ਕਹਾਣੀ 72
ਪਰਮੇਸ਼ੁਰ ਨੇ ਹਿਜ਼ਕੀਯਾਹ ਦੀ ਮਦਦ ਕੀਤੀ
ਤੁਹਾਨੂੰ ਪਤਾ ਇਹ ਆਦਮੀ ਯਹੋਵਾਹ ਅੱਗੇ ਪ੍ਰਾਰਥਨਾ ਕਿਉਂ ਕਰ ਰਿਹਾ ਹੈ? ਭਲਾ ਉਸ ਨੇ ਇਹ ਚਿੱਠੀਆਂ ਯਹੋਵਾਹ ਦੀ ਜਗਵੇਦੀ ਸਾਮ੍ਹਣੇ ਕਿਉਂ ਰੱਖੀਆਂ ਹਨ? ਇਸ ਆਦਮੀ ਦਾ ਨਾਮ ਹਿਜ਼ਕੀਯਾਹ ਹੈ। ਇਹ ਦੱਖਣੀ ਇਸਰਾਏਲ ਦੇ ਦੋ-ਗੋਤੀ ਰਾਜ ਦਾ ਰਾਜਾ ਹੈ। ਇਹ ਇਕ ਬਹੁਤ ਵੱਡੀ ਮੁਸੀਬਤ ਵਿਚ ਹੈ। ਤੁਹਾਨੂੰ ਪਤਾ ਇਹ ਮੁਸੀਬਤ ਕੀ ਸੀ? ਚਲੋ ਆਓ ਦੇਖੀਏ।
ਅੱਸ਼ੂਰੀ ਫ਼ੌਜਾਂ ਉੱਤਰੀ ਇਸਰਾਏਲ ਦੇ ਦਸ-ਗੋਤੀ ਰਾਜ ਦਾ ਨਾਸ ਕਰ ਕੇ ਹੁਣ ਦੱਖਣੀ ਇਸਰਾਏਲ ਦੇ ਦੋ ਗੋਤਾਂ ਨੂੰ ਤਬਾਹ ਕਰਨ ਆ ਰਹੀਆਂ ਸਨ। ਯਹੋਵਾਹ ਪਰਮੇਸ਼ੁਰ ਨੇ 10 ਗੋਤਾਂ ਨੂੰ ਇਸ ਲਈ ਤਬਾਹ ਹੋਣ ਦਿੱਤਾ ਕਿਉਂਕਿ ਉਹ ਬਹੁਤ ਬੁਰੇ ਕੰਮ ਕਰ ਰਹੇ ਸਨ।
ਆਉਣ ਤੋਂ ਪਹਿਲਾਂ ਅੱਸ਼ੂਰ ਦੇ ਰਾਜੇ ਨੇ ਹਿਜ਼ਕੀਯਾਹ ਨੂੰ ਚਿੱਠੀਆਂ ਲਿਖੀਆਂ ਅਤੇ ਹਿਜ਼ਕੀਯਾਹ ਨੇ ਇਹੀ ਚਿੱਠੀਆਂ ਯਹੋਵਾਹ ਅੱਗੇ ਰੱਖੀਆਂ। ਚਿੱਠੀਆਂ ਵਿਚ ਅੱਸ਼ੂਰ ਦੇ ਰਾਜੇ ਨੇ ਯਹੋਵਾਹ ਦਾ ਮਜ਼ਾਕ ਉਡਾਇਆ ਸੀ ਅਤੇ ਹਿਜ਼ਕੀਯਾਹ ਨੂੰ ਹਾਰ ਮੰਨਣ ਲਈ ਕਿਹਾ ਸੀ। ਇਸੇ ਲਈ ਤਸਵੀਰ ਵਿਚ ਹਿਜ਼ਕੀਯਾਹ ਯਹੋਵਾਹ ਅੱਗੇ ਪ੍ਰਾਰਥਨਾ ਕਰ ਰਿਹਾ ਹੈ। ਉਸ ਨੇ ਯਹੋਵਾਹ ਨੂੰ ਕਿਹਾ: ‘ਹੇ ਯਹੋਵਾਹ, ਸਾਨੂੰ ਅੱਸ਼ੂਰ ਦੇ ਰਾਜੇ ਤੋਂ ਬਚਾ ਲੈ ਤਾਂਕਿ ਸਾਰੀਆਂ ਕੌਮਾਂ ਜਾਣ ਲੈਣ ਕਿ ਤੂੰ ਇਕੱਲਾ ਸੱਚਾ ਪਰਮੇਸ਼ੁਰ ਹੈਂ।’ ਤੁਹਾਡੇ ਖ਼ਿਆਲ ਵਿਚ ਕੀ ਯਹੋਵਾਹ ਨੇ ਹਿਜ਼ਕੀਯਾਹ ਦੀ ਮਦਦ ਕੀਤੀ?
ਹਿਜ਼ਕੀਯਾਹ ਇਕ ਚੰਗਾ ਰਾਜਾ ਸੀ। ਉਹ ਇਸਰਾਏਲ ਦੇ 10 ਗੋਤਾਂ ਦੇ ਬੁਰੇ ਰਾਜਿਆਂ ਵਰਗਾ ਨਹੀਂ ਸੀ। ਨਾ ਹੀ ਉਹ ਆਪਣੇ ਪਿਤਾ ਆਹਾਜ਼ ਵਰਗਾ ਸੀ ਜੋ ਇਕ ਭੈੜਾ ਰਾਜਾ ਸੀ। ਹਿਜ਼ਕੀਯਾਹ ਹਮੇਸ਼ਾ ਯਹੋਵਾਹ ਦੀ ਗੱਲ ਸੁਣਦਾ ਸੀ ਤੇ ਉਸ ਦੇ ਹੁਕਮਾਂ ਅਨੁਸਾਰ ਚੱਲਦਾ ਸੀ। ਜਦੋਂ ਹਿਜ਼ਕੀਯਾਹ ਪ੍ਰਾਰਥਨਾ ਕਰ ਹਟਿਆ, ਤਾਂ ਯਹੋਵਾਹ ਨੇ ਉਸ ਨੂੰ ਆਪਣੇ ਨਬੀ ਯਸਾਯਾਹ ਰਾਹੀਂ ਇਹ ਸੰਦੇਸ਼ ਭੇਜਿਆ: ‘ਅੱਸ਼ੂਰ ਦਾ ਰਾਜਾ ਯਰੂਸ਼ਲਮ ਵਿਚ ਨਹੀਂ ਆਵੇਗਾ। ਉਸ ਦਾ ਇਕ ਵੀ ਫ਼ੌਜੀ ਯਰੂਸ਼ਲਮ ਦੇ ਕਰੀਬ ਨਾ ਆ ਪਾਵੇਗਾ। ਇਸ ਸ਼ਹਿਰ ਵੱਲ ਉਹ ਇਕ ਵੀ ਤੀਰ ਨਾ ਚਲਾਉਣਗੇ।’
ਕੀ ਤੁਹਾਨੂੰ ਪਤਾ ਹੈ ਕਿ ਤਸਵੀਰ ਵਿਚ ਸਾਰੇ ਮਰੇ ਪਏ ਫ਼ੌਜੀ ਕੌਣ ਹਨ? ਇਹ ਸਭ ਅੱਸ਼ੂਰੀ ਫ਼ੌਜੀ ਹਨ। ਯਹੋਵਾਹ ਦੇ ਇਕ ਦੂਤ ਨੇ ਇੱਕੋ ਰਾਤ ਵਿਚ ਅੱਸ਼ੂਰ ਦੇ 1,85,000 ਫ਼ੌਜੀਆਂ ਨੂੰ ਮਾਰ ਸੁੱਟਿਆ ਸੀ। ਇਸ ਘਟਨਾ ਤੋਂ ਬਾਅਦ ਅੱਸ਼ੂਰ ਦੇ ਰਾਜੇ ਨੇ ਹਾਰ ਮੰਨ ਲਈ ਅਤੇ ਉਹ ਵਾਪਸ ਆਪਣੇ ਦੇਸ਼ ਚਲੇ ਗਿਆ।
ਇਸ ਤਰ੍ਹਾਂ ਦੋ ਗੋਤਾਂ ਦਾ ਰਾਜ ਨਾਸ਼ ਹੋਣ ਤੋਂ ਬਚ ਗਿਆ। ਲੋਕ ਸ਼ਾਂਤੀ ਨਾਲ ਰਹਿ ਰਹੇ ਸਨ। ਪਰ ਹਿਜ਼ਕੀਯਾਹ ਦੀ ਮੌਤ ਪਿੱਛੋਂ ਉਸ ਦਾ ਪੁੱਤਰ ਮਨੱਸ਼ਹ ਰਾਜਾ ਬਣ ਗਿਆ। ਮਨੱਸ਼ਹ ਤੇ ਉਸ ਤੋਂ ਬਾਅਦ ਉਸ ਦਾ ਪੁੱਤਰ ਅਮੋਨ ਦੋਵੇਂ ਹੀ ਬਹੁਤ ਬੁਰੇ ਰਾਜੇ ਸਨ। ਇਕ ਵਾਰ ਫਿਰ ਇਸਰਾਏਲ ਵਿਚ ਬੁਰੇ ਕੰਮ ਹੋਣ ਲੱਗ ਪਏ। ਅਮੋਨ ਨੂੰ ਉਸ ਦੇ ਨੌਕਰਾਂ ਨੇ ਮਾਰ ਦਿੱਤਾ। ਫਿਰ ਉਸ ਦਾ ਪੁੱਤਰ ਯੋਸੀਯਾਹ ਦੋ ਗੋਤਾਂ ਦਾ ਰਾਜਾ ਬਣ ਗਿਆ।
2 ਰਾਜਿਆਂ 18:1-36; 19:1-37; 21:1-25.