ਅਧਿਆਇ 113
ਆਖ਼ਰੀ ਪਸਾਹ ਤੇ ਨਿਮਰਤਾ
ਪਤਰਸ ਅਤੇ ਯੂਹੰਨਾ, ਯਿਸੂ ਦੀਆਂ ਹਿਦਾਇਤਾਂ ਦੇ ਅਧੀਨ, ਪਹਿਲਾਂ ਹੀ ਪਸਾਹ ਦੇ ਵਾਸਤੇ ਤਿਆਰੀਆਂ ਕਰਨ ਲਈ ਯਰੂਸ਼ਲਮ ਪਹੁੰਚ ਚੁੱਕੇ ਹਨ। ਯਿਸੂ ਸਪੱਸ਼ਟ ਤੌਰ ਤੇ ਬਾਕੀ ਦਸ ਰਸੂਲਾਂ ਨਾਲ ਬਾਅਦ ਵਿਚ ਦੁਪਹਿਰ ਨੂੰ ਪਹੁੰਚਦਾ ਹੈ। ਸੂਰਜ ਦਿਗ-ਮੰਡਲ ਉੱਤੇ ਡੁੱਬ ਰਿਹਾ ਹੈ ਜਿਵੇਂ ਯਿਸੂ ਅਤੇ ਉਸ ਦੀ ਟੋਲੀ ਜ਼ੈਤੂਨ ਦੇ ਪਹਾੜ ਤੋਂ ਉਤਰਦੀ ਹੈ। ਯਿਸੂ ਆਪਣੇ ਪੁਨਰ-ਉਥਾਨ ਤੋਂ ਪਹਿਲਾਂ ਇਸ ਪਹਾੜ ਉੱਤੋਂ ਦਿਨ ਦੇ ਵੇਲੇ ਸ਼ਹਿਰ ਨੂੰ ਆਖ਼ਰੀ ਵਾਰੀ ਦੇਖ ਰਿਹਾ ਹੈ।
ਜਲਦੀ ਹੀ ਯਿਸੂ ਅਤੇ ਉਸ ਦੀ ਟੋਲੀ ਸ਼ਹਿਰ ਵਿਚ ਪਹੁੰਚ ਜਾਂਦੇ ਹਨ ਅਤੇ ਉਸ ਘਰ ਨੂੰ ਜਾਂਦੀ ਹੈ ਜਿੱਥੇ ਉਹ ਪਸਾਹ ਮਨਾਉਣਗੇ। ਉਹ ਪੌੜੀ ਚੜ੍ਹ ਕੇ ਵੱਡੇ ਚੁਬਾਰੇ ਵਿਚ ਜਾਂਦੇ ਹਨ, ਜਿੱਥੇ ਉਹ ਆਪਣਾ ਇਕਾਂਤ ਵਿਚ ਪਸਾਹ ਮਨਾਉਣ ਲਈ ਸਭ ਤਿਆਰੀਆਂ ਕੀਤੀਆਂ ਹੋਈਆਂ ਪਾਉਂਦੇ ਹਨ। ਯਿਸੂ ਇਸ ਮੌਕੇ ਨੂੰ ਉਤਸ਼ਾਹ ਨਾਲ ਉਡੀਕਦਾ ਸੀ, ਜਿਵੇਂ ਕਿ ਉਹ ਕਹਿੰਦਾ ਹੈ: “ਮੈਂ ਵੱਡੀ ਇੱਛਿਆ ਨਾਲ ਚਾਹਿਆ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾਹ ਤੁਹਾਡੇ ਨਾਲ ਖਾਵਾਂ।”
ਰਸਮੀ ਤੌਰ ਤੇ, ਪਸਾਹ ਵਿਚ ਭਾਗ ਲੈਣ ਵਾਲਿਆਂ ਦੁਆਰਾ ਦਾਖ ਰਸ ਦੇ ਚਾਰ ਪਿਆਲੇ ਪੀਤੇ ਜਾਂਦੇ ਹਨ। ਉਸ ਪਿਆਲੇ ਨੂੰ ਕਬੂਲ ਕਰਨ ਤੋਂ ਬਾਅਦ ਜੋ ਕਿ ਸਪੱਸ਼ਟ ਤੌਰ ਤੇ ਤੀਜਾ ਹੈ, ਯਿਸੂ ਧੰਨਵਾਦ ਕਰ ਕੇ ਕਹਿੰਦਾ ਹੈ: “ਇਹ ਨੂੰ ਲੈ ਕੇ ਆਪੋ ਵਿੱਚ ਵੰਡ ਲਓ। ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਏਦੋਂ ਅੱਗੇ ਮੈਂ ਦਾਖ ਰਸ ਕਦੇ ਨਾ ਪੀਆਂਗਾ ਜਦ ਤੀਕੁਰ ਪਰਮੇਸ਼ੁਰ ਦਾ ਰਾਜ ਨਾ ਆਵੇ।”
ਭੋਜਨ ਦੇ ਦੌਰਾਨ ਕਿਸੇ ਵੇਲੇ, ਯਿਸੂ ਉਠ ਕੇ ਆਪਣੇ ਬਾਹਰੀ ਕੱਪੜੇ ਉਤਾਰਦਾ ਹੈ, ਇਕ ਤੌਲੀਆ ਲੈਂਦਾ ਹੈ, ਅਤੇ ਇਕ ਤਸਲੇ ਵਿਚ ਪਾਣੀ ਭਰ ਲੈਂਦਾ ਹੈ। ਆਮ ਤੌਰ ਤੇ, ਮੇਜ਼ਬਾਨ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਮਹਿਮਾਨ ਦੇ ਪੈਰ ਧੋਤੇ ਜਾਣ। ਪਰੰਤੂ ਕਿਉਂਕਿ ਇਸ ਮੌਕੇ ਤੇ ਕੋਈ ਮੇਜ਼ਬਾਨ ਹਾਜ਼ਰ ਨਹੀਂ ਹੈ, ਯਿਸੂ ਇਹ ਨਿੱਜੀ ਸੇਵਾ ਕਰਦਾ ਹੈ। ਰਸੂਲਾਂ ਵਿੱਚੋਂ ਕੋਈ ਵੀ ਇਸ ਮੌਕੇ ਦਾ ਲਾਭ ਉਠਾ ਸਕਦਾ ਸੀ; ਫਿਰ ਵੀ, ਸਪੱਸ਼ਟ ਹੈ ਕਿ ਉਨ੍ਹਾਂ ਵਿਚ ਹਾਲੇ ਵੀ ਕੁਝ ਟਕਰਾਉ ਹੋਣ ਦੇ ਕਾਰਨ, ਕੋਈ ਵੀ ਇਹ ਨਹੀਂ ਕਰਦਾ ਹੈ। ਹੁਣ ਉਹ ਸ਼ਰਮਿੰਦਗੀ ਮਹਿਸੂਸ ਕਰਦੇ ਹਨ ਜਿਉਂ ਹੀ ਯਿਸੂ ਉਨ੍ਹਾਂ ਦੇ ਪੈਰ ਧੋਣੇ ਸ਼ੁਰੂ ਕਰਦਾ ਹੈ।
ਜਦੋਂ ਯਿਸੂ ਉਸ ਦੇ ਕੋਲ ਆਉਂਦਾ ਹੈ, ਤਾਂ ਪਤਰਸ ਵਿਰੋਧ ਕਰਦਾ ਹੈ: “ਤੈਂ ਮੇਰੇ ਪੈਰ ਕਦੇ ਨਾ ਧੋਣੇ!”
“ਜੇ ਮੈਂ ਤੈਨੂੰ ਨਾ ਧੋਵਾਂ ਤਾਂ ਮੇਰੇ ਨਾਲ ਤੇਰਾ ਕੋਈ ਹਿੱਸਾ ਨਾ ਹੋਵੇਗਾ,” ਯਿਸੂ ਕਹਿੰਦਾ ਹੈ।
“ਪ੍ਰਭੁ ਜੀ,” ਪਤਰਸ ਜਵਾਬ ਦਿੰਦਾ ਹੈ, “ਨਿਰੇ ਮੇਰੇ ਪੈਰ ਹੀ ਨਹੀਂ ਸਗੋਂ ਹੱਥ ਅਰ ਸਿਰ ਭੀ ਧੋ!”
“ਜਿਹੜਾ ਨਲ੍ਹਾਇਆ ਗਿਆ ਹੈ,” ਯਿਸੂ ਜਵਾਬ ਦਿੰਦਾ ਹੈ, “ਉਹ ਨੂੰ ਬਿਨਾ ਪੈਰ ਧੋਣ ਦੇ ਹੋਰ ਕੁਝ ਲੋੜ ਨਹੀਂ ਸਗੋਂ ਸਾਰਾ ਸ਼ੁੱਧ ਹੈ ਅਰ ਤੁਸੀਂ ਸ਼ੁੱਧ ਹੋ ਪਰ ਸੱਭੇ ਨਹੀਂ।” ਉਹ ਇਹ ਇਸ ਲਈ ਕਹਿੰਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਯਹੂਦਾ ਇਸਕਰਿਯੋਤੀ ਉਸ ਨੂੰ ਫੜਵਾਉਣ ਦੀ ਯੋਜਨਾ ਕਰ ਰਿਹਾ ਹੈ।
ਜਦੋਂ ਯਿਸੂ ਸਾਰੇ 12 ਦੇ ਪੈਰ ਧੋ ਹਟਿਆ, ਇੱਥੋਂ ਤਕ ਕਿ ਉਸ ਨੂੰ ਫੜਵਾਉਣ ਵਾਲੇ, ਯਹੂਦਾ ਦੇ ਪੈਰ ਵੀ ਧੋਤੇ, ਤਾਂ ਉਹ ਆਪਣੇ ਬਾਹਰੀ ਕੱਪੜੇ ਪਹਿਨ ਕੇ ਫਿਰ ਮੇਜ਼ ਤੇ ਬੈਠ ਜਾਂਦਾ ਹੈ। ਫਿਰ ਉਹ ਪੁੱਛਦਾ ਹੈ: “ਕੀ ਤੁਸੀਂ ਸਮਝਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ? ਤੁਸੀਂ ਮੈਨੂੰ ਗੁਰੂ ਅਤੇ ਪ੍ਰਭੁ ਕਰਕੇ ਬੁਲਾਉਂਦੇ ਹੋ ਅਰ ਠੀਕ ਆਖਦੇ ਹੋ ਕਿਉਂ ਜੋ ਮੈਂ ਹਾਂ। ਸੋ ਜੇ ਮੈਂ ਗੁਰੂ ਅਤੇ ਪ੍ਰਭੁ ਹੋ ਕੇ ਤੁਹਾਡੇ ਪੈਰ ਧੋਤੇ ਤਾਂ ਚਾਹੀਦਾ ਹੈ ਜੋ ਤੁਸੀਂ ਭੀ ਇੱਕ ਦੂਏ ਦੇ ਪੈਰ ਧੋਵੋ। ਇਸ ਲਈ ਜੋ ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ ਤਾਂ ਜੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਭੀ ਤਿਵੇਂ ਹੀ ਕਰੋ। ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਭਈ ਨੌਕਰ ਆਪਣੇ ਮਾਲਕ ਤੋਂ ਵੱਡਾ ਨਹੀਂ, ਨਾ ਭੇਜਿਆ ਹੋਇਆ ਆਪਣੇ ਭੇਜਣ ਵਾਲੇ ਤੋਂ। ਜੇ ਤੁਸੀਂ ਏਹ ਗੱਲਾਂ ਜਾਣਦੇ ਹੋ ਤਾਂ ਧੰਨ ਹੋ ਜੇ ਇਨ੍ਹਾਂ ਨੂੰ ਕਰੋ ਭੀ।”
ਨਿਮਰ ਸੇਵਾ ਦਾ ਕਿੰਨਾ ਹੀ ਸੁੰਦਰ ਸਬਕ! ਰਸੂਲਾਂ ਨੂੰ ਪਹਿਲੀ ਥਾਂ ਨਹੀਂ ਭਾਲਣੀ ਚਾਹੀਦੀ ਹੈ, ਇਹ ਸੋਚਦੇ ਹੋਏ ਕਿ ਉਹ ਇੰਨੇ ਮਹੱਤਵਪੂਰਣ ਹਨ ਕਿ ਦੂਜਿਆਂ ਨੂੰ ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਯਿਸੂ ਦੁਆਰਾ ਸਥਾਪਤ ਕੀਤੇ ਗਏ ਨਮੂਨੇ ਦਾ ਅਨੁਕਰਣ ਕਰਨਾ ਚਾਹੀਦਾ ਹੈ। ਇਹ ਕੋਈ ਰਸਮੀ ਪੈਰ ਧੋਣ ਦਾ ਨਮੂਨਾ ਨਹੀਂ ਹੈ। ਨਹੀਂ, ਬਲਕਿ ਇਹ ਬਿਨਾਂ ਪੱਖਪਾਤ ਦੇ ਸੇਵਾ ਕਰਨ ਦੀ ਰਜ਼ਾਮੰਦੀ ਦਾ ਨਮੂਨਾ ਹੈ, ਚਾਹੇ ਕਿ ਉਹ ਕੰਮ ਕਿੰਨਾ ਨੀਵਾਂ ਜਾਂ ਅਪਸੰਦ ਹੀ ਕਿਉਂ ਨਾ ਹੋਵੇ। ਮੱਤੀ 26:20, 21; ਮਰਕੁਸ 14:17, 18; ਲੂਕਾ 22:14-18; 7:44; ਯੂਹੰਨਾ 13:1-17.
▪ ਜਿਉਂ ਹੀ ਯਿਸੂ ਪਸਾਹ ਮਨਾਉਣ ਲਈ ਸ਼ਹਿਰ ਵਿਚ ਦਾਖ਼ਲ ਹੁੰਦਾ ਹੈ, ਤਾਂ ਯਰੂਸ਼ਲਮ ਨੂੰ ਦੇਖਣ ਬਾਰੇ ਕਿਹੜੀ ਗੱਲ ਅਦਭੁਤ ਹੈ?
▪ ਪਸਾਹ ਦੇ ਦੌਰਾਨ, ਯਿਸੂ ਬਰਕਤ ਕਹਿਣ ਤੋਂ ਬਾਅਦ ਸਪੱਸ਼ਟ ਤੌਰ ਤੇ ਕਿਹੜਾ ਪਿਆਲਾ 12 ਰਸੂਲਾਂ ਵਿਚ ਵੰਡਣ ਲਈ ਦਿੰਦਾ ਹੈ?
▪ ਜਦੋਂ ਯਿਸੂ ਧਰਤੀ ਉੱਤੇ ਸੀ ਤਦ ਕਿਹੜੀ ਨਿੱਜੀ ਸੇਵਾ ਮਹਿਮਾਨਾਂ ਲਈ ਕੀਤੀ ਜਾਂਦੀ ਸੀ, ਅਤੇ ਯਿਸੂ ਅਤੇ ਰਸੂਲਾਂ ਦੁਆਰਾ ਮਨਾਏ ਗਏ ਪਸਾਹ ਦੇ ਦੌਰਾਨ ਇਹ ਕਿਉਂ ਨਹੀਂ ਕੀਤੀ ਗਈ ਸੀ?
▪ ਯਿਸੂ ਦਾ ਆਪਣੇ ਰਸੂਲਾਂ ਦੇ ਪੈਰ ਧੋਣ ਦਾ ਇਹ ਨੀਵਾਂ ਕੰਮ ਕਰਨ ਦਾ ਕੀ ਉਦੇਸ਼ ਸੀ?