ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ | ਯੂਸੁਫ਼
“ਜਿਹੜਾ ਸੁਫਨਾ ਮੈਂ ਡਿੱਠਾ ਸੁਣੋ”
ਯੂਸੁਫ਼ ਨੇ ਤਰਸਦੀਆਂ ਨਿਗਾਹਾਂ ਨਾਲ ਪੂਰਬ ਵੱਲ ਦੇਖਿਆ ਅਤੇ ਸੋਚਿਆ ਕਿ ਕਾਸ਼ ਉਹ ਕਾਫ਼ਲੇ ਤੋਂ ਆਜ਼ਾਦ ਹੋ ਕੇ ਭੱਜ ਜਾਵੇ। ਉਨ੍ਹਾਂ ਪਹਾੜੀਆਂ ਦੇ ਪਿੱਛੇ ਕਿਤੇ ਥੋੜ੍ਹੀ ਹੀ ਦੂਰੀ ʼਤੇ ਉਸ ਦਾ ਘਰ ਹਬਰੋਨ ਵਿਚ ਹੈ। ਸ਼ਾਮ ਨੂੰ ਉਸ ਦਾ ਪਿਤਾ ਯਾਕੂਬ ਘਰੇ ਹੀ ਹੈ ਅਤੇ ਉਹ ਇਸ ਗੱਲ ਤੋਂ ਬੇਖ਼ਬਰ ਹੈ ਕਿ ਉਸ ਦੇ ਲਾਡਲੇ ਬੇਟੇ ʼਤੇ ਕੀ ਬੀਤ ਰਹੀ ਹੈ। ਪਰ ਹੁਣ ਯੂਸੁਫ਼ ਆਪਣੇ ਪਿਆਰੇ ਪਿਤਾ ਤੋਂ ਬਹੁਤ ਦੂਰ ਚਲਾ ਗਿਆ ਸੀ ਅਤੇ ਸ਼ਾਇਦ ਉਸ ਨੇ ਸੋਚਿਆ ਹੋਣਾ ਕਿ ਉਹ ਆਪਣੇ ਪਿਤਾ ਦਾ ਚਿਹਰਾ ਕਦੇ ਨਹੀਂ ਦੇਖ ਪਾਵੇਗਾ। ਜਿੱਦਾਂ-ਜਿੱਦਾਂ ਵਪਾਰੀ ਊਠਾਂ ਨੂੰ ਦੱਖਣ ਵੱਲ ਲੈ ਕੇ ਜਾ ਰਹੇ ਸਨ, ਉਨ੍ਹਾਂ ਦੀਆਂ ਨਜ਼ਰਾਂ ਯੂਸੁਫ਼ ʼਤੇ ਟਿਕੀਆਂ ਰਹੀਆਂ। ਹੁਣ ਉਨ੍ਹਾਂ ਨੇ ਇਸ ਖ਼ਰੀਦੇ ਗਏ ਗ਼ੁਲਾਮ ਨੂੰ ਹੱਥੋਂ ਨਹੀਂ ਸੀ ਜਾਣ ਦੇਣਾ। ਇਨ੍ਹਾਂ ਵਪਾਰੀਆਂ ਲਈ ਯੂਸੁਫ਼ ਖ਼ੁਸ਼ਬੂਦਾਰ ਗੂੰਦ ਅਤੇ ਤੇਲ ਦੇ ਬੇਸ਼ਕੀਮਤੀ ਮਾਲ ਦੀ ਤਰ੍ਹਾਂ ਸੀ ਜਿਸ ਨੂੰ ਮਿਸਰ ਵਿਚ ਵੇਚ ਕੇ ਉਨ੍ਹਾਂ ਨੂੰ ਮੁਨਾਫ਼ਾ ਹੋਣਾ ਸੀ।
ਇਸ ਵੇਲੇ ਯੂਸੁਫ਼ ਦੀ ਉਮਰ ਕੁਝ 17 ਕੁ ਸਾਲਾਂ ਦੀ ਸੀ। ਜ਼ਰਾ ਸੋਚੋ ਕਿ ਉਸ ਨੇ ਪੱਛਮ ਵੱਲ ਮਹਾਂ ਸਾਗਰ ਵਿਚ ਡੁੱਬਦੇ ਸੂਰਜ ਨੂੰ ਦੇਖ ਕੇ ਸੋਚਿਆ ਹੋਣਾ ਕਿ ਉਸ ਦੀ ਜ਼ਿੰਦਗੀ ਇਕਦਮ ਕਿਵੇਂ ਬਦਤਰ ਹੋ ਗਈ। ਉਸ ਨੂੰ ਯਕੀਨ ਹੀ ਨਹੀਂ ਆਇਆ ਕਿ ਉਸ ਦੇ ਆਪਣੇ ਭਰਾ ਉਸ ਦਾ ਕਤਲ ਕਰਨਾ ਚਾਹੁੰਦੇ ਸਨ ਅਤੇ ਫਿਰ ਉਨ੍ਹਾਂ ਨੇ ਉਸ ਨੂੰ ਗ਼ੁਲਾਮ ਵਜੋਂ ਵੇਚ ਦਿੱਤਾ। ਵਾਕਈ ਯੂਸੁਫ਼ ਨੇ ਆਪਣੇ ਹੰਝੂਆਂ ਨੂੰ ਬਹੁਤ ਮੁਸ਼ਕਲ ਨਾਲ ਰੋਕਿਆ ਹੋਣਾ। ਉਸ ਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਅੱਗੇ ਜਾ ਕੇ ਉਸ ਨਾਲ ਕੀ-ਕੀ ਹੋਣ ਵਾਲਾ ਸੀ।
ਯੂਸੁਫ਼ ਦੀ ਅਜਿਹੀ ਬੁਰੀ ਹਾਲਤ ਕਿਉਂ ਹੋਈ? ਨਾਲੇ ਅਸੀਂ ਇਸ ਨੌਜਵਾਨ ਦੀ ਨਿਹਚਾ ਤੋਂ ਕੀ ਸਿੱਖ ਸਕਦੇ ਹਾਂ ਜਿਸ ਦੇ ਆਪਣਿਆਂ ਨੇ ਉਸ ਨਾਲ ਬਦਸਲੂਕੀ ਕੀਤੀ ਅਤੇ ਉਸ ਨੂੰ ਤਿਆਗ ਦਿੱਤਾ?
ਪਰਿਵਾਰ ਵਿਚ ਕਲੇਸ਼
ਯੂਸੁਫ਼ ਇਕ ਬਹੁਤ ਵੱਡੇ ਪਰਿਵਾਰ ਵਿਚ ਪੈਦਾ ਹੋਇਆ ਸੀ ਜਿਸ ਵਿਚ ਨਾ ਤਾਂ ਖ਼ੁਸ਼ੀ ਸੀ ਤੇ ਨਾ ਹੀ ਏਕਤਾ। ਬਾਈਬਲ ਯਾਕੂਬ ਦੇ ਪਰਿਵਾਰ ਬਾਰੇ ਸਾਫ਼-ਸਾਫ਼ ਦੱਸਦੀ ਹੈ ਕਿ ਇਕ ਤੋਂ ਜ਼ਿਆਦਾ ਵਿਆਹ ਕਰਾਉਣ ਦੇ ਕਿਹੜੇ ਮਾੜੇ ਨਤੀਜੇ ਨਿਕਲ ਸਕਦੇ ਹਨ। ਉਸ ਜ਼ਮਾਨੇ ਵਿਚ ਇਹ ਇਕ ਅਜਿਹੀ ਬੁਰੀ ਰੀਤ ਸੀ ਜਿਸ ਨੂੰ ਪਰਮੇਸ਼ੁਰ ਨੇ ਆਪਣੇ ਲੋਕਾਂ ਵਿਚ ਤਦ ਤਕ ਬਰਦਾਸ਼ਤ ਕੀਤਾ ਜਦ ਤਕ ਉਸ ਦੇ ਬੇਟੇ ਯਿਸੂ ਨੇ ਧਰਤੀ ʼਤੇ ਆ ਕੇ ਦੁਬਾਰਾ ਤੋਂ ਇੱਕੋ ਵਿਆਹ ਦਾ ਮੁਢਲਾ ਸਿਧਾਂਤ ਸ਼ੁਰੂ ਨਹੀਂ ਕਰ ਦਿੱਤਾ। (ਮੱਤੀ 19:4-6) ਯਾਕੂਬ ਦੇ ਘੱਟੋ-ਘੱਟ 14 ਬੱਚੇ ਸਨ ਜੋ ਚਾਰ ਤੀਵੀਆਂ ਤੋਂ ਪੈਦਾ ਹੋਏ ਸਨ। ਉਸ ਦੀਆਂ ਦੋ ਪਤਨੀਆਂ ਸਨ ਜਿਨ੍ਹਾਂ ਦੇ ਨਾਂ ਲੇਆਹ ਅਤੇ ਰਾਕੇਲ ਸਨ ਅਤੇ ਉਨ੍ਹਾਂ ਦੀਆਂ ਦੋ ਨੌਕਰਾਣੀਆਂ ਜਿਲਫਾਹ ਅਤੇ ਬਿਲਹਾਹ ਸਨ। ਸ਼ੁਰੂ ਤੋਂ ਹੀ ਯਾਕੂਬ ਖੂਬਸੂਰਤ ਰਾਕੇਲ ਨੂੰ ਬਹੁਤ ਪਿਆਰ ਕਰਦਾ ਸੀ। ਯਾਕੂਬ ਨੇ ਅਜਿਹਾ ਪਿਆਰ ਲੇਆਹ ਲਈ ਕਦੀ ਵੀ ਮਹਿਸੂਸ ਨਹੀਂ ਸੀ ਕੀਤਾ ਜਿਸ ਦਾ ਵਿਆਹ ਉਸ ਨਾਲ ਧੋਖੇ ਨਾਲ ਕਰਵਾਇਆ ਗਿਆ ਸੀ। ਇਨ੍ਹਾਂ ਦੋਵਾਂ ਭੈਣਾਂ ਵਿਚ ਦੁਸ਼ਮਣੀ ਤੇ ਨਫ਼ਰਤ ਪੈਦਾ ਹੋ ਗਈ ਜਿਸ ਕਾਰਨ ਉਹ ਲੜਦੀਆਂ-ਝਗੜਦੀਆਂ ਰਹਿੰਦੀਆਂ ਸਨ। ਇਸੇ ਕਾਰਨ ਉਨ੍ਹਾਂ ਦੇ ਬੱਚੇ ਵੀ ਇਕ-ਦੂਜੇ ਨਾਲ ਨਫ਼ਰਤ ਕਰਦੇ ਸਨ।—ਉਤਪਤ 29:16-35; 30:1, 8, 19, 20; 37:35.
ਰਾਕੇਲ ਲੰਬੇ ਸਮੇਂ ਤਕ ਬਾਂਝ ਸੀ ਅਤੇ ਅਖ਼ੀਰ ਜਦ ਉਸ ਨੇ ਯੂਸੁਫ਼ ਨੂੰ ਜਨਮ ਦਿੱਤਾ, ਤਾਂ ਯਾਕੂਬ ਨੇ ਆਪਣੇ ਬੁਢਾਪੇ ਦੇ ਇਸ ਪੁੱਤ ਨੂੰ ਸਭ ਤੋਂ ਜ਼ਿਆਦਾ ਪਿਆਰ ਕੀਤਾ। ਮਿਸਾਲ ਲਈ, ਇਕ ਸਮੇਂ ਤੇ ਏਸਾਓ ਆਪਣੇ ਭਰਾ ਨੂੰ ਮਾਰਨਾ ਚਾਹੁੰਦਾ ਸੀ। ਪਰ ਜਦ ਯਾਕੂਬ ਆਪਣੇ ਪਰਿਵਾਰ ਸਮੇਤ ਆਪਣੇ ਭਰਾ ਏਸਾਓ ਨੂੰ ਮਿਲਣ ਲਈ ਗਿਆ, ਤਾਂ ਯਾਕੂਬ ਨੇ ਰਾਕੇਲ ਨੂੰ ਅਤੇ ਨਿੱਕੇ ਯੂਸੁਫ਼ ਨੂੰ ਪਰਿਵਾਰ ਦੇ ਬਾਕੀ ਮੈਂਬਰਾਂ ਤੋਂ ਪਿੱਛੇ ਰੱਖਿਆ। ਯੂਸੁਫ਼ ਉਸ ਔਖੇ ਦਿਨ ਨੂੰ ਕਦੇ ਨਹੀਂ ਭੁੱਲਿਆ ਹੋਣਾ। ਕਲਪਨਾ ਕਰੋ ਕਿ ਅਗਲੀ ਸਵੇਰ ਆਪਣੇ ਬਜ਼ੁਰਗ, ਪਰ ਤਕੜੇ ਪਿਤਾ ਨੂੰ ਲੰਗੜਾ ਕੇ ਤੁਰਦਿਆਂ ਦੇਖ ਕੇ ਉਸ ਨੂੰ ਕਿੱਦਾਂ ਲੱਗਾ ਹੋਣਾ! ਉਹ ਇਹ ਜਾਣ ਕੇ ਕਿੰਨਾ ਹੈਰਾਨ ਹੋਇਆ ਹੋਣਾ ਕਿ ਉਸ ਦਾ ਪਿਤਾ ਸਾਰੀ ਰਾਤ ਇਕ ਸ਼ਕਤੀਸ਼ਾਲੀ ਦੂਤ ਨਾਲ ਕੁਸ਼ਤੀ ਕਰਦਾ ਰਿਹਾ! ਪਰ ਕਿਉਂ? ਕਿਉਂਕਿ ਯਾਕੂਬ ਯਹੋਵਾਹ ਪਰਮੇਸ਼ੁਰ ਤੋਂ ਬਰਕਤ ਪਾਉਣੀ ਚਾਹੁੰਦਾ ਸੀ। ਨਤੀਜੇ ਵਜੋਂ, ਉਸ ਨੂੰ ਇਹ ਇਨਾਮ ਮਿਲਿਆ ਕਿ ਉਸ ਦਾ ਨਾਂ ਯਾਕੂਬ ਤੋਂ ਬਦਲ ਕੇ ਇਜ਼ਰਾਈਲ ਰੱਖਿਆ ਗਿਆ ਅਤੇ ਸਾਰੀ ਕੌਮ ਨੂੰ ਇਸ ਨਾਂ ਤੋਂ ਜਾਣਿਆ ਜਾਣਾ ਸੀ! (ਉਤਪਤ 32:22-31) ਹੌਲੀ-ਹੌਲੀ ਯੂਸੁਫ਼ ਨੇ ਸਿੱਖਿਆ ਕਿ ਯਾਕੂਬ ਦੇ ਪੁੱਤਰਾਂ ਤੋਂ ਹੀ ਇਜ਼ਰਾਈਲੀ ਕੌਮ ਬਣਨੀ ਸੀ!
ਬਾਅਦ ਵਿਚ ਯੂਸੁਫ਼ ਦੀ ਜ਼ਿੰਦਗੀ ਵਿਚ ਇਕ ਹਾਦਸਾ ਵਾਪਰਿਆ। ਉਸ ਨੂੰ ਆਪਣੀ ਪਿਆਰੀ ਮਾਂ ਦਾ ਵਿਛੋੜਾ ਝੱਲਣਾ ਪਿਆ ਜੋ ਉਸ ਦੇ ਛੋਟੇ ਭਰਾ ਬਿਨਯਾਮੀਨ ਨੂੰ ਜਨਮ ਦਿੰਦਿਆਂ ਚੱਲ ਵੱਸੀ। ਉਸ ਦੇ ਪਿਤਾ ਨੂੰ ਇਸ ਦਾ ਗਹਿਰਾ ਸਦਮਾ ਲੱਗਾ। ਸੋਚੋ ਕਿ ਯਾਕੂਬ ਬੜੇ ਪਿਆਰ ਨਾਲ ਯੂਸੁਫ਼ ਦੇ ਹੰਝੂਆਂ ਨੂੰ ਪੂੰਝਦਿਆਂ ਉਸ ਨੂੰ ਉਹੀ ਦਿਲਾਸਾ ਦਿੰਦਾ ਹੈ ਜੋ ਇਕ ਵੇਲੇ ਯਾਕੂਬ ਦੇ ਦਾਦੇ ਅਬਰਾਹਾਮ ਨੂੰ ਮਿਲਿਆ ਸੀ। ਯੂਸੁਫ਼ ਨੂੰ ਇਹ ਜਾਣ ਕੇ ਕਿੰਨਾ ਵਧੀਆ ਲੱਗਾ ਹੋਣਾ ਕਿ ਇਕ ਦਿਨ ਯਹੋਵਾਹ ਉਸ ਦੀ ਪਿਆਰੀ ਮਾਂ ਨੂੰ ਦੁਬਾਰਾ ਜੀਉਂਦਾ ਜ਼ਰੂਰ ਕਰੇਗਾ! ਨਾਲੇ ਯੂਸੁਫ਼ ਦੇ ਮਨ ਵਿਚ ਆਪਣੇ ਦਰਿਆ-ਦਿਲ ‘ਜੀਉਂਦੇ ਪਰਮੇਸ਼ੁਰ’ ਲਈ ਪਿਆਰ ਹੋਰ ਵੀ ਵਧਿਆ ਹੋਣਾ। (ਲੂਕਾ 20:38; ਇਬਰਾਨੀਆਂ 11:17-19) ਆਪਣੀ ਪਤਨੀ ਦੀ ਮੌਤ ਤੋਂ ਬਾਅਦ ਯਾਕੂਬ ਨੇ ਰਾਕੇਲ ਦੇ ਦੋਵੇਂ ਬੱਚਿਆਂ ਦੀ ਬੜੇ ਲਾਡ-ਪਿਆਰ ਨਾਲ ਦੇਖ-ਭਾਲ ਕੀਤੀ।—ਉਤਪਤ 35:18-20; 37:3; 44:27-29.
ਜੇ ਅੱਜ ਬਹੁਤ ਸਾਰੇ ਬੱਚਿਆਂ ਨਾਲ ਅਜਿਹਾ ਲਾਡ-ਪਿਆਰ ਕੀਤਾ ਜਾਵੇ, ਤਾਂ ਸ਼ਾਇਦ ਉਹ ਵਿਗੜ ਜਾਣ, ਪਰ ਯੂਸੁਫ਼ ਨੇ ਆਪਣੇ ਮਾਪਿਆਂ ਤੋਂ ਬਹੁਤ ਸਾਰੇ ਚੰਗੇ ਗੁਣ ਸਿੱਖੇ। ਨਾਲੇ ਉਸ ਨੇ ਸਹੀ-ਗ਼ਲਤ ਦੀ ਪਛਾਣ ਕਰਨੀ ਸਿੱਖੀ ਅਤੇ ਆਪਣੇ ਵਿਚ ਮਜ਼ਬੂਤ ਨਿਹਚਾ ਵੀ ਪੈਦਾ ਕੀਤੀ। 17 ਸਾਲਾਂ ਦੀ ਉਮਰ ਵਿਚ ਉਸ ਨੇ ਇਕ ਚਰਵਾਹੇ ਵਜੋਂ ਕੰਮ ਕੀਤਾ ਅਤੇ ਉਸ ਨੇ ਇਸ ਕੰਮ ਵਿਚ ਆਪਣੇ ਭਰਾਵਾਂ ਦੀ ਮਦਦ ਵੀ ਕੀਤੀ। ਪਰ ਉਨ੍ਹਾਂ ਨਾਲ ਕੰਮ ਕਰਦਿਆਂ ਯੂਸੁਫ਼ ਨੇ ਦੇਖਿਆ ਕਿ ਉਸ ਦੇ ਭਰਾ ਕੁਝ ਗ਼ਲਤ ਕੰਮ ਕਰ ਰਹੇ ਸਨ। ਕੀ ਆਪਣੇ ਭਰਾਵਾਂ ਨਾਲ ਵਧੀਆ ਰਿਸ਼ਤਾ ਬਣਾਈ ਰੱਖਣ ਲਈ ਉਸ ਨੇ ਆਪਣਾ ਮੂੰਹ ਬੰਦ ਰੱਖਿਆ? ਉਸ ਨੇ ਉਹੀ ਕੀਤਾ ਜੋ ਸਹੀ ਸੀ ਅਤੇ ਸਾਰੀ ਗੱਲ ਆਪਣੇ ਪਿਤਾ ਨੂੰ ਦੱਸ ਦਿੱਤੀ। (ਉਤਪਤ 37:2) ਆਪਣੇ ਲਾਡਲੇ ਬੇਟੇ ਦੀ ਦਲੇਰੀ ਦੇਖ ਕੇ ਯਾਕੂਬ ਨੂੰ ਸ਼ਾਇਦ ਉਸ ʼਤੇ ਬੜਾ ਨਾਜ਼ ਹੋਇਆ ਹੋਣਾ। ਯੂਸੁਫ਼ ਸਾਰੇ ਨੌਜਵਾਨ ਮਸੀਹੀਆਂ ਲਈ ਕਿੰਨੀ ਹੀ ਵਧੀਆ ਮਿਸਾਲ ਹੈ! ਜਦ ਸਾਨੂੰ ਆਪਣੇ ਕਿਸੇ ਭੈਣ-ਭਰਾ ਜਾਂ ਦੋਸਤ ਦੇ ਕਿਸੇ ਗੰਭੀਰ ਪਾਪ ਬਾਰੇ ਪਤਾ ਲੱਗਦਾ ਹੈ, ਤਾਂ ਅਕਲਮੰਦੀ ਦੀ ਗੱਲ ਹੋਵੇਗੀ ਕਿ ਅਸੀਂ ਵੀ ਯੂਸੁਫ਼ ਦੀ ਰੀਸ ਕਰੀਏ ਅਤੇ ਇਸ ਬਾਰੇ ਉਨ੍ਹਾਂ ਨੂੰ ਦੱਸੀਏ ਜੋ ਗ਼ਲਤੀ ਕਰਨ ਵਾਲੇ ਦੀ ਮਦਦ ਕਰ ਸਕਦੇ ਹਨ।—ਲੇਵੀਆਂ 5:1.
ਅਸੀਂ ਯੂਸੁਫ਼ ਦੇ ਪਰਿਵਾਰ ਤੋਂ ਇਕ ਹੋਰ ਸਬਕ ਸਿੱਖਦੇ ਹਾਂ। ਹਾਲਾਂਕਿ ਸੱਚੇ ਮਸੀਹੀ ਇਕ ਤੋਂ ਜ਼ਿਆਦਾ ਪਤਨੀਆਂ ਨਹੀਂ ਰੱਖਦੇ, ਪਰ ਅਜਿਹੇ ਪਰਿਵਾਰ ਹਨ ਜਿਨ੍ਹਾਂ ਵਿਚ ਮਤਰੇਏ ਮਾਂ-ਪਿਓ, ਬੱਚੇ ਅਤੇ ਭੈਣ-ਭਰਾ ਹਨ। ਅਸੀਂ ਸਾਰੇ ਯਾਕੂਬ ਦੇ ਪਰਿਵਾਰ ਤੋਂ ਸਿੱਖ ਸਕਦੇ ਹਾਂ ਕਿ ਇਕ ਬੱਚੇ ਨੂੰ ਆਪਣੇ ਦੂਜੇ ਬੱਚਿਆਂ ਨਾਲੋਂ ਜ਼ਿਆਦਾ ਪਿਆਰ ਕਰਨ ਜਾਂ ਉਨ੍ਹਾਂ ਨਾਲ ਫ਼ਰਕ ਕਰਨ ਨਾਲ ਪਰਿਵਾਰ ਵਿਚ ਏਕਤਾ ਨਹੀਂ ਰਹਿੰਦੀ। ਅਜਿਹੇ ਪਰਿਵਾਰਾਂ ਵਿਚ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਅਤੇ ਮਤਰੇਏ ਬੱਚਿਆਂ ਨੂੰ ਯਕੀਨ ਦਿਵਾਉਣ ਕਿ ਉਹ ਹਰ ਬੱਚੇ ਨੂੰ ਪਿਆਰ ਕਰਦੇ ਹਨ, ਹਰ ਬੱਚੇ ਦੇ ਵਧੀਆ ਗੁਣਾਂ ਦੀ ਤਾਰੀਫ਼ ਕਰਦੇ ਹਨ ਅਤੇ ਹਰ ਬੱਚਾ ਪਰਿਵਾਰ ਦੀ ਖ਼ੁਸ਼ੀ ਦੁਗਣੀ ਕਰ ਸਕਦਾ ਹੈ।—ਰੋਮੀਆਂ 2:11.
ਈਰਖਾ ਜੜ੍ਹ ਫੜਦੀ ਹੈ
ਸ਼ਾਇਦ ਯੂਸੁਫ਼ ਦੀ ਸਹੀ ਕੰਮ ਲਈ ਦਲੇਰੀ ਦੇਖ ਕੇ ਯਾਕੂਬ ਨੇ ਉਸ ਨੂੰ ਇਨਾਮ ਦਿੱਤਾ। ਉਸ ਨੇ ਆਪਣੇ ਬੇਟੇ ਲਈ ਇਕ ਖ਼ਾਸ ਚੋਗਾ ਬਣਵਾਇਆ। (ਉਤਪਤ 37:3) ਕਿਹਾ ਜਾਂਦਾ ਹੈ ਕਿ ਇਹ ਧਾਰੀਆਂ ਵਾਲਾ ਜਾਂ ਰੰਗ-ਬਰੰਗਾ ਚੋਗਾ ਸੀ, ਪਰ ਇਸ ਦਾ ਸਾਡੇ ਕੋਲ ਕੋਈ ਸਬੂਤ ਨਹੀਂ ਹੈ। ਹੋ ਸਕਦਾ ਹੈ ਕਿ ਇਹ ਲੰਬਾ ਤੇ ਸੋਹਣਾ ਚੋਗਾ ਪੂਰੀਆਂ ਬਾਹਾਂ ਵਾਲਾ ਸੀ ਅਤੇ ਲੱਤਾਂ ਤਕ ਆਉਂਦਾ ਸੀ। ਅਜਿਹਾ ਲਿਬਾਸ ਸ਼ਾਇਦ ਅਮੀਰ ਬੰਦੇ ਜਾਂ ਰਾਜਕੁਮਾਰ ਪਾਉਂਦੇ ਸੀ।
ਯਾਕੂਬ ਦੇ ਇਰਾਦੇ ਨੇਕ ਸਨ ਅਤੇ ਯੂਸੁਫ਼ ਆਪਣੇ ਪਿਤਾ ਵੱਲੋਂ ਮਿਲੇ ਤੋਹਫ਼ੇ ਕਰਕੇ ਜ਼ਰੂਰ ਖ਼ੁਸ਼ ਹੋਇਆ ਹੋਣਾ ਕਿ ਉਸ ਦਾ ਪਿਤਾ ਉਸ ਨੂੰ ਕਿੰਨਾ ਜ਼ਿਆਦਾ ਪਿਆਰ ਕਰਦਾ ਸੀ। ਪਰ ਉਸ ਚੋਗੇ ਨੇ ਘਰ ਵਿਚ ਕਲੇਸ਼ ਖੜ੍ਹਾ ਕਰ ਦਿੱਤਾ। ਇਕ ਗੱਲ ਯਾਦ ਰੱਖੋ ਕਿ ਯੂਸੁਫ਼ ਇਕ ਚਰਵਾਹਾ ਸੀ ਜੋ ਮਿਹਨਤ-ਮੁਸ਼ੱਕਤ ਵਾਲਾ ਕੰਮ ਸੀ। ਕਲਪਨਾ ਕਰੋ ਕਿ ਉਸ ਲਈ ਸ਼ਾਹੀ ਚੋਗਾ ਪਾ ਕੇ ਇਹ ਕੰਮ ਕਰਨੇ ਕਿੰਨੇ ਔਖੇ ਹੋਣੇ, ਜਿਵੇਂ ਕਿ ਲੰਬੇ ਘਾਹ ਵਿਚ ਤੁਰਨਾ, ਪਹਾੜੀਆਂ ʼਤੇ ਚੜ੍ਹਨਾ ਜਾਂ ਕੰਡਿਆਲ਼ੀ ਝਾੜੀ ਵਿਚ ਫਸੇ ਕਿਸੇ ਭਟਕੇ ਹੋਏ ਲੇਲੇ ਨੂੰ ਕੱਢਣਾ। ਇਸ ਤੋਂ ਵੀ ਬੁਰੀ ਗੱਲ ਇਹ ਹੋਈ ਹੋਣੀ ਕਿ ਜਦ ਯੂਸੁਫ਼ ਦੇ ਭਰਾਵਾਂ ਨੇ ਯਾਕੂਬ ਦੇ ਦਿੱਤੇ ਤੋਹਫ਼ੇ ਨੂੰ ਦੇਖਿਆ, ਤਾਂ ਉਨ੍ਹਾਂ ਦੇ ਮਨ ਵਿਚ ਕੀ ਆਇਆ ਹੋਣਾ?
ਬਾਈਬਲ ਜਵਾਬ ਦਿੰਦੀ ਹੈ: “ਉਪਰੰਤ ਜਾਂ ਉਹ ਦੇ ਭਰਾਵਾਂ ਨੇ ਵੇਖਿਆ ਕਿ ਉਨ੍ਹਾਂ ਦਾ ਪਿਤਾ ਉਹ ਨੂੰ ਉਹ ਦੇ ਸਾਰੇ ਭਰਾਵਾਂ ਨਾਲੋਂ ਵੱਧ ਤੇਹ ਕਰਦਾ ਹੈ ਤਾਂ ਓਹ ਉਸ ਦੇ ਨਾਲ ਵੈਰ ਰੱਖਣ ਲੱਗੇ ਅਰ ਉਹ ਦੇ ਨਾਲ ਸ਼ਾਂਤੀ ਨਾਲ ਨਹੀਂ ਬੋਲ ਸੱਕਦੇ ਸਨ।”a (ਉਤਪਤ 37:4) ਅਸੀਂ ਯੂਸੁਫ਼ ਦੇ ਭਰਾਵਾਂ ਦੀ ਈਰਖਾ ਦਾ ਕਾਰਨ ਤਾਂ ਸਮਝ ਸਕਦੇ ਹਾਂ, ਪਰ ਉਨ੍ਹਾਂ ਲਈ ਚੰਗੀ ਗੱਲ ਨਹੀਂ ਸੀ ਕਿ ਉਨ੍ਹਾਂ ਨੇ ਜ਼ਹਿਰ ਵਰਗੀ ਇਸ ਭਾਵਨਾ ਨੂੰ ਆਪਣੇ ʼਤੇ ਹਾਵੀ ਹੋਣ ਦਿੱਤਾ। (ਕਹਾਉਤਾਂ 14:30; 27:4) ਜਦ ਕਿਸੇ ਨੂੰ ਕੋਈ ਸਨਮਾਨ ਮਿਲਦਾ ਹੈ, ਤਾਂ ਕੀ ਤੁਹਾਨੂੰ ਜਲ਼ਣ ਹੁੰਦੀ ਹੈ ਕਿਉਂਕਿ ਤੁਸੀਂ ਸੋਚਦੇ ਸੀ ਕਿ ਉਹ ਸਨਮਾਨ ਤੁਹਾਨੂੰ ਮਿਲਣਾ ਚਾਹੀਦਾ ਸੀ? ਤਾਂ ਫਿਰ ਯੂਸੁਫ਼ ਦੇ ਭਰਾਵਾਂ ਨੂੰ ਚੇਤੇ ਰੱਖੋ। ਉਨ੍ਹਾਂ ਨੇ ਈਰਖਾ ਕਾਰਨ ਉਹ ਭੈੜੇ ਕੰਮ ਕੀਤੇ ਜਿਸ ਕਾਰਨ ਬਾਅਦ ਵਿਚ ਉਹ ਬਹੁਤ ਜ਼ਿਆਦਾ ਪਛਤਾਏ। ਉਨ੍ਹਾਂ ਦੀ ਮਿਸਾਲ ਸਾਨੂੰ ਮਸੀਹੀਆਂ ਨੂੰ ਯਾਦ ਕਰਾਉਂਦੀ ਹੈ ਕਿ ਅਕਲਮੰਦੀ ਇਸੇ ਵਿਚ ਹੈ ਕਿ ਅਸੀਂ ‘ਖ਼ੁਸ਼ੀਆਂ ਮਨਾਉਣ ਵਾਲੇ ਲੋਕਾਂ ਨਾਲ ਖ਼ੁਸ਼ੀਆਂ ਮਨਾਈਏ।’—ਰੋਮੀਆਂ 12:15.
ਯੂਸੁਫ਼ ਆਪਣੇ ਭਰਾਵਾਂ ਦੀ ਦੁਸ਼ਮਣੀ ਦਾ ਕਾਰਨ ਜਾਣਦਾ ਸੀ, ਪਰ ਕੀ ਉਸ ਨੇ ਆਪਣੇ ਭਰਾਵਾਂ ਤੋਂ ਆਪਣਾ ਸੋਹਣਾ ਚੋਗਾ ਲੁਕਾਇਆ ਸੀ? ਸ਼ਾਇਦ ਉਸ ਨੇ ਇਸ ਤਰ੍ਹਾਂ ਕਰਨ ਦਾ ਸੋਚਿਆ ਹੋਵੇ। ਯਾਦ ਰੱਖੋ ਕਿ ਯਾਕੂਬ ਚਾਹੁੰਦਾ ਸੀ ਕਿ ਯੂਸੁਫ਼ ਇਹ ਚੋਗਾ ਪਾਵੇ ਕਿਉਂਕਿ ਇਹ ਉਸ ਦੇ ਪਿਆਰ ਤੇ ਮਿਹਰ ਦੀ ਨਿਸ਼ਾਨੀ ਸੀ। ਯੂਸੁਫ਼ ਆਪਣੇ ਪਿਤਾ ਦਾ ਭਰੋਸਾ ਤੋੜਨਾ ਨਹੀਂ ਸੀ ਚਾਹੁੰਦਾ, ਇਸ ਲਈ ਉਸ ਨੇ ਇਹ ਚੋਗਾ ਵਫ਼ਾਦਾਰੀ ਨਾਲ ਪਾਇਆ। ਉਸ ਦੀ ਮਿਸਾਲ ਸਾਡੇ ਸਾਰਿਆਂ ਲਈ ਮਾਅਨੇ ਰੱਖਦੀ ਹੈ। ਹਾਲਾਂਕਿ ਸਾਡਾ ਸਵਰਗੀ ਪਿਤਾ ਪੱਖਪਾਤ ਨਹੀਂ ਕਰਦਾ, ਪਰ ਕਦੇ-ਕਦੇ ਉਹ ਆਪਣੇ ਕੁਝ ਵਫ਼ਾਦਾਰ ਸੇਵਕਾਂ ਨੂੰ ਕਿਸੇ ਖ਼ਾਸ ਕੰਮ ਲਈ ਚੁਣਦਾ ਹੈ। ਨਾਲੇ ਪਰਮੇਸ਼ੁਰ ਚਾਹੁੰਦਾ ਹੈ ਕਿ ਉਸ ਦੇ ਸੇਵਕ ਇਸ ਬੁਰੀ ਅਤੇ ਬਦਚਲਣ ਦੁਨੀਆਂ ਵਿਚ ਵੱਖਰੇ ਨਜ਼ਰ ਆਉਣ। ਯੂਸੁਫ਼ ਦੇ ਸੋਹਣੇ ਚੋਗੇ ਵਾਂਗ ਸੱਚੇ ਮਸੀਹੀ ਆਪਣੇ ਚਾਲ-ਚਲਣ ਕਾਰਨ ਆਪਣੇ ਆਲੇ-ਦੁਆਲੇ ਦੇ ਲੋਕਾਂ ਤੋਂ ਬਿਲਕੁਲ ਵੱਖਰੇ ਦਿੱਸਦੇ ਹਨ। ਅਜਿਹੇ ਵਧੀਆ ਚਾਲ-ਚਲਣ ਕਾਰਨ ਲੋਕ ਉਨ੍ਹਾਂ ਨਾਲ ਨਫ਼ਰਤ ਅਤੇ ਵੈਰ ਕਰਦੇ ਹਨ। (1 ਪਤਰਸ 4:4) ਕੀ ਸਾਨੂੰ ਪਰਮੇਸ਼ੁਰ ਦੇ ਸੱਚੇ ਸੇਵਕ ਹੋਣ ਦੇ ਨਾਤੇ ਆਪਣੀ ਪਛਾਣ ਲੁਕੋ ਕੇ ਰੱਖਣੀ ਚਾਹੀਦੀ ਹੈ? ਬਿਲਕੁਲ ਨਹੀਂ, ਕਿਉਂਕਿ ਯੂਸੁਫ਼ ਨੇ ਵੀ ਆਪਣਾ ਚੋਗਾ ਲੁਕੋ ਕੇ ਨਹੀਂ ਸੀ ਰੱਖਿਆ।—ਲੂਕਾ 11:33.
ਯੂਸੁਫ਼ ਦੇ ਸੁਪਨੇ
ਫਿਰ ਯੂਸੁਫ਼ ਨੇ ਦੋ ਅਨੋਖੇ ਸੁਪਨੇ ਦੇਖੇ। ਪਹਿਲੇ ਸੁਪਨੇ ਵਿਚ ਉਸ ਨੇ ਦੇਖਿਆ ਕਿ ਉਹ ਅਤੇ ਉਸ ਦੇ ਭਰਾ ਆਪੋ-ਆਪਣੀਆਂ ਕਣਕ ਦੀਆਂ ਭਰੀਆਂ ਬੰਨ੍ਹ ਰਹੇ ਸਨ। ਅਚਾਨਕ ਉਸ ਦੇ ਭਰਾਵਾਂ ਦੀਆਂ ਭਰੀਆਂ ਨੇ ਉਸ ਦੀ ਭਰੀ ਦੇ ਆਲੇ-ਦੁਆਲੇ ਘੇਰਾ ਬਣਾ ਕੇ ਮੱਥਾ ਟੇਕਿਆ, ਪਰ ਯੂਸੁਫ਼ ਦੀ ਭਰੀ ਸਿੱਧੀ ਖੜ੍ਹੀ ਰਹੀ। ਦੂਜੇ ਸੁਪਨੇ ਵਿਚ ਸੂਰਜ, ਚੰਦ ਅਤੇ 11 ਤਾਰੇ ਯੂਸੁਫ਼ ਨੂੰ ਮੱਥਾ ਟੇਕ ਰਹੇ ਸਨ। (ਉਤਪਤ 37:6, 7, 9) ਕੀ ਯੂਸੁਫ਼ ਇਨ੍ਹਾਂ ਅਜੀਬ ਸੁਪਨਿਆਂ ਬਾਰੇ ਕਿਸੇ ਨੂੰ ਦੱਸੇਗਾ ਜਾਂ ਨਹੀਂ?
ਇਹ ਸੁਪਨੇ ਯਹੋਵਾਹ ਪਰਮੇਸ਼ੁਰ ਵੱਲੋਂ ਸਨ। ਇਹ ਇਕ ਕਿਸਮ ਦੀਆਂ ਭਵਿੱਖਬਾਣੀਆਂ ਸਨ ਅਤੇ ਪਰਮੇਸ਼ੁਰ ਚਾਹੁੰਦਾ ਸੀ ਕਿ ਯੂਸੁਫ਼ ਇਹ ਸੰਦੇਸ਼ ਦੂਜਿਆਂ ਨੂੰ ਦੱਸੇ। ਸੋ ਯੂਸੁਫ਼ ਨੇ ਉਹੀ ਕੀਤਾ ਜੋ ਉਸ ਤੋਂ ਬਾਅਦ ਵਿਚ ਆਏ ਨਬੀਆਂ ਨੇ ਕੀਤਾ ਸੀ। ਉਨ੍ਹਾਂ ਨੇ ਵੀ ਪਰਮੇਸ਼ੁਰ ਦੇ ਸੁਨੇਹੇ ਅਤੇ ਉਸ ਦੇ ਨਿਆਂ ਨੂੰ ਆਪਣੇ ਅਣਆਗਿਆਕਾਰੀ ਲੋਕਾਂ ਤਕ ਪਹੁੰਚਾਇਆ ਸੀ।
ਯੂਸੁਫ਼ ਨੇ ਬੜੀ ਸਮਝਦਾਰੀ ਨਾਲ ਆਪਣੇ ਭਰਾਵਾਂ ਨੂੰ ਕਿਹਾ: “ਜਿਹੜਾ ਸੁਫਨਾ ਮੈਂ ਡਿੱਠਾ ਸੁਣੋ।” ਉਸ ਦੇ ਭਰਾਵਾਂ ਨੂੰ ਯੂਸੁਫ਼ ਦਾ ਸੁਪਨਾ ਸਮਝ ਤਾਂ ਆ ਗਿਆ, ਪਰ ਉਨ੍ਹਾਂ ਨੂੰ ਜ਼ਰਾ ਵੀ ਚੰਗਾ ਨਹੀਂ ਲੱਗਾ। ਫਿਰ ਉਸ ਦੇ ਭਰਾਵਾਂ ਨੇ ਕਿਹਾ: “ਕੀ ਤੂੰ ਸੱਚ ਮੁੱਚ ਸਾਡੇ ਉੱਤੇ ਰਾਜ ਕਰੇਂਗਾ ਅਤੇ ਸਾਡੇ ਉੱਤੇ ਹਕੂਮਤ ਕਰੇਂਗਾ?” ਬਿਰਤਾਂਤ ਅੱਗੇ ਦੱਸਦਾ ਹੈ: “ਤਾਂ ਓਹ ਉਹ ਦੇ ਨਾਲ ਉਹ ਦੇ ਸੁਫਨੇ ਅਰ ਉਹ ਦੀਆਂ ਗੱਲਾਂ ਦੇ ਕਾਰਨ ਹੋਰ ਵੀ ਵੈਰ ਰੱਖਣ ਲੱਗ ਪਏ।” ਜਦ ਯੂਸੁਫ਼ ਨੇ ਦੂਜਾ ਸੁਪਨਾ ਆਪਣੇ ਪਿਤਾ ਤੇ ਭਰਾਵਾਂ ਨੂੰ ਸੁਣਾਇਆ, ਤਾਂ ਉਹ ਉਦੋਂ ਵੀ ਗੁੱਸੇ ਵਿਚ ਆ ਗਏ। ਅਸੀਂ ਪੜ੍ਹਦੇ ਹਾਂ: “ਉਹ ਦੇ ਪਿਤਾ ਨੇ ਉਹ ਨੂੰ ਘੁਰਕਿਆ ਅਰ ਉਹ ਨੂੰ ਆਖਿਆ ਏਹ ਕੀ ਸੁਫਨਾ ਹੈ ਜਿਹੜਾ ਤੈਂ ਵੇਖਿਆ? ਕੀ ਸੱਚ ਮੁੱਚ ਮੈਂ ਅਰ ਤੇਰੀ ਮਾਤਾ ਅਰ ਤੇਰੇ ਭਰਾ ਆਕੇ ਤੇਰੇ ਅੱਗੇ ਧਰਤੀ ਤੀਕ ਮੱਥਾ ਟੇਕਾਂਗੇ?” ਪਰ ਯਾਕੂਬ ਲਗਾਤਾਰ ਮਨ ਹੀ ਮਨ ਵਿਚ ਇਸ ਬਾਰੇ ਸੋਚਦਾ ਰਿਹਾ। ਕੀ ਯਾਕੂਬ ਨੂੰ ਲੱਗਾ ਕਿ ਸ਼ਾਇਦ ਯਹੋਵਾਹ ਉਸ ਦੇ ਬੇਟੇ ਨੂੰ ਇਨ੍ਹਾਂ ਸੁਪਨਿਆਂ ਦੇ ਜ਼ਰੀਏ ਕੁਝ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ?—ਉਤਪਤ 37:6, 8, 10, 11.
ਯੂਸੁਫ਼ ਕੋਈ ਪਹਿਲਾ ਤੇ ਆਖ਼ਰੀ ਸ਼ਖ਼ਸ ਨਹੀਂ ਸੀ ਜਿਸ ਨੂੰ ਯਹੋਵਾਹ ਨੇ ਭਵਿੱਖਬਾਣੀਆਂ ਦੱਸਣ ਦਾ ਕੰਮ ਦਿੱਤਾ ਸੀ। ਇਹੋ ਜਿਹੇ ਸੰਦੇਸ਼ ਲੋਕਾਂ ਨੂੰ ਬਿਲਕੁਲ ਪਸੰਦ ਨਹੀਂ ਸਨ ਅਤੇ ਸੰਦੇਸ਼ ਸੁਣਾਉਣ ਵਾਲੇ ਨੂੰ ਅਤਿਆਚਾਰ ਦਾ ਵੀ ਸਾਮ੍ਹਣਾ ਕਰਨਾ ਪੈਂਦਾ ਸੀ। ਯਿਸੂ ਸਭ ਤੋਂ ਵੱਡਾ ਨਬੀ ਸੀ ਜਿਸ ਨੇ ਅਜਿਹੇ ਸੰਦੇਸ਼ ਸੁਣਾਏ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਜੇ ਲੋਕਾਂ ਨੇ ਮੇਰੇ ਉੱਤੇ ਅਤਿਆਚਾਰ ਕੀਤੇ ਹਨ, ਤਾਂ ਉਹ ਤੁਹਾਡੇ ਉੱਤੇ ਵੀ ਅਤਿਆਚਾਰ ਕਰਨਗੇ।” (ਯੂਹੰਨਾ 15:20) ਭਾਵੇਂ ਸਾਡੀ ਉਮਰ ਜੋ ਵੀ ਹੋਵੇ, ਅਸੀਂ ਸਾਰੇ ਯੂਸੁਫ਼ ਦੀ ਨਿਹਚਾ ਅਤੇ ਉਸ ਦੀ ਦਲੇਰੀ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ।
ਨਫ਼ਰਤ ਦੀ ਹਰ ਹੱਦ ਪਾਰ ਕੀਤੀ
ਇਸ ਤੋਂ ਥੋੜ੍ਹੀ ਹੀ ਦੇਰ ਬਾਅਦ ਯਾਕੂਬ ਨੇ ਯੂਸੁਫ਼ ਨੂੰ ਇਕ ਕੰਮ ਦਿੱਤਾ। ਉਸ ਦੇ ਵੱਡੇ ਮੁੰਡੇ ਉੱਤਰ ਵੱਲ ਪੈਂਦੇ ਸ਼ਕਮ ਸ਼ਹਿਰ ਨੇੜੇ ਆਪਣੀਆਂ ਭੇਡਾਂ ਚਾਰ ਰਹੇ ਸਨ ਜਿੱਥੇ ਉਨ੍ਹਾਂ ਨੇ ਲੋਕਾਂ ਨਾਲ ਕੁਝ ਸਮਾਂ ਪਹਿਲਾਂ ਦੁਸ਼ਮਣੀ ਮੁੱਲ ਲਈ ਸੀ। ਸੋ ਅਸੀਂ ਸਮਝ ਸਕਦੇ ਹਾਂ ਕਿ ਯਾਕੂਬ ਆਪਣੇ ਬੇਟਿਆਂ ਲਈ ਫ਼ਿਕਰਮੰਦ ਸੀ, ਇਸੇ ਲਈ ਉਸ ਨੇ ਉਨ੍ਹਾਂ ਦੀ ਖ਼ਬਰ-ਸਾਰ ਲੈਣ ਲਈ ਯੂਸੁਫ਼ ਨੂੰ ਭੇਜਿਆ। ਕੀ ਤੁਸੀਂ ਯੂਸੁਫ਼ ਦੀ ਘਬਰਾਹਟ ਸਮਝ ਸਕਦੇ ਹੋ? ਉਹ ਜਾਣਦਾ ਸੀ ਕਿ ਉਸ ਦੇ ਭਰਾ ਉਸ ਨੂੰ ਪਹਿਲਾਂ ਨਾਲੋਂ ਜ਼ਿਆਦਾ ਨਫ਼ਰਤ ਕਰਦੇ ਸਨ। ਕੀ ਉਸ ਦੇ ਭਰਾਵਾਂ ਨੂੰ ਚੰਗਾ ਲੱਗਾ ਹੋਣਾ ਜਦ ਯੂਸੁਫ਼ ਨੇ ਆਪਣੇ ਪਿਤਾ ਵੱਲੋਂ ਉਨ੍ਹਾਂ ਨੂੰ ਸੁਨੇਹਾ ਦਿੱਤਾ? ਫਿਰ ਵੀ ਯੂਸੁਫ਼ ਆਪਣੇ ਪਿਤਾ ਦਾ ਕਹਿਣਾ ਮੰਨਦੇ ਹੋਏ ਉਨ੍ਹਾਂ ਕੋਲ ਗਿਆ।—ਉਤਪਤ 34:25-30; 37:12-14.
ਇਹ ਕਾਫ਼ੀ ਲੰਬਾ ਸਫ਼ਰ ਸੀ, ਸ਼ਾਇਦ ਉੱਥੇ ਜਾਣ ਲਈ ਤੁਰ ਕੇ ਚਾਰ ਜਾਂ ਪੰਜ ਦਿਨ ਲੱਗੇ ਹੋਣੇ। ਸ਼ਕਮ ਸ਼ਹਿਰ ਹਬਰੋਨ ਤੋਂ ਉੱਤਰ ਵੱਲ ਨੂੰ 80 ਕਿਲੋਮੀਟਰ (50 ਕੁ ਮੀਲ) ਦੀ ਦੂਰੀ ʼਤੇ ਸੀ। ਪਰ ਸ਼ਕਮ ਵਿਚ ਯੂਸੁਫ਼ ਨੂੰ ਪਤਾ ਲੱਗਾ ਕਿ ਉਸ ਦੇ ਭਰਾ ਦੋਥਾਨ ਇਲਾਕੇ ਵੱਲ ਤੁਰ ਪਏ ਸਨ ਜੋ ਕਿ ਸ਼ਕਮ ਤੋਂ ਉੱਤਰ ਵੱਲ ਨੂੰ 22 ਕਿਲੋਮੀਟਰ (14 ਕੁ ਮੀਲ) ਦੀ ਦੂਰੀ ʼਤੇ ਸੀ। ਅਖ਼ੀਰ ਜਦ ਯੂਸੁਫ਼ ਦੋਥਾਨ ਪਹੁੰਚਿਆ, ਤਾਂ ਉਸ ਦੇ ਭਰਾਵਾਂ ਨੇ ਉਸ ਨੂੰ ਦੂਰੋਂ ਆਉਂਦਿਆਂ ਦੇਖਿਆ। ਇਕਦਮ ਉਨ੍ਹਾਂ ਦਾ ਖ਼ੂਨ ਖੋਲ੍ਹ ਉੱਠਿਆ। ਬਾਈਬਲ ਦੱਸਦੀ ਹੈ ਕਿ ਉਨ੍ਹਾਂ ਨੇ “ਇੱਕ ਦੂਜੇ ਨੂੰ ਆਖਿਆ, ਵੇਖੋ ਇਹ ਸੁਫਨਿਆਂ ਦਾ ਸਾਹਿਬ ਆਉਂਦਾ ਹੈ। ਹੁਣ ਆਓ ਅਸੀਂ ਇਹ ਨੂੰ ਮਾਰ ਸੁੱਟੀਏ ਅਰ ਕਿਸੇ ਟੋਏ ਵਿੱਚ ਸੁੱਟ ਦੇਈਏ ਅਰ ਆਖੀਏ ਭਈ ਕੋਈ ਬੁਰਾ ਜਾਨਵਰ ਉਹ ਨੂੰ ਭੱਛ ਗਿਆ ਹੈ ਤਾਂ ਅਸੀਂ ਵੇਖੀਏ ਕਿ ਉਹ ਦੇ ਸੁਫਨਿਆਂ ਦਾ ਕੀ ਬਣੇਗਾ।” ਰਊਬੇਨ ਨੇ ਆਪਣੇ ਭਰਾਵਾਂ ਨੂੰ ਮਨਾਇਆ ਕਿ ਉਹ ਯੂਸੁਫ਼ ਨੂੰ ਮਾਰਨ ਦੀ ਬਜਾਇ ਟੋਏ ਵਿਚ ਸੁੱਟ ਦੇਣ ਅਤੇ ਉਸ ਨੇ ਸੋਚਿਆ ਕਿ ਉਹ ਬਾਅਦ ਵਿਚ ਉਸ ਨੂੰ ਬਚਾ ਲਵੇਗਾ।—ਉਤਪਤ 37:19-22.
ਯੂਸੁਫ਼ ਇਸ ਗੱਲ ਤੋਂ ਬਿਲਕੁਲ ਅਣਜਾਣ ਸੀ ਕਿ ਉਸ ਦੇ ਭਰਾ ਉਸ ਨੂੰ ਮਾਰਨ ਦੀ ਸਾਜ਼ਸ਼ ਘੜ ਰਹੇ ਸਨ। ਯੂਸੁਫ਼ ਇਸ ਉਮੀਦ ਨਾਲ ਉਨ੍ਹਾਂ ਕੋਲ ਗਿਆ ਕਿ ਉਸ ਦੇ ਭਰਾ ਉਸ ਨਾਲ ਪਿਆਰ ਨਾਲ ਬੋਲਣਗੇ। ਪਰ ਉਨ੍ਹਾਂ ਨੇ ਤਾਂ ਉਸ ʼਤੇ ਧਾਵਾ ਹੀ ਬੋਲ ਦਿੱਤਾ! ਉਨ੍ਹਾਂ ਨੇ ਬੜੀ ਹੀ ਬੇਦਰਦੀ ਨਾਲ ਉਸ ਦਾ ਸੋਹਣਾ ਚੋਗਾ ਲਾਹ ਸੁੱਟਿਆ ਅਤੇ ਉਸ ਨੂੰ ਟੋਏ ਵੱਲ ਘੜੀਸ ਕੇ, ਉਸ ਵਿਚ ਸੁੱਟ ਦਿੱਤਾ ਜੋ ਕਿ ਬਹੁਤ ਡੂੰਘਾ ਸੀ। ਸਭ ਕੁਝ ਇੰਨਾ ਜਲਦੀ ਹੋ ਗਿਆ ਕਿ ਯੂਸੁਫ਼ ਦੇ ਹੋਸ਼ ਉੱਡ ਗਏ। ਉਹ ਇਕੱਲਾ ਟੋਏ ਤੋਂ ਬਾਹਰ ਨਹੀਂ ਸੀ ਨਿਕਲ ਸਕਦਾ। ਯੂਸੁਫ਼ ਨੇ ਜਦ ਉੱਪਰ ਦੇਖਿਆ, ਤਾਂ ਉਸ ਨੂੰ ਸਿਰਫ਼ ਆਕਾਸ਼ ਹੀ ਨਜ਼ਰ ਆਇਆ ਅਤੇ ਆਪਣੇ ਭਰਾਵਾਂ ਦੀਆਂ ਗੱਲਾਂ ਧੀਮੀ ਆਵਾਜ਼ ਵਿਚ ਸੁਣਾਈ ਦਿੱਤੀਆਂ। ਉਸ ਨੇ ਚੀਕ-ਚੀਕ ਕੇ ਆਪਣੇ ਭਰਾਵਾਂ ਨੂੰ ਤਰਲੇ ਕੀਤੇ, ਪਰ ਹਰ ਕਿਸੇ ਨੇ ਉਸ ਦੀ ਆਵਾਜ਼ ਅਣਸੁਣੀ ਕਰ ਦਿੱਤੀ। ਉਸ ਦੇ ਪੱਥਰ-ਦਿਲ ਭਰਾਵਾਂ ਨੇ ਨੇੜੇ ਹੀ ਕਿਤੇ ਬੈਠ ਕੇ ਖਾਣਾ ਖਾਧਾ। ਰਊਬੇਨ ਉਸ ਵੇਲੇ ਉੱਥੇ ਨਹੀਂ ਸੀ ਤੇ ਉਨ੍ਹਾਂ ਨੇ ਫਿਰ ਯੂਸੁਫ਼ ਨੂੰ ਮਾਰਨ ਦੀ ਸਾਜ਼ਸ਼ ਘੜੀ, ਪਰ ਯਹੂਦਾਹ ਨੇ ਆਪਣੇ ਭਰਾਵਾਂ ਨੂੰ ਮਨਾਇਆ ਕਿ ਉਹ ਉਸ ਨੂੰ ਰਾਹ ਜਾਂਦੇ ਵਪਾਰੀਆਂ ਦੇ ਹੱਥ ਵੇਚ ਦੇਣ। ਦੋਥਾਨ ਮਿਸਰ ਵੱਲ ਜਾਂਦੀ ਮਸ਼ਹੂਰ ਸੜਕ ਦੇ ਨੇੜੇ ਸੀ ਅਤੇ ਉੱਧਰੋਂ ਦੀ ਇਸਮਾਏਲੀਆਂ ਅਤੇ ਮਿਦਯਾਨੀਆਂ ਦਾ ਕਾਫਲਾ ਜਾ ਰਿਹਾ ਸੀ। ਉਨ੍ਹਾਂ ਨੇ ਰਊਬੇਨ ਦੇ ਆਉਣ ਤੋਂ ਪਹਿਲਾਂ-ਪਹਿਲਾਂ ਯੂਸੁਫ਼ ਨੂੰ ਉਨ੍ਹਾਂ ਵਪਾਰੀਆਂ ਦੇ ਹੱਥ 20 ਸ਼ਕਲਾਂ ਦੇ ਬਦਲੇ ਇਕ ਗ਼ੁਲਾਮ ਵਜੋਂ ਵੇਚ ਦਿੱਤਾ।b—ਉਤਪਤ 37:23-28; 42:21.
ਹੁਣ ਅਸੀਂ ਫਿਰ ਇਸ ਕਹਾਣੀ ਦੇ ਸ਼ੁਰੂ ਵਿਚ ਜਾਂਦੇ ਹਾਂ। ਜਦ ਯੂਸੁਫ਼ ਨੂੰ ਮਿਸਰ ਦੀ ਸੜਕ ਤੋਂ ਦੱਖਣ ਵੱਲ ਲਿਜਾਇਆ ਜਾ ਰਿਹਾ ਸੀ, ਤਾਂ ਉਸ ਨੂੰ ਲੱਗਾ ਕਿ ਉਸ ਦਾ ਸਭ ਕੁਝ ਲੁੱਟ ਗਿਆ ਸੀ। ਉਸ ਵਿਚਾਰੇ ਨੂੰ ਜ਼ਬਰਦਸਤੀ ਆਪਣੇ ਪਰਿਵਾਰ ਤੋਂ ਜੁਦਾ ਕੀਤਾ ਗਿਆ ਸੀ! ਕਈ ਸਾਲਾਂ ਤਕ ਉਸ ਨੂੰ ਆਪਣੇ ਪਰਿਵਾਰ ਦੀ ਕੋਈ ਖ਼ਬਰ ਨਹੀਂ ਸੀ ਮਿਲੀ। ਉਸ ਨੂੰ ਇਹ ਪਤਾ ਨਹੀਂ ਸੀ ਕਿ ਰਊਬੇਨ ਕਿੰਨਾ ਦੁਖੀ ਹੋਇਆ ਸੀ ਜਦ ਉਸ ਨੇ ਵਾਪਸ ਆ ਕੇ ਦੇਖਿਆ ਕਿ ਯੂਸੁਫ਼ ਉੱਥੇ ਨਹੀਂ ਸੀ। ਉਸ ਨੂੰ ਇਹ ਵੀ ਨਹੀਂ ਸੀ ਪਤਾ ਕਿ ਉਸ ਦਾ ਪਿਤਾ ਯਾਕੂਬ ਕਿੰਨਾ ਤੜਫਿਆ ਸੀ ਜਦ ਉਸ ਨੂੰ ਧੋਖੇ ਨਾਲ ਇਹ ਅਹਿਸਾਸ ਕਰਾਇਆ ਗਿਆ ਕਿ ਯੂਸੁਫ਼ ਦੀ ਮੌਤ ਹੋ ਚੁੱਕੀ ਸੀ। ਉਸ ਨੂੰ ਆਪਣੇ ਬੁੱਢੇ ਦਾਦੇ ਇਸਹਾਕ ਬਾਰੇ ਕੁਝ ਨਹੀਂ ਸੀ ਪਤਾ ਜੋ ਹਾਲੇ ਜੀਉਂਦਾ ਸੀ ਅਤੇ ਨਾ ਹੀ ਯੂਸੁਫ਼ ਨੂੰ ਆਪਣੇ ਛੋਟੇ ਭਰਾ ਬਿਨਯਾਮੀਨ ਬਾਰੇ ਕੁਝ ਪਤਾ ਲੱਗਾ ਸੀ ਜਿਸ ਦੀ ਉਸ ਨੂੰ ਬੜੀ ਯਾਦ ਸਤਾਉਂਦੀ ਸੀ। ਪਰ ਕੀ ਵਾਕਈ ਯੂਸੁਫ਼ ਦਾ ਸਭ ਕੁਝ ਲੁੱਟ ਗਿਆ ਸੀ?—ਉਤਪਤ 37:29-35.
ਹਾਲਾਂਕਿ ਯੂਸੁਫ਼ ਦੇ ਭਰਾਵਾਂ ਨੇ ਉਸ ਦਾ ਸਭ ਕੁਝ ਖੋਹ ਲਿਆ, ਪਰ ਉਹ ਉਸ ਦੀ ਨਿਹਚਾ ਕਦੇ ਵੀ ਖੋਹ ਨਾ ਸਕੇ। ਉਹ ਬੇਘਰ ਹੋ ਗਿਆ ਸੀ, ਮਿਸਰ ਦੇ ਲੰਬੇ ਸਫ਼ਰ ਵਿਚ ਉਸ ਨੂੰ ਮੁਸ਼ਕਲਾਂ ਸਹਿਣੀਆਂ ਪਈਆਂ ਸਨ ਅਤੇ ਪੋਟੀਫ਼ਰ ਨਾਂ ਦੇ ਇਕ ਅਮੀਰ ਮਿਸਰੀ ਦੇ ਘਰ ਗ਼ੁਲਾਮ ਵਜੋਂ ਵੇਚੇ ਜਾਣ ਤੇ ਸ਼ਰਮਿੰਦਗੀ ਸਹਿਣੀ ਪਈ। ਇਸ ਦੇ ਬਾਵਜੂਦ, ਕੋਈ ਵੀ ਉਸ ਦਾ ਰਿਸ਼ਤਾ ਯਹੋਵਾਹ ਪਰਮੇਸ਼ੁਰ ਨਾਲ ਤੋੜ ਨਹੀਂ ਸਕਿਆ। (ਉਤਪਤ 37:36) ਹਾਲਾਂਕਿ ਯੂਸੁਫ਼ ਅਜਿਹੀਆਂ ਮੁਸ਼ਕਲਾਂ ਵਿੱਚੋਂ ਦੀ ਲੰਘਿਆ, ਪਰ ਉਸ ਦੀ ਨਿਹਚਾ ਮਜ਼ਬੂਤ ਹੁੰਦੀ ਗਈ ਅਤੇ ਪਰਮੇਸ਼ੁਰ ਦੇ ਨੇੜੇ ਰਹਿਣ ਦਾ ਉਸ ਦਾ ਇਰਾਦਾ ਹੋਰ ਵੀ ਪੱਕਾ ਹੁੰਦਾ ਗਿਆ। ਅਗਲੇ ਲੇਖਾਂ ਵਿਚ ਅਸੀਂ ਸਿੱਖਾਂਗੇ ਕਿ ਆਪਣੀ ਨਿਹਚਾ ਕਾਰਨ ਯੂਸੁਫ਼ ਨੂੰ ਯਹੋਵਾਹ ਪਰਮੇਸ਼ੁਰ ਨੇ ਆਪਣੀ ਸੇਵਾ ਵਿਚ ਹੋਰ ਕਿਵੇਂ ਵਰਤਿਆ ਅਤੇ ਮੁਸ਼ਕਲ ਹਾਲਾਤਾਂ ਵਿਚ ਉਹ ਆਪਣੇ ਘਰਦਿਆਂ ਦੇ ਕਿਵੇਂ ਕੰਮ ਆਇਆ। ਸਾਡੇ ਲਈ ਕਿੰਨੀ ਚੰਗੀ ਗੱਲ ਹੋਵੇਗੀ ਜੇ ਅਸੀਂ ਵੀ ਯੂਸੁਫ਼ ਦੀ ਨਿਹਚਾ ਦੀ ਰੀਸ ਕਰੀਏ! ▪ (w14-E 08/01)
a ਕੁਝ ਖੋਜਕਾਰਾਂ ਦਾ ਮੰਨਣਾ ਹੈ ਕਿ ਜਦੋਂ ਯੂਸੁਫ਼ ਦੇ ਭਰਾਵਾਂ ਨੇ ਦੇਖਿਆ ਕਿ ਉਨ੍ਹਾਂ ਦੇ ਪਿਤਾ ਨੇ ਯੂਸੁਫ਼ ਨੂੰ ਇਹ ਚੋਗਾ ਦਿੱਤਾ, ਤਾਂ ਸ਼ਾਇਦ ਇਹ ਇਸ ਗੱਲ ਦਾ ਇਸ਼ਾਰਾ ਸੀ ਕਿ ਉਹ ਯੂਸੁਫ਼ ਨੂੰ ਜੇਠੇ ਪੁੱਤ ਦਾ ਹੱਕ ਦੇਣ ਬਾਰੇ ਸੋਚ ਰਿਹਾ ਸੀ। ਨਾਲੇ ਉਹ ਇਹ ਵੀ ਜਾਣਦੇ ਸਨ ਕਿ ਯੂਸੁਫ਼ ਯਾਕੂਬ ਦੀ ਪਿਆਰੀ ਪਤਨੀ ਦਾ ਪਹਿਲਾ ਬੇਟਾ ਸੀ ਜਿਸ ਨਾਲ ਉਹ ਪਹਿਲਾਂ ਵਿਆਹ ਕਰਾਉਣਾ ਚਾਹੁੰਦਾ ਸੀ। ਇਸ ਤੋਂ ਇਲਾਵਾ ਯਾਕੂਬ ਦੇ ਜੇਠੇ ਬੇਟੇ ਰਊਬੇਨ ਨੇ ਇਕ ਵਾਰ ਆਪਣੇ ਪਿਤਾ ਦੀ ਰਾਖੇਲ ਬਿਲਹਾਹ ਨਾਲ ਸਰੀਰਕ ਸੰਬੰਧ ਬਣਾਏ। ਇੱਦਾਂ ਉਸ ਨੇ ਆਪਣੇ ਪਿਤਾ ਦੀ ਬੇਇੱਜ਼ਤੀ ਕੀਤੀ ਅਤੇ ਨਤੀਜੇ ਵਜੋਂ ਉਹ ਆਪਣੇ ਜੇਠੇ ਹੋਣ ਦਾ ਹੱਕ ਗੁਆ ਬੈਠਾ।—ਉਤਪਤ 35:22; 49:3, 4.
b ਇਸ ਛੋਟੀ ਜਿਹੀ ਗੱਲ ਬਾਰੇ ਵੀ ਬਾਈਬਲ ਸਹੀ-ਸਹੀ ਜਾਣਕਾਰੀ ਦਿੰਦੀ ਹੈ। ਉਸ ਜ਼ਮਾਨੇ ਦੇ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਮਿਸਰ ਵਿਚ ਇਕ ਗ਼ੁਲਾਮ ਦੀ ਕੀਮਤ ਲਗਭਗ 20 ਸ਼ਕਲ ਸੀ।