ਚੌਥਾ ਅਧਿਆਇ
“ਤੁਸੀਂ ਮੇਰੇ ਗਵਾਹ ਹੋ”!
1. ਭਵਿੱਖਬਾਣੀ ਰਾਹੀਂ ਯਹੋਵਾਹ ਕੀ ਸਾਬਤ ਕਰਦਾ ਹੈ, ਅਤੇ ਉਸ ਦੇ ਲੋਕਾਂ ਨੂੰ ਭਵਿੱਖਬਾਣੀਆਂ ਦੀ ਪੂਰਤੀ ਦੇਖ ਕੇ ਕੀ ਕਰਨਾ ਚਾਹੀਦਾ ਹੈ?
ਭਵਿੱਖਬਾਣੀ ਕਰ ਸਕਣ ਦੀ ਯੋਗਤਾ ਇਕ ਗੱਲ ਹੈ ਜੋ ਸੱਚੇ ਪਰਮੇਸ਼ੁਰ ਨੂੰ ਸਾਰੇ ਝੂਠੇ ਦੇਵਤਿਆਂ ਤੋਂ ਵੱਖਰਾ ਕਰਦੀ ਹੈ। ਪਰ ਜਦੋਂ ਯਹੋਵਾਹ ਭਵਿੱਖ ਬਾਰੇ ਦੱਸਦਾ ਹੈ, ਤਾਂ ਉਹ ਸਿਰਫ਼ ਇਹ ਹੀ ਨਹੀਂ ਸਾਬਤ ਕਰਨਾ ਚਾਹੁੰਦਾ ਕਿ ਉਹ ਸੱਚਾ ਪਰਮੇਸ਼ੁਰ ਹੈ। ਭਵਿੱਖਬਾਣੀ ਰਾਹੀਂ ਯਹੋਵਾਹ ਆਪਣੀ ਹੈਸੀਅਤ ਦੇ ਨਾਲ-ਨਾਲ ਆਪਣੇ ਨੇਮ-ਬੱਧ ਲੋਕਾਂ ਲਈ ਪਿਆਰ ਦਾ ਸਬੂਤ ਵੀ ਦਿੰਦਾ ਹੈ, ਜੋ ਯਸਾਯਾਹ ਦੇ 43ਵੇਂ ਅਧਿਆਇ ਤੋਂ ਜ਼ਾਹਰ ਹੁੰਦਾ ਹੈ। ਫਿਰ ਉਸ ਦੇ ਲੋਕਾਂ ਨੂੰ ਭਵਿੱਖਬਾਣੀਆਂ ਦੀ ਪੂਰਤੀ ਦੇਖ ਕੇ ਚੁੱਪ ਨਹੀਂ ਰਹਿਣਾ ਚਾਹੀਦਾ, ਸਗੋਂ ਉਨ੍ਹਾਂ ਨੂੰ ਗਵਾਹੀ ਦੇਣੀ ਚਾਹੀਦੀ ਹੈ। ਜੀ ਹਾਂ, ਉਨ੍ਹਾਂ ਨੂੰ ਯਹੋਵਾਹ ਦੇ ਗਵਾਹ ਹੋਣਾ ਚਾਹੀਦਾ ਹੈ!
2. (ੳ) ਯਸਾਯਾਹ ਦੇ ਜ਼ਮਾਨੇ ਵਿਚ ਇਸਰਾਏਲ ਦੀ ਰੂਹਾਨੀ ਹਾਲਤ ਕੀ ਸੀ? (ਅ) ਯਹੋਵਾਹ ਨੇ ਆਪਣੇ ਲੋਕਾਂ ਦੀਆਂ ਅੱਖਾਂ ਕਿਵੇਂ ਖੋਲ੍ਹੀਆਂ ਸਨ?
2 ਬੜੇ ਅਫ਼ਸੋਸ ਦੀ ਗੱਲ ਹੈ ਕਿ ਯਸਾਯਾਹ ਦੇ ਜ਼ਮਾਨੇ ਵਿਚ ਇਸਰਾਏਲੀ ਲੋਕਾਂ ਦੀ ਰੂਹਾਨੀ ਹਾਲਤ ਇੰਨੀ ਖ਼ਰਾਬ ਸੀ ਕਿ ਯਹੋਵਾਹ ਦੀ ਨਿਗਾਹ ਵਿਚ ਉਹ ਅਪਾਹਜ ਸਨ। “ਅੰਨ੍ਹੇ ਲੋਕਾਂ ਨੂੰ ਜਿਨ੍ਹਾਂ ਦੀਆਂ ਅੱਖਾਂ ਹਨ, ਅਤੇ ਬੋਲਿਆਂ ਨੂੰ ਜਿਨ੍ਹਾਂ ਦੇ ਕੰਨ ਹਨ, ਬਾਹਰ ਲਿਆ!” (ਯਸਾਯਾਹ 43:8) ਰੂਹਾਨੀ ਤੌਰ ਤੇ ਅੰਨ੍ਹੇ ਅਤੇ ਬੋਲ਼ੇ ਲੋਕ ਯਹੋਵਾਹ ਦੇ ਜੀਉਂਦੇ-ਜਾਗਦੇ ਗਵਾਹ ਕਿਵੇਂ ਬਣ ਸਕਦੇ ਸਨ? ਸਿਰਫ਼ ਇੱਕੋ ਹੀ ਤਰੀਕਾ ਸੀ। ਚਮਤਕਾਰੀ ਢੰਗ ਨਾਲ ਉਨ੍ਹਾਂ ਦੀਆਂ ਅੱਖਾਂ ਅਤੇ ਕੰਨ ਖੋਲ੍ਹਣੇ ਪੈਣੇ ਸਨ। ਅਤੇ ਯਹੋਵਾਹ ਨੇ ਇਹੋ ਹੀ ਕੀਤਾ! ਉਹ ਕਿਵੇਂ? ਪਹਿਲਾਂ, ਯਹੋਵਾਹ ਦੀ ਸਖ਼ਤ ਸਜ਼ਾ ਅਨੁਸਾਰ 740 ਸਾ.ਯੁ.ਪੂ. ਵਿਚ ਉੱਤਰੀ ਰਾਜ ਇਸਰਾਏਲ ਦੇ ਵਾਸੀ, ਅਤੇ ਫਿਰ 607 ਸਾ.ਯੁ.ਪੂ. ਵਿਚ ਯਹੂਦਾਹ ਦੇ ਵਾਸੀ ਗ਼ੁਲਾਮੀ ਵਿਚ ਲਿਜਾਏ ਗਏ ਸਨ। ਫਿਰ ਯਹੋਵਾਹ ਨੇ ਆਪਣੀ ਸ਼ਕਤੀ ਨਾਲ ਆਪਣੇ ਲੋਕਾਂ ਨੂੰ ਆਜ਼ਾਦ ਕੀਤਾ ਅਤੇ 537 ਸਾ.ਯੁ.ਪੂ. ਵਿਚ ਉਨ੍ਹਾਂ ਦਾ ਇਕ ਬਕੀਆ ਆਪਣੇ ਦੇਸ਼ ਵਾਪਸ ਲਿਆਂਦਾ ਜਿਸ ਨੇ ਤੋਬਾ ਕਰ ਕੇ ਰੂਹਾਨੀ ਤੌਰ ਤੇ ਨਵਾਂ ਦਮ ਪਾਇਆ ਸੀ। ਦਰਅਸਲ ਯਹੋਵਾਹ ਜਾਣਦਾ ਸੀ ਕਿ ਉਸ ਦਾ ਇਹ ਮਕਸਦ ਰੋਕਿਆ ਨਹੀਂ ਜਾ ਸਕਦਾ ਸੀ। ਇਸ ਲਈ ਉਸ ਨੇ 200 ਸਾਲ ਪਹਿਲਾਂ ਇਸਰਾਏਲ ਦੀ ਆਜ਼ਾਦੀ ਬਾਰੇ ਇਸ ਤਰ੍ਹਾਂ ਗੱਲ ਕੀਤੀ ਜਿਵੇਂ ਉਹ ਪੂਰੀ ਹੋ ਚੁੱਕੀ ਸੀ।
3. ਯਹੋਵਾਹ ਨੇ ਇਸਰਾੲਲੀਆਂ ਨੂੰ ਗ਼ੁਲਾਮ ਬਣਨ ਤੋਂ ਪਹਿਲਾਂ ਹੀ ਕਿਹੜਾ ਹੌਸਲਾ ਦਿੱਤਾ ਸੀ?
3 “ਹੇ ਯਾਕੂਬ, ਉਹ ਜੋ ਤੇਰਾ ਕਰਤਾਰ ਹੈ, ਹੇ ਇਸਰਾਏਲ, ਉਹ ਜੋ ਤੇਰਾ ਸਿਰਜਣਹਾਰ ਹੈ, ਯਹੋਵਾਹ ਹੁਣ ਇਉਂ ਆਖਦਾ ਹੈ, ਨਾ ਡਰ, ਮੈਂ ਤੇਰਾ ਨਿਸਤਾਰਾ ਜੋ ਦਿੱਤਾ ਹੈ, ਮੈਂ ਤੇਰਾ ਨਾਉਂ ਲੈ ਕੇ ਤੈਨੂੰ ਜੋ ਬੁਲਾਇਆ ਹੈ, ਤੂੰ ਮੇਰਾ ਹੈਂ। ਜਦ ਤੂੰ ਪਾਣੀਆਂ ਦੇ ਵਿੱਚੋਂ ਦੀ ਲੰਘੇਂਗਾ, ਮੈਂ ਤੇਰੇ ਅੰਗ ਸੰਗ ਹੋਵਾਂਗਾ, ਅਤੇ ਜਦ ਨਦੀਆਂ ਦੇ ਵਿੱਚੋਂ ਦੀ, ਓਹ ਤੈਨੂੰ ਨਾ ਡਬੋਣਗੀਆਂ, ਜਦ ਤੂੰ ਅੱਗ ਦੇ ਵਿੱਚੋਂ ਦੀ ਚੱਲੇਂਗਾ, ਉਹ ਤੈਨੂੰ ਨਾ ਸਾੜੇਗੀ, ਨਾ ਲਾਟ ਤੇਰੇ ਉੱਤੇ ਬਲੇਗੀ। ਮੈਂ ਤਾਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਇਸਰਾਏਲ ਦਾ ਪਵਿੱਤਰ ਪੁਰਖ, ਤੇਰਾ ਬਚਾਉਣ ਵਾਲਾ ਹਾਂ।”—ਯਸਾਯਾਹ 43:1-3ੳ.
4. ਯਹੋਵਾਹ ਇਸਰਾਏਲ ਦਾ ਸਿਰਜਣਹਾਰ ਕਿਵੇਂ ਸੀ, ਅਤੇ ਉਸ ਨੇ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਵਤਨ ਵਾਪਸ ਜਾਣ ਬਾਰੇ ਕਿਹੜਾ ਭਰੋਸਾ ਦਿੱਤਾ ਸੀ?
4 ਯਹੋਵਾਹ ਇਸਰਾਏਲ ਵਿਚ ਖ਼ਾਸ ਦਿਲਚਸਪੀ ਇਸ ਲਈ ਲੈਂਦਾ ਸੀ ਕਿਉਂਕਿ ਇਹ ਕੌਮ ਉਸ ਦੀ ਅਮਾਨਤ ਸੀ। ਅਬਰਾਹਾਮ ਦੇ ਨੇਮ ਅਨੁਸਾਰ ਇਹ ਉਸ ਦੀ ਆਪਣੀ ਬਣਾਈ ਗਈ ਕੌਮ ਸੀ। (ਉਤਪਤ 12:1-3) ਇਸ ਲਈ ਜ਼ਬੂਰ 100:3 ਕਹਿੰਦਾ ਹੈ: “ਜਾਣ ਰੱਖੋ ਭਈ ਯਹੋਵਾਹ ਹੀ ਪਰਮੇਸ਼ੁਰ ਹੈ, ਉਹ ਨੇ ਸਾਨੂੰ ਸਾਜਿਆ ਅਤੇ ਅਸੀਂ ਉਹ ਦੇ ਹਾਂ, ਅਸੀਂ ਉਹ ਦੀ ਪਰਜਾ ਅਤੇ ਉਹ ਦੀ ਜੂਹ ਦੀਆਂ ਭੇਡਾਂ ਹਾਂ।” ਇਸਰਾਏਲ ਦਾ ਸਿਰਜਣਹਾਰ ਅਤੇ ਛੁਡਾਉਣ ਵਾਲਾ ਹੋਣ ਦੇ ਨਾਤੇ ਯਹੋਵਾਹ ਨੇ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਵਤਨ ਵਾਪਸ ਲਿਆਉਣਾ ਸੀ। ਹੜ੍ਹ ਅਤੇ ਤਪਦੇ ਉਜਾੜ ਵਰਗੀਆਂ ਰੁਕਾਵਟਾਂ ਨੇ ਉਨ੍ਹਾਂ ਨੂੰ ਨਹੀਂ ਰੋਕਣਾ ਸੀ ਅਤੇ ਨਾ ਹੀ ਉਨ੍ਹਾਂ ਦਾ ਕੋਈ ਨੁਕਸਾਨ ਹੋਣਾ ਸੀ। ਅਜਿਹੀਆਂ ਚੀਜ਼ਾਂ ਨੇ ਉਨ੍ਹਾਂ ਦੇ ਪਿਉ ਦਾਦਿਆਂ ਨੂੰ ਵੀ ਨਹੀਂ ਰੋਕਿਆ ਸੀ ਜਦੋਂ 1,000 ਸਾਲ ਪਹਿਲਾਂ ਉਹ ਵਾਅਦਾ ਕੀਤੇ ਹੋਏ ਦੇਸ਼ ਨੂੰ ਆ ਰਹੇ ਸਨ।
5. (ੳ) ਯਹੋਵਾਹ ਦੇ ਸ਼ਬਦ ਰੂਹਾਨੀ ਇਸਰਾਏਲ ਨੂੰ ਕਿਵੇਂ ਦਿਲਾਸਾ ਦਿੰਦੇ ਹਨ? (ਅ) ਰੂਹਾਨੀ ਇਸਰਾਏਲ ਦਾ ਸਾਥ ਕੌਣ ਦਿੰਦੇ ਹਨ, ਅਤੇ ਇਹ ਕਿਨ੍ਹਾਂ ਦੁਆਰਾ ਦਰਸਾਏ ਗਏ ਸਨ?
5 ਯਹੋਵਾਹ ਦੇ ਸ਼ਬਦ ਅੱਜ ਰੂਹਾਨੀ ਇਸਰਾਏਲ ਦੇ ਬਕੀਏ ਨੂੰ ਵੀ ਦਿਲਾਸਾ ਦਿੰਦੇ ਹਨ। ਇਸ ਬਕੀਏ ਦੇ ਮੈਂਬਰ ਆਤਮਾ ਤੋਂ ਜੰਮੇ “ਨਵੀਂ ਸਰਿਸ਼ਟ” ਹਨ। (2 ਕੁਰਿੰਥੀਆਂ 5:17) ਦਲੇਰੀ ਨਾਲ ਮਨੁੱਖਜਾਤੀ ਦੇ “ਪਾਣੀਆਂ” ਅੱਗੇ ਆਪਣੇ ਆਪ ਨੂੰ ਪੇਸ਼ ਕਰ ਕੇ ਉਨ੍ਹਾਂ ਨੂੰ ਹੜ੍ਹ ਸਮਾਨ ਮੁਸ਼ਕਲਾਂ ਤੋਂ ਯਹੋਵਾਹ ਦੀ ਸੁਰੱਖਿਆ ਮਿਲੀ ਹੈ। ਉਨ੍ਹਾਂ ਦੇ ਦੁਸ਼ਮਣਾਂ ਵੱਲੋਂ ਅੱਗ ਵਰਗੀਆਂ ਅਜ਼ਮਾਇਸ਼ਾਂ ਨੇ ਉਨ੍ਹਾਂ ਦਾ ਨੁਕਸਾਨ ਨਹੀਂ ਕੀਤਾ ਹੈ, ਸਗੋਂ ਇਨ੍ਹਾਂ ਰਾਹੀਂ ਉਹ ਸੁਧਾਰੇ ਗਏ ਹਨ। (ਜ਼ਕਰਯਾਹ 13:9; ਪਰਕਾਸ਼ ਦੀ ਪੋਥੀ 12:15-17) ਯਹੋਵਾਹ ਨੇ ‘ਹੋਰ ਭੇਡਾਂ’ ਦੀ “ਵੱਡੀ ਭੀੜ” ਦੀ ਵੀ ਦੇਖ-ਭਾਲ ਕੀਤੀ ਹੈ, ਜਿਹੜੇ ਲੋਕ ਪਰਮੇਸ਼ੁਰ ਦੀ ਰੂਹਾਨੀ ਕੌਮ ਦਾ ਸਾਥ ਦਿੰਦੇ ਹਨ। (ਯੂਹੰਨਾ 10:16; ਪਰਕਾਸ਼ ਦੀ ਪੋਥੀ 7:9) ਇਹ ਲੋਕ ਮਿਸਰ ਤੋਂ ਇਸਰਾਏਲੀਆਂ ਨਾਲ ਨਿਕਲੀ ਉਸ “ਮਿਲੀ ਜੁਲੀ ਭੀੜ,” ਅਤੇ ਬਾਬਲ ਤੋਂ ਛੁਡਾਏ ਗਏ ਗ਼ੁਲਾਮਾਂ ਨਾਲ ਵਾਪਸ ਮੁੜਨ ਵਾਲੇ ਉਨ੍ਹਾਂ ਗ਼ੈਰ-ਯਹੂਦੀਆਂ ਦੁਆਰਾ ਦਰਸਾਏ ਗਏ ਸਨ।—ਕੂਚ 12:38; ਅਜ਼ਰਾ 2:1, 43, 55, 58.
6. ਪੈਦਾਇਸ਼ੀ ਇਸਰਾਏਲ ਅਤੇ ਰੂਹਾਨੀ ਇਸਰਾਏਲ ਦੇ ਮਾਮਲਿਆਂ ਵਿਚ ਯਹੋਵਾਹ ਨੇ ਆਪਣੇ ਆਪ ਨੂੰ ਇਨਸਾਫ਼ ਦਾ ਪਰਮੇਸ਼ੁਰ ਕਿਵੇਂ ਸਾਬਤ ਕੀਤਾ ਸੀ?
6 ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਉਹ ਮਾਦੀ ਅਤੇ ਫ਼ਾਰਸ ਦੀਆਂ ਫ਼ੌਜਾਂ ਦੁਆਰਾ ਆਪਣੇ ਲੋਕਾਂ ਨੂੰ ਬਾਬਲ ਤੋਂ ਛੁਡਾਵੇਗਾ। (ਯਸਾਯਾਹ 13:17-19; 21:2, 9; 44:28; ਦਾਨੀਏਲ 5:28) ਇਨਸਾਫ਼ ਦਾ ਪਰਮੇਸ਼ੁਰ ਹੋਣ ਦੇ ਨਾਤੇ ਯਹੋਵਾਹ ਨੇ ਆਪਣੇ ਮਾਦੀ-ਫ਼ਾਰਸੀ “ਸੇਵਕਾਂ” ਨੂੰ ਇਸਰਾਏਲ ਦੇ ਬਦਲੇ ਕੁਝ ਦੇਣਾ ਸੀ। “ਮੈਂ ਮਿਸਰ ਨੂੰ ਤੇਰੀ ਚੱਟੀ ਲਈ ਠਹਿਰਾਇਆ ਹੈ, ਕੂਸ਼ ਅਤੇ ਸਬਾ ਤੇਰੇ ਵਟਾਂਦਰੇ ਵਿੱਚ। ਏਸ ਕਾਰਨ ਕਿ ਤੂੰ ਮੇਰੀ ਨਿਗਾਹ ਵਿੱਚ ਬਹੁ ਮੁੱਲਾ ਅਤੇ ਆਦਰਮਾਨ ਹੈਂ, ਅਤੇ ਮੈਂ ਤੈਨੂੰ ਪਿਆਰ ਕੀਤਾ, ਮੈਂ ਤੇਰੇ ਬਦਲੇ ਆਦਮੀ ਅਤੇ ਤੇਰੀ ਜਾਨ ਦੇ ਵਟਾਂਦਰੇ ਵਿੱਚ ਉੱਮਤਾਂ ਦਿਆਂਗਾ।” (ਯਸਾਯਾਹ 43:3ਅ, 4) ਇਤਿਹਾਸ ਇਹ ਗੱਲ ਸਾਬਤ ਕਰਦਾ ਹੈ ਕਿ ਪਰਮੇਸ਼ੁਰ ਦੀ ਭਵਿੱਖਬਾਣੀ ਅਨੁਸਾਰ ਫ਼ਾਰਸੀ ਸਾਮਰਾਜ ਨੇ ਮਿਸਰ, ਕੂਸ਼ ਯਾਨੀ ਈਥੀਓਪੀਆ, ਅਤੇ ਨੇੜਲੇ ਸਬਾ ਉੱਤੇ ਜਿੱਤ ਪ੍ਰਾਪਤ ਕੀਤੀ ਸੀ। (ਕਹਾਉਤਾਂ 21:18) ਸੰਨ 1919 ਵਿਚ ਯਿਸੂ ਮਸੀਹ ਰਾਹੀਂ ਯਹੋਵਾਹ ਨੇ ਰੂਹਾਨੀ ਇਸਰਾਏਲ ਦੇ ਬਕੀਏ ਨੂੰ ਵੀ ਗ਼ੁਲਾਮੀ ਤੋਂ ਛੁਡਾਇਆ ਸੀ। ਲੇਕਿਨ ਇਸ ਕੰਮ ਲਈ ਯਿਸੂ ਨੂੰ ਕੋਈ ਇਨਾਮ ਦੇਣ ਦੀ ਲੋੜ ਨਹੀਂ ਸੀ। ਉਹ ਕੋਈ ਗ਼ੈਰ-ਯਹੂਦੀ ਰਾਜਾ ਨਹੀਂ ਸੀ। ਅਤੇ ਉਹ ਤਾਂ ਆਪਣੇ ਰੂਹਾਨੀ ਭਰਾਵਾਂ ਨੂੰ ਛੁਡਾ ਰਿਹਾ ਸੀ। ਨਾਲੇ 1914 ਵਿਚ ਯਹੋਵਾਹ ‘ਉਸ ਦੀ ਮਿਰਾਸ ਵਜੋਂ ਉਸ ਨੂੰ ਕੌਮਾਂ, ਅਤੇ ਉਸ ਦੀ ਮਿਲਖ ਵਜੋਂ ਉਸ ਨੂੰ ਧਰਤੀ ਦੇ ਕੰਢੇ’ ਦੇ ਚੁੱਕਾ ਸੀ।—ਜ਼ਬੂਰ 2:8.
7. ਯਹੋਵਾਹ ਆਪਣੇ ਪੁਰਾਣੇ ਜ਼ਮਾਨੇ ਦੇ ਲੋਕਾਂ ਬਾਰੇ ਕਿਵੇਂ ਮਹਿਸੂਸ ਕਰਦਾ ਸੀ, ਅਤੇ ਉਹ ਅੱਜ ਆਪਣੇ ਲੋਕਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ?
7 ਧਿਆਨ ਦਿਓ ਕਿ ਯਹੋਵਾਹ ਨੇ ਇਨ੍ਹਾਂ ਛੁਡਾਏ ਗਏ ਗ਼ੁਲਾਮਾਂ ਬਾਰੇ ਆਪਣੇ ਕੋਮਲ ਜਜ਼ਬਾਤ ਕਿਵੇਂ ਪ੍ਰਗਟ ਕੀਤੇ ਸਨ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਉਸ ਲਈ ‘ਬਹੁ ਮੁੱਲੇ’ ਅਤੇ “ਆਦਰਮਾਨ” ਸਨ ਅਤੇ ਕਿ ਉਹ ਉਨ੍ਹਾਂ ਨਾਲ “ਪ੍ਰੇਮ” ਕਰਦਾ ਸੀ। (ਯਿਰਮਿਯਾਹ 31:3) ਉਹ ਆਪਣੇ ਅੱਜ ਦੇ ਵਫ਼ਾਦਾਰ ਸੇਵਕਾਂ ਨਾਲ ਇਸ ਤੋਂ ਵੀ ਜ਼ਿਆਦਾ ਪ੍ਰੇਮ ਕਰਦਾ ਹੈ। ਮਸਹ ਕੀਤੇ ਹੋਏ ਮਸੀਹੀ ਪਰਮੇਸ਼ੁਰ ਨਾਲ ਇਕ ਖ਼ਾਸ ਰਿਸ਼ਤੇ ਵਿਚ ਲਿਆਏ ਗਏ ਹਨ। ਇਹ ਰਿਸ਼ਤਾ ਉਨ੍ਹਾਂ ਦੇ ਪੈਦਾ ਹੋਣ ਦੇ ਸਮੇਂ ਨਹੀਂ ਸੀ, ਸਗੋਂ ਇਹ ਆਪਣੀ ਜ਼ਿੰਦਗੀ ਸਿਰਜਣਹਾਰ ਨੂੰ ਸੌਂਪਣ ਤੋਂ ਬਾਅਦ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੇ ਕਾਰਨ ਹੈ। ਯਹੋਵਾਹ ਨੇ ਇਨ੍ਹਾਂ ਨੂੰ ਆਪਣੇ ਆਪ ਵੱਲ ਅਤੇ ਆਪਣੇ ਪੁੱਤਰ ਵੱਲ ਖਿੱਚਿਆ ਹੈ ਅਤੇ ਉਸ ਨੇ ਆਪਣੇ ਕਾਨੂੰਨ ਅਤੇ ਸਿਧਾਂਤ ਉਨ੍ਹਾਂ ਦੇ ਦਿਲਾਂ ਉੱਤੇ ਲਿਖੇ ਹਨ ਜਿਨ੍ਹਾਂ ਨੂੰ ਉਹ ਪੂਰੀ ਤਰ੍ਹਾਂ ਮੰਨਦੇ ਹਨ।—ਯਿਰਮਿਯਾਹ 31:31-34; ਯੂਹੰਨਾ 6:44.
8. ਯਹੋਵਾਹ ਨੇ ਗ਼ੁਲਾਮਾਂ ਨੂੰ ਕਿਹੜਾ ਭਰੋਸਾ ਦਿਵਾਇਆ ਸੀ, ਅਤੇ ਉਨ੍ਹਾਂ ਨੇ ਇਸ ਛੁਟਕਾਰੇ ਬਾਰੇ ਕਿਵੇਂ ਮਹਿਸੂਸ ਕੀਤਾ?
8 ਗ਼ੁਲਾਮਾਂ ਨੂੰ ਹੋਰ ਭਰੋਸਾ ਦਿਵਾਉਂਦੇ ਹੋਏ ਯਹੋਵਾਹ ਨੇ ਅੱਗੇ ਕਿਹਾ: “ਤੂੰ ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ, ਮੈਂ ਤੇਰੀ ਅੰਸ ਨੂੰ ਪੂਰਬ ਤੋਂ ਲੈ ਆਵਾਂਗਾ, ਅਤੇ ਤੈਨੂੰ ਪੱਛਮ ਤੋਂ ਇਕੱਠਾ ਕਰਾਂਗਾ। ਮੈਂ ਉੱਤਰ ਨੂੰ ਆਖਾਂਗਾ, ਦੇ ਦੇਹ! ਅਤੇ ਦੱਖਣ ਨੂੰ, ਰੋਕ ਕੇ ਨਾ ਰੱਖ! ਤੂੰ ਮੇਰੇ ਪੁੱਤ੍ਰਾਂ ਨੂੰ ਦੂਰ ਤੋਂ ਲਿਆ, ਅਤੇ ਮੇਰੀਆਂ ਧੀਆਂ ਨੂੰ ਧਰਤੀ ਦੀ ਹੱਦ ਤੋਂ, ਹਰੇਕ ਜੋ ਮੇਰੇ ਨਾਮ ਤੋਂ ਸਦਾਉਂਦਾ ਹੈ, ਜਿਹ ਨੂੰ ਮੈਂ ਆਪਣੇ ਪਰਤਾਪ ਲਈ ਉਤਪੰਨ ਕੀਤਾ, ਜਿਹ ਨੂੰ ਮੈਂ ਸਾਜਿਆ, ਹਾਂ, ਜਿਹ ਨੂੰ ਮੈਂ ਬਣਾਇਆ।” (ਯਸਾਯਾਹ 43:5-7) ਯਹੋਵਾਹ ਦੇ ਲੋਕ ਭਾਵੇਂ ਜਿੱਥੇ ਮਰਜ਼ੀ ਹੋਣ, ਜਦੋਂ ਉਨ੍ਹਾਂ ਨੂੰ ਛੁਡਾਉਣ ਲਈ ਯਹੋਵਾਹ ਦਾ ਸਮਾਂ ਆਉਣਾ ਸੀ ਉਸ ਨੇ ਆਪਣੇ ਧੀਆਂ-ਪੁੱਤਰਾਂ ਨੂੰ ਆਜ਼ਾਦ ਕਰ ਕੇ ਉਨ੍ਹਾਂ ਦੇ ਪਿਆਰੇ ਵਤਨ ਵਾਪਸ ਲਿਆਉਣਾ ਸੀ। (ਯਿਰਮਿਯਾਹ 30:10, 11) ਇਸ ਵਿਚ ਕੋਈ ਸ਼ੱਕ ਨਹੀਂ ਸੀ ਕਿ ਉਨ੍ਹਾਂ ਦੇ ਭਾਣੇ ਇਹ ਛੁਟਕਾਰਾ ਮਿਸਰ ਤੋਂ ਇਸ ਕੌਮ ਦੇ ਪਹਿਲੇ ਛੁਟਕਾਰੇ ਨਾਲੋਂ ਵੱਡਾ ਸੀ।—ਯਿਰਮਿਯਾਹ 16:14, 15.
9. ਯਹੋਵਾਹ ਨੇ ਕਿਨ੍ਹਾਂ ਦੋ ਤਰੀਕਿਆਂ ਵਿਚ ਆਪਣੇ ਛੁਡਾਉਣ ਦੇ ਕੰਮਾਂ ਨਾਲ ਆਪਣਾ ਨਾਂ ਜੋੜਿਆ ਸੀ?
9 ਯਹੋਵਾਹ ਨੇ ਆਪਣੇ ਲੋਕਾਂ ਨੂੰ ਯਾਦ ਕਰਾਇਆ ਕਿ ਉਹ ਉਸ ਦੇ ਨਾਂ ਤੋਂ ਸੱਦੇ ਜਾਂਦੇ ਸਨ। ਇਸ ਤਰ੍ਹਾਂ ਉਸ ਨੇ ਇਸਰਾਏਲ ਨੂੰ ਛੁਡਾਉਣ ਦਾ ਆਪਣਾ ਵਾਅਦਾ ਪੱਕਾ ਕੀਤਾ ਸੀ। (ਯਸਾਯਾਹ 54:5, 6) ਇਸ ਦੇ ਨਾਲ-ਨਾਲ ਯਹੋਵਾਹ ਨੇ ਆਪਣੇ ਨਾਂ ਦੇ ਆਧਾਰ ਤੇ ਛੁਟਕਾਰੇ ਦਾ ਵਾਅਦਾ ਕੀਤਾ ਸੀ। ਇਸ ਤਰ੍ਹਾਂ ਕਰਨ ਨਾਲ ਸਿਰਫ਼ ਉਸ ਦੀ ਵਡਿਆਈ ਕੀਤੀ ਜਾ ਸਕਦੀ ਸੀ ਜਦੋਂ ਉਸ ਦਾ ਅਗੰਮ ਵਾਕ ਪੂਰਾ ਹੋਇਆ ਸੀ। ਬਾਬਲ ਦੇ ਵਿਜੇਤੇ ਨੂੰ ਵੀ ਉਹ ਮਾਣ ਨਹੀਂ ਮਿਲਿਆ ਸੀ ਜਿਸ ਦਾ ਹੱਕ ਸਿਰਫ਼ ਜੀਉਂਦੇ ਪਰਮੇਸ਼ੁਰ ਦਾ ਸੀ।
ਦੇਵਤਿਆਂ ਦਾ ਇਮਤਿਹਾਨ
10. ਯਹੋਵਾਹ ਨੇ ਕੌਮਾਂ ਅਤੇ ਉਨ੍ਹਾਂ ਦੇ ਦੇਵਤਿਆਂ ਲਈ ਕਿਹੜੀ ਚੁਣੌਤੀ ਪੇਸ਼ ਕੀਤੀ ਸੀ?
10 ਯਹੋਵਾਹ ਨੇ ਇਸਰਾਏਲੀਆਂ ਨੂੰ ਆਜ਼ਾਦ ਕਰਨ ਦਾ ਆਪਣਾ ਵਾਅਦਾ ਮਾਨੋ ਇਕ ਮੁਕੱਦਮੇ ਵਿਚ ਵਰਤਿਆ ਜਿਸ ਵਿਚ ਉਸ ਨੇ ਸਾਰੇ ਦੇਵਤਿਆਂ ਦਾ ਇਮਤਿਹਾਨ ਲਿਆ ਸੀ। ਅਸੀਂ ਪੜ੍ਹਦੇ ਹਾਂ: “ਸਾਰੀਆਂ ਕੌਮਾਂ ਇਕੱਠੀਆਂ ਹੋਣ, ਅਤੇ ਉੱਮਤਾਂ ਜਮਾ ਹੋਣ, ਓਹਨਾਂ [ਦੇ ਦੇਵਤਿਆਂ] ਵਿੱਚ ਕੌਣ ਹੈ ਜੋ ਇਹ ਦੱਸੇ, ਅਤੇ ਪਹਿਲੀਆਂ ਗੱਲਾਂ ਸਾਨੂੰ ਸੁਣਾਵੇ? [ਉਨ੍ਹਾਂ ਦੇ ਦੇਵਤੇ] ਆਪਣੇ ਗਵਾਹ ਲਿਆਉਣ, ਭਈ ਓਹ ਧਰਮੀ ਠਹਿਰਨ, ਯਾ ਓਹ ਸੁਣ ਕੇ ਆਖਣ, ਏਹ ਸਤ ਹੈ।” (ਯਸਾਯਾਹ 43:9) ਯਹੋਵਾਹ ਨੇ ਦੁਨੀਆਂ ਦੀਆਂ ਸਾਰੀਆਂ ਕੌਮਾਂ ਲਈ ਇਕ ਵੱਡੀ ਚੁਣੌਤੀ ਪੇਸ਼ ਕੀਤੀ। ਇਹ ਇਸ ਤਰ੍ਹਾਂ ਸੀ ਜਿਵੇਂ ਉਹ ਕਹਿ ਰਿਹਾ ਹੋਵੇ ਕਿ ‘ਭਵਿੱਖਬਾਣੀ ਕਰ ਕੇ ਤੁਹਾਡੇ ਦੇਵਤੇ ਸਾਬਤ ਕਰਨ ਕਿ ਉਹ ਸੱਚ-ਮੁੱਚ ਦੇਵਤੇ ਹਨ।’ ਪਰ ਸਿਰਫ਼ ਸੱਚਾ ਪਰਮੇਸ਼ੁਰ ਸਹੀ-ਸਹੀ ਦੱਸ ਸਕਦਾ ਹੈ ਕਿ ਅਗਾਹਾਂ ਨੂੰ ਕੀ ਹੋਣਾ ਹੈ, ਇਸ ਲਈ ਇਸ ਇਮਤਿਹਾਨ ਨੇ ਸਾਰੇ ਫ਼ਰੇਬੀਆਂ ਦਾ ਪਰਦਾ ਫ਼ਾਸ਼ ਕਰ ਦੇਣਾ ਸੀ। (ਯਸਾਯਾਹ 48:5) ਪਰ ਸਰਬਸ਼ਕਤੀਮਾਨ ਪਰਮੇਸ਼ੁਰ ਨੇ ਇਕ ਹੋਰ ਚੀਜ਼ ਵੀ ਮੰਗੀ ਸੀ: ਸੱਚੇ ਦੇਵਤੇ ਹੋਣ ਦਾ ਦਾਅਵਾ ਕਰਨ ਵਾਲਿਆਂ ਨੂੰ ਗਵਾਹ ਪੇਸ਼ ਕਰਨੇ ਪੈਣਗੇ, ਜੋ ਉਨ੍ਹਾਂ ਦੀਆਂ ਭਵਿੱਖਬਾਣੀਆਂ ਅਤੇ ਪੂਰਤੀਆਂ ਬਾਰੇ ਗਵਾਹੀ ਦੇ ਸਕਣ। ਯਹੋਵਾਹ ਨੇ ਇਹ ਮੰਗ ਆਪਣੇ ਆਪ ਉੱਤੇ ਵੀ ਲਾਗੂ ਕੀਤੀ।
11. ਯਹੋਵਾਹ ਨੇ ਆਪਣੇ ਦਾਸ ਨੂੰ ਕਿਹੜਾ ਕੰਮ ਸੌਂਪਿਆ ਸੀ, ਅਤੇ ਸੱਚਾ ਪਰਮੇਸ਼ੁਰ ਹੋਣ ਬਾਰੇ ਉਸ ਨੇ ਕੀ ਕਿਹਾ ਸੀ?
11 ਬੇਜਾਨ ਹੋਣ ਕਰਕੇ ਝੂਠੇ ਦੇਵਤੇ ਗਵਾਹ ਨਹੀਂ ਪੇਸ਼ ਕਰ ਸਕਦੇ ਸਨ। ਇਸ ਲਈ ਕਚਹਿਰੀ ਖਾਲੀ ਰਹੀ। ਪਰ ਫਿਰ ਆਪਣੇ ਆਪ ਨੂੰ ਸੱਚਾ ਪਰਮੇਸ਼ੁਰ ਸਾਬਤ ਕਰਨ ਲਈ ਯਹੋਵਾਹ ਦੀ ਵਾਰੀ ਆਈ। ਉਸ ਨੇ ਆਪਣੇ ਲੋਕਾਂ ਵੱਲ ਦੇਖਦੇ ਹੋਏ ਕਿਹਾ: “ਤੁਸੀਂ ਮੇਰੇ ਗਵਾਹ ਹੋ, . . . ਨਾਲੇ ਮੇਰਾ ਦਾਸ ਜਿਹ ਨੂੰ ਮੈਂ ਚੁਣਿਆ, ਭਈ ਤੁਸੀਂ ਜਾਣੋ ਅਤੇ ਮੇਰੀ ਪਰਤੀਤ ਕਰੋ, ਅਤੇ ਸਮਝੋ ਕਿ ਮੈਂ ਉਹੀ ਹਾਂ। ਮੈਥੋਂ ਅੱਗੇ ਕੋਈ ਪਰਮੇਸ਼ੁਰ ਨਹੀਂ ਸਾਜਿਆ ਗਿਆ, ਨਾ ਮੇਰੇ ਪਿੱਛੋਂ ਕੋਈ ਹੋਵੇਗਾ। ਮੈਂ, ਹਾਂ, ਮੈਂ ਹੀ ਯਹੋਵਾਹ ਹਾਂ, ਮੇਰੇ ਬਿਨਾ ਕੋਈ ਬਚਾਉਣ ਵਾਲਾ ਨਹੀਂ ਹੈ। ਮੈਂ ਦੱਸਿਆ, ਮੈਂ ਬਚਾਇਆ, ਮੈਂ ਸੁਣਾਇਆ, ਅਤੇ ਤੁਹਾਡੇ ਵਿੱਚ ਕੋਈ ਓਪਰਾ (ਦੇਵਤਾ) ਨਹੀਂ ਸੀ, ਤੁਸੀਂ ਮੇਰੇ ਗਵਾਹ ਹੋ, . . . ਅਤੇ ਮੈਂ ਹੀ ਪਰਮੇਸ਼ੁਰ ਹਾਂ। ਹਾਂ, ਦਿਨ ਹੋਣ ਤੋਂ ਲੈ ਕੇ ਮੈਂ ਹੀ ਉਹ ਹਾਂ, ਅਤੇ ਕੋਈ ਮੇਰੇ ਹੱਥੋਂ ਛੁਡਾ ਨਹੀਂ ਸੱਕਦਾ, ਮੈਂ ਕਾਰਜ ਕਰਾਂਗਾ ਅਤੇ ਕੌਣ [ਮੇਰੇ ਹੱਥ] ਨੂੰ ਰੋਕੇਗਾ?”—ਯਸਾਯਾਹ 43:10-13.
12, 13. (ੳ) ਯਹੋਵਾਹ ਦੇ ਗਵਾਹ ਕਿਹੜੀ ਗਵਾਹੀ ਦੇ ਸਕਦੇ ਸਨ? (ਅ) ਸਾਡੇ ਜ਼ਮਾਨੇ ਵਿਚ ਯਹੋਵਾਹ ਦਾ ਨਾਂ ਮਸ਼ਹੂਰ ਕਿਵੇਂ ਹੋਇਆ ਹੈ?
12 ਯਹੋਵਾਹ ਦੀ ਗੱਲ ਦਾ ਜਵਾਬ ਦੇਣ ਲਈ, ਕਚਹਿਰੀ ਗਵਾਹਾਂ ਦੀ ਵੱਡੀ ਭੀੜ ਨਾਲ ਭਰ ਗਈ। ਉਨ੍ਹਾਂ ਦੀ ਗਵਾਹੀ ਸਾਫ਼ ਅਤੇ ਸੱਚੀ ਸੀ। ਯਹੋਸ਼ੁਆ ਦੀ ਤਰ੍ਹਾਂ ਉਨ੍ਹਾਂ ਨੇ ਗਵਾਹੀ ਦਿੱਤੀ ਕਿ ‘ਯਹੋਵਾਹ ਦੇ ਸਾਰੇ ਬਚਨ ਪੂਰੇ ਹੋਏ। ਓਹਨਾਂ ਵਿੱਚੋਂ ਇੱਕ ਬਚਨ ਵੀ ਨਾ ਰਿਹਾ।’ (ਯਹੋਸ਼ੁਆ 23:14) ਯਹੋਵਾਹ ਦੇ ਲੋਕਾਂ ਨੂੰ ਯਸਾਯਾਹ, ਯਿਰਮਿਯਾਹ, ਹਿਜ਼ਕੀਏਲ, ਅਤੇ ਹੋਰਨਾਂ ਨਬੀਆਂ ਦੀਆਂ ਭਵਿੱਖਬਾਣੀਆਂ ਯਾਦ ਸਨ ਕਿ ਯਹੂਦਾਹ ਦੇ ਲੋਕ ਗ਼ੁਲਾਮੀ ਵਿਚ ਲੈ ਜਾਏ ਜਾਣਗੇ ਅਤੇ ਫਿਰ ਚਮਤਕਾਰੀ ਢੰਗ ਨਾਲ ਛੁਡਾਏ ਵੀ ਜਾਣਗੇ। (ਯਿਰਮਿਯਾਹ 25:11, 12) ਯਹੂਦਾਹ ਦੇ ਛੁਡਾਉਣ ਵਾਲੇ ਦਾ ਨਾਂ, ਖੋਰਸ, ਉਸ ਦੇ ਪੈਦਾ ਹੋਣ ਤੋਂ ਬਹੁਤ ਚਿਰ ਪਹਿਲਾਂ ਦੱਸਿਆ ਗਿਆ ਸੀ!—ਯਸਾਯਾਹ 44:26–45:1.
13 ਇੰਨੇ ਸਬੂਤ ਨੂੰ ਧਿਆਨ ਵਿਚ ਰੱਖਦੇ ਹੋਏ, ਕੌਣ ਇਨਕਾਰ ਕਰ ਸਕਦਾ ਸੀ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ? ਝੂਠੇ ਦੇਵਤਿਆਂ ਤੋਂ ਉਲਟ, ਯਹੋਵਾਹ ਹੱਥੀਂ ਨਹੀਂ ਘੜਿਆ ਗਿਆ ਸੀ, ਪਰ ਉਹ ਹੀ ਸੱਚਾ ਪਰਮੇਸ਼ੁਰ ਹੈ।a ਸਿੱਟੇ ਵਜੋਂ ਯਹੋਵਾਹ ਦੇ ਨਾਂ ਤੋਂ ਸੱਦੇ ਜਾਣ ਵਾਲਿਆਂ ਨੂੰ ਇਕ ਵੱਡਾ ਅਤੇ ਅਨੋਖਾ ਸਨਮਾਨ ਦਿੱਤਾ ਗਿਆ ਸੀ ਕਿ ਉਹ ਆਉਣ ਵਾਲੀਆਂ ਪੀੜ੍ਹੀਆਂ ਅਤੇ ਹੋਰਨਾਂ ਨੂੰ, ਜੋ ਉਸ ਬਾਰੇ ਪੁੱਛਣ, ਯਹੋਵਾਹ ਦੇ ਅਸਚਰਜ ਕੰਮਾਂ ਬਾਰੇ ਦੱਸਣ। (ਜ਼ਬੂਰ 78:5-7) ਇਸੇ ਤਰ੍ਹਾਂ ਅੱਜ ਯਹੋਵਾਹ ਦੇ ਗਵਾਹਾਂ ਨੂੰ ਸਾਰੀ ਧਰਤੀ ਉੱਤੇ ਯਹੋਵਾਹ ਦਾ ਨਾਂ ਐਲਾਨ ਕਰਨ ਦਾ ਸਨਮਾਨ ਦਿੱਤਾ ਗਿਆ ਹੈ। ਬਾਈਬਲ ਸਟੂਡੈਂਟਸ 1920 ਦੇ ਦਹਾਕੇ ਵਿਚ ਪਰਮੇਸ਼ੁਰ ਦੇ ਨਾਂ, ਯਹੋਵਾਹ, ਦੇ ਗਹਿਰੇ ਅਰਥ ਬਾਰੇ ਹੋਰ ਜਾਣਨ ਲੱਗੇ। ਫਿਰ 26 ਜੁਲਾਈ 1931 ਨੂੰ ਕੋਲੰਬਸ, ਓਹੀਓ ਵਿਚ ਇਕ ਸੰਮੇਲਨ ਤੇ ਸੋਸਾਇਟੀ ਦੇ ਪ੍ਰਧਾਨ, ਜੋਸਫ਼ ਐੱਫ਼. ਰਦਰਫ਼ਰਡ ਨੇ ਇਕ ਮਤਾ ਪੇਸ਼ ਕੀਤਾ ਜਿਸ ਦਾ ਵਿਸ਼ਾ ਸੀ “ਇਕ ਨਵਾਂ ਨਾਂ।” ਉਸ ਨੇ ਕਿਹਾ ‘ਅਸੀਂ ਚਾਹੁੰਦੇ ਹਾਂ ਕਿ ਅਸੀਂ ਯਹੋਵਾਹ ਦੇ ਗਵਾਹਾਂ ਵਜੋਂ ਪਛਾਣੇ ਅਤੇ ਸੱਦੇ ਜਾਈਏ।’ ਸੰਮੇਲਨ ਤੇ ਹਾਜ਼ਰ ਸਾਰੇ ਲੋਕ ਇਹ ਗੱਲ ਸੁਣ ਕੇ ਖ਼ੁਸ਼ ਹੋਏ ਅਤੇ ਉਨ੍ਹਾਂ ਨੇ ਮਤਾ ਸਵੀਕਾਰ ਕਰਦੇ ਹੋਏ ਵੱਡੀ ਆਵਾਜ਼ ਵਿਚ “ਹਾਂ” ਕਹੀ! ਉਸ ਸਮੇਂ ਤੋਂ ਲੈ ਕੇ ਯਹੋਵਾਹ ਦਾ ਨਾਂ ਸਾਰੀ ਦੁਨੀਆਂ ਵਿਚ ਮਸ਼ਹੂਰ ਹੋ ਗਿਆ ਹੈ।—ਜ਼ਬੂਰ 83:18.
14. ਯਹੋਵਾਹ ਨੇ ਇਸਰਾਏਲੀਆਂ ਨੂੰ ਕਿਹੜੀ ਗੱਲ ਯਾਦ ਕਰਾਈ ਸੀ, ਅਤੇ ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਇਹ ਐਨ ਸਹੀ ਵਕਤ ਤੇ ਸੀ?
14 ਯਹੋਵਾਹ ਉਨ੍ਹਾਂ ਦੀ ਪਰਵਾਹ ਕਰਦਾ ਹੈ ਜੋ ਇੱਜ਼ਤ ਨਾਲ ਉਸ ਦੇ ਨਾਂ ਤੋਂ ਜਾਣੇ ਜਾਂਦੇ ਹਨ। ਉਸ ਨੇ ਇਸਰਾਏਲੀਆਂ ਨੂੰ ਇਹ ਗੱਲ ਯਾਦ ਕਰਾਈ ਕਿ ਉਹ ਉਨ੍ਹਾਂ ਨੂੰ ਆਪਣੀ “ਅੱਖ ਦੀ ਕਾਕੀ” ਸਮਝਦਾ ਹੈ। ਉਸ ਨੇ ਸਮਝਾਇਆ ਕਿ ਉਸ ਨੇ ਉਨ੍ਹਾਂ ਨੂੰ ਮਿਸਰ ਤੋਂ ਛੁਡਾ ਕੇ ਉਜਾੜ ਵਿਚ ਦੀ ਸਹੀ-ਸਲਾਮਤ ਲੰਘਾਇਆ ਸੀ। (ਬਿਵਸਥਾ ਸਾਰ 32:10, 12) ਉਸ ਸਮੇਂ ਉਹ ਹੋਰ ਕਿਸੇ ਦੇਵਤੇ ਨੂੰ ਨਹੀਂ ਜਾਣਦੇ ਸਨ, ਕਿਉਂਕਿ ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਮਿਸਰ ਦੇ ਦੇਵਤਿਆਂ ਦਾ ਅਪਮਾਨ ਹੁੰਦਾ ਦੇਖਿਆ ਸੀ। ਜੀ ਹਾਂ, ਮਿਸਰ ਦੇ ਸਾਰੇ ਮੰਨੇ-ਪ੍ਰਮੰਨੇ ਦੇਵਤੇ ਮਿਸਰ ਨੂੰ ਨਹੀਂ ਬਚਾ ਸਕੇ ਸਨ ਅਤੇ ਨਾ ਹੀ ਇਸਰਾਏਲੀਆਂ ਨੂੰ ਜਾਣ ਤੋਂ ਰੋਕ ਸਕੇ ਸਨ। (ਕੂਚ 12:12) ਇਸੇ ਤਰ੍ਹਾਂ ਸ਼ਕਤੀਸ਼ਾਲੀ ਬਾਬਲ ਜਿਸ ਦੇ ਸ਼ਹਿਰ ਵਿਚ ਝੂਠੇ ਦੇਵਤਿਆਂ ਦੇ ਘੱਟੋ-ਘੱਟ 50 ਮੰਦਰ ਸਨ, ਸਰਬਸ਼ਕਤੀਮਾਨ ਪਰਮੇਸ਼ੁਰ ਦਾ ਹੱਥ ਨਹੀਂ ਰੋਕ ਸਕਦਾ ਸੀ ਜਦੋਂ ਉਸ ਨੇ ਆਪਣੇ ਲੋਕਾਂ ਨੂੰ ਆਜ਼ਾਦ ਕਰਨਾ ਸੀ। ਵਾਕਈ, ਯਹੋਵਾਹ ਤੋਂ ਇਲਾਵਾ “ਕੋਈ ਬਚਾਉਣ ਵਾਲਾ ਨਹੀਂ ਹੈ।”
ਜੰਗੀ ਘੋੜੇ ਡਿੱਗੇ, ਅਰਲ ਖੋਲ੍ਹੇ ਗਏ
15. ਯਹੋਵਾਹ ਨੇ ਬਾਬਲ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਸੀ?
15 “ਯਹੋਵਾਹ ਤੁਹਾਡਾ ਛੁਡਾਉਣ ਵਾਲਾ, ਇਸਰਾਏਲ ਦਾ ਪਵਿੱਤਰ ਪੁਰਖ ਐਉਂ ਫ਼ਰਮਾਉਂਦਾ ਹੈ, ਤੁਹਾਡੇ ਨਮਿੱਤ ਮੈਂ ਬਾਬਲ ਵੱਲ ਘੱਲਿਆ, ਮੈਂ ਸਾਰੇ ਅਰਲਾਂ ਨੂੰ ਲਾਹ ਦਿਆਂਗਾ, ਅਤੇ ਕਸਦੀਆਂ ਦਾ ਜੈਕਾਰਾ ਸਿਆਪਾ ਹੋ ਜਾਵੇਗਾ। ਮੈਂ ਯਹੋਵਾਹ ਤੁਹਾਡਾ ਪਵਿੱਤਰ ਪੁਰਖ ਹਾਂ, ਮੈਂ ਇਸਰਾਏਲ ਦਾ ਕਰਤਾਰ, ਤੁਹਾਡਾ ਪਾਤਸ਼ਾਹ ਹਾਂ। ਯਹੋਵਾਹ ਇਉਂ ਆਖਦਾ ਹੈ, ਉਹ ਜੋ ਸਮੁੰਦਰ ਵਿੱਚ ਰਾਹ ਬਣਾਉਂਦਾ, ਅਤੇ ਡਾਢੇ ਪਾਣੀਆਂ ਵਿੱਚ ਰਸਤਾ, ਉਹ ਜੋ ਰਥ ਅਰ ਘੋੜਾ, ਫੌਜ ਅਰ ਸੂਰ ਬੀਰ ਬਾਹਰ ਲੈ ਆਉਂਦਾ ਹੈ, ਓਹ ਇਕੱਠੇ ਲੇਟ ਜਾਂਦੇ, ਓਹ ਉੱਠਣਗੇ ਨਾ, ਓਹ ਗੁਲ ਹੋ ਗਏ, ਓਹ ਬੱਤੀ ਵਾਂਙੁ ਬੁਝ ਗਏ।”—ਯਸਾਯਾਹ 43:14-17.
16. ਬਾਬਲ, ਕਸਦੀ ਵਪਾਰੀਆਂ, ਅਤੇ ਸ਼ਹਿਰ ਦੀ ਰੱਖਿਆ ਕਰਨ ਵਾਲਿਆਂ ਨਾਲ ਕੀ ਹੋਣਾ ਸੀ?
16 ਇਸਰਾਏਲੀ ਗ਼ੁਲਾਮਾਂ ਲਈ ਬਾਬਲ ਕੈਦਖ਼ਾਨੇ ਵਰਗਾ ਸੀ ਜੋ ਉਨ੍ਹਾਂ ਨੂੰ ਯਰੂਸ਼ਲਮ ਵਾਪਸ ਜਾਣ ਤੋਂ ਰੋਕਦਾ ਸੀ। ਪਰ ਬਾਬਲ ਦੀ ਕਿਲਾਬੰਦੀ ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਨਹੀਂ ਰੋਕ ਸਕਦੀ ਸੀ, ਜਿਸ ਨੇ ਪਹਿਲਾਂ ਵੀ ‘ਲਾਲ ਸਮੁੰਦਰ ਵਿੱਚ ਰਾਹ ਬਣਾਇਆ ਸੀ, ਅਤੇ ਡਾਢੇ ਪਾਣੀਆਂ ਵਿੱਚ ਰਸਤਾ’ ਬਣਾਇਆ ਸੀ, ਯਾਨੀ ਯਰਦਨ ਨਦੀ ਵਿਚ। (ਕੂਚ 14:16; ਯਹੋਸ਼ੁਆ 3:13) ਇਸੇ ਤਰ੍ਹਾਂ ਯਹੋਵਾਹ ਦੇ ਸੇਵਕ ਖੋਰਸ ਨੇ ਫਰਾਤ ਦਰਿਆ ਦਾ ਪਾਣੀ ਸੁਕਾ ਕੇ ਆਪਣੇ ਫ਼ੌਜੀ ਸ਼ਹਿਰ ਦੇ ਅੰਦਰ ਵਾੜੇ ਸਨ। ਕਸਦੀ ਵਪਾਰੀ ਬਾਬਲ ਦੀਆਂ ਨਹਿਰਾਂ ਵਿਚ ਕਿਸ਼ਤੀਆਂ ਚਲਾਉਂਦੇ ਸਨ ਅਤੇ ਇਨ੍ਹਾਂ ਪਾਣੀਆਂ ਵਿਚ ਹਜ਼ਾਰਾਂ ਹੀ ਬੇੜੀਆਂ ਬਾਬਲ ਦੇ ਦੇਵਤਿਆਂ ਨੂੰ ਲਿਜਾਉਣ ਲਈ ਵਰਤੀਆਂ ਜਾਂਦੀਆਂ ਸਨ। ਇਨ੍ਹਾਂ ਵਪਾਰੀਆਂ ਨੇ ਬਹੁਤ ਰੋਣਾ ਸੀ ਜਦੋਂ ਉਨ੍ਹਾਂ ਦੀ ਰਾਜਧਾਨੀ ਡਿਗਣੀ ਸੀ। ਲਾਲ ਸਮੁੰਦਰ ਵਿਚ ਫ਼ਿਰਊਨ ਦੇ ਰਥਾਂ ਵਾਂਗ, ਬਾਬਲ ਦੇ ਤੇਜ਼ ਰਥ ਕੁਝ ਨਹੀਂ ਕਰ ਸਕੇ ਸਨ। ਉਹ ਬਾਬਲ ਨੂੰ ਬਚਾ ਨਾ ਸਕੇ। ਜਿਸ ਤਰ੍ਹਾਂ ਕੋਈ ਦੀਵੇ ਦੀ ਬੱਤੀ ਸੌਖਿਆਂ ਹੀ ਬੁਝਾ ਸਕਦਾ ਸੀ, ਉਸੇ ਤਰ੍ਹਾਂ ਹਮਲਾ ਕਰਨ ਵਾਲੇ ਸ਼ਹਿਰ ਦੀ ਰੱਖਿਆ ਕਰਨ ਵਾਲਿਆਂ ਦੀਆਂ ਜਾਨਾਂ ਖ਼ਤਮ ਕਰ ਸਕਦੇ ਸਨ।
ਯਹੋਵਾਹ ਨੇ ਆਪਣੇ ਲੋਕਾਂ ਨੂੰ ਸਹੀ-ਸਲਾਮਤ ਘਰ ਪਹੁੰਚਾਇਆ
17, 18. (ੳ) ਯਹੋਵਾਹ ਨੇ ਕਿਸ ‘ਨਵੇਂ ਕੰਮ’ ਬਾਰੇ ਭਵਿੱਖਬਾਣੀ ਕੀਤੀ ਸੀ? (ਅ) ਲੋਕਾਂ ਨੇ ਕਿਸ ਤਰੀਕੇ ਵਿਚ ਪਹਿਲੀਆਂ ਗੱਲਾਂ ਯਾਦ ਨਹੀਂ ਕਰਨੀਆਂ ਸਨ ਅਤੇ ਕਿਉਂ?
17 ਯਹੋਵਾਹ ਨੇ ਇਸ ਕੰਮ ਦੀ ਤੁਲਨਾ ਆਪਣੇ ਪਹਿਲੇ ਕੰਮਾਂ ਨਾਲ ਕਰਦੇ ਹੋਏ ਕਿਹਾ: “ਪਹਿਲੀਆਂ ਗੱਲਾਂ ਨੂੰ ਚੇਤੇ ਨਾ ਕਰੋ, ਪੁਰਾਣੀਆਂ ਗੱਲਾਂ ਨੂੰ ਨਾ ਸੋਚੋ, ਵੇਖੋ, ਮੈਂ ਇੱਕ ਨਵਾਂ ਕੰਮ ਕਰਨ ਵਾਲਾ ਹਾਂ, ਉਹ ਹੁਣੇ ਹੀ ਦਿੱਸ ਪਵੇਗਾ,—ਕੀ ਤੁਸੀਂ ਉਸ ਤੋਂ ਅਣਜਾਣ ਰਹੋਗੇ? ਮੈਂ ਉਜਾੜ ਵਿੱਚ ਹੀ ਰਾਹ ਬਣਾਵਾਂਗਾ, ਅਤੇ ਥਲ ਵਿੱਚ ਨਦੀਆਂ। ਦਰਿੰਦੇ ਗਿੱਦੜ ਅਰ ਸ਼ੁਤਰ-ਮੁਰਗ, ਮੇਰੀ ਮਹਿਮਾ ਕਰਨਗੇ, ਕਿਉਂ ਜੋ ਮੈਂ ਉਜਾੜ ਵਿੱਚ ਪਾਣੀ, ਅਤੇ ਥਲ ਵਿੱਚ ਨਦੀਆਂ ਦਿੰਦਾ ਹਾਂ, ਭਈ ਮੇਰੀ ਚੁਣੀ ਹੋਈ ਪਰਜਾ ਪਾਣੀ ਪੀਵੇ। ਮੈਂ ਇਸ ਪਰਜਾ ਨੂੰ ਆਪਣੇ ਲਈ ਸਾਜਿਆ, ਭਈ ਉਹ ਮੇਰੀ ਉਸਤਤ ਦਾ ਵਰਨਣ ਕਰੇ।”—ਯਸਾਯਾਹ 43:18-21.
18 ਯਹੋਵਾਹ ਇਹ ਕਹਿ ਕੇ ਕਿ “ਪਹਿਲੀਆਂ ਗੱਲਾਂ ਨੂੰ ਚੇਤੇ ਨਾ ਕਰੋ,” ਇਹ ਨਹੀਂ ਕਹਿ ਰਿਹਾ ਸੀ ਕਿ ਉਸ ਦੇ ਸੇਵਕਾਂ ਨੂੰ ਬਚਾਅ ਦੇ ਪਹਿਲੇ ਕੰਮ ਆਪਣੇ ਮਨਾਂ ਵਿਚ ਨਹੀਂ ਲਿਆਉਣੇ ਚਾਹੀਦੇ ਸਨ। ਦਰਅਸਲ ਇਹ ਕੰਮ ਇਸਰਾਏਲ ਦੇ ਇਤਿਹਾਸ ਦਾ ਜ਼ਰੂਰੀ ਹਿੱਸਾ ਸਨ ਅਤੇ ਯਹੋਵਾਹ ਨੇ ਹੁਕਮ ਦਿੱਤਾ ਸੀ ਕਿ ਉਨ੍ਹਾਂ ਨੂੰ ਮਿਸਰ ਤੋਂ ਛੁਟਕਾਰੇ ਦੀ ਯਾਦ ਵਿਚ ਹਰ ਸਾਲ ਪਸਾਹ ਦਾ ਪਰਬ ਮਨਾਉਣਾ ਚਾਹੀਦਾ ਸੀ। (ਲੇਵੀਆਂ 23:5; ਬਿਵਸਥਾ ਸਾਰ 16:1-4) ਪਰ ਯਹੋਵਾਹ ਚਾਹੁੰਦਾ ਸੀ ਕਿ ਉਸ ਦੇ ਲੋਕ ਇਕ ‘ਨਵੇਂ ਕੰਮ’ ਦੇ ਕਾਰਨ ਉਸ ਦੀ ਉਸਤਤ ਕਰਨ, ਅਜਿਹਾ ਕੰਮ ਜੋ ਉਨ੍ਹਾਂ ਨੇ ਆਪਣੀ ਅੱਖੀਂ ਦੇਖਣਾ ਅਤੇ ਅਨੁਭਵ ਕਰਨਾ ਸੀ। ਇਹ ਕੰਮ ਸਿਰਫ਼ ਬਾਬਲ ਤੋਂ ਛੁਟਕਾਰਾ ਹੀ ਨਹੀਂ ਸੀ। ਪਰ ਇਸ ਵਿਚ ਘਰ ਵਾਪਸ ਜਾਣ ਵਾਲਾ ਸਫ਼ਰ ਵੀ ਸ਼ਾਮਲ ਸੀ, ਜੋ ਸ਼ਾਇਦ ਉਜਾੜ ਦੇ ਸਿੱਧੇ ਰਸਤੇ ਰਾਹੀਂ ਤੈ ਕੀਤਾ ਜਾਣਾ ਸੀ। ਉਸ ਵਿਰਾਨ ਧਰਤੀ ਵਿਚ ਯਹੋਵਾਹ ਨੇ ਉਨ੍ਹਾਂ ਲਈ “ਰਾਹ” ਬਣਾਉਣਾ ਸੀ। ਉਸ ਨੇ ਅਜਿਹੇ ਸ਼ਕਤੀਸ਼ਾਲੀ ਕੰਮ ਕਰਨੇ ਸਨ ਜੋ ਮੂਸਾ ਦੇ ਜ਼ਮਾਨੇ ਵਿਚ ਇਸਰਾਏਲੀਆਂ ਲਈ ਕੀਤੇ ਗਏ ਕੰਮਾਂ ਵਰਗੇ ਸਨ। ਉਸ ਨੇ ਵਾਪਸ ਮੁੜਨ ਵਾਲਿਆਂ ਲਈ ਖਾਣ ਦਾ ਪ੍ਰਬੰਧ ਕਰਨਾ ਸੀ ਅਤੇ ਉਨ੍ਹਾਂ ਦੀ ਤਿਹਾ ਨਦੀਆਂ ਨਾਲ ਮਿਟਾਉਣੀ ਸੀ। ਯਹੋਵਾਹ ਦੇ ਪ੍ਰਬੰਧ ਇੰਨੇ ਹੋਣੇ ਸਨ ਕਿ ਜੰਗਲੀ ਜਾਨਵਰਾਂ ਨੇ ਵੀ ਯਹੋਵਾਹ ਦੀ ਮਹਿਮਾ ਕਰਨੀ ਸੀ ਅਤੇ ਲੋਕਾਂ ਉੱਤੇ ਇਨ੍ਹਾਂ ਨੇ ਕੋਈ ਹਮਲਾ ਨਹੀਂ ਕਰਨਾ ਸੀ।
19. ਰੂਹਾਨੀ ਇਸਰਾਏਲ ਦਾ ਬਕੀਆ ਅਤੇ ਉਸ ਦੇ ਸਾਥੀ “ਪਵਿੱਤ੍ਰ ਰਾਹ” ਉੱਤੇ ਕਿਵੇਂ ਚੱਲਦੇ ਹਨ?
19 ਇਸੇ ਤਰ੍ਹਾਂ 1919 ਵਿਚ ਰੂਹਾਨੀ ਇਸਰਾਏਲ ਦੇ ਬਕੀਏ ਨੂੰ ਬਾਬੁਲ ਦੀ ਗ਼ੁਲਾਮੀ ਤੋਂ ਛੁਡਾਇਆ ਗਿਆ ਅਤੇ ਯਹੋਵਾਹ ਦੇ ਤਿਆਰ ਕੀਤੇ ਗਏ “ਪਵਿੱਤ੍ਰ ਰਾਹ” ਉੱਤੇ ਪਾਇਆ ਗਿਆ ਸੀ। (ਯਸਾਯਾਹ 35:8) ਇਸਰਾਏਲੀਆਂ ਤੋਂ ਉਲਟ, ਉਨ੍ਹਾਂ ਨੂੰ ਤਪਦੇ ਉਜਾੜ ਵਿਚ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਤਕ ਨਹੀਂ ਲੰਘਣਾ ਪਿਆ ਸੀ, ਅਤੇ ਨਾ ਹੀ ਉਨ੍ਹਾਂ ਨੂੰ ਯਰੂਸ਼ਲਮ ਜਾਣਾ ਪਿਆ ਸੀ। ਲੇਕਿਨ ਮਸਹ ਕੀਤੇ ਗਏ ਮਸੀਹੀਆਂ ਨੂੰ “ਪਵਿੱਤ੍ਰ ਰਾਹ” ਰੂਹਾਨੀ ਫਿਰਦੌਸ ਤਕ ਜ਼ਰੂਰ ਲੈ ਗਿਆ ਸੀ। ਉਹ ਹਮੇਸ਼ਾ ਉਸ “ਪਵਿੱਤ੍ਰ ਰਾਹ” ਉੱਤੇ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਇਸ ਦੁਨੀਆਂ ਵਿਚ ਦੀ ਸਫ਼ਰ ਕਰਨਾ ਪੈਂਦਾ ਹੈ। ਜਿੰਨਾ ਚਿਰ ਉਹ ਇਸ ਰਾਹ ਉੱਤੇ ਰਹਿ ਕੇ ਸ਼ੁੱਧਤਾ ਅਤੇ ਪਵਿੱਤਰਤਾ ਲਈ ਪਰਮੇਸ਼ੁਰ ਦੇ ਮਿਆਰਾਂ ਉੱਤੇ ਚੱਲਦੇ ਹਨ, ਉਹ ਇਸ ਰੂਹਾਨੀ ਫਿਰਦੌਸ ਵਿਚ ਰਹਿੰਦੇ ਹਨ। ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਨਾਲ “ਗ਼ੈਰ-ਇਸਰਾਏਲੀਆਂ” ਦੀ ਵੱਡੀ ਭੀੜ ਮਿਲ ਗਈ ਹੈ! ਸ਼ਤਾਨ ਦੀ ਦੁਨੀਆਂ ਉੱਤੇ ਭਰੋਸਾ ਰੱਖਣ ਵਾਲਿਆਂ ਦੇ ਬਿਲਕੁਲ ਉਲਟ, ਬਕੀਆ ਅਤੇ ਉਨ੍ਹਾਂ ਦੇ ਸਾਥੀ ਯਹੋਵਾਹ ਵੱਲੋਂ ਇਕ ਰੂਹਾਨੀ ਦਾਅਵਤ ਦਾ ਪੂਰਾ ਆਨੰਦ ਲੈਂਦੇ ਹਨ। (ਯਸਾਯਾਹ 25:6; 65:13, 14) ਕਈ ਵਹਿਸ਼ੀ ਲੋਕਾਂ ਨੇ ਦੇਖਿਆ ਹੈ ਕਿ ਯਹੋਵਾਹ ਦੀ ਬਰਕਤ ਉਸ ਦੇ ਲੋਕਾਂ ਉੱਤੇ ਹੈ ਅਤੇ ਉਨ੍ਹਾਂ ਨੇ ਆਪਣੇ ਤੌਰ-ਤਰੀਕੇ ਬਦਲ ਕੇ ਸੱਚੇ ਪਰਮੇਸ਼ੁਰ ਦੀ ਉਸਤਤ ਕੀਤੀ ਹੈ।—ਯਸਾਯਾਹ 11:6-9.
ਯਹੋਵਾਹ ਨੇ ਆਪਣਾ ਦੁੱਖ ਪ੍ਰਗਟ ਕੀਤਾ
20. ਯਸਾਯਾਹ ਦੇ ਜ਼ਮਾਨੇ ਦੇ ਇਸਰਾਏਲੀਆਂ ਨੇ ਯਹੋਵਾਹ ਨੂੰ ਕਿਵੇਂ ਅਕਾਇਆ ਸੀ?
20 ਯਸਾਯਾਹ ਦੇ ਜ਼ਮਾਨੇ ਦੇ ਲੋਕਾਂ ਵਿਚਾਕਾਰ ਅਤੇ ਇਸਰਾਏਲ ਦੇ ਮੁੜ-ਬਹਾਲ ਕੀਤੇ ਗਏ ਬਕੀਏ ਵਿਚਕਾਰ ਬਹੁਤ ਵੱਡਾ ਫ਼ਰਕ ਸੀ। ਯਸਾਯਾਹ ਦੇ ਜ਼ਮਾਨੇ ਦੇ ਦੁਸ਼ਟ ਲੋਕਾਂ ਬਾਰੇ ਯਹੋਵਾਹ ਨੇ ਕਿਹਾ: “ਹੇ ਯਾਕੂਬ, ਤੈਂ ਮੈਨੂੰ ਨਹੀਂ ਸੱਦਿਆ, ਹੇ ਇਸਰਾਏਲ, ਤੂੰ ਤਾਂ ਮੈਥੋਂ ਅੱਕ ਗਿਆ! ਤੂੰ ਮੇਰੇ ਲਈ ਆਪਣੀਆਂ ਹੋਮ ਬਲੀਆਂ ਦੇ ਲੇਲੇ ਨਹੀਂ ਲਿਆਇਆ, ਤੈਂ ਆਪਣੀਆਂ ਬਲੀਆਂ ਨਾਲ ਮੈਨੂੰ ਆਦਰ ਨਹੀਂ ਦਿੱਤਾ। ਮੈਂ ਮੈਦੇ ਦੀ ਭੇਟ ਦਾ ਭਾਰ ਤੇਰੇ ਉੱਤੇ ਨਹੀਂ ਪਾਇਆ, ਨਾ ਲੋਬਾਨ ਨਾਲ ਤੈਨੂੰ ਅਕਾਇਆ। ਤੈਂ ਮੇਰੇ ਲਈ ਚਾਂਦੀ ਦੇ ਕੇ ਪੋਨੇ ਨਹੀਂ ਲਿਆਂਦੇ, ਨਾ ਤੈਂ ਆਪਣੀਆਂ ਬਲੀਆਂ ਦੀ ਚਰਬੀ ਨਾਲ ਮੈਨੂੰ ਰਜਾਇਆ, ਸਗੋਂ ਤੈਂ ਆਪਣੇ ਪਾਪਾਂ ਦਾ ਭਾਰ ਮੇਰੇ ਉੱਤੇ ਪਾਇਆ, ਤੈਂ ਮੈਨੂੰ ਆਪਣੀਆਂ ਬਦੀਆਂ ਨਾਲ ਅਕਾ ਦਿੱਤਾ।”—ਯਸਾਯਾਹ 43:22-24.
21, 22. (ੳ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਦੀਆਂ ਮੰਗਾਂ ਔਖੀਆਂ ਨਹੀਂ ਸਨ? (ਅ) ਲੋਕਾਂ ਨੇ ਆਪਣਾ ਭਾਰ ਯਹੋਵਾਹ ਉੱਤੇ ਕਿਵੇਂ ਪਾਇਆ ਸੀ?
21 “ਮੈਂ ਮੈਦੇ ਦੀ ਭੇਟ ਦਾ ਭਾਰ ਤੇਰੇ ਉੱਤੇ ਨਹੀਂ ਪਾਇਆ, ਨਾ ਲੋਬਾਨ ਨਾਲ ਤੈਨੂੰ ਅਕਾਇਆ” ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਚੜ੍ਹਾਵੇ ਅਤੇ ਲੋਬਾਨ (ਜੋ ਪਵਿੱਤਰ ਧੂਪ ਦਾ ਹਿੱਸਾ ਸੀ) ਦੀ ਜ਼ਰੂਰਤ ਨਹੀਂ ਸੀ। ਦਰਅਸਲ ਬਿਵਸਥਾ ਨੇਮ ਦੇ ਅਧੀਨ ਇਹ ਸੱਚੀ ਉਪਾਸਨਾ ਦਾ ਲਾਜ਼ਮੀ ਹਿੱਸਾ ਸਨ। ਇਹ “ਪੋਨੇ” ਬਾਰੇ ਵੀ ਸੱਚ ਸੀ ਜੋ ਖ਼ੁਸ਼ਬੂਦਾਰ ਅਤਰ ਸੀ ਅਤੇ ਮਸਹ ਕਰਨ ਵਾਲੇ ਪਵਿੱਤਰ ਤੇਲ ਬਣਾਉਣ ਲਈ ਵਰਤਿਆ ਜਾਂਦਾ ਸੀ। ਇਸਰਾਏਲੀ ਹੈਕਲ ਦੀ ਸੇਵਾ ਵਿਚ ਇਨ੍ਹਾਂ ਚੀਜ਼ਾਂ ਨੂੰ ਵਰਤਣਾ ਭੁੱਲ ਗਏ ਸਨ। ਪਰ ਕੀ ਅਜਿਹੀਆਂ ਮੰਗਾਂ ਔਖੀਆਂ ਸਨ? ਬਿਲਕੁਲ ਨਹੀਂ! ਝੂਠੇ ਦੇਵਤਿਆਂ ਦੀਆਂ ਮੰਗਾਂ ਦੀ ਤੁਲਨਾ ਵਿਚ ਯਹੋਵਾਹ ਦੀਆਂ ਮੰਗਾਂ ਸੌਖੀਆਂ ਸਨ। ਮਿਸਾਲ ਲਈ, ਝੂਠਾ ਦੇਵ ਮੋਲਕ ਬੱਚਿਆਂ ਦੇ ਚੜ੍ਹਾਵੇ ਮੰਗਦਾ ਸੀ। ਯਹੋਵਾਹ ਨੇ ਤਾਂ ਇਹ ਕਦੀ ਵੀ ਨਹੀਂ ਚਾਹਿਆ!—ਬਿਵਸਥਾ ਸਾਰ 30:11; ਮੀਕਾਹ 6:3, 4, 8.
22 ਜੇ ਇਸਰਾਏਲੀਆਂ ਕੋਲ ਚੰਗੀ ਰੂਹਾਨੀ ਸਮਝ ਹੁੰਦੀ, ਫਿਰ ਉਹ ਕਦੀ ਵੀ ਨਾ ‘ਯਹੋਵਾਹ ਤੋਂ ਅੱਕਦੇ।’ ਉਸ ਦੀ ਬਿਵਸਥਾ ਤੋਂ ਉਨ੍ਹਾਂ ਨੂੰ ਪਤਾ ਲੱਗ ਜਾਣਾ ਸੀ ਕਿ ਯਹੋਵਾਹ ਉਨ੍ਹਾਂ ਨਾਲ ਕਿੰਨਾ ਪਿਆਰ ਕਰਦਾ ਸੀ ਅਤੇ ਉਨ੍ਹਾਂ ਨੇ ਖ਼ੁਸ਼ੀ ਨਾਲ ਯਹੋਵਾਹ ਨੂੰ “ਚਰਬੀ” ਦੇ ਦੇਣੀ ਸੀ ਜੋ ਚੜ੍ਹਾਵਿਆਂ ਦਾ ਸਭ ਤੋਂ ਚੰਗਾ ਹਿੱਸਾ ਹੁੰਦਾ ਸੀ। ਪਰ ਉਨ੍ਹਾਂ ਨੇ ਲਾਲਚੀ ਹੋ ਕੇ ਚਰਬੀ ਆਪਣੇ ਲਈ ਰੱਖੀ ਸੀ। (ਲੇਵੀਆਂ 3:9-11, 16) ਇਸ ਦੁਸ਼ਟ ਕੌਮ ਨੇ ਯਹੋਵਾਹ ਉੱਤੇ ਆਪਣੇ ਪਾਪਾਂ ਦਾ ਭਾਰ ਪਾਇਆ।—ਨਹਮਯਾਹ 9:28-30.
ਸਜ਼ਾ ਦਾ ਫਲ
23. (ੳ) ਲੋਕ ਯਹੋਵਾਹ ਦੀ ਸਜ਼ਾ ਦੇ ਲਾਇਕ ਕਿਉਂ ਸਨ? (ਅ) ਇਸਰਾਏਲ ਨੂੰ ਕਿਹੜੀ ਸਜ਼ਾ ਦਿੱਤੀ ਗਈ ਸੀ?
23 ਭਾਵੇਂ ਕਿ ਯਹੋਵਾਹ ਨੇ ਸਖ਼ਤ ਸਜ਼ਾ ਦਿੱਤੀ ਸੀ, ਇਸ ਸਜ਼ਾ ਦਾ ਫਲ ਚੰਗਾ ਨਿਕਲਿਆ ਕਿਉਂਕਿ ਉਹ ਦਇਆ ਕਰ ਸਕਿਆ। “ਮੈਂ, ਹਾਂ, ਮੈਂ ਹੀ ਉਹ ਹਾਂ, ਜੋ ਤੇਰੇ ਅਪਰਾਧਾਂ ਨੂੰ ਆਪਣੇ ਨਮਿੱਤ ਮਿਟਾਉਂਦਾ ਹਾਂ, ਅਤੇ ਮੈਂ ਤੇਰੇ ਪਾਪਾਂ ਨੂੰ ਚੇਤੇ ਨਹੀਂ ਰੱਖਾਂਗਾ। ਮੈਨੂੰ ਚੇਤੇ ਕਰਾ, ਅਸੀਂ ਇਕੱਠੇ ਬਹਿਸ ਕਰੀਏ, ਤੂੰ ਹੀ ਨਿਰਨਾ ਕਰ ਤਾਂ ਜੋ ਤੂੰ ਧਰਮੀ ਠਹਿਰੇਂ। ਤੇਰੇ ਪਹਿਲੇ ਪਿਤਾ ਨੇ ਪਾਪ ਕੀਤਾ, ਤੇਰੇ ਜਾਜਕਾਂ ਨੇ ਮੇਰੇ ਵਿਰੁੱਧ ਅਪਰਾਧ ਕੀਤਾ। ਸੋ ਮੈਂ ਪਵਿੱਤ੍ਰ ਥਾਂ ਦੇ ਸਰਦਾਰਾਂ ਨੂੰ ਭਰਿਸ਼ਟ ਕਰਾਂਗਾ, ਅਤੇ ਮੈਂ ਯਾਕੂਬ ਨੂੰ ਫਿਟਕਾਰ, ਅਤੇ ਇਸਰਾਏਲ ਨੂੰ ਦੁਰਬਚਨ ਬਣਾਵਾਂਗਾ।” (ਯਸਾਯਾਹ 43:25-28) ਦੁਨੀਆਂ ਦੀਆਂ ਬਾਕੀ ਕੌਮਾਂ ਵਾਂਗ ਇਸਰਾਏਲੀ ਵੀ “ਪਹਿਲੇ ਪਿਤਾ” ਆਦਮ ਤੋਂ ਆਏ ਸਨ। ਇਸ ਲਈ ਕੋਈ ਵੀ ਇਸਰਾਏਲੀ ਆਪਣੇ ਆਪ ਨੂੰ “ਧਰਮੀ” ਨਹੀਂ ਠਹਿਰਾ ਸਕਦਾ ਸੀ। ਇਸਰਾਏਲ ਦੇ ਜਾਜਕਾਂ ਨੇ ਵੀ ਬਿਵਸਥਾ ਸਿਖਾਉਣ ਦੀ ਥਾਂ ਝੂਠੀਆਂ ਗੱਲਾਂ ਸਿਖਾਈਆਂ ਸਨ ਅਤੇ ਯਹੋਵਾਹ ਵਿਰੁੱਧ ਪਾਪ ਕੀਤਾ ਸੀ। ਇਸੇ ਲਈ ਯਹੋਵਾਹ ਨੇ ਆਪਣੀ ਕੌਮ ਨੂੰ ਫਿਟਕਾਰਿਆ ਅਤੇ ਉਸ ਦਾ ਨਾਸ਼ ਕਰਵਾਇਆ ਸੀ। ਉਸ ਨੇ ਉਨ੍ਹਾਂ ਨੂੰ ਵੀ ਭ੍ਰਿਸ਼ਟ ਕਰਵਾਇਆ ਜੋ ਉਸ ਦੇ “ਪਵਿੱਤ੍ਰ ਥਾਂ” ਵਿਚ ਸੇਵਾ ਕਰਦੇ ਸਨ।
24. ਯਹੋਵਾਹ ਕਿਸ ਮੁੱਖ ਕਾਰਨ ਲਈ ਆਪਣੇ ਲੋਕਾਂ ਨੂੰ ਮਾਫ਼ ਕਰਦਾ ਆਇਆ ਹੈ ਅਤੇ ਉਹ ਉਨ੍ਹਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ?
24 ਪਰ ਧਿਆਨ ਦਿਓ ਕਿ ਯਹੋਵਾਹ ਨੇ ਇਸਰਾਏਲੀਆਂ ਉੱਤੇ ਸਿਰਫ਼ ਉਨ੍ਹਾਂ ਦੀ ਤੋਬਾ ਕਰਕੇ ਹੀ ਨਹੀਂ ਦਇਆ ਕੀਤੀ ਸੀ। ਯਹੋਵਾਹ ਨੇ ਆਪਣੀ ਖ਼ਾਤਰ ਇਹ ਕੀਤਾ ਸੀ। ਜੀ ਹਾਂ, ਆਪਣੇ ਨਾਂ ਦੀ ਖ਼ਾਤਰ। ਜੇ ਉਹ ਇਸਰਾਏਲ ਨੂੰ ਹਮੇਸ਼ਾ ਲਈ ਗ਼ੁਲਾਮੀ ਵਿਚ ਛੱਡ ਦਿੰਦਾ, ਤਾਂ ਦੇਖਣ ਵਾਲੇ ਉਸ ਦੀ ਬਦਨਾਮੀ ਕਰਦੇ। (ਜ਼ਬੂਰ 79:9; ਹਿਜ਼ਕੀਏਲ 20:8-10) ਅੱਜ ਵੀ ਇਹ ਗੱਲ ਸੱਚੀ ਹੈ। ਯਹੋਵਾਹ ਦੇ ਨਾਂ ਨੂੰ ਪਵਿੱਤਰ ਕਰਨਾ ਅਤੇ ਉਸ ਦੇ ਰਾਜ ਕਰਨ ਦੇ ਹੱਕ ਨੂੰ ਸਹੀ ਸਿੱਧ ਕਰਨਾ ਸਭ ਤੋਂ ਜ਼ਰੂਰੀ ਗੱਲਾਂ ਹਨ। ਇਸ ਤੋਂ ਬਾਅਦ ਇਨਸਾਨਾਂ ਦੀ ਮੁਕਤੀ ਦੀ ਗੱਲ ਆਉਂਦੀ ਹੈ। ਫਿਰ ਵੀ ਯਹੋਵਾਹ ਉਨ੍ਹਾਂ ਨਾਲ ਪਿਆਰ ਕਰਦਾ ਹੈ ਜੋ ਉਸ ਦੀ ਤਾੜਨਾ ਸਵੀਕਾਰ ਕਰ ਕੇ ਆਤਮਾ ਅਤੇ ਸੱਚਾਈ ਨਾਲ ਉਸ ਦੀ ਭਗਤੀ ਕਰਦੇ ਹਨ। ਚਾਹੇ ਉਹ ਮਸਹ ਕੀਤੇ ਹੋਏ ਹੋਣ ਜਾਂ ਹੋਰ ਭੇਡਾਂ, ਉਹ ਯਿਸੂ ਮਸੀਹ ਦੇ ਬਲੀਦਾਨ ਦੇ ਆਧਾਰ ਤੇ ਉਨ੍ਹਾਂ ਦੇ ਪਾਪ ਮਾਫ਼ ਕਰ ਕੇ ਉਨ੍ਹਾਂ ਲਈ ਆਪਣਾ ਪਿਆਰ ਦਿਖਾਉਂਦਾ ਹੈ।—ਯੂਹੰਨਾ 3:16; 4:23, 24.
25. ਨੇੜਲੇ ਭਵਿੱਖ ਵਿਚ ਯਹੋਵਾਹ ਕਿਹੋ ਜਿਹੇ ਅਸਚਰਜ ਕੰਮ ਕਰੇਗਾ ਅਤੇ ਇਸ ਲਈ ਅਸੀਂ ਹੁਣ ਆਪਣੀ ਕਦਰ ਕਿਵੇਂ ਦਿਖਾ ਸਕਦੇ ਹਾਂ?
25 ਇਸ ਤੋਂ ਇਲਾਵਾ ਯਹੋਵਾਹ ਬਹੁਤ ਜਲਦੀ ਆਪਣੇ ਵਫ਼ਾਦਾਰ ਉਪਾਸਕਾਂ ਦੀ ਵੱਡੀ ਭੀੜ ਲਈ ਇਕ ਨਵਾਂ ਕੰਮ ਕਰ ਕੇ ਆਪਣਾ ਪਿਆਰ ਦਿਖਾਵੇਗਾ। ਉਹ ਉਨ੍ਹਾਂ ਨੂੰ “ਵੱਡੀ ਬਿਪਤਾ” ਵਿੱਚੋਂ ਬਚਾ ਕੇ “ਨਵੀਂ ਧਰਤੀ” ਵਿਚ ਲੈ ਜਾਵੇਗਾ। (ਪਰਕਾਸ਼ ਦੀ ਪੋਥੀ 7:14; 2 ਪਤਰਸ 3:13) ਉਸ ਸਮੇਂ ਉਹ ਆਪਣੀਆਂ ਅੱਖਾਂ ਨਾਲ ਯਹੋਵਾਹ ਦੀ ਸ਼ਕਤੀ ਦਾ ਸਭ ਤੋਂ ਵੱਡਾ ਪ੍ਰਗਟਾਵਾ ਦੇਖਣਗੇ। ਇਸ ਪੱਕੀ ਉਮੀਦ ਕਾਰਨ ਮਸਹ ਕੀਤਾ ਹੋਇਆ ਬਕੀਆ ਅਤੇ ਵੱਡੀ ਭੀੜ ਦੇ ਸਾਰੇ ਮੈਂਬਰ ਬੜੀ ਖ਼ੁਸ਼ੀ ਪਾਉਂਦੇ ਹਨ ਅਤੇ ਹਰ ਰੋਜ਼ ਸਾਬਤ ਕਰਨਾ ਚਾਹੁੰਦੇ ਹਨ ਕਿ ਉਹ ‘ਯਹੋਵਾਹ ਦੇ ਗਵਾਹ’ ਹਨ!—ਯਸਾਯਾਹ 43:10.
[ਫੁਟਨੋਟ]
a ਕੌਮਾਂ ਦੀਆਂ ਮਿਥਿਹਾਸਕ ਕਹਾਣੀਆਂ ਵਿਚ ਕਈ ਦੇਵਤੇ “ਜਨਮ ਲੈਂਦੇ” ਹਨ ਅਤੇ ਉਨ੍ਹਾਂ ਦੇ “ਬੱਚੇ” ਵੀ ਹੁੰਦੇ ਹਨ।
[ਸਫ਼ੇ 48, 49 ਉੱਤੇ ਤਸਵੀਰ]
ਯਹੋਵਾਹ ਨੇ ਯਹੂਦੀਆਂ ਨੂੰ ਯਰੂਸ਼ਲਮ ਨੂੰ ਸਫ਼ਰ ਕਰਦੇ ਹੋਏ ਸਹਾਰਾ ਦਿੱਤਾ
[ਸਫ਼ਾ 52 ਉੱਤੇ ਤਸਵੀਰਾਂ]
ਯਹੋਵਾਹ ਨੇ ਕੌਮਾਂ ਨੂੰ ਚੁਣੌਤੀ ਪੇਸ਼ ਕੀਤੀ ਕਿ ਉਹ ਆਪਣੇ ਦੇਵਤਿਆਂ ਲਈ ਗਵਾਹ ਪੇਸ਼ ਕਰਨ
1. ਕਾਂਸੀ ਤੋਂ ਬਣਿਆ ਬਆਲ ਦਾ ਬੁੱਤ 2. ਮਿੱਟੀ ਤੋਂ ਬਣੇ ਅਸ਼ਤਾਰੋਥ ਦੇ ਬੁੱਤ 3. ਹੋਰਸ, ਓਸਾਈਰਸ, ਅਤੇ ਆਈਸਸ ਦੀ ਮਿਸਰੀ ਤ੍ਰਿਮੂਰਤੀ 4. ਯੂਨਾਨੀ ਦੇਵੀਆਂ ਅਥੀਨਾ (ਖੱਬੇ ਪਾਸੇ) ਅਤੇ ਅਫਰੋਡਾਇਟੀ
[ਸਫ਼ਾ 58 ਉੱਤੇ ਤਸਵੀਰਾਂ]
“ਤੁਸੀਂ ਮੇਰੇ ਗਵਾਹ ਹੋ।”—ਯਸਾਯਾਹ 43:10