ਦ੍ਰਿੜ੍ਹ ਰਹੋ ਅਤੇ ਜ਼ਿੰਦਗੀ ਦੀ ਦੌੜ ਜਿੱਤ ਲਓ
ਮੰਨ ਲਓ ਜੇ ਤੁਹਾਨੂੰ ਤੂਫ਼ਾਨੀ ਸਮੁੰਦਰ ਵਿਚ ਸਫ਼ਰ ਕਰਨਾ ਪੈ ਜਾਵੇ, ਤਾਂ ਤੁਸੀਂ ਕਿਹੜੀ ਕਿਸ਼ਤੀ ਵਿਚ ਜਾਣਾ ਚਾਹੋਗੇ? ਕੀ ਤੁਸੀਂ ਛੋਟੀ ਜਿਹੀ ਕਿਸ਼ਤੀ ਵਿਚ ਜਾਣਾ ਚਾਹੋਗੇ ਜਾਂ ਮਜ਼ਬੂਤ ਤੇ ਟਿਕਾਊ ਜਹਾਜ਼ ਵਿਚ? ਇਸ ਵਿਚ ਕੋਈ ਸ਼ੱਕ ਨਹੀਂ ਕਿ ਤੁਸੀਂ ਜਹਾਜ਼ ਵਿਚ ਜਾਣਾ ਚਾਹੋਗੇ ਕਿਉਂਕਿ ਇਹ ਤੂਫ਼ਾਨੀ ਲਹਿਰਾਂ ਦਾ ਡੱਟ ਕੇ ਮੁਕਾਬਲਾ ਕਰ ਸਕਦਾ ਹੈ।
ਇਸ ਤੂਫ਼ਾਨੀ ਅਤੇ ਖ਼ਤਰਨਾਕ ਦੁਨੀਆਂ ਵਿਚ ਰਹਿੰਦਿਆਂ ਸਾਨੂੰ ਡਾਵਾਂ-ਡੋਲ ਕਰ ਦੇਣ ਵਾਲੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਮਿਸਾਲ ਵਜੋਂ, ਨੌਜਵਾਨ ਇਸ ਦੁਨੀਆਂ ਦੇ ਵਿਚਾਰਾਂ ਅਤੇ ਫ਼ੈਸ਼ਨਾਂ ਕਾਰਨ ਕਈ ਵਾਰੀ ਉਲਝਣ ਵਿਚ ਪੈ ਜਾਂਦੇ ਹਨ ਕਿ ਉਹ ਇਨ੍ਹਾਂ ਉੱਤੇ ਚੱਲਣ ਜਾਂ ਨਾ ਚੱਲਣ। ਕੁਝ ਨਵੇਂ ਬਣੇ ਮਸੀਹੀ ਸ਼ਾਇਦ ਅਜੇ ਵੀ ਨਿਹਚਾ ਵਿਚ ਇੰਨੇ ਮਜ਼ਬੂਤ ਨਾ ਹੋਣ। ਕਈ ਸਾਲਾਂ ਤੋਂ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਕੁਝ ਦ੍ਰਿੜ੍ਹ ਮਸੀਹੀ ਵੀ ਅਜ਼ਮਾਇਸ਼ ਵਿਚ ਪੈ ਸਕਦੇ ਹਨ ਕਿਉਂਕਿ ਜੋ ਉਨ੍ਹਾਂ ਨੇ ਉਮੀਦਾਂ ਲਾਈਆਂ ਹੋਈਆਂ ਸਨ, ਉਹ ਅਜੇ ਪੂਰੀਆਂ ਨਹੀਂ ਹੋਈਆਂ।
ਇਸ ਤਰ੍ਹਾਂ ਮਹਿਸੂਸ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਮੂਸਾ, ਅੱਯੂਬ ਅਤੇ ਦਾਊਦ ਵਰਗੇ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਵੀ ਕਦੇ-ਕਦੇ ਡਾਵਾਂ-ਡੋਲ ਕਰ ਦੇਣ ਵਾਲੇ ਹਾਲਾਤਾਂ ਵਿੱਚੋਂ ਗੁਜ਼ਰਨਾ ਪਿਆ ਸੀ। (ਗਿਣਤੀ 11:14, 15; ਅੱਯੂਬ 3:1-4; ਜ਼ਬੂਰਾਂ ਦੀ ਪੋਥੀ 55:4) ਪਰ ਉਹ ਜ਼ਿੰਦਗੀ ਭਰ ਦ੍ਰਿੜ੍ਹਤਾ ਨਾਲ ਯਹੋਵਾਹ ਦੀ ਭਗਤੀ ਕਰਦੇ ਰਹੇ। ਉਨ੍ਹਾਂ ਦੀ ਵਧੀਆ ਮਿਸਾਲ ਤੋਂ ਸਾਨੂੰ ਵੀ ਦ੍ਰਿੜ੍ਹ ਹੋਣ ਦੀ ਹੱਲਾਸ਼ੇਰੀ ਮਿਲਦੀ ਹੈ, ਪਰ ਸ਼ਤਾਨ ਚਾਹੁੰਦਾ ਹੈ ਕਿ ਅਸੀਂ ਸਦਾ ਦੀ ਜ਼ਿੰਦਗੀ ਦੇ ਰਾਹ ਤੋਂ ਭਟਕ ਜਾਈਏ। (ਲੂਕਾ 22:31) ਤਾਂ ਫਿਰ ਅਸੀਂ “ਨਿਹਚਾ ਵਿੱਚ ਤਕੜੇ” ਕਿਵੇਂ ਰਹਿ ਸਕਦੇ ਹਾਂ? (1 ਪਤਰਸ 5:9) ਨਾਲੇ ਅਸੀਂ ਆਪਣੇ ਭੈਣ-ਭਰਾਵਾਂ ਦੀ ਦ੍ਰਿੜ੍ਹ ਰਹਿਣ ਵਿਚ ਕਿਵੇਂ ਮਦਦ ਕਰ ਸਕਦੇ ਹਾਂ?
ਯਹੋਵਾਹ ਚਾਹੁੰਦਾ ਹੈ ਕਿ ਅਸੀਂ ਦ੍ਰਿੜ੍ਹ ਹੋਈਏ
ਜੇ ਅਸੀਂ ਯਹੋਵਾਹ ਨਾਲ ਵਫ਼ਾਦਾਰ ਰਹਿੰਦੇ ਹਾਂ, ਤਾਂ ਉਹ ਦ੍ਰਿੜ੍ਹ ਰਹਿਣ ਵਿਚ ਹਮੇਸ਼ਾ ਸਾਡੀ ਮਦਦ ਕਰੇਗਾ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਸੀ, ਪਰ ਉਸ ਨੇ ਪਰਮੇਸ਼ੁਰ ਉੱਤੇ ਭਰੋਸਾ ਰੱਖਿਆ ਜਿਸ ਕਰਕੇ ਉਹ ਇਹ ਭਜਨ ਗਾ ਸਕਿਆ: “[ਯਹੋਵਾਹ] ਨੇ ਮੈਨੂੰ ਭਿਆਣਕ ਟੋਏ ਵਿੱਚੋਂ ਸਗੋਂ ਚਿੱਕੜ ਦੀ ਖੁੱਭਣ ਵਿੱਚੋਂ ਕੱਢ ਲਿਆ, ਅਤੇ ਮੇਰੇ ਪੈਰਾਂ ਨੂੰ ਚਟਾਨ ਉੱਤੇ ਰੱਖ ਕੇ ਮੇਰੀਆਂ ਚਾਲਾਂ ਨੂੰ ਦ੍ਰਿੜ੍ਹ ਕੀਤਾ।”—ਜ਼ਬੂਰਾਂ ਦੀ ਪੋਥੀ 40:2.
ਯਹੋਵਾਹ ਸਾਨੂੰ “ਨਿਹਚਾ ਦੀ ਚੰਗੀ ਲੜਾਈ” ਲੜਨ ਦੀ ਤਾਕਤ ਦਿੰਦਾ ਹੈ, ਤਾਂਕਿ ਅਸੀਂ “ਸਦੀਪਕ ਜੀਵਨ ਨੂੰ ਫੜ” ਸਕੀਏ। (1 ਤਿਮੋਥਿਉਸ 6:12) ਉਹ ਦ੍ਰਿੜ੍ਹ ਰਹਿਣ ਅਤੇ ਅਧਿਆਤਮਿਕ ਲੜਾਈ ਜਿੱਤਣ ਲਈ ਸਾਡੀ ਮਦਦ ਵੀ ਕਰਦਾ ਹੈ। ਪੌਲੁਸ ਰਸੂਲ ਨੇ ਸੰਗੀ ਮਸੀਹੀਆਂ ਨੂੰ ‘ਪ੍ਰਭੁ ਵਿੱਚ ਅਤੇ ਉਹ ਦੀ ਸ਼ਕਤੀ ਦੇ ਪਰਾਕਰਮ ਵਿੱਚ ਤਕੜੇ ਹੋਣ ਅਤੇ ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਧਾਰਨ’ ਲਈ ਕਿਹਾ ਸੀ, ਤਾਂਕਿ ‘ਉਹ ਸ਼ਤਾਨ ਦੇ ਛਲ ਛਿੱਦ੍ਰਾਂ ਦੇ ਸਾਹਮਣੇ ਖਲੋ ਸਕਣ।’ (ਅਫ਼ਸੀਆਂ 6:10-17) ਪਰ ਸਾਨੂੰ ਕਿਹੜੀ ਗੱਲ ਡਾਵਾਂ-ਡੋਲ ਜਾਂ ਕਮਜ਼ੋਰ ਕਰ ਸਕਦੀ ਹੈ? ਨਾਲੇ ਅਸੀਂ ਖ਼ਤਰਨਾਕ ਅਸਰਾਂ ਤੋਂ ਕਿਵੇਂ ਆਪਣਾ ਬਚਾਅ ਕਰ ਸਕਦੇ ਹਾਂ?
ਬੁਰੇ ਅਸਰਾਂ ਤੋਂ ਖ਼ਬਰਦਾਰ ਰਹੋ
ਸਾਨੂੰ ਇਹ ਜ਼ਰੂਰੀ ਗੱਲ ਚੇਤੇ ਰੱਖਣੀ ਚਾਹੀਦੀ ਹੈ: ਅਸੀਂ ਜੋ ਵੀ ਫ਼ੈਸਲੇ ਕਰਦੇ ਹਾਂ, ਉਹ ਸਾਨੂੰ ਜਾਂ ਤਾਂ ਮਜ਼ਬੂਤ ਕਰ ਸਕਦੇ ਹਨ ਜਾਂ ਫਿਰ ਕਮਜ਼ੋਰ। ਨੌਜਵਾਨਾਂ ਨੂੰ ਆਪਣਾ ਕੈਰੀਅਰ ਬਣਾਉਣ, ਉੱਚ-ਵਿੱਦਿਆ ਲੈਣ ਅਤੇ ਵਿਆਹ ਦੇ ਮਾਮਲੇ ਵਿਚ ਫ਼ੈਸਲੇ ਕਰਨੇ ਪੈਂਦੇ ਹਨ। ਕਈ ਲੋਕਾਂ ਨੂੰ ਸ਼ਾਇਦ ਕਿਸੇ ਹੋਰ ਸ਼ਹਿਰ ਜਾ ਕੇ ਰਹਿਣ ਜਾਂ ਫਿਰ ਆਪਣੀ ਆਮਦਨੀ ਵਧਾਉਣ ਲਈ ਇਕ ਹੋਰ ਨੌਕਰੀ ਕਰਨ ਬਾਰੇ ਫ਼ੈਸਲਾ ਕਰਨਾ ਪੈ ਸਕਦਾ ਹੈ। ਹਰ ਰੋਜ਼ ਅਸੀਂ ਸਮੇਂ ਦੀ ਵਰਤੋਂ ਬਾਰੇ ਅਤੇ ਕਈ ਹੋਰ ਮਾਮਲਿਆਂ ਬਾਰੇ ਫ਼ੈਸਲੇ ਕਰਦੇ ਹਾਂ। ਕਿਹੜੀ ਗੱਲ ਚੰਗੇ ਫ਼ੈਸਲੇ ਕਰਨ ਵਿਚ ਸਾਡੀ ਮਦਦ ਕਰੇਗੀ ਤਾਂਕਿ ਅਸੀਂ ਪਰਮੇਸ਼ੁਰ ਦੇ ਦ੍ਰਿੜ੍ਹ ਸੇਵਕ ਬਣ ਸਕੀਏ? ਇਕ ਭੈਣ, ਜੋ ਕਈ ਸਾਲਾਂ ਤੋਂ ਸੱਚਾਈ ਵਿਚ ਹੈ, ਨੇ ਕਿਹਾ: “ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਮੈਂ ਯਹੋਵਾਹ ਤੋਂ ਮਦਦ ਮੰਗਦੀ ਹਾਂ। ਮੇਰੇ ਖ਼ਿਆਲ ਵਿਚ ਬਾਈਬਲ, ਮਸੀਹੀ ਸਭਾਵਾਂ, ਬਜ਼ੁਰਗਾਂ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦੁਆਰਾ ਦਿੱਤੀ ਸਲਾਹ ਨੂੰ ਮੰਨਣਾ ਅਤੇ ਉਸ ਮੁਤਾਬਕ ਚੱਲਣਾ ਬਹੁਤ ਜ਼ਰੂਰੀ ਹੈ।”
ਚੰਗਾ ਹੋਵੇਗਾ ਜੇ ਅਸੀਂ ਫ਼ੈਸਲੇ ਕਰਨ ਲੱਗਿਆਂ ਆਪਣੇ ਆਪ ਤੋਂ ਇਹ ਸਵਾਲ ਪੁੱਛੀਏ: ‘ਜਿਹੜਾ ਫ਼ੈਸਲਾ ਮੈਂ ਹੁਣ ਕਰ ਰਿਹਾ ਹਾਂ, ਕੀ ਮੈਨੂੰ ਆਪਣੇ ਇਸ ਫ਼ੈਸਲੇ ਤੋਂ ਪੰਜਾਂ ਜਾਂ ਦਸਾਂ ਸਾਲਾਂ ਬਾਅਦ ਪਛਤਾਉਣਾ ਤਾਂ ਨਹੀਂ ਪਵੇਗਾ? ਕੀ ਮੈਂ ਇਸ ਗੱਲ ਦਾ ਪੂਰਾ ਧਿਆਨ ਰੱਖਦਾ ਹਾਂ ਕਿ ਮੇਰੇ ਫ਼ੈਸਲਿਆਂ ਦਾ ਮੇਰੀ ਅਧਿਆਤਮਿਕਤਾ ਉੱਤੇ ਮਾੜਾ ਅਸਰ ਨਾ ਪਵੇ, ਸਗੋਂ ਇਨ੍ਹਾਂ ਨਾਲ ਮੈਨੂੰ ਅਧਿਆਤਮਿਕ ਤੌਰ ਤੇ ਤਰੱਕੀ ਕਰਨ ਵਿਚ ਮਦਦ ਮਿਲੇ?—1 ਤਿਮੋਥਿਉਸ 4:15.
ਪਰਤਾਵਿਆਂ ਵਿਚ ਪੈਣ ਜਾਂ ਪਰਮੇਸ਼ੁਰ ਦੇ ਕਾਨੂੰਨਾਂ ਪ੍ਰਤੀ ਲਾਪਰਵਾਹੀ ਵਰਤਣ ਕਰਕੇ ਕੁਝ ਬਪਤਿਸਮਾ-ਪ੍ਰਾਪਤ ਭੈਣ-ਭਰਾ ਦੋਹਰੀ ਜ਼ਿੰਦਗੀ ਜੀਉਣ ਲੱਗ ਪੈਂਦੇ ਹਨ। ਕੁਝ ਲੋਕਾਂ ਨੂੰ ਕਲੀਸਿਯਾ ਵਿੱਚੋਂ ਛੇਕ ਦਿੱਤਾ ਗਿਆ ਕਿਉਂਕਿ ਉਹ ਆਪਣੇ ਪਾਪੀ ਰਾਹਾਂ ਤੋਂ ਨਹੀਂ ਮੁੜੇ। ਬਾਅਦ ਵਿਚ ਇਨ੍ਹਾਂ ਲੋਕਾਂ ਨੇ ਕਲੀਸਿਯਾ ਵਿਚ ਮੁੜ-ਬਹਾਲ ਹੋਣ ਲਈ ਸਖ਼ਤ ਮਿਹਨਤ ਕੀਤੀ। ਪਰ ਥੋੜ੍ਹੇ ਸਮੇਂ ਬਾਅਦ ਉਨ੍ਹਾਂ ਨੂੰ ਫਿਰ ਤੋਂ ਕਲੀਸਿਯਾ ਵਿੱਚੋਂ ਛੇਕ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਦੁਬਾਰਾ ਉਹੀ ਪਾਪ ਕੀਤਾ। ਹੋ ਸਕਦਾ ਹੈ ਕਿ ਉਨ੍ਹਾਂ ਨੇ ‘ਬੁਰਿਆਈ ਤੋਂ ਸੂਗ ਕਰਨ ਅਤੇ ਭਲਿਆਈ ਨਾਲ ਮਿਲੇ ਰਹਿਣ’ ਲਈ ਮਦਦ ਵਾਸਤੇ ਪਰਮੇਸ਼ੁਰ ਨੂੰ ਪ੍ਰਾਰਥਨਾ ਨਹੀਂ ਕੀਤੀ ਸੀ। (ਰੋਮੀਆਂ 12:9; ਜ਼ਬੂਰਾਂ ਦੀ ਪੋਥੀ 97:10) ਸਾਨੂੰ ਸਾਰਿਆਂ ਨੂੰ ਹੀ “ਆਪਣੇ ਪੈਰਾਂ ਲਈ ਸਿੱਧੇ ਰਾਹ” ਬਣਾਉਣ ਦੀ ਲੋੜ ਹੈ। (ਇਬਰਾਨੀਆਂ 12:13) ਇਸ ਲਈ ਆਓ ਆਪਾਂ ਕੁਝ ਗੱਲਾਂ ਤੇ ਗੌਰ ਕਰੀਏ ਜੋ ਅਧਿਆਤਮਿਕ ਤੌਰ ਤੇ ਦ੍ਰਿੜ੍ਹ ਰਹਿਣ ਵਿਚ ਸਾਡੀ ਮਦਦ ਕਰਨਗੀਆਂ।
ਦ੍ਰਿੜ੍ਹ ਰਹਿਣ ਲਈ ਮਸੀਹੀ ਕੰਮਾਂ ਵਿਚ ਲੱਗੇ ਰਹੋ
ਸਦੀਪਕ ਜ਼ਿੰਦਗੀ ਦੀ ਦੌੜ ਵਿਚ ਸਹੀ ਰਫ਼ਤਾਰ ਨਾਲ ਦੌੜਨ ਦਾ ਇਕ ਤਰੀਕਾ ਹੈ, ਰਾਜ ਦਾ ਪ੍ਰਚਾਰ ਕਰਨ ਵਿਚ ਵਧ-ਚੜ੍ਹ ਕੇ ਹਿੱਸਾ ਲੈਣਾ। ਜੀ ਹਾਂ, ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਅਤੇ ਸਦਾ ਦੀ ਜ਼ਿੰਦਗੀ ਦੇ ਇਨਾਮ ਉੱਤੇ ਆਪਣੀ ਨਜ਼ਰ ਟਿਕਾਈ ਰੱਖਣ ਵਿਚ ਮਸੀਹੀ ਸੇਵਕਾਈ ਸਾਡੀ ਬਹੁਤ ਮਦਦ ਕਰਦੀ ਹੈ। ਇਸ ਬਾਰੇ ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਕਿਹਾ ਸੀ: “ਹੇ ਮੇਰੇ ਪਿਆਰੇ ਭਰਾਵੋ, ਤੁਸੀਂ ਇਸਥਿਰ ਅਤੇ ਅਡੋਲ ਹੋਵੋ ਅਤੇ ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਓ ਕਿਉਂ ਜੋ ਤੁਸੀਂ ਜਾਣਦੇ ਹੋ ਜੋ ਪ੍ਰਭੁ ਵਿੱਚ ਤੁਹਾਡੀ ਮਿਹਨਤ ਥੋਥੀ ਨਹੀਂ ਹੈ।” (1 ਕੁਰਿੰਥੀਆਂ 15:58) “ਇਸਥਿਰ” ਹੋਣ ਦਾ ਮਤਲਬ ਹੈ, ‘ਆਪਣੀ ਥਾਂ ਤੇ ਮਜ਼ਬੂਤੀ ਨਾਲ ਟਿਕੇ ਰਹਿਣਾ।’ “ਅਡੋਲ” ਲਈ ਵਰਤੇ ਗਏ ਯੂਨਾਨੀ ਸ਼ਬਦ ਦਾ ਮਤਲਬ ਹੋ ਸਕਦਾ ਹੈ, ‘ਜਹਾਜ਼ ਦਾ ਘਾਟ ਉੱਤੇ ਮਜ਼ਬੂਤੀ ਨਾਲ ਬੱਝਿਆ ਹੋਣਾ।’ ਇਸ ਲਈ, ਪ੍ਰਚਾਰ ਕਰਨ ਵਿਚ ਰੁੱਝੇ ਰਹਿਣ ਨਾਲ ਅਸੀਂ ਸੱਚਾਈ ਵਿਚ ਟਿਕੇ ਰਹਿ ਸਕਦੇ ਹਾਂ। ਯਹੋਵਾਹ ਨੂੰ ਜਾਣਨ ਵਿਚ ਦੂਜੇ ਲੋਕਾਂ ਦੀ ਮਦਦ ਕਰਨ ਨਾਲ ਸਾਡੀ ਜ਼ਿੰਦਗੀ ਨੂੰ ਮਕਸਦ ਮਿਲਦਾ ਹੈ ਤੇ ਸਾਨੂੰ ਖ਼ੁਸ਼ੀ ਹੁੰਦੀ ਹੈ।—ਰਸੂਲਾਂ ਦੇ ਕਰਤੱਬ 20:35.
ਪੌਲੀਨ ਨੇ ਇਕ ਮਿਸ਼ਨਰੀ ਅਤੇ ਪਾਇਨੀਅਰ ਵਜੋਂ 30 ਨਾਲੋਂ ਜ਼ਿਆਦਾ ਸਾਲ ਸੇਵਾ ਕੀਤੀ ਹੈ। ਉਹ ਕਹਿੰਦੀ ਹੈ: “ਪ੍ਰਚਾਰ ਦਾ ਕੰਮ ਮੇਰੀ ਰਾਖੀ ਕਰਦਾ ਹੈ ਕਿਉਂਕਿ ਦੂਜਿਆਂ ਨੂੰ ਗਵਾਹੀ ਦੇਣ ਨਾਲ ਮੇਰੀ ਨਿਹਚਾ ਹੋਰ ਦ੍ਰਿੜ੍ਹ ਹੁੰਦੀ ਹੈ ਕਿ ਮੇਰੇ ਕੋਲ ਸੱਚਾਈ ਹੈ।” ਹੋਰਨਾਂ ਮਸੀਹੀ ਕੰਮਾਂ ਵਿਚ ਲੱਗੇ ਰਹਿਣ ਨਾਲ ਵੀ ਸਾਡੀ ਨਿਹਚਾ ਦ੍ਰਿੜ੍ਹ ਹੁੰਦੀ ਹੈ, ਜਿਵੇਂ ਕਿ ਭਗਤੀ ਲਈ ਸਭਾਵਾਂ ਵਿਚ ਹਾਜ਼ਰ ਹੋਣਾ ਅਤੇ ਨਿੱਜੀ ਬਾਈਬਲ ਅਧਿਐਨ ਕਰਨਾ।
ਸਾਡਾ ਪਿਆਰਾ ਭਾਈਚਾਰਾ ਸਾਨੂੰ ਦ੍ਰਿੜ੍ਹ ਬਣਾਉਂਦਾ ਹੈ
ਸੱਚੇ ਭਗਤਾਂ ਦੇ ਵਿਸ਼ਵ-ਵਿਆਪੀ ਸੰਗਠਨ ਦਾ ਹਿੱਸਾ ਬਣਨ ਨਾਲ ਅਸੀਂ ਨਿਹਚਾ ਵਿਚ ਦ੍ਰਿੜ੍ਹ ਹੋ ਸਕਦੇ ਹਾਂ। ਅਜਿਹੇ ਵਿਸ਼ਵ-ਵਿਆਪੀ ਭਾਈਚਾਰੇ ਨਾਲ ਸੰਗਤ ਕਰਨੀ ਇਕ ਵੱਡੀ ਬਰਕਤ ਹੈ! (1 ਪਤਰਸ 2:17) ਅਸੀਂ ਵੀ ਆਪਣੇ ਭੈਣ-ਭਰਾਵਾਂ ਦੀ ਅਧਿਆਤਮਿਕ ਤੌਰ ਤੇ ਮਜ਼ਬੂਤ ਹੋਣ ਵਿਚ ਮਦਦ ਕਰ ਸਕਦੇ ਹਾਂ।
ਧਰਮੀ ਆਦਮੀ ਅੱਯੂਬ ਦੇ ਉਨ੍ਹਾਂ ਕੰਮਾਂ ਉੱਤੇ ਗੌਰ ਕਰੋ ਜੋ ਉਸ ਨੇ ਦੂਜਿਆਂ ਦੀ ਮਦਦ ਕਰਨ ਲਈ ਕੀਤੇ ਸਨ। ਉਸ ਨੂੰ ਝੂਠੀ ਤਸੱਲੀ ਦੇਣ ਵਾਲੇ ਅਲੀਫ਼ਜ਼ ਨੇ ਵੀ ਮੰਨਿਆ: “ਤੇਰੀਆਂ ਗੱਲਾਂ ਨੇ ਡਗਮਗਾਉਂਦੇ ਨੂੰ ਥੰਮ੍ਹਿਆ, ਅਤੇ ਤੈਂ ਭਿੜਦਿਆਂ ਗੋਡਿਆਂ ਨੂੰ ਮਜ਼ਬੂਤ ਕੀਤਾ।” (ਅੱਯੂਬ 4:4) ਕੀ ਅਸੀਂ ਦੂਸਰਿਆਂ ਦੀ ਮਦਦ ਕਰ ਰਹੇ ਹਾਂ? ਸਾਡੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਅਧਿਆਤਮਿਕ ਭੈਣ-ਭਰਾਵਾਂ ਦੀ ਮਦਦ ਕਰੀਏ, ਤਾਂਕਿ ਉਹ ਪਰਮੇਸ਼ੁਰ ਦੀ ਸੇਵਾ ਕਰਦੇ ਰਹਿਣ। ਅਸੀਂ ਆਪਣੇ ਭੈਣ-ਭਰਾਵਾਂ ਦੀ ਇਨ੍ਹਾਂ ਸ਼ਬਦਾਂ ਦੇ ਅਨੁਸਾਰ ਮਦਦ ਕਰ ਸਕਦੇ ਹਾਂ: “ਢਿੱਲੇ ਹੱਥਾਂ ਨੂੰ ਤਕੜੇ ਕਰੋ, ਅਤੇ ਹਿੱਲਦਿਆਂ ਗੋਡਿਆਂ ਨੂੰ ਮਜ਼ਬੂਤ ਕਰੋ!” (ਯਸਾਯਾਹ 35:3) ਇਸ ਲਈ ਤੁਸੀਂ ਕਿਉਂ ਨਾ ਹਰ ਵਾਰ ਆਪਣੇ ਭੈਣ-ਭਰਾਵਾਂ ਨੂੰ ਮਿਲਦੇ ਸਮੇਂ ਇਕ ਜਾਂ ਦੋ ਜਣਿਆਂ ਨੂੰ ਮਜ਼ਬੂਤ ਕਰਨ ਤੇ ਹੌਸਲਾ ਦੇਣ ਦਾ ਆਪਣਾ ਟੀਚਾ ਰੱਖੋ? (ਇਬਰਾਨੀਆਂ 10:24, 25) ਜਦੋਂ ਅਸੀਂ ਯਹੋਵਾਹ ਨੂੰ ਖ਼ੁਸ਼ ਕਰਨ ਲਈ ਕੀਤੇ ਉਨ੍ਹਾਂ ਦੇ ਜਤਨਾਂ ਦੀ ਤਾਰੀਫ਼ ਅਤੇ ਕਦਰ ਕਰਦੇ ਹਾਂ, ਤਾਂ ਉਨ੍ਹਾਂ ਨੂੰ ਜ਼ਿੰਦਗੀ ਦੀ ਦੌੜ ਜਿੱਤਣ ਲਈ ਦ੍ਰਿੜ੍ਹ ਰਹਿਣ ਵਿਚ ਮਦਦ ਮਿਲਦੀ ਹੈ।
ਮਸੀਹੀ ਬਜ਼ੁਰਗ ਨਵੇਂ ਭੈਣ-ਭਰਾਵਾਂ ਨੂੰ ਮਦਦਗਾਰ ਸੁਝਾਅ ਅਤੇ ਬਾਈਬਲ ਵਿੱਚੋਂ ਸਲਾਹ ਦੇ ਕੇ ਅਤੇ ਸੇਵਕਾਈ ਵਿਚ ਉਨ੍ਹਾਂ ਨਾਲ ਕੰਮ ਕਰ ਕੇ ਉਨ੍ਹਾਂ ਨੂੰ ਉਤਸ਼ਾਹ ਦੇ ਸਕਦੇ ਹਨ। ਪੌਲੁਸ ਰਸੂਲ ਹਮੇਸ਼ਾ ਦੂਜਿਆਂ ਨੂੰ ਉਤਸ਼ਾਹਿਤ ਕਰਨ ਦੇ ਮੌਕਿਆਂ ਦੀ ਭਾਲ ਵਿਚ ਰਹਿੰਦਾ ਸੀ। ਉਹ ਰੋਮ ਵਿਚ ਰਹਿੰਦੇ ਮਸੀਹੀਆਂ ਨੂੰ ਦੇਖਣ ਲਈ ਤਰਸਦਾ ਸੀ, ਤਾਂਕਿ ਉਹ ਅਧਿਆਤਮਿਕ ਤੌਰ ਤੇ ਮਜ਼ਬੂਤ ਹੋਣ ਵਿਚ ਉਨ੍ਹਾਂ ਦੀ ਮਦਦ ਕਰ ਸਕੇ। (ਰੋਮੀਆਂ 1:11) ਉਹ ਫ਼ਿਲਿੱਪੈ ਵਿਚ ਰਹਿੰਦੇ ਆਪਣੇ ਪਿਆਰੇ ਭੈਣ-ਭਰਾਵਾਂ ਨੂੰ ਆਪਣਾ “ਅਨੰਦ ਅਤੇ ਮੁਕਟ” ਸਮਝਦਾ ਸੀ। ਉਸ ਨੇ ਉਨ੍ਹਾਂ ਨੂੰ ‘ਪ੍ਰਭੁ ਵਿੱਚ ਦ੍ਰਿੜ੍ਹ ਰਹਿਣ’ ਲਈ ਉਤਸ਼ਾਹਿਤ ਕੀਤਾ। (ਫ਼ਿਲਿੱਪੀਆਂ 4:1) ਪੌਲੁਸ ਨੇ ਥੱਸਲੁਨੀਕਾ ਵਿਚ ਆਪਣੇ ਭਰਾਵਾਂ ਦੀਆਂ ਮੁਸ਼ਕਲਾਂ ਬਾਰੇ ਸੁਣ ਕੇ ਤਿਮੋਥਿਉਸ ਨੂੰ ਉੱਥੇ ਘੱਲਿਆ, ਤਾਂਕਿ ਉਹ ‘ਉਨ੍ਹਾਂ ਨੂੰ ਤਕੜਿਆਂ ਕਰੇ ਅਤੇ ਉਨ੍ਹਾਂ ਨੂੰ ਤਸੱਲੀ ਦੇਵੇ, ਤਾਂ ਜੋ ਬਿਪਤਾਂ ਕਰਕੇ ਕੋਈ ਡੋਲ ਨਾ ਜਾਵੇ।’—1 ਥੱਸਲੁਨੀਕੀਆਂ 3:1-3.
ਪੌਲੁਸ ਅਤੇ ਪਤਰਸ ਰਸੂਲ ਦੋਹਾਂ ਨੇ ਆਪਣੇ ਵਫ਼ਾਦਾਰ ਭੈਣ-ਭਰਾਵਾਂ ਦੀ ਮਿਹਨਤ ਨੂੰ ਦੇਖਿਆ ਅਤੇ ਉਸ ਦੀ ਕਦਰ ਕੀਤੀ। (ਕੁਲੁੱਸੀਆਂ 2:5; 1 ਥੱਸਲੁਨੀਕੀਆਂ 3:7, 8; 2 ਪਤਰਸ 1:12) ਇਸੇ ਤਰ੍ਹਾਂ, ਆਓ ਆਪਾਂ ਵੀ ਆਪਣੇ ਭਰਾਵਾਂ ਦੀਆਂ ਕਮਜ਼ੋਰੀਆਂ ਦੀ ਬਜਾਇ, ਉਨ੍ਹਾਂ ਦੇ ਚੰਗੇ ਗੁਣਾਂ ਵੱਲ ਧਿਆਨ ਦੇਈਏ। ਸਾਨੂੰ ਇਸ ਗੱਲ ਦੀ ਵੀ ਕਦਰ ਕਰਨੀ ਚਾਹੀਦੀ ਹੈ ਕਿ ਉਹ ਦ੍ਰਿੜ੍ਹ ਰਹਿਣ ਤੇ ਯਹੋਵਾਹ ਦਾ ਆਦਰ ਕਰਨ ਲਈ ਕਿੰਨੀ ਮਿਹਨਤ ਕਰ ਰਹੇ ਹਨ।
ਜੇ ਅਸੀਂ ਉਨ੍ਹਾਂ ਦੀ ਨਿਖੇਧੀ ਜਾਂ ਨੁਕਤਾਚੀਨੀ ਕਰਦੇ ਹਾਂ, ਤਾਂ ਅਸੀਂ ਅਣਜਾਣੇ ਵਿਚ ਉਨ੍ਹਾਂ ਲਈ ਨਿਹਚਾ ਵਿਚ ਦ੍ਰਿੜ੍ਹ ਰਹਿਣਾ ਹੋਰ ਮੁਸ਼ਕਲ ਬਣਾ ਸਕਦੇ ਹਾਂ। ਸਾਡੇ ਲਈ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਸਾਡੇ ਭਰਾ ਇਸ ਦੁਨੀਆਂ ਵਿਚ “ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ” ਹਨ! (ਮੱਤੀ 9:36) ਉਹ ਉਮੀਦ ਰੱਖਦੇ ਹਨ ਕਿ ਮਸੀਹੀ ਕਲੀਸਿਯਾ ਵਿਚ ਉਨ੍ਹਾਂ ਨੂੰ ਹੌਸਲਾ ਅਤੇ ਤਾਜ਼ਗੀ ਮਿਲੇਗੀ। ਇਸ ਲਈ ਆਓ ਆਪਾਂ ਸਾਰੇ ਆਪਣੇ ਭੈਣ-ਭਰਾਵਾਂ ਨੂੰ ਮਜ਼ਬੂਤ ਕਰਨ ਦੀ ਪੂਰੀ ਕੋਸ਼ਿਸ਼ ਕਰੀਏ ਅਤੇ ਦ੍ਰਿੜ੍ਹ ਰਹਿਣ ਵਿਚ ਉਨ੍ਹਾਂ ਦੀ ਮਦਦ ਕਰੀਏ।
ਕਦੀ-ਕਦੀ ਕੁਝ ਭੈਣ-ਭਰਾ ਸ਼ਾਇਦ ਸਾਡੇ ਨਾਲ ਇਸ ਤਰ੍ਹਾਂ ਪੇਸ਼ ਆ ਸਕਦੇ ਹਨ ਜਿਸ ਨਾਲ ਅਸੀਂ ਨਿਹਚਾ ਵਿਚ ਕਮਜ਼ੋਰ ਪੈ ਸਕਦੇ ਹਾਂ। ਕੀ ਅਸੀਂ ਕਿਸੇ ਦੇ ਕੌੜੇ ਸ਼ਬਦਾਂ ਜਾਂ ਰੁੱਖੇ ਵਰਤਾਅ ਕਰਕੇ ਆਪਣੇ ਆਪ ਨੂੰ ਯਹੋਵਾਹ ਦੀ ਸੇਵਾ ਵਿਚ ਢਿੱਲੇ ਪੈਣ ਦੇਵਾਂਗੇ? ਆਓ ਆਪਾਂ ਕਦੇ ਵੀ ਕਿਸੇ ਦੇ ਕਾਰਨ ਆਪਣੀ ਨਿਹਚਾ ਨੂੰ ਕਮਜ਼ੋਰ ਨਾ ਹੋਣ ਦੇਈਏ!—2 ਪਤਰਸ 3:17.
ਪਰਮੇਸ਼ੁਰ ਦੇ ਵਾਅਦੇ ਸਾਨੂੰ ਦ੍ਰਿੜ੍ਹ ਬਣਾਉਂਦੇ ਹਨ
ਯਹੋਵਾਹ ਨੇ ਸਾਨੂੰ ਆਪਣੀ ਹਕੂਮਤ ਅਧੀਨ ਸ਼ਾਨਦਾਰ ਭਵਿੱਖ ਦੇਣ ਦਾ ਵਾਅਦਾ ਕੀਤਾ ਹੈ। ਇਹ ਵਾਅਦਾ ਸਾਨੂੰ ਦ੍ਰਿੜ੍ਹ ਰਹਿਣ ਵਿਚ ਮਦਦ ਦਿੰਦਾ ਹੈ। (ਇਬਰਾਨੀਆਂ 6:19) ਸਾਨੂੰ ਪੱਕਾ ਯਕੀਨ ਹੈ ਕਿ ਪਰਮੇਸ਼ੁਰ ਹਮੇਸ਼ਾ ਆਪਣੇ ਵਾਅਦੇ ਪੂਰੇ ਕਰਦਾ ਹੈ। ਇਹ ਗੱਲ ਸਾਨੂੰ ‘ਜਾਗਦੇ ਰਹਿਣ ਅਤੇ ਨਿਹਚਾ ਵਿੱਚ ਦ੍ਰਿੜ੍ਹ ਰਹਿਣ’ ਲਈ ਪ੍ਰੇਰਿਤ ਕਰਦੀ ਹੈ। (1 ਕੁਰਿੰਥੀਆਂ 16:13; ਇਬਰਾਨੀਆਂ 3:6) ਜੇ ਸਾਨੂੰ ਲੱਗਦਾ ਹੈ ਕਿ ਪਰਮੇਸ਼ੁਰ ਆਪਣੇ ਕੁਝ ਵਾਅਦੇ ਪੂਰੇ ਕਰਨ ਵਿਚ ਦੇਰ ਕਰ ਰਿਹਾ ਹੈ, ਤਾਂ ਇਸ ਨਾਲ ਸਾਡੀ ਨਿਹਚਾ ਦੀ ਪਰਖ ਹੋ ਸਕਦੀ ਹੈ। ਇਸ ਕਰਕੇ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਝੂਠੀਆਂ ਸਿੱਖਿਆਵਾਂ ਕਾਰਨ ਗੁਮਰਾਹ ਹੋਣ ਤੋਂ ਖ਼ਬਰਦਾਰ ਰਹੀਏ ਅਤੇ ਆਪਣੀ ਉਮੀਦ ਨੂੰ ਫੜੀ ਰੱਖੀਏ।—ਕੁਲੁੱਸੀਆਂ 1:23; ਇਬਰਾਨੀਆਂ 13:9.
ਇਸਰਾਏਲੀਆਂ ਨੇ ਯਹੋਵਾਹ ਦੇ ਵਾਅਦਿਆਂ ਵਿਚ ਨਿਹਚਾ ਨਹੀਂ ਕੀਤੀ ਸੀ ਜਿਸ ਕਰਕੇ ਉਹ ਨਾਸ਼ ਹੋ ਗਏ। (ਜ਼ਬੂਰਾਂ ਦੀ ਪੋਥੀ 78:37) ਉਨ੍ਹਾਂ ਦੀ ਬੁਰੀ ਮਿਸਾਲ ਸਾਡੇ ਲਈ ਇਕ ਚੇਤਾਵਨੀ ਹੋਣੀ ਚਾਹੀਦੀ ਹੈ। ਉਨ੍ਹਾਂ ਵਰਗੇ ਬਣਨ ਦੀ ਬਜਾਇ, ਆਓ ਆਪਾਂ ਦ੍ਰਿੜ੍ਹ ਹੋਈਏ ਅਤੇ ਇਨ੍ਹਾਂ ਅੰਤ ਦੇ ਦਿਨਾਂ ਵਿਚ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹੀਏ। ਇਕ ਤਜਰਬੇਕਾਰ ਬਜ਼ੁਰਗ ਨੇ ਕਿਹਾ: “ਹਰ ਰੋਜ਼ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਯਹੋਵਾਹ ਦਾ ਮਹਾਨ ਦਿਨ ਬਸ ਕੱਲ੍ਹ ਨੂੰ ਹੀ ਆ ਜਾਵੇਗਾ।”—ਯੋਏਲ 1:15.
ਜੀ ਹਾਂ, ਯਹੋਵਾਹ ਦਾ ਮਹਾਨ ਦਿਨ ਬਹੁਤ ਨੇੜੇ ਹੈ। ਪਰ ਜਿੰਨਾ ਚਿਰ ਅਸੀਂ ਯਹੋਵਾਹ ਦੇ ਨੇੜੇ ਰਹਿੰਦੇ ਹਾਂ, ਉੱਨੀ ਦੇਰ ਸਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਜੇ ਅਸੀਂ ਉਸ ਦੇ ਧਰਮੀ ਮਿਆਰਾਂ ਉੱਤੇ ਚੱਲਦੇ ਹੋਏ ਨਿਹਚਾ ਵਿਚ ਦ੍ਰਿੜ੍ਹ ਰਹਿੰਦੇ ਹਾਂ, ਤਾਂ ਅਸੀਂ ਅਨੰਤ ਜ਼ਿੰਦਗੀ ਦੀ ਦੌੜ ਕਾਮਯਾਬੀ ਨਾਲ ਦੌੜ ਸਕਾਂਗੇ!—ਕਹਾਉਤਾਂ 11:19; 1 ਤਿਮੋਥਿਉਸ 6:12, 17-19.
[ਸਫ਼ੇ 23 ਉੱਤੇ ਤਸਵੀਰ]
ਕੀ ਤੁਸੀਂ ਆਪਣੇ ਭੈਣ-ਭਰਾਵਾਂ ਦੀ ਦ੍ਰਿੜ੍ਹ ਰਹਿਣ ਵਿਚ ਮਦਦ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹੋ?
[ਸਫ਼ੇ 21 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
The Complete Encyclopedia of Illustration/J. G. Heck