“ਮਨੁੱਖਾਂ ਵਿਚ ਦਾਨ” ਦੀ ਕਦਰ ਕਰਨੀ
“ਜਿਹੜੇ ਤੁਹਾਡੇ ਵਿੱਚ ਮਿਹਨਤ ਕਰਦੇ . . . ਹਨ ਤੁਸੀਂ ਓਹਨਾਂ ਨੂੰ ਮੰਨੋ ਅਤੇ ਓਹਨਾਂ ਦੇ ਕੰਮ ਦੀ ਖਾਤਰ ਪ੍ਰੇਮ ਨਾਲ ਓਹਨਾਂ ਦਾ ਬਹੁਤਾ ਹੀ ਆਦਰ ਕਰੋ।”—1 ਥੱਸਲੁਨੀਕੀਆਂ 5:12, 13.
1. ਰਸੂਲਾਂ ਦੇ ਕਰਤੱਬ 20:35 ਦੇ ਅਨੁਸਾਰ, ਕਿਸੇ ਨੂੰ ਕੁਝ ਦੇਣ ਨਾਲ ਸਾਨੂੰ ਕੀ ਮਿਲਦਾ ਹੈ? ਉਦਾਹਰਣ ਦੇ ਕੇ ਸਮਝਾਓ।
“ਲੈ ਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਕੀ ਤੁਸੀਂ ਯਾਦ ਕਰ ਸਕਦੇ ਹੋ ਕਿ ਤੁਸੀਂ ਪਿਛਲੀ ਵਾਰ ਕਦੋਂ ਯਿਸੂ ਦੇ ਇਨ੍ਹਾਂ ਸ਼ਬਦਾਂ ਦੀ ਸੱਚਾਈ ਨੂੰ ਅਨੁਭਵ ਕੀਤਾ ਸੀ? ਸ਼ਾਇਦ ਤੁਸੀਂ ਕਿਸੇ ਉਸ ਵਿਅਕਤੀ ਨੂੰ ਤੋਹਫ਼ਾ ਦਿੱਤਾ ਸੀ ਜਿਸ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ। ਤੁਸੀਂ ਉਸ ਤੋਹਫ਼ੇ ਨੂੰ ਬੜੇ ਹੀ ਧਿਆਨ ਨਾਲ ਚੁਣਿਆ ਸੀ, ਕਿਉਂਕਿ ਤੁਸੀਂ ਆਪਣੇ ਉਸ ਪਿਆਰੇ ਨੂੰ ਕੋਈ ਅਜਿਹੀ ਚੀਜ਼ ਦੇਣੀ ਚਾਹੁੰਦੇ ਸੀ ਜਿਹੜੀ ਉਸ ਨੂੰ ਬਹੁਤ ਹੀ ਪਸੰਦ ਆਵੇਗੀ। ਆਪਣੇ ਪਿਆਰੇ ਦੇ ਚਿਹਰੇ ਤੇ ਆਈ ਰੌਣਕ ਨੂੰ ਦੇਖ ਕੇ ਤੁਹਾਡਾ ਦਿਲ ਕਿੰਨੀ ਖ਼ੁਸ਼ੀ ਨਾਲ ਭਰ ਗਿਆ ਹੋਵੇਗਾ! ਜਦੋਂ ਕੋਈ ਤੋਹਫ਼ਾ ਸਹੀ ਨੀਅਤ ਨਾਲ ਦਿੱਤਾ ਜਾਂਦਾ ਹੈ ਤਾਂ ਇਸ ਤੋਂ ਪਿਆਰ ਜ਼ਾਹਰ ਹੁੰਦਾ ਹੈ ਅਤੇ ਪਿਆਰ ਜ਼ਾਹਰ ਕਰਨ ਨਾਲ ਸਾਨੂੰ ਖ਼ੁਸ਼ੀ ਮਿਲਦੀ ਹੈ।
2, 3. (ੳ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਨਾਲੋਂ ਜ਼ਿਆਦਾ ਖ਼ੁਸ਼ ਹੋਰ ਕੋਈ ਨਹੀਂ ਹੈ ਅਤੇ “ਮਨੁੱਖਾਂ ਵਿਚ ਦਾਨ” ਦਾ ਪ੍ਰਬੰਧ ਕਿਸ ਤਰ੍ਹਾਂ ਉਸ ਦੇ ਦਿਲ ਨੂੰ ਖ਼ੁਸ਼ ਕਰ ਸਕਦਾ ਹੈ? (ਅ) ਅਸੀਂ ਪਰਮੇਸ਼ੁਰ ਦੇ ਦਿੱਤੇ ਹੋਏ ਤੋਹਫ਼ੇ ਨਾਲ ਕੀ ਨਹੀਂ ਕਰਨਾ ਚਾਹਾਂਗੇ?
2 ਫਿਰ ਯਹੋਵਾਹ ਨਾਲੋਂ ਜ਼ਿਆਦਾ ਖ਼ੁਸ਼ ਹੋਰ ਕੌਣ ਹੋ ਸਕਦਾ ਹੈ ਜਿਹੜਾ “ਹਰੇਕ ਚੰਗਾ ਦਾਨ” ਦੇਣ ਵਾਲਾ ਹੈ? (ਯਾਕੂਬ 1:17; 1 ਤਿਮੋਥਿਉਸ 1:11) ਉਹ ਸਾਨੂੰ ਜਿਹੜਾ ਵੀ ਤੋਹਫ਼ਾ ਦਿੰਦਾ ਹੈ, ਪ੍ਰੇਮ ਦੇ ਕਾਰਨ ਦਿੰਦਾ ਹੈ। (1 ਯੂਹੰਨਾ 4:8) ਇਹ ਉਸ ਤੋਹਫ਼ੇ ਦੇ ਬਾਰੇ ਵੀ ਬਿਲਕੁਲ ਸੱਚ ਹੈ ਜਿਹੜਾ ਪਰਮੇਸ਼ੁਰ ਨੇ ਮਸੀਹ ਦੇ ਰਾਹੀਂ ਕਲੀਸਿਯਾ ਨੂੰ ਦਿੱਤਾ ਹੈ—“ਮਨੁੱਖਾਂ ਵਿਚ ਦਾਨ।” (ਅਫ਼ਸੀਆਂ 4:8, ਨਿ ਵ) ਝੁੰਡ ਦੀ ਦੇਖ-ਭਾਲ ਕਰਨ ਲਈ ਬਜ਼ੁਰਗਾਂ ਦਾ ਪ੍ਰਬੰਧ ਕਰ ਕੇ ਪਰਮੇਸ਼ੁਰ ਨੇ ਆਪਣੇ ਲੋਕਾਂ ਲਈ ਡੂੰਘਾ ਪ੍ਰੇਮ ਜ਼ਾਹਰ ਕੀਤਾ ਹੈ। ਇਨ੍ਹਾਂ ਮਨੁੱਖਾਂ ਨੂੰ ਬੜੇ ਹੀ ਧਿਆਨ ਨਾਲ ਚੁਣਿਆ ਜਾਂਦਾ ਹੈ—ਬਾਈਬਲ ਵਿਚ ਦੱਸੀਆਂ ਗਈਆਂ ਯੋਗਤਾਵਾਂ ਉਨ੍ਹਾਂ ਵਿਚ ਹੋਣੀਆਂ ਜ਼ਰੂਰੀ ਹਨ। (1 ਤਿਮੋਥਿਉਸ 3:1-7; ਤੀਤੁਸ 1:5-9) ਉਹ ਜਾਣਦੇ ਹਨ ਕਿ ਉਨ੍ਹਾਂ ਨੂੰ ‘ਇੱਜੜ ਨਾਲ ਕੋਮਲਤਾ ਸਹਿਤ ਵਰਤਾਉ ਕਰਨਾ’ ਚਾਹੀਦਾ ਹੈ, ਕਿਉਂਕਿ ਉਦੋਂ ਹੀ ਭੇਡਾਂ ਅਜਿਹੇ ਪ੍ਰੇਮਮਈ ਚਰਵਾਹਿਆਂ ਲਈ ਧੰਨਵਾਦੀ ਮਹਿਸੂਸ ਕਰ ਸਕਣਗੀਆਂ। (ਰਸੂਲਾਂ ਦੇ ਕਰਤੱਬ 20:29, ਨਿ ਵ; ਜ਼ਬੂਰ 100:3) ਜਦੋਂ ਯਹੋਵਾਹ ਦੇਖਦਾ ਹੈ ਕਿ ਉਸ ਦੀਆਂ ਭੇਡਾਂ ਦੇ ਦਿਲ ਅਜਿਹੇ ਹੀ ਧੰਨਵਾਦ ਨਾਲ ਭਰੇ ਹੋਏ ਹਨ ਤਾਂ ਯਕੀਨਨ ਉਸ ਦਾ ਦਿਲ ਵੀ ਕਿੰਨਾ ਖ਼ੁਸ਼ ਹੁੰਦਾ ਹੋਵੇਗਾ!—ਕਹਾਉਤਾਂ 27:11.
3 ਯਕੀਨਨ ਹੀ ਅਸੀਂ ਉਸ ਤੋਹਫ਼ੇ ਦੀ ਕਦਰ ਨਹੀਂ ਘਟਾਉਣੀ ਚਾਹਾਂਗੇ ਜਿਹੜਾ ਯਹੋਵਾਹ ਨੇ ਸਾਨੂੰ ਦਿੱਤਾ ਹੈ; ਨਾ ਹੀ ਅਸੀਂ ਉਸ ਦੇ ਤੋਹਫ਼ਿਆਂ ਦੀ ਬੇਕਦਰੀ ਕਰਨੀ ਚਾਹਾਂਗੇ। ਫਿਰ ਦੋ ਸਵਾਲ ਉੱਠਦੇ ਹਨ: ਬਜ਼ੁਰਗਾਂ ਨੂੰ ਕਲੀਸਿਯਾ ਵਿਚ ਆਪਣੀ ਭੂਮਿਕਾ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ? ਅਤੇ ਝੁੰਡ ਕਿਵੇਂ ਦਿਖਾ ਸਕਦਾ ਹੈ ਕਿ ਉਹ “ਮਨੁੱਖਾਂ ਵਿਚ ਦਾਨ” ਦੀ ਕਦਰ ਕਰਦੇ ਹਨ?
‘ਅਸੀਂ ਤਾਂ ਤੁਹਾਡੇ ਨਾਲ ਕੰਮ ਕਰ ਰਹੇ ਹਾਂ’
4, 5. (ੳ) ਪੌਲੁਸ ਕਲੀਸਿਯਾ ਦੀ ਤੁਲਨਾ ਕਿਸ ਨਾਲ ਕਰਦਾ ਹੈ, ਅਤੇ ਇਹ ਇਕ ਢੁਕਵੀਂ ਉਦਾਹਰਣ ਕਿਉਂ ਹੈ? (ਅ) ਸਾਨੂੰ ਇਕ ਦੂਜੇ ਪ੍ਰਤੀ ਕੀ ਨਜ਼ਰੀਆ ਰੱਖਣਾ ਚਾਹੀਦਾ ਹੈ ਅਤੇ ਇਕ ਦੂਸਰੇ ਨਾਲ ਕਿਸ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ, ਇਸ ਬਾਰੇ ਪੌਲੁਸ ਦੀ ਉਦਾਹਰਣ ਕੀ ਦਿਖਾਉਂਦੀ ਹੈ?
4 ਯਹੋਵਾਹ ਨੇ ਕਲੀਸਿਯਾ ਵਿਚ “ਮਨੁੱਖਾਂ ਵਿਚ ਦਾਨ” ਨੂੰ ਕੁਝ ਹੱਦ ਤਕ ਅਧਿਕਾਰ ਸੌਂਪਿਆ ਹੈ। ਨਿਰਸੰਦੇਹ, ਬਜ਼ੁਰਗ ਆਪਣੇ ਅਧਿਕਾਰ ਦੀ ਦੁਰਵਰਤੋਂ ਨਹੀਂ ਕਰਨੀ ਚਾਹੁੰਦੇ, ਪਰ ਉਹ ਜਾਣਦੇ ਹਨ ਕਿ ਅਪੂਰਣ ਇਨਸਾਨ ਹੋਣ ਕਰਕੇ ਅਜਿਹਾ ਕਰਨਾ ਬਹੁਤ ਹੀ ਆਸਾਨ ਹੈ। ਫਿਰ ਝੁੰਡ ਦੇ ਸੰਬੰਧ ਵਿਚ ਉਨ੍ਹਾਂ ਨੂੰ ਆਪਣੇ ਆਪ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ? ਜ਼ਰਾ ਪੌਲੁਸ ਰਸੂਲ ਦੁਆਰਾ ਇਸਤੇਮਾਲ ਕੀਤੀ ਗਈ ਉਦਾਹਰਣ ਤੇ ਵਿਚਾਰ ਕਰੋ। ਇਹ ਚਰਚਾ ਕਰਨ ਤੋਂ ਬਾਅਦ ਕਿ “ਮਨੁੱਖਾਂ ਵਿਚ ਦਾਨ” ਕਿਉਂ ਦਿੱਤੇ ਗਏ ਹਨ, ਪੌਲੁਸ ਨੇ ਲਿਖਿਆ: “ਅਸੀਂ ਪ੍ਰੇਮ ਨਾਲ . . . ਉਸ ਵਿੱਚ ਜੋ ਸਿਰ ਹੈ ਅਰਥਾਤ ਮਸੀਹ ਵਿੱਚ ਹਰ ਤਰਾਂ ਵਧਦੇ ਜਾਈਏ, ਜਿਸ ਤੋਂ ਸਾਰੀ ਦੇਹੀ ਹਰੇਕ ਜੋੜ ਦੀ ਮੱਦਤ ਨਾਲ ਠੀਕ ਠੀਕ ਜੁੜ ਕੇ ਅਤੇ ਇੱਕ ਸੰਗ ਮਿਲ ਕੇ ਇੱਕ ਇੱਕ ਅੰਗ ਦੇ ਵਲ ਕੰਮ ਕਰਨ ਅਨੁਸਾਰ ਆਪਣੇ ਆਪ ਨੂੰ ਵਧਾਈ ਜਾਂਦੀ ਹੈ ਭਈ ਉਹ ਪ੍ਰੇਮ ਵਿੱਚ ਆਪਣੀ ਉਸਾਰੀ ਕਰੇ।” (ਅਫ਼ਸੀਆਂ 4:15, 16) ਇਸ ਤਰ੍ਹਾਂ ਪੌਲੁਸ ਨੇ ਕਲੀਸਿਯਾ, ਜਿਸ ਵਿਚ ਬਜ਼ੁਰਗ ਅਤੇ ਦੂਸਰੇ ਮੈਂਬਰ ਸ਼ਾਮਲ ਹਨ, ਦੀ ਤੁਲਨਾ ਇਕ ਮਨੁੱਖੀ ਸਰੀਰ ਨਾਲ ਕੀਤੀ। ਇਹ ਇਕ ਢੁਕਵੀਂ ਉਦਾਹਰਣ ਕਿਉਂ ਹੈ?
5 ਇਕ ਮਨੁੱਖੀ ਸਰੀਰ ਬਹੁਤ ਸਾਰੇ ਅਲੱਗ-ਅਲੱਗ ਅੰਗਾਂ ਨਾਲ ਬਣਿਆ ਹੋਇਆ ਹੈ, ਪਰ ਉਸ ਦਾ ਸਿਰਫ਼ ਇੱਕੋ ਹੀ ਸਿਰ ਹੈ। ਫਿਰ ਵੀ ਸਰੀਰ ਦਾ ਕੋਈ ਵੀ ਅੰਗ ਬੇਕਾਰ ਨਹੀਂ ਹੈ—ਨਾ ਕੋਈ ਪੱਠਾ, ਨਾ ਕੋਈ ਨਸ ਅਤੇ ਨਾ ਹੀ ਕੋਈ ਰਗ ਬੇਕਾਰ ਹੈ। ਹਰੇਕ ਅੰਗ ਬਹੁਮੁੱਲਾ ਹੈ ਤੇ ਸਰੀਰ ਦੀ ਸਿਹਤ ਅਤੇ ਸੁੰਦਰਤਾ ਨੂੰ ਵਧਾਉਣ ਲਈ ਕੁਝ ਨਾ ਕੁਝ ਯੋਗਦਾਨ ਪਾਉਂਦਾ ਹੈ। ਇਸੇ ਤਰ੍ਹਾਂ, ਕਲੀਸਿਯਾ ਬਹੁਤ ਸਾਰੇ ਅਲੱਗ-ਅਲੱਗ ਮੈਂਬਰਾਂ ਨਾਲ ਬਣੀ ਹੋਈ ਹੈ, ਪਰ ਹਰੇਕ ਮੈਂਬਰ—ਭਾਵੇਂ ਉਹ ਜਵਾਨ ਜਾਂ ਬੁੱਢਾ ਹੈ, ਸਿਹਤਮੰਦ ਜਾਂ ਕਮਜ਼ੋਰ—ਕਲੀਸਿਯਾ ਦੀ ਅਧਿਆਤਮਿਕ ਸਿਹਤ ਅਤੇ ਸੁੰਦਰਤਾ ਨੂੰ ਵਧਾਉਣ ਲਈ ਕੁਝ ਨਾ ਕੁਝ ਯੋਗਦਾਨ ਜ਼ਰੂਰ ਪਾ ਸਕਦਾ ਹੈ। (1 ਕੁਰਿੰਥੀਆਂ 12:14-26) ਕਿਸੇ ਨੂੰ ਵੀ ਇਹ ਮਹਿਸੂਸ ਨਹੀਂ ਕਰਨਾ ਚਾਹੀਦਾ ਕਿ ਉਹ ਇੰਨਾ ਮਾਮੂਲੀ ਹੈ ਕਿ ਕਿਸੇ ਨੂੰ ਵੀ ਉਸ ਦੀ ਕੋਈ ਲੋੜ ਨਹੀਂ ਹੈ। ਦੂਜੇ ਪਾਸੇ, ਸਾਡੇ ਵਿੱਚੋਂ ਕਿਸੇ ਨੂੰ ਵੀ ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਡਾ ਨਹੀਂ ਸਮਝਣਾ ਚਾਹੀਦਾ, ਕਿਉਂਕਿ ਅਸੀਂ ਸਾਰੇ—ਚਰਵਾਹੇ ਅਤੇ ਭੇਡਾਂ ਦੋਨੋਂ ਹੀ—ਇੱਕੋ ਹੀ ਦੇਹ ਦੇ ਅੰਗ ਹਾਂ, ਪਰ ਸਾਡਾ ਇੱਕੋ ਹੀ ਸਿਰ ਹੈ ਅਰਥਾਤ ਮਸੀਹ। ਇਸ ਤਰ੍ਹਾਂ ਪੌਲੁਸ ਸਾਡੇ ਆਪਸੀ ਪ੍ਰੇਮ, ਪਰਵਾਹ ਅਤੇ ਆਦਰ ਦੀ ਇਕ ਸੋਹਣੀ ਤਸਵੀਰ ਖਿੱਚਦਾ ਹੈ। ਇਸ ਗੱਲ ਨੂੰ ਸਮਝਣਾ, ਬਜ਼ੁਰਗ ਦੀ ਕਲੀਸਿਯਾ ਵਿਚ ਆਪਣੀ ਭੂਮਿਕਾ ਪ੍ਰਤੀ ਨਿਮਰ ਅਤੇ ਸੰਤੁਲਿਤ ਰਵੱਈਆ ਅਪਣਾਉਣ ਵਿਚ ਮਦਦ ਕਰੇਗਾ।
6. ਭਾਵੇਂ ਕਿ ਪੌਲੁਸ ਕੋਲ ਰਸੂਲ ਹੋਣ ਦੇ ਨਾਤੇ ਕਾਫ਼ੀ ਅਧਿਕਾਰ ਸੀ, ਪਰ ਉਸ ਨੇ ਨਿਮਰਤਾ ਕਿਵੇਂ ਦਿਖਾਈ?
6 “ਮਨੁੱਖਾਂ ਵਿਚ ਦਾਨ” ਇਹ ਨਹੀਂ ਚਾਹੁੰਦੇ ਕਿ ਉਹ ਆਪਣੇ ਸੰਗੀ ਵਿਸ਼ਵਾਸੀਆਂ ਦੀਆਂ ਜ਼ਿੰਦਗੀਆਂ ਨੂੰ ਜਾਂ ਉਨ੍ਹਾਂ ਦੀ ਨਿਹਚਾ ਨੂੰ ਆਪਣੇ ਕਾਬੂ ਵਿਚ ਰੱਖਣ। ਭਾਵੇਂ ਕਿ ਪੌਲੁਸ ਕੋਲ ਰਸੂਲ ਹੋਣ ਦੇ ਨਾਤੇ ਕਾਫ਼ੀ ਅਧਿਕਾਰ ਸੀ, ਪਰ ਉਸ ਨੇ ਨਿਮਰਤਾ ਨਾਲ ਕੁਰਿੰਥੀਆਂ ਨੂੰ ਕਿਹਾ: “ਅਸੀਂ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹਾਂ ਕਿ ਤੁਹਾਨੂੰ ਕੀ ਵਿਸ਼ਵਾਸ ਕਰਨਾ ਚਾਹੀਦਾ ਹੈ। ਤੁਹਾਡਾ ਵਿਸ਼ਵਾਸ ਤਾਂ ਪਹਿਲਾਂ ਹੀ ਬਹੁਤ ਪੱਕਾ ਹੈ। ਅਸੀਂ ਤਾਂ ਤੁਹਾਡੇ ਨਾਲ ਕੇਵਲ ਤੁਹਾਡੀ ਖੁਸ਼ੀ ਦੇ ਲਈ ਹੀ ਕੰਮ ਕਰ ਰਹੇ ਹਾਂ।” (2 ਕੁਰਿੰਥੀਆਂ 1:24, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪੌਲੁਸ ਨੇ ਇਹ ਇੱਛਾ ਨਹੀਂ ਰੱਖੀ ਕਿ ਉਹ ਆਪਣੇ ਭਰਾਵਾਂ ਦੀ ਨਿਹਚਾ ਅਤੇ ਉਨ੍ਹਾਂ ਦੇ ਜੀਵਨ-ਢੰਗ ਉੱਤੇ ਆਪਣਾ ਅਧਿਕਾਰ ਜਮਾਵੇ। ਅਸਲ ਵਿਚ, ਪੌਲੁਸ ਨੇ ਇਸ ਤਰ੍ਹਾਂ ਕਰਨ ਦੀ ਕੋਈ ਜ਼ਰੂਰਤ ਹੀ ਨਹੀਂ ਸਮਝੀ, ਕਿਉਂਕਿ ਉਸ ਨੇ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ ਵਫ਼ਾਦਾਰ ਭੈਣ-ਭਰਾ ਸਨ ਜਿਹੜੇ ਕਿ ਇਸੇ ਲਈ ਯਹੋਵਾਹ ਦੇ ਸੰਗਠਨ ਵਿਚ ਸਨ ਕਿਉਂਕਿ ਉਹ ਸਹੀ ਕੰਮ ਕਰਨਾ ਚਾਹੁੰਦੇ ਸਨ। ਇਸ ਲਈ ਪੌਲੁਸ ਆਪਣੇ ਬਾਰੇ ਅਤੇ ਆਪਣੇ ਹਮਸਫ਼ਰ ਤਿਮੋਥਿਉਸ ਬਾਰੇ ਅਸਲ ਵਿਚ ਇਹ ਕਹਿ ਰਿਹਾ ਸੀ: ‘ਇਹ ਸਾਡਾ ਕੰਮ ਹੈ ਕਿ ਅਸੀਂ ਤੁਹਾਡੇ ਨਾਲ ਮਿਲ ਕੇ ਆਨੰਦ ਨਾਲ ਪਰਮੇਸ਼ੁਰ ਦੀ ਸੇਵਾ ਕਰੀਏ।’ (2 ਕੁਰਿੰਥੀਆਂ 1:1) ਨਿਮਰਤਾ ਦੀ ਕਿੰਨੀ ਹੀ ਵਧੀਆ ਮਿਸਾਲ!
7. ਕਲੀਸਿਯਾ ਵਿਚ ਆਪਣੀ ਭੂਮਿਕਾ ਦੇ ਬਾਰੇ ਨਿਮਰ ਬਜ਼ੁਰਗਾਂ ਨੂੰ ਕਿਸ ਗੱਲ ਦਾ ਅਹਿਸਾਸ ਹੈ ਅਤੇ ਉਹ ਆਪਣੇ ਸੰਗੀ ਕਾਮਿਆਂ ਬਾਰੇ ਕੀ ਵਿਸ਼ਵਾਸ ਕਰਦੇ ਹਨ?
7 ਅੱਜ ਵੀ “ਮਨੁੱਖਾਂ ਵਿਚ ਦਾਨ” ਦਾ ਉਹੋ ਹੀ ਕੰਮ ਹੈ। ਉਹ ‘ਸਾਡੇ ਨਾਲ ਕੇਵਲ ਸਾਡੀ ਖੁਸ਼ੀ ਦੇ ਲਈ ਹੀ ਕੰਮ ਕਰ ਰਹੇ ਹਨ।’ ਨਿਮਰ ਬਜ਼ੁਰਗਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਇਹ ਫ਼ੈਸਲਾ ਕਰਨਾ ਉਨ੍ਹਾਂ ਦਾ ਕੰਮ ਨਹੀਂ ਹੈ ਕਿ ਦੂਸਰੇ ਭੈਣ-ਭਰਾ ਪਰਮੇਸ਼ੁਰ ਦੀ ਸੇਵਾ ਵਿਚ ਕਿੰਨਾ ਕੁਝ ਕਰ ਸਕਦੇ ਹਨ। ਉਹ ਜਾਣਦੇ ਹਨ ਕਿ ਜਦੋਂ ਕਿ ਉਹ ਦੂਸਰਿਆਂ ਨੂੰ ਆਪਣੀ ਸੇਵਕਾਈ ਵਧਾਉਣ ਜਾਂ ਸੁਧਾਰਨ ਲਈ ਉਤਸ਼ਾਹਿਤ ਕਰ ਸਕਦੇ ਹਨ, ਪਰ ਪਰਮੇਸ਼ੁਰ ਦੀ ਸੇਵਾ ਕਰਨ ਦੀ ਇੱਛਾ ਉਨ੍ਹਾਂ ਦੇ ਦਿਲੋਂ ਹੋਣੀ ਚਾਹੀਦੀ ਹੈ। (2 ਕੁਰਿੰਥੀਆਂ 9:7 ਦੀ ਤੁਲਨਾ ਕਰੋ।) ਉਨ੍ਹਾਂ ਨੂੰ ਇਹ ਵਿਸ਼ਵਾਸ ਹੈ ਕਿ ਜੇਕਰ ਉਨ੍ਹਾਂ ਦੇ ਸੰਗੀ ਕਾਮੇ ਖ਼ੁਸ਼ ਹਨ ਤਾਂ ਉਹ ਪਰਮੇਸ਼ੁਰ ਦੀ ਸੇਵਾ ਵਿਚ ਉੱਨਾ ਕਰਨ ਦੀ ਕੋਸ਼ਿਸ਼ ਕਰਨਗੇ ਜਿੰਨਾ ਉਹ ਕਰ ਸਕਦੇ ਹਨ। ਇਸ ਲਈ ਇਹ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਉਹ ‘ਅਨੰਦ ਹੋ ਕੇ ਯਹੋਵਾਹ ਦੀ ਉਪਾਸਨਾ ਕਰਨ’ ਵਿਚ ਆਪਣੇ ਭਰਾਵਾਂ ਦੀ ਮਦਦ ਕਰਨ।—ਜ਼ਬੂਰ 100:2.
ਸਾਰਿਆਂ ਦੀ ਆਨੰਦ ਨਾਲ ਸੇਵਾ ਕਰਨ ਵਿਚ ਮਦਦ ਕਰਨੀ
8. ਕੁਝ ਕਿਹੜੇ ਤਰੀਕੇ ਹਨ ਜਿਨ੍ਹਾਂ ਨਾਲ ਬਜ਼ੁਰਗ ਆਨੰਦ ਨਾਲ ਯਹੋਵਾਹ ਦੀ ਸੇਵਾ ਕਰਨ ਵਿਚ ਆਪਣੇ ਭਰਾਵਾਂ ਦੀ ਮਦਦ ਕਰ ਸਕਦੇ ਹਨ?
8 ਬਜ਼ੁਰਗੋ, ਆਨੰਦ ਨਾਲ ਸੇਵਾ ਕਰਨ ਵਿਚ ਤੁਸੀਂ ਆਪਣੇ ਭਰਾਵਾਂ ਦੀ ਮਦਦ ਕਿਵੇਂ ਕਰ ਸਕਦੇ ਹੋ? ਤੁਸੀਂ ਆਪਣੀ ਚੰਗੀ ਮਿਸਾਲ ਦੁਆਰਾ ਉਨ੍ਹਾਂ ਨੂੰ ਉਤਸ਼ਾਹਿਤ ਕਰ ਸਕਦੇ ਹੋ। (1 ਪਤਰਸ 5:3) ਸੇਵਕਾਈ ਵਿਚ ਆਪਣੇ ਜੋਸ਼ ਅਤੇ ਆਨੰਦ ਨੂੰ ਜ਼ਾਹਰ ਹੋਣ ਦਿਓ; ਹੋ ਸਕਦਾ ਹੈ ਕਿ ਦੂਸਰਿਆਂ ਨੂੰ ਵੀ ਤੁਹਾਡੀ ਵਧੀਆ ਮਿਸਾਲ ਦੀ ਨਕਲ ਕਰਨ ਲਈ ਹੌਸਲਾ ਮਿਲੇ। ਉਨ੍ਹਾਂ ਦੇ ਦਿਲੋਂ-ਜਾਨ ਨਾਲ ਕੀਤੇ ਗਏ ਜਤਨਾਂ ਦੀ ਤਾਰੀਫ਼ ਕਰੋ। (ਅਫ਼ਸੀਆਂ 4:29) ਜਦੋਂ ਸਨੇਹੀ ਅਤੇ ਸੱਚੀ ਤਾਰੀਫ਼ ਕੀਤੀ ਜਾਂਦੀ ਹੈ ਤਾਂ ਦੂਸਰੇ ਇਹ ਮਹਿਸੂਸ ਕਰਨਗੇ ਕਿ ਕਲੀਸਿਯਾ ਵਿਚ ਉਹ ਬੇਕਾਰ ਨਹੀਂ ਹਨ ਬਲਕਿ ਉਨ੍ਹਾਂ ਦੀ ਲੋੜ ਹੈ। ਇਸ ਨਾਲ ਭੇਡਾਂ ਪਰਮੇਸ਼ੁਰ ਦੀ ਸੇਵਾ ਜ਼ਿਆਦਾ ਤੋਂ ਜ਼ਿਆਦਾ ਕਰਨ ਲਈ ਉਤਸ਼ਾਹਿਤ ਹੋਣਗੀਆਂ। ਉਨ੍ਹਾਂ ਦੀ ਕਿਸੇ ਦੂਸਰੇ ਨਾਲ ਤੁਲਨਾ ਕਰਨ ਤੋਂ ਪਰਹੇਜ਼ ਕਰੋ। (ਗਲਾਤੀਆਂ 6:4) ਅਜਿਹੀ ਤੁਲਨਾ ਉਨ੍ਹਾਂ ਨੂੰ ਸੁਧਾਰ ਕਰਨ ਲਈ ਪ੍ਰੇਰਿਤ ਕਰਨ ਦੀ ਬਜਾਇ ਅਕਸਰ ਉਨ੍ਹਾਂ ਨੂੰ ਨਿਰਉਤਸ਼ਾਹਿਤ ਕਰ ਦੇਵੇਗੀ। ਇਸ ਤੋਂ ਇਲਾਵਾ, ਯਹੋਵਾਹ ਦੀਆਂ ਭੇਡਾਂ ਦੀਆਂ ਵੱਖੋ-ਵੱਖਰੀਆਂ ਸ਼ਖ਼ਸੀਅਤਾਂ ਹਨ, ਜਿਨ੍ਹਾਂ ਦੇ ਅਲੱਗ-ਅਲੱਗ ਹਾਲਾਤ ਅਤੇ ਯੋਗਤਾਵਾਂ ਹਨ। ਪੌਲੁਸ ਦੀ ਤਰ੍ਹਾਂ ਆਪਣੇ ਭਰਾਵਾਂ ਵਿਚ ਵਿਸ਼ਵਾਸ ਦਿਖਾਓ। ਪ੍ਰੇਮ “ਸਭਨਾਂ ਗੱਲਾਂ ਦੀ ਪਰਤੀਤ ਕਰਦਾ” ਹੈ, ਇਸ ਲਈ ਅਸੀਂ ਇਹ ਵਿਸ਼ਵਾਸ ਕਰ ਕੇ ਚੰਗਾ ਕਰਦੇ ਹਾਂ ਕਿ ਸਾਡੇ ਭਰਾ ਪਰਮੇਸ਼ੁਰ ਨੂੰ ਪ੍ਰੇਮ ਕਰਦੇ ਹਨ ਅਤੇ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ। (1 ਕੁਰਿੰਥੀਆਂ 13:7) ਜੇ ਤੁਸੀਂ ਦੂਸਰਿਆਂ ਨੂੰ “ਆਦਰ” ਦਿਖਾਓਗੇ, ਤਾਂ ਉਹ ਸੇਵਕਾਈ ਵਿਚ ਹੋਰ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਨਗੇ। (ਰੋਮੀਆਂ 12:10) ਯਕੀਨ ਰੱਖੋ ਕਿ ਜਦੋਂ ਭੇਡਾਂ ਨੂੰ ਹੌਸਲਾ ਅਤੇ ਤਾਜ਼ਗੀ ਦਿੱਤੀ ਜਾਂਦੀ ਹੈ ਤਾਂ ਜ਼ਿਆਦਾਤਰ ਭੇਡਾਂ ਪਰਮੇਸ਼ੁਰ ਦੀ ਸੇਵਾ ਵਿਚ ਜ਼ਿਆਦਾ ਤੋਂ ਜ਼ਿਆਦਾ ਕਰਨ ਦੀ ਪੂਰੀ ਕੋਸ਼ਿਸ਼ ਕਰਨਗੀਆਂ ਅਤੇ ਉਹ ਉਸ ਸੇਵਾ ਵਿਚ ਆਨੰਦ ਪ੍ਰਾਪਤ ਕਰਨਗੀਆਂ।—ਮੱਤੀ 11:28-30.
9. ਆਪਣੇ ਸੰਗੀ ਬਜ਼ੁਰਗਾਂ ਪ੍ਰਤੀ ਕਿਹੜਾ ਨਜ਼ਰੀਆ ਹਰੇਕ ਬਜ਼ੁਰਗ ਦੀ ਆਨੰਦ ਨਾਲ ਸੇਵਾ ਕਰਨ ਵਿਚ ਮਦਦ ਕਰੇਗਾ?
9 ਜੇਕਰ ਤੁਸੀਂ ਨਿਮਰਤਾ ਨਾਲ ਆਪਣੇ ਆਪ ਨੂੰ ‘ਦੂਜਿਆਂ ਨਾਲ ਕੰਮ ਕਰਨ ਵਾਲਾ’ ਵਿਚਾਰੋਗੇ ਤਾਂ ਤੁਸੀਂ ਪਰਮੇਸ਼ੁਰ ਦੀ ਸੇਵਾ ਖ਼ੁਸ਼ੀ ਨਾਲ ਕਰ ਸਕੋਗੇ ਅਤੇ ਤੁਸੀਂ ਆਪਣੇ ਸੰਗੀ ਬਜ਼ੁਰਗਾਂ ਦੇ ਖ਼ਾਸ ਗੁਣਾਂ ਦੀ ਕਦਰ ਕਰ ਸਕੋਗੇ। ਹਰੇਕ ਬਜ਼ੁਰਗ ਵਿਚ ਕੁਝ ਗੁਣ ਅਤੇ ਯੋਗਤਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਉਹ ਕਲੀਸਿਯਾ ਦੇ ਲਾਭ ਲਈ ਇਸਤੇਮਾਲ ਕਰ ਸਕਦਾ ਹੈ। (1 ਪਤਰਸ 4:10) ਇਕ ਬਜ਼ੁਰਗ ਸਿਖਾਉਣ ਵਿਚ ਮਾਹਰ ਹੋ ਸਕਦਾ ਹੈ। ਦੂਸਰਾ ਸ਼ਾਇਦ ਚੰਗਾ ਪ੍ਰਬੰਧਕ ਹੋਵੇ। ਹੋਰ ਇਕ ਬਜ਼ੁਰਗ ਸ਼ਾਇਦ ਬਹੁਤ ਹੀ ਪ੍ਰੇਮਮਈ ਅਤੇ ਹਮਦਰਦ ਹੋਵੇ ਜਿਸ ਕਰਕੇ ਭੈਣ-ਭਰਾ ਆਪਣੀਆਂ ਸਮੱਸਿਆਵਾਂ ਉਸ ਕੋਲ ਲਿਆਉਂਦੇ ਹਨ। ਹਕੀਕਤ ਤਾਂ ਇਹ ਹੈ ਕਿ ਕਿਸੇ ਵੀ ਬਜ਼ੁਰਗ ਵਿਚ ਸਾਰੇ ਗੁਣ ਨਹੀਂ ਹੁੰਦੇ। ਕੀ ਇਸ ਦਾ ਮਤਲਬ ਇਹ ਹੈ ਕਿ ਜੇਕਰ ਕਿਸੇ ਬਜ਼ੁਰਗ ਵਿਚ ਕੋਈ ਖ਼ਾਸ ਗੁਣ ਹੈ ਜਿਵੇਂ ਕਿ ਸਿਖਾਉਣ ਦਾ ਗੁਣ, ਤਾਂ ਉਹ ਦੂਜੇ ਬਜ਼ੁਰਗਾਂ ਨਾਲੋਂ ਉੱਤਮ ਹੈ? ਬਿਲਕੁਲ ਨਹੀਂ! (1 ਕੁਰਿੰਥੀਆਂ 4:7) ਦੂਜੇ ਪਾਸੇ, ਤੁਹਾਨੂੰ ਕਿਸੇ ਦੂਸਰੇ ਬਜ਼ੁਰਗ ਦੀ ਕਾਬਲੀਅਤ ਨੂੰ ਦੇਖ ਕੇ ਸੜਨ ਦੀ ਲੋੜ ਨਹੀਂ ਹੈ ਜਾਂ ਜਦੋਂ ਕਿਸੇ ਦੂਸਰੇ ਬਜ਼ੁਰਗ ਦੀ ਕਾਬਲੀਅਤ ਦੇ ਕਾਰਨ ਦੂਜੇ ਲੋਕ ਉਸ ਦੀ ਤਾਰੀਫ਼ ਕਰਦੇ ਹਨ ਤਾਂ ਤੁਹਾਨੂੰ ਆਪਣੇ ਆਪ ਨੂੰ ਅਯੋਗ ਮਹਿਸੂਸ ਨਹੀਂ ਕਰਨਾ ਚਾਹੀਦਾ ਹੈ। ਯਾਦ ਰੱਖੋ ਕਿ ਤੁਹਾਡੇ ਵਿਚ ਵੀ ਬਹੁਤ ਸਾਰੇ ਗੁਣ ਹਨ ਜੋ ਯਹੋਵਾਹ ਤੁਹਾਡੇ ਵਿਚ ਦੇਖਦਾ ਹੈ। ਉਹ ਉਨ੍ਹਾਂ ਗੁਣਾਂ ਨੂੰ ਵਧਾਉਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ ਤਾਂਕਿ ਤੁਸੀਂ ਉਨ੍ਹਾਂ ਗੁਣਾਂ ਨੂੰ ਆਪਣੇ ਭਰਾਵਾਂ ਦੇ ਫ਼ਾਇਦੇ ਲਈ ਇਸਤੇਮਾਲ ਕਰ ਸਕੋ।—ਫ਼ਿਲਿੱਪੀਆਂ 4:13.
‘ਆਗਿਆਕਾਰੀ ਕਰੋ ਅਤੇ ਅਧੀਨ ਰਹੋ’
10. ‘ਮਨੁੱਖਾਂ ਵਿਚ ਦਾਨਾਂ’ ਲਈ ਕਦਰਦਾਨੀ ਦਿਖਾਉਣੀ ਕਿਉਂ ਉਚਿਤ ਹੈ?
10 ਜਦੋਂ ਸਾਨੂੰ ਕੋਈ ਤੋਹਫ਼ਾ ਮਿਲਦਾ ਹੈ ਤਾਂ ਉਸ ਲਈ ਕਦਰਦਾਨੀ ਦਿਖਾਉਣੀ ਉਚਿਤ ਹੈ। ਕੁਲੁੱਸੀਆਂ 3:15 ਕਹਿੰਦਾ ਹੈ: “ਤੁਸੀਂ ਧੰਨਵਾਦ ਕਰਿਆ ਕਰੋ।” ਤਾਂ ਫਿਰ, ਯਹੋਵਾਹ ਵੱਲੋਂ ਸਾਨੂੰ ਦਿੱਤੇ ਗਏ ਕੀਮਤੀ ਤੋਹਫ਼ੇ ਅਰਥਾਤ “ਮਨੁੱਖਾਂ ਵਿਚ ਦਾਨ” ਬਾਰੇ ਕੀ? ਨਿਰਸੰਦੇਹ, ਅਸੀਂ ਮੁੱਖ ਤੌਰ ਤੇ ਯਹੋਵਾਹ ਦੇ ਧੰਨਵਾਦੀ ਹਾਂ ਜੋ ਕਿ ਦਿਲ ਖੋਲ੍ਹ ਕੇ ਸਾਨੂੰ ਦਾਨ ਦਿੰਦਾ ਹੈ। ਪਰ “ਮਨੁੱਖਾਂ ਵਿਚ ਦਾਨ” ਬਾਰੇ ਕੀ? ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਉਨ੍ਹਾਂ ਦੀ ਕਦਰ ਕਰਦੇ ਹਾਂ?
11. (ੳ) “ਮਨੁੱਖਾਂ ਵਿਚ ਦਾਨ” ਦੇ ਲਈ ਅਸੀਂ ਕਿਵੇਂ ਕਦਰ ਦਿਖਾ ਸਕਦੇ ਹਾਂ? (ਅ) “ਆਗਿਆਕਾਰੀ ਕਰੋ” ਅਤੇ “ਅਧੀਨ ਰਹੋ” ਪ੍ਰਗਟਾਵਿਆਂ ਦਾ ਕੀ ਭਾਵ ਹੈ?
11 “ਮਨੁੱਖਾਂ ਵਿਚ ਦਾਨ” ਪ੍ਰਤੀ ਕਦਰ ਦਿਖਾਉਣ ਦਾ ਇਕ ਤਰੀਕਾ ਇਹ ਹੈ ਕਿ ਅਸੀਂ ਉਨ੍ਹਾਂ ਦੀ ਬਾਈਬਲ-ਆਧਾਰਿਤ ਸਲਾਹ ਨੂੰ ਅਤੇ ਫ਼ੈਸਲਿਆਂ ਨੂੰ ਸਵੀਕਾਰ ਕਰਨ ਲਈ ਹਮੇਸ਼ਾ ਤਿਆਰ ਰਹੀਏ। ਬਾਈਬਲ ਸਾਨੂੰ ਸਲਾਹ ਦਿੰਦੀ ਹੈ: “ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਓਹਨਾਂ ਦੇ ਅਧੀਨ ਰਹੋ ਕਿਉਂ ਜੋ ਓਹ ਉਨ੍ਹਾਂ ਵਾਂਙੁ ਜਿਨ੍ਹਾਂ ਲੇਖਾ ਦੇਣਾ ਹੈ ਤੁਹਾਡੀਆਂ ਜਾਨਾਂ ਦੇ ਨਮਿੱਤ ਜਾਗਦੇ ਰਹਿੰਦੇ ਹਨ ਭਈ ਓਹ ਇਹ ਕੰਮ ਅਨੰਦ ਨਾਲ ਕਰਨ, ਨਾ ਹਾਉਕੇ ਭਰ ਭਰ ਕੇ ਕਿਉਂ ਜੋ ਇਹ ਤੁਹਾਡੇ ਲਈ ਲਾਭਵੰਤ ਨਹੀਂ।” (ਇਬਰਾਨੀਆਂ 13:17) ਧਿਆਨ ਦਿਓ ਕਿ ਅਸੀਂ ਸਿਰਫ਼ ਆਗੂਆਂ ਦੀ “ਆਗਿਆਕਾਰੀ” ਹੀ ਨਹੀਂ ਕਰਨੀ ਸਗੋਂ ਉਨ੍ਹਾਂ ਦੇ “ਅਧੀਨ” ਵੀ ਰਹਿਣਾ ਹੈ। ਇੱਥੇ “ਅਧੀਨ ਰਹੋ” ਲਈ ਯੂਨਾਨੀ ਸ਼ਬਦ ਦਾ ਸ਼ਾਬਦਿਕ ਅਰਥ ਹੈ “ਦੇ ਹੇਠ ਤੁਸੀਂ ਝੁਕ ਜਾਓ।” ਬਾਈਬਲ ਦਾ ਇਕ ਵਿਦਵਾਨ ਆਰ. ਸੀ. ਐੱਚ. ਲੈਂਸਕੀ “ਆਗਿਆਕਾਰੀ ਕਰੋ” ਅਤੇ “ਅਧੀਨ ਰਹੋ” ਪ੍ਰਗਟਾਵਿਆਂ ਉੱਤੇ ਟਿੱਪਣੀ ਕਰਦੇ ਹੋਏ ਕਹਿੰਦਾ ਹੈ: “ਇਕ ਵਿਅਕਤੀ ਉਦੋਂ ਆਗਿਆ ਮੰਨਦਾ ਹੈ ਜਦੋਂ ਉਹ ਉਸ ਨਾਲ ਸਹਿਮਤ ਹੁੰਦਾ ਹੈ ਜੋ ਉਸ ਨੂੰ ਕਰਨ ਲਈ ਕਿਹਾ ਗਿਆ ਹੈ ਅਤੇ ਕਾਇਲ ਹੈ ਕਿ ਇਹ ਸਹੀ ਹੈ ਤੇ ਲਾਹੇਵੰਦ ਹੈ; ਇਕ ਵਿਅਕਤੀ . . . ਉਦੋਂ ਝੁਕਦਾ ਹੈ ਜਦੋਂ ਕੋਈ ਵਿਚਾਰ ਉਸ ਦੇ ਵਿਚਾਰਾਂ ਤੋਂ ਉਲਟ ਹੁੰਦਾ ਹੈ।” ਜਦੋਂ ਅਸੀਂ ਕਲੀਸਿਯਾ ਵਿਚ ਅਗਵਾਈ ਕਰ ਰਹੇ ਬਜ਼ੁਰਗਾਂ ਦੀਆਂ ਹਿਦਾਇਤਾਂ ਨੂੰ ਸਮਝਦੇ ਹਾਂ ਅਤੇ ਉਨ੍ਹਾਂ ਨਾਲ ਸਹਿਮਤ ਹੁੰਦੇ ਹਾਂ ਤਾਂ ਸ਼ਾਇਦ ਆਗਿਆਕਾਰੀ ਕਰਨੀ ਸੌਖੀ ਹੋ ਜਾਂਦੀ ਹੈ। ਪਰ ਉਦੋਂ ਕੀ ਜਦੋਂ ਅਸੀਂ ਕਿਸੇ ਖ਼ਾਸ ਫ਼ੈਸਲੇ ਦੇ ਕਾਰਨ ਨੂੰ ਨਹੀਂ ਸਮਝਦੇ ਹਾਂ?
12. ਸਾਨੂੰ ਉਦੋਂ ਵੀ ਕਿਉਂ ਅਧੀਨ ਰਹਿਣਾ ਜਾਂ ਝੁਕਣਾ ਚਾਹੀਦਾ ਹੈ, ਜਦੋਂ ਅਸੀਂ ਕਿਸੇ ਖ਼ਾਸ ਫ਼ੈਸਲੇ ਦੇ ਕਾਰਨ ਨੂੰ ਨਹੀਂ ਸਮਝਦੇ ਹਾਂ?
12 ਜਦੋਂ ਅਜਿਹੀ ਗੱਲ ਹੁੰਦੀ ਹੈ ਤਾਂ ਉਦੋਂ ਸਾਨੂੰ ਅਧੀਨ ਰਹਿਣ ਜਾਂ ਝੁਕਣ ਦੀ ਲੋੜ ਹੈ। ਕਿਉਂ? ਇਕ ਕਾਰਨ ਤਾਂ ਇਹ ਹੈ ਕਿ ਸਾਨੂੰ ਇਨ੍ਹਾਂ ਅਧਿਆਤਮਿਕ ਤੌਰ ਤੇ ਕਾਬਲ ਮਨੁੱਖਾਂ ਉੱਤੇ ਭਰੋਸਾ ਰੱਖਣ ਦੀ ਲੋੜ ਹੈ ਕਿ ਉਹ ਸਾਡਾ ਭਲਾ ਚਾਹੁੰਦੇ ਹਨ। ਆਖ਼ਰ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਜਿਹੜੀਆਂ ਭੇਡਾਂ ਉਨ੍ਹਾਂ ਦੀ ਦੇਖ-ਭਾਲ ਵਿਚ ਦਿੱਤੀਆਂ ਗਈਆਂ ਹਨ, ਉਨ੍ਹਾਂ ਲਈ ਉਨ੍ਹਾਂ ਨੂੰ ਯਹੋਵਾਹ ਅੱਗੇ ਲੇਖਾ ਦੇਣਾ ਪਵੇਗਾ। (ਯਾਕੂਬ 3:1) ਇਸ ਤੋਂ ਇਲਾਵਾ, ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਕਿਸੇ ਖ਼ਾਸ ਫ਼ੈਸਲੇ ਪਿੱਛੇ ਸ਼ਾਇਦ ਬਹੁਤ ਸਾਰੀਆਂ ਗੁਪਤ ਗੱਲਾਂ ਹੋਣਗੀਆਂ ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ?—ਕਹਾਉਤਾਂ 18:13.
13. ਜਦੋਂ ਬਜ਼ੁਰਗਾਂ ਵੱਲੋਂ ਕੀਤੇ ਗਏ ਨਿਆਇਕ ਫ਼ੈਸਲਿਆਂ ਦੀ ਗੱਲ ਆਉਂਦੀ ਹੈ ਤਾਂ ਉਦੋਂ ਅਧੀਨ ਰਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?
13 ਜਦੋਂ ਨਿਆਇਕ ਫ਼ੈਸਲਿਆਂ ਦੀ ਗੱਲ ਆਉਂਦੀ ਹੈ ਤਾਂ ਉਦੋਂ ਅਧੀਨ ਰਹਿਣ ਬਾਰੇ ਕੀ ਕਿਹਾ ਜਾ ਸਕਦਾ ਹੈ? ਇਹ ਸੱਚ ਹੈ ਕਿ ਇਹ ਸ਼ਾਇਦ ਆਸਾਨ ਨਾ ਹੋਵੇ, ਖ਼ਾਸ ਕਰਕੇ ਉਦੋਂ ਜਦੋਂ ਇਹ ਫ਼ੈਸਲਾ ਉਸ ਵਿਅਕਤੀ ਨੂੰ ਛੇਕਣ ਲਈ ਕੀਤਾ ਜਾਂਦਾ ਹੈ ਜਿਸ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ—ਜਿਹੜਾ ਸਾਡਾ ਰਿਸ਼ਤੇਦਾਰ ਜਾਂ ਦੋਸਤ ਹੈ। ਇੱਥੇ ਵੀ ਸਾਡੇ ਲਈ ਇਹੀ ਸਭ ਤੋਂ ਚੰਗਾ ਹੈ ਕਿ ਅਸੀਂ “ਮਨੁੱਖਾਂ ਵਿਚ ਦਾਨ” ਦੇ ਫ਼ੈਸਲੇ ਦੇ ਅੱਗੇ ਝੁਕੀਏ। ਉਹ ਸਾਡੇ ਵਾਂਗ ਭਾਵਨਾਵਾਂ ਵਿਚ ਵਹਿ ਕੇ ਕੋਈ ਫ਼ੈਸਲਾ ਨਹੀਂ ਕਰਦੇ ਹਨ ਅਤੇ ਉਹ ਸ਼ਾਇਦ ਅਜਿਹੀਆਂ ਗੱਲਾਂ ਬਾਰੇ ਜਾਣਦੇ ਹਨ ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ। ਇਨ੍ਹਾਂ ਭਰਾਵਾਂ ਨੂੰ ਵੀ ਅਕਸਰ ਅਜਿਹੇ ਫ਼ੈਸਲੇ ਕਰਨ ਸਮੇਂ ਬਹੁਤ ਦੁੱਖ ਹੁੰਦਾ ਹੈ; ‘ਯਹੋਵਾਹ ਵੱਲੋਂ ਨਿਆਉਂ ਕਰਨਾ’ ਬਹੁਤ ਹੀ ਗੰਭੀਰ ਜ਼ਿੰਮੇਵਾਰੀ ਹੈ। (2 ਇਤਹਾਸ 19:6) ਉਹ ਦਇਆ ਦਿਖਾਉਣ ਦਾ ਹਰ ਸੰਭਵ ਜਤਨ ਕਰਦੇ ਹਨ, ਕਿਉਂਕਿ ਉਹ ਯਾਦ ਰੱਖਦੇ ਹਨ ਕਿ ਪਰਮੇਸ਼ੁਰ “ਦਯਾਲੂ” ਹੈ। (ਜ਼ਬੂਰ 86:5) ਪਰ ਉਨ੍ਹਾਂ ਨੇ ਕਲੀਸਿਯਾ ਨੂੰ ਵੀ ਸਾਫ਼ ਰੱਖਣਾ ਹੈ ਅਤੇ ਬਾਈਬਲ ਹਿਦਾਇਤ ਦਿੰਦੀ ਹੈ ਕਿ ਉਹ ਅਪਸ਼ਚਾਤਾਪੀ ਪਾਪੀਆਂ ਨੂੰ ਕਲੀਸਿਯਾ ਵਿੱਚੋਂ ਛੇਕ ਦੇਣ। (1 ਕੁਰਿੰਥੀਆਂ 5:11-13) ਕਈ ਵਾਰੀ ਗ਼ਲਤੀ ਕਰਨ ਵਾਲਾ ਵਿਅਕਤੀ ਖ਼ੁਦ ਫ਼ੈਸਲੇ ਨੂੰ ਸਵੀਕਾਰ ਕਰਦਾ ਹੈ। ਹੋ ਸਕਦਾ ਹੈ ਕਿ ਉਸ ਵਿਅਕਤੀ ਨੂੰ ਹੋਸ਼ ਵਿਚ ਲਿਆਉਣ ਲਈ ਇਸੇ ਤਾੜਨਾ ਦੀ ਜ਼ਰੂਰਤ ਸੀ। ਜੇਕਰ ਅਸੀਂ ਉਸ ਨੂੰ ਪਿਆਰ ਕਰਦੇ ਹਾਂ, ਇਸ ਫ਼ੈਸਲੇ ਦੇ ਅਧੀਨ ਰਹਿੰਦੇ ਹਾਂ, ਤਾਂ ਅਸੀਂ ਵੀ ਉਸ ਦੀ ਮਦਦ ਕਰ ਰਹੇ ਹੋਵਾਂਗੇ ਕਿ ਉਹ ਤਾੜਨਾ ਤੋਂ ਲਾਭ ਉਠਾਵੇ।—ਇਬਰਾਨੀਆਂ 12:11.
“ਓਹਨਾਂ ਦਾ ਬਹੁਤਾ ਹੀ ਆਦਰ ਕਰੋ”
14, 15. (ੳ) ਬਜ਼ੁਰਗ ਸਾਡੇ ਕੋਲੋਂ 1 ਥੱਸਲੁਨੀਕੀਆਂ 5:12, 13 ਦੇ ਅਨੁਸਾਰ ਆਦਰ ਲੈਣ ਦੇ ਯੋਗ ਕਿਉਂ ਹਨ? (ਅ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਬਜ਼ੁਰਗ ‘ਸਾਡੇ ਵਿੱਚ ਮਿਹਨਤ ਕਰਦੇ’ ਹਨ?
14 “ਮਨੁੱਖਾਂ ਵਿਚ ਦਾਨ” ਲਈ ਕਦਰ ਦਿਖਾਉਣ ਦਾ ਇਕ ਹੋਰ ਤਰੀਕਾ ਹੈ ਉਨ੍ਹਾਂ ਦਾ ਆਦਰ ਕਰਨਾ। ਪੌਲੁਸ ਨੇ ਥੱਸਲੁਨੀਕੇ ਦੀ ਕਲੀਸਿਯਾ ਨੂੰ ਚਿੱਠੀ ਲਿਖਦੇ ਸਮੇਂ ਉਸ ਦੇ ਮੈਂਬਰਾਂ ਨੂੰ ਨਸੀਹਤ ਦਿੱਤੀ ਸੀ: “ਜਿਹੜੇ ਤੁਹਾਡੇ ਵਿੱਚ ਮਿਹਨਤ ਕਰਦੇ ਅਤੇ ਪ੍ਰਭੁ ਵਿੱਚ ਤੁਹਾਡੇ ਆਗੂ ਹਨ ਅਤੇ ਤੁਹਾਨੂੰ ਚਿਤਾਰਦੇ ਹਨ ਤੁਸੀਂ ਓਹਨਾਂ ਨੂੰ ਮੰਨੋ, ਅਤੇ ਓਹਨਾਂ ਦੇ ਕੰਮ ਦੀ ਖਾਤਰ ਪ੍ਰੇਮ ਨਾਲ ਓਹਨਾਂ ਦਾ ਬਹੁਤਾ ਹੀ ਆਦਰ ਕਰੋ।” (1 ਥੱਸਲੁਨੀਕੀਆਂ 5:12, 13) “ਮਿਹਨਤ ਕਰਦੇ”—ਕੀ ਇਹ ਸ਼ਬਦ ਉਨ੍ਹਾਂ ਸਮਰਪਿਤ ਬਜ਼ੁਰਗਾਂ ਦਾ ਸਹੀ-ਸਹੀ ਵਰਣਨ ਨਹੀਂ ਕਰਦੇ ਹਨ, ਜੋ ਨਿਸ਼ਕਪਟਤਾ ਨਾਲ ਸਾਡੇ ਲਈ ਆਪਣਾ ਸਮਾਂ ਦਿੰਦੇ ਹਨ? ਜ਼ਰਾ ਇਕ ਪਲ ਲਈ ਸੋਚੋ, ਸਾਡੇ ਇਹ ਪਿਆਰੇ ਭਰਾ ਕਿੰਨਾ ਭਾਰੀ ਬੋਝ ਉਠਾਉਂਦੇ ਹਨ।
15 ਜ਼ਿਆਦਾਤਰ ਬਜ਼ੁਰਗ ਘਰ-ਗ੍ਰਹਿਸਥੀ ਵਾਲੇ ਹਨ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਨੌਕਰੀ ਵੀ ਕਰਨੀ ਪੈਂਦੀ ਹੈ। (1 ਤਿਮੋਥਿਉਸ 5:8) ਜੇਕਰ ਬਜ਼ੁਰਗ ਦੇ ਬੱਚੇ ਹਨ ਤਾਂ ਉਸ ਨੂੰ ਆਪਣੇ ਬੱਚਿਆਂ ਨੂੰ ਵੀ ਆਪਣਾ ਸਮਾਂ ਅਤੇ ਧਿਆਨ ਦੇਣ ਦੀ ਲੋੜ ਹੈ। ਉਸ ਨੂੰ ਸ਼ਾਇਦ ਬੱਚਿਆਂ ਦੇ ਸਕੂਲ ਦੇ ਕੰਮ ਵਿਚ ਮਦਦ ਕਰਨ ਦੀ ਲੋੜ ਹੋਵੇ। ਨਾਲੇ ਬੱਚਿਆਂ ਨੂੰ ਖੇਡਣ ਦੀ ਲੋੜ ਹੁੰਦੀ ਹੈ ਅਤੇ ਇਸ ਦੇ ਲਈ ਵੀ ਪਿਤਾ ਨੂੰ ਸਮਾਂ ਕੱਢਣਾ ਪਵੇਗਾ। (ਉਪਦੇਸ਼ਕ ਦੀ ਪੋਥੀ 3:1, 4) ਸਭ ਤੋਂ ਮਹੱਤਵਪੂਰਣ, ਉਹ ਆਪਣੇ ਪਰਿਵਾਰ ਦੀਆਂ ਅਧਿਆਤਮਿਕ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਏ, ਨਿਯਮਿਤ ਤੌਰ ਤੇ ਪਰਿਵਾਰਕ ਬਾਈਬਲ ਅਧਿਐਨ ਕਰਵਾਉਂਦਾ ਹੈ, ਉਨ੍ਹਾਂ ਨਾਲ ਖੇਤਰ ਸੇਵਕਾਈ ਵਿਚ ਕੰਮ ਕਰਦਾ ਹੈ ਅਤੇ ਉਨ੍ਹਾਂ ਨੂੰ ਮਸੀਹੀ ਸਭਾਵਾਂ ਵਿਚ ਲੈ ਕੇ ਜਾਂਦਾ ਹੈ। (ਬਿਵਸਥਾ ਸਾਰ 6:4-7; ਅਫ਼ਸੀਆਂ 6:4) ਅਤੇ ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਹੈ ਕਿ ਇਨ੍ਹਾਂ ਆਮ ਜ਼ਿੰਮੇਵਾਰੀਆਂ ਤੋਂ ਇਲਾਵਾ, ਜਿਹੜੀਆਂ ਜ਼ਿਆਦਾਤਰ ਭੈਣ-ਭਰਾ ਵੀ ਸੰਭਾਲਦੇ ਹਨ, ਬਜ਼ੁਰਗਾਂ ਦੀਆਂ ਹੋਰ ਦੂਸਰੀਆਂ ਜ਼ਿੰਮੇਵਾਰੀਆਂ ਵੀ ਹੁੰਦੀਆਂ ਹਨ: ਸਭਾਵਾਂ ਵਿਚ ਭਾਸ਼ਣ ਨਿਯੁਕਤੀਆਂ ਨੂੰ ਤਿਆਰ ਕਰਨਾ, ਰਹਿਨੁਮਾਈ ਮੁਲਾਕਾਤਾਂ ਕਰਨੀਆਂ, ਕਲੀਸਿਯਾ ਦੀ ਅਧਿਆਤਮਿਕ ਭਲਾਈ ਦੀ ਦੇਖ-ਭਾਲ ਕਰਨੀ ਅਤੇ ਜ਼ਰੂਰਤ ਪੈਣ ਤੇ ਨਿਆਇਕ ਕੇਸਾਂ ਦੀ ਕਾਰਵਾਈ ਕਰਨੀ। ਕਈ ਬਜ਼ੁਰਗਾਂ ਨੂੰ ਸਰਕਟ ਸੰਮੇਲਨਾਂ, ਜ਼ਿਲ੍ਹਾ ਮਹਾਂ-ਸੰਮੇਲਨਾਂ, ਰਾਜ-ਗ੍ਰਹਿ ਉਸਾਰੀ ਅਤੇ ਹਸਪਤਾਲ ਸੰਪਰਕ ਸਮਿਤੀਆਂ ਨਾਲ ਸੰਬੰਧਿਤ ਵਾਧੂ ਜ਼ਿੰਮੇਵਾਰੀਆਂ ਨੂੰ ਵੀ ਸੰਭਾਲਣਾ ਪੈਂਦਾ ਹੈ। ਸੱਚ-ਮੁੱਚ, ਇਹ ਭਰਾ ਸਖ਼ਤ “ਮਿਹਨਤ” ਕਰਦੇ ਹਨ!
16. ਉਨ੍ਹਾਂ ਤਰੀਕਿਆਂ ਬਾਰੇ ਦੱਸੋ ਜਿਨ੍ਹਾਂ ਦੁਆਰਾ ਅਸੀਂ ਬਜ਼ੁਰਗਾਂ ਲਈ ਆਦਰ ਦਿਖਾ ਸਕਦੇ ਹਾਂ?
16 ਅਸੀਂ ਉਨ੍ਹਾਂ ਨੂੰ ਕਿਵੇਂ ਆਦਰ ਦਿਖਾ ਸਕਦੇ ਹਾਂ? ਇਕ ਬਾਈਬਲ ਕਹਾਵਤ ਕਹਿੰਦੀ ਹੈ: “ਜਿਹੜਾ ਬਚਨ ਵੇਲੇ ਸਿਰ ਕਹੀਦਾ ਹੈ ਉਹ ਕਿਹਾ ਚੰਗਾ ਲੱਗਦਾ ਹੈ!” (ਕਹਾਉਤਾਂ 15:23; 25:11) ਇਸ ਲਈ, ਦਿਲੀ ਕਦਰਦਾਨੀ ਅਤੇ ਹੌਸਲਾ-ਅਫ਼ਜ਼ਾਈ ਦੇ ਸ਼ਬਦ ਪ੍ਰਗਟਾਉਣ ਦੁਆਰਾ ਅਸੀਂ ਦਿਖਾ ਸਕਦੇ ਹਾਂ ਕਿ ਉਨ੍ਹਾਂ ਦੀ ਸਖ਼ਤ ਮਿਹਨਤ ਨੂੰ ਅਸੀਂ ਤੁੱਛ ਨਹੀਂ ਸਮਝਦੇ। ਇਸ ਤੋਂ ਇਲਾਵਾ, ਸਾਨੂੰ ਉਨ੍ਹਾਂ ਕੋਲੋਂ ਹੱਦੋਂ ਵੱਧ ਗੱਲਾਂ ਦੀ ਆਸ ਨਹੀਂ ਰੱਖਣੀ ਚਾਹੀਦੀ ਹੈ। ਇਕ ਪਾਸੇ, ਮਦਦ ਲੈਣ ਲਈ ਸਾਨੂੰ ਉਨ੍ਹਾਂ ਕੋਲ ਬੇਝਿਜਕ ਜਾਣਾ ਚਾਹੀਦਾ ਹੈ। ਕਈ ਵਾਰੀ ‘ਸਾਡਾ ਦਿਲ ਬਹੁਤ ਦੁਖੀ’ ਹੋ ਸਕਦਾ ਹੈ ਅਤੇ ਸਾਨੂੰ ਉਨ੍ਹਾਂ ਬਜ਼ੁਰਗਾਂ ਕੋਲੋਂ, ਜੋ ਪਰਮੇਸ਼ੁਰ ਦੇ ਬਚਨ ਵਿੱਚੋਂ “ਸਿੱਖਿਆ ਦੇਣ ਜੋਗ” ਹਨ, ਸ਼ਾਸਤਰ ਸੰਬੰਧੀ ਹੌਸਲਾ, ਨਿਰਦੇਸ਼ਨ ਜਾਂ ਸਲਾਹ ਲੈਣ ਦੀ ਲੋੜ ਪੈਂਦੀ ਹੈ। (ਜ਼ਬੂਰ 55:4; 1 ਤਿਮੋਥਿਉਸ 3:2) ਪਰ ਸਾਨੂੰ ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਇਕ ਬਜ਼ੁਰਗ ਸਾਨੂੰ ਬਹੁਤਾ ਸਮਾਂ ਨਹੀਂ ਦੇ ਸਕਦਾ ਹੈ, ਕਿਉਂਕਿ ਉਹ ਆਪਣੇ ਪਰਿਵਾਰ ਜਾਂ ਕਲੀਸਿਯਾ ਵਿਚ ਦੂਜੇ ਲੋਕਾਂ ਦੀਆਂ ਲੋੜਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਇਨ੍ਹਾਂ ਮਿਹਨਤੀ ਭਰਾਵਾਂ ਦੇ “ਦਰਦੀ” ਬਣਨ ਦੁਆਰਾ ਅਸੀਂ ਉਨ੍ਹਾਂ ਕੋਲੋਂ ਸਮੇਂ ਦੀ ਹੱਦੋਂ ਵੱਧ ਮੰਗ ਨਹੀਂ ਕਰਾਂਗੇ। (1 ਪਤਰਸ 3:8) ਇਸ ਦੀ ਬਜਾਇ, ਉਹ ਸਾਨੂੰ ਜਿੰਨਾ ਵੀ ਸਮਾਂ ਅਤੇ ਧਿਆਨ ਦੇ ਸਕਦੇ ਹਨ, ਆਓ ਅਸੀਂ ਉਸ ਦੀ ਕਦਰ ਕਰੀਏ।—ਫ਼ਿਲਿੱਪੀਆਂ 4:5.
17, 18. ਕਈ ਪਤਨੀਆਂ, ਜਿਨ੍ਹਾਂ ਦੇ ਪਤੀ ਬਜ਼ੁਰਗ ਹਨ, ਨੂੰ ਕਿਹੜੇ ਤਿਆਗ ਕਰਨੇ ਪੈਂਦੇ ਹਨ ਅਤੇ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਇਨ੍ਹਾਂ ਵਫ਼ਾਦਾਰ ਭੈਣਾਂ ਦੀ ਕਦਰ ਕਰਦੇ ਹਾਂ?
17 ਬਜ਼ੁਰਗਾਂ ਦੀਆਂ ਪਤਨੀਆਂ ਬਾਰੇ ਕੀ? ਕੀ ਉਹ ਸਾਡੇ ਆਦਰ ਦੇ ਯੋਗ ਨਹੀਂ ਹਨ? ਆਖ਼ਰ ਉਨ੍ਹਾਂ ਦੇ ਪਤੀ ਕਲੀਸਿਯਾ ਦੇ ਕੰਮਾਂ ਵਿਚ ਕਾਫ਼ੀ ਸਮਾਂ ਲਗਾ ਰਹੇ ਹਨ। ਅਕਸਰ ਪਤਨੀਆਂ ਨੂੰ ਇਸ ਦੇ ਲਈ ਬਹੁਤ ਤਿਆਗ ਕਰਨੇ ਪੈਂਦੇ ਹਨ। ਕਈ ਵਾਰੀ ਬਜ਼ੁਰਗਾਂ ਨੂੰ ਕਲੀਸਿਯਾ ਦੇ ਕੰਮਾਂ ਦੀ ਦੇਖ-ਭਾਲ ਕਰਨ ਵਿਚ ਪੂਰੀ ਸ਼ਾਮ ਗੁਜ਼ਾਰਨੀ ਪੈਂਦੀ ਹੈ, ਜਦੋਂ ਕਿ ਉਹ ਇਹ ਸਮਾਂ ਆਪਣੇ ਪਰਿਵਾਰਾਂ ਨਾਲ ਗੁਜ਼ਾਰ ਸਕਦੇ ਸਨ। ਕਈ ਕਲੀਸਿਯਾਵਾਂ ਵਿਚ ਵਫ਼ਾਦਾਰ ਮਸੀਹੀ ਔਰਤਾਂ ਇੱਛਾਪੂਰਵਕ ਅਜਿਹੇ ਤਿਆਗ ਕਰਦੀਆਂ ਹਨ ਤਾਂਕਿ ਉਨ੍ਹਾਂ ਦੇ ਪਤੀ ਯਹੋਵਾਹ ਦੀਆਂ ਭੇਡਾਂ ਦੀ ਦੇਖ-ਭਾਲ ਕਰ ਸਕਣ।—2 ਕੁਰਿੰਥੀਆਂ 12:15 ਦੀ ਤੁਲਨਾ ਕਰੋ।
18 ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਇਨ੍ਹਾਂ ਵਫ਼ਾਦਾਰ ਮਸੀਹੀ ਭੈਣਾਂ ਦੀ ਕਦਰ ਕਰਦੇ ਹਾਂ? ਨਿਰਸੰਦੇਹ ਅਸੀਂ ਉਨ੍ਹਾਂ ਦੇ ਪਤੀਆਂ ਕੋਲੋਂ ਹੱਦੋਂ ਵੱਧ ਸਮੇਂ ਦੀ ਮੰਗ ਨਹੀਂ ਕਰਾਂਗੇ। ਪਰ ਸਾਨੂੰ ਕਦਰਦਾਨੀ ਦੇ ਸਾਧਾਰਣ ਸ਼ਬਦਾਂ ਦੀ ਤਾਕਤ ਨੂੰ ਵੀ ਨਹੀਂ ਭੁੱਲਣਾ ਚਾਹੀਦਾ। ਕਹਾਉਤਾਂ 16:24 ਕਹਿੰਦਾ ਹੈ: “ਸ਼ੁਭ ਬਚਨ ਮਖੀਰ ਦੀ ਛੱਲੀ ਵਾਂਙੁ ਹਨ, ਓਹ ਜੀ ਨੂੰ ਮਿੱਠੇ ਲੱਗਦੇ ਅਤੇ ਹੱਡੀਆਂ ਨੂੰ ਸਿਹਤ ਦਿੰਦੇ ਹਨ।” ਇਸ ਅਨੁਭਵ ਤੇ ਵਿਚਾਰ ਕਰੋ। ਮਸੀਹੀ ਸਭਾ ਖ਼ਤਮ ਹੋਣ ਤੋਂ ਬਾਅਦ, ਇਕ ਵਿਆਹੁਤਾ ਜੋੜਾ ਇਕ ਬਜ਼ੁਰਗ ਕੋਲ ਆਇਆ ਅਤੇ ਕਿਹਾ ਕਿ ਉਹ ਆਪਣੇ ਕਿਸ਼ੋਰ ਪੁੱਤਰ ਬਾਰੇ ਉਸ ਨਾਲ ਗੱਲ ਕਰਨੀ ਚਾਹੁੰਦੇ ਸਨ। ਜਦੋਂ ਬਜ਼ੁਰਗ ਉਸ ਜੋੜੇ ਨਾਲ ਗੱਲ ਕਰ ਰਿਹਾ ਸੀ ਤਾਂ ਉਸ ਦੀ ਪਤਨੀ ਧੀਰਜ ਨਾਲ ਉਸ ਦੀ ਉਡੀਕ ਕਰ ਰਹੀ ਸੀ। ਬਾਅਦ ਵਿਚ ਮਾਂ ਉਸ ਬਜ਼ੁਰਗ ਦੀ ਪਤਨੀ ਕੋਲ ਗਈ ਅਤੇ ਕਿਹਾ: “ਮੈਂ ਤੁਹਾਡਾ ਉਸ ਸਮੇਂ ਲਈ ਧੰਨਵਾਦ ਕਰਨਾ ਚਾਹੁੰਦੀ ਹਾਂ ਜੋ ਤੁਹਾਡੇ ਪਤੀ ਨੇ ਮੇਰੇ ਪਰਿਵਾਰ ਦੀ ਮਦਦ ਕਰਨ ਲਈ ਦਿੱਤਾ।” ਕਦਰਦਾਨੀ ਦੇ ਇਨ੍ਹਾਂ ਸਾਧਾਰਣ, ਮਨਮੋਹਕ ਸ਼ਬਦਾਂ ਨੇ ਉਸ ਬਜ਼ੁਰਗ ਦੀ ਪਤਨੀ ਦੇ ਦਿਲ ਨੂੰ ਛੂਹ ਲਿਆ।
19. (ੳ) ਇਕ ਸਮੂਹ ਦੇ ਤੌਰ ਤੇ ਬਜ਼ੁਰਗ ਵਫ਼ਾਦਾਰੀ ਨਾਲ ਕਿਹੜੇ ਉਦੇਸ਼ਾਂ ਨੂੰ ਪੂਰਾ ਕਰ ਰਹੇ ਹਨ? (ਅ) ਸਾਨੂੰ ਸਾਰਿਆਂ ਨੂੰ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ?
19 ਭੇਡਾਂ ਦੀ ਦੇਖ-ਭਾਲ ਕਰਨ ਲਈ ਕੀਤਾ ਗਿਆ ਬਜ਼ੁਰਗਾਂ ਦਾ ਪ੍ਰਬੰਧ, ਯਹੋਵਾਹ ਵੱਲੋਂ ਇਕ “ਚੰਗਾ ਦਾਨ” ਹੈ। (ਯਾਕੂਬ 1:17) ਨਹੀਂ, ਇਹ ਮਨੁੱਖ ਸੰਪੂਰਣ ਨਹੀਂ ਹਨ; ਸਾਡੇ ਵਾਂਗ ਉਹ ਵੀ ਗ਼ਲਤੀਆਂ ਕਰਦੇ ਹਨ। (1 ਰਾਜਿਆਂ 8:46) ਫਿਰ ਵੀ ਇਕ ਸਮੂਹ ਦੇ ਤੌਰ ਤੇ, ਸੰਸਾਰ ਭਰ ਦੀਆਂ ਕਲੀਸਿਯਾਵਾਂ ਵਿਚ ਇਹ ਬਜ਼ੁਰਗ ਵਫ਼ਾਦਾਰੀ ਨਾਲ ਉਨ੍ਹਾਂ ਉਦੇਸ਼ਾਂ ਨੂੰ ਪੂਰਾ ਕਰ ਰਹੇ ਹਨ, ਜਿਹੜੇ ਉਦੇਸ਼ਾਂ ਲਈ ਯਹੋਵਾਹ ਨੇ ਉਨ੍ਹਾਂ ਨੂੰ ਨਿਯੁਕਤ ਕੀਤਾ ਹੈ—ਅਰਥਾਤ, ਝੁੰਡ ਨੂੰ ਸੁਧਾਰਨਾ, ਮਜ਼ਬੂਤ ਕਰਨਾ, ਉਸ ਵਿਚ ਏਕਤਾ ਬਣਾਈ ਰੱਖਣੀ ਅਤੇ ਉਸ ਦੀ ਰਾਖੀ ਕਰਨੀ। ਅਜਿਹਾ ਹੋਵੇ ਕਿ ਹਰੇਕ ਬਜ਼ੁਰਗ ਇਹ ਸੰਕਲਪ ਕਰੇ ਕਿ ਉਹ ਨਰਮਾਈ ਨਾਲ ਯਹੋਵਾਹ ਦੀਆਂ ਭੇਡਾਂ ਦੀ ਦੇਖ-ਭਾਲ ਕਰਦਾ ਰਹੇਗਾ ਅਤੇ ਇਸ ਤਰ੍ਹਾਂ ਉਹ ਆਪਣੇ ਭਰਾਵਾਂ ਲਈ ਆਪਣੇ ਆਪ ਨੂੰ ਇਕ ਤੋਹਫ਼ਾ ਜਾਂ ਬਰਕਤ ਸਾਬਤ ਕਰੇਗਾ। ਅਤੇ ਆਓ ਅਸੀਂ ਸਾਰੇ ਇਨ੍ਹਾਂ “ਮਨੁੱਖਾਂ ਵਿਚ ਦਾਨ” ਦੀ ਆਗਿਆਕਾਰੀ ਕਰਨ, ਉਨ੍ਹਾਂ ਦੇ ਅਧੀਨ ਰਹਿਣ ਅਤੇ ਉਨ੍ਹਾਂ ਦੀ ਸਖ਼ਤ ਮਿਹਨਤ ਲਈ ਉਨ੍ਹਾਂ ਦਾ ਆਦਰ ਕਰਨ ਦੁਆਰਾ ਉਨ੍ਹਾਂ ਲਈ ਕਦਰਦਾਨੀ ਦਿਖਾਉਣ ਦਾ ਪੱਕਾ ਇਰਾਦਾ ਕਰੀਏ। ਅਸੀਂ ਯਹੋਵਾਹ ਦੇ ਕਿੰਨੇ ਧੰਨਵਾਦੀ ਹੋ ਸਕਦੇ ਹਾਂ ਕਿ ਉਸ ਨੇ ਪ੍ਰੇਮਪੂਰਵਕ ਸਾਨੂੰ ਅਜਿਹੇ ਮਨੁੱਖ ਦਿੱਤੇ ਹਨ ਜੋ ਮਾਨੋ ਉਸ ਦੀਆਂ ਭੇਡਾਂ ਨੂੰ ਕਹਿੰਦੇ ਹਨ: ‘ਇਹ ਸਾਡਾ ਕੰਮ ਹੈ ਕਿ ਅਸੀਂ ਆਨੰਦ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਤੁਹਾਡੀ ਮਦਦ ਕਰੀਏ!’
ਤੁਸੀਂ ਕਿਵੇਂ ਜਵਾਬ ਦਿਓਗੇ?
◻ ਕਲੀਸਿਯਾ ਦੀ ਤੁਲਨਾ ਸਰੀਰ ਨਾਲ ਕਰਨੀ ਕਿਉਂ ਢੁਕਵੀਂ ਹੈ?
◻ ਯਹੋਵਾਹ ਦੀ ਸੇਵਾ ਆਨੰਦ ਨਾਲ ਕਰਨ ਵਿਚ ਬਜ਼ੁਰਗ ਕਿਵੇਂ ਆਪਣੇ ਭਰਾਵਾਂ ਦੀ ਮਦਦ ਕਰ ਸਕਦੇ ਹਨ?
◻ ਅਸੀਂ ਕਿਉਂ ਆਗੂਆਂ ਦੀ ਸਿਰਫ਼ ਆਗਿਆਕਾਰੀ ਹੀ ਨਹੀਂ ਕਰਨੀ, ਸਗੋਂ ਉਨ੍ਹਾਂ ਦੇ ਅਧੀਨ ਵੀ ਰਹਿਣਾ ਹੈ?
◻ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਬਜ਼ੁਰਗਾਂ ਪ੍ਰਤੀ ਆਦਰ ਦਿਖਾ ਸਕਦੇ ਹਾਂ?
[ਸਫ਼ੇ 16 ਉੱਤੇ ਤਸਵੀਰ]
ਬਜ਼ੁਰਗੋ, ਦੂਸਰਿਆਂ ਦੇ ਦਿਲੋਂ-ਜਾਨ ਨਾਲ ਕੀਤੇ ਗਏ ਜਤਨਾਂ ਦੀ ਤਾਰੀਫ਼ ਕਰੋ
[ਸਫ਼ੇ 17 ਉੱਤੇ ਤਸਵੀਰ]
ਸੇਵਕਾਈ ਵਿਚ ਆਪਣੀ ਜੋਸ਼ੀਲੀ ਮਿਸਾਲ ਦੁਆਰਾ, ਬਜ਼ੁਰਗ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਦੂਸਰਿਆਂ ਦੀ ਆਨੰਦ ਨਾਲ ਸੇਵਾ ਕਰਨ ਵਿਚ ਮਦਦ ਕਰ ਸਕਦੇ ਹਨ
[ਸਫ਼ੇ 18 ਉੱਤੇ ਤਸਵੀਰਾਂ]
ਅਸੀਂ ਆਪਣੇ ਮਿਹਨਤੀ ਬਜ਼ੁਰਗਾਂ ਦੀ ਕਦਰ ਕਰਦੇ ਹਾਂ!