ਅਧਿਆਇ 4
ਪਰਮੇਸ਼ੁਰ—ਉਹ ਕੌਣ ਹੈ?
1. (ੳ) ਲੋਕਾਂ ਦੁਆਰਾ ਕਿਨ੍ਹਾਂ ਈਸ਼ਵਰਾਂ ਦੀ ਉਪਾਸਨਾ ਹੋਈ ਹੈ? (ਅ) ਬਾਈਬਲ “ਈਸ਼ਵਰਾਂ” ਅਤੇ “ਪਰਮੇਸ਼ੁਰ” ਦੇ ਦਰਮਿਆਨ ਕੀ ਫ਼ਰਕ ਦਿਖਾਉਂਦੀ ਹੈ?
ਸੰਸਾਰਭਰ ਵਿਚ ਅਨੇਕਾਂ ਈਸ਼ਵਰਾਂ ਦੀ ਉਪਾਸਨਾ ਕੀਤੀ ਜਾਂਦੀ ਹੈ। ਸ਼ਿੰਟੋ, ਬੋਧੀ, ਹਿੰਦੂ ਅਤੇ ਕਬਾਇਲੀ ਧਰਮਾਂ ਵਿਚ ਲੱਖਾਂ ਹੀ ਈਸ਼ਵਰ ਪਾਏ ਜਾਂਦੇ ਹਨ। ਯਿਸੂ ਦੇ ਰਸੂਲਾਂ ਦੇ ਸਮੇਂ ਵਿਚ ਅਜਿਹੇ ਈਸ਼ਵਰਾਂ ਜਿਵੇਂ ਦਿਔਸ ਅਤੇ ਹਰਮੇਸ ਦੀ ਉਪਾਸਨਾ ਕੀਤੀ ਜਾਂਦੀ ਸੀ। (ਰਸੂਲਾਂ ਦੇ ਕਰਤੱਬ 14:11, 12,) ਇਸ ਲਈ ਬਾਈਬਲ ਸਵੀਕਾਰ ਕਰਦੀ ਹੈ ਕਿ “ਬਾਹਲੇ ਦਿਓਤੇ” ਹਨ, ਪਰ ਇਹ ਵੀ ਆਖਦੀ ਹੈ ਕਿ “ਸਾਡੇ ਭਾਣੇ ਇੱਕੋ ਪਰਮੇਸ਼ੁਰ ਹੈ ਜੋ ਪਿਤਾ ਹੈ ਜਿਸ ਤੋਂ ਸੱਭੋ ਕੁਝ ਹੋਇਆ ਹੈ।” (1 ਕੁਰਿੰਥੀਆਂ 8:5, 6, ਟੇਢੇ ਟਾਈਪ ਸਾਡੇ) ਜੇਕਰ ਤੁਹਾਨੂੰ ਪੁੱਛਿਆ ਜਾਵੇ, ‘ਇਹ ਪਰਮੇਸ਼ੁਰ ਕੌਣ ਹੈ?’ ਤੁਸੀਂ ਕੀ ਜਵਾਬ ਦੇਵੋਗੇ?
2. ਪਰਮੇਸ਼ੁਰ ਬਾਰੇ ਲੋਕਾਂ ਦੇ ਕੀ ਵੱਖ-ਵੱਖ ਵਿਚਾਰ ਹਨ?
2 ‘ਉਹ ਪ੍ਰਭੁ ਹੈ’ ਕਈ ਜਵਾਬ ਦਿੰਦੇ ਹਨ। ਯਾ ਉਹ ਸ਼ਾਇਦ ਆਖਣ: ‘ਉਹ ਸਵਰਗ ਵਿਚ ਇਕ ਆਤਮਾ ਹੈ।’ ਇਕ ਸ਼ਬਦ-ਕੋਸ਼ ਪਰਮੇਸ਼ੁਰ ਨੂੰ “ਸਰਬਸ਼ਕਤੀਮਾਨ ਵਿਅਕਤੀ” ਆਖਦਾ ਹੈ। ਜਦੋਂ ਪੁੱਛਿਆ ਜਾਂਦਾ ਹੈ ਕਿ: ‘ਪਰਮੇਸ਼ੁਰ ਦਾ ਨਾਂ ਕੀ ਹੈ?’ ਕੁਝ ਵਿਅਕਤੀ ਜਵਾਬ ਦਿੰਦੇ ਹਨ, ‘ਯਿਸੂ।’ ਦੂਸਰੇ ਲੋਕ ਪਰਮੇਸ਼ੁਰ ਨੂੰ ਇਕ ਵਿਅਕਤੀ ਦੇ ਰੂਪ ਵਿਚ ਨਹੀਂ, ਪਰ ਇਕ ਸ਼ਕਤੀਸ਼ਾਲੀ ਤਾਕਤ ਦੇ ਰੂਪ ਵਿਚ ਸਮਝਦੇ ਹਨ ਜਿਹੜੀ ਹਰ ਥਾਂ ਹਾਜ਼ਰ ਹੈ। ਅਤੇ ਕਈ ਇਹ ਵੀ ਸ਼ੱਕ ਕਰਦੇ ਹਨ ਕਿ ਪਰਮੇਸ਼ੁਰ ਹੈ ਯਾ ਨਹੀਂ। ਕੀ ਅਸੀਂ ਯਕੀਨ ਕਰ ਸਕਦੇ ਹਾਂ ਕਿ ਉਹ ਹੋਂਦ ਵਿਚ ਹੈ?
ਪਰਮੇਸ਼ੁਰ ਸੱਚ-ਮੁੱਚ ਹੋਂਦ ਵਿਚ ਹੈ
3. ਇਕ ਘਰ ਹੋਂਦ ਵਿਚ ਕਿਸ ਤਰ੍ਹਾਂ ਆਉਂਦਾ ਹੈ?
3 ਜਦੋਂ ਤੁਸੀਂ ਇਕ ਸੁੰਦਰ ਇਮਾਰਤ ਵੱਲ ਨਿਗਾਹ ਮਾਰਦੇ ਹੋ, ਕੀ ਤੁਸੀਂ ਕਦੇ ਵਿਚਾਰ ਕੀਤਾ ਹੈ ਕਿ ਉਸ ਨੂੰ ਬਣਾਉਣ ਵਾਲਾ ਕੌਣ ਸੀ? ਅਗਰ ਤੁਹਾਨੂੰ ਕੋਈ ਆਖੇ ਕਿ ਇਸ ਇਮਾਰਤ ਨੂੰ ਕਿਸੇ ਨੇ ਵੀ ਨਹੀਂ ਬਣਾਇਆ, ਪਰ ਇਹ ਕੇਵਲ ਆਪਣੇ ਆਪ ਹੀ ਹੋਂਦ ਵਿਚ ਆ ਗਈ ਸੀ, ਕੀ ਤੁਸੀਂ ਵਿਸ਼ਵਾਸ ਕਰੋਗੇ? ਬਿਲਕੁਲ ਨਹੀਂ! ਜਿਵੇਂ ਇਕ ਬਾਈਬਲ ਲਿਖਾਰੀ ਨੇ ਕਿਹਾ: “ਹਰੇਕ ਘਰ ਤਾਂ ਕਿਸੇ ਨਾ ਕਿਸੇ ਦਾ ਬਣਾਇਆ ਹੋਇਆ ਹੁੰਦਾ ਹੈ।” ਇਹ ਤਾਂ ਸਭ ਜਾਣਦੇ ਹਨ। ਭਲਾ, ਤਾਂ ਫਿਰ ਕੀ ਅਸੀਂ ਬਾਈਬਲ ਲਿਖਾਰੀ ਦਾ ਇਹ ਤਰਕਪੂਰਣ ਨਤੀਜਾ ਸਵੀਕਾਰ ਨਹੀਂ ਕਰ ਸਕਦੇ ਹਾਂ: “ਜਿਹ ਨੇ ਸੱਭੋ ਕੁਝ ਬਣਾਇਆ ਉਹ ਪਰਮੇਸ਼ੁਰ ਹੈ”?—ਇਬਰਾਨੀਆਂ 3:4.
4. ਅਰਬਾਂ-ਅਰਬ ਤਾਰੇ ਹੋਂਦ ਵਿਚ ਕਿਸ ਤਰ੍ਹਾਂ ਆਏ?
4 ਇਸ ਵਿਸ਼ਵ-ਮੰਡਲ ਦੇ ਅਰਬਾਂ-ਅਰਬ ਤਾਰਿਆਂ ਉੱਤੇ ਵਿਚਾਰ ਕਰੋ। ਤਦ ਵੀ ਸਵਰਗ ਵਿਚ ਇਹ ਸਾਰੇ ਉਨ੍ਹਾਂ ਨਿਯਮਾਂ ਦੇ ਅਨੁਸਾਰ ਚੱਲਦੇ ਹਨ ਜਿਹੜੇ ਉਨ੍ਹਾਂ ਨੂੰ ਇਕ ਦੂਸਰੇ ਨਾਲ ਸੰਪੂਰਣ ਸੰਬੰਧ ਵਿਚ ਰੱਖਦੇ ਹਨ। “ਕਿਹਨੇ ਏਹਨਾਂ ਨੂੰ ਸਾਜਿਆ” ਇਹ ਸਵਾਲ ਬਹੁਤ ਚਿਰ ਪਹਿਲਾਂ ਪੁੱਛਿਆ ਗਿਆ ਸੀ। ਇਹ ਦਿੱਤਾ ਗਿਆ ਜਵਾਬ ਅਰਥਪੂਰਣ ਹੈ: “ਜਿਹੜਾ ਏਹਨਾਂ ਦੀ ਸੈਨਾ ਗਿਣ ਕੇ ਬਾਹਰ ਲੈ ਜਾਂਦਾ ਹੈ, ਉਹ ਏਹਨਾਂ ਸਾਰਿਆਂ ਨੂੰ ਨਾਉਂ ਲੈ ਲੈ ਕੇ ਪੁਕਾਰਦਾ ਹੈ।” (ਯਸਾਯਾਹ 40:26) ਨਿਸ਼ਚੇ ਹੀ ਇਹ ਸੋਚਣਾ ਮੂਰਖਤਾ ਹੋਵੇਗਾ ਕਿ ਅਰਬਾਂ ਹੀ ਤਾਰਿਆਂ ਨੇ ਕੇਵਲ ਆਪਣੇ ਆਪ ਨੂੰ ਬਣਾ ਲਿਆ, ਅਤੇ, ਬਗੈਰ ਕਿਸੇ ਨਿਰਦੇਸ਼ਨ ਤੋਂ, ਤਾਰਿਆਂ ਦੀਆਂ ਵੱਡੀਆਂ ਵਿਵਸਥਾਵਾਂ ਨੂੰ ਬਣਾ ਲਿਆ ਜਿਹੜੀਆਂ ਇੰਨੇ ਸ਼ਾਨਦਾਰ ਤਰੀਕੇ ਨਾਲ ਚੱਲਦੀਆਂ ਹਨ!—ਜ਼ਬੂਰਾਂ ਦੀ ਪੋਥੀ 14:1.
5. (ੳ) ਕੀ ਸੰਭਾਵਨਾ ਹੈ ਕਿ ਪੁਰਜੇ ਆਪਣੇ ਆਪ ਇਕੱਠੇ ਹੋ ਕੇ ਕੀਮਾ ਬਣਾਉਣ ਵਾਲਾ ਇਕ ਯੰਤਰ ਬਣ ਸਕਦੇ ਹਨ? (ਅ) ਇਹ ਸਾਡੇ ਵਿਸ਼ਵ-ਮੰਡਲ ਬਾਰੇ ਕੀ ਦਿਖਾਉਂਦਾ ਹੈ?
5 ਇਹ ਅਤਿਅੰਤ ਵਿਵਸਥਿਤ ਵਿਸ਼ਵ-ਮੰਡਲ ਕੇਵਲ ਆਪਣੇ ਆਪ ਹੋਂਦ ਵਿਚ ਨਹੀਂ ਆ ਸਕਦਾ ਸੀ। ਇਕ ਵੱਡੀ ਸ਼ਕਤੀ ਵਾਲੇ ਬੁੱਧੀਮਾਨ ਸ੍ਰਿਸ਼ਟੀਕਰਤਾ ਦੀ ਜ਼ਰੂਰਤ ਸੀ। (ਜ਼ਬੂਰਾਂ ਦੀ ਪੋਥੀ 19:1, 2) ਇਕ ਵਪਾਰੀ ਨੇ ਜਿਸ ਨੂੰ ਪੁੱਛਿਆ ਗਿਆ ਸੀ ਕਿ ਉਹ ਪਰਮੇਸ਼ੁਰ ਉੱਤੇ ਕਿਉਂ ਵਿਸ਼ਵਾਸ ਕਰਦਾ ਹੈ ਵਿਆਖਿਆ ਕੀਤੀ ਕਿ ਉਹ ਦੇ ਕਾਰਖਾਨੇ ਵਿਚ ਇਕ ਲੜਕੀ ਨੂੰ ਕੀਮਾ ਬਣਾਉਣ ਵਾਲੇ ਇਕ ਯੰਤਰ ਦੇ 17 ਪੁਰਜ਼ਿਆਂ ਨੂੰ ਜੋੜਨ ਲਈ ਸਿੱਖਣ ਵਾਸਤੇ ਦੋ ਦਿਨ ਲੱਗਦੇ ਹਨ। “ਮੈਂ ਤਾਂ ਕੇਵਲ ਇਕ ਮਾਮੂਲੀ ਛੁੱਰੀ-ਕਾਂਟਾ ਬਣਾਉਣ ਵਾਲਾ ਹਾਂ,” ਉਹ ਨੇ ਆਖਿਆ। “ਪਰ ਇਹ ਮੈਂ ਜ਼ਰੂਰ ਜਾਣਦਾ ਹਾਂ, ਕਿ ਤੁਸੀਂ ਉਹ ਕੀਮਾ ਬਣਾਉਣ ਵਾਲੇ ਯੰਤਰ ਦੇ 17 ਪੁਰਜ਼ਿਆਂ ਨੂੰ ਅਗਲੇ 17 ਅਰਬ ਸਾਲਾਂ ਲਈ ਇਕ ਧੋਣ ਵਾਲੇ ਟੱਬ ਵਿਚ ਹਿਲਾ ਸਕਦੇ ਹੋ ਅਤੇ ਤਾਂ ਵੀ ਤੁਹਾਨੂੰ ਕਦੇ ਇਕ ਕੀਮਾ ਬਣਾਉਣ ਵਾਲਾ ਯੰਤਰ ਨਹੀਂ ਮਿਲੇਗਾ।” ਇਹ ਵਿਸ਼ਵ-ਮੰਡਲ, ਜਿਸ ਵਿਚ ਧਰਤੀ ਦੇ ਕਈ ਪ੍ਰਕਾਰ ਦੇ ਜੀਵਨ ਦੇ ਰੂਪ ਵੀ ਸ਼ਾਮਲ ਹਨ, ਇਕ ਕੀਮਾ ਬਣਾਉਣ ਵਾਲੇ ਯੰਤਰ ਨਾਲੋਂ ਬਹੁਤ ਜ਼ਿਆਦਾ ਜਟਿਲ ਹੈ। ਅਗਰ ਅਜਿਹੇ ਯੰਤਰ ਲਈ ਕਿਸੇ ਮਾਹਰ ਬਣਾਉਣ ਵਾਲੇ ਦੀ ਜ਼ਰੂਰਤ ਹੈ, ਤਾਂ ਅਸੀਂ ਯਕੀਨ ਕਰ ਸਕਦੇ ਹਾਂ ਕਿ ਸਾਰੀਆਂ ਚੀਜ਼ਾਂ ਰਚਣ ਲਈ ਇਕ ਸਰਬਸ਼ਕਤੀਮਾਨ ਪਰਮੇਸ਼ੁਰ ਦੀ ਜ਼ਰੂਰਤ ਸੀ। ਉਸ ਨੇ ਜੋ ਕੀਤਾ ਹੈ, ਕੀ ਉਸ ਦੀ ਮਾਨਤਾ ਉਸ ਨੂੰ ਨਹੀਂ ਦੇਣੀ ਚਾਹੀਦੀ ਹੈ?—ਪਰਕਾਸ਼ ਦੀ ਪੋਥੀ 4:11; ਰਸੂਲਾਂ ਦੇ ਕਰਤੱਬ 14:15-17; 17:24-26.
ਪਰਮੇਸ਼ੁਰ ਇਕ ਵਾਸਤਵਿਕ ਵਿਅਕਤੀ?
6. ਅਸੀਂ ਕਿਉਂ ਨਿਸ਼ਚਿਤ ਹੋ ਸਕਦੇ ਹਾਂ ਕਿ ਪਰਮੇਸ਼ੁਰ ਇਕ ਵਾਸਤਵਿਕ ਵਿਅਕਤੀ ਹੈ?
6 ਭਾਵੇਂ ਜ਼ਿਆਦਾ ਲੋਕ ਕਹਿੰਦੇ ਹਨ ਕਿ ਉਹ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਦੇ ਹਨ, ਅਨੇਕ ਉਸ ਨੂੰ ਇਕ ਵਾਸਤਵਿਕ ਵਿਅਕਤੀ ਨਹੀਂ ਸਮਝਦੇ ਹਨ। ਕੀ ਉਹ ਹੈ? ਖ਼ੈਰ, ਇਹ ਤਾਂ ਦੇਖਿਆ ਜਾ ਸਕਦਾ ਹੈ ਕਿ ਜਿੱਥੇ ਬੁੱਧੀ ਹੈ ਉੱਥੇ ਇਕ ਮਨ ਹੈ। ਉਦਾਹਰਣ ਦੇ ਤੌਰ ਤੇ, ਅਸੀਂ ਸ਼ਾਇਦ ਕਹੀਏ, ‘ਮੈਂ ਆਪਣਾ ਮਨ ਨਹੀਂ ਬਣਾ ਸਕਦਾ ਹਾਂ।’ ਅਤੇ ਅਸੀਂ ਇਹ ਜਾਣਦੇ ਹਾਂ ਕਿ ਜਿੱਥੇ ਇਕ ਮਨ ਹੈ ਉੱਥੇ ਇਕ ਨਿਸ਼ਚਿਤ ਰੂਪ ਦੇ ਸਰੀਰ ਵਿਚ ਇਕ ਦਿਮਾਗ਼ ਹੈ। ਤਾਂ ਫਿਰ, ਉਹ ਮਹਾਨ ਦਿਮਾਗ਼ ਜੋ ਸਾਰੀ ਰਚਨਾ ਦਾ ਜ਼ਿੰਮੇਵਾਰ ਹੈ ਉਸ ਮਹਾਨ ਵਿਅਕਤੀ, ਸਰਬਸ਼ਕਤੀਮਾਨ ਪਰਮੇਸ਼ੁਰ ਦਾ ਹੈ। ਹਾਲਾਂਕਿ ਉਸ ਦਾ ਇਕ ਭੌਤਿਕ ਸਰੀਰ ਨਹੀਂ ਹੈ, ਉਸ ਦਾ ਇਕ ਆਤਮਿਕ ਸਰੀਰ ਹੈ। ਕੀ ਇਕ ਆਤਮਿਕ ਵਿਅਕਤੀ ਦਾ ਸਰੀਰ ਹੈ? ਹਾਂ, ਬਾਈਬਲ ਆਖਦੀ ਹੈ: “ਜੇ ਪ੍ਰਾਣਕ ਸਰੀਰ ਹੈ ਤਾਂ ਆਤਮਕ ਸਰੀਰ ਵੀ ਹੈ।”—1 ਕੁਰਿੰਥੀਆਂ 15:44; ਯੂਹੰਨਾ 4:24.
7. (ੳ) ਕੀ ਦਿਖਾਉਂਦਾ ਹੈ ਕਿ ਪਰਮੇਸ਼ੁਰ ਦੀ ਇਕ ਜਗ੍ਹਾ ਹੈ ਜਿੱਥੇ ਉਹ ਰਹਿੰਦਾ ਹੈ? (ਅ) ਕੀ ਦਿਖਾਉਂਦਾ ਹੈ ਕਿ ਉਸ ਦਾ ਇਕ ਸਰੀਰ ਹੈ?
7 ਕਿਉਂਕਿ ਪਰਮੇਸ਼ੁਰ ਇਕ ਆਤਮਿਕ ਸਰੀਰ ਵਾਲਾ ਵਿਅਕਤੀ ਹੈ, ਉਹ ਦੇ ਰਹਿਣ ਲਈ ਵੀ ਇਕ ਜਗ੍ਹਾ ਹੋਣੀ ਚਾਹੀਦੀ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਸਵਰਗ ਪਰਮੇਸ਼ੁਰ ਦਾ “ਭਵਨ” ਹੈ। (1 ਰਾਜਿਆਂ 8:43) ਨਾਲੇ, ਸਾਨੂੰ ਦੱਸਿਆ ਜਾਂਦਾ ਹੈ ਕਿ “ਮਸੀਹ . . . ਸਗੋਂ ਸੁਰਗ ਵਿੱਚ ਹੀ ਗਿਆ ਭਈ ਹੁਣ ਸਾਡੇ ਲਈ ਪਰਮੇਸ਼ੁਰ ਦੇ ਸਨਮੁਖ ਪੇਸ਼ ਹੋਵੇ।” (ਇਬਰਾਨੀਆਂ 9:24, ਟੇਢੇ ਟਾਈਪ ਸਾਡੇ) ਕੁਝ ਵਿਅਕਤੀਆਂ ਨੂੰ ਸਵਰਗ ਵਿਚ ਪਰਮੇਸ਼ੁਰ ਦੇ ਨਾਲ ਜੀਵਨ ਦਾ ਫਲ ਮਿਲੇਗਾ, ਜਿਸ ਸਮੇਂ ਉਨ੍ਹਾਂ ਨੂੰ ਆਤਮਿਕ ਸਰੀਰ ਮਿਲਣਗੇ। ਉਹ ਉਸ ਸਮੇਂ ਪਰਮੇਸ਼ੁਰ ਨੂੰ ਵੇਖਣਗੇ, ਬਾਈਬਲ ਆਖਦੀ ਹੈ, ਅਤੇ ਨਾਲੇ ਉਸ ਦੇ ਵਰਗੇ ਹੋਣਗੇ। (1 ਯੂਹੰਨਾ 3:2) ਇਹ ਵੀ ਪ੍ਰਦਰਸ਼ਿਤ ਕਰਦਾ ਹੈ ਕਿ ਪਰਮੇਸ਼ੁਰ ਇਕ ਵਿਅਕਤੀ ਹੈ, ਅਤੇ ਉਸ ਦਾ ਇਕ ਸਰੀਰ ਹੈ।
8, 9. (ੳ) ਇਕ ਬਿਜਲੀ ਘਰ ਦਾ ਉਦਾਹਰਣ ਪਰਮੇਸ਼ੁਰ ਦੀ ਦੂਰ ਪਹੁੰਚਣ ਵਾਲੀ ਸ਼ਕਤੀ ਕਿਸ ਤਰ੍ਹਾਂ ਦਿਖਾ ਸਕਦਾ ਹੈ? (ਅ) ਪਰਮੇਸ਼ੁਰ ਦੀ ਪਵਿੱਤਰ ਆਤਮਾ ਕੀ ਹੈ, ਅਤੇ ਉਹ ਕੀ ਕਰ ਸਕਦੀ ਹੈ?
8 ਪਰ ਸ਼ਾਇਦ ਕੋਈ ਪੁੱਛੇ: ‘ਜੇਕਰ ਪਰਮੇਸ਼ੁਰ ਇਕ ਵਾਸਤਵਿਕ ਵਿਅਕਤੀ ਹੈ ਜੋ ਸਵਰਗ ਵਿਚ ਇਕ ਖ਼ਾਸ ਸਥਾਨ ਤੇ ਰਹਿੰਦਾ ਹੈ, ਤਾਂ ਉਹ ਸਭ ਕੁਝ ਕਿਸ ਤਰ੍ਹਾਂ ਦੇਖ ਸਕਦਾ ਹੈ ਜੋ ਸਾਰੇ ਪਾਸੇ ਹੁੰਦਾ ਹੈ? ਅਤੇ ਉਸ ਦੀ ਸ਼ਕਤੀ ਵਿਸ਼ਵ-ਮੰਡਲ ਦੇ ਹਰ ਹਿੱਸੇ ਵਿਚ ਕਿਸ ਤਰ੍ਹਾਂ ਮਹਿਸੂਸ ਹੋ ਸਕਦੀ ਹੈ?’ (2 ਇਤਹਾਸ 16:9) ਇਹ ਹਕੀਕਤ ਕਿ ਪਰਮੇਸ਼ੁਰ ਇਕ ਵਿਅਕਤੀ ਹੈ ਕਿਸੇ ਤਰ੍ਹਾਂ ਵੀ ਉਸ ਦੀ ਸ਼ਕਤੀ ਯਾ ਮਹਾਨਤਾ ਨੂੰ ਸੀਮਿਤ ਨਹੀਂ ਕਰਦੀ ਹੈ। ਨਾ ਹੀ ਇਸ ਗੱਲ ਨੂੰ ਸਾਡਾ ਉਸ ਲਈ ਆਦਰ ਘਟਾਉਣਾ ਚਾਹੀਦਾ ਹੈ। (1 ਇਤਹਾਸ 29:11-13) ਸਾਨੂੰ ਇਹ ਸਮਝਣ ਦੀ ਮਦਦ ਕਰਨ ਲਈ, ਇਕ ਬਿਜਲੀ ਘਰ ਦੇ ਦੂਰ ਪਹੁੰਚਣ ਵਾਲੇ ਪ੍ਰਭਾਵਾਂ ਉੱਤੇ ਵਿਚਾਰ ਕਰੋ।
9 ਬਿਜਲੀ ਘਰ ਦਾ ਸ਼ਹਿਰ ਦੇ ਵਿਚ ਯਾ ਨਜ਼ਦੀਕ ਇਕ ਖ਼ਾਸ ਸਥਾਨ ਹੁੰਦਾ ਹੈ। ਪਰ ਉਸ ਦੀ ਬਿਜਲੀ ਸਾਰੇ ਇਲਾਕੇ ਵਿਚ ਰੌਸ਼ਨੀ ਅਤੇ ਸ਼ਕਤੀ ਦਿੰਦੀ ਹੋਈ, ਵਿਤਰਣ ਕੀਤੀ ਜਾਂਦੀ ਹੈ। ਪਰਮੇਸ਼ੁਰ ਦੇ ਨਾਲ ਵੀ ਇਉਂ ਹੈ। ਉਹ ਸਵਰਗ ਵਿਚ ਹੈ। (ਯਸਾਯਾਹ 57:15; ਜ਼ਬੂਰਾਂ ਦੀ ਪੋਥੀ 123:1) ਫਿਰ ਵੀ ਉਸ ਦੀ ਪਵਿੱਤਰ ਆਤਮਾ, ਜੋ ਉਸ ਦੀ ਅਦਿੱਖ ਕ੍ਰਿਆਸ਼ੀਲ ਸ਼ਕਤੀ ਹੈ, ਹਰ ਥਾਂ, ਸਾਰੇ ਵਿਸ਼ਵ-ਮੰਡਲ ਵਿਚ ਮਹਿਸੂਸ ਕੀਤੀ ਜਾ ਸਕਦੀ ਹੈ। ਆਪਣੀ ਪਵਿੱਤਰ ਆਤਮਾ ਦੇ ਜ਼ਰੀਏ ਪਰਮੇਸ਼ੁਰ ਨੇ ਸਵਰਗ, ਧਰਤੀ, ਅਤੇ ਸਾਰੀਆਂ ਜੀਵਿਤ ਚੀਜ਼ਾਂ ਰਚੀਆਂ ਸਨ। (ਜ਼ਬੂਰਾਂ ਦੀ ਪੋਥੀ 33:6; ਉਤਪਤ 1:2; ਜ਼ਬੂਰਾਂ ਦੀ ਪੋਥੀ 104:30) ਇਨ੍ਹਾਂ ਚੀਜ਼ਾਂ ਨੂੰ ਰਚਣ ਲਈ, ਪਰਮੇਸ਼ੁਰ ਨੂੰ ਸਰੀਰਕ ਰੂਪ ਵਿਚ ਮੌਜੂਦ ਹੋਣ ਦੀ ਜ਼ਰੂਰਤ ਨਹੀਂ ਸੀ। ਭਾਵੇਂ ਉਹ ਬਹੁਤ ਦੂਰ ਹੈ, ਤਾਂ ਵੀ ਉਹ ਆਪਣੀ ਆਤਮਾ, ਆਪਣੀ ਕ੍ਰਿਆਸ਼ੀਲ ਸ਼ਕਤੀ ਨੂੰ ਭੇਜ ਕੇ ਜੋ ਕੁਝ ਉਹ ਕਰਨਾ ਚਾਹੁੰਦਾ ਹੈ ਕਰ ਸਕਦਾ ਹੈ। ਕਿੰਨਾ ਅਸਚਰਜ ਪਰਮੇਸ਼ੁਰ!—ਯਿਰਮਿਯਾਹ 10:12; ਦਾਨੀਏਲ 4:35.
ਜਿਸ ਤਰ੍ਹਾਂ ਦਾ ਵਿਅਕਤੀ ਪਰਮੇਸ਼ੁਰ ਹੈ
10. ਇਕ ਕਿਹੜਾ ਤਰੀਕਾ ਹੈ ਜਿਸ ਰਾਹੀਂ ਅਸੀਂ ਪਰਮੇਸ਼ੁਰ ਨੂੰ ਜਾਣ ਸਕਦੇ ਹਾਂ?
10 ਕੀ ਪਰਮੇਸ਼ੁਰ ਉਸ ਤਰ੍ਹਾਂ ਦਾ ਵਿਅਕਤੀ ਹੈ ਜਿਸ ਨੂੰ ਅਸੀਂ ਪ੍ਰੇਮ ਕਰਨ ਲੱਗਾਂਗੇ ਅਗਰ ਅਸੀਂ ਉਸ ਨੂੰ ਅੱਛੀ ਤਰ੍ਹਾਂ ਨਾਲ ਜਾਣ ਲਈਏ? ‘ਹੋ ਸਕਦਾ ਹੈ,’ ਸ਼ਾਇਦ ਤੁਸੀਂ ਆਖੋ, ‘ਪਰ ਕਿਉਂਕਿ ਅਸੀਂ ਪਰਮੇਸ਼ੁਰ ਨੂੰ ਦੇਖ ਨਹੀਂ ਸਕਦੇ ਹਾਂ, ਅਸੀਂ ਉਸ ਨੂੰ ਕਿਸ ਤਰ੍ਹਾਂ ਜਾਣ ਸਕਦੇ ਹਾਂ?’ (ਯੂਹੰਨਾ 1:18) ਬਾਈਬਲ ਇਕ ਤਰੀਕਾ ਪ੍ਰਦਰਸ਼ਿਤ ਕਰਦੀ ਹੈ ਜਦੋਂ ਉਹ ਆਖਦੀ ਹੈ: “ਕਿਉਂਕਿ ਜਗਤ ਦੇ ਉਤਪਤ ਹੋਣ ਤੋਂ ਉਹ ਦਾ ਅਣਡਿੱਠ ਸੁਭਾਉ ਅਰਥਾਤ ਉਹ ਦੀ ਅਨਾਦੀ ਸਮਰੱਥਾ ਅਤੇ ਈਸ਼ੁਰਤਾਈ ਉਹ ਦੀ ਰਚਨਾ ਤੋਂ ਚੰਗੀ ਤਰ੍ਹਾਂ ਦਿੱਸ ਪੈਂਦੀ ਹੈ।” (ਰੋਮੀਆਂ 1:20) ਇਸ ਲਈ ਜਿਹੜੀਆਂ ਚੀਜ਼ਾਂ ਪਰਮੇਸ਼ੁਰ ਨੇ ਰਚੀਆਂ ਹਨ, ਉਹ ਸਾਨੂੰ ਇਹ ਸਮਝਣ ਲਈ ਮਦਦ ਦੇ ਸਕਦੀਆਂ ਹਨ ਕਿ ਪਰਮੇਸ਼ੁਰ ਕਿਸ ਤਰ੍ਹਾਂ ਦਾ ਵਿਅਕਤੀ ਹੈ, ਅਗਰ ਅਸੀਂ ਉਨ੍ਹਾਂ ਨੂੰ ਅੱਛੀ ਤਰ੍ਹਾਂ ਨਾਲ ਜਾਂਚੀਏ ਅਤੇ ਉਨ੍ਹਾਂ ਉੱਤੇ ਵਿਚਾਰ ਕਰੀਏ।
11. ਪਰਮੇਸ਼ੁਰ ਨੇ ਜਿਹੜੀਆਂ ਚੀਜ਼ਾਂ ਬਣਾਈਆਂ ਹਨ ਅਸੀਂ ਉਨ੍ਹਾਂ ਤੋਂ ਉਸ ਬਾਰੇ ਕੀ ਸਿੱਖ ਸਕਦੇ ਹਾਂ?
11 ਜਿਵੇਂ ਅਸੀਂ ਦੇਖਿਆ ਹੈ, ਤਾਰਿਆਂ ਨਾਲ ਭਰੇ ਹੋਏ ਆਕਾਸ਼ ਵੱਲ ਇਕ ਨਜ਼ਰ ਨਿਸ਼ਚੇ ਹੀ ਸਾਨੂੰ ਪਰਮੇਸ਼ੁਰ ਦੀ ਮਹਾਨਤਾ ਅਤੇ ਜ਼ਬਰਦਸਤ ਸ਼ਕਤੀ ਬਾਰੇ ਦੱਸਦੀ ਹੈ! (ਜ਼ਬੂਰਾਂ ਦੀ ਪੋਥੀ 8:3, 4; ਯਸਾਯਾਹ 40:26) ਫਿਰ ਧਰਤੀ ਬਾਰੇ ਵਿਚਾਰ ਕਰੋ। ਪਰਮੇਸ਼ੁਰ ਨੇ ਉਸ ਨੂੰ ਆਕਾਸ਼ ਵਿਚ ਰੱਖਿਆ ਤਾਂ ਕਿ ਉਸ ਨੂੰ ਸੂਰਜ ਤੋਂ ਬਿਲਕੁਲ ਸਹੀ ਮਾਤਰਾ ਵਿਚ ਗਰਮੀ ਅਤੇ ਰੌਸ਼ਨੀ ਮਿਲੇ। ਅਤੇ ਪਾਣੀ ਦੇ ਚੱਕਰ ਉੱਤੇ ਵਿਚਾਰ ਕਰੋ। ਧਰਤੀ ਨੂੰ ਸਿੰਜਣ ਲਈ ਵਰਖਾ ਪੈਂਦੀ ਹੈ। ਪਾਣੀ ਨਦੀਆਂ ਵਿਚ ਵਹਿੰਦਾ ਹੈ, ਜਿਹੜੀਆਂ ਸਮੁੰਦਰਾਂ ਵਿਚ ਜਾ ਪੈਂਦੀਆਂ ਹਨ। ਸੂਰਜ ਪਾਣੀ ਨੂੰ ਸਮੁੰਦਰਾਂ ਤੋਂ ਭਾਫ਼ ਦੇ ਰੂਪ ਵਿਚ ਉਤਾਂਹ ਚੁੱਕ ਲੈਂਦਾ ਹੈ, ਜਿਹੜੀ ਫਿਰ ਤੋਂ ਵਰਖਾ ਦੇ ਰੂਪ ਵਿਚ ਧਰਤੀ ਨੂੰ ਸਿੰਜਣ ਲਈ ਗਿਰਦੀ ਹੈ। (ਉਪਦੇਸ਼ਕ ਦੀ ਪੋਥੀ 1:7) ਪਰਮੇਸ਼ੁਰ ਨੇ ਮਨੁੱਖਾਂ ਅਤੇ ਪਸ਼ੂਆਂ ਨੂੰ ਭੋਜਨ, ਨਿਵਾਸ, ਅਤੇ ਸਾਰੀਆਂ ਚੀਜ਼ਾਂ ਜਿਨ੍ਹਾਂ ਦੀ ਉਨ੍ਹਾਂ ਨੂੰ ਜ਼ਰੂਰਤ ਹੈ ਦੇਣ ਲਈ ਕਿੰਨੇ ਸਾਰੇ ਸ਼ਾਨਦਾਰ ਚੱਕਰ ਚਾਲੂ ਕੀਤੇ ਹਨ! ਅਤੇ ਇਹ ਸਾਰੀਆਂ ਅਦਭੁਤ ਚੀਜ਼ਾਂ ਸਾਨੂੰ ਪਰਮੇਸ਼ੁਰ ਬਾਰੇ ਕੀ ਦੱਸਦੀਆਂ ਹਨ ਕਿ ਉਹ ਕਿਸ ਤਰ੍ਹਾਂ ਦਾ ਵਿਅਕਤੀ ਹੈ? ਇਹੋ ਕਿ ਉਹ ਮਹਾਨ ਬੁੱਧ ਵਾਲਾ ਪਰਮੇਸ਼ੁਰ ਹੈ ਅਤੇ ਉਹ ਬਹੁਤ ਉਦਾਰ ਹੈ ਅਤੇ ਆਪਣੀਆਂ ਰਚਨਾਵਾਂ ਦੀ ਪਰਵਾਹ ਕਰਦਾ ਹੈ।—ਕਹਾਉਤਾਂ 3:19, 20; ਜ਼ਬੂਰਾਂ ਦੀ ਪੋਥੀ 104:13-15, 24, 25.
12. ਤੁਹਾਡਾ ਆਪਣਾ ਸਰੀਰ ਤੁਹਾਨੂੰ ਪਰਮੇਸ਼ੁਰ ਬਾਰੇ ਕੀ ਸਿੱਖਾਉਂਦਾ ਹੈ?
12 ਆਪਣੇ ਸਰੀਰ ਉੱਤੇ ਵਿਚਾਰ ਕਰੋ। ਸਪੱਸ਼ਟ ਤੌਰ ਤੇ ਇਹ ਕੇਵਲ ਜੀਉਂਦੇ ਰਹਿਣ ਤੋਂ ਕੁਝ ਜ਼ਿਆਦਾ ਕਰਨ ਲਈ ਬਣਾਇਆ ਗਿਆ ਸੀ। ਇਹ ਬੜੇ ਸ਼ਾਨਦਾਰ ਤਰੀਕੇ ਨਾਲ ਜੀਵਨ ਦਾ ਆਨੰਦ ਮਾਣਨ ਲਈ ਰੂਪਾਂਕਿਤ ਕੀਤਾ ਗਿਆ ਸੀ। (ਜ਼ਬੂਰਾਂ ਦੀ ਪੋਥੀ 139:14) ਸਾਡੀਆਂ ਅੱਖਾਂ ਕੇਵਲ ਕਾਲੇ ਅਤੇ ਸਫ਼ੈਦ ਰੰਗ ਵਿਚ ਹੀ ਨਹੀਂ ਪਰ ਹਰ ਰੰਗ ਵਿਚ ਦੇਖ ਸਕਦੀਆਂ ਹਨ, ਅਤੇ ਆਨੰਦ ਮਾਣਨ ਲਈ ਦੁਨੀਆਂ ਰੰਗਾਂ ਦੀ ਬਹੁਤਾਤ ਨਾਲ ਭਰਪੂਰ ਹੈ। ਅਸੀਂ ਸੁੰਘ ਸਕਦੇ ਹਾਂ ਅਤੇ ਚੱਖ ਸਕਦੇ ਹਾਂ। ਇਸ ਲਈ ਭੋਜਨ ਖਾਣਾ ਕੇਵਲ ਇਕ ਲੋੜੀਂਦੀ ਕ੍ਰਿਆ ਹੀ ਨਹੀਂ ਹੈ; ਇਹ ਆਨੰਦਮਈ ਹੋ ਸਕਦਾ ਹੈ। ਅਜਿਹੀਆਂ ਇੰਦਰੀਆਂ ਜੀਵਨ ਲਈ ਬਿਲਕੁਲ ਲੋੜੀਂਦੀਆਂ ਨਹੀਂ ਹਨ, ਪਰ ਇਹ ਇਕ ਪ੍ਰੇਮਪੂਰਣ, ਉਦਾਰ, ਅਤੇ ਸੋਚਵਾਨ ਪਰਮੇਸ਼ੁਰ ਵੱਲੋਂ ਤੋਹਫ਼ੇ ਹਨ।—ਉਤਪਤ 2:9; 1 ਯੂਹੰਨਾ 4:8.
13. ਤੁਸੀਂ ਪਰਮੇਸ਼ੁਰ ਦੇ ਮਨੁੱਖਾਂ ਨਾਲ ਵਰਤਾਉ ਤੋਂ ਉਸ ਦੇ ਬਾਰੇ ਕੀ ਸਿਖਦੇ ਹੋ?
13 ਮਨੁੱਖਜਾਤੀ ਨਾਲ ਪਰਮੇਸ਼ੁਰ ਦੇ ਵਰਤਾਉ ਤੋਂ ਵੀ ਪ੍ਰਦਰਸ਼ਿਤ ਹੁੰਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਪਰਮੇਸ਼ੁਰ ਹੈ। ਉਸ ਵਿਚ ਨਿਆਂ ਦੀ ਦ੍ਰਿੜ੍ਹ ਭਾਵਨਾ ਹੈ। ਉਹ ਖ਼ਾਸ ਨਸਲਾਂ ਦੇ ਲੋਕਾਂ ਦੇ ਪ੍ਰਤੀ ਪੱਖਪਾਤ ਨਹੀਂ ਦਿਖਾਉਂਦਾ ਹੈ। (ਰਸੂਲਾਂ ਦੇ ਕਰਤੱਬ 10:34, 35) ਉਹ ਦਿਆਲੂ ਅਤੇ ਕਿਰਪਾਲੂ ਵੀ ਹੈ। ਇਸਰਾਏਲ ਦੀ ਕੌਮ ਦੇ ਨਾਲ ਉਹ ਦੇ ਵਰਤਾਉ ਦੇ ਵਿਸ਼ੇ ਵਿਚ, ਜਿਸ ਨੂੰ ਉਸ ਨੇ ਮਿਸਰ ਦੀ ਗੁਲਾਮੀ ਤੋਂ ਛੁਡਾਇਆ ਸੀ, ਬਾਈਬਲ ਆਖਦੀ ਹੈ: ‘ਉਹ ਰਹੀਮ ਸੀ; . . . ਉਸ ਨੂੰ ਤਾਂ ਯਾਦ ਸੀ ਕਿ ਓਹ ਨਿਰੇ ਬਸ਼ਰ ਹੀ ਹਨ।’ ਤਦ ਵੀ ਇਸਰਾਏਲੀ ਅਕਸਰ ਅਣਆਗਿਆਕਾਰ ਹੁੰਦੇ ਸਨ, ਅਤੇ ਇਸ ਨੇ ਪਰਮੇਸ਼ੁਰ ਨੂੰ ਦੁੱਖ ਮਹਿਸੂਸ ਕਰਾਇਆ। ਜਿਵੇਂ ਬਾਈਬਲ ਆਖਦੀ ਹੈ: “ਉਸ ਨੂੰ . . . ਉਦਾਸ ਕੀਤਾ . . . ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਅਕਾਇਆ।” (ਜ਼ਬੂਰਾਂ ਦੀ ਪੋਥੀ 78:38-41, ਟੇਢੇ ਟਾਈਪ ਸਾਡੇ; 103:8, 13, 14) ਦੂਸਰੇ ਪਾਸੇ, ਜਦੋਂ ਉਸ ਦੇ ਸੇਵਕ ਉਸ ਦੇ ਨਿਯਮਾਂ ਦੇ ਪ੍ਰਤੀ ਆਗਿਆਕਾਰ ਹੁੰਦੇ ਹਨ, ਤਾਂ ਪਰਮੇਸ਼ੁਰ ਆਨੰਦ ਮਹਿਸੂਸ ਕਰਦਾ ਹੈ। (ਕਹਾਉਤਾਂ 27:11) ਨਾਲੇ, ਪਰਮੇਸ਼ੁਰ ਵਰਣਨ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ ਜਦੋਂ ਉਸ ਦੇ ਸੇਵਕ ਦੁਸ਼ਮਣਾਂ ਦੁਆਰਾ ਤੜਫ਼ਾਏ ਜਾਂਦੇ ਹਨ: “ਜਿਹੜਾ ਤੁਹਾਨੂੰ ਛੋਹੰਦਾ ਹੈ ਉਹ ਉਸ ਦੀ ਅੱਖ ਦੀ ਕਾਕੀ ਨੂੰ ਛੋਹੰਦਾ ਹੈ।” (ਜ਼ਕਰਯਾਹ 2:8) ਕੀ ਤੁਸੀਂ ਅਜਿਹੇ ਪਰਮੇਸ਼ੁਰ ਨਾਲ ਪ੍ਰੇਮ ਕਰਨ ਦੇ ਲਈ ਉਤੇਜਿਤ ਨਹੀਂ ਹੁੰਦੇ ਜਿਹੜਾ ਸਾਰੀਆਂ ਕੌਮਾਂ ਅਤੇ ਲੋਕਾਂ ਦੇ ਦੀਨ, ਮਾਮੂਲੀ ਮਨੁੱਖਾਂ ਨਾਲ ਮੋਹ ਰੱਖਦਾ ਹੈ?—ਯਸਾਯਾਹ 40:22; ਯੂਹੰਨਾ 3:16.
ਕੀ ਪਰਮੇਸ਼ੁਰ ਯਿਸੂ ਯਾ ਇਕ ਤ੍ਰਿਏਕ ਹੈ?
14. ਤ੍ਰਿਏਕ ਸਿੱਖਿਆ ਕੀ ਹੈ?
14 ਇਹ ਅਦਭੁਤ ਪਰਮੇਸ਼ੁਰ ਕੌਣ ਹੈ? ਕਈ ਵਿਅਕਤੀ ਆਖਦੇ ਹਨ ਕਿ ਉਸ ਦਾ ਨਾਂ ਯਿਸੂ ਹੈ। ਦੂਸਰੇ ਆਖਦੇ ਹਨ ਕਿ ਉਹ ਇਕ ਤ੍ਰਿਏਕ ਹੈ, ਭਾਵੇਂ “ਤ੍ਰਿਏਕ” ਸ਼ਬਦ ਬਾਈਬਲ ਵਿਚ ਨਹੀਂ ਪਾਇਆ ਜਾਂਦਾ ਹੈ। ਤ੍ਰਿਏਕ ਦੀ ਸਿੱਖਿਆ ਦੇ ਅਨੁਸਾਰ, ਇਕ ਪਰਮੇਸ਼ੁਰ ਵਿਚ ਤਿੰਨ ਵਿਅਕਤੀ ਹਨ, ਮਤਲਬ ਕਿ, “ਇਕ ਪਰਮੇਸ਼ੁਰ, ਪਿਤਾ, ਪੁੱਤਰ, ਅਤੇ ਪਵਿੱਤਰ ਆਤਮਾ।” ਕਈ ਧਾਰਮਿਕ ਸੰਗਠਨ ਇਹ ਸਿੱਖਿਆ ਦਿੰਦੇ ਹਨ, ਭਾਵੇਂ ਉਹ ਇਹ ਸਵੀਕਾਰ ਕਰਦੇ ਹਨ ਕਿ ਇਹ “ਇਕ ਰਹੱਸ” ਹੈ। ਕੀ ਪਰਮੇਸ਼ੁਰ ਬਾਰੇ ਅਜਿਹੇ ਵਿਚਾਰ ਸਹੀ ਹਨ?
15. ਬਾਈਬਲ ਕਿਵੇਂ ਦਿਖਾਉਂਦੀ ਹੈ ਕਿ ਪਰਮੇਸ਼ੁਰ ਅਤੇ ਯਿਸੂ ਦੋ ਵੱਖਰੇ ਵਿਅਕਤੀ ਹਨ ਜੋ ਬਰਾਬਰ ਨਹੀਂ ਹਨ?
15 ਭਲਾ, ਕੀ ਯਿਸੂ ਨੇ ਕਦੇ ਵੀ ਇਹ ਕਿਹਾ ਸੀ ਕਿ ਉਹ ਪਰਮੇਸ਼ੁਰ ਹੈ? ਨਹੀਂ, ਕਦੇ ਵੀ ਨਹੀਂ। ਬਲਕਿ, ਬਾਈਬਲ ਵਿਚ ਉਹ “ਪਰਮੇਸ਼ੁਰ ਦਾ ਪੁੱਤ੍ਰ” ਸੱਦਿਆ ਗਿਆ ਹੈ। ਅਤੇ ਉਸ ਨੇ ਆਖਿਆ: “ਪਿਤਾ ਮੈਥੋਂ ਵੱਡਾ ਹੈ।” (ਯੂਹੰਨਾ 10:34-36; 14:28) ਨਾਲੇ, ਯਿਸੂ ਨੇ ਵਿਆਖਿਆ ਕੀਤੀ ਸੀ ਕਿ ਕੁਝ ਅਜਿਹੀਆਂ ਚੀਜ਼ਾਂ ਸਨ ਜਿਹੜੀਆਂ ਨਾ ਉਹ ਆਪ, ਅਤੇ ਨਾ ਹੀ ਦੂਤ ਜਾਣਦੇ ਸਨ ਪਰ ਕੇਵਲ ਪਿਤਾ ਜਾਣਦਾ ਸੀ। (ਮਰਕੁਸ 13:32) ਇਸ ਤੋਂ ਇਲਾਵਾ, ਯਿਸੂ ਨੇ ਇਕ ਅਵਸਰ ਤੇ ਇਹ ਕਹਿੰਦੇ ਹੋਏ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ: “ਮੇਰੀ ਮਰਜ਼ੀ ਨਹੀਂ ਪਰ ਤੇਰੀ ਹੋਵੇ।” (ਲੂਕਾ 22:42, ਟੇਢੇ ਟਾਈਪ ਸਾਡੇ) ਅਗਰ ਯਿਸੂ ਸਰਬਸ਼ਕਤੀਮਾਨ ਪਰਮੇਸ਼ੁਰ ਹੁੰਦਾ, ਉਹ ਆਪਣੇ ਆਪ ਨੂੰ ਪ੍ਰਾਰਥਨਾ ਨਹੀਂ ਕਰਦਾ, ਹੈ ਕਿ ਨਹੀਂ? ਅਸਲ ਵਿਚ, ਯਿਸੂ ਦੀ ਮੌਤ ਤੋਂ ਬਾਅਦ, ਸ਼ਾਸਤਰ ਆਖਦਾ ਹੈ: “ਉਸੇ ਯਿਸੂ ਨੂੰ ਪਰਮੇਸ਼ੁਰ ਨੇ ਜੀਉਂਦਾ ਉਠਾਇਆ।” (ਰਸੂਲਾਂ ਦੇ ਕਰਤੱਬ 2:32) ਇਸ ਤਰ੍ਹਾਂ ਸਰਬਸ਼ਕਤੀਮਾਨ ਪਰਮੇਸ਼ੁਰ ਅਤੇ ਯਿਸੂ ਸਪੱਸ਼ਟ ਤੌਰ ਤੇ ਦੋ ਵੱਖਰੇ ਵਿਅਕਤੀ ਹਨ। ਆਪਣੀ ਮੌਤ ਅਤੇ ਪੁਨਰ-ਉਥਾਨ ਅਤੇ ਸਵਰਗ ਨੂੰ ਚੜ੍ਹਨ ਤੋਂ ਬਾਅਦ ਵੀ, ਯਿਸੂ ਫਿਰ ਵੀ ਆਪਣੇ ਪਿਤਾ ਦੇ ਬਰਾਬਰ ਨਹੀਂ ਹੋਇਆ।—1 ਕੁਰਿੰਥੀਆਂ 11:3; 15:28.
16. ਭਾਵੇਂ ਯਿਸੂ ਨੂੰ “ਪਰਮੇਸ਼ੁਰ,” ਸੰਕੇਤ ਕੀਤਾ ਜਾਂਦਾ ਹੈ, ਕੀ ਦਿਖਾਉਂਦਾ ਹੈ ਕਿ ਉਹ ਸਰਬਸ਼ਕਤੀਮਾਨ ਪਰਮੇਸ਼ੁਰ ਨਹੀਂ ਹੈ?
16 ‘ਪਰ ਕੀ ਬਾਈਬਲ ਵਿਚ ਯਿਸੂ ਇਕ ਈਸ਼ਵਰ ਨਹੀਂ ਸੱਦਿਆ ਗਿਆ?’ ਕੋਈ ਸ਼ਾਇਦ ਪੁੱਛੇ। ਇਹ ਸੱਚ ਹੈ। ਹਾਲਾਂਕਿ, ਸ਼ਤਾਨ ਵੀ ਈਸ਼ਵਰ ਸੱਦਿਆ ਗਿਆ ਹੈ। (2 ਕੁਰਿੰਥੀਆਂ 4:4) ਯੂਹੰਨਾ 1:1 ਤੇ, ਜਿਹੜਾ ਯਿਸੂ ਨੂੰ “ਸ਼ਬਦ” ਸੰਕੇਤ ਕਰਦਾ ਹੈ, ਬਾਈਬਲ ਦੇ ਕਈ ਤਰਜਮੇ ਆਖਦੇ ਹਨ: “ਆਦ ਵਿੱਚ ਸ਼ਬਦ ਸੀ, ਅਰ ਸ਼ਬਦ ਪਰਮੇਸ਼ੁਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ੁਰ ਸੀ।” ਪਰ ਧਿਆਨ ਦਿਓ, ਆਇਤ 2 ਆਖਦੀ ਹੈ ਕਿ ਸ਼ਬਦ “ਆਦ ਵਿੱਚ ਪਰਮੇਸ਼ੁਰ ਦੇ ਸੰਗ ਸੀ।” ਅਤੇ ਜਦ ਕਿ ਮਨੁੱਖਾਂ ਨੇ ਯਿਸੂ ਨੂੰ ਵੇਖਿਆ ਹੈ, ਆਇਤ 18 ਆਖਦੀ ਹੈ ਕਿ “ਕਿਸੇ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਵੇਖਿਆ।” (ਔਥੋਰਾਈਜ਼ਡ ਯਾ ਕਿੰਗ ਜੇਮਜ਼ ਵਰਯਨ) ਸੋ ਅਸੀਂ ਵੇਖਦੇ ਹਾਂ ਕਿ ਆਇਤ 1 ਦੇ ਕਈ ਤਰਜਮੇ ਮੂਲ ਭਾਸ਼ਾ ਦਾ ਸਹੀ ਵਿਚਾਰ ਪ੍ਰਸਤੁਤ ਕਰਦੇ ਹਨ ਜਦੋਂ ਉਹ ਆਖਦੇ ਹਨ: “ਸ਼ਬਦ ਪਰਮੇਸ਼ੁਰ ਦੇ ਸੰਗ ਸੀ ਅਤੇ ਸ਼ਬਦ ਈਸ਼ਵਰੀ ਸੀ,” ਯਾ “ਇਕ ਈਸ਼ਵਰ” ਸੀ, ਮਤਲਬ ਕਿ, ਸ਼ਬਦ ਇਕ ਸ਼ਕਤੀਸ਼ਾਲੀ ਈਸ਼ਵਰ ਵਰਗਾ ਸੀ। (ਐਨ ਅਮੈਰੀਕਨ ਟ੍ਰਾਂਸਲੇਸ਼ਨ) ਸਪੱਸ਼ਟ ਤੌਰ ਤੇ, ਯਿਸੂ ਸਰਬਸ਼ਕਤੀਮਾਨ ਪਰਮੇਸ਼ੁਰ ਨਹੀਂ ਹੈ। ਅਸਲ ਵਿਚ, ਯਿਸੂ ਨੇ ਆਪਣੇ ਪਿਤਾ ਨੂੰ ‘ਆਪਣਾ ਪਰਮੇਸ਼ੁਰ’ ਅਤੇ “ਸੱਚਾ ਵਾਹਿਦ ਪਰਮੇਸ਼ੁਰ” ਆਖਿਆ।—ਯੂਹੰਨਾ 20:17; 17:3.
17. ਯਿਸੂ ਦੇ ਅਨੁਯਾਈਆਂ ਉੱਤੇ ਪਵਿੱਤਰ ਆਤਮਾ ਦਾ ਪਾਇਆ ਜਾਣਾ ਕਿਸ ਤਰ੍ਹਾਂ ਸਾਬਤ ਕਰਦਾ ਹੈ ਕਿ ਇਹ ਇਕ ਵਿਅਕਤੀ ਨਹੀਂ ਹੈ?
17 ਅਸੀਂ ਤ੍ਰਿਏਕ ਦੇ ਅਖਾਉਤੀ ਤੀਸਰੇ ਵਿਅਕਤੀ “ਪਵਿੱਤਰ ਆਤਮਾ,” ਦੇ ਸੰਬੰਧ ਵਿਚ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਇਹ ਇਕ ਵਿਅਕਤੀ ਨਹੀਂ ਪਰ ਪਰਮੇਸ਼ੁਰ ਦੀ ਕ੍ਰਿਆਸ਼ੀਲ ਸ਼ਕਤੀ ਹੈ। ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਕਿਹਾ ਕਿ ਯਿਸੂ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਵੇਗਾ, ਜਿਵੇਂ ਯੂਹੰਨਾ ਪਾਣੀ ਨਾਲ ਬਪਤਿਸਮਾ ਦੇ ਰਿਹਾ ਸੀ। ਇਸ ਲਈ, ਜਿਸ ਤਰ੍ਹਾਂ ਪਾਣੀ ਇਕ ਵਿਅਕਤੀ ਨਹੀਂ ਹੈ, ਪਵਿੱਤਰ ਆਤਮਾ ਇਕ ਵਿਅਕਤੀ ਨਹੀਂ ਹੈ। (ਮੱਤੀ 3:11) ਯੂਹੰਨਾ ਨੇ ਜਿਹੜੀ ਭਵਿੱਖਬਾਣੀ ਕੀਤੀ ਸੀ ਉਹ ਉਦੋਂ ਪੂਰੀ ਹੋਈ ਜਦੋਂ, ਯਿਸੂ ਦੀ ਮੌਤ ਅਤੇ ਪੁਨਰ-ਉਥਾਨ ਤੋਂ ਬਾਅਦ, ਯਰੂਸ਼ਲਮ ਵਿਚ ਉਹ ਦੇ ਇਕੱਠੇ ਹੋਏ ਅਨੁਯਾਈਆਂ ਉੱਤੇ ਪਵਿੱਤਰ ਆਤਮਾ ਪਾਈ ਗਈ ਸੀ। ਬਾਈਬਲ ਆਖਦੀ ਹੈ: “ਤਦ ਓਹ ਸੱਭੇ ਪਵਿੱਤ੍ਰ ਆਤਮਾ ਨਾਲ ਭਰ ਗਏ।” (ਰਸੂਲਾਂ ਦੇ ਕਰਤੱਬ 2:4) ਕੀ ਉਹ ਇਕ ਵਿਅਕਤੀ ਨਾਲ “ਭਰ” ਗਏ ਸਨ? ਨਹੀਂ, ਪਰ ਉਹ ਪਰਮੇਸ਼ੁਰ ਦੀ ਕ੍ਰਿਆਸ਼ੀਲ ਸ਼ਕਤੀ ਨਾਲ ਭਰ ਗਏ ਸਨ। ਇਸ ਤਰ੍ਹਾਂ ਹਕੀਕਤਾਂ ਸਪੱਸ਼ਟ ਕਰਦੀਆਂ ਹਨ ਕਿ ਤ੍ਰਿਏਕ ਇਕ ਬਾਈਬਲ ਸਿੱਖਿਆ ਨਹੀਂ ਹੈ। ਦਰਅਸਲ, ਯਿਸੂ ਦੇ ਧਰਤੀ ਉੱਤੇ ਆਉਣ ਤੋਂ ਬਹੁਤ ਚਿਰ ਪਹਿਲਾਂ, ਪ੍ਰਾਚੀਨ ਮਿਸਰ ਅਤੇ ਬਾਬੁਲ ਅਜਿਹੇ ਸਥਾਨਾਂ ਵਿਚ ਈਸ਼ਵਰਾਂ ਦੀ ਉਪਾਸਨਾ ਤਿੰਨ-ਤਿੰਨ ਦੇ ਸਮੂਹਾਂ, ਯਾ ਤ੍ਰਿਏਕਾਂ ਵਿਚ ਕੀਤੀ ਜਾਂਦੀ ਸੀ।
ਪਰਮੇਸ਼ੁਰ ਦਾ ਨਾਂ
18. (ੳ) ਕੀ ਸਰਬਸ਼ਕਤੀਮਾਨ ਪਰਮੇਸ਼ੁਰ ਦਾ ਨਿੱਜੀ ਨਾਂ “ਪਰਮੇਸ਼ੁਰ” ਹੈ? (ਅ) ਉਸ ਦਾ ਨਿੱਜੀ ਨਾਂ ਕੀ ਹੈ?
18 ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਹਰ ਵਿਅਕਤੀ ਜਿਸ ਨੂੰ ਤੁਸੀਂ ਜਾਣਦੇ ਹੋ ਉਸ ਦਾ ਇਕ ਨਾਂ ਹੈ। ਪਰਮੇਸ਼ੁਰ ਨੂੰ ਦੂਸਰਿਆਂ ਨਾਲੋਂ ਵੱਖਰਾ ਕਰਨ ਲਈ ਉਸ ਦਾ ਵੀ ਇਕ ਨਿੱਜੀ ਨਾਂ ਹੈ। ‘ਕੀ ਉਸ ਦਾ ਨਾਂ “ਪਰਮੇਸ਼ੁਰ” ਨਹੀਂ ਹੈ?’ ਕਈ ਸ਼ਾਇਦ ਪੁੱਛਣ। ਨਹੀਂ, ਕਿਉਂਕਿ “ਪਰਮੇਸ਼ੁਰ” ਸਿਰਫ਼ ਇਕ ਖਿਤਾਬ ਹੈ, ਜਿਸ ਤਰ੍ਹਾਂ ਕਿ “ਰਾਸ਼ਟਰਪਤੀ,” “ਰਾਜਾ” ਅਤੇ “ਨਿਆਂਕਾਰ” ਖਿਤਾਬ ਹਨ। ਅਸੀਂ ਪਰਮੇਸ਼ੁਰ ਦਾ ਨਾਂ ਬਾਈਬਲ ਵਿਚੋਂ ਸਿੱਖਦੇ ਹਾਂ, ਜਿੱਥੇ ਉਹ ਤਕਰੀਬਨ 7,000 ਵਾਰ ਪਾਇਆ ਜਾਂਦਾ ਹੈ। ਉਦਾਹਰਣ ਦੇ ਤੌਰ ਤੇ, ਕਿੰਗ ਜੇਮਜ਼ ਵਰਯਨ ਵਿਚ, ਜ਼ਬੂਰਾਂ ਦੀ ਪੋਥੀ 83:18 ਵਿਚ ਲਿਖਿਆ ਹੈ: “ਭਈ ਮਨੁੱਖ ਜਾਣਨ ਕਿ ਇਕੱਲਾ ਤੂੰ, ਜਿਸ ਦਾ ਨਾਂ ਯਹੋਵਾਹ ਹੈ, ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ।” ਨਾਲੇ, ਜ਼ਿਆਦਾ ਬਾਈਬਲਾਂ ਵਿਚ ਪਰਮੇਸ਼ੁਰ ਦਾ ਨਾਂ ਪਰਕਾਸ਼ ਦੀ ਪੋਥੀ 19:1-6 ਵਿਚ “ਅਲਲੂਯਾਹ” ਯਾ “ਹਲਲੂਯਾਹ” ਸ਼ਬਦਾਂ ਦੇ ਹਿੱਸੇ ਦੇ ਤੌਰ ਤੇ ਪਾਇਆ ਜਾਂਦਾ ਹੈ। ਇਸ ਦਾ ਮਤਲਬ ਹੈ “ਯਾਹ ਦੀ ਉਸਤਤ ਕਰੋ,” ਜੋ ਯਹੋਵਾਹ ਦਾ ਇਕ ਸੰਖਿਪਤ ਰੂਪ ਹੈ।
19. (ੳ) ਕਈ ਵਿਅਕਤੀ ਆਪਣੀ ਬਾਈਬਲ ਵਿਚ ਪਰਮੇਸ਼ੁਰ ਦਾ ਨਾਂ ਵੇਖ ਕੇ ਕਿਉਂ ਹੈਰਾਨ ਹੁੰਦੇ ਹਨ? (ਅ) ਇਹ ਨਾਂ ਕਿੰਗ ਜੇਮਜ਼ ਵਰਯਨ ਵਿਚ ਕਿੱਥੇ-ਕਿੱਥੇ ਪ੍ਰਗਟ ਹੁੰਦਾ ਹੈ?
19 ਕਈ ਵਿਅਕਤੀ ਆਪਣੀ ਬਾਈਬਲ ਵਿਚ ਪਰਮੇਸ਼ੁਰ ਦਾ ਨਾਂ ਵੇਖ ਕੇ ਹੈਰਾਨ ਹੁੰਦੇ ਹਨ। ਇਹ ਅਕਸਰ ਇਸ ਲਈ ਹੈ ਕਿਉਂਕਿ ਉਨ੍ਹਾਂ ਦੀ ਬਾਈਬਲ ਉਹ ਹੈ ਜੋ ਪਰਮੇਸ਼ੁਰ ਦੇ ਨਾਂ ਦੀ ਵਰਤੋਂ ਕਦੀ-ਕਦਾਈਂ ਕਰਦੀ ਹੈ। ਉਦਾਹਰਣ ਦੇ ਲਈ, ਕਿੰਗ ਜੇਮਜ਼ ਵਰਯਨ ਖ਼ੁਦ “ਯਹੋਵਾਹ” ਦੇ ਨਾਂ ਦੀ ਵਰਤੋਂ ਕੇਵਲ ਕੂਚ 6:3, ਜ਼ਬੂਰਾਂ ਦੀ ਪੋਥੀ 83:18 ਅਤੇ ਯਸਾਯਾਹ 12:2 ਅਤੇ 26:4 ਵਿਚ ਕਰਦਾ ਹੈ। ਪਰ ਫਿਰ, ਜਦੋਂ ਇਹ ਬਾਈਬਲ ਪਰਮੇਸ਼ੁਰ ਦਾ ਨਾਂ “ਪ੍ਰਭੁ” ਯਾ “ਪਰਮੇਸ਼ੁਰ” ਦੇ ਖਿਤਾਬ ਨਾਲ ਤਰਜਮਾ ਕਰਦੀ ਹੈ, ਇਹ ਹਮੇਸ਼ਾ ਇਸ ਖਿਤਾਬ ਨੂੰ ਵੱਡੇ ਅੱਖਰਾਂ ਵਿਚ ਲਿੱਖਦੀ ਹੈ, ਜਿਵੇਂ (LORD) “ਪ੍ਰਭੁ” ਅਤੇ (GOD) “ਪਰਮੇਸ਼ੁਰ,” ਜਿਹੜਾ ਕਿ ਇਹ ਨੂੰ ਆਮ ਅੱਖਰਾਂ (Lord) “ਪ੍ਰਭੁ” ਅਤੇ (God) “ਪਰਮੇਸ਼ੁਰ” ਤੋਂ ਵੱਖਰਾ ਕਰਦਾ ਹੈ। ਜ਼ਬੂਰਾਂ ਦੀ ਪੋਥੀ 110:1 ਵਿਚ ਇਸ ਉੱਤੇ ਧਿਆਨ ਦਿਓ।
20. (ੳ) ਪਰਮੇਸ਼ੁਰ ਦੇ ਨਾਂ ਦੀ ਵਰਤੋਂ ਅਕਸਰ ਕਿਉਂ ਨਹੀਂ ਕੀਤੀ ਗਈ? (ਅ) ਕੀ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ?
20 ‘ਪਰ ਕਿਉਂ,’ ਤੁਸੀਂ ਪੁੱਛ ਸਕਦੇ ਹੋ, ‘ਪਰਮੇਸ਼ੁਰ ਦੇ ਨਾਂ ਦੀ ਵਰਤੋਂ ਹਰ ਥਾਂ ਨਹੀਂ ਕੀਤੀ ਗਈ ਹੈ ਜਿੱਥੇ ਵੀ ਉਸ ਦਾ ਨਾਂ ਮੂਲ ਬਾਈਬਲ ਪਾਠ ਵਿਚ ਪਾਇਆ ਜਾਂਦਾ ਹੈ? ਉਸ ਦੇ ਥਾਂ ਤੇ ਇਹ ਖਿਤਾਬ (LORD) ਪ੍ਰਭੁ ਅਤੇ (GOD) ਪਰਮੇਸ਼ੁਰ ਆਮ ਤੌਰ ਤੇ ਕਿਉਂ ਵਰਤੇ ਗਏ ਹਨ?’ ਆਪਣੇ ਮੁਖਬੰਧ ਵਿਚ ਅਮੈਰੀਕਨ ਸਟੈਂਡਡ ਵਰਯਨ ਵਿਆਖਿਆ ਕਰਦੀ ਹੈ ਕਿ ਉਹ ਪਰਮੇਸ਼ੁਰ ਦਾ ਨਾਂ ਯਹੋਵਾਹ ਕਿਉਂ ਵਰਤਦੀ ਹੈ, ਅਤੇ ਇਸ ਨਾਂ ਦੀ ਵਰਤੋਂ ਬਹੁਤ ਚਿਰ ਲਈ ਕਿਉਂ ਨਹੀਂ ਕੀਤੀ ਗਈ ਸੀ: “ਦ ਅਮੈਰੀਕਨ ਰੀਵਾਈਜ਼ਰਸ, ਧਿਆਨਵਾਨ ਸੋਚ ਵਿਚਾਰ ਕਰਨ ਤੋਂ ਬਾਅਦ, ਇਕ ਸਰਬ-ਸੰਮਤ ਯਕੀਨ ਤੇ ਪਹੁੰਚੇ ਸਨ ਕਿ ਇਸ ਯਹੂਦੀ ਵਹਿਮ ਨੂੰ, ਜਿਸ ਦੇ ਅਨੁਸਾਰ ਈਸ਼ਵਰੀ ਨਾਂ ਇੰਨਾ ਪਵਿੱਤਰ ਸੀ ਕਿ ਉਸ ਨੂੰ ਬੋਲਣਾ ਨਹੀਂ ਚਾਹੀਦਾ, ਹੁਣ ਅੰਗ੍ਰੇਜ਼ੀ ਯਾ ਕਿਸੇ ਹੋਰ ਤਰਜਮੇ ਤੇ ਪ੍ਰਮੁੱਖਤਾ ਨਹੀਂ ਜਮਾਉਣੀ ਚਾਹੀਦੀ ਹੈ . . . ਇਹ ਨਿੱਜੀ ਨਾਂ, ਆਪਣੇ ਪਵਿੱਤਰ ਸੰਬੰਧਾਂ ਦੀ ਬਹੁਤਾਤ ਸਮੇਤ, ਹੁਣ ਪਵਿੱਤਰ ਪਾਠ ਵਿਚ ਮੁੜ ਉਸ ਥਾਂ ਤੇ ਬਹਾਲ ਕੀਤਾ ਗਿਆ ਹੈ ਜਿੱਥੇ ਨਿਰਵਿਵਾਦ ਉਸ ਦਾ ਅਧਿਕਾਰ ਹੈ।” ਜੀ ਹਾਂ, ਜਿਨ੍ਹਾਂ ਮਨੁੱਖਾਂ ਨੇ ਉਹ ਬਾਈਬਲ ਦਾ ਅੰਗ੍ਰੇਜ਼ੀ ਵਿਚ ਤਰਜਮਾ ਕੀਤਾ, ਉਨ੍ਹਾਂ ਨੇ ਮਹਿਸੂਸ ਕੀਤਾ ਕਿ ਜਿਹੜੇ ਕਾਰਨਾਂ ਕਰਕੇ ਪਰਮੇਸ਼ੁਰ ਦਾ ਨਾਂ ਬਾਹਰ ਕਢਿਆ ਗਿਆ ਸੀ, ਉਹ ਅੱਛੇ ਨਹੀਂ ਸਨ। ਇਸ ਲਈ ਉਨ੍ਹਾਂ ਨੇ ਉਸ ਨੂੰ ਬਾਈਬਲ ਵਿਚ ਆਪਣੇ ਅਧਿਕਾਰਪੂਰਣ ਥਾਂ ਤੇ ਵਾਪਸ ਪਾ ਦਿੱਤਾ।
21. ਕੈਥੋਲਿਕ ਡੂਏ ਵਰਯਨ ਯਹੋਵਾਹ ਦੇ ਨਾਂ ਬਾਰੇ ਕੀ ਆਖਦਾ ਹੈ?
21 ਫਿਰ ਵੀ, ਕਈ ਐਸੇ ਲੋਕ ਹਨ, ਜਿਹੜੇ ਬਹਿਸ ਕਰਦੇ ਹਨ ਕਿ “ਯਹੋਵਾਹ” ਸ਼ਬਦ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ ਕਿਉਂਕਿ ਇਹ ਸੱਚ-ਮੁੱਚ ਪਰਮੇਸ਼ੁਰ ਦਾ ਨਾਂ ਨਹੀਂ ਹੈ। ਉਦਾਹਰਣ ਦੇ ਤੌਰ ਤੇ, ਕੈਥੋਲਿਕ ਡੁਏ ਵਰਯਨ, ਜਿਹੜਾ ਆਪਣੇ ਮੁੱਖ ਪਾਠ ਵਿਚ ਪਰਮੇਸ਼ੁਰ ਦੇ ਨਾਂ ਦੀ ਵਰਤੋਂ ਨਹੀਂ ਕਰਦਾ ਹੈ, ਆਪਣੇ ਫੁਟਨੋਟ ਵਿਚ ਕੂਚ 6:3 ਬਾਰੇ ਆਖਦਾ ਹੈ: “ਕੁਝ ਆਧੁਨਿਕ ਵਿਅਕਤੀਆਂ ਨੇ ਇਹ ਨਾਂ ਯਹੋਵਾਹ ਨੂੰ ਮਨਘੜਿਆ ਹੈ . . . ਇਹ ਨਾਂ ਦਾ ਸਹੀ ਉਚਾਰਣ, ਜੋ ਕਿ ਇਬਰਾਨੀ ਪਾਠ ਵਿਚ ਹੈ, ਬਹੁਤ ਚਿਰ ਤੋਂ ਅਵਰਤੋਂ ਕਰਕੇ, ਹੁਣ ਬਿਲਕੁਲ ਖੋਹ ਗਿਆ ਹੈ।”
22. (ੳ) ਇਬਰਾਨੀ ਭਾਸ਼ਾ ਵਿਚ ਪਰਮੇਸ਼ੁਰ ਦਾ ਨਾਂ ਕਿਸ ਤਰ੍ਹਾਂ ਦਰਸਾਇਆ ਗਿਆ ਹੈ? (ਅ) ਇਹ ਜਾਣਨ ਦੀ ਸਮੱਸਿਆ ਕਿਉਂ ਪੇਸ਼ ਹੈ ਕਿ ਪਰਮੇਸ਼ੁਰ ਦਾ ਨਾਂ ਮੁੱਢ ਵਿਚ ਕਿਵੇਂ ਉਚਾਰਿਆ ਜਾਂਦਾ ਸੀ?
22 ਜੀ ਹਾਂ, ਜਿਸ ਤਰ੍ਹਾਂ ਕੈਥੋਲਿਕ ਬਾਈਬਲ ਇੱਥੇ ਆਖਦੀ ਹੈ, ਪਰਮੇਸ਼ੁਰ ਦਾ ਨਾਂ ਇਬਰਾਨੀ ਪਾਠ ਵਿਚ ਪਾਇਆ ਜਾਂਦਾ ਹੈ, ਇਬਰਾਨੀ ਉਹ ਭਾਸ਼ਾ ਹੈ ਜਿਸ ਵਿਚ ਬਾਈਬਲ ਦੀਆਂ ਪਹਿਲੀਆਂ 39 ਕਿਤਾਬਾਂ ਲਿੱਖੀਆਂ ਗਈਆਂ ਸਨ। ਉੱਥੇ ਇਹ ਨਾਂ ਚਾਰ ਇਬਰਾਨੀ ਅੱਖਰਾਂ, YHWH ਨਾਲ ਦਰਸਾਇਆ ਗਿਆ ਹੈ। ਪ੍ਰਾਚੀਨ ਸਮਿਆਂ ਵਿਚ ਇਬਰਾਨੀ ਭਾਸ਼ਾ ਬਗੈਰ ਸ੍ਵਰਾਂ ਤੋਂ ਲਿੱਖੀ ਜਾਂਦੀ ਸੀ, ਜਿਵੇਂ ਕਿ ੳ, ਅ, ੲ, ਅਤੇ ਓ ਅੱਖਰ, ਜਿਹੜੇ ਸਾਨੂੰ ਸ਼ਬਦਾਂ ਨੂੰ ਸਹੀ ਧੁਨੀ ਦੇਣ ਦੀ ਸਹਾਇਤਾ ਦਿੰਦੇ ਹਨ। ਇਸ ਲਈ, ਅੱਜ ਇਹ ਸਮੱਸਿਆ ਪੇਸ਼ ਹੈ ਕਿ ਸਾਨੂੰ ਅੱਛੀ ਤਰ੍ਹਾਂ ਜਾਣਨ ਦਾ ਕੋਈ ਤਰੀਕਾ ਨਹੀਂ ਹੈ ਕਿ ਇਬਰਾਨੀਆਂ ਨੇ YHWH ਵਿਅੰਜਨਾਂ ਦੇ ਨਾਲ ਕਿਹੜੇ ਸ੍ਵਰਾਂ ਦੀ ਵਰਤੋਂ ਕੀਤੀ ਸੀ।
23. ਪਰਮੇਸ਼ੁਰ ਦੇ ਨਾਂ ਨੂੰ ਉਚਾਰਣ ਦੀ ਸਮੱਸਿਆ ਸਮਝਣ ਲਈ “ਹਿਮਾਲੀਆ” ਲਈ “ਹਮਲ” ਅੱਖਰ-ਜੋੜ ਸਾਨੂੰ ਕਿਸ ਤਰ੍ਹਾਂ ਮਦਦ ਦੇ ਸਕਦਾ ਹੈ?
23 ਇਸ ਸਮੱਸਿਆ ਨੂੰ ਸਮਝਣ ਲਈ, “ਹਿਮਾਲੀਆ” ਸ਼ਬਦ ਉੱਤੇ ਵਿਚਾਰ ਕਰੋ। ਫਰਜ਼ ਕਰੋ ਕਿ ਇਹ ਹਮੇਸ਼ਾ ਲਈ “ਹਮਲ” ਲਿਖਣਾ ਸ਼ੁਰੂ ਹੋ ਜਾਵੇ, ਅਤੇ ਕੁਝ ਸਮੇਂ ਬਾਅਦ, ਇਹ ਸ਼ਬਦ ਕਦੇ ਵੀ ਨਾ ਉਚਾਰਿਆ ਜਾਵੇ। ਤਾਂ ਫਿਰ, ਹੁਣ ਤੋਂ 1,000 ਸਾਲ ਬਾਅਦ ਰਹਿਣ ਵਾਲਾ ਇਕ ਵਿਅਕਤੀ ਕਿਸ ਤਰ੍ਹਾਂ ਜਾਣੇਗਾ ਕਿ “ਹਮਲ” ਕਿਵੇਂ ਉਚਾਰਿਆ ਜਾਂਦਾ ਹੈ ਜਦੋਂ ਉਹ ਉਸ ਨੂੰ ਲਿਖਾਈ ਵਿਚ ਦੇਖੇ? ਕਿਉਂਕਿ ਉਸ ਨੇ ਇਹ ਸ਼ਬਦ ਨੂੰ ਕਦੇ ਵੀ ਉਚਾਰਦਿਆਂ ਨਹੀਂ ਸੁਣਿਆ ਅਤੇ ਉਹ ਨਹੀਂ ਜਾਣਦਾ ਹੈ ਕਿ ਇਸ ਵਿਚ ਕਿਹੜੇ ਸ੍ਵਰਾਂ ਦੀ ਵਰਤੋਂ ਕੀਤੀ ਗਈ ਸੀ, ਉਸ ਨੂੰ ਨਿਸ਼ਚਿਤ ਤੌਰ ਤੇ ਪਤਾ ਨਹੀਂ ਹੋਵੇਗਾ। ਪਰਮੇਸ਼ੁਰ ਦੇ ਨਾਂ ਨਾਲ ਵੀ ਅਜਿਹੀ ਗੱਲ ਹੈ। ਇਹ ਬਿਲਕੁਲ ਠੀਕ ਤਰ੍ਹਾਂ ਨਹੀਂ ਪਤਾ ਹੈ ਕਿ ਇਸ ਨੂੰ ਕਿਸ ਤਰ੍ਹਾਂ ਉਚਾਰਿਆ ਜਾਂਦਾ ਸੀ, ਹਾਲਾਂ ਕਿ ਕਈ ਵਿਦਵਾਨ ਵਿਚਾਰ ਕਰਦੇ ਹਨ ਕਿ “ਯਾਹਵੇਹ” ਸਹੀ ਹੈ। ਫਿਰ ਵੀ, “ਯਹੋਵਾਹ” ਰੂਪ ਦੀ ਵਰਤੋਂ ਬਹੁਤ ਸਦੀਆਂ ਤੋਂ ਕੀਤੀ ਗਈ ਹੈ ਅਤੇ ਸਭ ਤੋਂ ਜ਼ਿਆਦਾ ਜਾਣਿਆ ਪਛਾਣਿਆ ਹੈ।
24. (ੳ) ਇਕਸਾਰ ਹੋਣ ਦੇ ਲਈ, ਇਹ ਉਚਿਤ ਕਿਉਂ ਹੈ ਕਿ ਅਸੀਂ ਪਰਮੇਸ਼ੁਰ ਦੇ ਨਾਂ ਦੀ ਵਰਤੋਂ ਕਰੀਏ? (ਅ) ਰਸੂਲਾਂ ਦੇ ਕਰਤੱਬ 15:14 ਨੂੰ ਧਿਆਨ ਵਿਚ ਰੱਖਦੇ ਹੋਏ, ਪਰਮੇਸ਼ੁਰ ਦੇ ਨਾਂ ਦੀ ਵਰਤੋਂ ਕਰਨਾ ਕਿਉਂ ਮਹੱਤਵਪੂਰਣ ਹੈ?
24 ਫਿਰ ਵੀ, ਕੀ ਸਾਨੂੰ ਪਰਮੇਸ਼ੁਰ ਦੇ ਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਭਾਵੇਂ ਅਸੀਂ ਇਸ ਨੂੰ ਬਿਲਕੁਲ ਉਸੇ ਤਰ੍ਹਾਂ ਨਹੀਂ ਆਖਦੇ ਹੋਈਏ ਜਿਸ ਤਰ੍ਹਾਂ ਇਸ ਨੂੰ ਮੁੱਢ ਵਿਚ ਉਚਾਰਿਆ ਜਾਂਦਾ ਸੀ? ਖ਼ੈਰ, ਅਸੀਂ ਬਾਈਬਲ ਵਿਚ ਪਾਏ ਗਏ ਹੋਰ ਵਿਅਕਤੀਆਂ ਦੇ ਨਾਵਾਂ ਦੀ ਵਰਤੋਂ ਕਰਦੇ ਹਾਂ, ਭਾਵੇਂ ਅਸੀਂ ਉਨ੍ਹਾਂ ਨੂੰ ਉਸੇ ਤਰ੍ਹਾਂ ਨਹੀਂ ਆਖਦੇ ਜਿਵੇਂ ਇਹ ਨਾਂ ਮੂਲ ਇਬਰਾਨੀ ਵਿਚ ਉਚਾਰੇ ਜਾਂਦੇ ਸਨ। ਉਦਾਹਰਣ ਦੇ ਤੌਰ ਤੇ, ਇਬਰਾਨੀ ਵਿਚ ਯਿਸੂ ਦਾ ਨਾਂ “ਯੇਸ਼ੂਆ” ਉਚਾਰਿਆ ਜਾਂਦਾ ਹੈ। ਇਸੇ ਤਰ੍ਹਾਂ, ਭਾਵੇਂ ਅਸੀਂ ਉਸ ਨੂੰ “ਯਾਹਵੇਹ,” ਯਾ “ਯਹੋਵਾਹ” ਉਚਾਰੀਏ ਯਾ ਕਿਸੇ ਹੋਰ ਤਰੀਕੇ ਨਾਲ ਜੋ ਸਾਡੀ ਭਾਸ਼ਾ ਵਿਚ ਰਿਵਾਜ ਹੋਵੇ, ਪਰਮੇਸ਼ੁਰ ਦੇ ਨਾਂ ਦੀ ਵਰਤੋਂ ਕਰਨਾ ਉਚਿਤ ਹੈ ਜਿਹੜਾ ਬਾਈਬਲ ਵਿਚ ਪ੍ਰਗਟ ਕੀਤਾ ਗਿਆ ਹੈ। ਉਸ ਨਾਂ ਦੀ ਵਰਤੋਂ ਕਰਨ ਵਿਚ ਅਸਫ਼ਲ ਹੋਣਾ ਗ਼ਲਤ ਗੱਲ ਹੈ। ਕਿਉਂ? ਕਿਉਂਕਿ ਜਿਹੜੇ ਇਸ ਦੀ ਵਰਤੋਂ ਨਹੀਂ ਕਰਦੇ ਹਨ, ਉਹ ਉਨ੍ਹਾਂ ਨਾਲ ਨਹੀਂ ਗਿਣੇ ਜਾ ਸਕਦੇ ਹਨ ਜਿਨ੍ਹਾਂ ਨੂੰ ਪਰਮੇਸ਼ੁਰ “ਇੱਕ ਪਰਜਾ ਆਪਣੇ ਨਾਮ ਦੇ ਲਈ” ਚੁਣਦਾ ਹੈ। (ਰਸੂਲਾਂ ਦੇ ਕਰਤੱਬ 15:14) ਸਾਨੂੰ ਕੇਵਲ ਪਰਮੇਸ਼ੁਰ ਦਾ ਨਾਂ ਜਾਣਨਾ ਹੀ ਨਹੀਂ ਚਾਹੀਦਾ ਹੈ ਪਰ ਦੂਸਰਿਆਂ ਦੇ ਸਾਮ੍ਹਣੇ ਉਸ ਦੀ ਉਸਤਤ ਕਰਨੀ ਚਾਹੀਦੀ ਹੈ, ਜਿਵੇਂ ਯਿਸੂ ਨੇ ਕੀਤੀ ਸੀ ਜਦੋਂ ਉਹ ਧਰਤੀ ਉੱਤੇ ਸੀ।—ਮੱਤੀ 6:9; ਯੂਹੰਨਾ 17:6, 26.
ਮਕਸਦ ਵਾਲਾ ਇਕ ਪਰਮੇਸ਼ੁਰ
25. (ੳ) ਸਾਨੂੰ ਪਰਮੇਸ਼ੁਰ ਬਾਰੇ ਕਿਹੜੀਆਂ ਗੱਲਾਂ ਸਮਝਣੀਆਂ ਸ਼ਾਇਦ ਔਖੀਆਂ ਲੱਗਣ? (ਅ) ਕਿਸ ਚੀਜ਼ ਨੇ ਯਹੋਵਾਹ ਨੂੰ ਰਚਨਾ ਆਰੰਭ ਕਰਨ ਲਈ ਉਤੇਜਿਤ ਕੀਤਾ?
25 ਭਾਵੇਂ ਸਾਡੇ ਦਿਮਾਗ਼ਾਂ ਲਈ ਇਹ ਸਮਝਣਾ ਔਖਾ ਹੈ, ਯਹੋਵਾਹ ਦੀ ਕਦੇ ਵੀ ਸ਼ੁਰੂਆਤ ਨਹੀਂ ਹੋਈ ਸੀ ਅਤੇ ਕਦੇ ਵੀ ਉਸ ਦਾ ਅੰਤ ਨਹੀਂ ਹੋਵੇਗਾ। ਉਹ ‘ਜੁੱਗਾਂ ਦਾ ਮਹਾਰਾਜ’ ਹੈ। (ਜ਼ਬੂਰਾਂ ਦੀ ਪੋਥੀ 90:2; 1 ਤਿਮੋਥਿਉਸ 1:17) ਰਚਨਾ ਆਰੰਭ ਕਰਨ ਤੋਂ ਪਹਿਲਾਂ, ਯਹੋਵਾਹ ਵਿਸ਼ਵ-ਵਿਆਪਕ ਪੁਲਾੜ ਵਿਚ ਬਿਲਕੁਲ ਇਕੱਲਾ ਸੀ। ਫਿਰ ਵੀ ਉਸ ਨੇ ਇਕੱਲਾ ਮਹਿਸੂਸ ਨਹੀਂ ਕੀਤਾ ਹੋਵੇਗਾ, ਕਿਉਂਕਿ ਉਹ ਆਪਣੇ ਆਪ ਵਿਚ ਪੂਰਣ ਹੈ ਅਤੇ ਉਸ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਉਸ ਦੇ ਪਿਆਰ ਨੇ ਉਸ ਨੂੰ ਰਚਨਾ ਆਰੰਭ ਕਰਨ ਲਈ ਉਤੇਜਿਤ ਕੀਤਾ ਸੀ, ਤਾਂਕਿ ਹੋਰਾਂ ਨੂੰ ਵੀ ਉਹ ਆਨੰਦ ਮਾਣਨ ਲਈ ਜੀਵਨ ਦੇਵੇ । ਪਰਮੇਸ਼ੁਰ ਦੀਆਂ ਪਹਿਲੀਆਂ ਰਚਨਾਵਾਂ ਉਸ ਦੇ ਆਪਣੇ ਆਪ ਵਰਗੇ ਆਤਮਿਕ ਵਿਅਕਤੀ ਸਨ। ਮਨੁੱਖਾਂ ਲਈ ਧਰਤੀ ਤਿਆਰ ਕੀਤੇ ਜਾਣ ਤੋਂ ਵੀ ਪਹਿਲਾਂ, ਉਸ ਦੇ ਕੋਲ ਆਤਮਿਕ ਪੁੱਤਰਾਂ ਦਾ ਇਕ ਮਹਾਨ ਸੰਗਠਨ ਸੀ। ਯਹੋਵਾਹ ਦਾ ਉਨ੍ਹਾਂ ਲਈ ਇਹ ਮਕਸਦ ਸੀ ਕਿ ਉਹ ਉਸ ਜੀਵਨ ਦਾ ਅਤੇ ਉਹ ਸੇਵਾ ਦਾ ਮਹਾਨ ਆਨੰਦ ਮਾਣਨ, ਜੋ ਉਸ ਨੇ ਉਨ੍ਹਾਂ ਨੂੰ ਕਰਨ ਲਈ ਦਿੱਤੀ ਸੀ।—ਅੱਯੂਬ 38:4, 7.
26. ਅਸੀਂ ਕਿਉਂ ਨਿਸ਼ਚਿਤ ਹੋ ਸਕਦੇ ਹਾਂ ਕਿ ਪਰਮੇਸ਼ੁਰ ਦਾ ਧਰਤੀ ਲਈ ਮਕਸਦ ਪੂਰਾ ਹੋਵੇਗਾ?
26 ਜਦੋਂ ਧਰਤੀ ਤਿਆਰ ਕੀਤੀ ਗਈ, ਯਹੋਵਾਹ ਨੇ ਇਕ ਜੋੜੀ, ਆਦਮ ਅਤੇ ਹੱਵਾਹ ਨੂੰ, ਧਰਤੀ ਦੇ ਇਕ ਅਜਿਹੇ ਹਿੱਸੇ ਵਿਚ ਰੱਖਿਆ ਜੋ ਪਹਿਲਾਂ ਹੀ ਇਕ ਪਰਾਦੀਸ ਬਣਾਇਆ ਹੋਇਆ ਸੀ। ਉਸ ਦਾ ਇਹ ਮਕਸਦ ਸੀ ਕਿ ਉਹ ਬੱਚੇ ਪੈਦਾ ਕਰਨ ਜਿਹੜੇ ਉਸ ਦੀ ਆਗਿਆਪਾਲਣ ਅਤੇ ਉਪਾਸਨਾ ਕਰਨਗੇ, ਅਤੇ ਜਿਹੜੇ ਉਸ ਪਰਾਦੀਸ ਨੂੰ ਸਾਰੀ ਧਰਤੀ ਉੱਤੇ ਫੈਲਾਉਣਗੇ। (ਉਤਪਤ 1:27, 28) ਪਰ ਫਿਰ, ਜਿਵੇਂ ਅਸੀਂ ਸਿੱਖਿਆ ਹੈ, ਉਸ ਮਹਾਨ ਮਕਸਦ ਵਿਚ ਵਿਘਨ ਪੈ ਗਿਆ ਸੀ। ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਦੇ ਅਣਆਗਿਆਕਾਰ ਹੋਣਾ ਚੁਣਿਆ, ਅਤੇ ਉਹ ਦਾ ਮਕਸਦ ਪੂਰਾ ਨਹੀਂ ਹੋਇਆ ਹੈ। ਪਰ ਉਹ ਪੂਰਾ ਹੋਵੇਗਾ, ਕਿਉਂਕਿ ਉਸ ਚੀਜ਼ ਨੂੰ ਨਾ ਪੂਰਾ ਕਰਨਾ ਜਿਸ ਦਾ ਉਹ ਇਰਾਦਾ ਕਰਦਾ ਹੈ, ਯਹੋਵਾਹ ਲਈ ਹਾਰ ਮੰਨਣਾ ਹੋਵੇਗਾ। ਅਤੇ ਇਹ ਉਹ ਕਦੇ ਵੀ ਨਹੀਂ ਕਰ ਸਕਦਾ ਹੈ! “ਮੈਂ ਆਪਣੀ ਸਾਰੀ ਇੱਛਿਆ ਨੂੰ ਪੂਰੀ ਕਰਾਂਗਾ,” ਉਹ ਐਲਾਨ ਕਰਦਾ ਹੈ। “ਮੈਂ ਬੋਲਿਆ ਸੋ ਮੈਂ ਨਿਭਾਵਾਂਗਾ।”—ਯਸਾਯਾਹ 46:10, 11.
27. (ੳ) ਅਸੀਂ ਪਰਮੇਸ਼ੁਰ ਅੱਗੇ ਜਵਾਬਦੇਹ ਕਿਉਂ ਹਾਂ? (ਅ) ਤਾਂ ਸਾਨੂੰ ਕਿਸ ਸਵਾਲ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ?
27 ਕੀ ਤੁਸੀਂ ਦੇਖ ਸਕਦੇ ਹੋ ਕਿ ਪਰਮੇਸ਼ੁਰ ਦੇ ਮਕਸਦ ਵਿਚ ਤੁਹਾਡੀ ਜਗ੍ਹਾ ਕਿੱਥੇ ਹੈ? ਇਹ ਸਿਰਫ਼ ਆਪਣੀ ਮਰਜ਼ੀ ਕਰਨ ਨਾਲ ਨਹੀਂ ਹੈ, ਬਗੈਰ ਇਸ ਗੱਲ ਨੂੰ ਧਿਆਨ ਵਿਚ ਰੱਖ ਦਿਆਂ ਹੋਇਆਂ ਕਿ ਪਰਮੇਸ਼ੁਰ ਦੀ ਇੱਛਾ ਕੀ ਹੈ। ਇਹੋ ਸ਼ਤਾਨ ਅਤੇ ਆਦਮ ਅਤੇ ਹੱਵਾਹ ਨੇ ਕੀਤਾ ਸੀ। ਉਹ ਜਾਣਦੇ ਸਨ ਕਿ ਪਰਮੇਸ਼ੁਰ ਦੀ ਇੱਛਾ ਕੀ ਸੀ ਪਰ ਉਨ੍ਹਾਂ ਨੇ ਇਹ ਪੂਰੀ ਨਹੀਂ ਕੀਤੀ। ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ। ਕੀ ਅਸੀਂ ਵੀ, ਪਰਮੇਸ਼ੁਰ ਅੱਗੇ ਜਵਾਬਦੇਹ ਹਾਂ? ਜੀ ਹਾਂ, ਕਿਉਂਕਿ ਪਰਮੇਸ਼ੁਰ ਸਾਡੇ ਜੀਵਨ ਦਾ ਸ੍ਰੋਤ ਹੈ। ਸਾਡਾ ਜੀਵਨ ਉਸ ਉੱਤੇ ਨਿਰਭਰ ਹੈ। (ਜ਼ਬੂਰਾਂ ਦੀ ਪੋਥੀ 36:9; ਮੱਤੀ 5:45) ਫਿਰ, ਅਸੀਂ ਆਪਣਾ ਜੀਵਨ, ਕਿਸ ਹੱਦ ਤਕ, ਪਰਮੇਸ਼ੁਰ ਦੇ ਸਾਡੇ ਵਾਸਤੇ ਮਕਸਦ ਦੇ ਅਨੁਸਾਰ ਬਤੀਤ ਕਰਦੇ ਹਾਂ? ਸਾਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ, ਕਿਉਂਕਿ ਸਾਡਾ ਸਦੀਪਕ ਜੀਵਨ ਦਾ ਮੌਕਾ ਇਸ ਉੱਤੇ ਨਿਰਭਰ ਹੈ।
ਯਹੋਵਾਹ ਦੀ ਉਪਾਸਨਾ ਕਿਸ ਤਰ੍ਹਾਂ ਕਰੀਏ
28. ਪਰਮੇਸ਼ੁਰ ਦੀ ਉਪਾਸਨਾ ਕਰਨ ਲਈ ਕਈ ਵਿਅਕਤੀਆਂ ਨੇ ਕਿਨ੍ਹਾਂ ਸਹਾਇਕ ਚੀਜ਼ਾਂ ਦੀ ਵਰਤੋਂ ਕੀਤੀ ਹੈ?
28 ਅਸੀਂ ਜਿਸ ਤਰ੍ਹਾਂ ਯਹੋਵਾਹ ਦੀ ਉਪਾਸਨਾ ਕਰਦੇ ਹਾਂ ਇਹ ਮਹੱਤਵਪੂਰਣ ਹੈ। ਸਾਨੂੰ ਉਸ ਤਰ੍ਹਾਂ ਉਪਾਸਨਾ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਉਹ ਆਖਦਾ ਹੈ, ਭਾਵੇਂ ਇਹ ਸਾਨੂੰ ਸਿਖਾਏ ਗਏ ਤਰੀਕੇ ਤੋਂ ਵੱਖਰਾ ਹੋਵੇ। ਉਦਾਹਰਣ ਦੇ ਤੌਰ ਤੇ, ਕਈ ਵਿਅਕਤੀਆਂ ਲਈ ਉਪਾਸਨਾ ਵਿਚ ਮੂਰਤੀਆਂ ਦੀ ਵਰਤੋਂ ਕਰਨਾ ਰਿਵਾਜ ਬਣਿਆ ਰਿਹਾ ਹੈ। ਉਹ ਭਾਵੇਂ ਕਹਿਣ ਕਿ ਉਹ ਮੂਰਤੀ ਦੀ ਉਪਾਸਨਾ ਨਹੀਂ ਕਰਦੇ ਹਨ, ਪਰ ਕਿ ਉਸ ਨੂੰ ਦੇਖਣਾ ਅਤੇ ਛੋਹਣਾ ਉਨ੍ਹਾਂ ਨੂੰ ਪਰਮੇਸ਼ੁਰ ਦੀ ਉਪਾਸਨਾ ਕਰਨ ਵਿਚ ਮਦਦ ਕਰਦਾ ਹੈ। ਪਰ ਕੀ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਦੀ ਉਪਾਸਨਾ ਮੂਰਤੀਆਂ ਦੀ ਸਹਾਇਤਾ ਨਾਲ ਕਰੀਏ?
29. ਬਾਈਬਲ ਕਿਸ ਤਰ੍ਹਾਂ ਦਿਖਾਉਂਦੀ ਹੈ ਕਿ ਉਪਾਸਨਾ ਕਰਨ ਲਈ ਮੂਰਤੀਆਂ ਦੀ ਵਰਤੋਂ ਕਰਨਾ ਗ਼ਲਤ ਹੈ?
29 ਨਹੀਂ, ਉਹ ਇਹ ਨਹੀਂ ਚਾਹੁੰਦਾ ਹੈ। ਅਤੇ ਇਸੇ ਹੀ ਕਾਰਨ ਮੂਸਾ ਨੇ ਇਸਰਾਏਲੀਆਂ ਨੂੰ ਆਖਿਆ ਸੀ ਕਿ ਪਰਮੇਸ਼ੁਰ ਉਨ੍ਹਾਂ ਨੂੰ ਕਿਸੇ ਦ੍ਰਿਸ਼ਟ ਰੂਪ ਵਿਚ ਕਦੇ ਨਹੀਂ ਪ੍ਰਗਟ ਹੋਇਆ। (ਬਿਵਸਥਾ ਸਾਰ 4:15-19) ਅਸਲ ਵਿਚ, ਦਸ ਹੁਕਮਾਂ ਵਿਚੋਂ ਇਕ ਆਖਦਾ ਹੈ: “ਤੂੰ ਆਪਣੇ ਲਈ ਉੱਕਰੀ ਹੋਈ ਮੂਰਤ ਨਾ ਬਣਾ, ਨਾ ਕਿਸੇ ਚੀਜ਼ ਦੀ ਸੂਰਤ . . . ਤੂੰ ਨਾ ਉਨ੍ਹਾਂ ਦੇ ਅੱਗੇ ਮੱਥਾ ਟੇਕ, ਨਾ ਉਨ੍ਹਾਂ ਦੀ ਸੇਵਾ ਕਰ।” (ਕੂਚ 20:4, 5, ਕੈਥੋਲਿਕ ਜਰੂਸਲਮ ਬਾਈਬਲ) ਸਿਰਫ਼ ਯਹੋਵਾਹ ਦੀ ਉਪਾਸਨਾ ਕੀਤੀ ਜਾਣੀ ਚਾਹੀਦੀ ਹੈ। ਵਾਰ-ਵਾਰ ਬਾਈਬਲ ਪ੍ਰਦਰਸ਼ਿਤ ਕਰਦੀ ਹੈ ਕਿ ਇਕ ਮੂਰਤੀ ਬਣਾਉਣਾ ਯਾ ਉਸ ਦੇ ਅੱਗੇ ਮੱਥਾ ਟੇਕਣਾ, ਯਾ ਯਹੋਵਾਹ ਤੋਂ ਸਿਵਾਇ ਕਿਸੇ ਹੋਰ ਵਿਅਕਤੀ ਯਾ ਕਿਸੇ ਚੀਜ਼ ਦੀ ਉਪਾਸਨਾ ਕਰਨਾ, ਕਿੰਨਾ ਗ਼ਲਤ ਹੈ।—ਯਸਾਯਾਹ 44:14-20; 46:6, 7; ਜ਼ਬੂਰਾਂ ਦੀ ਪੋਥੀ 115:4-8.
30. (ੳ) ਯਿਸੂ ਅਤੇ ਉਸ ਦੇ ਰਸੂਲਾਂ ਨੇ ਕੀ ਕਿਹਾ ਸੀ ਜੋ ਦਿਖਾਉਂਦਾ ਹੈ ਕਿ ਮੂਰਤੀਆਂ ਦੀ ਵਰਤੋਂ ਗ਼ਲਤ ਹੈ? (ਅ) ਬਿਵਸਥਾ ਸਾਰ 7:25 ਦੇ ਅਨੁਸਾਰ, ਮੂਰਤੀਆਂ ਨਾਲ ਕੀ ਕਰਨਾ ਚਾਹੀਦਾ ਹੈ?
30 ਫਿਰ, ਜਿਸ ਤਰ੍ਹਾਂ ਅਸੀਂ ਉਮੀਦ ਕਰ ਸਕਦੇ ਹਾਂ, ਯਿਸੂ ਨੇ ਉਪਾਸਨਾ ਵਿਚ ਕਦੇ ਵੀ ਮੂਰਤੀਆਂ ਦੀ ਵਰਤੋਂ ਨਹੀਂ ਕੀਤੀ। “ਪਰਮੇਸ਼ੁਰ ਆਤਮਾ ਹੈ,” ਉਸ ਨੇ ਵਿਆਖਿਆ ਕੀਤੀ, ਅਤੇ “ਜੋ ਉਹ ਦੀ ਭਗਤੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਭਈ ਓਹ ਆਤਮਾ ਅਤੇ ਸਚਿਆਈ ਨਾਲ ਭਗਤੀ ਕਰਨ।” (ਯੂਹੰਨਾ 4:24) ਇਸ ਸਲਾਹ ਦੇ ਅਨੁਸਾਰ ਚੱਲਦੇ ਹੋਏ, ਯਿਸੂ ਦੇ ਕਿਸੇ ਵੀ ਪਹਿਲੇ ਅਨੁਯਾਈ ਨੇ ਉਪਾਸਨਾ ਵਿਚ ਸਹਾਇਤਾ ਲਈ ਮੂਰਤੀਆਂ ਦੀ ਵਰਤੋਂ ਨਹੀਂ ਕੀਤੀ। ਅਸਲ ਵਿਚ, ਉਸ ਦੇ ਰਸੂਲ ਪੌਲੁਸ ਨੇ ਲਿਖਿਆ: “ਅਸੀਂ ਨਿਹਚਾ ਨਾਲ ਚੱਲਦੇ ਹਾਂ, ਨਾ ਵੇਖਣ ਨਾਲ।” (2 ਕੁਰਿੰਥੀਆਂ 5:7) ਅਤੇ ਉਸ ਦੇ ਰਸੂਲ ਯੂਹੰਨਾ ਨੇ ਚੇਤਾਵਨੀ ਦਿੱਤੀ: “ਆਪਣੇ ਆਪ ਨੂੰ ਮੂਰਤੀਆਂ ਤੋਂ ਬਚਾਈ ਰੱਖੋ।” (1 ਯੂਹੰਨਾ 5:21) ਕਿਉਂ ਨਾ ਆਪਣੇ ਘਰ ਵਿਚ ਆਲੇ-ਦੁਆਲੇ ਵੇਖੋ ਅਤੇ ਆਪਣੇ ਆਪ ਨੂੰ ਪੁੱਛੋ ਕਿ ਕੀ ਤੁਸੀਂ ਇਸ ਸਲਾਹ ਨੂੰ ਲਾਗੂ ਕਰ ਰਹੇ ਹੋ?—ਬਿਵਸਥਾ ਸਾਰ 7:25.
31. (ੳ) ਅਸੀਂ ਭਾਵੇਂ ਪਰਮੇਸ਼ੁਰ ਦੇ ਕਿਸੇ ਖ਼ਾਸ ਨਿਯਮ ਦਾ ਕਾਰਨ ਨਾ ਵੀ ਸਮਝੀਏ, ਸਾਨੂੰ ਉਸ ਦੀ ਪਾਲਣਾ ਕਰਨ ਲਈ ਕੀ ਉਤੇਜਿਤ ਕਰੇਗਾ? (ਅ) ਸਾਨੂੰ ਕੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਅਤੇ ਸਾਨੂੰ ਕਿਹੜਾ ਨਿਮੰਤ੍ਰਣ ਸਵੀਕਾਰ ਕਰਨਾ ਚਾਹੀਦਾ ਹੈ?
31 ਸ੍ਰਿਸ਼ਟੀਕਰਤਾ ਯਹੋਵਾਹ ਦੀ ਉਪਾਸਨਾ ਉਸ ਤਰੀਕੇ ਨਾਲ ਕਰਨਾ ਜਿਸ ਤਰ੍ਹਾਂ ਉਹ ਨਿਰਦੇਸ਼ਨ ਕਰਦਾ ਹੈ, ਨਿਸ਼ਚੇ ਹੀ ਸਾਨੂੰ ਅਸਲੀ ਖੁਸ਼ੀ ਲਿਆਵੇਗਾ। (ਯਿਰਮਿਯਾਹ 14:22) ਬਾਈਬਲ ਸਾਨੂੰ ਦਿਖਾਉਂਦੀ ਹੈ ਕਿ ਉਸ ਦੀਆਂ ਮੰਗਾਂ ਸਾਡੀ ਅਨੰਤ ਖੁਸ਼ਹਾਲੀ ਨੂੰ ਧਿਆਨ ਵਿਚ ਰੱਖਦੇ ਹੋਏ, ਸਾਡੇ ਭਲੇ ਲਈ ਹਨ। ਇਹ ਸੱਚ ਹੈ ਕਿ ਕਈ ਵਾਰ, ਆਪਣੇ ਸੀਮਿਤ ਗਿਆਨ ਅਤੇ ਤਜਰਬੇ ਦੇ ਕਾਰਨ, ਅਸੀਂ ਪੂਰੀ ਤਰ੍ਹਾਂ ਨਾਲ ਨਹੀਂ ਸਮਝਦੇ ਹਾਂ ਕਿ ਪਰਮੇਸ਼ੁਰ ਦਾ ਦਿੱਤਾ ਹੋਇਆ ਇਕ ਖ਼ਾਸ ਨਿਯਮ ਇੰਨਾ ਮਹੱਤਵਪੂਰਣ ਕਿਉਂ ਹੈ, ਯਾ ਉਹ ਸੱਚ-ਮੁੱਚ ਕਿਸ ਤਰ੍ਹਾਂ ਸਾਡੇ ਭਲੇ ਲਈ ਕੰਮ ਕਰਦਾ ਹੈ। ਤਦ ਵੀ ਸਾਡੇ ਇਸ ਦ੍ਰਿੜ੍ਹ ਵਿਸ਼ਵਾਸ ਦੇ ਕਾਰਨ, ਕਿ ਪਰਮੇਸ਼ੁਰ ਸਾਡੇ ਨਾਲੋਂ ਕਿਤੇ ਜ਼ਿਆਦਾ ਜਾਣਦਾ ਹੈ, ਸਾਨੂੰ ਰਜ਼ਾਮੰਦ ਦਿਲ ਨਾਲ ਉਸ ਦੀ ਪਾਲਣਾ ਕਰਨ ਲਈ ਉਤੇਜਿਤ ਹੋਣਾ ਚਾਹੀਦਾ ਹੈ। (ਜ਼ਬੂਰਾਂ ਦੀ ਪੋਥੀ 19:7-11) ਫਿਰ, ਆਓ ਅਸੀਂ ਇਹ ਨਿਮੰਤ੍ਰਣ ਸਵੀਕਾਰ ਕਰਦੇ ਹੋਏ, ਯਹੋਵਾਹ ਬਾਰੇ ਜੋ ਵੀ ਸਿੱਖਿਆ ਲੈ ਸਕਦੇ ਹਾਂ ਉਸ ਲਈ ਪੂਰਾ ਯਤਨ ਕਰੀਏ: “ਆਓ, ਅਸੀਂ ਮੱਥਾ ਟੇਕੀਏ ਅਤੇ ਨਿਉਂ ਕੇ ਯਹੋਵਾਹ ਆਪਣੇ ਸਿਰਜਣਹਾਰ ਦੇ ਅੱਗੇ ਗੋਡੇ ਨਿਵਾਈਏ! ਉਹ ਤਾਂ ਸਾਡਾ ਪਰਮੇਸ਼ੁਰ ਹੈ, ਅਸੀਂ ਉਹ ਦੀ ਜੂਹ ਦੀ ਪਰਜਾ ਅਤੇ ਉਹ ਦੇ ਹੱਥ ਦੀਆਂ ਭੇਡਾ ਹਾਂ।”—ਜ਼ਬੂਰਾਂ ਦੀ ਪੋਥੀ 95:6, 7.
[ਸਫ਼ੇ 42 ਉੱਤੇ ਡੱਬੀ]
ਇੱਥੇ ਚਾਰ ਥਾਵਾਂ ਦੇਖੀਆਂ ਜਾਂਦੀਆਂ ਹਨ ਜਿੱਥੇ ਕਿੰਗ ਜੇਮਜ਼ ਵਰਯਨ ਵਿਚ ਪਰਮੇਸ਼ੁਰ ਦਾ ਨਾਂ ਪ੍ਰਗਟ ਹੁੰਦਾ ਹੈ
[ਸਫ਼ੇ 34, 35 ਉੱਤੇ ਤਸਵੀਰਾਂ]
ਅਗਰ ਇਕ ਘਰ ਨੂੰ ਬਣਾਉਣ ਵਾਲਾ ਹੈ, . . ਨਿਸ਼ਚੇ ਹੀ ਇਹ ਜ਼ਿਆਦਾ ਜਟਿਲ ਵਿਸ਼ਵ-ਮੰਡਲ ਦਾ ਵੀ ਇਕ ਬਣਾਉਣ ਵਾਲਾ ਹੋਵੇਗਾ
[ਸਫ਼ੇ 39 ਉੱਤੇ ਤਸਵੀਰ]
ਕਿਉਂਕਿ ਯਿਸੂ ਨੇ ਪਰਮੇਸ਼ੁਰ ਨੂੰ ਇਹ ਆਖਦੇ ਹੋਏ ਪ੍ਰਾਰਥਨਾ ਕੀਤੀ ਸੀ, ਕਿ ਪਰਮੇਸ਼ੁਰ ਦੀ ਮਰਜ਼ੀ, ਨਾ ਕਿ ਉਸ ਦੀ ਮਰਜ਼ੀ ਪੂਰੀ ਹੋਵੇ, ਉਹ ਦੋਵੇਂ ਇਕੋ ਵਿਅਕਤੀ ਨਹੀਂ ਹੋ ਸਕਦੇ ਹਨ
[ਸਫ਼ੇ 40, 41 ਉੱਤੇ ਤਸਵੀਰ]
ਪਵਿੱਤਰ ਆਤਮਾ ਕਿਸ ਤਰ੍ਹਾਂ ਇਕ ਵਿਅਕਤੀ ਹੋ ਸਕਦੀ ਹੈ, ਜਦੋਂ 120 ਚੇਲੇ ਉਸ ਨਾਲ ਇਕੋ ਸਮੇਂ ਭਰ ਗਏ ਸਨ?
[ਸਫ਼ੇ 45 ਉੱਤੇ ਤਸਵੀਰ]
ਕੀ ਉਪਾਸਨਾ ਵਿਚ ਮੂਰਤੀਆਂ ਦੀ ਵਰਤੋਂ ਕਰਨਾ ਸਹੀ ਹੈ?