ਲੇਵੀਆਂ
3 “‘ਜੇ ਉਹ ਆਪਣੇ ਇੱਜੜ ਵਿੱਚੋਂ ਨਰ ਜਾਂ ਮਾਦਾ ਜਾਨਵਰ ਸ਼ਾਂਤੀ-ਬਲ਼ੀ+ ਵਜੋਂ ਚੜ੍ਹਾਉਂਦਾ ਹੈ, ਤਾਂ ਉਹ ਯਹੋਵਾਹ ਅੱਗੇ ਬਿਨਾਂ ਨੁਕਸ ਵਾਲਾ ਜਾਨਵਰ ਚੜ੍ਹਾਵੇ। 2 ਉਹ ਜਾਨਵਰ ਦੇ ਸਿਰ ਉੱਪਰ ਆਪਣਾ ਹੱਥ ਰੱਖੇ ਅਤੇ ਉਸ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਵੱਢਿਆ ਜਾਵੇ ਅਤੇ ਪੁਜਾਰੀਆਂ ਵਜੋਂ ਸੇਵਾ ਕਰ ਰਹੇ ਹਾਰੂਨ ਦੇ ਪੁੱਤਰ ਉਸ ਦਾ ਖ਼ੂਨ ਵੇਦੀ ਦੇ ਚਾਰੇ ਪਾਸਿਆਂ ਉੱਤੇ ਛਿੜਕਣ। 3 ਉਹ ਸ਼ਾਂਤੀ-ਬਲ਼ੀ ਦਾ ਇਹ ਹਿੱਸਾ ਅੱਗ ਵਿਚ ਸਾੜ ਕੇ ਯਹੋਵਾਹ ਅੱਗੇ ਚੜ੍ਹਾਵੇ:+ ਆਂਦਰਾਂ ਨੂੰ ਢਕਣ ਵਾਲੀ ਚਰਬੀ,+ ਆਂਦਰਾਂ ਦੇ ਉੱਪਰਲੀ ਚਰਬੀ, 4 ਦੋਵੇਂ ਗੁਰਦੇ ਅਤੇ ਉਨ੍ਹਾਂ ਉਤਲੀ ਚਰਬੀ ਜੋ ਕਿ ਵੱਖੀਆਂ ਦੁਆਲੇ ਹੈ। ਉਹ ਗੁਰਦਿਆਂ ਦੇ ਨਾਲ-ਨਾਲ ਕਲੇਜੀ ਦੀ ਚਰਬੀ ਵੀ ਦੇਵੇ।+ 5 ਅੱਗ ਉੱਤੇ ਰੱਖੀਆਂ ਲੱਕੜਾਂ ਉੱਪਰ ਜੋ ਹੋਮ-ਬਲ਼ੀ ਪਈ ਹੈ, ਉਸ ਉੱਤੇ ਹਾਰੂਨ ਦੇ ਪੁੱਤਰ ਇਹ ਸਭ ਕੁਝ ਰੱਖ ਕੇ ਸਾੜਨ ਤਾਂਕਿ ਇਸ ਦਾ ਧੂੰਆਂ ਉੱਠੇ।+ ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਜਾਵੇ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।+
6 “‘ਜੇ ਉਹ ਆਪਣੀਆਂ ਭੇਡਾਂ-ਬੱਕਰੀਆਂ ਵਿੱਚੋਂ ਕੋਈ ਨਰ ਜਾਂ ਮਾਦਾ ਜਾਨਵਰ ਸ਼ਾਂਤੀ-ਬਲ਼ੀ ਵਜੋਂ ਯਹੋਵਾਹ ਅੱਗੇ ਚੜ੍ਹਾਉਂਦਾ ਹੈ, ਤਾਂ ਉਸ ਜਾਨਵਰ ਵਿਚ ਕੋਈ ਨੁਕਸ ਨਾ ਹੋਵੇ।+ 7 ਜੇ ਉਹ ਚੜ੍ਹਾਵੇ ਵਜੋਂ ਭੇਡੂ ਚੜ੍ਹਾਉਂਦਾ ਹੈ, ਤਾਂ ਉਹ ਇਸ ਨੂੰ ਯਹੋਵਾਹ ਅੱਗੇ ਲਿਆਵੇ। 8 ਉਹ ਜਾਨਵਰ ਦੇ ਸਿਰ ਉੱਪਰ ਆਪਣਾ ਹੱਥ ਰੱਖੇ ਅਤੇ ਉਸ ਨੂੰ ਮੰਡਲੀ ਦੇ ਤੰਬੂ ਦੇ ਸਾਮ੍ਹਣੇ ਵੱਢਿਆ ਜਾਵੇ। ਹਾਰੂਨ ਦੇ ਪੁੱਤਰ ਉਸ ਦਾ ਖ਼ੂਨ ਵੇਦੀ ਦੇ ਚਾਰੇ ਪਾਸਿਆਂ ਉੱਤੇ ਛਿੜਕਣ। 9 ਉਹ ਸ਼ਾਂਤੀ-ਬਲ਼ੀ ਦੇ ਜਾਨਵਰ ਦੀ ਚਰਬੀ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਵੇ।+ ਉਹ ਜਾਨਵਰ ਦੀ ਰੀੜ੍ਹ ਦੀ ਹੱਡੀ ਕੋਲੋਂ ਚਰਬੀ ਵਾਲੀ ਮੋਟੀ ਪੂਛ ਵੱਢ ਕੇ ਦੇਵੇ। ਨਾਲੇ ਉਹ ਆਂਦਰਾਂ ਨੂੰ ਢਕਣ ਵਾਲੀ ਚਰਬੀ, ਆਂਦਰਾਂ ਦੇ ਉੱਪਰਲੀ ਚਰਬੀ, 10 ਦੋਵੇਂ ਗੁਰਦੇ ਅਤੇ ਉਨ੍ਹਾਂ ਉੱਪਰਲੀ ਚਰਬੀ ਜੋ ਕਿ ਵੱਖੀਆਂ ਦੁਆਲੇ ਹੈ ਅਤੇ ਗੁਰਦਿਆਂ ਦੇ ਨਾਲ-ਨਾਲ ਕਲੇਜੀ ਦੀ ਚਰਬੀ ਵੀ ਦੇਵੇ।+ 11 ਫਿਰ ਪੁਜਾਰੀ ਇਹ ਸਭ ਕੁਝ ਵੇਦੀ ਉੱਤੇ ਅੱਗ ਵਿਚ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ। ਭੋਜਨ* ਦਾ ਇਹ ਹਿੱਸਾ ਯਹੋਵਾਹ ਵਾਸਤੇ ਹੈ।+
12 “‘ਜੇ ਉਹ ਬੱਕਰਾ ਜਾਂ ਬੱਕਰੀ ਚੜ੍ਹਾਉਂਦਾ ਹੈ, ਤਾਂ ਉਹ ਉਸ ਨੂੰ ਯਹੋਵਾਹ ਅੱਗੇ ਲਿਆਵੇ। 13 ਉਹ ਜਾਨਵਰ ਦੇ ਸਿਰ ਉੱਪਰ ਆਪਣਾ ਹੱਥ ਰੱਖੇ ਅਤੇ ਉਸ ਨੂੰ ਮੰਡਲੀ ਦੇ ਤੰਬੂ ਦੇ ਸਾਮ੍ਹਣੇ ਵੱਢਿਆ ਜਾਵੇ। ਹਾਰੂਨ ਦੇ ਪੁੱਤਰ ਉਸ ਦਾ ਖ਼ੂਨ ਵੇਦੀ ਦੇ ਚਾਰੇ ਪਾਸਿਆਂ ਉੱਤੇ ਛਿੜਕਣ। 14 ਉਹ ਜਾਨਵਰ ਦੇ ਇਹ ਹਿੱਸੇ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਵੇ: ਆਂਦਰਾਂ ਨੂੰ ਢਕਣ ਵਾਲੀ ਚਰਬੀ, ਆਂਦਰਾਂ ਦੇ ਉੱਪਰਲੀ ਚਰਬੀ,+ 15 ਦੋਵੇਂ ਗੁਰਦੇ ਅਤੇ ਉਨ੍ਹਾਂ ਉੱਪਰਲੀ ਚਰਬੀ ਜੋ ਕਿ ਵੱਖੀਆਂ ਦੁਆਲੇ ਹੈ ਅਤੇ ਗੁਰਦਿਆਂ ਦੇ ਨਾਲ-ਨਾਲ ਕਲੇਜੀ ਦੀ ਚਰਬੀ ਵੀ ਦੇਵੇ। 16 ਫਿਰ ਪੁਜਾਰੀ ਇਹ ਸਭ ਕੁਝ ਵੇਦੀ ਉੱਤੇ ਅੱਗ ਵਿਚ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ ਜਿਸ ਦੀ ਖ਼ੁਸ਼ਬੂ ਤੋਂ ਪਰਮੇਸ਼ੁਰ ਨੂੰ ਖ਼ੁਸ਼ੀ ਹੋਵੇਗੀ। ਭੋਜਨ* ਦਾ ਇਹ ਹਿੱਸਾ ਪਰਮੇਸ਼ੁਰ ਵਾਸਤੇ ਹੈ। ਸਾਰੀ ਚਰਬੀ ਦਾ ਹੱਕਦਾਰ ਯਹੋਵਾਹ ਹੈ।+
17 “‘ਤੁਸੀਂ ਚਰਬੀ ਜਾਂ ਖ਼ੂਨ ਬਿਲਕੁਲ ਨਾ ਖਾਣਾ।+ ਤੁਸੀਂ ਜਿੱਥੇ ਕਿਤੇ ਵੀ ਰਹੋ, ਪੀੜ੍ਹੀਓ-ਪੀੜ੍ਹੀ ਹਮੇਸ਼ਾ ਇਸ ਨਿਯਮ ਦੀ ਪਾਲਣਾ ਕਰਨੀ ਹੈ।’”