਂ 12:2 ਵਿਚ ਪੌਲੁਸ ਨੇ ਕੀ ਦੱਸਿਆ ਸੀ। ਉਸ ਨੇ ਦੱਸਿਆ ਕਿ ਪਰਮੇਸ਼ੁਰ ਦੀ ਇੱਛਾ ਜਾਣਨ ਲਈ ਸਾਨੂੰ ਆਪਣੀ ਸੋਚ ਨੂੰ ਬਦਲਦੇ ਰਹਿਣ ਦੀ ਲੋੜ ਹੈ। ਇਸ ਤਰ੍ਹਾਂ ਕਰਨ ਲਈ ਪਹਿਲਾਂ ਸਾਨੂੰ ਆਪਣੀ ਜਾਂਚ ਕਰਨੀ ਚਾਹੀਦੀ ਹੈ ਅਤੇ ਇਹ ਪੱਕਾ ਕਰਨਾ ਚਾਹੀਦਾ ਹੈ ਕਿ ਸਾਡੇ ਟੀਚੇ ਅਤੇ ਫ਼ੈਸਲੇ ਪਰਮੇਸ਼ੁਰ ਦੀ ਸੋਚ ਮੁਤਾਬਕ ਹੋਣ, ਨਾ ਕਿ ਇਸ ਦੁਨੀਆਂ ਦੀ। ਜੇ ਅਸੀਂ ਇੱਦਾਂ ਨਹੀਂ ਕਰਾਂਗੇ, ਤਾਂ ਸਾਡੀ ਸੋਚ ʼਤੇ ਇਸ ਦੁਸ਼ਟ ਦੁਨੀਆਂ ਦਾ ਅਸਰ ਪੈ ਸਕਦਾ ਹੈ।
5. ਅਸੀਂ ਕਿਵੇਂ ਜਾਂਚ ਕਰ ਕੇ ਦੇਖ ਸਕਦੇ ਹਾਂ ਕਿ ਅਸੀਂ ਮੰਨਦੇ ਹਾਂ ਕਿ ਯਹੋਵਾਹ ਦਾ ਦਿਨ ਬਹੁਤ ਨੇੜੇ ਹੈ? (ਤਸਵੀਰ ਦੇਖੋ।)
5 ਅਸੀਂ ਆਪਣੀ ਸੋਚ ਦੀ ਜਾਂਚ ਕਿਵੇਂ ਕਰ ਸਕਦੇ ਹਾਂ? ਜ਼ਰਾ ਇਸ ਉਦਾਹਰਣ ʼਤੇ ਗੌਰ ਕਰੋ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੇ ਆਉਣ ਵਾਲੇ “ਦਿਨ ਨੂੰ ਯਾਦ” ਰੱਖੀਏ। (2 ਪਤ. 3:12) ਇਸ ਲਈ ਖ਼ੁਦ ਤੋਂ ਪੁੱਛੋ: ‘ਕੀ ਮੇਰੇ ਜੀਉਣ ਦੇ ਤਰੀਕੇ ਤੋਂ ਪਤਾ ਲੱਗਦਾ ਹੈ ਕਿ ਮੈਂ ਮੰਨਦਾ ਹਾਂ ਕਿ ਇਸ ਦੁਨੀਆਂ ਦਾ ਅੰਤ ਬਹੁਤ ਨੇੜੇ ਹੈ? ਕੀ ਪੜ੍ਹਾਈ-ਲਿਖਾਈ ਅਤੇ ਕੰਮ-ਧੰਦੇ ਬਾਰੇ ਕੀਤੇ ਮੇਰੇ ਫ਼ੈਸਲਿਆਂ ਤੋਂ ਪਤਾ ਲੱਗਦਾ ਹੈ ਕਿ ਮੇਰੇ ਲਈ ਯਹੋਵਾਹ ਦੀ ਸੇਵਾ ਕਰਨੀ ਸਭ ਤੋਂ ਜ਼ਿਆਦਾ ਅਹਿਮ ਹੈ? ਕੀ ਮੈਨੂੰ ਭਰੋਸਾ ਹੈ ਕਿ ਯਹੋਵਾਹ ਮੇਰੀਆਂ ਤੇ ਮੇਰੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰੇਗਾ? ਜਾਂ ਫਿਰ ਕੀ ਮੈਨੂੰ ਪੈਸੇ-ਧੇਲੇ ਜਾਂ ਚੀਜ਼ਾਂ ਦੀ ਹੀ ਚਿੰਤਾ ਸਤਾਉਂਦੀ ਰਹਿੰਦੀ ਹੈ?’ ਜ਼ਰਾ ਸੋਚੋ, ਯਹੋਵਾਹ ਨੂੰ ਇਹ ਦੇਖ ਕੇ ਕਿੰਨੀ ਖ਼ੁਸ਼ੀ ਹੁੰਦੀ ਹੋਣੀ ਕਿ ਅਸੀਂ ਹਰ ਛੋਟਾ-ਵੱਡਾ ਫ਼ੈਸਲਾ ਉਸ ਦੀ ਇੱਛਾ ਮੁਤਾਬਕ ਕਰਦੇ ਹਾਂ।—ਮੱਤੀ 6:25-27, 33; ਫ਼ਿਲਿ. 4:12, 13.
6. ਸਾਨੂੰ ਕੀ ਕਰਦੇ ਰਹਿਣਾ ਚਾਹੀਦਾ ਹੈ?
6 ਸਾਨੂੰ ਬਾਕਾਇਦਾ ਆਪਣੀ ਸੋਚ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਫਿਰ ਜ਼ਰੂਰੀ ਬਦਲਾਅ ਵੀ ਕਰਨੇ ਚਾਹੀਦੇ ਹਨ। ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਕਿਹਾ: “ਆਪਣੇ ਆਪ ਨੂੰ ਪਰਖਦੇ ਰਹੋ ਕਿ ਤੁਸੀਂ ਮਸੀਹੀ ਰਾਹ ਉੱਤੇ ਚੱਲ ਰਹੇ ਹੋ ਜਾਂ ਨਹੀਂ; ਆਪਣੀ ਜਾਂਚ ਕਰਦੇ ਰਹੋ ਕਿ ਤੁਸੀਂ ਕਿਹੋ ਜਿਹੇ ਇਨਸਾਨ ਹੋ।” (2 ਕੁਰਿੰ. 13:5) ‘ਮਸੀਹੀ ਰਾਹ ਉੱਤੇ ਚੱਲਦੇ ਰਹਿਣ’ ਦਾ ਮਤਲਬ ਸਿਰਫ਼ ਇਹੀ ਨਹੀਂ ਹੈ ਕਿ ਅਸੀਂ ਸਮੇਂ-ਸਮੇਂ ਤੇ ਮੀਟਿੰਗਾਂ ਅਤੇ ਪ੍ਰਚਾਰ ਤੇ ਜਾਈਏ, ਸਗੋਂ ਸਾਡੀਆਂ ਸੋਚਾਂ, ਇੱਛਾਵਾਂ ਅਤੇ ਇਰਾਦਿਆਂ ਤੋਂ ਵੀ ਪਤਾ ਲੱਗਦਾ ਹੈ ਕਿ ਅਸੀਂ ਮਸੀਹੀ ਰਾਹ ʼਤੇ ਚੱਲ ਰਹੇ ਹਾਂ ਜਾਂ ਨਹੀਂ। ਇਸ ਲਈ ਆਪਣੀ ਸੋਚ ਨੂੰ ਬਦਲਦੇ ਰਹਿਣ ਲਈ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਪੜ੍ਹੀਏ, ਉਸ ਵਾਂਗ ਸੋਚੀਏ ਅਤੇ ਯਹੋਵਾਹ ਦੀ ਇੱਛਾ ਮੁਤਾਬਕ ਹੀ ਹਰ ਕੰਮ ਕਰਨ ਦੀ ਕੋਸ਼ਿਸ਼ ਕਰਦੇ ਰਹੀਏ।—1 ਕੁਰਿੰ. 2:14-16.
“ਨਵੇਂ ਸੁਭਾਅ ਨੂੰ ਪਹਿਨ ਲਓ”
7. ਅਫ਼ਸੀਆਂ 4:31, 32 ਮੁਤਾਬਕ ਸਾਨੂੰ ਕੀ ਕਰਨ ਦੀ ਲੋੜ ਹੈ ਅਤੇ ਇਸ ਤਰ੍ਹਾਂ ਕਰਨਾ ਔਖਾ ਕਿਉਂ ਹੋ ਸਕਦਾ ਹੈ?
7 ਅਫ਼ਸੀਆਂ 4:31, 32 ਪੜ੍ਹੋ। ਆਪਣੀ ਸੋਚ ਨੂੰ ਬਦਲਣ ਦੇ ਨਾਲ-ਨਾਲ ਸਾਨੂੰ ‘ਨਵੇਂ ਸੁਭਾਅ ਨੂੰ ਪਹਿਨਣ’ ਦੀ ਲੋੜ ਹੈ। (ਅਫ਼. 4:24) ਇਸ ਤਰ੍ਹਾਂ ਕਰਨ ਲਈ ਸਾਨੂੰ ਮਿਹਨਤ ਕਰਨ ਦੀ ਲੋੜ ਹੈ। ਕਿਉਂ? ਕਿਉਂਕਿ ਕੁਝ ਔਗੁਣ ਇੱਦਾਂ ਦੇ ਹੁੰਦੇ ਹਨ ਜਿਨ੍ਹਾਂ ਦੀਆਂ ਜੜ੍ਹਾਂ ਸਾਡੇ ਅੰਦਰ ਬਹੁਤ ਡੂੰਘੀਆਂ ਹੁੰਦੀਆਂ ਹਨ, ਜਿਵੇਂ ਕਿ ਵੈਰ, ਗੁੱਸਾ ਅਤੇ ਕ੍ਰੋਧ। ਇਨ੍ਹਾਂ ਔਗੁਣਾਂ ਨੂੰ ਜੜ੍ਹੋਂ ਪੁੱਟ ਸੁੱਟਣਾ ਬਹੁਤ ਔਖਾ ਹੋ ਸਕਦਾ ਹੈ। ਉਦਾਹਰਣ ਲਈ, ਬਾਈਬਲ ਵਿਚ ਦੱਸਿਆ ਗਿਆ ਹੈ ਕਿ ਕੁਝ ਲੋਕ “ਝੱਟ ਕ੍ਰੋਧ” ਕਰ ਲੈਂਦੇ ਹਨ ਜਾਂ ‘ਗੱਲ-ਗੱਲ ʼਤੇ ਭੜਕ’ ਉੱਠਦੇ ਹਨ। (ਕਹਾ. 29:22) ਸ਼ਾਇਦ ਕੁਝ ਭੈਣਾਂ-ਭਰਾਵਾਂ ਨੂੰ ਬਪਤਿਸਮੇ ਤੋਂ ਬਾਅਦ ਵੀ ਅਜਿਹੇ ਔਗੁਣਾਂ ਨੂੰ ਜੜ੍ਹੋਂ ਪੁੱਟਣ ਲਈ ਲਗਾਤਾਰ ਮਿਹਨਤ ਕਰਨੀ ਪਵੇ। ਆਓ ਇਕ ਭਰਾ ਦੇ ਤਜਰਬੇ ʼਤੇ ਗੌਰ ਕਰੀਏ ਜਿਸ ਨੂੰ ਇੱਦਾਂ ਕਰਨਾ ਪਿਆ।
8-9. ਭਰਾ ਸਟੀਵਨ ਦੇ ਤਜਰਬੇ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਸਾਨੂੰ ਪੁਰਾਣੇ ਸੁਭਾਅ ਨੂੰ ਲਾਹੁੰਦੇ ਰਹਿਣ ਲਈ ਲਗਾਤਾਰ ਮਿਹਨਤ ਕਰਨੀ ਪੈਣੀ?
8 ਭਰਾ ਸਟੀਵਨ ਨੂੰ ਆਪਣੇ ਗੁੱਸੇ ʼਤੇ ਕਾਬੂ ਰੱਖਣਾ ਬਹੁਤ ਮੁਸ਼ਕਲ ਲੱਗਦਾ ਸੀ। ਉਹ ਦੱਸਦਾ ਹੈ: “ਬਪਤਿਸਮਾ ਲੈਣ ਤੋਂ ਬਾਅਦ ਵੀ ਮੈਨੂੰ ਆਪਣੇ ਗੁੱਸੇ ʼਤੇ ਕਾਬੂ ਪਾਉਣ ਲਈ ਜੱਦੋ-ਜਹਿਦ ਕਰਨੀ ਪਈ। ਮਿਸਾਲ ਲਈ, ਇਕ ਵਾਰ ਅਸੀਂ ਘਰ-ਘਰ ਪ੍ਰਚਾਰ ਕਰ ਰਹੇ ਸੀ। ਇਕ ਚੋਰ ਮੇਰੀ ਗੱਡੀ ਵਿੱਚੋਂ ਰੇਡੀਓ ਕੱਢ ਕੇ ਭੱਜਾ। ਮੈਂ ਉਸ ਦਾ ਪਿੱਛਾ ਕੀਤਾ। ਮੈਂ ਜਿੱਦਾਂ ਹੀ ਉਸ ਦੇ ਨੇੜੇ ਪਹੁੰਚਿਆ, ਉਹ ਰੇਡੀਓ ਸੁੱਟ ਕੇ ਦੌੜ ਗਿਆ। ਬਾਅਦ ਵਿਚ ਜਦੋਂ ਮੈਂ ਭੈਣਾਂ-ਭਰਾਵਾਂ ਨੂੰ ਦੱਸਿਆ ਕਿ ਮੈਂ ਆਪਣਾ ਰੇਡੀਓ ਵਾਪਸ ਕਿਵੇਂ ਲਿਆ, ਤਾਂ ਇਕ ਬਜ਼ੁਰਗ ਨੇ ਮੈਨੂੰ ਪੁੱਛਿਆ: ‘ਸਟੀਵਨ, ਜੇ ਤੂੰ ਉਸ ਚੋਰ ਨੂੰ ਫੜ ਲੈਂਦਾ, ਤਾਂ ਤੂੰ ਉਸ ਨਾਲ ਕੀ ਕਰਦਾ?’ ਇਸ ਸਵਾਲ ਨੇ ਮੈਨੂੰ ਸੋਚਾਂ ਵਿਚ ਪਾ ਦਿੱਤਾ ਅਤੇ ਮੈਂ ਸੋਚ ਲਿਆ ਕਿ ਮੈਂ ਦੂਜਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗਾ।”b
9 ਅਸੀਂ ਭਰਾ ਸਟੀਵਨ ਤੋਂ ਕੀ ਸਿੱਖ ਸਕਦੇ ਹਾਂ? ਸ਼ਾਇਦ ਸਾਨੂੰ ਲੱਗੇ ਕਿ ਅਸੀਂ ਆਪਣਾ ਸੁਭਾਅ ਬਦਲ ਲਿਆ ਹੈ, ਪਰ ਫਿਰ ਅਚਾਨਕ ਕੁਝ ਅਜਿਹਾ ਹੋ ਜਾਂਦਾ ਹੈ ਕਿ ਸਾਡਾ ਪੁਰਾਣਾ ਸੁਭਾਅ ਸਾਮ੍ਹਣੇ ਆ ਜਾਂਦਾ ਹੈ। ਜੇ ਤੁਹਾਡੇ ਨਾਲ ਵੀ ਇੱਦਾਂ ਹੁੰਦਾ ਹੈ, ਤਾਂ ਨਿਰਾਸ਼ ਨਾ ਹੋਵੋ ਅਤੇ ਇਹ ਨਾ ਸੋਚੋ ਕਿ ਤੁਸੀਂ ਚੰਗੇ ਮਸੀਹੀ ਬਣ ਹੀ ਨਹੀਂ ਸਕਦੇ। ਇੱਥੋਂ ਤਕ ਕਿ ਪੌਲੁਸ ਰਸੂਲ ਨੇ ਵੀ ਇਹ ਗੱਲ ਮੰਨੀ: “ਜਦੋਂ ਮੈਂ ਸਹੀ ਕੰਮ ਕਰਨਾ ਚਾਹੁੰਦਾ ਹਾਂ, ਤਾਂ ਮੇਰਾ ਝੁਕਾਅ ਬੁਰੇ ਕੰਮ ਕਰਨ ਵੱਲ ਹੁੰਦਾ ਹੈ।” (ਰੋਮੀ. 7:21-23) ਜਿੱਦਾਂ ਵਾਰ-ਵਾਰ ਸਫ਼ਾਈ ਕਰਨ ਤੋਂ ਬਾਅਦ ਵੀ ਮਿੱਟੀ-ਘੱਟਾ ਘਰ ਵਿਚ ਆ ਜਾਂਦਾ ਹੈ, ਉਸੇ ਤਰ੍ਹਾਂ ਨਾਮੁਕੰਮਲ ਹੋਣ ਕਰਕੇ ਬਪਤਿਸਮੇ ਤੋਂ ਬਾਅਦ ਵੀ ਸਾਡੇ ਵਿਚ ਪੁਰਾਣੇ ਸੁਭਾਅ ਦੇ ਕੁਝ ਔਗੁਣ ਵਾਪਸ ਆਉਂਦੇ ਰਹਿੰਦੇ ਹਨ। ਇਸ ਲਈ ਇਨ੍ਹਾਂ ਨੂੰ ਜੜ੍ਹੋਂ ਪੁੱਟ ਸੁੱਟਣ ਲਈ ਸਾਨੂੰ ਲਗਾਤਾਰ ਮਿਹਨਤ ਕਰਦੇ ਰਹਿਣ ਦੀ ਲੋੜ ਹੈ। ਅਸੀਂ ਇਹ ਕਿਵੇਂ ਕਰ ਸਕਦੇ ਹਾਂ?
10. ਕਿਸੇ ਬੁਰੀ ਆਦਤ ਨੂੰ ਛੱਡਣ ਲਈ ਅਸੀਂ ਕੋਸ਼ਿਸ਼ ਕਿਵੇਂ ਕਰਦੇ ਰਹਿ ਸਕਦੇ ਹਾਂ? (1 ਯੂਹੰਨਾ 5:14, 15)
10 ਜੇ ਤੁਹਾਨੂੰ ਕੋਈ ਔਗੁਣ ਛੱਡਣ ਵਿਚ ਮੁਸ਼ਕਲ ਆ ਰਹੀ ਹੈ, ਤਾਂ ਯਹੋਵਾਹ ਨੂੰ ਉਸ ਬਾਰੇ ਪ੍ਰਾਰਥਨਾ ਕਰੋ। ਨਾਲੇ ਭਰੋਸਾ ਰੱਖੋ ਕਿ ਉਹ ਤੁਹਾਡੀ ਪ੍ਰਾਰਥਨਾ ਸੁਣੇਗਾ ਅਤੇ ਤੁਹਾਡੀ ਮਦਦ ਵੀ ਕਰੇਗਾ। (1 ਯੂਹੰਨਾ 5:14, 15 ਪੜ੍ਹੋ।) ਉਹ ਤੁਹਾਡੇ ਵਿੱਚੋਂ ਉਹ ਔਗੁਣ ਕੱਢਣ ਲਈ ਕੋਈ ਚਮਤਕਾਰ ਨਹੀਂ ਕਰੇਗਾ। ਇਸ ਦੀ ਬਜਾਇ, ਉਹ ਤੁਹਾਨੂੰ ਇਸ ʼਤੇ ਕਾਬੂ ਪਾਉਣ ਦੀ ਤਾਕਤ ਦੇਵੇਗਾ। (1 ਪਤ. 5:10) ਇਸ ਦੇ ਨਾਲ-ਨਾਲ ਤੁਹਾਨੂੰ ਆਪਣੀਆਂ ਪ੍ਰਾਰਥਨਾਵਾਂ ਮੁਤਾਬਕ ਕਦਮ ਵੀ ਚੁੱਕਣੇ ਪੈਣਗੇ। ਤੁਹਾਨੂੰ ਉਨ੍ਹਾਂ ਸਾਰੇ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਨ੍ਹਾਂ ਕਰਕੇ ਤੁਹਾਡਾ ਪੁਰਾਣਾ ਸੁਭਾਅ ਫਿਰ ਤੋਂ ਵਾਪਸ ਆ ਸਕਦਾ ਹੈ। ਉਦਾਹਰਣ ਲਈ, ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਅਜਿਹੀਆਂ ਫ਼ਿਲਮਾਂ ਤੇ ਟੀ. ਵੀ. ਪ੍ਰੋਗ੍ਰਾਮ ਨਾ ਦੇਖੋ ਜਾਂ ਅਜਿਹੀਆਂ ਕਹਾਣੀਆਂ ਨਾ ਪੜ੍ਹੋ ਜਿਨ੍ਹਾਂ ਵਿਚ ਬੁਰੀਆਂ ਆਦਤਾਂ ਨੂੰ ਇੱਦਾਂ ਦਿਖਾਇਆ ਗਿਆ ਹੁੰਦਾ ਕਿ ਉਹ ਇੰਨੀਆਂ ਵੀ ਬੁਰੀਆਂ ਨਹੀਂ ਲੱਗਦੀਆਂ। ਨਾਲੇ ਸਾਨੂੰ ਆਪਣੇ ਮਨ ਵਿਚ ਬੁਰੀਆਂ ਇੱਛਾਵਾਂ ਨੂੰ ਨਹੀਂ ਪਲ਼ਣ ਦੇਣਾ ਚਾਹੀਦਾ।—ਫ਼ਿਲਿ. 4:8; ਕੁਲੁ. 3:2.
11. ਨਵੇਂ ਸੁਭਾਅ ਨੂੰ ਪਹਿਨੀ ਰੱਖਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
11 ਚਾਹੇ ਕਿ ਤੁਸੀਂ ਪੁਰਾਣਾ ਸੁਭਾਅ ਲਾਹ ਕੇ ਸੁੱਟ ਦਿੱਤਾ ਹੈ, ਪਰ ਤੁਹਾਨੂੰ ਨਵੇਂ ਸੁਭਾਅ ਨੂੰ ਵੀ ਪਹਿਨੀ ਰੱਖਣ ਦੀ ਲੋੜ ਹੈ। ਤੁਸੀਂ ਇਹ ਕਿਵੇਂ ਕਰ ਸਕਦੇ ਹੋ? ਯਹੋਵਾਹ ਦੇ ਗੁਣਾਂ ਬਾਰੇ ਜਾਣਨ ਅਤੇ ਉਨ੍ਹਾਂ ਦੀ ਰੀਸ ਕਰਨ ਦਾ ਟੀਚਾ ਰੱਖੋ। (ਅਫ਼. 5:1, 2) ਉਦਾਹਰਣ ਲਈ, ਜਦੋਂ ਤੁਸੀਂ ਬਾਈਬਲ ਵਿੱਚੋਂ ਪੜ੍ਹਦੇ ਹੋ ਕਿ ਯਹੋਵਾਹ ਮਾਫ਼ ਕਰਨ ਵਾਲਾ ਪਰਮੇਸ਼ੁਰ ਹੈ, ਤਾਂ ਖ਼ੁਦ ਨੂੰ ਪੁੱਛੋ: ‘ਕੀ ਮੈਂ ਵੀ ਦੂਜਿਆਂ ਨੂੰ ਮਾਫ਼ ਕਰਦਾ ਹਾਂ?’ ਨਾਲੇ ਜਦੋਂ ਤੁਸੀਂ ਬਾਈਬਲ ਵਿੱਚੋਂ ਪੜ੍ਹਦੇ ਹੋ ਕਿ ਯਹੋਵਾਹ ਗ਼ਰੀਬਾਂ ਨਾਲ ਦਇਆ ਤੇ ਹਮਦਰਦੀ ਨਾਲ ਪੇਸ਼ ਆਉਂਦਾ ਹੈ, ਤਾਂ ਖ਼ੁਦ ਨੂੰ ਪੁੱਛੋ: ‘ਕੀ ਮੇਰੇ ਦਿਲ ਵਿਚ ਵੀ ਲੋੜਵੰਦ ਭੈਣਾਂ-ਭਰਾਵਾਂ ਲਈ ਦਇਆ ਤੇ ਹਮਦਰਦੀ ਹੈ? ਕੀ ਮੈਂ ਉਨ੍ਹਾਂ ਦੀ ਮਦਦ ਕਰਦਾ ਹਾਂ?’ ਨਵੇਂ ਸੁਭਾਅ ਨੂੰ ਪਹਿਨੀ ਰੱਖਣ ਲਈ ਆਪਣੀ ਸੋਚ ਨੂੰ ਬਦਲਦੇ ਰਹੋ। ਇਸ ਤਰ੍ਹਾਂ ਕਰਦਿਆਂ ਧੀਰਜ ਰੱਖੋ।
12. ਸਟੀਵਨ ਦੇ ਤਜਰਬੇ ਤੋਂ ਕਿੱਦਾਂ ਪਤਾ ਲੱਗਦਾ ਹੈ ਕਿ ਬਾਈਬਲ ਵਿਚ ਜ਼ਿੰਦਗੀਆਂ ਬਦਲਣ ਦੀ ਤਾਕਤ ਹੈ?
12 ਪਹਿਲਾਂ ਜ਼ਿਕਰ ਕੀਤੇ ਗਏ ਸਟੀਵਨ ਨੇ ਦੇਖਿਆ ਕਿ ਉਹ ਹੌਲੀ-ਹੌਲੀ ਨਵੇਂ ਸੁਭਾਅ ਨੂੰ ਪਹਿਨ ਸਕਿਆ। ਉਹ ਦੱਸਦਾ ਹੈ: “ਬਪਤਿਸਮੇ ਤੋਂ ਬਾਅਦ ਵੀ ਮੈਂ ਇੱਦਾਂ ਦੇ ਕਈ ਹਾਲਾਤਾਂ ਵਿੱਚੋਂ ਗੁਜ਼ਰਿਆ ਜਦੋਂ ਮੈਂ ਆਪੇ ਤੋਂ ਬਾਹਰ ਹੋ ਸਕਦਾ ਸੀ। ਇਨ੍ਹਾਂ ਹਾਲਾਤਾਂ ਵਿਚ ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੈਂ ਜਾਂ ਤਾਂ ਉਨ੍ਹਾਂ ਲੋਕਾਂ ਤੋਂ ਦੂਰ ਚਲਾ ਜਾਵਾਂ ਜਿਹੜੇ ਮੈਨੂੰ ਗੁੱਸਾ ਚੜ੍ਹਾਉਂਦੇ ਹਨ ਜਾਂ ਫਿਰ ਸ਼ਾਂਤ ਰਹਿ ਕੇ ਮਸਲੇ ਨੂੰ ਹੱਲ ਕਰਾਂ। ਮੇਰੀ ਪਤਨੀ ਅਤੇ ਹੋਰ ਲੋਕਾਂ ਨੇ ਮੇਰੀ ਇਸ ਗੱਲੋਂ ਤਾਰੀਫ਼ ਕੀਤੀ ਕਿ ਮੈਂ ਸ਼ਾਂਤ ਰਹਿ ਕੇ ਇੱਦਾਂ ਦੇ ਮਸਲਿਆਂ ਨੂੰ ਸੁਲਝਾਇਆ ਹੈ। ਮੈਂ ਆਪ ਵੀ ਇਸ ਗੱਲੋਂ ਬਹੁਤ ਹੈਰਾਨ ਸੀ! ਮੇਰੇ ਵਿਚ ਜੋ ਵੀ ਤਬਦੀਲੀਆਂ ਆਈਆਂ ਹਨ, ਮੈਂ ਉਨ੍ਹਾਂ ਦਾ ਸਿਹਰਾ ਆਪਣੇ ਸਿਰ ਨਹੀਂ ਲੈਂਦਾ। ਇਸ ਦੀ ਬਜਾਇ, ਮੈਂ ਇਹ ਮੰਨਦਾ ਹਾਂ ਕਿ ਰੱਬ ਦੇ ਬਚਨ ਬਾਈਬਲ ਵਿਚ ਜ਼ਿੰਦਗੀਆਂ ਬਦਲਣ ਦੀ ਤਾਕਤ ਹੈ।”
ਗ਼ਲਤ ਇੱਛਾਵਾਂ ਨਾਲ ਲੜਦੇ ਰਹੋ
13. ਸਹੀ ਕੰਮ ਕਰਦੇ ਰਹਿਣ ਲਈ ਅਸੀਂ ਕਿਹੜੇ ਕੰਮ ਕਰਦੇ ਰਹਿ ਸਕਦੇ ਹਾਂ? (ਗਲਾਤੀਆਂ 5:16)
13 ਗਲਾਤੀਆਂ 5:16 ਪੜ੍ਹੋ। ਜਦੋਂ ਅਸੀਂ ਗ਼ਲਤ ਇੱਛਾਵਾਂ ਨਾਲ ਲੜਨ ਤੇ ਸਹੀ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਯਹੋਵਾਹ ਖੁੱਲ੍ਹੇ ਦਿਲ ਨਾਲ ਸਾਨੂੰ ਆਪਣੀ ਪਵਿੱਤਰ ਸ਼ਕਤੀ ਦਿੰਦਾ ਹੈ। ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰ ਕੇ ਅਸੀਂ ਉਸ ਦੀ ਪਵਿੱਤਰ ਸ਼ਕਤੀ ਨੂੰ ਆਪਣੇ ʼਤੇ ਅਸਰ ਕਰਨ ਦਿੰਦੇ ਹਾਂ। ਮੀਟਿੰਗਾਂ ਵਿਚ ਜਾ ਕੇ ਵੀ ਸਾਨੂੰ ਉਸ ਦੀ ਪਵਿੱਤਰ ਸ਼ਕਤੀ ਮਿਲਦੀ ਹੈ। ਮੀਟਿੰਗਾਂ ਵਿਚ ਅਸੀਂ ਅਜਿਹੇ ਭੈਣਾਂ-ਭਰਾਵਾਂ ਨੂੰ ਮਿਲਦੇ ਹਾਂ ਜੋ ਸਾਡੇ ਵਾਂਗ ਸਹੀ ਕੰਮ ਕਰਨ ਲਈ ਜਦੋਂ-ਜਹਿਦ ਕਰ ਰਹੇ ਹੁੰਦੇ ਹਨ। ਨਾਲੇ ਇਨ੍ਹਾਂ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾ ਕੇ ਸਾਨੂੰ ਹੱਲਾਸ਼ੇਰੀ ਮਿਲਦੀ ਹੈ। (ਇਬ. 10:24, 25; 13:7) ਇਸ ਤੋਂ ਇਲਾਵਾ, ਜਦੋਂ ਅਸੀਂ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰਦੇ ਹਾਂ ਅਤੇ ਆਪਣੀਆਂ ਕਮੀਆਂ-ਕਮਜ਼ੋਰੀਆਂ ʼਤੇ ਕਾਬੂ ਪਾਉਣ ਲਈ ਉਸ ਅੱਗੇ ਤਰਲੇ ਕਰਦੇ ਹਾਂ, ਤਾਂ ਉਹ ਸਾਨੂੰ ਇਨ੍ਹਾਂ ਨਾਲ ਲੜਦੇ ਰਹਿਣ ਲਈ ਆਪਣੀ ਪਵਿੱਤਰ ਸ਼ਕਤੀ ਦਿੰਦਾ ਹੈ। ਇਹ ਸਭ ਕੁਝ ਕਰਨ ਨਾਲ ਸਾਡੀਆਂ ਗ਼ਲਤ ਇੱਛਾਵਾਂ ਖ਼ਤਮ ਤਾਂ ਨਹੀਂ ਹੁੰਦੀਆਂ, ਪਰ ਇਨ੍ਹਾਂ ਵਿਚ ਲੱਗੇ ਰਹਿਣ ਨਾਲ ਸਾਡੇ ʼਤੇ ਇਹ ਇੱਛਾਵਾਂ ਹਾਵੀ ਨਹੀਂ ਹੁੰਦੀਆਂ। ਨਾਲੇ ਅਸੀਂ ਗ਼ਲਤ ਕੰਮ ਕਰਨ ਤੋਂ ਖ਼ੁਦ ਨੂੰ ਰੋਕ ਪਾਉਂਦੇ ਹਾਂ। ਗਲਾਤੀਆਂ 5:16 ਵਿਚ ਵੀ ਲਿਖਿਆ ਹੈ ਕਿ ਜੋ ਪਵਿੱਤਰ ਸ਼ਕਤੀ ਅਨੁਸਾਰ ਚੱਲਦੇ ਰਹਿੰਦੇ ਹਨ, ਉਹ ‘ਸਰੀਰ ਦੀ ਕੋਈ ਵੀ ਗ਼ਲਤ ਇੱਛਾ ਪੂਰੀ ਨਹੀਂ ਕਰਦੇ।’
14. ਸਾਨੂੰ ਆਪਣੇ ਅੰਦਰ ਚੰਗੀਆਂ ਇੱਛਾਵਾਂ ਕਿਉਂ ਪੈਦਾ ਕਰਦੇ ਰਹਿਣਾ ਚਾਹੀਦਾ ਹੈ?
14 ਜਿਨ੍ਹਾਂ ਕੰਮਾਂ ਕਰਕੇ ਸਾਡਾ ਯਹੋਵਾਹ ਨਾਲ ਵਧੀਆ ਰਿਸ਼ਤਾ ਬਣਦਾ ਹੈ, ਸਾਨੂੰ ਲਗਾਤਾਰ ਉਹ ਕੰਮ ਕਰਦੇ ਰਹਿਣਾ ਚਾਹੀਦਾ ਹੈ ਅਤੇ ਚੰਗੀਆਂ ਇੱਛਾਵਾਂ ਆਪਣੇ ਅੰਦਰ ਪੈਦਾ ਕਰਦੇ ਰਹਿਣਾ ਚਾਹੀਦਾ ਹੈ। ਕਿਉਂ? ਕਿਉਂਕਿ ਗ਼ਲਤ ਇੱਛਾਵਾਂ ਇਕ ਅਜਿਹੇ ਦੁਸ਼ਮਣ ਵਾਂਗ ਹਨ ਜੋ ਹਮੇਸ਼ਾ ਇਸ ਤਾਕ ਵਿਚ ਰਹਿੰਦਾ ਹੈ ਕਿ ਉਹ ਕਦੋਂ ਕਿਸੇ ਨੂੰ ਆਪਣਾ ਸ਼ਿਕਾਰ ਬਣਾਵੇ। ਹੋ ਸਕਦਾ ਹੈ ਕਿ ਬਪਤਿਸਮੇ ਤੋਂ ਬਾਅਦ ਵੀ ਅਸੀਂ ਉਨ੍ਹਾਂ ਕੰਮਾਂ ਵੱਲ ਖਿੱਚੇ ਜਾਈਏ ਜਿਨ੍ਹਾਂ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ, ਜਿਵੇਂ ਜੂਆ ਖੇਡਣਾ, ਹੱਦੋਂ ਵੱਧ ਸ਼ਰਾਬ ਪੀਣੀ ਜਾਂ ਅਸ਼ਲੀਲ ਫ਼ਿਲਮਾਂ ਤੇ ਤਸਵੀਰਾਂ ਦੇਖਣੀਆਂ। (ਅਫ਼. 5:3, 4) ਇਕ ਜਵਾਨ ਭਰਾ ਦੱਸਦਾ ਹੈ: “ਆਪਣੀ ਇਕ ਗ਼ਲਤ ਇੱਛਾ ʼਤੇ ਕਾਬੂ ਪਾਉਣਾ ਮੇਰੇ ਲਈ ਬਹੁਤ ਔਖਾ ਸੀ। ਮੈਨੂੰ ਮੁੰਡੇ ਪਸੰਦ ਸਨ ਅਤੇ ਮੈਂ ਅਕਸਰ ਉਨ੍ਹਾਂ ਵੱਲ ਖਿੱਚਿਆ ਜਾਂਦਾ ਸੀ। ਮੈਨੂੰ ਲੱਗਦਾ ਸੀ ਕਿ ਇਹ ਗ਼ਲਤ ਇੱਛਾ ਬੱਸ ਥੋੜ੍ਹੇ ਸਮੇਂ ਲਈ ਹੈ ਅਤੇ ਬਾਅਦ ਵਿਚ ਇਹ ਆਪਣੇ ਆਪ ਹੀ ਖ਼ਤਮ ਹੋ ਜਾਵੇਗੀ। ਪਰ ਅਜਿਹੇ ਖ਼ਿਆਲ ਹੁਣ ਵੀ ਮੇਰੇ ਮਨ ਵਿਚ ਆਉਂਦੇ ਰਹਿੰਦੇ ਹਨ।” ਜੇ ਤੁਹਾਡੇ ਮਨ ਵਿਚ ਵੀ ਕੋਈ ਬੁਰੀ ਇੱਛਾ ਆਉਂਦੀ ਹੈ, ਤਾਂ ਤੁਸੀਂ ਕਿਹੜੀ ਗੱਲ ਯਾਦ ਰੱਖ ਸਕਦੇ ਹੋ?
15. ਸਾਨੂੰ ਇਹ ਜਾਣ ਕੇ ਹੌਸਲਾ ਕਿਉਂ ਮਿਲਦਾ ਹੈ ਕਿ ਗ਼ਲਤ ਇੱਛਾਵਾਂ ਕਿਸੇ ਦੇ ਵੀ ਮਨ ਵਿਚ ਆ ਸਕਦੀਆਂ ਹਨ? (ਤਸਵੀਰ ਦੇਖੋ।)
15 ਜਦੋਂ ਤੁਸੀਂ ਕਿਸੇ ਗ਼ਲਤ ਇੱਛਾ ਨਾਲ ਲੜਨ ਦੀ ਪੂਰੀ ਕੋਸ਼ਿਸ਼ ਕਰਦੇ ਹੋ, ਤਾਂ ਯਾਦ ਰੱਖੋ ਕਿ ਤੁਹਾਡੇ ਵਾਂਗ ਹੋਰ ਭੈਣ-ਭਰਾ ਵੀ ਆਪਣੀਆਂ ਬੁਰੀਆਂ ਇੱਛਾਵਾਂ ਨਾਲ ਲੜਦੇ ਹਨ। ਬਾਈਬਲ ਕਹਿੰਦੀ ਹੈ: “ਤੁਹਾਡੇ ਉੱਤੇ ਅਜਿਹੀ ਕੋਈ ਪਰੀਖਿਆ ਨਹੀਂ ਆਈ ਜੋ ਦੂਸਰੇ ਲੋਕਾਂ ਉੱਤੇ ਨਾ ਆਈ ਹੋਵੇ।” (1 ਕੁਰਿੰ. 10:13ੳ) ਪੌਲੁਸ ਨੇ ਇਹ ਗੱਲ ਕੁਰਿੰਥੁਸ ਦੇ ਮਸੀਹੀਆਂ ਨੂੰ ਕਹੀ ਸੀ ਜਿਨ੍ਹਾਂ ਵਿੱਚੋਂ ਕੁਝ ਜਣੇ ਪਹਿਲਾਂ ਹਰਾਮਕਾਰ, ਸਮਲਿੰਗੀ ਅਤੇ ਸ਼ਰਾਬੀ ਸਨ। (1 ਕੁਰਿੰ. 6:9-11) ਕੀ ਬਪਤਿਸਮੇ ਤੋਂ ਬਾਅਦ ਉਨ੍ਹਾਂ ਦੇ ਮਨ ਵਿਚ ਕੋਈ ਵੀ ਗ਼ਲਤ ਇੱਛਾ ਨਹੀਂ ਆਈ ਹੋਣੀ? ਨਹੀਂ, ਇੱਦਾਂ ਬਿਲਕੁਲ ਵੀ ਨਹੀਂ ਸੀ। ਭਾਵੇਂ ਕਿ ਉਹ ਸਾਰੇ ਜਣੇ ਚੁਣੇ ਹੋਏ ਮਸੀਹੀ ਸਨ, ਪਰ ਹੈਗੇ ਤਾਂ ਨਾਮੁਕੰਮਲ ਸੀ। ਬਿਨਾਂ ਸ਼ੱਕ, ਉਨ੍ਹਾਂ ਨੂੰ ਵੀ ਕਦੇ-ਕਦੇ ਗ਼ਲਤ ਇੱਛਾਵਾਂ ਨਾਲ ਲੜਨਾ ਪੈਂਦਾ ਸੀ। ਇਹ ਗੱਲ ਜਾਣ ਕੇ ਸਾਨੂੰ ਹੌਸਲਾ ਕਿਉਂ ਮਿਲਦਾ ਹੈ? ਕਿਉਂਕਿ ਬਹੁਤ ਸਾਰੇ ਭੈਣ-ਭਰਾ ਆਪਣੀਆਂ ਗ਼ਲਤ ਇੱਛਾਵਾਂ ʼਤੇ ਜਿੱਤ ਹਾਸਲ ਕਰ ਸਕੇ ਹਨ। ਇਸ ਲਈ ਅਸੀਂ ਵੀ ਜਿੱਤ ਹਾਸਲ ਕਰ ਸਕਦੇ ਹਾਂ। ਜੀ ਹਾਂ, ‘ਤੁਸੀਂ ਆਪਣੀ ਨਿਹਚਾ ਨੂੰ ਮਜ਼ਬੂਤ ਰੱਖ ਸਕਦੇ ਹੋ ਅਤੇ ਯਾਦ ਰੱਖੋ ਕਿ ਦੁਨੀਆਂ ਭਰ ਵਿਚ ਤੁਹਾਡੇ ਸਾਰੇ ਭਰਾ ਇਹੋ ਜਿਹੇ ਦੁੱਖ ਝੱਲ ਰਹੇ ਹਨ।’—1 ਪਤ. 5:9.
16. ਸਾਨੂੰ ਕਿਹੜੇ ਖ਼ਤਰੇ ਵਿਚ ਪੈਣ ਤੋਂ ਬਚਣਾ ਚਾਹੀਦਾ ਹੈ ਅਤੇ ਕਿਉਂ?
16 ਕਦੀ ਵੀ ਇਹ ਨਾ ਸੋਚੋ ਕਿ ਕੋਈ ਵੀ ਨਹੀਂ ਸਮਝ ਸਕਦਾ ਕਿ ਤੁਸੀਂ ਕਿਹੜੀ ਕਮੀ-ਕਮਜ਼ੋਰੀ ਨਾਲ ਲੜ ਰਹੇ ਹੋ। ਅਜਿਹੀ ਸੋਚ ਤੁਹਾਡੇ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਇਸ ਕਰਕੇ ਤੁਸੀਂ ਨਿਰਾਸ਼ ਹੋ ਸਕਦੇ ਹੋ ਅਤੇ ਗ਼ਲਤ ਇੱਛਾਵਾਂ ਨਾਲ ਲੜਨ ਵਿਚ ਹਾਰ ਮੰਨ ਸਕਦੇ ਹੋ। ਪਰ ਬਾਈਬਲ ਕਹਿੰਦੀ ਹੈ ਕਿ “ਪਰਮੇਸ਼ੁਰ ਵਫ਼ਾਦਾਰ ਹੈ। ਇਸ ਲਈ ਜਿੰਨਾ ਤੁਸੀਂ ਬਰਦਾਸ਼ਤ ਕਰ ਸਕਦੇ ਹੋ, ਉਸ ਤੋਂ ਵੱਧ ਉਹ ਤੁਹਾਨੂੰ ਪਰੀਖਿਆ ਵਿਚ ਨਹੀਂ ਪੈਣ ਦੇਵੇਗਾ। ਇਸ ਦੀ ਬਜਾਇ, ਉਹ ਪਰੀਖਿਆ ਦੇ ਵੇਲੇ ਤੁਹਾਡੇ ਲਈ ਰਾਹ ਵੀ ਖੋਲ੍ਹ ਦੇਵੇਗਾ ਤਾਂਕਿ ਤੁਸੀਂ ਉਸ ਪਰੀਖਿਆ ਦਾ ਸਾਮ੍ਹਣਾ ਕਰ ਸਕੋ।” (1 ਕੁਰਿੰ. 10:13ਅ) ਜਦੋਂ ਗ਼ਲਤ ਇੱਛਾਵਾਂ ਸਾਡੇ ʼਤੇ ਹਾਵੀ ਹੋਣ ਲੱਗਣ, ਤਾਂ ਅਸੀਂ ਯਹੋਵਾਹ ਦੀ ਮਦਦ ਨਾਲ ਉਨ੍ਹਾਂ ʼਤੇ ਕਾਬੂ ਪਾ ਸਕਦੇ ਹਾਂ ਅਤੇ ਗ਼ਲਤ ਕਦਮ ਚੁੱਕਣ ਤੋਂ ਬਚ ਸਕਦੇ ਹਾਂ।
17. ਚਾਹੇ ਅਸੀਂ ਗ਼ਲਤ ਇੱਛਾਵਾਂ ਨੂੰ ਆਪਣੇ ਮਨ ਵਿਚ ਆਉਣ ਤੋਂ ਪੂਰੀ ਤਰ੍ਹਾਂ ਰੋਕ ਨਹੀਂ ਸਕਦੇ, ਪਰ ਅਸੀਂ ਕੀ ਕਰ ਸਕਦੇ ਹਾਂ?
17 ਹਮੇਸ਼ਾ ਯਾਦ ਰੱਖੋ: ਨਾਮੁਕੰਮਲ ਹੋਣ ਕਰਕੇ ਸ਼ਾਇਦ ਤੁਸੀਂ ਗ਼ਲਤ ਇੱਛਾਵਾਂ ਨੂੰ ਆਪਣੇ ਮਨ ਵਿਚ ਆਉਣ ਤੋਂ ਪੂਰੀ ਤਰ੍ਹਾਂ ਰੋਕ ਨਹੀਂ ਸਕਦੇ। ਪਰ ਜਦੋਂ ਵੀ ਤੁਹਾਡੇ ਮਨ ਵਿਚ ਕੋਈ ਗ਼ਲਤ ਇੱਛਾ ਆਵੇ, ਤਾਂ ਤੁਸੀਂ ਤੁਰੰਤ ਉਸ ਨੂੰ ਆਪਣੇ ਮਨ ਵਿੱਚੋਂ ਕੱਢ ਸਕਦੇ ਹੋ। ਯੂਸੁਫ਼ ਨੇ ਵੀ ਇੱਦਾਂ ਹੀ ਕੀਤਾ ਸੀ। ਉਹ ਪੋਟੀਫ਼ਰ ਦੀ ਤੀਵੀਂ ਕੋਲੋਂ ਫਟਾਫਟ ਭੱਜ ਗਿਆ। (ਉਤ. 39:12) ਗ਼ਲਤ ਇੱਛਾ ਦੇ ਬਹਿਕਾਵੇ ਵਿਚ ਆ ਕੇ ਕਦੇ ਵੀ ਕੋਈ ਗ਼ਲਤ ਕੰਮ ਨਾ ਕਰੋ!
ਲਗਾਤਾਰ ਮਿਹਨਤ ਕਰਦੇ ਰਹੋ
18-19. ਆਪਣੀ ਸੋਚ ਨੂੰ ਬਦਲਣ ਲਈ ਅਸੀਂ ਖ਼ੁਦ ਤੋਂ ਕਿਹੜੇ ਸਵਾਲ ਪੁੱਛ ਸਕਦੇ ਹਾਂ?
18 ਆਪਣੀ ਸੋਚ ਨੂੰ ਬਦਲਣ ਲਈ ਜ਼ਰੂਰੀ ਹੈ ਕਿ ਅਸੀਂ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੀਏ ਕਿ ਸਾਡੀ ਸੋਚ ਅਤੇ ਸਾਡੇ ਕੰਮ ਹਮੇਸ਼ਾ ਯਹੋਵਾਹ ਦੀ ਇੱਛਾ ਮੁਤਾਬਕ ਹੋਣ। ਇਸ ਲਈ ਸਾਨੂੰ ਬਾਕਾਇਦਾ ਆਪਣੀ ਜਾਂਚ ਕਰਨੀ ਚਾਹੀਦੀ ਹੈ ਅਤੇ ਖ਼ੁਦ ਨੂੰ ਪੁੱਛਣਾ ਚਾਹੀਦਾ ਹੈ: ‘ਕੀ ਮੇਰੇ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਮੈਂ ਮੰਨਦਾ ਹਾਂ ਕਿ ਅੰਤ ਬਹੁਤ ਨੇੜੇ ਹੈ? ਕੀ ਮੈਂ ਨਵੇਂ ਸੁਭਾਅ ਨੂੰ ਪਹਿਨਣ ਲਈ ਲਗਾਤਾਰ ਮਿਹਨਤ ਕਰ ਰਿਹਾ ਹਾਂ ਅਤੇ ਆਪਣੇ ਅੰਦਰ ਚੰਗੇ ਗੁਣ ਵਧਾ ਰਿਹਾ ਹਾਂ? ਕੀ ਮੈਂ ਯਹੋਵਾਹ ਦੀ ਪਵਿੱਤਰ ਸ਼ਕਤੀ ਨੂੰ ਆਪਣੇ ʼਤੇ ਅਸਰ ਪਾਉਣ ਦਿੰਦਾ ਹਾਂ ਤਾਂਕਿ ਮੈਂ ਗ਼ਲਤ ਇੱਛਾਵਾਂ ਦੇ ਬਹਿਕਾਵੇ ਵਿਚ ਨਾ ਆਵਾਂ?’
19 ਆਪਣੀ ਜਾਂਚ ਕਰਦਿਆਂ ਇਹ ਨਾ ਦੇਖੋ ਕਿ ਤੁਸੀਂ ਆਪਣੀ ਕਮੀ-ਕਮਜ਼ੋਰੀ ʼਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਹੈ ਜਾਂ ਨਹੀਂ, ਬਲਕਿ ਇਹ ਦੇਖੋ ਕਿ ਤੁਸੀਂ ਕਿੰਨਾ ਕੁ ਸੁਧਾਰ ਕਰ ਲਿਆ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਹੋਰ ਸੁਧਾਰ ਕਰਨ ਦੀ ਲੋੜ ਹੈ, ਤਾਂ ਨਿਰਾਸ਼ ਨਾ ਹੋਵੋ। ਇਸ ਦੀ ਬਜਾਇ, ਫ਼ਿਲਿੱਪੀਆਂ 3:16 ਵਿਚ ਦਿੱਤੀ ਇਹ ਸਲਾਹ ਮੰਨੋ: “ਅਸੀਂ ਜਿੱਥੋਂ ਤਕ ਤਰੱਕੀ ਕੀਤੀ ਹੈ, ਆਓ ਆਪਾਂ ਇਸ ਰਾਹ ʼਤੇ ਸਲੀਕੇ ਨਾਲ ਚੱਲਦੇ ਜਾਈਏ।” ਜਦੋਂ ਤੁਸੀਂ ਇਸ ਸਲਾਹ ਨੂੰ ਲਾਗੂ ਕਰਦੇ ਹੋ, ਤਾਂ ਪੱਕਾ ਭਰੋਸਾ ਰੱਖੋ ਕਿ ਆਪਣੀ ਸੋਚ ਨੂੰ ਬਦਲਦੇ ਰਹਿਣ ਲਈ ਤੁਸੀਂ ਜੋ ਵੀ ਮਿਹਨਤ ਕਰਦੇ ਹੋ, ਯਹੋਵਾਹ ਉਸ ʼਤੇ ਬਰਕਤ ਜ਼ਰੂਰ ਪਾਵੇਗਾ।
ਗੀਤ 36 ਦਿਲ ਦੀ ਰਾਖੀ ਕਰੋ
a ਪੌਲੁਸ ਰਸੂਲ ਨੇ ਆਪਣੇ ਸਮੇਂ ਦੇ ਮਸੀਹੀਆਂ ਨੂੰ ਸਲਾਹ ਦਿੱਤੀ ਸੀ ਕਿ ਉਹ ਦੁਨੀਆਂ ਦੀ ਸੋਚ ਦਾ ਅਸਰ ਆਪਣੇ ʼਤੇ ਨਾ ਪੈਣ ਦੇਣ। ਸਾਨੂੰ ਵੀ ਇਸ ਸਲਾਹ ਨੂੰ ਲਾਗੂ ਕਰ ਕੇ ਅੱਜ ਫ਼ਾਇਦਾ ਹੁੰਦਾ ਹੈ। ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਦੁਸ਼ਟ ਦੁਨੀਆਂ ਦੀ ਸੋਚ ਦਾ ਅਸਰ ਸਾਡੇ ʼਤੇ ਨਾ ਪਵੇ। ਇਸ ਲਈ ਸਾਨੂੰ ਹਮੇਸ਼ਾ ਆਪਣੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ। ਜਾਂਚ ਕਰਨ ਤੇ ਜੇ ਸਾਨੂੰ ਪਤਾ ਲੱਗਦਾ ਹੈ ਕਿ ਸਾਡੀ ਸੋਚ ਅਤੇ ਕੰਮ ਯਹੋਵਾਹ ਦੀ ਇੱਛਾ ਮੁਤਾਬਕ ਨਹੀਂ ਹਨ, ਤਾਂ ਸਾਨੂੰ ਇਨ੍ਹਾਂ ਨੂੰ ਸੁਧਾਰਨਾ ਚਾਹੀਦਾ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਇਹ ਕਿਵੇਂ ਕਰ ਸਕਦੇ ਹਾਂ।
b jw.org/pa ਵੈੱਬਸਾਈਟ ʼਤੇ “ਲਾਇਬ੍ਰੇਰੀ” > “ਕਿਤਾਬਾਂ ਅਤੇ ਬਰੋਸ਼ਰ” ਹੇਠਾਂ 1 ਜੁਲਾਈ 2015 ਦਾ ਲੇਖ “ਮੇਰੀ ਜ਼ਿੰਦਗੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਸੀ” ਦੇਖੋ।
c ਤਸਵੀਰ ਬਾਰੇ ਜਾਣਕਾਰੀ: ਇਕ ਨੌਜਵਾਨ ਭਰਾ ਸੋਚ ਰਿਹਾ ਹੈ ਕਿ ਉਸ ਨੂੰ ਹੋਰ ਜ਼ਿਆਦਾ ਪੜ੍ਹਾਈ ਕਰਨੀ ਚਾਹੀਦੀ ਹੈ ਜਾਂ ਫਿਰ ਪਾਇਨੀਅਰ ਸੇਵਾ ਸ਼ੁਰੂ ਕਰਨੀ ਚਾਹੀਦੀ ਹੈ।