ਪਾਠ 55
ਯਹੋਵਾਹ ਦੇ ਦੂਤ ਨੇ ਹਿਜ਼ਕੀਯਾਹ ਨੂੰ ਬਚਾਇਆ
ਅੱਸ਼ੂਰੀਆਂ ਨੇ ਇਜ਼ਰਾਈਲ ਦੇ ਦਸ-ਗੋਤੀ ਰਾਜ ʼਤੇ ਕਬਜ਼ਾ ਕਰ ਲਿਆ। ਅੱਸ਼ੂਰ ਦਾ ਰਾਜਾ ਸਨਹੇਰੀਬ ਯਹੂਦਾਹ ਦੇ ਦੋ-ਗੋਤੀ ਰਾਜ ʼਤੇ ਕਬਜ਼ਾ ਕਰਨਾ ਚਾਹੁੰਦਾ ਸੀ। ਉਸ ਨੇ ਇਕ ਤੋਂ ਬਾਅਦ ਇਕ ਯਹੂਦਾਹ ਦੇ ਸ਼ਹਿਰਾਂ ʼਤੇ ਕਬਜ਼ਾ ਕਰ ਲਿਆ। ਪਰ ਉਹ ਯਰੂਸ਼ਲਮ ʼਤੇ ਕਬਜ਼ਾ ਕਰਨਾ ਚਾਹੁੰਦਾ ਸੀ। ਸਨਹੇਰੀਬ ਨੂੰ ਇਹ ਨਹੀਂ ਪਤਾ ਸੀ ਕਿ ਯਹੋਵਾਹ ਯਰੂਸ਼ਲਮ ਦੀ ਰਾਖੀ ਕਰ ਰਿਹਾ ਸੀ।
ਯਹੂਦਾਹ ਦੇ ਰਾਜੇ ਹਿਜ਼ਕੀਯਾਹ ਨੇ ਸਨਹੇਰੀਬ ਨੂੰ ਬਹੁਤ ਸਾਰੇ ਪੈਸੇ ਦਿੱਤੇ ਤਾਂਕਿ ਉਹ ਯਰੂਸ਼ਲਮ ਨੂੰ ਛੱਡ ਦੇਵੇ। ਸਨਹੇਰੀਬ ਨੇ ਪੈਸੇ ਲੈਣ ਤੋਂ ਬਾਅਦ ਵੀ ਯਰੂਸ਼ਲਮ ʼਤੇ ਕਬਜ਼ਾ ਕਰਨ ਲਈ ਆਪਣੀ ਤਾਕਤਵਰ ਫ਼ੌਜ ਭੇਜੀ। ਸ਼ਹਿਰ ਦੇ ਲੋਕ ਡਰੇ ਹੋਏ ਸਨ ਕਿਉਂਕਿ ਅੱਸ਼ੂਰੀ ਉਨ੍ਹਾਂ ਵੱਲ ਵੱਧ ਰਹੇ ਸਨ। ਹਿਜ਼ਕੀਯਾਹ ਨੇ ਉਨ੍ਹਾਂ ਨੂੰ ਕਿਹਾ: ‘ਡਰੋ ਨਾ। ਅੱਸ਼ੂਰੀਆਂ ਦੀ ਫ਼ੌਜ ਤਾਕਤਵਰ ਹੈ, ਪਰ ਯਹੋਵਾਹ ਸਾਨੂੰ ਉਨ੍ਹਾਂ ਨਾਲੋਂ ਜ਼ਿਆਦਾ ਤਾਕਤਵਰ ਬਣਾਵੇਗਾ।’
ਸਨਹੇਰੀਬ ਨੇ ਯਰੂਸ਼ਲਮ ਦੇ ਲੋਕਾਂ ਦਾ ਮਜ਼ਾਕ ਉਡਾਉਣ ਲਈ ਰਬਸ਼ਾਕੇਹ ਨਾਂ ਦੇ ਆਦਮੀ ਨੂੰ ਭੇਜਿਆ। ਰਬਸ਼ਾਕੇਹ ਸ਼ਹਿਰ ਦੇ ਬਾਹਰ ਖੜ੍ਹਾ ਹੋ ਕੇ ਉੱਚੀ-ਉੱਚੀ ਬੋਲਣ ਲੱਗਾ: ‘ਯਹੋਵਾਹ ਤੁਹਾਡੀ ਮਦਦ ਨਹੀਂ ਕਰ ਸਕਦਾ। ਹਿਜ਼ਕੀਯਾਹ ਦੀਆਂ ਗੱਲਾਂ ਵਿਚ ਨਾ ਆਓ। ਕੋਈ ਵੀ ਦੇਵਤਾ ਤੁਹਾਨੂੰ ਸਾਡੇ ਹੱਥੋਂ ਨਹੀਂ ਬਚਾ ਸਕਦਾ।’
ਹਿਜ਼ਕੀਯਾਹ ਨੇ ਯਹੋਵਾਹ ਤੋਂ ਪੁੱਛਿਆ ਕਿ ਉਹ ਕੀ ਕਰੇ। ਯਹੋਵਾਹ ਨੇ ਕਿਹਾ: ‘ਰਬਸ਼ਾਕੇਹ ਦੀਆਂ ਗੱਲਾਂ ਕਰਕੇ ਨਾ ਘਬਰਾਓ। ਸਨਹੇਰੀਬ ਯਰੂਸ਼ਲਮ ਨੂੰ ਨਹੀਂ ਜਿੱਤ ਸਕੇਗਾ।’ ਫਿਰ ਸਨਹੇਰੀਬ ਨੇ ਹਿਜ਼ਕੀਯਾਹ ਨੂੰ ਕੁਝ ਚਿੱਠੀਆਂ ਭੇਜੀਆਂ। ਉਨ੍ਹਾਂ ਵਿਚ ਲਿਖਿਆ ਸੀ: ‘ਹਾਰ ਮੰਨ ਲਓ। ਯਹੋਵਾਹ ਤੁਹਾਨੂੰ ਨਹੀਂ ਬਚਾ ਸਕਦਾ।’ ਹਿਜ਼ਕੀਯਾਹ ਨੇ ਪ੍ਰਾਰਥਨਾ ਕੀਤੀ: ‘ਯਹੋਵਾਹ ਸਾਨੂੰ ਬਚਾ ਤਾਂਕਿ ਸਾਰਿਆਂ ਨੂੰ ਪਤਾ ਲੱਗ ਜਾਵੇ ਕਿ ਇਕੱਲਾ ਤੂੰ ਹੀ ਸੱਚਾ ਪਰਮੇਸ਼ੁਰ ਹੈਂ।’ ਯਹੋਵਾਹ ਨੇ ਕਿਹਾ: ‘ਅੱਸ਼ੂਰੀਆਂ ਦਾ ਰਾਜਾ ਯਰੂਸ਼ਲਮ ਵਿਚ ਨਹੀਂ ਆਵੇਗਾ। ਮੈਂ ਆਪਣੇ ਸ਼ਹਿਰ ਨੂੰ ਬਚਾਵਾਂਗਾ।’
ਸਨਹੇਰੀਬ ਨੂੰ ਪੱਕਾ ਯਕੀਨ ਸੀ ਕਿ ਉਹ ਜਲਦੀ ਹੀ ਯਰੂਸ਼ਲਮ ʼਤੇ ਕਬਜ਼ਾ ਕਰ ਲਵੇਗਾ। ਪਰ ਇਕ ਰਾਤ ਯਹੋਵਾਹ ਨੇ ਅੱਸ਼ੂਰੀ ਫ਼ੌਜਾਂ ਦੇ ਡੇਰੇ ਵਿਚ ਇਕ ਦੂਤ ਭੇਜਿਆ। ਇੱਕੋ ਰਾਤ ਵਿਚ ਉਸ ਦੂਤ ਨੇ 1,85,000 ਫ਼ੌਜੀ ਮਾਰ ਦਿੱਤੇ। ਰਾਜੇ ਸਨਹੇਰੀਬ ਦੇ ਸਭ ਤੋਂ ਤਾਕਤਵਰ ਫ਼ੌਜੀ ਮਰ ਚੁੱਕੇ ਸਨ। ਉਸ ਕੋਲ ਘਰ ਵਾਪਸ ਜਾਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਯਹੋਵਾਹ ਨੇ ਆਪਣੇ ਵਾਅਦੇ ਅਨੁਸਾਰ ਹਿਜ਼ਕੀਯਾਹ ਅਤੇ ਯਰੂਸ਼ਲਮ ਨੂੰ ਬਚਾਇਆ। ਜੇ ਤੁਸੀਂ ਯਰੂਸ਼ਲਮ ਵਿਚ ਹੁੰਦੇ, ਤਾਂ ਕੀ ਤੁਸੀਂ ਯਹੋਵਾਹ ʼਤੇ ਭਰੋਸਾ ਰੱਖਦੇ?
“ਯਹੋਵਾਹ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆਂ ਦੇ ਦੁਆਲੇ ਡੇਰਾ ਲਾਉਂਦਾ ਹੈ, ਅਤੇ ਉਨ੍ਹਾਂ ਨੂੰ ਛੁਟਕਾਰਾ ਦਿੰਦਾ ਹੈ।”—ਜ਼ਬੂਰਾਂ ਦੀ ਪੋਥੀ 34:7