ਪਾਠ 11
ਨਿਹਚਾ ਦੀ ਪਰਖ
ਅਬਰਾਹਾਮ ਨੇ ਆਪਣੇ ਮੁੰਡੇ ਇਸਹਾਕ ਨੂੰ ਸਿਖਾਇਆ ਕਿ ਉਹ ਯਹੋਵਾਹ ਨਾਲ ਪਿਆਰ ਕਰੇ ਅਤੇ ਉਸ ਦੇ ਸਾਰੇ ਵਾਅਦਿਆਂ ʼਤੇ ਭਰੋਸਾ ਰੱਖੇ। ਪਰ ਜਦੋਂ ਇਸਹਾਕ 25 ਕੁ ਸਾਲਾਂ ਦਾ ਸੀ, ਤਾਂ ਯਹੋਵਾਹ ਨੇ ਅਬਰਾਹਾਮ ਨੂੰ ਇਕ ਕੰਮ ਕਰਨ ਲਈ ਕਿਹਾ ਜੋ ਉਸ ਲਈ ਕਰਨਾ ਬਹੁਤ ਔਖਾ ਸੀ। ਇਹ ਕਿਹੜਾ ਕੰਮ ਸੀ?
ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ: ‘ਆਪਣੇ ਇਕਲੌਤੇ ਮੁੰਡੇ ਨੂੰ ਆਪਣੇ ਨਾਲ ਲੈ ਜਾ ਅਤੇ ਮੋਰੀਆਹ ਸ਼ਹਿਰ ਦੇ ਪਹਾੜ ਉੱਤੇ ਜਾ ਕੇ ਉਸ ਦੀ ਬਲ਼ੀ ਚੜ੍ਹਾ।’ ਅਬਰਾਹਾਮ ਨੂੰ ਸਮਝ ਨਹੀਂ ਲੱਗੀ ਕਿ ਯਹੋਵਾਹ ਨੇ ਇੱਦਾਂ ਕਰਨ ਲਈ ਕਿਉਂ ਕਿਹਾ। ਪਰ ਫਿਰ ਵੀ ਉਸ ਨੇ ਯਹੋਵਾਹ ਦਾ ਕਹਿਣਾ ਮੰਨਿਆ।
ਅਗਲੇ ਦਿਨ ਸਵੇਰੇ ਹੀ ਅਬਰਾਹਾਮ ਇਸਹਾਕ ਅਤੇ ਆਪਣੇ ਦੋ ਨੌਕਰਾਂ ਨੂੰ ਲੈ ਕੇ ਮੋਰੀਆਹ ਵੱਲ ਤੁਰ ਪਿਆ। ਤਿੰਨ ਦਿਨਾਂ ਬਾਅਦ ਉਨ੍ਹਾਂ ਨੂੰ ਦੂਰੋਂ ਪਹਾੜ ਦਿਖਣ ਲੱਗ ਪਏ। ਅਬਰਾਹਾਮ ਨੇ ਆਪਣੇ ਨੌਕਰਾਂ ਨੂੰ ਇੰਤਜ਼ਾਰ ਕਰਨ ਲਈ ਕਿਹਾ ਅਤੇ ਉਹ ਆਪ ਇਸਹਾਕ ਨੂੰ ਨਾਲ ਲੈ ਕੇ ਬਲ਼ੀ ਦੇਣ ਤੁਰ ਪਿਆ। ਅਬਰਾਹਾਮ ਨੇ ਇਸਹਾਕ ਨੂੰ ਲੱਕੜੀਆਂ ਫੜਾ ਦਿੱਤੀਆਂ ਤੇ ਆਪ ਛੁਰਾ ਫੜ ਲਿਆ। ਇਸਹਾਕ ਨੇ ਆਪਣੇ ਪਿਤਾ ਨੂੰ ਪੁੱਛਿਆ: ‘ਬਲ਼ੀ ਚੜ੍ਹਾਉਣ ਲਈ ਜਾਨਵਰ ਕਿੱਥੇ ਹੈ?’ ਅਬਰਾਹਾਮ ਨੇ ਕਿਹਾ: ‘ਪੁੱਤਰ, ਯਹੋਵਾਹ ਆਪੇ ਹੀ ਜਾਨਵਰ ਦਾ ਇੰਤਜ਼ਾਮ ਕਰੇਗਾ।’
ਪਹਾੜ ʼਤੇ ਪਹੁੰਚ ਕੇ ਉਨ੍ਹਾਂ ਨੇ ਵੇਦੀ ਬਣਾਈ। ਫਿਰ ਅਬਰਾਹਾਮ ਨੇ ਇਸਹਾਕ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਉਸ ਨੂੰ ਵੇਦੀ ʼਤੇ ਲੰਮਾ ਪਾ ਦਿੱਤਾ।
ਅਬਰਾਹਾਮ ਛੁਰਾ ਮਾਰਨ ਹੀ ਲੱਗਾ ਸੀ। ਪਰ ਉਸੇ ਵੇਲੇ ਆਕਾਸ਼ੋਂ ਯਹੋਵਾਹ ਦੇ ਦੂਤ ਦੀ ਆਵਾਜ਼ ਆਈ: ‘ਅਬਰਾਹਾਮ! ਮੁੰਡੇ ਨੂੰ ਹੱਥ ਨਾ ਲਾਈ! ਹੁਣ ਮੈਨੂੰ ਪਤਾ ਲੱਗ ਗਿਆ ਕਿ ਤੈਨੂੰ ਪਰਮੇਸ਼ੁਰ ʼਤੇ ਨਿਹਚਾ ਹੈ ਕਿਉਂਕਿ ਤੂੰ ਆਪਣੇ ਮੁੰਡੇ ਦੀ ਬਲ਼ੀ ਚੜ੍ਹਾਉਣ ਲਈ ਤਿਆਰ ਸੀ।’ ਫਿਰ ਅਬਰਾਹਾਮ ਨੇ ਇਕ ਮੇਮਣੇ ਨੂੰ ਦੇਖਿਆ ਜਿਸ ਦੇ ਸਿੰਗ ਝਾੜੀਆਂ ਵਿਚ ਫਸੇ ਹੋਏ ਸਨ। ਉਸ ਨੇ ਫਟਾਫਟ ਇਸਹਾਕ ਦੇ ਹੱਥ-ਪੈਰ ਖੋਲ੍ਹੇ ਅਤੇ ਉਸ ਦੀ ਜਗ੍ਹਾ ਮੇਮਣੇ ਦੀ ਬਲ਼ੀ ਚੜ੍ਹਾਈ।
ਉਸ ਦਿਨ ਤੋਂ ਬਾਅਦ ਯਹੋਵਾਹ ਨੇ ਅਬਰਾਹਾਮ ਨੂੰ ਆਪਣਾ ਦੋਸਤ ਬਣਾ ਲਿਆ। ਤੁਹਾਨੂੰ ਪਤਾ ਕਿਉਂ? ਭਾਵੇਂ ਅਬਰਾਹਾਮ ਨੂੰ ਸਮਝ ਨਹੀਂ ਲੱਗਦੀ ਸੀ ਕਿ ਯਹੋਵਾਹ ਉਸ ਨੂੰ ਕੋਈ ਕੰਮ ਕਰਨ ਲਈ ਕਿਉਂ ਕਹਿੰਦਾ ਸੀ, ਪਰ ਫਿਰ ਵੀ ਉਸ ਨੇ ਹਮੇਸ਼ਾ ਯਹੋਵਾਹ ਦਾ ਕਹਿਣਾ ਮੰਨਿਆ।
ਯਹੋਵਾਹ ਨੇ ਫਿਰ ਤੋਂ ਅਬਰਾਹਾਮ ਨੂੰ ਆਪਣਾ ਵਾਅਦਾ ਯਾਦ ਕਰਾਇਆ: ‘ਮੈਂ ਤੈਨੂੰ ਬਰਕਤ ਦਿਆਂਗਾ ਅਤੇ ਤੇਰੇ ਬਹੁਤ ਸਾਰੇ ਬੱਚੇ ਹੋਣਗੇ।’ ਨਾਲੇ ਇਹ ਵੀ ਵਾਅਦਾ ਕੀਤਾ ਕਿ ਯਹੋਵਾਹ ਉਸ ਦੇ ਪਰਿਵਾਰ ਰਾਹੀਂ ਚੰਗੇ ਲੋਕਾਂ ਨੂੰ ਬਰਕਤਾਂ ਦੇਵੇਗਾ।
“ਪਰਮੇਸ਼ੁਰ ਨੇ ਦੁਨੀਆਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਲੋਕਾਂ ਦੀ ਖ਼ਾਤਰ ਆਪਣਾ ਇਕਲੌਤਾ ਪੁੱਤਰ ਵਾਰ ਦਿੱਤਾ ਤਾਂਕਿ ਜਿਹੜਾ ਵੀ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਨਾਸ਼ ਨਾ ਹੋਵੇ, ਸਗੋਂ ਹਮੇਸ਼ਾ ਦੀ ਜ਼ਿੰਦਗੀ ਪਾਵੇ।”—ਯੂਹੰਨਾ 3:16