ਅਧਿਆਇ 26
ਸਹੀ ਕੰਮ ਕਰਨ ਲਈ ਸੰਘਰਸ਼
1. ਕਿਹੜੀਆਂ ਦੋ ਚੀਜ਼ਾਂ ਦੇ ਵਿਰੁੱਧ ਮਸੀਹੀਆਂ ਨੂੰ ਸੰਘਰਸ਼ ਕਰਨ ਦੀ ਜ਼ਰੂਰਤ ਹੈ?
ਜਿੰਨਾ ਚਿਰ ਸ਼ਤਾਨ ਦੀ ਦੁਨੀਆਂ ਕਾਇਮ ਹੈ, ਮਸੀਹੀਆਂ ਲਈ ਜ਼ਰੂਰੀ ਹੈ ਕਿ ਉਹ ਉਸ ਦੇ ਦੁਸ਼ਟ ਪ੍ਰਭਾਵ ਤੋਂ ਸੁਤੰਤਰ ਰਹਿਣ ਲਈ ਸੰਘਰਸ਼ ਕਰਨ। ਰਸੂਲ ਪੌਲੁਸ ਨੇ ਲਿਖਿਆ: “ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਧਾਰੋ ਤਾਂ ਜੋ ਤੁਸੀਂ ਸ਼ਤਾਨ ਦੇ ਛਲ ਛਿੱਦ੍ਰਾਂ ਦੇ ਸਾਹਮਣੇ ਖਲੋ ਸੱਕੋ। (ਅਫ਼ਸੀਆਂ 6:11-18) ਮਗਰ, ਸਾਡਾ ਸੰਘਰਸ਼ ਕੇਵਲ ਸ਼ਤਾਨ ਅਤੇ ਉਸ ਦੀ ਦੁਨੀਆਂ ਦੇ ਵਿਰੁੱਧ ਹੀ ਨਹੀਂ ਹੈ; ਇਹ ਗ਼ਲਤ ਕੰਮ ਕਰਨ ਦੀਆਂ ਸਾਡੀਆਂ ਆਪਣੀਆਂ ਇੱਛਾਵਾਂ ਦੇ ਵਿਰੁੱਧ ਵੀ ਹੈ। ਬਾਈਬਲ ਆਖਦੀ ਹੈ: “ਆਦਮੀ ਦੇ ਮਨ ਦੀ ਭਾਵਨਾ ਉਸ ਦੀ ਜਵਾਨੀ ਤੋਂ ਬੁਰੀ ਹੀ ਹੈ।”—ਉਤਪਤ 8:21; ਰੋਮੀਆਂ 5:12.
2. (ੳ) ਅਸੀਂ ਅਕਸਰ ਗ਼ਲਤ ਕੰਮ ਕਰਨ ਦੀ ਤੀਬਰ ਇੱਛਾ ਕਿਉਂ ਰੱਖਦੇ ਹਾਂ? (ਅ) ਸਾਨੂੰ ਗ਼ਲਤ ਇੱਛਾਵਾਂ ਦੇ ਵਿਰੁੱਧ ਕਿਉਂ ਸੰਘਰਸ਼ ਕਰਨਾ ਚਾਹੀਦਾ ਹੈ?
2 ਪਹਿਲੇ ਮਨੁੱਖ ਆਦਮ ਤੋਂ ਵਿਰਾਸਤ ਵਿਚ ਪਾਪ ਪ੍ਰਾਪਤ ਕਰ ਕੇ, ਸਾਡਾ ਦਿਲ ਸ਼ਾਇਦ ਉਹ ਕੰਮ ਕਰਨ ਲਈ ਲਲਚਾਏ ਜੋ ਗ਼ਲਤ ਹੈ। ਅਗਰ ਅਸੀਂ ਉਸ ਲਾਲਸਾ ਦੇ ਸਾਮ੍ਹਣੇ ਝੁੱਕ ਜਾਈਏ, ਤਾਂ ਅਸੀਂ ਪਰਮੇਸ਼ੁਰ ਦੀ ਨਵੀਂ ਵਿਵਸਥਾ ਵਿਚ ਸਦੀਪਕ ਜੀਵਨ ਨਹੀਂ ਹਾਸਲ ਕਰਾਂਗੇ। ਇਸ ਲਈ ਉਹ ਕੰਮ ਕਰਨ ਵਾਸਤੇ ਜੋ ਸਹੀ ਹੈ ਸਾਨੂੰ ਸੰਘਰਸ਼ ਕਰਨ ਦੀ ਜ਼ਰੂਰਤ ਹੈ। ਰਸੂਲ ਪੌਲੁਸ ਦੇ ਸਾਹਮਣੇ ਵੀ ਅਜਿਹਾ ਸੰਘਰਸ਼ ਪੇਸ਼ ਸੀ, ਜਿਵੇਂ ਉਸ ਨੇ ਵਿਆਖਿਆ ਕੀਤੀ: “ਜਦੋਂ ਮੈਂ ਭਲਿਆਈ ਕਰਨਾ ਚਾਹੁੰਦਾ ਹਾਂ ਤਦੋਂ ਬੁਰਿਆਈ ਹਾਜ਼ਰ ਹੁੰਦੀ ਹੈ।” (ਰੋਮੀਆਂ 7:21-23) ਤੁਹਾਨੂੰ ਵੀ ਸ਼ਾਇਦ ਇਹ ਇਕ ਮੁਸ਼ਕਲ ਸੰਘਰਸ਼ ਲੱਗੇ। ਕਈ ਵਾਰ ਸ਼ਾਇਦ ਤੁਹਾਡੇ ਅੰਦਰ ਇਕ ਪ੍ਰਭਾਵਸ਼ਾਲੀ ਸੰਘਰਸ਼ ਜਾਰੀ ਹੋਵੇ। ਫਿਰ ਤੁਸੀਂ ਕੀ ਕਰਨ ਦਾ ਫ਼ੈਸਲਾ ਕਰੋਗੇ?
3. (ੳ) ਅਨੇਕ ਵਿਅਕਤੀਆਂ ਦੇ ਅੰਦਰ ਕਿਹੜਾ ਸੰਘਰਸ਼ ਹੁੰਦਾ ਹੈ? (ਅ) ਇਹ ਹਕੀਕਤ ਕਿ ਅਨੇਕ ਗ਼ਲਤ ਕੰਮ ਕਰਦੇ ਹਨ ਜਦ ਕਿ ਉਹ ਸਹੀ ਕੰਮ ਕਰਨਾ ਚਾਹੁੰਦੇ ਹਨ ਦੁਆਰਾ ਕਿਹੜੀ ਬਾਈਬਲ ਸੱਚਾਈ ਪ੍ਰਦਰਸ਼ਿਤ ਹੁੰਦੀ ਹੈ?
3 ਤੁਸੀਂ ਇਸ ਧਰਤੀ ਉੱਤੇ ਸੰਪੂਰਣ ਹਾਲਤਾਂ ਦੇ ਅਧੀਨ ਸਦਾ ਜੀਉਣ ਬਾਰੇ ਪਰਮੇਸ਼ੁਰ ਦੇ ਅਦਭੁਤ ਵਾਇਦਿਆਂ ਨੂੰ ਜਾਣਿਆ ਹੈ। ਤੁਸੀਂ ਇਨ੍ਹਾਂ ਵਾਇਦਿਆਂ ਵਿਚ ਵਿਸ਼ਵਾਸ ਰੱਖਦੇ ਹੋ, ਅਤੇ ਤੁਸੀਂ ਆਪਣੇ ਵਾਸਤੇ ਇਹ ਅੱਛੀਆਂ ਚੀਜ਼ਾਂ ਚਾਹੁੰਦੇ ਹੋ। ਸੋ ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਦੀ ਸੇਵਾ ਕਰਨਾ ਤੁਹਾਡੇ ਦੀਰਘਕਾਲ ਉਤਮ ਭਲੇ ਲਈ ਹੈ। ਪਰ ਆਪਣੇ ਦਿਲ ਵਿਚ ਸ਼ਾਇਦ ਤੁਸੀਂ ਉਨ੍ਹਾਂ ਚੀਜ਼ਾਂ ਦੀ ਇੱਛਾ ਰੱਖਦੇ ਹੋਵੋ ਜਿਹੜੀਆਂ ਤੁਸੀਂ ਜਾਣਦੇ ਹੋ ਕਿ ਬੁਰੀਆਂ ਹਨ। ਕਦੇ ਕਦੇ ਸ਼ਾਇਦ ਤੁਹਾਡੇ ਅੰਦਰ ਵਿਭਚਾਰ ਕਰਨ, ਚੋਰੀ ਕਰਨ, ਯਾ ਹੋਰ ਗ਼ਲਤ ਕੰਮ ਵਿਚ ਹਿੱਸਾ ਲੈਣ ਦੀ ਜ਼ੋਰਦਾਰ ਇੱਛਾ ਪੈਦਾ ਹੋਵੇ। ਇਸ ਕਿਤਾਬ ਦਾ ਅਧਿਐਨ ਕਰ ਰਹੇ ਕੁਝ ਵਿਅਕਤੀ ਸ਼ਾਇਦ ਵਾਸਤਵ ਵਿਚ ਅਜਿਹੀਆਂ ਅਭਿਆਸਾਂ ਵਿਚ ਹਿੱਸਾ ਲੈ ਰਹੇ ਹੋਣ, ਭਾਵੇਂ ਉਹ ਜਾਣਦੇ ਹਨ ਕਿ ਇਹ ਚੀਜ਼ਾਂ ਪਰਮੇਸ਼ੁਰ ਦੁਆਰਾ ਗ਼ਲਤ ਠਹਿਰਾਈਆਂ ਗਈਆਂ ਹਨ। ਇਹ ਹਕੀਕਤ ਕਿ ਉਹ ਗ਼ਲਤੀਆਂ ਕਰਦੇ ਹਨ ਜਦ ਕਿ ਉਹ ਸਹੀ ਕੰਮ ਕਰਨਾ ਚਾਹੁੰਦੇ ਹਨ ਬਾਈਬਲ ਦੀ ਇਸ ਸੱਚਾਈ ਨੂੰ ਪ੍ਰਦਰਸ਼ਿਤ ਕਰਦਾ ਹੈ: “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ।”—ਯਿਰਮਿਯਾਹ 17:9.
ਸੰਘਰਸ਼ ਜਿੱਤਿਆ ਜਾ ਸਕਦਾ ਹੈ
4. (ੳ) ਇਹ ਕਿਸ ਵਿਅਕਤੀ ਉੱਤੇ ਨਿਰਭਰ ਹੁੰਦਾ ਹੈ ਕਿ ਇਹ ਸੰਘਰਸ਼ ਜਿੱਤਿਆ ਜਾਂਦਾ ਯਾ ਹਾਰਿਆ ਜਾਂਦਾ ਹੈ? (ਅ) ਸਹੀ ਕੰਮ ਕਰਨ ਦੇ ਸੰਘਰਸ਼ ਨੂੰ ਜਿੱਤਣ ਵਾਸਤੇ ਕਿਸ ਚੀਜ਼ ਦੀ ਜ਼ਰੂਰਤ ਹੈ?
4 ਫਿਰ ਵੀ, ਇਸ ਦਾ ਇਹ ਅਰਥ ਨਹੀਂ ਹੈ ਕਿ ਇਕ ਵਿਅਕਤੀ ਦੇ ਕੋਲ ਗ਼ਲਤ ਕੰਮ ਕਰਨ ਲਈ ਆਪਣੀਆਂ ਜ਼ੋਰਦਾਰ ਇੱਛਾਵਾਂ ਉੱਤੇ ਕੋਈ ਕਾਬੂ ਨਹੀਂ ਹੈ। ਅਗਰ ਤੁਸੀਂ ਸੱਚ-ਮੁੱਚ ਚਾਹੁੰਦੇ ਹੋ, ਤਾਂ ਤੁਸੀਂ ਆਪਣਾ ਦਿਲ ਮਜ਼ਬੂਤ ਬਣਾ ਸਕਦੇ ਹੋ ਤਾਂ ਕਿ ਉਹ ਤੁਹਾਨੂੰ ਸਹੀ ਰਾਹ ਉੱਤੇ ਲੈ ਜਾਵੇਗਾ। ਪਰ ਇਹ ਕਰਨਾ ਤੁਹਾਡੇ ਉਪਰ ਨਿਰਭਰ ਹੈ। (ਜ਼ਬੂਰਾਂ ਦੀ ਪੋਥੀ 26:1, 11) ਤੁਹਾਡੇ ਵਾਸਤੇ ਕੋਈ ਹੋਰ ਇਹ ਸੰਘਰਸ਼ ਨਹੀਂ ਜਿੱਤ ਸਕਦਾ ਹੈ। ਇਸ ਲਈ, ਸਭ ਤੋਂ ਪਹਿਲਾਂ, ਉਹ ਜੀਵਨ-ਦਾਇਕ ਬਾਈਬਲ ਗਿਆਨ ਲੈਂਦੇ ਜਾਓ। (ਯੂਹੰਨਾ 17:3) ਫਿਰ ਵੀ ਕੇਵਲ ਆਪਣੇ ਦਿਮਾਗ਼ ਵਿਚ ਉਹ ਗਿਆਨ ਲੈਣ ਤੋਂ ਕੁਝ ਜ਼ਿਆਦਾ ਕਰਨ ਦੀ ਜ਼ਰੂਰਤ ਹੈ। ਇਸ ਨੂੰ ਤੁਹਾਡੇ ਦਿਲ ਵਿਚ ਗਹਿਰੀ ਤਰ੍ਹਾਂ ਨਾਲ ਵੀ ਬਿਠਾਉਣ ਦੀ ਜ਼ਰੂਰਤ ਹੈ। ਜੋ ਤੁਸੀਂ ਸਿੱਖ ਰਹੇ ਹੋ ਤੁਹਾਨੂੰ ਉਸ ਲਈ ਗਹਿਰੀ ਭਾਵਨਾ ਪੈਦਾ ਕਰਨ ਦੀ ਜ਼ਰੂਰਤ ਹੈ ਤਾਂ ਕਿ ਤੁਸੀਂ ਉਸ ਉੱਤੇ ਵਾਸਤਵ ਵਿਚ ਚੱਲਣਾ ਚਾਹੋਗੇ।
5. ਤੁਸੀਂ ਪਰਮੇਸ਼ੁਰ ਦੇ ਨਿਯਮਾਂ ਲਈ ਆਪਣੇ ਦਿਲ ਵਿਚ ਗਹਿਰੀ ਕਦਰਦਾਨੀ ਕਿਵੇਂ ਹਾਸਲ ਕਰ ਸਕਦੇ ਹੋ?
5 ਪਰ ਤੁਸੀਂ ਪਰਮੇਸ਼ੁਰ ਦੇ ਨਿਯਮਾਂ ਲਈ ਆਪਣੇ ਦਿਲ ਵਿਚ ਗਹਿਰੀ ਕਦਰਦਾਨੀ ਕਿਵੇਂ ਹਾਸਲ ਕਰ ਸਕਦੇ ਹੋ? ਤੁਹਾਨੂੰ ਉਨ੍ਹਾਂ ਬਾਰੇ ਮਨਨ ਕਰਨ, ਯਾ ਗਹਿਰੇ ਤਰੀਕੇ ਨਾਲ ਸੋਚਣ ਦੀ ਜ਼ਰੂਰਤ ਹੈ। ਮਿਸਾਲ ਦੇ ਲਈ, ਆਪਣੇ ਆਪ ਨੂੰ ਪੁੱਛੋ: ਪਰਮੇਸ਼ੁਰ ਦੀ ਆਗਿਆ ਪਾਲਣ ਕਰਨ ਨਾਲ ਅਸਲ ਵਿਚ ਕੀ ਫ਼ਰਕ ਪੈਂਦਾ ਹੈ? ਫਿਰ ਉਨ੍ਹਾਂ ਲੋਕਾਂ ਦੇ ਜੀਵਨਾਂ ਵੱਲ ਦੇਖੋ ਜਿਨ੍ਹਾਂ ਨੇ ਉਹ ਦੇ ਨਿਯਮ ਤੋੜੇ ਹਨ, ਜਿਵੇਂ ਕਿ ਇਹ 19 ਸਾਲਾਂ ਦੀ ਲੜਕੀ ਜਿਸ ਨੇ ਲਿਖਿਆ: “ਮੈਨੂੰ ਤਿੰਨ ਵਾਰ ਲਿੰਗੀ ਰੋਗ ਲੱਗ ਚੁੱਕਾ ਹੈ। ਅਖੀਰਲੀ ਵਾਰ ਮੈਨੂੰ ਇਸ ਦੀ ਕੀਮਤ ਬੱਚੇ ਪੈਦਾ ਕਰਨ ਦਾ ਆਪਣਾ ਅਧਿਕਾਰ ਖੋਣਾ ਪਿਆ, ਕਿਉਂਕਿ ਮੈਨੂੰ ਅਪਰੇਸ਼ਨ ਦੁਆਰਾ ਬੱਚੇਦਾਨੀ ਕਢਾਉਣੀ ਪਈ।” ਜਦੋਂ ਲੋਕ ਪਰਮੇਸ਼ੁਰ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਨ, ਤਦ ਉਨ੍ਹਾਂ ਉੱਤੇ ਆਏ ਸਾਰੇ ਕਸ਼ਟਾਂ ਤੇ ਵਿਚਾਰ ਕਰਨਾ ਸੱਚ-ਮੁੱਚ ਹੀ ਕਿੰਨਾ ਦੁੱਖਦਾਇਕ ਹੈ। (2 ਸਮੂਏਲ 13:1-19) ਇਕ ਔਰਤ ਜਿਸ ਨੇ ਵਿਭਚਾਰ ਕੀਤਾ, ਨੇ ਅਫ਼ਸੋਸ ਨਾਲ ਆਖਿਆ: “ਉਹ ਪੀੜਾ ਅਤੇ ਭਾਵਾਤਮਕ ਸਿਹਤ-ਵਿਗਾੜ ਜੋ ਅਣਆਗਿਆ ਦੇ ਕਾਰਨ ਪੈਦਾ ਹੁੰਦਾ ਹੈ ਇਸ ਦੇ ਯੋਗ ਨਹੀਂ ਹੈ। ਮੈਂ ਉਸ ਤੋਂ ਹੁਣ ਕਸ਼ਟ ਪਾ ਰਹੀ ਹਾਂ।”
6. (ੳ) ਉਹ ਐਸ਼ ਜਿਹੜੀ ਸ਼ਾਇਦ ਗ਼ਲਤ ਕੰਮ ਕਰਨ ਤੋਂ ਪ੍ਰਾਪਤ ਹੋਵੇ ਸਾਰਥਕ ਕਿਉਂ ਨਹੀਂ ਹੈ? (ਅ) ਮਿਸਰ ਵਿਚ ਮੂਸਾ ਕਿਸ ਪ੍ਰਕਾਰ ਦੇ ਜੀਵਨ ਦਾ ਆਨੰਦ ਮਾਣ ਸਕਦਾ ਸੀ?
6 ਫਿਰ ਵੀ ਤੁਸੀਂ ਲੋਕਾਂ ਨੂੰ ਇਹ ਆਖਦੇ ਸੁਣੋਗੇ ਕਿ ਵਿਭਚਾਰ, ਨਾਲੇ ਸ਼ਰਾਬੀ ਹੋਣਾ ਅਤੇ ਨਸ਼ੀਲੀਆਂ ਦਵਾਈਆਂ ਲੈਣਾ ਮਜ਼ੇਦਾਰ ਹੁੰਦਾ ਹੈ। ਪਰ ਇਹ ਅਖਾਉਤੀ ਮਜ਼ਾ ਕੇਵਲ ਅਸਥਾਈ ਹੀ ਹੈ। ਧੋਖੇ ਨਾਲ ਉਸ ਰਾਹ ਵਿਚ ਨਾ ਪਵੋ ਜਿਹੜਾ ਤੁਹਾਡੀ ਵਾਸਤਵਿਕ ਅਤੇ ਸਥਿਰ ਖੁਸ਼ੀ ਲੁੱਟ ਲਵੇਗਾ। ਮੂਸਾ ਬਾਰੇ ਵਿਚਾਰ ਕਰੋ ਜੋ ‘ਫ਼ਿਰਊਨ ਦੀ ਧੀ ਦੇ ਪੁੱਤ੍ਰ’ ਦੇ ਤੌਰ ਤੇ ਪਾਲਿਆ ਗਿਆ ਸੀ। ਉਹ ਉਥੇ ਪ੍ਰਾਚੀਨ ਮਿਸਰ ਵਿਚ ਸ਼ਾਹੀ ਘਰਾਣੇ ਦੀ ਅਮੀਰੀ ਵਿਚ ਰਹਿੰਦਾ ਸੀ। ਫਿਰ ਵੀ, ਬਾਈਬਲ ਆਖਦੀ ਹੈ ਕਿ, ਜਦੋਂ ਉਹ ਜਵਾਨ ਹੋਇਆ, ਉਸ ਨੇ “ਪਾਪ ਦੇ ਭੋਗ ਬਿਲਾਸ ਨਾਲੋਂ ਜੋ ਥੋੜੇ ਚਿਰ ਲਈ ਹੈ ਪਰਮੇਸ਼ੁਰ ਦੀ ਪਰਜਾ ਨਾਲ ਜਬਰੀ ਝੱਲਣ ਨੂੰ ਬਾਹਲਾ ਪਸੰਦ ਕੀਤਾ।” (ਇਬਰਾਨੀਆਂ 11:24, 25, ਟੇਢੇ ਟਾਈਪ ਸਾਡੇ) ਤਾਂ ਫਿਰ ਉਸ ਅਨੈਤਿਕ, ਅਵਾਰਾ-ਜੀਵਨ ਦੇ ਢੰਗ ਵਿਚ ਜੋ ਸਪੱਸ਼ਟ ਹੈ ਕਿ ਮਿਸਰੀ ਸ਼ਾਹੀ ਘਰਾਣੇ ਵਿਚ ਪਾਇਆ ਜਾਂਦਾ ਸੀ, ਆਨੰਦ ਯਾ ਮਜ਼ਾ ਜ਼ਰੂਰ ਹੋਣਾ ਸੀ। ਤਾਂ ਫਿਰ, ਮੂਸਾ ਨੇ ਉਹ ਸਭ ਕੁਝ ਤੋਂ ਕਿਉਂ ਮੂੰਹ ਫੇਰਿਆ?
7. ਮੂਸਾ ਨੇ ਮਿਸਰੀ ਸ਼ਾਹੀ ਘਰਾਣੇ ਵਿਚ ‘ਪਾਪ ਦੇ ਭੋਗ ਬਿਲਾਸ ਤੋਂ ਜੋ ਥੋੜੇ ਚਿਰ ਲਈ ਹੈ,’ ਕਿਉਂ ਮੂੰਹ ਫੇਰਿਆ ਸੀ?
7 ਇਸ ਲਈ ਕਿਉਂਕਿ ਮੂਸਾ ਯਹੋਵਾਹ ਪਰਮੇਸ਼ੁਰ ਵਿਚ ਵਿਸ਼ਵਾਸ ਰੱਖਦਾ ਸੀ। ਅਤੇ ਉਹ ਉਸ ਪਾਪ ਦੇ ਭੋਗ ਬਿਲਾਸ ਨਾਲੋਂ ਜਿਹੜਾ ਉਹ ਉਸ ਮਿਸਰੀ ਸ਼ਾਹੀ ਘਰਾਣੇ ਵਿਚ ਅਨੁਭਵ ਕਰ ਸਕਦਾ ਸੀ, ਇਕ ਕਿਤੇ ਹੀ ਬਿਹਤਰ ਚੀਜ਼ ਬਾਰੇ ਜਾਣਦਾ ਸੀ। ਬਾਈਬਲ ਆਖਦੀ ਹੈ: “ਉਹ ਉਤਸੁਕਤਾ ਦੇ ਨਾਲ ਫਲ ਦੀ ਭੁਗਤਾਨ ਵੱਲ ਵੇਖਦਾ ਸੀ।” ਮੂਸਾ ਉਨ੍ਹਾਂ ਚੀਜ਼ਾਂ ਉੱਤੇ ਜਿਨ੍ਹਾਂ ਦਾ ਪਰਮੇਸ਼ੁਰ ਨੇ ਵਾਇਦਾ ਕੀਤਾ ਸੀ ਮਨਨ, ਯਾ ਡੁੰਘਾ ਵਿਚਾਰ ਕਰਦਾ ਸੀ। ਉਹ ਇਕ ਧਾਰਮਿਕ ਨਵੀਂ ਵਿਵਸਥਾ ਨੂੰ ਸ੍ਰਿਸ਼ਟ ਕਰਨ ਦੇ ਪਰਮੇਸ਼ੁਰ ਦੇ ਮਕਸਦ ਵਿਚ ਵਿਸ਼ਵਾਸ ਰੱਖਦਾ ਸੀ। ਮਨੁੱਖਜਾਤੀ ਵਾਸਤੇ ਯਹੋਵਾਹ ਦੇ ਗਹਿਰੇ ਪ੍ਰੇਮ ਅਤੇ ਉਹ ਦੀ ਕਦਰ ਨੇ ਉਸ ਦੇ ਦਿਲ ਉੱਤੇ ਬਹੁਤ ਪ੍ਰਭਾਵ ਪਾਇਆ। ਕੇਵਲ ਇਹ ਹੀ ਚੀਜ਼ ਨਹੀਂ ਸੀ ਕਿ ਮੂਸਾ ਨੇ ਯਹੋਵਾਹ ਦੇ ਬਾਰੇ ਸੁਣਿਆ ਯਾ ਪੜ੍ਹਿਆ ਹੀ ਸੀ। ਬਾਈਬਲ ਆਖਦੀ ਹੈ ਕਿ “ਉਹ ਉਸ ਨੂੰ ਜੋ ਅਦਿੱਖ ਹੈ, ਜਿਵੇਂ ਕਿ ਵੇਖਦੇ ਹੋਏ ਅਟੱਲ ਜਾਰੀ ਰਿਹਾ।” (ਇਬਰਾਨੀਆਂ 11:26, 27, ਨਿਵ) ਮੂਸਾ ਲਈ ਯਹੋਵਾਹ ਅਤੇ ਉਸ ਦੇ ਸਦੀਪਕ ਜੀਵਨ ਦੇ ਵਾਇਦੇ ਵਾਸਤਵਿਕ ਸਨ।
8. (ੳ) ਸਹੀ ਕੰਮ ਕਰਨ ਦਾ ਸੰਘਰਸ਼ ਜਿੱਤਣ ਲਈ, ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ? (ਅ) ਜਿਵੇਂ ਇਕ ਨੌਜਵਾਨ ਨੇ ਪ੍ਰਗਟ ਕੀਤਾ, ਸਾਡੇ ਵਾਸਤੇ ਕਿਹੜਾ ਦ੍ਰਿਸ਼ਟੀਕੋਣ ਅਪਣਾਉਣਾ ਬੁੱਧੀਮਤਾ ਹੋਵੇਗੀ?
8 ਕੀ ਇਹ ਤੁਹਾਡੇ ਬਾਰੇ ਵੀ ਸੱਚ ਹੈ? ਕੀ ਤੁਸੀਂ ਯਹੋਵਾਹ ਨੂੰ ਇਕ ਵਾਸਤਵਿਕ ਵਿਅਕਤੀ, ਇਕ ਪਿਤਾ ਦੇ ਤੌਰ ਤੇ ਸਮਝਦੇ ਹੋ ਜੋ ਤੁਹਾਡੇ ਨਾਲ ਪ੍ਰੇਮ ਰੱਖਦਾ ਹੈ? ਜਦੋਂ ਤੁਸੀਂ ਧਰਤੀ ਉੱਤੇ ਪਰਾਦੀਸ ਵਿਚ ਸਦੀਪਕ ਜੀਵਨ ਦੇਣ ਵਾਲੇ ਉਹ ਦੇ ਵਾਇਦਿਆਂ ਬਾਰੇ ਪੜ੍ਹਦੇ ਹੋ, ਤਾਂ ਕੀ ਤੁਸੀਂ ਆਪਣੇ ਆਪ ਨੂੰ ਉਥੇ ਉਨ੍ਹਾਂ ਅਸੀਸਾਂ ਦਾ ਆਨੰਦ ਮਾਣਦੇ ਹੋਏ ਕਲਪਨਾ ਕਰਦੇ ਹੋ? (ਸਫ਼ੇ 156 ਤੋਂ 162 ਵੇਖੋ।) ਗ਼ਲਤ ਕੰਮ ਕਰਨ ਦੇ ਅਨੇਕ ਦਬਾਵਾਂ ਦੇ ਵਿਰੁੱਧ ਸੰਘਰਸ਼ ਜਿੱਤਣ ਦੇ ਲਈ ਸਾਨੂੰ ਯਹੋਵਾਹ ਦੇ ਨਾਲ ਨਜ਼ਦੀਕੀ ਸੰਬੰਧ ਰੱਖਣਾ ਜ਼ਰੂਰੀ ਹੈ। ਅਤੇ ਸਾਨੂੰ ਮੂਸਾ ਦੇ ਵਾਂਗ, “ਉਤਸੁਕਤਾ ਦੇ ਨਾਲ ਫਲ ਦੀ ਭੁਗਤਾਨ ਵੱਲ” ਵੇਖਣਾ ਚਾਹੀਦਾ ਹੈ। ਇਕ 20 ਸਾਲਾਂ ਦਾ ਨੌਜਵਾਨ, ਜਿਸ ਦੇ ਸਾਮ੍ਹਣੇ ਵਿਭਚਾਰ ਕਰਨ ਦਾ ਪਰਤਾਵਾ ਪੇਸ਼ ਹੋਇਆ, ਮੂਸਾ ਦਾ ਦ੍ਰਿਸ਼ਟੀਕੋਣ ਰੱਖਦਾ ਸੀ। ਉਸ ਨੇ ਕਿਹਾ: “ਪਲ-ਭਰ ਦੀ ਅਨੈਤਿਕਤਾ ਇਸ ਦੇ ਯੋਗ ਨਹੀਂ ਸੀ ਕਿ ਮੈਂ ਉਸ ਦੇ ਲਈ ਸਦੀਪਕ ਜੀਵਨ ਦੀ ਆਪਣੀ ਉਮੀਦ ਨੂੰ ਗੁਆ ਦੇਵਾਂ।” ਕੀ ਇਸ ਤਰ੍ਹਾਂ ਦਾ ਰਵੱਈਆ ਅਪਣਾਉਣਾ ਸਹੀ ਨਹੀਂ ਹੈ?
ਦੂਸਰਿਆਂ ਦੀਆਂ ਗ਼ਲਤੀਆਂ ਤੋਂ ਸਬਕ ਸਿੱਖਣਾ
9. ਸਹੀ ਕੰਮ ਕਰਨ ਦੇ ਸੰਘਰਸ਼ ਵਿਚ ਰਾਜਾ ਦਾਊਦ ਕਿਸ ਤਰ੍ਹਾਂ ਅਸਫ਼ਲ ਹੋਇਆ?
9 ਇਸ ਸੰਘਰਸ਼ ਵਿਚ ਤੁਸੀਂ ਕਦੇ ਵੀ ਅਸਾਵਧਾਨੀ ਨਹੀਂ ਅਪਣਾ ਸਕਦੇ ਹੋ, ਜਿਵੇਂ ਰਾਜਾ ਦਾਊਦ ਨੇ ਇਕ ਵਾਰ ਕੀਤਾ ਸੀ। ਇਕ ਦਿਨ ਅਜਿਹਾ ਹੋਇਆ ਕਿ ਉਹ ਆਪਣੇ ਕੋਠੇ ਤੋਂ ਵੇਖ ਰਿਹਾ ਸੀ, ਅਤੇ ਕੁਝ ਫ਼ਾਸਲੇ ਤੇ ਉਸ ਨੇ ਰੂਪਵੰਤੀ ਬਥ-ਸ਼ਬਾ ਨੂੰ ਨਹਾਉਂਦੀ ਵੇਖਿਆ। ਆਪਣੇ ਦਿਲ ਵਿਚ ਅਨੁਚਿਤ ਖ਼ਿਆਲ ਪੈਦਾ ਹੋਣ ਤੋਂ ਪਹਿਲਾਂ ਆਪਣੇ ਆਪ ਨੂੰ ਮੋੜਣ ਦੀ ਬਜਾਇ, ਉਹ ਵੇਖਦਾ ਹੀ ਰਿਹਾ। ਬਥ-ਸ਼ਬਾ ਦੇ ਨਾਲ ਸੰਭੋਗ ਕਰਨ ਲਈ ਉਸ ਦੀ ਇੱਛਾ ਇੰਨੀ ਤੀਬਰ ਹੋ ਗਈ ਕਿ ਉਹ ਨੇ ਉਸ ਨੂੰ ਆਪਣੇ ਮਹਿਲ ਵਿਚ ਬੁਲਾ ਲਿਆ। ਬਾਅਦ ਵਿਚ, ਕਿਉਂਜੋ ਉਹ ਗਰਭਣੀ ਹੋ ਗਈ, ਅਤੇ ਉਹ ਉਨ੍ਹਾਂ ਦੇ ਜ਼ਨਾਹ ਨੂੰ ਲਕੋ ਨਹੀਂ ਸਕਿਆ, ਉਹ ਨੇ ਉਸ ਦੇ ਪਤੀ ਨੂੰ ਯੁੱਧ ਵਿਚ ਮਰਵਾਉਣ ਦਾ ਇੰਤਜ਼ਾਮ ਕੀਤਾ।—2 ਸਮੂਏਲ 11:1-17.
10. (ੳ) ਦਾਊਦ ਨੂੰ ਆਪਣੇ ਪਾਪ ਦੀ ਕਿਸ ਤਰ੍ਹਾਂ ਸਜ਼ਾ ਮਿਲੀ? (ਅ) ਦਾਊਦ ਨੂੰ ਜ਼ਨਾਹ ਕਰਨ ਤੋਂ ਕਿਹੜੀ ਚੀਜ਼ ਰੋਕ ਸਕਦੀ ਸੀ?
10 ਇਹ ਸੱਚ-ਮੁੱਚ ਹੀ ਇਕ ਬਹੁਤ ਵੱਡਾ ਪਾਪ ਸੀ। ਅਤੇ ਇਸ ਕਰਕੇ ਦਾਊਦ ਨੇ ਵਾਸਤਵ ਵਿਚ ਕਸ਼ਟ ਪਾਏ। ਜੋ ਉਸ ਨੇ ਕੀਤਾ ਸੀ, ਉਸ ਤੋਂ ਉਹ ਨਾ ਕੇਵਲ ਬਹੁਤ ਦੁੱਖੀ ਹੋਇਆ, ਬਲਕਿ ਯਹੋਵਾਹ ਨੇ ਉਸ ਨੂੰ ਉਹ ਦੀ ਬਾਕੀ ਦੀ ਉਮਰ ਲਈ ਉਸ ਦੇ ਘਰਾਣੇ ਵਿਚ ਦੁੱਖਾਂ ਨਾਲ ਸਜ਼ਾ ਦਿੱਤੀ। (ਜ਼ਬੂਰਾਂ ਦੀ ਪੋਥੀ 51:3, 4; 2 ਸਮੂਏਲ 12:10-12) ਦਾਊਦ ਦਾ ਦਿਲ ਜਿੰਨਾ ਉਹ ਨੇ ਅਹਿਸਾਸ ਕੀਤਾ ਸੀ ਨਾਲੋਂ ਜ਼ਿਆਦਾ ਧੋਖੇਬਾਜ਼ ਨਿੱਕਲਿਆ; ਉਸ ਦੀਆਂ ਗ਼ਲਤ ਇੱਛਾਵਾਂ ਨੇ ਉਸ ਉੱਤੇ ਕਾਬੂ ਕਰ ਲਿਆ। ਬਾਅਦ ਵਿਚ ਉਸ ਨੇ ਆਖਿਆ: “ਵੇਖ, ਮੈਂ ਬਦੀ ਵਿੱਚ ਜੰਮਿਆ, ਅਤੇ ਪਾਪ ਵਿੱਚ ਮੇਰੀ ਮਾਤਾ ਨੇ ਮੈਨੂੰ ਕੁੱਖ ਵਿੱਚ ਲਿਆ।” (ਜ਼ਬੂਰਾਂ ਦੀ ਪੋਥੀ 51:5) ਪਰ ਉਹ ਬੁਰਾ ਕੰਮ ਜੋ ਦਾਊਦ ਨੇ ਬਥ-ਸ਼ਬਾ ਨਾਲ ਕੀਤਾ, ਉਸ ਦਾ ਹੋਣਾ ਜ਼ਰੂਰੀ ਨਹੀਂ ਸੀ। ਉਹ ਦੀ ਸਮੱਸਿਆ ਇਹ ਸੀ ਕਿ ਉਹ ਵੇਖਦਾ ਰਿਹਾ; ਉਹ ਉਸ ਸਥਿਤੀ ਤੋਂ ਪਰੇ ਨਹੀਂ ਹਟਿਆ ਜਿਸ ਨੇ ਕਿਸੇ ਹੋਰ ਮਨੁੱਖ ਦੀ ਪਤਨੀ ਲਈ ਉਸ ਦੀ ਸੰਭੋਗ ਲਾਲਸਾ ਨੂੰ ਵਧਾਇਆ।
11. (ੳ) ਦਾਊਦ ਦੇ ਤਜਰਬੇ ਤੋਂ ਸਾਨੂੰ ਕੀ ਸਬਕ ਸਿੱਖਣਾ ਚਾਹੀਦਾ ਹੈ? (ਅ) ਤੁਸੀਂ ਕੀ ਕਹੋਗੇ ਕਿ ਉਹ ਕਿਹੜੀਆਂ ਕ੍ਰਿਆਵਾਂ ਹਨ ਜੋ “ਕਾਮਨਾ” ਨੂੰ ਵਧਾ ਸਕਦੀਆਂ ਹਨ? (ੲ) ਜਿਵੇਂ ਇਕ ਨੌਜਵਾਨ ਨੇ ਆਖਿਆ, ਇਕ ਬੁੱਧਵਾਨ ਵਿਅਕਤੀ ਕਿਸ ਚੀਜ਼ ਤੋਂ ਪਰੇ ਰਹਿੰਦਾ ਹੈ?
11 ਸਾਨੂੰ ਦਾਊਦ ਦੇ ਤਜਰਬੇ ਤੋਂ ਸਬਕ ਸਿੱਖਣਾ ਚਾਹੀਦਾ ਹੈ ਕਿ ਉਨ੍ਹਾਂ ਸਥਿਤੀਆਂ ਤੋਂ ਪਰੇ ਰਹੀਏ ਜੋ ਅਨੁਚਿਤ ਸੰਭੋਗ ਭਾਵਨਾਵਾਂ ਜਗਾਉਂਦੀਆਂ ਹਨ। ਮਿਸਾਲ ਲਈ, ਕੀ ਹੋਵੇਗਾ ਅਗਰ ਤੁਸੀਂ ਉਹ ਕਿਤਾਬਾਂ ਪੜ੍ਹੋਗੇ ਅਤੇ ਉਹ ਦੂਰਦਰਸ਼ਨ ਪ੍ਰੋਗ੍ਰਾਮ ਯਾ ਫਿਲਮਾਂ ਵੇਖੋਗੇ ਜਿਹੜੇ ਸੰਭੋਗ ਉੱਤੇ ਜ਼ੋਰ ਦਿੰਦੇ ਹਨ? ਇਹ ਸੰਭਵ ਹੈ ਕਿ ਲਿੰਗੀ ਇੱਛਾਵਾਂ ਉਤੇਜਿਤ ਹੋਣਗੀਆਂ। ਇਸ ਲਈ ਉਹ ਕ੍ਰਿਆਵਾਂ ਅਤੇ ਮਨੋਰੰਜਨ ਤੋਂ ਦੂਰ ਰਹੋ ਜਿਹੜੇ “ਕਾਮਨਾ” ਨੂੰ ਵਧਾਉਂਦੇ ਹਨ। (ਕੁਲੁੱਸੀਆਂ 3:5; 1 ਥੱਸਲੁਨੀਕੀਆਂ 4:3-5; ਅਫ਼ਸੀਆਂ 5:3-5) ਆਪਣੇ ਆਪ ਨੂੰ ਕਿਸੇ ਦੂਸਰੇ ਵਿਅਕਤੀ ਦੇ ਨਾਲ ਉਸ ਸਥਿਤੀ ਵਿਚ ਨਾ ਪਾਓ ਜਿਹੜੀ ਵਿਭਚਾਰ ਵੱਲ ਲੈ ਜਾ ਸਕਦੀ ਹੈ। ਇਕ 17 ਸਾਲਾਂ ਦੇ ਵਿਅਕਤੀ ਨੇ ਬੁੱਧੀਮਤਾ ਦੇ ਨਾਲ ਕਿਹਾ: “ਕੋਈ ਵੀ ਇਹ ਕਹਿ ਸਕਦਾ ਹੈ ਕਿ ‘ਸਾਨੂੰ ਪਤਾ ਹੈ ਕਦੋਂ ਰੁੱਕ ਜਾਣਾ ਚਾਹੀਦਾ ਹੈ।’ ਇਹ ਸੱਚ ਹੈ, ਇਕ ਵਿਅਕਤੀ ਨੂੰ ਸ਼ਾਇਦ ਪਤਾ ਹੋਵੇ, ਪਰ ਕਿੰਨੇ ਜਣੇ ਰੁੱਕ ਸਕਦੇ ਹਨ? ਇਹ ਬਿਹਤਰ ਹੈ ਕਿ ਅਜਿਹੀ ਸਥਿਤੀ ਤੋਂ ਦੂਰ ਹੀ ਰਿਹਾ ਜਾਵੇ।”
12. ਯੂਸੁਫ਼ ਦਾ ਕਿਹੜਾ ਉਦਾਹਰਣ ਸਾਨੂੰ ਮਨ ਵਿਚ ਰੱਖਣਾ ਚਾਹੀਦਾ ਹੈ?
12 ਅਗਰ ਦਾਊਦ ਨੇ ਯੂਸੁਫ਼ ਦੇ ਉਦਾਹਰਣ ਨੂੰ ਆਪਣੇ ਮਨ ਵਿਚ ਯਾਦ ਰੱਖਿਆ ਹੁੰਦਾ, ਤਾਂ ਉਹ ਕਦੀ ਵੀ ਪਰਮੇਸ਼ੁਰ ਦੇ ਵਿਰੁੱਧ ਉਹ ਵੱਡਾ ਪਾਪ ਨਾ ਕਰਦਾ। ਯੂਸੁਫ਼ ਨੂੰ ਮਿਸਰ ਵਿਚ, ਪੋਟੀਫ਼ਰ ਦੇ ਘਰਾਣੇ ਵਿਚ ਮੁੱਖਤਿਆਰ ਠਹਿਰਾਇਆ ਗਿਆ ਸੀ। ਜਦੋਂ ਪੋਟੀਫ਼ਰ ਬਾਹਰ ਜਾਂਦਾ ਸੀ, ਤਦ ਉਸ ਦੀ ਸੰਭੋਗ-ਪਸੰਦ ਪਤਨੀ, ਇਹ ਆਖ ਕੇ, ਸੁੰਦਰ ਯੂਸੁਫ਼ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੀ: “ਤੂੰ ਮੇਰੇ ਨਾਲ ਲੇਟ।” ਲੇਕਨ ਯੂਸੁਫ਼ ਨੇ ਇਨਕਾਰ ਕੀਤਾ। ਫਿਰ ਇਕ ਦਿਨ ਉਸ ਨੇ ਉਹ ਨੂੰ ਫੜ ਲਿਆ ਅਤੇ ਉਸ ਨੂੰ ਆਪਣੇ ਨਾਲ ਲਿਟਾਉਣ ਦੀ ਕੋਸ਼ਿਸ਼ ਕੀਤੀ। ਪਰ ਯੂਸੁਫ਼ ਆਪਣੇ ਆਪ ਨੂੰ ਛੁਡਾ ਕੇ ਦੂਰ ਨੱਠਾ। ਉਹ ਨੇ ਆਪਣੀਆਂ ਸੰਭੋਗ ਇੱਛਾਵਾਂ ਨੂੰ ਪੂਰਾ ਕਰਨ ਦੇ ਬਾਰੇ ਸੋਚ ਕੇ ਨਹੀਂ, ਬਲਕਿ ਪਰਮੇਸ਼ੁਰ ਦੀ ਨਜ਼ਰ ਵਿਚ ਕੀ ਸਹੀ ਹੈ ਬਾਰੇ ਸੋਚ ਕੇ ਆਪਣਾ ਦਿਲ ਮਜ਼ਬੂਤ ਰੱਖਿਆ। “ਮੈਂ ਐੱਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?” ਉਸ ਨੇ ਪੁੱਛਿਆ।—ਉਤਪਤ 39:7-12.
ਜਿੱਤਣ ਲਈ ਤੁਹਾਨੂੰ ਜਿਹੜੀ ਸਹਾਇਤਾ ਦੀ ਜ਼ਰੂਰਤ ਹੈ
13, 14. (ੳ) ਇਹ ਸੰਘਰਸ਼ ਨੂੰ ਜਿੱਤਣ ਲਈ ਕਿਸ ਚੀਜ਼ ਦੀ ਜ਼ਰੂਰਤ ਹੈ? (ਅ) ਕੁਰਿੰਥੁਸ ਵਿਚ ਜਿਹੜੇ ਮਸੀਹੀ ਬਣੇ ਸਨ ਉਨ੍ਹਾਂ ਨੇ ਕਿਹੜੀ ਬਦਲੀ ਲਿਆਂਦੀ, ਅਤੇ ਕਿਸ ਸਹਾਇਤਾ ਦੇ ਨਾਲ? (ੲ) ਪੌਲੁਸ ਅਤੇ ਤੀਤੁਸ ਕਿਸ ਤਰ੍ਹਾਂ ਦੇ ਵਿਅਕਤੀ ਰਹੇ ਸਨ?
13 ਇਹ ਸੰਘਰਸ਼ ਜਿੱਤਣ ਦੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਬਾਈਬਲ ਦੇ ਗਿਆਨ ਨੂੰ ਆਪਣੇ ਦਿਲ ਵਿਚ ਗਹਿਰੀ ਤਰ੍ਹਾਂ ਨਾਲ ਬਿਠਾਓ ਤਾਂ ਕਿ ਤੁਸੀਂ ਉਸ ਉੱਤੇ ਚੱਲਣ ਲਈ ਉਤੇਜਿਤ ਹੋਵੋ। ਲੇਕਨ ਯਹੋਵਾਹ ਦੇ ਦ੍ਰਿਸ਼ਟ ਸੰਗਠਨ ਦਾ ਇਕ ਹਿੱਸਾ ਬਣਨ ਦੇ ਲਈ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਪਰਮੇਸ਼ੁਰ ਦੇ ਲੋਕਾਂ ਦੇ ਨਾਲ ਸੰਗਤ ਕਰੋ। ਤੁਸੀਂ ਭਾਵੇਂ ਕਿੰਨੀ ਗਹਿਰੀ ਤਰ੍ਹਾਂ ਗ਼ਲਤ ਕੰਮਾਂ ਵਿਚ ਅੰਤਰਗ੍ਰਸਤ ਹੋਵੋ, ਤੁਸੀਂ ਉਸ ਦੀ ਸਹਾਇਤਾ ਦੇ ਨਾਲ ਬਦਲ ਸਕਦੇ ਹੋ। ਪ੍ਰਾਚੀਨ ਕੁਰਿੰਥੁਸ ਵਿਚ ਉਨ੍ਹਾਂ ਵਿਅਕਤੀਆਂ ਬਾਰੇ ਜੋ ਬਦਲੇ ਸਨ, ਰਸੂਲ ਪੌਲੁਸ ਨੇ ਲਿਖਿਆ: “ਧੋਖਾ ਨਾ ਖਾਓ, ਨਾ ਹਰਾਮਕਾਰ, ਨਾ ਮੂਰਤੀ ਪੂਜਕ, ਨਾ ਜ਼ਨਾਹਕਾਰ, ਨਾ ਜਨਾਨੜੇ, ਨਾ ਮੁੰਡੇਬਾਜ, ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਲੁਟੇਰੇ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਹੋਣਗੇ। ਅਤੇ ਤੁਹਾਡੇ ਵਿੱਚੋਂ ਕਈਕੁ ਏਹੋ ਜੇਹੇ ਸਨ ਪਰ . . . ਤੁਸੀਂ ਧੋਤੇ ਗਏ।” (ਟੇਢੇ ਟਾਈਪ ਸਾਡੇ)—1 ਕੁਰਿੰਥੀਆਂ 6:9-11.
14 ਇਸ ਬਾਰੇ ਵਿਚਾਰ ਕਰੋ! ਪਹਿਲੇ ਮਸੀਹੀਆਂ ਵਿਚੋਂ ਕਈ ਵਿਅਕਤੀ ਇਕ ਸਮੇਂ ਹਰਾਮਕਾਰ, ਜ਼ਨਾਹਕਾਰ, ਮੁੰਡੇਬਾਜ, ਚੋਰ ਅਤੇ ਸ਼ਰਾਬੀ ਸਨ। ਪਰ ਮਸੀਹੀ ਸੰਗਠਨ ਵੱਲੋਂ ਸਹਾਇਤਾ ਨਾਲ ਉਹ ਬਦਲ ਗਏ ਸਨ। ਇਕ ਸਮੇਂ ਰਸੂਲ ਪੌਲੁਸ ਨੇ ਵੀ ਸਵੈ ਬੁਰੇ ਕੰਮਾਂ ਦਾ ਅਭਿਆਸ ਕੀਤਾ ਸੀ। (1 ਤਿਮੋਥਿਉਸ 1:15) ਆਪਣੇ ਮਸੀਹੀ ਸਾਥੀ, ਤੀਤੁਸ ਨੂੰ ਉਸ ਨੇ ਲਿਖਿਆ: “ਕਿਉਂ ਜੋ ਪਹਿਲਾਂ ਤਾਂ ਅਸੀਂ ਵੀ ਨਦਾਨ, ਅਣਆਗਿਆਕਾਰ, ਧੋਖਾ ਖਾਣ ਵਾਲੇ, ਅਨੇਕ ਪਰਕਾਰ ਦੇ ਬੁਰਿਆਂ ਵਿਸ਼ਿਆਂ ਅਤੇ ਭੋਗ ਬਿਲਾਸਾਂ ਦੇ ਗੁਲਾਮ ਸਾਂ।” (ਟੇਢੇ ਟਾਈਪ ਸਾਡੇ)—ਤੀਤੁਸ 3:3.
15. (ੳ) ਕਿਹੜੀ ਗੱਲ ਦਿਖਾਉਂਦੀ ਹੈ ਕਿ ਪੌਲੁਸ ਲਈ ਸਹੀ ਕੰਮ ਕਰਨਾ ਸੌਖਾ ਨਹੀਂ ਸੀ? (ਅ) ਅਸੀਂ ਪੌਲੁਸ ਦੇ ਉਦਾਹਰਣ ਤੋਂ ਕਿਵੇਂ ਲਾਭ ਪ੍ਰਾਪਤ ਕਰ ਸਕਦੇ ਹਾਂ?
15 ਜਦੋਂ ਪੌਲੁਸ ਇਕ ਮਸੀਹੀ ਬਣਿਆ, ਤਾਂ ਕੀ ਉਸ ਲਈ ਜੋ ਸਹੀ ਹੈ ਉਹ ਕਰਨਾ ਸੌਖਾ ਸੀ? ਨਹੀਂ। ਪੌਲੁਸ ਜੀਵਨ-ਭਰ ਉਨ੍ਹਾਂ ਗ਼ਲਤ ਇੱਛਾਵਾਂ ਅਤੇ ਐਸ਼ਾਂ ਦੇ ਵਿਰੁੱਧ ਸੰਘਰਸ਼ ਕਰਦਾ ਰਿਹਾ ਜਿਨ੍ਹਾਂ ਦਾ ਉਹ ਇਕ ਸਮੇਂ ਗੁਲਾਮ ਸੀ। ਉਸ ਨੇ ਲਿਖਿਆ: “[ਮੈਂ] ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਉਹ ਨੂੰ ਆਪਣੇ ਵੱਸ ਵਿੱਚ ਲਿਆਉਂਦਾ ਹਾਂ ਭਈ ਐਉਂ ਨਾ ਹੋਵੇ ਜੋ ਕਿਤੇ ਮੈਂ ਹੋਰਨਾਂ ਨੂੰ ਉਪਦੇਸ਼ ਕਰ ਕੇ ਆਪ ਅਪਰਵਾਨ ਹੋ ਜਾਵਾਂ।” (1 ਕੁਰਿੰਥੀਆਂ 9:27) ਪੌਲੁਸ ਨੇ ਆਪਣੇ ਆਪ ਉੱਤੇ ‘ਸਖਤੀ’ ਇਸਤੇਮਾਲ ਕੀਤੀ। ਉਹ ਆਪਣੇ ਆਪ ਨੂੰ ਉਹ ਕੰਮ ਕਰਨ ਲਈ ਮਜਬੂਰ ਕਰਦਾ ਸੀ, ਜੋ ਸਹੀ ਸਨ ਜਦੋਂ ਕਿ ਉਸ ਦਾ ਸਰੀਰ ਗ਼ਲਤ ਕੰਮ ਕਰਨਾ ਚਾਹੁੰਦਾ ਸੀ। ਅਤੇ ਅਗਰ ਤੁਸੀਂ ਉਹੋ ਕਰੋਗੇ ਜੋ ਉਸ ਨੇ ਕੀਤਾ ਸੀ, ਤਾਂ ਤੁਸੀਂ ਵੀ ਇਸ ਸੰਘਰਸ਼ ਨੂੰ ਜਿੱਤ ਸਕਦੇ ਹੋ।
16. ਆਧੁਨਿਕ ਦਿਨਾਂ ਦੇ ਕਿਹੜੇ ਉਦਾਹਰਣ ਸਾਨੂੰ ਸਹੀ ਕੰਮ ਕਰਨ ਦੇ ਸੰਘਰਸ਼ ਨੂੰ ਜਿੱਤਣ ਵਿਚ ਸਹਾਇਤਾ ਦੇ ਸਕਦੇ ਹਾਂ?
16 ਅਗਰ ਤੁਹਾਨੂੰ ਕਿਸੇ ਬੁਰੀ ਆਦਤ ਨੂੰ ਤੋੜਨਾ ਔਖਾ ਲੱਗ ਰਿਹਾ ਹੈ, ਤਾਂ ਯਹੋਵਾਹ ਦੇ ਗਵਾਹਾਂ ਦੇ ਅਗਲੇ ਵੱਡੇ ਸੰਮੇਲਨ ਤੇ ਹਾਜ਼ਰ ਹੋਵੋ। ਨਿਰਸੰਦੇਹ ਤੁਸੀਂ ਉਨ੍ਹਾਂ ਹਾਜ਼ਰ ਵਿਅਕਤੀਆਂ ਦੇ ਸਾਫ਼ ਸੁਥਰੇ ਆਚਰਣ ਅਤੇ ਆਨੰਦ ਨਾਲ ਪ੍ਰਭਾਵਿਤ ਹੋਵੋਗੇ। ਹਾਲਾਂ ਕਿ ਇਨ੍ਹਾਂ ਵਿਚੋਂ ਕਈ ਵਿਅਕਤੀ ਇਕ ਸਮੇਂ ਇਸ ਦੁਨੀਆਂ ਦਾ ਹਿੱਸਾ ਸਨ ਜਿਸ ਵਿਚ ਵਿਭਚਾਰ, ਜ਼ਨਾਹ, ਸ਼ਰਾਬੀਪਨ, ਮੁੰਡੇਬਾਜ਼ੀ, ਧੂਮਰਪਾਨ, ਨਸ਼ੀਲੀ ਦਵਾਈ ਦਾ ਅਮਲ, ਚੋਰੀ, ਧੋਖਾ, ਝੂਠ ਬੋਲਣਾ ਅਤੇ ਜੂਆ ਖੇਡਣਾ ਇੰਨੀ ਆਮ ਗੱਲ ਹੈ। ਉਨ੍ਹਾਂ ਵਿਚੋਂ ਅਨੇਕ ਇਨ੍ਹਾਂ ਚੀਜ਼ਾਂ ਦਾ ਅਭਿਆਸ ਕਰਦੇ ਸਨ। (1 ਪਤਰਸ 4:3, 4) ਅਤੇ, ਜਿਵੇਂ ਤੁਸੀਂ ਯਹੋਵਾਹ ਦੇ ਗਵਾਹਾਂ ਦੇ ਨਾਲ ਕਲੀਸਿਯਾਵਾਂ ਦੀਆਂ ਛੋਟੀਆਂ ਸਭਾਵਾਂ ਵਿਚ ਸੰਗਤ ਕਰਦੇ ਹੋ, ਜੋ ਕਿ ਤੁਹਾਨੂੰ ਜਲਦੀ ਤੋਂ ਜਲਦੀ ਕਰਨਾ ਚਾਹੀਦਾ ਹੈ, ਤੁਸੀਂ ਉਨ੍ਹਾਂ ਲੋਕਾਂ ਦੇ ਵਿਚਕਾਰ ਹੋਵੋਗੇ ਜਿਨ੍ਹਾਂ ਨੇ ਉਹੀ ਬੁਰੇ ਅਭਿਆਸਾਂ ਅਤੇ ਇੱਛਾਵਾਂ ਉੱਤੇ ਜਿੱਤ ਪ੍ਰਾਪਤ ਕੀਤੀ ਹੈ ਜਿਨ੍ਹਾਂ ਨਾਲ ਤੁਸੀਂ ਸ਼ਾਇਦ ਹੁਣ ਸੰਘਰਸ਼ ਕਰ ਰਹੇ ਹੋ। ਇਸ ਲਈ ਹੌਸਲਾ ਰੱਖੋ! ਉਹ ਸਹੀ ਕੰਮ ਕਰਨ ਲਈ ਸੰਘਰਸ਼ ਜਿੱਤ ਰਹੇ ਹਨ। ਪਰਮੇਸ਼ੁਰ ਦੀ ਸਹਾਇਤਾ ਦੇ ਨਾਲ ਤੁਸੀਂ ਵੀ ਜਿੱਤ ਸਕਦੇ ਹੋ।
17. (ੳ) ਅਗਰ ਅਸੀਂ ਇਹ ਸੰਘਰਸ਼ ਜਿੱਤਣਾ ਹੈ ਤਾਂ ਸਾਨੂੰ ਕਿਹੜੀ ਸੰਗਤ ਦੀ ਜ਼ਰੂਰਤ ਹੈ? (ਅ) ਤੁਸੀਂ ਸਮੱਸਿਆਵਾਂ ਵਿਚ ਕਿਨ੍ਹਾਂ ਤੋਂ ਸਹਾਇਤਾ ਪ੍ਰਾਪਤ ਕਰ ਸਕਦੇ ਹੋ?
17 ਅਗਰ ਤੁਸੀਂ ਹੁਣ ਤਕ ਕੁਝ ਸਮੇਂ ਲਈ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦਾ ਅਧਿਐਨ ਕਰ ਰਹੇ ਹੋ, ਤਾਂ ਨਿਰਸੰਦੇਹ ਤੁਸੀਂ ਰਾਜ ਗ੍ਰਹਿ ਦੀਆਂ ਸਭਾਵਾਂ ਵਿਚ ਸ਼ਾਮਲ ਹੋਏ ਹੋ। ਅਜਿਹੀਆਂ ਸਭਾਵਾਂ ਵਿਚ ਹਾਜ਼ਰੀ ਨੂੰ ਇਕ ਬਾਕਾਇਦਾ ਦਸਤੂਰ ਬਣਾਓ। ਸਾਨੂੰ ਸਾਰਿਆਂ ਨੂੰ ਅਜਿਹੀ ਮਸੀਹੀ ਸੰਗਤ ਤੋਂ ਪ੍ਰਾਪਤ ਹੋਣ ਵਾਲੇ ਅਧਿਆਤਮਿਕ ਹੌਸਲੇ ਦੀ ਜ਼ਰੂਰਤ ਹੈ। (ਇਬਰਾਨੀਆਂ 10:24, 25) ਕਲੀਸਿਯਾ ਦੇ ‘ਬਜ਼ੁਰਗਾਂ,’ ਯਾ ਨਿਗਾਹਬਾਨਾਂ ਦੇ ਨਾਲ ਪਰਿਚਿਤ ਹੋਵੋ। ‘ਪਰਮੇਸ਼ੁਰ ਦੇ ਇੱਜੜ ਦੀ ਚਰਵਾਹੀ’ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। (1 ਪਤਰਸ 5:1-3; ਰਸੂਲਾਂ ਦੇ ਕਰਤੱਬ 20:28) ਇਸ ਲਈ ਅਗਰ ਤੁਹਾਨੂੰ ਕਿਸੇ ਬੁਰੀ ਆਦਤ ਉੱਤੇ ਜੋ ਪਰਮੇਸ਼ੁਰ ਦੇ ਨਿਯਮਾਂ ਦੇ ਵਿਰੁੱਧ ਹੈ ਜਿੱਤ ਪ੍ਰਾਪਤ ਕਰਨ ਵਿਚ ਸਹਾਇਤਾ ਦੀ ਜ਼ਰੂਰਤ ਹੈ, ਤਾਂ ਉਨ੍ਹਾਂ ਕੋਲ ਜਾਣ ਤੋਂ ਨਾ ਝਿਜਕੋ। ਤੁਸੀਂ ਉਨ੍ਹਾਂ ਨੂੰ ਪ੍ਰੇਮਪੂਰਣ, ਦਿਆਲੂ ਅਤੇ ਲਿਹਾਜ਼ਦਾਰ ਪਾਓਗੇ।—1 ਥੱਸਲੁਨੀਕੀਆਂ 2:7, 8.
18. ਭਵਿੱਖ ਦੀ ਕਿਹੜੀ ਸੰਭਾਵਨਾ ਸਾਨੂੰ ਇਹ ਸੰਘਰਸ਼ ਵਿਚ ਜਾਰੀ ਰਹਿਣ ਲਈ ਮਜ਼ਬੂਤ ਕਰਦੀ ਹੈ?
18 ਸਾਡੇ ਉੱਤੇ ਗ਼ਲਤ ਕੰਮ ਕਰਨ ਲਈ ਦਬਾਉ, ਕੇਵਲ ਸ਼ਤਾਨ ਦੀ ਦੁਨੀਆਂ ਵੱਲੋਂ ਹੀ ਨਹੀਂ, ਪਰ ਆਪਣੇ ਪਾਪਪੂਰਣ ਸਵੈ ਵੱਲੋਂ ਵੀ ਹੈ। ਇਸ ਕਰਕੇ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰ ਰਹਿਣਾ ਰੋਜ਼ਾਨਾ ਇਕ ਸੰਘਰਸ਼ ਹੈ। ਲੇਕਨ ਇਹ ਕਿੰਨਾ ਅੱਛਾ ਹੈ ਕਿ ਇਹ ਸੰਘਰਸ਼ ਸਦਾ ਲਈ ਨਹੀਂ ਜਾਰੀ ਰਹੇਗਾ! ਜਲਦੀ ਹੀ ਸ਼ਤਾਨ ਨੂੰ ਕੱਢ ਦਿੱਤਾ ਜਾਵੇਗਾ ਅਤੇ ਉਸ ਦੀ ਸਾਰੀ ਦੁਸ਼ਟ ਦੁਨੀਆਂ ਨਾਸ਼ ਕੀਤੀ ਜਾਵੇਗੀ। ਤਾਂ ਫਿਰ, ਪਰਮੇਸ਼ੁਰ ਦੀ ਨਵੀਂ ਵਿਵਸਥਾ ਜੋ ਨਜ਼ਦੀਕ ਹੈ, ਵਿਚ ਉਹ ਧਾਰਮਿਕ ਹਾਲਤਾਂ ਹੋਣਗੀਆਂ ਜਿਹੜੀਆਂ ਸਾਡਾ ਜੀਵਨ ਅੱਗੇ ਨਾਲੋਂ ਕਿੰਨਾ ਸੌਖਾ ਬਣਾ ਦੇਣਗੀਆਂ। ਆਖ਼ਰਕਾਰ ਪਾਪ ਦੇ ਸਾਰੇ ਨਿਸ਼ਾਨ ਖ਼ਤਮ ਹੋ ਜਾਣਗੇ, ਅਤੇ ਫ਼ਿਰ ਕਦੇ ਵੀ ਸਹੀ ਕੰਮ ਕਰਨ ਦਾ ਇਹ ਔਖਾ ਸੰਘਰਸ਼ ਨਹੀਂ ਰਹੇਗਾ।
19. ਯਹੋਵਾਹ ਨੂੰ ਪ੍ਰਸੰਨ ਕਰਨ ਲਈ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਯਤਨ ਕਰਨ ਲਈ ਕਿਉਂ ਰਜ਼ਾਮੰਦ ਹੋਣਾ ਚਾਹੀਦਾ ਹੈ?
19 ਉਸ ਨਵੀਂ ਵਿਵਸਥਾ ਦੀਆਂ ਬਰਕਤਾਂ ਉੱਤੇ ਬਾਕਾਇਦਾ ਵਿਚਾਰ ਕਰਦੇ ਰਹੋ। ਹਾਂ, “ਮੁਕਤੀ ਦੀ ਆਸ ਨੂੰ ਟੋਪ ਦੇ ਥਾਂ ਪਹਿਨ” ਲਵੋ। (1 ਥੱਸਲੁਨੀਕੀਆਂ 5:8) ਤੁਹਾਡਾ ਰਵੱਈਆ ਉਸ ਜਵਾਨ ਔਰਤ ਵਰਗਾ ਹੋਵੇ ਜਿਸ ਨੇ ਆਖਿਆ: “ਮੈਂ ਉਨ੍ਹਾਂ ਸਾਰੀਆਂ ਚੀਜ਼ਾਂ ਉੱਤੇ ਵਿਚਾਰ ਕਰਦੀ ਹਾਂ ਜਿਹੜੀਆਂ ਯਹੋਵਾਹ ਨੇ ਮੇਰੇ ਲਈ ਕੀਤੀਆਂ ਹਨ ਅਤੇ ਜਿਨ੍ਹਾਂ ਦਾ ਉਹ ਵਾਇਦਾ ਕਰਦਾ ਹੈ। ਉਹ ਨੇ ਮੈਨੂੰ ਨਹੀਂ ਤਿਆਗਿਆ ਹੈ। ਉਹ ਨੇ ਮੈਨੂੰ ਕਿੰਨੇ ਤਰ੍ਹਾਂ ਦੀਆਂ ਅਸੀਸਾਂ ਦਿੱਤੀਆਂ ਹਨ। ਮੈਂ ਜਾਣਦੀ ਹਾਂ ਕਿ ਉਹ ਕੇਵਲ ਮੇਰਾ ਭਲਾ ਹੀ ਚਾਹੁੰਦਾ ਹੈ, ਅਤੇ ਮੈਂ ਉਹ ਨੂੰ ਪ੍ਰਸੰਨ ਕਰਨਾ ਚਾਹੁੰਦੀ ਹਾਂ। ਸਦੀਪਕ ਜੀਵਨ ਕਿਸੇ ਵੀ ਯਤਨ ਦੇ ਯੋਗ ਹੈ।” ਅਗਰ ਅਸੀਂ ਵਫ਼ਾਦਾਰੀ ਦੇ ਨਾਲ ਧਾਰਮਿਕਤਾ ਨੂੰ ਭਾਲੀਏ, ਤਾਂ ‘ਉਹ ਸਾਰੇ ਚੰਗੇ ਬਚਨ ਜਿਹੜੇ ਯਹੋਵਾਹ’ ਨੇ ਉਨ੍ਹਾਂ ਦੇ ਪ੍ਰਤੀ ਕੀਤੇ ਹਨ ਜਿਹੜੇ ਉਸ ਨਾਲ ਪ੍ਰੇਮ ਰੱਖਦੇ ਹਨ ਪੂਰੇ ਹੋਣਗੇ।—ਯਹੋਸ਼ੁਆ 21:45.
[ਸਫ਼ੇ 219 ਉੱਤੇ ਤਸਵੀਰ]
ਜਦ ਕਿ ਪ੍ਰਾਚੀਨ ਮਿਸਰ ਦੇ ਜੀਵਨ-ਢੰਗ ਵਿਚ ਐਸ਼ ਸੀ, ਮੂਸਾ ਨੇ ਉਸ ਨੂੰ ਕਿਉਂ ਰੱਦ ਕੀਤਾ?
[ਸਫ਼ੇ 220, 221 ਉੱਤੇ ਤਸਵੀਰਾਂ]
ਦਾਊਦ ਵੇਖਦਾ ਰਿਹਾ; ਉਹ ਉਸ ਸਥਿਤੀ ਤੋਂ ਪਰੇ ਨਾ ਹਟਿਆ ਜੋ ਅਨੈਤਿਕਤਾ ਵੱਲ ਲੈ ਗਈ
[ਸਫ਼ੇ 222 ਉੱਤੇ ਤਸਵੀਰ]
ਯੂਸੁਫ਼ ਪੋਟੀਫ਼ਰ ਦੀ ਪਤਨੀ ਦੀਆਂ ਅਨੈਤਿਕ ਹਰਕਤਾਂ ਤੋਂ ਦੂਰ ਨੱਠ ਗਿਆ