ਕੀ ਤੁਸੀਂ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰ ਰਹੇ ਹੋ?
“ਜੋ ਕੁਝ ਤੁਸੀਂ ਕਰੋ ਸੋ ਚਿੱਤ ਲਾ ਕੇ ਪ੍ਰਭੁ ਦੇ ਲਈ ਕਰੋ, ਨਾ ਮਨੁੱਖਾਂ ਦੇ ਲਈ।”—ਕੁਲੁੱਸੀਆਂ 3:23.
1. ਆਮ ਭਾਸ਼ਾ ਵਿਚ “ਸਮਰਪਣ” ਦਾ ਕੀ ਮਤਲਬ ਹੈ?
ਇਕ ਵਿਅਕਤੀ ਚੋਟੀ ਦਾ ਖਿਡਾਰੀ ਕਿਵੇਂ ਬਣ ਸਕਦਾ ਹੈ? ਟੈਨਿਸ, ਫੁਟਬਾਲ, ਬਾਸਕਟਬਾਲ, ਦੌੜ, ਗੌਲਫ ਜਾਂ ਦੂਸਰੀ ਕਿਸੇ ਵੀ ਖੇਡ ਵਿਚ ਬਿਹਤਰੀਨ ਖਿਡਾਰੀ ਆਪਣੇ ਅਡੋਲ ਸਮਰਪਣ ਕਰਕੇ ਹੀ ਨੰਬਰ ਇਕ ਖਿਡਾਰੀ ਬਣਦੇ ਹਨ। ਇਸ ਦੇ ਲਈ ਸਰੀਰ ਤੇ ਮਨ ਦੋਵਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਇਸ ਤੋਂ ਸਾਨੂੰ “ਸਮਰਪਣ” ਸ਼ਬਦ ਦੀ ਇਕ ਪਰਿਭਾਸ਼ਾ ਪਤਾ ਲੱਗਦੀ ਹੈ ਕਿ “ਪੂਰੇ ਤਨ-ਮਨ ਨਾਲ ਕਿਸੇ ਖ਼ਾਸ ਕੰਮ ਨੂੰ ਕਰਨਾ ਜਾਂ ਕਿਸੇ ਖ਼ਾਸ ਸਿਧਾਂਤ ਉੱਤੇ ਚੱਲਣਾ।”
2. ਬਾਈਬਲ ਵਿਚ “ਸਮਰਪਣ” ਦਾ ਕੀ ਮਤਲਬ ਹੈ? ਮਿਸਾਲ ਦੇ ਕੇ ਸਮਝਾਓ।
2 ਪਰ ਬਾਈਬਲ ਵਿਚ “ਸਮਰਪਣ” ਨੂੰ ਕਿਸ ਅਰਥ ਵਿਚ ਵਰਤਿਆ ਗਿਆ ਹੈ? “ਸਮਰਪਣ ਕਰਨਾ” ਅਨੁਵਾਦ ਕੀਤੀ ਗਈ ਇਬਰਾਨੀ ਕਿਰਿਆ ਦਾ ਮਤਲਬ ਹੈ “ਵੱਖਰਾ ਰੱਖਣਾ; ਅੱਡ ਹੋਣਾ; ਲਾਂਭੇ ਹੋਣਾ।”a ਪੁਰਾਣੇ ਇਸਰਾਏਲ ਵਿਚ ਪ੍ਰਧਾਨ ਜਾਜਕ ਹਾਰੂਨ ਆਪਣੀ ਪੱਗ ਉੱਤੇ ਕੁੰਦਨ ਸੋਨੇ ਦਾ ਇਕ ਲਿਸ਼ਕਦਾ ਪੱਤ੍ਰਾ ਲਾਉਂਦਾ ਸੀ ਜੋ ਕਿ ਸਮਰਪਣ ਦਾ ਪਵਿੱਤਰ ਚਿੰਨ੍ਹ ਸੀ। ਉਸ ਉੱਤੇ ਇਬਰਾਨੀ ਵਿਚ ਲਿਖਿਆ ਹੁੰਦਾ ਸੀ “ਯਹੋਵਾਹ ਲਈ ਪਵਿੱਤ੍ਰਤਾਈ।” ਇਹ ਚਿੰਨ੍ਹ ਪ੍ਰਧਾਨ ਜਾਜਕ ਨੂੰ ਹਮੇਸ਼ਾ ਯਾਦ ਕਰਾਉਂਦਾ ਸੀ ਕਿ ਉਹ ਅਜਿਹਾ ਕੋਈ ਵੀ ਕੰਮ ਨਾ ਕਰੇ ਜਿਸ ਨਾਲ ਪਵਿੱਤਰ ਸਥਾਨ ਭ੍ਰਿਸ਼ਟ ਹੋ ਜਾਵੇ ਕਿਉਂਕਿ “ਉਸ ਦੇ ਪਰਮੇਸ਼ੁਰ ਦੇ ਮਸਹ ਕਰਨ ਦੇ ਤੇਲ ਦਾ ਮੁਕਟ [ਸਮਰਪਣ ਦਾ ਚਿੰਨ੍ਹ] ਉਸ ਦੇ ਉੱਤੇ [ਸੀ]।”—ਕੂਚ 29:6; 39:30; ਲੇਵੀਆਂ 21:12.
3. ਸਮਰਪਣ ਦਾ ਸਾਡੇ ਚਾਲ-ਚਲਣ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ?
3 ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਭਗਤੀ ਦੇ ਮਾਮਲੇ ਵਿਚ ਸਮਰਪਣ ਇਕ ਗੰਭੀਰ ਗੱਲ ਹੈ। ਇਸ ਦਾ ਮਤਲਬ ਹੈ ਕਿ ਅਸੀਂ ਆਪਣੀ ਇੱਛਾ ਨਾਲ ਆਪਣੀ ਪਛਾਣ ਯਹੋਵਾਹ ਦੇ ਸੇਵਕ ਵਜੋਂ ਕਰਾਉਂਦੇ ਹਾਂ ਤੇ ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਸਾਨੂੰ ਆਪਣਾ ਚਾਲ-ਚਲਣ ਸ਼ੁੱਧ ਰੱਖਣ ਦੀ ਲੋੜ ਹੈ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਪਤਰਸ ਰਸੂਲ ਨੇ ਕਿਉਂ ਯਹੋਵਾਹ ਦੇ ਇਨ੍ਹਾਂ ਸ਼ਬਦਾਂ ਦਾ ਹਵਾਲਾ ਦਿੱਤਾ ਸੀ: “ਤੁਸੀਂ ਪਵਿੱਤਰ ਬਣੋ ਇਸ ਲਈ ਜੋ ਮੈਂ ਪਵਿੱਤਰ ਹਾਂ।” (1 ਪਤਰਸ 1:15, 16) ਸਮਰਪਿਤ ਮਸੀਹੀ ਹੋਣ ਦੇ ਨਾਤੇ, ਸਾਡੇ ਤੇ ਇਹ ਭਾਰੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰੀਏ ਤੇ ਅੰਤ ਤਕ ਵਫ਼ਾਦਾਰ ਰਹੀਏ। ਪਰ ਮਸੀਹੀ ਸਮਰਪਣ ਦਾ ਮਤਲਬ ਕੀ ਹੈ?—ਲੇਵੀਆਂ 19:2; ਮੱਤੀ 24:13.
4. ਅਸੀਂ ਪਰਮੇਸ਼ੁਰ ਨੂੰ ਆਪਣਾ ਸਮਰਪਣ ਕਰਨ ਦਾ ਫ਼ੈਸਲਾ ਕਿਵੇਂ ਕਰਦੇ ਹਾਂ ਤੇ ਇਸ ਦੀ ਤੁਲਨਾ ਕਿਸ ਨਾਲ ਕੀਤੀ ਜਾ ਸਕਦੀ ਹੈ?
4 ਯਹੋਵਾਹ ਪਰਮੇਸ਼ੁਰ ਤੇ ਉਸ ਦੇ ਮਕਸਦਾਂ ਬਾਰੇ, ਯਿਸੂ ਬਾਰੇ ਅਤੇ ਪਰਮੇਸ਼ੁਰ ਦੇ ਮਕਸਦਾਂ ਨੂੰ ਪੂਰਾ ਕਰਨ ਵਿਚ ਉਸ ਦੀ ਭੂਮਿਕਾ ਬਾਰੇ ਸਹੀ ਗਿਆਨ ਲੈਣ ਤੋਂ ਬਾਅਦ, ਅਸੀਂ ਆਪਣੇ ਪੂਰੇ ਦਿਲ, ਬੁੱਧ, ਜਾਨ ਤੇ ਸ਼ਕਤੀ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਦਾ ਆਪ ਫ਼ੈਸਲਾ ਕੀਤਾ ਸੀ। (ਮਰਕੁਸ 8:34; 12:30; ਯੂਹੰਨਾ 17:3) ਅਸੀਂ ਬਿਨਾਂ ਕਿਸੇ ਸ਼ਰਤ ਦੇ ਆਪਣੀ ਪੂਰੀ ਜ਼ਿੰਦਗੀ ਯਹੋਵਾਹ ਦੀ ਸੇਵਾ ਵਿਚ ਲਗਾਉਣ ਦਾ ਪ੍ਰਣ ਕੀਤਾ ਸੀ। ਅਸੀਂ ਜਜ਼ਬਾਤੀ ਹੋ ਕੇ ਜਾਂ ਜੋਸ਼ ਵਿਚ ਆ ਕੇ ਸਮਰਪਣ ਨਹੀਂ ਕੀਤਾ ਸੀ। ਅਸੀਂ ਪ੍ਰਾਰਥਨਾ ਕਰ ਕੇ ਤੇ ਧਿਆਨ ਨਾਲ ਸੋਚ-ਵਿਚਾਰ ਕਰ ਕੇ ਇਹ ਫ਼ੈਸਲਾ ਕੀਤਾ ਸੀ। ਇਸ ਤੋਂ ਇਲਾਵਾ, ਅਸੀਂ ਥੋੜ੍ਹੇ ਸਮੇਂ ਲਈ ਆਪਣੇ ਆਪ ਨੂੰ ਯਹੋਵਾਹ ਨੂੰ ਸਮਰਪਿਤ ਨਹੀਂ ਕੀਤਾ ਸੀ। ਅਸੀਂ ਉਸ ਇਨਸਾਨ ਵਰਗੇ ਨਹੀਂ ਬਣ ਸਕਦੇ ਜਿਹੜਾ ਖੇਤ ਵਿਚ ਹਲ ਚਲਾਉਣਾ ਸ਼ੁਰੂ ਕਰਦਾ ਹੈ ਤੇ ਇਹ ਸੋਚ ਕੇ ਹਲ ਅੱਧ-ਵਿਚਾਲੇ ਛੱਡ ਦਿੰਦਾ ਹੈ ਕਿ ਇਸ ਨੂੰ ਚਲਾਉਣ ਵਿਚ ਬਹੁਤ ਮਿਹਨਤ ਕਰਨੀ ਪੈਂਦੀ ਹੈ ਜਾਂ ਵਾਢੀ ਦਾ ਵੇਲਾ ਬਹੁਤ ਦੂਰ ਹੈ ਜਾਂ ਫ਼ਸਲ ਹੋਣ ਦਾ ਕੋਈ ਭਰੋਸਾ ਨਹੀਂ। ਆਓ ਆਪਾਂ ਕੁਝ ਲੋਕਾਂ ਦੀਆਂ ਉਦਾਹਰਣਾਂ ਤੇ ਵਿਚਾਰ ਕਰੀਏ ਜਿਨ੍ਹਾਂ ਨੇ ਮੁਸ਼ਕਲਾਂ ਦੇ ਦੌਰਾਨ ਵੀ ਪਰਮੇਸ਼ੁਰੀ ਜ਼ਿੰਮੇਵਾਰੀਆਂ ਦੇ ‘ਹਲ ਤੇ ਆਪਣਾ ਹੱਥ’ ਰੱਖੀ ਰੱਖਿਆ ਹੈ।—ਲੂਕਾ 9:62; ਰੋਮੀਆਂ 12:1, 2.
ਉਨ੍ਹਾਂ ਨੇ ਆਪਣੇ ਸਮਰਪਣ ਦੇ ਪ੍ਰਣ ਨੂੰ ਨਹੀਂ ਤੋੜਿਆ
5. ਪਰਮੇਸ਼ੁਰ ਦੇ ਇਕ ਸਮਰਪਿਤ ਸੇਵਕ ਵਜੋਂ ਯਿਰਮਿਯਾਹ ਕਿਵੇਂ ਇਕ ਸ਼ਾਨਦਾਰ ਮਿਸਾਲ ਸਾਬਤ ਹੋਇਆ?
5 ਯਿਰਮਿਯਾਹ ਨੇ ਯਰੂਸ਼ਲਮ ਵਿਚ 40 ਸਾਲ ਤੋਂ ਜ਼ਿਆਦਾ ਸਮੇਂ ਤਕ (647-607 ਸਾ.ਯੁ.ਪੂ.) ਨਬੀ ਦੇ ਤੌਰ ਤੇ ਕੰਮ ਕੀਤਾ ਤੇ ਉਸ ਦਾ ਇਹ ਕੰਮ ਆਸਾਨ ਨਹੀਂ ਸੀ। ਉਹ ਆਪਣੀਆਂ ਕਮਜ਼ੋਰੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। (ਯਿਰਮਿਯਾਹ 1:2-6) ਉਸ ਨੂੰ ਯਹੂਦਾਹ ਦੇ ਢੀਠ ਤੇ ਅੱਖੜ ਲੋਕਾਂ ਦਾ ਰੋਜ਼-ਰੋਜ਼ ਸਾਮ੍ਹਣਾ ਕਰਨ ਲਈ ਹੌਸਲੇ ਤੇ ਸਹਿਣਸ਼ੀਲਤਾ ਦੀ ਲੋੜ ਸੀ। (ਯਿਰਮਿਯਾਹ 18:18; 38:4-6) ਪਰ ਯਿਰਮਿਯਾਹ ਨੇ ਯਹੋਵਾਹ ਪਰਮੇਸ਼ੁਰ ਉੱਤੇ ਭਰੋਸਾ ਰੱਖਿਆ ਤੇ ਪਰਮੇਸ਼ੁਰ ਨੇ ਉਸ ਨੂੰ ਤਾਕਤ ਦਿੱਤੀ ਜਿਸ ਕਰਕੇ ਉਹ ਸੱਚ-ਮੁੱਚ ਪਰਮੇਸ਼ੁਰ ਦਾ ਇਕ ਸਮਰਪਿਤ ਸੇਵਕ ਸਾਬਤ ਹੋਇਆ।—ਯਿਰਮਿਯਾਹ 1:18, 19.
6. ਯੂਹੰਨਾ ਰਸੂਲ ਨੇ ਸਾਡੇ ਲਈ ਕਿਹੜੀ ਬਿਹਤਰੀਨ ਮਿਸਾਲ ਕਾਇਮ ਕੀਤੀ?
6 ਵਫ਼ਾਦਾਰ ਯੂਹੰਨਾ ਰਸੂਲ ਬਾਰੇ ਕੀ ਕਿਹਾ ਜਾ ਸਕਦਾ ਹੈ ਜਿਸ ਨੂੰ “ਪਰਮੇਸ਼ੁਰ ਦੇ ਬਚਨ ਅਤੇ ਯਿਸੂ ਦੀ ਸਾਖੀ ਦੇ ਕਾਰਨ” ਬੁਢਾਪੇ ਵਿਚ ਪਾਤਮੁਸ ਦੇ ਬੰਜਰ ਟਾਪੂ ਉੱਤੇ ਜਲਾਵਤਨ ਕੀਤਾ ਗਿਆ ਸੀ? (ਪਰਕਾਸ਼ ਦੀ ਪੋਥੀ 1:9) ਉਸ ਨੇ ਧੀਰਜ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਤੇ ਲਗਭਗ 60 ਸਾਲ ਤਕ ਇਕ ਮਸੀਹੀ ਦੇ ਤੌਰ ਤੇ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕੀਤਾ। ਉਸ ਨੇ ਰੋਮੀ ਫ਼ੌਜੀਆਂ ਦੇ ਹੱਥੋਂ ਯਰੂਸ਼ਲਮ ਦੀ ਤਬਾਹੀ ਹੁੰਦੀ ਦੇਖੀ ਸੀ। ਉਸ ਨੇ ਇੰਜੀਲ ਦੀ ਇਕ ਕਿਤਾਬ, ਤਿੰਨ ਪ੍ਰੇਰਿਤ ਚਿੱਠੀਆਂ ਤੇ ਪਰਕਾਸ਼ ਦੀ ਪੋਥੀ ਲਿਖੀ ਜਿਸ ਵਿਚ ਉਸ ਨੇ ਆਰਮਾਗੇਡਨ ਦੀ ਲੜਾਈ ਦਾ ਦਰਸ਼ਣ ਦਰਜ ਕੀਤਾ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਆਰਮਾਗੇਡਨ ਉਸ ਦੇ ਜੀਉਂਦੇ-ਜੀ ਨਹੀਂ ਆਵੇਗਾ, ਤਾਂ ਕੀ ਉਸ ਨੇ ਪਰਮੇਸ਼ੁਰ ਦੀ ਉਪਾਸਨਾ ਕਰਨੀ ਛੱਡ ਦਿੱਤੀ ਸੀ? ਕੀ ਉਹ ਲਾਪਰਵਾਹ ਹੋ ਗਿਆ ਸੀ? ਨਹੀਂ। ਭਾਵੇਂ ਉਹ ਜਾਣਦਾ ਸੀ ਕਿ ਨਿਯਤ ‘ਸਮਾ ਨੇੜੇ’ ਹੋਣ ਦੇ ਬਾਵਜੂਦ ਵੀ ਉਸ ਦੁਆਰਾ ਦੇਖੇ ਦਰਸ਼ਣ ਉਸ ਦੇ ਜੀਉਂਦੇ-ਜੀ ਪੂਰੇ ਨਹੀਂ ਹੋਣਗੇ, ਤਾਂ ਵੀ ਉਹ ਆਪਣੀ ਮੌਤ ਤਕ ਵਫ਼ਾਦਾਰ ਰਿਹਾ।—ਪਰਕਾਸ਼ ਦੀ ਪੋਥੀ 1:3; ਦਾਨੀਏਲ 12:4.
ਅੱਜ ਸਮਰਪਿਤ ਸੇਵਾ ਦੀਆਂ ਮਿਸਾਲਾਂ
7. ਇਕ ਭਰਾ ਨੇ ਆਪਣੇ ਸਮਰਪਣ ਦੇ ਸੰਬੰਧ ਵਿਚ ਕਿਵੇਂ ਇਕ ਵਧੀਆ ਮਿਸਾਲ ਕਾਇਮ ਕੀਤੀ?
7 ਆਧੁਨਿਕ ਸਮੇਂ ਵਿਚ ਵੀ ਹਜ਼ਾਰਾਂ ਵਫ਼ਾਦਾਰ ਮਸੀਹੀਆਂ ਨੇ ਪੂਰੇ ਜੋਸ਼ ਨਾਲ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕੀਤਾ ਭਾਵੇਂ ਕਿ ਉਹ ਆਰਮਾਗੇਡਨ ਦੀ ਲੜਾਈ ਦੇਖਣ ਲਈ ਜੀਉਂਦੇ ਨਹੀਂ ਰਹੇ। ਅਜਿਹਾ ਇਕ ਵਿਅਕਤੀ ਸੀ ਇੰਗਲੈਂਡ ਦਾ ਅਰਨਸਟ ਈ. ਬੀਵਰ। ਉਹ 1939 ਵਿਚ ਦੂਸਰੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਵੇਲੇ ਗਵਾਹ ਬਣਿਆ ਸੀ। ਉਹ ਆਪਣਾ ਪ੍ਰੈਸ ਫ਼ੋਟੋਗ੍ਰਾਫ਼ੀ ਦਾ ਚੰਗਾ ਕਾਰੋਬਾਰ ਛੱਡ ਕੇ ਪੂਰੇ ਸਮੇਂ ਦੀ ਸੇਵਕਾਈ ਕਰਨ ਲੱਗ ਪਿਆ। ਆਪਣੀ ਮਸੀਹੀ ਨਿਰਪੱਖਤਾ ਬਣਾਈ ਰੱਖਣ ਕਰਕੇ ਉਹ ਦੋ ਸਾਲ ਤਕ ਜੇਲ੍ਹ ਵਿਚ ਰਿਹਾ। ਉਸ ਦੇ ਪਰਿਵਾਰ ਨੇ ਉਸ ਦਾ ਪੂਰਾ-ਪੂਰਾ ਸਾਥ ਦਿੱਤਾ। ਸਾਲ 1950 ਵਿਚ ਉਸ ਦੇ ਤਿੰਨ ਬੱਚਿਆਂ ਨੇ ਨਿਊਯਾਰਕ ਵਿਚ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਵਿਚ ਮਿਸ਼ਨਰੀ ਟ੍ਰੇਨਿੰਗ ਲਈ। ਭਰਾ ਬੀਵਰ ਇੰਨੇ ਜੋਸ਼ ਨਾਲ ਪ੍ਰਚਾਰ ਕਰਦਾ ਸੀ ਕਿ ਉਸ ਦੇ ਦੋਸਤ ਉਸ ਨੂੰ ਪਿਆਰ ਨਾਲ ਆਰਮਾਗੇਡਨ ਅਰਨੀ ਦੇ ਨਾਂ ਨਾਲ ਬੁਲਾਉਂਦੇ ਸਨ। ਉਸ ਨੇ ਵਫ਼ਾਦਾਰੀ ਨਾਲ ਸਮਰਪਣ ਦੇ ਆਪਣੇ ਪ੍ਰਣ ਨੂੰ ਪੂਰਾ ਕੀਤਾ ਤੇ 1986 ਵਿਚ ਆਪਣੀ ਮੌਤ ਤਕ ਪਰਮੇਸ਼ੁਰ ਦੀ ਆਰਮਾਗੇਡਨ ਦੀ ਲੜਾਈ ਦੇ ਹੋਣ ਦਾ ਐਲਾਨ ਕਰਦਾ ਰਿਹਾ। ਉਸ ਨੇ ਆਪਣੇ ਸਮਰਪਣ ਨੂੰ ਯਹੋਵਾਹ ਨਾਲ ਥੋੜ੍ਹੇ ਸਮੇਂ ਦਾ ਇਕਰਾਰਨਾਮਾ ਨਹੀਂ ਸਮਝਿਆ!b—1 ਕੁਰਿੰਥੀਆਂ 15:58.
8, 9. (ੳ) ਫ੍ਰਾਂਕੋ ਸ਼ਾਸਨ ਕਾਲ ਦੌਰਾਨ ਸਪੇਨ ਦੇ ਬਹੁਤ ਸਾਰੇ ਨੌਜਵਾਨਾਂ ਨੇ ਕਿਹੜੀ ਮਿਸਾਲ ਕਾਇਮ ਕੀਤੀ? (ਅ) ਸਾਨੂੰ ਆਪਣੇ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
8 ਸਪੇਨ ਦੇ ਭੈਣ-ਭਰਾਵਾਂ ਨੇ ਵੀ ਆਪਣੇ ਜੋਸ਼ ਨੂੰ ਹਮੇਸ਼ਾ ਬਰਕਰਾਰ ਰੱਖਿਆ। ਫ੍ਰਾਂਕੋ ਸ਼ਾਸਨ ਕਾਲ (1939-75) ਵਿਚ ਯਹੋਵਾਹ ਦੇ ਬਹੁਤ ਸਾਰੇ ਨੌਜਵਾਨ ਸਮਰਪਿਤ ਗਵਾਹਾਂ ਨੇ ਆਪਣੀ ਮਸੀਹੀ ਨਿਰਪੱਖਤਾ ਨੂੰ ਬਣਾਈ ਰੱਖਿਆ। ਬਹੁਤ ਸਾਰੇ ਗਵਾਹਾਂ ਨੇ ਫ਼ੌਜੀ ਜੇਲ੍ਹਾਂ ਵਿਚ ਦਸ ਜਾਂ ਇਸ ਤੋਂ ਜ਼ਿਆਦਾ ਸਾਲ ਕੈਦ ਕੱਟੀ। ਖ਼ੇਸੂਸ ਮੌਰਟੀਨ ਨਾਂ ਦੇ ਇਕ ਗਵਾਹ ਨੂੰ ਕਈ ਮਾਮਲਿਆਂ ਵਿਚ ਦੋਸ਼ੀ ਠਹਿਰਾ ਕੇ ਕੁੱਲ 22 ਸਾਲ ਦੀ ਸਜ਼ਾ ਦਿੱਤੀ ਗਈ ਸੀ। ਜਦੋਂ ਉਹ ਉੱਤਰੀ ਅਫ਼ਰੀਕਾ ਵਿਚ ਇਕ ਫ਼ੌਜੀ ਜੇਲ੍ਹ ਵਿਚ ਸੀ, ਤਾਂ ਉਸ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਸੀ। ਇਹ ਸਭ ਕੁਝ ਸਹਿਣਾ ਸੌਖਾ ਨਹੀਂ ਸੀ, ਪਰ ਇਸ ਦੇ ਬਾਵਜੂਦ ਵੀ ਉਸ ਨੇ ਸਮਝੌਤਾ ਨਹੀਂ ਕੀਤਾ।
9 ਅਕਸਰ ਇਨ੍ਹਾਂ ਨੌਜਵਾਨਾਂ ਨੂੰ ਪਤਾ ਨਹੀਂ ਹੁੰਦਾ ਸੀ ਕਿ ਉਨ੍ਹਾਂ ਨੂੰ ਕਦੋਂ ਰਿਹਾ ਕੀਤਾ ਜਾਵੇਗਾ ਜਾਂ ਉਹ ਰਿਹਾ ਹੋਣਗੇ ਵੀ ਜਾਂ ਨਹੀਂ। ਕਿਉਂ? ਕਿਉਂਕਿ ਉਨ੍ਹਾਂ ਨੂੰ ਕਈ ਮਾਮਲਿਆਂ ਵਿਚ ਦੋਸ਼ੀ ਠਹਿਰਾ ਕੇ ਕਈ ਸਜ਼ਾਵਾਂ ਸੁਣਾਈਆਂ ਗਈਆਂ ਸਨ। ਪਰ ਉਨ੍ਹਾਂ ਨੇ ਆਪਣੀ ਖਰਿਆਈ ਬਣਾਈ ਰੱਖੀ ਤੇ ਜੇਲ੍ਹ ਵਿਚ ਹੁੰਦੇ ਹੋਏ ਵੀ ਪ੍ਰਚਾਰ ਕਰਨ ਦੇ ਆਪਣੇ ਜੋਸ਼ ਨੂੰ ਠੰਢਾ ਨਹੀਂ ਪੈਣ ਦਿੱਤਾ। ਜਦੋਂ 1973 ਵਿਚ ਹਾਲਾਤ ਸੁਧਰਨੇ ਸ਼ੁਰੂ ਹੋ ਗਏ, ਤਾਂ ਇਨ੍ਹਾਂ ਵਿੱਚੋਂ ਕਈ ਗਵਾਹਾਂ ਨੂੰ, ਜਿਨ੍ਹਾਂ ਦੀ ਉਮਰ ਉਦੋਂ 30-35 ਸਾਲਾਂ ਦੀ ਸੀ, ਰਿਹਾ ਕਰ ਦਿੱਤਾ ਗਿਆ। ਰਿਹਾ ਹੋਣ ਤੋਂ ਬਾਅਦ ਉਨ੍ਹਾਂ ਨੇ ਇਕਦਮ ਪੂਰੇ ਸਮੇਂ ਦੀ ਸੇਵਕਾਈ ਕਰਨੀ ਸ਼ੁਰੂ ਕਰ ਦਿੱਤੀ, ਕੁਝ ਵਿਸ਼ੇਸ਼ ਪਾਇਨੀਅਰ ਬਣ ਗਏ ਤੇ ਕੁਝ ਸਰਕਟ ਨਿਗਾਹਬਾਨ। ਉਨ੍ਹਾਂ ਨੇ ਜੇਲ੍ਹ ਵਿਚ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕੀਤਾ ਤੇ ਰਿਹਾ ਹੋਣ ਤੋਂ ਬਾਅਦ ਅੱਜ ਵੀ ਉਨ੍ਹਾਂ ਵਿੱਚੋਂ ਜ਼ਿਆਦਾਤਰ ਗਵਾਹ ਆਪਣੇ ਪ੍ਰਣ ਨੂੰ ਪੂਰਾ ਕਰ ਰਹੇ ਹਨ।c ਅੱਜ ਸਾਡੇ ਬਾਰੇ ਕੀ ਕਿਹਾ ਜਾ ਸਕਦਾ ਹੈ? ਕੀ ਅਸੀਂ ਵੀ ਇਨ੍ਹਾਂ ਵਫ਼ਾਦਾਰ ਗਵਾਹਾਂ ਵਾਂਗ ਆਪਣੇ ਪ੍ਰਣ ਨੂੰ ਪੂਰੇ ਤਨ-ਮਨ ਨਾਲ ਪੂਰਾ ਕਰ ਰਹੇ ਹਾਂ?—ਇਬਰਾਨੀਆਂ 10:32-34; 13:3.
ਆਪਣੇ ਸਮਰਪਣ ਪ੍ਰਤੀ ਸਹੀ ਨਜ਼ਰੀਆ
10. (ੳ) ਆਪਣੇ ਸਮਰਪਣ ਪ੍ਰਤੀ ਸਾਡਾ ਨਜ਼ਰੀਆ ਕੀ ਹੋਣਾ ਚਾਹੀਦਾ ਹੈ? (ਅ) ਯਹੋਵਾਹ ਸਾਡੀ ਸੇਵਾ ਨੂੰ ਕਿਸ ਨਜ਼ਰ ਨਾਲ ਦੇਖਦਾ ਹੈ?
10 ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦੇ ਆਪਣੇ ਸਮਰਪਣ ਪ੍ਰਤੀ ਅਸੀਂ ਕੀ ਨਜ਼ਰੀਆ ਰੱਖਦੇ ਹਾਂ? ਕੀ ਇਹ ਸਾਡੀ ਜ਼ਿੰਦਗੀ ਵਿਚ ਸਭ ਤੋਂ ਅਹਿਮ ਚੀਜ਼ ਹੈ? ਚਾਹੇ ਸਾਡੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਅਸੀਂ ਚਾਹੇ ਬੁੱਢੇ ਹਾਂ ਜਾਂ ਨੌਜਵਾਨ, ਵਿਆਹੇ ਹੋਏ ਹਾਂ ਜਾਂ ਕੁਆਰੇ, ਤੰਦਰੁਸਤ ਜਾਂ ਬੀਮਾਰ, ਸਾਨੂੰ ਸਾਰਿਆਂ ਨੂੰ ਹੀ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਕ ਮਸੀਹੀ ਦੇ ਹਾਲਾਤ ਸ਼ਾਇਦ ਉਸ ਨੂੰ ਪਾਇਨੀਅਰੀ ਕਰਨ, ਵਾਚ ਟਾਵਰ ਸੋਸਾਇਟੀ ਦੇ ਬ੍ਰਾਂਚ ਆਫ਼ਿਸ ਵਿਚ ਇਕ ਸਵੈ-ਸੇਵਕ ਦੇ ਤੌਰ ਤੇ ਸੇਵਾ ਕਰਨ, ਮਿਸ਼ਨਰੀ ਬਣਨ ਜਾਂ ਸਫ਼ਰੀ ਨਿਗਾਹਬਾਨ ਦੇ ਤੌਰ ਤੇ ਸੇਵਾ ਕਰਨ ਦੀ ਇਜਾਜ਼ਤ ਦੇਣ। ਪਰ ਦੂਜੇ ਪਾਸੇ ਕੁਝ ਮਾਪਿਆਂ ਨੂੰ ਆਪਣੇ ਪਰਿਵਾਰ ਦੀਆਂ ਭੌਤਿਕ ਤੇ ਅਧਿਆਤਮਿਕ ਲੋੜਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਇਸ ਕਰਕੇ ਉਹ ਹਰ ਮਹੀਨੇ ਪਾਇਨੀਅਰਾਂ ਨਾਲੋਂ ਬਹੁਤ ਘੱਟ ਘੰਟੇ ਪ੍ਰਚਾਰ ਕਰ ਪਾਉਂਦੇ ਹਨ। ਪਰ ਜਿੰਨਾ ਵੀ ਸਮਾਂ ਉਹ ਲਗਾਉਂਦੇ ਹਨ, ਕੀ ਯਹੋਵਾਹ ਦੀਆਂ ਨਜ਼ਰਾਂ ਵਿਚ ਉਸ ਦੀ ਅਹਿਮੀਅਤ ਘੱਟ ਹੈ? ਨਹੀਂ। ਪਰਮੇਸ਼ੁਰ ਕਦੀ ਵੀ ਸਾਡੀ ਕਾਬਲੀਅਤ ਤੋਂ ਜ਼ਿਆਦਾ ਸਾਡੇ ਤੋਂ ਆਸ ਨਹੀਂ ਰੱਖਦਾ। ਪੌਲੁਸ ਰਸੂਲ ਨੇ ਇਹ ਸਿਧਾਂਤ ਦਿੱਤਾ: “ਜੇ ਮਨ ਦੀ ਤਿਆਰੀ ਅੱਗੇ ਹੋਵੇ ਤਾਂ ਉਹ ਉਸ ਦੇ ਅਨੁਸਾਰ ਜੋ ਕਿਸੇ ਕੋਲ ਹੈ ਪਰਵਾਨ ਹੁੰਦੀ ਹੈ ਨਾ ਉਸ ਦੇ ਅਨੁਸਾਰ ਜੋ ਉਸ ਦੇ ਕੋਲ ਨਹੀਂ ਹੈ।”—2 ਕੁਰਿੰਥੀਆਂ 8:12.
11. ਸਾਡੀ ਮੁਕਤੀ ਕਿਸ ਗੱਲ ਤੇ ਨਿਰਭਰ ਕਰਦੀ ਹੈ?
11 ਪਰ ਸਾਡੀ ਮੁਕਤੀ ਸਾਡੇ ਆਪਣੇ ਕੰਮਾਂ ਤੇ ਨਿਰਭਰ ਨਹੀਂ ਕਰਦੀ, ਪਰ ਸਾਡੇ ਪ੍ਰਭੂ ਯਿਸੂ ਮਸੀਹ ਦੁਆਰਾ ਯਹੋਵਾਹ ਦੀ ਦਇਆ ਉੱਤੇ ਨਿਰਭਰ ਕਰਦੀ ਹੈ। ਪੌਲੁਸ ਨੇ ਸਾਫ਼-ਸਾਫ਼ ਦੱਸਿਆ: “ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ। ਸੋ ਉਹ ਦੀ ਕਿਰਪਾ ਨਾਲ ਉਸ ਨਿਸਤਾਰੇ ਦੇ ਕਾਰਨ ਜੋ ਮਸੀਹ ਯਿਸੂ ਤੋਂ ਹੁੰਦਾ ਹੈ ਓਹ ਮੁਖ਼ਤ ਧਰਮੀ ਗਿਣੇ ਜਾਂਦੇ ਹਨ।” ਪਰ ਸਾਡੇ ਕੰਮ ਪਰਮੇਸ਼ੁਰ ਦੇ ਵਾਅਦਿਆਂ ਵਿਚ ਸਾਡੇ ਪੱਕੇ ਵਿਸ਼ਵਾਸ ਦਾ ਸਬੂਤ ਜ਼ਰੂਰ ਦਿੰਦੇ ਹਨ।—ਰੋਮੀਆਂ 3:23, 24; ਯਾਕੂਬ 2:17, 18, 24.
12. ਸਾਨੂੰ ਦੂਸਰਿਆਂ ਨਾਲ ਆਪਣੀ ਤੁਲਨਾ ਕਿਉਂ ਨਹੀਂ ਕਰਨੀ ਚਾਹੀਦੀ?
12 ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਜਿੰਨਾ ਵੀ ਸਮਾਂ ਲਗਾਉਂਦੇ ਹਾਂ, ਜਾਂ ਜਿੰਨਾ ਵੀ ਬਾਈਬਲ ਸਾਹਿੱਤ ਵੰਡਦੇ ਹਾਂ, ਜਾਂ ਜਿੰਨੀਆਂ ਵੀ ਬਾਈਬਲ ਸਟੱਡੀਆਂ ਕਰਾਉਂਦੇ ਹਾਂ, ਉਸ ਦੀ ਤੁਲਨਾ ਦੂਸਰਿਆਂ ਨਾਲ ਕਰਨ ਦੀ ਸਾਨੂੰ ਕੋਈ ਲੋੜ ਨਹੀਂ ਹੈ। (ਗਲਾਤੀਆਂ 6:3, 4) ਅਸੀਂ ਮਸੀਹੀ ਸੇਵਕਾਈ ਵਿਚ ਭਾਵੇਂ ਜਿੰਨੀ ਵੀ ਮਿਹਨਤ ਕਰਦੇ ਹਾਂ, ਸਾਨੂੰ ਸਾਰਿਆਂ ਨੂੰ ਯਿਸੂ ਦੇ ਇਨ੍ਹਾਂ ਸ਼ਬਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ: “ਇਸ ਤਰਾਂ ਤੁਸੀਂ ਵੀ ਜਾਂ ਓਹ ਸਾਰੇ ਕੰਮ ਜਿਨ੍ਹਾਂ ਦਾ ਤੁਹਾਨੂੰ ਹੁਕਮ ਦਿੱਤਾ ਗਿਆ ਪੂਰੇ ਕਰ ਚੁੱਕੋ ਤਾਂ ਕਹੋ ਭਈ ਅਸੀਂ ਨਿਕੰਮੇ ਬੰਦੇ ਹਾਂ, ਜੋ ਕੁਝ ਸਾਨੂੰ ਕਰਨਾ ਉਚਿਤ ਸੀ ਅਸਾਂ ਉਹੀ ਕੀਤਾ।” (ਲੂਕਾ 17:10) ਕੀ ਅਸੀਂ ਹਮੇਸ਼ਾ ਇਹ ਕਹਿ ਸਕਦੇ ਹਾਂ ਕਿ ਅਸੀਂ ਉਹ ਸਾਰੇ ਕੰਮ ਕਰ ਦਿੱਤੇ ਹਨ ਜਿਨ੍ਹਾਂ ਨੂੰ ਕਰਨ ਦਾ ਸਾਨੂੰ “ਹੁਕਮ ਦਿੱਤਾ ਗਿਆ” ਸੀ? ਇਸ ਲਈ ਸਵਾਲ ਇਹ ਪੈਦਾ ਹੁੰਦਾ ਹੈ: ਸਾਨੂੰ ਪਰਮੇਸ਼ੁਰ ਦੀ ਸੇਵਾ ਕਿਸ ਨਜ਼ਰੀਏ ਨਾਲ ਕਰਨੀ ਚਾਹੀਦੀ ਹੈ?—2 ਕੁਰਿੰਥੀਆਂ 10:17, 18.
ਹਰ ਦਿਨ ਨੂੰ ਅਹਿਮ ਸਮਝੋ
13. ਆਪਣੇ ਸਮਰਪਣ ਅਨੁਸਾਰ ਜ਼ਿੰਦਗੀ ਜੀਉਂਦੇ ਹੋਏ ਸਾਨੂੰ ਕਿਸ ਤਰ੍ਹਾਂ ਦਾ ਰਵੱਈਆ ਰੱਖਣਾ ਚਾਹੀਦਾ ਹੈ?
13 ਪਤੀਆਂ, ਪਤਨੀਆਂ, ਬੱਚਿਆਂ, ਮਾਪਿਆਂ ਤੇ ਗ਼ੁਲਾਮਾਂ ਨੂੰ ਸਲਾਹ ਦੇਣ ਤੋਂ ਬਾਅਦ ਪੌਲੁਸ ਲਿਖਦਾ ਹੈ: “ਜੋ ਕੁਝ ਤੁਸੀਂ ਕਰੋ ਸੋ ਚਿੱਤ ਲਾ ਕੇ ਪ੍ਰਭੁ ਦੇ ਲਈ ਕਰੋ, ਨਾ ਮਨੁੱਖਾਂ ਦੇ ਲਈ। ਕਿਉਂਕਿ ਤੁਸੀਂ ਜਾਣਦੇ ਹੋ ਭਈ ਤੁਹਾਨੂੰ ਪ੍ਰਭੁ ਤੋਂ ਅਧਕਾਰ ਦਾ ਫਲ ਮਿਲੇਗਾ। ਤੁਸੀਂ ਮਸੀਹ ਪ੍ਰਭੁ ਦੀ ਸੇਵਾ ਕਰਦੇ ਹੋ।” (ਕੁਲੁੱਸੀਆਂ 3:23, 24) ਅਸੀਂ ਮਨੁੱਖਾਂ ਨੂੰ ਪ੍ਰਭਾਵਿਤ ਕਰਨ ਲਈ ਯਹੋਵਾਹ ਦੀ ਸੇਵਾ ਨਹੀਂ ਕਰਦੇ। ਅਸੀਂ ਯਿਸੂ ਮਸੀਹ ਦੀ ਉਦਾਹਰਣ ਉੱਤੇ ਚੱਲ ਕੇ ਪਰਮੇਸ਼ੁਰ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਯਿਸੂ ਕੋਲ ਪ੍ਰਚਾਰ ਕਰਨ ਲਈ ਸਮਾਂ ਬਹੁਤ ਹੀ ਥੋੜ੍ਹਾ ਸੀ। ਇਸ ਲਈ, ਉਸ ਨੇ ਸਮੇਂ ਦੀ ਅਹਿਮੀਅਤ ਨੂੰ ਧਿਆਨ ਵਿਚ ਰੱਖਦੇ ਹੋਏ ਜੋਸ਼ ਨਾਲ ਪ੍ਰਚਾਰ ਕੀਤਾ।—1 ਪਤਰਸ 2:21.
14. ਅੰਤ ਦੇ ਦਿਨਾਂ ਬਾਰੇ ਪਤਰਸ ਨੇ ਕਿਹੜੀ ਚੇਤਾਵਨੀ ਦਿੱਤੀ ਸੀ?
14 ਪਤਰਸ ਰਸੂਲ ਨੇ ਵੀ ਸਮੇਂ ਦੀ ਅਹਿਮੀਅਤ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੀ ਸੇਵਕਾਈ ਕੀਤੀ। ਉਸ ਨੇ ਆਪਣੀ ਦੂਸਰੀ ਚਿੱਠੀ ਵਿਚ ਚੇਤਾਵਨੀ ਦਿੱਤੀ ਕਿ ਅੰਤ ਦੇ ਦਿਨਾਂ ਵਿਚ ਠੱਠਾ ਕਰਨ ਵਾਲੇ—ਧਰਮ-ਤਿਆਗੀ ਤੇ ਸ਼ੱਕ ਕਰਨ ਵਾਲੇ—ਆਪਣੀਆਂ ਕਾਮਨਾਵਾਂ ਦੇ ਅਨੁਸਾਰ ਮਸੀਹ ਦੀ ਮੌਜੂਦਗੀ ਦੇ ਸੰਬੰਧ ਵਿਚ ਸ਼ੰਕੇ ਖੜ੍ਹੇ ਕਰਨਗੇ। ਪਰ ਪਤਰਸ ਨੇ ਕਿਹਾ: “ਪ੍ਰਭੁ ਆਪਣੇ ਵਾਇਦੇ ਦਾ ਮੱਠਾ ਨਹੀਂ ਜਿਵੇਂ ਕਿੰਨੇ ਹੀ ਮੱਠੇ ਦਾ ਭਰਮ ਕਰਦੇ ਹਨ ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ। ਪਰੰਤੂ ਪ੍ਰਭੁ ਦਾ ਦਿਨ ਚੋਰ ਵਾਂਙੁ ਆਵੇਗਾ।” ਜੀ ਹਾਂ, ਯਹੋਵਾਹ ਦਾ ਦਿਨ ਜ਼ਰੂਰ ਆਵੇਗਾ। ਇਸ ਲਈ ਸਾਨੂੰ ਹਰ ਰੋਜ਼ ਇਸ ਗੱਲ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਪਰਮੇਸ਼ੁਰ ਦੇ ਵਾਅਦਿਆਂ ਵਿਚ ਸਾਡੀ ਨਿਹਚਾ ਕਿੰਨੀ ਕੁ ਪੱਕੀ ਹੈ।—2 ਪਤਰਸ 3:3, 4, 9, 10.
15. ਸਾਨੂੰ ਆਪਣੀ ਜ਼ਿੰਦਗੀ ਦੇ ਹਰ ਦਿਨ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?
15 ਈਮਾਨਦਾਰੀ ਨਾਲ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰਨ ਲਈ ਸਾਨੂੰ ਹਰ ਰੋਜ਼ ਯਹੋਵਾਹ ਦੀ ਮਹਿਮਾ ਕਰਨੀ ਚਾਹੀਦੀ ਹੈ। ਕੀ ਹਰ ਰੋਜ਼ ਰਾਤ ਨੂੰ ਅਸੀਂ ਇਸ ਗੱਲ ਤੇ ਵਿਚਾਰ ਕਰ ਸਕਦੇ ਹਾਂ ਕਿ ਯਹੋਵਾਹ ਦੇ ਨਾਂ ਨੂੰ ਪਵਿੱਤਰ ਕਰਨ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਅਸੀਂ ਅੱਜ ਕਿਵੇਂ ਯੋਗਦਾਨ ਪਾਇਆ ਹੈ? ਅਸੀਂ ਸ਼ਾਇਦ ਆਪਣੇ ਚਾਲ-ਚਲਣ ਨੂੰ ਸ਼ੁੱਧ ਰੱਖਣ ਦੁਆਰਾ, ਦੂਜਿਆਂ ਨੂੰ ਹੱਲਾਸ਼ੇਰੀ ਦੇਣ ਦੁਆਰਾ ਜਾਂ ਆਪਣੇ ਪਰਿਵਾਰ ਤੇ ਮਿੱਤਰਾਂ ਦੀ ਮਦਦ ਕਰਨ ਦੁਆਰਾ ਇਸ ਤਰ੍ਹਾਂ ਕੀਤਾ ਹੋਵੇ। ਜਦੋਂ ਸਾਨੂੰ ਆਪਣੀ ਮਸੀਹੀ ਆਸ਼ਾ ਬਾਰੇ ਦੂਜਿਆਂ ਨੂੰ ਦੱਸਣ ਦਾ ਮੌਕਾ ਮਿਲਿਆ, ਤਾਂ ਕੀ ਅਸੀਂ ਉਸ ਮੌਕੇ ਤੋਂ ਫ਼ਾਇਦਾ ਉਠਾਇਆ? ਕੀ ਅਸੀਂ ਪਰਮੇਸ਼ੁਰ ਦੇ ਵਾਅਦਿਆਂ ਬਾਰੇ ਗੰਭੀਰਤਾ ਨਾਲ ਸੋਚਣ ਵਿਚ ਕਿਸੇ ਦੀ ਮਦਦ ਕੀਤੀ? ਆਓ ਆਪਾਂ ਹਰ ਰੋਜ਼ ਆਪਣੇ ਅਧਿਆਤਮਿਕ ਖਾਤੇ ਵਿਚ ਕੁਝ ਨਾ ਕੁਝ ਜਮ੍ਹਾ ਕਰਵਾਈਏ।—ਮੱਤੀ 6:20; 1 ਪਤਰਸ 2:12; 3:15; ਯਾਕੂਬ 3:13.
ਆਪਣੀ ਨਜ਼ਰ ਹਮੇਸ਼ਾ ਤੇਜ਼ ਰੱਖੋ
16. ਪਰਮੇਸ਼ੁਰ ਨੂੰ ਕੀਤੇ ਆਪਣੇ ਸਮਰਪਣ ਅਨੁਸਾਰ ਜੀਉਣ ਦੇ ਸਾਡੇ ਇਰਾਦੇ ਨੂੰ ਸ਼ਤਾਨ ਕਿਵੇਂ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦਾ ਹੈ?
16 ਅਸੀਂ ਉਨ੍ਹਾਂ ਸਮਿਆਂ ਵਿਚ ਰਹਿ ਰਹੇ ਹਾਂ ਜਿਨ੍ਹਾਂ ਵਿਚ ਮਸੀਹੀਆਂ ਲਈ ਜੀਉਣਾ ਹਰ ਦਿਨ ਮੁਸ਼ਕਲ ਹੁੰਦਾ ਜਾ ਰਿਹਾ ਹੈ। ਸ਼ਤਾਨ ਤੇ ਉਸ ਦੇ ਏਜੰਟ ਸਹੀ ਤੇ ਗ਼ਲਤ ਵਿਚ, ਸ਼ੁੱਧ ਤੇ ਅਸ਼ੁੱਧ ਚੀਜ਼ ਵਿਚ, ਨੈਤਿਕ ਤੇ ਅਨੈਤਿਕ ਕੰਮਾਂ ਵਿਚ ਅੰਤਰ ਨੂੰ ਖ਼ਤਮ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। (ਰੋਮੀਆਂ 1:24-28; 16:17-19) ਇਨਸਾਨਾਂ ਦੇ ਦਿਲਾਂ-ਦਿਮਾਗ਼ਾਂ ਨੂੰ ਪਲੀਤ ਕਰਨ ਲਈ ਉਸ ਨੇ ਉਨ੍ਹਾਂ ਦੇ ਹੱਥਾਂ ਵਿਚ ਟੀ.ਵੀ. ਦਾ ਰਿਮੋਟ ਕੰਟ੍ਰੋਲ ਤੇ ਕੰਪਿਊਟਰ ਦਾ ਕੀ-ਬੋਰਡ ਦੇ ਦਿੱਤਾ ਹੈ। ਇਸ ਨਾਲ ਸਾਡੀ ਅਧਿਆਤਮਿਕ ਨਜ਼ਰ ਕਮਜ਼ੋਰ ਪੈ ਸਕਦੀ ਹੈ ਜਿਸ ਕਰਕੇ ਅਸੀਂ ਉਸ ਦੇ ਛਲ-ਛਿਦ੍ਰਾਂ ਨੂੰ ਸਮਝ ਨਹੀਂ ਸਕਾਂਗੇ। ਜੇ ਅਸੀਂ ਬਾਈਬਲ ਦੇ ਸਿਧਾਂਤਾਂ ਉੱਤੇ ਚੱਲਣਾ ਛੱਡ ਦਿੰਦੇ ਹਾਂ, ਤਾਂ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰਨ ਦਾ ਸਾਡਾ ਇਰਾਦਾ ਕਮਜ਼ੋਰ ਪੈ ਸਕਦਾ ਹੈ ਤੇ “ਹਲ” ਉੱਤੇ ਸਾਡੀ ਪਕੜ ਢਿੱਲੀ ਪੈ ਸਕਦੀ ਹੈ।—ਲੂਕਾ 9:62; ਫ਼ਿਲਿੱਪੀਆਂ 4:8.
17. ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਬਣਾਈ ਰੱਖਣ ਵਿਚ ਪੌਲੁਸ ਦੀ ਸਲਾਹ ਕਿਵੇਂ ਸਾਡੀ ਮਦਦ ਕਰ ਸਕਦੀ ਹੈ?
17 ਤਾਂ ਫਿਰ ਥੱਸਲੁਨੀਕਾ ਦੀ ਕਲੀਸਿਯਾ ਨੂੰ ਲਿਖੇ ਪੌਲੁਸ ਦੇ ਇਹ ਸ਼ਬਦ ਸਾਡੇ ਸਮੇਂ ਲਈ ਬਹੁਤ ਹੀ ਢੁਕਵੇਂ ਹਨ: “ਪਰਮੇਸ਼ੁਰ ਦੀ ਇੱਛਿਆ ਤੁਹਾਡੀ ਪਵਿੱਤਰਤਾਈ ਦੀ ਹੈ ਭਈ ਤੁਸੀਂ ਹਰਾਮਕਾਰੀ ਤੋਂ ਬਚੇ ਰਹੋ। ਅਤੇ ਤੁਹਾਡੇ ਵਿੱਚੋਂ ਹਰ ਕੋਈ ਆਪਣੇ ਲਈ ਇਸਤ੍ਰੀ ਨੂੰ ਪਵਿੱਤਰਤਾਈ ਅਤੇ ਪਤ ਨਾਲ ਪਰਾਪਤ ਕਰਨਾ ਜਾਣੇ। ਨਾ ਕਾਮ ਦੀ ਵਾਸ਼ਨਾ ਨਾਲ ਪਰਾਈਆਂ ਕੌਮਾਂ ਵਾਂਙੁ ਜਿਨ੍ਹਾਂ ਨੂੰ ਪਰਮੇਸ਼ੁਰ ਦਾ ਗਿਆਨ ਨਹੀਂ।” (1 ਥੱਸਲੁਨੀਕੀਆਂ 4:3-5) ਕੁਝ ਮਸੀਹੀਆਂ ਨੇ ਪਰਮੇਸ਼ੁਰ ਨੂੰ ਕੀਤੇ ਆਪਣੇ ਸਮਰਪਣ ਨੂੰ ਨਜ਼ਰਅੰਦਾਜ਼ ਕਰ ਕੇ ਅਨੈਤਿਕ ਕੰਮ ਕੀਤੇ, ਜਿਸ ਕਾਰਨ ਉਨ੍ਹਾਂ ਨੂੰ ਕਲੀਸਿਯਾ ਵਿੱਚੋਂ ਛੇਕ ਦਿੱਤਾ ਗਿਆ। ਉਨ੍ਹਾਂ ਨੇ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਕਮਜ਼ੋਰ ਕਰ ਲਿਆ ਜਿਸ ਨਾਲ ਉਨ੍ਹਾਂ ਦੀਆਂ ਜ਼ਿੰਦਗੀਆਂ ਵਿਚ ਪਰਮੇਸ਼ੁਰ ਲਈ ਕੋਈ ਜਗ੍ਹਾ ਨਾ ਰਹੀ। ਪਰ ਪੌਲੁਸ ਨੇ ਕਿਹਾ: “ਪਰਮੇਸ਼ੁਰ ਨੇ ਸਾਨੂੰ ਪਲੀਤੀ ਲਈ ਨਹੀਂ ਸਗੋਂ ਪਵਿੱਤਰਤਾਈ ਵਿੱਚ ਸੱਦਿਆ। ਉਪਰੰਤ ਜੋ ਕੋਈ ਇਹ ਨੂੰ ਰੱਦਦਾ ਹੈ ਸੋ ਮਨੁੱਖ ਨੂੰ ਨਹੀਂ ਸਗੋਂ ਪਰਮੇਸ਼ੁਰ ਨੂੰ ਰੱਦਦਾ ਹੈ ਜਿਹੜਾ ਆਪਣਾ ਪਵਿੱਤਰ ਆਤਮਾ ਤੁਹਾਨੂੰ ਦਿੰਦਾ ਹੈ।”—1 ਥੱਸਲੁਨੀਕੀਆਂ 4:7, 8.
ਤੁਹਾਡਾ ਇਰਾਦਾ ਕੀ ਹੈ?
18. ਸਾਡਾ ਇਰਾਦਾ ਕੀ ਹੋਣਾ ਚਾਹੀਦਾ ਹੈ?
18 ਜੇ ਅਸੀਂ ਯਹੋਵਾਹ ਨੂੰ ਕੀਤੇ ਆਪਣੇ ਸਮਰਪਣ ਦੀ ਗੰਭੀਰਤਾ ਨੂੰ ਸਮਝਦੇ ਹਾਂ, ਤਾਂ ਸਾਨੂੰ ਕੀ ਕਰਨ ਦਾ ਇਰਾਦਾ ਕਰਨਾ ਚਾਹੀਦਾ ਹੈ? ਸਾਡਾ ਇਹ ਪੱਕਾ ਇਰਾਦਾ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਚਾਲ-ਚਲਣ ਤੇ ਸੇਵਕਾਈ ਦੇ ਮਾਮਲੇ ਵਿਚ ਆਪਣਾ ਅੰਤਹਕਰਣ ਸ਼ੁੱਧ ਰੱਖੀਏ। ਪਤਰਸ ਨੇ ਮਸੀਹੀਆਂ ਨੂੰ ਤਾਕੀਦ ਕੀਤੀ: “ਅੰਤਹਕਰਨ ਸ਼ੁੱਧ ਰੱਖੋ ਭਈ ਓਹ ਜਿਹੜੇ ਤੁਹਾਡੀ ਸ਼ੁਭ ਚਾਲ ਨੂੰ ਜੋ ਮਸੀਹ ਵਿੱਚ ਹੈ ਮੰਦਾ ਆਖਦੇ ਹਨ ਸੋ ਜਿਸ ਗੱਲ ਵਿੱਚ ਓਹ ਤੁਹਾਡੇ ਵਿਰੁੱਧ ਬੋਲਦੇ ਹਨ ਓਹ ਲੱਜਿਆਵਾਨ ਹੋਣ।” (1 ਪਤਰਸ 3:16) ਸਾਨੂੰ ਵੀ ਆਪਣੇ ਮਸੀਹੀ ਚਾਲ-ਚਲਣ ਕਰਕੇ ਬਦਸਲੂਕੀ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ ਜਿਸ ਤਰ੍ਹਾਂ ਮਸੀਹ ਨੂੰ ਵੀ ਪਰਮੇਸ਼ੁਰ ਪ੍ਰਤੀ ਆਪਣੀ ਵਫ਼ਾਦਾਰੀ ਤੇ ਨਿਹਚਾ ਬਣਾਈ ਰੱਖਣ ਕਰਕੇ ਬਦਸਲੂਕੀ ਦਾ ਸਾਮ੍ਹਣਾ ਕਰਨਾ ਪਿਆ ਸੀ। ਇਸ ਲਈ ਪਤਰਸ ਨੇ ਕਿਹਾ: “ਸੋ ਜਦੋਂ ਮਸੀਹ ਨੇ ਸਰੀਰ ਵਿੱਚ ਦੁਖ ਝੱਲਿਆ ਤਾਂ ਤੁਸੀਂ ਵੀ ਓਸੇ ਮਨਸ਼ਾ ਦੇ ਹਥਿਆਰ ਬੰਨ੍ਹੋਂ ਕਿਉਂਕਿ ਜਿਹ ਨੇ ਸਰੀਰ ਵਿੱਚ ਦੁਖ ਝੱਲਿਆ ਉਹ ਪਾਪ ਤੋਂ ਰਹਿਤ ਹੋਇਆ।”—1 ਪਤਰਸ 4:1.
19. ਸਾਡੀ ਭਗਤੀ ਸੰਬੰਧੀ ਦੂਜਿਆਂ ਦੀ ਕੀ ਰਾਇ ਹੋਣੀ ਚਾਹੀਦੀ ਹੈ?
19 ਆਪਣੇ ਸਮਰਪਣ ਦੇ ਅਨੁਸਾਰ ਜ਼ਿੰਦਗੀ ਜੀਉਣ ਦੇ ਪੱਕੇ ਇਰਾਦੇ ਕਰਕੇ ਅਸੀਂ ਸ਼ਤਾਨ ਦੇ ਸੰਸਾਰ ਦੇ ਫੰਦਿਆਂ ਵਿਚ ਫਸਣ ਤੋਂ ਬਚੇ ਰਹਾਂਗੇ ਜੋ ਇਸ ਵੇਲੇ ਅਧਿਆਤਮਿਕ, ਨੈਤਿਕ ਤੇ ਸਰੀਰਕ ਤੌਰ ਤੇ ਬੀਮਾਰ ਹੋ ਚੁੱਕਾ ਹੈ। ਪਰ ਇਸ ਤੋਂ ਇਲਾਵਾ ਸਾਨੂੰ ਇਸ ਗੱਲ ਦਾ ਭਰੋਸਾ ਹੋਵੇਗਾ ਕਿ ਯਹੋਵਾਹ ਸਾਡੀ ਭਗਤੀ ਨੂੰ ਸਵੀਕਾਰ ਕਰਦਾ ਹੈ ਜੋ ਸਾਡੇ ਲਈ ਸ਼ਤਾਨ ਤੇ ਉਸ ਦੇ ਏਜੰਟਾਂ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਚੀਜ਼ਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੈ। ਇਸ ਲਈ, ਦੂਸਰਿਆਂ ਨੂੰ ਕਦੀ ਵੀ ਇਹ ਕਹਿਣ ਦਾ ਮੌਕਾ ਨਾ ਦਿਓ ਕਿ ਅਸੀਂ ਸੱਚਾਈ ਲਈ ਆਪਣੇ ਪਹਿਲੇ ਪਿਆਰ ਨੂੰ ਛੱਡ ਦਿੱਤਾ ਹੈ। ਇਸ ਦੀ ਬਜਾਇ, ਪਹਿਲੀ ਸਦੀ ਦੀ ਥੂਆਤੀਰੇ ਦੀ ਕਲੀਸਿਯਾ ਵਾਂਗ ਸਾਡੇ ਬਾਰੇ ਵੀ ਇਹ ਕਿਹਾ ਜਾਵੇ: “ਮੈਂ ਤੇਰੇ ਕੰਮਾਂ ਨੂੰ ਅਤੇ ਤੇਰੇ ਪ੍ਰੇਮ, ਨਿਹਚਾ, ਸੇਵਾ ਅਤੇ ਸਬਰ ਨੂੰ ਜਾਣਦਾ ਹਾਂ, ਨਾਲੇ ਇਹ ਭਈ ਤੇਰੇ ਪਿਛਲੇ ਕੰਮ ਪਹਿਲਿਆਂ ਨਾਲੋਂ ਵਧ ਹਨ।” (ਪਰਕਾਸ਼ ਦੀ ਪੋਥੀ 2:4, 18, 19) ਜੀ ਹਾਂ, ਆਓ ਆਪਾਂ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰਨ ਦੇ ਜੋਸ਼ ਨੂੰ ਸੀਲਗਰਮ ਨਾ ਹੋਣ ਦੇਈਏ, ਸਗੋਂ ਅੰਤ ਤਕ “ਆਤਮਾ ਵਿਚ ਸਰਗਰਮ” ਰਹੀਏ। ਤੇ ਅੰਤ ਬਹੁਤ ਹੀ ਨੇੜੇ ਹੈ!—ਰੋਮੀਆਂ 12:11; ਪਰਕਾਸ਼ ਦੀ ਪੋਥੀ 3:15, 16.
[ਫੁਟਨੋਟ]
b ਅਰਨਸਟ ਬੀਵਰ ਦੀ ਜ਼ਿੰਦਗੀ ਬਾਰੇ ਹੋਰ ਜ਼ਿਆਦਾ ਜਾਣਨ ਲਈ ਪਹਿਰਾਬੁਰਜ (ਅੰਗ੍ਰੇਜ਼ੀ), 15 ਮਾਰਚ 1980, ਸਫ਼ੇ 8-11 ਦੇਖੋ।
c ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਛਾਪੀ ਗਈ ਕਿਤਾਬ 1978 ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ (ਅੰਗ੍ਰੇਜ਼ੀ), ਸਫ਼ੇ 156-8, 201-18 ਦੇਖੋ।
ਕੀ ਤੁਹਾਨੂੰ ਯਾਦ ਹੈ?
• ਸਮਰਪਣ ਦਾ ਕੀ ਮਤਲਬ ਹੈ?
• ਪੁਰਾਣੇ ਤੇ ਅੱਜ ਦੇ ਸਮੇਂ ਵਿਚ ਪਰਮੇਸ਼ੁਰ ਦੇ ਕਿਹੜੇ ਸਮਰਪਿਤ ਸੇਵਕਾਂ ਦੀ ਮਿਸਾਲ ਤੇ ਸਾਨੂੰ ਚੱਲਣਾ ਚਾਹੀਦਾ ਹੈ?
• ਪਰਮੇਸ਼ੁਰ ਦੀ ਸੇਵਾ ਕਰਨ ਪ੍ਰਤੀ ਸਾਡਾ ਨਜ਼ਰੀਆ ਕੀ ਹੋਣਾ ਚਾਹੀਦਾ ਹੈ?
• ਪਰਮੇਸ਼ੁਰ ਨੂੰ ਕੀਤੇ ਆਪਣੇ ਸਮਰਪਣ ਸੰਬੰਧੀ ਸਾਡਾ ਕੀ ਇਰਾਦਾ ਹੋਣਾ ਚਾਹੀਦਾ ਹੈ?
[ਸਫ਼ੇ 15 ਉੱਤੇ ਤਸਵੀਰ]
ਯਿਰਮਿਯਾਹ ਆਪਣੇ ਉੱਤੇ ਅਤਿਆਚਾਰ ਹੋਣ ਦੇ ਬਾਵਜੂਦ ਵੀ ਵਫ਼ਾਦਾਰ ਰਿਹਾ
[ਸਫ਼ੇ 16 ਉੱਤੇ ਤਸਵੀਰ]
ਅਰਨਸਟ ਬੀਵਰ ਨੇ ਇਕ ਜੋਸ਼ੀਲੇ ਮਸੀਹੀ ਵਜੋਂ ਆਪਣੇ ਬੱਚਿਆਂ ਲਈ ਇਕ ਚੰਗੀ ਮਿਸਾਲ ਕਾਇਮ ਕੀਤੀ
[ਸਫ਼ੇ 17 ਉੱਤੇ ਤਸਵੀਰ]
ਸਪੇਨ ਦੀਆਂ ਜੇਲ੍ਹਾਂ ਵਿਚ ਸੈਂਕੜੇ ਨੌਜਵਾਨ ਗਵਾਹਾਂ ਨੇ ਆਪਣੀ ਖਰਿਆਈ ਨੂੰ ਬਣਾਈ ਰੱਖਿਆ
[ਸਫ਼ੇ 18 ਉੱਤੇ ਤਸਵੀਰਾਂ]
ਆਓ ਆਪਾਂ ਹਰ ਰੋਜ਼ ਆਪਣੇ ਅਧਿਆਤਮਿਕ ਖਾਤੇ ਵਿਚ ਕੁਝ ਨਾ ਕੁਝ ਜਮਾਂ ਕਰਵਾਈਏ