ਇਖ਼ਤਿਆਰ ਰੱਖਣ ਵਾਲਿਆਂ ਦਾ ਆਦਰ ਕਰੋ
“ਸਭਨਾਂ ਦਾ ਆਦਰ ਕਰੋ, ਭਾਈਆਂ ਨਾਲ ਪ੍ਰੇਮ ਰੱਖੋ, ਪਰਮੇਸ਼ੁਰ ਦਾ ਭੈ ਮੰਨੋ, ਪਾਤਸ਼ਾਹ ਦਾ ਆਦਰ ਕਰੋ।”—1 ਪਤਰਸ 2:17.
1, 2. ਇਖ਼ਤਿਆਰ ਰੱਖਣ ਵਾਲਿਆਂ ਬਾਰੇ ਅੱਜ-ਕੱਲ੍ਹ ਲੋਕ ਕੀ ਸੋਚਦੇ ਹਨ ਅਤੇ ਕਿਉਂ?
ਇਕ ਮਾਂ ਦੁਖੀ ਹੋ ਕੇ ਦੁਹਾਈ ਦਿੰਦੀ ਹੈ ਕਿ “ਅੱਜ-ਕੱਲ੍ਹ ਸਾਰੇ ਹੱਕ ਬੱਚਿਆਂ ਨੂੰ ਹੀ ਦਿੱਤੇ ਜਾਂਦੇ ਹਨ। ਮਾਪਿਆਂ ਦਾ ਆਦਰ ਤਾਂ ਕੋਈ ਨਹੀਂ ਕਰਦਾ।” ਇਕ ਕਾਰ ਦੇ ਪਿੱਛੇ ਇਹ ਲਿਖਿਆ ਹੈ: “ਮੋਹਰੇ ਬੋਲੋ ਅਤੇ ਅਧਿਕਾਰ ਦਾ ਵਿਰੋਧ ਕਰੋ।” ਇਹ ਇਕ-ਦੋ ਗੱਲਾਂ ਹਨ ਜੋ ਅੱਜ-ਕੱਲ੍ਹ ਦੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਦਰਸਾਉਂਦੀਆਂ ਹਨ। ਸੰਸਾਰ ਭਰ ਵਿਚ ਮਾਪਿਆਂ, ਅਧਿਆਪਕਾਂ, ਮਾਲਕਾਂ, ਅਤੇ ਸਰਕਾਰੀ ਅਫ਼ਸਰਾਂ ਦਾ ਆਮ ਤੌਰ ਤੇ ਨਿਰਾਦਰ ਕੀਤਾ ਜਾਂਦਾ ਹੈ।
2 ਕਈ ਸ਼ਾਇਦ ਬੇਪਰਵਾਹੀ ਨਾਲ ਕਹਿਣ ਕਿ ‘ਜੋ ਅਧਿਕਾਰ ਚਲਾਉਂਦੇ ਹਨ ਉਨ੍ਹਾਂ ਦਾ ਆਦਰ ਮੈਂ ਕਿਉਂ ਕਰਾਂ, ਉਹ ਆਦਰ ਕਰਨ ਦੇ ਲਾਇਕ ਹੀ ਨਹੀਂ।’ ਕਦੀ-ਕਦੀ ਇਹ ਗੱਲ ਬਿਲਕੁਲ ਸੱਚ ਹੁੰਦੀ ਹੈ। ਸਾਨੂੰ ਬੇਈਮਾਨ ਸਰਕਾਰੀ ਅਫ਼ਸਰਾਂ, ਲਾਲਚੀ ਮਾਲਕਾਂ, ਨਾਕਾਬਲ ਅਧਿਆਪਕਾਂ, ਅਤੇ ਨਿਰਦਈ ਮਾਪਿਆਂ ਬਾਰੇ ਲਗਾਤਾਰ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ। ਪਰ, ਅਸੀਂ ਖ਼ੁਸ਼ੀ ਨਾਲ ਇਹ ਕਹਿ ਸਕਦੇ ਹਾਂ ਕਿ ਕਲੀਸਿਯਾ ਵਿਚ ਇਖ਼ਤਿਆਰ ਰੱਖਣ ਵਾਲਿਆਂ ਬਾਰੇ ਮਸੀਹੀ ਇਸ ਤਰ੍ਹਾਂ ਨਹੀਂ ਸੋਚਦੇ।—ਮੱਤੀ 24:45-47.
3, 4. ਮਸੀਹੀਆਂ ਨੂੰ ਇਖ਼ਤਿਆਰ ਰੱਖਣ ਵਾਲਿਆਂ ਦੀ ਇੱਜ਼ਤ ਕਿਉਂ ਕਰਨੀ ਚਾਹੀਦੀ ਹੈ?
3 ਮਸੀਹੀਆਂ ਵਜੋਂ, ਸਾਡੇ ਕੋਲ ਦੁਨਿਆਵੀ ਅਧਿਕਾਰੀਆਂ ਦੀ ਇੱਜ਼ਤ ਕਰਨ ਦਾ ‘ਚੰਗਾ ਕਾਰਨ’ ਹੈ। ਪੌਲੁਸ ਰਸੂਲ ਨੇ ਮਸੀਹੀਆਂ ਨੂੰ ਸਲਾਹ ਦਿੱਤੀ ਸੀ ਕਿ ਉਹ ‘ਹਕੂਮਤਾਂ ਦੇ ਅਧੀਨ ਰਹਿਣ ਕਿਉਂਕਿ ਅਜਿਹੀ ਕੋਈ ਹਕੂਮਤ ਨਹੀਂ ਜਿਹੜੀ ਪਰਮੇਸ਼ੁਰ ਦੀ ਵੱਲੋਂ ਨਾ ਹੋਵੇ ਅਤੇ ਜਿੰਨੀਆਂ ਹਕੂਮਤਾਂ ਹਨ ਓਹ ਪਰਮੇਸ਼ੁਰ ਦੀਆਂ ਠਹਿਰਾਈਆਂ ਹੋਈਆਂ ਹਨ।’ (ਰੋਮੀਆਂ 13:1, 2, 5; 1 ਪਤਰਸ 2:13-15) ਪੌਲੁਸ ਨੇ ਪਰਿਵਾਰ ਵਿਚ ਇਖ਼ਤਿਆਰ ਰੱਖਣ ਵਾਲਿਆਂ ਦਾ ਆਦਰ ਕਰਨ ਬਾਰੇ ਵੀ ਸਲਾਹ ਦਿੱਤੀ ਸੀ। ਇਸ ਤਰ੍ਹਾਂ ਕਰਨ ਦੇ ਉਸ ਨੇ ਚੰਗੇ ਕਾਰਨ ਦਿੱਤੇ: “ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੁ ਵਿੱਚ ਜੋਗ ਹੈ। ਹੇ ਬਾਲਕੋ, ਤੁਸੀਂ ਸਭਨੀਂ ਗੱਲੀਂ ਆਪਣੇ ਮਾਪਿਆਂ ਦੀ ਆਗਿਆਕਾਰੀ ਕਰੋ ਕਿਉਂ ਜੋ ਪ੍ਰਭੁ ਵਿੱਚ ਇਹ ਗੱਲ ਮਨ ਭਾਉਣੀ ਹੈ।” (ਕੁਲੁੱਸੀਆਂ 3:18, 20) ਕਲੀਸਿਯਾ ਦੇ ਬਜ਼ੁਰਗ ਵੀ ਆਦਰ ਦੇ ਯੋਗ ਹਨ ਕਿਉਂਕਿ ‘ਪਵਿੱਤ੍ਰ ਆਤਮਾ ਨੇ ਉਨ੍ਹਾਂ ਨੂੰ ਨਿਗਾਹਬਾਨ ਠਹਿਰਾਇਆ ਹੈ ਤਾਂਕਿ ਉਹ ਪਰਮੇਸ਼ੁਰ ਦੀ ਕਲੀਸਿਯਾ ਦੀ ਚਰਵਾਹੀ ਕਰਨ।’ (ਰਸੂਲਾਂ ਦੇ ਕਰਤੱਬ 20:28) ਮਾਨਵੀ ਅਧਿਕਾਰੀਆਂ ਦੀ ਇੱਜ਼ਤ ਕਰਦੇ ਹੋਏ, ਅਸਲ ਵਿਚ ਅਸੀਂ ਯਹੋਵਾਹ ਦਾ ਆਦਰ ਕਰਦੇ ਹਾਂ। ਯਹੋਵਾਹ ਦੇ ਇਖ਼ਤਿਆਰ ਦਾ ਆਦਰ ਕਰਨਾ ਸਾਡੀ ਜ਼ਿੰਦਗੀ ਵਿਚ ਹਮੇਸ਼ਾ ਪਹਿਲਾਂ ਆਉਣਾ ਚਾਹੀਦਾ ਹੈ।—ਰਸੂਲਾਂ ਦੇ ਕਰਤੱਬ 5:29.
4 ਯਹੋਵਾਹ ਜਿੰਨਾ ਇਖ਼ਤਿਆਰ ਕੋਈ ਨਹੀਂ ਰੱਖਦਾ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਆਓ ਆਪਾਂ ਉਨ੍ਹਾਂ ਇਨਸਾਨਾਂ ਦੀਆਂ ਮਿਸਾਲਾਂ ਵੱਲ ਧਿਆਨ ਦੇਈਏ ਜਿਨ੍ਹਾਂ ਨੇ ਇਖ਼ਤਿਆਰ ਰੱਖਣ ਵਾਲਿਆਂ ਦਾ ਆਦਰ ਕੀਤਾ ਅਤੇ ਜਿਨ੍ਹਾਂ ਨੇ ਨਹੀਂ ਕੀਤਾ।
ਪਰਮੇਸ਼ੁਰ ਨੂੰ ਨਿਰਾਦਰ ਕਰਨ ਵਾਲੇ ਪਸੰਦ ਨਹੀਂ
5. ਮੀਕਲ ਨੇ ਦਾਊਦ ਦੀ ਨਿਰਾਦਰੀ ਕਿਸ ਤਰ੍ਹਾਂ ਕੀਤੀ ਸੀ, ਅਤੇ ਇਸ ਦਾ ਨਤੀਜਾ ਕੀ ਨਿਕਲਿਆ ਸੀ?
5 ਰਾਜਾ ਦਾਊਦ ਦੀ ਜ਼ਿੰਦਗੀ ਤੋਂ ਅਸੀਂ ਦੇਖ ਸਕਦੇ ਹਾਂ ਕਿ ਯਹੋਵਾਹ ਉਨ੍ਹਾਂ ਲੋਕਾਂ ਨੂੰ ਕਿਸ ਤਰ੍ਹਾਂ ਵਿਚਾਰਦਾ ਹੈ ਜੋ ਉਨ੍ਹਾਂ ਲੋਕਾਂ ਦੀ ਇੱਜ਼ਤ ਨਹੀਂ ਕਰਦੇ ਜਿਨ੍ਹਾਂ ਨੂੰ ਪਰਮੇਸ਼ੁਰ ਵੱਲੋਂ ਇਖ਼ਤਿਆਰ ਮਿਲਿਆ ਹੈ। ਜਦੋਂ ਦਾਊਦ ਨੇ ਨੇਮ ਦਾ ਸੰਦੂਕ ਯਰੂਸ਼ਲਮ ਨੂੰ ਲਿਆਂਦਾ ਸੀ, ਤਾਂ ਉਸ ਦੀ ਪਤਨੀ ਮੀਕਲ ਨੇ “ਦਾਊਦ ਪਾਤਸ਼ਾਹ ਨੂੰ ਯਹੋਵਾਹ ਦੇ ਅੱਗੇ ਟਪੂਸੀਆਂ ਮਾਰਦਿਆਂ ਅਤੇ ਲੁੱਡੀ ਪਾਉਂਦਿਆਂ ਡਿੱਠਾ ਸੋ ਉਸ ਨੇ ਆਪਣੇ ਮਨ ਵਿੱਚ ਉਹ ਨੂੰ ਤੁੱਛ ਜਾਤਾ।” ਮੀਕਲ ਨੂੰ ਪਛਾਣਨਾ ਚਾਹੀਦਾ ਸੀ ਕਿ ਦਾਊਦ ਸਿਰਫ਼ ਉਸ ਦਾ ਸਿਰ ਹੀ ਨਹੀਂ ਸੀ ਪਰ ਦੇਸ਼ ਦਾ ਰਾਜਾ ਵੀ ਸੀ। ਲੇਕਿਨ, ਉਸ ਨੇ ਆਪਣੇ ਦਿਲ ਦੀ ਗੱਲ ਅਜਿਹੇ ਚੁਭਵੇਂ ਸ਼ਬਦਾਂ ਰਾਹੀਂ ਜ਼ਾਹਰ ਕੀਤੀ: “ਇਸਰਾਏਲ ਦਾ ਪਾਤਸ਼ਾਹ ਅੱਜ ਕੇਡਾਕੁ ਪਰਤਾਪਵਾਨ ਬਣਿਆ ਜਿਸ ਨੇ ਅੱਜ ਆਪਣੇ ਨੌਕਰਾਂ ਦੀਆਂ ਟਹਿਲਣਾਂ ਦੀਆਂ ਅੱਖੀਆਂ ਦੇ ਸਾਹਮਣੇ ਆਪਣੇ ਆਪ ਨੂੰ ਨੰਗਾ ਕੀਤਾ ਜਿੱਕਰ ਕੋਈ ਲੁੱਚਾ ਆਪ ਨੂੰ ਨਿਲੱਜ ਬਣਾ ਕੇ ਨੰਗਾ ਕਰਦਾ ਹੈ!” ਇਸ ਨਿਰਾਦਰੀ ਦੇ ਕਾਰਨ ਮੀਕਲ ਕਦੀ ਵੀ ਮਾਂ ਨਹੀਂ ਬਣੀ।—2 ਸਮੂਏਲ 6:14-23.
6. ਯਹੋਵਾਹ ਨੂੰ ਕਿਸ ਤਰ੍ਹਾਂ ਲੱਗਾ ਸੀ ਜਦੋਂ ਕੋਰਹ ਨੇ ਉਸ ਦੇ ਚੁਣੇ ਗਏ ਆਗੂਆਂ ਦਾ ਨਿਰਾਦਰ ਕੀਤਾ?
6 ਕੋਰਹ ਨੇ ਉਨ੍ਹਾਂ ਦਾ ਘੋਰ ਨਿਰਾਦਰ ਕੀਤਾ ਸੀ ਜਿਨ੍ਹਾਂ ਨੂੰ ਪਰਮੇਸ਼ੁਰ ਵੱਲੋਂ ਅਗਵਾਈ ਕਰਨ ਦਾ ਇਖ਼ਤਿਆਰ ਮਿਲਿਆ ਸੀ। ਇਕ ਕਹਾਥੀ ਵਜੋਂ ਉਹ ਯਹੋਵਾਹ ਦੇ ਡੇਹਰੇ ਵਿਚ ਸੇਵਾ ਕਰਦਾ ਹੁੰਦਾ ਸੀ। ਇਹ ਉਸ ਲਈ ਕਿੰਨਾ ਵੱਡਾ ਸਨਮਾਨ ਸੀ! ਫਿਰ ਵੀ, ਉਸ ਨੇ ਮੂਸਾ ਅਤੇ ਹਾਰੂਨ ਦੀ ਨੁਕਤਾਚੀਨੀ ਕੀਤੀ, ਜੋ ਇਸਰਾਏਲੀਆਂ ਲਈ ਪਰਮੇਸ਼ੁਰ ਦੇ ਚੁਣੇ ਗਏ ਆਗੂ ਸਨ। ਕੋਰਹ ਬਹੁਤ ਹੀ ਢੀਠ ਸੀ। ਉਸ ਨੇ ਇਸਰਾਏਲ ਦੇ ਦੂਸਰੇ ਪ੍ਰਧਾਨਾਂ ਨਾਲ ਰਲ ਕੇ ਮੂਸਾ ਅਤੇ ਹਾਰੂਨ ਨੂੰ ਕਿਹਾ ਕਿ “ਸਾਰੀ ਮੰਡਲੀ ਦੇ ਲੋਕ ਪਵਿੱਤ੍ਰ ਹਨ ਅਤੇ ਯਹੋਵਾਹ ਉਨ੍ਹਾਂ ਦੇ ਵਿੱਚ ਹੈ। ਤੁਸੀਂ ਫੇਰ ਕਿਵੇਂ ਆਪਣੇ ਆਪ ਨੂੰ ਯਹੋਵਾਹ ਦੀ ਸਭਾ ਨਾਲੋਂ ਉੱਚਾ ਬਣਾਉਂਦੇ ਹੋ?” ਯਹੋਵਾਹ ਨੇ ਕੋਰਹ ਅਤੇ ਉਸ ਦੇ ਸਾਥੀਆਂ ਦੇ ਰਵੱਈਏ ਬਾਰੇ ਕੀ ਸੋਚਿਆ ਸੀ? ਯਹੋਵਾਹ ਦੀ ਨਿਗਾਹ ਵਿਚ ਉਹ ਲੋਕ ਉਸ ਦਾ ਹੀ ਨਿਰਾਦਰ ਕਰ ਰਹੇ ਸਨ। ਕੋਰਹ ਦੇ ਪੱਖ ਵਿਚ ਖੜ੍ਹੇ ਸਾਰਿਆਂ ਲੋਕਾਂ ਨੂੰ ਧਰਤੀ ਨਿਗਲ ਗਈ ਅਤੇ ਫਿਰ ਯਹੋਵਾਹ ਨੇ ਕੋਰਹ ਅਤੇ 250 ਪ੍ਰਧਾਨਾਂ ਨੂੰ ਅੱਗ ਨਾਲ ਭਸਮ ਕਰ ਦਿੱਤਾ ਸੀ।—ਗਿਣਤੀ 16:1-3, 28-35.
7. ਕੀ “ਮਹਾਨ ਰਸੂਲਾਂ” ਕੋਲ ਪੌਲੁਸ ਦੀ ਨੁਕਤਾਚੀਨੀ ਕਰਨ ਦਾ ਕੋਈ ਚੰਗਾ ਕਾਰਨ ਸੀ?
7 ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ਵਿਚ ਅਜਿਹੇ ਲੋਕ ਸਨ ਜਿਨ੍ਹਾਂ ਨੇ ਉਨ੍ਹਾਂ ਭਰਾਵਾਂ ਦਾ ਆਦਰ ਨਹੀਂ ਕੀਤਾ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਖ਼ਤਿਆਰ ਦਿੱਤਾ ਸੀ। ਕੁਰਿੰਥੁਸ ਦੀ ਕਲੀਸਿਯਾ ਦੇ “ਮਹਾਨ ਰਸੂਲਾਂ” ਨੇ ਪੌਲੁਸ ਦਾ ਆਦਰ ਨਹੀਂ ਕੀਤਾ ਸੀ। ਉਨ੍ਹਾਂ ਨੇ ਉਸ ਦੇ ਭਾਸ਼ਣ ਦੇਣ ਦੇ ਤਰੀਕੇ ਦੀ ਨੁਕਤਾਚੀਨੀ ਕੀਤੀ ਅਤੇ ਕਿਹਾ ਕੀ ਉਹ “ਦੇਹੀ ਨਾਲ ਸਨਮੁਖ ਹੋ ਕੇ ਨਿਰਬਲ ਹੈ ਅਤੇ ਉਹ ਦਾ ਬਚਨ ਤੁੱਛ ਹੈ।” (2 ਕੁਰਿੰਥੀਆਂ 10:10; 11:5) ਚਾਹੇ ਪੌਲੁਸ ਚੰਗੀ ਤਰ੍ਹਾਂ ਭਾਸ਼ਣ ਨਹੀਂ ਦੇ ਸਕਦਾ ਸੀ ਉਸ ਦੀ ਇੱਜ਼ਤ ਕੀਤੀ ਜਾਣੀ ਚਾਹੀਦੀ ਸੀ ਕਿਉਂਕਿ ਉਹ ਇਕ ਰਸੂਲ ਸੀ। ਪਰ ਕੀ ਪੌਲੁਸ ਦੇ ਭਾਸ਼ਣ ਸੱਚ-ਮੁੱਚ ਤੁੱਛ ਸਨ? ਬਾਈਬਲ ਵਿਚ ਦਰਜ ਕੀਤੇ ਗਏ ਉਸ ਦੇ ਪਬਲਿਕ ਭਾਸ਼ਣ ਸੰਕੇਤ ਕਰਦੇ ਹਨ ਕਿ ਉਹ ਬਹੁਤ ਹੀ ਚੰਗਾ ਭਾਸ਼ਣਕਾਰ ਸੀ ਜੋ ਸੁਣਨ ਵਾਲੇ ਦਾ ਵਿਸ਼ਵਾਸ ਪੱਕਾ ਕਰ ਸਕਦਾ ਸੀ। ਯਾਦ ਕਰੋ ਕਿ ਇਕ ਵਾਰ ਪੌਲੁਸ ਨੇ ਦੂਜੇ ਹੇਰੋਦੇਸ ਅਗ੍ਰਿੱਪਾ ਨਾਲ ਗੱਲ ਕੀਤੀ ਸੀ ਜੋ ਕਿ ‘ਯਹੂਦੀਆਂ ਦੇ ਸਾਰੇ ਝਗੜਿਆਂ ਤੋਂ ਅੱਛੀ ਤਰਾਂ ਮਹਿਰਮ ਸੀ।’ (ਰਸੂਲਾਂ ਦੇ ਕਰਤੱਬ 13:15-43; 17:22-34; 26:1-28) ਪੌਲੁਸ ਦੀਆਂ ਗੱਲਾਂ ਕਾਰਨ ਰਾਜੇ ਨੇ ਉਸ ਨੂੰ ਪੁੱਛਿਆ: “ਕੀ ਤੂੰ ਇਸ ਥੋੜ੍ਹੇ ਸਮੇਂ ਵਿਚ ਹੀ ਮੈਨੂੰ ਮਸੀਹੀ ਬਣਾਉਣਾ ਚਾਹੁੰਦਾ ਹੈ?” (ਚੇਲਿਆਂ ਦੇ ਕਰਤੱਵ 26:28, ਪਵਿੱਤਰ ਬਾਈਬਲ ਨਵਾਂ ਅਨੁਵਾਦ) ਲੇਕਿਨ ਕੁਰਿੰਥੁਸ ਦੇ ਮਹਾਨ ਰਸੂਲਾਂ ਨੇ ਪੌਲੁਸ ਦੀ ਬੋਲੀ ਤੁੱਛ ਸਮਝੀ! ਸਾਨੂੰ ਪਤਾ ਹੈ ਕਿ ਯਹੋਵਾਹ ਨੂੰ ਉਨ੍ਹਾਂ ਦਾ ਰਵੱਈਆ ਪਸੰਦ ਨਹੀਂ ਸੀ ਕਿਉਂਕਿ ਜਦੋਂ ਯਿਸੂ ਮਸੀਹ ਨੇ ਅਫ਼ਸੁਸ ਦੀ ਕਲੀਸਿਯਾ ਦੇ ਨਿਗਾਹਬਾਨਾਂ ਨੂੰ ਸੁਨੇਹਾ ਭੇਜਿਆ ਸੀ ਉਸ ਨੇ ਉਨ੍ਹਾਂ ਦੇ ਪੱਖ ਵਿਚ ਗੱਲ ਕੀਤੀ ਸੀ ਜਿਨ੍ਹਾਂ ਨੇ ਅਜਿਹੇ ਰਸੂਲਾਂ ਦੇ ਮਗਰ ਲੱਗਣ ਤੋਂ ਇਨਕਾਰ ਕੀਤਾ ਸੀ ਜੋ ‘ਆਪਣੇ ਆਪ ਨੂੰ ਰਸੂਲ ਦੱਸਦੇ ਸਨ ਪਰ ਨਹੀਂ ਸਨ।’—ਪਰਕਾਸ਼ ਦੀ ਪੋਥੀ 2:2.
ਅਪੂਰਣਤਾ ਬਾਵਜੂਦ ਇੱਜ਼ਤ ਕਰੋ
8. ਦਾਊਦ ਨੇ ਯਹੋਵਾਹ ਦੁਆਰਾ ਸ਼ਾਊਲ ਨੂੰ ਦਿੱਤੇ ਗਏ ਇਖ਼ਤਿਆਰ ਦਾ ਆਦਰ ਕਿਸ ਤਰ੍ਹਾਂ ਕੀਤਾ ਸੀ?
8 ਬਾਈਬਲ ਵਿਚ ਅਜਿਹੇ ਲੋਕਾਂ ਦੀਆਂ ਬਹੁਤ ਮਿਸਾਲਾਂ ਹਨ ਜਿਨ੍ਹਾਂ ਨੇ ਇਖ਼ਤਿਆਰ ਰੱਖਣ ਵਾਲਿਆਂ ਦਾ ਆਦਰ ਕੀਤਾ ਸੀ। ਇਨ੍ਹਾਂ ਲੋਕਾਂ ਨੇ ਅਧਿਕਾਰੀਆਂ ਦਾ ਉਦੋਂ ਵੀ ਆਦਰ ਕੀਤਾ ਜਦੋਂ ਉਨ੍ਹਾਂ ਨੇ ਆਪਣੇ ਇਖ਼ਤਿਆਰ ਦਾ ਗ਼ਲਤ ਇਸਤੇਮਾਲ ਕੀਤਾ ਸੀ। ਇਸ ਗੱਲ ਵਿਚ ਦਾਊਦ ਦੀ ਮਿਸਾਲ ਬਹੁਤ ਹੀ ਚੰਗੀ ਹੈ। ਉਹ ਰਾਜਾ ਸ਼ਾਊਲ ਲਈ ਕੰਮ ਕਰਦਾ ਹੁੰਦਾ ਸੀ। ਦਾਊਦ ਦੀਆਂ ਕਾਮਯਾਬੀਆਂ ਦੇਖ ਕੇ ਰਾਜਾ ਜਲਣ ਲੱਗ ਪਿਆ ਅਤੇ ਉਸ ਨੂੰ ਮਾਰਨ ਲਈ ਮੌਕਾ ਲੱਭਦਾ ਸੀ। (1 ਸਮੂਏਲ 18:8-12; 19:9-11; 23:26) ਦਾਊਦ ਸ਼ਾਊਲ ਨੂੰ ਕਈ ਵਾਰ ਮਾਰ ਸਕਦਾ ਸੀ, ਪਰ ਉਸ ਨੇ ਕਿਹਾ ਕਿ “ਯਹੋਵਾਹ ਨਾ ਕਰੇ ਜੋ ਮੈਂ ਯਹੋਵਾਹ ਦੇ ਮਸਹ ਹੋਏ ਉੱਤੇ ਹੱਥ ਚਲਾਵਾਂ।” (1 ਸਮੂਏਲ 24:3-6; 26:7-13) ਦਾਊਦ ਜਾਣਦਾ ਸੀ ਕਿ ਸ਼ਾਊਲ ਗ਼ਲਤ ਸੀ ਪਰ ਉਸ ਨੇ ਬਦਲਾ ਲੈਣਾ ਯਹੋਵਾਹ ਉੱਤੇ ਛੱਡ ਦਿੱਤਾ ਸੀ। (1 ਸਮੂਏਲ 24:12, 15; 26:22-24) ਉਸ ਨੇ ਨਾ ਤਾਂ ਸ਼ਾਊਲ ਬਾਰੇ ਬੁਰੀ ਗੱਲ ਕਹੀ ਅਤੇ ਨਾ ਹੀ ਉਹ ਉਸ ਦੇ ਮੋਹਰੇ ਬੋਲਿਆ ਸੀ।
9. (ੳ) ਦਾਊਦ ਨੇ ਸ਼ਾਊਲ ਦੇ ਬੁਰੇ ਸਲੂਕ ਕਰਕੇ ਕਿਸ ਤਰ੍ਹਾਂ ਮਹਿਸੂਸ ਕੀਤਾ ਸੀ? (ਅ) ਸਾਨੂੰ ਕਿੱਦਾਂ ਪਤਾ ਹੈ ਕਿ ਦਾਊਦ ਸ਼ਾਊਲ ਦੀ ਇੱਜ਼ਤ ਦਿਲੋਂ ਕਰਦਾ ਸੀ?
9 ਸ਼ਾਊਲ ਦੇ ਕਾਰਨ ਦਾਊਦ ਬਹੁਤ ਦੁਖੀ ਹੋਇਆ ਸੀ ਕਿਉਂਕਿ ਉਸ ਨੇ ਯਹੋਵਾਹ ਨੂੰ ਪੁਕਾਰ-ਪੁਕਾਰ ਕੇ ਕਿਹਾ: ‘ਜ਼ਾਲਮ ਮੇਰੀ ਜਾਨ ਦੇ ਗਾਹਕ ਹੋਏ ਹਨ।’ (ਜ਼ਬੂਰ 54:3) ਉਸ ਨੇ ਦਿਲ ਖੋਲ੍ਹ ਕੇ ਯਹੋਵਾਹ ਨੂੰ ਕਿਹਾ ਕਿ “ਹੇ ਮੇਰੇ ਪਰਮੇਸ਼ੁਰ, ਮੇਰੇ ਵੈਰੀਆਂ ਤੋਂ ਮੈਨੂੰ ਛੁਡਾ . . . ਬਲਵੰਤ ਮੇਰੇ ਵਿਰੁੱਧ ਇਕੱਠੇ ਹੋਏ ਹਨ। ਹੇ ਯਹੋਵਾਹ, ਨਾ ਮੇਰਾ ਕੁਝ ਅਪਰਾਧ ਨਾ ਮੇਰਾ ਕੁਝ ਪਾਪ ਹੈ, ਮੇਰੀ ਬਦੀ ਤੋਂ ਬਿਨਾ ਓਹ ਭੱਜ ਕੇ ਆਪਣੇ ਆਪ ਨੂੰ ਤਿਆਰ ਕਰਦੇ ਹਨ, ਮੇਰੀ ਸਹਾਇਤਾ ਲਈ ਜਾਗ ਅਤੇ ਵੇਖ!” (ਜ਼ਬੂਰ 59:1-4) ਕੀ ਤੁਸੀਂ ਕਦੀ ਇਸ ਤਰ੍ਹਾਂ ਮਹਿਸੂਸ ਕੀਤਾ ਹੈ ਕਿ ਤੁਹਾਡੀ ਬੇਗੁਨਾਹੀ ਦੇ ਬਾਵਜੂਦ ਇਖ਼ਤਿਆਰ ਰੱਖਣ ਵਾਲਾ ਵਿਅਕਤੀ ਤੁਹਾਡੇ ਲਈ ਕੋਈ-ਨਾ-ਕੋਈ ਮੁਸ਼ਕਲ ਖੜ੍ਹੀ ਕਰਦਾ ਰਹਿੰਦਾ ਹੈ? ਭਾਵੇਂ ਕਿ ਸ਼ਾਊਲ ਨੇ ਦਾਊਦ ਨਾਲ ਬੁਰਾ ਸਲੂਕ ਕੀਤਾ ਸੀ, ਦਾਊਦ ਨੇ ਯਹੋਵਾਹ ਦੇ ਮਸਹ ਕੀਤੇ ਹੋਏ ਦੀ ਹਮੇਸ਼ਾ ਦਿਲੋਂ ਇੱਜ਼ਤ ਕਰ ਕੇ ਸਾਡੇ ਲਈ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ! ਸ਼ਾਊਲ ਦੀ ਮੌਤ ਤੇ ਖ਼ੁਸ਼ ਹੋਣ ਦੀ ਬਜਾਇ ਦਾਊਦ ਨੇ ਸੋਗ ਦਾ ਗਾਣਾ ਲਿਖਿਆ ਸੀ: “ਸ਼ਾਊਲ ਅਤੇ ਯੋਨਾਥਾਨ ਆਪਣਿਆਂ ਜੀਵਨਾਂ ਵਿੱਚ ਪਿਆਰੇ ਅਰ ਮਨ ਭਾਉਂਦੇ ਸਨ, . . . ਓਹ ਉਕਾਬਾਂ ਨਾਲੋਂ ਵੀ ਕਾਹਲੇ ਸਨ, ਅਤੇ ਬਬਰ ਸ਼ੇਰ ਨਾਲੋਂ ਤਕੜੇ ਸਨ। ਹੇ ਇਸਰਾਏਲ ਦੀਓ ਧੀਓ, ਸ਼ਾਊਲ ਲਈ ਰੋਵੋ।”—2 ਸਮੂਏਲ 1:23, 24.
10. ਪੌਲੁਸ ਨੇ ਪ੍ਰਬੰਧਕ ਸਭਾ ਦਾ ਆਦਰ ਕਰ ਕੇ ਸਾਡੇ ਲਈ ਕਿਹੜੀ ਵਧੀਆ ਮਿਸਾਲ ਛੱਡੀ, ਅਤੇ ਇਸ ਦਾ ਨਤੀਜਾ ਕੀ ਨਿਕਲਿਆ ਸੀ?
10 ਮਸੀਹੀ ਜ਼ਮਾਨੇ ਵਿਚ ਵੀ ਅਜਿਹੇ ਲੋਕਾਂ ਦੀਆਂ ਵਧੀਆ ਮਿਸਾਲਾਂ ਹਨ ਜਿਨ੍ਹਾਂ ਨੇ ਪਰਮੇਸ਼ੁਰ ਵੱਲੋਂ ਇਖ਼ਤਿਆਰ ਮਿਲਣ ਵਾਲਿਆਂ ਦਾ ਆਦਰ ਕੀਤਾ ਸੀ। ਇਕ ਹੈ ਪੌਲੁਸ ਦੀ ਮਿਸਾਲ। ਉਸ ਨੇ ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ਦੀ ਪ੍ਰਬੰਧਕ ਸਭਾ ਦੇ ਫ਼ੈਸਲਿਆਂ ਨੂੰ ਸਵੀਕਾਰ ਕੀਤਾ ਸੀ। ਜਦ ਪੌਲੁਸ ਆਖ਼ਰੀ ਵਾਰ ਯਰੂਸ਼ਲਮ ਨੂੰ ਗਿਆ ਸੀ, ਤਾਂ ਪ੍ਰਬੰਧਕ ਸਭਾ ਨੇ ਉਸ ਨੂੰ ਰੀਤ ਅਨੁਸਾਰ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਕਿਹਾ ਸੀ। ਇਸ ਤਰ੍ਹਾਂ ਕਰਨ ਦੁਆਰਾ ਉਹ ਦੂਸਰਿਆਂ ਨੂੰ ਦਿਖਾ ਸਕਦਾ ਸੀ ਕਿ ਉਹ ਮੂਸਾ ਦੀ ਬਿਵਸਥਾ ਦਾ ਵਿਰੋਧ ਨਹੀਂ ਕਰਦਾ ਸੀ। ਪੌਲੁਸ ਸੋਚ ਸਕਦਾ ਸੀ ਕਿ ‘ਉਨ੍ਹਾਂ ਭਰਾਵਾਂ ਨੇ ਅੱਗੇ ਵੀ ਮੈਨੂੰ ਯਰੂਸ਼ਲਮ ਤੋਂ ਨਿਕਲਣ ਲਈ ਕਿਹਾ ਸੀ ਜਦੋਂ ਮੇਰੀ ਜਾਨ ਨੂੰ ਖ਼ਤਰਾ ਸੀ। ਹੁਣ ਉਹ ਚਾਹੁੰਦੇ ਹਨ ਕਿ ਮੈਂ ਖੁੱਲ੍ਹੇ-ਆਮ ਇਹ ਦਿਖਾਵਾਂ ਕਿ ਮੈਂ ਮੂਸਾ ਦੀ ਬਿਵਸਥਾ ਨੂੰ ਸਵੀਕਾਰ ਕਰਦਾ ਹਾਂ। ਮੈਂ ਤਾਂ ਪਹਿਲਾਂ ਹੀ ਗਲਾਤੀਆਂ ਨੂੰ ਚਿੱਠੀ ਲਿਖ ਚੁੱਕਾਂ ਹਾਂ ਕਿ ਉਨ੍ਹਾਂ ਨੂੰ ਬਿਵਸਥਾ ਅਨੁਸਾਰ ਨਹੀਂ ਚੱਲਣਾ ਚਾਹੀਦਾ। ਹੁਣ ਜੇ ਮੈਂ ਆਪ ਹੈਕਲ ਨੂੰ ਜਾਵਾਂ ਤਾਂ ਦੂਸਰੇ ਸ਼ਾਇਦ ਮੈਨੂੰ ਗ਼ਲਤ ਸਮਝਣ, ਉਹ ਸ਼ਾਇਦ ਸੋਚਣ ਕੀ ਮੈਂ ਸੁੰਨਤੀਆਂ ਨਾਲ ਸਮਝੌਤਾ ਕਰ ਰਿਹਾ ਹਾਂ।’ ਪਰ, ਅਸੀਂ ਜਾਣਦੇ ਹਾਂ ਕਿ ਪੌਲੁਸ ਨੇ ਇਸ ਤਰ੍ਹਾਂ ਨਹੀਂ ਸੋਚਿਆ, ਕਿਉਂਕਿ ਇਸ ਗੱਲ ਵਿਚ ਮਸੀਹੀ ਸਿਧਾਂਤਾਂ ਦੀ ਉਲੰਘਣਾ ਨਹੀਂ ਹੋ ਰਹੀ ਸੀ। ਉਸ ਨੇ ਪ੍ਰਬੰਧਕ ਸਭਾ ਦੀ ਸਲਾਹ ਨੂੰ ਠੀਕ ਸਮਝ ਕੇ ਲਾਗੂ ਕੀਤਾ ਸੀ। ਇਸ ਦਾ ਨਤੀਜਾ ਇਹ ਹੋਇਆ ਕਿ ਪੌਲੁਸ ਨੂੰ ਯਹੂਦੀਆਂ ਦੀ ਭੀੜ ਦੇ ਹਮਲੇ ਤੋਂ ਬਚਾਉਣਾ ਪਿਆ ਅਤੇ ਉਸ ਨੂੰ ਦੋ ਸਾਲ ਕੈਦ ਵਿਚ ਗੁਜ਼ਾਰਨੇ ਪਏ। ਲੇਕਿਨ ਇਸ ਵਿਚ ਵੀ ਪਰਮੇਸ਼ੁਰ ਦੀ ਮਰਜ਼ੀ ਪੂਰੀ ਹੋਈ ਸੀ। ਪੌਲੁਸ ਨੇ ਕੈਸਰਿਯਾ ਵਿਚ ਸਰਕਾਰੀ ਅਫ਼ਸਰਾਂ ਨੂੰ ਪਰਮੇਸ਼ੁਰ ਬਾਰੇ ਦੱਸਿਆ ਸੀ ਅਤੇ ਫਿਰ ਸਰਕਾਰ ਨੇ ਖ਼ੁਦ ਖ਼ਰਚਾ ਭਰ ਕੇ ਪੌਲੁਸ ਨੂੰ ਕੈਸਰ ਨੂੰ ਗਵਾਹੀ ਦੇਣ ਲਈ ਰੋਮ ਭੇਜਿਆ।—ਰਸੂਲਾਂ ਦੇ ਕਰਤੱਬ 9:26-30; 21:20-26; 23:11; 24:27; ਗਲਾਤੀਆਂ 2:12; 4:9, 10.
ਕੀ ਤੁਸੀਂ ਦੂਸਰਿਆਂ ਦਾ ਆਦਰ ਕਰਦੇ ਹੋ?
11. ਅਸੀਂ ਹਕੂਮਤਾਂ ਦਾ ਆਦਰ ਕਿਸ ਤਰ੍ਹਾਂ ਕਰ ਸਕਦੇ ਹਾਂ?
11 ਕੀ ਤੁਸੀਂ ਇਖ਼ਤਿਆਰ ਰੱਖਣ ਵਾਲਿਆਂ ਦਾ ਆਦਰ ਕਰਦੇ ਹੋ? ਮਸੀਹੀਆਂ ਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਉਹ ‘ਸਭਨਾਂ ਦਾ ਹੱਕ ਭਰਣ। ਜਿਹ ਦਾ ਆਦਰ ਕਰਨਾ ਚਾਹੀਦਾ ਹੈ ਉਹ ਦਾ ਆਦਰ ਕਰਨ।’ ਜੀ ਹਾਂ, “ਹਕੂਮਤਾਂ” ਦੇ ਅਧੀਨ ਹੋਣ ਦਾ ਮਤਲਬ ਸਿਰਫ਼ ਆਪਣੇ ਟੈਕਸ ਭਰਨੇ ਹੀ ਨਹੀਂ ਹੈ, ਪਰ ਸਾਨੂੰ ਆਪਣੇ ਬੋਲ-ਚਾਲ ਰਾਹੀਂ ਹਕੂਮਤਾਂ ਦਾ ਆਦਰ ਵੀ ਕਰਨਾ ਚਾਹੀਦਾ ਹੈ। (ਰੋਮੀਆਂ 13:1-7) ਕਠੋਰ ਸਰਕਾਰੀ ਅਫ਼ਸਰਾਂ ਦਾ ਸਾਮ੍ਹਣਾ ਕਰਦੇ ਸਮੇਂ ਸਾਨੂੰ ਕੀ ਕਰਨਾ ਚਾਹੀਦਾ ਹੈ? ਇਸ ਮਿਸਾਲ ਤੇ ਗੌਰ ਕਰੋ। ਮੈਕਸੀਕੋ ਦੇ ਚੀਆਪਸ ਰਾਜ ਵਿਚ, ਸਰਕਾਰ ਨੇ ਯਹੋਵਾਹ ਦੇ ਗਵਾਹਾਂ ਦੇ 57 ਪਰਿਵਾਰਾਂ ਦੇ ਖੇਤਾਂ ਉੱਤੇ ਕਬਜ਼ਾ ਕਰ ਲਿਆ ਸੀ। ਪਰ, ਇਸ ਤਰ੍ਹਾਂ ਕਿਉਂ ਕੀਤਾ ਗਿਆ ਸੀ? ਕਿਉਂਕਿ ਇਨ੍ਹਾਂ ਮਸੀਹੀਆਂ ਨੇ ਕੁਝ ਧਾਰਮਿਕ ਤਿਉਹਾਰਾਂ ਵਿਚ ਹਿੱਸਾ ਨਹੀਂ ਲਿਆ ਸੀ। ਇਸ ਮੁਸ਼ਕਲ ਨੂੰ ਹਲ ਕਰਨ ਲਈ ਅਜਿਹਾ ਪ੍ਰਬੰਧ ਕੀਤਾ ਗਿਆ ਸੀ ਜਿੱਥੇ ਗਵਾਹ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਗੱਲ ਕਰ ਸਕਦੇ ਸਨ। ਇਨ੍ਹਾਂ ਮੀਟਿੰਗਾਂ ਤੇ ਗਵਾਹ ਹਮੇਸ਼ਾ ਸਾਫ਼-ਸੁਥਰੇ ਕੱਪੜੇ ਪਾ ਕੇ ਆਉਂਦੇ ਸਨ ਅਤੇ ਹਮੇਸ਼ਾ ਆਦਰ ਅਤੇ ਅਦਬ ਨਾਲ ਗੱਲ ਕਰਦੇ ਸਨ। ਇਕ ਸਾਲ ਤੋਂ ਜ਼ਿਆਦਾ ਸਮਾਂ ਬਾਅਦ ਫ਼ੈਸਲਾ ਗਵਾਹਾਂ ਦੇ ਪੱਖ ਵਿਚ ਕੀਤਾ ਗਿਆ ਸੀ। ਉਨ੍ਹਾਂ ਦੇ ਰਵੱਈਏ ਕਾਰਨ ਕੁਝ ਲੋਕ ਇੰਨੇ ਪ੍ਰਭਾਵਿਤ ਹੋਏ ਕਿ ਉਹ ਵੀ ਯਹੋਵਾਹ ਦੇ ਗਵਾਹ ਬਣਨਾ ਚਾਹੁੰਦੇ ਸਨ।
12. ਇਕ ਪਤਨੀ ਲਈ ਆਪਣੇ ਅਵਿਸ਼ਵਾਸੀ ਪਤੀ ਦਾ ਆਦਰ ਕਰਨਾ ਕਿਉਂ ਜ਼ਰੂਰੀ ਹੈ?
12 ਪਰਿਵਾਰ ਵਿਚ ਤੁਸੀਂ ਉਨ੍ਹਾਂ ਦਾ ਆਦਰ ਕਿਸ ਤਰ੍ਹਾਂ ਕਰ ਸਕਦੇ ਹੋ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਖ਼ਤਿਆਰ ਸੌਂਪਿਆ ਹੈ? ਇਹ ਦੱਸਣ ਤੋਂ ਬਾਅਦ ਕਿ ਯਿਸੂ ਨੇ ਬਹੁਤ ਦੁੱਖ ਝੱਲੇ ਸਨ, ਪਤਰਸ ਰਸੂਲ ਨੇ ਅੱਗੇ ਕਿਹਾ ਕਿ “ਇਸੇ ਪਰਕਾਰ ਹੇ ਪਤਨੀਓ, ਆਪਣਿਆਂ ਪਤੀਆਂ ਦੇ ਅਧੀਨ ਹੋਵੋ ਭਈ ਜੇ ਕੋਈ ਬਚਨ ਨਾ ਵੀ ਮੰਨਦੇ ਹੋਣ ਤਾਂ ਓਹ ਬਚਨ ਤੋਂ ਬਿਨਾ ਆਪਣੀਆਂ ਪਤਨੀਆਂ ਦੀ ਚਾਲ ਢਾਲ ਦੇ ਕਾਰਨ ਖਿੱਚੇ ਜਾਣ। ਜਿਸ ਵੇਲੇ ਓਹ ਤੁਹਾਡੀ ਪਵਿੱਤਰ ਚਾਲ ਢਾਲ ਨੂੰ ਜੋ ਅਦਬ ਦੇ ਨਾਲ ਹੋਵੇ ਵੇਖ ਲੈਣ।” (1 ਪਤਰਸ 3:1, 2; ਅਫ਼ਸੀਆਂ 5:22-24) ਪਤਰਸ ਨੇ ਇੱਥੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਪਤਨੀ ਨੂੰ “ਅਦਬ ਦੇ ਨਾਲ” ਆਪਣੇ ਪਤੀ ਦੇ ਅਧੀਨ ਰਹਿਣਾ ਚਾਹੀਦਾ ਹੈ। ਇਹ ਗੱਲ ਉਦੋਂ ਵੀ ਜ਼ਰੂਰੀ ਹੈ ਜਦੋਂ ਪਤੀ ਇਸ ਦੇ ਲਾਇਕ ਨਾ ਹੋਵੇ। ਪਤਨੀ ਦਾ ਸ਼ਰਧਾ ਭਰਿਆ ਰਵੱਈਆ ਉਸ ਦੇ ਅਵਿਸ਼ਵਾਸੀ ਪਤੀ ਦਾ ਦਿਲ ਜਿੱਤ ਸਕਦਾ ਹੈ।
13. ਪਤਨੀ ਆਪਣੇ ਪਤੀ ਦਾ ਆਦਰ ਕਿਸ ਤਰ੍ਹਾਂ ਕਰ ਸਕਦੀ ਹੈ?
13 ਇਸ ਅਧਿਆਇ ਵਿਚ ਪਤਰਸ ਸਾਰਾਹ ਦੀ ਮਿਸਾਲ ਵੱਲ ਸਾਡਾ ਧਿਆਨ ਖਿੱਚਦਾ ਹੈ, ਜਿਸ ਦੇ ਪਤੀ ਅਬਰਾਹਾਮ ਨੇ ਨਿਹਚਾ ਦੀ ਵਧੀਆ ਮਿਸਾਲ ਕਾਇਮ ਕੀਤੀ ਸੀ। (ਰੋਮੀਆਂ 4:16, 17; ਗਲਾਤੀਆਂ 3:6-9; 1 ਪਤਰਸ 3:6) ਉਨ੍ਹਾਂ ਪਤਨੀਆਂ ਬਾਰੇ ਕੀ ਜਿਨ੍ਹਾਂ ਦੇ ਪਤੀ ਸੱਚਾਈ ਵਿਚ ਹਨ? ਕੀ ਉਨ੍ਹਾਂ ਨੂੰ ਆਪਣੇ ਪਤੀਆਂ ਦਾ ਘੱਟ ਆਦਰ ਕਰਨਾ ਚਾਹੀਦਾ ਹੈ? ਉਦੋਂ ਕੀ ਜਦੋਂ ਤੁਸੀਂ ਕਿਸੇ ਗੱਲ ਵਿਚ ਆਪਣੇ ਪਤੀ ਨਾਲ ਸਹਿਮਤ ਨਹੀਂ ਹੋ? ਯਿਸੂ ਨੇ ਇਹ ਸਲਾਹ ਦਿੱਤੀ ਸੀ ਜੋ ਕਿਸੇ ਵੀ ਮਾਮਲੇ ਵਿਚ ਲਾਗੂ ਕੀਤੀ ਜਾ ਸਕਦੀ ਹੈ: ‘ਜੋ ਕੋਈ ਤੈਨੂੰ ਇੱਕ ਮੀਲ ਵਿਗਾਰੇ ਲੈ ਜਾਵੇ ਤਾਂ ਉਹ ਦੇ ਨਾਲ ਦੋ ਮੀਲ ਚੱਲਿਆ ਜਾਹ।’ (ਮੱਤੀ 5:41) ਕੀ ਤੁਸੀਂ ਆਪਣੇ ਪਤੀ ਦੀਆਂ ਇੱਛਾਵਾਂ ਅਨੁਸਾਰ ਚੱਲਣ ਰਾਹੀਂ ਉਸ ਦਾ ਆਦਰ ਕਰਦੇ ਹੋ? ਜੇਕਰ ਉਸ ਦੀ ਮਰਜ਼ੀ ਪੂਰੀ ਕਰਨੀ ਔਖੀ ਲੱਗੇ ਤਾਂ ਉਸ ਨਾਲ ਗੱਲ ਕੋਰ ਅਤੇ ਉਸ ਨੂੰ ਦੱਸੋ ਕਿ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ। ਇਹ ਨਾ ਸੋਚੋ ਕਿ ਉਸ ਨੂੰ ਤੁਹਾਡੇ ਦਿਲ ਦੀ ਗੱਲ ਪਤਾ ਹੈ। ਪਰ, ਜਦੋਂ ਤੁਸੀਂ ਆਪਣਾ ਦਿਲ ਖੋਲ੍ਹ ਕੇ ਗੱਲ ਕਰਦੇ ਹੋ ਤਾਂ ਸ਼ਰਧਾ ਭਰਿਆ ਤਰੀਕਾ ਵਰਤੋ। ਬਾਈਬਲ ਇਹ ਸਲਾਹ ਦਿੰਦੀ ਹੈ ਕਿ “ਤੁਹਾਡੀ ਗੱਲ ਬਾਤ ਸਦਾ ਕਿਰਪਾਮਈ ਅਤੇ ਸਲੂਣੀ ਹੋਵੇ ਤਾਂ ਜੋ ਤੁਸੀਂ ਜਾਣੋ ਭਈ ਹਰੇਕ ਨੂੰ ਕਿਵੇਂ ਉੱਤਰ ਦੇਣਾ ਚਾਹੀਦਾ ਹੈ।”—ਕੁਲੁੱਸੀਆਂ 4:6.
14. ਮਾਪਿਆਂ ਦਾ ਆਦਰ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ?
14 ਬੱਚਿਆਂ ਨੂੰ ਆਦਰ ਕਰਨ ਬਾਰੇ ਕਿਹੜੀ ਸਲਾਹ ਦਿੱਤੀ ਹੈ? ਪਰਮੇਸ਼ੁਰ ਦਾ ਬਚਨ ਉਨ੍ਹਾਂ ਨੂੰ ਹੁਕਮ ਦਿੰਦਾ ਹੈ ਕਿ ‘ਹੇ ਬਾਲਕੋ, ਤੁਸੀਂ ਪ੍ਰਭੁ ਵਿੱਚ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ ਕਿਉਂ ਜੋ ਇਹ ਧਰਮ ਦੀ ਗੱਲ ਹੈ। ਤੂੰ ਆਪਣੇ ਮਾਂ ਪਿਉ ਦਾ ਆਦਰ ਕਰ। ਇਹ ਵਾਇਦੇ ਨਾਲ ਪਹਿਲਾ ਹੁਕਮ ਹੈ।’ (ਅਫ਼ਸੀਆਂ 6:1-3) ਧਿਆਨ ਦਿਓ ਕਿ ਆਪਣੇ ਮਾਪਿਆਂ ਦੇ ਆਗਿਆਕਾਰ ਹੋਣਾ ਅਤੇ ‘ਮਾਂ ਪਿਉ ਦਾ ਆਦਰ ਕਰਨਾ’ ਇੱਕੋ ਗੱਲ ਸਮਝੀ ਜਾਂਦੀ ਹੈ। “ਆਦਰ” ਲਈ ਵਰਤੇ ਗਏ ਯੂਨਾਨੀ ਸ਼ਬਦ ਦਾ ਮਤਲਬ “ਇੱਜ਼ਤ ਕਰਨੀ” ਜਾਂ “ਕੀਮਤੀ ਸਮਝਣਾ” ਹੈ। ਇਸ ਲਈ, ਆਗਿਆਕਾਰ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੇ ਮਾਪਿਆਂ ਦੇ ਅਸੂਲਾਂ ਉੱਤੇ ਮਜਬੂਰੀ ਨਾਲ ਚੱਲੋ, ਭਾਵੇਂ ਉਹ ਤੁਹਾਨੂੰ ਠੀਕ ਲੱਗਣ ਜਾਂ ਨਹੀਂ। ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਆਪਣੇ ਮਾਪਿਆਂ ਦੀ ਇੱਜ਼ਤ ਕਰ ਕੇ ਉਨ੍ਹਾਂ ਦੀ ਅਗਵਾਈ ਨੂੰ ਕੀਮਤੀ ਵੀ ਸਮਝੋ।—ਕਹਾਉਤਾਂ 15:5.
15. ਬੱਚੇ ਆਪਣੇ ਮਾਪਿਆਂ ਦੀ ਇੱਜ਼ਤ ਕਿਸ ਤਰ੍ਹਾਂ ਕਰੀ ਜਾ ਸਕਦੇ ਹਨ ਭਾਵੇਂ ਕਿ ਉਨ੍ਹਾਂ ਨੂੰ ਲੱਗਦਾ ਹੋਵੇ ਕਿ ਮਾਪਿਆਂ ਨੇ ਗ਼ਲਤੀ ਕੀਤੀ ਹੈ?
15 ਜੇਕਰ ਤੁਹਾਡੇ ਮਾਪੇ ਅਜਿਹਾ ਕੁਝ ਕਰਨ ਜਿਸ ਕਾਰਨ ਉਨ੍ਹਾਂ ਲਈ ਤੁਹਾਡੀ ਇੱਜ਼ਤ ਘੱਟ ਜਾਵੇ, ਤਾਂ ਫਿਰ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਮਾਮਲੇ ਨੂੰ ਉਨ੍ਹਾਂ ਦੇ ਨਜ਼ਰੀਏ ਤੋਂ ਦੇਖਣ ਦੀ ਕੋਸ਼ਿਸ਼ ਕਰੋ। ਕੀ ਤੁਸੀਂ ਉਨ੍ਹਾਂ ਤੋਂ ਨਹੀਂ ‘ਜੰਮੇ’ ਅਤੇ ਉਨ੍ਹਾਂ ਨੇ ਤੁਹਾਡੀ ਦੇਖ-ਭਾਲ ਨਹੀਂ ਕੀਤੀ? (ਕਹਾਉਤਾਂ 23:22) ਜੋ ਉਹ ਤੁਹਾਨੂੰ ਕਹਿੰਦੇ ਹਨ ਕੀ ਉਹ ਇਸ ਲਈ ਨਹੀਂ ਕਹਿੰਦੇ ਕਿਉਂਕਿ ਉਹ ਤੁਹਾਡੇ ਨਾਲ ਪਿਆਰ ਕਰਦੇ ਹਨ ਅਤੇ ਤੁਹਾਡਾ ਭਲਾ ਚਾਹੁੰਦੇ ਹਨ? (ਇਬਰਾਨੀਆਂ 12:7-11) ਆਪਣੇ ਮਾਪਿਆਂ ਨਾਲ ਦਿਲ ਖੋਲ੍ਹ ਕੇ ਸ਼ਾਂਤੀ ਅਤੇ ਅਦਬ ਨਾਲ ਗੱਲ ਕਰੋ। ਭਾਵੇਂ ਉਨ੍ਹਾਂ ਦਾ ਜਵਾਬ ਤੁਹਾਨੂੰ ਪਸੰਦ ਨਾ ਆਵੇ, ਉਨ੍ਹਾਂ ਦੇ ਮੋਹਰੇ ਬੋਲਣ ਦੀ ਗੁਸਤਾਖ਼ੀ ਨਾ ਕਰੋ। (ਕਹਾਉਤਾਂ 24:29) ਯਾਦ ਰੱਖੋ ਕਿ ਦਾਊਦ ਨੇ ਸ਼ਾਊਲ ਦਾ ਆਦਰ ਕਰਨਾ ਛੱਡਿਆ ਨਹੀਂ ਸੀ ਭਾਵੇਂ ਕਿ ਰਾਜਾ ਪਰਮੇਸ਼ੁਰ ਦੇ ਰਾਹ ਤੋਂ ਭਟਕ ਗਿਆ ਸੀ। ਆਪਣੇ ਦਿਲ ਉੱਤੇ ਕਾਬੂ ਪਾਉਣ ਲਈ ਯਹੋਵਾਹ ਤੋਂ ਮਦਦ ਮੰਗੋ। ਦਾਊਦ ਨੇ ਕਿਹਾ: “ਆਪਣਾ ਮਨ ਉਹ ਦੇ ਅੱਗੇ ਖੋਲ੍ਹ ਦਿਓ, ਪਰਮੇਸ਼ੁਰ ਸਾਡੀ ਪਨਾਹ ਹੈ।”—ਜ਼ਬੂਰ 62:8; ਵਿਰਲਾਪ 3:25-27.
ਅਗਵਾਈ ਕਰਨ ਵਾਲਿਆਂ ਦਾ ਆਦਰ ਕਰੋ
16. ਅਸੀਂ ਝੂਠੇ ਆਗੂਆਂ ਅਤੇ ਦੂਤਾਂ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?
16 ਕਲੀਸਿਯਾ ਦੇ ਬਜ਼ੁਰਗ ਪਵਿੱਤਰ ਆਤਮਾ ਦੁਆਰਾ ਨਿਯੁਕਤ ਕੀਤੇ ਗਏ ਹਨ, ਲੇਕਿਨ ਫਿਰ ਵੀ ਉਹ ਅਪੂਰਣ ਹਨ। (ਜ਼ਬੂਰ 130:3; ਉਪਦੇਸ਼ਕ 7:20; ਰਸੂਲਾਂ ਦੇ ਕਰਤੱਬ 20:28; ਯਾਕੂਬ 3:2) ਉਨ੍ਹਾਂ ਦੀਆਂ ਗ਼ਲਤੀਆਂ ਦੇ ਕਾਰਨ ਕਲੀਸਿਯਾ ਦੇ ਕੁਝ ਮੈਂਬਰ ਬਜ਼ੁਰਗਾਂ ਨਾਲ ਨਾਰਾਜ਼ ਹੋ ਸਕਦੇ ਹਨ। ਸਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਕਲੀਸਿਯਾ ਵਿਚ ਕੋਈ ਗੱਲ ਸਹੀ ਤਰੀਕੇ ਵਿਚ ਨਾ ਕੀਤੀ ਗਈ ਹੋਵੇ, ਜਾਂ ਸਾਨੂੰ ਹੀ ਲੱਗੇ ਕਿ ਉਹ ਸਹੀ ਤਰੀਕੇ ਵਿਚ ਨਹੀਂ ਕੀਤੀ ਗਈ ਸੀ? ਪਹਿਲੀ ਸਦੀ ਦੇ ਝੂਠੇ ਆਗੂਆਂ ਅਤੇ ਸਵਰਗੀ ਦੂਤਾਂ ਦੀ ਮਿਸਾਲ ਵੱਲ ਧਿਆਨ ਦਿਓ: ‘ਝੂਠੇ ਆਗੂ ਢੀਠ ਅਤੇ ਮਨ ਮਤੀਏ ਸਨ ਅਤੇ ਪਰਤਾਪ ਵਾਲਿਆਂ ਦੀ ਨਿੰਦਿਆ ਕਰਨੋਂ ਨਹੀਂ ਡਰਦੇ ਸਨ। ਪਰ ਦੂਤ ਜਿਹੜੇ ਬਲ ਅਤੇ ਸਮਰੱਥਾ ਵਿੱਚ ਉਨ੍ਹਾਂ ਨਾਲੋਂ ਵੱਡੇ ਸਨ ਮਿਹਣਾ ਮਾਰ ਕੇ ਪ੍ਰਭੁ ਦੇ ਅੱਗੇ ਉਨ੍ਹਾਂ ਉੱਤੇ ਦੋਸ਼ ਨਹੀਂ ਲਾਉਂਦੇ ਸਨ।’ (2 ਪਤਰਸ 2:10-13) ਝੂਠੇ ਆਗੂਆਂ ਨੇ “ਪਰਤਾਪ ਵਾਲਿਆਂ” ਦੀ ਨਿੰਦਿਆ ਕੀਤੀ, ਯਾਨੀ ਕਿ ਉਨ੍ਹਾਂ ਬਜ਼ੁਰਗਾਂ ਦੀ ਜਿਨ੍ਹਾਂ ਨੂੰ ਮਸੀਹੀ ਕਲੀਸਿਯਾ ਵਿਚ ਇਖ਼ਤਿਆਰ ਦਿੱਤਾ ਗਿਆ ਸੀ। ਪਰ ਦੂਤਾਂ ਨੇ ਉਨ੍ਹਾਂ ਝੂਠੇ ਆਗੂਆਂ ਬਾਰੇ, ਜੋ ਭਰਾਵਾਂ ਵਿਚ ਫੁੱਟ ਪਾ ਰਹੇ ਸਨ, ਕੋਈ ਬੁਰੀ ਗੱਲ ਨਹੀਂ ਕਹੀ। ਉੱਚੀ ਜਗ੍ਹਾ ਤੇ ਹੋਣ ਕਾਰਨ ਅਤੇ ਇਨਸਾਨਾਂ ਨਾਲੋਂ ਇਨਸਾਫ਼ ਬਾਰੇ ਜ਼ਿਆਦਾ ਸਮਝਦੇ ਹੋਏ, ਉਹ ਦੂਤ ਜਾਣਦੇ ਸਨ ਕਿ ਕਲੀਸਿਯਾ ਵਿਚ ਕੀ ਹੋ ਰਿਹਾ ਸੀ। ਲੇਕਿਨ, ਉਹ ਯਹੋਵਾਹ ਦਾ ਆਦਰ ਕਰਦੇ ਸਨ ਇਸ ਲਈ ਉਨ੍ਹਾਂ ਨੇ ਗੱਲ ਯਹੋਵਾਹ ਦੇ ਹੱਥਾਂ ਵਿਚ ਛੱਡ ਦਿੱਤੀ ਸੀ।—ਇਬਰਾਨੀਆਂ 2:6, 7; ਯਹੂਦਾਹ 9.
17. ਜਦੋਂ ਤੁਹਾਨੂੰ ਲੱਗੇ ਕਿ ਬਜ਼ੁਰਗ ਕਿਸੇ ਮਾਮਲੇ ਬਾਰੇ ਗ਼ਲਤ ਹਨ ਤਾਂ ਤੁਹਾਡੀ ਨਿਹਚਾ ਤੁਹਾਡੀ ਕਿਸ ਤਰ੍ਹਾਂ ਮਦਦ ਕਰ ਸਕਦੀ ਹੈ?
17 ਭਾਵੇਂ ਕਿ ਮਾਮਲੇ ਬਿਲਕੁਲ ਸਹੀ ਤਰੀਕੇ ਵਿਚ ਨਾ ਨਿਪਟਾਏ ਜਾਣ, ਕੀ ਸਾਨੂੰ ਮਸੀਹੀ ਕਲੀਸਿਯਾ ਦੇ ਸਿਰ ਯਿਸੂ ਮਸੀਹ ਉੱਤੇ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ? ਕੀ ਉਸ ਨੂੰ ਨਹੀਂ ਪਤਾ ਕਿ ਉਸ ਦੀ ਸੰਸਾਰ ਭਰ ਦੀ ਕਲੀਸਿਯਾ ਵਿਚ ਕੀ ਹੋ ਰਿਹਾ ਹੈ? ਕੀ ਸਾਨੂੰ ਉਸ ਦੀ ਯੋਗਤਾ ਪਛਾਣਨੀ ਨਹੀਂ ਚਾਹੀਦੀ ਕਿ ਉਹ ਮਾਮਲਿਆਂ ਨੂੰ ਸੁਧਾਰ ਸਕਦਾ ਹੈ? ਅਤੇ ‘ਆਪਣੇ ਗੁਆਂਢੀ ਉੱਤੇ ਦੋਸ਼ ਲਾਉਣ ਵਾਲੇ ਅਸੀਂ ਕੋਣ ਹੁੰਦੇ ਹਾਂ?’ (ਯਾਕੂਬ 4:12; 1 ਕੁਰਿੰਥੀਆਂ 11:3; ਕੁਲੁੱਸੀਆਂ 1:18) ਤੁਸੀਂ ਪ੍ਰਾਰਥਨਾ ਵਿਚ ਆਪਣੀਆਂ ਚਿੰਤਾਵਾਂ ਬਾਰੇ ਯਹੋਵਾਹ ਨੂੰ ਦੱਸ ਸਕਦੇ ਹੋ।
18, 19. ਤੁਸੀਂ ਕੀ ਕਰ ਸਕਦੇ ਹੋ ਜੇ ਤੁਹਾਨੂੰ ਲੱਗੇ ਕਿ ਕਿਸੇ ਬਜ਼ੁਰਗ ਨੇ ਗ਼ਲਤੀ ਕੀਤੀ ਹੈ?
18 ਮਨੁੱਖੀ ਅਪੂਰਣਤਾਵਾਂ ਦੇ ਕਾਰਨ ਮੁਸ਼ਕਲਾਂ ਜ਼ਰੂਰ ਪੈਦਾ ਹੋਣਗੀਆਂ। ਅਜਿਹੇ ਸਮੇਂ ਵੀ ਹੋਣਗੇ ਜਦੋਂ ਬਜ਼ੁਰਗ ਗ਼ਲਤੀਆਂ ਕਰਨਗੇ ਜਿਨ੍ਹਾਂ ਕਰਕੇ ਕਈ ਪਰੇਸ਼ਾਨ ਹੋਣਗੇ। ਪਰ ਅਜਿਹੇ ਹਾਲਾਤਾਂ ਵਿਚ ਨਾਰਾਜ਼ ਹੋ ਕੇ ਜਲਦਬਾਜ਼ੀ ਵਿਚ ਕੁਝ ਕਰਨ ਨਾਲ ਮਾਮਲਾ ਸੁਧਾਰਿਆ ਨਹੀਂ ਜਾਂਦਾ। ਇਸ ਦੀ ਬਜਾਇ ਮਾਮਲਾ ਹੋਰ ਵੀ ਵਿਗੜ ਸਕਦਾ ਹੈ। ਜਿਨ੍ਹਾਂ ਨੂੰ ਰੂਹਾਨੀ ਗੱਲਾਂ ਦੀ ਸਮਝ ਹੈ ਉਹ ਸਭ ਕੁਝ ਠੀਕ ਕਰਨ ਲਈ ਯਹੋਵਾਹ ਉੱਤੇ ਉਡੀਕ ਕਰਦੇ ਹਨ ਅਤੇ ਉਹ ਜਾਣਦੇ ਹਨ ਕਿ ਯਹੋਵਾਹ ਆਪਣੇ ਸਮੇਂ ਅਤੇ ਤਰੀਕੇ ਵਿਚ ਲੋੜੀਂਦੀ ਤਾੜਨਾ ਦੇਵੇਗਾ।—2 ਤਿਮੋਥਿਉਸ 3:16; ਇਬਰਾਨੀਆਂ 12:7-11.
19 ਪਰ ਉਦੋਂ ਕੀ ਜਦੋਂ ਤੁਸੀਂ ਕਿਸੇ ਮਾਮਲੇ ਕਾਰਨ ਦੁਖੀ ਹੋ? ਕਲੀਸਿਯਾ ਵਿਚ ਦੂਸਰਿਆਂ ਨਾਲ ਇਸ ਬਾਰੇ ਗੱਲ ਕਰਨ ਦੀ ਬਜਾਇ ਕਿਉਂ ਨਾ ਬਜ਼ੁਰਗਾਂ ਤੋਂ ਅਦਬ ਨਾਲ ਮਦਦ ਮੰਗੋ? ਨੁਕਤਾਚੀਨੀ ਕਰਨ ਤੋਂ ਬਗੈਰ ਉਨ੍ਹਾਂ ਨੂੰ ਸਮਝਾਓ ਕਿ ਤੁਹਾਡੇ ਉੱਤੇ ਕੀ ਅਸਰ ਪਿਆ ਹੈ। ਉਨ੍ਹਾਂ ਲਈ ਹਮੇਸ਼ਾ ਹਮਦਰਦੀ ਦਿਖਾਓ ਅਤੇ ਗੱਲ ਕਰਦੇ ਸਮੇਂ ਉਨ੍ਹਾਂ ਦਾ ਆਦਰ ਕਰੋ। (1 ਪਤਰਸ 3:8) ਚੁਭਵੀਂਆਂ ਗੱਲਾਂ ਨਾ ਕਰੋ ਬਲਕਿ ਉਨ੍ਹਾਂ ਦੇ ਮਸੀਹੀ ਤਜਰਬੇ ਵਿਚ ਭਰੋਸਾ ਰੱਖੋ। ਤੁਹਾਡਾ ਹੌਸਲਾ ਵਧਾਉਣ ਲਈ ਬਾਈਬਲ ਤੋਂ ਜੋ ਵੀ ਸਲਾਹ ਉਹ ਤੁਹਾਨੂੰ ਦਿੰਦੇ ਹਨ ਉਸ ਨੂੰ ਖ਼ੁਸ਼ੀ ਨਾਲ ਕਬੂਲ ਕਰੋ। ਅਤੇ ਜੇ ਇਸ ਤਰ੍ਹਾਂ ਲੱਗਦਾ ਹੈ ਕਿ ਗੱਲ ਨੂੰ ਸੁਧਾਰਨ ਲਈ ਹੋਰ ਵੀ ਕੁਝ ਕਰਨ ਦੀ ਲੋੜ ਹੈ ਤਾਂ ਭਰੋਸਾ ਰੱਖੋ ਕਿ ਯਹੋਵਾਹ ਬਜ਼ੁਰਗਾਂ ਨੂੰ ਇਹ ਸਹੀ ਅਤੇ ਸਭ ਤੋਂ ਚੰਗੇ ਤਰੀਕੇ ਵਿਚ ਕਰਨ ਦਾ ਰਾਹ ਦਿਖਾਵੇਗਾ।—ਗਲਾਤੀਆਂ 6:10; 2 ਥੱਸਲੁਨੀਕੀਆਂ 3:13.
20. ਅਗਲੇ ਲੇਖ ਵਿਚ ਅਸੀਂ ਕਿਹੜੀ ਗੱਲ ਉੱਤੇ ਧਿਆਨ ਦੇਵਾਂਗੇ?
20 ਲੇਕਿਨ, ਇਖ਼ਤਿਆਰ ਰੱਖਣ ਵਾਲਿਆਂ ਦਾ ਆਦਰ ਕਰਨ ਦੇ ਸੰਬੰਧ ਵਿਚ ਇਕ ਹੋਰ ਵੀ ਪਹਿਲੂ ਹੈ। ਕੀ ਇਖ਼ਤਿਆਰ ਰੱਖਣ ਵਾਲਿਆਂ ਨੂੰ ਉਨ੍ਹਾਂ ਦੀ ਇੱਜ਼ਤ ਨਹੀਂ ਕਰਨੀ ਚਾਹੀਦੀ ਜਿਨ੍ਹਾਂ ਦੀ ਉਹ ਦੇਖ-ਭਾਲ ਕਰਦੇ ਹਨ? ਆਓ ਆਪਾਂ ਅਗਲੇ ਲੇਖ ਵਿਚ ਇਸ ਦੀ ਜਾਂਚ ਕਰੀਏ।
ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?
• ਇਖ਼ਤਿਆਰ ਰੱਖਣ ਵਾਲਿਆਂ ਦਾ ਆਦਰ ਕਰਨ ਦਾ ਸਾਡੇ ਕੋਲ ਕਿਹੜਾ ਚੰਗਾ ਕਾਰਨ ਹੈ?
• ਯਹੋਵਾਹ ਅਤੇ ਯਿਸੂ ਉਨ੍ਹਾਂ ਬਾਰੇ ਕੀ ਸੋਚਦੇ ਹਨ ਜੋ ਉਨ੍ਹਾਂ ਦੀ ਇੱਜ਼ਤ ਨਹੀਂ ਕਰਦੇ ਜਿਨ੍ਹਾਂ ਨੂੰ ਪਰਮੇਸ਼ੁਰ ਵੱਲੋਂ ਇਖ਼ਤਿਆਰ ਮਿਲਿਆ ਹੈ?
• ਅਧਿਕਾਰੀਆਂ ਦਾ ਆਦਰ ਕਰਨ ਵਾਲਿਆਂ ਦੀਆਂ ਸਾਡੇ ਕੋਲ ਕਿਹੜੀਆਂ ਵਧੀਆ ਮਿਸਾਲਾਂ ਹਨ?
• ਅਸੀਂ ਉਦੋਂ ਕੀ ਕਰ ਸਕਦੇ ਹਾਂ ਜਦੋਂ ਸਾਨੂੰ ਲੱਗੇ ਕਿ ਇਖ਼ਤਿਆਰ ਰੱਖਣ ਵਾਲੇ ਨੇ ਗ਼ਲਤੀ ਕੀਤੀ ਹੈ?
[ਸਫ਼ੇ 12 ਉੱਤੇ ਤਸਵੀਰ]
ਸਾਰਾਹ ਨੇ ਅਬਰਾਹਾਮ ਦੇ ਇਖ਼ਤਿਆਰ ਦੀ ਦਿਲੋਂ ਕਦਰ ਕੀਤੀ ਸੀ ਅਤੇ ਉਹ ਖ਼ੁਸ਼ ਸੀ
[ਸਫ਼ੇ 13 ਉੱਤੇ ਤਸਵੀਰ]
ਮੀਕਲ ਨੇ ਆਪਣੇ ਸਿਰ ਅਤੇ ਰਾਜੇ ਵਜੋਂ ਦਾਊਦ ਦੀ ਇੱਜ਼ਤ ਨਹੀਂ ਕੀਤੀ ਸੀ
[ਸਫ਼ੇ 15 ਉੱਤੇ ਤਸਵੀਰ]
‘ਯਹੋਵਾਹ ਨਾ ਕਰੇ ਭਈ ਮੈਂ ਉਸ ਦੇ ਮਸਹ ਹੋਏ ਉੱਤੇ ਹੱਥ ਚਲਾਵਾਂ’
[ਸਫ਼ੇ 16 ਉੱਤੇ ਤਸਵੀਰ]
ਤੁਸੀਂ ਪ੍ਰਾਰਥਨਾ ਵਿਚ ਆਪਣੀਆਂ ਚਿੰਤਾਵਾਂ ਬਾਰੇ ਯਹੋਵਾਹ ਨੂੰ ਦੱਸ ਸਕਦੇ ਹੋ