ਕਹਾਣੀ 113
ਪੌਲੁਸ ਰੋਮ ਵਿਚ
ਤਸਵੀਰ ਵਿਚ ਦੇਖੋ ਪੌਲੁਸ ਦੇ ਹੱਥਕੜੀਆਂ ਲੱਗੀਆਂ ਹੋਈਆਂ ਹਨ ਅਤੇ ਇਕ ਰੋਮੀ ਸਿਪਾਹੀ ਪਹਿਰਾ ਦੇ ਰਿਹਾ ਹੈ। ਪੌਲੁਸ ਰੋਮ ਵਿਚ ਕੈਦ ਕੱਟ ਰਿਹਾ ਸੀ। ਉਸ ਨੂੰ ਉਦੋਂ ਤਕ ਇੱਥੇ ਰਹਿਣਾ ਪੈਣਾ ਸੀ ਜਦ ਤਕ ਰੋਮ ਦਾ ਰਾਜਾ ਇਹ ਫ਼ੈਸਲਾ ਨਹੀਂ ਕਰ ਲੈਂਦਾ ਕਿ ਉਸ ਨਾਲ ਕੀ ਕੀਤਾ ਜਾਣਾ ਸੀ। ਇਸ ਘਰ ਵਿਚ ਕੈਦ ਹੋਣ ਦੇ ਬਾਵਜੂਦ ਲੋਕ ਪੌਲੁਸ ਨੂੰ ਆ ਕੇ ਮਿਲ ਸਕਦੇ ਸੀ।
ਰੋਮ ਵਿਚ ਪਹੁੰਚਣ ਤੋਂ ਤਿੰਨ ਦਿਨ ਬਾਅਦ ਪੌਲੁਸ ਨੇ ਕੁਝ ਯਹੂਦੀ ਆਗੂਆਂ ਨੂੰ ਸੁਨੇਹਾ ਭੇਜਿਆ ਕਿ ਉਹ ਉਸ ਨੂੰ ਆ ਕੇ ਮਿਲਣ। ਫਿਰ ਕੁਝ ਯਹੂਦੀ ਉਸ ਨੂੰ ਮਿਲਣ ਆਏ। ਪੌਲੁਸ ਨੇ ਉਨ੍ਹਾਂ ਸਾਰਿਆਂ ਨੂੰ ਯਿਸੂ ਅਤੇ ਪਰਮੇਸ਼ੁਰ ਦੇ ਰਾਜ ਬਾਰੇ ਦੱਸਿਆ। ਉਨ੍ਹਾਂ ਵਿੱਚੋਂ ਕਈਆਂ ਨੇ ਯਿਸੂ ਤੇ ਨਿਹਚਾ ਕੀਤੀ ਅਤੇ ਬਪਤਿਸਮਾ ਲਿਆ। ਪਰ ਹੋਰਾਂ ਨੇ ਪੌਲੁਸ ਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ।
ਪੌਲੁਸ ਨੇ ਉਨ੍ਹਾਂ ਵੱਖ-ਵੱਖ ਸਿਪਾਹੀਆਂ ਨੂੰ ਵੀ ਪ੍ਰਚਾਰ ਕੀਤਾ ਜੋ ਉਸ ਦੀ ਨਿਗਰਾਨੀ ਕਰ ਰਹੇ ਸਨ। ਕੈਦ ਦੇ ਇਨ੍ਹਾਂ ਦੋ ਸਾਲਾਂ ਦੌਰਾਨ ਪੌਲੁਸ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਪ੍ਰਚਾਰ ਕੀਤਾ ਜੋ ਉਸ ਨੂੰ ਮਿਲਣ ਆਉਂਦੇ ਸਨ। ਇੱਥੋਂ ਤਕ ਕਿ ਕੈਸਰ ਦੇ ਘਰਦਿਆਂ ਨੂੰ ਵੀ ਪੌਲੁਸ ਦੇ ਪ੍ਰਚਾਰ ਬਾਰੇ ਪਤਾ ਸੀ। ਉਨ੍ਹਾਂ ਵਿੱਚੋਂ ਵੀ ਕੁਝ ਮਸੀਹੀ ਬਣ ਗਏ।
ਤੁਹਾਡੇ ਖ਼ਿਆਲ ਵਿਚ ਪੌਲੁਸ ਦੇ ਘਰ ਵਿਚ ਬੈਠਾ ਇਹ ਬੰਦਾ ਜੋ ਲਿਖ ਰਿਹਾ ਹੈ, ਕੌਣ ਹੈ? ਇਹ ਤਿਮੋਥਿਉਸ ਹੈ। ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨ ਕਰਕੇ ਤਿਮੋਥਿਉਸ ਨੂੰ ਵੀ ਜੇਲ੍ਹ ਹੋਈ ਸੀ। ਪਰ ਕੁਝ ਸਮੇਂ ਬਾਅਦ ਉਸ ਨੂੰ ਰਿਹਾ ਕਰ ਦਿੱਤਾ ਗਿਆ ਸੀ। ਉਹ ਹੁਣ ਪੌਲੁਸ ਦੀ ਮਦਦ ਕਰਨ ਆਇਆ ਸੀ। ਤੁਹਾਨੂੰ ਪਤਾ ਤਿਮੋਥਿਉਸ ਕੀ ਲਿਖ ਰਿਹਾ ਸੀ? ਚਲੋ ਆਓ ਦੇਖੀਏ।
ਤੁਹਾਨੂੰ ਯਾਦ ਹੋਵੇਗਾ ਆਪਾਂ ਕਹਾਣੀ 110 ਵਿਚ ਫ਼ਿਲਿੱਪੈ ਅਤੇ ਅਫ਼ਸੁਸ ਸ਼ਹਿਰਾਂ ਬਾਰੇ ਪੜ੍ਹਿਆ ਸੀ। ਪੌਲੁਸ ਨੇ ਇਨ੍ਹਾਂ ਸ਼ਹਿਰਾਂ ਵਿਚ ਕਲੀਸਿਯਾਵਾਂ ਸ਼ੁਰੂ ਕਰਨ ਵਿਚ ਮਦਦ ਕੀਤੀ ਸੀ। ਹੁਣ ਉਹ ਜੇਲ੍ਹ ਵਿੱਚੋਂ ਉਨ੍ਹਾਂ ਨੂੰ ਚਿੱਠੀਆਂ ਲਿਖ ਰਿਹਾ ਸੀ। ਇਨ੍ਹਾਂ ਚਿੱਠੀਆਂ ਨੂੰ ਤੁਸੀਂ ਬਾਈਬਲ ਵਿਚ ਪੜ੍ਹ ਸਕਦੇ ਹੋ। ਇਨ੍ਹਾਂ ਚਿੱਠੀਆਂ ਨੂੰ ਬਾਈਬਲ ਵਿਚ “ਅਫ਼ਸੀਆਂ” ਅਤੇ “ਫ਼ਿਲਿੱਪੀਆਂ” ਕਿਹਾ ਜਾਂਦਾ ਹੈ। ਤਿਮੋਥਿਉਸ ਉਹ ਗੱਲਾਂ ਲਿਖ ਰਿਹਾ ਸੀ ਜੋ ਪੌਲੁਸ ਫ਼ਿਲਿੱਪੈ ਦੀ ਕਲੀਸਿਯਾ ਦੇ ਭੈਣਾਂ-ਭਰਾਵਾਂ ਨੂੰ ਕਹਿਣਾ ਚਾਹੁੰਦਾ ਸੀ।
ਫ਼ਿਲਿੱਪੈ ਦੇ ਭੈਣਾਂ-ਭਰਾਵਾਂ ਨੇ ਪੌਲੁਸ ਦੀ ਬਹੁਤ ਮਦਦ ਕੀਤੀ ਸੀ। ਉਨ੍ਹਾਂ ਨੇ ਕਈ ਲੋੜੀਂਦੀਆਂ ਚੀਜ਼ਾਂ ਇਪਾਫ਼ਰੋਦੀਤੁਸ ਨਾਂ ਦੇ ਚੇਲੇ ਦੇ ਹੱਥ ਪੌਲੁਸ ਨੂੰ ਜੇਲ੍ਹ ਵਿਚ ਭੇਜੀਆਂ ਸਨ। ਉਨ੍ਹਾਂ ਦਾ ਸ਼ੁਕਰੀਆ ਕਰਨ ਲਈ ਪੌਲੁਸ ਇਹ ਚਿੱਠੀ ਲਿਖਵਾ ਰਿਹਾ ਸੀ। ਇੱਥੇ ਪਹੁੰਚ ਕੇ ਇਪਾਫ਼ਰੋਦੀਤੁਸ ਦੀ ਸਿਹਤ ਬਹੁਤ ਖ਼ਰਾਬ ਹੋ ਗਈ ਸੀ। ਇੱਦਾਂ ਲੱਗਦਾ ਸੀ ਕਿ ਉਹ ਮਰ ਜਾਵੇਗਾ। ਪਰ ਉਸ ਨੂੰ ਕੁਝ ਨਹੀਂ ਹੋਇਆ, ਉਹ ਠੀਕ ਹੋ ਗਿਆ ਸੀ। ਪੌਲੁਸ ਇਹ ਚਿੱਠੀ ਆਪਣੇ ਤੇ ਤਿਮੋਥਿਉਸ ਵੱਲੋਂ ਇਪਾਫ਼ਰੋਦੀਤੁਸ ਰਾਹੀਂ ਫ਼ਿਲਿੱਪੈ ਦੀ ਕਲੀਸਿਯਾ ਨੂੰ ਭੇਜ ਰਿਹਾ ਸੀ।
ਕੈਦ ਵਿਚ ਹੁੰਦਿਆਂ ਪੌਲੁਸ ਨੇ ਦੋ ਹੋਰ ਚਿੱਠੀਆਂ ਲਿਖੀਆਂ ਸਨ। ਪਹਿਲੀ ਉਸ ਨੇ ਕੁਲੁੱਸੈ ਦੇ ਭੈਣਾਂ-ਭਰਾਵਾਂ ਨੂੰ ਲਿਖੀ ਸੀ। ਤੁਹਾਨੂੰ ਪਤਾ ਇਹ ਚਿੱਠੀ ਬਾਈਬਲ ਵਿਚ ਕਿਸ ਨਾਮ ਤੋਂ ਜਾਣੀ ਜਾਂਦੀ ਹੈ? ਇਸ ਨੂੰ “ਕੁਲੁੱਸੀਆਂ” ਕਿਹਾ ਜਾਂਦਾ ਹੈ। ਦੂਜੀ ਚਿੱਠੀ ਉਸ ਨੇ ਆਪਣੇ ਪਿਆਰੇ ਦੋਸਤ ਫਿਲੇਮੋਨ ਨੂੰ ਲਿਖੀ ਸੀ ਜੋ ਕੁਲੁੱਸੈ ਵਿਚ ਰਹਿੰਦਾ ਸੀ। ਇਹ ਚਿੱਠੀ ਫਿਲੇਮੋਨ ਦੇ ਨੌਕਰ ਉਨੇਸਿਮੁਸ ਬਾਰੇ ਸੀ।
ਉਨੇਸਿਮੁਸ ਆਪਣੇ ਮਾਲਕ ਫਿਲੇਮੋਨ ਨੂੰ ਛੱਡ ਕੇ ਰੋਮ ਨੂੰ ਭੱਜ ਆਇਆ ਸੀ। ਇੱਥੇ ਹੀ ਉਸ ਨੂੰ ਪੌਲੁਸ ਬਾਰੇ ਪਤਾ ਲੱਗਿਆ ਸੀ ਕਿ ਉਹ ਕੈਦ ਵਿਚ ਹੈ। ਉਹ ਪੌਲੁਸ ਨੂੰ ਮਿਲਣ ਆਇਆ ਅਤੇ ਪੌਲੁਸ ਨੇ ਉਸ ਨੂੰ ਪ੍ਰਚਾਰ ਕੀਤਾ। ਫਿਰ ਉਹ ਜਲਦੀ ਹੀ ਮਸੀਹੀ ਬਣ ਗਿਆ। ਹੁਣ ਉਹ ਪਛਤਾ ਰਿਹਾ ਸੀ ਕਿ ਉਹ ਆਪਣੇ ਮਾਲਕ ਫਿਲੇਮੋਨ ਨੂੰ ਛੱਡ ਕੇ ਕਿਉਂ ਭੱਜਿਆ ਸੀ। ਤੁਹਾਨੂੰ ਪਤਾ ਪੌਲੁਸ ਨੇ ਫਿਲੇਮੋਨ ਨੂੰ ਚਿੱਠੀ ਵਿਚ ਕੀ ਲਿਖਿਆ?
ਪੌਲੁਸ ਨੇ ਉਸ ਨੂੰ ਲਿਖਿਆ: ‘ਮੈਂ ਉਨੇਸਿਮੁਸ ਨੂੰ ਤੇਰੇ ਕੋਲ ਵਾਪਸ ਭੇਜ ਰਿਹਾ ਹਾਂ, ਪਰ ਹੁਣ ਉਹ ਸਿਰਫ਼ ਤੇਰਾ ਨੌਕਰ ਹੀ ਨਹੀਂ ਹੈ। ਉਹ ਇਕ ਮਸੀਹੀ ਭਰਾ ਵੀ ਹੈ।’ ਅੱਗੇ ਪੌਲੁਸ ਨੇ ਫਿਲੇਮੋਨ ਨੂੰ ਲਿਖਿਆ ਕਿ ਉਹ ਉਨੇਸਿਮੁਸ ਨੂੰ ਮਾਫ਼ ਕਰ ਦੇਵੇ। ਵਾਪਸ ਕੁਲੁੱਸੈ ਨੂੰ ਜਾਂਦੇ ਵਕਤ ਪੌਲੁਸ ਨੇ ਇਹ ਦੋ ਚਿੱਠੀਆਂ ਉਨੇਸਿਮੁਸ ਦੇ ਹੱਥ ਕੁਲੁੱਸੈ ਨੂੰ ਭੇਜੀਆਂ। ਜ਼ਰਾ ਸੋਚੋ ਫਿਲੇਮੋਨ ਇਹ ਜਾਣ ਕੇ ਕਿੰਨਾ ਖ਼ੁਸ਼ ਹੋਇਆ ਹੋਣਾ ਕਿ ਉਸ ਦਾ ਨੌਕਰ ਵੀ ਹੁਣ ਮਸੀਹੀ ਬਣ ਗਿਆ ਸੀ।
ਫ਼ਿਲਿੱਪੀਆਂ ਅਤੇ ਫਿਲੇਮੋਨ ਨੂੰ ਚਿੱਠੀ ਵਿਚ ਪੌਲੁਸ ਨੇ ਇਕ ਖ਼ੁਸ਼ ਖ਼ਬਰੀ ਸੁਣਾਈ। ਉਸ ਨੇ ਫ਼ਿਲਿੱਪੀਆਂ ਨੂੰ ਲਿਖਿਆ: ‘ਮੈਂ ਤੁਹਾਡੇ ਕੋਲ ਤਿਮੋਥਿਉਸ ਨੂੰ ਭੇਜ ਰਿਹਾ ਹਾਂ। ਪਰ ਮੈਂ ਵੀ ਛੇਤੀ ਹੀ ਤੁਹਾਨੂੰ ਮਿਲਣ ਆਵਾਂਗਾ।’ ਉਸ ਨੇ ਫਿਲੇਮੋਨ ਨੂੰ ਲਿਖਿਆ: ‘ਤੂੰ ਮੇਰੇ ਵਾਸਤੇ ਰਹਿਣ ਲਈ ਜਗ੍ਹਾ ਤਿਆਰ ਰੱਖੀਂ।’
ਕੈਦ ਤੋਂ ਰਿਹਾ ਹੋ ਕੇ ਪੌਲੁਸ ਕਈ ਭੈਣਾਂ-ਭਰਾਵਾਂ ਨੂੰ ਮਿਲਣ ਲਈ ਵੱਖ-ਵੱਖ ਥਾਵਾਂ ਤੇ ਗਿਆ। ਪਰ ਬਾਅਦ ਵਿਚ ਫਿਰ ਉਸ ਨੂੰ ਰੋਮ ਵਿਚ ਕੈਦ ਕਰ ਲਿਆ ਗਿਆ। ਉਹ ਜਾਣਦਾ ਸੀ ਕਿ ਇਸ ਵਾਰ ਉਹ ਜੇਲ੍ਹ ਵਿੱਚੋਂ ਜ਼ਿੰਦਾ ਬਾਹਰ ਨਹੀਂ ਨਿਕਲ ਪਾਵੇਗਾ। ਇਸੇ ਲਈ ਉਸ ਨੇ ਤਿਮੋਥਿਉਸ ਨੂੰ ਚਿੱਠੀ ਲਿਖੀ ਅਤੇ ਉਸ ਨੂੰ ਜਲਦੀ ਆ ਕੇ ਮਿਲਣ ਲਈ ਕਿਹਾ। ਚਿੱਠੀ ਵਿਚ ਪੌਲੁਸ ਨੇ ਲਿਖਿਆ: ‘ਮੈਂ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰ ਰਿਹਾ ਹਾਂ ਅਤੇ ਪਰਮੇਸ਼ੁਰ ਮੈਨੂੰ ਫਲ ਦੇਵੇਗਾ।’ ਕੁਝ ਸਾਲਾਂ ਬਾਅਦ ਪੌਲੁਸ ਨੂੰ ਮਾਰ ਦਿੱਤਾ ਗਿਆ। ਯਰੂਸ਼ਲਮ ਨੂੰ ਦੁਬਾਰਾ ਤਬਾਹ ਕਰ ਦਿੱਤਾ ਗਿਆ, ਪਰ ਇਸ ਵਾਰ ਸ਼ਹਿਰ ਨੂੰ ਰੋਮੀਆਂ ਨੇ ਤਬਾਹ ਕੀਤਾ।
ਬਾਈਬਲ ਵਿਚ ਹੋਰ ਵੀ ਬਹੁਤ ਕੁਝ ਦੱਸਿਆ ਗਿਆ ਹੈ। ਯਹੋਵਾਹ ਨੇ ਯੂਹੰਨਾ ਰਸੂਲ ਰਾਹੀਂ ਬਾਈਬਲ ਦੀਆਂ ਆਖ਼ਰੀ ਪੋਥੀਆਂ ਲਿਖਵਾਈਆਂ ਜਿਨ੍ਹਾਂ ਵਿੱਚੋਂ ਇਕ ਹੈ ਪਰਕਾਸ਼ ਦੀ ਪੋਥੀ। ਇਸ ਪੋਥੀ ਵਿਚ ਭਵਿੱਖ ਬਾਰੇ ਦੱਸਿਆ ਗਿਆ ਹੈ। ਚਲੋ ਆਓ ਆਪਾਂ ਭਵਿੱਖ ਵਿਚ ਹੋਣ ਵਾਲੀਆਂ ਕੁਝ ਗੱਲਾਂ ਬਾਰੇ ਪੜ੍ਹੀਏ।
ਰਸੂਲਾਂ ਦੇ ਕਰਤੱਬ 28:16-31; ਫ਼ਿਲਿੱਪੀਆਂ 1:13; 2:19-30; 4:18-23; ਇਬਰਾਨੀਆਂ 13:23; ਫਿਲੇਮੋਨ 1-25; ਕੁਲੁੱਸੀਆਂ 4:7-9; 2 ਤਿਮੋਥਿਉਸ 4:7-9.