ਪਾਠ 19
ਉਹ ਰਖਵਾਲਾ, ਪਾਲਣਹਾਰ ਅਤੇ ਜ਼ਿੰਮੇਵਾਰ ਪਿਤਾ ਸੀ
1, 2. (ੳ) ਯੂਸੁਫ਼ ਤੇ ਉਸ ਦੇ ਪਰਿਵਾਰ ਨੂੰ ਕਿਹੜੀਆਂ ਤਬਦੀਲੀਆਂ ਕਰਨੀਆਂ ਪਈਆਂ? (ਅ) ਯੂਸੁਫ਼ ਨੇ ਆਪਣੀ ਪਤਨੀ ਨੂੰ ਕਿਹੜੀ ਬੁਰੀ ਖ਼ਬਰ ਦੱਸੀ?
ਯੂਸੁਫ਼ ਗਧੇ ਦੀ ਪਿੱਠ ʼਤੇ ਹੋਰ ਭਾਰ ਲੱਦ ਰਿਹਾ ਹੈ। ਉਹ ਬੈਤਲਹਮ ਸ਼ਹਿਰ ਦੀਆਂ ਸੁੰਨਸਾਨ ਗਲੀਆਂ ਵੱਲ ਦੇਖਦਾ ਹੋਇਆ ਗਧੇ ਨੂੰ ਥਪਥਪਾਉਂਦਾ ਹੈ। ਉਹ ਮਨ ਵਿਚ ਮਿਸਰ ਦੇਸ਼ ਦੇ ਲੰਬੇ ਸਫ਼ਰ ਬਾਰੇ ਸੋਚ ਰਿਹਾ ਹੈ। ਉਸ ਨੂੰ ਫ਼ਿਕਰ ਹੈ ਕਿ ਉਸ ਦਾ ਪਰਿਵਾਰ ਇਕ ਪਰਾਏ ਦੇਸ਼ ਵਿਚ ਕਿਵੇਂ ਰਹੇਗਾ ਜਿੱਥੇ ਲੋਕਾਂ ਦੀ ਬੋਲੀ ਅਤੇ ਰੀਤ-ਰਿਵਾਜ ਵੱਖਰੇ ਹਨ।
2 ਇਸ ਬਾਰੇ ਆਪਣੀ ਪਤਨੀ ਨੂੰ ਦੱਸਣਾ ਉਸ ਲਈ ਸੌਖਾ ਨਹੀਂ ਸੀ, ਫਿਰ ਵੀ ਉਸ ਨੇ ਹਿੰਮਤ ਕਰ ਕੇ ਉਸ ਨੂੰ ਦੱਸਿਆ। ਯੂਸੁਫ਼ ਨੇ ਮਰੀਅਮ ਨੂੰ ਦੱਸਿਆ ਕਿ ਸੁਪਨੇ ਵਿਚ ਪਰਮੇਸ਼ੁਰ ਦੇ ਦੂਤ ਨੇ ਉਸ ਨੂੰ ਕਿਹਾ: ‘ਰਾਜਾ ਹੇਰੋਦੇਸ ਤੁਹਾਡੇ ਬੇਟੇ ਨੂੰ ਮਰਵਾਉਣਾ ਚਾਹੁੰਦਾ ਹੈ! ਤੁਹਾਨੂੰ ਤੁਰੰਤ ਬੈਤਲਹਮ ਛੱਡਣਾ ਪਵੇਗਾ।’ (ਮੱਤੀ 2:13, 14 ਪੜ੍ਹੋ।) ਮਰੀਅਮ ਬਹੁਤ ਪਰੇਸ਼ਾਨ ਹੋ ਜਾਂਦੀ ਹੈ। ਭਲਾ ਕੋਈ ਉਸ ਦੇ ਮਾਸੂਮ ਤੇ ਭੋਲੇ-ਭਾਲੇ ਬੱਚੇ ਨੂੰ ਕਿਉਂ ਮਾਰਨਾ ਚਾਹੇਗਾ? ਇਹ ਗੱਲ ਮਰੀਅਮ ਤੇ ਯੂਸੁਫ਼ ਦੀ ਸਮਝ ਤੋਂ ਬਾਹਰ ਹੈ। ਪਰ ਉਨ੍ਹਾਂ ਨੂੰ ਯਹੋਵਾਹ ʼਤੇ ਭਰੋਸਾ ਹੈ, ਇਸ ਲਈ ਉਹ ਮਿਸਰ ਜਾਣ ਲਈ ਤਿਆਰ ਹੋ ਜਾਂਦੇ ਹਨ।
3. ਦੱਸੋ ਕਿ ਯੂਸੁਫ਼ ਤੇ ਉਸ ਦੇ ਪਰਿਵਾਰ ਨੇ ਕਿਨ੍ਹਾਂ ਹਾਲਾਤਾਂ ਵਿਚ ਬੈਤਲਹਮ ਛੱਡਿਆ ਸੀ। (ਤਸਵੀਰ ਵੀ ਦੇਖੋ।)
3 ਹੇਰੋਦੇਸ ਦੀ ਸਾਜ਼ਸ਼ ਤੋਂ ਬੇਖ਼ਬਰ ਬੈਤਲਹਮ ਸ਼ਹਿਰ ਦੇ ਲੋਕ ਗਹਿਰੀ ਨੀਂਦ ਸੁੱਤੇ ਪਏ ਹਨ ਤੇ ਯੂਸੁਫ਼ ਆਪਣੇ ਪਰਿਵਾਰ ਸਮੇਤ ਚੁੱਪ-ਚਪੀਤੇ ਉੱਥੋਂ ਨਿਕਲ ਜਾਂਦਾ ਹੈ। ਸੂਰਜ ਪੂਰਬ ਤੋਂ ਨਿਕਲਣਾ ਸ਼ੁਰੂ ਹੋ ਗਿਆ ਹੈ। ਦਿਨ ਚੜ੍ਹਨ ਵਾਲਾ ਹੈ। ਉਹ ਆਪਣੇ ਕਦਮ ਦੱਖਣ ਵੱਲ ਵਧਾਉਂਦੇ ਹਨ। ਯੂਸੁਫ਼ ਤੁਰਿਆ ਜਾਂਦਾ ਸੋਚ ਰਿਹਾ ਹੈ ਕਿ ਅੱਗੇ ਕੀ ਹੋਵੇਗਾ। ਇਕ ਮਾਮੂਲੀ ਜਿਹਾ ਤਰਖਾਣ ਤਾਕਤਵਰ ਦੁਸ਼ਮਣਾਂ ਤੋਂ ਆਪਣੇ ਪਰਿਵਾਰ ਦੀ ਰੱਖਿਆ ਕਿਵੇਂ ਕਰ ਸਕੇਗਾ? ਕੀ ਉਹ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਸਕੇਗਾ? ਕੀ ਉਹ ਯਹੋਵਾਹ ਪਰਮੇਸ਼ੁਰ ਦੇ ਬੇਟੇ ਦੀ ਪਰਵਰਿਸ਼ ਕਰਨ ਦੀ ਭਾਰੀ ਜ਼ਿੰਮੇਵਾਰੀ ਨੂੰ ਪੂਰੀ ਲਗਨ ਨਾਲ ਨਿਭਾ ਸਕੇਗਾ? ਯੂਸੁਫ਼ ਦੇ ਅੱਗੇ ਕਈ ਚੁਣੌਤੀਆਂ ਹਨ। ਅਸੀਂ ਦੇਖਾਂਗੇ ਕਿ ਯੂਸੁਫ਼ ਇਨ੍ਹਾਂ ਚੁਣੌਤੀਆਂ ਨੂੰ ਕਿਵੇਂ ਪਾਰ ਕਰਦਾ ਹੈ। ਨਾਲੇ ਅੱਜ ਪਰਿਵਾਰ ਦੇ ਮੁਖੀ ਤੇ ਅਸੀਂ ਸਾਰੇ ਯੂਸੁਫ਼ ਦੀ ਨਿਹਚਾ ਦੀ ਕਿਵੇਂ ਰੀਸ ਕਰ ਸਕਦੇ ਹਾਂ।
ਯੂਸੁਫ਼ ਆਪਣੇ ਪਰਿਵਾਰ ਦਾ ਰਖਵਾਲਾ ਸੀ
4, 5. (ੳ) ਯੂਸੁਫ਼ ਦੀ ਜ਼ਿੰਦਗੀ ਕਿਵੇਂ ਬਦਲ ਗਈ? (ਅ) ਦੂਤ ਨੇ ਯੂਸੁਫ਼ ਨੂੰ ਭਾਰੀ ਜ਼ਿੰਮੇਵਾਰੀ ਚੁੱਕਣ ਲਈ ਕਿਵੇਂ ਹੌਸਲਾ ਦਿੱਤਾ?
4 ਤਕਰੀਬਨ ਇਕ ਸਾਲ ਪਹਿਲਾਂ ਯੂਸੁਫ਼ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਜਦੋਂ ਉਸ ਦੀ ਕੁੜਮਾਈ ਹੇਲੀ ਦੀ ਧੀ ਮਰੀਅਮ ਨਾਲ ਹੋਈ। ਯੂਸੁਫ਼ ਜਾਣਦਾ ਸੀ ਕਿ ਮਰੀਅਮ ਯਹੋਵਾਹ ਤੇ ਉਸ ਦੇ ਅਸੂਲਾਂ ਨੂੰ ਬਹੁਤ ਪਿਆਰ ਕਰਦੀ ਸੀ। ਪਰ ਫਿਰ ਉਸ ਨੂੰ ਮਰੀਅਮ ਦੇ ਗਰਭਵਤੀ ਹੋਣ ਦਾ ਪਤਾ ਲੱਗਾ। ਉਸ ਨੇ ਮਰੀਅਮ ਨੂੰ ਬਦਨਾਮੀ ਤੋਂ ਬਚਾਉਣ ਲਈ ਚੁੱਪ-ਚੁਪੀਤੇ ਤਲਾਕ ਦੇਣ ਦਾ ਫ਼ੈਸਲਾ ਕੀਤਾ।a ਪਰ ਦੂਤ ਨੇ ਉਸ ਨੂੰ ਸੁਪਨੇ ਵਿਚ ਕਿਹਾ ਕਿ ਮਰੀਅਮ ਯਹੋਵਾਹ ਦੀ ਪਵਿੱਤਰ ਸ਼ਕਤੀ ਨਾਲ ਗਰਭਵਤੀ ਹੋਈ ਸੀ। ਦੂਤ ਨੇ ਇਹ ਵੀ ਦੱਸਿਆ ਕਿ ਯਿਸੂ “ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ।” ਫਿਰ ਉਸ ਨੇ ਯੂਸੁਫ਼ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ: “ਮਰੀਅਮ ਆਪਣੀ ਪਤਨੀ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ।”—ਮੱਤੀ 1:18-21.
5 ਯੂਸੁਫ਼ ਧਰਮੀ ਅਤੇ ਆਗਿਆਕਾਰ ਸੀ ਕਿਉਂਕਿ ਉਸ ਨੇ ਉਹੀ ਕੀਤਾ ਜੋ ਦੂਤ ਨੇ ਕਿਹਾ ਸੀ। ਭਾਵੇਂ ਕਿ ਇਹ ਉਸ ਦਾ ਆਪਣਾ ਬੱਚਾ ਨਹੀਂ ਸੀ, ਫਿਰ ਵੀ ਉਸ ਨੇ ਪਰਮੇਸ਼ੁਰ ਦੇ ਸਭ ਤੋਂ ਪਿਆਰੇ ਬੇਟੇ ਦੀ ਪਰਵਰਿਸ਼ ਕਰਨ ਦੀ ਭਾਰੀ ਜ਼ਿੰਮੇਵਾਰੀ ਸਵੀਕਾਰ ਕੀਤੀ। ਬਾਅਦ ਵਿਚ ਸਮਰਾਟ ਦੇ ਫ਼ਰਮਾਨ ʼਤੇ ਯੂਸੁਫ਼ ਆਪਣੀ ਗਰਭਵਤੀ ਪਤਨੀ ਨੂੰ ਲੈ ਕੇ ਬੈਤਲਹਮ ਵਿਚ ਆਪਣਾ ਨਾਂ ਦਰਜ ਕਰਵਾਉਣ ਗਿਆ। ਇਸੇ ਸ਼ਹਿਰ ਵਿਚ ਯਿਸੂ ਦਾ ਜਨਮ ਹੋਇਆ।
6-8. (ੳ) ਯੂਸੁਫ਼ ਤੇ ਉਸ ਦੇ ਪਰਿਵਾਰ ਨਾਲ ਹੋਰ ਕੀ ਵਾਪਰਿਆ? (ਅ) ਸਾਨੂੰ ਕਿੱਦਾਂ ਪਤਾ ਹੈ ਕਿ ਉਹ “ਤਾਰਾ” ਸ਼ੈਤਾਨ ਵੱਲੋਂ ਸੀ? (ਫੁਟਨੋਟ ਦੇਖੋ।)
6 ਨਾਸਰਤ ਵਾਪਸ ਜਾਣ ਦੀ ਬਜਾਇ ਯੂਸੁਫ਼ ਆਪਣੇ ਪਰਿਵਾਰ ਨਾਲ ਬੈਤਲਹਮ ਸ਼ਹਿਰ ਵਿਚ ਰਹਿਣ ਲੱਗ ਪਿਆ ਜੋ ਕਿ ਯਰੂਸ਼ਲਮ ਤੋਂ ਤਕਰੀਬਨ 10 ਕਿਲੋਮੀਟਰ ਦੂਰ ਸੀ। ਗ਼ਰੀਬ ਹੋਣ ਦੇ ਬਾਵਜੂਦ ਉਸ ਨੇ ਮਰੀਅਮ ਅਤੇ ਯਿਸੂ ਦੀਆਂ ਲੋੜਾਂ ਪੂਰੀਆਂ ਕਰਨ ਦੀ ਹਰ ਮੁਮਕਿਨ ਕੋਸ਼ਿਸ਼ ਕੀਤੀ। ਜਲਦੀ ਹੀ ਉਨ੍ਹਾਂ ਨੂੰ ਰਹਿਣ ਲਈ ਇਕ ਛੋਟਾ ਜਿਹਾ ਘਰ ਮਿਲ ਗਿਆ। ਜਦੋਂ ਯਿਸੂ ਥੋੜ੍ਹਾ ਜਿਹਾ ਵੱਡਾ ਹੋਇਆ, ਸ਼ਾਇਦ ਇਕ ਸਾਲ ਦਾ, ਤਾਂ ਅਚਾਨਕ ਉਨ੍ਹਾਂ ਦੀ ਜ਼ਿੰਦਗੀ ਵਿਚ ਇਕ ਨਵਾਂ ਮੋੜ ਆਇਆ।
7 ਪੂਰਬ ਵੱਲੋਂ ਕੁਝ ਜੋਤਸ਼ੀ ਜੋ ਸ਼ਾਇਦ ਬਾਬਲ ਤੋਂ ਸਨ, ਉਸ ਬੱਚੇ ਨੂੰ ਲੱਭ ਰਹੇ ਸਨ ਜਿਸ ਨੇ ਯਹੂਦੀਆਂ ਦਾ ਰਾਜਾ ਬਣਨਾ ਸੀ। ਉਹ ਇਕ “ਤਾਰੇ” ਦਾ ਪਿੱਛਾ ਕਰਦੇ-ਕਰਦੇ ਯੂਸੁਫ਼ ਤੇ ਮਰੀਅਮ ਦੇ ਘਰ ਪਹੁੰਚੇ ਅਤੇ ਉਨ੍ਹਾਂ ਨਾਲ ਬੜੇ ਆਦਰ ਨਾਲ ਪੇਸ਼ ਆਏ।
8 ਉਹ ਸ਼ਾਇਦ ਇਸ ਗੱਲੋਂ ਅਣਜਾਣ ਸਨ ਕਿ ਉਨ੍ਹਾਂ ਕਰਕੇ ਯਿਸੂ ਦੀ ਜ਼ਿੰਦਗੀ ਖ਼ਤਰੇ ਵਿਚ ਪੈ ਗਈ ਸੀ। ਬੈਤਲਹਮ ਆਉਣ ਤੋਂ ਪਹਿਲਾਂ ਉਹ “ਤਾਰਾ” ਉਨ੍ਹਾਂ ਨੂੰ ਯਰੂਸ਼ਲਮ ਲੈ ਗਿਆ ਜਿੱਥੇ ਉਨ੍ਹਾਂ ਨੇ ਦੁਸ਼ਟ ਰਾਜੇ ਹੇਰੋਦੇਸ ਨੂੰ ਦੱਸਿਆ ਕਿ ਉਹ ਉਸ ਬੱਚੇ ਦੀ ਭਾਲ ਵਿਚ ਸਨ ਜਿਹੜਾ ਯਹੂਦੀਆਂ ਦਾ ਰਾਜਾ ਬਣੇਗਾ।b ਇਹ ਸੁਣਦੇ ਸਾਰ ਹੀ ਰਾਜੇ ਦੇ ਦਿਲ ਵਿਚ ਨਫ਼ਰਤ ਦੀ ਅੱਗ ਮੱਚ ਗਈ।
9-11. (ੳ) ਯਹੋਵਾਹ ਨੇ ਹੇਰੋਦੇਸ ਤੇ ਸ਼ੈਤਾਨ ਤੋਂ ਯਿਸੂ ਦੀ ਰੱਖਿਆ ਕਿਵੇਂ ਕੀਤੀ? (ਅ) ਕਥਾ-ਕਹਾਣੀਆਂ ਤੋਂ ਉਲਟ ਮਿਸਰ ਤਕ ਦਾ ਸਫ਼ਰ ਕਿਸ ਤਰ੍ਹਾਂ ਦਾ ਸੀ?
9 ਪਰ ਯਹੋਵਾਹ ਹੇਰੋਦੇਸ ਤੇ ਸ਼ੈਤਾਨ ਤੋਂ ਯਿਸੂ ਦੀ ਰੱਖਿਆ ਕਰ ਰਿਹਾ ਸੀ ਜੋ ਉਨ੍ਹਾਂ ਤੋਂ ਵੀ ਜ਼ਿਆਦਾ ਤਾਕਤਵਰ ਹੈ। ਕਿਵੇਂ? ਜਦੋਂ ਜੋਤਸ਼ੀ ਘਰ ਅੰਦਰ ਗਏ, ਤਾਂ ਉਨ੍ਹਾਂ ਨੇ ਬੱਚੇ ਅਤੇ ਉਸ ਦੀ ਮਾਂ ਨੂੰ ਦੇਖਿਆ ਤੇ ਉਨ੍ਹਾਂ ਨੂੰ ਤੋਹਫ਼ੇ ਦਿੱਤੇ, ਪਰ ਬਦਲੇ ਵਿਚ ਕੁਝ ਨਹੀਂ ਮੰਗਿਆ। ਯੂਸੁਫ਼ ਤੇ ਮਰੀਅਮ “ਸੋਨਾ, ਖ਼ੁਸ਼ਬੂਦਾਰ ਧੂਪ ਤੇ ਗੰਧਰਸ” ਵਰਗੀਆਂ ਕੀਮਤੀ ਚੀਜ਼ਾਂ ਅਚਾਨਕ ਮਿਲਣ ʼਤੇ ਹੈਰਾਨ ਰਹਿ ਗਏ ਹੋਣੇ। ਜੋਤਸ਼ੀ ਵਾਪਸ ਜਾ ਕੇ ਰਾਜਾ ਹੇਰੋਦੇਸ ਨੂੰ ਦੱਸਣਾ ਚਾਹੁੰਦੇ ਸਨ ਕਿ ਯਿਸੂ ਕਿੱਥੇ ਸੀ। ਪਰ ਯਹੋਵਾਹ ਨੇ ਉਨ੍ਹਾਂ ਨੂੰ ਇਕ ਸੁਪਨੇ ਰਾਹੀਂ ਕਿਹਾ ਕਿ ਉਹ ਕਿਸੇ ਹੋਰ ਰਸਤਿਓਂ ਆਪਣੇ ਘਰ ਵਾਪਸ ਚਲੇ ਜਾਣ।—ਮੱਤੀ 2:1-12 ਪੜ੍ਹੋ।
10 ਜੋਤਸ਼ੀਆਂ ਦੇ ਜਾਣ ਤੋਂ ਕੁਝ ਸਮੇਂ ਬਾਅਦ, ਯੂਸੁਫ਼ ਨੂੰ ਯਹੋਵਾਹ ਦੇ ਦੂਤ ਤੋਂ ਇਹ ਚੇਤਾਵਨੀ ਮਿਲੀ: “ਉੱਠ, ਬੱਚੇ ਅਤੇ ਉਸ ਦੀ ਮਾਂ ਨੂੰ ਲੈ ਕੇ ਮਿਸਰ ਨੂੰ ਭੱਜ ਜਾਹ ਅਤੇ ਉੱਨਾ ਚਿਰ ਉੱਥੇ ਰਹੀਂ ਜਿੰਨਾ ਚਿਰ ਮੈਂ ਤੈਨੂੰ ਵਾਪਸ ਆਉਣ ਲਈ ਨਾ ਕਹਾਂ, ਕਿਉਂਕਿ ਹੇਰੋਦੇਸ ਬੱਚੇ ਨੂੰ ਜਾਨੋਂ ਮਾਰਨ ਲਈ ਉਸ ਨੂੰ ਲੱਭ ਰਿਹਾ ਹੈ।” (ਮੱਤੀ 2:13) ਜਿਵੇਂ ਅਸੀਂ ਇਸ ਪਾਠ ਦੇ ਸ਼ੁਰੂ ਵਿਚ ਦੇਖਿਆ ਸੀ, ਯੂਸੁਫ਼ ਨੇ ਫ਼ੌਰਨ ਕਹਿਣਾ ਮੰਨਿਆ। ਉਸ ਲਈ ਸਭ ਤੋਂ ਅਹਿਮ ਗੱਲ ਆਪਣੇ ਬੇਟੇ ਦੀ ਜਾਨ ਦੀ ਹਿਫਾਜ਼ਤ ਕਰਨੀ ਸੀ। ਇਸ ਲਈ ਉਹ ਆਪਣੇ ਪਰਿਵਾਰ ਨੂੰ ਲੈ ਕੇ ਮਿਸਰ ਚਲਾ ਗਿਆ। ਜੋਤਸ਼ੀ ਉਨ੍ਹਾਂ ਲਈ ਕੀਮਤੀ ਤੋਹਫ਼ੇ ਲੈ ਕੇ ਆਏ ਸਨ ਜਿਸ ਕਰਕੇ ਯੂਸੁਫ਼ ਕੋਲ ਹੁਣ ਮਿਸਰ ਤਕ ਜਾਣ ਅਤੇ ਉੱਥੇ ਰਹਿਣ ਲਈ ਕਾਫ਼ੀ ਪੈਸੇ ਸਨ।
11 ਕੁਝ ਕਥਾ-ਕਹਾਣੀਆਂ ਵਿਚ ਉਨ੍ਹਾਂ ਦੇ ਮਿਸਰ ਤਕ ਦੇ ਸਫ਼ਰ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ, ਜਿਵੇਂ ਕਿ ਯਿਸੂ ਨੇ ਚਮਤਕਾਰੀ ਢੰਗ ਨਾਲ ਸਫ਼ਰ ਦੇ ਦਿਨ ਘਟਾ ਦਿੱਤੇ, ਡਾਕੂਆਂ ਤੋਂ ਰੱਖਿਆ ਕੀਤੀ ਅਤੇ ਖਜੂਰਾਂ ਦੇ ਦਰਖ਼ਤ ਝੁਕਾ ਦਿੱਤੇ ਤਾਂਕਿ ਉਸ ਦੀ ਮਾਂ ਫਲ ਤੋੜ ਸਕੇ।c ਪਰ ਸੱਚਾਈ ਤਾਂ ਇਹ ਸੀ ਕਿ ਇਹ ਸਫ਼ਰ ਬਹੁਤ ਲੰਬਾ ਤੇ ਮੁਸ਼ਕਲਾਂ ਨਾਲ ਭਰਿਆ ਸੀ ਤੇ ਉਨ੍ਹਾਂ ਨੂੰ ਆਪਣੀ ਮੰਜ਼ਲ ਦਾ ਵੀ ਪਤਾ ਨਹੀਂ ਸੀ।
ਯੂਸੁਫ਼ ਨੇ ਆਪਣੇ ਪਰਿਵਾਰ ਦੀ ਖ਼ਾਤਰ ਕੁਰਬਾਨੀਆਂ ਕੀਤੀਆਂ
12. ਇਸ ਖ਼ਤਰਨਾਕ ਦੁਨੀਆਂ ਵਿਚ ਮਾਪੇ ਯੂਸੁਫ਼ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਨ?
12 ਅੱਜ ਮਾਪੇ ਯੂਸੁਫ਼ ਦੀ ਮਿਸਾਲ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਉਸ ਨੇ ਆਪਣੇ ਪਰਿਵਾਰ ਦੀ ਹਿਫਾਜ਼ਤ ਕਰਨ ਲਈ ਆਪਣਾ ਕੰਮ-ਕਾਰ ਛੱਡਿਆ ਅਤੇ ਹੋਰ ਕੁਰਬਾਨੀਆਂ ਕੀਤੀਆਂ। ਉਹ ਆਪਣੇ ਪਰਿਵਾਰ ਨੂੰ ਯਹੋਵਾਹ ਵੱਲੋਂ ਅਮਾਨਤ ਸਮਝਦਾ ਸੀ। ਅੱਜ ਦੀ ਖ਼ਤਰਨਾਕ ਦੁਨੀਆਂ ਵਿਚ ਮਾਪਿਆਂ ਲਈ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ ਬਹੁਤ ਵੱਡੀ ਚੁਣੌਤੀ ਹੈ। ਸ਼ੈਤਾਨ ਦੀ ਦੁਨੀਆਂ ਦਾ ਬੱਚਿਆਂ ʼਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਜਿਸ ਕਰਕੇ ਉਹ ਗ਼ਲਤ ਰਾਹ ਪੈ ਕੇ ਮੁਸੀਬਤਾਂ ਵਿਚ ਫਸ ਸਕਦੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਤਬਾਹ ਹੋ ਸਕਦੀ ਹੈ। ਜਦ ਮਾਪੇ ਯੂਸੁਫ਼ ਵਾਂਗ ਆਪਣੇ ਬੱਚਿਆਂ ਨੂੰ ਬੁਰੇ ਅਸਰਾਂ ਤੋਂ ਬਚਾਉਣ ਲਈ ਠੋਸ ਕਦਮ ਚੁੱਕਦੇ ਅਤੇ ਮਿਹਨਤ ਕਰਦੇ ਹਨ, ਤਾਂ ਇਹ ਵਾਕਈ ਕਾਬਲ-ਏ-ਤਾਰੀਫ਼ ਹੈ!
ਯੂਸੁਫ਼ ਆਪਣੇ ਪਰਿਵਾਰ ਦਾ ਪਾਲਣਹਾਰ ਸੀ
13, 14. ਯੂਸੁਫ਼ ਅਤੇ ਮਰੀਅਮ ਨੇ ਕਿਉਂ ਨਾਸਰਤ ਵਿਚ ਰਹਿਣ ਦਾ ਫ਼ੈਸਲਾ ਕੀਤਾ?
13 ਇੱਦਾਂ ਲੱਗਦਾ ਹੈ ਕਿ ਯੂਸੁਫ਼ ਦਾ ਪਰਿਵਾਰ ਜ਼ਿਆਦਾ ਦੇਰ ਤਕ ਮਿਸਰ ਵਿਚ ਨਹੀਂ ਰਿਹਾ ਕਿਉਂਕਿ ਛੇਤੀ ਹੀ ਇਕ ਦੂਤ ਨੇ ਯੂਸੁਫ਼ ਨੂੰ ਦੱਸਿਆ ਕਿ ਹੇਰੋਦੇਸ ਦੀ ਮੌਤ ਹੋ ਗਈ ਸੀ। ਯੂਸੁਫ਼ ਆਪਣੇ ਪਰਿਵਾਰ ਨੂੰ ਦੁਬਾਰਾ ਆਪਣੇ ਦੇਸ਼ ਲੈ ਆਇਆ ਜਿਵੇਂ ਭਵਿੱਖਬਾਣੀ ਵਿਚ ਦੱਸਿਆ ਗਿਆ ਸੀ ਕਿ ਯਹੋਵਾਹ ‘ਆਪਣੇ ਪੁੱਤਰ ਨੂੰ ਮਿਸਰ ਤੋਂ ਸੱਦੇਗਾ।’ (ਮੱਤੀ 2:15) ਇਸ ਤਰ੍ਹਾਂ ਯੂਸੁਫ਼ ਦੇ ਮਿਸਰ ਤੋਂ ਵਾਪਸ ਆਉਣ ਨਾਲ ਇਹ ਭਵਿੱਖਬਾਣੀ ਪੂਰੀ ਹੋਈ। ਪਰ ਹੁਣ ਉਹ ਆਪਣੇ ਪਰਿਵਾਰ ਨੂੰ ਕਿਹੜੀ ਜਗ੍ਹਾ ਲੈ ਕੇ ਜਾਵੇਗਾ?
14 ਯੂਸੁਫ਼ ਹੁਸ਼ਿਆਰ ਅਤੇ ਸਮਝਦਾਰ ਸੀ। ਉਹ ਜਾਣਦਾ ਸੀ ਕਿ ਹੇਰੋਦੇਸ ਤੋਂ ਬਾਅਦ ਅਰਕਿਲਾਊਸ ਰਾਜਾ ਬਣਿਆ ਸੀ ਅਤੇ ਉਹ ਵੀ ਹੇਰੋਦੇਸ ਵਾਂਗ ਵਹਿਸ਼ੀ ਤੇ ਖ਼ੂਨੀ ਸੀ। ਸ਼ਾਇਦ ਉੱਥੇ ਜਾਣ ਨਾਲ ਯਿਸੂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਸੀ। ਇਸ ਲਈ ਪਰਮੇਸ਼ੁਰ ਦੇ ਕਹਿਣ ʼਤੇ ਉਹ ਆਪਣੇ ਪਰਿਵਾਰ ਨੂੰ ਦੂਰ ਉੱਤਰ ਵੱਲ ਗਲੀਲ ਦੇ ਸ਼ਹਿਰ ਨਾਸਰਤ ਲੈ ਗਿਆ। ਉੱਥੇ ਯੂਸੁਫ਼ ਤੇ ਮਰੀਅਮ ਨੇ ਮਿਲ ਕੇ ਆਪਣੇ ਪਰਿਵਾਰ ਦੀ ਪਰਵਰਿਸ਼ ਕੀਤੀ।—ਮੱਤੀ 2:19-23 ਪੜ੍ਹੋ।
15, 16. ਯੂਸੁਫ਼ ਦਾ ਕੰਮ ਕਿਹੋ ਜਿਹਾ ਸੀ ਅਤੇ ਉਸ ਨੇ ਸ਼ਾਇਦ ਕਿਹੜੇ ਸੰਦ ਵਰਤੇ ਹੋਣੇ?
15 ਉਨ੍ਹਾਂ ਦੀ ਜ਼ਿੰਦਗੀ ਸਾਦੀ ਸੀ, ਪਰ ਸੌਖੀ ਨਹੀਂ ਸੀ। ਬਾਈਬਲ ਵਿਚ ਯੂਸੁਫ਼ ਨੂੰ ਤਰਖਾਣ ਕਿਹਾ ਗਿਆ ਹੈ। ਉਸ ਨੂੰ ਲੱਕੜਾਂ ਵੱਢ ਕੇ ਅਤੇ ਫਿਰ ਉਨ੍ਹਾਂ ਨੂੰ ਚੁੱਕ ਕੇ ਲਿਆਉਣੀਆਂ ਅਤੇ ਧੁੱਪੇ ਸੁਕਾਉਣੀਆਂ ਪੈਂਦੀਆਂ ਸਨ। ਉਹ ਉਨ੍ਹਾਂ ਲੱਕੜਾਂ ਨਾਲ ਘਰ, ਕਿਸ਼ਤੀਆਂ, ਛੋਟੇ ਪੁਲ, ਗੱਡੇ, ਪਹੀਏ, ਜੂਲੇ ਅਤੇ ਖੇਤੀ ਲਈ ਵਰਤੇ ਜਾਣ ਵਾਲੇ ਸੰਦ ਬਣਾਉਂਦਾ ਹੋਣਾ। (ਮੱਤੀ 13:55) ਇਸ ਕੰਮ ਵਿਚ ਕਾਫ਼ੀ ਮਿਹਨਤ ਲੱਗਦੀ ਸੀ। ਬਾਈਬਲ ਦੇ ਜ਼ਮਾਨੇ ਵਿਚ ਤਰਖਾਣ ਅਕਸਰ ਆਪਣੇ ਘਰ ਦੇ ਬਾਹਰ ਜਾਂ ਘਰ ਦੇ ਨਾਲ ਲੱਗਦੀ ਦੁਕਾਨ ਵਿਚ ਕੰਮ ਕਰਦੇ ਸਨ।
16 ਯੂਸੁਫ਼ ਕਈ ਕਿਸਮ ਦੇ ਸੰਦ ਵਰਤਦਾ ਸੀ ਜਿਨ੍ਹਾਂ ਵਿਚ ਕਈ ਸ਼ਾਇਦ ਉਸ ਦੇ ਪਿਤਾ ਨੇ ਉਸ ਨੂੰ ਦਿੱਤੇ ਸਨ। ਹੋ ਸਕਦਾ ਹੈ ਕਿ ਉਸ ਨੇ ਸਾਹਲ, ਆਰਾ, ਤੇਸਾ, ਲੱਕੜ ਦਾ ਹਥੌੜਾ, ਛੈਣੀ, ਵਰਮਾ, ਕਈ ਤਰ੍ਹਾਂ ਦੇ ਗੂੰਦ ਅਤੇ ਮੇਖਾਂ ਵੀ ਵਰਤੀਆਂ ਹੋਣ ਜੋ ਮਹਿੰਗੀਆਂ ਸਨ।
17, 18. (ੳ) ਯਿਸੂ ਨੇ ਆਪਣੇ ਪਿਤਾ ਯੂਸੁਫ਼ ਕੋਲੋਂ ਕੀ ਸਿੱਖਿਆ? (ਅ) ਯੂਸੁਫ਼ ਨੂੰ ਹੋਰ ਜ਼ਿਆਦਾ ਮਿਹਨਤ ਕਰਨ ਦੀ ਲੋੜ ਕਿਉਂ ਸੀ?
17 ਕਲਪਨਾ ਕਰੋ ਕਿ ਯਿਸੂ ਦੀਆਂ ਨਜ਼ਰਾਂ ਆਪਣੇ ਪਿਤਾ ਯੂਸੁਫ਼ ʼਤੇ ਟਿਕੀਆਂ ਹੋਈਆਂ ਹਨ ਅਤੇ ਉਹ ਉਸ ਨੂੰ ਕੰਮ ਕਰਦਿਆਂ ਦੇਖ ਰਿਹਾ ਹੈ। ਉਹ ਹੈਰਾਨ ਹੁੰਦਾ ਹੈ ਕਿ ਉਸ ਦੇ ਪਿਤਾ ਦੇ ਮਜ਼ਬੂਤ ਮੋਢਿਆਂ ਅਤੇ ਬਾਹਾਂ ਵਿਚ ਕਿੰਨੀ ਤਾਕਤ ਹੈ। ਨਾਲੇ ਉਹ ਕਿੰਨਾ ਕੁਸ਼ਲ ਤੇ ਬੁੱਧੀਮਾਨ ਕਾਰੀਗਰ ਹੈ। ਸ਼ਾਇਦ ਯੂਸੁਫ਼ ਨੇ ਯਿਸੂ ਨੂੰ ਬਚਪਨ ਤੋਂ ਹੀ ਛੋਟੇ-ਮੋਟੇ ਕੰਮ ਕਰਨੇ ਸਿਖਾ ਦਿੱਤੇ ਹੋਣੇ ਜਿਵੇਂ ਕਿ ਮੱਛੀ ਦੀ ਚਮੜੀ ਵਰਤ ਕੇ ਖੁਰਦਰੀ ਲੱਕੜ ਨੂੰ ਪੱਧਰਾ ਕਰਨਾ। ਨਾਲੇ ਉਸ ਨੇ ਯਿਸੂ ਨੂੰ ਵੱਖ-ਵੱਖ ਲੱਕੜਾਂ ਦੀ ਪਛਾਣ ਕਰਨੀ ਸਿਖਾਈ ਹੋਣੀ ਜਿਵੇਂ ਅੰਜੀਰ, ਬਲੂਤ ਅਤੇ ਜ਼ੈਤੂਨ ਦੀ ਲੱਕੜ।
18 ਯਿਸੂ ਨੇ ਦੇਖਿਆ ਕਿ ਜਿਨ੍ਹਾਂ ਮਜ਼ਬੂਤ ਹੱਥਾਂ ਨੇ ਇੰਨੇ ਦਰਖ਼ਤ ਵੱਢੇ, ਲੱਕੜਾਂ ਨੂੰ ਚੀਰ ਕੇ ਸ਼ਤੀਰ ਬਣਾਏ ਅਤੇ ਲੱਕੜਾਂ ਨੂੰ ਜੋੜਿਆ, ਉਨ੍ਹਾਂ ਹੱਥਾਂ ਨੇ ਪੂਰੇ ਪਰਿਵਾਰ ਨੂੰ ਪਿਆਰ ਵੀ ਦਿੱਤਾ ਸੀ। ਯੂਸੁਫ਼ ਤੇ ਮਰੀਅਮ ਦਾ ਪਰਿਵਾਰ ਵਧਿਆ-ਫੁੱਲਿਆ ਅਤੇ ਯਿਸੂ ਤੋਂ ਬਾਅਦ ਉਨ੍ਹਾਂ ਦੇ ਤਕਰੀਬਨ ਛੇ ਬੱਚੇ ਹੋਏ। (ਮੱਤੀ 13:55, 56) ਯੂਸੁਫ਼ ਨੂੰ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਹੁਣ ਹੋਰ ਵੀ ਜ਼ਿਆਦਾ ਮਿਹਨਤ ਕਰਨ ਦੀ ਲੋੜ ਸੀ।
ਯੂਸੁਫ਼ ਜਾਣਦਾ ਸੀ ਕਿ ਪਰਮੇਸ਼ੁਰ ਨਾਲ ਆਪਣੇ ਪਰਿਵਾਰ ਦਾ ਰਿਸ਼ਤਾ ਮਜ਼ਬੂਤ ਕਰਨਾ ਬਾਕੀ ਸਭ ਕੰਮਾਂ ਨਾਲੋਂ ਜ਼ਿਆਦਾ ਜ਼ਰੂਰੀ ਸੀ
19. ਯੂਸੁਫ਼ ਨੇ ਆਪਣੇ ਪਰਿਵਾਰ ਦਾ ਰਿਸ਼ਤਾ ਯਹੋਵਾਹ ਨਾਲ ਮਜ਼ਬੂਤ ਕਰਨ ਲਈ ਕੀ ਕੀਤਾ?
19 ਪਰ ਯੂਸੁਫ਼ ਜਾਣਦਾ ਸੀ ਕਿ ਪਰਮੇਸ਼ੁਰ ਨਾਲ ਆਪਣੇ ਪਰਿਵਾਰ ਦਾ ਰਿਸ਼ਤਾ ਮਜ਼ਬੂਤ ਕਰਨਾ ਬਾਕੀ ਸਭ ਕੰਮਾਂ ਨਾਲੋਂ ਜ਼ਿਆਦਾ ਜ਼ਰੂਰੀ ਸੀ। ਇਸ ਲਈ ਉਸ ਨੇ ਆਪਣੇ ਬੱਚਿਆਂ ਨੂੰ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਕਾਨੂੰਨਾਂ ਬਾਰੇ ਸਿਖਾਉਣ ਲਈ ਸਮਾਂ ਕੱਢਿਆ। ਯੂਸੁਫ਼ ਤੇ ਮਰੀਅਮ ਬਾਕਾਇਦਾ ਉਨ੍ਹਾਂ ਨੂੰ ਲਾਗੇ ਦੇ ਸਭਾ ਘਰ ਵਿਚ ਲੈ ਕੇ ਜਾਂਦੇ ਸਨ ਜਿੱਥੇ ਮੂਸਾ ਦਾ ਕਾਨੂੰਨ ਉੱਚੀ ਆਵਾਜ਼ ਵਿਚ ਪੜ੍ਹ ਕੇ ਸਮਝਾਇਆ ਜਾਂਦਾ ਸੀ। ਸ਼ਾਇਦ ਯਿਸੂ ਉੱਥੋਂ ਗੱਲਾਂ ਸੁਣ ਕੇ ਯਹੋਵਾਹ ਅਤੇ ਉਸ ਦੇ ਕਾਨੂੰਨਾਂ ਬਾਰੇ ਕਈ ਸਵਾਲ ਪੁੱਛਦਾ ਹੋਣਾ ਅਤੇ ਯੂਸੁਫ਼ ਉਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਹੋਣਾ। ਉਹ ਆਪਣੇ ਪਰਿਵਾਰ ਨੂੰ ਤਿਉਹਾਰ ਮਨਾਉਣ ਲਈ ਯਰੂਸ਼ਲਮ ਵੀ ਲੈ ਕੇ ਜਾਂਦਾ ਸੀ। ਹਰ ਸਾਲ ਪਸਾਹ ਦਾ ਤਿਉਹਾਰ ਮਨਾਉਣ ਲਈ ਯਰੂਸ਼ਲਮ ਤਕ 120 ਕਿਲੋਮੀਟਰ (75 ਮੀਲ) ਸਫ਼ਰ ਤੈਅ ਕਰਨ, ਤਿਉਹਾਰ ਮਨਾਉਣ ਅਤੇ ਵਾਪਸ ਆਉਣ ਵਿਚ ਦੋ ਹਫ਼ਤੇ ਲੱਗ ਜਾਂਦੇ ਹੋਣੇ।
20. ਮਸੀਹੀ ਪਰਿਵਾਰਾਂ ਦੇ ਮੁਖੀ ਯੂਸੁਫ਼ ਦੀ ਮਿਸਾਲ ʼਤੇ ਕਿਸ ਤਰ੍ਹਾਂ ਚੱਲ ਸਕਦੇ ਹਨ?
20 ਅੱਜ ਮਸੀਹੀ ਪਰਿਵਾਰਾਂ ਦੇ ਮੁਖੀ ਵੀ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਮਿਹਨਤ ਕਰਦੇ ਹਨ। ਪਰ ਉਹ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਉਣਾ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਸਮਝਦੇ ਹਨ। ਉਹ ਆਪਣੇ ਬੱਚਿਆਂ ਨਾਲ ਪਰਿਵਾਰਕ ਸਟੱਡੀ ਕਰਨ, ਉਨ੍ਹਾਂ ਨੂੰ ਸਭਾਵਾਂ ਅਤੇ ਸੰਮੇਲਨਾਂ ਤੇ ਲਿਜਾਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਯੂਸੁਫ਼ ਵਾਂਗ ਇਹ ਮਾਪੇ ਜਾਣਦੇ ਹਨ ਕਿ ਅੱਜ ਸਮਾਂ ਕੱਢ ਕੇ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਉਣ ਦੇ ਚੰਗੇ ਨਤੀਜੇ ਨਿਕਲ ਸਕਦੇ ਹਨ। ਇਸ ਤੋਂ ਵੱਧ ਕੀਮਤੀ ਤੋਹਫ਼ਾ ਹੋਰ ਕੋਈ ਹੋ ਹੀ ਨਹੀਂ ਸਕਦਾ।
“ਕਿੰਨੇ ਪਰੇਸ਼ਾਨ”
21. ਯੂਸੁਫ਼ ਦੇ ਪਰਿਵਾਰ ਲਈ ਪਸਾਹ ਦਾ ਤਿਉਹਾਰ ਕਿੱਦਾਂ ਦਾ ਮੌਕਾ ਸੀ ਅਤੇ ਉਨ੍ਹਾਂ ਨੂੰ ਕਦੋਂ ਅਹਿਸਾਸ ਹੋਇਆ ਕਿ ਯਿਸੂ ਉਨ੍ਹਾਂ ਦੇ ਨਾਲ ਨਹੀਂ ਸੀ?
21 ਜਦੋਂ ਯਿਸੂ 12 ਸਾਲ ਦਾ ਸੀ, ਤਾਂ ਯੂਸੁਫ਼ ਆਪਣੇ ਪਰਿਵਾਰ ਨੂੰ ਲੈ ਕੇ ਪਸਾਹ ਦਾ ਤਿਉਹਾਰ ਮਨਾਉਣ ਲਈ ਯਰੂਸ਼ਲਮ ਗਿਆ। ਇਸ ਮੌਕੇ ਤੇ ਕਈ ਪਰਿਵਾਰ ਕਾਫ਼ਲਿਆਂ ਵਿਚ ਇਕੱਠੇ ਹੋ ਕੇ ਹਰੇ-ਭਰੇ ਇਲਾਕਿਆਂ ਵਿੱਚੋਂ ਦੀ ਜਾ ਰਹੇ ਸਨ। ਯਰੂਸ਼ਲਮ ਦੇ ਨੇੜੇ ਪਹੁੰਚ ਕੇ ਕਈਆਂ ਨੇ ਪਰਮੇਸ਼ੁਰ ਦੀ ਮਹਿਮਾ ਦੇ ਗੀਤ ਗਾਉਣੇ ਸ਼ੁਰੂ ਕੀਤੇ। (ਜ਼ਬੂ. 120-134) ਸ਼ਹਿਰ ਵਿਚ ਲੱਖਾਂ ਹੀ ਲੋਕ ਆਏ ਹੋਏ ਸਨ ਜਿਸ ਕਰਕੇ ਉੱਥੇ ਬਹੁਤ ਚਹਿਲ-ਪਹਿਲ ਸੀ। ਤਿਉਹਾਰ ਖ਼ਤਮ ਹੋਣ ਤੇ ਸਾਰੇ ਲੋਕ ਆਪਣੇ ਘਰਾਂ ਨੂੰ ਵਾਪਸ ਜਾਣ ਲੱਗ ਪਏ। ਸਫ਼ਰ ਦੌਰਾਨ ਯੂਸੁਫ਼ ਤੇ ਮਰੀਅਮ ਦਾ ਧਿਆਨ ਸ਼ਾਇਦ ਹੋਰ ਕੰਮਾਂ ਵੱਲ ਹੋਣਾ ਅਤੇ ਉਨ੍ਹਾਂ ਨੂੰ ਲੱਗਾ ਕਿ ਯਿਸੂ ਬਾਕੀ ਰਿਸ਼ਤੇਦਾਰਾਂ ਜਾਂ ਕਿਸੇ ਹੋਰ ਨਾਲ ਹੋਣਾ। ਇਕ ਦਿਨ ਦਾ ਸਫ਼ਰ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਯਿਸੂ ਉਨ੍ਹਾਂ ਦੇ ਨਾਲ ਨਹੀਂ ਸੀ, ਤਾਂ ਉਨ੍ਹਾਂ ਦਾ ਕਲੇਜਾ ਮੂੰਹ ਨੂੰ ਆ ਗਿਆ।—ਲੂਕਾ 2:41-44.
22, 23. ਜਦੋਂ ਯੂਸੁਫ਼ ਤੇ ਮਰੀਅਮ ਨੂੰ ਯਿਸੂ ਦੇ ਗੁਆਚ ਜਾਣ ਬਾਰੇ ਪਤਾ ਲੱਗਾ, ਤਾਂ ਉਨ੍ਹਾਂ ਨੇ ਕੀ ਕੀਤਾ ਅਤੇ ਯਿਸੂ ਦੇ ਮਿਲ ਜਾਣ ਤੇ ਮਰੀਅਮ ਨੇ ਕੀ ਕਿਹਾ?
22 ਉਹ ਕਮਲਿਆਂ ਵਾਂਗ ਯਿਸੂ ਨੂੰ ਲੱਭਦੇ-ਲੱਭਦੇ ਯਰੂਸ਼ਲਮ ਵਾਪਸ ਗਏ। ਕਲਪਨਾ ਕਰੋ ਕਿ ਉਹ ਯਰੂਸ਼ਲਮ ਦੀਆਂ ਗਲੀਆਂ ਵਿਚ ਯਿਸੂ ਨੂੰ ਲੱਭਦੇ ਹੋਏ ਬੇਚੈਨੀ ਨਾਲ ਉੱਚੀ-ਉੱਚੀ ਆਵਾਜ਼ਾਂ ਮਾਰ ਰਹੇ ਹਨ। ਹੁਣ ਉਨ੍ਹਾਂ ਨੂੰ ਸ਼ਹਿਰ ਕਿੰਨਾ ਖਾਲੀ-ਖਾਲੀ ਲੱਗ ਰਿਹਾ ਹੈ। ਹਾਏ! ਕਿੱਥੇ ਚਲਾ ਗਿਆ ਯਿਸੂ? ਜਦੋਂ ਉਸ ਨੂੰ ਲੱਭਦਿਆਂ ਤਿੰਨ ਦਿਨ ਹੋ ਚੁੱਕੇ ਸਨ, ਤਾਂ ਯੂਸੁਫ਼ ਨੂੰ ਸ਼ਾਇਦ ਲੱਗਾ ਕਿ ਉਹ ਯਹੋਵਾਹ ਵੱਲੋਂ ਮਿਲੀ ਇਸ ਵੱਡੀ ਜ਼ਿੰਮੇਵਾਰੀ ਨੂੰ ਨਿਭਾਉਣ ਵਿਚ ਬੁਰੀ ਤਰ੍ਹਾਂ ਨਾਕਾਮ ਹੋ ਗਿਆ ਸੀ। ਆਖ਼ਰਕਾਰ ਉਹ ਮੰਦਰ ਪਹੁੰਚੇ। ਉੱਥੇ ਉਹ ਲੱਭਦੇ-ਲੱਭਦੇ ਇਕ ਵੱਡੇ ਕਮਰੇ ਵਿਚ ਪਹੁੰਚੇ ਜਿੱਥੇ ਕਾਨੂੰਨ ਦੇ ਮਾਹਰ ਧਰਮ-ਗੁਰੂ ਬੈਠੇ ਹੋਏ ਸਨ। ਯਿਸੂ ਉਨ੍ਹਾਂ ਦੇ ਨਾਲ ਬੈਠਾ ਸੀ। ਉਸ ਨੂੰ ਦੇਖ ਕੇ ਯੂਸੁਫ਼ ਤੇ ਮਰੀਅਮ ਦੇ ਸਾਹ ਵਿਚ ਸਾਹ ਆਇਆ ਹੋਣਾ।—ਲੂਕਾ 2:45, 46.
23 ਯਿਸੂ ਧਰਮ-ਗੁਰੂਆਂ ਦੀਆਂ ਗੱਲਾਂ ਧਿਆਨ ਨਾਲ ਸੁਣ ਰਿਹਾ ਸੀ ਤੇ ਬਿਨਾਂ ਝਿਜਕੇ ਉਨ੍ਹਾਂ ਕੋਲੋਂ ਸਵਾਲ ਪੁੱਛ ਰਿਹਾ ਸੀ। ਉਹ ਆਦਮੀ ਯਿਸੂ ਦੇ ਜਵਾਬ ਸੁਣ ਕੇ ਅਤੇ ਸਮਝ ਦੇਖ ਕੇ ਦੰਗ ਰਹਿ ਗਏ। ਮਰੀਅਮ ਤੇ ਯੂਸੁਫ਼ ਵੀ ਇਹ ਦੇਖ ਕੇ ਹੱਕੇ-ਬੱਕੇ ਰਹਿ ਗਏ। ਬਾਈਬਲ ਤੋਂ ਪਤਾ ਲੱਗਦਾ ਹੈ ਕਿ ਯੂਸੁਫ਼ ਨੇ ਉਸ ਵੇਲੇ ਕੁਝ ਨਹੀਂ ਕਿਹਾ। ਪਰ ਮਰੀਅਮ ਦੇ ਇਨ੍ਹਾਂ ਸ਼ਬਦਾਂ ਤੋਂ ਜ਼ਾਹਰ ਹੁੰਦਾ ਹੈ ਕਿ ਉਨ੍ਹਾਂ ਦੋਵਾਂ ਦਾ ਕੀ ਹਾਲ ਸੀ: “ਪੁੱਤ, ਤੂੰ ਇਹ ਸਾਡੇ ਨਾਲ ਕੀ ਕੀਤਾ? ਤੈਨੂੰ ਪਤਾ, ਮੈਂ ਤੇ ਤੇਰਾ ਪਿਤਾ ਤੈਨੂੰ ਲੱਭਦੇ-ਲੱਭਦੇ ਕਿੰਨੇ ਪਰੇਸ਼ਾਨ ਹੋਏ!”—ਲੂਕਾ 2:47, 48.
24. ਬਾਈਬਲ ਮਾਪਿਆਂ ਦੀ ਹਾਲਤ ਦੀ ਜੀਉਂਦੀ-ਜਾਗਦੀ ਤਸਵੀਰ ਕਿਵੇਂ ਪੇਸ਼ ਕਰਦੀ ਹੈ?
24 ਪਰਮੇਸ਼ੁਰ ਦਾ ਬਚਨ ਚੰਦ ਲਫ਼ਜ਼ਾਂ ਵਿਚ ਮਾਪਿਆਂ ਦੀ ਹਾਲਤ ਦੀ ਜੀਉਂਦੀ-ਜਾਗਦੀ ਤਸਵੀਰ ਪੇਸ਼ ਕਰਦਾ ਹੈ। ਬੱਚਿਆਂ ਦੀ ਪਰਵਰਿਸ਼ ਕਰਨੀ ਕੋਈ ਆਸਾਨ ਕੰਮ ਨਹੀਂ ਹੈ, ਭਾਵੇਂ ਬੱਚਾ ਮੁਕੰਮਲ ਹੀ ਕਿਉਂ ਨਾ ਹੋਵੇ! ਅੱਜ ਦੀ ਖ਼ਤਰਨਾਕ ਦੁਨੀਆਂ ਵਿਚ ਬੱਚਿਆਂ ਦੀ ਪਰਵਰਿਸ਼ ਕਰਨੀ ਹੋਰ ਵੀ ਔਖੀ ਹੈ ਕਿਉਂਕਿ ਪਰੇਸ਼ਾਨੀਆਂ ਬਿਨ-ਬੁਲਾਏ ਦਰਵਾਜ਼ਾ ਖੜਕਾਉਂਦੀਆਂ ਹੀ ਰਹਿੰਦੀਆਂ ਹਨ। ਪਰ ਮਾਪੇ ਇਸ ਗੱਲ ਤੋਂ ਹੌਸਲਾ ਪਾ ਸਕਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਦੀਆਂ ਪਰੇਸ਼ਾਨੀਆਂ ਸਮਝਦਾ ਹੈ।
25, 26. ਯਿਸੂ ਨੇ ਆਪਣੇ ਮਾਪਿਆਂ ਨੂੰ ਕੀ ਜਵਾਬ ਦਿੱਤਾ ਅਤੇ ਯੂਸੁਫ਼ ਨੇ ਉਸ ਦਾ ਜਵਾਬ ਸੁਣ ਕੇ ਕਿਵੇਂ ਮਹਿਸੂਸ ਕੀਤਾ ਹੋਣਾ?
25 ਯਿਸੂ ਮੰਦਰ ਵਿਚ ਇਸ ਲਈ ਰੁਕਿਆ ਸੀ ਕਿਉਂਕਿ ਉੱਥੇ ਉਹ ਆਪਣੇ ਸਵਰਗੀ ਪਿਤਾ ਦੇ ਨੇੜੇ ਮਹਿਸੂਸ ਕਰਦਾ ਸੀ ਅਤੇ ਉਸ ਨੂੰ ਆਪਣੇ ਪਿਤਾ ਬਾਰੇ ਸਿੱਖਣਾ ਬਹੁਤ ਚੰਗਾ ਲੱਗਦਾ ਸੀ। ਯਿਸੂ ਨੇ ਆਪਣੇ ਮਾਪਿਆਂ ਨੂੰ ਬੜੇ ਆਦਰ ਨਾਲ ਜਵਾਬ ਦਿੱਤਾ: “ਤੁਸੀਂ ਮੈਨੂੰ ਕਿਉਂ ਲੱਭ ਰਹੇ ਸੀ? ਤੁਹਾਨੂੰ ਨਹੀਂ ਪਤਾ ਕਿ ਮੈਂ ਆਪਣੇ ਪਿਤਾ ਦੇ ਘਰ ਹੀ ਹੋਵਾਂਗਾ?”—ਲੂਕਾ 2:49.
26 ਯੂਸੁਫ਼ ਨੇ ਇਨ੍ਹਾਂ ਸ਼ਬਦਾਂ ਬਾਰੇ ਵਾਰ-ਵਾਰ ਸੋਚਿਆ ਹੋਣਾ। ਉਸ ਨੂੰ ਮਾਣ ਮਹਿਸੂਸ ਹੋਇਆ ਹੋਣਾ ਕਿਉਂਕਿ ਉਸ ਨੇ ਆਪਣੇ ਬੇਟੇ ਯਿਸੂ ਨੂੰ ਪਰਮੇਸ਼ੁਰ ਬਾਰੇ ਸਿਖਾਉਣ ਵਿਚ ਜੋ ਮਿਹਨਤ ਕੀਤੀ ਸੀ, ਉਹ ਰੰਗ ਲਿਆ ਰਹੀ ਸੀ। ਉਹ ਇਹੀ ਚਾਹੁੰਦਾ ਸੀ ਕਿ ਯਿਸੂ ਪਰਮੇਸ਼ੁਰ ਨੂੰ ਆਪਣਾ “ਪਿਤਾ” ਸਮਝੇ। ਯੂਸੁਫ਼ ਨੇ ਇਕ ਪਿਤਾ ਦੇ ਤੌਰ ਤੇ ਚੰਗੀ ਮਿਸਾਲ ਕਾਇਮ ਕੀਤੀ ਸੀ। ਉਸ ਦੇ ਪਿਆਰ ਸਦਕਾ ਯਿਸੂ ਨੂੰ ਛੋਟੀ ਉਮਰ ਵਿਚ ਹੀ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਇਕ ਪਿਆਰ ਕਰਨ ਵਾਲਾ “ਪਿਤਾ” ਕਿੱਦਾਂ ਦਾ ਹੁੰਦਾ ਹੈ।
27. ਪਿਤਾ ਹੋਣ ਦੇ ਨਾਤੇ ਤੁਹਾਡੇ ਕੋਲ ਕੀ ਸਨਮਾਨ ਹੈ ਅਤੇ ਤੁਹਾਨੂੰ ਯੂਸੁਫ਼ ਦੀ ਮਿਸਾਲ ਕਿਉਂ ਯਾਦ ਰੱਖਣੀ ਚਾਹੀਦੀ ਹੈ?
27 ਪਿਤਾਓ, ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਤੁਹਾਡੇ ਕੋਲ ਕਿੰਨਾ ਵੱਡਾ ਸਨਮਾਨ ਹੈ? ਤੁਸੀਂ ਆਪਣੀ ਮਿਸਾਲ ਰਾਹੀਂ ਆਪਣੇ ਬੱਚਿਆਂ ਦੀ ਇਹ ਸਮਝਣ ਵਿਚ ਮਦਦ ਕਰ ਸਕਦੇ ਹੋ ਕਿ ਇਕ ਪਿਆਰ ਤੇ ਰਾਖੀ ਕਰਨ ਵਾਲਾ ਪਿਤਾ ਕਿੱਦਾਂ ਦਾ ਹੁੰਦਾ ਹੈ। ਜੇ ਤੁਹਾਡੇ ਬੱਚੇ ਮਤਰੇਏ ਹਨ ਜਾਂ ਤੁਸੀਂ ਗੋਦ ਲਏ ਹਨ, ਤਾਂ ਵੀ ਤੁਸੀਂ ਯੂਸੁਫ਼ ਦੀ ਮਿਸਾਲ ʼਤੇ ਚੱਲ ਸਕਦੇ ਹੋ। ਯਾਦ ਰੱਖੋ ਕਿ ਹਰ ਬੱਚੇ ਦਾ ਸੁਭਾਅ ਵੱਖੋ-ਵੱਖਰਾ ਹੁੰਦਾ ਹੈ ਅਤੇ ਹਰ ਬੱਚਾ ਅਨਮੋਲ ਹੁੰਦਾ ਹੈ। ਉਨ੍ਹਾਂ ਦੀ ਮਦਦ ਕਰੋ ਕਿ ਉਹ ਯਹੋਵਾਹ ਨੂੰ ਆਪਣਾ ਪਿਤਾ ਸਮਝਣ।—ਅਫ਼ਸੀਆਂ 6:4 ਪੜ੍ਹੋ।
ਯੂਸੁਫ਼ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਰਿਹਾ
28, 29. (ੳ) ਲੂਕਾ 2:51, 52 ਵਿਚ ਦਰਜ ਸ਼ਬਦਾਂ ਤੋਂ ਯੂਸੁਫ਼ ਬਾਰੇ ਕੀ ਪਤਾ ਲੱਗਦਾ ਹੈ? (ਅ) ਯੂਸੁਫ਼ ਨੇ ਆਪਣੇ ਪੁੱਤਰ ਦੀ ਸਮਝਦਾਰ ਬਣਨ ਵਿਚ ਕਿਵੇਂ ਮਦਦ ਕੀਤੀ?
28 ਬਾਈਬਲ ਵਿਚ ਯੂਸੁਫ਼ ਦੀ ਬਾਕੀ ਜ਼ਿੰਦਗੀ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ, ਪਰ ਇਸ ਜਾਣਕਾਰੀ ਤੋਂ ਯੂਸੁਫ਼ ਬਾਰੇ ਕਾਫ਼ੀ ਕੁਝ ਪਤਾ ਲੱਗਦਾ ਹੈ। ਅਸੀਂ ਪੜ੍ਹਦੇ ਹਾਂ ਕਿ ਯਿਸੂ ਆਪਣੇ ਮਾਪਿਆਂ ਦੇ “ਅਧੀਨ ਰਿਹਾ।” ਨਾਲੇ ਇਹ ਵੀ ਦੱਸਿਆ ਗਿਆ ਹੈ ਕਿ “ਯਿਸੂ ਵੱਡਾ ਹੁੰਦਾ ਗਿਆ ਅਤੇ ਸਮਝ ਵਿਚ ਵਧਦਾ ਗਿਆ। ਪਰਮੇਸ਼ੁਰ ਦੀ ਮਿਹਰ ਹਮੇਸ਼ਾ ਉਸ ਉੱਤੇ ਰਹੀ ਅਤੇ ਲੋਕ ਵੀ ਉਸ ਤੋਂ ਖ਼ੁਸ਼ ਸਨ।” (ਲੂਕਾ 2:51, 52 ਪੜ੍ਹੋ।) ਇਨ੍ਹਾਂ ਸ਼ਬਦਾਂ ਤੋਂ ਯੂਸੁਫ਼ ਬਾਰੇ ਕੀ ਪਤਾ ਲੱਗਦਾ ਹੈ? ਇਹ ਕਿ ਯੂਸੁਫ਼ ਨੇ ਪਰਿਵਾਰ ਦੇ ਮੁਖੀ ਦੇ ਤੌਰ ʼਤੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ, ਇਸੇ ਲਈ ਉਸ ਦੇ ਮੁਕੰਮਲ ਪੁੱਤਰ ਨੇ ਉਸ ਦੇ ਅਧਿਕਾਰ ਦਾ ਆਦਰ ਕੀਤਾ ਅਤੇ ਉਸ ਦੇ ਅਧੀਨ ਰਿਹਾ।
29 ਅਸੀਂ ਇਹ ਵੀ ਦੇਖਿਆ ਕਿ ਯਿਸੂ ਸਮਝ ਵਿਚ ਵਧਦਾ ਗਿਆ। ਇਸ ਵਿਚ ਯੂਸੁਫ਼ ਦਾ ਬਹੁਤ ਵੱਡਾ ਹੱਥ ਸੀ। ਉਨ੍ਹਾਂ ਦਿਨਾਂ ਵਿਚ ਯਹੂਦੀਆਂ ਦੀ ਇਕ ਪੁਰਾਣੀ ਤੇ ਮਸ਼ਹੂਰ ਕਹਾਵਤ ਸੀ ਜੋ ਅੱਜ ਵੀ ਕਿਤਾਬਾਂ ਵਿਚ ਪੜ੍ਹੀ ਜਾ ਸਕਦੀ ਹੈ। ਇਸ ਕਹਾਵਤ ਅਨੁਸਾਰ ਸਿਰਫ਼ ਅਮੀਰ ਤੇ ਉੱਚੇ ਅਹੁਦਿਆਂ ਵਾਲੇ ਲੋਕ ਹੀ, ਜਿਨ੍ਹਾਂ ਕੋਲ ਵਿਹਲਾ ਸਮਾਂ ਹੁੰਦਾ ਹੈ, ਬੁੱਧੀਮਾਨ ਹੁੰਦੇ ਹਨ, ਪਰ ਤਰਖਾਣ, ਕਿਸਾਨ, ਲੁਹਾਰ ਤੇ ਹੱਥੀਂ ਕੰਮ ਕਰਨ ਵਾਲੇ ਹੋਰ ਲੋਕ ਸਹੀ-ਗ਼ਲਤ ਵਿਚ ਫ਼ਰਕ ਨਹੀਂ ਕਰ ਸਕਦੇ ਅਤੇ ਨਾ ਹੀ ਉਹ ਦੂਜਿਆਂ ਦਾ ਨਿਆਂ ਕਰ ਸਕਦੇ ਹਨ। ਬਾਅਦ ਵਿਚ ਯਿਸੂ ਨੇ ਸਾਬਤ ਕੀਤਾ ਕਿ ਇਹ ਸ਼ਬਦ ਕਿੰਨੇ ਖੋਖਲੇ ਸਨ ਕਿਉਂਕਿ ਉਹ ਆਪ ਬਹੁਤ ਬੁੱਧੀਮਾਨ ਸੀ ਅਤੇ ਉਸ ਦੇ ਸਮਝਦਾਰ ਬਣਨ ਵਿਚ ਯੂਸੁਫ਼ ਦਾ ਬਹੁਤ ਵੱਡਾ ਯੋਗਦਾਨ ਸੀ। ਛੋਟੇ ਹੁੰਦਿਆਂ ਉਹ ਅਕਸਰ ਦੇਖਦਾ ਹੁੰਦਾ ਸੀ ਕਿ ਭਾਵੇਂ ਉਸ ਦਾ ਪਿਤਾ ਗ਼ਰੀਬ ਸੀ, ਪਰ ਫਿਰ ਵੀ ਉਹ ਬਹੁਤ ਅਸਰਦਾਰ ਢੰਗ ਨਾਲ ਸਿਖਾਉਂਦਾ ਸੀ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਕੀ ਸਹੀ ਹੈ ਤੇ ਕੀ ਗ਼ਲਤ।
30. ਯੂਸੁਫ਼ ਨੇ ਪਰਿਵਾਰ ਦੇ ਮੁਖੀਆਂ ਲਈ ਕਿਹੜੀ ਮਿਸਾਲ ਕਾਇਮ ਕੀਤੀ?
30 ਯੂਸੁਫ਼ ਨੇ ਬਚਪਨ ਤੋਂ ਹੀ ਯਿਸੂ ਦੇ ਖਾਣ-ਪੀਣ ਦਾ ਵੀ ਧਿਆਨ ਰੱਖਿਆ ਹੋਣਾ ਜਿਸ ਕਰਕੇ ਉਹ ਵੱਡਾ ਹੋ ਕੇ ਤੰਦਰੁਸਤ ਤੇ ਸਿਹਤਮੰਦ ਬਣਿਆ। ਇਸ ਤੋਂ ਇਲਾਵਾ, ਯੂਸੁਫ਼ ਨੇ ਆਪਣੇ ਪੁੱਤਰ ਨੂੰ ਤਰਖਾਣ ਦਾ ਕੰਮ ਚੰਗੀ ਤਰ੍ਹਾਂ ਸਿਖਾਇਆ। ਇਸ ਲਈ ਯਿਸੂ ਨੂੰ ਤਰਖਾਣ ਦਾ ਪੁੱਤਰ ਹੀ ਨਹੀਂ, ਸਗੋਂ “ਤਰਖਾਣ” ਵੀ ਕਿਹਾ ਜਾਂਦਾ ਸੀ। (ਮਰ. 6:3) ਯੂਸੁਫ਼ ਦੀ ਮਿਹਨਤ ਰੰਗ ਲਿਆਈ ਸੀ। ਅੱਜ ਪਰਿਵਾਰ ਦੇ ਮੁਖੀ ਯੂਸੁਫ਼ ਦੀ ਮਿਸਾਲ ʼਤੇ ਚੱਲਦੇ ਹੋਏ ਇਹ ਧਿਆਨ ਰੱਖ ਸਕਦੇ ਹਨ ਕਿ ਉਨ੍ਹਾਂ ਦੇ ਬੱਚੇ ਸਿਹਤਮੰਦ ਹੋਣ ਅਤੇ ਆਪਣੇ ਪੈਰਾਂ ʼਤੇ ਖੜ੍ਹੇ ਹੋਣ ਦੇ ਕਾਬਲ ਬਣਨ।
31. (ੳ) ਕਿਹੜੇ ਸਬੂਤਾਂ ਤੋਂ ਯੂਸੁਫ਼ ਦੀ ਮੌਤ ਬਾਰੇ ਪਤਾ ਲੱਗਦਾ ਹੈ? (ਡੱਬੀ ਵੀ ਦੇਖੋ।) (ਅ) ਯੂਸੁਫ਼ ਸਾਡੇ ਲਈ ਕਿਹੜੀ ਮਿਸਾਲ ਛੱਡ ਕੇ ਗਿਆ?
31 ਜਦੋਂ 30 ਸਾਲ ਦੀ ਉਮਰ ਵਿਚ ਯਿਸੂ ਨੇ ਬਪਤਿਸਮਾ ਲਿਆ ਸੀ, ਉਸ ਸਮੇਂ ਬਾਈਬਲ ਵਿਚ ਯੂਸੁਫ਼ ਦਾ ਕੋਈ ਜ਼ਿਕਰ ਨਹੀਂ ਆਉਂਦਾ। ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਜਦੋਂ ਯਿਸੂ ਨੇ ਆਪਣੀ ਸੇਵਕਾਈ ਸ਼ੁਰੂ ਕੀਤੀ, ਉਸ ਸਮੇਂ ਮਰੀਅਮ ਵਿਧਵਾ ਸੀ। (“ਯੂਸੁਫ਼ ਦੀ ਮੌਤ ਕਦੋਂ ਹੋਈ?” ਨਾਂ ਦੀ ਡੱਬੀ ਦੇਖੋ।) ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਯੂਸੁਫ਼ ਸਾਰਿਆਂ ਲਈ ਇਕ ਵਧੀਆ ਪਿਤਾ ਹੋਣ ਦੀ ਬਿਹਤਰੀਨ ਮਿਸਾਲ ਛੱਡ ਕੇ ਗਿਆ! ਉਹ ਆਪਣੇ ਪਰਿਵਾਰ ਦਾ ਰਖਵਾਲਾ ਤੇ ਪਾਲਣਹਾਰ ਸੀ ਅਤੇ ਅੰਤ ਤਕ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਰਿਹਾ। ਵਾਕਈ, ਹਰ ਪਰਿਵਾਰ ਦੇ ਮੁਖੀ ਅਤੇ ਬਾਕੀ ਸਾਰੇ ਮਸੀਹੀਆਂ ਨੂੰ ਯੂਸੁਫ਼ ਦੀ ਨਿਹਚਾ ਦੀ ਰੀਸ ਕਰਨੀ ਚਾਹੀਦੀ ਹੈ।
a ਉਨ੍ਹਾਂ ਦਿਨਾਂ ਵਿਚ ਕੁੜਮਾਈ ਨੂੰ ਵਿਆਹ ਦੇ ਬਰਾਬਰ ਸਮਝਿਆ ਜਾਂਦਾ ਸੀ।
b ਇਹ “ਤਾਰਾ” ਕੋਈ ਸੱਚੀ-ਮੁੱਚੀ ਦਾ ਤਾਰਾ ਨਹੀਂ ਸੀ। ਸ਼ੈਤਾਨ ਨੇ ਯਿਸੂ ਨੂੰ ਮਾਰਨ ਅਤੇ ਆਪਣੀ ਚਾਲ ਨੂੰ ਸਿਰੇ ਚਾੜ੍ਹਨ ਲਈ ਇਸ ਕਰਾਮਾਤੀ ਸ਼ਕਤੀ ਨੂੰ ਵਰਤਿਆ।
c ਬਾਈਬਲ ਵਿਚ ਸਾਫ਼ ਦੱਸਿਆ ਗਿਆ ਹੈ ਕਿ ਯਿਸੂ ਨੇ “ਪਹਿਲਾ ਚਮਤਕਾਰ” ਆਪਣੇ ਬਪਤਿਸਮੇ ਤੋਂ ਬਾਅਦ ਕੀਤਾ ਸੀ।—ਯੂਹੰ. 2:1-11.