ਯਹੋਵਾਹ ਦੀਆਂ ਭੇਡਾਂ ਦੀ ਦੇਖ-ਭਾਲ ਕਰਨ ਲਈ “ਮਨੁੱਖਾਂ ਵਿਚ ਦਾਨ”
“ਜਾਂ ਉਹ ਉਤਾਹਾਂ ਨੂੰ ਚੜ੍ਹਿਆ, ਓਨ ਬੰਧਕਾਂ ਨੂੰ ਬੰਨ੍ਹ ਲਿਆ, ਅਤੇ ਮਨੁੱਖਾਂ ਨੂੰ [“ਮਨੁੱਖਾਂ ਵਿਚ,” “ਨਿ ਵ”] ਦਾਨ ਦਿੱਤੇ।”—ਅਫ਼ਸੀਆਂ 4:8.
1. ਇਕ ਮਸੀਹੀ ਭੈਣ ਨੇ ਆਪਣੀ ਕਲੀਸਿਯਾ ਦੇ ਬਜ਼ੁਰਗਾਂ ਬਾਰੇ ਕਿਹੜੇ ਸ਼ਬਦ ਲਿਖੇ?
“ਸਾਡੀ ਇੰਨੀ ਜ਼ਿਆਦਾ ਪਰਵਾਹ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਹਾਡੀ ਮੁਸਕਰਾਹਟ, ਤੁਹਾਡੇ ਸਨੇਹ ਅਤੇ ਤੁਹਾਡੀ ਚਿੰਤਾ ਵਿਚ ਕੋਈ ਦਿਖਾਵਾ ਨਹੀਂ ਹੈ। ਤੁਸੀਂ ਸਾਨੂੰ ਸੁਣਨ ਲਈ ਅਤੇ ਬਾਈਬਲ ਦੇ ਬਚਨਾਂ ਦੁਆਰਾ ਸਾਨੂੰ ਹੌਸਲਾ ਦੇਣ ਲਈ ਹਮੇਸ਼ਾ ਤਿਆਰ ਰਹਿੰਦੇ ਹੋ। ਮੈਂ ਇਹੀ ਦੁਆ ਕਰਦੀ ਹਾਂ ਕਿ ਤੁਹਾਡੇ ਲਈ ਮੇਰੀ ਕਦਰ ਕਦੀ ਨਾ ਘਟੇ।” ਇਹ ਸ਼ਬਦ ਇਕ ਮਸੀਹੀ ਭੈਣ ਨੇ ਆਪਣੀ ਕਲੀਸਿਯਾ ਦੇ ਬਜ਼ੁਰਗਾਂ ਨੂੰ ਲਿਖੇ। ਇਨ੍ਹਾਂ ਸ਼ਬਦਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਪਰਵਾਹ ਕਰਨ ਵਾਲੇ ਮਸੀਹੀ ਚਰਵਾਹਿਆਂ ਵੱਲੋਂ ਦਿਖਾਏ ਗਏ ਪਿਆਰ ਨੇ ਇਸ ਭੈਣ ਦੇ ਦਿਲ ਨੂੰ ਛੂਹ ਲਿਆ।—1 ਪਤਰਸ 5:2, 3.
2, 3. (ੳ) ਯਸਾਯਾਹ 32:1, 2 ਦੇ ਅਨੁਸਾਰ, ਹਮਦਰਦ ਬਜ਼ੁਰਗ ਯਹੋਵਾਹ ਦੀਆਂ ਭੇਡਾਂ ਦੀ ਰਾਖੀ ਕਿਵੇਂ ਕਰਦੇ ਹਨ? (ਅ) ਇਕ ਬਜ਼ੁਰਗ ਨੂੰ ਦਾਨ ਜਾਂ ਤੋਹਫ਼ਾ ਕਦੋਂ ਸਮਝਿਆ ਜਾ ਸਕਦਾ ਹੈ?
2 ਯਹੋਵਾਹ ਨੇ ਆਪਣੀਆਂ ਭੇਡਾਂ ਦੀ ਦੇਖ-ਭਾਲ ਕਰਨ ਲਈ ਬਜ਼ੁਰਗਾਂ ਦਾ ਪ੍ਰਬੰਧ ਕੀਤਾ ਹੈ। (ਲੂਕਾ 12:32; ਯੂਹੰਨਾ 10:16) ਯਹੋਵਾਹ ਦੀਆਂ ਭੇਡਾਂ ਉਸ ਨੂੰ ਬਹੁਤ ਪਿਆਰੀਆਂ ਹਨ—ਅਸਲ ਵਿਚ ਇੰਨੀਆਂ ਪਿਆਰੀਆਂ ਕਿ ਉਸ ਨੇ ਉਨ੍ਹਾਂ ਨੂੰ ਯਿਸੂ ਦੇ ਕੀਮਤੀ ਲਹੂ ਨਾਲ ਖ਼ਰੀਦ ਲਿਆ। ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਯਹੋਵਾਹ ਉਦੋਂ ਖ਼ੁਸ਼ ਹੁੰਦਾ ਹੈ ਜਦੋਂ ਬਜ਼ੁਰਗ ਬੜੀ ਕੋਮਲਤਾ ਦੇ ਨਾਲ ਉਸ ਦੇ ਇੱਜੜ ਦੀ ਰਖਵਾਲੀ ਕਰਦੇ ਹਨ। (ਰਸੂਲਾਂ ਦੇ ਕਰਤੱਬ 20:28, 29, ਨਿ ਵ) ਇਨ੍ਹਾਂ ਬਜ਼ੁਰਗਾਂ ਜਾਂ “ਸਰਦਾਰਾਂ” ਦੇ ਭਵਿੱਖ-ਸੂਚਕ ਬਿਰਤਾਂਤ ਉੱਤੇ ਧਿਆਨ ਦਿਓ: “ਹਰੇਕ ਪੌਣ ਤੋਂ ਲੁੱਕਣ ਦੇ ਥਾਂ ਜਿਹਾ ਹੋਵੇਗਾ, ਵਾਛੜ ਤੋਂ ਓਟ, ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ ਜਿਹਾ, ਹੁੱਸੀ ਧਰਤੀ ਵਿੱਚ ਵੱਡੀ ਚਟਾਨ ਦੇ ਸਾਯੇ ਜਿਹਾ।” (ਯਸਾਯਾਹ 32:1, 2) ਜੀ ਹਾਂ, ਉਨ੍ਹਾਂ ਦਾ ਕੰਮ ਹੈ ਯਹੋਵਾਹ ਦੀਆਂ ਭੇਡਾਂ ਦੀ ਰਾਖੀ ਕਰਨੀ, ਉਨ੍ਹਾਂ ਨੂੰ ਤਾਜ਼ਗੀ ਦੇਣੀ ਅਤੇ ਉਨ੍ਹਾਂ ਨੂੰ ਆਰਾਮ ਦੇਣਾ। ਇਸ ਤਰ੍ਹਾਂ ਬਜ਼ੁਰਗ ਜਿਹੜੇ ਝੁੰਡ ਦੀ ਹਮਦਰਦੀ ਨਾਲ ਚਰਵਾਹੀ ਕਰਦੇ ਹਨ, ਉਹ ਉਹੀ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕੁਝ ਯਹੋਵਾਹ ਉਨ੍ਹਾਂ ਕੋਲੋਂ ਕਰਨ ਦੀ ਉਮੀਦ ਰੱਖਦਾ ਹੈ।
3 ਬਾਈਬਲ ਵਿਚ ਅਜਿਹੇ ਬਜ਼ੁਰਗਾਂ ਨੂੰ “ਮਨੁੱਖਾਂ ਵਿਚ ਦਾਨ” ਕਿਹਾ ਗਿਆ ਹੈ। (ਅਫ਼ਸੀਆਂ 4:8, ਨਿ ਵ) ਦਾਨ ਜਾਂ ਤੋਹਫ਼ਾ ਸ਼ਬਦ ਸੁਣਦੇ ਹੀ ਸਾਡੇ ਮਨ ਵਿਚ ਕਿਸੇ ਵਿਅਕਤੀ ਨੂੰ ਅਜਿਹੀ ਚੀਜ਼ ਦੇਣ ਦਾ ਵਿਚਾਰ ਆਉਂਦਾ ਹੈ ਜਿਹੜੀ ਕਿ ਤੋਹਫ਼ਾ ਹਾਸਲ ਕਰਨ ਵਾਲੇ ਵਿਅਕਤੀ ਦੀ ਜ਼ਰੂਰਤ ਨੂੰ ਪੂਰਾ ਕਰੇ ਜਾਂ ਉਸ ਨੂੰ ਖ਼ੁਸ਼ ਕਰੇ। ਇਸੇ ਤਰ੍ਹਾਂ ਇਕ ਬਜ਼ੁਰਗ ਜਦੋਂ ਲੋੜ ਪੈਣ ਤੇ ਝੁੰਡ ਦੀ ਮਦਦ ਕਰਨ ਅਤੇ ਉਸ ਦੀ ਖ਼ੁਸ਼ੀ ਲਈ ਆਪਣੀਆਂ ਯੋਗਤਾਵਾਂ ਨੂੰ ਇਸਤੇਮਾਲ ਕਰਦਾ ਹੈ ਤਾਂ ਉਸ ਨੂੰ ਵੀ ਇਕ ਦਾਨ ਜਾਂ ਤੋਹਫ਼ਾ ਕਿਹਾ ਜਾ ਸਕਦਾ ਹੈ। ਉਹ ਇਹ ਕਿਵੇਂ ਕਰ ਸਕਦਾ ਹੈ? ਇਸ ਸਵਾਲ ਦਾ ਜਵਾਬ ਅਫ਼ਸੀਆਂ 4:7-16 ਵਿਚ ਪੌਲੁਸ ਦੇ ਸ਼ਬਦਾਂ ਵਿਚ ਮਿਲਦਾ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਯਹੋਵਾਹ ਆਪਣੀਆਂ ਭੇਡਾਂ ਦੀ ਕਿੰਨੀ ਪ੍ਰੇਮਪੂਰਣ ਚਿੰਤਾ ਕਰਦਾ ਹੈ।
“ਮਨੁੱਖਾਂ ਵਿਚ ਦਾਨ”—ਕਿੱਥੋਂ ਆਉਂਦੇ ਹਨ?
4. ਜ਼ਬੂਰ 68:18 ਦੀ ਪੂਰਤੀ ਵਿਚ, ਯਹੋਵਾਹ ਕਿਸ ਤਰ੍ਹਾਂ “ਉਤਾਹਾਂ ਨੂੰ ਚੜ੍ਹਿਆ,” ਅਤੇ ‘ਆਦਮੀਆਂ ਵਿੱਚ ਦਾਨ’ ਕੌਣ ਸਨ?
4 ਜਦੋਂ ਪੌਲੁਸ ਨੇ ਸ਼ਬਦ “ਮਨੁੱਖਾਂ ਵਿਚ ਦਾਨ” ਵਰਤੇ ਤਾਂ ਉਹ ਰਾਜਾ ਦਾਊਦ ਦਾ ਹਵਾਲਾ ਦੇ ਰਿਹਾ ਸੀ, ਜਿਸ ਨੇ ਯਹੋਵਾਹ ਬਾਰੇ ਕਿਹਾ ਸੀ: “ਤੂੰ ਉਤਾਹਾਂ ਨੂੰ ਚੜ੍ਹਿਆ, ਤੈਂ ਬੰਧੂਆਂ ਨੂੰ ਬੰਨ੍ਹ ਲਿਆ, ਤੈਂ ਆਦਮੀਆਂ ਵਿੱਚ . . . ਦਾਨ ਲਏ।” (ਜ਼ਬੂਰ 68:18) ਇਸਰਾਏਲੀਆਂ ਨੂੰ ਜਦੋਂ ਵਾਅਦਾ ਕੀਤੇ ਹੋਏ ਦੇਸ਼ ਵਿਚ ਰਹਿੰਦੇ ਹੋਏ ਕੁਝ ਸਾਲ ਹੋ ਗਏ ਤਾਂ ਯਹੋਵਾਹ ਲਾਖਣਿਕ ਤੌਰ ਤੇ ਸੀਯੋਨ ਪਰਬਤ ਤੇ “ਚੜ੍ਹਿਆ” ਅਤੇ ਉਸ ਨੇ ਯਰੂਸ਼ਲਮ ਨੂੰ ਇਸਰਾਏਲ ਰਾਜ ਦੀ ਰਾਜਧਾਨੀ ਬਣਾਇਆ ਅਤੇ ਦਾਊਦ ਨੂੰ ਇਸ ਦਾ ਰਾਜਾ ਬਣਾਇਆ। ਪਰ ਇਹ ‘ਆਦਮੀਆਂ ਵਿੱਚ ਦਾਨ’ ਕੌਣ ਸਨ? ਇਹ ਉਹ ਮਨੁੱਖ ਸਨ ਜਿਨ੍ਹਾਂ ਨੂੰ ਦੇਸ਼ ਉੱਤੇ ਜਿੱਤ ਪ੍ਰਾਪਤ ਕਰਦੇ ਸਮੇਂ ਬੰਦੀ ਬਣਾਇਆ ਗਿਆ ਸੀ। ਬਾਅਦ ਵਿਚ ਉਨ੍ਹਾਂ ਵਿੱਚੋਂ ਕੁਝ ਬੰਦੀਆਂ ਨੂੰ ਡੇਹਰੇ ਦੇ ਕੰਮਾਂ ਵਿਚ ਲੇਵੀਆਂ ਦੀ ਮਦਦ ਕਰਨ ਲਈ ਦੇ ਦਿੱਤਾ ਗਿਆ ਸੀ।—ਅਜ਼ਰਾ 8:20.
5. (ੳ) ਪੌਲੁਸ ਕਿਵੇਂ ਸੰਕੇਤ ਕਰਦਾ ਹੈ ਕਿ ਜ਼ਬੂਰ 68:18 ਦੀ ਪੂਰਤੀ ਮਸੀਹੀ ਕਲੀਸਿਯਾ ਵਿਚ ਹੁੰਦੀ ਹੈ? (ਅ) ਕਿਸ ਭਾਵ ਵਿਚ ਯਿਸੂ “ਉਤਾਹਾਂ ਚੜ੍ਹਿਆ”?
5 ਅਫ਼ਸੀਆਂ ਨੂੰ ਲਿਖੀ ਆਪਣੀ ਪੱਤਰੀ ਵਿਚ ਪੌਲੁਸ ਸੰਕੇਤ ਕਰਦਾ ਹੈ ਕਿ ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦਾਂ ਦੀ ਵੱਡੀ ਪੂਰਤੀ ਮਸੀਹੀ ਕਲੀਸਿਯਾ ਵਿਚ ਹੁੰਦੀ ਹੈ। ਜ਼ਬੂਰ 68:18 ਦਾ ਅਰਥ ਸਮਝਾਉਂਦੇ ਹੋਏ ਪੌਲੁਸ ਲਿਖਦਾ ਹੈ: ‘ਅਸਾਂ ਵਿੱਚੋਂ ਹਰੇਕ ਉੱਤੇ ਮਸੀਹ ਦੇ ਦਾਨ ਦੇ ਅੰਦਾਜ਼ੇ ਦੇ ਅਨੁਸਾਰ ਕਿਰਪਾ ਕੀਤੀ ਗਈ। ਇਸ ਲਈ ਉਹ ਆਖਦਾ ਹੈ—ਜਾਂ ਉਹ ਉਤਾਹਾਂ ਨੂੰ ਚੜ੍ਹਿਆ, ਓਨ ਬੰਧਕਾਂ ਨੂੰ ਬੰਨ੍ਹ ਲਿਆ, ਅਤੇ ਮਨੁੱਖਾਂ ਵਿਚ ਦਾਨ ਦਿੱਤੇ।’ (ਅਫ਼ਸੀਆਂ 4:7, 8) ਇੱਥੇ ਪੌਲੁਸ ਇਸ ਜ਼ਬੂਰ ਨੂੰ ਪਰਮੇਸ਼ੁਰ ਦੇ ਪ੍ਰਤਿਨਿਧ, ਯਿਸੂ ਉੱਤੇ ਲਾਗੂ ਕਰਦਾ ਹੈ। ਯਿਸੂ ਨੇ ਆਪਣੀ ਵਫ਼ਾਦਾਰੀ ਦੁਆਰਾ ਇਸ “ਜਗਤ ਨੂੰ ਜਿੱਤ ਲਿਆ” ਸੀ। (ਯੂਹੰਨਾ 16:33) ਉਸ ਨੇ ਮੌਤ ਅਤੇ ਸ਼ਤਾਨ ਉੱਪਰ ਵੀ ਜਿੱਤ ਪ੍ਰਾਪਤ ਕੀਤੀ ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜੀ ਉਠਾਇਆ ਸੀ। (ਰਸੂਲਾਂ ਦੇ ਕਰਤੱਬ 2:24; ਇਬਰਾਨੀਆਂ 2:14) 33 ਸਾ.ਯੁ. ਵਿਚ, ਪੁਨਰ-ਉਥਿਤ ਯਿਸੂ “ਸਾਰੇ ਅਕਾਸ਼ਾਂ ਦੇ ਉਤਾਹਾਂ” ਚੜ੍ਹ ਗਿਆ, ਅਰਥਾਤ ਦੂਸਰੇ ਸਾਰੇ ਸਵਰਗੀ ਪ੍ਰਾਣੀਆਂ ਨਾਲੋਂ ਉੱਚਾ ਹੋ ਗਿਆ। (ਅਫ਼ਸੀਆਂ 4:9, 10; ਫ਼ਿਲਿੱਪੀਆਂ 2:9-11) ਇਕ ਜੇਤੂ ਹੋਣ ਦੇ ਨਾਤੇ, ਯਿਸੂ ਆਪਣੇ ਦੁਸ਼ਮਣ ਕੋਲੋਂ ‘ਬੰਧਕਾਂ’ ਨੂੰ ਲੈ ਗਿਆ। ਉਹ ਕਿਵੇਂ?
6. ਉੱਚੀ ਪਦਵੀ ਪ੍ਰਾਪਤ ਕਰ ਕੇ, ਯਿਸੂ ਨੇ ਕਿਵੇਂ 33 ਸਾ.ਯੁ. ਵਿਚ ਪੰਤੇਕੁਸਤ ਦੇ ਦਿਨ ਤੋਂ ਸ਼ਤਾਨ ਦੇ ਘਰ ਨੂੰ ਲੁੱਟਣਾ ਸ਼ੁਰੂ ਕੀਤਾ ਅਤੇ ਉਸ ਨੇ ‘ਬੰਧਕਾਂ’ ਨਾਲ ਕੀ ਕੀਤਾ?
6 ਜਦੋਂ ਯਿਸੂ ਧਰਤੀ ਉੱਤੇ ਸੀ ਤਾਂ ਉਸ ਨੇ ਦੁਸ਼ਟ ਆਤਮਾਵਾਂ ਦੇ ਵੱਸ ਵਿਚ ਪਏ ਲੋਕਾਂ ਨੂੰ ਛੁਡਾਉਣ ਦੁਆਰਾ ਸ਼ਤਾਨ ਉੱਪਰ ਆਪਣੀ ਤਾਕਤ ਨੂੰ ਪ੍ਰਦਰਸ਼ਿਤ ਕੀਤਾ। ਇਹ ਇਸ ਤਰ੍ਹਾਂ ਸੀ ਮਾਨੋ ਯਿਸੂ ਨੇ ਸ਼ਤਾਨ ਦੇ ਘਰ ਵਿਚ ਵੜ ਕੇ ਅਤੇ ਉਸ ਨੂੰ ਬੰਨ੍ਹ ਕੇ ਉਸ ਦਾ ਮਾਲ ਲੁੱਟ ਲਿਆ। (ਮੱਤੀ 12:22-29) ਜ਼ਰਾ ਸੋਚੋ, ਜੀ ਉੱਠਣ ਤੋਂ ਬਾਅਦ ਅਤੇ “ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ” ਲੈਣ ਤੋਂ ਬਾਅਦ, ਯਿਸੂ ਕਿੰਨੀ ਜ਼ਿਆਦਾ ਲੁੱਟਮਾਰ ਕਰ ਸਕਦਾ ਸੀ! (ਮੱਤੀ 28:18) ਉੱਚੀ ਪਦਵੀ ਪ੍ਰਾਪਤ ਕਰ ਕੇ, ਯਿਸੂ ਨੇ 33 ਸਾ.ਯੁ. ਵਿਚ ਪੰਤੇਕੁਸਤ ਦੇ ਦਿਨ ਤੋਂ ਪਰਮੇਸ਼ੁਰ ਦੇ ਪ੍ਰਤਿਨਿਧ ਦੇ ਰੂਪ ਵਿਚ ਸ਼ਤਾਨ ਦੇ ਘਰ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਅਤੇ ‘ਬੰਧਕਾਂ ਨੂੰ ਬੰਨ੍ਹ’ ਕੇ ਲੈ ਗਿਆ’—ਉਹ ਮਨੁੱਖ ਜੋ ਲੰਮੇ ਸਮੇਂ ਤੋਂ ਪਾਪ ਤੇ ਮੌਤ ਦੀ ਗ਼ੁਲਾਮੀ ਵਿਚ ਸਨ ਅਤੇ ਸ਼ਤਾਨ ਦੇ ਵੱਸ ਵਿਚ ਸਨ। ਇਹ ‘ਬੰਧਕ’ ਆਪਣੀ ਮਰਜ਼ੀ ਨਾਲ ‘ਮਸੀਹ ਦੇ ਦਾਸ’ ਬਣ ਗਏ ਅਤੇ “ਜੀ ਲਾ ਕੇ ਪਰਮੇਸ਼ੁਰ ਦੀ ਇੱਛਿਆ ਪੂਰੀ” ਕਰਨ ਲੱਗ ਪਏ। (ਅਫ਼ਸੀਆਂ 6:6) ਇਹ ਇਸ ਤਰ੍ਹਾਂ ਸੀ ਮਾਨੋ ਯਿਸੂ ਨੇ ਉਨ੍ਹਾਂ ਨੂੰ ਸ਼ਤਾਨ ਦੇ ਵੱਸ ਵਿੱਚੋਂ ਜ਼ਬਰਦਸਤੀ ਖੋਹ ਲਿਆ ਅਤੇ ਯਹੋਵਾਹ ਦੀ ਤਰਫ਼ੋਂ ਉਨ੍ਹਾਂ ਨੂੰ “ਮਨੁੱਖਾਂ ਵਿਚ ਦਾਨ” ਵਜੋਂ ਕਲੀਸਿਯਾ ਨੂੰ ਦੇ ਦਿੱਤਾ। ਸ਼ਤਾਨ ਦੇ ਕ੍ਰੋਧ ਦੀ ਕਲਪਨਾ ਕਰੋ ਜਦੋਂ ਉਨ੍ਹਾਂ ਨੂੰ ਉਸ ਦੀਆਂ ਅੱਖਾਂ ਦੇ ਸਾਮ੍ਹਣੇ ਜ਼ਬਰਦਸਤੀ ਉਸ ਕੋਲੋਂ ਖੋਹ ਲਿਆ ਗਿਆ ਅਤੇ ਉਹ ਕੁਝ ਨਹੀਂ ਕਰ ਸਕਿਆ!
7. (ੳ) ਕਲੀਸਿਯਾਵਾਂ ਵਿਚ “ਮਨੁੱਖਾਂ ਵਿਚ ਦਾਨ” ਕਿਹੜੀ-ਕਿਹੜੀ ਹੈਸੀਅਤ ਵਿਚ ਸੇਵਾ ਕਰਦੇ ਹਨ? (ਅ) ਯਹੋਵਾਹ ਨੇ ਬਜ਼ੁਰਗ ਵਜੋਂ ਸੇਵਾ ਕਰਨ ਵਾਲੇ ਹਰੇਕ ਮਨੁੱਖ ਨੂੰ ਕਿਹੜਾ ਮੌਕਾ ਦਿੱਤਾ ਹੈ?
7 ਕੀ ਅੱਜ ਵੀ ਅਸੀਂ ਕਲੀਸਿਯਾ ਵਿਚ ਅਜਿਹੇ “ਮਨੁੱਖਾਂ ਵਿਚ ਦਾਨ” ਦੇਖਦੇ ਹਾਂ? ਜੀ ਹਾਂ, ਜ਼ਰੂਰ ਦੇਖਦੇ ਹਾਂ! ਅਸੀਂ ਉਨ੍ਹਾਂ ਨੂੰ ਸੰਸਾਰ ਭਰ ਵਿਚ ਪਰਮੇਸ਼ੁਰ ਦੇ ਲੋਕਾਂ ਦੀਆਂ 87,000 ਤੋਂ ਜ਼ਿਆਦਾ ਕਲੀਸਿਯਾਵਾਂ ਵਿਚ ਬਜ਼ੁਰਗਾਂ ਦੇ ਤੌਰ ਤੇ ਸੇਵਾ ਕਰਦੇ ਹੋਏ ਦੇਖਦੇ ਹਾਂ ਅਤੇ ਉਹ ‘ਪਰਚਾਰਕਾਂ, ਪਾਸਬਾਨਾਂ ਅਤੇ ਉਸਤਾਦਾਂ’ ਦੇ ਤੌਰ ਤੇ ਸਖ਼ਤ ਮਿਹਨਤ ਕਰਦੇ ਹਨ। (ਅਫ਼ਸੀਆਂ 4:11) ਸ਼ਤਾਨ ਕਿੰਨਾ ਖ਼ੁਸ਼ ਹੋਵੇਗਾ ਜੇਕਰ ਇਹ ਬਜ਼ੁਰਗ ਝੁੰਡ ਨੂੰ ਸਤਾਉਣ। ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਮਸੀਹ ਦੇ ਰਾਹੀਂ ਕਲੀਸਿਯਾ ਵਿਚ ਇਸ ਤਰ੍ਹਾਂ ਕਰਨ ਲਈ ਨਹੀਂ ਦਿੱਤਾ ਹੈ। ਇਸ ਦੀ ਬਜਾਇ, ਯਹੋਵਾਹ ਨੇ ਇਨ੍ਹਾਂ ਮਨੁੱਖਾਂ ਨੂੰ ਇਸ ਲਈ ਦਿੱਤਾ ਹੈ ਤਾਂਕਿ ਕਲੀਸਿਯਾ ਦੀ ਭਲਾਈ ਹੋਵੇ ਅਤੇ ਜਿਹੜੀਆਂ ਭੇਡਾਂ ਉਨ੍ਹਾਂ ਨੂੰ ਸੌਂਪੀਆਂ ਗਈਆਂ ਹਨ, ਉਨ੍ਹਾਂ ਦੇ ਲਈ ਇਨ੍ਹਾਂ ਬਜ਼ੁਰਗਾਂ ਨੂੰ ਯਹੋਵਾਹ ਅੱਗੇ ਲੇਖਾ ਦੇਣਾ ਪਵੇਗਾ। (ਇਬਰਾਨੀਆਂ 13:17) ਜੇਕਰ ਤੁਸੀਂ ਇਕ ਬਜ਼ੁਰਗ ਦੇ ਤੌਰ ਤੇ ਸੇਵਾ ਕਰ ਰਹੇ ਹੋ ਤਾਂ ਯਹੋਵਾਹ ਨੇ ਤੁਹਾਨੂੰ ਇਹ ਬਹੁਤ ਹੀ ਸ਼ਾਨਦਾਰ ਮੌਕਾ ਦਿੱਤਾ ਹੈ ਕਿ ਤੁਸੀਂ ਆਪਣੇ ਭਰਾਵਾਂ ਲਈ ਇਕ ਦਾਨ ਜਾਂ ਬਰਕਤ ਸਾਬਤ ਹੋਵੋ। ਤੁਸੀਂ ਚਾਰ ਮਹੱਤਵਪੂਰਣ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੁਆਰਾ ਆਪਣੇ ਭਰਾਵਾਂ ਲਈ ਦਾਨ ਜਾਂ ਬਰਕਤ ਸਾਬਤ ਹੋ ਸਕਦੇ ਹੋ।
ਜਦੋਂ ‘ਸੁਧਾਰ’ ਕਰਨ ਦੀ ਜ਼ਰੂਰਤ ਪੈਂਦੀ ਹੈ
8. ਸਮੇਂ-ਸਮੇਂ ਤੇ ਸਾਨੂੰ ਸਾਰਿਆਂ ਨੂੰ ਕਿਨ੍ਹਾਂ ਤਰੀਕਿਆਂ ਨਾਲ ਸੁਧਾਰੇ ਜਾਣ ਦੀ ਲੋੜ ਪੈਂਦੀ ਹੈ?
8 ਪਹਿਲਾ, ਪੌਲੁਸ ਕਹਿੰਦਾ ਹੈ ਕਿ “ਮਨੁੱਖਾਂ ਵਿਚ ਦਾਨ” ਇਸ ਲਈ ਦਿੱਤੇ ਗਏ ਹਨ ‘ਤਾਂ ਜੋ ਸੰਤ ਸਿੱਧ ਹੋਣ।’ (ਅਫ਼ਸੀਆਂ 4:12) ਇੱਥੇ ਜਿਸ ਯੂਨਾਨੀ ਨਾਂਵ ਦਾ ਅਨੁਵਾਦ “ਸਿੱਧ ਹੋਣ” ਕੀਤਾ ਗਿਆ ਹੈ ਉਸ ਦਾ ਮਤਲਬ ਹੈ ਕਿਸੇ ਚੀਜ਼ ਨੂੰ ‘ਸੇਧ ਵਿਚ ਲਿਆਉਣਾ।’ ਅਪੂਰਣ ਇਨਸਾਨ ਹੋਣ ਦੇ ਨਾਤੇ, ਸਾਨੂੰ ਸਾਰਿਆਂ ਨੂੰ ਸਮੇਂ-ਸਮੇਂ ਤੇ ਸੁਧਾਰੇ ਜਾਣ ਦੀ ਲੋੜ ਪੈਂਦੀ ਹੈ, ਅਰਥਾਤ ਆਪਣੀ ਸੋਚਣੀ, ਰਵੱਈਏ ਜਾਂ ਆਚਰਣ ਨੂੰ ਪਰਮੇਸ਼ੁਰ ਦੀ ਸੋਚਣੀ ਅਤੇ ਇੱਛਾ ਦੀ ‘ਸੇਧ ਵਿਚ ਲਿਆਉਣ’ ਦੀ ਲੋੜ ਪੈਂਦੀ ਹੈ। ਯਹੋਵਾਹ ਨੇ ਪ੍ਰੇਮਮਈ ਤਰੀਕੇ ਨਾਲ “ਮਨੁੱਖਾਂ ਵਿਚ ਦਾਨ” ਦਿੱਤੇ ਹਨ, ਤਾਂਕਿ ਉਹ ਲੋੜੀਂਦੇ ਸੁਧਾਰ ਕਰਨ ਵਿਚ ਸਾਡੀ ਮਦਦ ਕਰਨ। ਉਹ ਸਾਡੀ ਮਦਦ ਕਿਵੇਂ ਕਰਦੇ ਹਨ?
9. ਇਕ ਬਜ਼ੁਰਗ ਉਸ ਭੇਡ ਨੂੰ ਸੁਧਾਰਨ ਵਿਚ ਕਿਵੇਂ ਮਦਦ ਕਰ ਸਕਦਾ ਹੈ ਜਿਸ ਨੇ ਗ਼ਲਤੀ ਕੀਤੀ ਹੈ?
9 ਕਦੀ-ਕਦੀ ਇਕ ਬਜ਼ੁਰਗ ਨੂੰ ਇਕ ਅਜਿਹੀ ਭੇਡ ਦੀ ਮਦਦ ਕਰਨ ਲਈ ਕਿਹਾ ਜਾ ਸਕਦਾ ਹੈ ਜਿਸ ਨੇ ਗ਼ਲਤੀ ਕੀਤੀ ਹੈ, ਜੋ ਸ਼ਾਇਦ “ਕਿਸੇ ਅਪਰਾਧ ਵਿੱਚ ਫੜਿਆ” ਗਿਆ ਹੈ। ਇਕ ਬਜ਼ੁਰਗ ਉਸ ਦੀ ਕਿਵੇਂ ਮਦਦ ਕਰ ਸਕਦਾ ਹੈ? ਗਲਾਤੀਆਂ 6:1 ਕਹਿੰਦਾ ਹੈ: “ਅਜਿਹੇ ਮਨੁੱਖ ਨੂੰ ਨਰਮਾਈ ਦੇ ਸੁਭਾਉ ਨਾਲ ਸੁਧਾਰੋ।” ਇਸ ਲਈ ਜਦੋਂ ਇਕ ਬਜ਼ੁਰਗ ਗ਼ਲਤੀ ਕਰਨ ਵਾਲੇ ਭਰਾ ਜਾਂ ਭੈਣ ਨੂੰ ਸਲਾਹ ਦਿੰਦਾ ਹੈ ਤਾਂ ਉਹ ਉਸ ਨੂੰ ਝਿੜਕੇਗਾ ਨਹੀਂ ਅਰਥਾਤ ਕੌੜੇ ਸ਼ਬਦਾਂ ਦਾ ਇਸਤੇਮਾਲ ਨਹੀਂ ਕਰੇਗਾ। ਸਲਾਹ ‘ਡਰਾਉਣ ਵਾਲੀ’ ਨਹੀਂ ਹੋਣੀ ਚਾਹੀਦੀ, ਸਗੋਂ ਇਸ ਨਾਲ ਸਲਾਹ ਪ੍ਰਾਪਤ ਕਰਨ ਵਾਲੇ ਨੂੰ ਹੌਸਲਾ ਮਿਲਣਾ ਚਾਹੀਦਾ ਹੈ। (2 ਕੁਰਿੰਥੀਆਂ 10:9. ਅੱਯੂਬ 33:7 ਦੀ ਤੁਲਨਾ ਕਰੋ।) ਹੋ ਸਕਦਾ ਹੈ ਕਿ ਉਹ ਵਿਅਕਤੀ ਪਹਿਲਾਂ ਹੀ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹੋਵੇ, ਇਸ ਲਈ ਇਕ ਪ੍ਰੇਮਮਈ ਚਰਵਾਹਾ ਉਸ ਵਿਅਕਤੀ ਦੇ ਹੌਸਲੇ ਨੂੰ ਤੋੜਨ ਤੋਂ ਪਰਹੇਜ਼ ਕਰੇਗਾ। ਜਦੋਂ ਸਲਾਹ, ਜਾਂ ਸਖ਼ਤ ਤਾੜਨਾ ਪ੍ਰੇਮ ਨਾਲ ਅਤੇ ਪ੍ਰੇਮ ਤੋਂ ਪ੍ਰੇਰਿਤ ਹੋ ਕੇ ਦਿੱਤੀ ਜਾਂਦੀ ਹੈ ਤਾਂ ਹੋ ਸਕਦਾ ਹੈ ਕਿ ਇਹ ਸਲਾਹ ਉਸ ਗ਼ਲਤੀ ਕਰਨ ਵਾਲੇ ਵਿਅਕਤੀ ਦੀ ਸੋਚਣੀ ਜਾਂ ਆਚਰਣ ਨੂੰ ਸਹੀ ਸੇਧ ਵਿਚ ਲੈ ਆਵੇ ਅਤੇ ਇਸ ਤਰ੍ਹਾਂ ਉਹ ਮੁੜ ਬਹਾਲ ਹੋ ਜਾਏ।—2 ਤਿਮੋਥਿਉਸ 4:2.
10. ਦੂਸਰਿਆਂ ਨੂੰ ਸੁਧਾਰਨ ਵਿਚ ਕੀ ਕੁਝ ਸ਼ਾਮਲ ਹੈ?
10 ਸਾਨੂੰ ਸੁਧਾਰਨ ਲਈ “ਮਨੁੱਖਾਂ ਵਿਚ ਦਾਨ” ਦਿੰਦੇ ਸਮੇਂ, ਯਹੋਵਾਹ ਦਾ ਉਦੇਸ਼ ਸੀ ਕਿ ਬਜ਼ੁਰਗ ਅਧਿਆਤਮਿਕ ਤੌਰ ਤੇ ਤਾਜ਼ਗੀ ਦੇਣ ਵਾਲੇ ਹੋਣਗੇ ਅਤੇ ਇਸ ਯੋਗ ਹੋਣਗੇ ਕਿ ਕਲੀਸਿਯਾ ਉਨ੍ਹਾਂ ਦੀ ਰੀਸ ਕਰੇ। (1 ਕੁਰਿੰਥੀਆਂ 16:17, 18; ਫ਼ਿਲਿੱਪੀਆਂ 3:17) ਦੂਸਰਿਆਂ ਨੂੰ ਸੁਧਾਰਨ ਵਿਚ ਸਿਰਫ਼ ਕੁਰਾਹੇ ਪੈਣ ਵਾਲਿਆਂ ਨੂੰ ਤਾੜਨਾ ਹੀ ਸ਼ਾਮਲ ਨਹੀਂ ਹੈ, ਸਗੋਂ ਇਸ ਵਿਚ ਵਫ਼ਾਦਾਰ ਭੈਣ-ਭਰਾਵਾਂ ਨੂੰ ਸਹੀ ਰਾਹ ਤੇ ਚੱਲਦੇ ਰਹਿਣ ਵਿਚ ਮਦਦ ਕਰਨੀ ਵੀ ਸ਼ਾਮਲ ਹੈ।a ਅੱਜ ਦੁਨੀਆਂ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਕਰਕੇ ਬਹੁਤ ਸਾਰੇ ਭੈਣ-ਭਰਾ ਨਿਰਉਤਸ਼ਾਹਿਤ ਹੋ ਸਕਦੇ ਹਨ ਤੇ ਅਜਿਹੀ ਸਥਿਤੀ ਵਿਚ ਮਜ਼ਬੂਤ ਰਹਿਣ ਲਈ ਉਨ੍ਹਾਂ ਨੂੰ ਹੌਸਲੇ ਦੀ ਲੋੜ ਹੈ। ਕਈਆਂ ਨੂੰ ਸ਼ਾਇਦ ਆਪਣੀ ਸੋਚਣੀ ਨੂੰ ਪਰਮੇਸ਼ੁਰ ਦੀ ਸੋਚਣੀ ਦੀ ਸੇਧ ਵਿਚ ਲਿਆਉਣ ਲਈ ਪਿਆਰ ਭਰੀ ਮਦਦ ਦੀ ਲੋੜ ਹੋਵੇ। ਉਦਾਹਰਣ ਲਈ, ਕੁਝ ਵਫ਼ਾਦਾਰ ਮਸੀਹੀ ਅਜਿਹੀਆਂ ਭਾਵਨਾਵਾਂ ਵਿਚ ਜਕੜੇ ਹੋਏ ਹਨ ਕਿ ਉਹ ਕੁਝ ਵੀ ਕਰਨ ਦੇ ਲਾਇਕ ਨਹੀਂ ਹਨ, ਜਾਂ ਉਹ ਕਿਸੇ ਕੰਮ ਦੇ ਨਹੀਂ ਹਨ। ਸ਼ਾਇਦ ਅਜਿਹੇ ‘ਕਮਦਿਲੇ’ ਭੈਣ-ਭਰਾ ਮਹਿਸੂਸ ਕਰਨ ਕਿ ਯਹੋਵਾਹ ਕਦੀ ਵੀ ਉਨ੍ਹਾਂ ਨੂੰ ਪਿਆਰ ਨਹੀਂ ਕਰ ਸਕਦਾ ਅਤੇ ਚਾਹੇ ਉਹ ਜਿੰਨੀ ਮਰਜ਼ੀ ਪਰਮੇਸ਼ੁਰ ਦੀ ਸੇਵਾ ਕਰ ਲੈਣ, ਉਹ ਕਦੀ ਵੀ ਪਰਮੇਸ਼ੁਰ ਨੂੰ ਸਵੀਕਾਰਯੋਗ ਨਹੀਂ ਹੋ ਸਕਦੀ। (1 ਥੱਸਲੁਨੀਕੀਆਂ 5:14) ਪਰ ਇਸ ਤਰ੍ਹਾਂ ਦੀ ਸੋਚਣੀ ਗ਼ਲਤ ਹੈ, ਕਿਉਂਕਿ ਪਰਮੇਸ਼ੁਰ ਆਪਣੇ ਉਪਾਸਕਾਂ ਦੇ ਬਾਰੇ ਅਸਲ ਵਿਚ ਇਸ ਤਰ੍ਹਾਂ ਮਹਿਸੂਸ ਨਹੀਂ ਕਰਦਾ ਹੈ।
11. ਬਜ਼ੁਰਗ ਉਨ੍ਹਾਂ ਭੈਣ-ਭਰਾਵਾਂ ਦੀ ਕਿਵੇਂ ਮਦਦ ਕਰ ਸਕਦੇ ਹਨ ਜਿਹੜੇ ਮਹਿਸੂਸ ਕਰਦੇ ਹਨ ਕਿ ਉਹ ਕਿਸੇ ਕੰਮ ਦੇ ਨਹੀਂ ਹਨ?
11 ਬਜ਼ੁਰਗੋ, ਅਜਿਹਿਆਂ ਦੀ ਮਦਦ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ? ਉਨ੍ਹਾਂ ਦੇ ਨਾਲ ਨਰਮਾਈ ਨਾਲ ਬਾਈਬਲ ਵਿੱਚੋਂ ਸਬੂਤ ਸਾਂਝੇ ਕਰੋ ਕਿ ਯਹੋਵਾਹ ਆਪਣੇ ਹਰੇਕ ਸੇਵਕ ਦੀ ਪਰਵਾਹ ਕਰਦਾ ਹੈ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਓ ਕਿ ਬਾਈਬਲ ਦੇ ਇਹ ਵਚਨ ਨਿੱਜੀ ਤੌਰ ਤੇ ਉਨ੍ਹਾਂ ਤੇ ਲਾਗੂ ਹੁੰਦੇ ਹਨ। (ਲੂਕਾ 12:6, 7, 24) ਉਨ੍ਹਾਂ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਯਹੋਵਾਹ ਨੇ ਉਨ੍ਹਾਂ ਨੂੰ ਉਸ ਦੀ ਸੇਵਾ ਕਰਨ ਲਈ ‘ਖਿੱਚਿਆ’ ਹੈ, ਇਸ ਲਈ ਉਸ ਨੇ ਜ਼ਰੂਰ ਹੀ ਉਨ੍ਹਾਂ ਵਿਚ ਕੁਝ ਖੂਬੀ ਦੇਖੀ ਹੋਵੇਗੀ। (ਯੂਹੰਨਾ 6:44) ਉਨ੍ਹਾਂ ਨੂੰ ਭਰੋਸਾ ਦਿਵਾਓ ਕਿ ਇਸ ਤਰ੍ਹਾਂ ਦੀਆਂ ਭਾਵਨਾਵਾਂ ਰੱਖਣ ਵਾਲੇ ਉਹ ਇਕੱਲੇ ਨਹੀਂ ਹਨ, ਯਹੋਵਾਹ ਦੇ ਬਹੁਤ ਸਾਰੇ ਵਫ਼ਾਦਾਰ ਸੇਵਕਾਂ ਨੇ ਇਸੇ ਤਰ੍ਹਾਂ ਮਹਿਸੂਸ ਕੀਤਾ ਸੀ। ਇਕ ਵਾਰੀ ਏਲੀਯਾਹ ਨਬੀ ਇੰਨਾ ਜ਼ਿਆਦਾ ਨਿਰਾਸ਼ ਹੋ ਗਿਆ ਸੀ ਕਿ ਉਹ ਮਰਨਾ ਚਾਹੁੰਦਾ ਸੀ। (1 ਰਾਜਿਆਂ 19:1-4) ਪਹਿਲੀ ਸਦੀ ਦੇ ਕੁਝ ਮਸਹ ਕੀਤੇ ਹੋਏ ਮਸੀਹੀਆਂ ਦਾ ਆਪਣਾ ਹੀ ਮਨ ਉਨ੍ਹਾਂ ਨੂੰ “ਦੋਸ਼ ਲਾਉਂਦਾ” ਸੀ। (1 ਯੂਹੰਨਾ 3:19) ਇਹ ਜਾਣ ਕੇ ਸਾਨੂੰ ਬੜਾ ਹੌਸਲਾ ਮਿਲਦਾ ਹੈ ਕਿ ਬਾਈਬਲ ਸਮਿਆਂ ਦੇ ਵਫ਼ਾਦਾਰ ਸੇਵਕਾਂ ਦੇ ਵੀ ‘ਸਾਡੇ ਵਰਗੇ ਦੁਖ ਸੁਖ’ ਸਨ। (ਯਾਕੂਬ 5:17) ਤੁਸੀਂ ਅਜਿਹੇ ਦੁਖੀ ਭੈਣ-ਭਰਾਵਾਂ ਦੇ ਨਾਲ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਵਿੱਚੋਂ ਉਤਸ਼ਾਹ ਦੇਣ ਵਾਲੇ ਲੇਖਾਂ ਦੀ ਵੀ ਚਰਚਾ ਕਰ ਸਕਦੇ ਹੋ। ਅਜਿਹਿਆਂ ਦੇ ਵਿਸ਼ਵਾਸ ਨੂੰ ਦੁਬਾਰਾ ਤੋਂ ਜਗਾਉਣ ਲਈ ਤੁਹਾਡੇ ਵੱਲੋਂ ਕੀਤੇ ਗਏ ਪ੍ਰੇਮਮਈ ਜਤਨਾਂ ਨੂੰ ਪਰਮੇਸ਼ੁਰ ਅਣਗੌਲਿਆਂ ਨਹੀਂ ਕਰੇਗਾ ਜਿਸ ਨੇ ਤੁਹਾਨੂੰ “ਮਨੁੱਖਾਂ ਵਿਚ ਦਾਨ” ਦੇ ਤੌਰ ਤੇ ਦਿੱਤਾ ਹੈ।—ਇਬਰਾਨੀਆਂ 6:10.
ਝੁੰਡ ਦੀ ‘ਉਸਾਰੀ’ ਕਰਨੀ
12. “ਮਸੀਹ ਦੀ ਦੇਹੀ ਉਸਰਦੀ ਜਾਵੇ” ਇਸ ਪ੍ਰਗਟਾਵੇ ਤੋਂ ਕੀ ਸੰਕੇਤ ਮਿਲਦਾ ਹੈ ਅਤੇ ਝੁੰਡ ਨੂੰ ਬਣਾਉਣ ਦਾ ਕੀ ਰਾਜ਼ ਹੈ?
12 ਦੂਸਰਾ, “ਮਨੁੱਖਾਂ ਵਿਚ ਦਾਨ” ਇਸ ਲਈ ਦਿੱਤੇ ਗਏ ਹਨ ਤਾਂਕਿ “ਮਸੀਹ ਦੀ ਦੇਹੀ ਉਸਰਦੀ ਜਾਵੇ।” (ਅਫ਼ਸੀਆਂ 4:12) ਇੱਥੇ ਪੌਲੁਸ ਲਾਖਣਿਕ ਭਾਸ਼ਾ ਇਸਤੇਮਾਲ ਕਰਦਾ ਹੈ। “ਉਸਰਦੀ” ਸ਼ਬਦ ਪੜ੍ਹ ਕੇ ਸਾਡੇ ਮਨ ਵਿਚ ਨਿਰਮਾਣ-ਕਾਰਜ ਦਾ ਵਿਚਾਰ ਆਉਂਦਾ ਹੈ, ਅਤੇ “ਮਸੀਹ ਦੀ ਦੇਹੀ” ਲੋਕਾਂ ਨੂੰ, ਅਰਥਾਤ ਮਸੀਹੀ ਕਲੀਸਿਯਾ ਦੇ ਮਸਹ ਕੀਤੇ ਹੋਏ ਮੈਂਬਰਾਂ ਨੂੰ ਸੰਕੇਤ ਕਰਦੀ ਹੈ। (1 ਕੁਰਿੰਥੀਆਂ 12:27; ਅਫ਼ਸੀਆਂ 5:23, 29, 30) ਬਜ਼ੁਰਗਾਂ ਨੂੰ ਆਪਣੇ ਭਰਾਵਾਂ ਦੀ ਅਧਿਆਤਮਿਕ ਤੌਰ ਤੇ ਮਜ਼ਬੂਤ ਬਣਨ ਵਿਚ ਮਦਦ ਕਰਨ ਦੀ ਲੋੜ ਹੈ। ਉਨ੍ਹਾਂ ਦਾ ਉਦੇਸ਼ ਝੁੰਡ ਨੂੰ ‘ਢਾਹੁਣਾ ਨਹੀਂ ਸਗੋਂ ਬਣਾਉਣਾ’ ਹੈ। (2 ਕੁਰਿੰਥੀਆਂ 10:8) ਝੁੰਡ ਨੂੰ ਬਣਾਉਣ ਦਾ ਰਾਜ਼ ਹੈ ਪ੍ਰੇਮ, ਕਿਉਂਕਿ “ਪ੍ਰੇਮ ਬਣਾਉਂਦਾ ਹੈ।”—1 ਕੁਰਿੰਥੀਆਂ 8:1.
13. ਹਮਦਰਦ ਹੋਣ ਦਾ ਕੀ ਅਰਥ ਹੈ ਅਤੇ ਇਹ ਕਿਉਂ ਮਹੱਤਵਪੂਰਣ ਹੈ ਕਿ ਬਜ਼ੁਰਗ ਹਮਦਰਦੀ ਦਿਖਾਉਣ?
13 ਪ੍ਰੇਮ ਦਾ ਇਕ ਪਹਿਲੂ ਜੋ ਝੁੰਡ ਨੂੰ ਬਣਾਉਣ ਵਿਚ ਬਜ਼ੁਰਗਾਂ ਦੀ ਮਦਦ ਕਰਦਾ ਹੈ, ਉਹ ਹੈ ਹਮਦਰਦੀ। ਹਮਦਰਦ ਹੋਣ ਦਾ ਅਰਥ ਹੈ ਦੂਜਿਆਂ ਦੇ ਦੁੱਖ-ਸੁੱਖ ਵਿਚ ਭਾਗੀ ਬਣਨਾ, ਕਹਿਣ ਦਾ ਭਾਵ ਉਨ੍ਹਾਂ ਵਾਂਗ ਸੋਚਣਾ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਅਤੇ ਉਨ੍ਹਾਂ ਦੀਆਂ ਕਮਜ਼ੋਰੀਆਂ ਨੂੰ ਧਿਆਨ ਵਿਚ ਰੱਖਣਾ। (1 ਪਤਰਸ 3:8) ਇਹ ਕਿਉਂ ਮਹੱਤਵਪੂਰਣ ਹੈ ਕਿ ਬਜ਼ੁਰਗ ਹਮਦਰਦ ਹੋਣ? ਮੁੱਖ ਤੌਰ ਤੇ ਕਿਉਂਕਿ ਯਹੋਵਾਹ—ਜੋ “ਮਨੁੱਖਾਂ ਵਿਚ ਦਾਨ” ਦੇਣ ਵਾਲਾ ਹੈ—ਇਕ ਹਮਦਰਦ ਪਰਮੇਸ਼ੁਰ ਹੈ। ਜਦੋਂ ਉਸ ਦੇ ਸੇਵਕ ਕਸ਼ਟ ਜਾਂ ਦੁੱਖ ਭੋਗ ਰਹੇ ਹੁੰਦੇ ਹਨ, ਤਾਂ ਉਹ ਵੀ ਦੁਖੀ ਹੁੰਦਾ ਹੈ। (ਕੂਚ 3:7; ਯਸਾਯਾਹ 63:9) ਉਹ ਉਨ੍ਹਾਂ ਦੀਆਂ ਕਮਜ਼ੋਰੀਆਂ ਨੂੰ ਧਿਆਨ ਵਿਚ ਰੱਖਦਾ ਹੈ। (ਜ਼ਬੂਰ 103:14) ਤਾਂ ਫਿਰ ਬਜ਼ੁਰਗ ਕਿਵੇਂ ਹਮਦਰਦੀ ਦਿਖਾ ਸਕਦੇ ਹਨ?
14. ਬਜ਼ੁਰਗ ਕਿਨ੍ਹਾਂ ਤਰੀਕਿਆਂ ਨਾਲ ਦੂਜਿਆਂ ਪ੍ਰਤੀ ਹਮਦਰਦੀ ਦਿਖਾ ਸਕਦੇ ਹਨ?
14 ਜਦੋਂ ਕੋਈ ਨਿਰਾਸ਼ ਵਿਅਕਤੀ ਉਨ੍ਹਾਂ ਕੋਲ ਆਉਂਦਾ ਹੈ ਤਾਂ ਉਹ ਉਸ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਸ ਦੀ ਗੱਲ ਨੂੰ ਧਿਆਨ ਨਾਲ ਸੁਣਦੇ ਹਨ। ਉਹ ਆਪਣੇ ਭਰਾਵਾਂ ਦੇ ਪਿਛੋਕੜ, ਸ਼ਖ਼ਸੀਅਤ, ਅਤੇ ਹਾਲਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਫਿਰ ਜਦੋਂ ਬਜ਼ੁਰਗ ਬਾਈਬਲ ਵਿੱਚੋਂ ਉਤਸ਼ਾਹਜਨਕ ਸਲਾਹ ਦਿੰਦੇ ਹਨ ਤਾਂ ਭੇਡਾਂ ਨੂੰ ਉਹ ਸਲਾਹ ਸਵੀਕਾਰ ਕਰਨੀ ਸੌਖੀ ਲੱਗੇਗੀ ਕਿਉਂਕਿ ਇਹ ਉਨ੍ਹਾਂ ਚਰਵਾਹਿਆਂ ਵੱਲੋਂ ਦਿੱਤੀ ਜਾ ਰਹੀ ਹੈ ਜਿਹੜੇ ਅਸਲ ਵਿਚ ਉਨ੍ਹਾਂ ਨੂੰ ਸਮਝਦੇ ਹਨ ਅਤੇ ਉਨ੍ਹਾਂ ਦੀ ਚਿੰਤਾ ਕਰਦੇ ਹਨ। (ਕਹਾਉਤਾਂ 16:23) ਹਮਦਰਦੀ ਬਜ਼ੁਰਗਾਂ ਨੂੰ ਦੂਜਿਆਂ ਦੀਆਂ ਕਮਜ਼ੋਰੀਆਂ ਅਤੇ ਉਨ੍ਹਾਂ ਤੋਂ ਉੱਠਣ ਵਾਲੀਆਂ ਭਾਵਨਾਵਾਂ ਨੂੰ ਵੀ ਧਿਆਨ ਵਿਚ ਰੱਖਣ ਲਈ ਪ੍ਰੇਰਿਤ ਕਰਦੀ ਹੈ। ਉਦਾਹਰਣ ਲਈ, ਕੁਝ ਨੇਕਨੀਅਤ ਮਸੀਹੀ ਸ਼ਾਇਦ ਦੋਸ਼ੀ ਮਹਿਸੂਸ ਕਰਨ ਕਿਉਂਕਿ ਉਹ ਪਰਮੇਸ਼ੁਰ ਦੀ ਸੇਵਾ ਵਿਚ ਜ਼ਿਆਦਾ ਸਮਾਂ ਬਿਤਾਉਣ ਦੇ ਯੋਗ ਨਹੀਂ ਹਨ, ਸ਼ਾਇਦ ਇਸ ਲਈ ਕਿ ਉਹ ਬੁੱਢੇ ਹੋ ਗਏ ਹਨ ਜਾਂ ਉਨ੍ਹਾਂ ਦੀ ਸਿਹਤ ਕਮਜ਼ੋਰ ਹੋ ਗਈ ਹੈ। ਦੂਜੇ ਪਾਸੇ, ਕਈਆਂ ਨੂੰ ਸ਼ਾਇਦ ਆਪਣੀ ਸੇਵਕਾਈ ਵਿਚ ਸੁਧਾਰ ਕਰਨ ਲਈ ਹੌਸਲੇ ਦੀ ਲੋੜ ਹੋਵੇ। (ਇਬਰਾਨੀਆਂ 5:12; 6:1) ਹਮਦਰਦੀ ਬਜ਼ੁਰਗਾਂ ਨੂੰ “ਮਨ ਭਾਉਂਦੀਆਂ ਗੱਲਾਂ” ਬੋਲਣ ਲਈ ਪ੍ਰੇਰਿਤ ਕਰੇਗੀ ਜੋ ਦੂਜਿਆਂ ਨੂੰ ਉਤਸ਼ਾਹਿਤ ਕਰਨਗੀਆਂ। (ਉਪਦੇਸ਼ਕ ਦੀ ਪੋਥੀ 12:10) ਜਦੋਂ ਯਹੋਵਾਹ ਦੀਆਂ ਭੇਡਾਂ ਨੂੰ ਉਤਸ਼ਾਹ ਤੇ ਪ੍ਰੇਰਣਾ ਮਿਲਦੀ ਹੈ, ਤਾਂ ਪਰਮੇਸ਼ੁਰ ਪ੍ਰਤੀ ਉਨ੍ਹਾਂ ਦਾ ਪ੍ਰੇਮ ਉਨ੍ਹਾਂ ਨੂੰ ਉਸ ਦੀ ਸੇਵਾ ਕਰਨ ਵਿਚ ਆਪਣੀ ਪੂਰੀ ਵਾਹ ਲਾਉਣ ਲਈ ਪ੍ਰੇਰਿਤ ਕਰੇਗਾ!
ਮਨੁੱਖ ਜੋ ਏਕਤਾ ਨੂੰ ਵਧਾਉਂਦੇ ਹਨ
15. ‘ਨਿਹਚਾ ਦੀ ਏਕਤਾ’ ਸ਼ਬਦ ਕੀ ਸੂਚਿਤ ਕਰਦੇ ਹਨ?
15 ਤੀਸਰਾ, “ਮਨੁੱਖਾਂ ਵਿਚ ਦਾਨ” ਇਸ ਲਈ ਦਿੱਤੇ ਗਏ ਹਨ ਤਾਂਕਿ “ਅਸੀਂ ਸੱਭੋ ਨਿਹਚਾ ਦੀ ਅਤੇ ਪਰਮੇਸ਼ੁਰ ਦੇ ਪੁੱਤ੍ਰ ਦੀ ਪਛਾਣ ਦੀ ਏਕਤਾ” ਨੂੰ ਪ੍ਰਾਪਤ ਕਰੀਏ। (ਅਫ਼ਸੀਆਂ 4:13) ‘ਨਿਹਚਾ ਦੀ ਏਕਤਾ’ ਸ਼ਬਦ ਸਿਰਫ਼ ਵਿਸ਼ਵਾਸਾਂ ਦੀ ਏਕਤਾ ਨੂੰ ਹੀ ਨਹੀਂ, ਸਗੋਂ ਵਿਸ਼ਵਾਸੀਆਂ ਦੀ ਏਕਤਾ ਨੂੰ ਵੀ ਸੂਚਿਤ ਕਰਦੇ ਹਨ। ਫਿਰ, ਇਹ ਤੀਸਰਾ ਕਾਰਨ ਹੈ ਜਿਸ ਕਰਕੇ ਪਰਮੇਸ਼ੁਰ ਨੇ “ਮਨੁੱਖਾਂ ਵਿਚ ਦਾਨ” ਦਿੱਤੇ—ਉਸ ਦੇ ਲੋਕਾਂ ਵਿਚਕਾਰ ਏਕਤਾ ਨੂੰ ਵਧਾਉਣਾ। ਉਹ ਇਹ ਕਿਵੇਂ ਕਰਦੇ ਹਨ?
16. ਇਹ ਕਿਉਂ ਜ਼ਰੂਰੀ ਹੈ ਕਿ ਬਜ਼ੁਰਗ ਆਪਸ ਵਿਚ ਏਕਤਾ ਕਾਇਮ ਰੱਖਣ?
16 ਸਭ ਤੋਂ ਪਹਿਲਾਂ, ਬਜ਼ੁਰਗਾਂ ਨੂੰ ਆਪਸ ਵਿਚ ਏਕਤਾ ਕਾਇਮ ਰੱਖਣੀ ਚਾਹੀਦੀ ਹੈ। ਜੇਕਰ ਬਜ਼ੁਰਗ ਆਪਸ ਵਿਚ ਵੰਡੇ ਹੋਏ ਹੋਣਗੇ ਤਾਂ ਉਹ ਭੇਡਾਂ ਦੀ ਸਹੀ ਦੇਖ-ਭਾਲ ਨਹੀਂ ਕਰ ਸਕਣਗੇ। ਜਿਹੜਾ ਕੀਮਤੀ ਸਮਾਂ ਝੁੰਡ ਦੀ ਚਰਵਾਹੀ ਕਰਨ ਵਿਚ ਬਿਤਾਇਆ ਜਾ ਸਕਦਾ ਸੀ, ਉਹ ਸਮਾਂ ਸ਼ਾਇਦ ਛੋਟੀਆਂ-ਮੋਟੀਆਂ ਗੱਲਾਂ ਨੂੰ ਲੈ ਕੇ ਕੀਤੀਆਂ ਗਈਆਂ ਲੰਮੀਆਂ-ਲੰਮੀਆਂ ਮੀਟਿੰਗਾਂ ਅਤੇ ਬਹਿਸਾਂ ਵਿਚ ਗੁਆ ਦਿੱਤਾ ਜਾਵੇ। (1 ਤਿਮੋਥਿਉਸ 2:8) ਇਹ ਜ਼ਰੂਰੀ ਨਹੀਂ ਕਿ ਬਜ਼ੁਰਗ ਚਰਚਾ ਅਧੀਨ ਹਰੇਕ ਮਸਲੇ ਉੱਤੇ ਸਹਿਮਤ ਹੋਣ, ਕਿਉਂਕਿ ਉਨ੍ਹਾਂ ਦੀਆਂ ਸ਼ਖ਼ਸੀਅਤਾਂ ਇਕ ਦੂਸਰੇ ਤੋਂ ਕਾਫ਼ੀ ਭਿੰਨ ਹੋ ਸਕਦੀਆਂ ਹਨ। ਪਰ ਏਕਤਾ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਦੀ ਅਲੱਗ-ਅਲੱਗ ਰਾਇ ਨਹੀਂ ਹੋਣੀ ਚਾਹੀਦੀ ਹੈ ਜਾਂ ਕਿ ਉਹ ਇਕ ਨਿਰਪੱਖ ਵਿਚਾਰ-ਵਟਾਂਦਰੇ ਦੌਰਾਨ ਆਪਣੀ ਰਾਇ ਨੂੰ ਸੰਤੁਲਿਤ ਤਰੀਕੇ ਨਾਲ ਪੇਸ਼ ਨਹੀਂ ਕਰ ਸਕਦੇ ਹਨ। ਪਹਿਲਾਂ ਤੋਂ ਹੀ ਆਪਣੀ ਰਾਇ ਕਾਇਮ ਕੀਤੇ ਬਿਨਾਂ, ਬਜ਼ੁਰਗ ਆਦਰਪੂਰਵਕ ਇਕ ਦੂਸਰੇ ਦੇ ਵਿਚਾਰ ਸੁਣਨ ਦੁਆਰਾ ਆਪਸ ਵਿਚ ਏਕਤਾ ਨੂੰ ਬਣਾਈ ਰੱਖਦੇ ਹਨ। ਅਤੇ ਜਦੋਂ ਤਕ ਕਿਸੇ ਬਾਈਬਲ ਸਿਧਾਂਤ ਦੀ ਉਲੰਘਣਾ ਨਹੀਂ ਹੁੰਦੀ ਹੈ, ਹਰੇਕ ਬਜ਼ੁਰਗ ਨੂੰ ਬਜ਼ੁਰਗਾਂ ਦੇ ਸਮੂਹ ਦੁਆਰਾ ਕੀਤੇ ਗਏ ਆਖ਼ਰੀ ਫ਼ੈਸਲੇ ਨੂੰ ਸਵੀਕਾਰ ਕਰਨ ਅਤੇ ਸਮਰਥਨ ਦੇਣ ਲਈ ਤਿਆਰ ਹੋਣਾ ਚਾਹੀਦਾ ਹੈ। ਫ਼ੈਸਲੇ ਨੂੰ ਸਵੀਕਾਰ ਕਰਨਾ ਦਿਖਾਉਂਦਾ ਹੈ ਕਿ ਉਹ ਉਸ ਬੁੱਧ ਅਨੁਸਾਰ ਚੱਲ ਰਹੇ ਹਨ, “ਜਿਹੜੀ ਬੁੱਧ ਉੱਪਰੋਂ ਹੈ” ਅਤੇ ‘ਮਿਲਣਸਾਰ ਤੇ ਸ਼ੀਲ ਸੁਭਾਉ’ ਹੈ।—ਯਾਕੂਬ 3:17, 18.
17. ਕਲੀਸਿਯਾ ਵਿਚ ਸ਼ਾਂਤੀ ਬਣਾਈ ਰੱਖਣ ਲਈ ਬਜ਼ੁਰਗ ਕਿਵੇਂ ਮਦਦ ਕਰ ਸਕਦੇ ਹਨ?
17 ਬਜ਼ੁਰਗ ਕਲੀਸਿਯਾ ਵਿਚ ਏਕਤਾ ਵਧਾਉਣ ਲਈ ਵੀ ਸਚੇਤ ਰਹਿੰਦੇ ਹਨ। ਜਦੋਂ ਫੁੱਟ ਪਾਉਣ ਵਾਲੇ ਪ੍ਰਭਾਵ—ਜਿਵੇਂ ਕਿ ਨੁਕਸਾਨਦੇਹ ਗੱਪਸ਼ੱਪ, ਕਿਸੇ ਦੀ ਨੇਕਨੀਅਤ ਉੱਤੇ ਸ਼ੱਕ ਕਰਨ ਦਾ ਝੁਕਾਅ, ਜਾਂ ਝਗੜਾਲੂ ਭਾਵਨਾ—ਕਲੀਸਿਯਾ ਦੀ ਸ਼ਾਂਤੀ ਲਈ ਖ਼ਤਰਾ ਪੈਦਾ ਕਰਦੇ ਹਨ ਤਾਂ ਉਹ ਲਾਭਦਾਇਕ ਸਲਾਹ ਦੇਣ ਲਈ ਤਿਆਰ ਰਹਿੰਦੇ ਹਨ। (ਫ਼ਿਲਿੱਪੀਆਂ 2:2, 3) ਉਦਾਹਰਣ ਲਈ, ਬਜ਼ੁਰਗ ਸ਼ਾਇਦ ਅਜਿਹੇ ਲੋਕਾਂ ਬਾਰੇ ਜਾਣਦੇ ਹੋਣਗੇ ਜਿਹੜੇ ਦੂਜਿਆਂ ਦੀ ਕੁਝ ਜ਼ਿਆਦਾ ਹੀ ਆਲੋਚਨਾ ਕਰਦੇ ਹਨ ਜਾਂ ਜਿਨ੍ਹਾਂ ਨੂੰ ਦੂਜਿਆਂ ਦੇ ਕੰਮਾਂ ਵਿਚ ਲੱਤ ਅੜਾਉਣ ਦੀ ਆਦਤ ਹੁੰਦੀ ਹੈ। (1 ਤਿਮੋਥਿਉਸ 5:13; 1 ਪਤਰਸ 4:15) ਬਜ਼ੁਰਗ ਅਜਿਹੇ ਲੋਕਾਂ ਦੀ ਇਹ ਸਮਝਣ ਵਿਚ ਮਦਦ ਕਰਨ ਦੀ ਕੋਸ਼ਿਸ਼ ਕਰਨਗੇ ਕਿ ਉਨ੍ਹਾਂ ਦਾ ਇਹ ਰਵੱਈਆ ਪਰਮੇਸ਼ੁਰ ਦੀ ਸਿੱਖਿਆ ਤੋਂ ਬਿਲਕੁਲ ਉਲਟ ਹੈ ਅਤੇ ਹਰੇਕ ਨੂੰ “ਆਪਣਾ ਹੀ ਭਾਰ ਚੁੱਕਣਾ” ਪੈਣਾ ਹੈ। (ਗਲਾਤੀਆਂ 6:5, 7; 1 ਥੱਸਲੁਨੀਕੀਆਂ 4:9-12) ਸ਼ਾਸਤਰਵਚਨਾਂ ਦਾ ਇਸਤੇਮਾਲ ਕਰਦੇ ਹੋਏ ਉਹ ਇਹ ਸਮਝਾਉਣ ਦੀ ਕੋਸ਼ਿਸ਼ ਕਰਨਗੇ ਕਿ ਯਹੋਵਾਹ ਕੁਝ ਗੱਲਾਂ ਨੂੰ ਸਾਡੇ ਨਿੱਜੀ ਅੰਤਹਕਰਣ ਤੇ ਛੱਡਦਾ ਹੈ ਅਤੇ ਸਾਡੇ ਵਿੱਚੋਂ ਕਿਸੇ ਨੂੰ ਵੀ ਅਜਿਹੇ ਮਾਮਲਿਆਂ ਵਿਚ ਦੂਜਿਆਂ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ ਹੈ। (ਮੱਤੀ 7:1, 2; ਯਾਕੂਬ 4:10-12) ਏਕਤਾ ਨਾਲ ਸੇਵਾ ਕਰਨ ਲਈ, ਕਲੀਸਿਯਾ ਵਿਚ ਵਿਸ਼ਵਾਸ ਅਤੇ ਆਦਰ ਦਾ ਮਾਹੌਲ ਹੋਣਾ ਚਾਹੀਦਾ ਹੈ। ਲੋੜ ਪੈਣ ਤੇ ਬਾਈਬਲ ਵਿੱਚੋਂ ਸਾਨੂੰ ਸਲਾਹ ਦੇਣ ਦੁਆਰਾ, “ਮਨੁੱਖਾਂ ਵਿਚ ਦਾਨ” ਕਲੀਸਿਯਾ ਵਿਚ ਸ਼ਾਂਤੀ ਅਤੇ ਏਕਤਾ ਨੂੰ ਬਣਾਈ ਰੱਖਣ ਵਿਚ ਸਾਡੀ ਮਦਦ ਕਰਦੇ ਹਨ।—ਰੋਮੀਆਂ 14:19.
ਝੁੰਡ ਦੀ ਰਾਖੀ ਕਰਨੀ
18, 19. (ੳ) “ਮਨੁੱਖਾਂ ਵਿਚ ਦਾਨ” ਸਾਨੂੰ ਕਿਸ ਕੋਲੋਂ ਬਚਾਉਂਦੇ ਹਨ? (ਅ) ਹੋਰ ਕਿਹੜੇ ਖ਼ਤਰੇ ਤੋਂ ਭੇਡਾਂ ਨੂੰ ਬਚਾਉਣ ਦੀ ਲੋੜ ਹੈ ਅਤੇ ਭੇਡਾਂ ਦੀ ਰਾਖੀ ਕਰਨ ਲਈ ਬਜ਼ੁਰਗ ਕਿਵੇਂ ਕਾਰਵਾਈ ਕਰਦੇ ਹਨ?
18 ਚੌਥਾ, ਯਹੋਵਾਹ “ਮਨੁੱਖਾਂ ਵਿਚ ਦਾਨ” ਇਸ ਲਈ ਦਿੰਦਾ ਹੈ ਤਾਂਕਿ ਉਹ ਸਾਨੂੰ “ਮਨੁੱਖਾਂ ਦੀ ਠੱਗ ਵਿੱਦਿਆ ਅਤੇ ਭੁਲਾਉਣ ਵਾਲੀ ਛਲ ਛਿੱਦ੍ਰ ਰੂਪੀ ਚਤਰਾਈ ਨਾਲ ਸਿੱਖਿਆ ਦੇ ਹਰੇਕ ਬੁੱਲੇ” ਨਾਲ ਪ੍ਰਭਾਵਿਤ ਹੋਣ ਤੋਂ ਬਚਾਉਣ। (ਅਫ਼ਸੀਆਂ 4:14) “ਠੱਗ ਵਿੱਦਿਆ” ਲਈ ਮੂਲ ਯੂਨਾਨੀ ਸ਼ਬਦ ਦਾ ਅਰਥ ਹੈ “ਪਾਸਾ ਖੇਡਣ ਵਿਚ ਚਾਲਬਾਜ਼ੀ” ਜਾਂ “ਚਲਾਕੀ ਨਾਲ ਪਾਸਾ ਸੁੱਟਣ ਦਾ ਕਮਾਲ।” ਕੀ ਇਹ ਸਾਨੂੰ ਉਸ ਗੱਲ ਦੀ ਯਾਦ ਨਹੀਂ ਦਿਵਾਉਂਦੀ ਕਿ ਚਲਾਕ ਧਰਮ-ਤਿਆਗੀ ਵੀ ਇਸੇ ਤਰ੍ਹਾਂ ਹੀ ਕੰਮ ਕਰਦੇ ਹਨ? ਚਿਕਣੀਆਂ-ਚੁਪੜੀਆਂ ਗੱਲਾਂ ਦਾ ਇਸਤੇਮਾਲ ਕਰਦੇ ਹੋਏ ਉਹ ਸ਼ਾਸਤਰਵਚਨਾਂ ਨੂੰ ਚਲਾਕੀ ਨਾਲ ਘੁਮਾ-ਫਿਰਾ ਕੇ ਸੱਚੇ ਮਸੀਹੀਆਂ ਨੂੰ ਉਨ੍ਹਾਂ ਦੀ ਸੱਚੀ ਨਿਹਚਾ ਤੋਂ ਦੂਰ ਲੈ ਜਾਣ ਦੀ ਕੋਸ਼ਿਸ਼ ਕਰਦੇ ਹਨ। ਬਜ਼ੁਰਗਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ‘ਬੁਰੇ ਬਘਿਆੜਾਂ’ ਤੋਂ ਸਚੇਤ ਰਹਿਣ!—ਰਸੂਲਾਂ ਦੇ ਕਰਤੱਬ 20:29, 30.
19 ਯਹੋਵਾਹ ਦੀਆਂ ਭੇਡਾਂ ਨੂੰ ਦੂਸਰੇ ਹੋਰ ਖ਼ਤਰਿਆਂ ਤੋਂ ਵੀ ਬਚਾਉਣ ਦੀ ਲੋੜ ਹੈ। ਪ੍ਰਾਚੀਨ ਸਮੇਂ ਵਿਚ ਚਰਵਾਹੇ ਦਾਊਦ ਨੇ ਨਿਡਰਤਾ ਨਾਲ ਜੰਗਲੀ ਜਾਨਵਰਾਂ ਤੋਂ ਆਪਣੇ ਪਿਤਾ ਦੇ ਇੱਜੜ ਦੀ ਰਾਖੀ ਕੀਤੀ। (1 ਸਮੂਏਲ 17:34-36) ਅੱਜ ਵੀ ਅਜਿਹੇ ਹਾਲਾਤ ਖੜ੍ਹੇ ਹੋ ਸਕਦੇ ਹਨ ਜਦੋਂ ਫ਼ਿਕਰਮੰਦ ਮਸੀਹੀ ਚਰਵਾਹਿਆਂ ਨੂੰ ਝੁੰਡ ਨੂੰ ਉਨ੍ਹਾਂ ਲੋਕਾਂ ਕੋਲੋਂ ਬਚਾਉਣ ਲਈ ਦਲੇਰੀ ਦਿਖਾਉਣੀ ਪਵੇਗੀ ਜਿਹੜੇ ਯਹੋਵਾਹ ਦੀਆਂ ਭੇਡਾਂ ਨਾਲ, ਖ਼ਾਸ ਕਰਕੇ ਕਮਜ਼ੋਰ ਭੇਡਾਂ ਨਾਲ ਭੈੜਾ ਸਲੂਕ ਕਰਦੇ ਹਨ ਜਾਂ ਉਨ੍ਹਾਂ ਨੂੰ ਸਤਾਉਂਦੇ ਹਨ। ਬਜ਼ੁਰਗ ਕਲੀਸਿਯਾ ਵਿੱਚੋਂ ਅਜਿਹੇ ਜ਼ਿੱਦੀ ਪਾਪੀਆਂ ਨੂੰ ਛੇਕਣ ਵਿਚ ਢਿੱਲ ਨਹੀਂ ਕਰਨਗੇ ਜੋ ਬੁਰਾਈ ਕਰਨ ਲਈ ਜਾਣ-ਬੁੱਝ ਕੇ ਠੱਗੀ ਕਰਦੇ ਹਨ, ਧੋਖਾ ਦਿੰਦੇ ਹਨ ਅਤੇ ਮਨਸੂਬੇ ਘੜਦੇ ਹਨ।b—1 ਕੁਰਿੰਥੀਆਂ 5:9-13. ਜ਼ਬੂਰ 101:7 ਦੀ ਤੁਲਨਾ ਕਰੋ।
20. “ਮਨੁੱਖਾਂ ਵਿਚ ਦਾਨ” ਦੁਆਰਾ ਕੀਤੀ ਜਾਂਦੀ ਦੇਖ-ਭਾਲ ਵਿਚ ਅਸੀਂ ਕਿਉਂ ਸੁਰੱਖਿਅਤ ਮਹਿਸੂਸ ਕਰ ਸਕਦੇ ਹਾਂ?
20 ਇਨ੍ਹਾਂ “ਮਨੁੱਖਾਂ ਵਿਚ ਦਾਨ” ਦੇ ਲਈ ਅਸੀਂ ਕਿੰਨੇ ਧੰਨਵਾਦੀ ਹਾਂ! ਉਨ੍ਹਾਂ ਦੀ ਪ੍ਰੇਮਮਈ ਦੇਖ-ਭਾਲ ਦੇ ਕਾਰਨ ਅਸੀਂ ਸੁਰੱਖਿਅਤ ਮਹਿਸੂਸ ਕਰ ਸਕਦੇ ਹਾਂ, ਕਿਉਂਕਿ ਉਹ ਸਾਨੂੰ ਨਰਮਾਈ ਨਾਲ ਸੁਧਾਰਦੇ ਹਨ, ਪ੍ਰੇਮ ਦੇ ਨਾਲ ਸਾਨੂੰ ਮਜ਼ਬੂਤ ਕਰਦੇ ਹਨ, ਸਾਡੀ ਏਕਤਾ ਨੂੰ ਬਣਾਈ ਰੱਖਣ ਲਈ ਤਿਆਰ ਰਹਿੰਦੇ ਹਨ ਅਤੇ ਦਲੇਰੀ ਨਾਲ ਸਾਡੀ ਰਾਖੀ ਕਰਦੇ ਹਨ। ਪਰ “ਮਨੁੱਖਾਂ ਵਿਚ ਦਾਨ” ਨੂੰ ਕਲੀਸਿਯਾ ਵਿਚ ਆਪਣੀ ਭੂਮਿਕਾ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ? ਅਤੇ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਉਨ੍ਹਾਂ ਦੀ ਕਦਰ ਕਰਦੇ ਹਾਂ? ਇਨ੍ਹਾਂ ਸਵਾਲਾਂ ਦੀ ਚਰਚਾ ਅਗਲੇ ਲੇਖ ਵਿਚ ਕੀਤੀ ਜਾਵੇਗੀ।
[ਫੁਟਨੋਟ]
a ਇੱਥੇ ਜਿਸ ਕਿਰਿਆ ਦਾ ਅਨੁਵਾਦ “ਸੁਧਾਰਨਾ” ਕੀਤਾ ਗਿਆ ਹੈ, ਉਹੀ ਕਿਰਿਆ ਯੂਨਾਨੀ ਸੈਪਟੁਜਿੰਟ ਵਰਯਨ ਵਿਚ ਜ਼ਬੂਰ 17[16]:5 ਵਿਚ ਵੀ ਇਸਤੇਮਾਲ ਕੀਤੀ ਗਈ ਹੈ, ਜਿੱਥੇ ਵਫ਼ਾਦਾਰ ਦਾਊਦ ਨੇ ਪ੍ਰਾਰਥਨਾ ਕੀਤੀ ਕਿ ਉਸ ਦੇ ਕਦਮ ਯਹੋਵਾਹ ਦੀਆਂ ਲੀਹਾਂ ਨੂੰ ਠੀਕ ਫੜੀ ਰੱਖਣ।
b ਉਦਾਹਰਣ ਲਈ, 15 ਨਵੰਬਰ, 1979 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 31-2 ਉੱਤੇ “ਪਾਠਕਾਂ ਵੱਲੋਂ ਸਵਾਲ,” ਅਤੇ 1 ਜਨਵਰੀ, 1997 ਦੇ ਅੰਕ (ਅੰਗ੍ਰੇਜ਼ੀ) ਵਿਚ ਸਫ਼ੇ 26-9 ਉੱਤੇ “ਆਓ ਅਸੀਂ ਬੁਰਾਈ ਤੋਂ ਸੂਗ ਕਰੀਏ” ਲੇਖ ਦੇਖੋ।
ਕੀ ਤੁਹਾਨੂੰ ਯਾਦ ਹੈ?
◻ “ਮਨੁੱਖਾਂ ਵਿਚ ਦਾਨ” ਕੌਣ ਹਨ ਅਤੇ ਪਰਮੇਸ਼ੁਰ ਨੇ ਮਸੀਹ ਦੇ ਰਾਹੀਂ ਉਨ੍ਹਾਂ ਨੂੰ ਕਲੀਸਿਯਾ ਨੂੰ ਕਿਉਂ ਦਿੱਤਾ ਹੈ?
◻ ਝੁੰਡ ਨੂੰ ਸੁਧਾਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਬਜ਼ੁਰਗ ਕਿਵੇਂ ਪੂਰਾ ਕਰਦੇ ਹਨ?
◻ ਬਜ਼ੁਰਗ ਆਪਣੇ ਸੰਗੀ ਵਿਸ਼ਵਾਸੀਆਂ ਨੂੰ ਮਜ਼ਬੂਤ ਬਣਾਉਣ ਲਈ ਕੀ ਕਰ ਸਕਦੇ ਹਨ?
◻ ਬਜ਼ੁਰਗ ਕਿਵੇਂ ਕਲੀਸਿਯਾ ਦੀ ਏਕਤਾ ਨੂੰ ਬਣਾਈ ਰੱਖ ਸਕਦੇ ਹਨ?
[ਸਫ਼ੇ 10 ਉੱਤੇ ਤਸਵੀਰ]
ਬਜ਼ੁਰਗਾਂ ਵਿਚਕਾਰ ਏਕਤਾ ਹੋਣ ਨਾਲ ਕਲੀਸਿਯਾ ਵਿਚ ਵੀ ਏਕਤਾ ਵਧਦੀ ਹੈ
[ਸਫ਼ੇ 10 ਉੱਤੇ ਤਸਵੀਰ]
ਕਮਦਿਲਿਆਂ ਨੂੰ ਹੌਸਲਾ ਦੇਣ ਵਿਚ ਹਮਦਰਦੀ ਬਜ਼ੁਰਗਾਂ ਦੀ ਮਦਦ ਕਰਦੀ ਹੈ